ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ
ਖੁੰਭ ਦੀ ਜੈਵਿਕ ਖੇਤੀ ਅਤੇ ਉਸ ਤੋਂ ਬਣੇ ਉਤਪਾਦਾਂ ਨਾਲ ਚੰਗੀ ਆਮਦਨ ਕਮਾ ਰਹੇ ਇਕ ਕਿਸਾਨ ਦੀ ਕਹਾਣੀ
ਵੱਧਦੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਖੇਤੀ ਵਿਗਿਆਨ ਵਿੱਚ ਬਹੁਤ ਤਰ੍ਹਾਂ ਦੇ ਸੁਧਾਰ ਕੀਤੇ ਗਏ ਅਤੇ ਉੱਨਤੀ ਦੇ ਨਾਲ-ਨਾਲ ਖੇਤੀ ਦੀ ਤਕਨੀਕ ਵਿੱਚ ਵੀ ਬਦਲਾਅ ਕੀਤੇ ਗਏ। ਵਰਤਮਾਨ ਵਿੱਚ ਜ਼ਿਆਦਾਤਰ ਕਿਸਾਨ ਆਪਣੀ ਫ਼ਸਲਾਂ ਦੇ ਜਿਆਦਾ ਉਤਪਾਦਨ ਦੇ ਲਈ ਪਰੰਪਰਾਗਤ ਖੇਤੀ ਤਕਨੀਕਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਜੀ ਐਮ ਓ ਅਤੇ ਹੋਰ ਉਦਯੋਗਿਕ ਉਤਪਾਦਾਂ ਤੇ ਆਧਾਰਿਤ ਹਨ। ਇਨ੍ਹਾਂ ਵਿੱਚੋਂ ਕੁਝ ਹੀ ਕਿਸਾਨ ਰਸਾਇਣਾਂ ਦੀ ਵਰਤੋਂ ਕਰਦੇ ਹਨ, ਅੱਜ ਅਸੀਂ ਤੁਹਾਡੀ ਪਹਿਚਾਣ ਅਜਿਹੀ ਸ਼ਖਸ਼ੀਅਤ ਨਾਲ ਕਰਵਾ ਰਹੇ ਹਾਂ ਜੋ ਪਹਿਲਾਂ ਪਰੰਪਰਾਗਤ ਖੇਤੀ ਕਰਦੇ ਸਨ, ਪਰ ਬਾਅਦ ਵਿੱਚ ਕੁਦਰਤੀ ਖੇਤੀ ਦੇ ਲਾਭ ਜਾਣਨ ਤੋਂ ਬਾਅਦ ਉਨ੍ਹਾਂ ਨੇ ਕੁਦਰਤੀ ਖੇਤੀ ਦੇ ਢੰਗ ਨੂੰ ਅਪਣਾਇਆ।
ਅਸ਼ੋਕ ਵਿਸ਼ਿਸ਼ਟ ਹਰਿਆਣਾ ਦੇ ਪਿੰਡ ਦੇ ਸਾਧਾਰਨ ਕਿਸਾਨ ਹਨ, ਜਿਨ੍ਹਾਂ ਨੇ ਪਰੰਪਰਾਗਤ ਖੇਤੀ ਤਕਨੀਕਾਂ ਦੀ ਵਰਤੋਂ ਦੀ ਪੁਰਾਣੀ ਸੋਚ ਨੂੰ ਛੱਡ ਕੇ ਮਸ਼ਰੂਮ ਦੀ ਖੇਤੀ ਦੇ ਲਈ ਜੈਵਿਕ ਢੰਗਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਮਸ਼ਰੂਮ ਦੇ ਰਿਸਰਚ ਸੈਂਟਰ ਦੇ ਦੌਰੇ ਤੋਂ ਬਾਅਦ ਅਸ਼ੋਕ ਵਿਸ਼ਿਸ਼ਟ ਨੂੰ ਮਸ਼ਰੂਮ ਦੀ ਖੇਤੀ ਕੁਦਰਤੀ ਢੰਗ ਨਾਲ ਕਰਨ ਦੀ ਪ੍ਰੇਰਣਾ ਮਿਲੀ, ਜਿੱਥੇ ਉਨ੍ਹਾਂ ਨੇ ਮੁੱਖ ਵਿਗਿਆਨਕ ਡਾ. ਅਜੈ ਸਿੰਘ ਯਾਦਵ ਨੇ ਮਸ਼ਰੂਮ ਦੇ ਫਾਇਦੇਮੰਦ ਗੁਣਾਂ ਤੋਂ ਜਾਣੂ ਕਰਵਾਇਆ ਅਤੇ ਇਸਦੀ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।
ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਤਾਂ ਵਿਗਿਆਨਕ ਅਜੈ ਸਿੰਘ ਯਾਦਵ ਦੇ ਇਲਾਵਾ ਉਨ੍ਹਾਂ ਨੂੰ ਖੇਤੀ ਦੇ ਲਈ ਉਤਸ਼ਾਹਿਤ ਅਤੇ ਮਦਦ ਕਰਨ ਵਾਲੀ ਉਨ੍ਹਾਂ ਦੀ ਪਤਨੀ ਸੀ। ਉਨ੍ਹਾਂ ਦੇ ਪਰਿਵਾਰ ਦੇ ਹੋਰ ਛੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਸਾਥ ਦਿੱਤਾ।
ਅਸ਼ੋਕ ਵਿਸ਼ਿਸ਼ਟ ਮਸ਼ਰੂਮ ਦੀ ਖੇਤੀ ਕਰਨ ਲਈ ਮਹੱਤਵਪੂਰਨ ਤਿੰਨ ਕੰਮ ਕਰਦੇ ਹਨ:
ਪਹਿਲਾ ਕੰਮ: ਪਹਿਲਾਂ ਉਹ ਝੋਨੇ ਦੀ ਪਰਾਲੀ, ਕਣਕ ਦੀ ਪਰਾਲੀ, ਬਾਜਰੇ ਦੀ ਪਰਾਲੀ ਆਦਿ ਦਾ ਉਪਯੋਗ ਕਰਕੇ ਖਾਦ ਤਿਆਰ ਕਰਦੇ ਹਨ, ਉਹ ਪਰਾਲੀ ਨੂੰ 3 ਤੋਂ 4 ਸੈਂ.ਮੀ. ਕੱਟ ਲੈਂਦੇ ਹਨ ਅਤੇ ਉਸਨੂੰ ਪਾਣੀ ਵਿੱਚ ਭਿਉਂਦੇ ਹਨ।
ਦੂਜਾ ਕੰਮ: ਉਹ ਘਰ ਵਿੱਚ ਖਾਦ ਤਿਆਰ ਕਰਨ ਲਈ ਪਰਾਲੀ ਨੂੰ 28 ਦਿਨਾਂ ਲਈ ਛੱਡ ਦਿੰਦੇ ਹਨ।
ਤੀਜਾ ਕੰਮ: ਜਦੋਂ ਖਾਦ ਤਿਆਰ ਹੋ ਜਾਂਦੀ ਹੈ। ਫਿਰ ਉਸ ਵਿੱਚ ਮਸ਼ਰੂਮ ਦੇ ਬੀਜਾਂ ਨੂੰ ਬੀਜ ਦਿੱਤਾ ਜਾਂਦਾ ਹੈ, ਜੋ ਖ਼ਾਸ ਤੌਰ ‘ਤੇ ਲੈਬ ਵਿੱਚ ਤਿਆਰ ਹੁੰਦੇ ਹਨ।
ਮਸ਼ਰੂਮ ਦੀ ਖੇਤੀ ਕਰਨ ਲਈ ਉਹ ਹਮੇਸ਼ਾ ਇਹ ਤਿੰਨ ਕੰਮ ਕਰਦੇ ਹਨ ਅਤੇ ਮਸ਼ਰੂਮ ਦੀ ਖੇਤੀ ਤੋਂ ਇਲਾਵਾ ਉਹ ਆਪਣੇ ਖੇਤ ਵਿੱਚ ਕਣਕ ਅਤੇ ਝੋਨੇ ਦੀ ਵੀ ਖੇਤੀ ਕਰਦੇ ਹਨ। ਪੜ੍ਹਾਈ ਲਿਖਾਈ ਵਿੱਚ ਉਨ੍ਹਾਂ ਨੇ ਸਿਰਫ਼ 10ਵੀਂ ਹੀ ਪਾਸ ਕੀਤੀ ਹੈ ਪਰ ਇਸ ਚੀਜ਼ ਨੇ ਉਨ੍ਹਾਂ ਨੂੰ ਕਦੇ ਨਵੀਆਂ ਚੀਜ਼ਾਂ ਸਿੱਖਣ ਅਤੇ ਜਾਣਕਾਰੀ ਲੈਣ ਤੋਂ ਰੋਕਿਆ ਨਹੀਂ। ਆਪਣੀ ਨਵੀਂ ਸੋਚ ਅਤੇ ਉਤਸ਼ਾਹ ਨਾਲ ਉਹ ਮਸ਼ਰੂਮ ਤੋਂ ਅਲੱਗ-ਅਲੱਗ ਉਤਪਾਦ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਸ਼ਹਿਦ ਦਾ ਮੁਰੱਬਾ, ਮਸ਼ਰੂਮ ਦਾ ਅਚਾਰ, ਮਸ਼ਰੂਮ ਦਾ ਮੁਰੱਬਾ, ਮਸ਼ਰੂਮ ਦਾ ਭੁਜੀਆ, ਮਸ਼ਰੂਮ ਦੇ ਬਿਸਕੁਟ, ਮਸ਼ਰੂਮ ਦੀ ਜਲੇਬੀ ਅਤੇ ਲੱਡੂ ਵਰਗੇ ਉਤਪਾਦ ਬਣਾਏ ਹਨ। ਉਨ੍ਹਾਂ ਹਮੇਸ਼ਾ ਅਲੱਗ-ਅਲੱਗ ਉਤਪਾਦ ਬਣਾਉਣ ਲਈ ਇੱਕ ਗੱਲ ਦਾ ਧਿਆਨ ਰੱਖਿਆ ਹੈ ਅਤੇ ਉਹ ਹੈ ਸਿਹਤ। ਇਸ ਲਈ ਉਹ ਮਿੱਠੇ ਵਿਅੰਜਨਾਂ ਨੂੰ ਮਿੱਠਾ ਬਣਾਉਣ ਲਈ ਸਟੀਵੀਆ ਪੌਦੇ ਦੀ ਪ੍ਰਜਾਤੀਆਂ ਤੋਂ ਤਿਆਰ ਸਟੀਵੀਆ ਪਾਊਡਰ ਦੀ ਵਰਤੋਂ ਕਰਦੇ ਹਨ। ਸਟੀਵੀਆ ਸਿਹਤ ਦੇ ਲਈ ਇੱਕ ਚੰਗਾ ਮਿੱਠਾ ਪਦਾਰਥ ਹੁੰਦਾ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਵੀ ਜਿਆਦਾ ਹੁੰਦੇ ਹਨ। ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਚਿੰਤਾ ਤੋਂ ਸਟੀਵੀਆ ਯੁਕਤ ਮਿੱਠੇ ਉਤਪਾਦਾਂ ਦੀ ਵਰਤੋਂ ਕਰ ਸਕਦੇ ਹਨ।
ਅਸ਼ੋਕ ਵਿਸ਼ਿਸ਼ਟ ਦੀ ਯਾਤਰਾ ਬਹੁਤ ਛੋਟੇ ਪੱਧਰ ਤੋਂ ਲਗਭਗ ਜ਼ੀਰੋ ਤੋਂ ਹੀ ਸ਼ੁਰੂ ਹੋਈ ਅਤੇ ਅੱਜ ਉਨ੍ਹਾਂ ਆਪਣੀ ਸਖਤ ਮਿਹਨਤ ਤੋਂ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਜਿੱਥੇ ਉਹ FCCI ਦੁਆਰਾ ਪ੍ਰਮਾਣਿਤ ਘਰੇਲੂ ਉਤਪਾਦਾਂ ਨੂੰ ਵੇਚਦੇ ਹਨ। ਮਹਾਂਰਿਸ਼ੀ ਵਿਸ਼ਿਸ਼ਟ ਮਸ਼ਰੂਮ ਉਹ ਬ੍ਰਾਂਡ ਦਾ ਨਾਮ ਹੈ ਜਿਸਦੇ ਤਹਿਤ ਉਹ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ ਅਤੇ ਕਈ ਮਾਹਿਰ, ਅਧਿਕਾਰੀ, ਨੇਤਾ ਅਤੇ ਮੀਡੀਆ ਉਨ੍ਹਾਂ ਦੇ ਬਣਾਏ ਤਰੀਕਿਆਂ ਅਤੇ ਮਸ਼ਰੂਮ ਦੀ ਖੇਤੀ ਦੇ ਪਿੱਛੇ ਦੇ ਵਿਚਾਰ ਅਤੇ ਸੁਆਦੀ ਮਸ਼ਰੂਮ ਉਤਪਾਦਾਂ ਦੇ ਲਈ ਸਮੇਂ-ਸਮੇਂ ਤੇ ਉਨ੍ਹਾਂ ਦੇ ਫਾਰਮ ‘ਤੇ ਜਾਂਦੇ ਰਹਿੰਦੇ ਹਨ।
ਮਹਾਂਰਿਸ਼ੀ ਵਿਸ਼ਿਸ਼ਟ ਦੁਆਰਾ ਪ੍ਰਾਪਤ ਉਪਲੱਬਧੀਆਂ ਇਸ ਪ੍ਰਕਾਰ ਹਨ:
• HAIC Agro Research and Development Centre ਵੱਲੋਂ ਮਸ਼ਰੂਮ ਪ੍ਰੋਡਕਸ਼ਨ ਤਕਨਾਲੋਜੀ ਟ੍ਰੇਨਿੰਗ ਪ੍ਰੋਗਰਾਮ ਦੇ ਲਈ ਸਰਟੀਫਿਕੇਟ ਮਿਲਿਆ।
• ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਵੱਲੋਂ ਟ੍ਰੇਨਿੰਗ ਸਰਟੀਫਿਕੇਟ ਮਿਲਿਆ।
• 2nd Agri Leadership Summit 2017 ਦਾ ਪੁਰਸਕਾਰ ਅਤੇ ਸਰਟੀਫਿਕੇਟ ਮਿਲਿਆ।
• DC Amna Tarneem Jind ਦੇ ਵੱਲੋਂ ਪ੍ਰਸੰਸਾ ਪੁਰਸਕਾਰ ਮਿਲਿਆ।
ਮਸ਼ਰੂਮ ਦਾ ਬੀਜ:
ਹਾਲ ਹੀ ਵਿੱਚ ਅਸ਼ੋਕ ਜੀ ਨੇ ਮਸ਼ਰੂਮ ਦਾ ਬੀਜ ਤਿਆਰ ਕੀਤਾ ਹੈ, ਜਿਸ ਨੂੰ ਸਪਾਨ ਦੀ ਜਗ੍ਹਾ ‘ਤੇ ਵਰਤਿਆ ਜਾ ਸਕਦਾ ਹੈ ਤੇ ਅਜਿਹਾ ਕਰਨ ਵਾਲੇ ਉਹ ਦੁਨੀਆਂ ਦੇ ਪਹਿਲੇ ਕਿਸਾਨ ਹਨ।
ਖੈਰ, ਅਸ਼ੋਕ ਵਿਸ਼ਿਸ਼ਟ ਦੇ ਬਾਰੇ ਉੱਲੇਖ ਕਰਨ ਲਈ ਇਹ ਸਿਰਫ਼ ਕੁੱਝ ਪੁਰਸਕਾਰ ਅਤੇ ਉਪਲੱਬਧੀਆਂ ਹੀ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਮੱਝ ਨੇ 23 ਕਿੱਲੋ ਦੁੱਧ ਦੇ ਕੇ ਪ੍ਰਤੀਯੋਗਤਾ ਜਿੱਤੀ, ਜਿਸ ਨਾਲ ਉਨ੍ਹਾਂ ਨੂੰ 21 ਹਜ਼ਾਰ ਰੁਪਏ ਦਾ ਨਕਦੀ ਪੁਰਸਕਾਰ ਮਿਲਿਆ। ਉਨ੍ਹਾਂ ਕੋਲ 4-5 ਏਕੜ ਜ਼ਮੀਨ ਹੈ ਅਤੇ 6 ਮੁਰ੍ਹਾ ਮੱਝਾਂ ਹਨ। ਜਿਨ੍ਹਾਂ ਤੋਂ ਉਹ ਸਭ ਤੋਂ ਚੰਗੀ ਕਮਾਈ ਅਤੇ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਵਿਭਿੰਨ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਵੀ ਜਾਂਦੇ ਹਨ, ਜੋ ਉਨ੍ਹਾਂ ਦੇ ਉਤਪਾਦਾਂ ਨੂੰ ਦਿਖਾਉਣ ਅਤੇ ਉਨ੍ਹਾਂ ਦੇ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। ਆਪਣੀ ਸਖ਼ਤ ਮਿਹਨਤ ਅਤੇ ਜੋਸ਼ ਨਾਲ ਉਹ ਭਵਿੱਖ ਵਿੱਚ ਨਿਸ਼ਚਿਤ ਹੀ ਖੇਤੀ ਦੇ ਖੇਤਰ ਵਿੱਚ ਹੋਰ ਸਫ਼ਲਤਾਵਾਂ ਅਤੇ ਪ੍ਰਸ਼ੰਸਾ ਪ੍ਰਾਪਤ ਕਰਨਗੇ।
ਅਸ਼ੋਕ ਵਿਸ਼ਿਸ਼ਟ ਦਾ ਕਿਸਾਨਾਂ ਲਈ ਇੱਕ ਖ਼ਾਸ ਸੰਦੇਸ਼
“ਮਸ਼ਰੂਮ ਬੇਹੱਦ ਪੌਸ਼ਟਿਕ ਅਤੇ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ। ਮੈਂ ਕੁਦਰਤੀ ਤਰੀਕੇ ਨਾਲ ਮਸ਼ਰੂਮ ਦੀ ਖੇਤੀ ਕਰਕੇ ਬਹੁਤ ਲਾਭ ਕਮਾਇਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੋਜਨ ਉਤਪਾਦ ਤਿਆਰ ਕਰਨਾ ਸਾਨੂੰ ਭਵਿੱਖ ਵਿੱਚ ਬਹੁਤ ਅੱਗੇ ਲਿਜਾ ਸਕਦਾ ਹੈ ਸੋ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਮਸ਼ਰੂਮ ਦੀ ਖੇਤੀ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਜੋ ਇਨ੍ਹਾਂ ਨਾਲ ਤਿਆਰ ਉਤਪਾਦਾਂ ਨੂੰ ਵੇਚਣ ਲਈ ਵੱਧ ਮਾਤਰਾ ਵਿੱਚ ਉਤਪਾਦਾਂ ਦਾ ਉਤਪਾਦਨ ਕੀਤਾ ਜਾ ਸਕੇ। ਹੋਰ ਕਿਸਾਨਾਂ ਲਈ ਮੇਰਾ ਸੰਦੇਸ਼ ਇਹ ਹੈ ਕਿ ਉਨ੍ਹਾਂ ਨੂੰ ਵੀ ਮਸ਼ਰੂਮ ਦੀ ਖੇਤੀ ਕਰਨੀ ਚਾਹੀਦੀ ਹੈ ਅਤੇ ਬਜ਼ਾਰ ਵਿੱਚ ਮਸ਼ਰੂਮ ਤੋਂ ਬਣੇ ਵਿਭਿੰਨ ਉਤਪਾਦ ਵੇਚਣੇ ਚਾਹੀਦੇ ਹਨ। ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ, ਉਹ ਵੀ ਮਸ਼ਰੂਮ ਦੀ ਖੇਤੀ ਤੋਂ ਵੱਡੀ ਕਮਾਈ ਕਰ ਸਕਦੇ ਹਨ। ਇੱਥੋਂ ਤੱਕ ਕਿ ਘੱਟ ਜ਼ਮੀਨ ਵਾਲੇ ਕਿਸਾਨ ਵੀ ਮਸ਼ਰੂਮ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵੀ ਖੇਤੀ ਦੇ ਇਸ ਖੇਤਰ ਨੂੰ ਚੁਣਨਾ ਚਾਹੀਦਾ ਹੈ।“