ਇਸ ਮਹਿਲਾ ਨੇ ਇਕੱਲੇ ਹੀ ਸਾਬਿਤ ਕੀਤਾ ਕਿ ਜੈਵਿਕ ਖੇਤੀ ਸਮਾਜ ਅਤੇ ਉਸ ਦੇ ਪਰਿਵਾਰ ਲਈ ਕਿਸ ਤਰ੍ਹਾਂ ਲਾਭਦਾਇਕ ਹੈ
ਮੰਜੁਲਾ ਸੰਦੇਸ਼ ਪਦਵੀ ਵੇਖਣ ਵਿੱਚ ਇੱਕ ਸਾਧਾਰਨ ਮਹਿਲਾ ਕਿਸਾਨ ਹੈ ਪਰ ਜੈਵਿਕ ਖੇਤੀ ਨਾਲ ਸੰਬੰਧਿਤ ਗਿਆਨ ਅਤੇ ਉਨ੍ਹਾਂ ਦੇ ਜੀਵਨ ਦਾ ਸੰਘਰਸ਼ ਇਸ ਤੋਂ ਕਿਤੇ ਜ਼ਿਆਦਾ ਹੈ। ਮਹਾਂਰਾਸ਼ਟਰ ਦੇ ਜ਼ਿਲ੍ਹਾ ਨੰਦੂਰਬਾਰ ਦੇ ਇੱਕ ਛੋਟੇ ਪਿੰਡ ਵਾਗਸੇਪਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਨਾ ਸਿਰਫ਼ ਜੈਵਿਕ ਢੰਗ ਨਾਲ ਖੇਤੀ ਕੀਤੀ, ਬਲਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਅਤੇ ਆਪਣੇ ਫਾਰਮ ਦੀ ਆਮਦਨ ਨਾਲ ਆਪਣੀ ਬੇਟੀ ਨੂੰ ਪੜ੍ਹਾਇਆ-ਲਿਖਾਇਆ।
ਮੰਜੁਲਾ ਦੇ ਪਤੀ ਨੇ ਉਨ੍ਹਾਂ ਨੂੰ 10 ਸਾਲ ਪਹਿਲਾਂ ਛੱਡ ਦਿੱਤਾ ਸੀ, ਉਸ ਸਮੇਂ ਉਨ੍ਹਾਂ ਦੇ ਕੋਲ ਦੋ ਹੀ ਵਿਕਲਪ ਸਨ, ਪਹਿਲਾ ਉਸ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਬੁਰਾ ਮਹਿਸੂਸ ਕਰਨਾ, ਹਮਦਰਦੀ ਪ੍ਰਾਪਤ ਕਰਨਾ ਅਤੇ ਕਿਸੇ ਹੋਰ ਵਿਅਕਤੀ ਦੀ ਭਾਲ ਕਰਨਾ ਆਦਿ। ਦੂਸਰਾ ਵਿਕਲਪ ਇਹ ਸੀ ਕਿ ਖੁਦ ਹੀ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਅਤੇ ਖੁਦ ਦਾ ਸਹਾਰਾ ਬਣਨਾ। ਉਨ੍ਹਾਂ ਨੇ ਦੂਸਰਾ ਵਿਕਲਪ ਚੁਣਿਆ ਅਤੇ ਅੱਜ ਉਹ ਇੱਕ ਆਤਮ-ਨਿਰਭਰ ਜੈਵਿਕ ਮਹਿਲਾ ਕਿਸਾਨ ਹੈ।
ਉਨ੍ਹਾਂ ਦੇ ਜੀਵਨ ਵਿੱਚ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਜਦੋਂ ਉਨ੍ਹਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਦੇ ਲਈ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਗਿਆ ਸੀ। ਉਸ ਸਮੇਂ, ਉਨ੍ਹਾਂ ਦੇ ਦਿਲ ਦਾ ਇਲਾਜ ਚੱਲ ਰਿਹਾ ਸੀ, ਜਿਸ ਵਿੱਚ ਉਨ੍ਹਾਂ ਦੇ ਦਿਲ ਦਾ ਵਾਲਵ ਬਦਲਿਆ ਗਿਆ। ਪਰ ਉਨ੍ਹਾਂ ਨੇ ਕਦੀ ਉਮੀਦ ਨਹੀਂ ਛੱਡੀ। ਸਰਜਰੀ ਦੇ ਬਾਅਦ ਠੀਕ ਹੋਣ ‘ਤੇ ਉਨ੍ਹਾਂ ਨੇ ਬੱਚਤ ਸਮੂਹ (saving group) ਤੋਂ ਲੋਨ ਲਿਆ ਅਤੇ ਆਪਣੇ ਖੇਤ ਵਿੱਚ ਇੱਕ ਮੋਟਰ ਪੰਪ ਲਗਵਾਇਆ। ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਲਈ, ਉਨ੍ਹਾਂ ਨੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜਗ੍ਹਾ ਜੈਵਿਕ ਖਾਦਾਂ ਨੂੰ ਚੁਣਿਆ।
ਵੱਖ-ਵੱਖ ਸਰਕਾਰੀ ਪਾਲਿਸੀਆਂ ਤੋਂ ਮਿਲੀ ਰਾਸ਼ੀ ਉਨ੍ਹਾਂ ਦੇ ਲਈ ਚੰਗੀ ਰਕਮ ਸੀ ਅਤੇ ਉਨ੍ਹਾਂ ਨੇ ਇੱਕ ਬਲਦਾਂ ਦੀ ਜੋੜੀ ਖਰੀਦ ਕੇ ਇਸ ਨੂੰ ਸਮਝਦਾਰੀ ਨਾਲ ਖ਼ਰਚ ਕੀਤਾ ਅਤੇ ਹੁਣ ਉਹ ਆਪਣੇ ਖੇਤ ਵਿੱਚ ਵਾਹੀ ਲਈ ਬਲਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਮੱਕੀ ਅਤੇ ਜਵਾਰ ਦੀ ਫ਼ਸਲ ਉਗਾਈ ਅਤੇ ਇਸ ਨਾਲ ਉਨ੍ਹਾਂ ਨੂੰ ਚੰਗੀ ਪੈਦਾਵਾਰ ਮਿਲੀ।
ਮੰਜੁਲਾ ਜੀ ਕਹਿੰਦੇ ਹਨ – “ਆਲੇ ਦੁਆਲੇ ਦੀ ਪੈਦਾਵਾਰ ਮੇਰੇ ਖੇਤ ਤੋਂ ਘੱਟ ਹੈ, ਪਿਛਲੇ ਸਾਲ ਅਸੀਂ ਮੱਕੀ ਦੀ ਫ਼ਸਲ ਉਗਾਈ ਪਰ ਸਾਡੀ ਪੈਦਾਵਾਰ ਹੋਰ ਖੇਤਾਂ ਦੀ ਪੈਦਾਵਾਰ ਦੇ ਮੁਕਾਬਲੇ ਬਹੁਤ ਵਧੀਆ ਸੀ, ਕਿਉਂਕਿ ਮੈਂ ਜੈਵਿਕ ਖਾਦਾਂ ਦੀ ਵਰਤੋਂ ਕਰਦੀ ਹਾਂ ਅਤੇ ਹੋਰ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਨ। ਇਸ ਸਾਲ ਮੈਂ ਮੱਕੀ ਅਤੇ ਜਵਾਰ ਉਗਾ ਰਹੀ ਹਾਂ।”
ਨੰਦੂਰਬਾਰ ਜ਼ਿਲ੍ਹੇ ਵਿੱਚ ਸਥਿਤ ਜਨਤਕ ਸੇਵਾ ਪ੍ਰਣਾਲੀ ਨੇ ਮੰਜੁਲਾ ਜੀ ਦੀ ਉਨ੍ਹਾਂ ਦੇ ਖੇਤੀ ਉਤਪਾਦਨ ਵਿੱਚ ਕਾਫੀ ਮਦਦ ਕੀਤੀ, ਉਨ੍ਹਾਂ ਨੇ ਆਪਣੇ ਖੇਤਰ ਵਿੱਚ 15 ਬੱਚਤ ਸਮੂਹ ਬਣਾਏ ਹਨ ਅਤੇ ਇਹਨਾਂ ਸਮੂਹਾਂ ਦੇ ਮਾਧਿਅਮ ਨਾਲ ਪੈਸਾ ਇਕੱਠਾ ਕਰਦੇ ਹਨ ਅਤੇ ਜ਼ਰੂਰਤ ਦੇ ਅਨੁਸਾਰ ਕਿਸਾਨਾਂ ਨੂੰ ਲੋਨ ਪ੍ਰਦਾਨ ਕਰਦੇ ਹਨ। ਉਹ ਵਿਸ਼ੇਸ਼ ਤੌਰ ‘ਤੇ ਗੈਰ ਰਸਾਇਣਿਕ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਹਨ। ਇੱਕ ਹੋਰ ਗਰੁੱਪ ਹੈ ਜਿਸ ਤੋਂ ਮੰਜੁਲਾ ਜੀ ਲਾਭ ਪ੍ਰਾਪਤ ਕਰ ਰਹੇ ਹਨ, ਉਹ ਸਵਦੇਸ਼ੀ ਬੀਜ ਬੈਂਕ ਹੈ। ਉਹ ਇਸ ਸਮੂਹ ਰਾਹੀਂ ਬੀਜ ਲੈਂਦੇ ਹਨ ਅਤੇ ਸਬਜ਼ੀਆਂ, ਫਲਾਂ ਅਤੇ ਅਨਾਜਾਂ ਦੀ ਵਿਭਿੰਨ ਖੇਤੀ ਕਰਦੇ ਹਨ। ਮੰਜੁਲਾ ਜੀ ਦੀ ਬੇਟੀ ਨੂੰ ਆਪਣੀ ਮਾਂ ‘ਤੇ ਮਾਣ ਹੈ।
ਅੱਜ, ਮਹਿਲਾਵਾਂ ਖੇਤੀਬਾੜੀ ਦੇ ਖੇਤਰ ਵਿੱਚ ਬੀਜਾਂ ਦੀ ਬਿਜਾਈ ਤੋਂ ਲੈ ਕੇ ਫ਼ਸਲਾਂ ਦੀ ਦੇਖਭਾਲ ਅਤੇ ਭੰਡਾਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਦੀਆਂ ਹਨ। ਪਰ ਜਦੋਂ ਖੇਤੀ ਵਿੱਚ ਮਸ਼ੀਨੀਕਰਣ ਆ ਜਾਂਦਾ ਹੈ ਤਾਂ ਮਹਿਲਾਵਾਂ ਇਸ ਸ਼੍ਰੇਣੀ ਤੋਂ ਬਾਹਰ ਹੋ ਜਾਂਦੀਆਂ ਹਨ। ਪਰ ਮੰਜੁਲਾ ਸੰਦੇਸ਼ ਪਦਵੀ ਜੀ ਨੇ ਖੁਦ ਨੂੰ ਕਦੀ ਅਪਾਹਜ ਨਹੀਂ ਬਣਾਇਆ ਅਤੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਵਿੱਚ ਬਦਲ ਲਿਆ। ਉਨ੍ਹਾਂ ਨੇ ਇਕੱਲੇ ਹੀ ਆਪਣੇ ਫਾਰਮ ਦੀ ਦੇਖਭਾਲ ਕੀਤੀ ਅਤੇ ਆਪਣੀ ਬੇਟੀ ਅਤੇ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਅੱਜ ਉਨ੍ਹਾਂ ਦੀ ਬੇਟੀ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਇੰਨਾ ਕੁ ਕਮਾ ਰਹੀ ਹੈ ਕਿ ਆਪਣਾ ਵਧੀਆ ਜੀਵਨ ਬਤੀਤ ਕਰ ਸਕੇ। ਇਸ ਸਮੇਂ ਉਨ੍ਹਾਂ ਦੀ ਬੇਟੀ ਮਨਿਕਾ ਜਲਗਾਓਂ ਵਿੱਚ ਨਰਸ ਦੇ ਤੌਰ ‘ਤੇ ਕੰਮ ਕਰ ਰਹੀ ਹੈ।
ਮੰਜੁਲਾ ਸੰਦੇਸ਼ ਪਦਵੀ ਜੀ ਵਰਗੀਆਂ ਮਹਿਲਾਵਾਂ ਗ੍ਰਾਮੀਣ ਭਾਰਤ ਦੇ ਲਈ ਇੱਕ ਪਾਵਰਹਾਊਸ ਦੇ ਰੂਪ ਵਿੱਚ ਕੰਮ ਕਰਦੀਆਂ ਹਨ, ਅਜਿਹੀਆਂ ਮਹਿਲਾਵਾਂ ਹੋਰ ਮਹਿਲਾਵਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਆਪਣੇ ਚੰਗੇ ਭਵਿੱਖ ਲਈ ਟਿਕਾਊ ਖੇਤੀ ਦੀ ਚੋਣ ਕਰਦੀਆਂ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਭਵਿੱਖ ਦੀ ਪੀੜ੍ਹੀ ਸਵੱਸਥ ਜੀਵਨ ਜੀਵੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤਾਂ ਅੱਜ ਸਾਨੂੰ ਮੰਜੁਲਾ ਸੰਦੇਸ਼ ਪਦਵੀ ਵਰਗੀਆਂ ਮਹਿਲਾਵਾਂ ਦੀ ਜ਼ਰੂਰਤ ਹੈ।
ਸਥਾਈ ਖੇਤੀ ਹੀ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਰਸਾਇਣ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਨ ਅਤੇ ਭੂਮੀਗਤ ਜੀਵਨ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਰਸਾਇਣ ਖੇਤੀ ਦੇ ਖ਼ਰਚੇ ਨੂੰ ਵੀ ਵਧਾਉਂਦੇ ਹਨ ਜਿਸ ਨਾਲ ਕਿਸਾਨਾਂ ਦਾ ਕਰਜ਼ਾ ਵੱਧਦਾ ਹੈ ਅਤੇ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।