ਸ਼ਰੂਤੀ ਗੋਇਲ

ਪੂਰੀ ਕਹਾਣੀ ਪੜ੍ਹੋ

ਖੁਦ ਨੂੰ ਚੁਣੌਤੀ ਦੇ ਕੇ ਫਿਰ ਉਸ ਨਾਲ ਲੜਨਾ ਤੇ ਕਾਮਯਾਬ ਹੋਣਾ ਸਿੱਖੋ ਇਸ ਉੱਦਮੀ ਮਹਿਲਾ ਤੋਂ- ਸ਼ਰੂਤੀ ਗੋਇਲ

ਹਰ ਇਨਸਾਨ ਦੀ ਹਮੇਸ਼ਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜ਼ਿੰਦਗੀ ਵਿਚ ਕੁਝ ਅਜਿਹਾ ਵੱਖਰਾ ਕਰੇ ਜਿਸ ਨਾਲ ਉਸਦੀ ਪਹਿਚਾਣ ਉਸ ਦੇ ਨਾਮ ਨਾਲ ਨਹੀਂ ਸਗੋਂ ਉਸ ਦੇ ਕੰਮ ਕਰਕੇ ਹੋਵੇ ਅਤੇ ਬਹੁਤ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਪਹਿਚਾਣ ਤੇ ਹੁੰਦੀ ਹੈ ਪਰ ਉਹ ਇਹ ਸੋਚਦੇ ਹਨ ਕਿ ਇਹ ਪਹਿਚਾਣ ਮੈਂ ਕਿਸੇ ਦੇ ਨਾਮ ਨਾਲ ਨਹੀਂ ਸਗੋਂ ਆਪਣੇ ਨਾਮ ਤੇ ਆਪਣੇ ਕੰਮ ਦੀ ਬਣਾਉਣੀ ਹੈ।

ਭਾਰਤ ਦੀ ਅਜਿਹੀ ਪਹਿਲੀ ਮਹਿਲਾ ਸ਼ਰੂਤੀ ਗੋਇਲ ਜਿਨ੍ਹਾਂ ਨੂੰ ਫ਼ੂਡ ਪ੍ਰੋਸੈਸਿੰਗ ਦੇ ਵਿੱਚ 2 ਲਾਈਸੈਂਸ ਸਰਕਾਰ ਵੱਲੋਂ ਪ੍ਰਾਪਤ ਹੋ ਚੁੱਕੇ ਹਨ, ਜੋ ਪਿੰਡ ਜਗਰਾਓਂ, ਜ਼ਿਲ੍ਹਾਂ ਲੁਧਿਆਣਾ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੀ ਸੋਚ ਅਤੇ ਰਹਿਣੀ-ਬਹਿਣੀ ਇੰਨੀ ਵਿਸ਼ਾਲ ਹੈ ਕਿ ਮਾਪਿਆਂ ਦਾ ਨਾਮ ਹੁੰਦਿਆਂ ਹੋਇਆ ਵੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਜੁੱਟ ਗਏ ਅਤੇ ਕਾਮਯਾਬ ਵੀ ਹੋ ਕੇ ਦਿਖਾਇਆ।

ਮੈਂ ਖੁਦ ਕੁਝ ਵੱਖਰਾ ਕਰਨਾ ਚਾਹੁੰਦੀ ਸੀ- ਸ਼ਰੂਤੀ ਗੋਇਲ

ਵੈਸੇ ਤਾਂ ਸ਼ਰੂਤੀ ਦੀ ਪਹਿਚਾਣ ਉਨ੍ਹਾਂ ਦੇ ਮਾਤਾ ਅਨੀਤਾ ਗੋਇਲ ਕਰਕੇ ਜੀ ਬਣੀ ਹੋਈ ਸੀ, ਜੋ ਕਿ ਜ਼ਾਇਕਾ ਫ਼ੂਡ ਨਾਮ ਦੇ ਬ੍ਰੈਂਡ ਨੂੰ ਮਾਰਕੀਟ ਵਿੱਚ ਲੈ ਕੇ ਆਏ ਅਤੇ ਅੱਜ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ। ਜਿੱਥੇ ਹਰ ਕੋਈ ਭਲੀ-ਭਾਂਤੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਪਹਿਲਾ ਸ਼ਰੂਤੀ ਜੀ ਆਂਵਲਾ ਕੈਂਡੀ ‘ਤੇ ਕੰਮ ਕਰ ਰਹੇ ਸਨ ਜੋ ਕਿ ਜ਼ਾਇਕਾ ਫ਼ੂਡ ਨੂੰ ਪੇਸ਼ ਕਰ ਰਿਹਾ ਸੀ।

ਸ਼ੁਰੂਆਤੀ ਸਮੇਂ ਵਿੱਚ ਸ਼ਰੂਤੀ ਆਪਣੇ ਮਾਤਾ ਅਨੀਤਾ ਗੋਇਲ ਨਾਲ ਕੰਮ ਕਰਦੇ ਸਨ ਅਤੇ ਖੁਸ਼ ਵੀ ਸਨ, ਜਿੱਥੋਂ ਕਿ ਸ਼ਰੂਤੀ ਨੂੰ ਫ਼ੂਡ ਪ੍ਰੋਸੈਸਿੰਗ, ਮਾਰਕੀਟਿੰਗ ਬਾਰੇ ਬਹੁਤ ਕੁਝ ਪਤਾ ਚਲ ਗਿਆ ਸੀ ਅਤੇ ਅਕਸਰ ਜਦੋਂ ਕਦੇ ਵੀ ਮਾਰਕੀਟਿੰਗ ਕਰਨ ਜਾਂਦੇ ਸੀ ਤਾਂ ਜ਼ਿਆਦਾਤਰ ਉਹ ਹੀ ਜਾਂਦੇ ਸਨ। ਜਿਸ ਨਾਲ ਦਿਨ ਪ੍ਰਤੀ ਦਿਨ ਇਹਨਾਂ ਉਤਪਾਦਾਂ ਬਾਰੇ ਜਾਣਕਾਰੀ ਹਾਸਿਲ ਹੁੰਦੀ ਗਈ। ਪਰ ਮਨ ਵਿੱਚ ਹਮੇਸ਼ਾਂ ਇੱਕ ਗੱਲ ਘੁੰਮਦੀ ਰਹਿੰਦੀ ਸੀ ਜੇਕਰ ਕੋਈ ਕੰਮ ਕਰਨਾ ਹੈ ਤਾਂ ਆਪਣਾ ਖੁਦ ਦਾ ਕਰਨਾ ਹੈ ਅਤੇ ਵੱਖਰੀ ਪਹਿਚਾਣ ਬਣਾਉਣੀ ਹੈ।

ਸਾਲ 2020 ਦੇ ਫਰਵਰੀ ਮਹੀਨੇ ਵਿੱਚ ਸ਼ਰੂਤੀ ਜੀ ਜ਼ਾਇਕਾ ਫ਼ੂਡ ਨੂੰ ਪੇਸ਼ ਕਰਦੇ ਹੋਏ ਇੱਕ SIDBI ਦੇ ਮੇਲੇ ਵਿੱਚ ਗਏ ਸਨ, ਤਾਂ ਉੱਥੇ ਉਨ੍ਹਾਂ ਦੀ SIDBI ਬੈਂਕ ਦੇ GM ਰਾਹੁਲ ਜੀ ਨਾਲ ਨਾਲ ਮੁਲਾਕਾਤ ਹੋਈ। ਮੁਲਾਕਾਤ ਦੌਰਾਨ ਰਾਹੁਲ ਜੀ ਨੇ ਆਖਿਆ, ਬੇਟਾ, ਤੂੰ ਖੁਦ ਦੀ ਪਹਿਚਾਣ ਉੱਤੇ ਕੰਮ ਕਰ, ਕਿਉਂਕਿ ਤੇਰਾ ਕੰਮ ਕਰਨ ਦਾ ਤਰੀਕਾ ਵੱਖਰਾ ਤੇ ਬਹੁਤ ਹੀ ਵਧੀਆ ਹੈ, ਤੂੰ ਇੰਝ ਆਪਣਾ ਅਲਗ ਕੰਮ ਸ਼ੁਰੂ ਕਰਨ ਬਾਰੇ ਜ਼ਰੂਰ ਸੋਚੀ।

ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਣ ਲੱਗੇ, ਅਜਿਹਾ ਮੈਂ ਕੀ ਕਰਾਂ ਜਿਸ ਨਾਲ ਮੈਂ ਪਹਿਚਾਣ ਬਣਾ ਸਕਦੀ ਹਾਂ- ਸ਼ਰੂਤੀ ਗੋਇਲ

ਉਹਨਾਂ ਨੂੰ ਚੁਣੌਤੀ ਲੈਣਾ ਬਹੁਤ ਪਸੰਦ ਹਨ ਅਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਗੇ ਵੱਧਦੇ ਗਏ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕਰਨਾ ਕੀ ਹੈ। ਇੱਕ ਦਿਨ ਉਹ ਕਿਤੇ ਫੰਕਸ਼ਨ ਤੇ ਗਏ ਸਨ, ਤਾਂ ਉੱਥੇ ਉਹ ਸਜਾਵਟ ਵੱਲ ਦੇਖ ਰਹੇ ਸਨ। ਦੇਖਣ ਉਪਰੰਤ ਅਚਾਨਕ ਨਜ਼ਰ ਗੁਲਾਬ ਦੇ ਫੁੱਲਾਂ ਦੀ ਤਰਫ ਗਈ ਤੇ ਜਦੋਂ ਫੰਕਸ਼ਨ ਖਤਮ ਹੋਇਆ ਤਾਂ ਕੀ ਦੇਖਦੇ ਹਨ, ਕਰਮਚਾਰੀ ਤਾਜ਼ੇ ਫੁੱਲਾਂ ਨੂੰ ਕੂੜੇ-ਕਚਰੇ ਵਿੱਚ ਸੁੱਟ ਰਹੇ ਸਨ। ਜਿਸ ਨਾਲ ਉਹਨਾਂ ਦੇ ਮਨ ਵਿੱਚ ਉਦਾਸੀ ਜਿਹੀ ਪੈਦਾ ਹੋ ਗਈ ਕਿ ਇੰਨੀ ਕੰਮ ਦੀ ਚੀਜ ਨੂੰ ਕਿਵੇਂ ਬੇਕਾਰ ਸੁੱਟ ਰਹੇ ਹਨ ਕਿਉਂਕਿ ਗੁਲਾਬ ਇੱਕ ਅਜਿਹਾ ਫੁੱਲ ਹੈ ਜੋ ਸੁੰਦਰਤਾ ਦੇ ਲਈ ਪਹਿਲੇ ਨੰਬਰ ‘ਤੇ ਆਉਂਦਾ ਹੈ।

ਜਦੋਂ ਉਹ ਘਰ ਆਏ ਤਾਂ ਮਨ ਵਿੱਚ ਫੰਕਸ਼ਨ ਵਿੱਚ ਦੇਖੇ ਹੋਏ ਦ੍ਰਿਸ਼ ਬਾਰੇ ਭੁੱਲ ਨਹੀਂ ਰਹੇ ਸੀ। ਦਿਮਾਗ ਵਿੱਚ ਓਹੀ ਦ੍ਰਿਸ਼ ਵਾਰ-ਵਾਰ ਅੱਖਾਂ ਸਾਹਮਣੇ ਘੁੰਮਦਾ ਰਿਹਾ। ਕੁਝ ਸਮਝ ਨਹੀਂ ਲੱਗ ਰਿਹਾ ਕੀ ਕੀਤਾ ਜਾ ਸਕਦਾ ਹੈ। ਜਿਸ ਨਾਲ ਇਕ ਤਾਂ ਉਹ ਬੇਕਾਰ ਨਾ ਹੋਵੇ ਦੂਸਰਾ ਇਸ ਦੀ ਸਹੀ ਵਰਤੋਂ ਹੋਵੇ।

ਬਹੁਤ ਸਮਾਂ ਰਿਸਰਚ ਕਰਨ ਮਗਰੋਂ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਗੁਲਾਬ ਦੀਆਂ ਪੱਤੀਆਂ ਇਕੱਠੇ ਕਰਕੇ ਜੈਮ ਬਣਾਇਆ ਜਾਵੇ ਜੋ ਗਲੂਕੰਦ ਮੁਕਤ ਹੋਵੇ ਅਤੇ ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਰੰਗ ਤੇ ਮਿਲਾਵਟ ਨਾ ਹੋਵੇ। ਵੈਸੇ ਉਨ੍ਹਾਂ ਨੇ ਪਹਿਲਾ ਹੀ ਫ਼ੂਡ ਨੂਟ੍ਰਿਸ਼ਨ ਦੀ ਇੱਕ ਸਾਲ ਦੀ ਟ੍ਰੇਨਿੰਗ ਕੀਤੀ ਹੋਈ ਸੀ, ਸ਼ਰੂਤੀ ਲਈ ਇੱਕ ਗੱਲ ਬਹੁਤ ਹੀ ਫਾਇਦੇਮੰਦ ਸਾਬਿਤ ਹੋਈ,ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਤੇ ਬਹੁਤ ਸੀ ਦੂਸਰਾ ਉਹ ਆਪਣੇ ਮਾਤਾ ਜੀ ਨਾਲ ਪ੍ਰੋਸੈਸਿੰਗ ਤੇ ਮਾਰਕੀਟਿੰਗ ਦਾ ਕੰਮ ਕਰਦੇ ਸਨ।

ਪਰ ਇੰਨਾ ਸਭ ਕੁਝ ਰਿਸਰਚ ਕਰਨ ਮਗਰੋਂ ਇੱਕ ਚਿੰਤਾ ਸਤਾ ਰਹੀ ਸੀ ਕਿ ਪਰਿਵਾਰ ਵਾਲੇ ਇਸ ਤਰ੍ਹਾਂ ਆਪਣਾ ਅਲਗ ਕੰਮ ਕਰਨ ਲਈ ਮੰਨਣਗੇ ਕਿ ਨਹੀਂ, ਤੇ ਉਹੀ ਗੱਲ ਹੋਈ ਪਰਿਵਾਰ ਵਾਲਿਆਂ ਨੇ ਸਾਫ ਇੰਨਕਾਰ ਕਰ ਦਿੱਤਾ। ਉਸ ਸਮੇਂ ਮਾਤਾ ਜੀ ਨੇ ਕਿਹਾ ਕਿ ਬੇਟਾ, ਜ਼ਾਇਕਾ ਫ਼ੂਡ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ, ਉਸ ਵਿੱਚ ਹੀ ਮਿਲ ਕੇ ਮਿਹਨਤ ਕਰਦੇ ਹਨ। ਪਰ ਸ਼ਰੂਤੀ ਦਾ ਹੋਂਸਲਾ ਅਟੁੱਟ ਸੀ ਉਨ੍ਹਾਂ ਨੇ ਆਪਣੀ ਗੱਲ ਮਨਵਾ ਕੇ ਛੱਡੀ।

ਇਸ ਮਗਰੋਂ ਸ਼ਰੂਤੀ ਨੇ ਗੁਲਾਬ ਦੀਆਂ ਪੱਤੀਆਂ ਨੂੰ ਇਕੱਠੇ ਕਰਕੇ ਉਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਨ੍ਹਾਂ ਦੀ ਮਦਦ ਡਾਕਟਰ ਮਰੀਦੁਲਾ ਮੈਮ ਨੇ ਕੀਤੀ। ਸ਼ਰੂਤੀ ਨੇ CIPHET, ਲੁਧਿਆਣਾ ਤੋਂ ਟ੍ਰੇਨਿੰਗ ਤਾਂ ਲਈ ਹੋਈ ਸੀ ਤਾਂ ਉਹਨਾਂ ਨੇ ਇਕੱਠੇ ਕੀਤੇ ਗੁਲਾਬ ਦੀਆਂ ਪੱਤੀਆਂ ਨੂੰ ਤੋੜ ਕੇ ਆਪਣੀ ਮਾਤਾ ਜੀ ਦੇ ਨਾਲ ਆਪਣੇ ਘਰ ਵਿਖੇ ਹੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਬਾਰ ਜੈਮ ਬਣਾਇਆ, ਜਿਸ ਨੂੰ ਉਨ੍ਹਾਂ ਨੇ ਬਾਅਦ ਵਿੱਚ Rose Petal Jam ਦਾ ਨਾਮ ਦਿੱਤਾ। ਜਿਸ ਦਾ ਫਾਇਦਾ ਇਹ ਸੀ ਕਿ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਚਾਹੇ ਦੁੱਧ ਵਿੱਚ ਪਾ ਕੇ, ਚਮਚਾ ਭਰ ਕੇ ਖਾ ਜਾਂ ਫਿਰ ਆਇਸ ਕਰੀਮ ਦੇ ਉੱਪਰ ਇਸਦੀ ਸਜਾਵਟ ਕਰ ਸਕਦੇ ਹਨ। ਜੋ ਖਾਣ ਵਿੱਚ ਵੀ ਬਹੁਤ ਸਵਾਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਲਾਬ ਦੇ ਫੁੱਲਾਂ ਦਾ ਸ਼ਰਬਤ ਬਣਾਇਆ, ਜਿਸ ਵਿੱਚ ਸਾਰੀਆਂ ਪੋਸ਼ਕ ਤੱਤ ਵਾਲਿਆਂ ਵਸਤਾਂ ਮੌਜੂਦ ਹਨ ਜੋ ਸਰੀਰ ਨੂੰ ਇਮੂਨਿਟੀ ਨੂੰ ਵਧਾਉਣ ਅਤੇ ਤਾਕਤਵਰ ਬਣਾਉਣ ਲਈ ਜਰੂਰੀ ਹੁੰਦੀਆਂ ਹਨ।

ਕਾਫੀ ਲੰਬੇ ਸਮੇਂ ਤੋਂ ਸ਼ਰੂਤੀ ਬਿਨਾਂ ਬ੍ਰੈਂਡ ਅਤੇ ਪੈਕਿੰਗ ਤੋਂ ਆਪਣੀ ਹੀ ਦੁਕਾਨ ‘ਤੇ ਮਾਰਕੀਟਿੰਗ ਕਰਦੇ ਗਏ ਪਰ ਉੱਥੋਂ ਕੁੱਝ ਨਹੀਂ ਹਾਸਿਲ ਹੋਇਆ। ਜਿਸ ਨਾਲ ਨਿਰਾਸ਼ ਹੋ ਕੇ ਬੈਠ ਗਏ, ਕਹਿੰਦੇ ਹਨ ਜਦੋਂ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਾਡੇ ਭਲੇ ਲਈ ਹੀ ਆਉਂਦੀ ਹੈ। ਇਸ ਤਰ੍ਹਾਂ ਹੀ ਸ਼ਰੂਤੀ ਗੋਇਲ ਜੀ ਨਾਲ ਹੋਇਆ।

ਇੱਕ ਦਿਨ ਉਹ ਬੈਠੇ ਹੀ ਸੀ ਤੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਇਸਦੀ ਚੰਗੇ ਤਰੀਕੇ ਨਾਲ ਪੈਕਿੰਗ ਕਰ ਕੇ ਅਤੇ ਬ੍ਰੈਂਡ ਨਾਲ ਮਾਰਕੀਟ ਵਿੱਚ ਉਤਾਰਿਆ ਜਾਵੇ, ਜਿਸ ਨਾਲ ਇੱਕ ਤਾਂ ਲੋਕਾਂ ਨੂੰ ਇਸ ਉਪਰ ਲਿਖੀ ਜਾਣਕਾਰੀ ਪੜ੍ਹ ਕੇ ਪਤਾ ਲੱਗੇਗਾ ਦੂਸਰਾ ਇਕ ਵੱਖਰਾ ਬ੍ਰੈਂਡ ਨਾਮ ਲੋਕਾਂ ਦੀ ਖਿੱਚ ਦਾ ਕਾਰਨ ਬਣੇਗਾ।

ਮੈਂ ਬ੍ਰੈਂਡ ਬਾਰੇ ਰਿਸਰਚ ਕਰਨ ਲੱਗੀ ਜੋ ਕਿ ਵੱਖਰਾ ਤੇ ਜਿਸ ਵਿੱਚੋਂ ਪੁਰਾਣੇ ਸੰਸਕ੍ਰਿਤੀ ਦੀ ਮਹਿਕ ਆਉਂਦੀ ਹੋਵੇ- ਸ਼ਰੂਤੀ ਗੋਇਲ

ਬਹੁਤ ਜ਼ਿਆਦਾ ਇੰਟਰਨੇਟ ‘ਤੇ ਲੱਭਣ ਮਗਰੋਂ ਉਨ੍ਹਾਂ ਨੂੰ ਇੱਕ ਸੰਸਕ੍ਰਿਤ ਦਾ ਨਾਮ ਦਿਮਾਗ ਵਿਚ ਆਇਆ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਹੋਏ, ਫਿਰ “ਸਵਾਦਮ ਲਾਭ” ਬ੍ਰੈਂਡ ਰੱਖਣ ਦਾ ਫੈਸਲਾ ਕੀਤਾ, ਜਿਸ ਪਿੱਛੇ ਵੀ ਇਕ ਮਹੱਤਤਾ ਹੈ, ਜਿਵੇਂ ਸਵਾ ਮਤਲਬ ਸਵਾਦ ਹੋਵੇ, ਦਮ ਉਹ ਤਾਕਤਵਰ ਹੋਵੇ, ਲਾਭ ਦਾ ਮਤਲਬ ਖਾ ਕੇ ਸਰੀਰ ਨੂੰ ਕੋਈ ਲਾਭ ਪਹੁੰਚੇ। ਇਸ ਤਰ੍ਹਾਂ ਬ੍ਰੈਂਡ ਦਾ ਨਾਮ ਰੱਖਿਆ।

ਫਿਰ ਕੀ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਜੈਮ ਅਤੇ ਸ਼ਰਬਤ ਨੂੰ ਮਾਰਕੀਟ ਵਿੱਚ ਲੈ ਕੇ ਆਏ ਅਤੇ ਉਸਦੀ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਬਹੁਤ ਮਦਦ ਡਾਕਟਰ ਰਮਨਦੀਪ ਸਿੰਘ ਜੀ ਨੇ ਕੀਤੀ ਜੋ ਕਿ ਪੀ ਏ ਯੂ ਵਿੱਚ ਐਗਰੀ ਬਿਜ਼ਨਿਸ ਵਿਸ਼ੇ ਦੇ ਪ੍ਰੋਫੈਸਰ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਤੇ ਉਦਮੀਆਂ ਨੂੰ ਉੱਚੀ ਪਦਵੀ ‘ਤੇ ਪਹੁੰਚਾਉਣ ਵਿੱਚ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਹੀ ਡਾਕਟਰ ਰਮਨਦੀਪ ਜੀ ਨੇ ਸ਼ਰੂਤੀ ਦੀ ਬਹੁਤ ਸਾਰੇ ਚੈਨਲ ਦੇ ਨਾਲ ਇੰਟਰਵਿਊ ਕਰਵਾਈ ਜਿੱਥੇ ਸ਼ਰੂਤੀ ਬਾਰੇ ਲੋਕਾਂ ਨੂੰ ਪਤਾ ਲੱਗਣ ਲੱਗਾ ਅਤੇ ਉਹਨਾਂ ਦਾ ਜੈਮ ਤੇ ਸ਼ਰਬਤ ਦੀ ਮੰਗ ਵੱਧਣ ਲੱਗੀ ਤੇ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗਾ।

ਜਦੋਂ ਅਹਿਸਾਸ ਹੋਇਆ ਕਿ ਮਾਰਕੀਟਿੰਗ ਸਹੀ ਤਰੀਕੇ ਨਾਲ ਚੱਲ ਰਹੀ ਹੈ ਤਾਂ ਜੈਮ ਦੇ ਨਾਲ ਆਂਵਲਾ ਕੈਂਡੀ, ਕੱਦੂ ਦੇ ਬੀਜਾਂ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਦੇ ਕੱਦੂ ਦੇ ਬੀਜਾਂ ਤੋਂ 3 ਤੋਂ 4 ਪ੍ਰੋਡਕਟ ਤਿਆਰ ਕੀਤੇ ਜੋ ਕਿ ਗਲੂਟਨ ਮੁਕਤ ਹੈ। ਇਸ ਤਰ੍ਹਾਂ ਹੌਲੀ-ਹੌਲੀ ਮਾਰਕੀਟਿੰਗ ਵਿੱਚ ਪੈਰ ਜੰਮਦੇ ਗਏ। ਸਤੰਬਰ 2020 ਵਿੱਚ ਸਫਲ ਹੋਏ।

ਉਨ੍ਹਾਂ ਦੁਆਰਾ ਤਿਆਰ ਕੀਤੇ ਜਾਂਦੇ ਉਤਪਾਦ

  • ਜੈਮ
  • ਸ਼ਰਬਤ
  • ਕੇਕ
  • ਪੰਜੀਰੀ
  • ਬਿਸਕੁਟ
  • ਲੱਡੂ
  • ਬ੍ਰੈਡ ਆਦਿ।

ਅੱਜ ਮਾਰਕੀਟਿੰਗ ਲਈ ਕਿਤੇ ਬਾਹਰ ਜਾਂ ਦੁਕਾਨ ਵਿਖੇ ਉਤਪਾਦ ਬਾਰੇ ਜ਼ਿਆਦਾ ਦੱਸਣਾ ਨਹੀਂ ਪੈਂਦਾ ਸਗੋਂ ਲੋਕਾਂ ਦੀ ਮੰਗ ਦੀ ਆਧਾਰ ‘ਤੇ ਵਿਕ ਜਾਂਦੇ ਹਨ। ਸ਼ਰੂਤੀ ਜੀ ਮਾਰਕੀਟਿੰਗ ਆਪਣੇ ਲੁਧਿਆਣਾ ਸ਼ਹਿਰ ਤੇ ਚੰਡੀਗੜ੍ਹ ਵਿਖੇ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਲੋਕ ਜਾਣਦੇ ਹਨ ਅਤੇ ਮਾਰਕੀਟਿੰਗ ਹੋ ਜਾਂਦੀ ਹੈ। ਉਹ ਖੁਸ਼ ਹਨ ਅਤੇ ਇਸ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਹਨ।

ਸ਼ਰੂਤੀ ਨੂੰ ਬਹੁਤ ਥਾਵਾਂ ‘ਤੇ ਉਨ੍ਹਾਂ ਦੇ ਕੰਮ ਦੇ ਲਈ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸ਼ਰੂਤੀ ਜੀ ਅਜਿਹੇ ਇੱਕ ਮਹਿਲਾ ਉਦਮੀ ਹਨ ਜਿਨ੍ਹਾਂ ਨੇ ਖੁਦ ਨੂੰ ਚੁਣੌਤੀ ਦਿੱਤੀ ਸੀ ਕਿ ਖੁਦ ਨਾਲ ਲੜ੍ਹ ਕੇ ਕਾਮਯਾਬੀ ਹਾਸਿਲ ਕਰਨੀ ਹੈ, ਜਿਸ ਤੇ ਉਹ ਸਫਲ ਸਾਬਿਤ ਹੋਏ ਤੇ ਅੱਜ ਉਹਨਾਂ ਨੂੰ ਆਪਣੇ ਆਪ ‘ਤੇ ਮਾਣ ਹੈ ਅਤੇ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ।

ਭਵਿੱਖ ਦੀ ਯੋਜਨਾ

ਉਹ ਅੱਗੇ ਵੀ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਬਾਕੀ ਮਕਸਦ ਇਹ ਕਿ ਉਨ੍ਹਾਂ ਦੇ ਉਤਪਾਦਾਂ ਬਾਰੇ ਲੋਕ ਇੰਨੇ ਜਾਗਰੂਕ ਹੋਣ ਜੋ ਥੋੜਾ ਬਹੁਤ ਦੱਸਣਾ ਪੈਂਦਾ ਹੈ, ਉਹ ਵੀ ਨਾ ਦੱਸਣਾ ਪਵੇ। ਸਗੋਂ ਆਪਣੇ ਆਪ ਹੀ ਵਿਕ ਜਾਵੇ। ਇਸ ਦੇ ਨਾਲ-ਨਾਲ ਹਰੀ ਮਿਰਚ ਦਾ ਪਾਊਡਰ ਬਣਾ ਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਹਰ ਇੱਕ ਮਹਿਲਾ ਨੂੰ ਚਾਹੀਦਾ ਹੈ, ਕਿ ਉਹ ਕਿਸੇ ਤੇ ਨਿਰਭਰ ਨਾ ਰਹਿ ਕੇ ਸਗੋਂ ਖੁਦ ਦਾ ਕੋਈ ਕਿੱਤਾ ਸ਼ੁਰੂ ਕਰੇ ਜਿਸ ਦਾ ਉਸਨੂੰ ਸ਼ੋਂਕ ਵੀ ਹੋਵੇ ਅਤੇ ਉਸਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਦੀ ਹਿੰਮਤ ਵੀ ਹੋਵੇ।

ਜੋਤੀ ਗੰਭੀਰ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਔਰਤ ਜਿਸ ਨੇ ਨਾ ਸਿਰਫ਼ ਆਪਣੇ ਟੀਚਿਆਂ ਬਾਰੇ ਸੁਪਨਾ ਦੇਖਿਆ ਬਲਕਿ ਉਨ੍ਹਾਂ ਨੂੰ ਪ੍ਰਾਪਤ ਕਰਨ ਅਤੇ ਸਫ਼ਲਤਾ ਪ੍ਰਾਪਤ ਕਰਨ ਦੀ ਹਿੰਮਤ ਵੀ ਰੱਖੀ – ਜੋਤੀ ਗੰਭੀਰ
ਜੋਤੀ ਗੰਭੀਰ ਇੱਕ ਅਜਿਹੀ ਔਰਤ ਹੈ, ਜਿਸ ਕੋਲ ਨਾ ਸਿਰਫ਼ ਇੱਛਾਵਾਂ ਸਨ, ਸਗੋਂ ਉਨ੍ਹਾਂ ਨੂੰ ਹਾਸਲ ਕਰਨ ਅਤੇ ਕਾਮਯਾਬ ਕਰਨ ਦੀ ਹਿੰਮਤ ਵੀ ਸੀ।
ਜੇਕਰ ਸਹੀ ਸਮੇਂ ‘ਤੇ ਸਹੀ ਦਿਸ਼ਾ ਵੱਲ ਨਿਰਦੇਸ਼ਿਤ ਕੀਤਾ ਜਾਵੇ, ਤਾਂ ਤੁਹਾਡਾ ਜਨੂੰਨ ਤੁਹਾਨੂੰ ਉਚਾਈਆਂ ਤੱਕ ਪਹੁੰਚਣ ਵਿੱਚ ਮਦਦ ਕਰ ਸਕਦਾ ਹੈ। ਸਾਡੇ ਵਿੱਚੋਂ ਹਰ ਇੱਕ ਦੇ ਟੀਚੇ ਅਤੇ ਇੱਛਾਵਾਂ ਹੁੰਦੀਆਂ ਹਨ, ਪਰ ਹਰ ਕਿਸੇ ਵਿੱਚ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਹਿੰਮਤ ਨਹੀਂ ਹੁੰਦੀ। ਅਸਫਲਤਾ ਦਾ ਡਰ ਵਿਅਕਤੀ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਰੋਕਦਾ ਹੈ। ਫਿਰ ਵੀ ਕੁੱਝ ਅਜਿਹੇ ਹਨ ਜਿਹੜੇ ਕਦੇ ਹਾਰ ਨਹੀਂ ਮੰਨਦੇ।
ਲੁਧਿਆਣਾ ਦੀ ਇੱਕ ਅਜਿਹੀ ਹੀ ਔਰਤ ਜੋਤੀ ਗੰਭੀਰ, ਜੋ ਨਾ ਸਿਰਫ ਆਪਣੇ ਸ਼ੋਂਕ ਨੂੰ ਵਪਾਰ ਵਿੱਚ ਬਦਲਣ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਰਹੀ, ਸਗੋਂ ਦੂਜਿਆਂ ਲਈ ਆਦਰਸ਼ ਵੀ ਬਣੀ।
ਜੋਤੀ ਗੰਭੀਰ ਜੀ ਨੂੰ ਹਮੇਸ਼ਾ ਖਾਣਾ ਪਕਾਉਣ ਦਾ ਸ਼ੋਂਕ ਸੀ ਅਤੇ ਇਸ ਸ਼ੋਂਕ ਨੇ ਉਨ੍ਹਾਂ ਨੂੰ ਖੁਸ਼ੀ ਦਿੱਤੀ, ਪਰ ਇਹ ਸ਼ੌਕ ਉਨ੍ਹਾਂ ਦੀ ਰਸੋਈ ਤੱਕ ਹੀ ਸੀਮਤ ਰਿਹਾ, ਫਿਰ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਅਜਿਹਾ ਮੋੜ ਆਇਆ ਜਦੋਂ ਉਨ੍ਹਾਂ ਨੂੰ ਲੱਗਾ ਕਿ ਹੁਣ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਸਮਾਂ ਹੈ।

ਖਾਣਾ ਬਣਾਉਣਾ ਮੇਰਾ ਸ਼ੌਕ ਸੀ ਅਤੇ ਮੈਂ ਘਰ ‘ਚ ਆਪਣੇ ਪਰਿਵਾਰ ਲਈ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਬਣਾਈਆਂ – ਜੋਤੀ ਗੰਭੀਰ

ਜਿਵੇਂ ਕਿ ਉਹ ਕਹਿੰਦੇ ਹਨ, “ਜਿੱਥੇ ਚਾਹ, ਉੱਥੇ ਰਾਹ।” ਜੋਤੀ ਜੀ ਦੀ ਧੀ lactose intolerance ਤੋਂ ਪੀੜਤ ਸੀ ਅਤੇ ਅਕਸਰ ਬਾਹਰ ਦਾ ਖਾਣਾ ਖਾਣ ਤੋਂ ਬਾਅਦ ਬੀਮਾਰ ਹੋ ਜਾਂਦੀ ਸੀ। ਉਸ ਦੀ ਧੀ ਦੀ ਬਿਮਾਰੀ ਨੇ ਉਸ ਨੂੰ ਮਜ਼ਬੂਤ ਬਣਾ ਦਿੱਤਾ ਅਤੇ ਉਸ ਨੇ ਆਪਣੀ ਧੀ ਲਈ ਤਾਜ਼ੇ ਬਿਸਕੁਟ ਪਕਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਉਸ ਦੇ ਬਿਸਕੁਟ ਗਲੂਟਨ-ਮੁਕਤ ਅਤੇ ਸੁਆਦੀ ਸਨ। ਜਿਸ ਨੂੰ ਉਸ ਦੀ ਬੇਟੀ ਅਤੇ ਪਰਿਵਾਰ ਵੱਲੋਂ ਖੂਬ ਪਸੰਦ ਕੀਤਾ ਗਿਆ ਅਤੇ ਪ੍ਰਸ਼ੰਸਾ ਕੀਤੀ ਗਈ। ਉਸ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਸਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੇਣ ਲਈ ਬਿਸਕੁਟ ਬਣਾਏ। ਉਨਾਂ ਵੱਲੋਂ ਚੰਗੀ ਹੱਲਾਸ਼ੇਰੀ ਮਿਲਣ ਤੋਂ ਬਾਅਦ, ਉਸਨੇ ਆਪਣੇ ਅੰਦਰ ਉਮੀਦ ਦੀ ਕਿਰਨ ਜਗਾਈ ਅਤੇ ਅੱਗੇ ਵਧਦੀ ਰਹੀ। ਉਸਨੇ ਪ੍ਰੇਰਿਤ ਮਹਿਸੂਸ ਕੀਤਾ ਅਤੇ ਸੋਚਿਆ ਕਿ ਉਹ ਉਹਨਾਂ ਲੋਕਾਂ ਲਈ ਗੁਣਵੱਤਾ ਵਾਲੇ ਬਿਸਕੁਟ ਅਤੇ ਬੇਕਰੀ ਆਈਟਮਾਂ ਪ੍ਰਦਾਨ ਕਰ ਸਕਦੀ ਹੈ ਜੋ ਗਲੂਟਨ ਐਲਰਜੀ, lactose intolerance  ਤੋਂ ਪ੍ਰਭਾਵਿਤ ਹਨ ਅਤੇ ਜੋ ਜੈਵਿਕ ਭੋਜਨ ਨੂੰ ਤਰਜੀਹ ਦਿੰਦੇ ਹਨ।
ਮੈਂ ਆਪਣੀ ਨਵੀਂ ਸ਼ੁਰੂਆਤ ਬਾਰੇ ਪਰਿਵਾਰ ਦੀ ਪ੍ਰਤੀਕਿਰਿਆ ਲਈ ਬਹੁਤ ਉਤਸ਼ਾਹਿਤ ਸੀ। ਉਨਾਂ ਦੇ ਪਤੀ ਨੇ ਉਹਨਾਂ ਦੇ ਫੈਸਲੇ ਦਾ ਪੂਰਾ ਸਮਰਥਨ ਕੀਤਾ। ਸਹਾਰਾ ਮਿਲਣ ਤੋਂ ਬਾਅਦ ਉਹ ਸੱਤਵੇਂ ਆਸਮਾਨ ‘ਤੇ ਸੀ। ਉਹ ਇਸ ਬਾਰੇ ਆਸ਼ਾਵਾਦੀ ਸੀ। ਉਸਨੇ ਸੋਚਿਆ ਕਿ ਉਸਨੇ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਲਿਆ ਹੈ ਅਤੇ ਉਹ ਦੇਖ ਸਕਦੀ ਹੈ ਕਿ ਉਸਦਾ ਰਸਤਾ ਸਾਫ਼ ਹੋ ਗਿਆ ਹੈ।
ਫਿਰ ਉਸ ਨੇ ਖਾਣਾ ਬਣਾਉਣ ਦੀ ਸਿਖਲਾਈ ਲੈਣ ਬਾਰੇ ਸੋਚਿਆ। ਜਿਵੇਂ ਹੀ ਉਹਨਾਂ ਨੇ ਆਪਣੀ ਖੋਜ ਸ਼ੁਰੂ ਕੀਤੀ, ਉਹਨਾਂ ਆਪਣੇ ਉਤਪਾਦਾਂ ਨੂੰ “ਡੈਲੀਸ਼ੀਅਸ ਬਾਈਟਸ” ਨਾਮ ਨਾਲ ਲੇਬਲ ਕਰਨਾ ਸ਼ੁਰੂ ਕੀਤਾ। ਲੁਧਿਆਣਾ ਸ਼ਹਿਰ ਵਿੱਚ ਹੋਣ ਕਰਕੇ ਉਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਤੋਂ ਸਿਖਲਾਈ ਪ੍ਰਾਪਤ ਕੀਤੀ।  ਪੀ.ਏ.ਯੂ. ਵਿੱਚ ਆਪਣੀ ਸਿਖਲਾਈ ਸ਼ੁਰੂ ਕਰਨ ਵਿੱਚ ਇੱਕ ਸਕਿੰਟ ਬਰਬਾਦ ਨਹੀਂ ਕੀਤਾ।

ਮੈਂ ਪੀ.ਏ.ਯੂ. ਤੋਂ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਫਿਰ, ਬਾਅਦ ਵਿੱਚ, ਕੇਕ ਅਤੇ ਕੂਕੀਜ਼ ਲਈ ਘਰੋਂ ਕੰਮ ਕੀਤਾ। – ਜੋਤੀ ਗੰਭੀਰ

ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ, ਉਨਾਂ ਦਿਨ ਵਿੱਚ ਕੁਝ ਘੰਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹ ਪੀ.ਏ.ਯੂ. ਦੇ ਮਾਰਕੀਟਿੰਗ ਹੈੱਡ ਡਾ: ਰਮਨਦੀਪ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਕਈ ਕਿਸਾਨਾਂ ਨੂੰ ਉਨ੍ਹਾਂ ਦੀ ਸਫਲਤਾ ਲਈ ਮਾਰਗਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਡਾ: ਸਿੰਘ,  ਜੋਤੀ ਜੀ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ ਜਦੋਂ ਉਹਨਾਂ ਨੇ ਉਹਨਾਂ ਨੂੰ ਆਪਣਾ ਕੋਈ ਕੰਮ ਸ਼ੁਰੂ ਕਾਰਨ ਬਾਰੇ ਦੱਸਿਆ। ਉਸ ਨੇ ਉਨ੍ਹਾਂ ਵਿਚ ਦ੍ਰਿੜ੍ਹਤਾ ਦੇਖੀ। ਇਸ ਲਈ ਡਾਕਟਰ ਰਮਨਦੀਪ ਸਿੰਘ ਨੇ ਜੋਤੀ ਜੀ ਨੂੰ ਪੀ.ਏ.ਯੂ. ਦੀ ਸੋਸ਼ਲ ਮੀਡੀਆ ਟੀਮ ਨਾਲ ਜਾਣ-ਪਛਾਣ ਕਾਰਵਾਈ ਅਤੇ ਉਨ੍ਹਾਂ ਨੂੰ ਮਾਰਕੀਟਿੰਗ ਦੇ ਬਾਰੇ ਵਿੱਚ ਸਲਾਹ ਦਿੱਤੀ।
ਡਾ: ਰਮਨਦੀਪ ਨੇ ਫਿਰ ਆਪਣੀ ਖੇਤੀ ਐਪ ‘ਤੇ ਜੋਤੀ ਜੀ ਦੀ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ ਕੀਤਾ ਅਤੇ ਫਿਰ ਆਪਣੀ ਖੇਤੀ ਟੀਮ ਨੇ ਜੋਤੀ ਜੀ ਦੀ ਕਹਾਣੀ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ।
ਜੋਤੀ ਜੀ ਨੂੰ ਇਸ ਦੇ ਅਣਗਿਣਤ ਹੁੰਗਾਰੇ ਮਿਲੇ, ਅਤੇ ਉਨ੍ਹਾਂ ਨੂੰ ਜਲਦੀ ਹੀ ਸਾਰੇ ਸ਼ਹਿਰ ਤੋਂ ਗਾਹਕ ਦੇ ਫੋਨ ਆਉਣੇ ਸ਼ੁਰੂ ਹੋ ਗਏ ਜੋ ਆਰਡਰ ਦੇਣਾ ਚਾਹੁੰਦੇ ਸਨ। ਇਸ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਰੋਤਾਂ ਦੀ ਵਰਤੋਂ ਕਰਦਿਆਂ, ਉਨਾਂ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ  ਮਾਰਕੀਟਿੰਗ ਦੀ ਜਾਣਕਾਰੀ ਵੀ ਹੋ ਗਈ ਸੀ। ਕੁਝ ਹਫ਼ਤਿਆਂ ਬਾਅਦ, ਜਦੋਂ ਉਹਨਾਂ ਦਾ ਕੇਕ ਅਤੇ ਕੂਕੀਜ਼ ਬਣਾਉਣ ਦਾ ਕਾਰੋਬਾਰ ਚੰਗੀ ਤਰ੍ਹਾਂ ਸਥਾਪਤ ਹੋ ਗਿਆ, ਤਾਂ ਉਹਨਾਂ ਨੇ ਹੋਰ ਉਤਪਾਦ ਬਣਾਉਣ ਦਾ ਫੈਸਲਾ ਕੀਤਾ।
ਜਿਵੇਂ ਹੀ ਡੈਲੀਸ਼ੀਅਸ ਬਾਈਟਸ ਨੇ ਸਫਲਤਾ ਹਾਸਿਲ ਕੀਤੀ, ਜੋਤੀ ਜੀ ਨੇ ਆਪਣੇ ਉਤਪਾਦਾਂ ਦੀ ਪੈਕਿੰਗ ਅਤੇ ਲੇਬਲਿੰਗ ਸ਼ੁਰੂ ਕਰ ਦਿੱਤੀ।
ਜੋਤੀ ਜੀ ਇਨਾਂ ਉਤਪਾਦਾਂ ਵਿੱਚੋਂ 14-15 ਅਲਗ ਅਲਗ ਤਰਾਂ ਦੇ ਬੇਕਰੀ ਉਤਪਾਦ ਬਣਾਉਂਦੇ ਹਨ।
  • ਬਿਸਕੁਟ
  • ਕੇਕ
  • ਬ੍ਰੇਡ
  • ਗੁੜ
  • ਗੰਨਾ
  • ਜੈਮ
  • ਸਕੈਸ਼
ਬਿਸਕੁਟ ਬਣਾਉਣ ਲਈ ਲੋੜੀਂਦੀ ਸਮੱਗਰੀ ਪੂਰੀ ਤਰ੍ਹਾਂ ਜੈਵਿਕ ਹੁੰਦੀ ਹੈ। ਹੋਰ ਚੀਜ਼ਾਂ ਜਿਨ੍ਹਾਂ ਵਿੱਚ ਗੁੜ ਹੁੰਦਾ ਹੈ ਉਹ ਹਨ ਕੇਕ, ਬਰੈੱਡ ਅਤੇ ਕਈ ਤਰ੍ਹਾਂ ਦੇ ਬਿਸਕੁਟ। ਉਹਨਾਂ ਨੇ ਇਸਨੂੰ ਇੱਕ ਕਦਮ ਹੋਰ ਅੱਗੇ ਵਧਾਇਆ, ਫਿਰ ਹੋਰ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਤੋਂ ਲੋੜੀਂਦੀ ਸਮੱਗਰੀ ਸਿੱਧੇ ਤੌਰ ‘ਤੇ ਖਰੀਦਣੀ ਸ਼ੁਰੂ ਕੀਤੀ।
ਡਾ: ਰਮਨਦੀਪ ਨੇ ਜੋਤੀ ਜੀ ਨੂੰ ਆਪਣਾ ਕੈਰੀਅਰ ਬਣਾਉਣ ਵਿੱਚ ਮਦਦ ਕਰਕੇ ਇਹ ਸਭ ਸੰਭਵ ਕੀਤਾ ਹੈ।
ਵਰਤਮਾਨ ਵਿੱਚ, ਜੋਤੀ ਜੀ ਖੁਦ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜਾਂ ‘ਤੇ ‘ਡੈਲੀਸ਼ੀਅਸ ਬਾਈਟਸ’ ਦੀ ਮਾਰਕੀਟਿੰਗ ਅਤੇ ਪ੍ਰਚਾਰ ਦਾ ਪ੍ਰਬੰਧਨ ਕਰਦੇ ਹਨ।
2019 ਵਿੱਚ, ਉਹਨਾਂ ਨੂੰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ-ਖੇਤੀ ਅਤੇ ਸਹਾਇਕ ਖੇਤਰਾਂ ਦੇ ਪੁਨਰ-ਨਿਰਮਾਣ (RKVY-RAFTAAR) ਲਈ ਪ੍ਰੀਜ਼ਰਵੇਟਿਵ ਮੁਕਤ ਉਤਪਾਦਾਂ ਦੀ ਇੱਕ ਵੱਡੀ ਪਹਿਲ ਕਰਨ ਲਈ 16 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਸੀ।
ਜੋਤੀ ਗੰਭੀਰ ਜੀ ਨੇ 2021 ਵਿੱਚ ਸੈਲੀਬ੍ਰੇਟਿੰਗ ਫਾਰਮਰਜ਼ ਐਜ ਇੰਟਰਨੈਸ਼ਨਲ (C.F.E.I.) ਪ੍ਰਾਈਵੇਟ ਲਿਮਟਿਡ ਨਾਲ ਸਾਂਝੇਦਾਰੀ ਕੀਤੀ, ਜਿੱਥੇ ਉਹ ਕੁਦਰਤੀ ਤੌਰ ‘ਤੇ ਉਗਾਏ ਗਏ ਗੰਨੇ ਦੀ ਪ੍ਰੋਸਸਸਿੰਗ ਵਿੱਚ ਉਤਪਾਦਾਂ ਜਿਵੇਂ ਕਿ ਗੰਨੇ ਦਾ ਜੈਮ ਅਤੇ  ਗੰਨੇ ਦੇ ਰਸ ਦੀ ਚਾਹ ਜਿਹੇ ਵਧੀਆ ਉਤਪਾਦਾਂ ਦੀ ਪ੍ਰੋਸੈਸ ਕਰਨ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਮਦਦ ਕਰ ਰਹੀ ਹੈ। CFEI ਕੰਪਨੀ ਦੁਆਰਾ ਪਹਿਲਾਂ ਹੀ ਦੋ ਕਿਸਾਨ ਹਿੱਤ ਸਮੂਹ (FIGs) ਸਥਾਪਤ ਕਰ ਚੁਕੇ ਹਨ,  ਉਸ ਦੀ ਤਕਨਾਲੋਜੀ ਸਾਂਝ ਐਸ.ਬੀ.ਆਈ. ਕੋਇੰਬਟੂਰ ਅਤੇ ਆਈ.ਆਈ.ਟੀ. ਮੁੰਬਈ ਦੀ ਮਦਦ ਨਾਲ ਇਸ ਸਾਲ ਦੇ ਅੰਤ ਤੱਕ 100 ਐੱਫ.ਆਈ.ਜੀ. ਸਥਾਪਿਤ ਕਰਨਾ ਉਨ੍ਹਾਂ ਦਾ ਟਿੱਚਾ ਹੈ। ਇਹ ਕਿਸਾਨ ਸਮੂਹ ਸਮਰਥਨ, ਸਿੱਖਿਆ  ਅਤੇ ਉਹਨਾਂ ਦੇ ਉਤਪਾਦਾਂ ਦਾ ਮੰਡੀਕਰਨ ਕਰਨ ਵਿੱਚ ਉਹਨਾਂ ਦੀ ਮਦਦ ਕਰਦੇ ਹਨ।

“ਉੱਥੇ ਨਾ ਜਾਓ ਜਿੱਥੇ ਰਸਤਾ ਲੈ ਜਾ ਸਕਦਾ ਹੈ.” “ਇਸਦੀ ਬਜਾਏ ਉੱਥੇ ਜਾਓ ਜਿੱਥੇ ਕੋਈ ਰਸਤਾ ਨਹੀਂ ਹੈ ਅਤੇ ਇੱਕ ਨਿਸ਼ਾਨ ਛੱਡੋ.”

ਸਾਡੇ ਸਾਰਿਆਂ ਦੇ ਸੁਪਨੇ ਹੁੰਦੇ ਹਨ, ਪਰ ਬਹੁਤ ਸਾਰੇ ਉਨ੍ਹਾਂ ਨੂੰ ਪੂਰਾ ਨਹੀਂ ਕਰ ਪਾਉਂਦੇ,  ਸ਼੍ਰੀਮਤੀ ਜੋਤੀ ਗੰਭੀਰ ਜੀ ਡੇਲੀਸ਼ੀਅਸ ਬਾਇਟਸ ਦੀ ਮਾਲਕ ਹੈ ਅਤੇ C.F.E.I. ਦੇ ਨਾਲ ਸਾਂਝੇਦਾਰੀ ਵਿੱਚ ਮਹਾਰਾਸ਼ਟਰ ਵਿੱਚ ਆਪਣਾ ਪਹਿਲਾ ਆਊਟਲੈਟ ਖੋਲ੍ਹ ਕੇ ਆਪਣੇ ਜੀਵਨ ਭਰ ਦੇ ਸੁਪਨੇ ਦੀ ਖੋਜ ਨੂੰ ਪੂਰਾ ਕਰਨ ਵਿੱਚ ਕਾਮਯਾਬ ਰਹੀ ਹੈ। ਇਹ ਇਸ ਸਾਲ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਆਪਣੇ ਇਲਾਕੇ ਲੁਧਿਆਣਾ ਵਿੱਚ ਇੱਕ ਹੋਰ ਆਊਟਲੈਟ ਖੋਲ੍ਹ ਰਹੀ ਹੈ।
ਇਹ ਸਭ ਘਰੇਲੂ ਬੇਕਰੀ, ਬੇਕਿੰਗ ਕੇਕ ਅਤੇ ਕੂਕੀਜ਼ ਅਤੇ ਆਰਡਰ ਦੇਣ ਨਾਲ ਸ਼ੁਰੂ ਹੋਇਆ। ਉਹਨਾਂ ਨੇ ਹੌਲੀ-ਹੌਲੀ ਲੋਕਾਂ ਦੀ ਪਸੰਦ ਕੀਤੀਆਂ ਵੱਖ-ਵੱਖ ਚੀਜ਼ਾਂ ਬਾਰੇ ਸਿੱਖਿਆ ਅਤੇ ਸ਼ਾਕਾਹਾਰੀ ਅਤੇ ਗਲੂਟਨ-ਮੁਕਤ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ 15 ਯੂਨਿਟ ਪ੍ਰਤੀ ਦਿਨ ਵੇਚਣ ਤੋਂ ਲੈ ਕੇ 1,000 ਯੂਨਿਟ ਪ੍ਰਤੀ ਦਿਨ ਵੇਚਿਆ ਅਤੇ ਆਪਣਾ ਬ੍ਰਾਂਡ ਲਾਂਚ ਕੀਤਾ।

“ਸੁਪਨੇ ਉਦੋਂ ਤੱਕ ਕੰਮ ਨਹੀਂ ਕਰਦੇ ਜਦੋਂ ਤੱਕ ਤੁਸੀਂ ਨਹੀਂ ਕਰਦੇ.”

2021 ਵਿੱਚ, ਭਾਰਤ ਸਰਕਾਰ ਨੇ ਦੁਬਈ ਐਕਸਪੋ ਇੰਡੀਆ ਪੈਵੇਲੀਅਨ ਵਿੱਚ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪੰਜਾਬ ਦੀ ਇੱਕ ਸੁਰੱਖਿਅਤ ਅਤੇ ਰਸਾਇਣ-ਰਹਿਤ ਬੇਕਰੀ, ਡੈਲੀਸ਼ੀਅਸ ਬਾਈਟਸ ਦੀ ਚੋਣ ਕੀਤੀ।

ਭਵਿੱਖ ਦੀ ਯੋਜਨਾ

ਇਹ ਆਪਣੇ ਕਾਰੋਬਾਰ ਨੂੰ ਇਸ ਹੱਦ ਤੱਕ ਵਧਾਉਣਾ ਚਾਹੁੰਦਾ ਹੈ ਕਿ ਉਹ ਆਪਣੇ ਉਤਪਾਦਾਂ ਨੂੰ ਇਕ ਛੱਤ ਹੇਠ ਪੈਕੇਜ ਅਤੇ ਮਾਰਕੀਟ ਕਰਨ ਦੇ ਯੋਗ ਹੋਵੇ।

ਸੰਦੇਸ਼

ਹਰ ਔਰਤ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਜੇਕਰ ਵਿਅਕਤੀ ਪੂਰੀ ਤਰ੍ਹਾਂ ਨਾਲ ਆਪਣੇ ਟਿੱਚੇ ਵਲ ਤੁਰਦਾ ਹੈ ਤਾਂ ਉਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਦੀ ਕੋਈ ਸੀਮਾ ਨਹੀਂ ਹੈ।

ਨਵਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਖਾਣਾ ਬਣਾਉਣ ਦੇ ਸ਼ੋਂਕ ਨੂੰ ਕਿੱਤੇ ਵਿੱਚ ਬਦਲਣ ਵਾਲੀ ਇੱਕ ਸਫਲ ਮਹਿਲਾ ਕਿਸਾਨ

ਜਿਸ ਨੇ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ ਉਹ ਕਠਨਾਈਆਂ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਮੰਜ਼ਿਲ ਵੀ ਉਹਨਾਂ ਤੱਕ ਹੀ ਪਹੁੰਚਦੀ ਹੈ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ। ਸਭ ਨੂੰ ਆਪਣੀ ਕਾਬਲੀਅਤ ਪਹਿਚਾਨਣ ਦੀ ਜ਼ਰੂਰਤ ਹੁੰਦੀ ਹੈ। ਜਿਸ ਨੇ ਕਾਬਲੀਅਤ ਅਤੇ ਖੁਦ ‘ਤੇ ਭਰੋਸਾ ਕਰ ਲਿਆ, ਮੰਜ਼ਿਲ ਖੁਦ ਚੱਲ ਕੇ ਫਿਰ ਵਿਹੜੇ ਪੈਰ ਪਾਉਂਦੀ ਹੈ।

ਇਸ ਸਟੋਰੀ ਰਾਹੀਂ ਗੱਲ ਕਰਾਂਗੇ ਇੱਕ ਸਫ਼ਲ ਮਹਿਲਾ ਦੀ ਜੋ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ, ਕਿਉਂਕਿ ਅੱਜ ਦਾ ਜ਼ਮਾਨਾ ਅਜਿਹਾ ਹੈ ਜਿੱਥੇ ਔਰਤ ਬੰਦੇ ਦੇ ਨਾਲ ਖੜ੍ਹ ਕੇ ਕੰਮ ਕਰਦੀ ਹੈ। ਪਹਿਲਾਂ ਤਾਂ ਔਰਤ ਇਕੱਲੀ ਪੜ੍ਹਾਈ, ਡਾਕਟਰ, ਸਾਇੰਸਦਾਨ ਆਦਿ ਹਰ ਇੱਕ ਖੇਤਰ ਦੇ ਵਿੱਚ ਔਰਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ, ਪਰ ਹੁਣ ਖੇਤੀਬਾੜੀ ਦੇ ਖੇਤਰ ਵਿੱਚ ਵੀ ਨਾਮ ਕਮਾ ਰਹੀਆਂ ਹਨ।

ਇੱਕ ਅਜਿਹੀ ਮਹਿਲਾ ਕਿਸਾਨ “ਨਵਰੀਤ ਕੌਰ” ਜੋ ਪਿੰਡ ਮੀਮਸਾ, ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੇ MA, M.ED ਦੀ ਪੜ੍ਹਾਈ ਕੀਤੀ ਹੋਈ ਹੈ। ਜੋ ਕਾਲਜ ਵਿੱਚ ਪੜਾਉਂਦੇ ਸਨ ਪਰ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਇਨਸਾਨ ਨੂੰ ਧਰਤੀ ‘ਤੇ ਜਿਸ ਕੰਮ ਲਈ ਭੇਜਿਆ ਹੁੰਦਾ ਹੈ, ਜੋ ਸਿਰਫ਼ ਉਸਦੇ ਹੱਥੋਂ ਹੀ ਹੋਣਾ ਮੁਨੱਸਰ ਹੁੰਦਾ ਹੈ।

ਇਹ ਗੱਲ ਨਵਰੀਤ ਕੌਰ ਜੀ ‘ਤੇ ਬਿਲਕੁਲ ਢੁੱਕਦੀ ਹੈ, ਜਿਨ੍ਹਾਂ ਦੇ ਮਨ ਵਿੱਚ ਖੇਤੀ ਦੇ ਖੇਤਰ ਵਿੱਚ ਕੁੱਝ ਅਲੱਗ ਕਰਨ ਦਾ ਇਰਾਦਾ ਸੀ ਅਤੇ ਇਸ ਇਰਾਦੇ ਨੂੰ ਦ੍ਰਿੜ ਬਣਾਉਣ ਵਾਲੇ ਉਨ੍ਹਾਂ ਦੇ ਪਤੀ ਪ੍ਰਗਟ ਸਿੰਘ ਰੰਧਾਵਾ ਜੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਦੇ ਪਤੀ ਨੇ M.Tech ਕੀਤੀ ਹੋਈ ਹੈ, ਜੋ ਕਿ ਹਿੰਦੁਸਤਾਨ ਯੂਨੀਲਿਵਰ ਲਿਮਿਟਿਡ, ਨਾਭਾ ਦੇ ਵਿੱਚ ਸੀਨੀਅਰ ਮੈਨੇਜਰ ਹਨ ਅਤੇ PAU ਕਿਸਾਨ ਕਲੱਬ ਦੇ ਮੈਂਬਰ ਵੀ ਹਨ। ਉਨ੍ਹਾਂ ਦੇ ਪਤੀ ਨੌਕਰੀ ਦੇ ਨਾਲ-ਨਾਲ ਖੇਤੀ ਦਾ ਕਿੱਤਾ ਨਹੀਂ ਸੰਭਾਲ ਸਕਦੇ ਸੀ ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਖੂਬ ਸਾਥ ਦਿੱਤਾ।

ਰਵਾਇਤੀ ਖੇਤੀ ਕਰਨਾ ਮੁੱਖ ਕਿੱਤਾ ਤਾਂ ਸੀ ਪਰ ਮੈਂ ਸੋਚਦੀ ਸੀ ਕਿ ਰਵਾਇਤੀ ਖੇਤੀ ਨੂੰ ਛੱਡ ਕੇ ਕੁੱਝ ਨਵਾਂ ਕੀਤਾ ਜਾਵੇ- ਨਵਰੀਤ ਕੌਰ

ਉਨ੍ਹਾਂ ਨੇ 2007 ਵਿੱਚ ਜੈਵਿਕ ਖੇਤੀ ਸ਼ੁਰੂ ਕਰਨ ਦੇ ਸੁਪਨਿਆਂ ‘ਤੇ ਮੋਹਰ ਲਗਾ ਦਿੱਤੀ ਅਤੇ 4 ਏਕੜ ਵਿੱਚ ਦਾਲਾਂ, ਦੇਸੀ ਕਣਕ ਦੀ ਫਸਲ ਨਾਲ ਕਾਸ਼ਤ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਹੀ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਇੰਨੀ ਫਸਲ ਦੀ ਕਾਸ਼ਤ ਤਾਂ ਕਰ ਲਈ ਪਰ ਮੰਡੀਕਰਨ ਕਿਵੇਂ ਕਰਨਗੇ। ਇੱਕ ਉਨ੍ਹਾਂ ਨੇ ਜੋ ਇਹ ਕੰਮ ਸ਼ੁਰੂ ਕੀਤਾ ਉਨ੍ਹਾਂ ਦੇ ਪਤੀ ਤੋਂ ਇਲਾਵਾ ਉਨ੍ਹਾਂ ਦੇ ਹੱਕ ਵਿੱਚ ਹੋਰ ਕੋਈ ਨਹੀਂ ਸੀ, ਜੋ ਹੋਰ ਔਖਾ ਹੋ ਗਿਆ, ਕਿਉਂਕਿ ਪਰਿਵਾਰ ਦਾ ਮੁੱਖ ਕਿੱਤਾ ਰਵਾਇਤੀ ਖੇਤੀ ਹੀ ਸੀ, ਪਰ ਰਵਾਇਤੀ ਖੇਤੀ ਤੋਂ ਹੱਟ ਕੇ ਅਜਿਹੀ ਖੇਤੀ ਕਰਨੀ ਜਿਸ ਦਾ ਕੋਈ ਤਜੁਰਬਾ ਨਹੀਂ ਸੀ। ਜੇਕਰ ਜੈਵਿਕ ਖੇਤੀ ਕਾਮਯਾਬ ਨਾ ਹੋਈ ਤਾਂ ਪਰਿਵਾਰ ਵਾਲੇ ਕੀ ਕਹਿਣਗੇ।

ਮੈਨੂੰ ਜਦੋਂ ਕਦੇ ਵੀ ਖੇਤੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹਰ ਸਮੇਂ ਮੇਰੇ ਨਾਲ ਹੁੰਦੇ ਹਨ- ਨਵਰੀਤ ਕੌਰ

ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਵਿੱਚ ਵਰਤਣ ਵਾਲੀਆਂ ਦਾਲਾਂ ਦੀ ਸ਼ੁਰੂਆਤ ਕੀਤੀ, ਜੋ ਆਸਾਨ ਸੀ। ਇਸ ਤੋਂ ਇਲਾਵਾ ਤੇਲ ਬੀਜ ਵਾਲੀਆਂ ਫਸਲਾਂ ਅਤੇ ਨਾਲ ਹੀ ਮੰਡੀਕਰਨ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਮੈਨੂੰ ਖਾਣਾ ਬਣਾਉਣ ਦਾ ਸ਼ੋਂਕ ਹੈ, ਮੈਂ ਫਿਰ ਸੋਚਿਆ ਕਿਉਂ ਨਾ ਦੇਸੀ ਕਣਕ, ਚਾਵਲ, ਤੇਲ ਬੀਜ, ਗੰਨੇ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਕੀਤਾ ਜਾਵੇ- ਨਵਰੀਤ ਕੌਰ

ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਫਸਲਾਂ ਦੀ ਕਾਸ਼ਤ ਕਰਨੀ ਸਿਖ ਲਈ ਤਾਂ ਉਨ੍ਹਾਂ ਦੇ ਲਈ ਅਗਲਾ ਕਦਮ ਪ੍ਰੋਸੈਸਿੰਗ ਕਰਨਾ ਸੀ, ਪ੍ਰੋਸੈਸਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ IARI, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੋਲਨ ਦੇ ਨਾਲ-ਨਾਲ ਹੋਰ ਬਹੁਤ ਥਾਂਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ। ਟ੍ਰੇਨਿੰਗ ਤੋਂ ਬਾਅਦ ਜਦੋਂ ਉਨ੍ਹਾਂ ਦਾ ਪ੍ਰੋਸੈਸਿੰਗ ਕਰਨ ਨਾਲ ਯਕੀਨ ਹੋਰ ਪੱਕਾ ਹੋ ਗਿਆ ਤਾਂ ਉਹਨਾਂ ਨੇ ਪੱਕੇ ਤੌਰ ‘ਤੇ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਸ਼ੋਂਕ ਅਤੇ ਬਹੁਤ ਹੀ ਉਤਸ਼ਾਹ ਨਾਲ ਪ੍ਰੋਸੈਸਿੰਗ ਕਰ ਰਹੇ ਹਨ।

2015 ਦੇ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਹਰ ਇੱਕ ਕੰਮ ਵੱਲ ਖੁਦ ਧਿਆਨ ਦਿੰਦੇ ਹਨ। ਇਸ ਸਮੇਂ ਉਹ ਰਸੋਈ ਦੇ ਵਿੱਚ ਹੀ ਉਤਪਾਦ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪਿੰਡ ਦੀਆਂ ਮਹਿਲਾਵਾਂ ਨੂੰ ਇੱਕ ਰੋਜ਼ਗਾਰ ਮਿਲ ਗਿਆ ਅਤੇ ਦੂਸਰਾ ਉਹ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣ ਲੱਗ ਗਈਆਂ।

ਉਹਨਾਂ ਵੱਲੋਂ 15 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਉਹ ਸਿੱਧੇ ਤੌਰ ‘ਤੇ ਬਣਾਏ ਗਏ ਉਤਪਾਦ ਨੂੰ ਵੇਚ ਰਹੇ ਹਨ ਜੋ ਇਸ ਤਰ੍ਹਾਂ ਹਨ-

  • ਦੇਸੀ ਕਣਕ ਦੀ ਸੇਵੀਆਂ
  • ਕਣਕ ਦਾ ਦਲੀਆ
  • ਬਿਸਕੁਟ
  • ਗਾਜਰ ਦਾ ਕੇਕ
  • ਚਾਵਲ ਦੇ ਕੁਰਕੁਰੇ
  • ਚਾਵਲ ਦੇ ਲੱਡੂ
  • ਮੂੰਗੀ ਦੀਆਂ ਵੜੀਆਂ
  • ਮਾਂਹ ਦੀਆਂ ਵੜੀਆਂ
  • ਸਟ੍ਰਾਬੇਰੀ ਜੈਮ
  • ਨਿੰਬੂ ਦਾ ਅਚਾਰ
  • ਆਂਵਲੇ ਦਾ ਅਚਾਰ
  • ਅੰਬ ਦੀ ਚਟਨੀ
  • ਅੰਬ ਦਾ ਅਚਾਰ
  • ਮਿਰਚਾਂ ਦਾ ਅਚਾਰ
  • ਚਵਨ ਪ੍ਰਾਸ਼ ਆਦਿ।

ਪਹਿਲਾਂ ਉਹ ਉਤਪਾਦ ਦਾ ਮੰਡੀਕਰਨ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਹੀ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਉਤਪਾਦ ਦੀ ਪਹਿਚਾਣ ਕਈ ਥਾਂਵਾਂ ਤੱਕ ਪਹੁੰਚ ਚੁੱਕੀ ਹੈ। ਜਿਸ ਵਿੱਚੋਂ ਪ੍ਰਮੁੱਖ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦਾ ਮੰਡੀਕਰਨ ਚੰਡੀਗੜ੍ਹ ਆਰਗੈਨਿਕ ਮੰਡੀ ਦੇ ਵਿੱਚ ਕਰਦੇ ਹਨ। ਉਹ ਹੌਲੀ-ਹੌਲੀ ਆਨਲਾਈਨ ਤਰੀਕੇ ਰਾਹੀਂ ਆਪਣੇ ਉਤਪਾਦ ਵੇਚਣ ਦਾ ਮਨ ਬਣਾ ਰਹੇ ਹਨ।

ਮੈਂ ਅੱਜ ਖੁਸ਼ ਹਾਂ ਕਿ ਜੋ ਕੰਮ ਕਰਨ ਬਾਰੇ ਸੋਚਿਆ ਸੀ ਉਸ ਸਫਲ ਹੋ ਗਈ ਹਾਂ- ਨਵਰੀਤ ਕੌਰ

ਨਵਰੀਤ ਜੀ ਖਾਦ ਵੀ ਖੁਦ ਹੀ ਤਿਆਰ ਕਰਦੇ ਹਨ ਜਿਸ ਵਿੱਚ ਵਰਮੀ ਕੰਪੋਸਟ ਤਿਆਰ ਕਰਕੇ ਕਿਸਾਨਾਂ ਨੂੰ ਦਿੰਦੇ ਵੀ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਜੇਕਰ ਇਸ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਬਹੁਤ ਹੀ ਵਧੀਆ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੱਥ ਨਾਲ ਬਣਾਈਆਂ ਗਈਆਂ ਵਸਤੂਆਂ ਦੇ ਲਈ MSME ਯੂਨਿਟਸ ਵੱਲੋਂ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਆਪਣਾ ਇੱਕ ਸਟੋਰ ਬਣਾ ਕੇ ਉੱਥੇ ਹੀ ਆਪਣੇ ਦੁਆਰਾ ਤਿਆਰ ਕੀਤੇ ਗਏ ਹਰ ਇੱਕ ਉਤਪਾਦ ਦਾ ਖੁਦ ਹੀ ਮੰਡੀਕਰਨ ਕੀਤਾ ਜਾਵੇ। ਜਿਸ ਵਿੱਚ ਕਿਸੇ ਤੀਸਰੇ ਇਨਸਾਨ ਦੀ ਜ਼ਰੂਰਤ ਨਾ ਹੋਵੇ, ਕਿਸਾਨ ਤੋਂ ਉਪਭੋਗਤਾ ਤੱਕ ਦਾ ਸਿੱਧਾ ਮੰਡੀਕਰਨ ਹੋਵੇ। ਉਹ ਆਪਣਾ ਫਾਰਮ ਤਿਆਰ ਕਰਨਾ ਚਾਹੁੰਦੇ ਹਨ ਜਿੱਥੇ ਕਿ ਉਹ ਪ੍ਰੋਸੈਸਿੰਗ ਕਰਨ ਦੇ ਨਾਲ-ਨਾਲ ਉਸ ਦੀ ਪੈਕਿੰਗ ਵੀ ਕਰ ਸਕਣ।

ਸੰਦੇਸ਼

ਖੇਤੀ ਸਭ ਕਰਦੇ ਹਨ, ਪਰ ਇਕੱਲੀ ਖੇਤੀ ਵੱਲ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਉਸ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਬਾਰੇ ਸੋਚਣਾ ਚਾਹੀਦਾ ਹੈ। ਜੋ ਵੀ ਫਸਲ ਉਗਾਉਂਦੇ ਹਾਂ, ਉਸ ਬਾਰੇ ਸੋਚ ਕੇ ਫਿਰ ਅੱਗੇ ਵੱਧਣਾ ਚਾਹੀਦਾ ਹੈ, ਕਿਉਂਕਿ ਖੇਤੀ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਨਫ਼ਾ ਹੀ ਨਫ਼ਾ ਹੈ। ਜੇਕਰ ਹੋ ਸਕੇ ਤਾਂ ਖੁਦ ਪ੍ਰੋਸੈਸਿੰਗ ਕਰਕੇ ਖੁਦ ਹੀ ਉਤਪਾਦ ਵੇਚਣਾ ਚਾਹੀਦਾ ਹੈ।

ਪਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਕਿਸਾਨ ਜਿਸ ਨੇ ਘੱਟ ਉਮਰ ਦੇ ਵਿੱਚ ਹੀ ਉੱਚੀਆਂ ਮੰਜਿਲਾਂ ਤੇ ਜਿੱਤ ਹਾਸਿਲ ਕਰ ਲਈ

ਕੁਦਰਤ ਦੇ ਅਨੁਸਾਰ ਜਿਉਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਜੋ ਕੁੱਝ ਵੀ ਅਸੀਂ ਅੱਜ ਕਰ ਰਹੇ ਹਾਂ ਜਾਂ ਖਾ ਰਹੇ ਹਾਂ, ਪੀ ਰਹੇ ਹਾਂ ਸਭ ਕੁਦਰਤ ਦੀ ਦੇਣ ਹੈ। ਇਸ ਨੂੰ ਇਵੇਂ ਹੀ ਬਣਾਏ ਰੱਖਣਾ ਆਪਣੇ ਹੀ ਹੱਥਾਂ ਵਿੱਚ ਹੈ। ਜੇਕਰ ਕੁਦਰਤ ਦੇ ਅਨੁਸਾਰ ਚੱਲਾਂਗੇ ਤਾਂ ਕਦੇ ਵੀ ਬਿਮਾਰ ਨਹੀਂ ਹੋਵਾਂਗੇ।

ਅਜਿਹੀ ਮਿਸਾਲ ਨੇ ਇੱਕ ਕਿਸਾਨ ਪਰਮਜੀਤ ਸਿੰਘ, ਜੋ ਲੁਧਿਆਣੇ ਦੇ ਨੇੜੇ ਲੱਗਦੇ ਪਿੰਡ ਕਟਹਾਰੀ ਵਿੱਚ ਰਹਿੰਦੇ ਹਨ, ਜੋ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਸਾਂਭ ਕੇ ਰੱਖ ਰਹੇ ਹਨ ਤੇ ਨਿਭਾ ਵੀ ਰਹੇ ਹਨ। “ਕਹਿੰਦੇ ਹਨ ਕਿ ਕੁਦਰਤ ਨਾਲ ਪਿਆਰ ਹੋ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਜੇਕਰ ਤੁਹਾਨੂੰ ਕੁਦਰਤ ਕੁੱਝ ਪ੍ਰਦਾਨ ਕਰ ਰਹੀ ਹੈ ਤਾਂ ਉਹਨੂੰ ਉਸ ਤਰ੍ਹਾਂ ਹੀ ਵਰਤੋਂ ਜਿਵੇਂ ਕੁਦਰਤ ਚਾਹੁੰਦੀ ਹੈ।”

ਕੁਦਰਤ ਨਾਲ ਉਹਨਾਂ ਦਾ ਇੰਨਾ ਮੋਹ ਪੈ ਗਿਆ ਕਿ ਉਹਨਾਂ ਨੇ ਨੌਕਰੀ ਛੱਡ ਕੇ ਕੁਦਰਤ ਵੱਲੋਂ ਮਿਲੀ ਦਾਤ ਨੂੰ ਪੱਲੇ ਪਾਇਆ ਅਤੇ ਉਸ ਦਾਤ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ, ਕਿੰਨੇ ਹੀ ਲੋਕਾਂ ਦੀ ਬੀ.ਪੀ., ਸ਼ੂਗਰ ਆਦਿ ਵਰਗੀਆਂ ਕਿੰਨੀਆਂ ਹੀ ਬਿਮਾਰੀਆਂ ਨੂੰ ਦੂਰ ਕੀਤਾ।

ਜਦੋਂ ਬੰਦੇ ਦਾ ਮਨ ਇੱਕ ਕੰਮ ਕਰਕੇ ਖੁਸ਼ ਨਹੀਂ ਹੁੰਦਾ ਤਾਂ ਬੰਦਾ ਆਪਣੇ ਕੰਮ ਨੂੰ ਹਾਸਮਈ ਤਰੀਕਾ ਕਹਿ ਲਵੋ ਜਾਂ ਫਿਰ ਮਨ-ਪਰਚਾਵੇਂ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂਕਿ ਉਸ ਨੂੰ ਥੋੜ੍ਹਾ ਆਨੰਦ ਪ੍ਰਾਪਤ ਹੋ ਸਕੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਮਜੀਤ ਸਿੰਘ ਨੇ ਬਹੁਤ ਸਾਰੇ ਕੋਰਸ ਕਰਨ ਤੋਂ ਬਾਅਦ ਦੇਸੀ ਬੀਜਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸੀ ਬੀਜ ਜਿਵੇਂ ਰਾਗੀ, ਕੰਗਣੀ ਦਾ ਕੰਮ ਕਰਨ ਸਦਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨੇ ਬਦਲਾਅ ਆਏ ਕਿ ਅੱਜ ਉਹ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਏ ਹਨ।

ਜਦੋਂ ਮੈਂ ਮਿਲਟ ਰਿਸਰਚ ਸੈਂਟਰ ਵਿੱਚ ਕੰਮ ਕਰ ਰਿਹਾ ਸੀ ਤਾਂ ਮੈਨੂੰ ਉੱਥੇ ਰਾਗੀ, ਕੰਗਣੀ ਦੇ ਦੇਸੀ ਬੀਜਾਂ ਬਾਰੇ ਪਤਾ ਲੱਗਾ ਅਤੇ ਮੈਂ ਇਹਨਾਂ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ -ਪਰਮਜੀਤ ਸਿੰਘ

ਮੁੱਢਲੀ ਜਾਣਕਾਰੀ ਮਿਲਣ ਤੋਂ ਬਾਅਦ, ਉਹਨਾਂ ਨੇ ਤਜੁਰਬੇ ਦੇ ਤੌਰ ‘ਤੇ ਸਭ ਤੋਂ ਪਹਿਲਾਂ ਖੇਤਾਂ ਵਿੱਚ ਰਾਗੀ, ਕੰਗਣੀਂ ਦੇ ਬੀਜ ਲਾਏ ਸਨ। ਇਹ ਕੰਮ ਉਹਨਾਂ ਦੇ ਦਿਲ ਨੂੰ ਇੰਨਾ ਛੋਹ ਗਿਆ, ਉਹਨਾਂ ਨੇ ਦੇਸੀ ਬੀਜਾਂ ਵੱਲ ਹੀ ਧਿਆਨ ਕੇਂਦਰਿਤ ਕਰ ਲਿਆ। ਫਿਰ ਦੇਸੀ ਬੀਜਾਂ ਰਾਹੀਂ ਕੰਮ ਕਰਕੇ ਆਪਣਾ ਕਾਰੋਬਾਰ ਵਧਾਉਣ ਲੱਗ ਗਏ ਅਤੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਵੇਂ-ਜਿਵੇਂ ਕੰਮ ਵੱਧਦਾ ਗਿਆ, ਅਸੀਂ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿਸ ਦੇ ਸਦਕਾ ਸਾਨੂੰ ਲੋਕ ਹੋਰ ਜਾਨਣ ਲੱਗ ਗਏ -ਪਰਮਜੀਤ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਉਨ੍ਹਾਂ ਦੇ ਦੋਸਤ ਦੇ ਰਹੇ ਹਨ ਜੋ ਇੱਕ ਗਰੁੱਪ ਬਣਾ ਕੇ ਕੰਮ ਕਰਦੇ ਹਨ ਅਤੇ ਮਾਰਕੀਟਿੰਗ ਕਰਨ ਲਈ ਅਲੱਗ-ਅਲੱਗ ਥਾਵਾਂ ਤੇ ਜਾਂਦੇ ਹਨ। ਉਹਨਾਂ ਦੇ ਪਿੰਡ ਵੱਲ ਇੱਕ ਸੜਕ ਆਉਂਦਿਆਂ ਰਾੜਾ ਸਾਹਿਬ ਗੁਰੂਦੁਆਰੇ ਦੇ ਕੋਲ ਉਹਨਾਂ ਦੀ 3 ਏਕੜ ਜ਼ਮੀਨ ਹੈ, ਜਿੱਥੇ ਉਹ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੱਲ ਵੀ ਜ਼ੋਰ ਦੇ ਰਹੇ ਹਨ। ਉੱਥੇ ਹੀ ਉਹਨਾਂ ਦਾ ਪੰਨੂ ਨੈਚੂਰਲ ਫਾਰਮ ਨਾਮ ਦਾ ਇੱਕ ਫਾਰਮ ਵੀ ਹੈ, ਜਿੱਥੇ ਕਿਸਾਨ ਉਹਨਾਂ ਕੋਲ ਦੇਸੀ ਬੀਜ ਦੇ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੀ ਲੈ ਕੇ ਜਾਂਦੇ ਹਨ।

ਉਹਨਾਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਆ ਖੜੀ ਹੋਈ ਜਦੋਂ ਉਹਨਾਂ ਨੂੰ ਦੇਸੀ ਬੀਜਾਂ ਅਤੇ ਜੈਵਿਕ ਖੇਤੀ ਬਾਰੇ ਸਮਝਾਉਣਾ ਪੈਂਦਾ ਸੀ, ਉਹਨਾਂ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਸੀ ਜੋ ਪਿੰਡਾਂ ਵਾਲੇ ਸਨ, ਉਹ ਕਹਿੰਦੇ ਸੀ ਕਿ “ਤੂੰ ਆਇਆ ਸਮਝਾਉਣ ਸਾਨੂੰ, ਅਸੀਂ ਇੰਨੇ ਸਾਲਾਂ ਤੋਂ ਖੇਤੀ ਕਰ ਰਹੇ ਹਾਂ ਕੀ ਸਾਨੂੰ ਪਤਾ ਨਹੀਂ।” ਇੰਨੇ ਫਟਕਾਰ ਅਤੇ ਮੁਸ਼ਕਿਲਾਂ ਵਿੱਚ ਵੀ ਉਹ ਪਿੱਛੇ ਨਹੀਂ ਹਟੇ ਸਗੋਂ ਆਪਣੇ ਕੰਮ ਨੂੰ ਹੋਰ ਵਧਾਉਂਦੇ ਗਏ ਅਤੇ ਮਾਰਕੀਟਿੰਗ ਕਰਦੇ ਰਹੇ।

ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਬੀਜ ਪੰਜਾਬ ਤੋਂ ਬਾਹਰ ਤੋਂ ਲੈ ਕੇ ਆਏ ਸਨ। ਜਿਸ ਵਿੱਚ ਉਹ ਰਾਗੀ ਦਾ ਇੱਕ ਬੂਟਾ ਲੈ ਕੇ ਆਏ ਸਨ ਅਤੇ ਅੱਜ ਓਹੀ ਬੂਟਾ ਕਿੱਲਿਆਂ ਦੇ ਹਿਸਾਬ ਨਾਲ ਲੱਗਾ ਹੋਇਆ ਹੈ। ਉਹ ਟ੍ਰੇਨਿੰਗ ਦੇ ਲਈ ਹੈਦਰਾਬਾਦ ਗਏ ਸੀ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਪੰਜਾਬ ਆ ਕੇ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੀਜਾਂ ਦੇ ਉੱਪਰ ਰਿਸਰਚ ਕਰਨ ਮਗਰੋਂ ਫਿਰ ਉਹਨਾਂ ਨੇ ਨਵੇਂ ਬੀਜ ਤਿਆਰ ਕੀਤੇ ਅਤੇ ਉਤਪਾਦ ਬਣਾਉਣੇ ਸ਼ੁਰੂ ਕੀਤੇ। ਉਹ ਉਤਪਾਦ ਨੂੰ ਬਣਾਉਣ ਤੋਂ ਲੈ ਕੇ ਪੈਕਿੰਗ ਤੱਕ ਦਾ ਸਾਰਾ ਕੰਮ ਖੁਦ ਹੀ ਦੇਖਦੇ ਹਨ। ਜਿੱਥੇ ਉਹ ਉਤਪਾਦ ਬਣਾਉਣ ਦਾ ਸਾਰਾ ਕਾਰਜ ਕਰਦੇ ਹਨ ਉੱਥੇ ਹੀ ਉਹਨਾਂ ਦੇ ਇੱਕ ਦੋਸਤ ਨੇ ਆਪਣੀ ਮਸ਼ੀਨ ਲਗਾਈ ਹੋਈ ਹੈ। ਉਹਨਾਂ ਨੇ ਆਪਣੇ ਡਿਜ਼ਾਇਨ ਵੀ ਤਿਆਰ ਕੀਤੇ ਹੋਏ ਹਨ।

ਅਸੀਂ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ ਤਾਂ ਸਭ ਨੇ ਮਿਲ ਕੇ ਇੱਕ ਗਰੁੱਪ ਬਣਾ ਲਿਆ ਅਤੇ ATMA ਦੇ ਰਾਹੀਂ ਉਸ ਨੂੰ ਰਜਿਸਟਰ ਕਰਵਾ ਲਿਆ -ਪਰਮਜੀਤ ਸਿੰਘ

ਫਿਰ ਉਹਨਾਂ ਨੇ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ, ਜਿਸ ਵਿੱਚ ਗ੍ਰਾਹਕਾਂ ਦੀ ਮੰਗ ਦੇ ਅਨੁਸਾਰ ਸਭ ਤੋਂ ਜ਼ਿਆਦਾ ਵਿਕਣ ਵਾਲੇ ਉਤਪਾਦ ਜਿਵੇਂ ਬਾਜਰੇ ਦੇ ਬਿਸਕੁਟ, ਬਾਜਰੇ ਦਾ ਦਲੀਆ ਅਤੇ ਬਾਜਰੇ ਦਾ ਆਟਾ ਆਦਿ ਬਣਾਏ ਜਾਣ ਲੱਗੇ।

ਉਹਨਾਂ ਵੱਲੋਂ ਬਣਾਏ ਜਾਣ ਵਾਲੇ ਉਤਪਾਦ-

  • ਬਾਜਰੇ ਦਾ ਆਟਾ
  • ਬਾਜਰੇ ਦੇ ਬਿਸਕੁਟ
  • ਬਾਜਰੇ ਦਾ ਦਲੀਆ
  • ਰਾਗੀ ਦਾ ਆਟਾ
  • ਰਾਗੀ ਦੇ ਬਿਸਕੁਟ
  • ਹਰੀ ਕੰਗਣੀ ਦੇ ਬਿਸਕੁਟ
  • ਚੁਕੰਦਰ ਦਾ ਪਾਊਡਰ
  • ਦੇਸੀ ਸ਼ੱਕਰ
  • ਦੇਸੀ ਗੁੜ
  • ਸੁਹਾਂਜਣਾ ਦਾ ਪਾਊਡਰ
  • ਦੇਸੀ ਕਣਕ ਦੀਆਂ ਸੇਵੀਆਂ ਆਦਿ।

ਜਿੱਥੇ ਅੱਜ ਉਹ ਦੇਸੀ ਬੀਜਾਂ ਨਾਲ ਬਣਾਏ ਉਤਪਾਦ ਵੇਚਣ ਅਤੇ ਖੇਤਾਂ ਵਿੱਚ ਬੀਜ ਤੋਂ ਲੈ ਕੇ ਫਸਲ ਤੱਕ ਦੀ ਦੇਖਭਾਲ ਵੀ ਖੁਦ ਕਰ ਰਹੇ ਹਨ ਕਿਉਂਕਿ ਉਹ ਕਹਿੰਦੇ ਹਨ “ਆਪਣੀ ਹੱਥੀਂ ਕੀਤੇ ਕੰਮ ਨਾਲ ਜਿੰਨਾ ਸੁਕੂਨ ਮਿਲਦਾ ਹੈ ਉਹ ਹੋਰ ਕਿਸੇ ‘ਤੇ ਨਿਰਭਰ ਰਹਿ ਕੇ ਨਹੀਂ ਮਿਲਦਾ”। ਜੇਕਰ ਉਹ ਚਾਹੁਣ ਤਾਂ ਘਰ ਬੈਠ ਕੇ ਇਸਦੀ ਮਾਰਕੀਟਿੰਗ ਕਰ ਸਕਦੇ ਹਨ, ਬੇਸ਼ੱਕ ਉਹਨਾਂ ਦੀ ਆਮਦਨ ਵੀ ਬਹੁਤ ਹੋ ਜਾਂਦੀ ਹੈ ਪਰ ਉਹ ਖੁਦ ਹੱਥੀਂ ਕੰਮ ਕਰਕੇ ਸੁਕੂਨ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ।

ਪਰਮਜੀਤ ਸਿੰਘ ਜੀ ਅੱਜ ਸਾਰਿਆਂ ਲਈ ਇੱਕ ਅਜਿਹੀ ਸਖਸ਼ੀਅਤ ਬਣ ਗਏ ਹਨ, ਅੱਜ ਲੋਕ ਉਹਨਾਂ ਕੋਲ ਦੇਸੀ ਬੀਜਾਂ ਬਾਰੇ ਪੂਰੀ ਜਾਣਕਾਰੀ ਲੈਣ ਆਉਂਦੇ ਹਨ ਅਤੇ ਉਹ ਲੋਕਾਂ ਨੂੰ ਦੇਸੀ ਬੀਜਾਂ ਦੇ ਨਾਲ-ਨਾਲ ਕੁਦਰਤੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ। ਅੱਜ ਉਹ ਅਜਿਹੇ ਮੁਕਾਮ ‘ਤੇ ਪਹੁੰਚ ਗਏ ਹਨ ਜਿੱਥੇ ਲੋਕੀ ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਨਹੀਂ ਸਗੋਂ ਉਹਨਾਂ ਦੇ ਕੰਮ ਕਰਕੇ ਜਾਣਦੇ ਹਨ।

ਪਰਮਜੀਤ ਸਿੰਘ ਜੀ ਦੇ ਕੰਮ ਅਤੇ ਮਿਹਨਤ ਦੇ ਸਦਕਾ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਯੰਗ ਫਾਰਮਰ, ਵਧੀਆ ਸਿਖਲਾਈ ਦੇਣ ਦੇ ਤੌਰ ‘ਤੇ, ਜ਼ਿਲ੍ਹਾ ਪੱਧਰੀ ਇਨਾਮ ਅਤੇ ਹੋਰ ਕਈ ਯੂਨੀਵਰਸਿਟੀਆਂ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਉਹਨਾਂ ਨੂੰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਦੇ ਵੀ ਅਵਸਰ ਮਿਲਦੇ ਰਹਿੰਦੇ ਹਨ ਅਤੇ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਸਭ ਤੋਂ ਵੱਧ ਪ੍ਰਚੱਲਿਤ ਦੱਖਣੀ ਭਾਰਤ ਵਿੱਚ ਸਨਮਾਨਿਤ ਕੀਤਾ ਗਿਆ, ਕਿਉਂਕਿ ਪੂਰੇ ਪੰਜਾਬ ਵਿੱਚ ਸਿਰਫ ਪਰਮਜੀਤ ਸਿੰਘ ਜੀ ਹੀ ਨੇ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੇਸੀ ਬੀਜਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਲੈ ਕੇ ਆਏ।

ਮੈਂ ਕਦੇ ਵੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕੀਤੀ, ਕੇਵਲ ਕੁਦਰਤੀ ਖਾਦ ਜੋ ਆਪਣੇ ਆਪ ਫਸਲ ਨੂੰ ਧਰਤ ਵਿੱਚੋ ਮਿਲ ਜਾਂਦੀ ਹੈ, ਉਹ ਸੋਨੇ ‘ਤੇ ਸੁਹਾਗਾ ਵਾਲਾ ਕੰਮ ਕਰਦੀ ਹੈ -ਪਰਮਜੀਤ ਸਿੰਘ

ਉਹਨਾਂ ਦੀ ਇਸ ਅਣਥੱਕ ਕੋਸ਼ਿਸ਼ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਕੁਦਰਤ ਵੱਲੋਂ ਦਿੱਤੀ ਚੀਜ਼ ਨੂੰ ਕਦੇ ਵਿਅਰਥ ਨਾ ਜਾਣ ਦਿਓ, ਸਗੋਂ ਉਸ ਨੂੰ ਸੰਭਾਲ ਕੇ ਰੱਖੋ, ਤੁਸੀਂ ਬਿਨਾਂ ਦਵਾਈ ਵਾਲਾ ਖਾਣਾ ਖਾਂਦੇ ਹੋ ਤਾਂ ਕਦੇ ਵੀ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਕੁਦਰਤ ਸਭ ਕੁੱਝ ਬਿਨਾਂ ਕਿਸੇ ਮੁੱਲ ਦੇ ਪ੍ਰਦਾਨ ਕਰ ਰਹੀ ਹੈ। ਜਿਹੜੇ ਵੀ ਲੋਕ ਉਹਨਾਂ ਤੋਂ ਸਮਾਨ ਲੈ ਕੇ ਜਾਂਦੇ ਹਨ ਜਾਂ ਫਿਰ ਉਹ ਉਹਨਾਂ ਦੁਆਰਾ ਬਣਾਏ ਗਏ ਸਮਾਨ ਨੂੰ ਦਵਾਈ ਦੇ ਰੂਪ ਵਿੱਚ ਖਾਂਦੇ ਹਨ ਤਾਂ ਕਈ ਲੋਕਾਂ ਦੀ ਸ਼ੂਗਰ, ਬੀ ਪੀ ਆਦਿ ਹੋਰ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ।

ਭਵਿੱਖ ਦੀ ਯੋਜਨਾ

ਪਰਮਜੀਤ ਸਿੰਘ ਜੀ ਭਵਿੱਖ ਵਿੱਚ ਆਪਣੇ ਰੁਜਗਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਤਪਾਦ ਤਿਆਰ ਕਰਨ ਵਾਲੀ ਪ੍ਰੋਸੈਸਿੰਗ ਮਸ਼ੀਨਰੀ ਲਗਾਉਣਾ ਚਾਹੁੰਦੇ ਹਨ। ਜਿੰਨਾ ਹੋ ਸਕੇ ਉਹ ਲੋਕਾਂ ਨੂੰ ਕੁਦਰਤੀ ਖੇਤੀ ਬਾਰੇ ਵਿਸਥਾਰ ਨਾਲ ਜਾਗਰੂਕ ਕਰਵਾਉਣਾ ਚਾਹੁੰਦੇ ਹਨ। ਤਾਂ ਜੋ ਕੁਦਰਤ ਨਾਲ ਰਿਸ਼ਤਾ ਵੀ ਜੁੜ ਜਾਏ ਅਤੇ ਸਿਹਤ ਪੱਖੋਂ ਵੀ ਤੰਦਰੁਸਤ ਰਹੀਏ।

ਸੰਦੇਸ਼

“ਖੇਤੀਬਾੜੀ ਵਿੱਚ ਸਫਲਤਾ ਹਾਸਿਲ ਕਰਨ ਲਈ ਸਾਨੂੰ ਜੈਵਿਕ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਉਹਨਾਂ ਨੂੰ ਕੁਦਰਤੀ ਖੇਤੀ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਜੈਵਿਕ ਖੇਤੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਕਿ ਰਸਾਇਣਿਕ ਮੁਕਤ ਖੇਤੀ ਕਰਕੇ ਮਨੁੱਖ ਦੀ ਸਿਹਤ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।”

ਹਰਜਿੰਦਰ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ 60 ਸਾਲ ਦੀ ਮਹਿਲਾ ਨੇ ਅੰਮ੍ਰਿਤਸਰ ਵਿੱਚ ਮਸ਼ਰੂਮ ਦੀ ਖੇਤੀ ਦੇ ਧੰਦੇ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਪੁੱਤਰਾਂ ਨੇ ਇਸ ਧੰਦੇ ਨੂੰ ਸਫ਼ਲ ਬਣਾਇਆ

ਪੰਜਾਬ ਵਿੱਚ ਜਿੱਥੇ ਲੋਕ ਅੱਜ ਵੀ ਰਵਾਇਤੀ ਖੇਤੀ ਦੇ ਚੱਕਰ ‘ਚ ਫਸੇ ਹੋਏ ਹਨ, ਉੱਥੇ ਕੁੱਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਇਸ ਚੱਕਰ ਨੂੰ ਤੋੜਿਆ ਅਤੇ ਖੇਤੀ ਦੀ ਆਵਿਸ਼ਕਾਰੀ ਤਕਨੀਕ ਨੂੰ ਲੇ ਕੇ ਆਏ, ਜੋ ਕਿ ਕੁਦਰਤ ਦੇ ਜ਼ਰੂਰੀ ਸ੍ਰੋਤ ਜਿਵੇਂ ਕਿ ਪਾਣੀ ਆਦਿ ਨੂੰ ਬਚਾਉਣ ਵਿੱਚ ਮਦਦ ਕਰਦੇ ਹਨ।

ਇਹ ਇੱਕ ਪਰਿਵਾਰ ਦੇ ਯਤਨਾਂ ਦੀ ਕਹਾਣੀ ਹੈ। ਰੰਧਾਵਾ ਪਰਿਵਾਰ ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਅਦਭੁੱਤ ਪਵਿੱਤਰ ਸ਼ੈਲੀ, ਸੰਸਕ੍ਰਿਤ ਅਤੇ ਅੰਮ੍ਰਿਤ ਸਰੋਵਰ(ਪਵਿੱਤਰ ਜਲ ਤਲਾਬ) ਨਾਲ ਘਿਰੇ ਸ਼ਾਂਤ ਸਵਰਣ ਮੰਦਿਰ(ਹਰਿਮੰਦਰ ਸਾਹਿਬ) ਲਈ ਜਾਣਿਆ ਜਾਂਦਾ ਹੈ। ਇਹ ਪਰਿਵਾਰ ਨਾ-ਕੇਵਲ ਮਸ਼ਰੂਮ ਦੀ ਖੇਤੀ ਵਿੱਚ ਕ੍ਰਾਂਤੀ ਲੈ ਕੇ ਆ ਰਿਹਾ ਹੈ, ਬਲਕਿ ਆਧੁਨਿਕ ਅਤੇ ਫਾਇਦੇਮੰਦ ਤਕਨੀਕਾਂ ਵੱਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਹਰਜਿੰਦਰ ਕੌਰ ਰੰਧਾਵਾ ਅੰਮ੍ਰਿਤਸਰ ਵਿੱਚ ਮਸ਼ਰੂਮ ਲੇਡੀ ਦੇ ਨਾਮ ਨਾਲ ਪ੍ਰਸਿੱਧ ਹਨ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਕੇਵਲ ਇੱਕ ਸਹਾਇਕ ਧੰਦੇ ਦੇ ਤੌਰ ‘ਤੇ ਸ਼ੁਰੂ ਕੀਤੀ ਜਾ ਅਸੀਂ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਦਾ ਸ਼ੌਂਕ ਸੀ, ਪਰ ਕੌਣ ਜਾਣਦਾ ਸੀ ਕਿ ਸ਼੍ਰੀਮਤੀ ਹਰਜਿੰਦਰ ਕੌਰ ਦਾ ਇਹ ਸ਼ੌਂਕ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰਾਂ ਦੁਆਰਾ ਇੱਕ ਸਫ਼ਲ ਵਪਾਰ ਵਿੱਚ ਬਦਲ ਦਿੱਤਾ ਜਾਵੇਗਾ।

ਇਹ ਕਿਵੇਂ ਸ਼ੁਰੂ ਹੋਇਆ…

ਅੱਸੀ-ਨੱਬੇ ਦੇ ਦਹਾਕੇ ਵਿੱਚ ਪੰਜਾਬ ਪੁਲਿਸ ਵਿੱਚ ਸੇਵਾ ਕਰਨ ਵਾਲੇ ਰਜਿੰਦਰ ਸਿੰਘ ਦੀ ਪਤਨੀ ਹੋਣ ਦੇ ਨਾਤੇ, ਘਰ ਵਿੱਚ ਕੋਈ ਕਮੀ ਨਹੀਂ ਸੀ, ਜੋ ਸ਼੍ਰੀਮਤੀ ਹਰਜਿੰਦਰ ਕੌਰ ਨੂੰ ਅਸੁਰੱਖਿਅਤ ਬਣਾਉਂਦੀ ਅਤੇ ਉਨ੍ਹਾਂ ਨੂੰ ਹੋਰ ਕਮਾਈ ਦੇ ਸ੍ਰੋਤ ਦੀ ਭਾਲ ਕਰਨੀ ਪੈਂਦੀ।

ਕਿਵੇਂ ਇੱਕ ਗ੍ਰਹਿਣੀ ਦੀ ਰੁਚੀ ਨੇ ਪਰਿਵਾਰ ਦੇ ਭਵਿੱਖ ਲਈ ਨੀਂਹ ਰੱਖੀ…

ਪਰ 1989 ਵਿੱਚ ਹਰਜਿੰਦਰ ਕੌਰ ਨੇ ਕੁੱਝ ਅਲੱਗ ਕਰਨ ਦਾ ਸੋਚਿਆ ਅਤੇ ਆਪਣੇ ਵਾਧੂ ਸਮੇਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਵਰਾਂਡੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਸੀ, ਪਰ ਉਨ੍ਹਾਂ ਦੇ ਸਮਰਪਣ ਨੇ ਉਨ੍ਹਾਂ ਦੇ ਕੰਮਾਂ ਵਿੱਚ ਸੱਚੇ ਰੰਗ ਲਾਏ। ਹੌਲੀ-ਹੌਲੀ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਦੇ ਕੰਮ ਨੂੰ ਵਧਾਇਆ ਅਤੇ ਮਸ਼ਰੂਮ ਤੋਂ ਖਾਣ ਵਾਲੇ ਉਤਪਾਦ ਤਿਆਰ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਪੁੱਤਰ ਆਪਣੀ ਮਾਂ ਦੇ ਸਹਾਰੇ ਬਣੇ…

ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ, ਤਾਂ ਚਾਰਾਂ ਵਿੱਚੋਂ ਤਿੰਨ ਪੁੱਤਰ(ਮਨਜੀਤ, ਮਨਦੀਪ ਅਤੇ ਹਰਪ੍ਰੀਤ) ਮਸ਼ਰੂਮ ਦੀ ਖੇਤੀ ਦੇ ਧੰਦੇ ਵਿੱਚ ਆਪਣੀ ਮਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਤਿੰਨੋ ਪੁੱਤਰ ਖ਼ਾਸ ਤੌਰ ‘ਤੇ ਟ੍ਰੇਨਿੰਗ ਲਈ ਸੋਲਨ ਦੇ ਡਾਇਰੈਕਟੋਰੇਟ ਆੱਫ ਮਸ਼ਰੂਮ ਰਿਸਰਚ ਗਏ। ਉੱਥੇ ਉਨ੍ਹਾਂ ਨੇ ਮਸ਼ਰੂਮ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਬਟਨ, ਮਿਲਕੀ ਅਤੇ ਓਈਸਟਰ ਦੇ ਬਾਰੇ ਸਿੱਖਿਆ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ‘ਤੇ ਪੀ ਏ ਯੂ ਦੁਆਰਾ ਦਿੱਤੀ ਗਈ ਹੋਰ ਧੰਦਿਆਂ ਦੀ ਟ੍ਰੇਨਿੰਗ ਵਿੱਚ ਵੀ ਭਾਗ ਲਿਆ। ਜਦਕਿ ਹਰਜਿੰਦਰ ਕੌਰ ਜੀ ਦਾ ਚੌਥਾ ਪੁੱਤਰ(ਜਗਦੀਪ ਸਿੰਘ) ਹੋਰ ਫ਼ਸਲਾਂ ਦੀ ਖੇਤੀ ਕਰਨ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ ਅਤੇ ਬਾਅਦ ਵਿੱਚ ਉਹ ਆਸਟ੍ਰੇਲੀਆ ਗਿਆ ਅਤੇ ਫਿਰ ਗੰਨੇ ਅਤੇ ਕੇਲੇ ਦੀ ਖੇਤੀ ਸ਼ੁਰੂ ਕੀਤੀ।

ਸਮੇਂ ਦੇ ਨਾਲ-ਨਾਲ ਹਰਜਿੰਦਰ ਕੌਰ ਜੀ ਦੇ ਪੁੱਤਰ ਮਸ਼ਰੂਮ ਦੀ ਖੇਤੀ ਦੇ ਕੰਮ ਦਾ ਵਿਸਤਾਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਵਪਾਰਕ ਉਦੇਸ਼ ਲਈ ਮਸ਼ਰੂਮ ਦੇ ਉਤਪਾਦਾਂ ਜਿਵੇਂ ਕਿ ਆਚਾਰ, ਪਾਪੜ, ਪਾਊਡਰ, ਵੜੀਆਂ, ਨਮਕੀਨ ਅਤੇ ਬਿਸਕੁਟ ਦੀ ਪ੍ਰੋਸੈੱਸਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼੍ਰੀ ਰਜਿੰਦਰ ਸਿੰਘ ਰੰਧਾਵਾ ਵੀ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਮਸ਼ਰੂਮ ਦੇ ਧੰਦੇ ਵਿੱਚ ਸ਼ਾਮਲ ਹੋ ਗਏ।

ਅੱਜ ਰੰਧਾਵਾ ਪਰਿਵਾਰ ਇੱਕ ਸਫ਼ਲ ਮਸ਼ਰੂਮ ਉਪਾਦਕ ਹੈ ਅਤੇ ਮਸ਼ਰੂਮ ਦੇ ਉਤਪਾਦਾਂ ਦਾ ਇੱਕ ਸਫ਼ਲ ਨਿਰਮਾਤਾ ਹੈ। ਬੀਜ ਦੀ ਤਿਆਰੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਕੰਮ ਪਰਿਵਾਰ ਦੇ ਮੈਂਬਰ ਸਭ ਕੁੱਝ ਖੁਦ ਕਰਦੇ ਹਨ। ਹਰਜਿੰਦਰ ਕੌਰ ਤੋਂ ਬਾਅਦ, ਇੱਕ ਹੋਰ ਮੈਂਬਰ ਮਨਦੀਪ ਸਿੰਘ(ਦੂਜਾ ਪੁੱਤਰ), ਜਿਸਨੇ ਇਸ ਵਪਾਰ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਅਤੇ ਉਸਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਉਹ ਖ਼ਾਸ ਤੌਰ ‘ਤੇ ਸਾਰੇ ਉਤਪਾਦਾਂ ਦਾ ਨਿਰਮਾਣ ਅਤੇ ਉਨ੍ਹਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਦੇ ਹਨ। ਮੁੱਖ ਤੌਰ ‘ਤੇ ਉਹ ਆਪਣੀ ਦੁਕਾਨ(ਰੰਧਾਵਾ ਮਸ਼ਰੂਮ ਫਾਰਮ) ਦੇ ਮਾਧਿਅਮ ਨਾਲ ਕੰਮ ਕਰਦੇ ਹਨ, ਜੋ ਕਿ ਬਟਾਲਾ-ਜਲੰਧਰ ਰੋਡ ‘ਤੇ ਸਥਿਤ ਹੈ।

ਦੂਜੇ ਦੋ ਪੁੱਤਰ(ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ) ਵੀ ਰੰਧਾਵਾ ਮਸ਼ਰੂਮ ਫਾਰਮ ਚਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਮਸ਼ਰੂਮ ਦੀ ਖੇਤੀ, ਕਟਾਈ ਅਤੇ ਕਾਰੋਬਾਰ ਨਾਲ ਸੰਬੰਧਿਤ ਹੋਰ ਕੰਮਾਂ ਦਾ ਪ੍ਰਬੰਧ ਕਰਦੇ ਹਨ।

ਹਾਲਾਂਕਿ, ਪਰਿਵਾਰ ਦੇ ਪੁੱਤਰ ਹੁਣ ਸਾਰੇ ਕੰਮਾਂ ਦਾ ਪ੍ਰਬੰਧਨ ਕਰ ਰਹੇ ਹਨ, ਫਿਰ ਵੀ ਹਰਜਿੰਦਰ ਕੌਰ ਬਹੁਤ ਉਤਸ਼ਾਹ ਨਾਲ ਕਾਰੋਬਾਰ ਵਿੱਚ ਭਾਗ ਲੈਂਦੇ ਹਨ ਅਤੇ ਨਿੱਜੀ ਤੌਰ ‘ਤੇ ਖੇਤੀ ਅਤੇ ਉਤਪਾਦ ਤਿਆਰ ਕਰਨ ਵਾਲੀ ਜਗ੍ਹਾ ‘ਤੇ ਜਾਂਦੇ ਹਨ ਅਤੇ ਉੱਥੇ ਕੰਮ ਕਰ ਰਹੇ ਹੋਰਨਾਂ ਲੋਕਾਂ ਦੀ ਅਗਵਾਈ ਕਰਦੇ ਹਨ। ਹਰਜਿੰਦਰ ਕੌਰ ਜੀ ਮੁੱਖ ਸ਼ਖ਼ਸ ਹਨ ਜੋ ਉਨ੍ਹਾਂ ਕਿਰਤੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਸਫ਼ਾਈ ਅਤੇ ਕੁਆਲਿਟੀ ਦਾ ਧਿਆਨ ਰੱਖਦੇ ਹਨ।

ਹਰਜਿੰਦਰ ਕੌਰ ਆਪਣੀ ਆਉਣ ਵਾਲੀ ਤੀਜੀ ਪੀੜ੍ਹੀ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ …

” ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਪੀੜ੍ਹੀ ਵੀ ਸਾਡੇ ਵਪਾਰ ਦਾ ਹਿੱਸਾ ਹੋਵੇ। ਉਨ੍ਹਾਂ ਵਿੱਚੋਂ ਕੁੱਝ ਇੰਨੀ ਸਮਝ ਵਾਲੇ ਹਨ, ਕਿ ਇਹ ਸਭ ਕਿਵੇਂ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਮਸ਼ਰੂਮ ਦੇ ਕਾਰੋਬਾਰ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਆਪਣੇ ਪੋਤੇ(ਮਨਜੀਤ ਸਿੰਘ ਦਾ ਪੁੱਤਰ, ਜੋ ਅਜੇ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ) ਨੂੰ ਮਸ਼ਰੂਮ ਰਿਸਰਚ ਵਿੱਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਇਸ ‘ਤੇ ਪੀ.ਐੱਚ.ਡੀ. ਕਰਨ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਹਾਂ।”

ਮਾਰਕਿਟ ਵਿੱਚ ਆਪਣੀ ਛਾਪ ਸਥਾਪਿਤ ਕਰਨਾ…

ਰੰਧਾਵਾ ਮਸ਼ਰੂਮ ਨੇ ਪਹਿਲਾਂ ਹੀ ਆਪਣੇ ਉਤਪਾਦਨ ਦੀ ਕੁਆਲਿਟੀ ਦੇ ਨਾਲ ਮਾਰਕਿਟ ਵਿੱਚ ਵੱਡੇ ਸਤਰ ‘ਤੇ ਆਪਣੀ ਮੌਜੂਦਗੀ ਦਰਜ ਕੀਤੀ ਹੈ। ਇਸ ਸਮੇਂ 70% ਉਤਪਾਦ(ਤਾਜ਼ਾ ਮਸ਼ਰੂਮ ਅਤੇ ਮਸ਼ਰੂਮ ਤੋਂ ਤਿਆਰ ਕੀਤੇ ਹੋਰ ਖਾਣਯੋਗ ਪਦਾਰਥ) ਉਨ੍ਹਾਂ ਦੀ ਆਪਣੀ ਦੁਕਾਨ ਦੇ ਮਾਧਿਅਮ ਨਾਲ ਹੀ ਵੇਚੇ ਜਾਂਦੇ ਹਨ ਅਤੇ ਬਾਕੀ 30% ਨੇੜਲੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਦੀ ਸਬਜ਼ੀ ਮੰਡੀ ਭੇਜੇ ਜਾਂਦੇ ਹਨ।

ਉਹ ਮਸ਼ਰੂਮ ਦੀਆਂ ਤਿੰਨ ਕਿਸਮਾਂ ਮਿਲਕੀ, ਬਟਨ ਅਤੇ ਓਈਸਟਰ ਉਗਾਉਂਦੇ ਹਨ, ਜੋ ਉਨ੍ਹਾਂ ਦੀ ਆਮਦਨ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ। ਇਨ੍ਹਾਂ ਤਿੰਨਾਂ ਕਿਸਮਾਂ ਵਿੱਚ ਲਾਗਤ ਘੱਟ ਆਉਂਦੀ ਹੈ ਅਤੇ ਆਮਦਨ 70 ਤੋਂ 80 ਰੁਪਏ (ਕੱਚੀ ਮਸ਼ਰੂਮ) ਪ੍ਰਤੀ ਕਿੱਲੋ ਦੇ ਲਗਭਗ ਹੁੰਦੀ ਹੈ। ਬਟਨ ਮਸ਼ਰੂਮ ਨੂੰ ਤੁੜਾਈ ਤੱਕ ਤਿਆਰ ਹੋਣ ਲਈ 20 ਤੋਂ 50 ਦਿਨ ਲੱਗਦੇ ਹਨ, ਜਦਕਿ ਓਈਸਟਰ(ਨਵੰਬਰ-ਅਪ੍ਰੈਲ) ਅਤੇ ਮਿਲਕੀ(ਮਈ-ਅਕਤੂਬਰ) ਕਿਸਮ ਨੂੰ ਤੁੜਾਈ ਲਈ ਤਿਆਰ ਹੋਣ ਵਿੱਚ 6 ਮਹੀਨੇ ਲੱਗਦੇ ਹਨ। ਫ਼ਸਲਾਂ ਤਿਆਰ ਹੋਣ ਅਤੇ ਤੁੜਾਈ ਦੇ ਸਮੇਂ ਕਾਰਨ ਇਨ੍ਹਾਂ ਦਾ ਵਪਾਰ ਸਦਾਬਹਾਰ ਹੁੰਦਾ ਹੈ।

ਰੰਧਾਵਾ ਪਰਿਵਾਰ…

ਨੂੰਹਾਂ ਸਮੇਤ ਪੂਰਾ ਪਰਿਵਾਰ ਵਪਾਰ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਉਹ ਖੁਦ ਸਾਰੇ ਉਤਪਾਦ ਘਰ ਵੀ ਤਿਆਰ ਕਰਦੇ ਹਨ। ਦੂਜਾ ਪੁੱਤਰ ਮਨਦੀਪ ਸਿੰਘ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਮੰਡੀਕਰਨ ਵਿਭਾਗ ਨੂੰ ਸੰਭਾਲਣ ਤੋਂ ਇਲਾਵਾ ਉਹ 2007 ਤੋਂ ਜੱਗ-ਬਾਣੀ ਅਖਬਾਰ ਵਿੱਚ ਇੱਕ ਰਿਪੋਰਟਰ ਦੇ ਤੌਰ ‘ਤੇ ਇੱਕ ਹੋਰ ਪੇਸ਼ਾ ਸੰਭਾਲ ਰਹੇ ਹਨ ਅਤੇ ਰਿਪੋਰਟਿੰਗ ਲਈ ਉਨ੍ਹਾਂ ਕੋਲ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਲਈ ਕਦੇ ਕਦੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਸ. ਰਜਿੰਦਰ ਸਿੰਘ ਰੰਧਾਵਾ ਜੀ ਦੁਕਾਨ ਸੰਭਾਲਦੇ ਹਨ।

ਅੱਜ-ਕੱਲ੍ਹ ਸਰਕਾਰ ਅਤੇ ਕ੍ਰਿਸ਼ੀ ਵਿਭਾਗ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਰਹੇ ਹਨ ਅਤੇ ਮਸ਼ਰੂਮ ਵੀ ਇਨ੍ਹਾਂ ਫ਼ਸਲਾਂ ‘ਚੋਂ ਇੱਕ ਹੈ, ਜਿਸਨੂੰ ਸਿੰਚਾਈ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਮਸ਼ਰੂਮ ਦੀ ਖੇਤੀ ਵਿੱਚ ਉੱਦਮ ਕਾਰਨ ਰੰਧਾਵਾ ਪਰਿਵਾਰ ਨੂੰ ਦੋ ਵਾਰ ਜ਼ਿਲ੍ਹਾ ਪੱਧਰ ‘ਤੇ ਸਨਮਾਨ ਅਤੇ ਸਮਾਰੋਹ ਅਤੇ ਮੇਲਿਆਂ ਵਿੱਚ ਤਹਿਸੀਲ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿੱਚ 10 ਸਤੰਬਰ 2017 ਨੂੰ ਰੰਧਾਵਾ ਪਰਿਵਾਰ ਦੇ ਉੱਦਮ ਨੂੰ ਦੇਸ਼ ਭਰ ਵਿੱਚ ਮਸ਼ਰੂਮ ਰਿਸਰਚ, ਸੋਲਨ ਦੇ ਡਾਇਰੈਕਟੋਰੇਟ ਦੁਆਰਾ ਸਰਾਹਿਆ ਗਿਆ, ਜਿੱਥੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਲਈ ਸੰਦੇਸ਼

ਕਿਸਾਨਾਂ ਲਈ ਸੰਦੇਸ਼-ਰੰਧਾਵਾ ਪਰਿਵਾਰ ਇਕੱਠੇ ਹੋ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦਾ ਸੰਦੇਸ਼ ਕਿਸਾਨਾਂ ਲਈ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਹੈ।

“ਜੋ ਪਰਿਵਾਰ ਇਕੱਠਾ ਰਹਿੰਦਾ ਹੈ, ਉਹ ਸਫ਼ਲਤਾ ਬੜੀ ਅਸਾਨੀ ਨਾਲ ਪ੍ਰਾਪਤ ਕਰਦਾ ਹੈ। ਅੱਜ-ਕੱਲ੍ਹ ਕਿਸਾਨ ਨੂੰ ਏਕਤਾ ਦੀ ਸ਼ਕਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਮੀਨ ਅਤੇ ਸੰਪੱਤੀ ਨੂੰ ਵੰਡਣ ਦੀ ਥਾਂ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ ਇਹ ਹੈ ਕਿ ਕਿਸਾਨਾਂ ਨੂੰ ਮੰਡੀਕਰਨ ਦਾ ਕੰਮ ਖੁਦ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਤਮ-ਵਿਸ਼ਵਾਸ ਕਮਾਉਣ ਅਤੇ ਆਪਣੀ ਫਸਲ ਦਾ ਸਹੀ ਮੁੱਲ ਲੈਣ ਦਾ ਸਭ ਤੋਂ ਅਸਾਨ ਤਰੀਕਾ ਹੈ।

 

ਅਸ਼ੋਕ ਵਿਸ਼ਿਸ਼ਟ

ਪੂਰੀ ਕਹਾਣੀ ਪੜ੍ਹੋ

ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ
ਖੁੰਭ ਦੀ ਜੈਵਿਕ ਖੇਤੀ ਅਤੇ ਉਸ ਤੋਂ ਬਣੇ ਉਤਪਾਦਾਂ ਨਾਲ ਚੰਗੀ ਆਮਦਨ ਕਮਾ ਰਹੇ ਇਕ ਕਿਸਾਨ ਦੀ ਕਹਾਣੀ

ਵੱਧਦੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਖੇਤੀ ਵਿਗਿਆਨ ਵਿੱਚ ਬਹੁਤ ਤਰ੍ਹਾਂ ਦੇ ਸੁਧਾਰ ਕੀਤੇ ਗਏ ਅਤੇ ਉੱਨਤੀ ਦੇ ਨਾਲ-ਨਾਲ ਖੇਤੀ ਦੀ ਤਕਨੀਕ ਵਿੱਚ ਵੀ ਬਦਲਾਅ ਕੀਤੇ ਗਏ। ਵਰਤਮਾਨ ਵਿੱਚ ਜ਼ਿਆਦਾਤਰ ਕਿਸਾਨ ਆਪਣੀ ਫ਼ਸਲਾਂ ਦੇ ਜਿਆਦਾ ਉਤਪਾਦਨ ਦੇ ਲਈ ਪਰੰਪਰਾਗਤ ਖੇਤੀ ਤਕਨੀਕਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਜੀ ਐਮ ਓ ਅਤੇ ਹੋਰ ਉਦਯੋਗਿਕ ਉਤਪਾਦਾਂ ਤੇ ਆਧਾਰਿਤ ਹਨ। ਇਨ੍ਹਾਂ ਵਿੱਚੋਂ ਕੁਝ ਹੀ ਕਿਸਾਨ ਰਸਾਇਣਾਂ ਦੀ ਵਰਤੋਂ ਕਰਦੇ ਹਨ, ਅੱਜ ਅਸੀਂ ਤੁਹਾਡੀ ਪਹਿਚਾਣ ਅਜਿਹੀ ਸ਼ਖਸ਼ੀਅਤ ਨਾਲ ਕਰਵਾ ਰਹੇ ਹਾਂ ਜੋ ਪਹਿਲਾਂ ਪਰੰਪਰਾਗਤ ਖੇਤੀ ਕਰਦੇ ਸਨ, ਪਰ ਬਾਅਦ ਵਿੱਚ ਕੁਦਰਤੀ ਖੇਤੀ ਦੇ ਲਾਭ ਜਾਣਨ ਤੋਂ ਬਾਅਦ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਢੰਗ ਨੂੰ ਅਪਣਾਇਆ।

ਅਸ਼ੋਕ ਵਿਸ਼ਿਸ਼ਟ ਹਰਿਆਣਾ ਦੇ ਪਿੰਡ ਦੇ ਸਾਧਾਰਨ ਕਿਸਾਨ ਹਨ, ਜਿਨ੍ਹਾਂ ਨੇ ਪਰੰਪਰਾਗਤ ਖੇਤੀ ਤਕਨੀਕਾਂ ਦੀ ਵਰਤੋਂ ਦੀ ਪੁਰਾਣੀ ਸੋਚ ਨੂੰ ਛੱਡ ਕੇ ਮਸ਼ਰੂਮ ਦੀ ਖੇਤੀ ਦੇ ਲਈ ਜੈਵਿਕ ਢੰਗਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਮਸ਼ਰੂਮ ਦੇ ਰਿਸਰਚ ਸੈਂਟਰ ਦੇ ਦੌਰੇ ਤੋਂ ਬਾਅਦ ਅਸ਼ੋਕ ਵਿਸ਼ਿਸ਼ਟ ਨੂੰ ਮਸ਼ਰੂਮ ਦੀ ਖੇਤੀ ਕੁਦਰਤੀ ਢੰਗ ਨਾਲ ਕਰਨ ਦੀ ਪ੍ਰੇਰਣਾ ਮਿਲੀ, ਜਿੱਥੇ ਉਨ੍ਹਾਂ ਨੇ ਮੁੱਖ ਵਿਗਿਆਨਕ ਡਾ. ਅਜੈ ਸਿੰਘ ਯਾਦਵ ਨੇ ਮਸ਼ਰੂਮ ਦੇ ਫਾਇਦੇਮੰਦ ਗੁਣਾਂ ਤੋਂ ਜਾਣੂ ਕਰਵਾਇਆ ਅਤੇ ਇਸਦੀ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।

ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਤਾਂ ਵਿਗਿਆਨਕ ਅਜੈ ਸਿੰਘ ਯਾਦਵ ਦੇ ਇਲਾਵਾ ਉਨ੍ਹਾਂ ਨੂੰ ਖੇਤੀ ਦੇ ਲਈ ਉਤਸ਼ਾਹਿਤ ਅਤੇ ਮਦਦ ਕਰਨ ਵਾਲੀ ਉਨ੍ਹਾਂ ਦੀ ਪਤਨੀ ਸੀ। ਉਨ੍ਹਾਂ ਦੇ ਪਰਿਵਾਰ ਦੇ ਹੋਰ ਛੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਸਾਥ ਦਿੱਤਾ।

ਅਸ਼ੋਕ ਵਿਸ਼ਿਸ਼ਟ ਮਸ਼ਰੂਮ ਦੀ ਖੇਤੀ ਕਰਨ ਲਈ ਮਹੱਤਵਪੂਰਨ ਤਿੰਨ ਕੰਮ ਕਰਦੇ ਹਨ:

ਪਹਿਲਾ ਕੰਮ: ਪਹਿਲਾਂ ਉਹ ਝੋਨੇ ਦੀ ਪਰਾਲੀ, ਕਣਕ ਦੀ ਪਰਾਲੀ, ਬਾਜਰੇ ਦੀ ਪਰਾਲੀ ਆਦਿ ਦਾ ਉਪਯੋਗ ਕਰਕੇ ਖਾਦ ਤਿਆਰ ਕਰਦੇ ਹਨ, ਉਹ ਪਰਾਲੀ ਨੂੰ 3 ਤੋਂ 4 ਸੈਂ.ਮੀ. ਕੱਟ ਲੈਂਦੇ ਹਨ ਅਤੇ ਉਸਨੂੰ ਪਾਣੀ ਵਿੱਚ ਭਿਉਂਦੇ ਹਨ।

ਦੂਜਾ ਕੰਮ: ਉਹ ਘਰ ਵਿੱਚ ਖਾਦ ਤਿਆਰ ਕਰਨ ਲਈ ਪਰਾਲੀ ਨੂੰ 28 ਦਿਨਾਂ ਲਈ ਛੱਡ ਦਿੰਦੇ ਹਨ।

ਤੀਜਾ ਕੰਮ: ਜਦੋਂ ਖਾਦ ਤਿਆਰ ਹੋ ਜਾਂਦੀ ਹੈ। ਫਿਰ ਉਸ ਵਿੱਚ ਮਸ਼ਰੂਮ ਦੇ ਬੀਜਾਂ ਨੂੰ ਬੀਜ ਦਿੱਤਾ ਜਾਂਦਾ ਹੈ, ਜੋ ਖ਼ਾਸ ਤੌਰ ‘ਤੇ ਲੈਬ ਵਿੱਚ ਤਿਆਰ ਹੁੰਦੇ ਹਨ।

ਮਸ਼ਰੂਮ ਦੀ ਖੇਤੀ ਕਰਨ ਲਈ ਉਹ ਹਮੇਸ਼ਾ ਇਹ ਤਿੰਨ ਕੰਮ ਕਰਦੇ ਹਨ ਅਤੇ ਮਸ਼ਰੂਮ ਦੀ ਖੇਤੀ ਤੋਂ ਇਲਾਵਾ ਉਹ ਆਪਣੇ ਖੇਤ ਵਿੱਚ ਕਣਕ ਅਤੇ ਝੋਨੇ ਦੀ ਵੀ ਖੇਤੀ ਕਰਦੇ ਹਨ। ਪੜ੍ਹਾਈ ਲਿਖਾਈ ਵਿੱਚ ਉਨ੍ਹਾਂ ਨੇ ਸਿਰਫ਼ 10ਵੀਂ ਹੀ ਪਾਸ ਕੀਤੀ ਹੈ ਪਰ ਇਸ ਚੀਜ਼ ਨੇ ਉਨ੍ਹਾਂ ਨੂੰ ਕਦੇ ਨਵੀਆਂ ਚੀਜ਼ਾਂ ਸਿੱਖਣ ਅਤੇ ਜਾਣਕਾਰੀ ਲੈਣ ਤੋਂ ਰੋਕਿਆ ਨਹੀਂ। ਆਪਣੀ ਨਵੀਂ ਸੋਚ ਅਤੇ ਉਤਸ਼ਾਹ ਨਾਲ ਉਹ ਮਸ਼ਰੂਮ ਤੋਂ ਅਲੱਗ-ਅਲੱਗ ਉਤਪਾਦ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਸ਼ਹਿਦ ਦਾ ਮੁਰੱਬਾ, ਮਸ਼ਰੂਮ ਦਾ ਅਚਾਰ, ਮਸ਼ਰੂਮ ਦਾ ਮੁਰੱਬਾ, ਮਸ਼ਰੂਮ ਦਾ ਭੁਜੀਆ, ਮਸ਼ਰੂਮ ਦੇ ਬਿਸਕੁਟ, ਮਸ਼ਰੂਮ ਦੀ ਜਲੇਬੀ ਅਤੇ ਲੱਡੂ ਵਰਗੇ ਉਤਪਾਦ ਬਣਾਏ ਹਨ। ਉਨ੍ਹਾਂ ਹਮੇਸ਼ਾ ਅਲੱਗ-ਅਲੱਗ ਉਤਪਾਦ ਬਣਾਉਣ ਲਈ ਇੱਕ ਗੱਲ ਦਾ ਧਿਆਨ ਰੱਖਿਆ ਹੈ ਅਤੇ ਉਹ ਹੈ ਸਿਹਤ। ਇਸ ਲਈ ਉਹ ਮਿੱਠੇ ਵਿਅੰਜਨਾਂ ਨੂੰ ਮਿੱਠਾ ਬਣਾਉਣ ਲਈ ਸਟੀਵੀਆ ਪੌਦੇ ਦੀ ਪ੍ਰਜਾਤੀਆਂ ਤੋਂ ਤਿਆਰ ਸਟੀਵੀਆ ਪਾਊਡਰ ਦੀ ਵਰਤੋਂ ਕਰਦੇ ਹਨ। ਸਟੀਵੀਆ ਸਿਹਤ ਦੇ ਲਈ ਇੱਕ ਚੰਗਾ ਮਿੱਠਾ ਪਦਾਰਥ ਹੁੰਦਾ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਵੀ ਜਿਆਦਾ ਹੁੰਦੇ ਹਨ। ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਚਿੰਤਾ ਤੋਂ ਸਟੀਵੀਆ ਯੁਕਤ ਮਿੱਠੇ ਉਤਪਾਦਾਂ ਦੀ ਵਰਤੋਂ ਕਰ ਸਕਦੇ ਹਨ।

ਅਸ਼ੋਕ ਵਿਸ਼ਿਸ਼ਟ ਦੀ ਯਾਤਰਾ ਬਹੁਤ ਛੋਟੇ ਪੱਧਰ ਤੋਂ ਲਗਭਗ ਜ਼ੀਰੋ ਤੋਂ ਹੀ ਸ਼ੁਰੂ ਹੋਈ ਅਤੇ ਅੱਜ ਉਨ੍ਹਾਂ ਆਪਣੀ ਸਖਤ ਮਿਹਨਤ ਤੋਂ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿੱਥੇ ਉਹ FCCI ਦੁਆਰਾ ਪ੍ਰਮਾਣਿਤ ਘਰੇਲੂ ਉਤਪਾਦਾਂ ਨੂੰ ਵੇਚਦੇ ਹਨ। ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ ਉਹ ਬ੍ਰਾਂਡ ਦਾ ਨਾਮ ਹੈ ਜਿਸਦੇ ਤਹਿਤ ਉਹ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ ਅਤੇ ਕਈ ਮਾਹਿਰ, ਅਧਿਕਾਰੀ, ਨੇਤਾ ਅਤੇ ਮੀਡੀਆ ਉਨ੍ਹਾਂ ਦੇ ਬਣਾਏ ਤਰੀਕਿਆਂ ਅਤੇ ਮਸ਼ਰੂਮ ਦੀ ਖੇਤੀ ਦੇ ਪਿੱਛੇ ਦੇ ਵਿਚਾਰ ਅਤੇ ਸੁਆਦੀ ਮਸ਼ਰੂਮ ਉਤਪਾਦਾਂ ਦੇ ਲਈ ਸਮੇਂ-ਸਮੇਂ ਤੇ ਉਨ੍ਹਾਂ ਦੇ ਫਾਰਮ ‘ਤੇ ਜਾਂਦੇ ਰਹਿੰਦੇ ਹਨ।

ਮਹਾਂਰਿਸ਼ੀ ਵਿਸ਼ਿਸ਼ਟ ਦੁਆਰਾ ਪ੍ਰਾਪਤ ਉਪਲੱਬਧੀਆਂ ਇਸ ਪ੍ਰਕਾਰ ਹਨ:

• HAIC Agro Research and Development Centre ਵੱਲੋਂ ਮਸ਼ਰੂਮ ਪ੍ਰੋਡਕਸ਼ਨ ਤਕਨਾਲੋਜੀ ਟ੍ਰੇਨਿੰਗ ਪ੍ਰੋਗਰਾਮ ਦੇ ਲਈ ਸਰਟੀਫਿਕੇਟ ਮਿਲਿਆ।

• ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵੱਲੋਂ ਟ੍ਰੇਨਿੰਗ ਸਰਟੀਫਿਕੇਟ ਮਿਲਿਆ।

• 2nd Agri Leadership Summit 2017 ਦਾ ਪੁਰਸਕਾਰ ਅਤੇ ਸਰਟੀਫਿਕੇਟ ਮਿਲਿਆ।

• DC Amna Tarneem Jind ਦੇ ਵੱਲੋਂ ਪ੍ਰਸੰਸਾ ਪੁਰਸਕਾਰ ਮਿਲਿਆ।

ਮਸ਼ਰੂਮ ਦਾ ਬੀਜ:
ਹਾਲ ਹੀ ਵਿੱਚ ਅਸ਼ੋਕ ਜੀ ਨੇ ਮਸ਼ਰੂਮ ਦਾ ਬੀਜ ਤਿਆਰ ਕੀਤਾ ਹੈ, ਜਿਸ ਨੂੰ ਸਪਾਨ ਦੀ ਜਗ੍ਹਾ ‘ਤੇ ਵਰਤਿਆ ਜਾ ਸਕਦਾ ਹੈ ਤੇ ਅਜਿਹਾ ਕਰਨ ਵਾਲੇ ਉਹ ਦੁਨੀਆਂ ਦੇ ਪਹਿਲੇ ਕਿਸਾਨ ਹਨ।

ਖੈਰ, ਅਸ਼ੋਕ ਵਿਸ਼ਿਸ਼ਟ ਦੇ ਬਾਰੇ ਉੱਲੇਖ ਕਰਨ ਲਈ ਇਹ ਸਿਰਫ਼ ਕੁੱਝ ਪੁਰਸਕਾਰ ਅਤੇ ਉਪਲੱਬਧੀਆਂ ਹੀ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਮੱਝ ਨੇ 23 ਕਿੱਲੋ ਦੁੱਧ ਦੇ ਕੇ ਪ੍ਰਤੀਯੋਗਤਾ ਜਿੱਤੀ, ਜਿਸ ਨਾਲ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦਾ ਨਕਦੀ ਪੁਰਸਕਾਰ ਮਿਲਿਆ। ਉਨ੍ਹਾਂ ਕੋਲ 4-5 ਏਕੜ ਜ਼ਮੀਨ ਹੈ ਅਤੇ 6 ਮੁਰ੍ਹਾ ਮੱਝਾਂ ਹਨ। ਜਿਨ੍ਹਾਂ ਤੋਂ ਉਹ ਸਭ ਤੋਂ ਚੰਗੀ ਕਮਾਈ ਅਤੇ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਵਿਭਿੰਨ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਵੀ ਜਾਂਦੇ ਹਨ, ਜੋ ਉਨ੍ਹਾਂ ਦੇ ਉਤਪਾਦਾਂ ਨੂੰ ਦਿਖਾਉਣ ਅਤੇ ਉਨ੍ਹਾਂ ਦੇ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਆਪਣੀ ਸਖ਼ਤ ਮਿਹਨਤ ਅਤੇ ਜੋਸ਼ ਨਾਲ ਉਹ ਭਵਿੱਖ ਵਿੱਚ ਨਿਸ਼ਚਿਤ ਹੀ ਖੇਤੀ ਦੇ ਖੇਤਰ ਵਿੱਚ ਹੋਰ ਸਫ਼ਲਤਾਵਾਂ ਅਤੇ ਪ੍ਰਸ਼ੰਸਾ ਪ੍ਰਾਪਤ ਕਰਨਗੇ।

ਅਸ਼ੋਕ ਵਿਸ਼ਿਸ਼ਟ ਦਾ ਕਿਸਾਨਾਂ ਲਈ ਇੱਕ ਖ਼ਾਸ ਸੰਦੇਸ਼
ਮਸ਼ਰੂਮ ਬੇਹੱਦ ਪੌਸ਼ਟਿਕ ਅਤੇ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ। ਮੈਂ ਕੁਦਰਤੀ ਤਰੀਕੇ ਨਾਲ ਮਸ਼ਰੂਮ ਦੀ ਖੇਤੀ ਕਰਕੇ ਬਹੁਤ ਲਾਭ ਕਮਾਇਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੋਜਨ ਉਤਪਾਦ ਤਿਆਰ ਕਰਨਾ ਸਾਨੂੰ ਭਵਿੱਖ ਵਿੱਚ ਬਹੁਤ ਅੱਗੇ ਲਿਜਾ ਸਕਦਾ ਹੈ ਸੋ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਮਸ਼ਰੂਮ ਦੀ ਖੇਤੀ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਜੋ ਇਨ੍ਹਾਂ ਨਾਲ ਤਿਆਰ ਉਤਪਾਦਾਂ ਨੂੰ ਵੇਚਣ ਲਈ ਵੱਧ ਮਾਤਰਾ ਵਿੱਚ ਉਤਪਾਦਾਂ ਦਾ ਉਤਪਾਦਨ ਕੀਤਾ ਜਾ ਸਕੇ। ਹੋਰ ਕਿਸਾਨਾਂ ਲਈ ਮੇਰਾ ਸੰਦੇਸ਼ ਇਹ ਹੈ ਕਿ ਉਨ੍ਹਾਂ ਨੂੰ ਵੀ ਮਸ਼ਰੂਮ ਦੀ ਖੇਤੀ ਕਰਨੀ ਚਾਹੀਦੀ ਹੈ ਅਤੇ ਬਜ਼ਾਰ ਵਿੱਚ ਮਸ਼ਰੂਮ ਤੋਂ ਬਣੇ ਵਿਭਿੰਨ ਉਤਪਾਦ ਵੇਚਣੇ ਚਾਹੀਦੇ ਹਨ। ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਮਸ਼ਰੂਮ ਦੀ ਖੇਤੀ ਤੋਂ ਵੱਡੀ ਕਮਾਈ ਕਰ ਸਕਦੇ ਹਨ। ਇੱਥੋਂ ਤੱਕ ਕਿ ਘੱਟ ਜ਼ਮੀਨ ਵਾਲੇ ਕਿਸਾਨ ਵੀ ਮਸ਼ਰੂਮ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵੀ ਖੇਤੀ ਦੇ ਇਸ ਖੇਤਰ ਨੂੰ ਚੁਣਨਾ ਚਾਹੀਦਾ ਹੈ।