ਸਿਕੰਦਰ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਖੇਤੀ ਵਿਭਿੰਨਤਾ ਅਪਣਾਉਂਦਾ ਹੋਇਆ ਸਫਲ ਕਿਸਾਨ ਬਣ ਗਿਆ

ਕੁਝ ਵੱਖਰਾ ਕਰਨ ਦੀ ਚਾਹਤ ਇਨਸਾਨ ਨੂੰ ਧਰਤੀ ਤੋਂ ਅੰਬਰਾਂ ਤੱਕ ਲੈ ਜਾਂਦੀ ਹੈ। ਪਰ ਉਹਦੇ ਮਨ ਵਿੱਚ ਹਮੇਸ਼ਾ ਅੱਗੇ ਵੱਧਣ ਦੀ ਇੱਛਾ ਹੋਣੀ ਚਾਹੀਦੀ ਹੈ। ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਹੋਵੋ, ਆਪਣੀ ਇੱਛਾ ਤੇ ਸੋਚ ਨੂੰ ਹਮੇਸ਼ਾ ਜਾਗ੍ਰਿਤ ਰੱਖਣਾ ਚਾਹੀਦਾ ਹੈ।

ਇਸ ਸੋਚ ਅਤੇ ਰਹਿਣੀ-ਬਹਿਣੀ ਦੇ ਮਾਲਕ ਸ. ਸਿਕੰਦਰ ਸਿੰਘ ਬਰਾੜ, ਜੋ ਬਲਿਹਾਰ ਮਹਿਮਾ, ਬਠਿੰਡਾ ਵਿਖੇ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਬੂਟਾ ਸਿੰਘ ਰਵਾਇਤੀ ਤਰੀਕਿਆਂ ਨਾਲ ਖੇਤੀਬਾੜੀ ਕਰਦੇ ਸਨ। ਉਹਨਾਂ ਦੇ ਮਨ ਵਿੱਚ ਇੱਕ ਗੱਲ ਹਮੇਸ਼ਾ ਉਹਨਾਂ ਨੂੰ ਤੰਗ ਕਰਦੀ ਰਹਿੰਦੀ ਸੀ ਕਿ ਹਰ ਕੋਈ ਰਵਾਇਤੀ ਤਰੀਕੇ ਨਾਲ ਖੇਤੀਬਾੜੀ ਕਰ ਰਿਹਾ ਹੈ, ਜਿਵੇਂ ਕਣਕ-ਝੋਨਾ ਆਦਿ। ਕੀ ਇਵੇਂ ਨਹੀਂ ਹੋ ਸਕਦਾ ਕਿ ਖੇਤੀਬਾੜੀ ਦੇ ਵਿੱਚ ਕੁੱਝ ਨਵੀਨਤਾ ਤੇ ਵਿਭਿੰਨਤਾ ਲਿਆਂਦੀ ਜਾਵੇ।

ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਖੇਤੀ ਕਰਦੇ ਹਾਂ ਪਰ ਹਰ ਵਾਰ ਹਰ ਸਾਲ ਉਹੀ ਫਸਲਾਂ ਉਗਾਉਣ ਦੀ ਵਜਾਏ ਕੁੱਝ ਨਵਾਂ ਕਿਉਂ ਨਹੀਂ ਕਰਦੇ- ਸਿਕੰਦਰ ਸਿੰਘ ਬਰਾੜ

ਉਹ ਹਮੇਸ਼ਾ ਸੋਚਦੇ ਸਨ ਕਿ ਖੇਤੀਬਾੜੀ ਦੇ ਵਿੱਚ ਕੁੱਝ ਵੱਖਰਾ ਕੀਤਾ ਜਾਵੇ, ਜਿਸ ਦੀ ਸੇਧ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਤੋਂ ਮਿਲੀ। ਉਹਨਾਂ ਦੇ ਨਾਨਕੇ ਪਿੰਡ ਵਾਲੇ ਉਸ ਸਮੇਂ ਆਲੂਆਂ ਦੀ ਕਾਸ਼ਤ ਬੜੇ ਅਨੋਖੇ ਤੇ ਵੱਖਰੇ ਤਰੀਕੇ ਨਾਲ ਕਰਦੇ ਸਨ, ਜਿਸ ਨਾਲ ਉਹਨਾਂ ਦੀ ਫਸਲ ਦੀ ਪੈਦਾਵਾਰ ਕਾਫੀ ਚੰਗੀ ਹੁੰਦੀ ਸੀ।

ਮੈਂ ਜਦੋਂ ਨਾਨਕੇ ਪਿੰਡ ਵਾਲਿਆਂ ਦੇ ਖੇਤੀਬਾੜੀ ਕਰਨ ਦੇ ਢੰਗ ਨੂੰ ਵੇਖਦਾ ਸੀ ਤਾਂ ਮੈਂ ਉਹਨਾਂ ਦੇ ਤਰੀਕਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ- ਸਿਕੰਦਰ ਸਿੰਘ ਬਰਾੜ

ਜਦੋਂ ਸਿਕੰਦਰ ਸਿੰਘ ਨੇ ਸਾਲ 1983 ਵਿੱਚ ਸਿਰਸਾ ਵਿਖੇ ਡੀ ਫਾਰਮੇਸੀ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦੋਂ ਸ. ਸਮਸ਼ੇਰ ਸਿੰਘ ਜੋ ਉਹਨਾਂ ਦੇ ਵੱਡੇ ਭਰਾ ਹਨ, ਵੈਟਨਰੀ ਇੰਸਪੈਕਟਰ ਹੋਣ ਦੇ ਨਾਲ-ਨਾਲ, ਆਪਣੇ ਪਿਤਾ ਤੋਂ ਬਾਅਦ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ। ਉਸ ਸਮੇਂ ਦੋਨਾਂ ਭਰਾਵਾਂ ਨੇ ਪਹਿਲੀ ਵਾਰ ਜਦੋਂ ਖੇਤੀਬਾੜੀ ਦੇ ਵਿੱਚ ਵੱਖਰੇ ਢੰਗ ਨੂੰ ਅਪਣਾਇਆ ਅਤੇ ਉਹਨਾਂ ਦੁਆਰਾ ਅਪਣਾਏ ਗਏ ਤਕਨੀਕੀ ਹੁਨਰ ਦੇ ਕਾਰਨ, ਪਰਿਵਾਰ ਨੂੰ ਕਾਫੀ ਚੰਗਾ ਮੁਨਾਫ਼ਾ ਹੋਇਆ।

ਜਦੋਂ ਵੱਖਰੇ ਢੰਗ ਨਾਲ ਖੇਤੀ ਕਰਨ ਵਿੱਚ ਮੁਨਾਫ਼ਾ ਹੋਇਆ ਤਾਂ ਮੈਂ 1984 ਵਿੱਚ ਡੀ ਫਾਰਮੇਸੀ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਖੇਤੀਬਾੜੀ ਵੱਲ ਹੋ ਤੁਰਿਆ– ਸਿਕੰਦਰ ਸਿੰਘ ਬਰਾੜ

1984 ਵਿੱਚ ਡੀ ਫਾਰਮੇਸੀ ਛੱਡਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਨਰਮੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਦੀ ਕਾਸ਼ਤ ਸ਼ੁਰੂ ਕੀਤੀ।

ਇਸ ਤਰ੍ਹਾਂ ਦੇ ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦੇ ਹੋਏ ਉਹ ਸਬਜ਼ੀਆਂ ਦੀ ਕਾਸ਼ਤ ਵੱਲ ਹੋ ਤੁਰੇ, ਜਿੱਥੇ ਉਹਨਾਂ ਨੇ 1987 ਵਿੱਚ ਟਮਾਟਰ ਦੀ ਕਾਸ਼ਤ ਅੱਧੇ ਏਕੜ ਵਿੱਚ ਕੀਤੀ ਅਤੇ ਫਿਰ ਬਹੁਤ ਸਾਰੀਆਂ ਕੰਪਨੀਆਂ ਨਾਲ ਕੰਟ੍ਰੈਕਟ ਕੀਤੇ ਅਤੇ ਆਪਣੇ ਇਸ ਕਿੱਤੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ।

1990 ਵਿੱਚ ਵਿਆਹ ਤੋਂ ਬਾਅਦ ਉਹਨਾਂ ਨੇ ਆਲੂ ਦੀ ਕਾਸ਼ਤ ਹੋਰ ਵੱਡੇ ਪੱਧਰ ਤੇ ਸ਼ੁਰੂ ਕੀਤੀ ਅਤੇ ਵਿਭਿੰਨਤਾ ਅਪਨਾਉਣ ਲਈ 1997 ਵਿੱਚ 5000 ਲੇਅਰ ਮੁਰਗੀਆਂ ਨਾਲ ਪੋਲਟਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ, ਜਿਸ ‘ਚ ਕਾਫੀ ਸਫ਼ਲਤਾ ਹਾਸਲ ਹੋਈ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਦੇ 5 ਹੋਰ ਕਿਸਾਨਾਂ ਨੂੰ ਪੋਲਟਰੀ ਫਾਰਮ ਦੇ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਉਹਨਾਂ ਕਿਸਾਨਾਂ ਨੂੰ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਮਿਲੀ। 2005 ਵਿੱਚ ਉਹਨਾਂ ਨੇ 5 ਏਕੜ ਰਕਬੇ ਵਿੱਚ ਕਿੰਨੂ ਦਾ ਬਾਗ਼ ਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਸੀਡ ਕਾਰਪੋਰੇਸ਼ਨ ਲਿਮਿਟਡ ਲਈ 15 ਏਕੜ ਜ਼ਮੀਨ ਵਿੱਚੋਂ 50 ਏਕੜ ਰਕਬੇ ਦੇ ਲਈ ਕਣਕ ਦਾ ਬੀਜ ਤਿਆਰ ਕੀਤਾ।

ਮੈਨੂੰ ਹਮੇਸ਼ਾ ਕੀਟਨਾਸ਼ਕਾਂ ਅਤੇ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਕਰਨ ਤੋਂ ਨਫਰਤ ਸੀ, ਕਿਉਂਕਿ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ – ਸਿਕੰਦਰ ਸਿੰਘ ਬਰਾੜ

ਸਿਕੰਦਰ ਸਿੰਘ ਬਰਾੜ ਆਪਣੀਆਂ ਫਸਲਾਂ ਲਈ ਜ਼ਿਆਦਾਤਰ ਜੈਵਿਕ ਖਾਦ ਦੀ ਵਰਤੋਂ ਕਰਦੇ ਹਨ। ਹੁਣ ਉਹ 20 ਏਕੜ ਵਿੱਚ ਆਲੂ, 5 ਏਕੜ ਵਿੱਚ ਕਿੰਨੂ ਅਤੇ 30 ਏਕੜ ਵਿੱਚ ਕਣਕ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਇਸ ਦੇ ਨਾਲ ਹੀ 2 ਏਕੜ ਵਿੱਚ 35000 ਪੰਛੀਆਂ ਵਾਲਾ ਪੋਲਟਰੀ ਫਾਰਮ ਚਲਾਉਂਦੇ ਹਨ।

ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਪੈਪਸਿਕੋ, ਨੈਸ਼ਨਲ ਸੀਡ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ, ਦੇ ਨਾਲ ਨਾਲ ਕੰਮ ਕਰਨ ਸਕਦਾ ਹੀ ਉਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮੁੱਖ ਪੋਲਟਰੀ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈੱਨਲਾਂ ਵੱਲੋਂ ਸ਼ੋਅ ‘ਤੇ ਆਉਣ ਲਈ ਸੱਦਾ ਦਿੱਤਾ, ਤਾਂ ਜੋ ਖੇਤੀ ਸਮਾਜ ਵਿੱਚ ਤਬਦੀਲੀਆਂ, ਖੋਜਾਂ, ਮੰਡੀਕਰਨ ਅਤੇ ਪ੍ਰਬੰਧਨ ਸੰਬੰਧੀ ਜਾਣਕਾਰੀ ਹੋਰਨਾਂ ਕਿਸਾਨਾਂ ਤੱਕ ਵੀ ਪਹੁੰਚ ਸਕੇ।

ਉਹ ਸੂਬਾ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕਈ ਖੇਤੀ ਮੇਲਿਆਂ ਅਤੇ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਸਿਕੰਦਰ ਸਿੰਘ ਬਰਾੜ ਭਵਿੱਖ ਵਿੱਚ ਵੀ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਨਵੇਂ ਨਵੇਂ ਬਦਲਾਅ ਆਉਂਦੇ ਰਹਿਣਗੇ।”

ਸੰਦੇਸ਼

ਜਿਹੜੇ ਵੀ ਨਵੇਂ ਕਿਸਾਨ ਖੇਤੀਬਾੜੀ ਵਿੱਚ ਕੁੱਝ ਨਵਾਂ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਜਾਂ ਸੰਸਥਾਵਾਂ ਕੋਲੋਂ ਟ੍ਰੇਨਿੰਗ ਅਤੇ ਸਲਾਹ ਹਾਸਲ ਕੀਤੀ ਜਾਵੇ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਕੀਟਨਾਸ਼ਕਾਂ ਅਤੇ ਰਸਾਇਣਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਅਮਰਜੀਤ ਸਿੰਘ ਭੱਠਲ

ਪੂਰੀ ਕਹਾਣੀ ਪੜ੍ਹੋ

ਜਾਣੋ ਇੱਕ ਰਿਟਾਇਰਡ ਫੌਜੀ ਬਾਰੇ, ਜੋ ਐਗਰੀਪ੍ਰੇਨੇਊਰ (Agripreneur) ਬਣ ਗਏ ਅਤੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੇ ਹਨ

ਅੱਜ-ਕੱਲ੍ਹ ਬਹੁਤ ਘੱਟ ਲੋਕ ਆਪਣੇ ਭਵਿੱਖ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਜਾਣ ਬਾਰੇ ਸੋਚਦੇ ਹਨ। ਜਿਸ ਦੌਰ ਵਿੱਚ ਅਸੀਂ ਰਹਿ ਰਹੇ ਹਾਂ, ਇਸ ਵਿੱਚ ਜ਼ਿਆਦਾਤਰ ਲੋਕ ਵੱਡੇ ਸ਼ਹਿਰਾਂ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਸੇਵਾ-ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੋਕ ਆਮ ਤੌਰ ‘ਤੇ ਆਸਾਨ ਅਤੇ ਆਰਾਮਦਾਇਕ ਤਰੀਕੇ ਨਾਲ ਜਿਊਣਾ ਚਾਹੁੰਦੇ ਹਨ, ਜਿਸ ਵਿੱਚ ਉਨ੍ਹਾਂ ਕੋਲ ਕੋਈ ਕੰਮ ਨਾ ਹੋਣਾ, ਘਰ ਵਿੱਚ ਵਿਹਲੇ ਬੈਠਣਾ, ਅਖਬਾਰ ਪੜ੍ਹਨਾ, ਪੋਤਿਆਂ ਨਾਲ ਸਮਾਂ ਬਿਤਾਉਣਾ ਅਤੇ ਥੋੜ੍ਹੀ-ਬਹੁਤ ਕਸਰਤ ਕਰਨਾ ਆਦਿ ਸ਼ਾਮਲ ਹੋਵੇ। ਬਹੁਤ ਘੱਟ ਲੋਕ ਹੁੰਦੇ ਹਨ, ਜੋ ਕੁਦਰਤ ਦੀ ਚਿੰਤਾ ਕਰਦੇ ਹਨ ਅਤੇ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦੇ ਹਨ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਨੇ ਮਿੱਟੀ ਜੋ ਕੁੱਝ ਮਿੱਟੀ ਤੋਂ ਹਾਸਿਲ ਕੀਤਾ ਉਸ ਨੂੰ ਵਾਪਿਸ ਦੇਣ ਦੀ ਕੋਸ਼ਿਸ਼ ਕਰਦੇ ਹਨ।

ਸ. ਅਮਰਜੀਤ ਸਿੰਘ ਭੱਠਲ ਇੱਕ ਰਿਟਾਇਰਡ ਫੌਜੀ ਹਨ, ਜੋ ਕੁਦਰਤ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾ ਰਹੇ ਹਨ ਅਤੇ ਇਸ ਜ਼ਿੰਮੇਦਾਰੀ ਨੂੰ ਉਨ੍ਹਾਂ ਨੇ ਆਪਣਾ ਸ਼ੌਂਕ ਅਤੇ ਆਰਾਮ ਦਾ ਤਰੀਕਾ ਬਣਾ ਲਿਆ। ਉਹ ਠਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਲੁਧਿਆਣੇ ਵਿੱਚ ਪੈਂਦੇ ਆਪਣੇ ਪਿੰਡ Banohar ਵਿੱਚ ਆਪਣੇ ਪਿਤਾ ਅਤੇ ਪਤਨੀ ਨਾਲ ਰਹਿ ਰਹੇ ਹਨ ਅਤੇ ‘ਜੱਟ-ਸੌਦਾ’ ਦੇ ਨਾਮ ਨਾਲ ਇੱਕ ਦੁਕਾਨ ਚਲਾ ਰਹੇ ਹਨ।

ਰੋਡ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਅਤੇ ਰਿਟੇਲ ਸਟੋਰ ਹਨ, ਪਰ ਜੱਟ-ਸੌਦੇ ਵਿੱਚ ਖਾਸ ਕੀ ਹੈ? ਦੁਕਾਨ ਪਿੱਛੇ ਖੁਦ ਦੇ ਖੇਤ ਵਿੱਚ ਉਗਾਈਆਂ ਜੈਵਿਕ ਸਬਜ਼ੀਆਂ, ਦਾਲਾਂ, ਫਲ ਅਤੇ ਮਸਾਲੇ ਆਦਿ ਜੱਟ-ਸੌਦੇ ਨੂੰ ਬਾਕੀਆਂ ਤੋਂ ਅੱਲਗ ਅਤੇ ਵਿਲੱਖਣ ਬਣਾਉਂਦੇ ਹਨ। ਅਸਲ ਵਿੱਚ ਉਨ੍ਹਾਂ ਦੀ ‘ਆੱਨ ਰੋਡ ਫਾਰਮ ਮਾਰਕਿਟ’ ਹੈ, ਜਿੱਥੋਂ ਤੁਸੀਂ ਸਭ ਕੁੱਝ ਤਾਜ਼ਾ ਅਤੇ ਜੈਵਿਕ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਛੋਟਾ ਪੋਲਟਰੀ ਫਾਰਮ ਵੀ ਹੈ, ਜਿੱਥੇ ਉਨ੍ਹਾਂ ਕੋਲ ਲਗਭਗ 100 ਦੇਸੀ ਮੁਰਗੀਆਂ ਹਨ। ਮੁਰਗੀਆਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ, ਪਰ ਦੇਸੀ ਅੰਡਿਆਂ ਦੀ ਮੰਗ ਕਦੇ ਵੀ ਨਹੀਂ ਘੱਟਦੀ ਅਤੇ ਸਟੋਰ ਵਿੱਚ ਪਹੁੰਚਣ ‘ਤੇ ਨਾਲ ਦੀ ਨਾਲ ਹੀ ਸਭ ਅੰਡੇ ਵਿਕ ਜਾਂਦੇ ਹਨ।

ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਦਸੰਬਰ 2012 ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਖੇਤੀ ਦਾ ਕੰਮ ਪੂਰੀ ਲਗਨ ਨਾਲ ਕਰ ਰਹੇ ਹਨ। ਉਹ ਸਵੇਰ ਤੋਂ ਸ਼ਾਮ ਤੱਕ ਦਾ ਸਮਾਂ ਆਪਣੇ ਫਾਰਮ ਸਟੋਰ ‘ਤੇ ਹੀ ਬਿਤਾਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਇਹ ਪਿਓ-ਪੁੱਤਰ ਆਪਣੀ ਜ਼ਮੀਨ ਦੇ ਛੋਟੇ ਜਿਹੇ ਹਿੱਸੇ ਨੂੰ ਆਪਣੇ ਪੁੱਤਰ ਵਾਂਗ ਪਾਲਦੇ ਹਨ।

ਉਨ੍ਹਾਂ ਨੇ ਆਪਣੀ ਦੁਕਾਨ ਦੀ ਦਿੱਖ ਪੇਂਡੂ ਤਰੀਕੇ ਨਾਲ ਤਿਆਰ ਕੀਤੀ ਹੈ, ਜਿਸਦੇ ਇੱਕ ਪਾਸੇ ਤੁਸੀਂ ਤਾਜ਼ੀਆਂ ਮੌਸਮੀ ਸਬਜ਼ੀਆਂ ਡਿਸਪਲੇਅ ‘ਤੇ ਲੱਗੀਆਂ ਦੇਖ ਸਕਦੇ ਹੋ ਅਤੇ ਛੱਤ ਤੋਂ ਹੇਠਾਂ ਲਮਕਦੇ ਲਸਣ ਦੀਆਂ ਗੰਢੀਆਂ ਦੇਖ ਸਕਦੇ ਹੋ। ਦੁਕਾਨ ਵਿੱਚ ਦੀ ਇੱਕ ਰਸਤਾ ਪਿੱਛੇ ਬਣੇ ਛੋਟੇ ਫਾਰਮ ਵੱਲ ਜਾਂਦਾ ਹੈ, ਜਿੱਥੇ ਤੁਹਾਨੂੰ ਭਿੰਡੀ, ਤੌਰੀ, ਟਮਾਟਰ, ਕਰੇਲੇ, ਅਰਹਰ, ਵੱਖ-ਵੱਖ ਤਰ੍ਹਾਂ ਦੇ ਲੈਟੱਸ(ਸਲਾਦ ਪੱਤਾ) ਦੀਆਂ ਕਿਸਮਾਂ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ ਹਨ। ਉਨ੍ਹਾਂ ਅਨੁਸਾਰ ਫਾਰਮ ਦੇਖਣ ਲਈ ਸਭ ਤੋਂ ਉਚਿੱਤ ਸਮਾਂ ਜਲਦੀ ਸਵੇਰੇ ਜਾਂ ਸ਼ਾਮ ਵੇਲੇ ਹੁੰਦਾ ਹੈ, ਕਿਉਂਕਿ ਉਸ ਸਮੇਂ ਤੁਸੀਂ ਬਹੁਤ ਵਧੀਆ ਕੁਦਰਤੀ ਰੰਗਾਂ ਨੂੰ ਫਾਰਮ ਦੀ ਖੂਬਸੂਰਤੀ ਨਾਲ ਮਿਲਦੇ ਦੇਖ ਸਕਦੇ ਹੋ। ਫਾਰਮ ਦੇ ਇੱਕ ਕੋਨੇ ‘ਤੇ ਪੋਲਟਰੀ ਫਾਰਮ ਬਣਿਆ ਹੈ, ਜਿੱਥੇ ਤੁਸੀਂ ਕਿੱਲੀ ਨਾਲ ਬੰਨ੍ਹਿਆ ਕੁੱਤਾ ਦੇਖ ਸਕਦੇ ਹੋ। ਸਭ ਕੁੱਝ ਮਿਲਾ ਕੇ ਇਹ ਫਾਰਮ ਇੱਕ ਸੰਪੂਰਣ ਫਾਰਮ ਦੇ ਦੀਦਾਰ ਕਰਵਾਉਂਦਾ ਹੈ। ਉਨ੍ਹਾਂ ਕੋਲ ਖੇਤੀ ਦੇ ਕੰਮਾਂ ਲਈ 2 ਤੋਂ 3 ਮਜ਼ਦੂਰ ਹਨ।

ਅਮਰਜੀਤ ਸਿੰਘ ਜੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ.ਐੱਸ.ਸੀ. ਦੀ ਡਿਗਰੀ ਪੂਰੀ ਕੀਤੀ ਅਤੇ ਦੇਸ਼ ਲਈ ਸੇਵਾ ਕਰਨਾ ਉਨ੍ਹਾਂ ਲਈ ਇੱਕ ਚੁਣਿਆ ਗਿਆ ਪੇਸ਼ਾ ਸੀ। ਖੇਤੀ ਤੋਂ ਪਹਿਲਾਂ ਸ. ਅਮਰਜੀਤ ਸਿੰਘ ਇੱਕ ਇਮੀਗ੍ਰੇਸ਼ਨ ਕੰਪਨੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਸਨ, ਜਿੱਥੇ ਉਹ ਬੱਚਿਆਂ ਨਾਲ ਗੱਲ ਕਰਕੇ ਭਵਿੱਖ ਦੀ ਜ਼ਿੰਦਗੀ ਦੇ ਨਿਸ਼ਾਨਿਆਂ ਅਤੇ ਉਦੇਸ਼ਾਂ ਬਾਰੇ ਚਰਚਾ ਕਰਦੇ ਸਨ ਅਤੇ ਉਨ੍ਹਾਂ ਨੂੰ ਸਲਾਹ ਦਿੰਦੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੇ ਵੀ ਪ੍ਰਸਿੱਧ ਸਲਾਹਕਾਰ ਰਹੇ ਹਨ। ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮਸ਼ਹੂਰ ਪਦਵੀਆਂ ਹਾਸਿਲ ਕਰਨ ਤੋਂ ਬਾਅਦ ਵੀ ਅੱਜ ਉਹ ਕਿਸੇ ਵੀ ਚੀਜ਼ ਦਾ ਘਮੰਡ ਨਹੀਂ ਕਰਦੇ। ਉਹ ਸਾਦਾ ਜੀਵਨ ਬਿਤਾਉਣ ‘ਚ ਯਕੀਨ ਰੱਖਦੇ ਹਨ ਅਤੇ ਕੁਦਰਤ ਦੀ ਇੱਜ਼ਤ ਕਰਦੇ ਹਨ। ਉਹ ਜੈਵਿਕ ਖੇਤੀ ਦੁਆਰਾ ਕੁਦਰਤ ਨੂੰ ਬਚਾਉਣ ਅਤੇ ਸਮਾਜ ਨੂੰ ਤੰਦਰੁਸਤ ਭੋਜਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰਜੀਤ ਸਿੰਘ ਜੀ ਦਾ ਇੱਕ ਲੁਕਿਆ ਗੁਣ ਵੀ ਹੈ। ਉਨ੍ਹਾਂ ਦੇ ਕਾਲਜ ਸਮੇਂ ਤੋਂ ਹੀ ਉਹ ਸਾਹਿਤ ਵਿੱਚ ਰੁਚੀ ਰੱਖਦੇ ਸੀ ਅਤੇ ਉਨ੍ਹਾਂ ਨੂੰ ‘ਲਿਓ ਟਾੱਲਸਟਾੱਏ’ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਬਹੁਤ ਵਧੀਆ ਲੇਖਕ ਵੀ ਹਨ ਅਤੇ ਹੁਣ ਵੀ ਜਦੋਂ ਵੀ ਖੇਤੀ ਦੇ ਕੰਮਾਂ ਤੋਂ ਵਿਹਲੇ ਹੁੰਦੇ ਹਨ, ਤਾਂ ਆਪਣੇ ਵਿਚਾਰਾਂ ਅਤੇ ਸੋਚ ਨੂੰ ਸ਼ਬਦਾਂ ਵਿੱਚ ਲਿਖਦੇ ਹਨ।

ਉਨ੍ਹਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਗ੍ਰਾਹਕਾਂ ਦੀ ਮੰਗ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਅਨੁਸਾਰ –

“ਅੱਜ-ਕੱਲ੍ਹ ਗ੍ਰਾਹਕਾਂ ਦੀ ਮੰਗ ਬਹੁਤ ਅਸਵਸਥ ਹੈ। ਆਧੁਨਿਕ ਤਕਨੀਕਾਂ ਅਤੇ ਨਵੇਂ ਤਰੀਕਿਆਂ ਨਾਲ ਖਾਣਾ ਬਚਾ ਕੇ ਅੱਜ ਤੁਸੀਂ ਗਰਮੀਆਂ ਵਿੱਚ ਮਟਰ ਅਤੇ ਗਾਜਰ ਅਤੇ ਸਰਦੀਆਂ ਵਿੱਚ ਲੌਕੀ ਖਾ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਮਨੁੱਖੀ ਪਾਚਣ ਕਿਰਿਆ ਵਿੱਚ ਮੁੱਖ ਹਿੱਸਾ ਹੈ ਅਤੇ ਹਰੇਕ ਮੌਸਮ ਸਾਨੂੰ ਬਹੁਤ ਸਾਰੀ ਤਾਜ਼ੀ ਉਪਜ ਪ੍ਰਦਾਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਭੋਜਨ ਵਿੱਚ ਹੋਰ ਜੈਵਿਕ ਮੌਸਮੀ ਫਲ ਅਤੇ ਸਬਜ਼ੀਆਂ ਸ਼ਾਮਲ ਕਰਦੇ ਹੋ, ਤਾਂ ਇਹ ਹੋਰ ਵੀ ਲਾਭਦਾਇਕ ਹੋਵੇਗਾ ਕਿਉਂਕਿ ਖੁਰਾਕ ਵਿੱਚ ਮੌਸਮੀ ਫਲ ਸ਼ਾਮਲ ਕਰਨ ਨਾਲ ਤੁਸੀਂ ਵਧੇਰੇ ਤੱਤਾਂ ਵਾਲੀਆਂ ਸਬਜ਼ੀਆਂ, ਜੋ ਕਿ ਬਿਨ੍ਹਾਂ ਕਿਸੇ ਰਸਾਇਣਾਂ ਤੋਂ ਹੁੰਦੀਆਂ ਹਨ, ਉਨ੍ਹਾਂ ਦਾ ਵਧੀਆ ਸੁਆਦ ਲੈ ਸਕਦੇ ਹੋ। ਇਹ ਭੋਜਨ ਤੁਹਾਡੇ ਸਰੀਰ ਲਈ ਵੀ ਮੌਸਮ ਅਨੁਸਾਰ ਸਹਾਇਕ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਦਿਨ ਗ੍ਰਾਹਕਾਂ ਨੂੰ ਜੈਵਿਕ ਭੋਜਨ ਦੇ ਫਾਇਦਿਆਂ ਬਾਰੇ ਪਤਾ ਲੱਗਾ, ਉਸ ਦਿਨ ਤੋਂ ਜੈਵਿਕ ਸਬਜ਼ੀਆਂ ਅਤੇ ਫਲਾਂ ਦੀ ਮੰਗ ਆਪਣੇ ਆਪ ਵੱਧ ਜਾਵੇਗੀ ਅਤੇ ਜਾਗਰੂਕਤਾ ਵਧਾਉਣ ਲਈ ਕਿਸਾਨਾਂ ਅਤੇ ਗ੍ਰਾਹਕਾਂ ਵਿੱਚ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ।”

ਉਹ ਖੁਦ ਲੋਕਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਜੈਵਿਕ ਖੇਤੀ ਅਤੇ ਭੋਜਨ ਦੀ ਮਹੱਤਤਾ ‘ਤੇ ਪ੍ਰੇਜੈਂਟੇਸ਼ਨ ਵੀ ਦਿੱਤੀ। ਇਸ ਵੇਲੇ ਉਹ ਜੈਵਿਕ ਖੇਤੀ ਨੂੰ ਜਾਰੀ ਰੱਖਣ ਅਤੇ ਹੋਰਨਾਂ ਲੋਕਾਂ ਨੂੰ ਜੈਵਿਕ ਖੇਤੀ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ।

ਭਵਿੱਖ ਵਿੱਚ ਉਨ੍ਹਾਂ ਦੀਆਂ ਯੋਜਨਾਵਾਂ ਇਸ ਪ੍ਰਕਾਰ ਹਨ:

• ਆਪਣੀ ਆੱਨ ਰੋਡ ਮਾਰਕਿਟ ਦੇ ਢਾਂਚੇ ਨੂੰ ਅੱਪਗ੍ਰੇਡ ਕਰਨਾ

• 2000 ਗੱਜ ਵਿੱਚ ਨੈੱਟ ਹਾਊਸ ਬਣਉਣਾ

• ਆਪਣੇ ਫਾਰਮ ਵਿੱਚ ਫਸਲਾਂ ਨੂੰ ਬਚਾਓ ਵਾਲਾ ਵਾਤਾਵਰਨ ਪ੍ਰਦਾਨ ਕਰਨਾ

• ਸਿੰਚਾਈ ਦਾ ਹਾਈਬ੍ਰਿਡ ਸਿਸਟਮ ਲਗਾਉਣਾ

• ਪਾਣੀ ਦੀ ਸਟੋਰੇਜ ਵਧਾਉਣਾ

ਅਮਰਜੀਤ ਸਿੰਘ ਭੱਠਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼:
“ਤੁਸੀਂ ਉਤਪਾਦ ਦਾ ਮੁੱਲ ਕੰਟਰੋਲ(ਕਾਬੂ) ਨਹੀਂ ਕਰ ਸਕਦੇ, ਕਿਉਂਕਿ ਉਹ ਸਰਕਾਰ ‘ਤੇ ਨਿਰਭਰ ਕਰਦਾ ਹੈ, ਤੁਹਾਨੂੰ ਉਹ ਕਰਨਾ ਚਾਹੀਦਾ ਹੈ, ਜੋ ਤੁਸੀਂ ਕਰ ਸਕਦੇ ਹੋ। ਕਿਸਾਨਾਂ ਨੂੰ ਲਾਗਤ ਮੁੱਲ ‘ਤੇ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ‘ਤੇ ਜ਼ਿਆਦਾ ਖਰਚਾ ਨਹੀਂ ਆਉਂਦਾ। ਇੱਕ ਸਮਾਂ ਆਵੇਗਾ ਜਦੋਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਰਿਵਾਇਤੀ ਖੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਲਈ ਵਧੀਆ ਹੋਵੇਗਾ ਜੇ ਅਸੀਂ ਹੁਣ ਸਮੇਂ ਦੀ ਲੋੜ ਨੂੰ ਸਮਝ ਲਈਏ ਅਤੇ ਇਸਦੇ ਅਨੁਸਾਰ ਹੀ ਕੰਮ ਕਰੀਏ।”