ਪਰ ਇਕੱਲਾ ਪੈਸਾ ਹੀ ਨਹੀਂ ਸੀ ਜਿਸ ਲਈ ਭੁਪਿੰਦਰ ਸਿੰਘ ਸੰਧਾ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ। ਭੁਪਿੰਦਰ ਸਿੰਘ ਨੂੰ ਭੰਵਰਿਆਂ, ਮੱਖੀਆਂ ਦੀ ਕਲਾ ਅਤੇ ਮਧੂ-ਮੱਖੀਆਂ ਤੋਂ ਹੋਣ ਵਾਲੇ ਫਾਇਦਿਆਂ ਨੇ ਉਨ੍ਹਾਂ ਨੂੰ ਇਸ ਉੱਦਮ ਵੱਲ ਆਕਰਸ਼ਿਤ ਕੀਤਾ।
1993 ਵਿੱਚ ਭੁਪਿੰਦਰ ਸਿੰਘ ਸੰਧਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਰਾਜਪੁਰਾ ਦੇ ਮਧੂ ਮੱਖੀ ਪਾਲਣ ਦੌਰੇ ਦੌਰਾਨ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਾ। ਭੁਪਿੰਦਰ ਸਿੰਘ ਇਨ੍ਹਾਂ ਮਧੂ ਮੱਖੀਆਂ ਦੇ ਕੰਮ ਤੋਂ ਇੰਨਾ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਿਰਫ਼ 5 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮੱਖੀ ਪਾਲਣ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਭੁਪਿੰਦਰ ਸਿੰਘ ਸੰਧਾ ਫਾਰਮਾਸਿਸਟ(ਦਵਾਈਆਂ ਵੇਚਦੇ) ਸਨ ਅਤੇ ਉਨ੍ਹਾਂ ਨੇ ਫਾਰਮੇਸੀ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ਆਲੇ-ਦੁਆਲੇ ਭਿਣਕਦੀਆਂ ਮੱਖੀਆਂ ਅਤੇ ਸ਼ਹਿਦ ਦੀ ਮਿਠਾਸ ਨਾਲ ਘਿਰੀ ਹੋਈ ਸੀ।
1994 ਵਿੱਚ, ਭੁਪਿੰਦਰ ਸਿੰਘ ਸੰਧਾ ਨੇ ਇੱਕ ਮੈਡੀਕਲ ਸਟੋਰ ਵੀ ਖੋਲ੍ਹਿਆ ਅਤੇ ਉਸ ਸਟੋਰ ਨੂੰ ਤਿਆਰ ਕੀਤਾ ਸ਼ਹਿਦ ਵੇਚਣ ਲਈ ਵਰਤਿਆ ਅਤੇ ਇਸ ਨਾਲ ਉਨ੍ਹਾਂ ਦਾ ਮੱਖੀ ਪਾਲਣ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਸੀ। ਉਨ੍ਹਾਂ ਦਾ ਦਵਾਈਆਂ ਵਾਲੇ ਖੇਤਰ ਵਿੱਚ ਆਉਣ ਦਾ ਉਦੇਸ਼ ਲੋਕਾਂ ਦੀ ਮਦਦ ਕਰਨਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਨਿਰਧਾਰਿਤ ਕੀਤੀਆਂ ਦਵਾਈਆਂ ਹੀ ਵੇਚ ਰਹੇ ਸਨ, ਜੋ ਅਸਲ ਵਿਚ ਉਹ ਕੰਮ ਨਹੀਂ ਸੀ ਜੋ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਨੇ 1997 ਵਿੱਚ ਮਾਰਕਿਟ ‘ਤੇ ਰਿਸਰਚ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਸੀ ਕਿ ਮਧੂ ਮੱਖੀ ਪਾਲਣ ਉਹ ਖੇਤਰ ਹੈ ਜਿਸ ‘ਤੇ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਲਈ, 5 ਸਾਲ ਮੈਡੀਕਲ ਸਟੋਰ ਚਲਾਉਣ ਤੋਂ ਬਾਅਦ, ਅਖੀਰ ਉਨ੍ਹਾਂ ਨੇ ਇਸ ਖੇਤਰ ਨੂੰ ਛੱਡ ਦਿੱਤਾ ਅਤੇ ਮਧੂ-ਮੱਖੀਆਂ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਦਾ ਫੈਸਲਾ ਕੀਤਾ।
ਇਹ ਕਿਹਾ ਜਾਂਦਾ ਹੈ – ਜਦੋਂ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਚੁਣਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਅਸਲ ਖੁਸ਼ੀ ਮਹਿਸੂਸ ਕਰਦੇ ਹੋ।
ਭੁਪਿੰਦਰ ਸਿੰਘ ਸੰਧਾ ਦੇ ਨਾਲ ਵੀ ਇਹੋ ਸੀ, ਉਨ੍ਹਾਂ ਨੇ ਆਪਣੀ ਅਸਲ ਖੁਸ਼ੀ ਮੱਖੀ ਪਾਲਣ ਨੂੰ ਸਮਝਿਆ। 1999 ਵਿੱਚ, ਉਨ੍ਹਾਂ ਨੇ ਆਪਣੇ ਮਧੂ-ਮੱਖੀ ਫਾਰਮ ਨੂੰ 500 ਬਕਸਿਆਂ ਤੱਕ ਫੈਲਾਇਆ ਅਤੇ 6 ਕਿਸਮਾਂ ਦੇ ਸ਼ਹਿਦ ਉਤਪਾਦ ਜਿਵੇਂ ਹਿਮਾਲੀਅਨ, ਅਜਵੈਣ, ਤੁਲਸੀ, ਜਾਮੁਨ, ਕਸ਼ਮੀਰੀ, ਸਫੇਦਾ, ਲੀਚੀ ਆਦਿ ਤਿਆਰ ਕੀਤੇ। ਸ਼ਹਿਦ ਤੋਂ ਇਲਾਵਾ, ਉਹ ਬੀ ਪੋਲਨ, ਬੀ ਵੈਕਸ ਅਤੇ ਭੁੰਨੇ ਹੋਏ ਅਲਸੀ ਦਾ ਪਾਊਡਰ ਵੀ ਵੇਚਦੇ ਹਨ। ਮਧੂ ਮੱਖੀ ਉਤਪਾਦਾਂ ਦੀ ਨੁਮਾਇੰਦਗੀ ਲਈ ਬਰਾਂਡ ਦਾ ਚੁਣਿਆ ਗਿਆ ਨਾਮ ਅਮੋਲਕ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ‘ਚ ਇਸਦੀ ਬਹੁਤ ਵਧੀਆ ਮਾਰਕਿਟ ਹੈ। ਉਹ 10 ਕਰਮਚਾਰੀਆਂ ਦੀ ਮਦਦ ਨਾਲ ਪੂਰੇ ਮੱਖੀ ਫਾਰਮ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕੰਮ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ।
ਭੁਪਿੰਦਰ ਸਿੰਘ ਸੰਧਾ ਲਈ ਮੱਖੀ-ਪਾਲਣ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਹਿੱਸਾ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਇਹ ਆਮਦਨੀ ਦਾ ਸਰੋਤ ਹੈ, ਸਗੋਂ ਇਸ ਲਈ ਵੀ ਕਿਉਂਕਿ ਉਹ ਮਧੂ-ਮੱਖੀਆਂ ਨੂੰ ਕੰਮ ਕਰਦੇ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਕੁਦਰਤ ਦੇ ਅਨੋਖੇ ਅਜੂਬੇ ਦਾ ਅਨੁਭਵ ਕਰਨ ਦਾ ਬਿਹਤਰੀਨ ਤਰੀਕਾ ਹੈ। ਮਧੂ ਮੱਖੀ ਪਾਲਣ ਦੁਆਰਾ, ਉਹ ਵੱਖ-ਵੱਖ ਖੇਤਰਾਂ ਵਿੱਚ ਹੋਰਨਾਂ ਕਿਸਾਨਾਂ ਨਾਲ ਅੱਗੇ ਵੱਧਣਾ ਚਾਹੁੰਦੇ ਹਨ। ਉਹ ਉਨ੍ਹਾਂ ਕਿਸਾਨਾਂ ਦੀ ਅਗਵਾਈ ਵੀ ਕਰਦੇ ਹਨ ਜੋ ਸ਼ਹਿਦ ਇਕੱਠਾ ਕਰਨ, ਰਾਣੀ ਮੱਖੀ ਤਿਆਰ ਕਰਨ ਅਤੇ ਉਤਪਾਦਾਂ ਦੀ ਪੈਕਿੰਗ ਨਾਲ ਸੰਬੰਧਿਤ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹਨ। ਉਹ ਰੇਡੀਓ ਪ੍ਰੋਗਰਾਮਾਂ ਅਤੇ ਪ੍ਰਿੰਟ ਮੀਡੀਆ ਰਾਹੀਂ ਸਮਾਜ ਅਤੇ ਮਧੂ-ਮੱਖੀ ਪਾਲਣ ਦੇ ਵਿਸਤਾਰ ਅਤੇ ਇਸ ਦੀ ਵਿਭਿੰਨਤਾ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਭੁਪਿੰਦਰ ਸਿੰਘ ਸੰਧਾ ਦਾ ਫਾਰਮ ਉਸ ਦੇ ਪਿੰਡ ਟਿਵਾਣਾ, ਪਟਿਆਲਾ ਵਿਖੇ ਸਥਿਤ ਹੈ, ਜਿੱਥੇ ਉਨ੍ਹਾਂ ਨੇ 10 ਏਕੜ ਜ਼ਮੀਨ ਠੇਕੇ ‘ਤੇ ਲਈ ਹੈ। ਉਹ ਆਮ ਤੌਰ ‘ਤੇ 900-1000 ਮੱਖੀਆਂ ਦੇ ਬਕਸਿਆਂ ਨੂੰ ਰੱਖਦੇ ਹਨ ਅਤੇ ਬਾਕੀ ਦੇ ਵੇਚ ਦਿੰਦੇ ਹਨ। ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੂਜੀ ਵਪਾਰਕ ਭਾਗੀਦਾਰ ਹੈ ਅਤੇ ਜੋ ਹਰ ਕਦਮ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਆਪਣੇ ਕੰਮ ਨੂੰ ਹੋਰ ਸਫ਼ਲ ਅਤੇ ਆਪਣੇ ਕੌਸ਼ਲ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਸਿਖਲਾਈਆਂ ‘ਚ ਹਿੱਸਾ ਲਿਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ। ਆਤਮਾ ਸਕੀਮ ਦੇ ਤਹਿਤ ਅਮੋਲਕ ਹਨੀ ਨਾਮ ‘ਤੇ ਉਨ੍ਹਾਂ ਕੋਲ ਆਤਮਾ ਕਿਸਾਨ ਹੱਟ ਹੈ, ਜਿੱਥੇ ਉਹ ਖੁਦ ਤਿਆਰ ਕੀਤਾ ਸ਼ਹਿਦ ਵੇਚਦੇ ਹਨ।
ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਉਹ ਸ਼ਹਿਦ ਦਾ ਇੱਕ ਹੋਰ ਉਤਪਾਦ ਤਿਆਰ ਕਰਨ ਜਾ ਰਹੇ ਹਨ ਅਤੇ ਉਹ ਹੈ ਪ੍ਰੋਪੋਲਿਸ। ਮਧੂ-ਮੱਖੀ ਤੋਂ ਇਲਾਵਾ ਉਹ ਅਮੋਲਕ ਬਰੈਂਡ ਦੇ ਤਹਿਤ ਰਸਾਇਣ-ਮੁਕਤ ਜੈਵਿਕ ਸ਼ੱਕਰ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਾਨ ਯੋਜਨਾਵਾਂ ਹਨ, ਜਿਨ੍ਹਾਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਉਹ ਸਹੀ ਸਮੇਂ ‘ਤੇ ਦੱਸਣਗੇ।
“ਮਧੂ ਮੱਖੀ ਪਾਲਕਾਂ ਲਈ ਸ਼ਹਿਦ ਦਾ ਮੰਡੀਕਰਨ ਖੁਦ ਕਰਨਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਮਿਲਾਵਟ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘਟਾ ਸਕਦੇ ਹਨ, ਜੋ ਜ਼ਿਆਦਾਤਰ ਮੁਨਾਫ਼ੇ ਨੂੰ ਜ਼ਬਤ ਕਰ ਲੈਂਦੇ ਹਨ।”
ਭੁਪਿੰਦਰ ਸਿੰਘ ਸੰਧਾ ਨੇ ਆਪਣੇ ਪੇਸ਼ੇ ਨੂੰ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਉਹ ਸਮਾਜ ਦੇ ਕਲਿਆਣ ਲਈ ਮਧੂ-ਮੱਖੀ ਪਾਲਣ ‘ਚ ਲੁਪਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜੇ ਭੁਪਿੰਦਰ ਸਿੰਘ ਸੰਧਾ ਦੀ ਕਹਾਣੀ ਨੇ ਤੁਹਾਨੂੰ ਮਧੂ-ਮੱਖੀ ਪਾਲਣ ਬਾਰੇ ਵਧੇਰੇ ਜਾਣਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਤੁਸੀਂ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦੇ ਹੋ।