ਸ਼ੌਂਕ ਨੂੰ ਕਿੱਤੇ ਵਿੱਚ ਬਦਲ ਕੇ ਫਿਰ ਕਾਮਯਾਬ ਹੋਣਾ ਸਿੱਖੋ ਇਸ ਉੱਦਮੀ ਇਨਸਾਨ ਤੋਂ
ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਅਜਿਹਾ ਵਿਲੱਖਣ ਕੰਮ ਕਰੇ ਜਿਸ ਨਾਲ ਉਸਦੀ ਪਹਿਚਾਣ ਕੰਮ ਤੋਂ ਹੀ ਕੀਤੀ ਜਾਵੇ, ਨਾ ਕਿ ਉਸ ਦੇ ਨਾਮ ਤੋਂ, ਕਿਉਂਕਿ ਇੱਕੋਂ ਨਾਮ ਵਾਲੇ ਤਾਂ ਬਹੁਤ ਹੁੰਦੇ ਹਨ। ਅਜਿਹੀ ਮਿਸਾਲ ਹਰ ਕੋਈ ਇਨਸਾਨ ਦੁਨੀਆਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ।
ਇਸ ਸਟੋਰੀ ਦੇ ਰਾਹੀਂ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਉਂਝ ਤਾਂ ਪਹਿਲਾ ਡੇਅਰੀ ਦਾ ਕਿੱਤਾ ਸੰਭਾਲਦੇ ਸਨ ਤੇ ਉਸ ਵਿੱਚ ਮੁਨਾਫ਼ਾ ਵੀ ਹੋ ਰਿਹਾ ਸੀ ਪਰ ਸ਼ੌਂਕ ਹੀ ਇੱਕ ਦਿਨ ਕਿੱਤਾ ਬਣ ਜਾਵੇਗਾ ਇਹ ਉਨ੍ਹਾਂ ਨੇ ਸੋਚਿਆ ਨਹੀਂ ਸੀ ਅਤੇ ਪੰਜਾਬੀ ਆਪਣੇ ਸ਼ੌਂਕ ਪੁਗਾਉਣ ਲਈ ਪੂਰੇ ਅੜਬ ਹੁੰਦੇ ਹਨ ਅਤੇ ਸ਼ੌਂਕ ਪੂਰਾ ਕਰਕੇ ਹੀ ਸਾਹ ਲੈਂਦੇ ਹਨ। ਅਜਿਹੇ ਹੀ ਸੁਖਜਿੰਦਰ ਸਿੰਘ, ਜੋ ਮੁਕਤਸਰ, ਪੰਜਾਬ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਵੈਸੇ ਹੀ ਸ਼ੌਂਕ ਸੀ ਕਿ ਕਿਉਂ ਨਾ ਘਰ ਵਿੱਚ ਸ਼ੌਂਕ ਦੇ ਤੌਰ ‘ਤੇ 2 ਤੋਂ 3 ਬੱਕਰੀਆਂ ਰੱਖ ਕੇ ਦੇਖਭਾਲ ਕੀਤੀ ਜਾਵੇ, ਇਸ ਸੰਬੰਧਿਤ ਉਨ੍ਹਾਂ ਨੇ ਬਰਬਰੀ ਜੋ ਕਿ ਦੇਖਣ ਬਹੁਤ ਸੋਹਣੀ ਨਸਲ ਹੈ, ਇੱਕ ਬੱਕਰਾ ਤੇ ਚਾਰ ਬੱਕਰੀਆਂ ਲੈ ਆਉਂਦੀਆਂ ਜਿਸ ਵਿਚ ਘਰ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ ਅਤੇ ਉਹ ਉਨ੍ਹਾਂ ਦੀ ਦੇਖਭਾਲ ਵਿੱਚ ਜੁੱਟ ਗਏ ਤੇ ਨਾਲ-ਨਾਲ ਆਪਣਾ ਡੇਅਰੀ ਦਾ ਕਿੱਤਾ ਵੀ ਸੰਭਾਲਦੇ ਰਹੇ।
ਇਸ ਦੌਰਾਨ ਹੀ ਜਦੋਂ ਉਹ ਬੱਕਰੀਆਂ ਦੀ ਦੇਖਭਾਲ ਕਰ ਰਹੇ ਸਨ ਤਾਂ ਬੱਕਰੀਆਂ ਦੇ ਸੂਣ ਤੋਂ ਜਦੋਂ ਉਸਦੇ ਬੱਚੇ ਥੋੜੇ ਵੱਡੇ ਹੋਏ ਤਾਂ ਲੋਕ ਜਿਵੇਂ ਦੇਖਣ ਦੇ ਲਈ ਆਉਂਦੇ ਸਨ ਉਹ ਉਨ੍ਹਾਂ ਤੋਂ ਬੱਚੇ ਲੈ ਕੇ ਜਾਣ ਲੱਗੇ ਕਿਉਂਕਿ ਬਰਸਬਰੀ ਨਸਲ ਦੀ ਬੱਕਰੀ ਦੇਖਣ ਵਿੱਚ ਇੰਨੀ ਜ਼ਿਆਦਾ ਬਹੁਤ ਸੋਹਣੀ ਅਤੇ ਪਿਆਰੀ ਲੱਗਦੀ ਹੈ ਕਿ ਦੇਖ ਕੇ ਹੀ ਖਰੀਦਣ ਦਾ ਮਨ ਕਰ ਜਾਂਦਾ ਸੀ ਅਤੇ ਜਿਸ ਨਾਲ ਬੱਕਰੀਆਂ ਦੇ ਬੱਚੇ ਵਿਕਣ ਲੱਗ ਗਏ। ਪਰ ਸੁਖਜਿੰਦਰ ਨੇ ਹਲੇ ਤੱਕ ਵੀ ਬੱਕਰੀਆਂ ਨੂੰ ਸ਼ੋਂਕ ਵਜੋਂ ਹੀ ਰੱਖ ਰਿਹਾ ਸੀ ਅਤੇ ਨਾ ਹੀ ਸੋਚਿਆ ਕਿ ਬੱਕਰੀ ਪਾਲਣ ਦਾ ਕਿੱਤਾ ਕਰਨਾ ਹੈ।
ਸਾਲ 2017 ਦੇ ਫਰਵਰੀ ਵਿਚ ਸ਼ੁਰੂ ਕੀਤੇ ਕੰਮ ਨੂੰ ਹੌਲੀ-ਹੌਲੀ ਕਰਦੇ ਫਾਰਮ ਵਿੱਚ ਬੱਕਰੀਆਂ ਦੀ ਤਦਾਦ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੇਖ ਭਾਲ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਵਿਚਾਰ ਕੀਤਾ ਕਿ ਡੇਅਰੀ ਫਾਰਮ ਵਿੱਚ ਘਾਟਾ ਕਿਉਂ ਪੈ ਰਿਹਾ ਹੈ ਕਿਉਂਕਿ ਜਿੰਨੀ ਉਹ ਬੱਕਰੀਆਂ ਦੀ ਦੇਖ ਭਾਲ ਕਰ ਰਹੇ ਸਨ ਉਸ ਤੋਂ ਕਿਤੇ ਹੀ ਜ਼ਿਆਦਾ ਡੇਅਰੀ ਫਾਰਮ ਵੱਲ ਧਿਆਨ ਦਿੰਦੇ ਸਨ ਅਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਦੁੱਧ ਦਾ ਸਹੀ ਮੁੱਲ ਨਹੀਂ ਸੀ ਮਿਲ ਰਿਹਾ।
ਫਿਰ ਉਨ੍ਹਾਂ ਨੇ ਥੋੜਾ ਸਮਾਂ ਸੋਚ ਵਿਚਾਰ ਕਰਕੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਡੇਅਰੀ ਫਾਰਮ ਦੇ ਕਿੱਤੇ ਨੂੰ ਘਟਾ ਕੇ ਬੱਕਰੀ ਪਾਲਣ ਦੇ ਫਾਰਮ ਨੂੰ ਵਧਾਉਣ ਬਾਰੇ ਸੋਚਿਆ ਅਤੇ 2-2 ਅਤੇ 4-4 ਕਰਕੇ ਉਹ ਵਾਧਾ ਕਰਨ ਲੱਗੇ ਜਿਸ ਨਾਲ ਉਨ੍ਹਾਂ ਦਾ ਬੱਕਰੀ ਪਾਲਣ ਦਾ ਕਿੱਤਾ ਸਹੀ ਤਰੀਕੇ ਨਾਲ ਚੱਲ ਪਿਆ ਜੋ ਕਿ ਉਨ੍ਹਾਂ ਨੂੰ ਮਿਹਨਤ ਕਰਦਿਆਂ ਨੂੰ 4 ਸਾਲ ਹੋ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਹੁਣ ਡੇਅਰੀ ਫਾਰਮ ਬੰਦ ਕਰਕੇ ਬੱਕਰੀ ਪਾਲਣ ਦੇ ਫਾਰਮ ਨੂੰ ਵਧਾ ਕੇ ਸਿਰਫ ਉਸ ਉੱਤੇ ਹੀ ਪੂਰਾ ਧਿਆਨ ਦੇ ਕੇ ਕੰਮ ਕਰਨਾ ਹੈ।
ਬੱਕਰੀ ਪਾਲਣ ਨੂੰ ਵਧਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2019 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਚਲੇ ਗਏ ਤਾਂ ਜੋ ਬੱਕਰੀ ਪਾਲਣ ਵਿੱਚ ਕਦੇ ਵੀ ਸਮੱਸਿਆ ਆਈ ਤਾਂ ਉਸਦਾ ਖੁਦ ਹੱਲ ਕਰ ਸਕੇ, ਜਿਸ ਵਿੱਚ ਬਿਮਾਰੀਆਂ, ਖਾਣ-ਪੀਣ ਅਤੇ ਰਹਿਣ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ।
ਸਾਲ 2019 ਵਿੱਚ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ ਅਤੇ ਜਾਣਕਾਰੀ ਇਕੱਠੀ ਕਰਕੇ ਬਰਬਰੀ ਨਸਲ ਨੂੰ ਛੱਡ ਕੇ ਬੀਟਲ ਨਸਲ ਦੀਆਂ ਬੱਕਰੀਆਂ ਲੈ ਆਏ ਜੋ ਕਿ 20 ਦੇ ਕਰੀਬ ਸਨ। ਉਨ੍ਹਾਂ ਦੀ ਘਰ ਆ ਕੇ ਚੰਗੇ ਤਰੀਕੇ ਨਾਲ ਦੇਖਭਾਲ ਕਰਨ ਲੱਗੇ ਅਤੇ ਉਨ੍ਹਾਂ ਦੀ ਬਰੀਡਿੰਗ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।
ਜਿਸ ਤਰ੍ਹਾਂ ਲੋਕ ਉਨ੍ਹਾਂ ਕੋਲ ਪਹਿਲਾ ਹੀ ਬੱਕਰੀਆਂ ਹੀ ਲੈਣ ਆਉਂਦੇ ਸਨ ਉਨ੍ਹਾਂ ਕੋਲ ਹੁਣ ਹੋਰ ਜ਼ਿਆਦਾ ਤਦਾਦ ਵਿੱਚ ਲੋਕ ਬੱਕਰੀਆਂ ਲੈ ਕੇ ਜਾਣ ਲੱਗ ਗਏ ਜਿਸ ਨਾਲ ਉਨ੍ਹਾਂ ਨੂੰ ਮੁਨਾਫ਼ਾ ਹੋਣ ਲੱਗਾ ਅਤੇ ਮਾਰਕੀਟਿੰਗ ਹੋਣ ਲੱਗੀ, ਕਿਉਂਕਿ ਉਨ੍ਹਾਂ ਨੂੰ ਮਾਰਕੀਟਿੰਗ ਵਿੱਚ ਇਸ ਕਰਕੇ ਵੀ ਸਮੱਸਿਆ ਨਹੀਂ ਆਈ ਉਹ ਪਹਿਲਾ ਡੇਅਰੀ ਫਾਰਮ ਦਾ ਕੰਮ ਕਰਦੇ ਸਨ ਅਤੇ ਲੋਕ ਹਮੇਸ਼ਾਂ ਕੋਲ ਆਉਂਦੇ ਜਾਂਦੇ ਰਹਿੰਦੇ ਸਨ ਉਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੱਕਰੀ ਪਾਲਣ ਦਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੂੰ ਜਾਣਕਾਰੀ ਹੋ ਗਈ ਸੀ ਅਤੇ ਲੋਕ ਉਨ੍ਹਾਂ ਤੋਂ ਬੱਕਰੀਆਂ ਦੇ ਬੱਚੇ ਲੈ ਕੇ ਜਾਣ ਲੱਗ ਗਏ ਸੀ।
ਇਸ ਦੇ ਨਾਲ-ਨਾਲ ਉਹ ਮੰਡੀ ਵਿੱਚ ਵੀ ਬੱਕਰੀਆਂ ਲੈ ਕੇ ਜਾਂਦੇ ਅਤੇ ਉੱਥੇ ਵੀ ਮਾਰਕੀਟਿੰਗ ਕਰਦੇ ਇਸ ਤਰ੍ਹਾਂ ਕਰਦੇ-ਕਰਦੇ ਸਾਲ 2019 ਦੇ ਆਖਿਰ ਵਿਚ ਉਹ ਕਾਮਯਾਬ ਹੋਏ ਅਤੇ ਆਪਣੇ ਸ਼ੌਂਕ ਨੂੰ ਕਿੱਤੇ ਵਿੱਚ ਤਬਦੀਲ ਕਰਕੇ ਲੋਕਾਂ ਵਿੱਚ ਸ਼ੌਂਕ ਦੀ ਮਿਸਾਲ ਪੇਸ਼ ਕੀਤੀ ਕਿਉਂਕਿ ਜੇਕਰ ਤੁਹਾਡਾ ਸ਼ੌਂਕ ਹੀ ਤੁਹਾਡਾ ਕਿੱਤਾ ਬਣ ਗਿਆ ਤਾਂ ਤੁਹਾਨੂੰ ਕਦੇ ਵੀ ਅਸਫਲਤਾ ਵੱਲ ਦੇਖਣ ਦੀ ਲੋੜ ਨਹੀਂ ਪੈਣੀ।
ਅੱਜ ਉਹ ਆਪਣੇ ਫਾਰਮ ਵਿਖੇ ਹੀ ਮਾਰਕੀਟਿੰਗ ਕਰਕੇ ਬਹੁਤ ਮੁਨਾਫ਼ਾ ਕਮਾ ਰਹੇ ਹਨ।
ਭਵਿੱਖ ਦੀ ਯੋਜਨਾ
ਬੱਕਰੀ ਫਾਰਮ ਨੂੰ ਵਧਾ ਕੇ ਮਾਰਕੀਟਿੰਗ ਦਾ ਪ੍ਰਸਾਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਬੱਕਰੀ ਫਾਰਮਰਾਂ ਨੂੰ ਬੱਕਰੀਆਂ ਪੰਜਾਬ ਤੋਂ ਬਾਹਰੋਂ ਨਾ ਲੈ ਕੇ ਆਉਣੀਆਂ ਪਵੇ।
ਸੰਦੇਸ਼
ਜੇਕਰ ਕੋਈ ਨੌਜਵਾਨ ਬੱਕਰੀ ਪਾਲਣ ਦਾ ਕਿੱਤਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਬੱਕਰੀ ਪਾਲਣ ਦੀ ਟ੍ਰੇਨਿੰਗ ਅਤੇ ਸਾਰੀ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਕੋਈ ਮੁਸ਼ਕਿਲ ਵੀ ਆਉਂਦੀ ਹੈ ਉਸਦਾ ਹੱਲ ਕਰ ਸਕੇ।