ਗੁਰਚਰਨ ਸਿੰਘ ਮਾਨ

ਪੂਰੀ ਕਹਾਣੀ ਪੜ੍ਹੋ

ਜਾਣੋਂ ਕਿਵੇਂ ਗੁਰਚਰਨ ਸਿੰਘ ਮਾਨ ਨੇ ਖੇਤੀ ਵਿਭਿੰਨਤਾ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੀ ਜ਼ਮੀਨ ਤੋਂ ਵਧੇਰੇ ਉਤਪਾਦਨ ਲਿਆ

ਭਾਰਤ ਵਿੱਚ ਖੇਤੀ ਵਿਭਿੰਨਤਾ ਦਾ ਰੁਝਾਨ ਇੰਨਾ ਆਮ ਨਹੀਂ ਹੈ। ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਜਿਵੇਂ ਕਿ ਜੌਂ ਆਦਿ ਮੁੱਖ ਫ਼ਸਲਾਂ ਹਨ, ਜਿਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਉਹ ਇਸ ਤੱਥ ਤੋਂ ਅਣਜਾਣ ਹਨ ਕਿ ਰਵਾਇਤੀ ਖੇਤੀ ਨਾ ਕੇਵਲ ਮਿੱਟੀ ਦੇ ਉਪਜਾਊ-ਪਣ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਕਿਸਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਕਦੀ-ਕਦੀ ਇਹ ਉਨ੍ਹਾਂ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਦੂਜੇ ਪਾਸੇ ਖੇਤੀ ਵਿਭਿੰਨਤਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਕਿਸਾਨ – ਗੁਰਚਰਨ ਸਿੰਘ ਮਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦੇ ਫਾਇਦਿਆਂ ਨੂੰ ਪਹਿਚਾਣਿਆ ਅਤੇ ਇਸ ਨੂੰ ਉਸ ਸਮੇਂ ਲਾਗੂ ਕਰ ਕੇ ਲਾਭ ਕਮਾਇਆ, ਜਦੋਂ ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਹੀ ਖਰਾਬ ਸੀ।

ਗੁਰਚਰਨ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ। ਉਹ ਜਿਸ ਖੇਤਰ ਦੇ ਰਹਿਣ ਵਾਲੇ ਸਨ ਉੱਥੇ ਦੀ ਜ਼ਮੀਨ ਬਹੁਤ ਖੁਸ਼ਕ ਅਤੇ ਇਲਾਕਾ ਬਹੁਤ ਪੱਛੜਿਆ ਹੋਇਆ ਸੀ। ਪਰ ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਦੇ ਸਾਹਮਣੇ ਇਹ ਰੁਕਾਵਟਾਂ ਕੁੱਝ ਵੀ ਨਹੀਂ ਸਨ।

1992 ਵਿੱਚ ਜਵਾਨੀ ਵੇਲੇ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ 42 ਏਕੜ ਜ਼ਮੀਨ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸਨ। ਖੁਸ਼ਕ ਖੇਤਰ ਹੋਣ ਕਾਰਨ ਕਣਕ ਅਤੇ ਝੋਨਾ ਉਗਾਉਣਾ ਉਨ੍ਹਾਂ ਲਈ ਇੱਕ ਸਫ਼ਲ ਉੱਦਮ ਨਹੀਂ ਸੀ। ਕਈ ਕੋਸ਼ਿਸ਼ਾਂ ਦੇ ਬਾਅਦ, ਜਦੋਂ ਗੁਰਚਰਨ ਸਿੰਘ ਰਵਾਇਤੀ ਖੇਤੀ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਖੇਤੀ ਦੇ ਢੰਗਾਂ ਵਿੱਚ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਇਸ ਪਹਿਲ-ਕਦਮੀ ਦੇ ਕਾਰਨ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਾਲ ਦਾ ਸਭ ਤੋਂ ਵਧੀਆ ਕਿਸਾਨ ਚੁਣਿਆ ਗਿਆ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਉਨ੍ਹਾਂ ਨੂੰ ਪੀ.ਏ.ਯੂ ਅਧਿਆਪਕ ਮਨਿੰਦਰਜੀਤ ਸਿੰਘ ਸੰਧੂ ਦੁਆਰਾ “ਪਰਵਾਸੀ ਭਾਰਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਅੱਜ 42 ਏਕੜ ਵਿੱਚੋਂ ਉਨ੍ਹਾਂ ਕੋਲ 10 ਏਕੜ ਵਿੱਚ ਬਾਗ ਹੈ, 2.5 ਏਕੜ ਵਿੱਚ ਸਬਜ਼ੀਆਂ ਦੀ ਖੇਤੀ, 10 ਏਕੜ ਵਿੱਚ ਮੱਛੀ ਫਾਰਮ ਅਤੇ ਅੱਧੇ ਏਕੜ ਵਿੱਚ ਬੋਹੜ(ਬਰਗਦ) ਦੇ ਪੌਦੇ ਹਨ। ਪਰ ਉਨ੍ਹਾਂ ਲਈ ਖੇਤੀ ਵਿਭਿੰਨਤਾ ਤੋਂ ਇਲਾਵਾ ਅਸਲ ਜੀਵਨ ਬਦਲ ਦੇਣ ਵਾਲਾ ਧੰਦਾ ਸੀ ਮਧੂ-ਮੱਖੀ ਪਾਲਣ। ਉਨ੍ਹਾਂ ਨੇ ਮੱਖੀ ਪਾਲਣ ਲਈ ਸਿਰਫ਼ ਮੱਖੀਆਂ ਦੇ 7 ਬਕਸਿਆਂ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਕੋਲ 1800 ਤੋਂ ਵੀ ਜ਼ਿਆਦਾ ਮਧੂ-ਮੱਖੀਆਂ ਦੇ ਬਕਸੇ ਹਨ, ਜਿਹਨਾਂ ਤੋਂ ਹਰ ਸਾਲ ਇੱਕ ਹਜ਼ਾਰ ਕੁਇੰਟਲ ਸ਼ਹਿਦ ਦਾ ਉਤਪਾਦਨ ਹੁੰਦਾ ਹੈ।

ਸ. ਗੁਰਚਰਨ ਸਿੰਘ ਆਪਣੇ ਕੰਮ ਵਿੱਚ ਇੰਨੇ ਨਿਪੁੰਨ ਹਨ ਕਿ ਉਨ੍ਹਾਂ ਦੁਆਰਾ ਪੈਦਾ ਕੀਤੇ ਸ਼ਹਿਦ ਦੀ ਗੁਣਵੱਤਾ ਬਹੁਤ ਚੰਗੀ ਹੈ ਅਤੇ ਕਈ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ। ਮੱਖੀ ਪਾਲਣ ਵਿੱਚ ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ ਦੇ ਪਿੰਡ ਵਿੱਚ ਸ਼ਹਿਦ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਪਲਾਂਟ ਨੇ 15 ਲੋਕਾਂ ਨੂੰ ਰੋਜ਼ਗਾਰ ਦਿੱਤਾ ਜੋ ਗਰੀਬ ਰੇਖਾ ਹੇਠ ਆਉਂਦੇ ਹਨ। ਉਨ੍ਹਾਂ ਦਾ ਮਧੂ-ਮੱਖੀ ਪਾਲਣ ਦਾ ਕਾਰੋਬਾਰ ਨਾ ਕੇਵਲ ਉਨ੍ਹਾ ਨੂੰ ਲਾਭ ਦਿੰਦਾ ਹੈ, ਬਲਕਿ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਸ. ਗੁਰਚਰਨ ਸਿੰਘ ਨੇ ਵਿਭਿੰਨਤਾ ਦੇ ਅਸਲ ਅਰਥ ਨੂੰ ਸਮਝਿਆ ਅਤੇ ਇਸ ਨੂੰ ਨਾ ਕੇਵਲ ਸਬਜ਼ੀਆਂ ਦੀ ਖੇਤੀ ‘ਤੇ ਲਾਗੂ ਕੀਤਾ, ਬਲਕਿ ਇਸ ਨੂੰ ਆਪਣੇ ਵਪਾਰ ‘ਤੇ ਲਾਗੂ ਕੀਤਾ। ਉਨ੍ਹਾਂ ਕੋਲ ਬਾਗ, ਮੱਛੀ ਫਾਰਮ, ਡੇਅਰੀ ਫਾਰਮ ਹਨ ਅਤੇ ਇਸ ਤੋਂ ਇਲਾਵਾ ਉਹ ਜੈਵਿਕ ਖੇਤੀ ਵਿੱਚ ਵੀ ਸਰਗਰਮ ਤੌਰ ‘ਤੇ ਸ਼ਾਮਲ ਹਨ। ਮਧੂ-ਮੱਖੀ ਪਾਲਣ ਵਪਾਰ ਦੇ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੇ ਬਕਸੇ ਬਣਾਉਣ ਅਤੇ ਮੋਮਬੱਤੀਆਂ ਬਣਾਉਣ ਵਰਗੇ ਹੋਰ ਸਹਾਇਕ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।

“ਇੱਕ ਚੀਜ਼ ਜੋ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਉਹ ਹੈ ਮਿੱਟੀ ਅਤੇ ਪਾਣੀ ਦੀ ਜਾਂਚ ਅਤੇ ਦੂਜੀ ਚੀਜ਼ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਕਿਸਾਨ ਆਲੂ ਉਗਾਉਂਦਾ ਹੈ ਤਾਂ ਦੂਜੇ ਨੂੰ ਲਸਣ ਉਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਕਦੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ।”

ਮੱਖੀ ਪਾਲਣ ਹੁਣ ਉਨ੍ਹਾਂ ਦਾ ਮੁੱਢਲਾ ਕਾਰੋਬਾਰ ਬਣ ਗਿਆ ਹੈ ਅਤੇ ਉਨ੍ਹਾਂ ਦੇ ਫਾਰਮ ਦਾ ਨਾਮ “ਮਾਨ ਮੱਖੀ ਫਾਰਮ” ਹੈ। ਸ਼ਹਿਦ ਤੋਂ ਇਲਾਵਾ ਉਹ ਜੈਮ, ਆਚਾਰ, ਮਸਾਲੇ ਜਿਵੇਂ ਕਿ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਆਦਿ ਵੀ ਬਣਾਉਂਦੇ ਹਨ। ਉਹ ਇਨ੍ਹਾਂ ਸਾਰੇ ਉਤਪਾਦਾਂ ਦਾ ਮੰਡੀਕਰਨ “ਮਾਨ” ਨਾਮ ਦੇ ਤਹਿਤ ਕਰਦੇ ਹਨ।

ਵਰਤਮਾਨ ਵਿੱਚ ਉਨ੍ਹਾਂ ਦਾ ਫਾਰਮ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੁੰਦਰ ਦ੍ਰਿਸ਼ ਕਾਰਨ ਪੰਜਾਬ ਟੂਰਿਜ਼ਮ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦਾ ਫਾਰਮ 5000 ਤੋਂ ਵੱਧ ਪ੍ਰਜਾਤੀਆਂ ਨਾਲ ਘਿਰਿਆ ਹੋਇਆ ਹੈ ਅਤੇ ਉੱਥੇ ਦਾ ਦ੍ਰਿਸ਼ ਪ੍ਰਕਿਰਤੀ ਦੇ ਨਜ਼ਦੀਕ ਹੋਣ ਦਾ ਵਾਸਤਵਿਕ ਅਰਥ ਦਰਸਾਉਂਦਾ ਹੈ।

ਉਨ੍ਹਾਂ ਦੇ ਅਨੁਸਾਰ, ਜੋ ਵੀ ਉਨ੍ਹਾਂ ਨੇ ਅੱਜ ਹਾਸਲ ਕੀਤਾ ਹੈ, ਉਹ ਸਿਰਫ ਪੀ.ਏ.ਯੂ. ਦੇ ਕਾਰਨ। ਸ਼ੁਰੂਆਤ ਤੋਂ ਉਨ੍ਹਾਂ ਨੇ ਉਹੀ ਕੀਤਾ ਜਿਸ ਦੀ ਪੀ.ਏ.ਯੂ. ਦੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੀ ਗਈ। ਆਪਣੇ ਕੰਮ ਵਿੱਚ ਜ਼ਿਆਦਾ ਪੇਸ਼ੇਵਰ ਹੋਣ ਲਈ ਉਨ੍ਹਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟੈਕਨੀਕਲ ਅਤੇ ਸਾਇੰਟੀਫਿਕ ਇੰਨਵੈਂਨਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ।

ਗੁਰਚਰਨ ਸਿੰਘ ਦੀ ਸਫ਼ਲਤਾ ਦੀ ਕੁੰਜੀ ਹੈ: ਉਤਪਾਦਨ ਦੀ ਲਾਗਤ ਘੱਟ ਕਰਨਾ, ਉਤਪਾਦਾਂ ਨੂੰ ਖੁਦ ਮੰਡੀ ਵਿੱਚ ਲੈ ਕੇ ਜਾਣਾ ਅਤੇ ਸਰਕਾਰ ‘ਤੇ ਘੱਟ ਤੋਂ ਘੱਟ ਨਿਰਭਰ ਹੋਣਾ। ਉਹ ਇਨ੍ਹਾਂ ਤਿੰਨਾਂ ਚੀਜਾਂ ਨੂੰ ਅਪਣਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਨੇ ਖੇਤੀ ਦੇ ਪ੍ਰਤੀ ਸਰਕਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ-

“ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਰਿਸਰਚ ਲਈ ਵਧੇਰੇ ਫੰਡ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਨਕਦ ਫ਼ਸਲਾਂ ਲਈ ਸਹਾਇਤਾ ਦੀ ਲਾਗਤ ਨੂੰ ਪੱਕਾ ਕਰਨਾ ਚਾਹੀਦਾ ਹੈ, ਤਦ ਹੀ ਕਿਸਾਨ ਖੇਤੀਬਾੜੀ ਵਿੱਚ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣਗੇ।”

ਸੰਦੇਸ਼
ਕਿਸਾਨਾਂ ਨੂੰ ਇਸ ਰੁਝਾਨ ਨਹੀਂ ਦੇਖਣਾ ਚਾਹੀਦਾ ਕਿ ਹੋਰ ਕਿਸਾਨ ਕੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਭ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਖੇਤੀ ਮਾਹਿਰਾਂ ਤੋਂ ਮਦਦ ਲੈ ਸਕਦੇ ਹਨ। ਫਿਰ ਭਾਵੇਂ ਉਹ ਪੀ.ਏ.ਯੂ ਦੇ ਹੋਣ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ, ਕਿਉਂਕਿ ਉਹ ਹਮੇਸ਼ਾ ਵਧੀਆ ਸਲਾਹ ਦੇਣਗੇ।