ਨਰਿੰਦਰ ਅਤੇ ਲੋਕੇਸ਼

ਪੂਰੀ ਸਟੋਰੀ ਪੜੋ

ਦੋ ਦੋਸਤਾਂ ਦੀ ਕਹਾਣੀ, ਬੱਕਰੀ ਫਾਰਮ ਖੋਲ੍ਹ ਕੀਤੀ ਮਿਸਾਲ ਕਾਇਮ

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੇ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਹਨ। ਇੱਥੇ ਜਾਨਵਰਾਂ ਪ੍ਰਤੀ ਲੋਕਾਂ ਦਾ ਪਿਆਰ, ਦੇਖਭਾਲ ਅਤੇ ਸਮਾਨਤਾ ਦੇਖਣ ਨੂੰ ਮਿਲਦੀ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਦਾ ਦੁਨੀਆ ਵਿੱਚ ਮੱਝਾਂ ਦੀ ਗਿਣਤੀ ਦੇ ਮਾਮਲੇ ਵਿੱਚ ਪਹਿਲਾ, ਗਾਂ ਅਤੇ ਬੱਕਰੀ ਪਾਲਣ ਦੇ ਮਾਮਲੇ ਵਿੱਚ ਦੂਜਾ ਅਤੇ ਭੇਡਾਂ ਦੇ ਮਾਮਲੇ ਵਿੱਚ ਤੀਜਾ ਸਥਾਨ ਹੈ। ਇੱਥੇ ਪਸ਼ੂ ਪਾਲਣ ਤੋਂ ਹਰ ਸਾਲ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ।
ਅੱਜ ਤੁਸੀਂ ਭਾਰਤ ਦੇ ਹਰਿਆਣਾ ਵਿੱਚ ਰਹਿਣ ਵਾਲੇ ਨਰਿੰਦਰ ਅਤੇ ਲੋਕੇਸ਼ ਬਾਰੇ ਪੜ੍ਹੋਗੇ, ਜਿਨ੍ਹਾਂ ਨੇ “ਯਦੁਵੰਸ਼ੀ ਗੋਟ ਫਾਰਮ” ਸ਼ੁਰੂ ਕੀਤਾ ਹੈ ਅਤੇ ਬੱਕਰੀ ਪਾਲਣ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ। ਦੋਨਾਂ ਨੇ ਆਪਣੀ ਪੜ੍ਹਾਈ ਆਰਮੀ ਸਕੂਲ ਤੋਂ ਕੀਤੀ। ਨਰਿੰਦਰ ਅਤੇ ਲੋਕੇਸ਼ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਦੇ ਰਹਿਣ ਵਾਲੇ ਹਨ। ਦੋਵੇਂ ਬਚਪਨ ਤੋਂ ਹੀ ਇਕੱਠੇ ਰਹੇ ਅਤੇ ਦੋਨਾਂ ਨੇ ਆਪਣੀ ਪੜ੍ਹਾਈ ਆਰਮੀ ਸਕੂਲ ਤੋਂ ਹੀ ਪੂਰੀ ਕੀਤੀ। ਫਿਰ ਨਰਿੰਦਰ ਨੇ ਬੀ.ਟੈੱਕ. ਅਤੇ ਉਸ ਦੇ ਦੋਸਤ ਲੋਕੇਸ਼ ਨੇ ਐੱਮ.ਸੀ.ਏ. ਦੀ ਪੜ੍ਹਾਈ ਪੂਰੀ ਕੀਤੀ। ਦੋਨਾਂ ਵਿੱਚ ਅਜਿਹੀ ਦੋਸਤੀ ਸੀ ਕਿ ਉਨ੍ਹਾਂ ਨੇ ਆਪਣੀ ਪੜ੍ਹਾਈ ਇਕੱਠੇ ਹੀ ਪੂਰੀ ਕੀਤੀ।
ਨਰਿੰਦਰ ਨੇ ਦੱਸਿਆ ਕਿ ਜਦੋਂ ਉਹ ਅਤੇ ਉਸ ਦਾ ਦੋਸਤ ਲੋਕੇਸ਼ ਇਕੱਠੇ ਪੜ੍ਹਦੇ ਸਨ ਤਾਂ ਦੋਵੇਂ ਕਾਰੋਬਾਰ ਨਹੀਂ ਸੀ ਕਰਨਾ ਚਾਹੁੰਦੇ। ਬਾਅਦ ਵਿੱਚ, ਕੰਮ ਕਰਦੇ ਹੋਏ ਉਹਨਾਂ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਦੀ ਯੋਜਨਾ ਬਣਾਈ। ਦੋਵੇਂ ਆਪਣੀ ਨੌਕਰੀ ਨੂੰ ਪਿਆਰ ਕਰਦੇ ਸਨ ਅਤੇ ਲੱਖਾਂ ਰੁਪਏ ਕਮਾ ਰਹੇ ਸਨ, ਪਰ ਦੋਨਾਂ ਨੇ ਕੁੱਝ ਆਪਣਾ ਕੰਮ ਕਰਨ ਦੀ ਯੋਜਨਾ ਬਣਾਈ। ਇਸ ਸੋਚ ਨਾਲ ਦੋਨਾਂ ਨੇ ਬੱਕਰੀ ਪਾਲਣ ਸ਼ੁਰੂ ਕੀਤਾ ਅਤੇ 2016 ਵਿੱਚ “ਯਦੂਵੰਸ਼ੀ ਗੋਟ ਫਾਰਮ” ਦੀ ਸਥਾਪਨਾ ਕੀਤੀ।
ਬੱਕਰੀ ਫਾਰਮ ਬਾਰੇ ਗੱਲ ਕਰਦਿਆਂ ਨਰਿੰਦਰ ਦਾ ਕਹਿਣਾ ਹੈ ਕਿ ਜੇਕਰ ਕੋਈ ਬੱਕਰੀ ਪਾਲਣ ਬਾਰੇ ਸੋਚ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਉਸ ਲਈ ਵੱਡਾ ਫਾਰਮ ਹੋਣਾ ਜ਼ਰੂਰੀ ਹੈ। ਨਰੇਂਦਰ ਅਤੇ ਲੋਕੇਸ਼ ਨੇ ਬੱਕਰੀ ਪਾਲਣ ਲਈ ਕਰੀਬ 3.5 ਏਕੜ ਦਾ ਕੈਂਪਸ ਵੀ ਤਿਆਰ ਕੀਤਾ ਹੈ। ਉਹਨਾਂ ਕੋਲ ਬੱਕਰੀਆਂ ਲਈ 1.5 ਏਕੜ ਅਤੇ ਬੱਕਰੀਆਂ ਦੇ ਹਰੇ ਚਾਰੇ ਲਈ 2 ਏਕੜ ਜ਼ਮੀਨ ਹੈ। ਇਹ ਖਾਸ ਤੌਰ ‘ਤੇ ਤੋਤਾਪਰੀ ਨਸਲ ਦੀਆਂ ਬੱਕਰੀਆਂ ਦਾ ਹੀ ਸੌਦਾ ਕਰਦੇ ਹਨ।
ਨਰੇਂਦਰ ਅਤੇ ਲੋਕੇਸ਼ ਹਰਿਆਣਾ ਦੇ ਸਭ ਤੋਂ ਵੱਡੇ ਸਟਾਲ-ਫੀਡਿੰਗ ਫਾਰਮ ਦੇ ਨਾਲ ਬੱਕਰੀ ਪਾਲਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਫਾਰਮ ‘ਤੇ ਬੱਕਰੀਆਂ ਨੂੰ ਉਮਰ ਦੇ ਹਿਸਾਬ ਨਾਲ ਰੱਖਣ ਦਾ ਪ੍ਰਬੰਧ ਕੀਤਾ ਹੈ। ਵੱਡੀਆਂ ਬੱਕਰੀਆਂ ਨੂੰ ਇੱਕ ਜਗ੍ਹਾ ‘ਤੇ ਰੱਖਿਆ ਜਾਂਦਾ ਹੈ ਅਤੇ ਇੱਕ ਸਾਲ ਦੀਆਂ ਬੱਕਰੀਆਂ ਲਈ ਵੱਖਰਾ ਪ੍ਰਬੰਧ ਕੀਤਾ ਜਾਂਦਾ ਹੈ। ਬੱਕਰੀਆਂ ਨੂੰ ਉਨ੍ਹਾਂ ਦੀ ਉਮਰ ਅਤੇ ਸਿਹਤ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ।
ਇੱਕ ਸਾਲ ਤੋਂ ਵੱਡੀਆਂ ਬੱਕਰੀਆਂ ਲਈ ਵੀ ਵੱਖਰਾ ਪ੍ਰਬੰਧ ਹੈ। ਉਹ ਕਹਿੰਦੇ ਹਨ ਕਿ ਬੱਕਰੀਆਂ ਵਾਲੇ ਕਮਰਿਆਂ ਵਿੱਚ, ਜੇਕਰ ਖਿੜਕੀਆਂ ਜ਼ਮੀਨ ਦੇ ਨੇੜੇ ਹੋਣ ਤਾਂ ਬਿਹਤਰ ਹੈ, ਕਿਉਂਕਿ ਇਸ ਨਾਲ ਜ਼ਮੀਨ ਠੰਡੀ ਰਹਿੰਦੀ ਹੈ। ਉਹ ਲੋਕਾਂ ਨੂੰ ਸਲਾਹ ਵੀ ਦਿੰਦੇ ਹਨ ਕਿ ਖਿੜਕੀਆਂ ਉੱਚੀਆਂ ਨਾ ਰੱਖਣ। ਯਦੁਵੰਸ਼ੀ ਗੋਟ ਫਾਰਮ ਖੋਲ੍ਹਣ ਤੋਂ ਪਹਿਲਾਂ ਨਰੇਂਦਰ ਅਤੇ ਲੋਕੇਸ਼ ਨੇ ਬੱਕਰੀਆਂ ਦੀ ਪੂਰੀ ਦੇਖਭਾਲ ਬਾਰੇ ਸਮਝਿਆ। ਬੱਕਰੀ ਫਾਰਮ ‘ਤੇ ਬੱਕਰੀਆਂ ਦੇ ਰਹਿਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਬੱਕਰੀਆਂ ਨੂੰ ਛਾਂ ਮਿਲੇ ਇਸ ਦੇ ਲਈ ਫਾਰਮ ਦੇ ਅੰਦਰ ਹੀ ਦਰੱਖਤ ਵੀ ਲਗਾਏ ਗਏ ਹਨ। ਫਾਰਮ ਦੇ ਅੰਦਰ ਬੱਕਰੀਆਂ ਨੂੰ ਆਲੇ-ਦੁਆਲੇ ਘੁੰਮਣ ਦੇ ਨਾਲ-ਨਾਲ ਖਾਣ-ਪੀਣ ਦਾ ਪੂਰਾ ਪ੍ਰਬੰਧ ਹੈ। ਘੁੰਮਣ ਵਾਲਾ ਆਇਰਨ ਫੀਡਿੰਗ ਸਟਰਕਚਰ ਲਗਾਇਆ ਗਿਆ ਹੈ ਅਤੇ ਪੀਣ ਵਾਲੇ ਪਾਣੀ ਲਈ ਪਲਾਸਟਿਕ ਦੇ ਛੋਟੇ ਡਰੰਮ ਵੀ ਲਗਾਏ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਦੋਨਾਂ ਦੀ ਦੋਸਤੀ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਰਹੀ ਹੈ, ਉਨ੍ਹਾਂ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੀ ਦੋਸਤੀ ‘ਤੇ ਮਾਣ ਹੈ ਅਤੇ ਉਨ੍ਹਾਂ ਦੇ ਉਤਰਾਅ-ਚੜ੍ਹਾਅ ‘ਚ ਉਨ੍ਹਾਂ ਦਾ ਸਾਥ ਦਿੰਦੇ ਹਨ।
ਨਰੇਂਦਰ ਅਤੇ ਲੋਕੇਸ਼ ਦੇ ਯਦੁਵੰਸ਼ੀ ਬੱਕਰੀ ਫਾਰਮ ਵਿੱਚ ਬੱਕਰੀਆਂ ਦੀ ਸਿਹਤ ਦਾ ਵੀ ਬੇਹਤਰੀਨ ਧਿਆਨ ਰੱਖਿਆ ਜਾਂਦਾ ਹੈ। ਨਰਿੰਦਰ ਦਾ ਕਹਿਣਾ ਹੈ ਕਿ ਮੈਂ ਇਨ੍ਹਾਂ ਬੱਕਰੀਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਦਾ ਹਾਂ। ਉਨ੍ਹਾਂ ਦੇ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ, ਉਹ ਉਨ੍ਹਾਂ ਦੀ ਸਿਹਤ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਜਨਮ ਤੋਂ ਬਾਅਦ ਟੀਕੇ, ਦਵਾਈਆਂ ਅਤੇ ਭੋਜਨ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਸਮੇਂ-ਸਮੇਂ ‘ਤੇ ਸਿਹਤ ਦੀ ਜਾਂਚ ਵੀ ਕੀਤੀ ਜਾਂਦੀ ਹੈ। ਪਸ਼ੂਆਂ ਦੇ ਡਾਕਟਰ ਦੀ ਦੇਖ-ਰੇਖ ਹੇਠ ਬੱਕਰੀਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ ਅਤੇ ਬੱਕਰੀਆਂ ਨੂੰ ਸੰਤੁਲਿਤ ਖੁਰਾਕ ਵੀ ਦਿੱਤੀ ਜਾਂਦੀ ਹੈ, ਜਿਸ ਵਿੱਚ ਸਾਰੇ ਲੋੜੀਂਦੇ ਤੱਤ ਮੌਜੂਦ ਹੁੰਦੇ ਹਨ ਅਤੇ ਹੋਰ ਬਿਮਾਰੀਆਂ ਦੀ ਸਮੱਸਿਆ ਨੂੰ ਘੱਟ ਕਰਦੇ ਹਨ।
ਨਰਿੰਦਰ ਜੀ ਦਾ ਕਹਿਣਾ ਹੈ ਕਿ ਬੱਕਰੀਆਂ ਵਿੱਚ “Brucella” ਨਾਮ ਦਾ ਵਾਇਰਸ ਬਹੁਤ ਜਲਦੀ ਹੋ ਜਾਂਦਾ ਹੈ। ਇਹ ਵਾਇਰਸ ਬਹੁਤ ਖ਼ਤਰਨਾਕ ਹੈ ਅਤੇ ਮਨੁੱਖ ਵਿੱਚ ਫੈਲ ਸਕਦਾ ਹੈ, ਜਿਸ ਕਾਰਨ ਬੱਕਰੀਆਂ ਦੇ ਖੂਨ ਦੀ ਨਿਯਮਤ ਜਾਂਚ ਕੀਤੀ ਜਾਂਦੀ ਹੈ। ਯਦੁਵੰਸ਼ੀ ਬੱਕਰੀ ਫਾਰਮ ਵਿੱਚ, ਬੱਕਰੀਆਂ ਨੂੰ ਉਨ੍ਹਾਂ ਦੀ ਗ੍ਰੋਥ ਦੇ ਅਨੁਸਾਰ ਚਾਰਾ ਦਿੱਤਾ ਜਾਂਦਾ ਹੈ। ਇਨ੍ਹਾਂ ਬੱਕਰੀਆਂ ਦੇ ਪਾਲਣ-ਪੋਸ਼ਣ ਅਤੇ ਰੱਖ-ਰਖਾਵ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਹੁਣ ਉਹਨਾਂ ਦੇ ਫਾਰਮ ‘ਤੇ ਇੱਕ ਹਜ਼ਾਰ ਤੋਂ ਵੀ ਵੱਧ ਬੱਕਰੀਆਂ ਹਨ। ਪਹਿਲਾਂ ਇਨ੍ਹਾਂ ਦੀ ਗਿਣਤੀ 500-600 ਸੀ, ਪਰ ਹੁਣ ਬੱਕਰੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਨਰਿੰਦਰ ਅਤੇ ਲੋਕੇਸ਼ ਦੁਆਰਾ ਬਣਾਏ ਗਏ ਫਾਰਮ ‘ਤੇ 3000 ਤੱਕ ਬੱਕਰੀਆਂ ਰੱਖੀਆਂ ਜਾ ਸਕਦੀਆਂ ਹਨ।
ਯਾਦੁਵੰਸ਼ੀ ਬੱਕਰੀ ਫਾਰਮ ਦੇ ਮੁਨਾਫੇ ਦੀ ਗੱਲ ਕਰੀਏ ਤਾਂ ਅੱਜ ਨਰੇਂਦਰ ਅਤੇ ਲੋਕੇਸ਼ ਬੱਕਰੀਆਂ ਦਾ ਮੀਟ ਅਤੇ ਬੱਕਰੀ ਦੇ ਦੁੱਧ ਲਈ ਬੱਕਰੀਆਂ ਵੇਚ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਉਹ ਬੱਕਰੀਆਂ ਦੀ ਮੈਂਗਨ ਤੋਂ ਬਣੀ ਖਾਦ ਵੀ ਵੇਚਦੇ ਹਨ, ਜਿਸ ਦੀ ਇੱਕ ਟਰਾਲੀ ਦੀ ਕੀਮਤ ਗਾਂ ਦੇ ਗੋਬਰ ਜਿੰਨੀ 2,000 ਰੁਪਏ ਤੱਕ ਹੈ, ਇਸ ਨਾਲ ਵੀ ਵਧੀਆ ਆਮਦਨ ਹੁੰਦੀ ਹੈ। ਇਸ ਦੀ ਵਰਤੋਂ ਖਾਦ ਵਜੋਂ ਕੀਤੀ ਜਾਂਦੀ ਹੈ ਅਤੇ ਜੋ ਖੇਤਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਬੱਕਰੀ ਪਾਲਣ ਦੇ ਨਾਲ-ਨਾਲ ਨਰੇਂਦਰ ਅਤੇ ਲੋਕੇਸ਼ ਬੱਕਰੀ ਪਾਲਣ ਦੀ ਟ੍ਰੇਨਿੰਗ ਵੀ ਦਿੰਦੇ ਹਨ। ਜੇਕਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁਫਤ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਿਖਲਾਈ ਦੌਰਾਨ ਉਨ੍ਹਾਂ ਨੂੰ ਬੱਕਰੀ ਪਾਲਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਬੱਕਰੀ ਕਰਨ ਸਮੇਂ ਧਿਆਨ ਦੇਣ ਵਾਲੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ। ਅੱਜ ਬਹੁਤ ਸਾਰੇ ਲੋਕ ਇਥੋਂ ਸਿਖਲਾਈ ਲੈ ਕੇ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਇਲਾਕੇ ਵਿੱਚ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੋਨਾਂ ਦੋਸਤਾਂ ਨੇ ਬੱਕਰੀ ਫਾਰਮ ਖੋਲ੍ਹ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਦੋਨਾਂ ਦੋਸਤਾਂ ਨੇ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਬੱਕਰੀ ਪਾਲਣ ਸੰਬੰਧੀ ਜਾਗਰੂਕ ਕੀਤਾ।
ਦੋਨੋ ਦੋਸਤ ਆਪਣੀਆਂ ਨੀਤੀਆਂ ਸਾਂਝੀਆਂ ਕਰਦੇ ਹਨ: ਹਰ ਕੋਈ ਬੱਕਰੇ ਦਾ ਮਾਸ ਖਾਣਾ ਚਾਹੁੰਦਾ ਹੈ, ਪਰ ਕੋਈ ਵੀ ਇਸ ਨੂੰ ਰੱਖਣਾ ਨਹੀਂ ਚਾਹੁੰਦਾ। ਜੇਕਰ ਮਾਸ ਖਾਣਾ ਹੈ ਤਾਂ ਬੱਕਰੀਆਂ ਨੂੰ ਵੀ ਸਹੀ ਢੰਗ ਨਾਲ ਪਾਲਣਾ ਪਵੇਗਾ। ਬੱਕਰੀ ਪਾਲਣ ਦਾ ਧੰਦਾ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਬੱਕਰੀਆਂ ਨੂੰ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਉਨ੍ਹਾਂ ਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਕੀਤੀ ਜਾਂਦੀ। ਜੇਕਰ ਇਸ ਕੰਮ ਵਿੱਚ ਥੋੜ੍ਹੀ ਜਿਹੀ ਵੀ ਕਮੀ ਜਾਂ ਲਾਪਰਵਾਹੀ ਹੁੰਦੀ ਹੈ ਤਾਂ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਜੇਕਰ ਸਭ ਕੁੱਝ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਇਹ ਕਾਰੋਬਾਰ ਤੁਹਾਨੂੰ ਕਰੋੜਾਂ ਰੁਪਏ ਵੀ ਦਿਲਾਵੇਗਾ। ਬੱਕਰੀ ਪਾਲਣ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਲਈ “ਯਦੁਵੰਸ਼ੀ ਗੋਟ ਫਾਰਮ” ਨਾਮ ਦਾ ਇੱਕ ਯੂਟਿਯੂਬ ਚੈਨਲ ਚਲਾਉਂਦੇ ਹਨ।

ਭਵਿੱਖ ਦਾ ਟੀਚਾ

ਨਰੇਂਦਰ ਅਤੇ ਲੋਕੇਸ਼ ਜ਼ਿਆਦਾ ਮੁਨਾਫਾ ਕਮਾਉਣ ਲਈ ਆਪਣੀਆਂ ਬੱਕਰੀਆਂ ਵਿਦੇਸ਼ਾਂ ਨੂੰ ਐਕਸਪੋਰਟ ਕਰਨਾ ਚਾਹੁੰਦੇ ਹਨ, ਜਿੱਥੇ ਕੀਮਤਾਂ ਬਹੁਤ ਜ਼ਿਆਦਾ ਹਨ। ਉਹ ਵਿਦੇਸ਼ਾਂ ਵਿੱਚ ਬੱਕਰੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਫਾਰਮ ਖੋਲ੍ਹਣ ਦੀ ਵੀ ਯੋਜਨਾ ਬਣਾ ਰਹੇ ਹਨ।

ਚੁਣੌਤੀਆਂ

ਇਸ ਵਿੱਚ ਮੁੱਖ ਚੁਣੌਤੀ ਮਜ਼ਦੂਰ ਦਾ ਪ੍ਰਬੰਧਨ ਹੈ। ਹਰ ਸਾਲ ਕੱਚਾ ਮਾਲ ਵਧਣ ਨਾਲ ਲਾਗਤ ਵੀ ਵੱਧ ਜਾਂਦੀ ਹੈ। ਪਹਿਲਾਂ ਉਨ੍ਹਾਂ ਨੂੰ ਬੱਕਰੀ ਪਾਲਣ ਦੀ ਮਾਰਕੀਟ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਜੋ ਨਰਿੰਦਰ ਅਤੇ ਲੋਕੇਸ਼ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸਥਾਪਿਤ ਕੀਤਾ ਸੀ।

ਸੰਦੇਸ਼

ਸੰਦੇਸ਼ ਇਹ ਹੈ ਕਿ ਕੋਈ ਵੀ ਪਸ਼ੂ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਬਰ ਰੱਖੋ ਅਤੇ ਸਹੀ ਸਿਖਲਾਈ ਲਓ। ਇਸ ਤੋਂ ਇਲਾਵਾ ਬੱਕਰੀ ਪਾਲਣ ਦੇ ਕਿੱਤੇ ਵਿੱਚ ਮੁਨਾਫ਼ਾ ਪ੍ਰਾਪਤ ਕਰਨ ਲਈ ਘੱਟੋ-ਘੱਟ 2 ਸਾਲ ਤੱਕ ਦਾ ਇੰਤਜ਼ਾਰ ਕਰੋ। ਆਪਣੇ ਖੇਤਰ ਅਤੇ ਉਥੋਂ ਦੀ ਮੰਡੀ ਵਿੱਚ ਮੰਗ ਅਨੁਸਾਰ ਨਸਲ ਦੀ ਚੋਣ ਕਰੋ, ਯਕੀਨੀ ਬਣਾਓ ਕਿ ਤੁਹਾਡੇ ਕੋਲ ਬੱਕਰੀਆਂ ਦੀ ਦੇਖਭਾਲ ਕਰਨ ਲਈ ਚੰਗੀ ਤਰ੍ਹਾਂ ਕੰਮ ਕਰਨ ਵਾਲੇ ਮਜ਼ਦੂਰ ਹਨ ਅਤੇ ਆਪਣਾ ਵੀ ਇਸ ਕੰਮ ਵਿੱਚ ਪੂਰਾ ਧਿਆਨ ਦਿਓ।

ਸੁਖਜਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਸ਼ੌਂਕ ਨੂੰ ਕਿੱਤੇ ਵਿੱਚ ਬਦਲ ਕੇ ਫਿਰ ਕਾਮਯਾਬ ਹੋਣਾ ਸਿੱਖੋ ਇਸ ਉੱਦਮੀ ਇਨਸਾਨ ਤੋਂ

ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹ ਅਜਿਹਾ ਵਿਲੱਖਣ ਕੰਮ ਕਰੇ ਜਿਸ ਨਾਲ ਉਸਦੀ ਪਹਿਚਾਣ ਕੰਮ ਤੋਂ ਹੀ ਕੀਤੀ ਜਾਵੇ, ਨਾ ਕਿ ਉਸ ਦੇ ਨਾਮ ਤੋਂ, ਕਿਉਂਕਿ ਇੱਕੋਂ ਨਾਮ ਵਾਲੇ ਤਾਂ ਬਹੁਤ ਹੁੰਦੇ ਹਨ। ਅਜਿਹੀ ਮਿਸਾਲ ਹਰ ਕੋਈ ਇਨਸਾਨ ਦੁਨੀਆਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ।

ਇਸ ਸਟੋਰੀ ਦੇ ਰਾਹੀਂ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਾਂ ਉਹ ਉਂਝ ਤਾਂ ਪਹਿਲਾ ਡੇਅਰੀ ਦਾ ਕਿੱਤਾ ਸੰਭਾਲਦੇ ਸਨ ਤੇ ਉਸ ਵਿੱਚ ਮੁਨਾਫ਼ਾ ਵੀ ਹੋ ਰਿਹਾ ਸੀ ਪਰ ਸ਼ੌਂਕ ਹੀ ਇੱਕ ਦਿਨ ਕਿੱਤਾ ਬਣ ਜਾਵੇਗਾ ਇਹ ਉਨ੍ਹਾਂ ਨੇ ਸੋਚਿਆ ਨਹੀਂ ਸੀ ਅਤੇ ਪੰਜਾਬੀ ਆਪਣੇ ਸ਼ੌਂਕ ਪੁਗਾਉਣ ਲਈ ਪੂਰੇ ਅੜਬ ਹੁੰਦੇ ਹਨ ਅਤੇ ਸ਼ੌਂਕ ਪੂਰਾ ਕਰਕੇ ਹੀ ਸਾਹ ਲੈਂਦੇ ਹਨ। ਅਜਿਹੇ ਹੀ ਸੁਖਜਿੰਦਰ ਸਿੰਘ, ਜੋ ਮੁਕਤਸਰ, ਪੰਜਾਬ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਵੈਸੇ ਹੀ ਸ਼ੌਂਕ ਸੀ ਕਿ ਕਿਉਂ ਨਾ ਘਰ ਵਿੱਚ ਸ਼ੌਂਕ ਦੇ ਤੌਰ ‘ਤੇ 2 ਤੋਂ 3 ਬੱਕਰੀਆਂ ਰੱਖ ਕੇ ਦੇਖਭਾਲ ਕੀਤੀ ਜਾਵੇ, ਇਸ ਸੰਬੰਧਿਤ ਉਨ੍ਹਾਂ ਨੇ ਬਰਬਰੀ ਜੋ ਕਿ ਦੇਖਣ ਬਹੁਤ ਸੋਹਣੀ ਨਸਲ ਹੈ, ਇੱਕ ਬੱਕਰਾ ਤੇ ਚਾਰ ਬੱਕਰੀਆਂ ਲੈ ਆਉਂਦੀਆਂ ਜਿਸ ਵਿਚ ਘਰ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ ਅਤੇ ਉਹ ਉਨ੍ਹਾਂ ਦੀ ਦੇਖਭਾਲ ਵਿੱਚ ਜੁੱਟ ਗਏ ਤੇ ਨਾਲ-ਨਾਲ ਆਪਣਾ ਡੇਅਰੀ ਦਾ ਕਿੱਤਾ ਵੀ ਸੰਭਾਲਦੇ ਰਹੇ।

ਇਸ ਦੌਰਾਨ ਹੀ ਜਦੋਂ ਉਹ ਬੱਕਰੀਆਂ ਦੀ ਦੇਖਭਾਲ ਕਰ ਰਹੇ ਸਨ ਤਾਂ ਬੱਕਰੀਆਂ ਦੇ ਸੂਣ ਤੋਂ ਜਦੋਂ ਉਸਦੇ ਬੱਚੇ ਥੋੜੇ ਵੱਡੇ ਹੋਏ ਤਾਂ ਲੋਕ ਜਿਵੇਂ ਦੇਖਣ ਦੇ ਲਈ ਆਉਂਦੇ ਸਨ ਉਹ ਉਨ੍ਹਾਂ ਤੋਂ ਬੱਚੇ ਲੈ ਕੇ ਜਾਣ ਲੱਗੇ ਕਿਉਂਕਿ ਬਰਸਬਰੀ ਨਸਲ ਦੀ ਬੱਕਰੀ ਦੇਖਣ ਵਿੱਚ ਇੰਨੀ ਜ਼ਿਆਦਾ ਬਹੁਤ ਸੋਹਣੀ ਅਤੇ ਪਿਆਰੀ ਲੱਗਦੀ ਹੈ ਕਿ ਦੇਖ ਕੇ ਹੀ ਖਰੀਦਣ ਦਾ ਮਨ ਕਰ ਜਾਂਦਾ ਸੀ ਅਤੇ ਜਿਸ ਨਾਲ ਬੱਕਰੀਆਂ ਦੇ ਬੱਚੇ ਵਿਕਣ ਲੱਗ ਗਏ। ਪਰ ਸੁਖਜਿੰਦਰ ਨੇ ਹਲੇ ਤੱਕ ਵੀ ਬੱਕਰੀਆਂ ਨੂੰ ਸ਼ੋਂਕ ਵਜੋਂ ਹੀ ਰੱਖ ਰਿਹਾ ਸੀ ਅਤੇ ਨਾ ਹੀ ਸੋਚਿਆ ਕਿ ਬੱਕਰੀ ਪਾਲਣ ਦਾ ਕਿੱਤਾ ਕਰਨਾ ਹੈ।

ਸਾਲ 2017 ਦੇ ਫਰਵਰੀ ਵਿਚ ਸ਼ੁਰੂ ਕੀਤੇ ਕੰਮ ਨੂੰ ਹੌਲੀ-ਹੌਲੀ ਕਰਦੇ ਫਾਰਮ ਵਿੱਚ ਬੱਕਰੀਆਂ ਦੀ ਤਦਾਦ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੇਖ ਭਾਲ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਵਿਚਾਰ ਕੀਤਾ ਕਿ ਡੇਅਰੀ ਫਾਰਮ ਵਿੱਚ ਘਾਟਾ ਕਿਉਂ ਪੈ ਰਿਹਾ ਹੈ ਕਿਉਂਕਿ ਜਿੰਨੀ ਉਹ ਬੱਕਰੀਆਂ ਦੀ ਦੇਖ ਭਾਲ ਕਰ ਰਹੇ ਸਨ ਉਸ ਤੋਂ ਕਿਤੇ ਹੀ ਜ਼ਿਆਦਾ ਡੇਅਰੀ ਫਾਰਮ ਵੱਲ ਧਿਆਨ ਦਿੰਦੇ ਸਨ ਅਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਦੁੱਧ ਦਾ ਸਹੀ ਮੁੱਲ ਨਹੀਂ ਸੀ ਮਿਲ ਰਿਹਾ।

ਫਿਰ ਉਨ੍ਹਾਂ ਨੇ ਥੋੜਾ ਸਮਾਂ ਸੋਚ ਵਿਚਾਰ ਕਰਕੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਡੇਅਰੀ ਫਾਰਮ ਦੇ ਕਿੱਤੇ ਨੂੰ ਘਟਾ ਕੇ ਬੱਕਰੀ ਪਾਲਣ ਦੇ ਫਾਰਮ ਨੂੰ ਵਧਾਉਣ ਬਾਰੇ ਸੋਚਿਆ ਅਤੇ 2-2 ਅਤੇ 4-4 ਕਰਕੇ ਉਹ ਵਾਧਾ ਕਰਨ ਲੱਗੇ ਜਿਸ ਨਾਲ ਉਨ੍ਹਾਂ ਦਾ ਬੱਕਰੀ ਪਾਲਣ ਦਾ ਕਿੱਤਾ ਸਹੀ ਤਰੀਕੇ ਨਾਲ ਚੱਲ ਪਿਆ ਜੋ ਕਿ ਉਨ੍ਹਾਂ ਨੂੰ ਮਿਹਨਤ ਕਰਦਿਆਂ ਨੂੰ 4 ਸਾਲ ਹੋ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਹੁਣ ਡੇਅਰੀ ਫਾਰਮ ਬੰਦ ਕਰਕੇ ਬੱਕਰੀ ਪਾਲਣ ਦੇ ਫਾਰਮ ਨੂੰ ਵਧਾ ਕੇ ਸਿਰਫ ਉਸ ਉੱਤੇ ਹੀ ਪੂਰਾ ਧਿਆਨ ਦੇ ਕੇ ਕੰਮ ਕਰਨਾ ਹੈ।

ਬੱਕਰੀ ਪਾਲਣ ਨੂੰ ਵਧਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2019 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਚਲੇ ਗਏ ਤਾਂ ਜੋ ਬੱਕਰੀ ਪਾਲਣ ਵਿੱਚ ਕਦੇ ਵੀ ਸਮੱਸਿਆ ਆਈ ਤਾਂ ਉਸਦਾ ਖੁਦ ਹੱਲ ਕਰ ਸਕੇ, ਜਿਸ ਵਿੱਚ ਬਿਮਾਰੀਆਂ, ਖਾਣ-ਪੀਣ ਅਤੇ ਰਹਿਣ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ।

ਸਾਲ 2019 ਵਿੱਚ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ ਅਤੇ ਜਾਣਕਾਰੀ ਇਕੱਠੀ ਕਰਕੇ ਬਰਬਰੀ ਨਸਲ ਨੂੰ ਛੱਡ ਕੇ ਬੀਟਲ ਨਸਲ ਦੀਆਂ ਬੱਕਰੀਆਂ ਲੈ ਆਏ ਜੋ ਕਿ 20 ਦੇ ਕਰੀਬ ਸਨ। ਉਨ੍ਹਾਂ ਦੀ ਘਰ ਆ ਕੇ ਚੰਗੇ ਤਰੀਕੇ ਨਾਲ ਦੇਖਭਾਲ ਕਰਨ ਲੱਗੇ ਅਤੇ ਉਨ੍ਹਾਂ ਦੀ ਬਰੀਡਿੰਗ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਜਿਸ ਤਰ੍ਹਾਂ ਲੋਕ ਉਨ੍ਹਾਂ ਕੋਲ ਪਹਿਲਾ ਹੀ ਬੱਕਰੀਆਂ ਹੀ ਲੈਣ ਆਉਂਦੇ ਸਨ ਉਨ੍ਹਾਂ ਕੋਲ ਹੁਣ ਹੋਰ ਜ਼ਿਆਦਾ ਤਦਾਦ ਵਿੱਚ ਲੋਕ ਬੱਕਰੀਆਂ ਲੈ ਕੇ ਜਾਣ ਲੱਗ ਗਏ ਜਿਸ ਨਾਲ ਉਨ੍ਹਾਂ ਨੂੰ ਮੁਨਾਫ਼ਾ ਹੋਣ ਲੱਗਾ ਅਤੇ ਮਾਰਕੀਟਿੰਗ ਹੋਣ ਲੱਗੀ, ਕਿਉਂਕਿ ਉਨ੍ਹਾਂ ਨੂੰ ਮਾਰਕੀਟਿੰਗ ਵਿੱਚ ਇਸ ਕਰਕੇ ਵੀ ਸਮੱਸਿਆ ਨਹੀਂ ਆਈ ਉਹ ਪਹਿਲਾ ਡੇਅਰੀ ਫਾਰਮ ਦਾ ਕੰਮ ਕਰਦੇ ਸਨ ਅਤੇ ਲੋਕ ਹਮੇਸ਼ਾਂ ਕੋਲ ਆਉਂਦੇ ਜਾਂਦੇ ਰਹਿੰਦੇ ਸਨ ਉਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੱਕਰੀ ਪਾਲਣ ਦਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੂੰ ਜਾਣਕਾਰੀ ਹੋ ਗਈ ਸੀ ਅਤੇ ਲੋਕ ਉਨ੍ਹਾਂ ਤੋਂ ਬੱਕਰੀਆਂ ਦੇ ਬੱਚੇ ਲੈ ਕੇ ਜਾਣ ਲੱਗ ਗਏ ਸੀ।

ਇਸ ਦੇ ਨਾਲ-ਨਾਲ ਉਹ ਮੰਡੀ ਵਿੱਚ ਵੀ ਬੱਕਰੀਆਂ ਲੈ ਕੇ ਜਾਂਦੇ ਅਤੇ ਉੱਥੇ ਵੀ ਮਾਰਕੀਟਿੰਗ ਕਰਦੇ ਇਸ ਤਰ੍ਹਾਂ ਕਰਦੇ-ਕਰਦੇ ਸਾਲ 2019 ਦੇ ਆਖਿਰ ਵਿਚ ਉਹ ਕਾਮਯਾਬ ਹੋਏ ਅਤੇ ਆਪਣੇ ਸ਼ੌਂਕ ਨੂੰ ਕਿੱਤੇ ਵਿੱਚ ਤਬਦੀਲ ਕਰਕੇ ਲੋਕਾਂ ਵਿੱਚ ਸ਼ੌਂਕ ਦੀ ਮਿਸਾਲ ਪੇਸ਼ ਕੀਤੀ ਕਿਉਂਕਿ ਜੇਕਰ ਤੁਹਾਡਾ ਸ਼ੌਂਕ ਹੀ ਤੁਹਾਡਾ ਕਿੱਤਾ ਬਣ ਗਿਆ ਤਾਂ ਤੁਹਾਨੂੰ ਕਦੇ ਵੀ ਅਸਫਲਤਾ ਵੱਲ ਦੇਖਣ ਦੀ ਲੋੜ ਨਹੀਂ ਪੈਣੀ।

ਅੱਜ ਉਹ ਆਪਣੇ ਫਾਰਮ ਵਿਖੇ ਹੀ ਮਾਰਕੀਟਿੰਗ ਕਰਕੇ ਬਹੁਤ ਮੁਨਾਫ਼ਾ ਕਮਾ ਰਹੇ ਹਨ।

ਭਵਿੱਖ ਦੀ ਯੋਜਨਾ

ਬੱਕਰੀ ਫਾਰਮ ਨੂੰ ਵਧਾ ਕੇ ਮਾਰਕੀਟਿੰਗ ਦਾ ਪ੍ਰਸਾਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਬੱਕਰੀ ਫਾਰਮਰਾਂ ਨੂੰ ਬੱਕਰੀਆਂ ਪੰਜਾਬ ਤੋਂ ਬਾਹਰੋਂ ਨਾ ਲੈ ਕੇ ਆਉਣੀਆਂ ਪਵੇ।

ਸੰਦੇਸ਼

ਜੇਕਰ ਕੋਈ ਨੌਜਵਾਨ ਬੱਕਰੀ ਪਾਲਣ ਦਾ ਕਿੱਤਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਬੱਕਰੀ ਪਾਲਣ ਦੀ ਟ੍ਰੇਨਿੰਗ ਅਤੇ ਸਾਰੀ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਕੋਈ ਮੁਸ਼ਕਿਲ ਵੀ ਆਉਂਦੀ ਹੈ ਉਸਦਾ ਹੱਲ ਕਰ ਸਕੇ।

ਬਲਵਿੰਦਰ ਮਾਨ

ਪੂਰੀ ਕਹਾਣੀ ਪੜ੍ਹੋ

9 ਬੱਕਰੀਆਂ ਤੋਂ ਕੀਤਾ ਸੀ ਸ਼ੁਰੂ ਅੱਜ ਹਨ ਮਸ਼ਹੂਰ ਬੱਕਰੀਆਂ ਦੀ ਤੁੰਗਵਾਲੀ ਮੰਡੀ ਦੇ ਮਾਲਿਕ

ਉਤਾਰ-ਚੜ੍ਹਾਵ ਹਰ ਕਿਸੇ ਦੀ ਜ਼ਿੰਦਗੀ ਵਿੱਚ ਨਹੀਂ ਆਉਂਦੇ ਅਤੇ ਇਹਨਾਂ ਉਤਾਰ-ਚੜ੍ਹਾਵ ਕਰਕੇ ਹੀ ਇਨਸਾਨ ਹਮੇਸ਼ਾਂ ਕਾਮਯਾਬੀ ਦੀਆਂ ਲੀਹਾਂ ਉੱਤੇ ਚੱਲ ਕੇ ਕਾਮਯਾਬੀ ਪ੍ਰਾਪਤ ਕਰਦਾ ਹੈ, ਜੋ ਉਸਦੇ ਰਾਹਾਂ ‘ਤੇ ਪਹਿਲਾਂ ਰੁਕਾਵਟਾਂ ਬਣ ਕੇ ਖੜਦੀਆਂ ਸਨ ਬਾਅਦ ਵਿੱਚ ਉਹ ਰੁਕਾਵਟਾਂ ਉਸ ਦੀ ਕਾਮਯਾਬੀ ਦਾ ਸਿਰ ਦਾ ਸਿਹਰਾ ਬਣਦੀਆਂ ਹਨ। ਇਸ ਲਈ ਇਨਸਾਨ ਨੂੰ ਹਮੇਸ਼ਾਂ ਆਪਣਾ ਹੌਂਸਲਾ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਿਲ ਆ ਜਾਵੇ, ਹੱਸਦਿਆਂ ਹੋਇਆ ਮੁਕਾਬਲਾ ਕਰਨਾ ਚਾਹੀਦਾ ਹੈ।

ਇੱਕ ਇਨਸਾਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਾਮਯਾਬੀ ਤਾਂ ਬਹੁਤ ਪ੍ਰਾਪਤ ਕੀਤੀ ਪਰ ਹੁਣ ਤੱਕ ਰੁਕਾਵਟਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਔਕੜਾਂ ਇਸ ਕਦਰ ਉਹਨਾਂ ਪਿੱਛੇ ਹੱਥ ਧੋ ਕੇ ਪਈਆਂ ਹਨ ਜਿਵੇਂ ਪਿਛਲੇ ਜਨਮ ਦਾ ਕੋਈ ਸੰਬੰਧ ਹੋਵੇ। ਉਹਨਾਂ ਦਾ ਨਾਮ ਬਲਵਿੰਦਰ ਮਾਨ, ਜੋ ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਅਤੇ ਤੁੰਗਵਾਲੀ ਦੀ ਮਸ਼ਹੂਰ ਬੱਕਰੀਆਂ ਦੀ ਮੰਡੀ ਦੇ ਮਾਲਿਕ ਹਨ ਜਿਨ੍ਹਾਂ ਨੇ ਤੁੰਗਵਾਲੀ ਵਿੱਚ ਛੋਟੇ ਪੱਧਰ ਤੇ ਸ਼ੁਰੂ ਕੀਤੀ ਮੰਡੀ ਨੂੰ ਜਿਸ ਦੇ ਅੱਜ ਕਲ ਪੂਰੇ ਪੰਜਾਬ ਦੇ ਨਾਲ ਹੋਰ ਕਈ ਰਾਜਾਂ ਦੇ ਵਿੱਚ ਚਰਚੇ ਹਨ, ਜੋ ਕਿ ਉਹਨਾਂ ਦੇ ਮਿਹਨਤ ਦੇ ਸਦਕਾ ਸਭ ਕੁਝ ਸੰਭਵ ਹੋਇਆ ਹੈ।

ਸਾਲ 1990 ਦੀ ਗੱਲ ਹੈ ਜਦੋਂ ਬਲਵਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਸੋਚਿਆ ਕਿ ਕੰਮ ਕੀ ਕੀਤਾ ਜਾਵੇ, ਪਰ ਕੁਝ ਸਮਝ ਨਹੀਂ ਆ ਰਿਹਾ ਸੀ, ਪਰ ਉੱਚੀ ਸੋਚ ਦੇ ਰਹਿਣੀ-ਬਹਿਣੀ ਦੇ ਮਾਲਿਕ ਹੋਣ ਕਰਕੇ ਹਮੇਸ਼ਾਂ ਕੁਝ ਨਾ ਕੁਝ ਅਜਿਹਾ ਸੋਚਦੇ ਸਨ ਜਿਸ ਨਾਲ ਕਿ ਪਹਿਚਾਣ ਉਨ੍ਹਾਂ ਦੇ ਨਾਮ ਨਾਲ ਨਹੀਂ ਸਗੋਂ ਕੰਮ ਨਾਲ ਬਣੇ। ਫਿਰ ਸੋਚਿਆ ਅਜਿਹਾ ਕੀ ਕੀਤਾ ਜਾ ਸਕਦਾ ਹੈ, ਉਸ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਫਲਸਵਰੂਪ ਮਧੂ ਮੱਖੀ ਪਾਲਣ ਦੇ ਬਾਰੇ ਵਿੱਚ ਪਤਾ ਲੱਗਾ ਅਤੇ ਉਨ੍ਹਾਂ ਨੇ ਮਧੂ ਮੱਖੀ ਪਾਲਣ ਦਾ 1992 ਵਿੱਚ ਕਿੱਤਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹਾ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਕਿੱਤਾ ਸਫਲਤਾਪੂਰਵਕ ਚੱਲ ਪਿਆ ਅਤੇ ਮੁਨਾਫ਼ਾ ਕਮਾਉਣ ਲੱਗੇ ਇਸ ਦੌਰਾਨ ਸ਼ੁਰੂ-ਸ਼ੁਰੂ ਵਿੱਚ ਸ਼ਹਿਦ ਵੀ ਬਣਾ ਕੇ ਵੇਚਣ ਲੱਗ ਗਏ, ਜਿਸ ਦਾ ਮੰਡੀਕਰਨ ਆਪਣੇ ਜ਼ਿਲ੍ਹੇ ਵਿਖੇ ਹੀ ਕਰਨ ਲੱਗੇ।

ਇਸ ਤੋਂ ਬਾਅਦ ਇੱਥੇ ਹੀ ਨਹੀਂ ਰੁਕੇ ਅਤੇ ਸੋਚਿਆ ਇਸ ਦੇ ਨਾਲ-ਨਾਲ ਕੋਈ ਹੋਰ ਸਹਾਇਕ ਧੰਦਾ ਵੀ ਅਪਣਾਇਆ ਜਾਵੇ ਅਤੇ ਇੰਟੀਗ੍ਰੇਟਿਡ ਫਾਰਮਿੰਗ ਦੇ ਰੁਝਾਨ ਨੂੰ ਅੱਗੇ ਲੈ ਕੇ ਆਇਆ ਜਾਵੇ, ਇਸ ਮਕਸਦ ਨਾਲ ਸਫਲਾਪੁਰਵਕ ਚਲ ਰਹੇ ਮਧੂ ਮੱਖੀ ਪਾਲਣ ਦੇ ਨਾਲ ਡੇਅਰੀ ਫਾਰਮਿੰਗ ਦਾ ਕਿੱਤਾ ਛੋਟੇ ਪੱਧਰ ‘ਤੇ ਸ਼ੁਰੂ ਕਰ ਲਿਆ ਅਤੇ ਹੋਲੀ ਹੋਲੀ ਉਸ ਵਿਚ ਵਿਸਤਾਰ ਕਰਨ ਲੱਗੇ ਜਿਵੇਂ ਜਿਵੇਂ ਮੁਨਾਫ਼ਾ ਹੁੰਦਾ ਗਿਆ, ਪਰ ਜਿਵੇਂ ਹੀ ਸਫਲਤਾ ਦੀ ਲੀਹ ਉੱਤੇ ਚੱਲੇ, ਨਾਲ ਹੀ ਪਿੱਛੋਂ ਆ ਕੇ ਮੁਸ਼ਕਿਲਾਂ ਨੇ ਉਨ੍ਹਾਂ ਦਾ ਹੱਥ ਫੜ ਲਿਆ ਜਿਸ ਨਾਲ ਕੀ ਹੋਇਆ ਡੇਅਰੀ ਫਾਰਮਿੰਗ ਵਿਚ 4 ਤੋਂ 5 ਲੱਖ ਦੇ ਕਰੀਬ ਸਾਲ 2002 ਵਿਚ ਨੁਕਸਾਨ ਹੋਇਆ, ਜਿਸ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਏ ਅਤੇ ਦਿਨ ਰਾਤ ਇਹੀ ਸੋਚਦੇ ਸੋਚਦੇ ਚਿੰਤਾ ਵਿੱਚ ਰਹਿੰਦੇ ਸਨ। ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਜੇ ਇਸ ਤਰ੍ਹਾਂ ਹੀ ਟੁੱਟ ਕੇ ਬਹਿ ਗਿਆ ਤਾਂ ਮੱਖੀ ਪਾਲਣ ਦਾ ਕਿਵੇਂ ਕੰਮ ਚੱਲੇਗਾ, ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕੀਤਾ ਅਤੇ ਸਾਰਾ ਧਿਆਨ ਮਧੂ ਮੱਖੀ ਪਾਲਣ ਉੱਤੇ ਕੇਂਦਰਿਤ ਕਰ ਦਿੱਤਾ।

ਉਹ ਆਪਣੇ ਕੰਮ ਨਾਲ ਬਹੁਤ ਜ਼ਿਆਦਾ ਖੁਸ਼ ਸਨ ਕਿ ਬਹੁਤਾਤ ਵਿੱਚ ਉਨ੍ਹਾਂ ਕੋਲ ਮੱਖੀਆਂ ਹਨ ਅਤੇ ਵਧੀਆ ਕੀਮਤ ਉੱਤੇ ਸ਼ਹਿਦ ਵਿਕ ਰਿਹਾ ਹੈ, ਜਿਸ ਵਿੱਚ ਸਰਸੋਂ, ਕਿੱਕਰ, ਸਫੈਦਾ ਦਾ ਸ਼ਹਿਦ ਫਰੈਂਡਸ ਨਾਮ ਦੇ ਬ੍ਰੈਂਡ ਤੋਂ ਵੇਚਦੇ ਸਨ। ਪਰ ਮੁਸ਼ਕਿਲਾਂ ਇਸ ਕਦਰ ਹੱਥ ਧੋ ਕੇ ਪਈਆਂ ਸਨ ਕਿ ਇਸ ਬੰਦੇ ਨੂੰ ਬਸ ਹਰਾਉਣਾ ਹੀ ਹੈ ਇਸ ਨੂੰ ਕੋਈ ਕੰਮ ਨਹੀਂ ਕਰਨ ਦੇਣਾ, ਤਾਂ ਹੋਇਆ ਕੀ ਸਾਲ 2004 ਵਿੱਚ 45 ਤੋਂ 46 ਲੱਖ ਦੇ ਕਰੀਬ ਮੱਖੀਆਂ ਦੀ ਚੋਰੀ ਹੋ ਗਈ ਜੋ ਕਿ ਰੂਹ ਨੂੰ ਝੰਝੋੜ ਦੇਣ ਵਾਲਾ ਨੁਕਸਾਨ ਸੀ ਬਸ ਜਿੱਥੇ ਆ ਕੇ ਕੋਈ ਵੀ ਇਨਸਾਨ ਆਪਣੇ ਆਪ ਨਾਲ ਕੁਝ ਵੀ ਕਰ ਸਕਦਾ ਸੀ, ਪਰ ਬਲਵਿੰਦਰ ਜੀ ਇੰਨੇ ਹਿੰਮਤੀ ਇਨਸਾਨ ਕਿ ਹੋਂਸਲਾ ਨਾ ਛਡਿਆ ਅਤੇ ਕਿਹਾ ਜੇਕਰ ਮੁਸ਼ਕਿਲਾਂ ਰਾਸਤਾ ਘੇਰਦੀਆਂ ਹਨ ਤਾਂ ਕੋਈ ਨਹੀਂ ਘੇਰ ਲਵੇ ਆਪਣੇ ਮੇਹਨਤ ਦੇ ਨਾਲ ਇਸਨੂੰ ਹਰਾਉਣਾ ਹੈ। ਉਸ ਦਿਨ ਆਪ ਨਾਲ ਵਾਅਦਾ ਕਰ ਲਿਆ ਅਤੇ ਵਾਅਦੇ ਉੱਤੇ ਦ੍ਰਿੜ ਰਹੇ।

ਇਸ ਵਾਰ ਫਿਰ ਕੁਝ ਨਵਾਂ ਕਰਨ ਬਾਰੇ ਸੋਚਿਆ, ਜਿਸ ਬਾਰੇ ਪਹਿਲਾ ਹੀ ਬਹੁਤ ਰਿਸਰਚ ਕਰ ਚੁੱਕੇ ਸਨ, ਪਰ ਸਮਾਂ ਨਹੀਂ ਮਿਲ ਰਿਹਾ ਸੀ ਕਿਵੇਂ ਸ਼ੁਰੂ ਕੀਤਾ ਜਾ ਸਕੇ। ਜਦੋਂ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਸਨ ਤਾਂ ਕਈ ਦਿਨ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ ਜਿਸ ਦੌਰਾਨ ਉਹ ਕਈ ਵਾਰ ਰਾਜਸਥਾਨ ਗਏ ਤਾਂ ਓਥੇ ਕੀ ਦੇਖਦੇ ਹਨ ਬਹੁਤ ਸਾਰੇ ਲੋਕ ਬੱਕਰੀ ਪਾਲਣ ਦਾ ਕੰਮ ਕਰ ਰਹੇ ਸਨ ਜਿਸ ਬਾਰੇ ਜਾਨਣ ਦੀ ਇੱਛਾ ਉਨ੍ਹਾਂ ਦੇ ਅੰਦਰ ਰਹਿੰਦੀ ਸੀ ਅਤੇ ਬੱਕਰੀ ਪਾਲਣ ਉੱਤੇ ਨਾਲ ਨਾਲ ਰਿਸਰਚ ਕਰਨ ਲੱਗੇ।

ਉਨ੍ਹਾਂ ਨੂੰ ਕੀ ਪਤਾ ਸੀ ਇਹ ਜਾਣਕਾਰੀ ਕਦੇ ਨਾ ਕਦੇ ਕੰਮ ਆਵੇਗੀ, ਪਰ ਕਹਿੰਦੇ ਹਨ, ਪਰਮਾਤਮਾ ਕਿਸੇ ਦਾ ਬੁਰਾ ਨਹੀਂ ਕਰਦਾ, ਜੇਕਰ ਕੁਝ ਖੋਂਹਦਾ ਵੀ ਹੈ ਤਾਂ ਵਾਪਿਸ ਦੋਗਣਾ ਕਰਕੇ ਝੋਲੀ ਵਿੱਚ ਪਾਉਂਦਾ ਹੈ। ਫਿਰ ਬਹੁਤ ਫਾਰਮਾਂ ਦੇ ਚੱਕਰ ਲਗਾਏ ਅਤੇ 9 ਬੱਕਰੀਆਂ ਦੇ ਨਾਲ ਆਪਣਾ ਇਕ ਛੋਟਾ ਜਿਹਾ ਫਾਰਮ ਸ਼ੁਰੂ ਕੀਤਾ ਜਿੱਥੇ ਸਭ ਤੋਂ ਪਹਿਲਾ ਬੀਟਲ ਬੱਕਰੀ ਦੀ ਨਸਲ ਰੱਖੀ ਅਤੇ ਦੇਖਭਾਲ ਕਰਨ ਲੱਗੇ, ਉਨ੍ਹਾਂ ਨੇ ਸੋਚਿਆ ਕਿ 9 ਬੱਕਰੀਆਂ ਨਾਲ ਤਾਂ ਜ਼ਿੰਦਗੀ ਲੰਘਣੀ ਨਹੀਂ ਕਿਉਂ ਨਾ ਫਾਰਮ ਨੂੰ ਵੱਡੇ ਪੱਧਰ ਤੇ ਕਰਕੇ ਹੋਰ ਬੱਕਰੀਆਂ ਲੈ ਕੇ ਆਈਆਂ ਜਾਵੇ, ਜਿਸ ਵਿੱਚ ਉਨ੍ਹਾਂ ਨੇ ਬੱਕਰੀਆਂ ਨੂੰ ਅਲਗ-ਅਲਗ ਥਾਵਾਂ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਬੀਟਲ ਦੇ ਨਾਲ ਬਰਬਰੀ ਨਸਲ ਵੀ ਆਪਣੇ ਫਾਰਮ ਵਿਖੇ ਰੱਖ ਲਈਆਂ ਜਿਸ ਦੇ ਬਾਰੇ ਵਿੱਚ ਪਿੰਡ ਵਿੱਚ ਅਤੇ ਨੇੜਲੇ ਲੱਗਦੇ ਪਿੰਡਾਂ ਵਿੱਚ ਉਨ੍ਹਾਂ ਬਾਰੇ ਗੱਲ ਫੈਲ ਗਈ ਤੇ ਲੋਕ ਬੱਕਰੀਆਂ ਖਰੀਦਣ ਦੇ ਲਈ ਆਉਣ ਲੱਗੇ ਉਹਨਾਂ ਦੀ ਮਾਰਕੀਟਿੰਗ ਪਹਿਲਾ ਮਧੂ ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਕਰਕੇ ਬਣੀ ਹੋਈ ਸੀ ਜਿਸ ਨਾਲ ਦੁਬਾਰਾ ਮਾਰਕੀਟਿੰਗ ਵਿੱਚ ਬਹੁਤ ਔਖ ਨਾ ਆਈ ਅਤੇ ਕੰਮ ਸਫਲਤਾ ਪੂਰਵਕ ਚਲ ਗਿਆ ਜਿਸ ਵਿੱਚ ਸਾਥ ਪਰਿਵਾਰ ਵਾਲੇ ਅਤੇ ਨਾਲ ਜੋ ਕੰਮ ਕਰਨ ਨੂੰ ਬੰਦੇ ਰੱਖੇ ਹੋਏ ਨੇ ਉਹ ਦੇ ਰਹੇ ਹਨ, ਇਹ 9 ਬੱਕਰੀਆਂ ਤੋਂ ਸ਼ੁਰੂ ਹੋ ਕੇ ਕੰਮ 2017 ਆਉਂਦੇ ਆਉਂਦੇ 250 ਬੱਕਰੀਆਂ ਦਾ ਇਕ ਵੱਡਾ ਫਾਰਮ ਸਥਾਪਿਤ ਕਰ ਲਿਆ ਪਰ ਬਲਵਿੰਦਰ ਹਲੇ ਵੀ ਕਿੱਥੇ ਪਿੱਛੇ ਹਟਣ ਵਾਲੇ ਸੀ ਫਿਰ ਤੁੰਗਵਾਲੀ ਵਿਖੇ ਆਪਣੇ ਫਾਰਮ ਤੋਂ ਇਲਾਵਾ ਇਕ ਆਪਣੇ ਪੱਧਰ ‘ਤੇ ਬੱਕਰੀਆਂ ਦੀ ਮੰਡੀ ਸਥਾਪਿਤ ਕਰ ਦਿੱਤੀ ਉਹ ਮੰਡੀ ਇਸ ਕਰਕੇ ਲਗਾਉਣੀ ਪਈ ਕਿਉਂਕਿ ਅਕਸਰ ਬੱਕਰੀਆਂ ਖਰੀਦਣ ਦੇ ਲਈ ਬਾਹਰ ਬਹੁਤ ਥਾਵਾਂ ਤੇ ਜਾਣਾ ਪੈਂਦਾ ਸੀ ਤੇ ਖਰਚਾ ਬਹੁਤ ਆਉਂਦਾ ਸੀ ਜਿਸ ਦਾ ਹੱਲ ਆਪਣੇ ਪਿੰਡ ਵਿਖੇ ਮੰਡੀ ਖੋਲ ਕੇ ਕਰ ਦਿੱਤਾ। ਜਦੋਂ ਮੰਡੀ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਲੋਕ ਹੋਲੀ ਹੋਲੀ ਕਰਕੇ ਬੱਕਰੀਆਂ ਖਰੀਦਣ ਦੇ ਲਈ ਆਉਣ ਲੱਗੇ ਅਤੇ ਹੋਰ ਵੱਖ-ਵੱਖ ਬੱਕਰੀ ਪਾਲਕ ਆਪਣੀਆਂ ਬੱਕਰੀਆਂ ਲੈ ਕੇ ਮੰਡੀ ਵਿੱਚ ਵੇਚਣ ਲਈ ਆਉਣ ਲੱਗੇ ਅਤੇ ਮੰਡੀ ਸਫਲਤਾਪੂਰਵਕ ਬਹੁਤ ਹੀ ਘਟ ਸਮੇਂ ਵਿੱਚ ਤੇਜ ਰਫਤਾਰ ਨਾਲ ਚਲਣ ਲੱਗੀ ਅਤੇ ਉਸ ਦਿਨ ਸਫਲਤਾ ਖੁਦ ਚਲ ਕੇ ਝੋਲੀ ਪਈ।

ਅੱਜ ਤੁੰਗਵਾਲੀ ਮੰਡੀ ਵਿਖੇ ਬੱਕਰੀਆਂ ਦਾ ਮੇਲਾ ਜੋ ਕਿ ਮਹੀਨੇ ਦੇ ਹਰ ਵੀਰਵਾਰ ਨੂੰ ਬਹੁਤ ਵੱਡੇ ਪੱਧਰ ‘ਤੇ ਜਿਸ ਵਿੱਚ ਲੱਖਾਂ ਦੀ ਕੀਮਤ ਦੇ ਹਿਸਾਬ ਨਾਲ ਬੱਕਰਿਆਂ ਦੀ ਵਿਕਰੀ ਕੀਤੀ ਜਾਂਦੀ ਹੈ ਜਿਸ ਦੇ ਚਰਚੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਹੋਰ ਰਾਜਾਂ ਦੇ ਵਿੱਚ ਬਹੁਤ ਹਨ ਅਤੇ ਬਲਵਿੰਦਰ ਜੀ ਨੂੰ ਹੋਰ ਬੱਕਰੀ ਪਾਲਕਾਂ ਦੇ ਆਪਣੀ ਮੰਡੀ ਖੋਲਣ ਦੇ ਫੋਨ ਆਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਲਾਹਾਂ ਦਿੰਦੇ ਹਨ।

ਬਲਵਿੰਦਰ ਮਾਨ ਤੁੰਗਵਾਲੀ ਮੰਡੀ ਦੇ ਇਕੱਲੇ ਮਾਲਿਕ ਹਨ ਜਿਨ੍ਹਾਂ ਨੇ ਆਪਣੇ ਪੱਧਰ ਤੇ ਮੰਡੀ ਸਥਾਪਿਤ ਕੀਤੀ ਅਤੇ ਸਫਲਤਾਪੂਰਵਕ ਨਾਲ ਚਲ ਰਹੀ ਹੈ ਜਿਸ ਨੂੰ ਦੇਖ ਅੱਜ ਉਹ ਉਨ੍ਹਾਂ ਮੁਸ਼ਕਿਲਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਹਮੇਸ਼ਾ ਉਸਨੂੰ ਹਰ ਵਾਰੀ ਹਰਾਇਆ ਸੀ ਕਿ ਜੇਕਰ ਤੂੰ ਵਾਰ-ਵਾਰ ਨਾ ਹਰਾਉਂਦੀ ਤਾਂ ਅੱਜ ਮੰਡੀ ਦੇ ਮਾਲਿਕ ਨਹੀਂ ਹੋਣਾ ਸੀ।

ਭਵਿੱਖ ਦੀ ਯੋਜਨਾ

ਉਹ ਆਪਣੇ ਫਾਰਮ ਨੂੰ ਹੋਰ ਵੱਡੇ ਪੱਧਰ ਤੇ ਵਿਸਤਾਰ ਤਾਂ ਕਰਨਾ ਹੀ ਚਾਹੁੰਦੇ ਹਨ ਪਰ ਨਾਲ-ਨਾਲ ਬੱਕਰੀਆਂ ਦਾ ਦੁੱਧ ਦੀ ਮੰਡੀ ਵਿਲੱਖਣ ਤੌਰ ‘ਤੇ ਲਗਾਉਣਾ ਚਾਹੁੰਦੇ ਹਨ ਤਾਂ ਜੋ ਜਿਵੇਂ ਡੇਅਰੀ ਫਾਰਮਿੰਗ ਨੂੰ ਮਹੱਤਤਾ ਮਿਲ ਰਹੀ ਹੈ, ਉਸ ਤਰ੍ਹਾਂ ਬੱਕਰੀ ਪਾਲਣ ਦੇ ਮਹੱਤਤਾ ਨੂੰ ਵਧਾਇਆ ਜਾਵੇ।

ਸੰਦੇਸ਼

ਬਲਵਿੰਦਰ ਜੀ ਅਨੁਸਾਰ ਇਕ ਵਿਦਿਆਰਥੀ ਵੀ ਬੱਕਰੀ ਪਾਲਣ ਦਾ ਕਿੱਤਾ ਸਫਲਤਾ ਪੂਰਵਕ ਚਲਾ ਸਕਦਾ ਹੈ ਅਤੇ ਆਪਣੇ ਪੜ੍ਹਾਈ ਦਾ ਪੂਰਾ ਖਰਚਾ ਖੁਦ ਉਠਾ ਸਕਦਾ ਹੈ।

ਹਰਭਜਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਜੋ ਇੱਕ ਫਾਰਮ ਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰਨ ਵਿੱਚ ਸਫਲ ਹੋਇਆ, ਜਿਸ ਕਾਰਨ ਦੂਜੇ ਕਿਸਾਨਾਂ ਦੁਆਰਾ ਉਸ ਨੂੰ ਕਿਸਾਨਾਂ ਦਾ ਸ਼ਕਤੀਮਾਨ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ

ਇਸ ਤੇਜ਼ੀ ਨਾਲ ਬਦਲਦੀ ਹੋਈ ਦੁਨੀਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵਿਭਿੰਨਤਾ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਨੂੰ ਅਪਣਾਉਣਾ ਅੱਜ-ਕੱਲ੍ਹ ਬਹੁਤ ਹੋ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੁਨੀਆਂ ਵਿੱਚ ਹਰ ਇਨਸਾਨ ਕੁੱਝ ਵੱਖਰਾ ਕਰਨ ਦੇ ਲਈ ਆਇਆ ਹੈ, ਹਾਲਾਂਕਿ ਕੁੱਝ ਲੋਕ ਹਨ ਅਜਿਹੇ ਹੁੰਦੇ ਹਨ ਜੋ ਪਰਿਵਰਤਨ ਕਰਨ ਤੋਂ ਡਰਦੇ ਹਨ, ਜਿਸ ਕਾਰਨ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਖ਼ਿਆਲ ਤੋਂ ਹਮੇਸ਼ਾਂ ਡਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਪਹਿਚਾਣ ਕੇ ਦੁਨੀਆਂ ਬਦਲਣ ਦੀ ਰਾਹ ਉੱਤੇ ਅਗਾਂਹ ਵੱਧਦੇ ਜਾਂਦੇ ਹਨ ਅਤੇ ਉੱਚੀਆਂ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਨ।

ਇਹ ਕਹਾਣੀ ਇੱਕ ਅਜਿਹੇ ਹੀ ਇਨਸਾਨ ਦੀ ਹੈ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਪਿਛਲੇ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੇ ਇੱਕ ਕਿਸਾਨ ਹਰਭਜਨ ਸਿੰਘ ਜੀ ਖੇਤੀ ਦੇ ਤਰੀਕਿਆਂ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੀ 11 ਕਿੱਲੇ ਜ਼ਮੀਨ ਉੱਪਰ ਸਫ਼ਲਤਾਪੂਰਵਕ ਫਾਰਮ ਚਲਾ ਰਹੇ ਹਨ, ਜਿੱਥੇ ਉਹ ਮੁਰਗੀ ਪਾਲਣ, ਬੱਕਰੀ ਪਾਲਣ ਦੇ ਨਾਲ-ਨਾਲ ਬਟੇਰ ਪਾਲਣ ਦਾ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ 55 ਏਕੜ ਪੰਚਾਇਤੀ ਜ਼ਮੀਨ ਵੀ ਕਿਰਾਏ ਉੱਤੇ ਲਈ ਹੋਈ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕਰਦੇ ਹਨ।

ਹਰਭਜਨ ਜੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸਾਲ 1981 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਇੱਕ ਮਕੈਨੀਕਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਲੱਗ ਗਏ ਤੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖੇਤੀ ਵਿੱਚ ਵੀ ਮਦਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਨੇ ਮੱਛੀ ਪਾਲਣ ਕਰਨ ਬਾਰੇ ਸਲਾਹ ਦਿੱਤੀ, ਇਸ ਤੋਂ ਬਾਅਦ ਇਸ ਕਿੱਤੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਮੱਛੀ ਪਾਲਣ ਕਰਨ ਦੇ ਲਈ ਪਿੰਡ ਦੇ ਤਾਲਾਬ ਨੂੰ ਕਿਰਾਏ ‘ਤੇ ਲੈ ਲਿਆ।

ਮੱਛੀ ਪਾਲਣ ਦੇ ਕਿੱਤੇ ਤੋਂ ਮੈਂ ਕਾਫੀ ਮੁਨਾਫ਼ਾ ਕਮਾਇਆ ਅਤੇ ਖੁਦ ਦੀ ਜ਼ਮੀਨ ਦੇ ਉੱਪਰ ਇਹ ਕੰਮ ਕਰਨ ਦਾ ਫੈਸਲਾ ਕਰ ਲਿਆ-ਹਰਭਜਨ ਸਿੰਘ

ਇਸ ਕੰਮ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ, ਇਸ ਲਈ ਸਾਲ 1995 ਵਿਚ ਪੰਜਾਬ ਰਾਜ ਮੱਛਲੀ ਪਾਲਣ ਬੋਰਡ ਮਾਨਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਅਤੇ ਆਪਣੀ ਜ਼ਮੀਨ ਉੱਤੇ ਹੋਰ ਵਧੀਆ ਤਰੀਕੇ ਨਾਲ ਮੱਛਲੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ 2 ਏਕੜ ਜ਼ਮੀਨ ਵਿਚ ਤਾਲਾਬ ਤਿਆਰ ਕਰਵਾਇਆ ਅਤੇ 2 ਏਕੜ ਜ਼ਮੀਨ ਵੀ ਖਰੀਦ ਲਈ ਜੋ ਉਨ੍ਹਾਂ ਦੇ ਤਾਲਾਬ ਦੇ ਨੇੜੇ ਲੱਗਦੀ ਸੀ। ਜਿਸ ਨਾਲ ਮੱਛੀ ਉਤਪਾਦਨ 6 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਉਤਪਾਦਨ ਵਧਾਉਣ ਦੇ ਲਈ ਸੈਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਭੁਵਨੇਸ਼ਵਰ, ਉੜੀਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕਰ ਲਿਆ ਅਤੇ ਮੱਛੀ ਦੀਆਂ 6 ਨਵੀਆਂ ਨਸਲਾਂ (ਰੋਹੁ, ਕਤਲਾ, ਮੁਰਾਖ, ਗ੍ਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ) ਅਤੇ ਨਾਲ ਹੀ 3 ਏਰੀਏਟਰ ਵੀ ਖਰੀਦ ਲਏ। ਏਰੀਏਟਰ ਖਰੀਦਣ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ 50 % ਸਬਸਿਡੀ ਵੀ ਮਿਲੀ। ਏਰੀਏਟਰ ਦੇ ਇਸਤੇਮਾਲ ਦੇ ਨਾਲ ਮੱਛੀ ਉਤਪਾਦਨ ਵੱਧ ਕੇ 8 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਮੈਨੂੰ ਸਰਕਾਰੀ ਹੈਚਰੀ ਤੋਂ ਮੱਛੀ ਦਾ ਬੀਜ ਖਰੀਦਣਾ ਪਿਆ, ਜੋ ਕਿ ਮੇਰੇ ਲਈ ਇੱਕ ਮਹਿੰਗਾ ਸੌਦਾ ਸੀ, ਇਸ ਕਰਕੇ ਮੈਂ ਆਪਣੀ ਖੁਦ ਦੀ ਹੈਚਰੀ ਤਿਆਰ ਕਰਨ ਦਾ ਫੈਸਲਾ ਕਰ ਲਿਆ- ਹਰਭਜਨ ਸਿੰਘ

ਮੱਛੀ ਪਾਲਣ ਦੇ ਨਾਲ-ਨਾਲ ਮੱਛੀ ਦਾ ਬੀਜ ਤਿਆਰ ਕਰਨ ਦੇ ਲਈ ਇੱਕ ਹੈਚਰੀ ਤਿਆਰ ਕੀਤੀ ਕਿਉਂਕਿ ਉਨ੍ਹਾਂ ਨੂੰ ਦੂਜੀ ਹੈਚਰੀ ਤੋਂ ਬੀਜ ਮਹਿੰਗਾ ਪੈ ਰਿਹਾ ਸੀ। ਆਮ ਤੌਰ ‘ਤੇ ਹੈਚਰੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਹਰਭਜਨ ਸਿੰਘ ਜੀ ਨੇ ਇੱਕ ਵੱਡੇ ਨਿਵੇਸ਼ ਦੇ ਨਾਲ ਖੁਦ ਦੀ ਹੈਚਰੀ ਤਿਆਰ ਕੀਤੀ। ਹੈਚਰੀ ਹੋਣ ਦੇ ਨਾਲ ਇੱਕ ਨਕਲੀ ਮੀਂਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਹੈਚਰੀ ਵਿੱਚ ਇੱਕ ਉਂਗਲ ਦੇ ਆਕਾਰ ਜਿੰਨੇ 20 ਲੱਖ ਤੋਂ ਵੀ ਜ਼ਿਆਦਾ ਮੱਛੀ ਦੇ ਬੱਚੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਬੀਜ ਦੇ ਹਿਸਾਬ ਨਾਲ ਵੇਚਿਆ।

ਸਮਾਂ ਲੰਘਦਾ ਗਿਆ ਅਤੇ ਹਰਭਜਨ ਜੀ ਨੇ 2009 ਵਿੱਚ Large White Yorkshire ਨਸਲ ਦੇ 50 ਸੂਰਾਂ ਤੋਂ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਨਹੀਂ ਹੋਇਆ। ਫਿਰ ਉਹਨਾਂ ਨੇ ਸੂਰ ਦੇ ਮੀਟ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ CIPHET PAU ਅਤੇ ਗਡਵਾਸੂ ਤੋਂ ਮੀਟ ਪ੍ਰੋਡਕਟਸ ਦੀ ਟ੍ਰੇਨਿੰਗ ਲਈ ਅਤੇ ਸੂਰ ਦੇ ਮੀਟ ਨੂੰ ਅਚਾਰ ਦੇ ਰੂਪ ਵਿੱਚ ਪ੍ਰੋਸੈਸ ਕੀਤਾ। ਮੀਟ ਦਾ ਅਚਾਰ ਬਣਾ ਕੇ ਵੇਚਣਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਇਸ ਨਾਲ ਲਗਭਗ ਦੁੱਗਣੀ ਹੋ ਗਈ।

ਹੁਣ ਹਰਭਜਨ ਸਿੰਘ ਜੀ ਦੇ ਕੋਲ ਲਗਭਗ 150 ਸੂਰ ਹਨ। ਸੂਰਾਂ ਤੋਂ ਬਚੇ ਪਦਾਰਥਾਂ ਨੂੰ ਹਰਭਜਨ ਸਿੰਘ ਜੀ ਮੱਛੀਆਂ ਨੂੰ ਖਿਲਾ ਦਿੰਦੇ ਹਨ। ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਵਿੱਚੋਂ 50 ਤੋਂ 60 % ਹਿੱਸਾ ਰਹਿਣ ਲੱਗਾ ਅਤੇ ਮੱਛਲੀ ਉਤਪਾਦਨ 20 % ਹੋਰ ਵੱਧ ਗਿਆ। ਹੁਣ ਉਹ ਪ੍ਰਤੀ ਹੈਕਟੇਅਰ 10 ਟਨ ਮੱਛੀ ਦਾ ਉਤਪਾਦਨ ਕਰਦੇ ਹਨ।

ਉਹਨਾਂ ਨੇ ਫਿਸ਼ ਪਾਰਕ ਪ੍ਰੋਸੈਸਿੰਗ ਸੇਲਫ ਹੈਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ 11 ਮੈਂਬਰ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਤੇ ਹਰਭਜਨ ਸਿੰਘ ਜੀ ਦੀ ਆਮਦਨੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਰਭਜਨ ਸਿੰਘ ਜੀ ਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਪੰਜਾਬ ਦੇ ਮੁੱਖ-ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।

ਪਾਣੀ ਦੇ ਸਤਰ ਵਿੱਚ ਆਉਂਦੀ ਕਮੀ ਨੂੰ ਦੇਖਦੇ ਹੋਏ ਹਰਭਜਨ ਜੀ ਨੇ ਪਾਣੀ ਨੂੰ ਮੁੜ ਵਰਤੋਂ ਵਿੱਚ ਲੈ ਕੇ ਆਉਣ ਲਈ ਲਈ ਇੱਕ ਤਰੀਕੇ ਦੀ ਕਾਢ ਕੱਢੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਪਾਣੀ ਸੂਰਾਂ ਨੂੰ ਨਹਾਉਣ ਦੇ ਲਈ ਵਰਤ ਕੇ ਬਾਅਦ ਵਿੱਚ ਇਸ ਪਾਣੀ ਨੂੰ ਮੱਛੀਆਂ ਦੇ ਤਾਲਾਬ ਵਿੱਚ ਸੁੱਟ ਦਿੰਦੇ ਹਨ ਅਤੇ ਤਾਲਾਬ ਦੇ ਬਾਕੀ ਰਹਿੰਦੇ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਲਈ ਵਰਤ ਲਿਆ ਜਾਂਦਾ ਹੈ। ਇਹ ਪਾਣੀ ਖੇਤ ਵਿੱਚ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਖਾਦਾਂ ਉੱਤੇ ਹੋਣ ਵਾਲੇ ਖਰਚ ਨੂੰ 50 % ਤੱਕ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਭਜਨ ਸਿੰਘ ਜੀ ਦੇ ਯਤਨ ਨੂੰ ਦੇਖਦੇ ਹੋਏ ਉਹਨਾਂ ਦੇ ਖੇਤ ਦਾ ਦੌਰਾ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਫਾਰਮਿੰਗ ਦੇ ਵਿੱਚ ਬੱਕਰੀ ਪਾਲਣ ਨੂੰ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਹਨਾਂ ਨੇ KVK ਮਾਨਸਾ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਵਿੱਚ ਉਹਨਾਂ ਨੇ ਬੀਟਲ ਅਤੇ ਸਿਰੋਹੀ ਨਸਲ ਦੇ ਨਾਲ 30 ਬੱਕਰੀਆਂ ਤੋਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅੱਜ ਉਹਨਾਂ ਦੇ ਕੋਲ ਲਗਭਗ 150 ਦੇ ਕਰੀਬ ਬੱਕਰੀਆਂ ਹਨ। 2017 ਦੇ ਬਾਅਦ ਉਹਨਾਂ ਨੇ PAU ਦੇ ਕਿਸਾਨ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਬਟੇਰ ਪਾਲਣ ਅਤੇ ਮੁਰਗੀ ਪਾਲਣ ਕਰਨ ਦੀ ਪ੍ਰੇਰਨਾ ਮਿਲੀ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਚੰਡੀਗੜ੍ਹ ਤੋਂ 2000 ਬਟੇਰ ਅਤੇ 150 ਕੜਕਨਾਥ ਨਸਲ ਦੀਆਂ ਮੁਰਗੀਆਂ ਦੀ ਖਰੀਦ ਕੀਤੀ। ਅੱਜ ਉਹ ਆਪਣੇ ਖੇਤ ਦੇ ਵਿੱਚ 3000 ਬਟੇਰ ਪੰਛੀਆਂ ਦਾ ਪਾਲਣ ਕਰਦੇ ਹਨ।

ਪਸ਼ੂਆਂ ਦੇ ਲਈ ਚਾਰਾ ਉਹ ਆਪ ਮਸ਼ੀਨਾਂ ਦੀ ਮਦਦ ਨਾਲ ਖੇਤ ਵਿੱਚ ਹੀ ਤਿਆਰ ਕਰਦੇ ਹਨ। ਹਰਭਜਨ ਸਿੰਘ ਜੀ ਦੇ 2 ਬੱਚੇ ਵੀ ਹਨ ਜੋ ਖੇਤ ਵਿੱਚ ਹਰਭਜਨ ਜੀ ਦੀ ਮਦਦ ਕਰਦੇ ਹਨ। ਹਰਭਜਨ ਜੀ ਸਿਰਫ ਇੱਕ ਸਹਾਇਕ ਦੇ ਰੂਪ ਵਿਚ ਖੇਤ ਵਿੱਚ ਕੰਮ ਕਰਦੇ ਹਨ। ਹੁਣ ਉਹ ਮੱਛੀਆਂ ਦੇ ਬੀਜ ਨੂੰ 2 ਰੁਪਏ ਪ੍ਰਤੀ ਬੀਜ ਵੇਚ ਰਹੇ ਹਨ। ਬੱਕਰ-ਈਦ ਵਾਲੇ ਦਿਨ ਉਹ ਬੱਕਰੀਆਂ ਨੂੰ ਵੇਚਦੇ ਹਨ ਅਤੇ ਮੀਟ ਤੋਂ ਅਚਾਰ ਵੀ ਤਿਆਰ ਕਰਦੇ ਹਨ। ਕੜਕਨਾਥ ਮੁਰਗੀ ਦਾ ਇੱਕ ਆਂਡਾ ਉਹ 15 ਤੋਂ 20 ਰੁਪਏ ਵਿੱਚ ਵੇਚਦੇ ਹਨ ਅਤੇ ਉਸਦਾ ਮੀਟ 700-800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ICAR-CIFE ਕੋਲਕਾਤਾ ਤੋਂ ਮੱਛੀ ਦਾ ਅਚਾਰ ਅਤੇ ਸੂਪ ਬਣਾਉਣ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ ਅਤੇ ਆਪਣੇ ਉਤਪਾਦਾਂ ਨੂੰ “ਖਿਆਲਾ ਪੋਰਕ ਐਂਡ ਫਿਸ਼ ਪ੍ਰੋਡਕਟਸ” ਦੇ ਨਾਮ ਨਾਲ ਵੇਚਦੇ ਹਨ। ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪਣੇ ਫਾਰਮ ਉੱਤੇ ਹੀ ਕਰਦੇ ਹਨ।

ਉਹਨਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਕੀਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਖੇਤੀ ਕਰਨ ਦੇ ਲਈ ਬਹੁਤ ਸਾਰੇ ਕਿਸਾਨ ਹਰਭਜਨ ਜੀ ਦੀ ਸਲਾਹ ਲੈਣ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਹਰਭਜਨ ਜੀ ਦੂਜੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਦੇ ਰੂਪ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਖੇਤੀ ਵਿੱਚ ਵੀਭਿੰਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਭਵਿੱਖ ਦੀ ਯੋਜਨਾ

ਹਰਭਜਨ ਜੀ ਭਵਿੱਖ ਵਿੱਚ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਇਸ ਖੇਤੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹ ਇੰਟੀਗ੍ਰੇਟਡ ਖੇਤੀ ਕਰਕੇ ਵੱਡੇ ਪੱਧਰ ‘ਤੇ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਨਾਲ-ਨਾਲ ਲੋਕਾਂ ਨੂੰ ਜੈਵਿਕ ਅਤੇ ਫ਼ਸਲੀ ਵਿਭਿੰਨਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ।

ਸੰਦੇਸ਼

ਹਰਭਜਨ ਜੀ ਨੌਜਵਾਨ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦੇਣਾ ਚਾਹੁੰਦੇ ਹਨ। ਜੇਕਰ ਕੋਈ ਵੀ ਕਿਸਾਨ ਇੰਟੀਗ੍ਰੇਟਡ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਬਾਕੀ ਕਿੱਤਿਆਂ ਨੂੰ ਆਪਣੇ ਵਪਾਰ ਵਿੱਚ ਜੋੜਨਾ ਚਾਹੀਦਾ ਹੈ।

ਤਰਨਜੀਤ ਸੰਧੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਇੱਕ ਕਿਸਾਨ ਜਿਨ੍ਹਾਂ ਦੀ ਜ਼ਿੰਦਗੀ ਦੇ 25 ਸਾਲ ਸੰਘਰਸ਼ ਕਰਦਿਆਂ ਗੁਜ਼ਰੇ ਅਤੇ ਬਾਗਬਾਨੀ ਦੇ ਨਾਲ-ਨਾਲ ਹੋਰ ਸਹਾਇਕ ਕਿੱਤਿਆਂ ਵਿੱਚ ਵੀ ਕਾਮਯਾਬ ਹੋ ਕੇ ਦਿਖਾਇਆ- ਤਰਨਜੀਤ ਸੰਧੂ

ਜ਼ਿੰਦਗੀ ਦਾ ਸੰਘਰਸ਼ ਬਹੁਤ ਹੀ ਵਿਸ਼ਾਲ ਹੈ, ਹਰ ਇੱਕ ਮੌੜ ‘ਤੇ ਅਜਿਹੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ਕਿ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਕਿੰਨੇ ਹੀ ਸਾਲ ਬੀਤ ਜਾਂਦੇ ਹਨ, ਪਰ ਪਤਾ ਨਹੀਂ ਚੱਲਦਾ। ਉਹਨਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਮੁਸ਼ਕਿਲਾਂ ਨਾਲ ਡੱਟ ਕੇ ਸਾਹਮਣਾ ਤਾਂ ਕਰਦੇ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਹਾਰਨ ਦਾ ਡਰ ਬੈਠਾ ਹੁੰਦਾ ਹੈ, ਪਰ ਫਿਰ ਵੀ ਹਿੰਮਤ ਕਰਕੇ ਜ਼ਿੰਦਗੀ ਦੀ ਚਾਲ ਨਾਲ ਪਾਣੀ ਦੀ ਤਰ੍ਹਾਂ ਨਿਰੰਤਰ ਚੱਲਦੇ ਜਾਂਦੇ ਹਨ, ਕਿ ਕਦੇ ਨਾ ਕਦੇ ਮਿਹਨਤ ਦੇ ਸਮੁੰਦਰ ਵਿੱਚੋਂ ਉਭਰ ਕੇ ਬੁਲਬੁਲੇ ਬਣ ਕਿਸੇ ਲਈ ਮਿਸਾਲ ਬਣ ਕੇ ਖੜੇ ਤਾਂ ਹੋਵਾਂਗੇ।

ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਲਈ ਅਜਿਹੇ ਹੀ ਇੱਕ ਕਿਸਾਨ ਤਰਨਜੀਤ ਸੰਧੂ, ਪਿੰਡ ਗੰਧੜ, ਜ਼ਿਲ੍ਹਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜੋ ਲਗਾਤਾਰ ਵੱਗ ਰਹੇ ਪਾਣੀ ਦੀ ਤਰ੍ਹਾਂ ਔਕੜਾਂ ਨਾਲ ਲੜਦੇ ਰਹੇ, ਪਰ ਹਿੰਮਤ ਨਹੀਂ ਹਾਰੀ ਅਤੇ ਪੂਰੇ 25 ਸਾਲਾਂ ਬਾਅਦ ਕਾਮਯਾਬ ਹੋਏ ਤੇ ਅੱਜ ਤਰਨਜੀਤ ਸੰਧੂ ਹੋਰ ਕਿਸਾਨਾਂ ਅਤੇ ਲੋਕਾਂ ਨੂੰ ਹਰ ਇੱਕ ਮੁਸ਼ਕਿਲ ਨਾਲ ਲੜਨ ਲਈ ਪ੍ਰੇਰਿਤ ਕਰ ਰਹੇ ਹਨ।

ਸਾਲ 1992 ਦੀ ਗੱਲ ਹੈ ਤਰਨਜੀਤ ਦੀ ਉਮਰ ਜਦੋਂ ਨਿੱਕੀ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ ਉਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਤਰਨਜੀਤ ਨੂੰ ਛੋਟੀ ਉਮਰ ਵਿੱਚ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਮਜ਼ਬੂਰ ਕਰ ਦਿੱਤਾ, ਜੋ ਕਿ ਇੱਕ 17-18 ਸਾਲਾਂ ਦੇ ਬੱਚੇ ਲਈ ਬਹੁਤ ਔਖੀ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਤੋਂ ਬਾਅਦ ਘਰ ਸੰਭਾਲਣ ਵਾਲਾ ਕੋਈ ਨਹੀਂ ਸੀ। ਜਿਸ ਨਾਲ ਤਰਨਜੀਤ ਦੇ ਸਿਰ ਉੱਤੇ ਮੁਸ਼ਕਿਲਾਂ ਦਾ ਹੜ੍ਹ ਆ ਰੁੜ੍ਹਿਆ।

ਵੈਸੇ ਤਾਂ ਤਰਨਜੀਤ ਦੇ ਪਿਤਾ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਕਰਦੇ ਸਨ ਪਰ ਜਦੋਂ ਤਰਨਜੀਤ ਨੂੰ ਥੋੜੀ ਸੋਝੀ ਆਈ ਤਾਂ ਕੁਝ ਅਲਗ ਕਰਨ ਬਾਰੇ ਸੋਚਿਆ ਕਿ ਰਵਾਇਤੀ ਖੇਤੀ ਤੋਂ ਕੁਝ ਹਟ ਕੇ ਕੀਤਾ ਜਾਵੇ ਅਤੇ ਕੁਝ ਵੱਖਰੀ ਪਹਿਚਾਣ ਬਣਾਈ ਜਾਵੇ। ਉਹ ਛੋਟੇ ਹੁੰਦੇ ਸੋਚਦੇ ਸਨ ਕਿ ਅਜਿਹਾ ਕੁੱਝ ਕਰਨਾ ਹੈ ਬੇਸ਼ੱਕ ਜ਼ਿੰਦਗੀ ਪੂਰੀ ਲੱਗ ਜਾਵੇ ਪਰ ਕਰਨਾ ਵੱਖਰਾ ਹੀ ਹੈ।

ਤਰਨਜੀਤ ਕੋਲ ਕੁੱਲ 50 ਏਕੜ ਜ਼ਮੀਨ ਹੈ ਤਾਂ ਸੋਚਿਆ ਕਿ ਅਜਿਹਾ ਜ਼ਮੀਨ ਉੱਤੇ ਕੀ ਉਗਾਵਾਂਗੇ ਕੀ ਜੋ ਵੱਖਰਾ ਹੋਵੇ। ਫਿਰ ਦਿਨ ਰਾਤ ਉਹ ਸੋਚਣ ਲੱਗੇ, ਕਾਫ਼ੀ ਦਿਨ ਸੋਚਣ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਬਾਗ਼ਬਾਨੀ ਵਿੱਚ ਹੀ ਕਾਮਯਾਬੀ ਹਾਸਿਲ ਕੀਤੀ ਜਾਵੇ। ਫਿਰ ਦੇਰੀ ਨਾ ਕਰਦੇ ਤਰਨਜੀਤ ਨੇ ਬੇਰੀ ਦੇ ਪੌਦੇ ਮੰਗਵਾ ਕੇ 16 ਏਕੜ ਦੇ ਵਿੱਚ ਉਸ ਦੀ ਕਾਸ਼ਤ ਕਰ ਦਿੱਤੀ, ਪਰ ਉਸਦੇ ਨਫ਼ੇ ਜਾਂ ਨੁਕਸਾਨ ਬਾਰੇ ਨਹੀਂ ਜਾਣਦੇ ਸਨ, ਬੇਸ਼ਕ ਸੋਝੀ ਤਾਂ ਆ ਗਈ ਸੀ ਪਰ ਜਲਦਬਾਜ਼ੀ ਨੇ ਆਪਣਾ ਅਸਰ ਥੋੜ੍ਹੇ ਸਮੇਂ ਬਾਅਦ ਦਿਖਾ ਦਿੱਤਾ।

ਉਹਨਾਂ ਨੇ ਨਾ ਹੀ ਕੋਈ ਟ੍ਰੇਨਿੰਗ ਲਈ ਸੀ ਨਾ ਹੀ ਕੋਈ ਪੌਦਿਆਂ ਬਾਰੇ ਇੰਨੀ ਜਾਣਕਾਰੀ ਸੀ ਜਿਸ ਤਰ੍ਹਾਂ ਆਏ ਉਸ ਤਰ੍ਹਾਂ ਹੀ ਲਗਾ ਦਿੱਤੇ, ਨਾ ਪਾਣੀ ਦਾ, ਨਾ ਖਾਦ ਦਾ, ਕਿਸੇ ਚੀਜ਼ ਦਾ ਕੁੱਝ ਵੀ ਪਤਾ ਨਹੀਂ ਸੀ। ਜਿਸ ਦਾ ਨੁਕਸਾਨ ਬਾਅਦ ਵਿੱਚ ਉਠਾਉਣਾ ਪਿਆ ਕਿਉਂਕਿ ਵੱਡਾ ਕੋਈ ਸਮਝਾਉਣ ਵਾਲਾ ਨਹੀਂ ਸੀ। ਪਰ ਹਿੰਮਤੀ ਬਹੁਤ ਸੀ ਬੇਸ਼ੱਕ ਨੁਕਸਾਨ ਵੀ ਬਹੁਤ ਹੋਇਆ, ਦੁੱਖ ਵੀ ਬਹੁਤ ਝੱਲੇ ਪਰ ਹਿੰਮਤ ਨਹੀਂ ਹਾਰੀ।

ਬੇਰੀ ਵਿੱਚ ਅਸਫਲਤਾ ਹਾਸਿਲ ਕਰਨ ਤੋਂ ਬਾਅਦ ਫਿਰ ਕਿੰਨੂੰ ਦੇ ਪੌਦੇ ਲਿਆ ਕੇ ਬਾਗ਼ ਵਿੱਚ ਲਗਾ ਦਿੱਤੇ, ਪਰ ਇਸ ਵਾਰ ਉਹਨਾਂ ਨੇ ਹਰ ਇੱਕ ਗੱਲ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਕਿਉਂਕਿ ਜਦੋਂ ਇਨਸਾਨ ਇੱਕ ਵਾਰ ਹਾਰਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਕੁਝ ਸਿੱਖਦਾ ਹੈ, ਜਦੋਂ ਬੂਟਿਆਂ ਨੂੰ ਫਲ ਲੱਗਣੇ ਸ਼ੁਰੂ ਹੋਏ ਤਾਂ ਉਨ੍ਹਾਂ ਦਾ ਚਿਹਰਾ ਖਿੜ ਗਿਆ ਕਿ ਹਾਂ ਅੱਜ ਸਫਲ ਹੋ ਗਿਆ।

ਪਰ ਇਹ ਖੁਸ਼ੀ ਥੋੜੇ ਸਮੇਂ ਲਈ ਸੀ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਸਾਰਾ ਸਹੀ ਚਲ ਰਿਹਾ ਹੈ ਕਿਉਂ ਨਾ ਇੱਕ ਵਾਰ ਵਿੱਚ ਹੀ ਸਾਰੀ ਜਮੀਨ ਨੂੰ ਬਾਗ਼ ਵਿਚ ਤਬਦੀਲ ਕਰ ਦਿੱਤਾ ਜਾਵੇ ਜਿਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੋੜ ਲੈ ਕੇ ਆਉਂਦੇ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਭਰੇ ਸਮੇਂ ਵਿੱਚੋਂ ਲੰਘਣਾ ਪਿਆ।

ਗੱਲ ਇਹ ਸੀ ਕਿ ਉਨ੍ਹਾਂ ਨੇ ਸੋਚਿਆ ਇਸ ਤਰ੍ਹਾਂ ਜੇਕਰ ਇਕੱਲੇ-ਇਕੱਲੇ ਫਲ ਦੇ ਪੌਦੇ ਲਗਾਉਣ ਲੱਗ ਗਿਆ ਤਾਂ ਬਹੁਤ ਸਮਾਂ ਲੱਗ ਜਾਵੇਗਾ। ਫਿਰ ਉਹਨਾਂ ਨੇ ਕੀ ਕੀਤਾ ਇਸ ਤੋਂ ਫਾਇਦਾ ਲੈਣ ਲਈ ਹਰ ਤਰ੍ਹਾਂ ਦੇ ਫਲ ਦੇ ਬੂਟੇ ਜਿਸ ਵਿੱਚ ਅਮਰੂਦ, ਮੌਸਮੀ ਫਲ, ਅਰਲੀ ਗੋਲਡ ਮਾਲਟਾ, ਬੇਰੀ, ਕਾਗਜ਼ੀ ਨਿੰਬੂ, ਜਾਮਣ ਦੇ ਬੂਟੇ ਲਗਾ ਦਿੱਤੇ ਜੋ ਕਿ ਭਰਪੂਰ ਮਾਤਰਾ ਵਿੱਚ ਲਗਾ ਦਿੱਤੇ। ਜਿਸ ਨਾਲ ਇਹ ਹੋਇਆ ਕਿ ਉਹਨਾਂ ਦਾ ਹੱਦ ਤੋਂ ਵੱਧ ਖ਼ਰਚਾ ਹੋਇਆ ਕਿਉਂਕਿ ਬੂਟੇ ਲਗਾ ਤੇ ਲਏ ਸਨ ਪਰ ਉਨ੍ਹਾਂ ਦੀ ਸਾਂਭ-ਸੰਭਾਲ ਵੀ ਉਸ ਤਰੀਕੇ ਨਾਲ ਕਰਨ ਲਈ ਕਾਫੀ ਬੈਂਕ ਤੋਂ ਕਰਜ਼ਾ ਲੈਣਾ ਪਿਆ। ਇੱਕ ਸਮਾਂ ਅਜਿਹਾ ਆਇਆ ਕਿ ਉਹਨਾਂ ਕੋਲ ਖਰਚੇ ਨੂੰ ਵੀ ਪੈਸੇ ਨਹੀਂ ਸਨ। ਉਪਰੋਂ ਬੱਚੇ ਦੀਆਂ ਸਕੂਲ ਦੀਆਂ ਫੀਸਾਂ, ਘਰ ਸੰਭਾਲਣਾ ਉਹਨਾਂ ‘ਤੇ ਹੀ ਸੀ।

ਕੁੱਝ ਸਮਾਂ ਬੀਤਿਆ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਜਦੋਂ ਸਮਾਂ ਆਉਣ ‘ਤੇ ਫ਼ਲ ਲੱਗਣੇ ਸ਼ੁਰੂ ਹੋਏ ਤਾਂ ਉਹਨਾਂ ਦੇ ਮਨ ਨੂੰ ਜ਼ਰੂਰ ਤਸੱਲੀ ਮਿਲੀ ਸੀ ਪਰ ਜਦੋਂ ਉਹਨਾਂ ਨੇ ਆਪਣੇ ਕਿੰਨੂੰ ਦੇ ਬਾਗ ਨੂੰ ਠੇਕੇ ‘ਤੇ ਦੇ ਦਿੱਤਾ ਹੋਇਆ ਸੀ ਤੇ ਬਸ ਇੱਕ ਫਲ ਮਗਰ 2 ਜਾਂ 3 ਰੁਪਏ ਉੱਪਰ ਮਿਲ ਰਹੇ ਸੀ।

16 ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਤਰਨਜੀਤ ਜੀ ਨੂੰ ਆਰਥਿਕ ਪੱਧਰ ‘ਤੇ ਜ਼ਿਆਦਾ ਮੁਨਾਫ਼ਾ ਨਹੀਂ ਹੋ ਰਿਹਾ ਸੀ। ਸਾਲ 2011 ਵਿੱਚ ਜਦੋਂ ਸਮੇਂ ਅਨੁਸਾਰ ਫਲ ਪੱਕ ਰਹੇ ਸਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਇਸ ਵਾਰ ਬਾਗ ਨੂੰ ਠੇਕੇ ‘ਤੇ ਨਾ ਦੇ ਕੇ ਸਗੋਂ ਖੁਦ ਮਾਰਕੀਟ ਵਿੱਚ ਜਾ ਕੇ ਵੇਚ ਕੇ ਆਉਣਾ ਹੈ। ਜਦੋਂ ਉਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮਾਰਕੀਟ ਵਿੱਚ ਵੇਚਣ ਗਏ ਤਾਂ ਉਹਨਾਂ ਨੂੰ ਉਹਨਾਂ ਦੇ ਮੁੱਲ ਤੋਂ ਕਈ ਗੁਣਾ ਮੁਨਾਫ਼ਾ ਹਾਸਿਲ ਹੋਇਆ ਤੇ ਉਹ ਖੁਸ਼ ਹੋ ਗਏ ਕਿ ਚੱਲੋ ਘੱਟੋਂ-ਘੱਟ ਮਿਹਨਤ ਦਾ ਮੁੱਲ ਤਾਂ ਪਇਆ, ਨਹੀਂ ਤਾਂ ਠੇਕੇਦਾਰਾਂ ਤੋਂ ਹੀ ਲੁੱਟ ਹੋ ਰਿਹਾ ਸੀ।

ਤਰਨਜੀਤ ਨੇ ਜਦੋਂ ਇਸ ਤਰੀਕੇ ਨਾਲ ਪਹਿਲੀ ਵਾਰ ਮਾਰਕੀਟਿੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਤਰੀਕਾ ਬਹੁਤ ਹੀ ਵਧੀਆ ਲੱਗਾ, ਇਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਉੱਤੇ ਦਿੱਤੇ ਬਾਗਾਂ ਨੂੰ ਵਾਪਸ ਲੈ ਲਿਆ ਅਤੇ ਖੁਦ ਪੱਕੇ ਤੌਰ ‘ਤੇ ਮਾਰਕੀਟਿੰਗ ਕਰਨ ਦਾ ਫੈਸਲਾ ਕੀਤਾ। ਫਿਰ ਸੋਚਣ ਲੱਗੇ ਕਿ ਮਾਰਕੀਟਿੰਗ ਸੌਖੇ ਤਰੀਕੇ ਨਾਲ ਕਿਵੇਂ ਹੋ ਸਕਦੀ ਹੈ, ਉਨ੍ਹਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿਉਂ ਨਾ ਪੱਕੀ ਗੱਡੀ ਇਸ ਕੰਮ ਲਈ ਹੀ ਰੱਖੀ ਜਾਵੇ ਤੇ ਜਿਸ ਵਿੱਚ ਫ਼ਲ ਰੱਖ ਕੇ ਮਾਰਕੀਟ ਪਹੁੰਚਾਇਆ ਜਾਵੇ। ਇਸ ਤਰ੍ਹਾਂ ਉਹ 2011 ਤੋਂ ਗੱਡੀਆਂ ਵਿੱਚ ਫ਼ਲ ਰੱਖ ਕੇ ਮਾਰਕੀਟ ਵਿੱਚ ਲੈ ਕੇ ਜਾਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਦਿਨ ਪ੍ਰਤੀ ਦਿਨ ਮੁਨਾਫ਼ਾ ਹੋਣ ਲੱਗਾ, ਜਦੋਂ ਉਨ੍ਹਾਂ ਨੂੰ ਲੱਗਾ ਕਿ ਇਸ ਤਰ੍ਹਾਂ ਸਹੀ ਚੱਲ ਰਿਹਾ ਹੈ, ਫਿਰ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਲਈ ਪੱਕੇ ਬੰਦੇ ਰੱਖ ਲਏ, ਜੋ ਫਲਾਂ ਦੀ ਤੁੜਾਈ ਅਤੇ ਮਾਰਕੀਟਿੰਗ ਵਿੱਚ ਪਹੁੰਚਾਉਂਦੇ ਵੀ ਹਨ।

ਜੋ ਫਲਾਂ ਦੀ ਮਾਰਕੀਟਿੰਗ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਈ ਸੀ ਅੱਜ ਉਹ ਚੰਡੀਗੜ੍ਹ, ਲੁਧਿਆਣਾ, ਬੀਕਾਨੇਰ, ਦਿੱਲੀ ਆਦਿ ਵੱਡੇ-ਵੱਡੇ ਸ਼ਹਿਰਾਂ ਵਿੱਚ ਆਪਣਾ ਪ੍ਰਸਾਰ ਕਰ ਚੁੱਕੀ ਹੈ ਜਿਸ ਨਾਲ ਫ਼ਲ ਵਿਕਦੇ ਹੀ ਸਿੱਧੀ ਪੇਮੈਂਟ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਅਤੇ ਅੱਜ ਉਹ ਸਿਰਫ ਬਾਗ਼ ਦੀ ਦੇਖ-ਰੇਖ ਹੀ ਕਰਦੇ ਹਨ ਅਤੇ ਬਸ ਘਰ ਬੈਠੇ ਹੀ ਮੁਨਾਫ਼ਾ ਕਮਾ ਰਹੇ ਹਨ ਜੋ ਕਿ ਉਨ੍ਹਾਂ ਦੇ ਰੋਜ਼ਾਨਾ ਦੀ ਆਮਦਨ ਦਾ ਸਾਧਨ ਬਣ ਚੁੱਕੀ ਹੈ।

ਤਰਨਜੀਤ ਨੇ ਇਕੱਲੀ ਬਾਗਬਾਨੀ ਦੇ ਖੇਤਰ ਵਿੱਚ ਹੀ ਕਾਮਯਾਬੀ ਹਾਸਿਲ ਨਹੀਂ ਕੀਤੀ, ਸਗੋਂ ਨਾਲ-ਨਾਲ ਹੋਰ ਸਹਾਇਕ ਕਿੱਤੇ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ ਵਿੱਚ ਵੀ ਕਾਮਯਾਬ ਹੋਏ ਹਨ ਅਤੇ ਜਿਸ ਦਾ ਹੁਣ ਉਹ ਮੀਟ ਦਾ ਆਚਾਰ ਬਣਾ ਕੇ ਵੀ ਵੇਚ ਰਹੇ ਹਨ। ਇਸ ਤੋਂ ਇਲਾਵਾ ਸਬਜ਼ੀਆਂ ਦੀ ਵੀ ਕਾਸ਼ਤ ਕਰ ਰਹੇ ਹਨ ਜੋ ਕਿ ਆਰਗੈਨਿਕ ਤਰੀਕੇ ਨਾਲ ਕਰ ਰਹੇ ਹਨ। ਉਹਨਾਂ ਦੇ ਫਾਰਮ ‘ਤੇ 30 ਤੋਂ 35 ਬੰਦੇ ਕੰਮ ਕਰਦੇ ਹਨ, ਜੋ ਉਨ੍ਹਾਂ ਦੇ ਪਰਿਵਾਰ ਲਈ ਰੁਜ਼ਗਾਰ ਦਾ ਜ਼ਰੀਆ ਵੀ ਬਣੇ ਹਨ। ਉਸ ਦੇ ਨਾਲ ਉਹ ਟੂਰਿਸਟ ਪੁਆਇੰਟ ਪਲੈਸ ਵੀ ਚਲਾ ਰਹੇ ਹਨ।

ਇਸ ਕੰਮ ਦੇ ਸਦਕਾ ਉਨ੍ਹਾਂ ਨੂੰ PAU, ਕੇ.ਵੀ.ਕੇ. ਅਤੇ ਹੋਰ ਕਈ ਸੰਸਥਾਵਾਂ ਵੱਲੋਂ ਬਹੁਤ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਜੇਕਰ ਅੱਜ ਤਰਨਜੀਤ ਅੱਜ ਕਾਮਯਾਬ ਹੋਏ ਹਨ, ਤਾਂ ਉਸ ਪਿੱਛੇ ਉਹਨਾਂ ਦੇ ਜ਼ਿੰਦਗੀ ਦੇ 25 ਸਾਲ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਗੁਜ਼ਰੇ ਹਨ, ਪਰ ਕੋਈ ਵੀ ਪਲ ਅਜਿਹਾ ਨਹੀਂ ਸੀ ਜਿੱਥੇ ਉਨ੍ਹਾਂ ਨੇ ਇੱਕ ਕਦਮ ਵੀ ਪਿਛਾਂਹ ਪੁੱਟਿਆ ਹੋਵੇ, ਬਸ ਇਸ ਉਮੀਦ ਨਾਲ ਲੜਦੇ ਰਹੇ ਕਿ ਕਦੇ ਨਾ ਕਦੇ ਕਾਮਯਾਬ ਹੋਵਾਂਗੇ।

ਭਵਿੱਖ ਦੀ ਯੋਜਨਾ

ਉਹ ਬਾਗਬਾਨੀ ਦਾ ਦਾਇਰਾ ਪੂਰੀ ਜ਼ਮੀਨ ਵਿੱਚ ਫੈਲਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਜਿੱਥੇ ਹੁਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਫ਼ਲ ਵਿਕ ਰਿਹਾ ਹੈ, ਉਹ ਭਾਰਤ ਦੇ ਕੋਨੇ-ਕੋਨੇ ਤੱਕ ਉਨ੍ਹਾਂ ਦੇ ਫ਼ਲ ਦੀ ਪਹੁੰਚ ਹੋਵੇ।

ਸੰਦੇਸ਼

ਜੇਕਰ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਉਹ ਚੰਗਾ ਕਰਨ ਲਈ ਆਉਂਦੀਆਂ ਹਨ, ਖੇਤੀ ਵਿੱਚ ਇਕੱਲੀ ਰਵਾਇਤੀ ਖੇਤੀ ਨਹੀਂ ਹੈ, ਇਸ ਤੋਂ ਵੀ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਸਹਾਇਕ ਕਿੱਤੇ ਹਨ ਤੁਸੀਂ ਉਹ ਕਰਕੇ ਕਾਮਯਾਬ ਹੋ ਸਕਦੇ ਹੋ।

ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਸਾਨਾਂ ਲਈ ਬਣ ਕੇ ਆਏ ਨਵੀਂ ਮਿਸਾਲ, ਬੱਕਰੀ ਪਾਲਣ ਦੇ ਕਿੱਤੇ ਨੂੰ ਇੰਟਰਨੈਸ਼ਨਲ ਪੱਧਰ ਤੇ ਲਿਜਾਣ ਵਾਲੇ ਦੋ ਦੋਸਤਾਂ ਦੀ ਸਫਲ ਸਟੋਰੀ

ਬੱਕਰੀ ਪਾਲਣ ਦਾ ਕਿੱਤਾ ਬਹੁਤ ਲਾਭਕਾਰੀ ਕਿੱਤਾ ਹੈ ਕਿਉਂਕਿ ਇਸ ਵਿੱਚ ਬਹੁਤ ਘੱਟ ਨਿਵੇਸ਼ ਦੀ ਲੋੜ ਹੁੰਦੀ ਹੈ, ਜੇਕਰ ਗੱਲ ਕਰੀਏ ਪਸ਼ੂ-ਪਾਲਣ ਦੇ ਕਿੱਤੇ ਦੀ ਤਾਂ ਜ਼ਿਆਦਾਤਰ ਪਸ਼ੂ-ਪਾਲਕ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਸੰਬੰਧਿਤ ਹਨ। ਪਰ ਅੱਜ-ਕੱਲ੍ਹ ਬੱਕਰੀ ਪਾਲਣ ਦਾ ਕਿੱਤਾ, ਪਸ਼ੂ-ਪਾਲਣ ਵਿੱਚ ਸਭ ਤੋਂ ਸਫ਼ਲ ਕਿੱਤਾ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੇ ਨੌਜਵਾਨ ਵੀ ਇਸ ਕਿੱਤੇ ਵਿੱਚ ਸਫ਼ਲਤਾ ਹਾਸਿਲ ਕਰ ਰਹੇ ਹਨ। ਇਹ ਕਹਾਣੀ ਹੈ ਅਜਿਹੇ ਹੀ ਦੋ ਨੌਜਵਾਨਾਂ ਦੀ, ਜਿਹਨਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਅਤੇ ਸਫ਼ਲਤਾ ਹਾਸਿਲ ਕਰਨ ਦੇ ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਵੀ ਇਸ ਸੰਬੰਧੀ ਟ੍ਰੇਨਿੰਗ ਦੇ ਰਹੇ ਹਨ।

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਤਾਰੂਆਣਾ ਦੇ ਰਹਿਣ ਵਾਲੇ ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਕਰਨ ਦੀ ਬਜਾਏ ਆਪਣਾ ਕੋਈ ਕਾਰੋਬਾਰ ਕਰਨਾ ਚਾਹੁੰਦੇ ਸਨ। ਰਾਜਪ੍ਰੀਤ ਨੇ M.Sc. ਐਗਰੀਕਲਚਰ ਦੀ ਪੜ੍ਹਾਈ ਕੀਤੀ ਹੋਈ ਸੀ, ਇਸ ਲਈ ਰਾਜਪ੍ਰੀਤ ਦੇ ਸੁਝਾਅ ‘ਤੇ ਦੋਨਾਂ ਦੋਸਤਾਂ ਨੇ ਖੇਤੀਬਾੜੀ ਜਾਂ ਪਸ਼ੂ ਪਾਲਣ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ। ਇਸ ਉਦੇਸ਼ ਲਈ ਉਹਨਾਂ ਨੇ ਪਹਿਲਾਂ ਪੋਲੀਹਾਊਸ ਲਗਾਉਣ ਬਾਰੇ ਸੋਚਿਆ ਪਰ ਕਿਸੇ ਕਾਰਣ ਇਸ ਵਿੱਚ ਉਹ ਸਫ਼ਲ ਨਹੀਂ ਹੋ ਪਾਏ।

ਇਸ ਤੋਂ ਬਾਅਦ ਉਹਨਾਂ ਨੇ ਪਸ਼ੂ-ਪਾਲਣ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ। ਇਸ ਲਈ ਉਹਨਾਂ ਨੇ ਪਸ਼ੂ-ਪਾਲਣ ਦੇ ਮਾਹਿਰਾਂ ਨਾਲ ਮੁਲਾਕਾਤ ਕੀਤੀ ਤਾਂ ਮਾਹਿਰਾਂ ਨੇ ਉਹਨਾਂ ਨੂੰ ਬੱਕਰੀ ਪਾਲਣ ਦਾ ਕਿੱਤਾ ਅਪਨਾਉਣ ਦੀ ਸਲਾਹ ਦਿੱਤੀ।

ਮਾਹਿਰਾਂ ਦੀ ਸਲਾਹ ਦੇ ਨਾਲ ਉਹਨਾਂ ਨੇ ਬੱਕਰੀ-ਪਾਲਣ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਲਈ ਉਹ CIR ਮਥੁਰਾ ਗਏ ਅਤੇ 15 ਦਿਨਾਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਤਾਰੂਆਣਾ ਪਿੰਡ ਵਿੱਚ 2 ਕਨਾਲ ਜਗ੍ਹਾ ਵਿੱਚ SR COMMERCIAL ਬੱਕਰੀ ਫਾਰਮ ਸ਼ੁਰੂ ਕੀਤਾ।

ਅੱਜ-ਕੱਲ੍ਹ ਇਹ ਧਾਰਨਾ ਆਮ ਹੈ ਕਿ ਜੇਕਰ ਕੋਈ ਕਿੱਤਾ ਸ਼ੁਰੂ ਕਰਨਾ ਹੈ ਤਾਂ ਬੈਂਕ ਤੋਂ ਲੋਨ ਲੈ ਕੇ ਆਸਾਨੀ ਨਾਲ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਸੰਦੀਪ ਅਤੇ ਰਾਜਪ੍ਰੀਤ ਨੇ ਬਿਨਾਂ ਕਿਸੇ ਵਿੱਤੀ ਸਹਾਇਤਾ ਦੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਸਾਲ 2017 ਵਿੱਚ ਬੱਕਰੀ ਫਾਰਮ ਸ਼ੁਰੂ ਕੀਤਾ।

ਜਿਵੇਂ ਕਿਹਾ ਹੀ ਜਾਂਦਾ ਹੈ ਕਿ ਕਿਸੇ ਦੀ ਸਲਾਹ ਨਾਲ ਰਸਤੇ ਤਾਂ ਮਿਲ ਹੀ ਜਾਂਦੇ ਹਨ ਪਰ ਮੰਜ਼ਿਲ ਪਾਉਣ ਲਈ ਮਿਹਨਤ ਆਪ ਨੂੰ ਹੀ ਕਰਨੀ ਪੈਂਦੀ ਹੈ।

ਇਸ ਲਈ ਇਸ ਕਿੱਤੇ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਉਹਨਾਂ ਦੋਨਾਂ ਨੇ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਮਝਦਾਰੀ ਨਾਲ ਛੋਟੇ ਪੱਧਰ ‘ਤੇ ਸਿਰਫ਼ 10 ਬੱਕਰੀਆਂ ਨਾਲ ਬੱਕਰੀ ਫਾਰਮ ਸ਼ੁਰੂ ਕੀਤਾ ਸੀ, ਇਹ ਸਾਰੀਆਂ ਬੱਕਰੀਆਂ ਬੀਟਲ ਨਸਲ ਦੀਆਂ ਸਨ। ਇਹਨਾਂ ਬੱਕਰੀਆਂ ਨੂੰ ਉਹ ਪੰਜਾਬ ਦੇ ਲੁਧਿਆਣਾ, ਰਾਏਕੋਟ, ਮੋਗਾ ਆਦਿ ਦੀਆਂ ਮੰਡੀਆਂ ਤੋਂ ਲੈ ਕੇ ਆਏ ਸਨ। ਹੌਲੀ-ਹੌਲੀ ਉਹਨਾਂ ਨੂੰ ਬੱਕਰੀ ਪਾਲਣ ਵਿੱਚ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਪਤਾ ਚੱਲਿਆ। ਫਿਰ ਉਹਨਾਂ ਨੇ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਲੱਭਣਾ ਸ਼ੁਰੂ ਕਰ ਦਿੱਤਾ।

ਬੱਕਰੀ ਪਾਲਕਾਂ ਨੂੰ ਜੋ ਸਭ ਤੋਂ ਵੱਧ ਮੁਸ਼ਕਿਲ ਆਉਂਦੀ ਹੈ, ਉਹ ਹੈ ਬੱਕਰੀ ਦੀ ਨਸਲ ਦੀ ਪਹਿਚਾਣ ਕਰਨ ਦੀ। ਇਸ ਲਈ ਹਮੇਸ਼ਾ ਹੀ ਮਾਹਿਰਾਂ ਤੋਂ ਬੱਕਰੀਆਂ ਦੀ ਪਹਿਚਾਣ ਕਰਨ ਲਈ ਜਾਣਕਾਰੀ ਲੈਣੀ ਚਾਹੀਦੀ ਹੈ। – ਸੰਦੀਪ ਸਿੰਘ

ਆਪਣੇ ਦ੍ਰਿੜ ਸੰਕਲਪ ਅਤੇ ਪਰਿਵਾਰਿਕ ਮੈਂਬਰ ਤੋਂ ਮਿਲੇ ਸਹਿਯੋਗ ਦੇ ਕਾਰਣ ਉਹਨਾਂ ਨੇ ਬੱਕਰੀ ਪਾਲਣ ਦੇ ਕਿੱਤੇ ਨੂੰ ਲਾਹੇਵੰਦ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸੰਦੀਪ ਅਤੇ ਰਾਜਪ੍ਰੀਤ ਨੇ ਆਪਣੇ ਫਾਰਮ ਵਿੱਚ ਬੱਕਰੀਆਂ ਦੀ ਨਸਲ ਸੁਧਾਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਮਿਹਨਤ ਦੇ ਸਦਕਾ, ਅੱਜ 2 ਸਾਲਾਂ ਦੇ ਅੰਦਰ-ਅੰਦਰ ਹੀ ਉਹਨਾਂ ਦੇ ਫਾਰਮ ਵਿੱਚ ਬੱਕਰੀਆਂ ਦੀ ਗਿਣਤੀ 10 ਤੋਂ 150 ਤੱਕ ਪੁਹੰਚ ਗਈ ਹੈ।

ਬੱਕਰੀ ਪਾਲਣ ਦੇ ਕਿੱਤੇ ਵਿੱਚ ਕਦੇ ਵੀ ਲੇਬਰ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਜੇਕਰ ਇਸ ਕਿੱਤੇ ਵਿੱਚ ਸਫ਼ਲਤਾ ਹਾਸਿਲ ਕਰਨੀ ਹੈ ਤਾਂ ਸਾਨੂੰ ਖੁਦ ਮਿਹਨਤ ਕਰਨੀ ਪੈਂਦੀ ਹੈ। – ਰਾਜਪ੍ਰੀਤ ਸਿੰਘ

ਬੱਕਰੀ ਪਾਲਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਜਾਣਨ ਤੋਂ ਬਾਅਦ ਉਹਨਾਂ ਨੇ ਹੋਰ ਬੱਕਰੀ ਪਾਲਕਾਂ ਦੀ ਮਦਦ ਕਰਨ ਲਈ ਬੱਕਰੀ ਪਾਲਣ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਤਾਂ ਜੋ ਬੱਕਰੀ ਪਾਲਕਾਂ ਨੂੰ ਇਸ ਕਿੱਤੇ ਤੋਂ ਵੱਧ ਮੁਨਾਫ਼ਾ ਹੋ ਸਕੇ। ਸੰਦੀਪ ਅਤੇ ਰਾਜਪ੍ਰੀਤ ਆਪਣੇ ਫਾਰਮ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਹਨ, ਜਿਸ ਨਾਲ ਸਿਖਿਆਰਥੀਆਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ ਅਤੇ ਉਹ ਇਹਨਾਂ ਤਕਨੀਕਾਂ ਨੂੰ ਵਰਤ ਕੇ ਬੱਕਰੀ ਪਾਲਣ ਦੇ ਕਿੱਤੇ ਤੋਂ ਲਾਭ ਕਮਾ ਰਹੇ ਹਨ।

ਬੱਕਰੀ ਪਾਲਣ ਦੀ ਟ੍ਰੇਨਿੰਗ ਦੇਣ ਦੇ ਨਾਲ-ਨਾਲ SR Commercial ਬੱਕਰੀ ਫਾਰਮ ਤੋਂ ਪੰਜਾਬ ਅਤੇ ਹਰਿਆਣਾ ਹੀ ਨਹੀਂ, ਬਲਕਿ ਵੱਖ-ਵੱਖ ਰਾਜਾਂ ਦੇ ਬੱਕਰੀ ਪਾਲਕ ਬੱਕਰੀਆਂ ਲੈਣ ਲਈ ਆਉਂਦੇ ਹਨ।

ਭਵਿੱਖ ਦੀ ਯੋਜਨਾ

ਆਉਣ ਵਾਲੇ ਸਮੇਂ ਵਿੱਚ ਸੰਦੀਪ ਅਤੇ ਰਾਜਪ੍ਰੀਤ ਆਪਣਾ ਬੱਕਰੀ ਪਾਲਣ ਟ੍ਰੇਨਿੰਗ ਸਕੂਲ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਬੱਕਰੀ ਪਾਲਣ ਦੇ ਕਿੱਤੇ ਦੇ ਨਾਲ-ਨਾਲ ਖੇਤੀਬਾੜੀ ਦੇ ਖੇਤਰ ਵਿੱਚ ਵੀ ਅੱਗੇ ਆਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਬੱਕਰੀ ਦੀ ਫੀਡ ਦੇ ਉਤਪਾਦ ਬਣਾ ਕੇ ਇਹਨਾਂ ਦੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼
“ਬੱਕਰੀ ਪਾਲਕਾਂ ਨੂੰ ਛੋਟੇ ਪੱਧਰ ਤੋਂ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਵੀ ਬੱਕਰੀ ਪਾਲਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕਦੇ ਵੀ ਸਾਡੇ ਫਾਰਮ ‘ਤੇ ਆ ਕੇ ਜਾਣਕਾਰੀ ਅਤੇ ਸਲਾਹ ਲੈ ਸਕਦੇ ਹਨ।”

ਢੱਡਾ ਗੋਟ ਫਾਰਮ

ਪੂਰੀ ਕਹਾਣੀ ਪੜ੍ਹੋ

ਇਨ੍ਹਾਂ ਚਾਰ ਭਵਿੱਖਵਾਦੀ ਪੁਰਸ਼ਾਂ ਦੀ ਮੰਡਲੀ, ਪੰਜਾਬ ਵਿੱਚ ਬੱਕਰੀ ਪਾਲਣ ਨੂੰ ਵਧੀਆ ਬਣਾ ਰਹੇ ਹਨ

ਢੱਡਾ ਬੱਕਰੀ ਫਾਰਮ – ਚਾਰ ਭਵਿੱਖਵਾਦੀ ਮਨੁੱਖਾਂ (ਬੀਰਬਲ ਕੁਮਾਰ, ਜੁਗਰਾਜ ਸਿੰਘ, ਅਮਰਜੀਤ ਸਿੰਘ ਅਤੇ ਮਨਜੀਤ ਕੁਮਾਰ) ਦੁਆਰਾ ਚਲਾਇਆ ਫਾਰਮ, ਜਿਨ੍ਹਾਂ ਨੇ ਸਹੀ ਸਮੇਂ ‘ਤੇ ਪੰਜਾਬ ਵਿੱਚ ਬੱਕਰੀ ਦੇ ਮੀਟ ਅਤੇ ਦੁੱਧ ਦੇ ਭਵਿੱਖ ਵਾਲੇ ਬਾਜ਼ਾਰ ਨੂੰ ਦੇਖਦੇ ਹੋਏ ਇੱਕ ਬੱਕਰੀ ਫਾਰਮ ਹਾਊਸ ਦੀ ਸਥਾਪਨਾ ਕੀਤੀ, ਜਿੱਥੇ ਤੁਸੀਂ ਨਾ ਸਿਰਫ਼ ਦੁੱਧ ਅਤੇ ਮਾਸ ਖਰੀਦ ਸਕਦੇ ਹੋ, ਬਲਕਿ ਤੁਸੀਂ ਬੱਕਰੀ ਪਾਲਣ ਦੀਆਂ ਵੱਖ-ਵੱਖ ਨਸਲਾਂ ਵੀ ਖਰੀਦ ਸਕਦੇ ਹੋ।

ਸ਼ੁਰੂਆਤ ਵਿੱਚ, ਬੱਕਰੀ ਫਾਰਮ ਸਥਾਪਨਾ ਦਾ ਵਿਚਾਰ ਬੀਰਬਲ ਅਤੇ ਉਨ੍ਹਾਂ ਦੇ ਚਾਚਾ ਮਨਜੀਤ ਕੁਮਾਰ ਦਾ ਸੀ। ਇਸ ਤੋਂ ਪਹਿਲਾਂ ਬੀਰਬਲ ਇੱਕ ਕਾਲਜ ਵਿੱਚ ਸੁਪਰਵਾਈਜ਼ਰ ਦੇ ਤੌਰ ‘ਤੇ ਕੰਮ ਕਰਦੇ ਅੱਕ ਚੁੱਕੇ ਸਨ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਸਨ। ਪਰ ਕਿਸੇ ਵੀ ਚੀਜ਼ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਬੀਰਬਲ ਪੂਰੀ ਮਾਰਕਿਟ ਰਿਸਰਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਪੰਜਾਬ ਦੇ ਕਈ ਫਾਰਮਾਂ ਦਾ ਦੌਰਾ ਕੀਤਾ ਅਤੇ ਨਾਲ ਹੀ ਮਾਰਕਿਟ ਦਾ ਵਿਸ਼ਲੇਸ਼ਣ ਕਰਨ ਅਤੇ ਕੁੱਝ ਜਾਣਕਾਰੀ ਹਾਸਲ ਕਰਨ ਲਈ ਦਿੱਲੀ ਵੀ ਗਏ।

ਵਿਸ਼ਲੇਸ਼ਣ ਤੋਂ ਬਾਅਦ, ਬੀਰਬਲ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ ਬਹੁਤ ਘੱਟ ਬੱਕਰੀ ਫਾਰਮ ਹਨ ਅਤੇ ਬੱਕਰੀ ਦੇ ਮੀਟ ਅਤੇ ਦੁੱਧ ਦੀ ਮੰਗ ਜ਼ਿਆਦਾ ਹੈ। ਬੀਰਬਲ ਦੇ ਚਾਚਾ ਜੀ, ਮਨਜੀਤ ਕੁਮਾਰ ਨੇ ਸ਼ੁਰੂ ਤੋਂ ਹੀ ਇਸ ਉੱਦਮ ਵਿੱਚ ਉਨ੍ਹਾਂ ਦਾ ਹਮੇਸ਼ਾ ਸਾਥ ਨਿਭਾਇਆ ਅਤੇ ਇਸ ਤਰ੍ਹਾਂ ਢੱਡਾ ਬੱਕਰੀ ਫਾਰਮ ਦਾ ਵਿਚਾਰ ਅਸਲ ਵਿੱਚ ਸਾਹਮਣੇ ਆਇਆ। ਦੂਜੇ ਦੋ ਮੁੱਖ ਭਾਈਵਾਲ ਇਸ ਉੱਦਮ ਵਿੱਚ ਉਦੋਂ ਸ਼ਾਮਲ ਹੋਏ ਜਦੋਂ ਬੀਰਬਲ ਇੱਕ ਖਾਲੀ ਜ਼ਮੀਨ ਦੀ ਭਾਲ ਵਿੱਚ ਸਨ, ਜਿੱਥੇ ਉਹ ਆਪਣੇ ਬੱਕਰੀ ਫਾਰਮ ਦੀ ਸਥਾਪਨਾ ਕਰ ਸਕਣ ਅਤੇ ਫਿਰ ਉਹ ਸੂਬੇਦਾਰ ਜੁਗਰਾਜ ਸਿੰਘ ਅਤੇ ਅਮਰਜੀਤ ਸਿੰਘ ਨਾਲ ਮਿਲੇ। ਉਹ ਦੋਨੋਂ ਹੀ ਫੌਜ ‘ਚੋਂ ਸੇਵਾ-ਮੁਕਤ ਸਨ। ਬੱਕਰੀ ਫਾਰਮ ਦੇ ਵਿਚਾਰ ਬਾਰੇ ਜਾਣਨ ਲਈ ਜੁਗਰਾਜ ਸਿੰਘ ਅਤੇ ਅਮਰਜੀਤ ਸਿੰਘ ਨੇ ਇਸ ਵਪਾਰ ਵਿੱਚ ਦਿਲਚਸਪੀ ਦਿਖਾਈ। ਜੁਗਰਾਜ ਸਿੰਘ ਨੇ ਬੀਰਬਲ ਨੂੰ 10 ਸਾਲਾਂ ਲਈ ਆਪਣੀ 4 ਏਕੜ ਜ਼ਮੀਨ ਠੇਕੇ ‘ਤੇ ਦੇ ਦਿੱਤੀ। ਆਖਰ, ਜੁਲਾਈ 2015 ਵਿੱਚ 23 ਲੱਖ ਦੀ ਲਾਗਤ ਨਾਲ ਢੱਡਾ ਬੱਕਰੀ ਫਾਰਮ ਦੀ ਸਥਾਪਨਾ ਹੋਈ।

ਫਾਰਮ 70 ਜਾਨਵਰਾਂ (40 ਮਾਦਾ ਬੱਕਰੀਆਂ, 5 ਬੱਕਰੇ ਅਤੇ 25 ਲੇਲਿਆਂ) ਦੇ ਨਾਲ ਸ਼ੁਰੂ ਕੀਤਾ ਗਿਆ, ਬਾਅਦ ਵਿੱਚ ਉਨ੍ਹਾਂ ਨੇ 60 ਹੋਰ ਜਾਨਵਰ ਖਰੀਦ ਲਏ। ਆਪਣੇ ਵਪਾਰ ਨੂੰ ਬਿਹਤਰ ਪ੍ਰਬੰਧਨ ਅਤੇ ਸੁਰੱਖਿਆ ਦੇਣ ਲਈ, ਚਾਰਾਂ ਮੈਂਬਰਾਂ ਨੇ ਗਡਵਾਸੂ ਤੋਂ 5 ਦਿਨ ਦੀ ਬੱਕਰੀ ਪਾਲਣ ਦੀ ਸਿਖਲਾਈ ਲਈ।

ਖੈਰ, ਢੱਡਾ ਬੱਕਰੀ ਫਾਰਮ ਚਲਾਉਣਾ ਇੰਨਾ ਅਸਾਨ ਨਹੀਂ ਸੀ, ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ। ਬੱਕਰੀਆਂ ਨੂੰ ਵੱਡੇ ਪੈਮਾਨੇ ‘ਤੇ ਖਰੀਦਣ ਸਮੇਂ ਉਨ੍ਹਾਂ ਨੇ ਕੁੱਝ ਬੱਕਰੀਆਂ ਸਥਾਨਕ ਬੱਕਰੀ ਪਾਲਕ ਕਿਸਾਨਾਂ ਤੋਂ ਬਿਨਾਂ ਕਿਸੇ ਟੀਕਾਕਰਣ ਦੇ ਖਰੀਦੀਆਂ, ਜਿਸ ਨਾਲ ਬੱਕਰੀਆਂ ਨੂੰ PPR ਰੋਗ ਹੋਇਆ ਅਤੇ ਕੁੱਝ ਸਮੇਂ ਵਿੱਚ ਕਈ ਬੱਕਰੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ, ਉਨ੍ਹਾਂ ਨੇ ਆਪਣੀ ਗ਼ਲਤੀਆਂ ਤੋਂ ਸਿੱਖਿਆ ਅਤੇ ਫਿਰ ਉਨ੍ਹਾਂ ਨੇ ਪਸ਼ੂਆਂ ਦੇ ਡਾ. ਸਰਬਜੀਤ ਤੋਂ ਆਪਣੇ ਫਾਰਮ ਦੀਆਂ ਬੱਕਰੀਆਂ ਦਾ ਸਹੀ ਟੀਕਾਕਰਣ ਸ਼ੂਰੂ ਕਰਵਾਇਆ।

ਡਾ. ਸਰਬਜੀਤ ਨੇ ਬਿਮਾਰੀ ਮੁਕਤ ਬੱਕਰੀ ਫਾਰਮ ਦੀ ਸਥਾਪਨਾ ਕਰਨ ਵਿੱਚ ਉਨ੍ਹਾਂ ਦੀ ਬਹੁਤ ਮਦਦ ਕੀਤੀ, ਉਹ ਹਰ ਹਫ਼ਤੇ ਢੱਡਾ ਬੱਕਰੀ ਫਾਰਮ ‘ਤੇ ਜਾਂਦੇ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ। ਵਰਤਮਾਨ ਵਿੱਚ, ਬੱਕਰੀਆਂ ਦੀ ਗਿਣਤੀ 400 ਤੋਂ ਜ਼ਿਆਦਾ ਹੋ ਗਈ ਹੈ। ਬੱਕਰੀਆਂ ਦੀ ਬੀਟਲ, ਸਿਰੋਹੀ, ਬਾਰਬਰੀ, ਤੋਤਾਪੁਰੀ ਅਤੇ ਜਖਰਾਨਾ ਨਸਲ ਢੱਡਾ ਬੱਕਰੀ ਫਾਰਮ ‘ਤੇ ਮਿਲਦੀ ਹੈ। ਢੱਡਾ ਫਾਰਮ ‘ਤੇ ਬੱਕਰੀ ਦੀਆਂ ਨਸਲਾਂ, ਬੱਕਰੀ ਦਾ ਦੁੱਧ ਅਤੇ ਬੱਕਰੀ ਦੇ ਗੋਬਰ ਤੋਂ ਤਿਆਰ ਖਾਦ ਵੇਚੀ ਜਾਂਦੀ ਹੈ। ਬਕਰੀਦ ਦੌਰਾਨ ਵਧੀਆ ਮੁਨਾਫ਼ਾ ਕਮਾਉਣ ਲਈ ਉਹ ਨਰ(ਬੱਕਰੇ) ਵੀ ਵੇਚਦੇ ਹਨ।

ਸਭ ਤੋਂ ਮਹੱਤਵਪੂਰਣ ਚੀਜ਼ ਫੀਡ ਹੈ ਜਿਸ ਦਾ ਉਹ ਧਿਆਨ ਰੱਖਦੇ ਹਨ। ਉਹ ਗਰਮੀਆਂ ਵਿੱਚ ਬੱਕਰੀਆਂ ਨੂੰ ਹਰਾ ਘਾਹ, ਪੱਤੇ, ਹਰੇ ਚਨੇ ਅਤੇ ਹਰੀ ਮੂੰਗ ਦੇ ਪੌਦਿਆਂ ਦਾ ਮਿਸ਼ਰਣ ਅਤੇ ਸਰਦੀਆਂ ਵਿੱਚ ਬਰਸੀਮ, ਸਰ੍ਹੋਂ, ਗੁਆਰ ਅਤੇ ਮੂੰਗਫਲੀ ਦਾ ਘਾਹ ਦਿੰਦੇ ਹਨ। ਉਨ੍ਹਾਂ ਕੋਲ ਦੋ ਪੱਕੇ ਕਰਮਚਾਰੀ ਹਨ ਜੋ ਬੱਕਰੀ ਫਾਰਮ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੇ ਹਨ। ਬਿਹਤਰ ਫੀਡ ਤਿਆਰ ਕਰਨ ਲਈ ਉਹ ਸਾਰਾ ਚਾਰਾ ਘਰ ਵਿੱਚ ਉਗਾਉਂਦੇ ਹਨ। ਬੱਕਰੀ ਦੀਆਂ ਲੋੜਾਂ ਦਾ ਸਹੀ ਧਿਆਨ ਰੱਖਣ ਲਈ ਉਨ੍ਹਾਂ ਨੇ ਬੱਕਰੀਆਂ ਦੇ ਖੁੱਲ੍ਹ ਕੇ ਘੁੰਮਣ ਲਈ 4 ਕਨਾਲ ਖੇਤਰ ਵੀ ਰੱਖਿਆ ਹੈ। ਡੀ-ਵਾਰਮਿੰਗ ਗਨ, ਚਾਰਾ ਕੁਤਰਨ ਲਈ ਮਸ਼ੀਨ, ਮੈਡੀਕਲ ਕਿੱਟ ਅਤੇ ਦਵਾਈਆਂ ਆਦਿ ਕੁੱਝ ਜ਼ਰੂਰੀ ਚੀਜ਼ਾਂ ਹਨ ਜਿਹਨਾਂ ਦੀ ਵਰਤੋਂ ਬੀਰਬਲ ਅਤੇ ਹੋਰ ਮੈਂਬਰ ਆਪਣੀ ਬੱਕਰੀ ਪਾਲਣ ਦੀ ਪ੍ਰਕਿਰਿਆ ਨੂੰ ਅਸਾਨ ਅਤੇ ਸਰਲ ਬਣਾਉਣ ਲਈ ਕਰਦੇ ਹਨ।

ਢੱਡਾ ਬੱਕਰੀ ਤੋਂ ਹਰ ਸਾਲ ਔਸਤਨ 750000 ਦਾ ਮੁਨਾਫ਼ਾ ਲਿਆ ਜਾਂਦਾ ਹੈ ਜੋ ਫਾਰਮ ਦੇ ਚਾਰਾਂ ਮੈਂਬਰਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਬੱਕਰੀ ਫਾਰਮ ਕਾਰੋਬਾਰ ਨੂੰ ਵਧੀਆ ਚਲਾਉਣ ਦੇ ਬਾਵਜੂਦ ਵੀ ਢੱਡਾ ਬੱਕਰੀ ਫਾਰਮ ਦਾ ਕੋਈ ਵੀ ਮੈਂਬਰ ਆਪਣੀ ਸਫ਼ਲਤਾ ਦਾ ਘਮੰਡ ਨਹੀਂ ਕਰਦਾ ਅਤੇ ਜਦੋਂ ਵੀ ਕੋਈ ਕਿਸਾਨ ਮਦਦ ਲਈ ਜਾਂ ਮਾਰਗਦਰਸ਼ਨ ਲਈ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦਾ ਤਾਂ ਉਹ ਪੂਰੇ ਦਿਲ ਨਾਲ ਉਨ੍ਹਾਂ ਦੀ ਸਹਾਇਤਾ ਕਰਦੇ ਹਨ।

ਪੁਰਸਕਾਰ:

ਬੱਕਰੀ ਪਾਲਣ ਵਿੱਚ ਸਫ਼ਲਤਾ ਦੇ ਲਈ ਸ. ਜੁਗਰਾਜ ਸਿੰਘ ਨੂੰ ਢੱਡਾ ਬੱਕਰੀ ਫਾਰਮ ਦੇ ਲਈ 23 ਮਾਰਚ 2018 ਨੂੰ ਮੁੱਖ ਮੰਤਰੀ ਪੁਰਸਕਾਰ ਵੀ ਮਿਲਿਆ।

ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਢੱਡਾ ਬੱਕਰੀ ਫਾਰਮ ਦੇ ਭਵਿੱਖਵਾਦੀ ਮਨੁੱਖ ਬੱਕਰੀਆਂ ਦੀ ਗਿਣਤੀ ਨੂੰ 1000 ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
“ਬੱਕਰੀ ਪਾਲਣ ਇੱਕ ਸਹਾਇਕ ਗਤੀਵਿਧੀ ਹੈ ਜੋ ਕੋਈ ਵੀ ਕਿਸਾਨ ਫ਼ਸਲਾਂ ਦੀ ਖੇਤੀ ਦੇ ਨਾਲ ਅਪਣਾ ਸਕਦਾ ਹੈ ਅਤੇ ਇਸ ਤੋਂ ਚੰਗਾ ਮੁਨਾਫ਼ਾ ਕਮਾ ਸਕਦਾ ਹੈ। ਕਿਸਾਨਾਂ ਨੂੰ ਇਸ ਕਾਰੋਬਾਰ ਦੀਆਂ ਮੁੱਖ ਸੀਮਾਵਾਂ ਅਤੇ ਇਸ ਦੇ ਲਾਭ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ।”

ਅੱਜ ਦੇ ਸਮੇਂ ਵਿੱਚ ਖੇਤੀ ਸਮਾਜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਕੱਠੇ ਰਹਿਣ ਵਿੱਚ ਹੀ ਫਾਇਦਾ ਹੈ। ਇਨ੍ਹਾਂ ਚਾਰ ਵਿਅਕਤੀਆਂ ਨੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ, ਜਿਸ ਨੇ ਉਨ੍ਹਾਂ ਨੂੰ ਇੱਕ ਸਫ਼ਲ ਕਾਰੋਬਾਰ ਚਲਾਉਣ ਵਿੱਚ ਮਦਦ ਕੀਤੀ। ਬੱਕਰੀ ਪਾਲਣ ਸੰਬੰਧਿਤ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਢੱਡਾ ਬੱਕਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਨ੍ਹਾਂ ਤੋਂ ਅਗਵਾਈ ਲੈ ਸਕਦੇ ਹੋ।

ਅਲਤਾਫ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਦੇ ਬੱਕਰੀ ਪਾਲਣ ਪ੍ਰਤੀ ਪਿਆਰ ਨੇ ਉਸਨੂੰ ਬੱਕਰੀ ਪਾਲਣ ਦਾ ਸਫ਼ਲ ਕਿਸਾਨ ਬਣਾ ਦਿੱਤਾ

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਅੱਜ ਦੀ ਕਾਰੋਬਾਰੀ ਦੁਨੀਆ ਵਿੱਚ ਸਫ਼ਲਤਾ ਲਈ ਕਾਲਜ ਦੀ ਸਿੱਖਿਆ ਮਹੱਤਵਪੂਰਣ ਹੈ। ਹਾਂ, ਇਹ ਸੱਚ ਹੈ ਕਿ ਕਾਲਜ ਦੀ ਸਿੱਖਿਆ ਜ਼ਰੂਰੀ ਹੈ ਕਿਉਂਕਿ ਸਿੱਖਿਆ ਇਨਸਾਨ ਨੂੰ ਅੱਪਡੇਟ ਰੱਖਣ ਵਿੱਚ ਮਦਦ ਕਰਦੀ ਹੈ। ਪਰ ਸਫ਼ਲਤਾ ਪਿੱਛੇ ਇੱਕ ਪ੍ਰੇਰਣਾ ਸ਼ਕਤੀ ਹੁੰਦੀ ਹੈ ਅਤੇ ਉਹ ਹੈ ਜਨੂੰਨ। ਤੁਹਾਡਾ ਜਨੂੰਨ ਹੀ ਤੁਹਾਨੂੰ ਪੈਸਾ ਕਮਾਉਣ ਵਿੱਚ ਮਦਦ ਕਰਦਾ ਹੈ ਅਤੇ ਜਨੂੰਨ ਇਨਸਾਨ ਵਿੱਚ ਇੱਕ ਖ਼ਾਸ ਚੀਜ਼ ਦੇ ਪ੍ਰਤੀ ਦਿਲਚਸਪੀ ਹੋਣ ‘ਤੇ ਹੀ ਆਉਂਦਾ ਹੈ।

ਅਜਿਹੇ ਇੱਕ ਇਨਸਾਨ ਹਨ ਅਲਤਾਫ, ਜੋ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਪੱਧਰ ‘ਤੇ ਵਧੀਆ ਚਲਾ ਰਹੇ ਹਨ। ਇਸ ਕੰਮ ਵਿੱਚ ਉਨ੍ਹਾਂ ਦੀ ਸ਼ੁਰੂ ਤੋਂ ਹੀ ਦਿਲਚਸਪੀ ਸੀ, ਜਿਸ ਨਾਲ ਉਨ੍ਹਾਂ ਨੇ ਬੱਕਰੀ-ਪਾਲਣ ਨੂੰ ਆਪਣੇ ਪੇਸ਼ੇ ਦੇ ਰੂਪ ਵਿੱਚ ਅਪਨਾਇਆ ਅਤੇ ਇਹ ਉਨ੍ਹਾਂ ਦਾ ਜਨੂੰਨ ਹੀ ਸੀ, ਜਿਸ ਨਾਲ ਉਹ ਸਫ਼ਲ ਬਣੇ।

ਅਲਤਾਫ ਜੀ ਰਾਜਸਥਾਨ ਦੇ ਫਤਿਹਪੁਰ ਸੀਕਰੀ ਸ਼ਹਿਰ ਦੇ ਇੱਕ ਚੰਗੇ ਪਰਿਵਾਰ ਵਿੱਚ ਪੈਦਾ ਹੋਏ। ਅਲਤਾਫ ਜੀ ਦੇ ਪਿਤਾ, ਸ਼੍ਰੀ ਅਯੂਬ ਖੋਕਰ ਇੱਕ ਮਜ਼ਦੂਰ ਸੀ ਅਤੇ ਉਹ ਆਪਣਾ ਘਰ ਚਲਾਉਣ ਲਈ ਛੋਟੇ ਪੱਧਰ ‘ਤੇ ਖੇਤੀ ਕਰਦੇ ਸਨ। ਉਨ੍ਹਾਂ ਕੋਲ ਦੁੱਧ ਲਈ ਚਾਰ ਬੱਕਰੀਆਂ ਸਨ। ਬਚਪਨ ਵਿੱਚ ਅਲਤਾਫ ਜੀ ਨੂੰ ਬੱਕਰੀਆਂ ਦਾ ਬਹੁਤ ਸ਼ੌਂਕ ਸੀ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕਰਦੇ ਸੀ। ਪਰ ਉਨ੍ਹਾਂ ਦੇ ਪਿਤਾ ਕੋਲ ਕੋਈ ਪੱਕਾ ਕੰਮ ਨਹੀਂ ਸੀ, ਇਸ ਲਈ ਕੋਈ ਪੱਕੀ ਆਮਦਨ ਵੀ ਨਹੀਂ ਸੀ। ਪਰਿਵਾਰ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ, ਜਿਸ ਕਰਕੇ ਅਲਤਾਫ ਜੀ ਨੂੰ 7ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪਈ, ਪਰ ਬੱਕਰੀ-ਪਾਲਣ ਪ੍ਰਤੀ ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ ਅਤੇ 2013 ਵਿੱਚ ਉਨ੍ਹਾਂ ਨੇ ਬੱਕਰੀ-ਪਾਲਣ ਦਾ ਵੱਡਾ ਕਾਰੋਬਾਰ ਸ਼ੁਰੂ ਕੀਤਾ।

ਸ਼ੁਰੂ ਵਿੱਚ ਅਲਤਾਫ ਜੀ ਨੇ ਸਿਰਫ਼ 20 ਬੱਕਰੀਆਂ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣਾ ਕਾਰੋਬਾਰ 300 ਬੱਕਰੀਆਂ ਤੱਕ ਵਧਾ ਲਿਆ। ਉਨ੍ਹਾਂ ਨੇ ਬੱਕਰੀ ਪਾਲਣ ਲਈ ਕਿਸੇ ਤਰ੍ਹਾਂ ਦੀ ਵੀ ਟ੍ਰੇਨਿੰਗ ਨਹੀਂ ਲਈ। ਉਹ ਬਚਪਨ ਤੋਂ ਆਪਣੇ ਪਿਤਾ ਵੱਲ ਦੇਖ ਕੇ ਹੀ ਸਿੱਖਦੇ ਰਹੇ। ਇਨ੍ਹਾਂ ਸਾਲਾਂ ਵਿੱਚ ਹੀ ਉਨ੍ਹਾਂ ਨੇ ਸਮਝਿਆ ਕਿ ਬੱਕਰੀਆਂ ਦੀ ਦੇਖਭਾਲ ਕਿਵੇਂ ਕਰਨੀ ਹੈ। ਉਨ੍ਹਾਂ ਦੇ ਫਾਰਮ ਵਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਅਤੇ ਪ੍ਰਜਾਤੀਆਂ ਹਨ। ਅੱਜ ਉਨ੍ਹਾਂ ਦੇ ਫਾਰਮ ਤੋਂ ਤਿਆਰ ਮੀਟ ਨੂੰ ਉੱਤਮ ਗੁਣਾਂ ਲਈ ਮੰਨਿਆ ਜਾਂਦਾ ਹੈ। ਉਹ ਆਪਣੀਆਂ ਬੱਕਰੀਆਂ ਨੂੰ ਕੋਈ ਵੀ ਦਵਾਈ ਜਾਂ ਕਿਸੇ ਤਰ੍ਹਾਂ ਦੀ ਬਣਾਉਟੀ ਖੁਰਾਕ ਨਹੀਂ ਦਿੰਦੇ। ਉਹ ਹਮੇਸ਼ਾ ਬੱਕਰੀਆਂ ਨੂੰ ਕੁਦਰਤੀ ਚਾਰਾ ਦੇਣਾ ਹੀ ਪਸੰਦ ਕਰਦੇ ਹਨ ਅਤੇ ਧਿਆਨ ਦਿੰਦੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਬੱਕਰੀਆਂ ਬਿਮਾਰੀ-ਰਹਿਤ ਰਹਿਣ। ਅਜੇ ਤੱਕ ਉਹ ਵੱਡੇ ਪੱਧਰ ‘ਤੇ ਮੰਡੀਕਰਨ ਕਰ ਚੁੱਕੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਮੁੰਬਈ ਵਿੱਚ ਆਪਣੇ ਫਾਰਮ ਦਾ ਮੀਟ ਵੇਚਿਆ ਹੈ। ਉਨ੍ਹਾਂ ਦੇ ਫਾਰਮ ਵਿੱਚ ਬਣੇ ਮੀਟ ਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਇਸਦੀ ਮੁੰਬਈ ਤੋਂ ਖਾਸ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਖੇਤ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਅਧਿਕ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਉਹ ਮਜ਼ਦੂਰਾਂ ਨੂੰ ਕੰਮ ‘ਤੇ ਰੱਖ ਲੈਂਦੇ ਹਨ।

ਅੱਜ 24 ਸਾਲ ਦੀ ਉਮਰ ਵਿੱਚ ਅਲਤਾਫ ਜੀ ਨੇ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਤੌਰ ‘ਤੇ ਸਥਾਪਤ ਕੀਤਾ ਹੈ ਅਤੇ ਬੜੀ ਆਸਾਨੀ ਨਾਲ ਪ੍ਰਬੰਧ ਚਲਾ ਰਹੇ ਹਨ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਬੱਕਰੀ ਨੂੰ ਮੀਟ ਲਈ ਸਭ ਤੋਂ ਚੰਗਾ ਜਾਨਵਰ ਮੰਨਿਆ ਜਾਂਦਾ ਹੈ, ਇਸ ਲਈ ਬੱਕਰੀ ਪਾਲਣ ਲਈ ਆਰਥਿਕ ਸੰਭਾਵਨਾਵਾਂ ਬਹੁਤ ਵਧੀਆ ਹਨ। ਪਰ ਇਸ ਪੱਧਰ ਤੱਕ ਪਹੁੰਚਣਾ ਅਲਤਾਫ ਜੀ ਲਈ ਬਹੁਤ ਆਸਾਨ ਨਹੀਂ ਸੀ। ਬਹੁਤ ਮੁਸ਼ਕਿਲਾਂ ਅਤੇ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ 300 ਬੱਕਰੀਆਂ ਦੇ ਸਮੂਹ ਨੂੰ ਬਣਾਈ ਰੱਖਿਆ ਅਤੇ ਭਵਿੱਖ ਵਿੱਚ ਉਹ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਉਹ ਵੱਖ-ਵੱਖ ਸ਼ਹਿਰਾਂ ਵਿੱਚ ਮੌਜੂਦ ਗ੍ਰਾਹਕਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਆਪਣੇ ਫਾਰਮ ਚਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਲਤਾਫ ਜੀ ਦੁਆਰਾ ਦਿੱਤਾ ਗਿਆ ਸੰਦੇਸ਼
“ਅਲਤਾਫ ਜੀ ਅਨੁਸਾਰ ਇੱਕ ਕਿਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਪ੍ਰਮਾਤਮਾ ਹਰ ਕਿਸੇ ਨੂੰ ਮੌਕਾ ਦਿੰਦਾ ਹੈ, ਬਸ ਉਸਨੂੰ ਹੱਥ ‘ਚੋਂ ਨਾ ਜਾਣ ਦਿਓ। ਆਪਣੀ ਤਾਕਤ ਦਾ ਪ੍ਰਯੋਗ ਕਰੋ ਅਤੇ ਆਪਣੇ ਕੰਮ ਦੀ ਸ਼ੁਰੂਆਤ ਕਰੋ। ਤੁਹਾਡੀ ਪ੍ਰਤਿਭਾ ਇਹ ਤੈਅ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ ਕਿ ਭਵਿੱਖ ਵਿੱਚ ਤੁਸੀਂ ਕੀ ਕਰਨਾ ਹੈ।”