ਇੱਕ ਕਿਸਾਨ, ਜਿਸ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਆਪਣੇ ਤਜ਼ਰਬੇ ਨੂੰ ਆਪਣੀ ਤਾਕਤ ਬਣਾਇਆ ਅਤੇ ਅਗਾਂਹਵਧੂ ਕਿਸਾਨ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਏ
ਇਹ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਆਮ ਤੌਰ ‘ਤੇ ਜ਼ਿਆਦਾਤਰ ਕਿਸਾਨ ਆਪਣੀਆਂ ਘਰੇਲੂ, ਆਰਥਿਕ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਸਬਰ ਅਤੇ ਮਿਹਨਤ ਨਾਲ ਕਰਨ ਦੀ ਬਜਾਏ, ਹਾਰ ਮੰਨ ਲੈਂਦੇ ਹਨ। ਇੱਥੋਂ ਤੱਕ ਕਿ ਕੁੱਝ ਕਿਸਾਨ ਤਾਂ ਆਤਮ-ਹੱਤਿਆ ਵਰਗੇ ਰਸਤੇ ਵੀ ਅਪਨਾਉਂਦੇ ਹਨ। ਪਰ ਅੱਜ ਅਸੀਂ ਇੱਕ ਅਜਿਹੇ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸਨੇ ਨਾ-ਕੇਵਲ ਆਪਣੀਆਂ ਘਰੇਲੂ ਅਤੇ ਆਰਥਿਕ ਔਕੜਾਂ ਦਾ ਸਾਹਮਣਾ ਕੀਤਾ, ਸਗੋਂ ਆਪਣੀ ਮਿਹਨਤ ਨਾਲ ਬਾਗਬਾਨੀ ਦੀ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਉੱਚ-ਪੱਧਰ ਦੇ ਸਨਮਾਨ ਵੀ ਹਾਸਿਲ ਕੀਤੇ ਅਤੇ ਉਸ ਕਿਸਾਨ ਦਾ ਨਾਮ ਹੈ – ਗੁਰਰਾਜ ਸਿੰਘ ਵਿਰਕ, ਜੋ ਲਗਭਗ ਪਿਛਲੇ 30 ਸਾਲਾਂ ਤੋਂ ਕਿੰਨੂ ਦੀ ਖੇਤੀ ਕਰ ਰਹੇ ਹਨ।
ਗੁਰਰਾਜ ਸਿੰਘ ਜੀ ਦਾ ਜਨਮ 01 ਅਕਤੂਬਰ 1954 ਨੂੰ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ ਅਤੇ ਉਹ ਮੁਹੱਲਾ ਸੁਰਗਾਪੁਰੀ, ਕੋਟਕਪੂਰਾ(ਜ਼ਿਲ੍ਹਾ ਫਰੀਦਕੋਟ) ਦੇ ਨਿਵਾਸੀ ਹਨ। ਭਾਵੇਂ ਉਹ ਖੁਦ ਬਾਰ੍ਹਵੀਂ ਤੱਕ ਹੀ ਪੜ੍ਹੇ ਸਨ, ਪਰ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਆਤਮ-ਵਿਸ਼ਵਾਸ ਸਦਕਾ ਨਾ-ਕੇਵਲ ਬਾਗਬਾਨੀ ਦੇ ਖੇਤਰ ਵਿੱਚ ਇੱਕ ਸਫ਼ਲ ਮੁਕਾਮ ਹਾਸਿਲ ਕੀਤਾ, ਸਗੋਂ ਆਪਣੇ ਕੰਮ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਦੇਸੀ ਤਰੀਕੇ ਨਾਲ ਕਈ ਮਸ਼ੀਨਾਂ ਦੀਆਂ ਕਾਢਾਂ ਵੀ ਕੀਤੀਆਂ। ਪਰ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ।
ਜੀਵਨ ਦਾ ਮੁੱਢਲਾ ਸੰਘਰਸ਼
ਸ਼ੁਰੂਆਤੀ ਸਮੇਂ ਵਿੱਚ ਉਹ ਨਰਮੇ ਦੀ ਖੇਤੀ ਕਰਦੇ ਸਨ, ਇਸ ਫ਼ਸਲ ‘ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੋਣ ਕਾਰਨ 1990 ਵਿੱਚ ਉਨ੍ਹਾਂ ਨੂੰ ਇਸਦੀ ਖੇਤੀ ਬੰਦ ਕਰਨੀ ਪਈ, ਕਿਉਂਕਿ ਆੜ੍ਹਤੀਆਂ ਅਤੇ ਬੈਂਕਾਂ ਦਾ ਕਰਜ਼ਾ ਦਿਨੋ-ਦਿਨ ਵੱਧਦਾ ਜਾ ਰਿਹਾ ਸੀ। ਫਿਰ ਉਨ੍ਹਾਂ ਨੇ ਗੰਨੇ ਦੀ ਖੇਤੀ ਸ਼ੁਰੂ ਕੀਤੀ, ਪਰ ਕੁੱਝ ਸਮੇਂ ਬਾਅਦ ਫਰੀਦਕੋਟ ਗੰਨਾ ਮਿਲ ਬੰਦ ਹੋਣ ਕਾਰਨ ਇਸ ਵਿੱਚ ਵੀ ਮੁਨਾਫਾ ਨਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਝੋਨੇ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਸ ਵਿੱਚ ਵੀ ਜ਼ਿਆਦਾ ਫਾਇਦਾ ਨਹੀਂ ਸੀ, ਕਿਉਂਕਿ ਧਰਤੀ ਹੇਠਲਾ ਪਾਣੀ ਸਿੰਚਾਈ-ਯੋਗ ਨਹੀਂ ਸੀ।
ਜ਼ਿੰਦਗੀ ਵਿੱਚਲਾ ਅਹਿਮ ਮੋੜ
ਆਖਿਰ ਉਨ੍ਹਾਂ ਨੇ 1983 ਵਿੱਚ ਬਾਗਬਾਨੀ ਵਿਭਾਗ, ਫਰੀਦਕੋਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਿਖਲਾਈ ਹਾਸਿਲ ਕੀਤੀ ਅਤੇ ਕਿੰਨੂ ਦਾ ਬਾਗ ਲਾਇਆ। ਬਾਗ ਲਾਏ ਨੂੰ ਅਜੇ ਦੋ ਸਾਲ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਦੇ ਪਿਤਾ (ਸ. ਸਵਰਨ ਸਿੰਘ) ਚਲਾਣਾ ਕਰ ਗਏ, ਜਿਸ ਨਾਲ ਪੂਰੇ ਪਰਿਵਾਰ ਦੇ ਹੌਂਸਲੇ ਨੂੰ ਬੜੀ ਡੂੰਘੀ ਸੱਟ ਵੱਜੀ। ਹਾਲਾਂਕਿ ਇਸ ਵਿੱਚ ਕਾਫੀ ਸਮਾਂ ਲੱਗਾ, ਪਰ ਉਨ੍ਹਾਂ ਨੇ ਸਬਰ, ਮਿਹਨਤ ਅਤੇ ਵਿਸ਼ਵਾਸ ਨਾਲ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਂਦਾ। ਅਜੇ ਪਰਿਵਾਰ ਪਿਛਲੇ ਦੁੱਖਾਂ ਨੂੰ ਵੀ ਭੁੱਲ ਨਹੀਂ ਸੀ ਸਕਿਆ 1999 ਵਿੱਚ ਉਨ੍ਹਾਂ ਦੀ ਮਾਤਾ (ਮੋਹਿੰਦਰ ਕੌਰ) ਜੀ ਵੀ ਸਵਰਗ ਸਿਧਾਰ ਗਏ ਅਤੇ ਪਰਿਵਾਰ ਇੱਕ ਵਾਰ ਫਿਰ ਸਦਮੇ ਵਿੱਚ ਚਲਾ ਗਿਆ। ਪਰ ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਅਤੇ ਕੰਮ ਨੂੰ ਜਾਰੀ ਰੱਖਿਆ।
ਮਿਹਨਤ ਦਾ ਫਲ
ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਕਿੰਨੂ ਦੇ ਬਾਗ ਨੇ ਫਲ ਦੇਣੇ ਸ਼ੁਰੂ ਕੀਤੇ, ਤਾਂ ਚੰਗੇ ਦਿਨ ਵਾਪਸ ਆਉਣ ਲੱਗੇ। ਇਸ ਮੁਨਾਫੇ ਤੋਂ ਪ੍ਰਾਪਤ ਹੋਏ ਪੈਸਿਆਂ ਨੂੰ ਉਨ੍ਹਾਂ ਵਿਅਰਥ ਨਹੀਂ ਖਰਚਿਆ, ਸਗੋਂ ਬੜੀ ਸੂਝ-ਬੂਝ ਨਾਲ ਬਾਗ ਦਾ ਖੇਤਰ ਵਧਾਇਆ ਅਤੇ ਡੂੰਘਾ ਟਿਊਬਵੈੱਲ ਵੀ ਲਗਵਾਇਆ। ਹੁਣ ਪਾਣੀ ਸਿੰਚਾਈ-ਯੋਗ ਹੋਣ ਕਰਕੇ ਝੋਨੇ ਵਿੱਚ ਵੀ ਮੁਨਾਫ਼ਾ ਹੋਣ ਲੱਗਾ। ਉਨ੍ਹਾਂ 2.5 ਏਕੜ ਵਿੱਚ ਅੰਗੂਰਾਂ ਦਾ ਬਾਗ ਵੀ ਲਾਇਆ, ਜੋ ਲਗਭੱਗ ਇੱਕ ਲੱਖ ਪ੍ਰਤੀ ਏਕੜ ਦੀ ਆਮਦਨ ਦਿੰਦਾ ਸੀ।
ਪਰ ਸਫ਼ਲਤਾ ਦਾ ਰਸਤਾ ਇੰਨਾ ਵੀ ਅਸਾਨ ਨਹੀਂ ਹੁੰਦਾ ਅਤੇ ਬਾਗ ਲਾਉਣ ਤੋਂ 15 ਸਾਲ ਬਾਅਦ ਸਿਉਂਕ ਦੇ ਗੰਭੀਰ ਹਮਲੇ ਕਾਰਨ ਪੂਰਾ ਬਾਗ ਪੁੱਟਣਾ ਪਿਆ। ਪਰ ਫਿਰ ਵੀ ਉਨ੍ਹਾਂ ਹਾਰ ਨਾ ਮੰਨੀ ਅਤੇ ਕਿੰਨੂ ਦੇ ਨਾਲ-ਨਾਲ ਕਣਕ ਝੋਨੇ ਦੀ ਖੇਤੀ ਨੂੰ ਅੱਗੇ ਵਧਾਇਆ।
ਖੇਤੀ ਦੇ ਆਧੁਨਿਕ ਢੰਗ
ਸ. ਵਿਰਕ ਜੀ ਮੌਜੂਦਾ ਸਮੇਂ ਦੀਆਂ ਆਧੁਨਿਕ ਤਕਨੀਕਾਂ ਨਾਲ ਅੱਪਡੇਟ ਰਹਿੰਦੇ ਹਨ ਅਤੇ ਲੋੜੀਂਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਵੀ ਕਰਦੇ ਹਨ। ਅੱਜ ਉਨ੍ਹਾਂ ਕੋਲ ਕੁੱਲ 41 ਏਕੜ ਜ਼ਮੀਨ ਹੈ, ਜਿਸ ਵਿੱਚੋਂ ਉਹ 21 ਏਕੜ ਵਿੱਚ ਕਿੰਨੂ ਅਤੇ 20 ਏਕੜ ਵਿੱਚ ਕਣਕ-ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਦੇ ਬਾਗ ਵਿੱਚ ਕਿੰਨੂ ਦੇ ਪੌਦਿਆਂ ਤੋਂ ਇਲਾਵਾ ਵਿੱਚ ਕਿਤੇ-ਕਿਤੇ ਕੁੱਝ ਪੌਦੇ ਨਿੰਬੂ, ਗਰੇਪ ਫਰੂਟ, ਮੌਸੰਮੀ, ਮਾਲਟਾ ਰੈਡ, ਮਾਲਟਾ ਜਾਫਾ, ਨਾਗਪੁਰੀ ਸੰਗਤਰਾ, ਨਰੰਗੀ, ਆਲੂ ਬੁਖਾਰਾ, ਅਨਾਰ, ਅੰਗੂਰ, ਅਮਰੂਦ, ਆਂਵਲਾ, ਜਾਮਨ, ਫਾਲਸਾ, ਚੀਕੂ ਆਦਿ ਦੇ ਵੀ ਲੱਗੇ ਹਨ। ਉਹ ਪਾਣੀ ਦੀ ਬੱਚਤ ਲਈ ਬਾਗ ਵਿੱਚ ਤੁਪਕਾ ਸਿੰਚਾਈ ਅਤੇ ਗਰਮੀਆਂ ਵਿੱਚ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਲਈ ਮਲਚਿੰਗ ਤਕਨੀਕ ਦੀ ਵਰਤੋਂ ਕਰਦੇ ਹਨ। ਉਹ ਕੁਦਰਤੀ ਸ੍ਰੋਤਾਂ ਦੀ ਸਾਂਭ-ਸੰਭਾਲ ਵਿੱਚ ਪੂਰੀ ਤਰ੍ਹਾਂ ਨਿਪੁੰਨ ਹਨ। ਜ਼ਿਆਦਾਤਰ ਕਿੰਨੂ ਦੇ ਨਵੇਂ ਪੌਦਿਆਂ ਵਾਲੀ ਮਿੱਟੀ ਦੇ ਉਪਜਾਊਪਨ ਨੂੰ ਠੀਕ ਰੱਖਣ ਲਈ ਉਹ ਹਮੇਸ਼ਾ ਹਰੀ ਖਾਦ ਦੇ ਪੱਖ ਵਿੱਚ ਬੋਲਦੇ ਹਨ। ਉਹ ਰਿਵਾਇਤੀ ਢੰਗ ਦੇ ਨਾਲ-ਨਾਲ ਜ਼ਿਆਦਾ ਘਣਤਾ ਵਾਲੇ ਤਰੀਕੇ ਨਾਲ ਵੀ ਕਿੰਨੂ ਦੀ ਖੇਤੀ ਕਰਦੇ ਹਨ।
ਕਾਢਾਂ ਅਤੇ ਰਚਨਾਵਾਂ
ਆਪਣੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਕਾਢਾਂ ਵੀ ਕੀਤੀਆਂ। ਉਨ੍ਹਾਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਆਂ, ਜੋ ਜ਼ਿਆਦਾ ਉੱਚ-ਪੱਧਰ ਦੀਆਂ ਜਾਂ ਮਹਿੰਗੀਆਂ ਨਹੀਂ, ਸਗੋਂ ਸਧਾਰਨ ਅਤੇ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹ ਮਸ਼ੀਨਾਂ ਪੈਸਾ ਅਤੇ ਸਮਾਂ ਦੋਨਾਂ ਨੂੰ ਬਚਾਉਂਦੀਆਂ ਹਨ। ਉਨ੍ਹਾਂ ਨੇ ਇੱਕ ਦੇਸੀ ਸਪਰੇਅ ਪੰਪ ਅਤੇ ਰੁੱਖ ਦੀ ਕਟਾਈ-ਛਟਾਈ ਵਾਲਾ ਯੰਤਰ ਤਿਆਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਕਿੰਨੂ ਦੀ ਸਫ਼ਾਈ ਅਤੇ ਗ੍ਰੇਡਿੰਗ ਵਾਲੀ ਮਸ਼ੀਨ ਵੀ ਤਿਆਰ ਕੀਤੀ, ਜੋ ਇੱਕ ਘੰਟੇ ਵਿੱਚ 2 ਟਨ ਤੱਕ ਕਿੰਨੂ ਸਾਫ਼ ਕਰਦੀ ਹੈ। 2 ਟਨ ਫਲ ਸਾਫ਼ ਕਰਨ ਅਤੇ ਛਾਂਟਣ ਵਿੱਚ ਉਨ੍ਹਾਂ ਦਾ ਸਿਰਫ਼ 125 ਰੁਪਏ ਤੱਕ ਦਾ ਖਰਚਾ ਆਉਂਦਾ ਹੈ, ਜਦਕਿ ਹੱਥੀਂ ਇਸ ਕੰਮ ਨੂੰ ਕਰਨ ਵਿੱਚ 1000 ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਮਕੈਨੀਕਲ ਤਰੀਕੇ ਨਾਲ ਛਾਂਟੇ ਫਲਾਂ ਦਾ ਮਾਰਕੀਟ ਵਿੱਚ ਵੀ ਵਧੀਆ ਮੁੱਲ ਮਿਲਦਾ ਹੈ।
ਉੱਪਰ ਦੱਸੀਆਂ ਕਾਢਾਂ ਤੋਂ ਇਲਾਵਾ ਗੁਰਰਾਜ ਸਿੰਘ ਜੀ ਨੇ ਸਾਹਿਤ ਕਲਾ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿੰਨੂ ਦੀ ਖੇਤੀ ‘ਤੇ 7 ਮਸ਼ਹੂਰ ਲੇਖ ਅਤੇ ਇੱਕ ਕਿਤਾਬ ਵੀ ਲਿਖੀ।
ਪ੍ਰਾਪਤੀਆਂ
ਸ. ਗੁਰਰਾਜ ਸਿੰਘ ਜੀ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਫ਼ਲਤਾ ਲਈ ਬਹੁਤ ਸਾਰੇ ਸਮਾਰੋਹਾਂ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਕੁੱਝ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:
•ਉਨ੍ਹਾਂ ਦੇ ਕਿੰਨੂਆਂ ਨੂੰ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਬਹੁਤ ਸਾਰੇ ਇਨਾਮ ਮਿਲੇ ਹਨ। ਉਨ੍ਹਾਂ ਨੂੰ 2010-11 ਅਤੇ 2011-12 ਸਾਲ ਲਈ ਸਰਵੋਤਮ ਕਿੰਨੂ ਉਗਾਉਣ ਵਾਲੇ ਕਿਸਾਨ ਦੇ ਤੌਰ ‘ਤੇ ਰਾਸ਼ਟਰੀ ਬਾਗਬਾਨੀ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ।
•ਮਾਰਚ 2012 ਵਿੱਚ ਮਾਸਿਕ ਖੇਤੀਬਾੜੀ ਮੈਗਜ਼ੀਨ “ਐਡਵਾਈਜ਼ਰ” ਵੱਲੋਂ ਲਗਾਏ ਮੇਲੇ ਵਿੱਚ ਵੀ ਸਨਮਾਨਿਤ ਕੀਤਾ।
•ਗੁਰਰਾਜ ਸਿੰਘ ਜੀ ਨੇ ਉਚੇਰੀ ਕਮੇਟੀਆਂ ਜਿਵੇਂ ਕਿ ਪੀ.ਏ.ਯੂ. ਦੀ ਫਲ ਅਤੇ ਸਬਜ਼ੀਆਂ ਉਗਾਊ ਸਲਾਹਕਾਰ ਕਮੇਟੀ’ ਅਤੇ ‘ਮਾਲਵਾ ਫਲ ਅਤੇ ਸਬਜ਼ੀਆਂ ਉਗਾਊ ਕਮੇਟੀ’ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।
•ਬਹੁਤ ਸਾਰੇ ਵਿਭਾਗਾਂ ਵੱਲੋਂ ਕਿਸਾਨਾਂ ਨੂੰ ਵਿਰਕ ਜੀ ਦੇ ਖੇਤਾਂ ਵਿੱਚ ਸਫ਼ਲਤਾ ਦੇ ਢੰਗਾਂ ਦੀ ਜਾਣਕਾਰੀ ਦੇਣ ਲਈ ਲਿਜਾਇਆ ਜਾਂਦਾ ਹੈ।
•ਗੁਰਰਾਜ ਸਿੰਘ ਜੀ ਨੇ ਜ਼ਿਲ੍ਹੇ ਵਿੱਚ ਲਗਭੱਗ 150 ਏਕੜ ਵਿੱਚ ਕਿਸਾਨਾਂ ਦੀ ਕਿੰਨੂ ਦੀ ਖੇਤੀ ਵਿੱਚ ਮਦਦ ਕੀਤੀ।
ਉਹ ਕਿੰਨੂ ਉਤਪਾਦਨ ਵਿੱਚ ਸਫ਼ਲ ਹੋਣ ਅਤੇ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਲਈ ਕੇ.ਵੀ.ਕੇ. ਫਰੀਦਕੋਟ ਅਤੇ ਰਾਜ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਸਿਖਲਾਈਆਂ ਲਈ ਬਹੁਤ ਧੰਨਵਾਦੀ ਹਨ।
ਪਰਿਵਾਰਿਕ ਜੀਵਨ
ਸ. ਵਿਰਕ ਜੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਘੱਟ ਪੜ੍ਹਾਈ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ। ਅੱਜ ਇਹੀ ਸਭ ਕੁੱਝ ਉਨ੍ਹਾਂ ਦੇ ਬੱਚੇ ਵੀ ਕਰਕੇ ਦਿਖਾ ਰਹੇ ਹਨ ਅਤੇ ਉੱਚ-ਪੱਧਰ ਦੇ ਨੌਕਰੀ-ਪੇਸ਼ੇ ਵਾਲੇ ਹਨ। ਉਨ੍ਹਾਂ ਦੀ ਪਤਨੀ (ਜਗਮੀਤ ਕੌਰ) ਘਰੇਲੂ ਕੰਮ-ਕਾਜੀ ਔਰਤ ਹੈ। ਉਨ੍ਹਾਂ ਦੇ ਪੰਜਾਂ ਬੱਚਿਆਂ ਵਿੱਚੋਂ ਚਾਰ (ਇੱਕ ਪੁੱਤਰ ਕਨੇਡਾ ਵਿੱਚ ਇੰਜੀਨਿਅਰ, ਇੱਕ ਪੁੱਤਰ ਅਮਰੀਕਾ ਵਿੱਚ ਡਾਕਟਰ, ਇੱਕ ਧੀ ਕਨੇਡਾ ਅਤੇ ਦੂਜੀ ਧੀ ਪੰਜਾਬ ਵਿੱਚ ਡਾਕਟਰ ਹੈ ਅਤੇ ਇੱਕ ਧੀ ਕਨੇਡਾ ਵਿੱਚ ਨਰਸ ਹੈ। ਉਨ੍ਹਾਂ ਦੇ ਸਾਰੇ ਬੱਚੇ ਆਪਣੇ ਪਰਿਵਾਰਾਂ ਨਾਲ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ। ਗੁਰਰਾਜ ਸਿੰਘ ਜੀ ਅਕਸਰ ਆਪਣੇ ਬੱਚਿਆਂ ਨੂੰ ਮਿਲਣ ਕਨੇਡਾ ਅਤੇ ਅਮਰੀਕਾ ਜਾਂਦੇ ਰਹਿੰਦੇ ਹਨ।
ਹੋਰਨਾਂ ਕਿਸਾਨਾਂ ਲਈ ਸੰਦੇਸ਼-
“ਕਿਸਾਨਾਂ ਨੂੰ ਛੋਟੇ-ਮੋਟੇ ਨੁਕਸਾਨਾਂ ਅਤੇ ਖੇਤੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਕਾਰਨ ਆਪਣਾ ਆਤਮ-ਵਿਸ਼ਵਾਸ ਨਹੀਂ ਟੁੱਟਣ ਦੇਣਾ ਚਾਹੀਦਾ ਅਤੇ ਹਾਰ ਨਹੀਂ ਮੰਨਣੀ ਚਾਹੀਦੀ। ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਅਲੱਗ ਵੀ ਸੋਚਣਾ ਚਾਹੀਦਾ ਹੈ। ਖੇਤੀਬਾੜੀ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਨ੍ਹਾਂ ਵਿੱਚ ਘੱਟ ਨਿਵੇਸ਼ ਨਾਲ ਵੀ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਬਾਗਬਾਨੀ ਵੀ ਇੱਜ ਅਜਿਹਾ ਖੇਤਰ ਹੈ, ਜਿਸ ਵਿੱਚ ਕਿਸਾਨ ਅਸਾਨੀ ਨਾਲ ਲੱਖਾਂ ਦਾ ਮੁਨਾਫਾ ਲੈ ਸਕਦੇ ਹਨ, ਪਰ ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੂੰ ਸਬਰ ਰੱਖਣ ਦੀ ਲੋੜ ਹੁੰਦੀ ਹੈ। ਮੈਂ ਖੁਦ ਵੀ ਬਾਗਬਾਨੀ ਦੇ ਖੇਤਰ ਵਿੱਚ ਹੀ ਮਿਹਨਤ ਕਰਕੇ ਅੱਜ ਵਧੀਆ ਮੁਨਾਫਾ ਲੈ ਰਿਹਾ ਹਾਂ ਅਤੇ ਭਵਿੱਖ ਵਿੱਚ ਹੀ ਇਹੀ ਚਾਹੁੰਦਾ ਹਾਂ ਕਿ ਕਿਸਾਨ ਬਾਗਾਬਨੀ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਅਪਨਾਉਣ ਅਤੇ ਬਾਗਬਾਨੀ ਨੂੰ ਵੀ ਅੱਗੇ ਵਧਾਉਣ।“