ਅਨੀਤਾ ਗੋਇਲ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਆਪਣੀ ਮਿਹਨਤ ਨਾਲ ਇੱਕ ਆਮ ਗ੍ਰਹਿਣੀ ਤੋਂ ਜ਼ਾਇਕਾ ਮੈਮ ਦੇ ਨਾਮ ਤੋਂ ਜਾਣੀ ਜਾਣ ਲੱਗੀ

ਭਾਰਤ ਵਿੱਚ ਪੁਰਾਣੇ ਸਮੇਂ ਵਿੱਚ ਵਿਆਹ ਤੋਂ ਬਾਅਦ, ਜ਼ਿਆਦਾਤਰ ਮਹਿਲਾਵਾਂ ਵਿੱਚ ਇੰਨਾ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਅਪਣਾ ਸਕਣ। ਉਹ ਸਿਰਫ਼ ਘਰ ਬੈਠ ਕੇ ਘਰੇਲੂ ਕੰਮ-ਕਾਜ ਹੀ ਕਰਦੀਆਂ ਸਨ। ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਨਾ ਅਪਣਾ ਸਕਣ ਦੇ ਕਾਰਨ ਸਮਾਜਿਕ ਦਬਾਅ, ਪਰਿਵਾਰਿਕ ਦਬਾਅ, ਪਰੰਪਰਾਵਾਦੀ ਸਮਾਜ, ਆਰਥਿਕ ਸੰਕਟ, ਪਰਿਵਾਰਿਕ ਜ਼ਿੰਮੇਵਾਰੀਆਂ ਆਦਿ ਸਨ। ਪਰ ਕੁੱਝ ਮਹਿਲਾਵਾਂ ਅਜਿਹੀਆਂ ਸਨ ਜੋ ਇਨ੍ਹਾਂ ਸਭ ਕਾਰਨਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹਟੀਆਂ। ਇਸ ਤਰ੍ਹਾਂ ਦੀਆਂ ਮਹਿਲਾਵਾਂ ਲਈ ਇਹ ਵਾਕ ਢੁੱਕਵਾਂ ਹੈ- ਆਪਣੇ ਅੰਦਰ ਤੋਂ ਪ੍ਰਕਾਸ਼ਿਤ ਹੋਈ ਰੌਸ਼ਨੀ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਹੈ।

ਅਜਿਹੀ ਇੱਕ ਮਹਿਲਾ ਅਨੀਤਾ ਗੋਇਲ ਹੈ, ਜੋ ਪੂਰੇ ਮਹਿਲਾ ਸਮਾਜ ਲਈ ਇੱਕ ਪ੍ਰੇਰਣਾ ਹਨ। ਅਨੀਤਾ ਗੋਇਲ ਜੀ ਲੁਧਿਆਣਾ ਵਿੱਚ ਪੈਂਦੇ ਕਸਬੇ ਜਗਰਾਓਂ ਦੇ ਇੱਕ ਸਫ਼ਲ ਉਦਯੋਗਪਤੀ ਹਨ। ਉਹ ਆਪਣੇ ਇਲਾਕੇ ਵਿੱਚ ਕੁਕਿੰਗ ਕਲਾਸਾਂ ਲਈ ਬਹੁਤ ਪ੍ਰਸਿੱਧ ਹਨ ਅਤੇ ਜ਼ਾਇਕਾ ਕੁਕਿੰਗ ਕਲਾਸ ਦੇ ਬ੍ਰੈਂਡ ਅਧੀਨ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ, ਜਵਾਨ ਕੁੜੀਆਂ ਅਤੇ ਵੱਡੀ ਉਮਰ ਦੀਆਂ ਮਹਿਲਾਵਾਂ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਚਿੱਤਰਕਾਰੀ ਅਤੇ ਕਢਾਈ ਵੀ ਸਿਖਾਉਂਦੇ ਹਨ। ਉਨ੍ਹਾਂ ਦੀ ਕੰਮ ਪ੍ਰਤੀ ਭਾਵਨਾ ਕਾਰਨ ਉਹ ‘ਜ਼ਾਇਕਾ ਮੈਡਮ’ ਦੇ ਨਾਮ ਨਾਲ ਪੂਰੇ ਸ਼ਹਿਰ ਵਿੱਚ ਜਾਣੇ ਜਾਂਦੇ ਹਨ। ਉਹ 2009 ਵਿੱਚ ਪੀ ਏ ਯੂ ਵਿੱਚ ਕਿਸਾਨ ਕਲੱਬ ਦੇ ਮੈਂਬਰ ਬਣੇ ਅਤੇ ਅੱਜ ਵੀ ਉਹ ਪੀ ਏ ਯੂ ਦੇ ਵਿੱਚ ਲਗਾਤਾਰ ਕਲਾਸਾਂ ਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀ ਕੁਕਿੰਗ ਦੇ ਸਬਕ (ਵਿਸ਼ੇ) ਬੜੀ ਲਗਨ ਨਾਲ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ।

ਉਨ੍ਹਾਂ ਦੀ ਸਫ਼ਲਤਾ, ਖੁਸ਼ਹਾਲੀ ਅਤੇ ਨਾਮ ਇੰਨੀ ਆਸਾਨੀ ਨਾਲ ਹਾਸਿਲ ਨਹੀਂ ਹੋਇਆ। ਇਹ ਸਭ 1986 ਵਿੱਚ ਵਿਆਹ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜਿੱਥੇ ਮਹਿਲਾਵਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਜਾ ਕੇ ਆਪਣਾ ਕੋਈ ਕੰਮ ਕਰ ਸਕਦੀਆਂ ਸਨ। ਪਰ ਇਹ ਸਭ ਕਰਨ ਵਾਲੀ ਉਹ ਪਰਿਵਾਰ ਦੀ ਪਹਿਲੀ ਮਹਿਲਾ ਸੀ। ਉਨ੍ਹਾਂ ਦੇ ਪਤੀ ਪੇਸ਼ੇ ਤੋਂ ਇੱਕ ਵਕੀਲ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਵਧੀਆ ਸੀ, ਇਸ ਲਈ ਉਨ੍ਹਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ। ਪਰ ਉਨ੍ਹਾਂ ਦਾ ਜੋਸ਼ ਹੀ ਉਨ੍ਹਾਂ ਨੂੰ ਕਾਮਯਾਬੀ ਦੇ ਇਸ ਪੜਾਅ ‘ਤੇ ਲੈ ਆਇਆ, ਜਿਸ ‘ਤੇ ਅੱਜ ਉਹ ਮੌਜੂਦ ਹਨ। ਇਸ ਸਮੇਂ ਉਹ ਜਗਰਾਓਂ ਵਿਖੇ ਆਪਣੇ ਖੁਸ਼ਹਾਲ ਅਤੇ ਸੰਪੂਰਨ ਪਰਿਵਾਰ (ਪਤੀ, ਦੋ ਪੁੱਤਰ, ਇੱਕ ਧੀ, ਦੋ ਨੂੰਹਾਂ ਅਤੇ ਪੋਤੇ) ਨਾਲ ਰਹਿ ਰਹੇ ਹਨ ਅਤੇ ਆਪਣੇ ਛੋਟੇ ਪੁੱਤਰ ਨਾਲ ਰੋਜ਼ਾਨਾ ਕਾਰੋਬਾਰ ਅਤੇ ਸਿਖਲਾਈ ਸੂਚੀ ਸੰਭਾਲ ਰਹੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ, ਜਿਸਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ।

ਇਹ ਕਿਹਾ ਜਾਂਦਾ ਹੈ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸ਼੍ਰੀਮਤੀ ਅਨੀਤਾ ਗੋਇਲ ਨੇ ਵੀ ਅਜਿਹਾ ਕੀਤਾ। ਉਨ੍ਹਾਂ ਨੇ ਪਹਿਲੇ ਕੰਮ ਤੋਂ 750 ਰੁਪਏ ਪ੍ਰਤੀ ਮਹੀਨਾ ਕਮਾਉਣਾ ਸ਼ੁਰੂ ਕੀਤਾ, ਜਿਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਦੇ ਪਤੀ ਵੀ ਇਤਰਾਜ਼ ਕਰ ਰਹੇ ਸਨ ਅਤੇ ਉਨ੍ਹਾਂ ਲਈ ਵੀ ਇੰਨੇ ਥੋੜ੍ਹੇ ਪੈਸਿਆਂ ਵਿੱਚ ਸਾਰੇ ਖ਼ਰਚੇ (ਕੁਕਿੰਗ ਸਮੱਗਰੀ ਦਾ ਖ਼ਰਚਾ, ਸਹੂਲਤਾਂ, ਨਿੱਜੀ ਵਰਤੋਂ) ਚਲਾਉਣਾ ਮੁਸ਼ਕਿਲ ਸੀ। ਸ਼ੁਰੂ ਵਿੱਚ ਉਨ੍ਹਾਂ ਨੇ ਬੜੀਆਂ ਔਕੜਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਗਵਾਇਆ, ਪਰ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਜੋਸ਼ ਅਤੇ ਲਗਨ ਨੂੰ ਹਮੇਸ਼ਾ ਜਿਉਂਦੇ ਰੱਖਿਆ। ਸਖ਼ਤ ਮਿਹਨਤ ਤੋਂ ਬਾਅਦ ਆਖਿਰ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ ਅਤੇ ਆਪਣੀ ਕੁਕਿੰਗ ਕਲਾਸਾਂ ਸ਼ੁਰੂ ਕੀਤੀਆਂ ਅਤੇ ਅੱਜ ਉਹ ਸਫ਼ਲਤਾ-ਪੂਰਵਕ ਆਪਣਾ ਕਾਰੋਬਾਰ ਚਲਾ ਰਹੇ ਹਨ।

ਉਨ੍ਹਾਂ ਲਈ ਕੁਕਿੰਗ ਖੁਸ਼ੀਆਂ ਵੰਡਣ ਵਾਂਗ ਹੈ ਅਤੇ ਉਨ੍ਹਾਂ ਦੇ ਖਾਣਯੋਗ ਉਤਪਾਦਾਂ ਦਾ ਸਵਸਥ ਹੋਣਾ ਹੀ ਉਨ੍ਹਾਂ ਦੇ ਕੁਕਿੰਗ ਦੇ ਗੁਣ ਨੂੰ ਬਾਕੀਆਂ ਤੋਂ ਅਲੱਗ ਅਤੇ ਖਾਸ ਬਣਾਉਂਦਾ ਹੈ। ਉਹ ਹਰ ਤਰ੍ਹਾਂ ਦੇ ਬੇਕਰੀ ਉਤਪਾਦ, ਆਚਾਰ, ਚੱਟਨੀ, 17 ਤਰ੍ਹਾਂ ਦੇ ਮਸਾਲੇ, 3 ਤਰ੍ਹਾਂ ਦੇ ਮਿਕਸ ਮਸਾਲੇ ਅਤੇ 3 ਤਰ੍ਹਾਂ ਦੇ ਇੰਸਟੈਂਟ ਮਿੱਠੇ ਮਿਕਸ ਪਕਵਾਨ (ਠੰਡਾਈ, ਫਿਰਨੀ ਅਤੇ ਖੀਰ) ਬਣਾਉਂਦੇ ਹਨ। ਉਹ ਬਰੈੱਡ, ਮਫਿੱਨ, ਪਿੱਜ਼ਾ ਬੇਸ, ਵੱਖ-ਵੱਖ ਤਰ੍ਹਾਂ ਦੇ ਕੇਕ, ਨਾਰੀਅਲ ਕੈਸਲ, ਕੱਪ ਕੇਕ, ਬਿਸਕੁਟ ਅਤੇ ਹੋਰ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਲਈ ਮੈਦੇ ਦੀ ਜਗ੍ਹਾ ਕਣਕ ਦੇ ਆਟੇ ਦੀ ਵਰਤੋਂ ਕਰਦੇ ਹਨ। ਉਹ ਆਚਾਰ ਵਿੱਚ ਲੂਣ, ਖੰਡ ਅਤੇ ਤੇਲ ਤੋਂ ਇਲਾਵਾ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਤਿੰਨ ਚੀਜ਼ਾਂ ਕਾਫੀ ਹਨ। ਉਨ੍ਹਾਂ ਦੁਆਰਾ ਬਣਾਇਆ ਗਿਆ ਹਰ ਉਤਪਾਦ ਕੁਦਰਤੀ ਅਤੇ ਸਿਹਤ ਲਈ ਲਾਭਦਾਇਕ ਹੈ। ਆਚਾਰ ਦੇ ਬਹੁਤ ਸੁਆਦੀ ਹੋਣ ਕਾਰਨ ਵਿਦੇਸ਼ਾਂ ਵਿੱਚ ਵੀ ਇਸ ਆਚਾਰ ਦੀ ਬਹੁਤ ਮੰਗ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣਾ ਕੰਮ ਵਧੀਆ ਕਰਕੇ ਦਿਖਾਉਂਦੇ ਹੋ, ਤਾਂ ਯਕੀਨਨ ਤੁਸੀਂ ਬਾਕੀਆਂ ਸਾਰਿਆਂ ਤੋਂ ਅਲੱਗ ਦਿਖਾਈ ਦਿਉਗੇ।

ਸ੍ਰੀਮਤੀ ਅਨੀਤਾ ਗੋਇਲ ਵੱਲੋਂ ਦਿੱਤੋ ਗਿਆ ਸੰਦੇਸ਼
“ਉਹਨਾਂ ਦਾ ਕਹਿਣਾ ਹੈ ਕੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ , ਜੇਕਰ ਤੁਸੀਂ ਅਸਲ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਤੁਹਾਨੂੰ ਪੱਕਾ ਨਿਸਚਾ ਅਤੇ ਇੱਛਾ ਸ਼ਕਤੀ ਨਾਲ ਅੱਗੇ ਵਧਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਪੱਕਾ ਇਰਾਦਾ ਹੈਤਾਂ  ਤੁਸੀ ਕੁੱਝ ਵੀ ਪ੍ਰਾਪਤ ਕਰ ਸਕਦੇ ਹੋ। ਇਕ ਮਹਿਲਾ ਆਪਣੀ ਸ਼ਕਤੀ ਦੇ ਨਾਲ ਹੀ ਅੱਗੇ ਵੱਧ ਸਕਦੀ ਹੈ। ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ। ਮਹਿਲਾ ਦੀ ਪਹਿਚਾਣ ਉਸ ਦੇ ਗੁਣਾ ਅਤੇ ਪ੍ਰਤਿਭਾ ਨਾਲ ਹੁੰਦੀ ਹੈ ਨਾ ਕਿ ਸਿਰਫ਼ ਉਸ ਦੇ ਪਤੀ ਦੇ ਨਾਮ ਤੋਂ| ਜਦੋਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਬਹੁਤ ਮਾਨ ਮਹਿਸੂਸ ਹੁੰਦਾ ਹੈ।”

 

ਅਮਰਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਸਾਨ ਜੰਕਸ਼ਨ – ਇਕ ਐਸੇ ਕਿਸਾਨ ਦੀ ਕਹਾਣੀ ਜਿਸ ਨੇ ਆਪਣੀ ਨੌਕਰੀ ਛੱਡ ਕੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਬਣ ਗਏ ਇਕ ਸਫ਼ਲ ਖੇਤੀਪਰੈਨਯੋਰ

ਅੱਜ-ਕੱਲ੍ਹ ਹਰ ਕਿਸੀ ਦਾ ਸੁਪਨਾ ਹੈ ਕਿ ਉਹ ਇਕ ਨੌਕਰੀ ਨੂੰ ਆਪਣੇ ਪੇਸ਼ੇ ਵਜੋਂ ਅਪਨਾਉਣ ਅਤੇ ਇਹਦੇ ਵਿੱਚ ਕੁੱਝ ਗ਼ਲਤ ਵੀ ਨਹੀਂ ਹੈ। ਸਾਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਸੇਵਾ ਖੇਤਰ ਵਿੱਚ ਇਕ ਚੰਗੀ ਨੌਕਰੀ ਕਰ ਕੇ ਹੀ ਜ਼ਿੰਦਗੀ ਵਿੱਚ ਖੁਸ਼ੀ ਅਤੇ ਸੁੱਖ ਪਾਇਆ ਜਾ ਸਕਦਾ ਹੈ। ਬਹੁਤ ਘੱਟ ਲੋਕ ਹਨ ਜੋ ਆਪਣੇ ਆਪ ਨੂੰ ਮਿੱਟੀ ਨਾਲ ਮਿੱਟੀ ਕਰ ਕੇ ਆਪਣੀ ਆਜੀਵਿਕਾ ਕਮਾਉਣਾ ਚਾਹੁੰਦੇ ਹਨ। ਇਕ ਐਸੇ ਇਨਸਾਨ ਹਨ ਜਿਹਨਾਂ ਨੇ ਆਪਣੀ ਨੌਕਰੀ ਛੱਡ ਕੇ ਮਿੱਟੀ ਨੂੰ ਚੁਣਿਆ ਅਤੇ ਸਫ਼ਲਤਾ ਨਾਲ ਕੁਦਰਤੀ ਖੇਤੀ ਕਰ ਰਹੇ ਹਨ।

ਸ. ਅਮਰਜੀਤ ਸਿੰਘ ਇਕ ਖੇਤੀਪਰੈਨਯੋਰ ਹਨ, ਜੋ ਪੂਰੀ ਤਰ੍ਹਾਂ ਡੇਅਰੀ ਫਾਰਮਿੰਗ ਅਤੇ ਜੈਵਿਕ ਖੇਤੀ ਦੇ ਕੰਮ ਵਿੱਚ ਮਸ਼ਰੂਫ ਹਨ ਅਤੇ ਇਕ ਰੈਸਟੋਰੇਂਟ ਵੀ ਚਲਾ ਰਹੇ ਹਨ। ਜਿਸ ਦਾ ਨਾਲ ਕਿਸਾਨ ਜੰਕਸ਼ਨ ਹੈ, ਜੋ ਕੇ ਪਿੰਡ ਘੜੂੰਆਂ ਵਿਖੇ ਹੈ। ਉਹਨਾਂ ਨੇ 2007 ਵਿੱਚ ਖੇਤੀ ਸ਼ੁਰੂ ਕੀਤੀ। ਉਸ ਸਮੇਂ ਉਹਨਾਂ ਦੀ ਕੋਈ ਖ਼ਾਸ ਯੋਜਨਾ ਨਹੀਂ ਸੀ, ਬਸ ਉਹਨਾਂ ਕੋਲ ਆਪਣੇ ਜੀਵਨ ਵਿੱਚ ਕੁੱਝ ਕਰ ਵਿਖਾਉਣ ਦਾ ਵਿਸ਼ਵਾਸ ਸੀ।

ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਅਮਰਜੀਤ ਸਿੰਘ ਟ੍ਰੇਨਿੰਗ ਲੈਣ ਲਈ ਪੀ.ਏ.ਯੂ. ਗਏ ਅਤੇ ਵੱਖ-ਵੱਖ ਰਾਜਾਂ ਦਾ ਦੌਰਾ ਵੀ ਕੀਤਾ ਜਿਥੇ ਉਹਨਾਂ ਨੇ ਕਿਸਾਨਾਂ ਨੂੰ ਬਿਨਾਂ ਕੇਮਿਕਲਸ ਦਾ ਪ੍ਰਯੋਗ ਕੀਤੇ ਖੇਤੀ ਕਰਦੇ ਹੋਏ ਵੇਖਿਆ। ਉਹ ਹਲਦੀ ਦੀ ਖੇਤੀ ਅਤੇ ਪ੍ਰੋਸੈਸਸਿੰਗ ਸੰਬੰਧੀ ਟ੍ਰੇਨਿੰਗ ਦੇ ਲਈ ਕੇਰਲ ਵੀ ਗਏ।

ਆਪਣੇ ਰਾਜ ਪੰਜਾਬ ਦੇ ਦੌਰੇ ਅਤੇ ਸਿੱਖਿਆ ਨਾ ਉਹਨਾਂ ਨੂੰ ਪਤਾ ਲੱਗਾ ਕੇ ਖਾਣ ਵਾਲੀਆਂ ਚੀਜ਼ਾਂ ਵਿੱਚ ਬਹੁਤ ਮਿਲਾਵਟ ਹੁੰਦੀ ਹੈ ਜੋ ਕਿ ਅਸੀਂ ਰੋਜ਼ ਵਰਤਦੇ ਹਾਂ ਅਤੇ ਇਸਦੇ ਬਾਅਦ ਉਹਨਾਂ ਨੇ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ ਤਾਂ ਜੋ ਉਹ ਬਿਨਾਂ ਕਿਸੀ ਜ਼ਹਿਰ ਦਾ ਇਸਤੇਮਾਲ ਕੀਤੇ ਚੰਗੇ ਖਾਦ ਪਦਾਰਥਾਂ ਦਾ ਉਤਪਾਦਨ ਕਰ ਸਕਣ। ਪਿਛਲੇ ਦੋ ਸਾਲਾਂ ਤੋਂ ਉਹ ਆਪਣੇ ਖੇਤਾਂ ਵਿੱਚ ਕਿਸੀ ਤਰ੍ਹਾਂ ਦੇ ਕੀਟਨਾਸ਼ਕ ਪ੍ਰਯੋਗ ਕੀਤੇ ਬਿਨਾਂ ਜੈਵਿਕ ਖਾਦ ਦਾ ਪ੍ਰਯੋਗ ਕਰ ਕੇ ਜੈਵਿਕ ਖੇਤੀ ਕਰ ਰਹੇ ਹਨ। ਖੇਤੀ ਦੇ ਲਈ ਉਹਨਾਂ ਵਿੱਚ ਏਨਾ ਪਿਆਰ ਹੈ ਕਿ ਉਹਨਾਂ ਕੋਲ ਕੇਵਲ 1.5 ਏਕੜ ਜ਼ਮੀਨ ਹੈ ਅਤੇ ਉਸ ਵਿੱਚ ਹੀ ਉਹਗੰਨਾ, ਕਣਕ, ਝੋਨਾ, ਹਲਦੀ, ਅੰਬ, ਤਰਬੂਜ਼, ਮਸਾਲੇ, ਹਰਬਲ ਪੌਦੇ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਂਦੇ ਹਨ।

ਪੀ.ਏ.ਯੂ. ਵਿੱਚ ਡਾ. ਰਮਨਦੀਪ ਸਿੰਘ ਦਾ ਇਕ ਖ਼ਾਸ ਨਾਮ ਹੈ ਜਿਹਨਾਂ ਤੋਂ ਅਮਰਜੀਤ ਸਿੰਘ ਜੀ ਪ੍ਰੇਰਿਤ ਹੋਏ ਅਤੇ ਆਪਣੇ ਜੀਵਨ ਨੂੰ ਇਕ ਨਵਾਂ ਮੋੜ ਦੇਣ ਦਾ ਫੈਸਲਾ ਕੀਤਾ। ਡਾ. ਰਮਨਦੀਪ ਸਿੰਘ ਨੇ ਉਹਨਾਂ ਨੂੰ ਪਹਿਲਾਂ ਓਨ ਫਾਰਮ ਮਾਰਕੀਟ ਦਾ ਵਿਚਾਰ ਦਿੱਤੋ ਜਿਹੜੇ ਤੇ ਕਿਸਾਨ ਜੰਕਸ਼ਨ ਅਧਾਰਿਤ ਹੈ। ਅੱਜ ਅਮਰਜੀਤ ਸਿੰਘ ਕਿਸਾਨ ਜੰਕਸ਼ਨ ਚਲਾ ਰਹੇ ਹਨ ਜੋ ਕੇ ਉਹਨਾਂ ਦੇ ਫਾਰਮ ਦੇ ਨਾਲ ਚੰਡੀਗੜ੍ਹ ਲੁਧਿਆਣਾ ਰੋਡ ‘ਤੇ ਹੈ। ਕਿਸਾਨ ਜੰਕਸ਼ਨ ਦਾ ਮੁੱਖ ਮਕਸਦ ਕਿਸਾਨਾਂ ਨੂੰ ਉਹਨਾਂ ਦੇ ਪ੍ਰੋਸੈੱਸ ਕੀਤੇ ਹੋਏ ਉਤਪਾਦਾਂ ਦੇ ਸਹਾਰੇ ਬਾਜ਼ਾਰ ਤਕ ਪਹੁੰਚਾਉਣ ਵਿੱਚ ਮਦਦ ਕਰਨਾ ਹੈ, ਉਹਨਾਂ ਨੇ 2007 ਵਿੱਚ ਇਸਨੂੰ ਸ਼ੁਰੂ ਕੀਤਾ ਅਤੇ ਖੁਦ ਦੇ ਆਨ ਫਾਰਮ ਮਾਰਕੀਟ ਦੀ ਸਥਾਪਨਾ ਚੰਡੀਗੜ੍ਹ ਲੁਧਿਆਣਾ ਰੋਡ ਉਹਨਾਂ ਨੂੰ 9 ਸਾਲ ਲੱਗ ਗਏ। ਪਿਛਲੇ ਸਾਲ ਹੀ ਉਹਨਾਂ ਨੇ ਉਸ ਜਗ੍ਹਾ ਤੇ “ਕਿਸਾਨ ਜੰਕਸ਼ਨ ਫਾਰਮ ਤੋਂ ਫੋਰਕ” ਨਾਮ ਦਾ ਰੈਸਟੋਰੇਂਟ ਖੋਲ੍ਹਿਆ ਹੈ।

ਅਮਰਜੀਤ ਸਿੰਘ ਕੇਵਲ ਦਸਵੀਂ ਪਾਸ ਹਨ ਅਤੇ ਅੱਜ 45 ਸਾਲਾਂ ਦੀ ਉਮਰ ਤੇ ਆ ਕੇ ਉਹਨਾਂ ਨੂੰ ਪਤਾ ਲੱਗਿਆ ਹੈ ਕੇ ਉਹਨਾਂ ਨੇ ਕੀ ਕਰਨਾ ਹੈ। ਇਸ ਲਈ ਉਹਨਾਂ ਵਰਗੇ ਹੋਰ ਕਿਸਾਨਾਂ ਨੂੰ ਰਾਹ ਵਖਾਉਣ ਲਈ ਉਹਨਾਂ ਨੇ ਘੜੂੰਆਂ ਵਿੱਚ ਸ਼੍ਰੀ ਧੰਨਾ ਭਗਤ ਕਿਸਾਨ ਕਲੱਬ ਨਾਮ ਦਾ ਗਰੁੱਪ ਬਣਾਇਆ ਹੈ। ਉਹ ਇਸ ਗਰੁੱਪ ਤੇ ਪ੍ਰਮੁੱਖ ਹਨ ਅਤੇ ਖੇਤੀ ਤੋਂ ਅਲਾਵਾ ਉਹ ਗਰੁੱਪ ਦੀ ਮੀਟਿੰਗ ਲਈ ਹਮੇਸ਼ਾ ਟਾਈਮ ਕੱਢ ਦੇ ਹਨ, ਉਹਨਾਂ ਦੇ ਗਰੁੱਪ ਵਿੱਚ ਕੁੱਲ 18 ਮੈਂਬਰ ਹਨ ਅਤੇ ਉਹਨਾਂ ਦੇ ਗਰੁੱਪ ਦਾ ਮੁੱਖ ਕੰਮ ਬੀਜਾਂ ਬਾਰੇ ਚਰਚਾ ਕਰਨਾ ਹੈ ਕਿ ਕਿਹੜੀ ਕਿਸਮ ਦਾ ਬੀਜ ਖਰੀਦਣਾ ਚਾਹੀਦਾ ਹੈ ਅਤੇ ਵਰਤਣਾ ਚਾਹੀਦਾ ਹੈ ਅਤੇ ਖੇਤੀ ਕਰਨ ਦੇ ਨਵੇਂ ਤਰੀਕਿਆਂ ‘ਤੇ ਚਰਚਾ ਕੀਤੀ ਜਾਂਦੀ ਹੈ। ਉਹਨਾਂ ਨੇ ਗਰੁੱਪ ਦੇ ਨਾਮ ‘ਤੇ ਕਣਕ ਦੀ ਬਿਜਾਈ ਅਤੇ ਕਟਾਈ ਵਾਸਤੇ ਵੱਖ-ਵੱਖ ਮਸ਼ੀਨਾਂ ਖਰੀਦੀਆਂ ਹਨ। ਇਹਨਾਂ ਦੀ ਵਰਤੋਂ ਸਾਰੇ ਗਰੁੱਪ ਦੇ ਮੈਂਬਰ ਕਰ ਸਕਦੇ ਹਨ ਅਤੇ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਘੱਟ ਕੀਮਤ ਦੇ ਉਧਾਰ ਵੀ ਦਿੰਦੇ ਹਨ।

ਅਮਰਜੀਤ ਸਿੰਘ ਦਾ ਦੂਜਾ ਕਿੱਤਾ ਡੇਅਰੀ ਫਾਰਮਿੰਗ ਹੈ, ਉਹਨਾਂ ਕੋਲ 8 ਮੱਝਾਂ ਹਨ ਅਤੇ ਉਹ ਜੋ ਦੁੱਧ ਦਿੰਦਿਆਂ ਹਨ ਉਹਨਾਂ ਤੋਂ ਪਨੀਰ, ਖੋਆ, ਮੱਖਣ, ਲੱਸੀ ਆਦਿ ਬਣਾਇਆ ਜਾਂਦਾ ਹੈ। ਉਹ ਸਾਰੇ ਡੇਅਰੀ ਉਤਪਾਦਨ ਨੂੰ ਆਪਣੇ ਆਨ ਫਾਰਮ ਮਾਰਕੀਟ ਕਿਸਾਨ ਜੰਕਸ਼ਨ ਵਿੱਚ ਵੇਚਦੇ ਹਨ। ਉਹਨਾਂ ਵਿੱਚੋਂ ਇਕ ਮੁੱਖ ਰੂਪ ਵਿੱਚ ਖੋਆ ਬਰਫੀ ਬਹੁਤ ਜ਼ਿਆਦਾ ਵਿਕਦੀ ਹੈ ਜੋ ਕੇ ਜੈਵਿਕ ਗੁੜ੍ਹ ਅਤੇ ਖੋਏ ਨਾਲ ਬਣਾਈ ਜਾਂਦੀ ਹੈ।

ਉਹਨਾਂ ਦੇ ਰੈਸਟੋਰੇਂਟ ਵਿੱਚ ਤਾਜ਼ਾ ਅਤੇ ਪੋਸ਼ਟਿਕ ਭੋਜਨ, ਖੁੱਲ੍ਹਾ ਹਵਾਦਾਰ ਕੂਲਿੰਗ ਸਿਸਟਮ ਅਤੇ ਆਨ ਰੋਡ ਮਾਰਕੀਟ ਹੈ ਜੋ ਕਿ ਖਪਤਕਾਰਾਂ ਨੂੰ ਆਕਰਸ਼ਿਤ ਕਰਦੀ ਹੈ। ਉਹਨਾਂ ਨੇ ਹਾਰੇ ਰੈਡ ਦੀ ਜਾਲੀ ਅਤੇ ਇੱਟਾਂ ਦਾ ਪ੍ਰਯੋਗ ਕਰ ਕੇ ਰੈਸਟੋਰੇਂਟ ਦੀਆਂ ਦੀਵਾਰਾਂ ਬਣਾਈਆਂ ਹਨ, ਜਿਹਨਾਂ ਕਰਕੇ ਰੈਸਟੋਰੇਂਟ ਦੇ ਅੰਦਰ ਸਾਫ਼ ਹਵਾ ਅਤੇ ਵਾਤਾਵਰਨ ਮਿਲਦਾ ਹੈ।

ਭਵਿੱਖ ਅਤੇ ਖੇਤੀਬਾੜੀ ਬਾਰੇ ਚਰਚਾ ਕਰਦੇ ਹੋਏ ਉਹਨਾਂ ਨੇ ਆਪਣੇ ਵਿਚਾਰਾਂ ਬਾਰੇ ਦੱਸਿਆ ਕਿ:

ਲੋਕਾਂ ਦੀ ਬੜੀ ਗ਼ਲਤ ਮਾਨਸਿਕਤਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਖੇਤੀ ਵਿੱਚ ਲਾਭ ਨਹੀਂ ਹੈ ਅਤੇ ਉਹਨਾਂ ਨੂੰ ਖੇਤੀ ਨਹੀਂ ਕਰਨੀ ਚਾਹੀਦੀ ਪਰ ਇਹ ਸੱਚ ਨਹੀਂ ਹੈ। ਬੱਚਿਆਂ ਦੇ ਮਨ ਵਿੱਚ ਇਹਦੇ ਨਾਲ ਇੱਕ ਗ਼ਲਤ ਸੋਚ ਜਨਮ ਲੈਂਦੀ ਹੈ ਕਿ ਕੇਵਲ ਅਨਪੜ੍ਹ ਲੋਕ ਹੀ ਖੇਤੀ ਕਰਦੇ ਹਨ ਅਤੇ ਇਸ ਕਾਰਨ ਹੀ ਅੱਜ ਦਾ ਨੌਜਵਾਨ ਖੇਤੀ ਨੂੰ ਇੱਕ ਅਪਮਾਨ ਦੇ ਰੂਪ ਵਿੱਚ ਵੇਖਦਾ ਹੈ।ਅੱਜ-ਕੱਲ੍ਹ ਦੇ ਬੱਚੇ 10000 ਦੀ ਨੌਕਰੀ ਦੇ ਪਿੱਛੇ ਪੁੱਜਦੇ ਹਨ ਅਤੇ ਹੀ ਚੀਜ਼ ਉਹਨਾਂ ਦੀ ਜ਼ਿੰਦਗੀ ਨੂੰ ਨਿਰਾਸ਼ ਕਰ ਦਿੰਦੀ ਹੈ। ਆਪਣੇ ਬੱਚੇ ਦੇ ਦਿਮਾਗ ਵਿੱਚ ਖੇਤੀ ਲਈ ਗ਼ਲਤ ਸੋਚ ਭਰਨ ਤੋਂ ਚੰਗਾ ਹੈ ਕਿ ਉਹਨਾਂ ਨੂੰ ਖੇਤੀ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਜਾਏ। ਖੇਤੀਬਾੜੀ ਇੱਕ ਬਹੁਤ ਵੱਡਾ ਖੇਤਰ ਹੈ ਅਤੇ ਜੇਕਰ ਇੱਕ ਬੱਚਾ ਖੇਤੀਬਾੜੀ ਨੂੰ ਚੁਣ ਦਾ ਹੈ ਤਾਂ ਉਹ ਆਪਣੇ ਭਵਿੱਖ ਨੂੰ ਚੰਗਾ ਬਣਾ ਸਕਦਾ ਹੈ।

ਅਮਰਜੀਤ ਸਿੰਘ ਜੀ ਨੇ ਆਪਣੀ ਨੌਕਰੀ ਛੱਡਣ ਅਤੇ ਖੇਤੀ ਕਰਨ ਦੇ ਫੈਸਲੇ ਨੂੰ ਚੁਣਿਆ ਅਤੇ ਆਪਣੇ ਇਸ ਫਰਜ਼ ਨੂੰ ਇੱਕ ਚੰਗੇ ਤਰੀਕੇ ਨਾਲ ਨਿਭਾਇਆ। ਕਿਸਾਨ ਜੰਕਸ਼ਨ ਹੱਬ ਦੇ ਪਿੱਛੇ ਅਮਰਜੀਤ ਸਿੰਘ ਦਾ ਮੁੱਖ ਉੱਦੇਸ਼ ਹੈ:

•  ਕਿਸਾਨਾਂ ਨੂੰ ਆਪਣੀ ਦੁਕਾਨ ਦੇ ਮਾਧਿਅਮ ਨਾਲ ਆਪਣੇ ਉਤਪਾਦ ਵੇਚਣ ਵਿੱਚ ਮਦਦ ਕਰਨਾ।

•  ਤਾਜ਼ਾ ਅਤੇ ਜਹਿਰ ਮੁਕਤ ਸਬਜ਼ੀਆਂ ਅਤੇ ਫਲ ਉਗਾਉਣਾ।

•  ਗ੍ਰਾਹਕਾਂ ਨੂੰ ਤਾਜ਼ਾ. ਅਤੇ ਕੁਦਰਤੀ ਖਾਦ ਪਦਾਰਥ ਉਪਲੱਬਧ ਕਰਾਉਣਾ।

•  ਰੈਸਟੋਰੈਂਟ ਵਿੱਚ ਤਾਜ਼ਾ ਉਪਜ ਦਾ ਪ੍ਰਯੋਗ ਕਰਕੇ ਗ੍ਰਾਹਕਾਂ ਨੂੰ ਤਾਜ਼ਾ ਭੋਜਨ ਉਪਲੱਬਧ ਕਰਾਉਣਾ।

•  ਕਿਸਾਨਾਂ ਨੂੰ ਪ੍ਰੋਸੈੱਸ, ਬ੍ਰੈਂਡਿੰਗ ਅਤੇ ਉਤਪਾਦਾਂ ਲਈ ਗਾਈਡ ਕਰਨਾ।

ਖੈਰ, ਇਹ ਅੰਤ ਨਹੀਂ ਹੈ, ਉਹ ਆਈ.ਏ.ਐਸ ਕਰ ਰਹੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਵੀ ਦਿੰਦੇ ਹਨ ਅਤੇ ਉਹ ਉਹਨਾਂ ਦੇ ਫਾਰਮ ਦਾ ਦੌਰਾ ਕਰਦੇ ਹਨ। ਆਪਣੇ ਆਨ ਰੋਡ ਮਾਰਕੀਟ ਕਾਰੋਬਾਰ ਨੂੰ ਵਧਾਉਣ ਅਤੇ ਹੋਰ ਕਿਸਾਨਾਂ ਨੂੰ ਖੇਤੀਬਾੜੀ ਦੇ ਬਾਰੇ ਦੱਸਣਾ ਕਿ ਉਹ ਕਿਵੇਂ ਖੇਤੀ ਤੋਂ ਲਾਭ ਕਮਾ ਸਕਦੇ ਹਨ, ਉਹਨਾਂ ਦੇ ਭਵਿੱਖ ਦੀਆਂ ਯੋਜਨਾਵਾਂ ਹਨ। ਖੇਤੀਬਾੜੀ ਵਿੱਚ ਮਦਦ ਲਈ ਆਉਣ ਵਾਲੇ ਕਿਸਾਨਾਂ ਦੀ ਉਹ ਹਮੇਸ਼ਾ ਮਦਦ ਕਰਦੇ ਹਨ।

ਅਮਰਜੀਤ ਸਿੰਘ ਦੁਆਰਾ ਸੰਦੇਸ਼
ਖੇਤੀਬਾੜੀ ਖੇਤਰ ਕਈ ਮੁਸ਼ਕਿਲਾਂ ਤੋਂ ਗੁਜਰ ਰਿਹਾ ਹੈ ਅਤੇ ਕਿਸਾਨ ਹਮੇਸ਼ਾ ਆਪਣੇ ਅਧਿਕਾਰਾਂ ਦੇ ਬਾਰੇ ਗੱਲ ਕਰਦੇ ਹਨ ਨਾ ਕਿ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ। ਸਰਕਾਰ ਹਰ ਵਾਰ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਏਗੀ। ਕਿਸਾਨਾਂ ਨੂੰ ਆਪ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਮਦਦ ਆਪ ਕਰਨੀ ਚਾਹੀਦੀ ਹੈ। ਪੀ ਏ ਯੂ ਵਿੱਚ 6 ਮਹੀਨੇ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਜਿਸ ਵਿੱਚ ਖੇਤੀ ਦੀ ਤਿਆਰੀ ਤੋਂ ਲੈ ਕੇ ਬਿਜਾਈ ਅਤੇ ਉਤਪਾਦ ਦੀ ਮਾਰਕੀਟਿੰਗ ਬਾਰੇ ਦੱਸਿਆ ਜਾਂਦਾ ਹੈ। ਇਸ ਲਈ ਜੇਕਰ ਕਿਸਾਨ ਖੇਤੀਬਾੜੀ ਤੋਂ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ ਤਾ ਉਹਨਾਂ ਨੂੰ ਆਪਣੇ ਆਪ ਜ਼ਿੰਮੇਵਾਰ ਹੋਣਾ ਪਵੇਗਾ।”

 

ਗੁਰਚਰਨ ਸਿੰਘ ਮਾਨ

ਪੂਰੀ ਕਹਾਣੀ ਪੜ੍ਹੋ

ਜਾਣੋਂ ਕਿਵੇਂ ਗੁਰਚਰਨ ਸਿੰਘ ਮਾਨ ਨੇ ਖੇਤੀ ਵਿਭਿੰਨਤਾ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੀ ਜ਼ਮੀਨ ਤੋਂ ਵਧੇਰੇ ਉਤਪਾਦਨ ਲਿਆ

ਭਾਰਤ ਵਿੱਚ ਖੇਤੀ ਵਿਭਿੰਨਤਾ ਦਾ ਰੁਝਾਨ ਇੰਨਾ ਆਮ ਨਹੀਂ ਹੈ। ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਜਿਵੇਂ ਕਿ ਜੌਂ ਆਦਿ ਮੁੱਖ ਫ਼ਸਲਾਂ ਹਨ, ਜਿਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਉਹ ਇਸ ਤੱਥ ਤੋਂ ਅਣਜਾਣ ਹਨ ਕਿ ਰਵਾਇਤੀ ਖੇਤੀ ਨਾ ਕੇਵਲ ਮਿੱਟੀ ਦੇ ਉਪਜਾਊ-ਪਣ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਕਿਸਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਕਦੀ-ਕਦੀ ਇਹ ਉਨ੍ਹਾਂ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਦੂਜੇ ਪਾਸੇ ਖੇਤੀ ਵਿਭਿੰਨਤਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਕਿਸਾਨ – ਗੁਰਚਰਨ ਸਿੰਘ ਮਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦੇ ਫਾਇਦਿਆਂ ਨੂੰ ਪਹਿਚਾਣਿਆ ਅਤੇ ਇਸ ਨੂੰ ਉਸ ਸਮੇਂ ਲਾਗੂ ਕਰ ਕੇ ਲਾਭ ਕਮਾਇਆ, ਜਦੋਂ ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਹੀ ਖਰਾਬ ਸੀ।

ਗੁਰਚਰਨ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ। ਉਹ ਜਿਸ ਖੇਤਰ ਦੇ ਰਹਿਣ ਵਾਲੇ ਸਨ ਉੱਥੇ ਦੀ ਜ਼ਮੀਨ ਬਹੁਤ ਖੁਸ਼ਕ ਅਤੇ ਇਲਾਕਾ ਬਹੁਤ ਪੱਛੜਿਆ ਹੋਇਆ ਸੀ। ਪਰ ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਦੇ ਸਾਹਮਣੇ ਇਹ ਰੁਕਾਵਟਾਂ ਕੁੱਝ ਵੀ ਨਹੀਂ ਸਨ।

1992 ਵਿੱਚ ਜਵਾਨੀ ਵੇਲੇ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ 42 ਏਕੜ ਜ਼ਮੀਨ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸਨ। ਖੁਸ਼ਕ ਖੇਤਰ ਹੋਣ ਕਾਰਨ ਕਣਕ ਅਤੇ ਝੋਨਾ ਉਗਾਉਣਾ ਉਨ੍ਹਾਂ ਲਈ ਇੱਕ ਸਫ਼ਲ ਉੱਦਮ ਨਹੀਂ ਸੀ। ਕਈ ਕੋਸ਼ਿਸ਼ਾਂ ਦੇ ਬਾਅਦ, ਜਦੋਂ ਗੁਰਚਰਨ ਸਿੰਘ ਰਵਾਇਤੀ ਖੇਤੀ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਖੇਤੀ ਦੇ ਢੰਗਾਂ ਵਿੱਚ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਇਸ ਪਹਿਲ-ਕਦਮੀ ਦੇ ਕਾਰਨ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਾਲ ਦਾ ਸਭ ਤੋਂ ਵਧੀਆ ਕਿਸਾਨ ਚੁਣਿਆ ਗਿਆ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਉਨ੍ਹਾਂ ਨੂੰ ਪੀ.ਏ.ਯੂ ਅਧਿਆਪਕ ਮਨਿੰਦਰਜੀਤ ਸਿੰਘ ਸੰਧੂ ਦੁਆਰਾ “ਪਰਵਾਸੀ ਭਾਰਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਅੱਜ 42 ਏਕੜ ਵਿੱਚੋਂ ਉਨ੍ਹਾਂ ਕੋਲ 10 ਏਕੜ ਵਿੱਚ ਬਾਗ ਹੈ, 2.5 ਏਕੜ ਵਿੱਚ ਸਬਜ਼ੀਆਂ ਦੀ ਖੇਤੀ, 10 ਏਕੜ ਵਿੱਚ ਮੱਛੀ ਫਾਰਮ ਅਤੇ ਅੱਧੇ ਏਕੜ ਵਿੱਚ ਬੋਹੜ(ਬਰਗਦ) ਦੇ ਪੌਦੇ ਹਨ। ਪਰ ਉਨ੍ਹਾਂ ਲਈ ਖੇਤੀ ਵਿਭਿੰਨਤਾ ਤੋਂ ਇਲਾਵਾ ਅਸਲ ਜੀਵਨ ਬਦਲ ਦੇਣ ਵਾਲਾ ਧੰਦਾ ਸੀ ਮਧੂ-ਮੱਖੀ ਪਾਲਣ। ਉਨ੍ਹਾਂ ਨੇ ਮੱਖੀ ਪਾਲਣ ਲਈ ਸਿਰਫ਼ ਮੱਖੀਆਂ ਦੇ 7 ਬਕਸਿਆਂ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਕੋਲ 1800 ਤੋਂ ਵੀ ਜ਼ਿਆਦਾ ਮਧੂ-ਮੱਖੀਆਂ ਦੇ ਬਕਸੇ ਹਨ, ਜਿਹਨਾਂ ਤੋਂ ਹਰ ਸਾਲ ਇੱਕ ਹਜ਼ਾਰ ਕੁਇੰਟਲ ਸ਼ਹਿਦ ਦਾ ਉਤਪਾਦਨ ਹੁੰਦਾ ਹੈ।

ਸ. ਗੁਰਚਰਨ ਸਿੰਘ ਆਪਣੇ ਕੰਮ ਵਿੱਚ ਇੰਨੇ ਨਿਪੁੰਨ ਹਨ ਕਿ ਉਨ੍ਹਾਂ ਦੁਆਰਾ ਪੈਦਾ ਕੀਤੇ ਸ਼ਹਿਦ ਦੀ ਗੁਣਵੱਤਾ ਬਹੁਤ ਚੰਗੀ ਹੈ ਅਤੇ ਕਈ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ। ਮੱਖੀ ਪਾਲਣ ਵਿੱਚ ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ ਦੇ ਪਿੰਡ ਵਿੱਚ ਸ਼ਹਿਦ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਪਲਾਂਟ ਨੇ 15 ਲੋਕਾਂ ਨੂੰ ਰੋਜ਼ਗਾਰ ਦਿੱਤਾ ਜੋ ਗਰੀਬ ਰੇਖਾ ਹੇਠ ਆਉਂਦੇ ਹਨ। ਉਨ੍ਹਾਂ ਦਾ ਮਧੂ-ਮੱਖੀ ਪਾਲਣ ਦਾ ਕਾਰੋਬਾਰ ਨਾ ਕੇਵਲ ਉਨ੍ਹਾ ਨੂੰ ਲਾਭ ਦਿੰਦਾ ਹੈ, ਬਲਕਿ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਸ. ਗੁਰਚਰਨ ਸਿੰਘ ਨੇ ਵਿਭਿੰਨਤਾ ਦੇ ਅਸਲ ਅਰਥ ਨੂੰ ਸਮਝਿਆ ਅਤੇ ਇਸ ਨੂੰ ਨਾ ਕੇਵਲ ਸਬਜ਼ੀਆਂ ਦੀ ਖੇਤੀ ‘ਤੇ ਲਾਗੂ ਕੀਤਾ, ਬਲਕਿ ਇਸ ਨੂੰ ਆਪਣੇ ਵਪਾਰ ‘ਤੇ ਲਾਗੂ ਕੀਤਾ। ਉਨ੍ਹਾਂ ਕੋਲ ਬਾਗ, ਮੱਛੀ ਫਾਰਮ, ਡੇਅਰੀ ਫਾਰਮ ਹਨ ਅਤੇ ਇਸ ਤੋਂ ਇਲਾਵਾ ਉਹ ਜੈਵਿਕ ਖੇਤੀ ਵਿੱਚ ਵੀ ਸਰਗਰਮ ਤੌਰ ‘ਤੇ ਸ਼ਾਮਲ ਹਨ। ਮਧੂ-ਮੱਖੀ ਪਾਲਣ ਵਪਾਰ ਦੇ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੇ ਬਕਸੇ ਬਣਾਉਣ ਅਤੇ ਮੋਮਬੱਤੀਆਂ ਬਣਾਉਣ ਵਰਗੇ ਹੋਰ ਸਹਾਇਕ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।

“ਇੱਕ ਚੀਜ਼ ਜੋ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਉਹ ਹੈ ਮਿੱਟੀ ਅਤੇ ਪਾਣੀ ਦੀ ਜਾਂਚ ਅਤੇ ਦੂਜੀ ਚੀਜ਼ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਕਿਸਾਨ ਆਲੂ ਉਗਾਉਂਦਾ ਹੈ ਤਾਂ ਦੂਜੇ ਨੂੰ ਲਸਣ ਉਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਕਦੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ।”

ਮੱਖੀ ਪਾਲਣ ਹੁਣ ਉਨ੍ਹਾਂ ਦਾ ਮੁੱਢਲਾ ਕਾਰੋਬਾਰ ਬਣ ਗਿਆ ਹੈ ਅਤੇ ਉਨ੍ਹਾਂ ਦੇ ਫਾਰਮ ਦਾ ਨਾਮ “ਮਾਨ ਮੱਖੀ ਫਾਰਮ” ਹੈ। ਸ਼ਹਿਦ ਤੋਂ ਇਲਾਵਾ ਉਹ ਜੈਮ, ਆਚਾਰ, ਮਸਾਲੇ ਜਿਵੇਂ ਕਿ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਆਦਿ ਵੀ ਬਣਾਉਂਦੇ ਹਨ। ਉਹ ਇਨ੍ਹਾਂ ਸਾਰੇ ਉਤਪਾਦਾਂ ਦਾ ਮੰਡੀਕਰਨ “ਮਾਨ” ਨਾਮ ਦੇ ਤਹਿਤ ਕਰਦੇ ਹਨ।

ਵਰਤਮਾਨ ਵਿੱਚ ਉਨ੍ਹਾਂ ਦਾ ਫਾਰਮ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੁੰਦਰ ਦ੍ਰਿਸ਼ ਕਾਰਨ ਪੰਜਾਬ ਟੂਰਿਜ਼ਮ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦਾ ਫਾਰਮ 5000 ਤੋਂ ਵੱਧ ਪ੍ਰਜਾਤੀਆਂ ਨਾਲ ਘਿਰਿਆ ਹੋਇਆ ਹੈ ਅਤੇ ਉੱਥੇ ਦਾ ਦ੍ਰਿਸ਼ ਪ੍ਰਕਿਰਤੀ ਦੇ ਨਜ਼ਦੀਕ ਹੋਣ ਦਾ ਵਾਸਤਵਿਕ ਅਰਥ ਦਰਸਾਉਂਦਾ ਹੈ।

ਉਨ੍ਹਾਂ ਦੇ ਅਨੁਸਾਰ, ਜੋ ਵੀ ਉਨ੍ਹਾਂ ਨੇ ਅੱਜ ਹਾਸਲ ਕੀਤਾ ਹੈ, ਉਹ ਸਿਰਫ ਪੀ.ਏ.ਯੂ. ਦੇ ਕਾਰਨ। ਸ਼ੁਰੂਆਤ ਤੋਂ ਉਨ੍ਹਾਂ ਨੇ ਉਹੀ ਕੀਤਾ ਜਿਸ ਦੀ ਪੀ.ਏ.ਯੂ. ਦੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੀ ਗਈ। ਆਪਣੇ ਕੰਮ ਵਿੱਚ ਜ਼ਿਆਦਾ ਪੇਸ਼ੇਵਰ ਹੋਣ ਲਈ ਉਨ੍ਹਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟੈਕਨੀਕਲ ਅਤੇ ਸਾਇੰਟੀਫਿਕ ਇੰਨਵੈਂਨਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ।

ਗੁਰਚਰਨ ਸਿੰਘ ਦੀ ਸਫ਼ਲਤਾ ਦੀ ਕੁੰਜੀ ਹੈ: ਉਤਪਾਦਨ ਦੀ ਲਾਗਤ ਘੱਟ ਕਰਨਾ, ਉਤਪਾਦਾਂ ਨੂੰ ਖੁਦ ਮੰਡੀ ਵਿੱਚ ਲੈ ਕੇ ਜਾਣਾ ਅਤੇ ਸਰਕਾਰ ‘ਤੇ ਘੱਟ ਤੋਂ ਘੱਟ ਨਿਰਭਰ ਹੋਣਾ। ਉਹ ਇਨ੍ਹਾਂ ਤਿੰਨਾਂ ਚੀਜਾਂ ਨੂੰ ਅਪਣਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਨੇ ਖੇਤੀ ਦੇ ਪ੍ਰਤੀ ਸਰਕਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ-

“ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਰਿਸਰਚ ਲਈ ਵਧੇਰੇ ਫੰਡ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਨਕਦ ਫ਼ਸਲਾਂ ਲਈ ਸਹਾਇਤਾ ਦੀ ਲਾਗਤ ਨੂੰ ਪੱਕਾ ਕਰਨਾ ਚਾਹੀਦਾ ਹੈ, ਤਦ ਹੀ ਕਿਸਾਨ ਖੇਤੀਬਾੜੀ ਵਿੱਚ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣਗੇ।”

ਸੰਦੇਸ਼
ਕਿਸਾਨਾਂ ਨੂੰ ਇਸ ਰੁਝਾਨ ਨਹੀਂ ਦੇਖਣਾ ਚਾਹੀਦਾ ਕਿ ਹੋਰ ਕਿਸਾਨ ਕੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਭ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਖੇਤੀ ਮਾਹਿਰਾਂ ਤੋਂ ਮਦਦ ਲੈ ਸਕਦੇ ਹਨ। ਫਿਰ ਭਾਵੇਂ ਉਹ ਪੀ.ਏ.ਯੂ ਦੇ ਹੋਣ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ, ਕਿਉਂਕਿ ਉਹ ਹਮੇਸ਼ਾ ਵਧੀਆ ਸਲਾਹ ਦੇਣਗੇ।