ਖੁਸ਼ਦੀਪ ਸਿੰਘ ਬੈਂਸ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ 26 ਸਾਲਾ ਨੌਜਵਾਨ ਲੜਕੇ ਨੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਕੀਤੀ

ਭਾਰਤ ਕੋਲ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਖੇਤੀਬਾੜੀ ਵਾਲੀ ਜ਼ਮੀਨ ਹੈ ਅਤੇ ਭਾਰਤੀ ਅਰਥ ਵਿਵਸਥਾ ਉੱਤੇ ਇਸਦਾ ਪ੍ਰਭਾਵ ਬਹੁਤ ਵੱਡਾ ਹੈ, ਪਰ ਅੱਜ ਵੀ ਜੇ ਅਸੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਦੇ ਹਾਂ, ਤਾਂ ਬਹੁਤ ਘੱਟ ਨੌਜਵਾਨ ਹੋਣਗੇ ਜੋ ਖੇਤੀ ਜਾਂ ਖੇਤੀਬਾੜੀ ਕਾਰੋਬਾਰ ਦਾ ਨਾਮ ਲੈਂਦੇ ਹਨ।

ਹਰਨਾਮਪੁਰਾ, ਲੁਧਿਆਣਾ ਦੇ 26 ਸਾਲ ਦੇ ਨੌਜਵਾਨ, ਖੁਸ਼ਦੀਪ ਸਿੰਘ ਬੈਂਸ, ਜਿਸਨੇ ਦੋ ਵੱਖ ਵੱਖ ਕੰਪਨੀਆਂ ਚ ਕੰਮ ਕਰਨ ਤੋਂ ਬਾਅਦ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਉਹ 28 ਏਕੜ ਜ਼ਮੀਨ ਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।

ਪਰ ਕਿਉਂ, ਉਸ ਨੇ ਆਪਣੀ ਚੰਗੀ ਕਮਾਈ ਵਾਲੀ ਅਤੇ ਅਰਾਮਦਾਇਕ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ? ਇਹ ਖੇਤੀਬਾੜੀ ਵੱਲ ਖੁਸ਼ਦੀਪ ਦਾ ਰੁਝਾਨ ਹੀ ਸੀ।

ਖੁਸ਼ਦੀਪ ਸਿੰਘ ਬੈਂਸ ਉਸ ਪਰਿਵਾਰਿਕ ਪਿਛੋਕੜ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮੁੱਖ ਤੌਰ ਤੇ ਰੀਅਲ ਐਸਟੇਟ ਏਜੰਟ ਵਜੋਂ ਕੰਮ ਕਰਦੇ ਸਨ ਅਤੇ ਘਰ ਲਈ ਛੋਟੇ ਪੱਧਰ ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ।ਖੁਸ਼ਦੀਪ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇਕ ਆਰਾਮਦਾਇਕ ਨੌਕਰੀ ਕਰੇ, ਜਿੱਥੇ ਉਹਨੂੰ ਕੰਮ ਸਿਰਫ਼ ਕੁਰਸੀ ਤੇ ਬੈਠ ਕੇ ਕਰਨਾ ਪਵੇ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਧੁੱਪ ਅਤੇ ਮਿੱਟੀ ਵਿਚ ਕੰਮ ਕਰੇਗਾ। ਪਰ ਜਦੋਂ ਖੁਸ਼ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਪਿਤਾ ਇਸ ਫੈਸਲੇ ਦੇ ਬਿਲਕੁਲ ਖਿਲਾਫ਼ ਸੀ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ, ਖੇਤੀ ਇੱਕ ਅਜਿਹਾ ਕਾਰੋਬਾਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਅਜਿਹਾ ਕੰਮ ਨਹੀਂ ਹੈ ਜੋ ਪੜ੍ਹੇ ਲਿਖੇ ਲੋਕਾਂ ਦੁਆਰਾ ਕਰਨਾ ਚਾਹੀਦਾ ਹੈ।

ਇਹ ਕਿਵੇਂ ਸ਼ੁਰੂ ਹੋਇਆ…

ਜਦੋਂ ਖੁਸ਼ਦੀਪ ਈਸਟਮੈਂਨ ਵਿੱਚ ਕੰਮ ਕਰਦੇ ਸਨ ਤੇ ਉੱਥੇ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਹੀ ਉਹ ਸਮਾਂ ਸੀ ਜਦ ਖੁਸ਼ਦੀਪ ਖੇਤੀ ਵੱਲ ਆਕ੍ਰਸ਼ਿਤ ਹੋਏ। 1 ਸਾਲ ਅਤੇ 8 ਮਹੀਨਿਆਂ ਲਈ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਯੂ.ਪੀ.ਐਲ. ਪੈਸਟੀਸਾਈਡਜ਼ (UPL Pesticides) ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ। ਇਸ ਲਈ ਈਸਟਮੈਨ ਅਤੇ ਯੂ.ਪੀ.ਐਲ. ਪੈਸਟੀਸਾਇਡਜ਼ ਕੰਪਨੀ ਵਿਚ ਦੋ ਸਾਲ ਕੰਮ ਕਰਨ ਤੋਂ ਬਾਅਦ ਖੁਸ਼ਦੀਪ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਅਤੇ ਆਪਣੀ ਕਲਪਨਾ ਨਾਲੋਂ ਵੱਧ ਫ਼ਸਲਾਂ ਦਾ ਝਾੜ ਲਿਆ। ਹੌਲੀ-ਹੌਲੀ ਉਹਨਾਂ ਨੇ ਆਪਣੇ ਖੇਤੀ ਦੇ ਖੇਤਰ ਨੂੰ ਵਧਾ ਦਿੱਤਾ ਅਤੇ ਹੋਰ ਕਿਸਮਾਂ ਦੀਆਂ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ, ਚਾਹੇ ਮੌਸਮੀ ਹੋਣ ਜਾਂ ਬੇ-ਮੌਸਮੀ।ਉਹਨਾਂ ਨੇ ਮਟਰ ਅਤੇ ਮੱਕੀ ਦੀ ਫ਼ਸਲ ਲਈ Pagro Foods Ltd. ਨਾਲ ਕੰਟ੍ਰੈਕਟ ਸਾਈਨ ਕੀਤਾ ਅਤੇ ਕਾਫੀ ਲਾਭ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ 2016 ਵਿੱਚ ਉਹਨਾਂ ਨੇ ਝੋਨਾ, ਫਲੀਆਂ, ਆਲੂ. ਪਿਆਜ਼, ਲੱਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗ ਦੀਆਂ ਫਲੀਆਂ ਅਤੇ ਬਾਸਮਤੀ ਨੂੰ ਵਾਰ-ਵਾਰ ਉਸ ਹੀ ਖੇਤ ਵਿੱਚ ਉਗਾਇਆ। ਖੇਤੀ ਦੇ ਨਾਲ, ਖੁਸ਼ਦੀਪ ਨੇ ਬੀਜ ਦੇ ਨਵੇਂ ਪੌਦੇ ਅਤੇ ਲਸਣ ਅਤੇ ਹੋਰ ਕਈ ਫ਼ਸਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਇਸ ਸਹਾਇਕ ਧੰਦੇ ਨਾਲ ਕਾਫੀ ਲਾਭ ਕਮਾਇਆ। ਪਿਛਲੇ ਤਿੰਨ ਸਾਲਾਂ ਤੋਂ, ਉਹ ਪੀ.ਏ.ਯੂ ਲੁਧਿਆਣਾ ਕਿਸਾਨ ਮੇਲੇ ਵਿੱਚ ਆਪਣੇ ਤਿਆਰ ਕੀਤੇ ਬੀਜਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲਦੀ ਹੈ।

ਅੱਜ, ਖੁਸ਼ਦੀਪ ਦੇ ਪਿਤਾ ਅਤੇ ਮਾਤਾ ਦੋਵਾਂ ਨੇ ਆਪਣੇ ਪੁੱਤਰ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ਖੁਸ਼ਦੀਪ ਆਪਣੇ ਕੰਮ ਤੋਂ ਖੁਸ਼ ਹੈ ਅਤੇ ਦੂਜੇ ਕਿਸਾਨਾਂ  ਨੂੰ ਇਸ ਵੱਲ ਮੋੜਦਾ ਹੈ। ਮੌਜੂਦਾ ਸਮੇਂ, ਉਹ ਸਬਜ਼ੀਆਂ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਆਪਣੀ ਨਰਸਰੀ ਅਤੇ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਮੰਡੀਕਰਨ ਲਈ ਕਿਸੇ ਦੂਜੇ ਇਨਸਾਨ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਇਕ ਹੋਰ ਗੱਲ ਜਿਸਦਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਉਹੀ ਕਰਨਾ ਚਾਹੀਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ।
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ, ਤਾ ਕਿ ਜੇਕਰ ਇਕ ਫ਼ਸਲ ਖਰਾਬ ਹੋ ਜਾਏ ਤਾਂ ਉਹਨਾਂ ਕੋਲ ਦੂਜੀ ਫ਼ਸਲ ਤਾਂ ਹੋਏ । ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਗੁਰਵਿੰਦਰ ਸਿੰਘ ਸੋਹੀ

ਪੂਰੀ ਕਹਾਣੀ ਪੜ੍ਹੋ

ਇੱਕ ਨੌਜਵਾਨ ਖੇਤੀ-ਪ੍ਰੇਨਿਓਰ ਦੀ ਕਹਾਣੀ, ਜੋ ਹਾਲੈਂਡ ਗਲੇਡੀਓਲਸ ਦੀ ਖੇਤੀ ਨਾਲ ਪੰਜਾਬ ਵਿੱਚ ਫੁੱਲਾਂ ਦੇ ਵਪਾਰ ਵਿੱਚ ਅੱਗੇ ਵਧਿਆ

ਇਹ ਕਿਹਾ ਜਾਂਦਾ ਹੈ ਕਿ ਸਫ਼ਲਤਾ ਅਸਾਨੀ ਨਾਲ ਨਹੀਂ ਮਿਲਦੀ, ਤੁਹਾਨੂੰ ਅਸਫ਼ਲਤਾ ਦਾ ਸਵਾਦ ਕਾਫੀ ਵਾਰ ਚੱਖਣਾ ਪੈ ਸਕਦਾ ਹੈ, ਤਾਂ ਹੀ ਤੁਸੀਂ ਸਫ਼ਲਤਾ ਦੇ ਅਸਲੀ ਸਵਾਦ ਦਾ ਮਜ਼ਾ ਲੈ ਸਕਦੇ ਹੋ। ਅਜਿਹਾ ਹੀ ਗੁਰਵਿੰਦਰ ਸਿੰਘ ਸੋਹੀ ਜੀ ਨਾਲ ਵੀ ਹੋਇਆ। ਉਹ ਇੱਕ ਸਧਾਰਨ ਵਿਦਿਆਰਥੀ ਸਨ, ਜਿਨ੍ਹਾਂ ਨੇ ਖੇਤੀਬਾੜੀ ਨੂੰ ਉਸ ਸਮੇਂ ਚੁਣਿਆ, ਜਦੋਂ ਉਹ ਪੰਜਾਬ ਜੇ ਈ ਟੀ ਦੀ ਪ੍ਰੀਖਿਆ ਵਿੱਚ ਸਫ਼ਲ ਨਹੀਂ ਹੋ ਸਕੇ।

ਉਨ੍ਹਾਂ ਨੇ ਸ਼ੁਰੂ ਤੋਂ ਹੀ ਨਿਰਧਾਰਿਤ ਕੀਤਾ ਸੀ ਕਿ ਉਹ ਭੇਡ ਦੀ ਤਰ੍ਹਾਂ ਕੰਮ ਨਹੀਂ ਕਰਨਗੇ, ਨਾ ਹੀ ਆਪਣੇ ਪਰਿਵਾਰ ਦੇ ਕਾਰੋਬਾਰ ਦੀ ਤਰ੍ਹਾਂ ਕਣਕ-ਝੋਨੇ ਦੀ ਖੇਤੀ ਕਰਨਗੇ। ਇਸ ਲਈ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ, ਪਰ ਇਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ। ਛੇਤੀ ਹੀ ਉਨ੍ਹਾਂ ਨੇ ਨਜ਼ਦੀਕੀ ਸ਼ਹਿਰ ਖਮਾਣੋਂ ਵਿੱਚ ਆਪਣੀ ਮਠਿਆਈ ਦੀ ਦੁਕਾਨ ਸਥਾਪਿਤ ਕੀਤੀ, ਪਰ ਉਹ ਸ਼ਾਇਦ ਇਸ ਲਈ ਵੀ ਨਹੀਂ ਬਣੇ ਸੀ। ਇਸ ਲਈ ਉਨ੍ਹਾਂ ਨੇ ਘੋੜਿਆਂ ਦੀ ਬ੍ਰੀਡਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਕਾਰੋਬਾਰ ਬਦਲ ਕੇ ਜੀਪਾਂ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।

ਇਹ ਸਾਰੇ ਕੰਮ ਕਰਨ ਤੋਂ ਬਾਅਦ 2008 ਵਿੱਚ ਉਨ੍ਹਾਂ ਨੂੰ ਇੱਕ ਖਬਰ ਬਾਰੇ ਪਤਾ ਲੱਗਾ ਕਿ ਪੰਜਾਬ ਬਾਗਬਾਨੀ ਵਿਭਾਗ ਹਾਲੈਂਡ ਗਲੇਡੀਓਲਸ ਦੇ ਬੀਜਾਂ ‘ਤੇ ਸਬਸਿਡੀ ਦੇ ਰਿਹਾ ਹੈ ਅਤੇ ਫਿਰ ਗੁਰਵਿੰਦਰ ਸਿੰਘ ਜੀ ਦਾ ਅਸਲ ਕਾਰੋਬਾਰੀ ਜੀਵਨ ਸ਼ੁਰੂ ਹੋਇਆ। ਉਨ੍ਹਾਂ ਨੇ 2 ਕਨਾਲ ਵਿੱਚ ਗਲੇਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਇਸ ਨੂੰ ਕਈ ਏਕੜ ਵਿੱਚ ਵਧਾ ਲਿਆ। ਫੁੱਲਾਂ ਦੀਆਂ ਸਥਾਨਕ ਕਿਸਮਾਂ ਦੇ ਮੁਕਾਬਲੇ ਉਨ੍ਹਾਂ ਨੂੰ ਵੱਧ ਮੁੱਲ ਮਿਲਣ ਲੱਗਾ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋਇਆ।

ਫਿਰ ਖੇਤਰ ਵੱਧ ਕੇ 8 ਤੋਂ 18 ਏਕੜ ਹੋ ਗਿਆ, ਜਿਸ ਵਿੱਚੋਂ 9 ਉਨ੍ਹਾਂ ਦੇ ਆਪਣੇ ਹਨ ਅਤੇ 9 ਠੇਕੇ ‘ਤੇ ਹਨ। ਉਨ੍ਹਾਂ ਨੇ ਗਲੇਡੀਓਲਸ ਲਈ 10 ਏਕੜ, ਗੇਂਦੇ ਦੇ ਫੁੱਲਾਂ ਲਈ 1 ਏਕੜ ਅਤੇ ਬਾਕੀ ਖੇਤਰ ਨੂੰ ਦਾਲਾਂ, ਝੋਨਾ (ਖ਼ਾਸ ਕਰਕੇ ਬਾਸਮਤੀ), ਕਣਕ, ਮੱਕੀ ਅਤੇ ਹਰੇ ਚਾਰੇ ਲਈ ਵਰਤਿਆ। ਗਲੇਡੀਓਲਸ ਦੀ ਖੇਤੀ ਵਿੱਚ 7-8 ਮਹੀਨੇ ਦਾ ਸਮਾਂ ਲੱਗਦਾ ਹੈ। ਇਸਦੀ ਬਿਜਾਈ ਸਤੰਬਰ-ਅਕਤੂਬਰ ਅਤੇ ਕਟਾਈ ਜਨਵਰੀ ਫਰਵਰੀ ਵਿੱਚ ਕੀਤੀ ਜਾਂਦੀ ਹੈ। ਜਦਕਿ ਝੋਨੇ ਅਤੇ ਕਣਕ ਦੀ ਬਿਜਾਈ ਅਤੇ ਕਟਾਈ ਇਸਦੇ ਉਲਟ ਹੈ। ਇਸ ਲਈ ਇੱਕ ਸਾਲ ਵਿੱਚ ਇੱਕ ਹੀ ਜ਼ਮੀਨ ਤੋਂ ਕਾਫੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀ ਦੇ ਦਿਨਾਂ ਵਿੱਚ ਗਲੇਡੀਓਲਸ ਦੀ ਇੱਕ ਡੰਡੀ 7 ਰੁਪਏ ਅਤੇ ਔਸਤਨ 3 ਰੁਪਏ ਵਿੱਚ ਵਿਕਦੀ ਹੈ। ਇਸ ਤਰੀਕੇ ਨਾਲ ਉਹ ਇੱਕ ਸਾਲ ਵਿੱਚ ਆਪਣੀ ਕਾਫੀ ਆਮਦਨ ਬਚਾ ਲੈਂਦੇ ਹਨ।

ਗਲੇਡੀਓਲਸ ਦੀ ਫ਼ਸਲ ਖਜ਼ਾਨਾ ਲੁੱਟਣ ਵਾਂਗ ਹੈ, ਕਿਉਂਕਿ ਹਾਲੈਂਡ ਦੇ ਬੀਜਾਂ ਦਾ ਇੱਕ ਸਮੇਂ ਵਿੱਚ 1.6 ਲੱਖ ਰੁਪਏ ਪ੍ਰਤੀ ਏਕੜ ਨਿਵੇਸ਼ ਹੁੰਦਾ ਹੈ ਅਤੇ ਬਾਅਦ ਵਿੱਚ 2 ਰੁਪਏ ਦੇ ਹਿਸਾਬ ਨਾਲ ਇੱਕ ਫੁੱਲ (ਬਲਬ) ਵਿਕਦਾ ਹੈ ਅਤੇ ਉਸੇ ਫ਼ਸਲ ਤੋਂ ਅਗਲੇ ਸਾਲ ਪੌਦੇ ਵੀ ਤਿਆਰ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਇੱਕ ਸਮੇਂ ਦਾ ਨਿਵੇਸ਼ ਹੈ, ਪਰ ਬਿਜਾਈ ਤੋਂ ਲੈ ਕੇ ਬੀਜ ਕੱਢਣ ਲਈ ਅਪ੍ਰੈਲ ਤੋਂ ਮਈ ਮਹੀਨੇ ਵਿੱਚ ਜ਼ਿਆਦਾ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦਾ ਖ਼ਰਚਾ ਲਗਭਗ 40000 ਰੁਪਏ ਪ੍ਰਤੀ ਏਕੜ ਹੁੰਦਾ ਹੈ।

ਗੇਂਦੇ ਦੀ ਫ਼ਸਲ ਵੀ ਜ਼ਿਆਦਾ ਲਾਭ ਦੇਣ ਵਾਲੀ ਫ਼ਸਲ ਹੈ ਅਤੇ ਇਸ ਤੋਂ ਹਰੇਕ ਮੌਸਮ ਵਿੱਚ ਲਗਭਗ 1.25 ਤੋਂ 1.3 ਲੱਖ ਰੁਪਏ ਤੱਕ ਮੁਨਾਫ਼ਾ ਹੁੰਦਾ ਹੈ ਅਤੇ ਇਹ ਮੁਨਾਫ਼ਾ ਕਣਕ ਅਤੇ ਝੋਨੇ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਜ਼ਮੀਨ ਠੇਕੇ ‘ਤੇ ਲੈਣ, ਮਜ਼ਦੂਰਾਂ ਅਤੇ ਹੋਰ ਨਿਵੇਸ਼ ਅਤੇ ਲਾਗਤ ਖਰਚੇ ਕੁੱਲ ਮੁਨਾਫ਼ੇ ਵਿੱਚੋਂ ਕੱਢ ਕੇ ਉਨ੍ਹਾਂ ਕੋਲ ਜੋ ਵੀ ਬੱਚਦਾ ਹੈ, ਉਹ ਵੀ ਉਨ੍ਹਾਂ ਲਈ ਕਾਫੀ ਹੁੰਦਾ ਹੈ।

ਉਨ੍ਹਾਂ ਨੇ RTS ਫੁੱਲ ਦੇ ਨਾਮ ਨਾਲ ਸ਼ੁਰੂਆਤ ਕੀਤੀ ਅਤੇ ਇਹ ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਕਿ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿੱਚ ਤੇਜ਼ੀ ਨਾਲ ਵਧਿਆ। ਹਾਲਾਂਕਿ ਉਨ੍ਹਾਂ ਨੇ ਉੱਚ-ਸਿੱਖਿਆ ਨਹੀਂ ਲਈ, ਪਰ ਉਹ ਸਮੇਂ-ਸਮੇਂ ‘ਤੇ ਖੁਦ ਨੂੰ ਅੱਪਡੇਟ ਕਰਦੇ ਹਨ, ਤਾਂ ਕਿ ਮੰਡੀਕਰਨ ਵਿੱਚ ਨਿਪੁੰਨ ਹੋ ਸਕਣ ਅਤੇ ਅੱਜ ਉਹ ਆਪਣੇ ਗਲੇਡੀਓਲਸ ਦੇ ਉਤਪਾਦਨ ਨੂੰ ਆਪਣੇ ਫਾਰਮ ਦੇ ਫੇਸਬੁੱਕ ਪੇਜ ਅਤੇ ਹੋਰ ਆੱਨਲਾਈਨ ਵੈੱਬਸਾਈਟਾਂ ਜਿਵੇਂ ਕਿ ਇੰਡੀਆਮਾਰਟ ਆਦਿ ਦੇ ਰਾਹੀਂ ਵੇਚ ਰਹੇ ਹਨ।

ਨਵੇਂ ਆਧੁਨਿਕ ਮਾਰਕਿਟਿੰਗ ਕੌਸ਼ਲ ਅਤੇ ਤਰੱਕੀ ਦੇ ਨਾਲ, ਗੁਰਵਿੰਦਰ ਸਿੰਘ ਜੀ ਨੇ ਖੁਦ ਨੂੰ ਐਗਰੀਮਾਰਕਿਟਿੰਗ ਦੇ ਬਾਰੇ ਵੀ ਅੱਪਡੇਟ ਕੀਤਾ ਅਤੇ ਉਨ੍ਹਾਂ ਦਾ ਕੰਮ ਫਾਰਮ ਟੂ ਫੋਰਕ ਦੇ ਸਿਧਾਂਤ ‘ਤੇ ਤਰੱਕੀ ਕਰ ਰਿਹਾ ਹੈ। ਉਨ੍ਹਾਂ ਅਤੇ ਉਨ੍ਹਾਂ ਦੇ 12 ਦੋਸਤਾਂ ਨੇ ਸਰਕਾਰੀ ਵਿਭਾਗਾਂ ਦੀ ਮਦਦ ਨਾਲ ਡ੍ਰਿਪ ਸਿੰਚਾਈ, ਸੋਲਰ ਪੰਪ ਅਤੇ ਹੋਰ ਕ੍ਰਿਸ਼ੀ ਯੰਤਰ ਸਥਾਪਿਤ ਕੀਤੇ ਹਨ ਅਤੇ ਕਿਸਾਨ ਵੈੱਲਫੇਅਰ ਕਲੱਬ ਵੀ ਸਥਾਪਿਤ ਕੀਤਾ, ਜਿਸਦੀ ਮੈਂਬਰਸ਼ਿਪ 5000 ਰੁਪਏ ਹੈ, ਤਾਂ ਕਿ ਭਵਿੱਖ ਵਿੱਚ ਹੋਰ ਮਸ਼ੀਨਰੀ ਜਿਵੇਂ ਕਿ ਰੋਟਾਵੇਟਰ, ਪਾਵਰ ਸਪਰੇਅ ਅਤੇ ਸੀਡ ਡਰਿੱਲ ਖਰੀਦ ਸਕਣ ਅਤੇ ਜੈਵਿਕ ਖੇਤੀ ਨੂੰ ਹੋਰ ਅੱਗੇ ਲਿਆਉਣ ਲਈ ਗਰੁੱਪ ਦੇ ਮੈਂਬਰਾਂ ਨੇ ਹਲਦੀ, ਦਾਲ, ਮੱਕੀ ਅਤੇ ਬਾਸਮਤੀ ਜੈਵਿਕ ਤਰੀਕੇ ਨਾਲ ਉਗਾਉਣੀ ਸ਼ੁਰੂ ਕੀਤੀ ਅਤੇ ਆਪਣੇ ਜੈਵਿਕ ਖਾਣ-ਯੋਗ ਉਤਪਾਦਾਂ ਦੀ ਮਾਰਕੀਟ ਨੂੰ ਵਧਾਉਣ ਲਈ, ਉਨ੍ਹਾਂ ਨੇ ਵੱਟਸਐਪ ਗਰੁੱਪ ਰਾਹੀਂ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ। ਉਹ ਗ੍ਰਾਹਕਾਂ ਅਤੇ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਜੋੜਨ ਅਤੇ ਉਚਿੱਤ ਉਤਪਾਦ ਮੁਹੱਈਆ ਕਰਵਾਉਣ ਲਈ, ਮੋਹਾਲੀ ਵਿੱਚ 30 ਘਰਾਂ ਨੂੰ ਸਿੱਧੇ ਤੌਰ ‘ਤੇ ਆਪਣੇ ਉਤਪਾਦ ਵੇਚਦੇ ਹਨ ਅਤੇ ਛੇਤੀ ਹੀ ਉਹ ਵੈੱਬਸਾਈਟ ਰਾਹੀਂ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ।

ਗੁਰਵਿੰਦਰ ਸਿੰਘ ਸੋਹੀ ਜੀ ਨੇ ਸੁਪਨੇ ਦੇਖਣੇ ਬੰਦ ਨਹੀਂ ਕੀਤੇ। ਛੇਤੀ ਹੀ ਉਹ ਆਪਣੇ ਨਵੇਂ ਅਤੇ ਉੱਜਲ ਵਿਚਾਰਾਂ ਨਾਲ ਅੱਗੇ ਆਉਣਗੇ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਛੋਟੇ ਸਮੂਹ ਬਣਾ ਕੇ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰੀਕੇ ਨਾਲ ਖੇਤੀਬਾੜੀ ਦੀ ਮਸ਼ੀਨਰੀ ਨੂੰ ਖਰੀਦਣਾ ਅਤੇ ਵਰਤਣਾ ਅਸਾਨ ਹੁੰਦਾ ਹੈ। ਸਮੂਹ ਵਿੱਚ ਮਸ਼ੀਨਾਂ ਦੀ ਵਰਤੋਂ ਕਰਨ ਨਾਲ ਖਰਚਾ ਘੱਟ ਹੁੰਦਾ ਹੈ, ਜੋ ਕਿ ਇੱਕ ਲਾਭਦਾਇਕ ਉੱਦਮ ਹੈ। ਮੈਂ ਵੀ ਇਸ ਤਰ੍ਹਾਂ ਹੀ ਕਰਦਾ ਹਾਂ। ਮੈਂ ਵੀ ਇੱਕ ਗਰੁੱਪ ਬਣਾਇਆ ਹੈ, ਜਿਸ ਵਿੱਚ ਗਰੁੱਪ ਦੇ ਨਾਮ ‘ਤੇ ਮਸ਼ੀਨਾਂ ਖਰੀਦੀਆਂ ਜਾਂਦੀਆਂ ਹਨ ਅਤੇ ਗਰੁੱਪ ਦੇ ਸਾਰੇ ਮੈਂਬਰ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ।”