ਅੰਮ੍ਰਿਤ ਸਿੰਘ

ਪੂਰੀ ਕਹਾਣੀ ਪੜ੍ਹੋ

ਕੁਦਰਤੀ ਖੇਤੀ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਇਹ ਅਗਾਂਹਵਧੂ ਕਿਸਾਨ ਪਾ ਰਿਹਾ ਯੋਗਦਾਨ

ਖੇਤੀ, ਕੁਦਰਤ ਵੱਲੋਂ ਮਿਲਿਆ ਪੂਰੇ ਸੰਸਾਰ ਨੂੰ ਅਜਿਹਾ ਇੱਕ ਤੋਹਫ਼ਾ ਹੈ, ਜਿਸ ਨਾਲ ਹੀ ਪੂਰੇ ਸੰਸਾਰ ਦਾ ਵਜੂਦ ਹੈ। ਜੇਕਰ ਕੋਈ ਕਿਸਾਨ ਖੇਤੀ ਕਰਨਾ ਛੱਡ ਦੇਵੇ ਤਾਂ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਜਿਵੇਂ ਕਿ ਖਾਣ ਲਈ ਖਾਣਾ, ਪਹਿਨਣ ਲਈ ਕੱਪੜੇ ਆਦਿ। ਇਹ ਸਭ ਕੁੱਝ ਮਿੱਟੀ ਵਿੱਚੋਂ ਇੱਕ ਕਿਸਾਨ ਦੁਆਰਾ ਹੀ ਉਗਾਇਆ ਜਾਂਦਾ ਹੈ। ਪਰ ਅੱਜ-ਕੱਲ੍ਹ ਕੁੱਝ ਕਿਸਾਨ ਫਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕਰ ਰਹੇ ਹਨ। ਜਿਸ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਧਰਤੀ ਵਿੱਚੋਂ ਖ਼ਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਖੇਤੀ ਕਰ ਰਹੇ ਕਿਸਾਨਾਂ ਵਿੱਚੋਂ ਕੁੱਝ ਕਿਸਾਨ ਅਜਿਹੇ ਵੀ ਹਨ, ਜਿਹੜੇ ਧਰਤੀ ਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕੁਦਰਤ ਦੀ ਹੋਂਦ ਨੂੰ ਬਚਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇੱਕ ਅਜਿਹਾ ਹੀ ਕਿਸਾਨ ਅੰਮ੍ਰਿਤ ਸਿੰਘ ਜੋ ਪਿੰਡ ਵਾਹਿਗੁਰੂਪੁਰਾ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਰਸਾਇਣਿਕ ਖੇਤੀ ਕਰਦੇ ਸਨ ਪਰ ਘਰ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਪੂਰੇ ਪਰਿਵਾਰ ਨੂੰ ਧੱਕਾ ਲੱਗਿਆ। ਫਿਰ ਅੰਮ੍ਰਿਤ ਨੇ ਰਸਾਇਣਿਕ ਖਾਦਾਂ ਨੂੰ ਛੱਡ ਕੇ ਕੁਦਰਤੀ ਖੇਤੀ ਕਰਨ ਦਾ ਟੀਚਾ ਮਿੱਥਿਆ। ਬੇਸ਼ੱਕ ਪੈਦਾਵਾਰ ਘੱਟ ਹੋਵੇ ਪਰ ਕੁਦਰਤੀ ਖੇਤੀ ਜ਼ਰੂਰ ਕਰਾਂਗਾ।

ਸਾਲ 2011 ਵਿੱਚ ਜਦੋਂ ਅੰਮ੍ਰਿਤ ਪ੍ਰਾਈਵੇਟ ਨੌਕਰੀ ਕਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਸਨ, ਪਰ ਉਸ ਦੌਰਾਨ ਉਨ੍ਹਾਂ ਦਾ ਕੁਦਰਤੀ ਖੇਤੀ ਕਰਨ ਦਾ ਕੋਈ ਇਰਾਦਾ ਵੀ ਨਹੀਂ ਸੀ। ਇੱਕ ਅਜਿਹਾ ਸਮਾਂ ਆਇਆ ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਸਿਹਤ ਵਿਗੜਨ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਵਾਈਆਂ ਦਾ ਸੇਵਨ ਕਰਨਾ ਪਿਆ। ਬਹੁਤਾ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਪਿਤਾ ਜੀ ਦੀ ਸਿਹਤ ਵਿੱਚ ਫਰਕ ਪਿਆ, ਤਾਂ ਅੰਮ੍ਰਿਤ ਬਿਮਾਰ ਹੋਣ ਦਾ ਕਾਰਨ ਪੁੱਛਣ ਦੇ ਲਈ ਡਾਕਟਰ ਕੋਲ ਗਏ।

ਅੰਮ੍ਰਿਤ ਵੱਲੋਂ ਸਵਾਲ ਪੁੱਛਣ ਦੇ ਦੌਰਾਨ ਡਾਕਟਰ ਨੇ ਦੱਸਿਆ ਕਿ ਅਸੀਂ ਫਸਲਾਂ ਵਿੱਚ ਜਿਹਨਾਂ ਖਾਦਾਂ ਦਾ ਇਸਤੇਮਾਲ ਕਰਦੇ ਹਨ, ਉਹ ਸਾਡੇ ਸਿਹਤ ਲਈ ਨੁਕਸਾਨਦਾਇਕ ਹਨ।

ਰਸਾਇਣਿਕ ਖਾਦਾਂ ਦੀ ਅਸਲੀਅਤ ਜਾਣ ਕੇ ਅੰਮ੍ਰਿਤ ਦੰਗ ਰਹਿ ਗਿਆ ਕਿ ਅਸੀਂ ਫਸਲਾਂ ਨਹੀਂ ਸਗੋਂ ਜ਼ਹਿਰ ਉਗਾ ਰਹੇ ਹਨ। ਘਰ ਆ ਕੇ ਉਸਨੇ ਪਿਤਾ ਜੀ ਨਾਲ ਸਲਾਹ ਕਰਨ ਤੋਂ ਬਾਅਦ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ।

ਉਸ ਦੌਰਾਨ ਅੰਮ੍ਰਿਤ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਪੂਰਾ ਧਿਆਨ ਖੇਤੀ ਵੱਲ ਹੀ ਲਗਾ ਦਿੱਤਾ। ਬੇਸ਼ੱਕ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਹਰ ਰੋਜ਼ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ ਦੇ ਨਾਲ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਵੀ ਸ਼ੁਰੂ ਕੀਤੀ ਅਤੇ ਕੁਦਰਤੀ ਖੇਤੀ ਕਰਨ ਦੇ ਤਰੀਕਿਆਂ ਬਾਰੇ ਰਿਸਰਚ ਕਰਨ ਲੱਗੇ। ਜਿਵੇਂ-ਜਿਵੇਂ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਪਤਾ ਲੱਗਦਾ ਗਿਆ, ਉਸ ਤਰ੍ਹਾਂ ਹੀ ਉਹ ਉਸਦਾ ਪ੍ਰਯੋਗ ਆਪਣੇ ਖੇਤਾਂ ਵਿੱਚ ਆ ਕੇ ਕਰਦੇ।

ਥੋੜ੍ਹੇ ਸਮੇਂ ਬਾਅਦ ਸਾਲ 2013 ਵਿੱਚ ਵਰਮੀ ਕੰਪੋਸਟ ਦੇ ਬੈੱਡ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ। ਲਗਾਤਾਰ 2 ਸਾਲ ਕੰਮ ਕਰਨ ਤੋਂ ਬਾਅਦ ਵੀ ਅੰਮ੍ਰਿਤ ਨੂੰ ਕੋਈ ਮੁਨਾਫ਼ਾ ਨਹੀਂ ਹੋਇਆ, ਜਿਸ ਦਾ ਮੁੱਖ ਕਾਰਨ ਰਸਾਇਣਿਕ ਤਰੀਕੇ ਨਾਲ ਕੀਤੀ ਖੇਤੀ ਨੇ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਖਤਮ ਹੀ ਕਰ ਦਿੱਤਾ ਸੀ। ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਮੁੜ ਤੋਂ ਸੁਰਜੀਤ ਕਰਨਾ ਅੰਮ੍ਰਿਤ ਲਈ ਬਹੁਤ ਹੀ ਵੱਡੀ ਗੱਲ ਸੀ, ਪਰ ਉਨ੍ਹਾਂ ਨੇ ਹਾਰ ਨਾ ਮੰਨਜ਼ੂਰ ਕੀਤੀ। ਸਾਲ 2016 ਵਿੱਚ ਅੰਮ੍ਰਿਤ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਦੀ ਹੋਂਦ ਨੂੰ ਬਚਾਉਣ ਵਿੱਚ ਸਫਲ ਹੋ ਗਏ।

ਅੰਮ੍ਰਿਤ ਨੇ ਉਹਨਾਂ ਫਸਲਾਂ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨਾਂ ਦਾ ਇਸਤੇਮਾਲ ਰੋਜ਼ਾਨਾ ਘਰ ਵਿੱਚ ਜਿਵੇਂ ਮਿਰਚ, ਮੇਥੇ, ਮਸਾਲੇ ਆਦਿ ਖਾਣਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਜਦੋਂ ਫਸਲ ਪੱਕ ਕੇ ਤਿਆਰ ਹੋਈ, ਤਾਂ ਖੁਦ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕਰਨ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਕੁਦਰਤੀ ਖੇਤੀ ਦੀ ਅਹਿਮੀਅਤ ਬਾਰੇ ਸਮਝਾਉਣ ਲੱਗੇ। ਜਿਸ ਨਾਲ ਤਿਆਰ ਕੀਤੇ ਹੋਏ ਉਤਪਾਦਾਂ ਦੀ ਵਿਕਰੀ ਹੋ ਸਕੇ।

ਜਦੋਂ ਅੰਮ੍ਰਿਤ ਜੀ ਦੇ ਬਣਾਏ ਉਤਪਾਦ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਪ੍ਰਯੋਗ ਕਰਨ ਲੱਗੇ, ਤਾਂ ਉਨ੍ਹਾਂ ਦੀ ਕਮਾਈ ਵਿੱਚ ਹੌਲੀ-ਹੌਲੀ ਵਾਧਾ ਹੋਣ ਲੱਗਿਆ। ਅੰਮ੍ਰਿਤ ਨੂੰ ਇਹ ਦੇਖ ਕੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟ ਵਿੱਚ ਮੰਗ ਵਧਣੀ ਸ਼ੁਰੂ ਹੋਈ।

ਫਿਰ ਅੰਮ੍ਰਿਤ ਨੇ ਆਪਣੇ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ, ਜਿਸ ਦੀ ਸ਼ੁਰੂਆਤ ਸਬਜ਼ੀਆਂ, ਗੰਨੇ, ਬਾਸਮਤੀ ਆਦਿ ਹੋਰਨਾਂ ਫਸਲਾਂ ਨਾਲ ਕੀਤੀ ਜੋ ਜੈਵਿਕ ਤਰੀਕੇ ਨਾਲ ਉਗਾਈਆਂ ਜਾਂਦੀਆਂ ਹਨ। ਅੰਮ੍ਰਿਤ ਨੇ ਇਹ ਸਾਬਿਤ ਕਰ ਦਿੱਤਾ ਕਿ ਖੇਤੀ ਬਿਨਾਂ ਰਸਾਇਣਿਕ ਛਿੜਕਾਅ ਤੋਂ ਵੀ ਕੀਤੀ ਜਾ ਸਕਦੀ ਹੈ।

ਅੱਜ ਉਹ ਸਬਜ਼ੀਆਂ ਦੇ ਬੀਜ, ਪਨੀਰੀ, ਜੈਵਿਕ ਖਾਦ ਅਤੇ ਤਿਆਰ ਕੀਤੇ ਹੋਏ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰ ਰਹੇ ਹਨ।

ਸਨਮਾਨ ਚਿੰਨ੍ਹ

  • 2018 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ।
  • 2019 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਸਕਾਊਟ(Scout) ਦੇ ਤੌਰ ‘ਤੇ ਸਨਮਾਨਿਤ ਕੀਤਾ।
  • ਨਾਭਾ ਫਾਉਂਡੇਸ਼ਨ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਸੰਬੰਧੀ ਟਿਕਾਊ ਖੇਤੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ।
  • 2019 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਵਿੱਚ ਜ਼ਿਲ੍ਹਾ ਪੱਧਰ ਵੱਲੋਂ ਕਰਵਾਏ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
  • 2019-20 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
  • 2021 ਵਿੱਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਪੱਖੀ ਢੰਗਾਂ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਸਨਮਾਨ ਪੱਤਰ ਪ੍ਰਾਪਤ ਕੀਤਾ।

ਅਵਾਰਡ

  • 2020 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਕਿਸਾਨ ਮੇਲੇ ਦੌਰਾਨ ਫਸਲੀ ਵਿਭਿੰਨਤਾ ਵਿਸ਼ੇ ਉੱਤੇ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।

ਭਵਿੱਖ ਦੀ ਯੋਜਨਾ

ਉਹ ਭਵਿੱਖ ਵਿੱਚ ਇੱਕ ਕਿਸਾਨ ਹੱਟ ਖੋਲ ਕੇ ਖੁਦ ਹੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਅਜਿਹੀ ਖੇਤੀ ਕਰਨੀ ਚਾਹੀਦੀ ਹੈ ਜਿਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਬਿਮਾਰੀਆਂ ਨੂੰ ਵੀ ਵਧਣ ਤੋਂ ਰੋਕਿਆ ਜਾ ਸਕੇ। ਇਸ ਲਈ ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।

ਉਡੀਕਵਾਨ ਸਿੰਘ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਵਿੱਚ ਹੀ ਔਕੜਾਂ ਦਾ ਮੁਕਾਬਲਾ ਕਰਕੇ ਕਾਮਯਾਬੀ ਦੀਆਂ ਪੌੜ੍ਹੀਆਂ ਚੜਨ ਵਾਲਾ ਇਹ 20 ਸਾਲਾਂ ਨੌਜਵਾਨ ਕਿਸਾਨ

ਛੋਟੀ ਉਮਰ ਵੱਡੀਆਂ ਪੁਲਾਂਘਾ ਕਹਾਵਤ ਹਰ ਇੱਕ ਨੇ ਸੁਣੀ ਹੀ ਹੋਣੀ ਹੈ ਪਰ ਕਦੇ ਵੀ ਕਿਸੇ ਨੇ ਉਸ ਕਹਾਵਤ ਉੱਤੇ ਵਿਚਰਨ ਦੀ ਕੋਸ਼ਿਸ਼ ਨਾ ਕੀਤੀ ਕਿ ਇਸ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ ਪਰ ਇਸ ਕਹਾਵਤ ਨੂੰ ਸੱਚ ਕਰਨ ਵਾਲੇ ਹੀਰੇ ਬਹੁਤ ਘੱਟ ਹੁੰਦੇ ਹਨ ਜੋ ਕਿ ਲੱਭਿਆ ਵੀ ਨਹੀਂ ਲੱਭਦੇ।

ਪਰ ਇੱਥੇ ਇਸ ਕਹਾਵਤ ਦੀ ਗੱਲ ਇੱਕ ਨੌਜਵਾਨ ਉੱਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ ਜਿਸ ਨੇ ਇਸ ਕਹਾਵਤ ਨੂੰ ਸਹੀ ਸਾਬਿਤ ਕਰਕੇ ਦਿਖਾਇਆ ਹੈ ਅਤੇ ਲੋਕਾਂ ਲਈ ਇੱਕ ਉਦਹਾਰਣ ਪੇਸ਼ ਕੀਤੀ ਹੈ ਜਿਸ ਨੇ ਠੇਕੇ ‘ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਅਤੇ ਛੋਟੀ ਉਮਰ ਵਿੱਚ ਹੀ ਬੁਲੰਦੀਆਂ ਹਾਸਿਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਹਰ ਇੱਕ ਇਨਸਾਨ ਨੇ ਕੋਈ ਕੰਮ ਕਰਨ ਦਾ ਟੀਚਾ ਮਿਥਿਆ ਹੁੰਦਾ ਹੈ ਅਤੇ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪਰ ਇਸ ਨੌਜਵਾਨ ਦਾ ਟੀਚਾ ਬਚਪਨ ਤੋਂ ਹੀ ਖੇਤੀ ਦੀ ਤਰਫ ਸੀ ਅਤੇ ਪੜ੍ਹਾਈ ਵਿੱਚ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਜਦੋਂ ਵੀ ਇਹ ਨੌਜਵਾਨ ਜਿਸਦਾ ਨਾਮ ਉਡੀਕਵਾਨ ਸਿੰਘ, ਜੋ ਪਿੰਡ ਲਾਲੇਆਣਾ, ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਸਕੂਲ ਜਾਂਦਾ ਸੀ ਤਾਂ ਹਮੇਸ਼ਾ ਇਹ ਸੋਚਦਾ ਕਿ ਘਰ ਜਾ ਕੇ ਕਦੋਂ ਆਪਣੇ ਪਿਤਾ ਨਾਲ ਖੇਤਾਂ ਦਾ ਇੱਕ ਗੇੜਾ ਕੱਢ ਕੇ ਆਇਆ ਜਾਵੇ ਮਤਲਬ ਸਾਰਾ ਧਿਆਨ ਖੇਤਾਂ ਦੇ ਵਿੱਚ ਰਹਿੰਦਾ ਸੀ।

ਖੇਤਾਂ ਵਿੱਚ ਬਹੁਤ ਜ਼ਿਆਦਾ ਰੁਝਾਨ ਹੋਣ ਕਰਕੇ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਜੋ ਕਿ ਮੋਡਰਨ ਕ੍ਰੋਪ ਕੇਅਰ ਕੈਮੀਕਲਜ਼ ਵਿੱਚ ਖੇਤੀ ਸਲਾਹਕਾਰ ਦੇ ਵਜੋਂ ਕੰਮ ਕਰ ਰਹੇ ਹਨ ਹਮੇਸ਼ਾਂ ਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਇੱਕਲੌਤਾ ਬੇਟਾ ਹੋਣ ਕਰਕੇ ਪੜ੍ਹਾਈ ਛੱਡ ਕੇ ਖੇਤਾਂ ਵੱਲ ਹੀ ਜ਼ਿਆਦਾ ਧਿਆਨ ਦੇ ਰਿਹਾ ਹੈ, ਪਰ ਉਹ ਇਸ ਨੂੰ ਮਾੜਾ ਨਹੀਂ ਕਹਿ ਰਹੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ “ਬੱਚਾ ਖੇਤ ਨਾਲ ਤਾਂ ਜੁੜਿਆ ਰਹੇ ਪਰ ਆਪਣੀ ਪੜ੍ਹਾਈ ਨੂੰ ਵਿਚਕਾਰ ਨਾ ਛੱਡੇ।”

ਪਰ ਪਿਤਾ ਜੀ ਨੂੰ ਕੀ ਪਤਾ ਸੀ ਇੱਕ ਦਿਨ ਇਹੀ ਬੇਟਾ ਉਨ੍ਹਾਂ ਦਾ ਨਾਮ ਰੌਸ਼ਨ ਕਰੇਗਾ। ਉਡੀਕ ਨੂੰ ਖੇਤਾਂ ਨਾਲ ਪਿਆਰ ਤਾਂ ਬਚਪਨ ਤੋਂ ਹੈ ਸੀ ਪਰ ਇਸ ਪਿਆਰ ਪਿੱਛੇ ਉਨ੍ਹਾਂ ਦੀ ਵਿਸ਼ਾਲ ਸੋਚ ਜੋ ਹਮੇਸ਼ਾਂ ਹੀ ਸਵਾਲ ਕਰਦੀ ਅਤੇ ਅੱਗੋਂ ਉਹ ਸਵਾਲ ਹੋਰਨਾਂ ਕਿਸਾਨਾਂ ਤੋਂ ਪੁੱਛਦਾ। ਜਦੋਂ ਉਸਦੇ ਪਿਤਾ ਜੀ ਖੁਦ ਖੇਤੀ ਕਰਦੇ ਹੁੰਦੇ ਸਨ ਅਤੇ ਮੰਡੀ ਦੇ ਵਿੱਚ ਫਸਲ ਵੇਚਣ ਦੇ ਲਈ ਜਾਂਦੇ ਸਨ। ਤਾਂ ਉੱਥੇ ਹੋਰ ਵੀ ਕਿਸਾਨ ਆਪਣੀ ਫਸਲ ਵੇਚਣ ਦੇ ਲਈ ਆਏ ਹੁੰਦੇ ਸਨ ਅਤੇ ਉਡੀਕ ਉਨ੍ਹਾਂ ਤੋਂ ਸਵਾਲ ਪੁੱਛਣ ਲੱਗ ਜਾਂਦਾ। ਜੇਕਰ ਇਸ ਫਸਲ ਦੀ ਬਿਜਾਈ ਇਸ ਤਰੀਕੇ ਨਾਲ ਕਰੀਏ ਕਿ ਖਰਚਾ ਵੀ ਘੱਟ ਆਵੇ ਅਤੇ ਮੁਨਾਫ਼ਾ ਵੀ ਹੋਵੇਗਾ। ਜਿਸ ਉੱਤੇ ਕਿਸਾਨ ਹੱਸਣ ਲੱਗ ਜਾਂਦੇ ਸਨ ਜੋ ਕਿ ਸਫਲਤਾ ਦਾ ਕਾਰਨ ਬਣਿਆ।

ਇਸ ਤੋਂ ਬਾਅਦ ਉਡੀਕ ਦੇ ਪਿਤਾ ਮਨਜੀਤ ਹਮੇਸ਼ਾਂ ਕੰਮ ਦੇ ਲਈ ਸਾਰਾ-ਸਾਰਾ ਦਿਨ ਬਾਹਰ ਰਹਿੰਦੇ ਸਨ ਜਿਸ ਕਰਕੇ ਖੇਤਾਂ ਦੀ ਤਰਫ ਧਿਆਨ ਘੱਟਣ ਲੱਗਾ ਪਰ ਇਸ ਨੂੰ ਦੇਖਦੇ ਹੋਏ ਉਡੀਕ ਨੇ ਆਪਣੇ ਪਿਤਾ ਦੇ ਖੇਤੀ ਦੇ ਕੰਮ ਨੂੰ ਪਿੱਛੋਂ ਸੰਭਾਲਣਾ ਤੇ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵਕ਼ਤ ਉਡੀਕ ਨੂੰ ਇੰਝ ਲੱਗਿਆ ਕਿ ਹੁਣ ਸਮਾਂ ਕੁਝ ਕਰਕੇ ਦਿਖਾਉਣ ਦਾ ਆ ਗਿਆ ਹੈ, ਜਿਸ ਦਾ ਉਡੀਕ ਨੂੰ ਕਈ ਚਿਰਾਂ ਤੋਂ ਇੰਤਜ਼ਾਰ ਸੀ।

ਫਿਰ ਜਿਵੇਂ ਰੋਜ਼ਾਨਾ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਉਡੀਕ ਦੀ ਉਮਰ 17 ਸਾਲਾਂ ਦੀ ਸੀ ਜਦੋਂ ਉਸਨੇ ਖੇਤੀ ਨੂੰ ਅਪਣਾ ਲਿਆ ਅਤੇ ਛੋਟੀ ਉਮਰ ਵਿੱਚ ਵੱਡੇ ਕੰਮ ਕਰਨ ਲਈ ਤਿਆਰ ਹੋ ਗਿਆ ਸੀ ਅਤੇ ਨਾਲ-ਨਾਲ ਪਿਤਾ ਦੇ ਬੋਲੇ ਅਨੁਸਾਰ ਪੜ੍ਹਾਈ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇੱਕ ਲ ਪੂਰਾ ਉਡੀਕ ਨੇ ਪ੍ਰੰਪਰਾਗਤ ਖੇਤੀ ਕੀਤੀ ਤੇ ਉਸਨੂੰ ਸਮਝ ਆਇਆ ਕਿ ਨਹੀਂ ਕੁਝ ਹੁਣ ਵੱਖਰਾ ਕੀਤਾ ਜਾਵੇ।

ਇਸ ਸੰਬੰਧੀ ਆਪਣੇ ਪਿਤਾ ਜੀ ਨਾਲ ਵਿਚਾਰ ਕੀਤਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮੂਲ ਪੱਧਰ ‘ਤੇ ਖਾਣ ਵਾਲੀਆਂ ਸਬਜ਼ੀਆਂ ਹੀ ਨ। ਉਸ ਉੱਤੇ ਜੋ ਉਸਦੇ ਮਨ ਵਿੱਚ ਸਵਾਲ ਆਉਂਦੇ ਸੀ ਉਸ ਉੱਤੇ ਕਰਦਾ ਰਿਹਾ ਅਤੇ ਜਦੋਂ ਕਦੇ ਵੀ ਉਡੀਕ ਨੂੰ ਖੇਤੀ ਦੇ ਵਿੱਚ ਸਮੱਸਿਆ ਆਉਂਦੀ ਸੀ ਤਾਂ ਉਸਦੇ ਪਿਤਾ ਹਮੇਸ਼ਾਂ ਉਸਦੀ ਮਦਦ ਕਰਦੇ ਅਤੇ ਖੇਤੀ ਦੇ ਹੋਰ ਬਹੁਤ ਸਾਰੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ। ਉਹ ਹਮੇਸ਼ਾਂ ਆਪਣੇ ਤਰੀਕਿਆਂ ਦਾ ਪ੍ਰਯੋਗ ਖੇਤਾਂ ਦੇ ਵਿੱਚ ਕਰਦਾ ਜਿਸ ਦਾ ਨਤੀਜਾ ਉਸਨੂੰ ਥੋੜੇ ਸਮੇਂ ਬਾਅਦ ਮਿਲਿਆ ਜਦੋਂ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਅਤੇ ਘਿਆ ਕੱਦੂ ਪੂਸਾ ਜੋ18 ਤੋਂ 20 ਕਿੱਲੋ ਦੇ ਕਰੀਬ ਸੀ, ਜੋ ਕਿ ਦੇਖਣ ਵਿੱਚ ਵੀ ਵੱਡਾ ਸੀ ਜਿਸ ਦੀ ਚਰਚਾ ਉਸ ਸਮੇਂ ਬਹੁਤ ਜ਼ਿਆਦਾ ਹੋਈ ਅਤੇ ਬਾਅਦ ਵਿੱਚ ਬੀਜ ਦੇ ਲਈ ਰੱਖੇ ਸਨ, ਇੱਕ ਤਰ੍ਹਾਂ ਉਡੀਕ ਦੇ ਤਰੀਕੇ ਇਸ ਕੰਮ ਉੱਤੇ ਖਰੇ ਉਤਰਦੇ ਆ ਰਹੇ ਸਨ ਜਿਸ ਨੂੰ ਦੇਖ ਪਿਤਾ ਜੀ ਵੀ ਖੁਸ਼ ਹੋਏ।

ਇਸ ਤੋਂ ਬਾਅਦ ਉਡੀਕ ਨੇ ਸੋਚਿਆ ਕਿਉਂ ਨਾ ਖੁਦ ਹੀ ਸਬਜ਼ੀਆਂ ਮੰਡੀ ਜਾ ਕੇ ਹੀ ਵੇਚਾ ਜੋ ਉਸਨੇ ਮੂਲ ਤੌਰ ‘ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ ਜਿਸ ਨੂੰ ਪੱਕਣ ਦੇ ਨਾਲ ਤੋੜ ਕੇ ਸਵੇਰੇ ਮੰਡੀ ਚਲਾ ਜਾਂਦਾ ਪਰ ਜਦੋਂ ਵੀ ਮੰਡੀ ਵਿਖੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਜਾਂਦਾ ਤਾਂ ਉਸਨੂੰ ਬਹੁਤ ਮੁਸ਼ਕਿਲ ਆਈ ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਮਾਰਕੀਟਿੰਗ ਕਰਨੀ ਕਿਵੇਂ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਉਡੀਕ ਸਿਰਫ ਇੱਕ ਬੱਚਾ ਹੀ ਸੀ ਜੋ ਛੋਟੀ ਉਮਰ ਵਿਚ ਹੀ ਖੇਤੀ ਕਰਨ ਲੱਗ ਗਿਆ ਸੀ।

ਬਹੁਤ ਚਿਰ ਤਾਂ ਸਬਜ਼ੀਆਂ ਦੀ ਮਾਰਕੀਟਿੰਗ ਨਾ ਹੋਣ ਕਰਕੇ ਉਡੀਕ ਨਿਰਾਸ਼ ਹੋ ਗਿਆ ਅਤੇ ਸਬਜ਼ੀਆਂ ਨੂੰ ਮੰਡੀ ਵਿਖੇ ਨਾ ਵੇਚਣ ਦਾ ਮਨ ਬਣਾ ਕੇ ਮਾਰਕੀਟਿੰਗ ਬੰਦ ਕਰਨ ਬਾਰੇ ਸੋਚਿਆ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਡਾ. ਅਮਨਦੀਪ ਕੇਸ਼ਵ ਜੀ ਨਾਲ ਹੋਈ ਜੋ ਕਿ ਆਤਮਾ ਵਿੱਚ ਪ੍ਰੋਜੈਕਟ ਡਾਇਰੈਕਟਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ ਜੋ ਕਿ ਕਿਸਾਨਾਂ ਨੂੰ ਖੇਤੀ ਪ੍ਰਤੀ ਬਹੁਤ ਜਾਗਰੂਕ ਅਤੇ ਮਦਦ ਕਰਦੇ ਹਨ, ਤਾਂ ਉਨ੍ਹਾਂ ਨੇ ਉਡੀਕ ਤੋਂ ਪਹਿਲਾ ਸਭ ਕੁਝ ਪੁੱਛਿਆ ਅਤੇ ਖੁਸ਼ ਵੀ ਹੋਏ ਕਿਉਂਕਿ ਕੋਈ ਹੀ ਹੋਵੇਗਾ ਜੋ ਛੋਟੀ ਉਮਰ ਵਿੱਚ ਖੇਤੀ ਪ੍ਰਤੀ ਇਹ ਗੱਲਾਂ ਸੋਚ ਸਕਦਾ ਹੈ।

ਸਾਰੀ ਗੱਲ ਸੁਣ ਕੇ ਡਾਕਟਰ ਅਮਨਦੀਪ ਨੇ ਉਡੀਕ ਨੂੰ ਮਾਰਕੀਟਿੰਗ ਦੇ ਸੰਦਰਭ ਵਿੱਚ ਕੁੱਝ ਤਰੀਕੇ ਦੱਸੇ ਅਤੇ ਖੁਦ ਉਡੀਕ ਦੀ ਸੋਸ਼ਲ ਮੀਡਿਆ ਅਤੇ ਗਰੁੱਪਾਂ ਰਾਹੀਂ ਮਦਦ ਕੀਤੀ ਜਿਸ ਨਾਲ ਉਡੀਕ ਦੀ ਮਾਰਕੀਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਉਡੀਕ ਵੀ ਖੁਸ਼ ਹੋ ਗਿਆ।

ਇਸ ਦੌਰਾਨ ਹੀ ਆਤਮਾ ਕਿਸਾਨ ਭਲਾਈ ਵਿਭਾਗ ਨੇ ਆਤਮਾ ਕਿਸਾਨ ਬਜ਼ਾਰ ਖੋਲਿਆ ਅਤੇ ਇਸ ਦੀ ਖਬਰ ਉਡੀਕ ਨੂੰ ਦਿੱਤੀ ਅਤੇ ਉੱਥੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਲਈ ਕਿਹਾ ਜੋ ਕਿ ਫਰੀਦਕੋਟ ਵਿਖੇ ਹਰ ਵੀਰਵਾਰ ਅਤੇ ਐਤਵਾਰ ਲੱਗਦਾ ਹੈ।

ਫਿਰ ਉਡੀਕ ਹਰ ਵੀਰਵਾਰ ਅਤੇ ਐਤਵਾਰ ਸਬਜ਼ੀਆਂ ਲੈ ਕੇ ਜਾਂਦਾ ਅਤੇ ਉਸਨੂੰ ਮੁਨਾਫ਼ਾ ਹੋਣ ਲੱਗ ਗਿਆ ਅਤੇ ਹਰ ਕੋਈ ਚੰਗੇ ਤਰੀਕੇ ਨਾਲ ਜਾਨਣ ਲੱਗ ਗਿਆ ਅਤੇ ਸਬਜ਼ੀਆਂ ਦੀ ਮੰਡੀ ਵਿੱਚ ਵੀ ਉਡੀਕ ਸਬਜ਼ੀਆਂ ਲੈ ਕੇ ਜਾਣ ਲੱਗਾ ਅਤੇ ਉੱਥੇ ਵੀ ਉਸਦੀ ਸਹੀ ਤਰੀਕੇ ਨਾਲ ਮਾਰਕੀਟਿੰਗ ਹੋਣ ਲੱਗੀ ਅਤੇ 2020 ਤੱਕ ਆਉਂਦੇ-ਆਉਂਦੇ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਿਹਾ ਹੈ ਜਿਸ ਪਿੱਛੇ ਉਸਦੀ ਸਫਲਤਾ ਦਾ ਰਾਜ ਉਸਦੇ ਪਿਤਾ ਮਨਜੀਤ ਸਿੰਘ ਅਤੇ ਆਤਮਾ ਕਿਸਾਨ ਭਲਾਈ ਵਿਭਾਗ ਪ੍ਰੋਜੈਕਟ ਡਾਇਰੈਕਟਰ ਡਾਕਟਰ ਅਮਨਦੀਪ ਕੇਸ਼ਵ ਅਤੇ ਡਾਕਟਰ ਭੁਪੇਸ਼ ਜੋਸ਼ੀ ਜੀ ਹਨ।

ਉਡੀਕ ਸਿੰਘ ਜਿਸਨੇ 20 ਸਾਲ ਦੀ ਉਮਰ ਵਿੱਚ ਇਹ ਸਾਬਿਤ ਕਰਕੇ ਦਿਖਾ ਦਿੱਤਾ ਕਿ ਕਾਮਯਾਬ ਹੋਣ ਲਈ ਉਮਰ ਦੀ ਲੋੜ ਨਹੀਂ ਬਸ ਲਗਨ ਤੇ ਮਿਹਨਤ ਦੀ ਹੁੰਦੀ ਹੈ ਚਾਹੇ ਉਮਰ ਛੋਟੀ ਹੀ ਕਿਉਂ ਨਾ ਹੋਵੇ। ਜਦੋਂ ਕਿ 20 ਸਾਲ ਦੀ ਉਮਰ ਵਿੱਚ ਜਾ ਕੇ ਇਹ ਸੋਚਦੇ ਹਨ ਅੱਗੇ ਕੀ ਕੀਤਾ ਜਾਵੇ।

ਉਡੀਕ ਜੀ ਹੁਣ ਘਰੇਲੂ ਵਰਤੋਂ ਅਤੇ ਖਾਣ ਵਾਲੀਆਂ ਸਬਜ਼ੀਆਂ ਦੇ ਨਾਲ-ਨਾਲ ਅੰਤਰਫਸਲੀ ਵਿਧੀ ਰਾਹੀਂ ਸਬਜ਼ੀਆਂ ਦੀ ਕਾਸ਼ਤ ਮਲਚਿੰਗ ਤਰੀਕੇ ਨਾਲ ਕਰ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੇ ਤਦਾਦ ਵਿੱਚ ਵਾਧਾ ਕਰਕੇ ਅਤੇ ਅੰਤਰਫਸਲੀ ਵਿਧੀ ਅਪਣਾ ਕੇ ਹੋਰ ਨਵੇਂ-ਨਵੇਂ ਤਜ਼ੁਰਬੇ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕੋਈ ਇਨਸਾਨ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਮੂਲ ਪੱਧਰ ‘ਤੇ ਖਾਈਆਂ ਜਾਣ ਵਾਲਿਆਂ ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਉਸਦਾ ਮੰਡੀਕਰਨ ਵੀ ਕਰਨਾ ਚਾਹੀਦਾ ਹੈ ਜਿਸ ਨੇ ਨਾਲ ਖੇਤੀ ਦੇ ਨਾਲ-ਨਾਲ ਆਮਦਨ ਵੀ ਹੋਵੇਗੀ।

ਪਰਦੀਪ ਨੱਤ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਹੀ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਅਪਣਾ ਕੇ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਨੌਜਵਾਨ

ਜ਼ਿੰਦਗੀ ਦਾ ਸਫ਼ਰ ਬਹੁਤ ਹੀ ਲੰਬਾ ਹੈ ਜੋ ਕਿ ਸਾਰੀ ਜ਼ਿੰਦਗੀ ਕੰਮ ਕਰਦਿਆਂ ਹੋਏ ਵੀ ਕਦੇ ਖਤਮ ਨਹੀਂ ਹੁੰਦਾ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਮੁਸਾਫ਼ਿਰ ਜਾਂ ਸਾਥੀ ਅਜਿਹਾ ਹੁੰਦਾ ਹੈ ਜੋ ਉਸ ਨਾਲ ਹਮੇਸ਼ਾਂ ਨਾਲ ਰਹਿੰਦਾ ਹੈ, ਜਿਵੇਂ ਕਿਸੇ ਲਈ ਕਿਸੇ ਦਫਤਰ ਵਿੱਚ ਮਦਦ ਕਰਨ ਵਾਲਾ ਕੋਈ ਕਰਮਚਾਰੀ, ਜਿਵੇਂ ਕਿਸੇ ਪੰਛੀ ਦੀ ਥਕਾਵਟ ਦੂਰ ਕਰਨ ਵਾਲੀ ਬੂਟੇ ਦੀ ਟਾਹਣੀ, ਇਸ ਤਰ੍ਹਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।

ਜਿਨ੍ਹਾਂ ਦੀ ਅੱਜ ਇਸ ਸਟੋਰੀ ਵਿੱਚ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਇਸ ਕਥਨ ਨਾਲ ਮਿਲਦੀ-ਜੁਲਦੀ ਹੈ, ਕਿਉਂਕਿ ਜੇਕਰ ਇੱਕ ਸਾਥ ਦੇਣ ਵਾਲਾ ਇਨਸਾਨ ਜੋ ਤੁਹਾਡੇ ਚੰਗੇ ਜਾਂ ਮਾੜੇ ਸਮੇਂ ਵਿੱਚ ਤੁਹਾਡਾ ਹਮੇਸ਼ਾਂ ਸਾਇਆ ਬਣ ਕੇ ਨਾਲ ਰਹਿੰਦਾ ਸੀ, ਤਾਂ ਜੇਕਰ ਉਹ ਇੱਕੋਂ ਦਮ ਤੁਹਾਡੇ ਤੋਂ ਅਲਗਹੋ ਜਾਵੇ ਤਾਂ ਹਰ ਇੱਕ ਕੰਮ ਜੋ ਪਹਿਲਾ ਆਸਾਨ ਲੱਗਦਾ ਸੀ ਉਹ ਬਾਅਦ ‘ਚ ਇਕੱਲਿਆਂ ਕਰਨਾ ਔਖਾ ਹੋ ਜਾਂਦਾ ਹੈ, ਦੂਸਰਾ ਤੁਹਾਨੂੰ ਉਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਪਰਦੀਪ ਨੱਤ, ਜੋ ਪਿੰਡ ਨੱਤ ਦਾ ਰਹਿਣ ਵਾਲਾ ਹੈ, ਜਿਸ ਨੇ ਛੋਟੀ ਉਮਰ ਵਿੱਚ ਇਕੱਲਿਆਂ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਉੱਤੇ ਜਿੱਤ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਬਠਿੰਡੇ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਅਤੇ ਖੁਦ ਹੀ ਮਾਰਕੀਟਿੰਗ ਕਰਕੇ ਨਾਮ ਚਮਕਾਇਆ ਹੈ।

ਸਾਲ 2018 ਦੀ ਗੱਲ ਹੈ ਜਦੋਂ ਪਰਦੀਪ ਆਪਣੇ ਪਿਤਾ ਜੀ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀ ਦੇ ਵਿੱਚ ਹੱਥ ਵਟਾਉਣ ਲੱਗ ਪਿਆ ਤੇ ਉਸਦਾ ਸ਼ੁਰੂ ਤੋਂ ਇਹ ਹੀ ਸੀ ਕਿ ਕਿਸੇ ਕੰਪਨੀ ਵਿੱਚ ਕਿਸੇ ਹੇਠਾਂ ਕੰਮ ਕਰਨ ਦੀ ਬਜਾਏ ਖੁਦ ਦਾ ਕੰਮ ਕਰਨਾ ਹੈ, ਇਸ ਲਈ ਖੇਤੀ ਨੂੰ ਉਸਨੇ ਆਪਣਾ ਕਿੱਤਾ ਬਣਾਉਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਆਪਣੇ ਪਿਤਾ ਜੀ ਦੇ ਦੱਸੇ ਅਨੁਸਾਰ ਖੇਤੀ ਦੇ ਰੁਝੇਵਿਆਂ ਵਿੱਚ ਅਜਿਹਾ ਰੁੱਝ ਗਿਆ ਕਿ ਉਸਨੂੰ ਖੇਤਾਂ ਨਾਲ ਇੰਨਾ ਪਿਆਰ ਹੋ ਗਿਆ ਅਤੇ ਲੋਕ ਉਸਨੂੰ ਖੇਤਾਂ ਦਾ ਪੁੱਤ ਕਹਿਣ ਲੱਗ ਗਏ।

ਜਦੋਂ ਪਰਦੀਪ ਨੂੰ ਖੇਤੀ ਦੇ ਬਾਰੇ ਜਾਣਕਾਰੀ ਹੋ ਲੱਗੀ ਕਿ ਫਸਲ ਅਤੇ ਖਾਦ ਦੀ ਮਾਤਰਾ ਬਾਰੇ ਉਦੋਂ ਅਚਾਨਕ 2018 ਵਿੱਚ ਪਰਦੀਪ ਦੇ ਸਿਰ ਉੱਤੋਂ ਮਦਦ ਕਰਨ ਵਾਲਾ ਹੱਥ ਉੱਠ ਗਿਆ ਜੋ ਕਿ ਹਰ ਦੁੱਖ-ਸੁੱਖ ਵਿੱਚ ਉਸ ਦਾ ਸਾਇਆ ਬਣ ਕੇ ਹਮੇਸ਼ਾਂ ਨਾਲ ਰਹਿੰਦਾ ਸੀ। ਜਿਸ ਦਾ ਦੁੱਖ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੋਇਆ ਕਿਉਂਕਿ ਪੂਰੇ ਘਰ ਦੀ ਜਿੰਮੇਵਾਰੀ ਸੰਭਾਲਣ ਵਾਲੇ ਉਸ ਦੇ ਪਿਤਾ ਜੀ ਹੀ ਸਨ। ਜੋ ਕਿ ਹੁਣ ਸਾਰੀ ਜਿੰਮੇਵਾਰੀ ਪਰਦੀਪ ਦੇ ਸਿਰ ਉੱਤੇ ਆ ਗਈ ਸੀ ਅਤੇ ਉੱਤੋਂ ਪਰਦੀਪ ਦੀ ਉਮਰ ਵੀ ਛੋਟੀ ਸੀ। ਪਰ ਪਰਦੀਪ ਨੇ ਹੌਂਸਲਾ ਰੱਖਿਆ ਅਤੇ ਖੇਤੀ ਦੇ ਤਰੀਕਿਆਂ ਨੂੰ ਬਦਲਣ ਬਾਰੇ ਸੋਚਿਆ ਜਿਸ ਬਾਰੇ ਉਸਨੇ ਸੁਣਿਆ ਹੋਇਆ ਸੀ ਕਿ ਆਰਗੈਨਿਕ ਤਰੀਕੇ ਨਾਲ ਵੀ ਖੇਤੀ ਕੀਤੀ ਜਾ ਸਕਦੀ ਹੈ।

ਫਿਰ ਕੀ 2018 ਵਿੱਚ ਹੀ ਦੇਰੀ ਨਾ ਕਰਦੇ ਹੋਏ ਇੱਕ ਏਕੜ ਵਿੱਚ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਉੱਤੇ ਬਹੁਤ ਸਾਰੇ ਲੋਕਾਂ ਨੇ ਉਸਨੂੰ ਕਿਹਾ ਕਿ ਤੂੰ ਇਹ ਕੀ ਕਰ ਲਿਆ, ਤਾਂ ਉਸਨੇ ਕਿਸੇ ਦੀ ਨਾ ਮੰਨ ਕੇ ਆਪਣੀ ਹੀ ਕੀਤੀ, ਉਸਦਾ ਸੋਚਣਾ ਸੀ ਕਿ ਹੁਣ ਤੱਕ ਦਾ ਰਸਾਇਣਿਕ ਖਾਂਦੇ ਆਏ ਹਾਂ ਤੇ ਪਤਾ ਨਹੀਂ ਕਿੰਨੀਆਂ ਹੀ ਬਿਮਾਰੀਆਂ ਨੂੰ ਘਰ ਲਿਆਈ ਬੈਠੇ ਹਾਂ, ਇਸ ਨਾਲੋਂ ਸ਼ੁੱਧ ਤੇ ਆਰਗੈਨਿਕ ਖਾਈਏ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਆਰਗੈਨਿਕ ਤਰੀਕੇ ਨਾਲ ਤਾਂ ਖੇਤੀ 2018 ਦੇ ਫਰਵਰੀ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਆਰਗੈਨਿਕ ਬਾਰੇ ਪੂਰੀ ਜਾਣਕਾਰੀ ਹੋ ਗਈ ਤਾਂ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਕੁੱਝ ਹੋਰ ਵੱਖਰਾ ਕੀਤਾ ਜਾਵੇ ਅਤੇ ਸਿੱਧਾ ਖਿਆਲ ਉਸਦਾ ਰਵਾਇਤੀ ਖੇਤੀ ਤੋਂ ਹੱਟ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਵਿਚਾਰ ਆਇਆ। ਫਿਰ ਸਤੰਬਰ ਮਹੀਨੇ ਦੇ ਚੜ੍ਹਦੇ ਸਾਰ ਹੀ ਉਸਨੇ ਥੋੜੀ ਮਾਤਰਾ ਵਿੱਚ ਭਿੰਡੀ, ਮਿਰਚ, ਸ਼ਿਮਲਾ ਮਿਰਚ, ਗੋਭੀ ਆਦਿ ਦੀ ਸਬਜੀਆਂ ਲਗਾ ਦਿੱਤੀਆਂ ਅਤੇ ਆਰਗੈਨਿਕ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਲੱਗਾ ਅਤੇ ਜਦੋਂ ਸਮੇਂ ਦੇ ਅਨੁਸਾਰ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਸਭ ਤੋਂ ਪਹਿਲਾ ਪਰਦੀਪ ਨੇ ਘਰ ਲੈ ਕੇ ਸਬਜ਼ੀ ਬਣਾ ਕੇ ਦੇਖੀ ਤੇ ਜਦੋ ਖਾਈ ਤਾਂ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਭਿੰਨ ਸੀ ਕਿਉਂਕਿ ਆਰਗੈਨਿਕ ਤੇ ਰਸਾਇਣਿਕ ਤਰੀਕੇ ਨਾਲ ਉਗਾਈ ਗਈ ਫਸਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।

ਇਸ ਤੋਂ ਬਾਅਦ ਪਰਦੀਪ ਨੇ ਸੋਚਿਆ ਕਿ ਚੱਲੋ ਸਬਜ਼ੀਆਂ ਨੂੰ ਵੇਚ ਕੇ ਆਉਂਦੇ ਹਾਂ ਪਰ ਮਨ ਵਿੱਚ ਖਿਆਲ ਆਇਆ ਕਿ ਲੋਕ ਰਸਾਇਣਿਕ ਦੇਖ ਕੇ ਜੈਵਿਕ ਸਬਜ਼ੀ ਨੂੰ ਕਿਵੇਂ ਖ੍ਰੀਦਣਗੇ। ਫਿਰ ਪਰਦੀਪ ਨੇ ਖੁਦ ਮਾਰਕੀਟਿੰਗ ਕਰਨ ਦੀ ਯੋਜਨਾ ਬਣਾਈ ਅਤੇ ਖੁਦ ਪਿੰਡ-ਪਿੰਡ ਜਾ ਕੇ ਸਬਜ਼ੀਆਂ ਵੇਚਣ ਲੱਗਾ ਅਤੇ ਲੋਕਾਂ ਨੂੰ ਜੈਵਿਕ ਫਾਇਦੇ ਬਾਰੇ ਦੱਸਣ ਲੱਗਾ ਜਿਸ ਨਾਲ ਲੋਕਾਂ ਨੂੰ ਉਸ ਤੇ ਵਿਸ਼ਵਾਸ ਹੋਣ ਲੱਗ ਗਿਆ।

ਫਿਰ ਕੀ ਰੋਜ਼ ਪਰਦੀਪ ਨੇ ਭਲਕੇ ਜਾ ਕੇ ਸਬਜ਼ੀ ਤੋੜਨੀ ਅਤੇ ਆਪਣੀ ਮੋਟਰਸਾਈਕਲ ਨਾਲ ਬਣਾਈ ਰੇੜ੍ਹੀ ਵਿੱਚ ਰੱਖ ਕੇ ਸਬਜ਼ੀਆਂ ਵੇਚਣ ਜਾਂਦਾ ਅਤੇ ਸ਼ਾਮ ਨੂੰ ਘਰ ਵਾਪਿਸ ਆ ਜਾਂਦਾ। ਪਰ ਇਹ ਕਿੰਨਾ ਸਮਾਂ ਇਸ ਤਰ੍ਹਾਂ ਚੱਲਣਾ ਸੀ ਤੇ ਇਸ ਵਾਰ ਆਪਣੇ ਨਾਲ ਨਰਸਰੀ ਦੇ ਕਾਰਡ ਛਪਵਾ ਕੇ ਲੈ ਗਿਆ ਅਤੇ ਸਬਜ਼ੀ ਦੇ ਨਾਲ ਨਾਲ ਉਹ ਵੀ ਦੇਣ ਲੱਗਾ।

ਫਿਰ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਬਠਿੰਡੇ ਸ਼ਹਿਰ ਵਿੱਚ ਜਾ ਕੇ ਸਬਜ਼ੀਆਂ ਦੀ ਵੇਚ ਕੀਤੀ ਜਾਵੇ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ ਅਤੇ ਸ਼ਹਿਰ ਵਿੱਚ ਉਸਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਨਾਲ ਪ੍ਰਦੀਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਤੇ ਖੁਸ਼ੀ ਦੇ ਨਾਲ-ਨਾਲ ਮੁਨਾਫ਼ਾ ਵੀ ਹੋਣ ਲੱਗਾ।

ਇਸ ਤਰ੍ਹਾਂ ਪੂਰਾ 1 ਸਾਲ ਚੱਲਦਾ ਰਿਹਾ ਅਤੇ 2020 ਆਉਂਦਿਆਂ ਪਰਦੀਪ ਨੂੰ ਇਸ ਕੰਮ ਵਿੱਚ ਪੂਰੀ ਤਰ੍ਹਾਂ ਸਫਲਤਾ ਹਾਸਿਲ ਹੋਈ। ਜੋ ਪਰਦੀਪ ਨੇ 1 ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਉਸਨੂੰ ਹੌਲੀ-ਹੌਲੀ 5 ਏਕੜ ਦੇ ਵਿੱਚ ਫ਼ੈਲਾ ਰਹੇ ਹਨ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤਾਂ ਵਾਧਾ ਕੀਤਾ ਹੀ ਹੈ ਉਸਦੇ ਨਾਲ ਹੀ ਨਰਮੇ ਦੀ ਕਾਸ਼ਤ ਵੀ ਆਰਗੈਨਿਕ ਤਰੀਕੇ ਨਾਲ ਕਰਨੀ ਸ਼ੁਰੂ ਕੀਤੀ ਹੈ।

ਅੱਜ ਪਰਦੀਪ ਨੂੰ ਘਰ ਬੈਠੇ ਸਬਜ਼ੀ ਖਰੀਦਣ ਲਈ ਫੋਨ ਆਉਂਦਾ ਹੈ ਤੇ ਪਰਦੀਪ ਆਪਣੀ ਰੇੜ੍ਹੀ ਉੱਤੇ ਸਬਜ਼ੀ ਰੱਖ ਕੇ ਵੇਚਣ ਚਲੇ ਜਾਂਦੇ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਸਬਜ਼ੀ ਲਈ ਫੋਨ ਬਠਿੰਡੇ ਸ਼ਹਿਰ ਤੋਂ ਆਉਂਦੇ ਹਨ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਪਰਦੀਪ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਹਨ, ਹਰ ਇੱਕ ਨੂੰ ਚਾਹੀਦਾ ਹੈ ਮੁਸ਼ਕਿਲਾਂ ਨੂੰ ਦੇਖ ਕਦੇ ਵੀ ਭੱਜਣਾ ਨਹੀਂ ਚਾਹੀਦਾ, ਸਗੋਂ ਉਹਨਾਂ ਮੁਸ਼ਕਿਲਾਂ ਦਾ ਹੱਸ ਕੇ ਮੁਕ਼ਾਬਲਾ ਕਰਨਾ ਚਾਹੀਦਾ ਹੈ, ਜਿਸ ਵਿੱਚ ਉਮਰ ਕਦੇ ਵੀ ਕੋਈ ਮਾਇਨੇ ਨਹੀਂ ਰੱਖਦਾ, ਜਿਸਨੇ ਮੰਜਿਲਾਂ ਹਾਸਿਲ ਕਰਨੀਆਂ ਉਸਨੇ ਛੋਟੀ ਉਮਰੇ ਹੀ ਕਰ ਲੈਣੀਆਂ ਹਨ।

ਭਵਿੱਖ ਦੀ ਯੋਜਨਾ

ਉਹ ਹੌਲ਼ੀ ਹੌਲੀ ਆਪਣੀ ਜਿੰਨੀ ਵੀ ਜਮੀਨ ਹੈ ਉਸਨੂੰ ਪੁਰੀ ਤਰ੍ਹਾਂ ਆਰਗੈਨਿਕ ਵਿੱਚ ਬਦਲਣਾ ਚਾਹੁੰਦੇ ਹਨ ਅਤੇ ਖੇਤੀ ਦੀ ਜੀਵਨ ਸ਼ੈਲੀ ਜੋ ਰਸਾਇਣਿਕ ਖਾਦਾਂ ਨੇ ਬਰਬਾਦ ਕੀਤੀ ਹੈ ਉਸਨੂੰ ਜੈਵਿਕ ਖਾਦਾਂ ਰਾਹੀਂ ਦੁਬਾਰਾ ਤਾਕਤਵਾਰ ਬਣਾਉਣਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਕੋਈ ਵੀ ਹੈ ਚਾਹੇ ਛੋਟਾ ਹੈ ਚਾਹੇ ਵੱਡਾ, ਹਮੇਸ਼ਾਂ ਪਹਿਲ ਜੈਵਿਕ ਖੇਤੀ ਨੂੰ ਹੀ ਦੇਣ, ਕਿਉਂਕਿ ਆਪਣੀ ਸਿਹਤ ਨਾਲੋਂ ਹੋਰ ਕੁਝ ਵੀ ਪਿਆਰਾ ਨਹੀਂ ਹੈ ਅਤੇ ਮੁਨਾਫੇ ਬਾਰੇ ਨਾ ਸੋਚ ਕੇ ਆਪਣੇ ਅਤੇ ਦੂਜਿਆਂ ਬਾਰੇ ਹੀ ਸੋਚ ਕੇ ਹੀ ਸ਼ੁਰੂ ਕਰੇ, ਆਪ ਵੀ ਸ਼ੁੱਧ ਖਾਓ ਅਤੇ ਦੂਸਰਿਆਂ ਨੂੰ ਖਵਾਓ।

ਰਾਜਵਿੰਦਰ ਸਿੰਘ ਖੋਸਾ

ਪੂਰੀ ਕਹਾਣੀ ਪੜ੍ਹੋ

ਅਪਾਹਿਜ ਹੋਣ ਦੇ ਬਾਵਜੂਦ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਕਿਸਾਨ

ਨਵੇਂ ਰਸਤੇ ਉੱਤੇ ਚੱਲਦਿਆਂ ਰੁਕਾਵਟਾਂ ਤਾਂ ਆਉਂਦੀਆਂ ਹਨ ਪਰ ਉਹਨਾਂ ਦਾ ਹੱਲ ਵੀ ਜ਼ਰੂਰ ਹੁੰਦਾ ਹੈ।

ਅੱਜ ਜਿਸ ਕਿਸਾਨ ਦੀ ਕਹਾਣੀ ਤੁਸੀਂ ਪੜ੍ਹੋਗੇ ਉਹ ਸਰੀਰਿਕ ਪੱਖੋਂ ਅਪਾਹਿਜ ਜ਼ਰੂਰ ਹੈ, ਪਰ ਹੋਂਸਲਾ ਤੇ ਜਜ਼ਬਾ ਇੰਨਾ ਹੈ ਕਿ ਦੁਨੀਆਂ ਜਿੱਤਣ ਦਾ ਦਮ ਰੱਖਦਾ ਹੈ।

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਦਾ ਹਿੰਮਤੀ ਕਿਸਾਨ ਰਾਜਵਿੰਦਰ ਸਿੰਘ ਖੋਸਾ ਜਿਸਨੇ ਬਾਰਵੀਂ, ਕੰਪਿਊਟਰ, ਬੀ ਏ ਅਤੇ ਸਰਕਾਰੀ ਆਈ ਟੀ ਆਈ ਫਰੀਦਕੋਟ ਤੋਂ ਸ਼ਾਟਹੈਂਡ-ਸਟੈਨੋ ਪੰਜਾਬੀ ਟਾਇਪਿੰਗ ਦਾ ਕੋਰਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਕੀਤੀ ਪਰ ਕੀਤੇ ਵੀ ਨੌਕਰੀ ਨਾ ਮਿਲ ਸਕੀ ਅਤੇ ਥੱਕ-ਹਾਰ ਕੇ ਅਖੀਰ ਉਹ ਆਪਣੇ ਪਿੰਡ ਵਿੱਚ ਹੀ ਕਣਕ-ਝੋਨੇ ਦੀ ਹੀ ਖੇਤੀ ਕਰਨ ਲੱਗਾ।

ਇਹ ਗੱਲ ਸਾਲ 2019 ਦੀ ਹੈ ਜਦੋਂ ਰਾਜਵਿੰਦਰ ਸਿੰਘ ਖੋਸਾ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਇਸ ਦੇ ਨਾਲ-ਨਾਲ ਆਪਣੇ ਘਰ ਖਾਣ ਲਈ ਹੀ ਸਬਜ਼ੀਆਂ ਦੀ ਹੀ ਕਾਸ਼ਤ ਕਰਦੇ ਸਨ ਜਿਸ ਵਿੱਚ ਉਹ ਸਿਰਫ ਬਹੁਤ ਘੱਟ ਮਾਤਰਾ ਦੇ ਵਿੱਚ ਹੀ ਥੋੜੀ ਬਹੁਤ ਹੀ ਗਿਣੀਆਂ-ਚੁਣੀਆਂ ਸਬਜ਼ੀਆਂ ਹੀ ਲਗਾਉਂਦੇ ਅਤੇ ਬਹੁਤ ਵਾਰ ਜਿਵੇਂ ਪਿੰਡ ਵਾਲੇ ਆ ਕੇ ਲੈ ਜਾਂਦੇ ਸਨ ਪਰ ਉਨ੍ਹਾਂ ਨੇ ਕਦੇ ਸਬਜ਼ੀਆਂ ਦੇ ਪੈਸੇ ਤੱਕ ਨਹੀਂ ਲਏ ਸੀ।

ਬਹੁਤ ਸਮਾਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਰਹੇ, ਪਰ ਥੋੜੀ ਮਾਤਰਾ ਦੇ ਵਿੱਚ, ਪਰ 2019 ਵਿੱਚ ਕੋਵਿਡ ਕਰਕੇ ਲੱਗੇ ਲੌਕਡਾਊਨ ਕਾਰਨ ਦੁਨੀਆਂ ਨੂੰ ਸਰਕਾਰ ਦੇ ਹੁਕਮ ਅਨੁਸਾਰ ਆਪਣੇ ਘਰਾਂ ਵਿੱਚ ਕੈਦ ਹੋਣਾ ਪਿਆ ਅਤੇ ਖਾਣ-ਪੀਣ ਦੀ ਸਮੱਸਿਆ ਆ ਗਈ ਸੀ ਕਿ ਖਾਣਾ ਜਾਂ ਸਬਜ਼ੀ ਕਿੱਥੋਂ ਲੈ ਕੇ ਆਈਏ, ਤਾਂ ਇਸ ਨੂੰ ਦੇਖਦੇ ਹੋਏ ਜਦੋਂ ਰਾਜਵਿੰਦਰ ਖੋਸਾ ਜੀ ਘਰ ਆਏ ਉਹ ਸੋਚ ਰਹੇ ਸਨ ਕਿ ਜੇਕਰ ਸਾਰੀ ਦੁਨੀਆਂ ਇਸ ਤਰ੍ਹਾਂ ਹੀ ਘਰ ਵਿੱਚ ਬੈਠ ਗਈ ਤਾਂ ਉਹ ਖਾਣ-ਪੀਣ ਦਾ ਪ੍ਰਬੰਧ ਕਿਵੇਂ ਕਰਨਗੇ ਤੇ ਇਸ ਵਿੱਚ ਜ਼ਰੂਰੀ ਸੀ ਸਰੀਰ ਦੀ ਇਮੁਨਿਟੀ ਨੂੰ ਮਜ਼ਬੂਤ ਬਣਾਉਣਾ ਤੇ ਉਹ ਉਦੋਂ ਹੀ ਮਜ਼ਬੂਤ ਹੋ ਸਕਦੀ ਸੀ ਜਦੋਂ ਖਾਣਾ-ਪੀਣਾ ਸਹੀ ਹੋਵੇ ਅਤੇ ਇਸ ਵਿੱਚ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਵਿੰਦਰ ਨੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬਜ਼ੀਆਂ ਦੇ ਕੰਮ ਨੂੰ ਵਧਾਉਣ ਬਾਰੇ ਸੋਚਿਆ। ਹੌਲੀ-ਹੌਲੀ ਕਰਦੇ ਰਾਜਵਿੰਦਰ ਨੇ 12 ਮਰਲਿਆਂ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਜਿਵੇਂ ਭਿੰਡੀ, ਤੋਰੀ, ਕੱਦੂ, ਚੱਪਣ ਕੱਦੂ ਆਦਿ ਦੀਆਂ ਸਬਜ਼ੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਸਬਜ਼ੀਆਂ ਅਗੇਤੀ ਲਗਾ ਅਤੇ ਥੋੜੇ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਉੱਥੋਂ ਸ਼ੁਰੂ ਕੀਤਾ।

ਜਦੋਂ ਸਮੇਂ ‘ਤੇ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਸ ਨੂੰ ਮੰਡੀ ਵਿੱਚ ਵੇਚ ਕੇ ਆਇਆ ਜਾਵੇ ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਕਿਉਂ ਨਾ ਇਸ ਦਾ ਮੰਡੀਕਰਨ ਮੈਂ ਖੁਦ ਹੀ ਕਰਾਂ, ਜੋ ਪੈਸੇ ਆੜ੍ਹਤੀਏ ਕਮਾ ਰਹੇ ਹਨ ਉਹ ਪੈਸਾ ਖੁਦ ਹੀ ਕਮਾ ਲਿਆ ਜਾਵੇ।

ਫਿਰ ਰਾਜਵਿੰਦਰ ਨੇ ਆਪਣੀ ਮਾਰੂਤੀ ਕਾਰ ਨੂੰ ਸਬਜ਼ੀਆਂ ਦੇ ਲੇਖੇ ਲਗਾ ਦਿੱਤਾ। ਸਬਜ਼ੀਆਂ ਕਾਰ ਵਿੱਚ ਰੱਖ ਕੇ ਫਰੀਦਕੋਟ ਸ਼ਹਿਰ ਦੇ ਨੇੜਲੇ ਲੱਗਦੀਆਂ ਨਹਿਰਾਂ ਕੋਲ ਸਵੇਰੇ ਜਾ ਕੇ ਸਬਜ਼ੀ ਵੇਚਣ ਲੱਗੇ, ਪਰ ਇੱਕ-ਦੋ ਦਿਨ ਉੱਥੇ ਬਹੁਤ ਘੱਟ ਲੋਕ ਸਬਜ਼ੀ ਖਰੀਦਣ ਦੇ ਲਈ ਆਏ ਅਤੇ ਵਾਪਿਸ ਘਰ ਨਿਰਾਸ਼ ਹੋ ਕੇ ਆ ਗਏ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚਿਆ ਕੋਈ ਨਹੀਂ ਕੱਲ ਕਿਤੇ ਕਿਸੇ ਹੋਰ ਜਗ੍ਹਾਂ ‘ਤੇ ਲਗਾ ਕੇ ਦੇਖੀ ਜਾਵੇਗੀ, ਜਿੱਥੇ ਥੋੜੀ ਭੀੜ ਜਿਹੀ ਹੋਵੇ ਅਤੇ ਲੋਕਾਂ ਦਾ ਆਉਣਾ-ਜਾਣਾ ਵੀ ਹੋਵੇ। ਜਿਵੇਂ ਹੀ ਰਾਜਵਿੰਦਰ ਕਾਰ ਵਿੱਚ ਬੈਠ ਕੇ ਜਾਣ ਲੱਗਾ ਤਾਂ ਪਿੱਛੋਂ ਜਸਪਾਲ ਸਿੰਘ ਨਾਮ ਦੇ ਵੀਰ ਨੇ ਆਵਾਜ਼ ਮਾਰੀ, ਕਹਿੰਦੇ ਭਰਾ ਸਵੇਰੇ-ਸਵੇਰੇ ਸ਼ਹਿਰ ਦੇ ਲੋਕ ਡੇਅਰੀ ਤੋਂ ਦੁੱਧ ਅਤੇ ਦਹੀਂ ਲੈਣ ਲਈ ਆਉਂਦੇ ਹਨ ਕੀ ਪਤਾ ਸਬਜ਼ੀ ਵਾਲੀ ਕਾਰ ਵੇਖ ਤੇਰੀ ਸਬਜ਼ੀ ਹੀ ਖਰੀਦ ਲੈਣ, ਤੂੰ ਸਵੇਰ ਵੇਲੇ ਸਬਜ਼ੀ ਵੇਚ ਕੇ ਦੇਖ।

ਰਾਜਵਿੰਦਰ ਸਿੰਘ ਨੇ ਉਸਦੀ ਗੱਲ ਮੰਨਦਿਆਂ ਫਿਰ ਡੀਸੀ ਰਿਹਾਇਸ਼ ਦੇ ਕੋਲ ਡੇਅਰੀ ਦੇ ਸਾਹਮਣੇ ਸਵੇਰੇ 6 ਵਜੇ ਜਾ ਕੇ ਸਬਜ਼ੀਆਂ ਨੂੰ ਵੇਚਣ ਲੱਗਾ, ਜਿਸ ਨਾਲ ਪਹਿਲੇ ਦਿਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਤੋਂ ਸਬਜ਼ੀ ਖਰੀਦੀ। ਰਾਜਵਿੰਦਰ ਸਿੰਘ ਖੋਸਾ ਨੂੰ ਥੋੜੀ ਖੁਸ਼ੀ ਵੀ ਹੋਈ, ਇਹ ਦੇਖ ਕੇ ਅੰਦਰ ਇੱਕ ਉਮੀਦ ਦੀ ਰੋਸ਼ਨੀ ਜਾਗ ਪਈ ਅਤੇ ਅਗਲੇ ਦਿਨ ਸਵੇਰੇ 6 ਵਜੇ ਜਾ ਕੇ ਫਿਰ ਖੜ ਗਿਆ ਅਤੇ ਕੱਲ ਨਾਲੋਂ ਅੱਜ ਸਬਜ਼ੀ ਦੀ ਬਹੁਤ ਖਰੀਦ ਹੋਈ ਇਹ ਦੇਖ ਕੇ ਬਹੁਤ ਖੁਸ਼ ਹੋਏ।

ਰਾਜਵਿੰਦਰ ਨੇ ਸਵੇਰ 6 ਵਜੇ ਤੋਂ ਸਵੇਰ ਦੇ 9 ਵਜੇ ਦੇ ਵਿਚਕਾਰ ਦਾ ਸਮਾਂ ਰੱਖ ਲਿਆ ਅਤੇ ਇਸ ਸਮੇਂ ਵਿੱਚ ਹੀ ਉਹ ਸਬਜ਼ੀਆਂ ਨੂੰ ਵੇਚਦੇ ਸਨ। ਜਿਵੇਂ-ਜਿਵੇਂ ਰੋਜ਼ ਹੀ ਉਹ ਡੀਸੀ ਰਿਹਾਇਸ਼ ਦੇ ਕੋਲ ਜਾ ਕੇ ਖੜਨ ਲੱਗੇ ਉਨ੍ਹਾਂ ਦੀ ਬਹੁਤ ਸਾਰੇ ਲੋਕਾਂ ਨਾਲ ਜਾਣ-ਪਹਿਚਾਣ ਬਣ ਗਈ ਜਿਸ ਨਾਲ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਦਿਨੋਂ-ਦਿਨੀ ਪ੍ਰਸਾਰ ਹੋਣ ਲੱਗਾ।

ਰਾਜਵਿੰਦਰ ਸਿੰਘ ਨੇ ਜਿਵੇਂ ਦੇਖਿਆ ਕਿ ਮਾਰਕੀਟਿੰਗ ਵਿੱਚ ਪ੍ਰਸਾਰ ਹੋ ਰਿਹਾ ਹੈ ਤਾਂ ਅਗਸਤ 2020 ਖਤਮ ਹੁੰਦਿਆਂ ਉਨ੍ਹਾਂ ਦੇ 12 ਮਰਲਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੌਲੀ-ਹੌਲੀ ਇੱਕ ਕਿੱਲੇ ਦੇ ਵਿੱਚ ਫੈਲਾ ਲਿਆ ਅਤੇ ਬਹੁਤਾਤ ਵਿੱਚ ਹੋਰ ਨਵੀਆਂ ਸਬਜ਼ੀਆਂ ਲਗਾ ਦਿੱਤੀਆਂ, ਜਿਸ ਵਿੱਚ ਗੋਭੀ, ਬੰਦਗੋਭੀ, ਮਟਰ, ਮਿਰਚ, ਮੂਲੀ, ਸਾਗ, ਪਾਲਕ, ਧਨੀਆ, ਮੇਥੀ, ਮੇਥੇ, ਅਚਾਰ, ਸ਼ਹਿਦ ਆਦਿ ਦੇ ਨਾਲ-ਨਾਲ ਰਾਜਵਿੰਦਰ ਸਿੰਘ ਵਿਦੇਸ਼ੀ ਸਬਜੀਆਂ ਵੀ ਪੈਦਾ ਕਰਨ ਲੱਗੇ, ਜਿਵੇਂ ਪੇਠਾ, ਸਲਾਦ ਪੱਤਾ, ਸ਼ਲਗਮ ਅਤੇ ਹੋਰ ਕਈ ਸਬਜ਼ੀਆਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲੱਗੇ।

ਉਂਝ ਤਾਂ ਰਾਜਵਿੰਦਰ ਸਫਲ ਤਾਂ ਉਦੋਂ ਹੀ ਹੋ ਗਏ ਸਨ ਜਦੋਂ ਉਨ੍ਹਾਂ ਕੋਲ ਇੱਕ ਭੈਣ ਸਬਜ਼ੀ ਖਰੀਦਣ ਲਈ ਆਈ ਤੇ ਕਹਿਣ ਲੱਗੀ, ਵੀਰ ਮੇਰੇ ਬੱਚੇ ਸਿਹਤਮੰਦ ਚੀਜ਼ਾਂ ਜਿਵੇਂ ਮੂਲੀਆਂ ਆਦਿ ਬਗੈਰਾ ਨਹੀਂ ਖਾਂਦੇ, ਤਾਂ ਰਾਜਵਿੰਦਰ ਨੇ ਕਿਹਾ, ਭੈਣ ਇੱਕ ਵਾਰ ਤੁਸੀਂ ਮੇਰੀ ਆਰਗੈਨਿਕ ਬਗੀਚੀ ਤੋਂ ਉਗਾਈਆਂ ਮੂਲੀਆਂ ਆਪਣੇ ਬੱਚਿਆਂ ਨੂੰ ਖਿਲਾ ਕੇ ਦੇਖੋ, ਤਾਂ ਭੈਣ ਨੇ ਉਸ ਤਰ੍ਹਾਂ ਹੀ ਕੀਤਾ। ਜੋ ਮੂਲੀਆਂ ਨੂੰ ਖਾਣਾ ਤਾਂ ਕੀ ਦੇਖਦੇ ਤੱਕ ਵੀ ਨਹੀਂ ਸਨ ਉਨ੍ਹਾਂ ਨੇ ਇਸ ਵਾਰ ਮੂਲੀਆਂ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿੱਧਰ ਗਈਆਂ। ਤਾਂ ਜਦੋਂ ਭੈਣ ਨੇ ਦੱਸਿਆ ਤਾਂ ਰਾਜਵਿੰਦਰ ਨੂੰ ਦਿਲੋਂ ਇੰਨਾ ਜ਼ਿਆਦਾ ਸਕੂਨ ਪ੍ਰਾਪਤ ਹੋਇਆ ਕਿ ਜਿਵੇਂ ਜ਼ਿੰਦਗੀ ਵਿੱਚ ਸਭ ਕੁਝ ਹਾਸਿਲ ਕਰ ਲਿਆ ਹੋਵੇ। ਫਿਰ ਸ਼ਹਿਰ ਦੇ ਲੋਕ ਉਹਨਾਂ ਨਾਲ ਇਸ ਤਰ੍ਹਾਂ ਜੁੜੇ ਕਿ ਉਹਨਾਂ ਦੀ ਸਬਜੀਆਂ ਉਡੀਕ ਕਰਨ ਲੱਗੇ।

ਇਸ ਦੇ ਨਾਲ-ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਆ ਰਹੇ ਹਨ।

ਅੱਜ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨਾ ਜ਼ਿਆਦਾ ਪ੍ਰਸਾਰ ਹੋ ਚੁੱਕਿਆ ਹੈ ਕਿ ਫਰੀਦਕੋਟ ਦੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਰਾਜਵਿੰਦਰ ਦਾ ਨਾਮ ਵੀ ਚਮਕਦਾ ਹੈ।

ਰਾਜਵਿੰਦਰ ਖੇਤੀ ਦਾ ਸਾਰਾ ਕੰਮ ਖੁਦ ਸੰਭਾਲਦਾ ਹੈ, ਸਬਜ਼ੀਆਂ ਦੇ ਨਾਲ ਉਹ ਹੋਰ ਖੇਤੀ ਉਤਪਾਦ ਜਿਵੇਂ ਸ਼ਹਿਦ, ਆਚਾਰ ਦਾ ਖੁਦ ਮੰਡੀਕਰਨ ਕਰ ਰਿਹਾ ਹੈ, ਜਿਸ ਕਾਰਨ ਉਸਦੇ ਬਹੁਤ ਲਿੰਕ ਬਣ ਗਏ ਹਨ ਅਤੇ ਮੰਡੀਕਰਨ ਦੀ ਉਸਨੂੰ ਕੋਈ ਦਿੱਕਤ ਨਹੀਂ ਆਉਂਦੀ।

ਖਾਸ ਗੱਲ ਇਹ ਵੀ ਹੈ ਕਿ ਉਸਨੇ ਇਹ ਸਾਰੀ ਕਾਮਯਾਬੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਦੇ ਨਾਲ ਹੀ ਹਾਸਿਲ ਕੀਤੀ ਹੈ।

ਸਿਰਫ ਸਖ਼ਤ ਮਿਹਨਤ ਹੀ ਨਹੀਂ ਰਾਜਵਿੰਦਰ ਸਿੰਘ ਖੋਸਾ ਟੈਕਨਾਲੋਜੀ ਪੱਖੋਂ ਵੀ ਪੂਰਾ ਅੱਪਡੇਟ ਰਹਿੰਦਾ ਹੈ, ਕਿਉਂਕਿ ਸੋਸ਼ਲ ਮੀਡਿਆ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਵੀ ਕਰਦਾ ਹੈ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੀ ਕਾਸ਼ਤ ਤਾਂ ਕਰ ਰਹੇ ਹੀ ਹਨ ਪਰ ਉਹ ਸਬਜ਼ੀਆਂ ਦੀ ਮਾਤਰਾ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਲੋਕਾਂ ਨੂੰ ਸਾਫ ਤੇ ਸੁਥਰੀ ਸਬਜ਼ੀ ਜੋ ਕਿ ਜ਼ਹਿਰ ਮੁਕਤ ਪੈਦਾ ਕਰਕੇ ਸ਼ਹਿਰ ਦੇ ਲੋਕਾਂ ਨੂੰ ਪ੍ਰਦਾਨ ਕੀਤੀ ਜਾਵੇ, ਜਿਸ ਨਾਲ ਖੁਦ ਵੀ ਸਿਹਤਮੰਦ ਬਣੀਏ ਅਤੇ ਦੂਜਿਆਂ ਨੂੰ ਵੀ ਸਿਹਤਮੰਦ ਬਣਾਈਏ।

ਘੱਟ ਖਰਚੇ ਅਤੇ ਸਖ਼ਤ ਮਿਹਨਤ ਨਾਲ ਨਵੀਆਂ ਪੁਲਾਘਾਂ ਪੁੱਟਣ ਵਾਲਾ ਰਾਜਵਿੰਦਰ ਸਿੰਘ ਸੱਚਮੁੱਚ ਚੰਗੇ ਮਾਨ-ਸਨਮਾਨ ਦਾ ਹੱਕਦਾਰ ਹੈ।

ਸੰਦੇਸ਼

ਜੇਕਰ ਕੋਈ ਛੋਟਾ ਕਿਸਾਨ ਹੈ ਤਾਂ ਉਸ ਨੇ ਜੇ ਰਵਾਇਤੀ ਖੇਤੀ ਦੇ ਨਾਲ-ਨਾਲ ਕੋਈ ਹੋਰ ਛੋਟੇ ਪੱਧਰ ‘ਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ ਤਾਂ ਉਸਨੂੰ ਆਰਗੈਨਿਕ ਤਰੀਕੇ ਨਾਲ ਹੀ ਸ਼ੁਰੂ ਕਰਨੀ ਚਾਹੀਦੀ ਹੈ, ਹਾਂ ਜੇਕਰ ਹੋ ਸਕੇ ਤਾਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਖੁਦ ਜਾ ਕੇ ਵੇਚੇ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ, ਕਿਉਂਕਿ ਕਿੱਤਾ ਕੋਈ ਵੀ ਹੋਵੇ ਸਾਨੂੰ ਕੰਮ ਕਰਨ ਵਕ਼ਤ ਸ਼ਰਮ ਨਹੀਂ ਮਹਿਸੂਸ ਨਹੀਂ ਹੋਣੀ ਚਾਹੀਦੀ, ਸਗੋਂ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ।

ਕੁਲਵਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਬਿਹਤਰ ਵਰਤਮਾਨ ਅਤੇ ਭਵਿੱਖ ਦੀ ਉਮੀਦ ਨਾਲ ਕੁਲਵਿੰਦਰ ਸਿੰਘ ਨਾਗਰਾ ਕੁਦਰਤੀ ਖੇਤੀ ਵੱਲ ਮੁੜੇ

ਉਮੀਦ ਇੱਕ ਸਕਾਰਾਤਮਕ ਭਾਵਨਾ ਹੈ ਜੋ ਕਿਸੇ ਵਿਅਕਤੀ ਨੂੰ ਭਵਿੱਖ ਬਾਰੇ ਸੋਚਣ ਦੀ ਤਾਕਤ ਦਿੰਦੀ ਹੈ, ਭਾਵੇਂ ਹੀ ਇਸ ਬਾਰੇ ਕੁੱਝ ਨਿਸ਼ਚਿਤ ਨਾ ਹੋਵੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਕੁੱਝ ਨਕਾਰਾਤਮਕ ਨਤੀਜਿਆਂ ਨੂੰ ਜਾਣਨ ਦੇ ਬਾਵਜੂਦ ਵੀ ਸਾਡੇ ਕੰਮ ਆਪਣੇ ਆਪ ਹੀ ਜਲਦੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਕੁੱਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨਾਗਰਾ ਜੀ ਨਾਲ ਹੋਇਆ, ਜਿਨ੍ਹਾਂ ਦੀ ਉਮੀਦ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ।

“ਕੁਦਰਤੀ ਖੇਤੀ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਨੂੰ ਲਗਾਤਾਰ ਦੋ ਸਾਲ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਸਥਿਤੀ ਨੂੰ ਸਮਝਣ ਤੋਂ ਬਾਅਦ ਵੀ ਮੈਂ ਕੁਦਰਤੀ ਢੰਗਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ, ਕਿਉਂਕਿ ਮੇਰੇ ਲਈ ਮੇਰਾ ਪਰਿਵਾਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਪੈਸੇ ਕਮਾਉਣ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਅਤੇ ਖੁਦ ਲਈ ਕਮਾਈ ਕਰ ਰਿਹਾ ਹਾਂ, ਕੀ ਹੋਵੇਗਾ ਜੇਕਰ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਵੀ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ … ਤਾਂ ਸਭ ਕੁੱਝ ਵਿਅਰਥ ਹੈ।”

ਖੇਤੀ ਦੇ ਪਿਛੋਕੜ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਨਾਗਰਾ ਜੀ ਨੇ ਵੀ ਆਪਣੇ ਪਿਤਾ ਦੇ ਦੱਸੇ ਕਦਮਾਂ ‘ਤੇ ਚੱਲਣ ਦਾ ਫੈਸਲਾ ਕੀਤਾ। 1997 ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਅਪਣਾ ਕੇ ਝੋਨੇ ਅਤੇ ਕਣਕ ਦੀ ਖੇਤੀ ਸ਼ੁਰੂ ਕੀਤੀ। ਸਾਲ 2000 ਤੱਕ, ਉਨ੍ਹਾਂ ਨੇ 10 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਜਾਰੀ ਰੱਖੀ ਅਤੇ ਇੱਕ ਏਕੜ ਵਿੱਚ ਮਟਰ, ਪਿਆਜ਼, ਲਸਣ ਅਤੇ ਲੌਕੀ ਆਦਿ ਵਰਗੀਆਂ ਕੁੱਝ ਸਬਜ਼ੀਆਂ ਉਗਾਈਆਂ। ਪਰ ਉਹ ਕਣਕ ਅਤੇ ਝੋਨੇ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਸਬਜ਼ੀਆਂ ਦੀ ਖੇਤੀ ਦੇ ਖੇਤਰ ਨੂੰ ਇੱਕ ਏਕੜ ਤੋਂ 7 ਏਕੜ ਤੱਕ ਅਤੇ ਕਿੰਨੂ ਅਤੇ ਅਮਰੂਦ 1½ ਏਕੜ ਵਿੱਚ ਉਗਾਉਣਾ ਸ਼ੁਰੂ ਕੀਤਾ।

“ਕਿੰਨੂ ਘੱਟ ਸਫ਼ਲ ਸੀ ਪਰ ਅਮਰੂਦ ਨੇ ਵਧੀਆ ਫਾਇਦਾ ਦਿੱਤਾ ਅਤੇ ਮੈਂ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਾਂਗਾ।”

ਬਾਗ਼ਬਾਨੀ ਦੀ ਸਫ਼ਲਤਾ ਦੇ ਅਨੁਭਵ ਨੇ ਕੁਲਵਿੰਦਰ ਸਿੰਘ ਨਾਗਰਾ ਜੀ ਦੇ ਆਤਮ-ਵਿਸ਼ਵਾਸ ਨੂੰ ਵਧਾਇਆ ਅਤੇ ਤੇਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਖੇਤੀ ਤੋਂ ਲੈ ਕੇ ਨਰਸਰੀ ਦੀ ਤਿਆਰੀ ਤੱਕ ਸਭ ਕੁੱਝ ਕਰਨਾ ਸ਼ੁਰੂ ਕਰ ਦਿੱਤਾ। 2008-2009 ਵਿੱਚ ਉਨ੍ਹਾਂ ਨੇ ਸ਼ਾਹਬਾਦ ਮਰਕੰਡਾ, ਸਿਰਸਾ ਅਤੇ ਪੰਜਾਬ ਦੇ ਬਾਹਰ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਮਿਰਚ, ਪਿਆਜ਼, ਕੱਦੂ, ਲੌਕੀ, ਟਮਾਟਰ ਅਤੇ ਬੇਲ ਆਦਿ ਦੀ ਤਿਆਰ ਕੀਤੀ ਨਰਸਰੀ ਵੇਚਣੀ ਸ਼ੁਰੂ ਕਰ ਦਿੱਤੀ।

2009 ਵਿੱਚ, ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਤਕਨੀਕਾਂ ਨੂੰ ਜੈਵਿਕ ਢੰਗ ਵਿੱਚ ਬਦਲਣ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਕੁਦਰਤੀ ਖੇਤੀ ਦੀ ਸਿਖਲਾਈ ਪਿੰਗਲਵਾੜਾ ਤੋਂ ਲਈ, ਜਿੱਥੇ ਕਿਸਾਨਾਂ ਨੂੰ ਜ਼ੀਰੋ ਬਜਟ ‘ਤੇ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਅਤੇ ਸਥਿਰ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਲਵਿੰਦਰ ਸਿੰਘ ਨਾਗਰਾ ਨੇ 5 ਏਕੜ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ।

ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਕੀਟਨਾਸ਼ਕ ਅਤੇ ਰਸਾਇਣਕ ਪਦਾਰਥ ਜ਼ਮੀਨ ਨੂੰ ਜੈਵਿਕ ਕਿਸਮ ਵਿੱਚ ਤਬਦੀਲ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਹ ਸ਼ੁਰੂ ਵਿੱਚ ਕੋਈ ਮੁਨਾਫ਼ਾ ਨਹੀਂ ਕਮਾਉਣਗੇ। ਪਰ ਉਨ੍ਹਾਂ ਨੇ ਕਦੇ ਵੀ ਸ਼ੁਰੂਆਤ ਕਰਨ ਤੋਂ ਕਦਮ ਪਿੱਛੇ ਨਹੀਂ ਚੁੱਕਿਆ। ਉਨ੍ਹਾਂ ਨੇ ਖੇਤੀਬਾੜੀ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਮਿਰਚ ਅਤੇ ਖੀਰੇ ਦੇ ਹਾਈਬ੍ਰਿਡ ਬੀਜ ਉਤਪਾਦਨ, ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਖੇਤੀ ਅਤੇ ਗ੍ਰੀਨਹਾਊਸ ਪ੍ਰਬੰਧਨ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਲਈ।

“ਮਾਰਕਟਿੰਗ ਮੁੱਖ ਰੁਕਾਵਟ ਸੀ ਜਿਸ ਦਾ ਮੈਂ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਸੀ, ਕਿਉਂਕਿ ਮੈਂ ਅਣਜਾਣ ਸੀ। ਇਸ ਲਈ ਮੈਨੂੰ ਮੰਡੀਕਰਨ ਤਕਨੀਕਾਂ ਨੂੰ ਸਮਝਣ ਲਈ ਕੁੱਝ ਸਮਾਂ ਲੱਗ ਗਿਆ। 2012 ਵਿੱਚ ਮੈਂ ਸਹੀ ਮੰਡੀਕਰਨ ਤਕਨੀਕਾਂ ਨੂੰ ਅਪਣਾਇਆ ਅਤੇ ਫਿਰ ਸਬਜ਼ੀਆਂ ਨੂੰ ਵੇਚਣਾ ਮੇਰੇ ਲਈ ਆਸਾਨ ਹੋ ਗਿਆ।“

ਕੁਲਵਿੰਦਰ ਸਿੰਘ ਨਾਗਰਾ ਨੇ ਕੁਦਰਤ ਲਈ ਇੱਕ ਹੋਰ ਕਦਮ ਚੁੱਕਿਆ ਉਹ ਸੀ ਪਰਾਲੀ ਸਾੜਨਾ ਬੰਦ ਕਰਨਾ। ਅੱਜ ਪਰਾਲੀ ਨੂੰ ਸਾੜਨਾ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ ਅਤੇ ਇਹ ਵਿਸ਼ਵ ਪੱਧਰ ਦਾ ਇੱਕ ਵੱਡਾ ਮੁੱਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਮਜ਼ਦੂਰੀ ਅਤੇ ਪੈਸੇ ਬਚਾਉਣ ਲਈ ਪਰਾਲੀ ਸਾੜਦੇ ਹਨ, ਪਰ ਕੁਲਵਿੰਦਰ ਸਿੰਘ ਨਾਗਰਾ ਨੇ ਪਰਾਲੀ ਸਾੜਨ ਦੀ ਬਜਾਏ ਇਸ ਦੀ ਮਲਚਿੰਗ ਅਤੇ ਖਾਦ ਲਈ ਵਰਤੋਂ ਕੀਤੀ।

ਕੁਲਵਿੰਦਰ ਸਿੰਘ ਨਾਗਰਾ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੈਪੀ ਸੀਡਰ, ਕਿਸਾਨ, ਬੈੱਡ ਪਲਾਂਟਰ, ਹੱਲ਼, ਰੀਪਰ ਅਤੇ ਰੋਟਾਵੇਟਰ ਵਰਗੇ ਆਧੁਨਿਕ ਅਤੇ ਨਵੀਨਤਮ ਵਾਤਾਵਰਨ ਅਨੁਕੂਲ ਉਪਕਰਨਾਂ ਨੂੰ ਪਹਿਲ ਦਿੰਦੇ ਹਨ।

ਵਰਤਮਾਨ ਵਿੱਚ, ਉਹ 3 ਏਕੜ ਵਿੱਚ ਕਣਕ, 2 ਏਕੜ ਵਿੱਚ ਚਾਰੇ ਵਾਲੀਆਂ ਫ਼ਸਲਾਂ, 6 ਏਕੜ ਵਿੱਚ ਸਬਜ਼ੀਆਂ (ਮਿਰਚ, ਸ਼ਿਮਲਾ ਮਿਰਚ, ਖੀਰਾ, ਕੱਦੂ, ਤਰਬੂਜ਼, ਲੌਕੀ, ਬੈਂਗਣ, ਪਿਆਜ਼ ਅਤੇ ਲਸਣ) ਅਤੇ 1 ਏਕੜ ਵਿੱਚ ਮਟਰ, ਆਂਵਲਾ ਅਤੇ ਕਿੰਨੂ ਦੀ ਖੇਤੀ ਕਰਦੇ ਹਨ। ਉਹ ਆਪਣੇ ਖੇਤ ਵਿੱਚ ਪਾਣੀ ਦੀ ਸਹੀ ਵਰਤੋਂ ਕਰਨ ਲਈ ਡ੍ਰਿਪ ਸਿੰਚਾਈ ਦੀ ਵਰਤੋਂ ਕਰਦੇ ਹਨ।

ਉਹ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਡੇਅਰੀ ਫਾਰਮਿੰਗ ਵੀ ਕਰ ਰਹੇ ਹਨ। ਉਨ੍ਹਾਂ ਕੋਲ ਉਨ੍ਹਾਂ ਦੇ ਵਾੜੇ ਵਿੱਚ 12 ਪਸ਼ੂ ਹਨ, ਜਿਨ੍ਹਾਂ ਵਿੱਚ ਮੁਰ੍ਹਾ ਮੱਝ, ਨੀਲੀ ਰਾਵੀ ਅਤੇ ਸਾਹੀਵਾਲ ਸ਼ਾਮਲ ਹਨ। ਇਨ੍ਹਾਂ ਦਾ ਦੁੱਧ ਦਾ ਉਤਪਾਦਨ ਪ੍ਰਤੀ ਦਿਨ 90 ਤੋਂ 100 ਕਿੱਲੋ ਹੁੰਦਾ ਹੈ, ਜਿਸ ਵਿੱਚੋਂ ਉਹ ਮਾਰਕੀਟ ਵਿੱਚ 70-75 ਕਿੱਲੋ ਦੁੱਧ ਵੇਚਦੇ ਹਨ ਅਤੇ ਬਾਕੀ ਦੀ ਵਰਤੋਂ ਘਰ ਵਿੱਚ ਕਰਦੇ ਹਨ। ਹੁਣ, ਮੰਡੀਕਰਨ ਇੱਕ ਵੱਡੀ ਸਮੱਸਿਆ ਨਹੀਂ ਹੈ, ਉਹ ਸੰਗਰੂਰ, ਸੁਨਾਮ ਅਤੇ ਸਮਾਣਾ ਦੇ ਬਾਜ਼ਾਰ ਵਿੱਚ ਸਾਰੀਆਂ ਜੈਵਿਕ ਸਬਜ਼ੀਆਂ ਵੇਚਦੇ ਹਨ। ਵਪਾਰੀ ਫਲ ਖਰੀਦਣ ਲਈ ਉਨ੍ਹਾਂ ਦੇ ਫਾਰਮ ‘ਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਖੇਤੀ ਉਤਪਾਦਾਂ ਦੀ ਸਹੀ ਕੀਮਤ ਕਮਾ ਰਹੇ ਹਨ।

ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸ਼੍ਰੇਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਹਨ। ਅੱਜ, ਉਹ ਇੱਕ ਅਜਿਹੇ ਵਿਅਕਤੀ ਹਨ ਜੋ ਦੂਸਰਿਆਂ ਨੂੰ ਆਪਣੀ ਕੁਦਰਤੀ ਸਬਜ਼ੀਆਂ ਦੀ ਖੇਤੀ ਦੇ ਹੁਨਰ ਨਾਲ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਮਾਣ ਹੈ। ਸਬਜ਼ੀਆਂ ਦੀ ਕੁਦਰਤੀ ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ, ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਮਿਲੀ ਅਤੇ ਉਨ੍ਹਾਂ ਵਿੱਚੋਂ ਕੁੱਝ ਹਨ …

• 19 ਫਰਵਰੀ 2015 ਨੂੰ ਸੂਰਤਗੜ੍ਹ (ਰਾਜਸਥਾਨ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਗਾਂਹਵਧੂ ਕਿਸਾਨ ਦਾ ਕ੍ਰਿਸ਼ੀ ਕਰਮਣ ਪੁਰਸਕਾਰ ਹਾਸਲ ਕੀਤਾ।

• ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੁਆਰਾ ਬਲਾੱਕ ਲੈਵਲ ਪੁਰਸਕਾਰ ਹਾਸਲ ਕੀਤਾ।

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੁਰਸਕਾਰ ਹਾਸਲ ਕੀਤਾ।

• ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਤੋਂ ਪੁਰਸਕਾਰ ਹਾਸਲ ਕੀਤਾ।

• ਸਭ ਤੋਂ ਵਧੀਆ ਸਬਜ਼ੀ ਦੀ ਕਿਸਮ ਦੀ ਖੇਤੀ ਵਿੱਚ ਕਈ ਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਪੁਰਸਕਾਰ ਉਨ੍ਹਾਂ ਦੀਆਂ ਉਪਲੱਬਧੀਆਂ ਦੱਸਣ ਲਈ ਕੁੱਝ ਕੁ ਹੀ ਹਨ। ਖੇਤੀ ਸਮਾਜ ਵਿੱਚ ਉਨ੍ਹਾਂ ਨੂੰ ਮੁੱਖ ਤੌਰ ‘ਤੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਉਹ ਖੇਤੀਬਾੜੀ ਦੇ ਖੇਤਰ ਵਿੱਚ ਮਾਰਗਦਰਸ਼ਨ ਕਰਨ ਲਈ ਅਕਸਰ ਆਪਣੇ ਫਾਰਮ ਹਾਊਸ ‘ਤੇ ਪੀ.ਏ.ਯੂ. ਅਤੇ ਕੇ.ਵੀ.ਕੇ. ਮਾਹਿਰਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਂਝੀ ਕਰਨ, ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨ ਇੱਕ-ਦੂਜੇ ਤੋਂ ਸਿੱਖ ਸਕਣ। ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਵੀ ਸਥਾਪਿਤ ਕੀਤਾ, ਉਹ ਅੰਤਰ-ਫ਼ਸਲੀ ਅਤੇ ਲੋਅ-ਟੱਨਲ ਤਕਨੀਕ ਅਪਣਾਉਂਦੇ ਅਤੇ ਮੱਖੀ ਪਾਲਣ ਕਰਦੇ ਹਨ। ਕੁੱਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡ ‘ਤੇ ਕਰਦੇ ਹਨ। ਨੋ-ਟਿਲ ਡ੍ਰਿਲ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਖੇਤੀ ਕਰਦੇ ਹਨ, ਝੋਨੇ ਲਾਉਣ ਤੋਂ ਪਹਿਲਾਂ ਲੇਜ਼ਰ ਲੈਵਲਿੰਗ ਨਾਲ ਜ਼ਮੀਨ ਸਮਤਲ ਕਰਦੇ ਹਨ, ਮਸ਼ੀਨੀਕਰਨ ਰੋਪਣ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਨਿਮਾਟੋਡ ਪ੍ਰਬੰਧਨ ਕਰਦੇ ਹਨ।

ਖੇਤੀਬਾੜੀ ਤਕਨਾਲੋਜੀ ਅਪਨਾਉਣ ਦੇ ਪ੍ਰਭਾਵ:

ਵਿਭਿੰਨ ਖੇਤੀਬਾੜੀ ਤਕਨੀਕਾਂ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਦੇ ਕਣਕ ਉਤਪਾਦਨ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ ਜੋ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ 2014 ਵਿੱਚ ਪ੍ਰਤੀ ਹੈਕਟੇਅਰ 6456 ਕਿੱਲੋ ਸੀ ਅਤੇ ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸਾਨ ਲਈ ਉਹ ਪ੍ਰੇਰਕ ਹਨ ਅਤੇ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਅਕਸਰ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਕੁਲਵਿੰਦਰ ਸਿੰਘ ਨਾਗਰਾ ਸਬਜ਼ੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਜੋ ਕਿਸਾਨ ਆਪਣੇ ਕਾਰਜ ਅਤੇ ਜ਼ਿੰਮੇਵਾਰੀਆਂ ਦੇ ਬੋਝ ਤੋਂ ਰਾਹਤ ਪ੍ਰਾਪਤ ਕਰਨ ਲਈ ਆਤਮ ਹੱਤਿਆ ਦੇ ਰਾਹ ਨੂੰ ਚੁਣਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਅਤੇ ਯੋਗਤਾ ਦਿੱਤੀ ਹੈ ਅਤੇ ਸਾਨੂੰ ਇਸ ਮੌਕੇ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।”

ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਨੇ ਸਥਾਈ ਖੇਤੀਬਾੜੀ ਅਭਿਆਸਾਂ ਨਾਲ ਖੇਤੀਬਾੜੀ ਨੂੰ ਅਸਲ ਵਿੱਚ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ

ਹਰ ਕੋਈ ਸੋਚਦਾ ਹੈ ਕਿ ਖੇਤੀ ਦਾ ਕੰਮ ਇੱਕ ਮੁਸ਼ਕਿਲ ਪੇਸ਼ਾ ਹੈ, ਜਿੱਥੇ ਕਿਸਾਨਾਂ ਨੂੰ ਤੇਜ਼ ਧੁੱਪ ਜਾਂ ਮੀਂਹ ਵਿੱਚ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੁਰਮੇਲ ਸਿੰਘ ਜੀ ਨੂੰ ਜੈਵਿਕ ਖੇਤੀ ਵਿੱਚ ਸ਼ਾਂਤੀ ਅਤੇ ਜੀਵਨ ਦੀ ਸੰਤੁਸ਼ਟੀ ਮਿਲਦੀ ਹੈ।

68 ਸਾਲਾਂ ਦੇ ਗੁਰਮੇਲ ਸਿੰਘ ਜੀ ਨੇ ਸੰਨ 2000 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਪਰ ਜੈਵਿਕ ਖੇਤੀ ਤੋਂ ਪਹਿਲਾਂ, ਉਨ੍ਹਾਂ ਨੇ ਮੋਟਰ ਮਕੈਨਿਕ, ਇਲੈਕਟ੍ਰੀਸ਼ਨ ਵਰਗੇ ਕਈ ਪੇਸ਼ਿਆਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਬਰੀਕੇਸ਼ਨ ਅਤੇ ਵੈਲਡਿੰਗ ਦਾ ਕੰਮ ਵੀ ਸਿੱਖਿਆ, ਪਰ ਉਨ੍ਹਾਂ ਨੂੰ ਕੋਈ ਵੀ ਨੌਕਰੀ ਢੁੱਕਵੀਂ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਤਾਂ ਸੰਤੁਸ਼ਟੀ ਮਿਲਦੀ ਅਤੇ ਨਾ ਹੀ ਖੁਸ਼ੀ।

ਸੰਨ 2000 ਵਿੱਚ ਜਦੋਂ ਉਨ੍ਹਾਂ ਦੀ ਜੱਦੀ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਵਿੱਚ ਵੰਡੀ ਜਾ ਰਹੀ ਸੀ, ਉਦੋਂ ਉਨ੍ਹਾਂ ਨੂੰ ਵੀ 6 ਏਕੜ ਜ਼ਮੀਨ ਇੱਕ ਤਿਹਾਈ ਹਿੱਸਾ ਮਿਲਿਆ। ਖੇਤੀ ਕਰਨ ਬਾਰੇ ਸੋਚ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਇਲੈਕਟ੍ਰੀਸ਼ਨ ਦੀ ਨੌਕਰੀ ਛੱਡ ਦਿੱਤੀ ਅਤੇ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਕਰਨੀ ਸ਼ੁਰੂ ਕੀਤੀ। ਗੁਰਮੇਲ ਸਿੰਘ ਜੀ ਨੇ ਆਪਣੇ ਖੇਤਰ ਵਿੱਚ ਪੂਰੇ ਸਮਰਪਣ ਨਾਲ ਹਰ ਉਹ ਚੀਜ਼ ਕੀਤੀ ਜਿਸ ਨੂੰ ਕਰਨ ਵਿੱਚ ਸਮਰੱਥ ਸਨ, ਪਰ ਪੈਦਾਵਾਰ ਖੁਸ਼ੀ ਲਿਆਉਣ ਵਾਲੀ ਨਹੀਂ ਸੀ। ਸਾਲ 2007 ਤੱਕ ਰਵਾਇਤੀ ਖੇਤੀ (ਰਸਾਇਣਕ) ਨਿਵੇਸ਼ ਪੂਰਾ ਕਰਦੇ ਉਹ ਕਰਜ਼ੇ ਵਿੱਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਲਈ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਅਖ਼ੀਰ ਵਿੱਚ ਉਹ ਖੇਤੀ ਧੰਦੇ ਤੋਂ ਨਿਰਾਸ਼ ਹੋ ਗਏ।

ਪਰ 2007 ਵਿੱਚ ਅੰਮ੍ਰਿਤ ਸੰਚਾਰ (ਅੰਮ੍ਰਿਤ ਛਕਣ) ਤੋਂ ਬਾਅਦ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ ਜਿਸ ਦੇ ਕਾਰਨ ਉਨ੍ਹਾਂ ਦੀ ਖੇਤੀ ਦੀ ਧਾਰਨਾ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਨੇ 1 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਹੌਲੀ-ਹੌਲੀ ਪੂਰੇ ਖੇਤਰ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ। ਗੁਰਮੇਲ ਸਿੰਘ ਦੇ ਜੈਵਿਕ ਖੇਤੀ ਦੇ ਇਰਾਦੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਇਕੱਲੇ ਰਹਿਣਾ ਪਿਆ।

ਅਜਿਹੀ ਜ਼ਮੀਨ ‘ਤੇ ਜੈਵਿਕ ਖੇਤੀ ਕਰਨਾ ਜਿੱਥੇ ਪਹਿਲਾਂ ਤੋਂ ਰਸਾਇਣਕ ਖੇਤੀ ਕੀਤੀ ਜਾਂਦੀ ਹੋਵੇ, ਇਹ ਬਹੁਤ ਮੁਸ਼ਕਿਲ ਕੰਮ ਸੀ। ਨਤੀਜੇ ਵਜੋਂ, ਪੈਦਾਵਾਰ ਘੱਟ ਹੋ ਗਈ, ਪਰ ਜੈਵਿਕ ਖੇਤੀ ਲਈ ਗੁਰਮੇਲ ਸਿੰਘ ਦੇ ਇਰਾਦੇ ਵੱਡੇ ਪਹਾੜ ਦੀ ਤਰ੍ਹਾਂ ਮਜ਼ਬੂਤ ਸਨ। ਸ਼ੁਰੂਆਤ ਵਿੱਚ ਸੁਭਾਸ਼ ਪਾਲੇਕਰ ਦੀ ਵੀਡਿਓ ਦੇਖਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਸ ਤੋਂ ਬਾਅਦ 2009 ਵਿੱਚ ਉਹ ਖੇਤੀ ਵਿਰਾਸਤ ਮਿਸ਼ਨ, ਨਾਭਾ ਫਾਊਂਡੇਸ਼ਨ ਅਤੇ ਐਨ.ਆਈ.ਟੀ.ਟੀ.ਟੀ.ਆਰ. ਵਰਗੇ ਬਹੁਤ ਸਾਰੇ ਸੰਗਠਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਗੁਰਮੇਲ ਸਿੰਘ ਜੀ ਨੂੰ ਢੁੱਕਵੇਂ ਨਤੀਜੇ ਅਤੇ ਮੰਡੀਕਰਨ ਬਾਰੇ ਸਿੱਖਿਅਤ ਕੀਤਾ। ਗੁਰਮੇਲ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕਈ ਸਮਾਗਮਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਜੈਵਿਕ ਖੇਤੀ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਹੋਈ। ਹੌਲੀ-ਹੌਲੀ ਸਮੇਂ ਨਾਲ ਪੈਦਾਵਾਰ ਵੀ ਵਧੀਆ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਨੂੰ ਵਧੀਆ ਪਲੇਟਫਾਰਮ ‘ਤੇ ਵੇਚਣ ਦਾ ਵੀ ਮੌਕਾ ਮਿਲਿਆ। ਸਾਲ 2014 ਵਿੱਚ ਐਨ.ਆਈ.ਟੀ.ਟੀ.ਆਰ. ਦੀ ਮਦਦ ਨਾਲ, ਗੁਰਮੇਲ ਸਿੰਘ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਆਪਣਾ ਸਟਾਲ ਮਿਲਿਆ, ਜਿੱਥੇ ਉਹ ਹਰ ਸ਼ਨੀਵਾਰ ਨੂੰ ਆਪਣੇ ਉਤਪਾਦਨ ਵੇਚ ਸਕਦੇ ਹਨ। 2015 ਵਿੱਚ, ਮਾਰਕਫੈੱਡ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਆਪਣਾ ਉਤਪਾਦਨ ਵੇਚਣ ਦਾ ਇੱਕ ਹੋਰ ਮੌਕਾ ਮਿਲਿਆ।

“ਸਮੇਂ ਦੇ ਨਾਲ, ਮੈਂ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਹ ਮੇਰੇ ਖੇਤੀ ਕਰਨ ਦੇ ਢੰਗ ਨਾਲ ਖੁਸ਼ ਸਨ। 2010 ਵਿੱਚ, ਮੇਰਾ ਪੁੱਤਰ ਵੀ ਮੇਰੇ ਖੇਤੀ ਉੱਦਮ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦਿਨ ਤੋਂ ਉਹ ਮੇਰੇ ਖੇਤੀ ਜੀਵਨ ਦੇ ਹਰ ਕਦਮ ‘ਤੇ ਮੇਰੇ ਨਾਲ ਹੈ।”

ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਉਗਾਈਆਂ ਫ਼ਸਲਾਂ ਵੇਚਦੇ ਹਨ, ਜਿਨ੍ਹਾਂ ਵਿੱਚ ਮਟਰ, ਗੰਨਾ, ਬਾਜਰਾ, ਜਵਾਰ, ਸਰ੍ਹੋਂ, ਆਲੂ, ਹਰੀ ਮੂੰਗੀ, ਅਰਹਰ, ਮੱਕੀ, ਲਸਣ, ਪਿਆਜ਼, ਧਨੀਆ ਅਤੇ ਹੋਰ ਬਹੁਤ ਫ਼ਸਲਾਂ ਸ਼ਾਮਲ ਹਨ। ਖੇਤੀਬਾੜੀ ਤੋਂ ਇਲਾਵਾ, ਗੁਰਮੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮਹੀਨੇ ਦੀ ਬੇਕਰੀ ਟ੍ਰੇਨਿੰਗ ਲੈਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗੁਰਮੇਲ ਸਿੰਘ ਨਾ ਸਿਰਫ਼ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹਨ ਬਲਕਿ ਨਾਭਾ ਫਾਊਂਡੇਸ਼ਨ ਦੇ ਹੋਰ ਗਰੁੱਪ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਪੈਦਾਵਾਰ ਦੀ ਪ੍ਰੋਸੈੱਸਿੰਗ ਕਰਨ ਵਿੱਚ ਵੀ ਮਦਦ ਕਰਦੇ ਹਨ। ਆਟਾ, ਮਲਟੀਗ੍ਰੇਨ ਆਟਾ, ਪਿੰਨੀਆਂ(ਭਾਰਤੀ ਮਿਠਾਈ), ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਨ੍ਹਾਂ ਦੇ ਕੁੱਝ ਉਤਪਾਦਿਤ ਪਦਾਰਥ ਹਨ ਜੋ ਉਹ ਸਬਜ਼ੀਆਂ ਦੇ ਨਾਲ ਵੇਚਦੇ ਹਨ।

ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ, ਤਾਂ ਅਧਿਕਾਰੀਆਂ ਅਤੇ ਸੰਗਠਨ ਦੇ ਮੈਂਬਰਾਂ ਵਿੱਚ ਦ੍ਰਿੜ ਸੰਕਲਪ, ਮਿਹਨਤ ਅਤੇ ਪ੍ਰਸਿੱਧ ਸ਼ਖਸੀਅਤ ਦੇ ਕਾਰਨ ਗੁਰਮੇਲ ਸਿੰਘ ਲਈ ਹਮੇਸ਼ਾ ਆਸਾਨ ਗੱਲ ਰਹੀ। ਵਰਤਮਾਨ ਵਿੱਚ, ਉਹ ਆਪਣੇ ਪਰਿਵਾਰ ਨਾਲ ਨਾਭਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਹਨ, ਜਿੱਥੇ 4-5 ਕਰਮਚਾਰੀਆਂ ਦੀ ਮਦਦ ਨਾਲ ਉਹ ਫਾਰਮ ‘ਤੇ ਸਾਰੇ ਮਜ਼ਦੂਰਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਹਨ ਅਤੇ ਪ੍ਰੋਸੈੱਸਿੰਗ ਲਈ ਉੱਥੇ ਜ਼ਰੂਰਤ ਅਨੁਸਾਰ 1-2 ਕਰਮਚਾਰੀਆਂ ਨੂੰ ਨਿਯੁਕਤ ਕਰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਗੁਰਮੇਲ ਸਿੰਘ ਇੱਕ ਨਵਾਂ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਸਾਰੇ ਮੈਂਬਰ ਜੈਵਿਕ ਖੇਤੀ, ਪ੍ਰੋਸੈੱਸਿੰਗ ਅਤੇ ਮਾਰਕਟਿੰਗ ਕਰਨਗੇ।
ਸੰਦੇਸ਼
“ਕਿਸਾਨਾਂ ਨੂੰ ਸਮਝਣਾ ਹੋਵੇਗਾ ਕਿ ਕਿਸੇ ਚੀਜ ਦੀ ਗੁਣਵੱਤਾ, ਉਸ ਦੀ ਮਾਤਰਾ ਤੋਂ ਜ਼ਿਆਦਾ ਅਰਥ ਰੱਖਦੀ ਹੈ ਅਤੇ ਜਿਸ ਦਿਨ ਉਹ ਇਸ ਗੱਲ ਨੂੰ ਸਮਝਣਗੇ, ਉਸ ਦਿਨ ਉਪਜ, ਮੰਡੀਕਰਨ ਅਤੇ ਹੋਰ ਮੁੱਦੇ ਵੀ ਹੱਲ ਹੋ ਜਾਣਗੇ। ਅੱਜ ਕਿਸਾਨਾਂ ਨੂੰ ਬਿਨਾਂ ਕਿਸੇ ਮਤਲਬ ਦੇ ਰਵਾਇਤੀ ਫ਼ਸਲਾਂ ਉਗਾਉਣ ਦੀ ਬਜਾਏ ਮੰਡੀ ਦੀ ਮੰਗ ਅਤੇ ਸਪਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।”

ਸ਼ੁਰੂਆਤ ਵਿੱਚ, ਗੁਰਮੇਲ ਸਿੰਘ ਜੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਲੋਕ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਕਰਕੇ ਪਾਗਲ ਕਹਿੰਦੇ ਸਨ, ਪਰ ਕੁੱਝ ਵੱਖਰਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਵਾਈ। ਉਹ ਉਨ੍ਹਾਂ ਸਾਦੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਪੁਰਸਕਾਰ ਜਾਂ ਪ੍ਰਸ਼ੰਸਾ ਕਦੇ ਵੀ ਮਹੱਤਵ ਨਹੀਂ ਰੱਖਦੀ, ਉਨ੍ਹਾਂ ਲਈ ਉਨ੍ਹਾਂ ਦੇ ਕੰਮ ਦਾ ਪਰਿਣਾਮ ਹੀ ਪੁਰਸਕਾਰ ਹੈ।

ਗੁਰਮੇਲ ਸਿੰਘ ਖੁਸ਼ ਹਨ ਕਿ ਉਹ ਆਪਣੇ ਜੀਵਨ ਦੀ ਭੂਮਿਕਾ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਇਸੇ ਤਰ੍ਹਾਂ ਹੀ ਕਰਨ।

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਖੁਸ਼ਦੀਪ ਸਿੰਘ ਬੈਂਸ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ 26 ਸਾਲਾ ਨੌਜਵਾਨ ਲੜਕੇ ਨੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਕੀਤੀ

ਭਾਰਤ ਕੋਲ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਖੇਤੀਬਾੜੀ ਵਾਲੀ ਜ਼ਮੀਨ ਹੈ ਅਤੇ ਭਾਰਤੀ ਅਰਥ ਵਿਵਸਥਾ ਉੱਤੇ ਇਸਦਾ ਪ੍ਰਭਾਵ ਬਹੁਤ ਵੱਡਾ ਹੈ, ਪਰ ਅੱਜ ਵੀ ਜੇ ਅਸੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਦੇ ਹਾਂ, ਤਾਂ ਬਹੁਤ ਘੱਟ ਨੌਜਵਾਨ ਹੋਣਗੇ ਜੋ ਖੇਤੀ ਜਾਂ ਖੇਤੀਬਾੜੀ ਕਾਰੋਬਾਰ ਦਾ ਨਾਮ ਲੈਂਦੇ ਹਨ।

ਹਰਨਾਮਪੁਰਾ, ਲੁਧਿਆਣਾ ਦੇ 26 ਸਾਲ ਦੇ ਨੌਜਵਾਨ, ਖੁਸ਼ਦੀਪ ਸਿੰਘ ਬੈਂਸ, ਜਿਸਨੇ ਦੋ ਵੱਖ ਵੱਖ ਕੰਪਨੀਆਂ ਚ ਕੰਮ ਕਰਨ ਤੋਂ ਬਾਅਦ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਉਹ 28 ਏਕੜ ਜ਼ਮੀਨ ਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।

ਪਰ ਕਿਉਂ, ਉਸ ਨੇ ਆਪਣੀ ਚੰਗੀ ਕਮਾਈ ਵਾਲੀ ਅਤੇ ਅਰਾਮਦਾਇਕ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ? ਇਹ ਖੇਤੀਬਾੜੀ ਵੱਲ ਖੁਸ਼ਦੀਪ ਦਾ ਰੁਝਾਨ ਹੀ ਸੀ।

ਖੁਸ਼ਦੀਪ ਸਿੰਘ ਬੈਂਸ ਉਸ ਪਰਿਵਾਰਿਕ ਪਿਛੋਕੜ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮੁੱਖ ਤੌਰ ਤੇ ਰੀਅਲ ਐਸਟੇਟ ਏਜੰਟ ਵਜੋਂ ਕੰਮ ਕਰਦੇ ਸਨ ਅਤੇ ਘਰ ਲਈ ਛੋਟੇ ਪੱਧਰ ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ।ਖੁਸ਼ਦੀਪ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇਕ ਆਰਾਮਦਾਇਕ ਨੌਕਰੀ ਕਰੇ, ਜਿੱਥੇ ਉਹਨੂੰ ਕੰਮ ਸਿਰਫ਼ ਕੁਰਸੀ ਤੇ ਬੈਠ ਕੇ ਕਰਨਾ ਪਵੇ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਧੁੱਪ ਅਤੇ ਮਿੱਟੀ ਵਿਚ ਕੰਮ ਕਰੇਗਾ। ਪਰ ਜਦੋਂ ਖੁਸ਼ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਪਿਤਾ ਇਸ ਫੈਸਲੇ ਦੇ ਬਿਲਕੁਲ ਖਿਲਾਫ਼ ਸੀ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ, ਖੇਤੀ ਇੱਕ ਅਜਿਹਾ ਕਾਰੋਬਾਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਅਜਿਹਾ ਕੰਮ ਨਹੀਂ ਹੈ ਜੋ ਪੜ੍ਹੇ ਲਿਖੇ ਲੋਕਾਂ ਦੁਆਰਾ ਕਰਨਾ ਚਾਹੀਦਾ ਹੈ।

ਇਹ ਕਿਵੇਂ ਸ਼ੁਰੂ ਹੋਇਆ…

ਜਦੋਂ ਖੁਸ਼ਦੀਪ ਈਸਟਮੈਂਨ ਵਿੱਚ ਕੰਮ ਕਰਦੇ ਸਨ ਤੇ ਉੱਥੇ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਹੀ ਉਹ ਸਮਾਂ ਸੀ ਜਦ ਖੁਸ਼ਦੀਪ ਖੇਤੀ ਵੱਲ ਆਕ੍ਰਸ਼ਿਤ ਹੋਏ। 1 ਸਾਲ ਅਤੇ 8 ਮਹੀਨਿਆਂ ਲਈ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਯੂ.ਪੀ.ਐਲ. ਪੈਸਟੀਸਾਈਡਜ਼ (UPL Pesticides) ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ। ਇਸ ਲਈ ਈਸਟਮੈਨ ਅਤੇ ਯੂ.ਪੀ.ਐਲ. ਪੈਸਟੀਸਾਇਡਜ਼ ਕੰਪਨੀ ਵਿਚ ਦੋ ਸਾਲ ਕੰਮ ਕਰਨ ਤੋਂ ਬਾਅਦ ਖੁਸ਼ਦੀਪ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਅਤੇ ਆਪਣੀ ਕਲਪਨਾ ਨਾਲੋਂ ਵੱਧ ਫ਼ਸਲਾਂ ਦਾ ਝਾੜ ਲਿਆ। ਹੌਲੀ-ਹੌਲੀ ਉਹਨਾਂ ਨੇ ਆਪਣੇ ਖੇਤੀ ਦੇ ਖੇਤਰ ਨੂੰ ਵਧਾ ਦਿੱਤਾ ਅਤੇ ਹੋਰ ਕਿਸਮਾਂ ਦੀਆਂ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ, ਚਾਹੇ ਮੌਸਮੀ ਹੋਣ ਜਾਂ ਬੇ-ਮੌਸਮੀ।ਉਹਨਾਂ ਨੇ ਮਟਰ ਅਤੇ ਮੱਕੀ ਦੀ ਫ਼ਸਲ ਲਈ Pagro Foods Ltd. ਨਾਲ ਕੰਟ੍ਰੈਕਟ ਸਾਈਨ ਕੀਤਾ ਅਤੇ ਕਾਫੀ ਲਾਭ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ 2016 ਵਿੱਚ ਉਹਨਾਂ ਨੇ ਝੋਨਾ, ਫਲੀਆਂ, ਆਲੂ. ਪਿਆਜ਼, ਲੱਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗ ਦੀਆਂ ਫਲੀਆਂ ਅਤੇ ਬਾਸਮਤੀ ਨੂੰ ਵਾਰ-ਵਾਰ ਉਸ ਹੀ ਖੇਤ ਵਿੱਚ ਉਗਾਇਆ। ਖੇਤੀ ਦੇ ਨਾਲ, ਖੁਸ਼ਦੀਪ ਨੇ ਬੀਜ ਦੇ ਨਵੇਂ ਪੌਦੇ ਅਤੇ ਲਸਣ ਅਤੇ ਹੋਰ ਕਈ ਫ਼ਸਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਇਸ ਸਹਾਇਕ ਧੰਦੇ ਨਾਲ ਕਾਫੀ ਲਾਭ ਕਮਾਇਆ। ਪਿਛਲੇ ਤਿੰਨ ਸਾਲਾਂ ਤੋਂ, ਉਹ ਪੀ.ਏ.ਯੂ ਲੁਧਿਆਣਾ ਕਿਸਾਨ ਮੇਲੇ ਵਿੱਚ ਆਪਣੇ ਤਿਆਰ ਕੀਤੇ ਬੀਜਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲਦੀ ਹੈ।

ਅੱਜ, ਖੁਸ਼ਦੀਪ ਦੇ ਪਿਤਾ ਅਤੇ ਮਾਤਾ ਦੋਵਾਂ ਨੇ ਆਪਣੇ ਪੁੱਤਰ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ਖੁਸ਼ਦੀਪ ਆਪਣੇ ਕੰਮ ਤੋਂ ਖੁਸ਼ ਹੈ ਅਤੇ ਦੂਜੇ ਕਿਸਾਨਾਂ  ਨੂੰ ਇਸ ਵੱਲ ਮੋੜਦਾ ਹੈ। ਮੌਜੂਦਾ ਸਮੇਂ, ਉਹ ਸਬਜ਼ੀਆਂ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਆਪਣੀ ਨਰਸਰੀ ਅਤੇ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਮੰਡੀਕਰਨ ਲਈ ਕਿਸੇ ਦੂਜੇ ਇਨਸਾਨ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਇਕ ਹੋਰ ਗੱਲ ਜਿਸਦਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਉਹੀ ਕਰਨਾ ਚਾਹੀਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ।
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ, ਤਾ ਕਿ ਜੇਕਰ ਇਕ ਫ਼ਸਲ ਖਰਾਬ ਹੋ ਜਾਏ ਤਾਂ ਉਹਨਾਂ ਕੋਲ ਦੂਜੀ ਫ਼ਸਲ ਤਾਂ ਹੋਏ । ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”

 

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”