ਬਲਜਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਮਧੂ-ਮੱਖੀ ਪਾਲਕ ਦੀ ਕਹਾਣੀ ਜੋ ਆਪਣੇ ਸ਼ੌਂਕ ਦੇ ਸਿਰ ‘ਤੇ ਸਫਲਤਾ ਹਾਸਲ ਕਰ ਚੁੱਕਿਆ ਹੈ।

ਸੇਧ ਕਿਤੋਂ ਵੀ ਮਿਲ ਜਾਵੇ, ਭਾਵੇਂ ਸਮਾਂ ਕੋਈ ਵੀ ਹੋਵੇ, ਚਾਹੇ ਦਿਨ ਹੋਵੇ ਜਾਂ ਰਾਤ ਉਹ ਵਕਤ ਸੁਨਹਿਰਾ ਹੀ ਹੁੰਦਾ ਹੈ।

ਇਹ ਗੱਲ ਹਰ ਖੇਤਰ ਵਿੱਚ ਢੁੱਕਦੀ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਕਿਸੇ ਨੇ ਕੋਈ ਮੁਕਾਮ ਹਾਸਿਲ ਕਰਨਾ ਹੋਵੇ, ਤਾਂ ਗਿਆਨ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਅੱਜ ਅਸੀਂ ਇੱਕ ਅਜਿਹੇ ਹੀ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਉਨ੍ਹਾਂ ਨੇ ਇਸ ਗੱਲ ਨੂੰ ਸੱਚ ਸਾਬਿਤ ਕੀਤਾ ਹੈ।

ਕਿਹਾ ਜਾਂਦਾ ਹੈ ਕਿ ਇਨਸਾਨ ਅਤੇ ਪਾਣੀ ਦਾ ਚਲਦੇ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਦੇ ਖੜਨ ਨਾਲ ਇਨ੍ਹਾਂ ਦੀ ਅਹਿਮੀਅਤ ਘੱਟ ਜਾਂਦੀ ਹੈ। ਇਸੇ ਸੋਚ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਜੀ ਕੁੱਝ ਨਵਾਂ ਕਰਨ ਦੀ ਤਾਂਘ ਵਿੱਚ ਰਹਿੰਦੇ ਸੀ। ਇਸੇ ਚੀਜ਼ ਨੂੰ ਉਹਨਾਂ ਨੇ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਹਨਾਂ ਪ੍ਰਦਰਸ਼ਨੀਆਂ ਵਿੱਚ ਉਹਨਾਂ ਦੀ ਮੁਲਾਕਾਤ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਨਾਲ ਹੋਈ ਜਿਨ੍ਹਾਂ ਦੀਆਂ ਉਪਲੱਬਧੀਆਂ ਨੇ ਬਲਜਿੰਦਰ ਸਿੰਘ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ।

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਜੋ ਕਿ ਖੁਦ ਇੱਕ ਅਗਾਂਹਵਧੂ ਕਿਸਾਨ ਹਨ, ਉਹਨਾਂ ਵੱਲ ਦੇਖ ਕੇ ਮੇਰੇ ਦਿਮਾਗ ਵਿੱਚ ਵਿਚਾਰ ਆਇਆ, ਜੇਕਰ ਉਹ ਇੱਕ ਮਹਿਲਾ ਹੋ ਕੇ ਵੀ ਇੰਨਾ ਸਭ ਕੁੱਝ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ? — ਬਲਜਿੰਦਰ ਸਿੰਘ

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਆਪਣੇ ਬਣਾਏ ਸੈੱਲਫ ਹੈੱਲਪ ਗਰੁੱਪ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਰੱਖੀ ਹੈ, ਜਿਸ ਦੇ ਅੰਤਰਗਤ ਉਹ ਆਪਣੇ ਉਤਪਾਦ ਜਿਵੇਂ ਕਿ ਚਟਨੀ, ਆਚਾਰ ਆਦਿ ਦਾ ਮੰਡੀਕਰਨ ਵੀ ਕਰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ,ਜੋ ਕਿ ਹੋਰਨਾਂ ਘਰੇਲੂ ਬੀਬੀਆਂ ਲਈ ਇੱਕ ਮਿਸਾਲ ਹੈ।

ਬਲਜਿੰਦਰ ਸਿੰਘ ਜੀ ਨੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਦੇ ਕੰਮ ਤੋਂ ਉਤਸ਼ਾਹਿਤ ਹੋ ਕੇ ਮਧੂ-ਮੱਖੀ ਪਾਲਣ ਦਾ ਕਿੱਤਾ ਅਪਨਾਉਣ ਦਾ ਮਨ ਬਣਾਇਆ। ਉਹਨਾਂ ਨਾਲ ਮਿਲ ਕੇ ਹੀ ਮਧੂ-ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਪ੍ਰਾਪਤ ਕੀਤੀ।

ਮੈਂ ਅਤੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਹੀ ਮਿਲ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਸਮੇਂ-ਸਮੇਂ ਸਿਰ ਸਿਖਲਾਈ ਪ੍ਰਾਪਤ ਕਰਦੇ ਰਹੇ ਅਤੇ ਸਰਦਾਰਨੀ ਗੁਰਦੇਵ ਕੌਰ ਦਿਓਲ ਨਾਲ ਅਲੱਗ ਅਲੱਗ ਫਾਰਮਾਂ ‘ਤੇ ਜਾਂਦੇ ਰਹੇ। — ਬਲਜਿੰਦਰ ਸਿੰਘ

ਬਲਜਿੰਦਰ ਜੀ ਨੇ ਇੱਕ ਡੇਢ ਸਾਲ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਗੁਰਦੇਵ ਕੌਰ ਦਿਓਲ ਜੀ ਤੋਂ ਹੀ 15 ਬਕਸੇ ਖਰੀਦ ਕੇ ਸੰਨ 2000 ਵਿੱਚ ਮਧੂ-ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਮਧੂ-ਮੱਖੀਆਂ ਦੀ ਨਸਲ ‘ਚੋਂ ਉਨ੍ਹਾਂ ਨੇ ਇਟਾਲੀਅਨ ਬ੍ਰੀਡ ਦੀਆਂ ਮੱਖੀਆਂ ਨੂੰ ਚੁਣਿਆ, ਜੋ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਗਈ ਸੀ। ਇਨ੍ਹਾਂ ਬਕਸਿਆਂ ਨੂੰ ਉਨ੍ਹਾਂ ਨੇ ਗੰਗਾਨਗਰ ਦੇ ਇਲਾਕੇ ‘ਚ ਰੱਖਿਆ। ਬਿਨਾਂ ਕਿਸੇ ਸਰਕਾਰੀ ਅਤੇ ਗੈਰ ਸਰਕਾਰੀ ਸਹਿਯੋਗ ਤੋਂ ਉਨ੍ਹਾਂ ਨੇ ਇਨ੍ਹਾਂ 15 ਬਕਸਿਆਂ ਤੋਂ ਆਪਣੇ ਕਾਰੋਬਾਰ ਸਥਾਪਿਤ ਕੀਤਾ।

ਮੈਨੂੰ ਇਸ ਧੰਦੇ ਵਿੱਚ ਜ਼ਿਆਦਾ ਕੋਈ ਸਮੱਸਿਆ ਨਹੀਂ ਆਈ, ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਕੰਪਨੀਆਂ ਸ਼ਹਿਦ ਵਿੱਚ ਮਿਲਾਵਟ ਕਰਕੇ ਵੇਚਦੀਆਂ ਹਨ ਅਤੇ ਆਪਣੇ ਮੁਨਾਫ਼ੇ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। – ਬਲਜਿੰਦਰ ਸਿੰਘ

ਉਹਨਾਂ ਦਾ ਕਾਰੋਬਾਰ ਇੰਨੇ ਵੱਡੇ ਪੱਧਰ ਫੈਲ ਚੁੱਕਾ ਹੈ, ਕਿ ਉਹ ਆਪਣਾ ਸ਼ਹਿਦ ਕੇਵਲ ਭਾਰਤ ਵਿੱਚ ਨਹੀਂ ਸਗੋਂ ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ ਆਦਿ ਵਿੱਚ ਵੀ ਵੇਚ ਰਹੇ ਹਨ। ਉਹਨਾਂ ਨੇ ਕੰਪਨੀਆਂ ਨਾਲ ਲਿੰਕ ਬਣਾਏ ਹੋਏ ਹਨ ਅਤੇ ਸ਼ਹਿਦ ਸਿੱਧਾ ਕੰਪਨੀਆਂ ਨੂੰ ਵੇਚਦੇ ਹਨ।

ਵਰਤਮਾਨ ਵਿੱਚ ਉਹਨਾਂ ਕੋਲ 2500 ਦੇ ਕਰੀਬ ਬਕਸੇ ਹਨ। ਉਹ ਆਪਣੇ ਬਕਸੇ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਜਿਵੇਂ ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸ਼੍ਰੀਨਗਰ ਆਦਿ ਸ਼ਹਿਰਾਂ ਵਿੱਚ ਵੀ ਲਗਾਉਂਦੇ ਹਨ। ਇਸ ਕੰਮ ਵਿੱਚ ਉਹਨਾਂ ਨਾਲ 20 ਹੋਰ ਮਜ਼ਦੂਰ ਜੁੜੇ ਹਨ ਅਤੇ ਉਹਨਾਂ ਦੇ ਸਹਿਯੋਗੀ ਕੁਲਵਿੰਦਰ ਸਿੰਘ ਪਿੰਡ ਬੁਰਜ ਕਲਾਂ ਤੋਂ ਹਨ, ਜੋ ਕਿ ਹਰ ਵਕਤ ਉਹਨਾਂ ਦਾ ਸਾਥ ਦਿੰਦੇ ਹਨ।

ਬਲਜਿੰਦਰ ਸਿੰਘ ਜੀ ਨੇ ਆਪਣਾ ਸ਼ਹਿਦ ਘਰ-ਘਰ ਗ੍ਰਾਹਕ ਦੀ ਲੋੜ ਅਨੁਸਾਰ ਪਹੁੰਚਾਉਣ ਲਈ ਸ਼ਹਿਦ ਦੀ ਵੱਖ-ਵੱਖ ਪੈਕਿੰਗ ਜਿਵੇਂ ਕਿ 100 ਗ੍ਰਾਮ, 250 ਗ੍ਰਾਮ, 500 ਗ੍ਰਾਮ ਅਤੇ 1 ਕਿਲੋਗ੍ਰਾਮ ਆਦਿ ਉਪਲੱਬਧ ਹੈ। ਅਤੇ ਉਨ੍ਹਾਂ ਨੂੰ ਇਸ ਕੰਮ ਵਿੱਚ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ।

ਬਲਜਿੰਦਰ ਸਿੰਘ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸ਼ਹਿਦ ਤਿਆਰ ਕੀਤਾ ਜਾਂਦਾ ਹੈ –

  • ਸਰੋਂ ਦਾ ਸ਼ਹਿਦ
  • ਨਿੰਮ ਦਾ ਸ਼ਹਿਦ
  • ਟਾਹਲੀ ਦਾ ਸ਼ਹਿਦ
  • ਸਫੈਦੇ ਦਾ ਸ਼ਹਿਦ
  • ਬੇਰੀ ਦਾ ਸ਼ਹਿਦ
  • ਕਿੱਕਰ ਦਾ ਸ਼ਹਿਦ ਆਦਿ।
ਭਵਿੱਖ ਦੀ ਯੋਜਨਾ

ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਉਹ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਉਹ 5000 ਤੱਕ ਬਕਸੇ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਜੋ ਨਵੇਂ ਕਿਸਾਨ ਮਧੂ-ਮੱਖੀ ਪਾਲਣ ਵਿੱਚ ਆਉਣਾ ਚਾਹੁੰਦੇ ਹਨ, ਸਭ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਉਸ ਮਗਰੋਂ ਆਪਣੀ ਮਿਹਨਤ ਵੱਲ ਜ਼ੋਰ ਦੇਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਉਤਸ਼ਾਹਿਤ ਹੋ ਕੇ ਪੈਸੇ ਤਾਂ ਲਗਾ ਲਈਏ ਪਰ ਗਿਆਨ ਦੀ ਕਮੀ ਹੋਣ ਕਾਰਨ ਬਾਅਦ ‘ਚ ਨੁਕਸਾਨ ਉਠਾਉਣ ਪਏ। ਸੋ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਹੀ ਕਿਸੇ ਕਿੱਤੇ ਨੂੰ ਹੱਥ ਪਾਓ, ਕਿਉਂਕਿ ਅਜਿਹਾ ਕਿੱਤਾ ਆਪਣੀ ਦੇਖ ਰੇਖ ਤੋਂ ਬਿਨਾਂ ਹੋਣਾ ਸੰਭਵ ਨਹੀਂ ਹੈ।