ਰਸ਼ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਕਿਸਾਨ ਜਿਸ ਦੀ ਮਸ਼ਰੂਮ ਨੇ ਕਿਸਮਤ ਤਾਂ ਬਦਲੀ ਅਤੇ ਮੰਜ਼ਿਲਾਂ ਦੇ ਰਾਹ ਉੱਤੇ ਵੀ ਪਹੁੰਚਾਇਆ

ਖੇਤੀ ਉਹ ਨਹੀਂ ਜੋ ਅਸੀਂ ਖੇਤਾਂ ਦੇ ਵਿੱਚ ਜਾ ਕੇ ਹਲ ਨਾਲ ਖੇਤ ਦੀ ਵਹਾਈ, ਬੀਜ, ਪਾਣੀ ਲਗਾਉਣ ਤੋਂ ਬਾਅਦ ਵਿੱਚ ਫਸਲ ਪੱਕਣ ‘ਤੇ ਵੱਢਦੇ ਹਨ, ਪਰ ਹਰ ਇੱਕ ਦੇ ਮਨ ਵਿੱਚ ਖੇਤੀ ਨੂੰ ਲੈ ਕੇ ਇਹੀ ਵਿਚਾਰਧਾਰਾ ਬਣੀ ਹੋਈ ਹੈ, ਪਰ ਖੇਤੀ ਵਿੱਚ ਹੋਰ ਬਹੁਤ ਤਰ੍ਹਾਂ ਦੀ ਖੇਤੀ ਆ ਜਾਂਦੀ ਹੈ ਜੋ ਕਿ ਖੇਤ ਨੂੰ ਛੱਡ ਕੇ ਬਗੀਚਾ, ਛੱਤ, ਕਮਰੇ ਵਿੱਚ ਵੀ ਖੇਤੀ ਕਰ ਸਕਦੇ ਹਨ ਪਰ ਉਸ ਲਈ ਜ਼ਮੀਨੀ ਖੇਤੀ ਤੋਂ ਥੋੜਾ ਉੱਪਰ ਉੱਠ ਕੇ ਇਨਸਾਨ ਨੂੰ ਸੋਚਣਾ ਪਵੇਗਾ ਤਾਂ ਹੀ ਖੇਤੀ ਦੇ ਅਲੱਗ-ਅਲੱਗ ਵਿਸ਼ਿਆਂ ਬਾਰੇ ਪੜ੍ਹ ਕੇ ਉਸ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ।

ਅਜਿਹੇ ਹੀ ਇੱਕ ਇਨਸਾਨ ਜੋ ਮੁੱਢ ਤੋਂ ਹੀ ਖੇਤੀ ਨਾਲ ਜੁੜੇ ਹੋਏ ਹਨ ਪਰ ਉਨ੍ਹਾਂ ਨੇ ਖੇਤੀ ਤੋਂ ਥੋੜਾ ਉੱਪਰ ਉੱਠ ਕੇ ਕੁੱਝ ਹੋਰ ਕਰਨ ਬਾਰੇ ਸੋਚਿਆ ਅਤੇ ਕਾਮਯਾਬ ਹੋ ਕੇ ਆਪਣੇ ਪਿੰਡ ਵਿੱਚ ਹੀ ਨਹੀਂ ਬਲਕਿ ਆਪਣੇ ਸ਼ਹਿਰ ਵਿੱਚ ਵੀ ਨਾਮ ਕਮਾਇਆ। ਜਿਨ੍ਹਾਂ ਨੇ ਜਿਸ ਵੀ ਕਿੱਤੇ ਨੂੰ ਕਰਨ ਬਾਰੇ ਸੋਚਿਆ ਉਹ ਕਰਕੇ ਦਿਖਾਇਆ ਜੋ ਅਸੰਭਵ ਲੱਗਦਾ ਸੀ ਪਰ ਰੱਬ ਮਿਹਨਤ ਕਰਨ ਵਾਲੇ ਦਾ ਹਮੇਸ਼ਾ ਸਾਥ ਦਿੰਦਾ ਹੈ।

ਜਿਨ੍ਹਾਂ ਦੀ ਇਸ ਸਟੋਰੀ ਰਾਹੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਰਸ਼ਪਾਲ ਸਿੰਘ, ਜੋ ਪਿੰਡ ਬੱਲੋ ਕੇ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਰਸ਼ਪਾਲ ਜੀ ਆਪਣੇ ਪਿੰਡ ਦੇ ਇੱਕ ਅਜਿਹੇ ਇਨਸਾਨ ਜਿਸ ਨੇ ਪੜ੍ਹਾਈ ਕਰਨ ਤੋਂ ਬਾਅਦ ਘਰ ਵਿਹਲੇ ਬੈਠਣ ਦੀ ਬਜਾਏ ਸਗੋਂ ਕੁੱਝ ਨਾ ਕੁੱਝ ਕੰਮ ਕਰਨ ਬਾਰੇ ਸੋਚਦੇ ਰਹਿੰਦੇ ਸਨ ਅਤੇ ਇਸ ਦੀ ਤਿਆਰੀ ਵਿੱਚ ਜੁੱਟ ਗਏ।

ਸਾਲ 2012 ਦੀ ਗੱਲ ਹੈ ਰਸ਼ਪਾਲ ਨੂੰ ਕਈ ਵਾਰ ਬਹੁਤ ਥਾਵਾਂ ਤੋਂ ਮਸ਼ਰੂਮ ਦੀ ਖੇਤੀ ਬਾਰੇ ਸੁਨਣ ਨੂੰ ਮਿਲਦਾ ਸੀ ਪਰ ਕਦੇ ਵੀ ਇਸ ਗੱਲ ਉੱਤੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਇਸ ਬਾਰ ਫਿਰ ਮਸ਼ਰੂਮ ਬਾਰੇ ਸੁਣਿਆ ਤਾਂ ਮਨ ਅੰਦਰ ਇੱਕ ਸਵਾਲ ਖੜਾ ਕਰ ਗਈ ਕਿ ਇਹ ਕਿਹੜੀ ਖੇਤੀ ਹੋਈ, ਪਰ ਕੀ ਪਤਾ ਇੱਕ ਦਿਨ ਇਹ ਖੇਤੀ ਕਿਸਮਤ ਬਦਲ ਕੇ ਰੱਖ ਦੇਵੇਗੀ। ਉਸ ਤੋਂ ਬਾਅਦ ਰਸ਼ਪਾਲ ਨੇ ਮਸ਼ਰੂਮ ਦੀ ਖੇਤੀ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਕਿ ਚੱਲੋ ਪਤਾ ਤਾਂ ਕਰੀਏ ਕਿ ਅਜਿਹੀ ਕਿਹੜੀ ਸ਼ੈਅ ਹੈ। ਕਿਉਂਕਿ ਉਸ ਵਕਤ ਕਿਸੇ ਵਿਰਲੇ ਨੂੰ ਹੀ ਮਸ਼ਰੂਮ ਦੀ ਖੇਤੀ ਬਾਰੇ ਜਾਣਕਾਰੀ ਹੁੰਦੀ ਸੀ ਜਾਂ ਫਿਰ ਸੁਣੀਆਂ-ਸੁਣਾਈਆਂ ਗੱਲਾਂ ਹੀ ਹੁੰਦੀਆਂ ਸਨ ਪਰ ਉਹਨਾਂ ਦੇ ਪਿੰਡ ਬੱਲੋ ਕੇ ਲਈ ਇਹ ਬਿਲਕੁੱਲ ਨਵੀਂ ਗੱਲ ਸੀ। ਬਹੁਤ ਸਮਾਂ ਲਗਾ ਕੇ ਰਸ਼ਪਾਲ ਨੇ ਮਸ਼ਰੂਮ ਸੰਬੰਧੀ ਸਾਰੀ ਰਿਸਰਚ ਪੂਰੀ ਕੀਤੀ ਤਾਂ ਦੇਰੀ ਨਾ ਕਰਦੇ ਹੋਏ ਬੀਜ ਲੈ ਕੇ ਆਉਣ ਬਾਰੇ ਸੋਚਿਆ ਅਤੇ ਬੀਜ ਲੈਣ ਲਈ ਹਿਮਾਚਲ ਪ੍ਰਦੇਸ਼ ਵਿਖੇ ਚਲੇ ਗਏ, ਪਰ ਉੱਥੇ ਕਿਸਮਤ ਵਿੱਚ ਮਸ਼ਰੂਮ ਦੀ ਖੇਤੀ ਦੇ ਨਾਲ-ਨਾਲ ਸਟ੍ਰਾਬੇਰੀ ਦੀ ਵੀ ਖੇਤੀ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ।

ਜਦੋਂ ਮਸ਼ਰੂਮ ਦੇ ਬੀਜ ਲੈਣ ਲੱਗੇ ਤਾਂ ਅੱਗੋਂ ਕਿਸੇ ਨੇ ਆਖਿਆ “ਤੁਹਾਨੂੰ ਸਟਰਾਬੇਰੀ ਦੀ ਵੀ ਖੇਤੀ ਕਰਨੀ ਚਾਹੀਦੀ ਹੈ” ਇਸ ਉੱਤੇ ਰਸ਼ਪਾਲ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਇਹ ਵੀ ਇੱਕ ਨਵਾਂ ਹੀ ਕੰਮ ਹੈ ਜਿਸ ਬਾਰੇ ਵੀ ਲੋਕਾਂ ਨੂੰ ਬਹੁਤ ਘੱਟ ਪਤਾ ਸੀ, ਇਸ ਤਰ੍ਹਾਂ ਮਸ਼ਰੂਮ ਦੇ ਬੀਜ ਲੈਣ ਗਏ ਰਸ਼ਪਾਲ ਨਾਲ ਸਟਰਾਬੇਰੀ ਦੇ ਪੌਦੇ ਵੀ ਨਾਲ ਲੈ ਆਇਆ ਅਤੇ ਮਸ਼ਰੂਮ ਦੇ ਬੀਜਾਂ ਨੂੰ ਇੱਕ ਛੋਟੀ ਜਿਹੀ ਝੌਪੜੀ ਬਣਾ ਕੇ ਉਸ ਵਿੱਚ ਲਗਾ ਦਿੱਤੇ ਅਤੇ ਨਾਲ ਹੀ ਖੇਤਾਂ ਦੇ ਵਿੱਚ ਸਟ੍ਰਾਬੇਰੀ ਦੇ ਪੌਦੇ ਵੀ ਲਗਾ ਦਿੱਤੇ।

ਮਸ਼ਰੂਮ ਲਗਾਉਣ ਤੋਂ ਬਾਅਦ ਉਸ ਦੀ ਦੇਖਭਾਲ ਕਰਨ ਲੱਗੇ ਜਦੋਂ ਸਮੇਂ ਅਨੁਸਾਰ ਮਸ਼ਰੂਮ ਤਿਆਰ ਹੋਣ ਲੱਗਾ ਤਾਂ ਖੁਸ਼ ਹੋਏ ਪਰ ਇਹ ਖੁਸ਼ੀ ਜ਼ਿਆਦਾ ਸਮੇਂ ਲਈ ਨਹੀਂ ਸੀ, ਕਿਉਂਕਿ ਇੱਕ ਸਾਲ ਤੱਕ ਦਿਨ ਰਾਤ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਮਸ਼ਰੂਮ ਦੀ ਖੇਤੀ ਬਹੁਤ ਸਮਾਂ ਮੰਗਦੀ ਹੈ ਅਤੇ ਸਾਂਭ-ਸੰਭਾਲ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਉਪਰੋਂ ਕੁੱਝ ਸਫਲਤਾ ਵੀ ਹਾਸਿਲ ਨਹੀਂ ਹੋ ਰਹੀ ਸੀ। ਉਹ ਬਟਨ ਮਸ਼ਰੂਮ ਦੀ ਖੇਤੀ ਕਰਦੇ ਸਨ ਅਤੇ ਅਖੀਰ ਉਨ੍ਹਾਂ ਨੇ ਸਾਲ 2013 ਵਿੱਚ ਬਟਨ ਮਸ਼ਰੂਮ ਦੀ ਖੇਤੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਬਾਅਦ ਵਿੱਚ ਸਟ੍ਰਾਬੇਰੀ ਦੀ ਖੇਤੀ ਉੱਤੇ ਹੀ ਸਾਰਾ ਧਿਆਨ ਕੇਂਦਰਿਤ ਕਰ ਲਿਆ।

ਸ਼ਾਇਦ ਬਟਨ ਮਸ਼ਰੂਮ ਦੀ ਖੇਤੀ ਵਿੱਚ ਅਸਫਲਤਾ ਦਾ ਕਾਰਨ ਇਹ ਵੀ ਸੀ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਟ੍ਰੇਨਿੰਗ ਨਹੀਂ ਲਈ ਹੋਈ ਸੀ।

2013 ਤੋਂ ਬਾਅਦ ਸਟ੍ਰਾਬੇਰੀ ਦੀ ਖੇਤੀ ਨੂੰ ਲਗਾਤਾਰ ਬਕਰਾਰ ਰੱਖਦੇ ਹੋਏ “ਬੱਲੋ ਸਟ੍ਰਾਬੇਰੀ” ਨਾਮ ਦੇ ਬ੍ਰੈਂਡ ਤੋਂ ਬਰਨਾਲਾ ਵਿੱਚ ਵੱਡੇ ਪੱਧਰ ‘ਤੇ ਮਾਰਕੀਟਿੰਗ ਕਰਨ ਲੱਗ ਗਏ ਜੋ ਕਿ 2017 ਤੱਕ ਪਹੁੰਚਦੇ-ਪਹੁੰਚਦੇ ਪੂਰੇ ਪੰਜਾਬ ਵਿੱਚ ਫੈਲ ਗਈ, ਪਰ ਸਫਲ ਤਾਂ ਉਹ ਇਸ ਕੰਮ ਵਿੱਚ ਵੀ ਹੋਏ ਪਰ ਰੱਬ ਨੇ ਮੁਕੱਦਰ ਵਿੱਚ ਕੁਝ ਹੋਰ ਵੀ ਲਿਖਿਆ ਹੋਇਆ ਸੀ ਜੋ 2013 ਵਿੱਚ ਅਧੂਰਾ ਕੰਮ ਕਰਕੇ ਛੱਡਿਆ ਸੀ ਉਸ ਕੰਮ ਨੂੰ ਨੇਪਰੇ ਚਾੜਨ ਦੇ ਲਈ।

ਰਸ਼ਪਾਲ ਨੇ ਦੇਰੀ ਨਾ ਕਰਦੇ ਹੋਏ 2017 ਵਿੱਚ ਆਪਣੇ ਸ਼ਹਿਰ ਦੇ ਨੇੜਲੇ ਕੇ.ਵੀ.ਕੇ ਵਿਖੇ ਮਸ਼ਰੂਮ ਦੀ ਟ੍ਰੇਨਿੰਗ ਬਾਰੇ ਪਤਾ ਕੀਤਾ ਜਿਸ ਵਿੱਚ ਮਸ਼ਰੂਮ ਦੀ ਹਰ ਕਿਸਮ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਸ ਸਮੇਂ ਉਹ ਅੋਇਸਟਰ ਮਸ਼ਰੂਮ ਦੀ ਟ੍ਰੇਨਿੰਗ ਲੈਣ ਦੇ ਲਈ ਗਏ ਸਨ ਜੋ ਕਿ 5 ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਸੀ, ਜਦੋਂ ਉਹ ਟ੍ਰੇਨਿੰਗ ਲੈ ਰਹੇ ਸਨ ਤਾਂ ਉਸ ਵਿੱਚ ਬਹੁਤ ਸਾਰੀਆਂ ਮਸ਼ਰੂਮ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਪਰ ਜਦੋਂ ਉਨ੍ਹਾਂ ਨੇ ਕੀੜਾ ਜੜੀ ਮਸ਼ਰੂਮ ਬਾਰੇ ਸੁਣਿਆ ਜੋ ਕਿ ਇੱਕ ਮੈਡੀਸਿਨਲ ਮਸ਼ਰੂਮ ਹੈ ਜਿਸ ਨਾਲ ਕਈ ਤਰ੍ਹਾਂ ਮਨੁੱਖੀ ਲਾ-ਇਲਾਜ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਦਾ ਦੌਰਾ, ਚਮੜੀ ਆਦਿ ਦੇ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਜਿਸ ਦੀ ਕੀਮਤ ਹਜ਼ਾਰਾਂ ਤੋਂ ਸ਼ੁਰੂ ਤੋਂ ਲੱਖਾਂ ਦੇ ਵਿੱਚ ਆ ਕੇ ਮੁੱਕਦੀ ਹੈ, ਜਿਵੇਂ 10 ਗ੍ਰਾਮ 1000 ਰੁਪਏ, 100 ਗ੍ਰਾਮ 10,000 ਰੁਪਏ ਦੇ ਹਿਸਾਬ ਨਾਲ ਵਿਕਦੀ ਹੈ।

ਜਦੋਂ ਰਸ਼ਪਾਲ ਨੂੰ ਕੀੜਾ ਜੜੀ ਮਸ਼ਰੂਮ ਦੇ ਫਾਇਦਿਆਂ ਬਾਰੇ ਪਤਾ ਲੱਗਾ ਤਾਂ ਉਸਨੇ ਮਨ ਬਣਾ ਲਿਆ ਕਿ ਹੁਣ ਕੀੜਾ ਜੜੀ ਮਸ਼ਰੂਮ ਦੀ ਹੀ ਖੇਤੀ ਕਰਨੀ ਹੈ, ਜਿਸ ਲਈ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਹੁਤ ਜ਼ਿਆਦਾ ਰਿਸਰਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਦੇ ਬੀਜ ਇੱਥੇ ਨਹੀਂ ਬਲਕਿ ਥਾਈਲੈਂਡ ਦੇਸ਼ ਵਿੱਚ ਮਿਲਦੇ ਹਨ, ਪਰ ਇੱਥੇ ਆ ਕੇ ਰਸ਼ਪਾਲ ਲਈ ਮੁਸ਼ਕਿਲ ਖੜੀ ਹੋ ਗਈ ਕਿਉਂਕਿ ਕੋਈ ਵੀ ਕਰੀਬੀ ਉਸਦਾ ਬਾਹਰਲੇ ਦੇਸ਼ ਨਹੀਂ ਸੀ ਜੋ ਉਸਦੀ ਮਦਦ ਕਰ ਸਕਦਾ ਸੀ। ਪਰ ਰਸ਼ਪਾਲ ਨੇ ਫਿਰ ਵੀ ਹਿੰਮਤ ਨਾ ਛੱਡੀ ਤੇ ਬਹੁਤ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦੇ ਬਾਹਰ ਕਿਸੇ ਨਾਲ ਸੰਪਰਕ ਕੀਤਾ ਅਤੇ ਫਿਰ ਸਾਰੀ ਗੱਲਬਾਤ ਕੀਤੀ।

ਜਦੋਂ ਰਸ਼ਪਾਲ ਨੂੰ ਭਰੋਸਾ ਹੋਇਆ ਤਾਂ ਅਖੀਰ ਉਸਨੇ ਥਾਈਲੈਂਡ ਤੋਂ ਬੀਜ ਮੰਗਵਾਏ ਜਿਸ ਵਿੱਚ ਉਨ੍ਹਾਂ ਦਾ ਖਰਚਾ 2 ਲੱਖ ਦੇ ਕਰੀਬ ਹੋਇਆ ਸੀ। ਫਿਰ ਕੀ ਉਹਨਾਂ ਨੇ ਰਿਸਰਚ ਤਾਂ ਕੀਤੀ ਹੋਈ ਤੇ ਸਭ ਕੁਝ ਪਹਿਲਾ ਹੀ ਤਿਆਰ ਕੀਤਾ ਹੋਇਆ ਸੀ ਜੋ ਮਸ਼ਰੂਮ ਉਗਾਉਣ ਅਤੇ ਵਧਣ-ਫੁੱਲਣ ਦੇ ਲਈ ਜ਼ਰੂਰੀ ਸੀ ਤੇ 2 ਅਲੱਗ-ਅਲੱਗ ਕਮਰੇ ਇਸ ਤਰ੍ਹਾਂ ਦੇ ਤਿਆਰ ਕੀਤੇ ਹੋਏ ਸਨ ਜਿੱਥੇ ਉਹ ਮਸ਼ਰੂਮ ਨੂੰ ਹਰ ਸਮੇਂ ਜਿੰਨਾ ਤਾਪਮਾਨ ਮਸ਼ਰੂਮ ਲਈ ਚਾਹੀਦਾ ਹੈ ਉਹ ਉਸਨੂੰ ਪੂਰਾ ਮਿਲ ਸਕੇ। ਫਿਰ ਉਨ੍ਹਾਂ ਨੇ ਮਸ਼ਰੂਮ ਨੂੰ ਡੱਬੇ ਵਿੱਚ ਪਾ ਕੇ ਹਰ ਵਕਤ ਉਸਦਾ ਧਿਆਨ ਰੱਖਦੇ।

ਰਸ਼ਪਾਲ ਜੀ ਪਹਿਲਾਂ ਹੀ ਬਟਨ ਮਸ਼ਰੂਮ ਅਤੇ ਸਟ੍ਰਾਬੇਰੀ ਦੀ ਖੇਤੀ ਕਰਦੇ ਸਨ ਜਿਸ ਦੇ ਮਗਰੋਂ ਉਨ੍ਹਾਂ ਨੇ ਕੀੜਾ ਜੜੀ ਨਾਮ ਮਸ਼ਰੂਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕੀੜਾ ਜੜੀ ਮਸ਼ਰੂਮ ਪੱਕਣ ਦੀ ਅਵਸਥਾ ਵਿੱਚ ਆਈ ਤਾਂ ਨੇੜਲੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨਜ਼ਦੀਕ ਪਿੰਡ ਵਿੱਚ ਕੋਈ ਮੈਡੀਸਿਨਲ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਨਜ਼ਦੀਕ ਇਸ ਨਾਮ ਦੇ ਮਸ਼ਰੂਮ ਦੀ ਖੇਤੀ ਕੋਈ ਨਹੀਂ ਕਰ ਰਿਹਾ ਸੀ, ਜਿਸ ਕਰਕੇ ਲੋਕਾਂ ਵਿੱਚ ਇਸ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੋ ਗਈ, ਜਦੋਂ ਉਹ ਰਸ਼ਪਾਲ ਕੋਲ ਮਸ਼ਰੂਮ ਅਤੇ ਇਸ ਦੇ ਫਾਇਦਿਆਂ ਬਾਰੇ ਪੁੱਛਣ ਲਈ ਆਉਣ ਲੱਗ ਗਏ ਤੇ ਰਸ਼ਪਾਲ ਜੀ ਬੜੇ ਪਿਆਰ ਸਦਕਾ ਮਸ਼ਰੂਮ ਦੇ ਅਨੇਕਾਂ ਫਾਇਦਿਆਂ ਬਾਰੇ ਸਮਝਾਉਣ ਲੱਗ ਜਾਂਦੇ। ਉਂਝ ਰਸ਼ਪਾਲ ਨੇ ਸਿਰਫ ਇਸ ਮਸ਼ਰੂਮ ਦੀ ਖੇਤੀ ਘਰ ਲਈ ਹੀ ਉਗਾਈ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇੱਕ ਦਿਨ ਇਹ ਕੀੜਾ ਜੜੀ ਮਸ਼ਰੂਮ ਉਨ੍ਹਾਂ ਦਾ ਵਪਾਰ ਦਾ ਰਾਹ ਬਣ ਜਾਵੇਗੀ।

ਸਭ ਤੋਂ ਪਹਿਲਾਂ ਮਸ਼ਰੂਮ ਦਾ ਟ੍ਰਾਇਲ ਆਪਣੇ ਅਤੇ ਪਰਿਵਾਰ ਵਾਲਿਆਂ ਉੱਤੇ ਕੀਤਾ ਅਤੇ ਟ੍ਰਾਇਲ ਵਿੱਚ ਸਫਲ ਹੋਣ ਤੋਂ ਬਾਅਦ ਹੀ ਰਸ਼ਪਾਲ ਨੇ ਫਿਰ ਇਸਨੂੰ ਵੇਚਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਲੋਕ ਖਰੀਦਣ ਦੇ ਲਈ ਆਉਣ ਲੱਗ ਗਏ ਜਿਸ ਦੇ ਨਤੀਜੇ ਉਸਨੂੰ ਥੋੜੇ ਸਮੇਂ ਵਿੱਚ ਉਦੋਂ ਮਿਲਣ ਲੱਗੇ, ਬਹੁਤ ਘੱਟ ਸਮੇਂ ਵਿੱਚ ਮਸ਼ਰੂਮ ਦੀ ਵਿਕਰੀ ਇਸ ਤਰ੍ਹਾਂ ਹੋਈ ਕਿ ਰਸ਼ਪਾਲ ਨੂੰ ਬੈਠਣ ਤੱਕ ਦਾ ਸਮਾਂ ਵੀ ਨਹੀਂ ਮਿਲਦਾ ਸੀ।

ਜਿਸ ਨਾਲ ਮਾਰਕੀਟਿੰਗ ਵਿੱਚ ਇੰਨੀ ਜਲਦੀ ਨਾਲ ਪ੍ਰਸਾਰ ਹੋ ਗਿਆ, ਫਿਰ ਉਨ੍ਹਾਂ ਨੇ ਮਾਰਕੀਟਿੰਗ ਕਰਨ ਦੇ ਤਰੀਕੇ ਨੂੰ ਬਦਲਣ ਬਾਰੇ ਸੋਚਿਆ ਅਤੇ ਮਸ਼ਰੂਮ ਨੂੰ ਇੱਕ ਬ੍ਰੈਂਡ ਦੇ ਤਹਿਤ ਵੇਚਣ ਬਾਰੇ ਸੋਚਿਆ ਜਿਸ ਨੂੰ Barnala Cordyceps ਦੇ ਬ੍ਰੈਂਡ ਨਾਮ ਤੋਂ ਰਜਿਸਟਰਡ ਕਰਵਾ ਕੇ, ਖੁਦ ਪ੍ਰੋਸੈਸਿੰਗ ਕਰਕੇ ਅਤੇ ਪੈਕਿੰਗ ਕਰਕੇ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਲੋਕ ਹੋਰ ਜੁੜਨ ਲੱਗੇ ਅਤੇ ਮਾਰਕੀਟਿੰਗ ਬਰਨਾਲਾ ਸ਼ਹਿਰ ਤੋਂ ਸ਼ੁਰੂ ਹੋਈ ਪੂਰੇ ਪੰਜਾਬ ਵਿੱਚ ਫੈਲ ਗਈ ਜਿਸ ਨਾਲ ਥੋੜੇ ਸਮੇਂ ਮੁਨਾਫ਼ਾ ਪ੍ਰਾਪਤ ਹੋਣ ਲੱਗ ਗਿਆ। ਜਿਸ ਵਿੱਚ ਉਹ 10 ਗ੍ਰਾਮ 1000 ਰੁਪਏ ਦੇ ਹਿਸਾਬ ਨਾਲ ਮਸ਼ਰੂਮ ਵਿਕਣ ਲੱਗੀ।

ਉਨ੍ਹਾਂ ਨੇ ਜਿੱਥੋਂ ਮਸ਼ਰੂਮ ਉਤਪਾਦਨ ਦੀ ਸ਼ੁਰੂਆਤ 10×10 ਤੋਂ ਕੀਤੀ ਸੀ ਇਸ ਤਰ੍ਹਾਂ ਕਰਦੇ ਉਹ 2017 ਵਿੱਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਗਏ ਅੱਜ ਉਨ੍ਹਾਂ ਦੇ ਮਸ਼ਰੂਮ ਦੀ ਇੰਨੀ ਮੰਗ ਹੈ ਕਿ ਫੋਨ ਉੱਤੇ ਫੋਨ ਆਉਂਦੇ ਹਨ ਅਤੇ ਵਿਹਲ ਨਹੀਂ ਮਿਲਦੀ।ਜ਼ਿਆਦਾਤਰ ਮਸ਼ਰੂਮ ਖਿਡਾਰੀਆਂ ਵੱਲੋਂ ਖਰੀਦੀ ਜਾਂਦੀ ਹੈ।

ਉਨ੍ਹਾਂ ਨੂੰ ਇਸ ਕੰਮ ਦੇ ਲਈ ਆਤਮਾ, ਕੇ. ਵੀ. ਕੇ. ਅਤੇ ਹੋਰ ਬਹੁਤ ਸਾਰੇ ਸੰਸਥਾਵਾਂ ਵੱਲੋਂ ਇਨਾਮ ਵੀ ਪ੍ਰਾਪਤ ਹੋ ਚੁੱਕੇ ਹਨ।

ਭਵਿੱਖ ਦੀ ਯੋਜਨਾ

ਉਹ 2 ਕਮਰਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੋਰ ਵੱਡੇ ਪੱਧਰ ਉੱਤੇ ਕਰਕੇ ਵੱਖ-ਵੱਖ ਕਮਰੇ ਤਿਆਰ ਕਰਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕਿਸੇ ਛੋਟੇ ਕਿਸਾਨ ਨੇ ਕੀੜਾ ਜੜੀ ਮਸ਼ਰੂਮ ਦੀ ਖੇਤੀ ਕਰਨੀ ਹੈ ਤਾਂ ਪੈਸੇ ਲਗਾਉਣ ਤੋਂ ਪਹਿਲਾਂ ਉਸ ਉੱਪਰ ਚੰਗੇ ਤਰੀਕੇ ਨਾਲ ਰਿਸਰਚ ਅਤੇ ਟ੍ਰੇਨਿੰਗ ਲੈ ਹੀ ਕੰਮ ਨੂੰ ਸ਼ੁਰੂ ਕਰਨ ਚਾਹੀਦਾ ਹੈ।

ਹਰਜਿੰਦਰ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ 60 ਸਾਲ ਦੀ ਮਹਿਲਾ ਨੇ ਅੰਮ੍ਰਿਤਸਰ ਵਿੱਚ ਮਸ਼ਰੂਮ ਦੀ ਖੇਤੀ ਦੇ ਧੰਦੇ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਪੁੱਤਰਾਂ ਨੇ ਇਸ ਧੰਦੇ ਨੂੰ ਸਫ਼ਲ ਬਣਾਇਆ

ਪੰਜਾਬ ਵਿੱਚ ਜਿੱਥੇ ਲੋਕ ਅੱਜ ਵੀ ਰਵਾਇਤੀ ਖੇਤੀ ਦੇ ਚੱਕਰ ‘ਚ ਫਸੇ ਹੋਏ ਹਨ, ਉੱਥੇ ਕੁੱਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਇਸ ਚੱਕਰ ਨੂੰ ਤੋੜਿਆ ਅਤੇ ਖੇਤੀ ਦੀ ਆਵਿਸ਼ਕਾਰੀ ਤਕਨੀਕ ਨੂੰ ਲੇ ਕੇ ਆਏ, ਜੋ ਕਿ ਕੁਦਰਤ ਦੇ ਜ਼ਰੂਰੀ ਸ੍ਰੋਤ ਜਿਵੇਂ ਕਿ ਪਾਣੀ ਆਦਿ ਨੂੰ ਬਚਾਉਣ ਵਿੱਚ ਮਦਦ ਕਰਦੇ ਹਨ।

ਇਹ ਇੱਕ ਪਰਿਵਾਰ ਦੇ ਯਤਨਾਂ ਦੀ ਕਹਾਣੀ ਹੈ। ਰੰਧਾਵਾ ਪਰਿਵਾਰ ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਅਦਭੁੱਤ ਪਵਿੱਤਰ ਸ਼ੈਲੀ, ਸੰਸਕ੍ਰਿਤ ਅਤੇ ਅੰਮ੍ਰਿਤ ਸਰੋਵਰ(ਪਵਿੱਤਰ ਜਲ ਤਲਾਬ) ਨਾਲ ਘਿਰੇ ਸ਼ਾਂਤ ਸਵਰਣ ਮੰਦਿਰ(ਹਰਿਮੰਦਰ ਸਾਹਿਬ) ਲਈ ਜਾਣਿਆ ਜਾਂਦਾ ਹੈ। ਇਹ ਪਰਿਵਾਰ ਨਾ-ਕੇਵਲ ਮਸ਼ਰੂਮ ਦੀ ਖੇਤੀ ਵਿੱਚ ਕ੍ਰਾਂਤੀ ਲੈ ਕੇ ਆ ਰਿਹਾ ਹੈ, ਬਲਕਿ ਆਧੁਨਿਕ ਅਤੇ ਫਾਇਦੇਮੰਦ ਤਕਨੀਕਾਂ ਵੱਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਹਰਜਿੰਦਰ ਕੌਰ ਰੰਧਾਵਾ ਅੰਮ੍ਰਿਤਸਰ ਵਿੱਚ ਮਸ਼ਰੂਮ ਲੇਡੀ ਦੇ ਨਾਮ ਨਾਲ ਪ੍ਰਸਿੱਧ ਹਨ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਕੇਵਲ ਇੱਕ ਸਹਾਇਕ ਧੰਦੇ ਦੇ ਤੌਰ ‘ਤੇ ਸ਼ੁਰੂ ਕੀਤੀ ਜਾ ਅਸੀਂ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਦਾ ਸ਼ੌਂਕ ਸੀ, ਪਰ ਕੌਣ ਜਾਣਦਾ ਸੀ ਕਿ ਸ਼੍ਰੀਮਤੀ ਹਰਜਿੰਦਰ ਕੌਰ ਦਾ ਇਹ ਸ਼ੌਂਕ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰਾਂ ਦੁਆਰਾ ਇੱਕ ਸਫ਼ਲ ਵਪਾਰ ਵਿੱਚ ਬਦਲ ਦਿੱਤਾ ਜਾਵੇਗਾ।

ਇਹ ਕਿਵੇਂ ਸ਼ੁਰੂ ਹੋਇਆ…

ਅੱਸੀ-ਨੱਬੇ ਦੇ ਦਹਾਕੇ ਵਿੱਚ ਪੰਜਾਬ ਪੁਲਿਸ ਵਿੱਚ ਸੇਵਾ ਕਰਨ ਵਾਲੇ ਰਜਿੰਦਰ ਸਿੰਘ ਦੀ ਪਤਨੀ ਹੋਣ ਦੇ ਨਾਤੇ, ਘਰ ਵਿੱਚ ਕੋਈ ਕਮੀ ਨਹੀਂ ਸੀ, ਜੋ ਸ਼੍ਰੀਮਤੀ ਹਰਜਿੰਦਰ ਕੌਰ ਨੂੰ ਅਸੁਰੱਖਿਅਤ ਬਣਾਉਂਦੀ ਅਤੇ ਉਨ੍ਹਾਂ ਨੂੰ ਹੋਰ ਕਮਾਈ ਦੇ ਸ੍ਰੋਤ ਦੀ ਭਾਲ ਕਰਨੀ ਪੈਂਦੀ।

ਕਿਵੇਂ ਇੱਕ ਗ੍ਰਹਿਣੀ ਦੀ ਰੁਚੀ ਨੇ ਪਰਿਵਾਰ ਦੇ ਭਵਿੱਖ ਲਈ ਨੀਂਹ ਰੱਖੀ…

ਪਰ 1989 ਵਿੱਚ ਹਰਜਿੰਦਰ ਕੌਰ ਨੇ ਕੁੱਝ ਅਲੱਗ ਕਰਨ ਦਾ ਸੋਚਿਆ ਅਤੇ ਆਪਣੇ ਵਾਧੂ ਸਮੇਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਵਰਾਂਡੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਸੀ, ਪਰ ਉਨ੍ਹਾਂ ਦੇ ਸਮਰਪਣ ਨੇ ਉਨ੍ਹਾਂ ਦੇ ਕੰਮਾਂ ਵਿੱਚ ਸੱਚੇ ਰੰਗ ਲਾਏ। ਹੌਲੀ-ਹੌਲੀ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਦੇ ਕੰਮ ਨੂੰ ਵਧਾਇਆ ਅਤੇ ਮਸ਼ਰੂਮ ਤੋਂ ਖਾਣ ਵਾਲੇ ਉਤਪਾਦ ਤਿਆਰ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਪੁੱਤਰ ਆਪਣੀ ਮਾਂ ਦੇ ਸਹਾਰੇ ਬਣੇ…

ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ, ਤਾਂ ਚਾਰਾਂ ਵਿੱਚੋਂ ਤਿੰਨ ਪੁੱਤਰ(ਮਨਜੀਤ, ਮਨਦੀਪ ਅਤੇ ਹਰਪ੍ਰੀਤ) ਮਸ਼ਰੂਮ ਦੀ ਖੇਤੀ ਦੇ ਧੰਦੇ ਵਿੱਚ ਆਪਣੀ ਮਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਤਿੰਨੋ ਪੁੱਤਰ ਖ਼ਾਸ ਤੌਰ ‘ਤੇ ਟ੍ਰੇਨਿੰਗ ਲਈ ਸੋਲਨ ਦੇ ਡਾਇਰੈਕਟੋਰੇਟ ਆੱਫ ਮਸ਼ਰੂਮ ਰਿਸਰਚ ਗਏ। ਉੱਥੇ ਉਨ੍ਹਾਂ ਨੇ ਮਸ਼ਰੂਮ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਬਟਨ, ਮਿਲਕੀ ਅਤੇ ਓਈਸਟਰ ਦੇ ਬਾਰੇ ਸਿੱਖਿਆ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ‘ਤੇ ਪੀ ਏ ਯੂ ਦੁਆਰਾ ਦਿੱਤੀ ਗਈ ਹੋਰ ਧੰਦਿਆਂ ਦੀ ਟ੍ਰੇਨਿੰਗ ਵਿੱਚ ਵੀ ਭਾਗ ਲਿਆ। ਜਦਕਿ ਹਰਜਿੰਦਰ ਕੌਰ ਜੀ ਦਾ ਚੌਥਾ ਪੁੱਤਰ(ਜਗਦੀਪ ਸਿੰਘ) ਹੋਰ ਫ਼ਸਲਾਂ ਦੀ ਖੇਤੀ ਕਰਨ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ ਅਤੇ ਬਾਅਦ ਵਿੱਚ ਉਹ ਆਸਟ੍ਰੇਲੀਆ ਗਿਆ ਅਤੇ ਫਿਰ ਗੰਨੇ ਅਤੇ ਕੇਲੇ ਦੀ ਖੇਤੀ ਸ਼ੁਰੂ ਕੀਤੀ।

ਸਮੇਂ ਦੇ ਨਾਲ-ਨਾਲ ਹਰਜਿੰਦਰ ਕੌਰ ਜੀ ਦੇ ਪੁੱਤਰ ਮਸ਼ਰੂਮ ਦੀ ਖੇਤੀ ਦੇ ਕੰਮ ਦਾ ਵਿਸਤਾਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਵਪਾਰਕ ਉਦੇਸ਼ ਲਈ ਮਸ਼ਰੂਮ ਦੇ ਉਤਪਾਦਾਂ ਜਿਵੇਂ ਕਿ ਆਚਾਰ, ਪਾਪੜ, ਪਾਊਡਰ, ਵੜੀਆਂ, ਨਮਕੀਨ ਅਤੇ ਬਿਸਕੁਟ ਦੀ ਪ੍ਰੋਸੈੱਸਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼੍ਰੀ ਰਜਿੰਦਰ ਸਿੰਘ ਰੰਧਾਵਾ ਵੀ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਮਸ਼ਰੂਮ ਦੇ ਧੰਦੇ ਵਿੱਚ ਸ਼ਾਮਲ ਹੋ ਗਏ।

ਅੱਜ ਰੰਧਾਵਾ ਪਰਿਵਾਰ ਇੱਕ ਸਫ਼ਲ ਮਸ਼ਰੂਮ ਉਪਾਦਕ ਹੈ ਅਤੇ ਮਸ਼ਰੂਮ ਦੇ ਉਤਪਾਦਾਂ ਦਾ ਇੱਕ ਸਫ਼ਲ ਨਿਰਮਾਤਾ ਹੈ। ਬੀਜ ਦੀ ਤਿਆਰੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਕੰਮ ਪਰਿਵਾਰ ਦੇ ਮੈਂਬਰ ਸਭ ਕੁੱਝ ਖੁਦ ਕਰਦੇ ਹਨ। ਹਰਜਿੰਦਰ ਕੌਰ ਤੋਂ ਬਾਅਦ, ਇੱਕ ਹੋਰ ਮੈਂਬਰ ਮਨਦੀਪ ਸਿੰਘ(ਦੂਜਾ ਪੁੱਤਰ), ਜਿਸਨੇ ਇਸ ਵਪਾਰ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਅਤੇ ਉਸਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਉਹ ਖ਼ਾਸ ਤੌਰ ‘ਤੇ ਸਾਰੇ ਉਤਪਾਦਾਂ ਦਾ ਨਿਰਮਾਣ ਅਤੇ ਉਨ੍ਹਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਦੇ ਹਨ। ਮੁੱਖ ਤੌਰ ‘ਤੇ ਉਹ ਆਪਣੀ ਦੁਕਾਨ(ਰੰਧਾਵਾ ਮਸ਼ਰੂਮ ਫਾਰਮ) ਦੇ ਮਾਧਿਅਮ ਨਾਲ ਕੰਮ ਕਰਦੇ ਹਨ, ਜੋ ਕਿ ਬਟਾਲਾ-ਜਲੰਧਰ ਰੋਡ ‘ਤੇ ਸਥਿਤ ਹੈ।

ਦੂਜੇ ਦੋ ਪੁੱਤਰ(ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ) ਵੀ ਰੰਧਾਵਾ ਮਸ਼ਰੂਮ ਫਾਰਮ ਚਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਮਸ਼ਰੂਮ ਦੀ ਖੇਤੀ, ਕਟਾਈ ਅਤੇ ਕਾਰੋਬਾਰ ਨਾਲ ਸੰਬੰਧਿਤ ਹੋਰ ਕੰਮਾਂ ਦਾ ਪ੍ਰਬੰਧ ਕਰਦੇ ਹਨ।

ਹਾਲਾਂਕਿ, ਪਰਿਵਾਰ ਦੇ ਪੁੱਤਰ ਹੁਣ ਸਾਰੇ ਕੰਮਾਂ ਦਾ ਪ੍ਰਬੰਧਨ ਕਰ ਰਹੇ ਹਨ, ਫਿਰ ਵੀ ਹਰਜਿੰਦਰ ਕੌਰ ਬਹੁਤ ਉਤਸ਼ਾਹ ਨਾਲ ਕਾਰੋਬਾਰ ਵਿੱਚ ਭਾਗ ਲੈਂਦੇ ਹਨ ਅਤੇ ਨਿੱਜੀ ਤੌਰ ‘ਤੇ ਖੇਤੀ ਅਤੇ ਉਤਪਾਦ ਤਿਆਰ ਕਰਨ ਵਾਲੀ ਜਗ੍ਹਾ ‘ਤੇ ਜਾਂਦੇ ਹਨ ਅਤੇ ਉੱਥੇ ਕੰਮ ਕਰ ਰਹੇ ਹੋਰਨਾਂ ਲੋਕਾਂ ਦੀ ਅਗਵਾਈ ਕਰਦੇ ਹਨ। ਹਰਜਿੰਦਰ ਕੌਰ ਜੀ ਮੁੱਖ ਸ਼ਖ਼ਸ ਹਨ ਜੋ ਉਨ੍ਹਾਂ ਕਿਰਤੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਸਫ਼ਾਈ ਅਤੇ ਕੁਆਲਿਟੀ ਦਾ ਧਿਆਨ ਰੱਖਦੇ ਹਨ।

ਹਰਜਿੰਦਰ ਕੌਰ ਆਪਣੀ ਆਉਣ ਵਾਲੀ ਤੀਜੀ ਪੀੜ੍ਹੀ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ …

” ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਪੀੜ੍ਹੀ ਵੀ ਸਾਡੇ ਵਪਾਰ ਦਾ ਹਿੱਸਾ ਹੋਵੇ। ਉਨ੍ਹਾਂ ਵਿੱਚੋਂ ਕੁੱਝ ਇੰਨੀ ਸਮਝ ਵਾਲੇ ਹਨ, ਕਿ ਇਹ ਸਭ ਕਿਵੇਂ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਮਸ਼ਰੂਮ ਦੇ ਕਾਰੋਬਾਰ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਆਪਣੇ ਪੋਤੇ(ਮਨਜੀਤ ਸਿੰਘ ਦਾ ਪੁੱਤਰ, ਜੋ ਅਜੇ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ) ਨੂੰ ਮਸ਼ਰੂਮ ਰਿਸਰਚ ਵਿੱਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਇਸ ‘ਤੇ ਪੀ.ਐੱਚ.ਡੀ. ਕਰਨ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਹਾਂ।”

ਮਾਰਕਿਟ ਵਿੱਚ ਆਪਣੀ ਛਾਪ ਸਥਾਪਿਤ ਕਰਨਾ…

ਰੰਧਾਵਾ ਮਸ਼ਰੂਮ ਨੇ ਪਹਿਲਾਂ ਹੀ ਆਪਣੇ ਉਤਪਾਦਨ ਦੀ ਕੁਆਲਿਟੀ ਦੇ ਨਾਲ ਮਾਰਕਿਟ ਵਿੱਚ ਵੱਡੇ ਸਤਰ ‘ਤੇ ਆਪਣੀ ਮੌਜੂਦਗੀ ਦਰਜ ਕੀਤੀ ਹੈ। ਇਸ ਸਮੇਂ 70% ਉਤਪਾਦ(ਤਾਜ਼ਾ ਮਸ਼ਰੂਮ ਅਤੇ ਮਸ਼ਰੂਮ ਤੋਂ ਤਿਆਰ ਕੀਤੇ ਹੋਰ ਖਾਣਯੋਗ ਪਦਾਰਥ) ਉਨ੍ਹਾਂ ਦੀ ਆਪਣੀ ਦੁਕਾਨ ਦੇ ਮਾਧਿਅਮ ਨਾਲ ਹੀ ਵੇਚੇ ਜਾਂਦੇ ਹਨ ਅਤੇ ਬਾਕੀ 30% ਨੇੜਲੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਦੀ ਸਬਜ਼ੀ ਮੰਡੀ ਭੇਜੇ ਜਾਂਦੇ ਹਨ।

ਉਹ ਮਸ਼ਰੂਮ ਦੀਆਂ ਤਿੰਨ ਕਿਸਮਾਂ ਮਿਲਕੀ, ਬਟਨ ਅਤੇ ਓਈਸਟਰ ਉਗਾਉਂਦੇ ਹਨ, ਜੋ ਉਨ੍ਹਾਂ ਦੀ ਆਮਦਨ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ। ਇਨ੍ਹਾਂ ਤਿੰਨਾਂ ਕਿਸਮਾਂ ਵਿੱਚ ਲਾਗਤ ਘੱਟ ਆਉਂਦੀ ਹੈ ਅਤੇ ਆਮਦਨ 70 ਤੋਂ 80 ਰੁਪਏ (ਕੱਚੀ ਮਸ਼ਰੂਮ) ਪ੍ਰਤੀ ਕਿੱਲੋ ਦੇ ਲਗਭਗ ਹੁੰਦੀ ਹੈ। ਬਟਨ ਮਸ਼ਰੂਮ ਨੂੰ ਤੁੜਾਈ ਤੱਕ ਤਿਆਰ ਹੋਣ ਲਈ 20 ਤੋਂ 50 ਦਿਨ ਲੱਗਦੇ ਹਨ, ਜਦਕਿ ਓਈਸਟਰ(ਨਵੰਬਰ-ਅਪ੍ਰੈਲ) ਅਤੇ ਮਿਲਕੀ(ਮਈ-ਅਕਤੂਬਰ) ਕਿਸਮ ਨੂੰ ਤੁੜਾਈ ਲਈ ਤਿਆਰ ਹੋਣ ਵਿੱਚ 6 ਮਹੀਨੇ ਲੱਗਦੇ ਹਨ। ਫ਼ਸਲਾਂ ਤਿਆਰ ਹੋਣ ਅਤੇ ਤੁੜਾਈ ਦੇ ਸਮੇਂ ਕਾਰਨ ਇਨ੍ਹਾਂ ਦਾ ਵਪਾਰ ਸਦਾਬਹਾਰ ਹੁੰਦਾ ਹੈ।

ਰੰਧਾਵਾ ਪਰਿਵਾਰ…

ਨੂੰਹਾਂ ਸਮੇਤ ਪੂਰਾ ਪਰਿਵਾਰ ਵਪਾਰ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਉਹ ਖੁਦ ਸਾਰੇ ਉਤਪਾਦ ਘਰ ਵੀ ਤਿਆਰ ਕਰਦੇ ਹਨ। ਦੂਜਾ ਪੁੱਤਰ ਮਨਦੀਪ ਸਿੰਘ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਮੰਡੀਕਰਨ ਵਿਭਾਗ ਨੂੰ ਸੰਭਾਲਣ ਤੋਂ ਇਲਾਵਾ ਉਹ 2007 ਤੋਂ ਜੱਗ-ਬਾਣੀ ਅਖਬਾਰ ਵਿੱਚ ਇੱਕ ਰਿਪੋਰਟਰ ਦੇ ਤੌਰ ‘ਤੇ ਇੱਕ ਹੋਰ ਪੇਸ਼ਾ ਸੰਭਾਲ ਰਹੇ ਹਨ ਅਤੇ ਰਿਪੋਰਟਿੰਗ ਲਈ ਉਨ੍ਹਾਂ ਕੋਲ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਲਈ ਕਦੇ ਕਦੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਸ. ਰਜਿੰਦਰ ਸਿੰਘ ਰੰਧਾਵਾ ਜੀ ਦੁਕਾਨ ਸੰਭਾਲਦੇ ਹਨ।

ਅੱਜ-ਕੱਲ੍ਹ ਸਰਕਾਰ ਅਤੇ ਕ੍ਰਿਸ਼ੀ ਵਿਭਾਗ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਰਹੇ ਹਨ ਅਤੇ ਮਸ਼ਰੂਮ ਵੀ ਇਨ੍ਹਾਂ ਫ਼ਸਲਾਂ ‘ਚੋਂ ਇੱਕ ਹੈ, ਜਿਸਨੂੰ ਸਿੰਚਾਈ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਮਸ਼ਰੂਮ ਦੀ ਖੇਤੀ ਵਿੱਚ ਉੱਦਮ ਕਾਰਨ ਰੰਧਾਵਾ ਪਰਿਵਾਰ ਨੂੰ ਦੋ ਵਾਰ ਜ਼ਿਲ੍ਹਾ ਪੱਧਰ ‘ਤੇ ਸਨਮਾਨ ਅਤੇ ਸਮਾਰੋਹ ਅਤੇ ਮੇਲਿਆਂ ਵਿੱਚ ਤਹਿਸੀਲ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿੱਚ 10 ਸਤੰਬਰ 2017 ਨੂੰ ਰੰਧਾਵਾ ਪਰਿਵਾਰ ਦੇ ਉੱਦਮ ਨੂੰ ਦੇਸ਼ ਭਰ ਵਿੱਚ ਮਸ਼ਰੂਮ ਰਿਸਰਚ, ਸੋਲਨ ਦੇ ਡਾਇਰੈਕਟੋਰੇਟ ਦੁਆਰਾ ਸਰਾਹਿਆ ਗਿਆ, ਜਿੱਥੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਲਈ ਸੰਦੇਸ਼

ਕਿਸਾਨਾਂ ਲਈ ਸੰਦੇਸ਼-ਰੰਧਾਵਾ ਪਰਿਵਾਰ ਇਕੱਠੇ ਹੋ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦਾ ਸੰਦੇਸ਼ ਕਿਸਾਨਾਂ ਲਈ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਹੈ।

“ਜੋ ਪਰਿਵਾਰ ਇਕੱਠਾ ਰਹਿੰਦਾ ਹੈ, ਉਹ ਸਫ਼ਲਤਾ ਬੜੀ ਅਸਾਨੀ ਨਾਲ ਪ੍ਰਾਪਤ ਕਰਦਾ ਹੈ। ਅੱਜ-ਕੱਲ੍ਹ ਕਿਸਾਨ ਨੂੰ ਏਕਤਾ ਦੀ ਸ਼ਕਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਮੀਨ ਅਤੇ ਸੰਪੱਤੀ ਨੂੰ ਵੰਡਣ ਦੀ ਥਾਂ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ ਇਹ ਹੈ ਕਿ ਕਿਸਾਨਾਂ ਨੂੰ ਮੰਡੀਕਰਨ ਦਾ ਕੰਮ ਖੁਦ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਤਮ-ਵਿਸ਼ਵਾਸ ਕਮਾਉਣ ਅਤੇ ਆਪਣੀ ਫਸਲ ਦਾ ਸਹੀ ਮੁੱਲ ਲੈਣ ਦਾ ਸਭ ਤੋਂ ਅਸਾਨ ਤਰੀਕਾ ਹੈ।

 

ਅਸ਼ੋਕ ਵਿਸ਼ਿਸ਼ਟ

ਪੂਰੀ ਕਹਾਣੀ ਪੜ੍ਹੋ

ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ
ਖੁੰਭ ਦੀ ਜੈਵਿਕ ਖੇਤੀ ਅਤੇ ਉਸ ਤੋਂ ਬਣੇ ਉਤਪਾਦਾਂ ਨਾਲ ਚੰਗੀ ਆਮਦਨ ਕਮਾ ਰਹੇ ਇਕ ਕਿਸਾਨ ਦੀ ਕਹਾਣੀ

ਵੱਧਦੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਖੇਤੀ ਵਿਗਿਆਨ ਵਿੱਚ ਬਹੁਤ ਤਰ੍ਹਾਂ ਦੇ ਸੁਧਾਰ ਕੀਤੇ ਗਏ ਅਤੇ ਉੱਨਤੀ ਦੇ ਨਾਲ-ਨਾਲ ਖੇਤੀ ਦੀ ਤਕਨੀਕ ਵਿੱਚ ਵੀ ਬਦਲਾਅ ਕੀਤੇ ਗਏ। ਵਰਤਮਾਨ ਵਿੱਚ ਜ਼ਿਆਦਾਤਰ ਕਿਸਾਨ ਆਪਣੀ ਫ਼ਸਲਾਂ ਦੇ ਜਿਆਦਾ ਉਤਪਾਦਨ ਦੇ ਲਈ ਪਰੰਪਰਾਗਤ ਖੇਤੀ ਤਕਨੀਕਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਜੀ ਐਮ ਓ ਅਤੇ ਹੋਰ ਉਦਯੋਗਿਕ ਉਤਪਾਦਾਂ ਤੇ ਆਧਾਰਿਤ ਹਨ। ਇਨ੍ਹਾਂ ਵਿੱਚੋਂ ਕੁਝ ਹੀ ਕਿਸਾਨ ਰਸਾਇਣਾਂ ਦੀ ਵਰਤੋਂ ਕਰਦੇ ਹਨ, ਅੱਜ ਅਸੀਂ ਤੁਹਾਡੀ ਪਹਿਚਾਣ ਅਜਿਹੀ ਸ਼ਖਸ਼ੀਅਤ ਨਾਲ ਕਰਵਾ ਰਹੇ ਹਾਂ ਜੋ ਪਹਿਲਾਂ ਪਰੰਪਰਾਗਤ ਖੇਤੀ ਕਰਦੇ ਸਨ, ਪਰ ਬਾਅਦ ਵਿੱਚ ਕੁਦਰਤੀ ਖੇਤੀ ਦੇ ਲਾਭ ਜਾਣਨ ਤੋਂ ਬਾਅਦ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਢੰਗ ਨੂੰ ਅਪਣਾਇਆ।

ਅਸ਼ੋਕ ਵਿਸ਼ਿਸ਼ਟ ਹਰਿਆਣਾ ਦੇ ਪਿੰਡ ਦੇ ਸਾਧਾਰਨ ਕਿਸਾਨ ਹਨ, ਜਿਨ੍ਹਾਂ ਨੇ ਪਰੰਪਰਾਗਤ ਖੇਤੀ ਤਕਨੀਕਾਂ ਦੀ ਵਰਤੋਂ ਦੀ ਪੁਰਾਣੀ ਸੋਚ ਨੂੰ ਛੱਡ ਕੇ ਮਸ਼ਰੂਮ ਦੀ ਖੇਤੀ ਦੇ ਲਈ ਜੈਵਿਕ ਢੰਗਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਮਸ਼ਰੂਮ ਦੇ ਰਿਸਰਚ ਸੈਂਟਰ ਦੇ ਦੌਰੇ ਤੋਂ ਬਾਅਦ ਅਸ਼ੋਕ ਵਿਸ਼ਿਸ਼ਟ ਨੂੰ ਮਸ਼ਰੂਮ ਦੀ ਖੇਤੀ ਕੁਦਰਤੀ ਢੰਗ ਨਾਲ ਕਰਨ ਦੀ ਪ੍ਰੇਰਣਾ ਮਿਲੀ, ਜਿੱਥੇ ਉਨ੍ਹਾਂ ਨੇ ਮੁੱਖ ਵਿਗਿਆਨਕ ਡਾ. ਅਜੈ ਸਿੰਘ ਯਾਦਵ ਨੇ ਮਸ਼ਰੂਮ ਦੇ ਫਾਇਦੇਮੰਦ ਗੁਣਾਂ ਤੋਂ ਜਾਣੂ ਕਰਵਾਇਆ ਅਤੇ ਇਸਦੀ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।

ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਤਾਂ ਵਿਗਿਆਨਕ ਅਜੈ ਸਿੰਘ ਯਾਦਵ ਦੇ ਇਲਾਵਾ ਉਨ੍ਹਾਂ ਨੂੰ ਖੇਤੀ ਦੇ ਲਈ ਉਤਸ਼ਾਹਿਤ ਅਤੇ ਮਦਦ ਕਰਨ ਵਾਲੀ ਉਨ੍ਹਾਂ ਦੀ ਪਤਨੀ ਸੀ। ਉਨ੍ਹਾਂ ਦੇ ਪਰਿਵਾਰ ਦੇ ਹੋਰ ਛੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਸਾਥ ਦਿੱਤਾ।

ਅਸ਼ੋਕ ਵਿਸ਼ਿਸ਼ਟ ਮਸ਼ਰੂਮ ਦੀ ਖੇਤੀ ਕਰਨ ਲਈ ਮਹੱਤਵਪੂਰਨ ਤਿੰਨ ਕੰਮ ਕਰਦੇ ਹਨ:

ਪਹਿਲਾ ਕੰਮ: ਪਹਿਲਾਂ ਉਹ ਝੋਨੇ ਦੀ ਪਰਾਲੀ, ਕਣਕ ਦੀ ਪਰਾਲੀ, ਬਾਜਰੇ ਦੀ ਪਰਾਲੀ ਆਦਿ ਦਾ ਉਪਯੋਗ ਕਰਕੇ ਖਾਦ ਤਿਆਰ ਕਰਦੇ ਹਨ, ਉਹ ਪਰਾਲੀ ਨੂੰ 3 ਤੋਂ 4 ਸੈਂ.ਮੀ. ਕੱਟ ਲੈਂਦੇ ਹਨ ਅਤੇ ਉਸਨੂੰ ਪਾਣੀ ਵਿੱਚ ਭਿਉਂਦੇ ਹਨ।

ਦੂਜਾ ਕੰਮ: ਉਹ ਘਰ ਵਿੱਚ ਖਾਦ ਤਿਆਰ ਕਰਨ ਲਈ ਪਰਾਲੀ ਨੂੰ 28 ਦਿਨਾਂ ਲਈ ਛੱਡ ਦਿੰਦੇ ਹਨ।

ਤੀਜਾ ਕੰਮ: ਜਦੋਂ ਖਾਦ ਤਿਆਰ ਹੋ ਜਾਂਦੀ ਹੈ। ਫਿਰ ਉਸ ਵਿੱਚ ਮਸ਼ਰੂਮ ਦੇ ਬੀਜਾਂ ਨੂੰ ਬੀਜ ਦਿੱਤਾ ਜਾਂਦਾ ਹੈ, ਜੋ ਖ਼ਾਸ ਤੌਰ ‘ਤੇ ਲੈਬ ਵਿੱਚ ਤਿਆਰ ਹੁੰਦੇ ਹਨ।

ਮਸ਼ਰੂਮ ਦੀ ਖੇਤੀ ਕਰਨ ਲਈ ਉਹ ਹਮੇਸ਼ਾ ਇਹ ਤਿੰਨ ਕੰਮ ਕਰਦੇ ਹਨ ਅਤੇ ਮਸ਼ਰੂਮ ਦੀ ਖੇਤੀ ਤੋਂ ਇਲਾਵਾ ਉਹ ਆਪਣੇ ਖੇਤ ਵਿੱਚ ਕਣਕ ਅਤੇ ਝੋਨੇ ਦੀ ਵੀ ਖੇਤੀ ਕਰਦੇ ਹਨ। ਪੜ੍ਹਾਈ ਲਿਖਾਈ ਵਿੱਚ ਉਨ੍ਹਾਂ ਨੇ ਸਿਰਫ਼ 10ਵੀਂ ਹੀ ਪਾਸ ਕੀਤੀ ਹੈ ਪਰ ਇਸ ਚੀਜ਼ ਨੇ ਉਨ੍ਹਾਂ ਨੂੰ ਕਦੇ ਨਵੀਆਂ ਚੀਜ਼ਾਂ ਸਿੱਖਣ ਅਤੇ ਜਾਣਕਾਰੀ ਲੈਣ ਤੋਂ ਰੋਕਿਆ ਨਹੀਂ। ਆਪਣੀ ਨਵੀਂ ਸੋਚ ਅਤੇ ਉਤਸ਼ਾਹ ਨਾਲ ਉਹ ਮਸ਼ਰੂਮ ਤੋਂ ਅਲੱਗ-ਅਲੱਗ ਉਤਪਾਦ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਸ਼ਹਿਦ ਦਾ ਮੁਰੱਬਾ, ਮਸ਼ਰੂਮ ਦਾ ਅਚਾਰ, ਮਸ਼ਰੂਮ ਦਾ ਮੁਰੱਬਾ, ਮਸ਼ਰੂਮ ਦਾ ਭੁਜੀਆ, ਮਸ਼ਰੂਮ ਦੇ ਬਿਸਕੁਟ, ਮਸ਼ਰੂਮ ਦੀ ਜਲੇਬੀ ਅਤੇ ਲੱਡੂ ਵਰਗੇ ਉਤਪਾਦ ਬਣਾਏ ਹਨ। ਉਨ੍ਹਾਂ ਹਮੇਸ਼ਾ ਅਲੱਗ-ਅਲੱਗ ਉਤਪਾਦ ਬਣਾਉਣ ਲਈ ਇੱਕ ਗੱਲ ਦਾ ਧਿਆਨ ਰੱਖਿਆ ਹੈ ਅਤੇ ਉਹ ਹੈ ਸਿਹਤ। ਇਸ ਲਈ ਉਹ ਮਿੱਠੇ ਵਿਅੰਜਨਾਂ ਨੂੰ ਮਿੱਠਾ ਬਣਾਉਣ ਲਈ ਸਟੀਵੀਆ ਪੌਦੇ ਦੀ ਪ੍ਰਜਾਤੀਆਂ ਤੋਂ ਤਿਆਰ ਸਟੀਵੀਆ ਪਾਊਡਰ ਦੀ ਵਰਤੋਂ ਕਰਦੇ ਹਨ। ਸਟੀਵੀਆ ਸਿਹਤ ਦੇ ਲਈ ਇੱਕ ਚੰਗਾ ਮਿੱਠਾ ਪਦਾਰਥ ਹੁੰਦਾ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਵੀ ਜਿਆਦਾ ਹੁੰਦੇ ਹਨ। ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਚਿੰਤਾ ਤੋਂ ਸਟੀਵੀਆ ਯੁਕਤ ਮਿੱਠੇ ਉਤਪਾਦਾਂ ਦੀ ਵਰਤੋਂ ਕਰ ਸਕਦੇ ਹਨ।

ਅਸ਼ੋਕ ਵਿਸ਼ਿਸ਼ਟ ਦੀ ਯਾਤਰਾ ਬਹੁਤ ਛੋਟੇ ਪੱਧਰ ਤੋਂ ਲਗਭਗ ਜ਼ੀਰੋ ਤੋਂ ਹੀ ਸ਼ੁਰੂ ਹੋਈ ਅਤੇ ਅੱਜ ਉਨ੍ਹਾਂ ਆਪਣੀ ਸਖਤ ਮਿਹਨਤ ਤੋਂ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿੱਥੇ ਉਹ FCCI ਦੁਆਰਾ ਪ੍ਰਮਾਣਿਤ ਘਰੇਲੂ ਉਤਪਾਦਾਂ ਨੂੰ ਵੇਚਦੇ ਹਨ। ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ ਉਹ ਬ੍ਰਾਂਡ ਦਾ ਨਾਮ ਹੈ ਜਿਸਦੇ ਤਹਿਤ ਉਹ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ ਅਤੇ ਕਈ ਮਾਹਿਰ, ਅਧਿਕਾਰੀ, ਨੇਤਾ ਅਤੇ ਮੀਡੀਆ ਉਨ੍ਹਾਂ ਦੇ ਬਣਾਏ ਤਰੀਕਿਆਂ ਅਤੇ ਮਸ਼ਰੂਮ ਦੀ ਖੇਤੀ ਦੇ ਪਿੱਛੇ ਦੇ ਵਿਚਾਰ ਅਤੇ ਸੁਆਦੀ ਮਸ਼ਰੂਮ ਉਤਪਾਦਾਂ ਦੇ ਲਈ ਸਮੇਂ-ਸਮੇਂ ਤੇ ਉਨ੍ਹਾਂ ਦੇ ਫਾਰਮ ‘ਤੇ ਜਾਂਦੇ ਰਹਿੰਦੇ ਹਨ।

ਮਹਾਂਰਿਸ਼ੀ ਵਿਸ਼ਿਸ਼ਟ ਦੁਆਰਾ ਪ੍ਰਾਪਤ ਉਪਲੱਬਧੀਆਂ ਇਸ ਪ੍ਰਕਾਰ ਹਨ:

• HAIC Agro Research and Development Centre ਵੱਲੋਂ ਮਸ਼ਰੂਮ ਪ੍ਰੋਡਕਸ਼ਨ ਤਕਨਾਲੋਜੀ ਟ੍ਰੇਨਿੰਗ ਪ੍ਰੋਗਰਾਮ ਦੇ ਲਈ ਸਰਟੀਫਿਕੇਟ ਮਿਲਿਆ।

• ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵੱਲੋਂ ਟ੍ਰੇਨਿੰਗ ਸਰਟੀਫਿਕੇਟ ਮਿਲਿਆ।

• 2nd Agri Leadership Summit 2017 ਦਾ ਪੁਰਸਕਾਰ ਅਤੇ ਸਰਟੀਫਿਕੇਟ ਮਿਲਿਆ।

• DC Amna Tarneem Jind ਦੇ ਵੱਲੋਂ ਪ੍ਰਸੰਸਾ ਪੁਰਸਕਾਰ ਮਿਲਿਆ।

ਮਸ਼ਰੂਮ ਦਾ ਬੀਜ:
ਹਾਲ ਹੀ ਵਿੱਚ ਅਸ਼ੋਕ ਜੀ ਨੇ ਮਸ਼ਰੂਮ ਦਾ ਬੀਜ ਤਿਆਰ ਕੀਤਾ ਹੈ, ਜਿਸ ਨੂੰ ਸਪਾਨ ਦੀ ਜਗ੍ਹਾ ‘ਤੇ ਵਰਤਿਆ ਜਾ ਸਕਦਾ ਹੈ ਤੇ ਅਜਿਹਾ ਕਰਨ ਵਾਲੇ ਉਹ ਦੁਨੀਆਂ ਦੇ ਪਹਿਲੇ ਕਿਸਾਨ ਹਨ।

ਖੈਰ, ਅਸ਼ੋਕ ਵਿਸ਼ਿਸ਼ਟ ਦੇ ਬਾਰੇ ਉੱਲੇਖ ਕਰਨ ਲਈ ਇਹ ਸਿਰਫ਼ ਕੁੱਝ ਪੁਰਸਕਾਰ ਅਤੇ ਉਪਲੱਬਧੀਆਂ ਹੀ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਮੱਝ ਨੇ 23 ਕਿੱਲੋ ਦੁੱਧ ਦੇ ਕੇ ਪ੍ਰਤੀਯੋਗਤਾ ਜਿੱਤੀ, ਜਿਸ ਨਾਲ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦਾ ਨਕਦੀ ਪੁਰਸਕਾਰ ਮਿਲਿਆ। ਉਨ੍ਹਾਂ ਕੋਲ 4-5 ਏਕੜ ਜ਼ਮੀਨ ਹੈ ਅਤੇ 6 ਮੁਰ੍ਹਾ ਮੱਝਾਂ ਹਨ। ਜਿਨ੍ਹਾਂ ਤੋਂ ਉਹ ਸਭ ਤੋਂ ਚੰਗੀ ਕਮਾਈ ਅਤੇ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਵਿਭਿੰਨ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਵੀ ਜਾਂਦੇ ਹਨ, ਜੋ ਉਨ੍ਹਾਂ ਦੇ ਉਤਪਾਦਾਂ ਨੂੰ ਦਿਖਾਉਣ ਅਤੇ ਉਨ੍ਹਾਂ ਦੇ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਆਪਣੀ ਸਖ਼ਤ ਮਿਹਨਤ ਅਤੇ ਜੋਸ਼ ਨਾਲ ਉਹ ਭਵਿੱਖ ਵਿੱਚ ਨਿਸ਼ਚਿਤ ਹੀ ਖੇਤੀ ਦੇ ਖੇਤਰ ਵਿੱਚ ਹੋਰ ਸਫ਼ਲਤਾਵਾਂ ਅਤੇ ਪ੍ਰਸ਼ੰਸਾ ਪ੍ਰਾਪਤ ਕਰਨਗੇ।

ਅਸ਼ੋਕ ਵਿਸ਼ਿਸ਼ਟ ਦਾ ਕਿਸਾਨਾਂ ਲਈ ਇੱਕ ਖ਼ਾਸ ਸੰਦੇਸ਼
ਮਸ਼ਰੂਮ ਬੇਹੱਦ ਪੌਸ਼ਟਿਕ ਅਤੇ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ। ਮੈਂ ਕੁਦਰਤੀ ਤਰੀਕੇ ਨਾਲ ਮਸ਼ਰੂਮ ਦੀ ਖੇਤੀ ਕਰਕੇ ਬਹੁਤ ਲਾਭ ਕਮਾਇਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੋਜਨ ਉਤਪਾਦ ਤਿਆਰ ਕਰਨਾ ਸਾਨੂੰ ਭਵਿੱਖ ਵਿੱਚ ਬਹੁਤ ਅੱਗੇ ਲਿਜਾ ਸਕਦਾ ਹੈ ਸੋ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਮਸ਼ਰੂਮ ਦੀ ਖੇਤੀ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਜੋ ਇਨ੍ਹਾਂ ਨਾਲ ਤਿਆਰ ਉਤਪਾਦਾਂ ਨੂੰ ਵੇਚਣ ਲਈ ਵੱਧ ਮਾਤਰਾ ਵਿੱਚ ਉਤਪਾਦਾਂ ਦਾ ਉਤਪਾਦਨ ਕੀਤਾ ਜਾ ਸਕੇ। ਹੋਰ ਕਿਸਾਨਾਂ ਲਈ ਮੇਰਾ ਸੰਦੇਸ਼ ਇਹ ਹੈ ਕਿ ਉਨ੍ਹਾਂ ਨੂੰ ਵੀ ਮਸ਼ਰੂਮ ਦੀ ਖੇਤੀ ਕਰਨੀ ਚਾਹੀਦੀ ਹੈ ਅਤੇ ਬਜ਼ਾਰ ਵਿੱਚ ਮਸ਼ਰੂਮ ਤੋਂ ਬਣੇ ਵਿਭਿੰਨ ਉਤਪਾਦ ਵੇਚਣੇ ਚਾਹੀਦੇ ਹਨ। ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਮਸ਼ਰੂਮ ਦੀ ਖੇਤੀ ਤੋਂ ਵੱਡੀ ਕਮਾਈ ਕਰ ਸਕਦੇ ਹਨ। ਇੱਥੋਂ ਤੱਕ ਕਿ ਘੱਟ ਜ਼ਮੀਨ ਵਾਲੇ ਕਿਸਾਨ ਵੀ ਮਸ਼ਰੂਮ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵੀ ਖੇਤੀ ਦੇ ਇਸ ਖੇਤਰ ਨੂੰ ਚੁਣਨਾ ਚਾਹੀਦਾ ਹੈ।

ਗੁਰਦੀਪ ਸਿੰਘ ਨੰਬਰਦਾਰ

ਪੂਰੀ ਕਹਾਣੀ ਪੜ੍ਹੋ

ਮਸ਼ਰੂਮ ਦੀ ਖੇਤੀ ਵਿੱਚ ਗੁਰਦੀਪ ਸਿੰਘ ਜੀ ਦੀ ਸਫ਼ਲਤਾ ਦੀ ਕਹਾਣੀ

ਪਿੰਡ ਗੁਰਾਲੀ, ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) ਵਿੱਚ ਸਥਿਤ ਪੂਰੇ ਪਰਿਵਾਰ ਦੀ ਸਾਂਝੀ ਕੋਸ਼ਿਸ਼ ਅਤੇ ਸਹਾਇਤਾ ਨਾਲ, ਗੁਰਦੀਪ ਸਿੰਘ ਨੰਬਰਦਾਰ ਨੇ ਮਸ਼ਰੂਮ ਦੇ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਆਪਣੇ ਸਾਰੇ ਸ੍ਰੋਤਾਂ ਅਤੇ ਦ੍ਰਿੜ੍ਹਤਾ ਨੂੰ ਇਕੱਤਰ ਕਰਕੇ, ਉਨ੍ਹਾਂ ਨੇ 2003 ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਨ੍ਹਾਂ ਦੇ ਇਸ ਸਹਾਇਕ ਧੰਦੇ ਨੇ 60 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਹੈ।

ਉਹ ਇਸ ਧੰਦੇ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਉੱਚ ਪੱਧਰ ਵੱਲ ਵਧਾ ਰਹੇ ਹਨ, ਅੱਜ ਗੁਰਦੀਪ ਸਿੰਘ ਜੀ ਨੇ ਇੱਕ ਸਫ਼ਲ ਮਸ਼ਰੂਮ ਉਤਪਾਦਕ ਦੀ ਪਛਾਣ ਬਣਾ ਲਈ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਇੱਕ ਵੱਡਾ ਮਸ਼ਰੂਮ ਫਾਰਮ ਵੀ ਬਣਾਇਆ ਹੈ। ਮਸ਼ਰੂਮ ਦੇ ਸਫ਼ਲ ਕਿਸਾਨ ਹੋਣ ਤੋਂ ਇਲਾਵਾ ਉਹ 20 ਸਾਲ ਤੱਕ ਆਪਣੇ ਪਿੰਡ ਦੇ ਸਰਪੰਚ ਵੀ ਰਹੇ।

ਉਨ੍ਹਾਂ ਨੇ ਇਸ ਉੱਦਮ ਦੀ ਸ਼ੁਰੂਆਤ ਪੀ.ਏ.ਯੂ. ਦੁਆਰਾ ਦਿੱਤੇ ਗਏ ਸੁਝਾਅ ਦੇ ਅਨੁਸਾਰ ਕੀਤੀ ਅਤੇ ਸ਼ੁਰੂ ਵਿੱਚ ਉਨ੍ਹਾਂ ਨੂੰ ਲਗਭਗ 20 ਕੁਇੰਟਲ ਤੂੜੀ ਦਾ ਖਰਚਾ ਆਇਆ। ਅੱਜ 2003 ਦੇ ਮੁਕਾਬਲੇ ਉਨ੍ਹਾਂ ਦਾ ਫਾਰਮ ਬਹੁਤ ਵੱਡਾ ਹੈ ਅਤੇ ਹੁਣ ਉਨ੍ਹਾਂ ਨੂੰ ਸਾਲਾਨਾ ਲਗਭਗ 7 ਹਜ਼ਾਰ ਕੁਇੰਟਲ ਤੂੜੀ ਦਾ ਖਰਚ ਆਉਂਦਾ ਹੈ।

ਉਨ੍ਹਾਂ ਦੇ ਪਿੰਡ ਦੇ ਕਈ ਕਿਸਾਨ ਉਨ੍ਹਾਂ ਦੀ ਪਹਿਲਕਦਮੀ ਤੋਂ ਪ੍ਰੇਰਿਤ ਹੁਏ ਹਨ। ਮਸ਼ਰੂਮ ਦੀ ਖੇਤੀ ਵਿੱਚ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ, ਫਿਰੋਜ਼ਪੁਰ ਦੁਆਰਾ ਉਨ੍ਹਾਂ ਦੇ ਪਿੰਡ ਵਿੱਚ ਆਯੋਜਿਤ ਅਗਾਂਹਵਧੂ ਕਿਸਾਨ ਮੇਲੇ ਵਿੱਚ ਉੱਚ ਤਕਨੀਕ ਖੇਤੀ ਦੁਆਰਾ ਮਸ਼ਰੂਮ ਉਤਪਾਦਨ ਲਈ ਜ਼ਿਲ੍ਹਾ ਪੱਧਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼
“ਮਸ਼ਰੂਮ ਦੀ ਖੇਤੀ ਘੱਟ ਨਿਵੇਸ਼ ਵਾਲਾ ਲਾਭਦਾਇਕ ਉੱਦਮ ਹੈ। ਜੇਕਰ ਕਿਸਾਨ ਵਧੀਆ ਕਮਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਸ਼ਰੂਮ ਦੀ ਖੇਤੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।”