ਰਾਜਪਾਲ ਸਿੰਘ ਗਾਂਧੀ

ਪੂਰੀ ਕਹਾਣੀ ਪੜ੍ਹੋ

ਪੜ੍ਹੋ ਅਤੇ ਜਾਣੋ ਕਿਵੇਂ ਰਾਜਪਾਲ ਸਿੰਘ ਗਾਂਧੀ ਸਟੀਵੀਆ ਦੀ ਖੇਤੀ ਕਰਕੇ ਕੁਦਰਤ ਦੇ ਮਿੱਠੇ ਭੇਤ ਨੂੰ ਉਜਾਗਰ ਕਰ ਰਹੇ ਹਨ

ਕੀ ਤੁਸੀਂ ਕਦੇ ਖੰਡ ਤੋਂ ਜ਼ਿਆਦਾ ਮਿੱਠੀ ਅਤੇ ਗੁਣਕਾਰੀ ਕੋਈ ਚੀਜ਼ ਚੱਖੀ ਹੈ, ਸ਼ਾਇਦ ਨਹੀਂ ਚੱਖੀ ਹੋਣੀ। ਪਰ ਬੰਗਾ ਦੇ ਇਨਕਮ ਟੈੱਕਸ ਸਲਾਹਕਾਰ ਨੇ ਖੰਡ ਤੋਂ 400 ਗੁਣਾ ਮਿੱਠੀ ਸਫ਼ਲਤਾ ਦਾ ਸੁਆਦ ਚੱਖ ਲਿਆ ਹੈ। ਜੀ ਹਾਂ, ਇੱਥੇ ਸਟੀਵੀਆ ਦੀ ਖੇਤੀ ਬਾਰੇ ਗੱਲ ਕੀਤੀ ਜਾ ਰਹੀ ਹੈ।

ਰਾਜਪਾਲ ਸਿੰਘ ਗਾਂਧੀ ਨੇ ਭਾਰਤ ਵਿੱਚ ਇੱਕ ਲਹਿਰ ਦੀ ਅਗਵਾਈ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਨਿਸ਼ਚਿਤ ਹੀ ਦੁਨੀਆ ਦਾ ਸੁਆਦ ਬਦਲਣ ਵਾਲੇ ਹਨ।

10 ਸਾਲ ਦੇ ਕਾਰਜ-ਕਾਲ ਵਿੱਚ ਲੋਕਾਂ ਨੂੰ ਬੁੱਧੀਮਾਨੀ ਨਾਲ ਆਪਣਾ ਨਿਵੇਸ਼ ਚੁਣਨ ਵਿੱਚ ਸਲਾਹ ਦੇਣ ਤੋਂ ਬਾਅਦ, ਅੰਤ ਰਾਜਪਾਲ ਗਾਂਧੀ ਜੀ ਨੇ ਖੇਤੀ ਦੇ ਖੇਤਰ ਵਿੱਚ ਦਾਖਲ ਹੋਣ ਦਾ ਫੈਸਲਾ ਲਿਆ। ਪੰਜਾਬ ਦੇ ਹੋਰ ਔਸਤਨ ਕਿਸਾਨਾਂ ਦੇ ਉਲਟ ਰਾਜਪਾਲ ਗਾਂਧੀ ਜੀ ਨੇ ਪੈਸਾ ਕਮਾਉਣ ਲਈ ਨਾ-ਕੇਵਲ ਇੱਕ ਨਵੇਂ ਉੱਦਮ ਦੇ ਰੂਪ ਵਿੱਚ ਸ਼ਿਵਾਲਿਕ ਤਲਹੱਟੀ ਦੇ ਉਪ-ਪਹਾੜੀ ਇਲਾਕੇ ਵਿੱਚ ਕੁਦਰਤੀ ਸਵੀਟਨਰ ਉਗਾਇਆ, ਬਲਕਿ ਸਖ਼ਤ ਰਿਸਰਚ ਨਾਲ ਇੱਕ ਪ੍ਰੋਸੈੱਸਿੰਗ ਪਲਾਂਟ ਵੀ ਖੋਲ੍ਹਿਆ।

ਖੇਤੀ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਸ਼ੁਰੂਆਤ ਗਾਂਧੀ ਜੀ ਲਈ ਆਸਾਨ ਨਹੀਂ ਸੀ। ਉਨ੍ਹਾਂ ਨੇ 2003 ਵਿੱਚ 35 ਏਕੜ ਕਿੰਨੂ ਦੇ ਬਾਗ਼ਾਂ ਨਾਲ ਸ਼ੁਰੂਆਤ ਕੀਤੀ, ਪਰ ਮੰਡੀਕਰਨ ਦੀਆਂ ਸੁਵਿਧਾਵਾਂ ਵਿੱਚ ਕਮੀ ਹੋਣ ਕਾਰਨਾਂ ਨੇ ਉਨ੍ਹਾਂ ਨੂੰ 2008 ਤੱਕ ਫ਼ਸਲ ਦੇ ਉਤਪਾਦਨ ਨੂੰ ਘੱਟ ਕਰਨ ਲਈ ਮਜ਼ਬੂਰ ਕਰ ਦਿੱਤਾ।

“ਮੈਂ ਗਲੈਡੀਓਲਸ, ਆਲੂ ਅਤੇ ਹੋਰ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਿੱਚ ਵੀ ਮੰਡੀਕਰਨ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਨਹੀਂ ਸੀ। ਇਸ ਲਈ ਮੈਂ ਸਟੀਵੀਆ ਦੀ ਖੇਤੀ ਸ਼ੁਰੂ ਕੀਤੀ ਅਤੇ ਇਹ ਮੇਰਾ ਸਭ ਤੋਂ ਚੰਗਾ ਫੈਸਲਾ ਸੀ, ਜੋ ਮੈਂ ਲਿਆ।”

ਉਨ੍ਹਾਂ ਨੇ ਸਟੀਵੀਆ ਦੀ ਖੇਤੀ 6 ਏਕੜ ਜ਼ਮੀਨ ‘ਤੇ ਸ਼ੁਰੂ ਕੀਤੀ, ਪਰ ਉੱਥੇ ਕੋਈ ਪ੍ਰੋਸੈੱਸਿੰਗ ਯੂਨਿਟ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਆਪਣੀ 10 ਸਾਲ ਦੀ ਸਖ਼ਤ-ਮਿਹਨਤ ਦਾ ਕੋਈ ਫਾਇਦਾ ਨਹੀਂ ਹੋਇਆ। ਆਖਿਰ ਉਨ੍ਹਾਂ ਨੇ ਪ੍ਰੋਟੋਟਾਈਪ ਇਕੱਠਾ ਕਰਨ ਲਈ ਇੰਡੀਅਨ ਇੰਸਟੀਚਿਊਟ ਆੱਫ ਟੈਕਨਾੱਲਜੀ, ਮੁੰਬਈ ਨਾਲ ਸੰਪਰਕ ਕੀਤਾ ਅਤੇ ਲੱਖਾਂ ਨਿਵੇਸ਼ਾਂ, ਕਈ ਕਮੀਆਂ, ਖੋਜਾਂ ਅਤੇ ਕਈ ਵਿਗਿਆਨਕਾਂ, ਇੰਜੀਨੀਅਰਾਂ ਅਤੇ ਕਾਢਕਾਰਾਂ ਦੀ ਮੀਟਿੰਗ ਤੋਂ ਬਾਅਦ ਉਹ ਇੱਕ ਚੰਗੇ ਨਤੀਜੇ ਨਾਲ ਆਏ।

ਅੱਜ ਗਾਂਧੀ ਜੀ ਕੋਲ ਭਾਰਤ ਵਿੱਚ ਇੱਕ-ਮਾਤਰ ਸਟੀਵੀਆ ਰਿਸਰਚ ਲੈਬੋਰਟਰੀ ਹੈ ਅਤੇ ਇਹ ਇੰਡੀਅਨ ਡਿਪਾਰਟਮੈਂਟ ਆੱਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੁਆਰਾ ਪ੍ਰਮਾਣਿਤ ਹੈ। ਮਿਨਿਸਟਰੀ ਆੱਫ ਸਾਇੰਸ ਐਂਡ ਟੈੱਕਨਾਲੋਜੀ ਦੇ ਅੰਤਰਗਤ ਬਾਇਓਟੈੱਕਨਾਲੋਜੀ ਦੇ ਵਿਭਾਗ ਤੋਂ ਥੋੜ੍ਹਾ ਜਿਹਾ ਲੋਨ ਲੈ ਕੇ ਇਹ ਪ੍ਰੋਸੈੱਸਿੰਗ ਪਲਾਂਟ ਅਤੇ ਰਿਸਰਚ ਸੈਂਟਰ ਸਥਾਪਿਤ ਹੋਇਆ। ਉਨ੍ਹਾਂ ਨੂੰ ਪ੍ਰੋਸੈੱਸਿੰਗ ਯੂਨਿਟ ਸਥਾਪਿਤ ਕਰਨ ਲਈ ਪੂਰੇ ਤਿੰਨ ਸਾਲ ਲੱਗੇ। ਗਾਂਧੀ ਜੀ ਲਈ ਇਹ ਸੁਪਨਾ ਦੇਖਣਾ ਅਤੇ ਫਿਰ ਉਸ ਸੁਪਨੇ ਨੂੰ ਪੂਰਾ ਕਰਨਾ ਇਸ ਲਈ ਆਸਾਨ ਸੀ ਕਿਉਂਕਿ ਮੰਤਰਾਲਾ ਨੇ ਉਨ੍ਹਾਂ ਦੇ ਆਵਿਸ਼ਕਾਰੀ ਵਿਚਾਰ ਨੂੰ ਪਸੰਦ ਕੀਤਾ।

ਅੱਜ ਉਨ੍ਹਾਂ ਦੇ 12 ਕਰੋੜ ਸਟੀਵੀਆ ਪ੍ਰੋਸੈੱਸਿੰਗ ਪਲਾਂਟ ਵਿੱਚ 8 ਘੰਟੇ ਦੀ ਸ਼ਿਫਟ ਵਿੱਚ ਲਗਭਗ 5 ਟਨ ਸਟੀਵੀਆ ਦੇ ਪੱਤੇ ਪ੍ਰੋਸੈੱਸ ਹੁੰਦੇ ਹਨ, ਜੋ ਕਿ 5 ਏਕੜ ਦੀ ਫ਼ਸਲ ਦੇ ਬਰਾਬਰ ਹੈ।

ਸ਼ੁਰੂ ਵਿੱਚ ਸਟੀਵੀਆ ਪ੍ਰੋਸੈੱਸਿੰਗ ਪਲਾਂਟ ਇੱਕ ਚੁਣੌਤੀ ਸੀ ਅਤੇ ਗਾਂਧੀ ਜੀ ਨੇ ਨਾ-ਕੇਵਲ ਆਪਣੇ ਲਈ ਬਲਕਿ ਕਈ ਉਨ੍ਹਾਂ ਹੋਰਨਾਂ ਲੋਕਾਂ ਲਈ ਵੀ ਇਸਨੂੰ ਮੌਕੇ ਵਿੱਚ ਬਦਲ ਦਿੱਤਾ, ਜਿਨ੍ਹਾਂ ਕੋਲ ਹੁਣ ਰੁਜ਼ਗਾਰ ਹੈ। ਇਹ ਕੇਵਲ ਗਾਂਧੀ ਜੀ ਦੀ ਪਹਿਲ ਦੇ ਕਾਰਨ ਸੰਭਵ ਹੋਇਆ ਹੈ। ਟਿਸ਼ੂ ਕਲਚਰ ਲੈਬੋਰਟਰੀ ਅਤੇ ਪ੍ਰੋਸੈੱਸਿੰਗ ਯੂਨਿਟ ਸਥਾਪਿਤ ਕਰਨ ਤੋਂ ਬਾਅਦ ਅੱਜ ਗਾਂਧੀ ਜੀ ਦੀ ਕੰਪਨੀ ਸਟੀਵੀਆ ਦੀਆਂ ਕਈ ਉੱਨਤ ਕਿਸਮਾਂ ਵਿਕਸਿਤ ਕਰ ਰਹੇ ਹਨ ਅਤੇ ਇਸਦੀ ਖੇਤੀ ਅਤੇ ਪ੍ਰੋਸੈੱਸਿੰਗ ਤੋਂ ਬਾਅਦ ਉਨ੍ਹਾਂ ਇਸਨੂੰ ਪਾਊਡਰ ਦੇ ਰੂਪ ਵਿੱਚ ਛੋਟੇ-ਛੋਟੇ ਪੈਕਟ ਅਤੇ ਕੰਟੇਨਰ ਬਣਾ ਕੇ ਵੇਚਦੇ ਹਨ। ਅੱਜ ਉਨ੍ਹਾਂ ਦੁਆਰਾ ਉਤਪਾਦਿਤ ਸਟੀਵੀਆ ਗ੍ਰੀਨ ਟੀ ਬਜ਼ਾਰ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ, ਪਰ ਇੱਥੇ ਹੀ ਅੰਤ ਨਹੀਂ।

“ਇੱਕ ਏਕੜ ਵਿੱਚ ਸਟੀਵੀਆ ਦੀ ਖੇਤੀ ਦਾ ਖ਼ਰਚਾ ਲਗਭਗ ਹੋਰ ਫ਼ਸਲਾਂ ਦੇ ਬਰਾਬਰ ਹੀ ਹੁੰਦਾ ਹੈ। ਜੇਕਰ ਕੋਈ ਵੀ ਸਟੀਵੀਆ ਦੀ ਖੇਤੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਅਸੀਂ ਪੌਦੇ ਵੀ ਉਪਲੱਬਧ ਕਰਵਾਉਂਦੇ ਹਾਂ ਅਤੇ ਜੇਕਰ ਕੋਈ ਇਸਨੂੰ ਵੱਡੇ ਖੇਤਰ ਵਿੱਚ ਲਗਾਉਣਾ ਚਾਹੁੰਦਾ ਹੈ ਤਾਂ ਅਸੀਂ ਖੇਤਰ ਅਨੁਸਾਰ ਪੌਦਿਆਂ ਨੂੰ ਗੁਣਾ ਕਰਨ ਦੀ ਤਕਨੀਕ ਵੀ ਪ੍ਰਦਾਨ ਕਰਦੇ ਹਾਂ।”

ਗਾਂਧੀ ਜੀ ਦੇ ਕੰਮ ਨੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਦਾ ਧਿਆਨ ਵੀ ਖਿੱਚਿਆ। ਗੁਜਰਾਤ ਦੇ ਚੀਫ ਸੈਕਟਰੀ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਇੱਕ ਸੌਦਾ ਕੀਤਾ, ਜਿਸ ਵਿੱਚ ਅਰਾਵਲੀ ਅਤੇ ਕਪਾਰਗੰਜ ਜ਼ਿਲ੍ਹਿਆਂ ਵਿੱਚ 100% buy-back clause ਦੇ ਨਾਲ 2500 ਏਕੜ ਜ਼ਮੀਨ ‘ਤੇ ਸਟੀਵੀਆ ਉਗਾਉਣਾ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਨਾਲ ਵੀ 4000 ਏਕੜ ਵਿੱਚ ਸਟੀਵੀਆ ਦੇ ਪੌਦੇ ਲਗਾਉਣ ਲਈ ਸੌਦਾ ਕੀਤਾ। ਗਾਂਧੀ ਜੀ ਦੀ ਵੱਧਦੀ ਸਫ਼ਲਤਾ ਇੱਕ ਛੋਟੀ ਜਿਹੀ ਚਿੰਗਾਰੀ ਨਹੀਂ ਸੀ, ਜੋ ਕੁੱਝ ਸਮੇਂ ਵਿੱਚ ਗਾਇਬ ਹੋ ਜਾਂਦੀ, ਸਗੋਂ ਇਹ ਇੱਕ ਵਿਸਫੋਟ ਸੀ, ਜਿਸਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੇ ਕੰਮ ਪ੍ਰਤੀ ਆਕਰਸ਼ਿਤ ਕੀਤਾ। ਇਸ ਸਮੇਂ ਗਾਂਧੀ ਜੀ ਰਾਜ ਵਿੱਚ ਐਡੀਸ਼ਨਲ ਚੀਫ ਸੈਕਟਰੀ ਦੇ ਰੂਪ ਵਿੱਚ ਸਟੀਵੀਆ ਪ੍ਰਮੋਸ਼ਨ ਬਿਊਰੋ ਵਿੱਚ ਸੁਰੇਸ਼ ਕੁਮਾਰ ਦੇ ਨਾਲ ਹਨ। ਮੌਕੇ ਨੂੰ ਨਾ ਗਵਾਉਂਦੇ ਹੋਏ ਉਨ੍ਹਾਂ ਨੇ ਪਹਿਲਾਂ ਤੋਂ ਹੀ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। (ਉਹ ਗੁਰਦਾਸਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 25 ਏਕੜ ਦੀ ਜ਼ਮੀਨ ‘ਤੇ ਸਟੀਵੀਆ ਦੀ ਖੇਤੀ ਵਿੱਚ ਕਿਸਾਨਾਂ ਦੀ ਮਦਦ ਕਰ ਰਹੇ ਹਨ ਅਤੇ ਹੌਲੀ-ਹੌਲੀ ਉਹ ਇਹ ਨਿਸ਼ਚਿਤ ਕਰਨਗੇ ਕਿ ਇਸ ਮੌਸਮ ਵਿੱਚ ਸਟੀਵੀਆ ਦੀ ਖੇਤੀ ਵਾਲਾ ਖੇਤਰ ਵਧੇ)।

ਖ਼ੈਰ, ਇਹ ਗਾਂਧੀ ਜੀ ਦੇ ਕੰਮ ਦੇ ਕੁੱਝ ਰਾਸ਼ਟਰੀ ਪੱਧਰ ‘ਤੇ ਪ੍ਰਭਾਵ ਸੀ। ਪ੍ਰੋਸੈੱਸਿੰਗ ਪਲਾਂਟ ਦੀ ਸਥਾਪਨਾ ਤੋਂ ਪਹਿਲਾਂ ਗਾਂਧੀ ਜੀ ਨੇ ਇਸ ਪੌਦੇ ਦੇ ਬਾਰੇ ਵਿੱਚ ਜਾਣਨ ਲਈ ਚੀਨ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ, ਜਿਵੇਂ ਕਿ ਕੋਲੰਬੀਆ ਅਤੇ ਪੈਰਾਗੁਏ ਦੀ ਯਾਤਰਾ ਕੀਤੀ। ਉਨ੍ਹਾਂ ਦੀ ਯਾਤਰਾ ਨੇ ਉਨ੍ਹਾਂ ਨੂੰ ਕਨੇਡਾ ਦੀ ਕੰਪਨੀ- Pixels Health ਦੇ ਨਾਲ ਇੱਕ ਕਾਂਟ੍ਰੈਕਟ ਕਰਵਾਇਆ ਕਿ ਉਹ ਜਿੰਨਾ ਚਾਹੁਣ, ਉੱਨਾ ਸਟੀਵੀਆ ਪ੍ਰੋਸੈੱਸ ਕਰਕੇ ਉਨ੍ਹਾਂ ਨੂੰ ਵੇਚ ਸਕਦੇ ਹਨ। ਇੱਥੋਂ ਤੱਕ ਕਿ ਜਰਮਨੀ ਵੀ ਉਨ੍ਹਾਂ ਦੇ ਬਾਰੇ ਵਿੱਚ ਜਾਣਨ ਤੋਂ ਬਾਅਦ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਨ ਆਉਂਦੇ ਹਨ।

ਗਾਂਧੀ ਜੀ ਪੰਜਾਬ ਤੋਂ ਇੰਡੀਅਨ ਕੌਂਸਿਲ ਆੱਫ ਫੂਡ ਐਂਡ ਐਗਰੀਕਲਚਰ ਦੇ ਇੱਕ-ਮਾਤਰ ਮੈਂਬਰ ਹਨ, ਜਿਸ ਦੇ ਐੱਮ ਐੱਸ ਸਵਾਮੀਨਾਥਨ-ਭਾਰਤੀ ਕਰਾਂਤੀ ਦੇ ਪਿਤਾ ਵੀ ਮੈਂਬਰ ਹਨ। ਪਿਛਲੇ ਸਾਲ ਸਤੰਬਰ ਵਿੱਚ ਸਵਾਮੀਨਾਥਨ ਜੀ ਦੁਆਰਾ ਗਾਂਧੀ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਸਟੀਵੀਆ ਉਗਾਉਣਾ ਸਿਹਤ ਲਈ ਇੱਕ ਮਿੱਠੀ ਕ੍ਰਾਂਤੀ ਹੈ।

ਆਉਣ ਵਾਲੇ ਸਮੇਂ ਵਿੱਚ ਸਟੀਵੀਆ ਸਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਫ਼ਸਲ ਬਣਨ ਵਾਲੀ ਹੈ। ਜਪਾਨ ਦੀ 70% ਜਨ-ਸੰਖਿਆ ਨੇ ਪਹਿਲਾਂ ਹੀ ਸਟੀਵੀਆ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ ਅਤੇ ਗਾਂਧੀ ਜੀ ਉੱਥੇ ਨਿਵੇਸ਼ ਕਰਨ ਦੀ ਉਡੀਕ ਕਰ ਰਹੇ ਹਨ। ਇੱਥੋਂ ਤੱਕ ਕਿ ਗਾਂਧੀ ਜੀ ਦਾ ਸਟੀਵੀਆ ਉਤਪਾਦ ਨੂੰ ਵੀ ਨਵੰਬਰ 2015 ਵਿੱਚ ਭਾਰਤ ਦੀ ਫੂਡ ਐਂਡ ਸੇਫਟੀ ਸਟੈਂਡਰਡਜ਼ ਅਥਾੱਰਟੀ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਥੋਂ ਤੱਕ ਕਿ ਮਲਟੀ-ਨੈਸ਼ਨਲ ਕੰਪਨੀਆਂ ਜਿਵੇਂ ਕਿ ਪੈੱਪਸੀ ਅਤੇ ਕੋਕਾ ਕੋਲਾ ਵੀ ਆਪਣੇ ਨਵੇਂ ਉਤਪਾਦਾਂ- ਜ਼ੀਰੋ-ਕੈਲੋਰੀ ਪੈੱਪਸੀ ਅਤੇ ਕੋਕ ਲਾਈਫ ਨੂੰ ਲਾਂਚ ਕਰ ਰਹੀ ਹੈ, ਜਿਸ ਵਿੱਚ ਸਵੀਟਨਰ ਦੇ ਰੂਪ ਵਿੱਚ ਸਟੀਵੀਆ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਗਾਂਧੀ ਜੀ ਇਨ੍ਹਾਂ ਵਿੱਚ ਨਿਵੇਸ਼ ਕਰਨ ਲਈ ਉਤਸੁਕ ਹਨ।

ਸਟੀਵੀਆ ਭਵਿੱਖ ਦੀ ਫ਼ਸਲ ਹੈ, ਕਿਉਂਕਿ ਇਸਦੇ ਪੌਦੇ ਨੂੰ ਜੇਕਰ ਇੱਕ ਵਾਰ ਬੀਜਿਆ ਜਾਵੇ ਤਾਂ ਇਹ 5 ਸਾਲ ਤੱਕ ਰਹਿੰਦਾ ਹੈ ਅਤੇ ਹਰ 4 ਮਹੀਨੇ ਬਾਅਦ ਇਸਦੀ ਕਟਾਈ ਕੀਤੀ ਜਾ ਸਕਦੀ ਹੈ। ਕਿਸਾਨਾਂ ਦੇ ਨਾਲ-ਨਾਲ ਨਾਗਰਿਕਾਂ ਲਈ ਵੀ ਸਟੀਵੀਆ ਇੱਕ ਲਾਭਦਾਇਕ ਉੱਦਮ ਹੈ, ਕਿਉਂਕਿ ਇਸਦਾ ਬਜ਼ਾਰ ਵਿੱਚ ਮੁੱਲ ਵੀ ਵਧੀਆ ਹੈ ਅਤੇ ਇਹ ਖਾਣ ਲਈ ਵੀ ਚੰਗਾ ਹੈ।

ਇੱਕ ਤੱਤ ਤੋਂ- ਭਾਰਤ ਦੇ ਹਜ਼ਾਰ ਸਾਲ ਵਿੱਚ ਲਗਭਗ 31,705,000 ਡਾਇਬਟੀਜ਼ ਦੇ ਮਰੀਜ਼ ਹਨ, ਜੋ ਕਿ 2030 ਤੱਕ 100% ਦੀ ਦਰ ਤੋਂ ਵੱਧ ਕੇ ਲਗਭਗ 79,441,000 ਹੋ ਜਾਣਗੇ।

ਰਾਜਪਾਲ ਗਾਂਧੀ ਜੀ ਕਹਿੰਦੇ ਹਨ-

“ਭਾਰਤ ਵਿੱਚ ਲਗਭਗ ਹਰ ਪਰਿਵਾਰ ਵਿੱਚ ਇੱਕ ਸ਼ੂਗਰ ਦਾ ਮਰੀਜ਼ ਹੈ ਅਤੇ ਇਹ ਗੰਭੀਰ ਸਥਿਤੀ ਹੈ। ਪਰ ਜੇਕਰ ਅਸੀਂ ਖੰਡ ਦੀ ਜਗ੍ਹਾ ਸਟੀਵੀਆ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਈਏ ਤਾਂ ਸ਼ੂਗਰ ਦੇ ਮਰੀਜ਼ਾਂ ਦੀ ਵੱਧਦੀ ਹੋਈ ਸੰਖਿਆ ਨੂੰ ਘੱਟ ਕਰ ਸਕਦੇ ਹਾਂ।”

ਗਾਂਧੀ ਜੀ ਨਵੇਂ ਮੌਕਿਆਂ ਦੇ ਨਾਲ ਖੇਤੀ ਦੇ ਖੇਤਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਤੁਸੀਂ ਵੀ ਸਟੀਵੀਆ ਦੀ ਖੇਤੀ ਵਿੱਚ ਨਿਵੇਸ਼ ਕਰਕੇ ਇਸ ਉੱਦਮ ਦਾ ਹਿੱਸਾ ਬਣ ਸਕਦੇ ਹੋ।

ਸੰਦੇਸ਼:

ਸਾਡਾ ਮੁੱਖ ਮਿਸ਼ਨ ਅਮੀਰ ਕਿਸਾਨ ਅਤੇ ਤੰਦਰੁਸਤ ਸਮਾਜ ਹੈ। ਅੱਜ ਹੇਠਾਂ ਵੱਲ ਜਾਂਦੀ ਹੋਈ ਆਰਥਿਕ ਸਥਿਤੀ ਦਾ ਮੁੱਖ ਕਾਰਨ ਗਰੀਬ ਕਿਸਾਨਾਂ ਦਾ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋਣਾ ਹੈ ਅਤੇ ਇਸ ਤਰ੍ਹਾਂ ਦੀਆਂ ਸ਼ਰਮਨਾਕ ਪਰਿਸਥਿਤੀਆਂ ਦੇ ਲਈ ਸਿਰਫ਼ ਅਸੀਂ ਜ਼ਿੰਮੇਵਾਰ ਹਾਂ। ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਲਈ ਫ਼ਸਲੀ ਵਿਭਿੰਨਤਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਸਟੀਵੀਆ ਅਤੇ ਹੋਰ ਚਿਕਿਤਸਕ ਪੌਦਿਆਂ ਵਰਗੀਆਂ ਫ਼ਸਲਾਂ ਉਗਾਉਣੀਆਂ ਚਾਹੀਦੀਆਂ ਹਨ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਆਪਣੀਆਂ ਯੋਜਨਾਵਾਂ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।