ਦੋ ਭਰਾਵਾਂ ਦੀ ਮਿਲ ਕੇ ਕੀਤੀ ਗਈ ਕੋਸ਼ਿਸ਼ ਨੇ ਉਨ੍ਹਾਂ ਦੇ ਪਿਤਾ ਦੇ ਛੋਟੇ ਜਿਹੇ ਪੋਲਟਰੀ ਫਾਰਮ ਨੂੰ ਲੱਖਾਂ ਦੇ ਕਾਰੋਬਾਰ ਵਿੱਚ ਬਦਲ ਦਿੱਤਾ: ਜਗਜੀਤ ਪੋਲਟਰੀ ਬ੍ਰੀਡਿੰਗ ਫਾਰਮ
ਇੱਕ ਵਿਅਕਤੀ ਦੁਆਰਾ 15000 ਰੁਪਏ ਤੋਂ ਇੱਕ ਕਾਰੋਬਾਰ ਸ਼ੁਰੂ ਹੋਇਆ। ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰ ਇਸ ਕਾਰੋਬਾਰ ਨੂੰ ਲੱਖਾਂ ਦਾ ਬਣਾ ਦੇਣਗੇ। ਅਜਿਹਾ ਕਿਹਾ ਜਾਂਦਾ ਹੈ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਛੋਟੀ ਹੁੰਦੀ ਹੈ। ਇਹ ਦੋ ਪੁੱਤਰਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਆਪਣੀ ਪੜ੍ਹਾਈ ਤੋਂ ਬਾਅਦ ਪਿਤਾ ਦੇ ਕਦਮਾਂ ‘ਤੇ ਚੱਲ ਕੇ ਆਪਣੇ ਕਾਰੋਬਾਰ ਨੂੰ ਬਹੁਤ ਉੱਚੇ ਪੱਧਰ ‘ਤੇ ਪਹੁੰਚਾਇਆ।
ਸ. ਭਗਤ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚਲੇ ਕਸਬੇ ਪੱਟੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ 1962 ਵਿੱਚ 400 ਮੁਰਗੀਆਂ ਦੇ ਨਾਲ ਪੋਲਟਰੀ ਫਾਰਮ ਦਾ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਜਦੋਂ ਇਹ ਕਾਰੋਬਾਰ ਸ਼ੁਰੂ ਕੀਤਾ, ਤਾਂ ਜ਼ਿਆਦਾਤਰ ਲੋਕ ਪੋਲਟਰੀ ਫਾਰਮ ਦੇ ਕੰਮ ਬਾਰੇ ਨਹੀਂ ਵਿਚਾਰਦੇ ਸੀ। ਉਨ੍ਹਾਂ ਨੇ ਆਪਣੇ ਪੋਲਟਰੀ ਫਾਰਮ ਦਾ ਨਾਮ ਜਗਜੀਤ ਪੋਲਟਰੀ ਫਾਰਮ ਰੱਖਿਆ, ਇਸ ਵਿੱਚ ‘ਜਗ’ ਸ਼ਬਦ ਉਨ੍ਹਾਂ ਦੇ ਪਤਨੀ ਦੇ ਨਾਮ ‘ਚੋਂ (ਜਗਦੀਸ਼) ਲਿਆ ਅਤੇ ‘ਜੀਤ’ ਉਨ੍ਹਾਂ ਦਾ ਖੁਦ ਦਾ ਨਾਮ ਸੀ। ਪੋਲਟਰੀ ਦਾ ਕਾਰੋਬਾਰ ਸ਼ੁਰੂ ਕਰਨਾ ਉਨ੍ਹਾਂ ਲਈ ਇੱਕ ਸੁਪਨਾ ਸੀ ਅਤੇ ਇਸ ਵਿੱਚ ਉਨ੍ਹਾਂ ਦੀ ਬਹੁਤ ਦਿਲਚਸਪੀ ਵੀ ਸੀ। ਪਰ ਉਨ੍ਹਾਂ ਨੇ ਕਦੇ ਵੀ ਆਪਣੇ ਸ਼ਬਦਾਂ ਜਾਂ ਕਾਰੋਬਾਰ ਨੂੰ ਬੱਚਿਆਂ ‘ਤੇ ਨਹੀਂ ਥੋਪਿਆ। ਉਨ੍ਹਾਂ ਦੇ ਦੋ ਪੁੱਤਰ ਹਨ: ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਅਤੇ ਉਨ੍ਹਾਂ ਦੋਨਾਂ ਨੂੰ ਹੀ ਮੁੱਢਲੀ ਅਤੇ ਉੱਚੇਰੀ ਵਿੱਦਿਆ ਲਈ ਸਕੂਲ ਅਤੇ ਕਾਲਜ ਭੇਜਿਆ ਗਿਆ, ਤਾਂ ਜੋ ਉਹ ਆਪਣੀ ਮਰਜ਼ੀ ਦਾ ਕਾਰੋਬਾਰ ਚੁਣ ਸਕਣ। ਪਰ ਉਨ੍ਹਾਂ ਦੇ ਦੋਨਾਂ ਪੁੱਤਰਾਂ ਨੇ ਆਪਣੇ ਪਿਤਾ ਦੇ ਕਾਰੋਬਾਰ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ।
ਦੋਨਾਂ ਭਰਾਵਾਂ, ਮਨਦੀਪ ਸਿੰਘ ਅਤੇ ਰਮਨਦੀਪ ਸਿੰਘ, ਨੇ 2012 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਕਾਰੋਬਾਰ ਨੂੰ ਸੰਭਾਲਿਆ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣੇ ਫਾਰਮ ਨੂੰ 3.5 ਏਕੜ ਦੇ ਇਲਾਕੇ ਤੱਕ ਵਧਾ ਦਿੱਤਾ। ਪਹਿਲਾਂ ਉੱਥੇ ਸਿਰਫ਼ ਪੋਲਟਰੀ ਫਾਰਮ ਹੀ ਸੀ, ਪਰ ਕੁੱਝ ਸਮੇਂ ਬਾਅਦ ਉਨ੍ਹਾਂ ਨੇ ਬ੍ਰੀਡਿੰਗ ਦਾ ਕੰਮ ਵੀ ਸ਼ੁਰੂ ਕੀਤਾ ਅਤੇ ਆਪਣੇ ਫਾਰਮ ਦਾ ਨਾਮ ਬਦਲ ਕੇ ਜਗਜੀਤ ਪੋਲਟਰੀ ਬ੍ਰੀਡਿੰਗ ਫਾਰਮ ਰੱਖ ਦਿੱਤਾ। ਪਰ ਪੂਰੇ ਪਿੰਡ ਵਿੱਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਪੋਲਟਰੀ ਫਾਰਮ ਭਗਤ ਸਿੰਘ ਜੀ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਨਾਮ ਬਦਲਣ ਨਾਲ ਕੋਈ ਖਾਸ ਬਦਲਾਅ ਨਹੀਂ ਆਇਆ, ਪਰ ਦੋਨਾਂ ਭਰਾਵਾਂ ਦੀ ਮਿਹਨਤ ਨਾਲ ਬਹੁਤ ਵੱਡਾ ਬਦਲਾਅ ਆਇਆ ਅਤੇ ਪੂਰੇ ਪੋਲਟਰੀ ਕਾਰੋਬਾਰ ਦਾ ਨਕਸ਼ਾ ਹੀ ਬਦਲ ਗਿਆ।
ਉਨ੍ਹਾਂ ਕੋਲ 1.5 ਏਕੜ ਜ਼ਮੀਨ ਬ੍ਰੀਡਿੰਗ ਲਈ ਅਤੇ 2 ਏਕੜ ਜ਼ਮੀਨ ਵਪਾਰਕ ਕੰਮ ਲਈ ਹੈ। ਅੱਜ ਉਨ੍ਹਾਂ ਕੋਲ ਬ੍ਰੀਡਿੰਗ ਫਾਰਮ ਵਿੱਚ ਲਗਭਗ 12000 ਮੁਰਗੀਆਂ ਅਤੇ ਵਪਾਰਕ ਫਾਰਮ ਵਿੱਚ 18-20,000 ਮੁਰਗੀਆਂ ਹਨ।
ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਫਾਰਮ ਦੇ ਕੰਮਾਂ ਨੂੰ ਆਸਾਨ ਅਤੇ ਆਟੋਮੈਟਿਕ ਬਣਾਉਣ ਲਈ 8 ਮਸ਼ੀਨਾਂ ਲਿਆਦੀਆਂ, ਜਿਨ੍ਹਾਂ ਵਿੱਚੋਂ ਹਰੇਕ ਮਸ਼ੀਨ ਦਾ ਮੁੱਲ ਲਗਭਗ 3 ਲੱਖ ਹੈ। ਇਸ ਫਾਰਮ ਅਤੇ ਮਸ਼ੀਨਾਂ ਦੇ ਪ੍ਰਬੰਧ ਲਈ ਉਨ੍ਹਾਂ ਦੇ ਨਾਲ 25 ਹੋਰ ਮਜ਼ਦੂਰ ਕੰਮ ਕਰਦੇ ਹਨ। ਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਪੋਲਟਰੀ ਫਾਰਮ ਵਿੱਚ ਸਫਾਈ ਵੱਲ ਖਾਸ ਧਿਆਨ ਦਿੰਦੇ ਹਨ। ਇੱਥੋਂ ਤੱਕ ਕਿ ਮਨਦੀਪ ਸਿੰਘ ਜੀ ਦਾ ਪੁੱਤਰ ਡਾ. ਜਸਦੀਪ ਸਿੰਘ ਵੀ ਇਸ ਪੋਲਟਰੀ ਫਾਰਮ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਵੈਟਨਰੀ ਡਾਕਟਰ ਹੋਣ ਦੇ ਤੌਰ ‘ਤੇ ਜਸਦੀਪ ਸਿੰਘ ਮੁਰਗੀਆਂ ਅਤੇ ਚੂਜ਼ਿਆਂ ਦੀ ਦੇਖ-ਭਾਲ ਵਿੱਚ ਖਾਸ ਭੂਮਿਕਾ ਨਿਭਾਉਂਦੇ ਹਨ। ਉਹ ਯਕੀਨ ਦਿਵਾਉਂਦੇ ਹਨ ਕਿ ਸਾਰੇ ਚੂਜ਼ੇ ਬਿਮਾਰੀ-ਮੁਕਤ ਅਤੇ ਪੋਲਟਰੀ ਦੇ ਸਾਰੇ ਉਤਪਾਦ ਵਧੀਆ ਕੁਆਲਿਟੀ ਦੇ ਹਨ। ਜੇਕਰ ਚੂਜ਼ਿਆਂ ਵਿੱਚ ਕੋਈ ਬਿਮਾਰੀ ਜਾਂ ਇਸਦੇ ਲੱਛਣ ਦਿੱਖਣ ਤਾਂ ਉਹ ਲੋੜ ਅਨੁਸਾਰ ਟੀਕਾਕਰਨ ਆਦਿ ਕਰਵਾਉਂਦੇ ਹਨ।
7 ਸਾਲ ਪਹਿਲਾਂ ਬਣੇ ਛੋਟੇ ਜਿਹੇ ਪੋਲਟਰੀ ਫਾਰਮ ਨੂੰ ਦੋਨਾਂ ਭਰਾਵਾਂ ਦੀ ਮਿਹਨਤ ਨੇ ਲੱਖਾਂ ਦੀ ਕੀਮਤ ਵਿੱਚ ਬਦਲ ਦਿੱਤਾ। ਅੱਜ ਉਹ ਆਪਣੇ ਪੋਲਟਰੀ ਉਤਪਾਦ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਸਪਲਾਈ ਕਰਦੇ ਹਨ। ਉਹ ਹੋਰਨਾਂ ਲੋਕਾਂ ਨੂੰ ਵੀ ਇਸ ਕਾਰੋਬਾਰ ਬਾਰੇ ਟ੍ਰੇਨਿੰਗ ਅਤੇ ਸਲਾਹ ਦਿੰਦੇ ਹਨ, ਜੋ ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਹਨ। ਡਾ. ਜਸਦੀਪ ਸਿੰਘ ਪੋਲਟਰੀ ਉਤਪਾਦਾਂ ਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਅਤੇ ਚੂਜ਼ਿਆਂ ਦੀ ਖੁਰਾਕ ਅਤੇ ਟੀਕਾਕਰਨ ਆਦਿ ਬਾਰੇ ਜਾਣਕਾਰੀ ਦੇ ਕੇ ਲੋਕਾਂ ਦੀ ਮਦਦ ਕਰਦੇ ਹਨ। ਭਵਿੱਖ ਵਿੱਚ ਇਹ ਦੋਨੋਂ ਭਰਾ ਅਤੇ ਪੁੱਤਰ ਆਪਣੇ ਪੋਲਟਰੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਉਹ ਆਪਣੇ ਫਾਰਮ ਦੇ ਉਤਪਾਦ ਹੋਰਨਾਂ ਇਲਾਕਿਆਂ ਤੱਕ ਉਪਲੱਬਧ ਕਰਵਾ ਸਕਣ।
ਭਗਤ ਸਿੰਘ ਜੀ ਦੇ ਪੁੱਤਰਾਂ ਦੁਆਰਾ ਦਿੱਤਾ ਗਿਆ ਸੰਦੇਸ਼
“ਅੱਜ-ਕੱਲ੍ਹ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜੋ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸੋਚਣਾ ਚਾਹੀਦਾ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਕੀ ਬਣੇਗਾ? ਉਨ੍ਹਾਂ ਦਾ ਪਰਿਵਾਰ ਸਿਰਫ਼ ਉਨ੍ਹਾਂ ‘ਤੇ ਨਿਰਭਰ ਹੁੰਦਾ ਹੈ। ਇਸ ਲਈ ਆਪਣੀ ਜਿੰਮੇਵਾਰੀਆਂ ਤੋਂ ਭੱਜਣ ਦਾ ਇਹ ਗਲਤ ਤਰੀਕਾ ਹੈ। ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਆਪਣੀ ਕਲਾ ਨੂੰ ਕਿਵੇਂ ਲਾਭਦਾਇਕ ਬਣਾ ਸਕਦੇ ਹਨ ਅਤੇ ਕਿਵੇਂ ਉਹ ਫਸਲਾਂ ‘ਤੇ ਪ੍ਰਕਿਰਿਆ ਕਰਕੇ ਆਉਣ ਵਾਲੇ ਸਮੇਂ ਵਿੱਚ ਵੱਧ ਮੁਨਾਫਾ ਲੈ ਸਕਦੇ ਹਨ। ਹੁਣ ਕਿਸਾਨਾਂ ਨੂੰ ਬੁੱਧੀਮਾਨੀ ਨਾਲ ਖੇਤੀ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਫਸਲਾਂ ਦੇ ਉੱਚਿਤ ਮੁੱਲ ਲੈਣ ਲਈ ਆਪਣੀ ਉਪਜ ਨੂੰ ਖੁਦ ਵੇਚਣਾ ਚਾਹੀਦਾ ਹੈ।”