ਪਵਨਦੀਪ ਸਿੰਘ ਅਰੋੜਾ

ਪੂਰੀ ਕਹਾਣੀ ਪੜ੍ਹੋ

ਵਿਦੇਸ਼ ਜਾਣ ਦੇ ਸੁਪਨੇ ਨੂੰ ਛੱਡ ਕੇ ਪਿਤਾ-ਪੁਰਖੀ ਧੰਦੇ ਵਿੱਚ ਮੱਲਾਂ ਮਾਰਨ ਵਾਲਾ ਮਧੂ-ਮੱਖੀ ਪਾਲਕ

ਪੰਜਾਬ ਵਿੱਚ ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦੀ ਚਾਹਵਾਨ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਉਹਨਾਂ ਦਾ ਭਵਿੱਖ ਜ਼ਿਆਦਾ ਸੁਰੱਖਿਅਤ ਹੋ ਸਕਦਾ ਹੈ। ਪਰ ਜੇਕਰ ਅਸੀਂ ਆਪਣੇ ਦੇਸ਼ ਵਿੱਚ ਹੀ ਰਹਿ ਕੇ, ਆਪਣਾ ਕਾਰੋਬਾਰ ਇੱਥੇ ਹੀ ਵਧੀਆ ਢੰਗ ਨਾਲ ਕਰੀਏ ਤਾਂ ਅਸੀਂ ਆਪਣੇ ਦੇਸ਼ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਬਣਾ ਸਕਦੇ ਹਾਂ।

ਇਹੋ ਜਿਹਾ ਹੀ ਇੱਕ ਨੌਜਵਾਨ ਹੈ ਪਵਨਦੀਪ ਸਿੰਘ ਅਰੋੜਾ। ਐੱਮ.ਏ ਦੀ ਪੜ੍ਹਾਈ ਕਰਨ ਵਾਲੇ ਪਵਨਦੀਪ ਵੀ ਪਹਿਲਾਂ ਵਿਦੇਸ਼ ਵਿੱਚ ਜਾ ਕੇ ਵੱਸਣ ਦੀ ਇੱਛਾ ਰੱਖਦੇ ਸਨ, ਕਿਉਂਕਿ ਬਾਕੀ ਨੌਜਵਾਨਾਂ ਵਾਂਗ ਉਹਨਾਂ ਨੂੰ ਵੀ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਵਧੇਰੇ ਮੌਕੇ ਹਨ।

ਪਵਨ ਦੇ ਚਾਚਾ ਜੀ ਸਪੇਨ ਵਿੱਚ ਰਹਿੰਦੇ ਸਨ, ਇਸ ਲਈ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਹੀ ਪਵਨ ਦਾ ਰੁਝਾਨ ਉੱਥੇ ਜਾਣ ਵੱਲ ਸੀ। ਪਰ ਉਹਨਾਂ ਦਾ ਬਾਹਰ ਦਾ ਕੰਮ ਨਹੀਂ ਬਣਿਆ ਅਤੇ ਉਹਨਾਂ ਨੇ ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਬਾਹਰ ਦਾ ਕੰਮ ਨਾ ਬਣਦਾ ਦੇਖ ਕੇ ਪਵਨ ਨੇ ਆਪਣੀ ਗ੍ਰੇਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਭੈਣ ਨਾਲ ਮਿਲ ਕੇ ਇੱਕ ਕੋਚਿੰਗ ਸੈਂਟਰ ਖੋਲ੍ਹਿਆ। ਦੋ ਸਾਲ ਬਾਅਦ ਭੈਣ ਦਾ ਵਿਆਹ ਹੋਣ ਤੋਂ ਬਾਅਦ ਉਹਨਾਂ ਨੇ ਕੋਚਿੰਗ ਸੈਂਟਰ ਬੰਦ ਕਰ ਦਿੱਤਾ।

ਪਵਨਦੀਪ ਦੇ ਪਿਤਾ ਜੀ ਮਧੂ-ਮੱਖੀ ਪਾਲਣ ਦਾ ਕੰਮ 1990 ਤੋਂ ਕਰਦੇ ਹਨ। ਪੜ੍ਹੇ-ਲਿਖੇ ਹੋਣ ਦੇ ਕਾਰਣ ਪਵਨ ਚਾਹੁੰਦੇ ਸਨ ਕਿ ਜਾਂ ਤਾਂ ਉਹ ਵਿਦੇਸ਼ ਜਾ ਕੇ ਵੱਸ ਜਾਣ ਜਾਂ ਫਿਰ ਕੋਈ ਚੰਗੀ ਨੌਕਰੀ ‘ਤੇ ਲੱਗ ਜਾਣ, ਕਿਉਂਕਿ ਉਹ ਇਹ ਮਧੂ-ਮੱਖੀ ਪਾਲਣ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ। ਪਰ ਇਸੇ ਦੌਰਾਨ ਉਹਨਾਂ ਦੇ ਪਿਤਾ ਸ਼ਮਸ਼ੇਰ ਸਿੰਘ ਜੀ ਦੀ ਸਿਹਤ ਖ਼ਰਾਬ ਰਹਿਣ ਲੱਗ ਗਈ। ਉਸ ਸਮੇਂ ਸ਼ਮਸ਼ੇਰ ਸਿੰਘ ਜੀ ਮੱਧ ਪ੍ਰਦੇਸ਼ ਵਿੱਚ ਮਧੂ-ਮੱਖੀ ਫਾਰਮ ‘ਤੇ ਸਨ। ਡਾਕਟਰ ਨੇ ਉਹਨਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ, ਜਿਸ ਕਾਰਣ ਪਵਨ ਨੂੰ ਆਪ ਮੱਧ-ਪ੍ਰਦੇਸ਼ ਜਾ ਕੇ ਕੰਮ ਸੰਭਾਲਣਾ ਪਿਆ। ਉਸ ਸਮੇਂ ਪਵਨ ਨੂੰ ਸ਼ਹਿਦ ਕੱਢਣ ਦੇ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ, ਪਰ ਮੱਧ-ਪ੍ਰਦੇਸ਼ ਵਿੱਚ ਚਾਰ ਮਹੀਨੇ ਫਾਰਮ ‘ਤੇ ਰਹਿਣ ਤੋਂ ਬਾਅਦ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਹਾਸਲ ਹੋਈ। ਇਸ ਕੰਮ ਵਿੱਚ ਉਹਨਾਂ ਨੂੰ ਬਹੁਤ ਲਾਭ ਹੋਇਆ। ਹੌਲੀ-ਹੌਲੀ ਪਵਨ ਜੀ ਦੀ ਦਿਲਚਸਪੀ ਕਾਰੋਬਾਰ ਵਿੱਚ ਵੱਧਣ ਲੱਗੀ ਅਤੇ ਉਹਨਾਂ ਨੇ ਮਧੂ-ਮੱਖੀ ਪਾਲਣ ਨੂੰ ਆਪਣੇ ਪੇਸ਼ੇ ਵਜੋਂ ਅਪਨਾਉਣ ਦਾ ਫੈਸਲਾ ਕੀਤਾ ਅਤੇ ਆਪਣਾ ਸਾਰਾ ਧਿਆਨ ਇਸ ਕਿੱਤੇ ਵੱਲ ਕੇਂਦਰਿਤ ਕਰ ਲਿਆ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਤੋਂ 7 ਦਿਨਾਂ ਦੀ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ।

ਸ਼ਹਿਦ ਕੱਢਣ ਦਾ ਤਰੀਕਾ ਸਿੱਖਣ ਤੋਂ ਬਾਅਦ ਪਵਨ ਨੇ ਹੁਣ ਸ਼ਹਿਦ ਦੀ ਮਾਰਕੀਟਿੰਗ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਹਨਾਂ ਨੇ ਦੇਖਿਆ ਕਿ ਸ਼ਹਿਦ ਵੇਚਣ ਵਾਲੇ ਵਪਾਰੀ ਉਹਨਾਂ ਤੋਂ 70-80 ਰੁਪਏ ਕਿੱਲੋ ਸ਼ਹਿਦ ਖਰੀਦ ਕੇ 300 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ।

“ਵਪਾਰੀ ਸਾਡੇ ਤੋਂ ਸਸਤੇ ਮੁੱਲ ‘ਤੇ ਸ਼ਹਿਦ ਖਰੀਦ ਕੇ ਮਹਿੰਗੇ ਮੁੱਲ ‘ਤੇ ਵੇਚਦੇ ਸਨ। ਮੈਂ ਸੋਚਿਆ ਕਿ ਹੁਣ ਮੈਂ ਸ਼ਹਿਦ ਵੇਚਣ ਲਈ ਵਪਾਰੀਆਂ ‘ਤੇ ਨਿਰਭਰ ਨਹੀਂ ਰਹਾਂਗਾ। ਇਸ ਮੰਤਵ ਲਈ ਮੈਂ ਖੁਦ ਸ਼ਹਿਦ ਵੇਚਣ ਦਾ ਫੈਸਲਾ ਕੀਤਾ” – ਪਵਨਦੀਪ ਸਿੰਘ ਅਰੋੜਾ

ਪਵਨਦੀਪ ਕੋਲ ਪਹਿਲਾਂ 500 ਬਕਸੇ ਮਧੂ-ਮੱਖੀਆਂ ਦੇ ਸਨ, ਪਰ ਸ਼ਹਿਦ ਦੀ ਮਾਰਕੀਟਿੰਗ ਵੱਲ ਧਿਆਨ ਦੇਣ ਖਾਤਰ ਉਹਨਾਂ ਨੇ ਬਕਸਿਆਂ ਦੀ ਗਿਣਤੀ 500 ਤੋਂ ਘਟਾ ਕੇ 200 ਕਰ ਦਿੱਤੀ ਅਤੇ ਕੰਮ ਕਰਨ ਵਾਲੇ 3 ਮਜ਼ਦੂਰਾਂ ਨੂੰ ਪੈਕਿੰਗ ਦੇ ਕੰਮ ‘ਤੇ ਲਗਾ ਦਿੱਤਾ। ਖੁਦ ਸ਼ਹਿਦ ਦੀ ਪੈਕਿੰਗ ਕਰਕੇ ਵੇਚਣ ਨਾਲ ਉਹਨਾਂ ਨੂੰ ਕਾਫੀ ਲਾਭ ਹੋਇਆ। ਕਿਸਾਨ ਮੇਲਿਆਂ ‘ਤੇ ਵੀ ਉਹ ਆਪ ਸ਼ਹਿਦ ਵੇਚਣ ਜਾਂਦੇ ਹਨ, ਜਿੱਥੇ ਉਹਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਨੌਜਵਾਨ ਹੋਣ ਦੇ ਕਾਰਣ ਪਵਨ ਸੋਸ਼ਲ ਮੀਡਿਆ ਦੀ ਮਹੱਤਤਾ ਨੂੰ ਬਾਖ਼ੂਬੀ ਸਮਝਦੇ ਹਨ। ਇਸ ਲਈ ਉਹਨਾਂ ਨੇ ਸ਼ਹਿਦ ਵੇਚਣ ਲਈ ਵੈੱਬਸਾਈਟ ਬਣਵਾਈ, ਆਨਲਾਈਨ ਪ੍ਰੋਮੋਸ਼ਨ ਵੀ ਕੀਤੀ ਅਤੇ ਇਸ ਵਿੱਚ ਵੀ ਉਹ ਸਫ਼ਲ ਹੋਏ।

ਅੱਜ-ਕੱਲ੍ਹ ਮਾਰਕੀਟਿੰਗ ਬਾਰੇ ਸਮਝ ਘੱਟ ਹੋਣ ਕਰਕੇ ਮਧੂ-ਮੱਖੀ ਪਾਲਕ ਇਹ ਕੰਮ ਛੱਡ ਜਾਂਦੇ ਹਨ। ਜੇ ਆਪਣਾ ਧਿਆਨ ਮਾਰਕੀਟਿੰਗ ਵੱਲ ਕੇਂਦਰਿਤ ਕਰ ਸ਼ਹਿਦ ਦਾ ਵਪਾਰ ਕੀਤਾ ਜਾਵੇ ਤਾਂ ਇਸ ਕੰਮ ਵਿੱਚ ਵੀ ਬਹੁਤ ਲਾਭ ਕਮਾਇਆ ਜਾ ਸਕਦਾ ਹੈ। – ਪਵਨਦੀਪ ਸਿੰਘ ਅਰੋੜਾ
ਪਵਨਦੀਪ ਵਲੋਂ ਤਿਆਰ ਕੀਤੇ ਜਾਂਦੇ ਸ਼ਹਿਦ ਦੀਆਂ ਕਿਸਮਾਂ :
  • ਸਰ੍ਹੋਂ ਦਾ ਸ਼ਹਿਦ
  • ਸਫੈਦੇ ਦਾ ਸ਼ਹਿਦ
  • ਅਕਾਸ਼ੀਆਂ ਹਨੀ
  • ਕਸ਼ਮੀਰੀ ਸਵਾਈ ਹਨੀ
  • ਟਾਹਲੀ ਦਾ ਸ਼ਹਿਦ
  • ਲੀਚੀ ਦਾ ਸ਼ਹਿਦ
  • ਮਲਟੀਫਲੋਰਾ ਸ਼ਹਿਦ
  • ਖੇਰ ਦਾ ਸ਼ਹਿਦ
  • ਜਾਮੁਣ ਦਾ ਸ਼ਹਿਦ
  • ਬੇਰੀ ਦਾ ਸ਼ਹਿਦ
  • ਅਜਵਾਇਣ ਦਾ ਸ਼ਹਿਦ

ਜਿੱਥੇ-ਜਿੱਥੇ ਸ਼ਹਿਦ ਪ੍ਰਾਪਤੀ ਹੋ ਸਕਦੀ ਹੈ, ਪਵਨਦੀਪ ਜੀ, ਅਲੱਗ-ਅਲੱਗ ਥਾਵਾਂ ‘ਤੇ ਜਿਵੇਂ ਕਿ ਨਹਿਰਾਂ ਦੇ ਕੰਢਿਆਂ ‘ਤੇ ਮਧੂ-ਮੱਖੀਆਂ ਦੇ ਬਕਸੇ ਲਗਾ ਕੇ, ਉੱਥੋਂ ਸ਼ਹਿਦ ਕੱਢਦੇ ਹਨ ਅਤੇ ਫਿਰ ਮਾਈਗਰੇਟ ਕਰਕੇ ਸ਼ਹਿਦ ਦੀ ਪੈਕਿੰਗ ਕਰਕੇ ਸ਼ਹਿਦ ਵੇਚਦੇ ਹਨ। ਉਹ ਏ ਗਰੇਡ ਸ਼ਹਿਦ ਤਿਆਰ ਕਰਦੇ ਹਨ, ਜੋ ਕਿ ਪੂਰੀ ਤਰ੍ਹਾਂ ਜੰਮ ਜਾਂਦਾ ਹੈ, ਜੋ ਕਿ ਅਸਲ ਸ਼ਹਿਦ ਦੀ ਪਹਿਚਾਣ ਹੈ। ਜਿਹਨਾਂ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਸੀ, ਪਵਨ ਦੁਆਰਾ ਤਿਆਰ ਕੀਤੇ ਗਏ ਸ਼ਹਿਦ ਦਾ ਇਸਤੇਮਾਲ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੀ ਵੱਧ ਗਈ।

ਅਸੀਂ ਸ਼ਹਿਦ ਕੱਢਣ ਲਈ ਵੱਖ-ਵੱਖ ਜਗਾਹਾਂ, ਜਿਵੇਂਕਿ ਜੰਮੂ-ਕਸ਼ਮੀਰ, ਸਿਰਸਾ, ਮੁਰਾਦਾਬਾਦ, ਰਾਜਸਥਾਨ, ਰੇਵਾੜੀ ਆਦਿ ਵੱਲ ਜਾਂਦੇ ਹਾਂ। ਸ਼ਹਿਦ ਨੇ ਨਾਲ-ਨਾਲ ਬੀ-ਵੈਕਸ, ਬੀ-ਪੋਲਨ, ਬੀ-ਪ੍ਰੋਪੋਲਿਸ ਵੀ ਨਿਕਲਦੀ ਹੈ, ਜੋ ਬਹੁਤ ਵਧੀਆ ਮੁੱਲ ‘ਤੇ ਵਿਕਦੀ ਹੈ। – ਪਵਨਦੀਪ ਸਿੰਘ ਅਰੋੜਾ

ਸ਼ਹਿਦ ਦੇ ਨਾਲ-ਨਾਲ ਹੁਣ ਪਵਨ ਜੀ ਹਲਦੀ ਦੀ ਪ੍ਰੋਸੈਸਿੰਗ ਵੀ ਕਰਦੇ ਹਨ। ਉਹ ਕਿਸਾਨਾਂ ਤੋਂ ਕੱਚੀ ਹਲਦੀ ਲੈ ਕੇ ਉਸਦੀ ਪ੍ਰੋਸੈਸਿੰਗ ਕਰਦੇ ਹਨ ਅਤੇ ਸ਼ਹਿਦ ਦੇ ਨਾਲ-ਨਾਲ ਹਲਦੀ ਵੀ ਵੇਚਦੇ ਹਨ। ਇਸ ਕੰਮ ਵਿਚ ਪਵਨ ਜੀ ਦੇ ਪਿਤਾ (ਸਮਸ਼ੇਰ ਸਿੰਘ ਅਰੋੜਾ), ਮਾਤਾ (ਨੀਲਮ ਕੁਮਾਰੀ), ਪਤਨੀ (ਰਿਤਿਕਾ ਸੈਣੀ) ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਕੰਮ ਲਈ ਉਨ੍ਹਾਂ ਕੋਲ ਪਿੰਡ ਦੀਆਂ ਹੋਰ ਲੜਕੀਆਂ ਆਉਂਦੀਆਂ ਹਨ, ਜੋ ਪੈਕਿੰਗ ਦੇ ਕੰਮ ਵਿੱਚ ਉਹਨਾਂ ਦੀ ਮਦਦ ਕਰਦੀਆਂ ਹਨ।

ਭਵਿੱਖ ਦੀ ਯੋਜਨਾ

ਹੁਣ ਮਧੂ-ਮੱਖੀ ਪਾਲਣ ਦੇ ਕਿੱਤੇ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ, ਪਵਨ ਜੀ ਇਸੇ ਕਾਰੋਬਾਰ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾ ਕੇ ਵਧੇਰੇ ਉਤਪਾਦਾਂ ਦੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
“ਮਧੂ-ਮੱਖੀ ਦੇ ਕਿੱਤੇ ਵਿੱਚ ਸ਼ਹਿਦ ਵੇਚਣ ਲਈ ਕਿਸੇ ਵਪਾਰੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਮਧੂ-ਮੱਖੀ ਪਾਲਕਾਂ ਨੂੰ ਆਪ ਸ਼ਹਿਦ ਕੱਢਕੇ, ਆਪ ਪੈਕਿੰਗ ਕਰਕੇ ਮਾਰਕੀਟਿੰਗ ਕਰਨੀ ਚਾਹੀਦੀ ਹੈ, ਤਾਂ ਹੀ ਇਸ ਕੰਮ ਵਿੱਚ ਮੁਨਾਫ਼ਾ ਕਮਾਇਆ ਜਾ ਸਕਦਾ ਹੈ।”

ਭੁਪਿੰਦਰ ਸਿੰਘ ਸੰਧਾ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਾਂਹਵਧੂ ਮਧੂ-ਮੱਖੀ ਪਾਲਕ ਭੁਪਿੰਦਰ ਸਿੰਘ ਸੰਧਾ ਨਾਲ ਜੋ ਮਧੂ-ਮੱਖੀ ਪਾਲਣ ਦੇ ਪ੍ਰਚਾਰ ਵਿੱਚ ਮਧੂ-ਮੱਖੀਆਂ ਵਾਂਗ ਹੀ ਰੁੱਝੇ ਹੋਏ ਅਤੇ ਕੁਸ਼ਲ ਹਨ
ਮਧੂ ਮੱਖੀ ਦੇ ਡੰਗ ਨੂੰ ਯਾਦ ਕਰਕੇ, ਆਮ ਤੌਰ ‘ਤੇ ਜ਼ਿਆਦਾਤਰ ਲੋਕ ਆਲੇ-ਦੁਆਲੇ ਦੀਆਂ ਮਧੂ ਮੱਖੀਆਂ ਤੋਂ ਨਫ਼ਰਤ ਕਰਦੇ ਹਨ, ਉਹ ਇਸ ਸੱਚਾਈ ਤੋਂ ਅਣਜਾਣ ਹਨ ਕਿ ਇਹ ਮਧੂ-ਮੱਖੀਆਂ ਤੁਹਾਡੇ ਲਈ ਇੱਕ ਹੈਰਾਨੀਜਨਕ ਮੁਨਾਫ਼ਾ ਕਮਾਉਣ, ਸ਼ਹਿਦ ਬਣਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਪਰ ਇਕੱਲਾ ਪੈਸਾ ਹੀ ਨਹੀਂ ਸੀ ਜਿਸ ਲਈ ਭੁਪਿੰਦਰ ਸਿੰਘ ਸੰਧਾ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ। ਭੁਪਿੰਦਰ ਸਿੰਘ ਨੂੰ ਭੰਵਰਿਆਂ, ਮੱਖੀਆਂ ਦੀ ਕਲਾ ਅਤੇ ਮਧੂ-ਮੱਖੀਆਂ ਤੋਂ ਹੋਣ ਵਾਲੇ ਫਾਇਦਿਆਂ ਨੇ ਉਨ੍ਹਾਂ ਨੂੰ ਇਸ ਉੱਦਮ ਵੱਲ ਆਕਰਸ਼ਿਤ ਕੀਤਾ।

1993 ਵਿੱਚ ਭੁਪਿੰਦਰ ਸਿੰਘ ਸੰਧਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਰਾਜਪੁਰਾ ਦੇ ਮਧੂ ਮੱਖੀ ਪਾਲਣ ਦੌਰੇ ਦੌਰਾਨ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਾ। ਭੁਪਿੰਦਰ ਸਿੰਘ ਇਨ੍ਹਾਂ ਮਧੂ ਮੱਖੀਆਂ ਦੇ ਕੰਮ ਤੋਂ ਇੰਨਾ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਿਰਫ਼ 5 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮੱਖੀ ਪਾਲਣ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਭੁਪਿੰਦਰ ਸਿੰਘ ਸੰਧਾ ਫਾਰਮਾਸਿਸਟ(ਦਵਾਈਆਂ ਵੇਚਦੇ) ਸਨ ਅਤੇ ਉਨ੍ਹਾਂ ਨੇ ਫਾਰਮੇਸੀ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ਆਲੇ-ਦੁਆਲੇ ਭਿਣਕਦੀਆਂ ਮੱਖੀਆਂ ਅਤੇ ਸ਼ਹਿਦ ਦੀ ਮਿਠਾਸ ਨਾਲ ਘਿਰੀ ਹੋਈ ਸੀ।

1994 ਵਿੱਚ, ਭੁਪਿੰਦਰ ਸਿੰਘ ਸੰਧਾ ਨੇ ਇੱਕ ਮੈਡੀਕਲ ਸਟੋਰ ਵੀ ਖੋਲ੍ਹਿਆ ਅਤੇ ਉਸ ਸਟੋਰ ਨੂੰ ਤਿਆਰ ਕੀਤਾ ਸ਼ਹਿਦ ਵੇਚਣ ਲਈ ਵਰਤਿਆ ਅਤੇ ਇਸ ਨਾਲ ਉਨ੍ਹਾਂ ਦਾ ਮੱਖੀ ਪਾਲਣ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਸੀ। ਉਨ੍ਹਾਂ ਦਾ ਦਵਾਈਆਂ ਵਾਲੇ ਖੇਤਰ ਵਿੱਚ ਆਉਣ ਦਾ ਉਦੇਸ਼ ਲੋਕਾਂ ਦੀ ਮਦਦ ਕਰਨਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਨਿਰਧਾਰਿਤ ਕੀਤੀਆਂ ਦਵਾਈਆਂ ਹੀ ਵੇਚ ਰਹੇ ਸਨ, ਜੋ ਅਸਲ ਵਿਚ ਉਹ ਕੰਮ ਨਹੀਂ ਸੀ ਜੋ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਨੇ 1997 ਵਿੱਚ ਮਾਰਕਿਟ ‘ਤੇ ਰਿਸਰਚ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਸੀ ਕਿ ਮਧੂ ਮੱਖੀ ਪਾਲਣ ਉਹ ਖੇਤਰ ਹੈ ਜਿਸ ‘ਤੇ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਲਈ, 5 ਸਾਲ ਮੈਡੀਕਲ ਸਟੋਰ ਚਲਾਉਣ ਤੋਂ ਬਾਅਦ, ਅਖੀਰ ਉਨ੍ਹਾਂ ਨੇ ਇਸ ਖੇਤਰ ਨੂੰ ਛੱਡ ਦਿੱਤਾ ਅਤੇ ਮਧੂ-ਮੱਖੀਆਂ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਦਾ ਫੈਸਲਾ ਕੀਤਾ।

ਇਹ ਕਿਹਾ ਜਾਂਦਾ ਹੈ – ਜਦੋਂ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਚੁਣਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਅਸਲ ਖੁਸ਼ੀ ਮਹਿਸੂਸ ਕਰਦੇ ਹੋ।

ਭੁਪਿੰਦਰ ਸਿੰਘ ਸੰਧਾ ਦੇ ਨਾਲ ਵੀ ਇਹੋ ਸੀ, ਉਨ੍ਹਾਂ ਨੇ ਆਪਣੀ ਅਸਲ ਖੁਸ਼ੀ ਮੱਖੀ ਪਾਲਣ ਨੂੰ ਸਮਝਿਆ। 1999 ਵਿੱਚ, ਉਨ੍ਹਾਂ ਨੇ ਆਪਣੇ ਮਧੂ-ਮੱਖੀ ਫਾਰਮ ਨੂੰ 500 ਬਕਸਿਆਂ ਤੱਕ ਫੈਲਾਇਆ ਅਤੇ 6 ਕਿਸਮਾਂ ਦੇ ਸ਼ਹਿਦ ਉਤਪਾਦ ਜਿਵੇਂ ਹਿਮਾਲੀਅਨ, ਅਜਵੈਣ, ਤੁਲਸੀ, ਜਾਮੁਨ, ਕਸ਼ਮੀਰੀ, ਸਫੇਦਾ, ਲੀਚੀ ਆਦਿ ਤਿਆਰ ਕੀਤੇ। ਸ਼ਹਿਦ ਤੋਂ ਇਲਾਵਾ, ਉਹ ਬੀ ਪੋਲਨ, ਬੀ ਵੈਕਸ ਅਤੇ ਭੁੰਨੇ ਹੋਏ ਅਲਸੀ ਦਾ ਪਾਊਡਰ ਵੀ ਵੇਚਦੇ ਹਨ। ਮਧੂ ਮੱਖੀ ਉਤਪਾਦਾਂ ਦੀ ਨੁਮਾਇੰਦਗੀ ਲਈ ਬਰਾਂਡ ਦਾ ਚੁਣਿਆ ਗਿਆ ਨਾਮ ਅਮੋਲਕ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ‘ਚ ਇਸਦੀ ਬਹੁਤ ਵਧੀਆ ਮਾਰਕਿਟ ਹੈ। ਉਹ 10 ਕਰਮਚਾਰੀਆਂ ਦੀ ਮਦਦ ਨਾਲ ਪੂਰੇ ਮੱਖੀ ਫਾਰਮ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕੰਮ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ।

ਭੁਪਿੰਦਰ ਸਿੰਘ ਸੰਧਾ ਲਈ ਮੱਖੀ-ਪਾਲਣ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਹਿੱਸਾ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਇਹ ਆਮਦਨੀ ਦਾ ਸਰੋਤ ਹੈ, ਸਗੋਂ ਇਸ ਲਈ ਵੀ ਕਿਉਂਕਿ ਉਹ ਮਧੂ-ਮੱਖੀਆਂ ਨੂੰ ਕੰਮ ਕਰਦੇ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਕੁਦਰਤ ਦੇ ਅਨੋਖੇ ਅਜੂਬੇ ਦਾ ਅਨੁਭਵ ਕਰਨ ਦਾ ਬਿਹਤਰੀਨ ਤਰੀਕਾ ਹੈ। ਮਧੂ ਮੱਖੀ ਪਾਲਣ ਦੁਆਰਾ, ਉਹ ਵੱਖ-ਵੱਖ ਖੇਤਰਾਂ ਵਿੱਚ ਹੋਰਨਾਂ ਕਿਸਾਨਾਂ ਨਾਲ ਅੱਗੇ ਵੱਧਣਾ ਚਾਹੁੰਦੇ ਹਨ। ਉਹ ਉਨ੍ਹਾਂ ਕਿਸਾਨਾਂ ਦੀ ਅਗਵਾਈ ਵੀ ਕਰਦੇ ਹਨ ਜੋ ਸ਼ਹਿਦ ਇਕੱਠਾ ਕਰਨ, ਰਾਣੀ ਮੱਖੀ ਤਿਆਰ ਕਰਨ ਅਤੇ ਉਤਪਾਦਾਂ ਦੀ ਪੈਕਿੰਗ ਨਾਲ ਸੰਬੰਧਿਤ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹਨ। ਉਹ ਰੇਡੀਓ ਪ੍ਰੋਗਰਾਮਾਂ ਅਤੇ ਪ੍ਰਿੰਟ ਮੀਡੀਆ ਰਾਹੀਂ ਸਮਾਜ ਅਤੇ ਮਧੂ-ਮੱਖੀ ਪਾਲਣ ਦੇ ਵਿਸਤਾਰ ਅਤੇ ਇਸ ਦੀ ਵਿਭਿੰਨਤਾ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਭੁਪਿੰਦਰ ਸਿੰਘ ਸੰਧਾ ਦਾ ਫਾਰਮ ਉਸ ਦੇ ਪਿੰਡ ਟਿਵਾਣਾ, ਪਟਿਆਲਾ ਵਿਖੇ ਸਥਿਤ ਹੈ, ਜਿੱਥੇ ਉਨ੍ਹਾਂ ਨੇ 10 ਏਕੜ ਜ਼ਮੀਨ ਠੇਕੇ ‘ਤੇ ਲਈ ਹੈ। ਉਹ ਆਮ ਤੌਰ ‘ਤੇ 900-1000 ਮੱਖੀਆਂ ਦੇ ਬਕਸਿਆਂ ਨੂੰ ਰੱਖਦੇ ਹਨ ਅਤੇ ਬਾਕੀ ਦੇ ਵੇਚ ਦਿੰਦੇ ਹਨ। ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੂਜੀ ਵਪਾਰਕ ਭਾਗੀਦਾਰ ਹੈ ਅਤੇ ਜੋ ਹਰ ਕਦਮ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਆਪਣੇ ਕੰਮ ਨੂੰ ਹੋਰ ਸਫ਼ਲ ਅਤੇ ਆਪਣੇ ਕੌਸ਼ਲ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਸਿਖਲਾਈਆਂ ‘ਚ ਹਿੱਸਾ ਲਿਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ। ਆਤਮਾ ਸਕੀਮ ਦੇ ਤਹਿਤ ਅਮੋਲਕ ਹਨੀ ਨਾਮ ‘ਤੇ ਉਨ੍ਹਾਂ ਕੋਲ ਆਤਮਾ ਕਿਸਾਨ ਹੱਟ ਹੈ, ਜਿੱਥੇ ਉਹ ਖੁਦ ਤਿਆਰ ਕੀਤਾ ਸ਼ਹਿਦ ਵੇਚਦੇ ਹਨ।


ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਉਹ ਸ਼ਹਿਦ ਦਾ ਇੱਕ ਹੋਰ ਉਤਪਾਦ ਤਿਆਰ ਕਰਨ ਜਾ ਰਹੇ ਹਨ ਅਤੇ ਉਹ ਹੈ ਪ੍ਰੋਪੋਲਿਸ। ਮਧੂ-ਮੱਖੀ ਤੋਂ ਇਲਾਵਾ ਉਹ ਅਮੋਲਕ ਬਰੈਂਡ ਦੇ ਤਹਿਤ ਰਸਾਇਣ-ਮੁਕਤ ਜੈਵਿਕ ਸ਼ੱਕਰ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਾਨ ਯੋਜਨਾਵਾਂ ਹਨ, ਜਿਨ੍ਹਾਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਉਹ ਸਹੀ ਸਮੇਂ ‘ਤੇ ਦੱਸਣਗੇ।

ਸੰਦੇਸ਼

“ਮਧੂ ਮੱਖੀ ਪਾਲਕਾਂ ਲਈ ਸ਼ਹਿਦ ਦਾ ਮੰਡੀਕਰਨ ਖੁਦ ਕਰਨਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਮਿਲਾਵਟ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘਟਾ ਸਕਦੇ ਹਨ, ਜੋ ਜ਼ਿਆਦਾਤਰ ਮੁਨਾਫ਼ੇ ਨੂੰ ਜ਼ਬਤ ਕਰ ਲੈਂਦੇ ਹਨ।”

ਭੁਪਿੰਦਰ ਸਿੰਘ ਸੰਧਾ ਨੇ ਆਪਣੇ ਪੇਸ਼ੇ ਨੂੰ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਉਹ ਸਮਾਜ ਦੇ ਕਲਿਆਣ ਲਈ ਮਧੂ-ਮੱਖੀ ਪਾਲਣ ‘ਚ ਲੁਪਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜੇ ਭੁਪਿੰਦਰ ਸਿੰਘ ਸੰਧਾ ਦੀ ਕਹਾਣੀ ਨੇ ਤੁਹਾਨੂੰ ਮਧੂ-ਮੱਖੀ ਪਾਲਣ ਬਾਰੇ ਵਧੇਰੇ ਜਾਣਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਤੁਸੀਂ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦੇ ਹੋ।

ਨਰਪਿੰਦਰ ਸਿੰਘ ਧਾਲੀਵਾਲ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ ਦੀ ਕਹਾਣੀ ਜੋ ਮਧੂ-ਮੱਖੀ ਪਾਲਣ ਦੇ ਕਿੱਤੇ ਦੀ ਸਫ਼ਲਤਾ ਵਿੱਚ ਮਿੱਠਾ ਸੁਆਦ ਹਾਸਲ ਕਰ ਰਿਹਾ ਹੈ

ਭਾਰਤ ਵਿੱਚ ਮਧੂ-ਮੱਖੀ ਪਾਲਣ ਬਹੁਤ ਦੇਰ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਅਜ਼ਾਦੀ ਤੋਂ ਬਾਅਦ ਇਸਨੂੰ ਵੱਖ-ਵੱਖ ਦਿਹਾਤੀ ਵਿਕਾਸ ਪ੍ਰੋਗਰਾਮਾਂ ਦੁਆਰਾ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਪਰ ਜਦੋਂ ਮਧੂ-ਮੱਖੀ ਪਾਲਣ ਨੂੰ ਇੱਕ ਅਗਲੇ ਪੱਧਰ ‘ਤੇ ਉਤਪਾਦਾਂ ਦੇ ਵਪਾਰ ਵੱਲ ਲਿਜਾਣ ਦੀ ਗੱਲ ਕਰੀਏ ਤਾਂ, ਅੱਜ ਵੀ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀ ਜਾਣਕਾਰੀ ਤੋਂ ਵਾਂਝੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਕਿੱਤੇ ਤੋਂ ਵਧੀਆ ਆਮਦਨ ਅਤੇ ਸਫ਼ਲਤਾ ਹਾਸਿਲ ਕੀਤੀ ਹੈ। ਅਜਿਹੇ ਇੱਕ ਇਨਸਾਨ, ਨਰਪਿੰਦਰ ਸਿੰਘ ਧਾਲੀਵਾਲ, ਜੋ ਪਿਛਲੇ 20 ਸਾਲਾਂ ਤੋਂ ਮਧੂ-ਮੱਖੀ ਪਾਲਣ ਵਿੱਚ ਵਧੀਆ ਮੁਨਾਫ਼ਾ ਲੈ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਸਾਡਾ ਵਿਕਾਸ ਆਸਾਨ ਸਮਿਆਂ ਵਿੱਚ ਨਹੀਂ, ਸਗੋਂ ਉਸ ਵੇਲੇ ਹੁੰਦਾ ਹੈ, ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਨਰਪਿੰਦਰ ਸਿੰਘ ਧਾਲੀਵਾਲ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਅਸਫ਼ਲਤਾਵਾਂ ਦਾ ਸਾਹਮਣਾ ਅਤੇ ਸਖ਼ਤ ਮਿਹਨਤ ਕਰਕੇ ਇਹ ਕਾਮਯਾਬੀ ਹਾਸਿਲ ਕੀਤੀ। ਅੱਜ ਉਹ ‘ਧਾਲੀਵਾਲ ਹਨੀ ਬੀ ਫਾਰਮ’ ਦੇ ਮਾਲਕ ਹਨ, ਜੋ ਕਿ ਉਨ੍ਹਾਂ ਦੇ ਹੀ ਮੂਲ-ਸਥਾਨ ਪਿੰਡ ਚੂਹੜਚੱਕ, ਜ਼ਿਲ੍ਹਾ ਮੋਗਾ(ਪੰਜਾਬ) ਵਿੱਚ ਸਥਾਪਿਤ ਹੈ ਅਤੇ ਉਨ੍ਹਾਂ ਕੋਲ ਲਗਭੱਗ ਮਧੂ-ਮੱਖੀਆਂ ਦੇ 1000 ਬਕਸੇ ਹਨ।

ਮੱਖੀ-ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਨਰਪਿੰਦਰ ਸਿੰਘ ਜੀ ਹਾਲਤ ਇੱਕ ਬੇਰੁਜ਼ਗਾਰ ਵਰਗੀ ਹੀ ਸੀ ਅਤੇ ਉਹ 1500 ਰੁਪਏ ਤਨਖਾਹ ‘ਤੇ ਕੰਮ ਕਰਦੇ ਸਨ, ਜਿਸ ਵਿੱਚ ਲੋੜਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਸੀ। ਉਨ੍ਹਾਂ ਦੀ ਪੜ੍ਹਾਈ ਘੱਟ ਹੋਣਾ ਵੀ ਇੱਕ ਸਮੱਸਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ ਅਤੇ ਮੱਖੀ ਪਾਲਣ ਵਿੱਚ ਮਦਦ ਕਰਨ ਲੱਗੇ। ਉਨ੍ਹਾਂ ਦੇ ਪਿਤਾ ਰਿਟਾਇਰਡ ਫੌਜੀ ਸਨ ਅਤੇ ਉਨ੍ਹਾਂ ਨੇ 1997 ਵਿੱਚ 5 ਬਕਸਿਆਂ ਤੋਂ ਮੱਖੀ-ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਮੱਖੀ-ਪਾਲਣ ਨੂੰ ਵਪਾਰਕ ਪੱਧਰ ‘ਤੇ ਸ਼ੁਰੂ ਕੀਤਾ।

ਸ. ਨਰਪਿੰਦਰ ਸਿੰਘ ਜੀ ਨੇ ਕਾਰੋਬਾਰ ਸਥਾਪਿਤ ਕਰਨ ਕਰਨ ਲਈ ਖੁਦ ਸਭ ਕੁੱਝ ਕੀਤਾ ਅਤੇ ਇਸ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕੀਤਾ। ਪੈਸੇ ਅਤੇ ਸਾਧਨਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਬੜੀ ਵਾਰ ਅਸਫ਼ਲਤਾ ਵੀ ਝੱਲਣੀ ਪਈ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਮੱਖੀ-ਪਾਲਣ ਦੇ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ, ਪੀ.ਏ.ਯੂ. ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਕੁੱਝ ਦੋਸਤਾਂ ਤੋਂ ਵੀ ਮਦਦ ਲਈ ਅਤੇ ਆਖਰ ਪਰਿਵਾਰ ਅਤੇ ਕੁੱਝ ਕਾਮਿਆਂ ਦੇ ਪੂਰੇ ਸਹਿਯੋਗ ਨਾਲ ਆਪਣੇ ਪਿੰਡ ਵਿੱਚ ਹੀ ਬੀ-ਫਾਰਮ ਸਥਾਪਿਤ ਕਰ ਲਿਆ।

ਉਨ੍ਹਾਂ ਨੇ ਇਹ ਕਾਰੋਬਾਰ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਉਨ੍ਹਾਂ ਕੋਲ ਲਗਭਗ 1000 ਬਕਸੇ ਹਨ। ਉਹ ਸ਼ਹਿਦ ਦੀ ਚੰਗੀ ਪੈਦਾਵਾਰ ਲਈ ਇਨ੍ਹਾਂ ਬਕਸਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਦੇ ਰਹਿੰਦੇ ਹਨ। ਉਨ੍ਹਾਂ ਦੇ ਫਾਰਮ ਵਿੱਚ ਮੁੱਖ ਤੌਰ ‘ਤੇ ਪੱਛਮੀ ਮੱਖੀਆਂ ਹਨ, ਯੂਰੋਪੀਅਨ ਅਤੇ ਇਟਾਲੀਅਨ। ਉਹ ਮੱਖੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਣਾਉਟੀ ਜਾਂ ਵਾਧੂ ਖੁਰਾਕ ਨਹੀਂ ਦਿੰਦੇ, ਸਗੋਂ ਕੁਦਰਤੀ ਖੁਰਾਕ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਉਹ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵੀ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਜਾਂ ਰਸਾਇਣਿਕ ਸਪਰੇਅ ਦੀ ਵਰਤੋਂ ਨਹੀਂ ਕਰਦੇ ਅਤੇ ਇਨ੍ਹਾਂ ਦੀ ਰੋਕਥਾਮ ਅਤੇ ਬਚਾਅ ਲਈ ਕੁਦਰਤੀ ਢੰਗਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਸਭ ਕੁੱਝ ਕੁਦਰਤੀ ਤਰੀਕੇ ਨਾਲ ਕਰਨ ਵਿੱਚ ਯਕੀਨ ਰੱਖਦੇ ਹਨ।

ਵੈਰੋਅ ਮਾਈਟ ਅਤੇ ਹੋਰਨੈੱਟ ਦਾ ਹਮਲਾ ਇੱਕ ਮੁੱਖ ਸਮੱਸਿਆ ਹੈ, ਜਿਸ ਦਾ ਸਾਹਮਣਾ ਉਨ੍ਹਾਂ ਨੂੰ ਆਮ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਦੀ ਰੋਕਥਾਮ ਲਈ ਉਹ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਦੇ ਹਨ। ਕੁਦਰਤੀ ਢੰਗਾਂ ਨੂੰ ਅਪਨਾਉਣ ਦੇ ਬਾਵਜੂਦ ਵੀ ਉਹ ਸਾਲਾਨਾ ਵਧੀਆ ਆਮਦਨ ਲੈ ਰਹੇ ਹਨ। ਬਹੁਤ ਲੋਕ ਮੱਖੀ-ਪਾਲਣ ਦਾ ਧੰਦਾ ਕਰਦੇ ਹਨ, ਪਰ ਉਨ੍ਹਾਂ ਦਾ ਗ੍ਰਾਹਕਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰਨਾ ਅਤੇ ਉਤਪਾਦਾਂ ਦਾ ਮੰਡੀਕਰਨ ਖੁਦ ਕਰਨਾ ਹੀ ਉਨ੍ਹਾਂ ਨੂੰ ਬੱਧੀਮਾਨ ਮੱਖੀ-ਪਾਲਕ ਸਾਬਤ ਕਰਦਾ ਹੈ। ਉਹ ਸ਼ਹਿਦ ਤਿਆਰ ਕਰਨ ਤੋਂ ਲੈ ਕੇ ਪੈਕ ਕਰਨ ਅਤੇ ਉਸਦੀ ਬ੍ਰੈਂਡਿੰਗ ਕਰਨ ਤੱਕ ਦਾ ਸਾਰਾ ਕੰਮ ਉਹ ਖੁਦ 6 ਮਜ਼ਦੂਰਾਂ ਦੀ ਮਦਦ ਕਰਦੇ ਹਨ ਅਤੇ ਕਿਸੇ ਵੀ ਕੰਮ ਲਈ ਉਹ ਕਿਸੇ ‘ਤੇ ਵੀ ਨਿਰਭਰ ਨਹੀਂ ਹਨ। ਇਸ ਸਮੇਂ ਉਹ ਸਰਕਾਰ ਤੋਂ ਆਪਣੇ ਮਧੂ-ਮੱਖੀ ਫਾਰਮ ਲਈ ਸਬਸਿਡੀ ਵੀ ਲੈ ਰਹੇ ਹਨ।

ਸ਼ੁਰੂ ਵਿੱਚ ਬਹੁਤ ਲੋਕ ਉਨ੍ਹਾਂ ਦੇ ਕੰਮ ਅਤੇ ਸ਼ਹਿਦ ਦੀ ਆਲੋਚਨਾ ਕਰਦੇ ਸਨ, ਪਰ ਉਹ ਕਦੇ ਵੀ ਨਿਰਾਸ਼ ਨਹੀਂ ਹੋਏ ਅਤੇ ਮੱਖੀ-ਪਾਲਣ ਦਾ ਧੰਦਾ ਜਾਰੀ ਰੱਖਿਆ। ਮੱਖੀ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ, ਡੇਅਰੀ ਫਾਰਮਿੰਗ, ਫਲਾਂ ਦੀ ਖੇਤੀ, ਮੁਰਗੀ ਪਾਲਣ ਅਤੇ ਰਵਾਇਤੀ ਖੇਤੀ ਵੀ ਕਰਦੇ ਹਨ, ਪਰ ਇਨ੍ਹਾਂ ਸਭ ਦੀ ਪੈਦਾਵਾਰ ਤੋਂ ਉਹ ਮੁੱਖ ਤੌਰ ‘ਤੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।

ਨਰਪਿੰਦਰ ਸਿੰਘ ਜੀ ਨੇ ਸ਼ਹਿਦ ਦੀ ਸ਼ੁੱਧਤਾ ਦੀ ਪਰਖ ਕਰਨ ਅਤੇ ਵੱਖ-ਵੱਖ ਰੰਗਾਂ ਦੇ ਸ਼ਹਿਦ ਬਾਰੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਅਨੁਸਾਰ-
“ਸ਼ਹਿਦ ਦੀ ਕੁਆਲਿਟੀ ਦੀ ਪਰਖ ਇਸਦੇ ਰੰਗ ਜਾਂ ਤਰਲਤਾ ਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵੱਖ-ਵੱਖ ਪੌਦਿਆਂ ਦੇ ਵੱਖ-ਵੱਖ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਦੇ ਗੁਣ ਵੱਖ-ਵੱਖ ਹੁੰਦੇ ਹਨ। ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਸਭ ਤੋਂ ਉੱਤਮ ਕਿਸਮ ਦਾ ਅਤੇ ਗਾੜਾ ਹੁੰਦਾ ਹੈ। ਗਾੜੇ ਸ਼ਹਿਦ ਨੂੰ ਫਰੋਜ਼ਨ ਸ਼ਹਿਦ ਵੀ ਕਿਹਾ ਜਾਂਦਾ ਹੈ, ਜੋ ਮੁੱਖ ਤੌਰ ‘ਤੇ ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ, ਇਸ ਲਈ ਇਸਦੀ ਅੰਤਰ-ਰਾਸ਼ਟਰੀ ਮਾਰਕਿਟ ਵਿੱਚ ਵੀ ਭਾਰੀ ਮੰਗ ਹੈ। ਸ਼ਹਿਦ ਦੀ ਸ਼ੁੱਧਤਾ ਦੀ ਸਹੀ ਪਰਖ ਲੈਬੋਰਟਰੀ ਵਿੱਚ ਮੌਜੂਦ ਮਾਹਿਰਾਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਰਵਾਈ ਜਾ ਸਕਦੀ ਹੈ। ਇਸ ਲਈ ਜੇਕਰ ਕਿਸੇ ਇਨਸਾਨ ਨੂੰ ਸ਼ਹਿਦ ਦੀ ਕੁਆਲਿਟੀ ‘ਤੇ ਕੋਈ ਸ਼ੱਕ ਹੋਵੇ ਤਾਂ ਉਹ ਕਿਸੇ ਦੇ ਕੁੱਝ ਕਹੇ ‘ਤੇ ਯਕੀਨ ਕਰਨ ਦੀ ਬਜਾਏ ਮਾਹਿਰਾਂ ਤੋਂ ਜਾਂਚ ਕਰਵਾ ਲਵੇ, ਜਾਂ ਫਿਰ ਕਿਸੇ ਪ੍ਰਮਾਣਿਤ ਵਿਅਕਤੀ ਕੋਲੋਂ ਹੀ ਖਰੀਦੋ।”

ਨਰਪਿੰਦਰ ਸਿੰਘ ਜੀ ਖੁਦ ਮੱਖੀ-ਪਾਲਣ ਕਰਦੇ ਹਨ ਅਤੇ ਲੀਚੀ, ਸਰ੍ਹੋਂ ਅਤੇ ਵੱਖ-ਵੱਖ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਸਰ੍ਹੋਂ ਤੋਂ ਤਿਆਰ ਜ਼ਿਆਦਾਤਰ ਸ਼ਹਿਦ ਯੂਰਪ ਵਿੱਚ ਭੇਜਦੇ ਹਨ। ਉਹ ਪੀ.ਏ.ਯੂ. ਵਿੱਚ ਪ੍ਰੋਗਰੈੱਸਿਵ ਬੀ-ਕੀਪਰ ਐਸੋਸੀਏਸ਼ਨ ਦੇ ਵੀ ਮੈਂਬਰ ਹਨ। ਸ਼ਹਿਦ ਪੈਦਾ ਕਰਨ ਤੋਂ ਇਲਾਵਾ, ਉਹ ਸ਼ਹਿਦ ਅਤੇ ਹਲਦੀ ਤੋਂ ਬਣੇ ਕੁੱਝ ਉਤਪਾਦਾਂ ਜਿਵੇਂ ਕਿ ਬੀ ਪੋਲਨ, ਬੀ ਪੋਲਨ ਕੈਪਸੂਲ, ਹਲਦੀ ਕੈਪਸੂਲ ਅਤੇ ਰੋਇਲ ਜੈਲੀ ਆਦਿ ਨੂੰ ਮਾਰਕੀਟ ਵਿੱਚ ਲਿਆਉਣ ਬਾਰੇ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਬੀ ਪੋਲਨ ਕੈਪਸੂਲ ਲਈ ਪੀ.ਏ.ਯੂ. ਤੋਂ ਖਾਸ ਤੌਰ ‘ਤੇ ਆਧੁਨਿਕ ਟ੍ਰੇਨਿੰਗ ਹਾਸਿਲ ਕੀਤੀ ਹੈ।

ਬੀ ਪੋਲਨ ਵਿੱਚ ਮਹੱਤਵਪੂਰਨ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੁੰਦੇ ਹਨ ਅਤੇ ਰੋਇਲ ਜੈਲੀ ਵੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਨ੍ਹਾਂ ਦੋਨਾਂ ਉਤਪਾਦਾਂ ਦੀ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਭਾਰੀ ਮੰਗ ਹੈ ਅਤੇ ਛੇਤੀ ਹੀ ਇਸਦੀ ਮੰਗ ਭਾਰਤ ਵਿੱਚ ਵੀ ਵਧੇਗੀ। ਇਸ ਸਮੇਂ ਉਨ੍ਹਾਂ ਦਾ ਮੁੱਖ ਉਦੇਸ਼ ਬੀ ਪੋਲਨ ਕੈਪਸੂਲ ਅਤੇ ਹਲਦੀ ਕੈਪਸੂਲ ਦਾ ਮੰਡੀਕਰਨ ਕਰਨਾ ਅਤੇ ਲੋਕਾਂ ਨੂੰ ਇਨ੍ਹਾਂ ਦੇ ਸਿਹਤ ਸੰਬੰਧੀ ਫਾਇਦਿਆਂ ਅਤੇ ਵਰਤੋਂ ਤੋਂ ਜਾਗਰੂਕ ਕਰਵਾਉਣਾ ਹੈ।

ਉਨ੍ਹਾਂ ਨੇ ਆਪਣੇ ਕੰਮ ਲਈ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਬਹੁਤ ਸਾਰੇ ਸਨਮਾਨ ਅਤੇ ਪੁਰਸਕਾਰ ਹਾਸਲ ਕੀਤੇ। ਉਨ੍ਹਾਂ ਨੇ ਪਰਾਗਪੁਰ ਵਿੱਚ ਜੱਟ ਐਕਸਪੋ ਐਵਾਰਡ ਜਿੱਤਿਆ। ਉਨ੍ਹਾਂ ਨੂੰ 2014 ਵਿੱਚ ਖੇਤੀਬਾੜੀ ਵਿਭਾਗ ਵੱਲੋਂ ਅਤੇ 2016 ਵਿੱਚ ਵਿਸ਼ਵ ਸ਼ਹਿਦ ਦਿਵਸ ‘ਤੇ ਸਨਮਾਨਿਤ ਕੀਤਾ ਗਿਆ।

ਨਰਪਿੰਦਰ ਸਿੰਘ ਧਾਲੀਵਾਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਦੇ ਸਮੇਂ ਵਿੱਚ ਜੇਕਰ ਕਿਸਾਨ ਖੇਤੀਬਾੜੀ ਦੇ ਖੇਤਰ ਵਿੱਚ ਵਿਭਿੰਨਤਾ ਲਿਆਉਣ ਲਈ ਤਿਆਰ ਹੈ ਤਾਂ ਭਵਿੱਖ ਵਿੱਚ ਉਸਦੀ ਸਫ਼ਲਤਾ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਮੈਂ ਆਪਣੇ ਫਾਰਮ ਵਿੱਚ ਵਿਭਿੰਨਤਾ ਲਿਆਂਦੀ ਅਤੇ ਅੱਜ ਮੈਂ ਉਸ ਤੋਂ ਮੁਨਾਫ਼ਾ ਲੈ ਰਿਹਾ ਹਾਂ। ਮੈਂ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਖੇਤੀਬਾੜੀ ਵਿੱਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਵਿਭਿੰਨਤਾ ਲਿਆਉਣੀ ਪਵੇਗੀ। ਮਧੂ-ਮੱਖੀ ਪਾਲਣ ਇੱਕ ਅਜਿਹਾ ਕਿੱਤਾ ਹੈ, ਜਿਸਨੂੰ ਕਿਸਾਨ ਲੰਬੇ ਸਮੇਂ ਤੋਂ ਨਜ਼ਰ-ਅੰਦਾਜ਼ ਕਰ ਰਹੇ ਹਨ। ਇਹ ਖੇਤਰ ਬਹੁਤ ਲਾਭਦਿਾੲਕ ਹੈ ਅਤੇ ਇਨਸਾਨ ਇਸ ਵਿੱਚ ਬਹੁਤ ਸਫ਼ਲਤਾ ਹਾਸਲ ਕਰ ਸਕਦੇ ਹਨ। ਅੱਜ-ਕੱਲ੍ਹ ਤਾਂ ਸਰਕਾਰ ਵੀ ਕਿਸਾਨਾਂ ਨੂੰ ਮੱਖੀ-ਪਾਲਣ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ 5-10 ਬਕਸਿਆਂ ‘ਤੇ ਸਬਸਿਡੀ ਦਿੰਦੀ ਹੈ।”