ਪ੍ਰਿਅੰਕਾ ਗੁਪਤਾ

ਪੂਰੀ ਕਹਾਣੀ ਪੜ੍ਹੋ

ਇੱਕ ਹੋਣਹਾਰ ਧੀ… ਜੋ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਕਰ ਰਹੀ ਹੈ

ਅੱਜ-ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੱਥੇ ਬੱਚੇ ਮਾਂ-ਬਾਪ ਨੂੰ ਬੋਝ ਸਮਝਦੇ ਹਨ, ਉੱਥੇ ਦੂਜੇ ਪਾਸੇ ਪ੍ਰਿਅੰਕਾ ਗੁਪਤਾ ਆਪਣੇ ਪਿਤਾ ਦੇ ਦੇਖੇ ਹੋਏ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।

ਐਮ ਬੀ ਏ ਫਾਇਨਾਂਸ ਦੀ ਪੜ੍ਹਾਈ ਕਰ ਚੁੱਕੀ ਪ੍ਰਿਅੰਕਾ ਦਾ ਬਚਪਨ ਪੰਜਾਬ ਦੇ ਨੰਗਲ ਇਲਾਕੇ ਵਿੱਚ ਬੀਤਿਆ। ਪ੍ਰਿਅੰਕਾ ਦੇ ਪਿਤਾ ਬਦਰੀਦਾਸ ਬੰਸਲ ਬਿਜਲੀ ਵਿਭਾਗ, ਭਾਖੜਾ ਡੈਮ ਵਿੱਚ ਨਿਯੁਕਤ ਸਨ, ਜੋ ਕਿ ਨੌਕਰੀ ਦੇ ਨਾਲ-ਨਾਲ ਆਪਣੇ ਖੇਤੀ ਦੇ ਸ਼ੌਂਕ ਨੂੰ ਵੀ ਪੂਰਾ ਕਰ ਰਹੇ ਸਨ। ਉਹਨਾਂ ਦੇ ਕੋਲ ਘਰ ਦੇ ਪਿੱਛੇ ਥੋੜ੍ਹੀ ਜਿਹੀ ਜ਼ਮੀਨ ਸੀ, ਜਿਸ ਵਿੱਚ ਉਹ ਸਬਜ਼ੀਆਂ ਦੀ ਖੇਤੀ ਕਰਦੇ ਸਨ। ਬਾਰ੍ਹਾਂ ਸਾਲ ਨੰਗਲ ਵਿੱਚ ਰਹਿਣ ਤੋਂ ਬਾਅਦ ਪ੍ਰਿਅੰਕਾ ਦੇ ਪਿਤਾ ਦਾ ਤਬਾਦਲਾ ਪਟਿਆਲੇ ਹੋ ਗਿਆ ਤੇ ਉਹਨਾਂ ਦਾ ਸਾਰਾ ਪਰਿਵਾਰ ਪਟਿਆਲੇ ਆ ਕੇ ਰਹਿਣ ਲੱਗ ਗਿਆ। ਇੱਥੇ ਉਹਨਾਂ ਕੋਲ ਕਾਫੀ ਜ਼ਮੀਨ ਖਾਲੀ ਸੀ ਜਿਸ ‘ਤੇ ਉਹ ਖੇਤੀ ਕਰਨ ਲੱਗ ਗਏ। ਇਸਦੇ ਨਾਲ ਹੀ ਉਹਨਾਂ ਨੇ ਆਪਣਾ ਘਰ ਬਣਾਉਣ ਲਈ ਸੰਗਰੂਰ ਵਿੱਚ ਇੱਕ ਪਲਾਟ ਖਰੀਦ ਲਿਆ।

ਬਦਰੀਦਾਸ ਜੀ ਬਿਜਲੀ ਵਿਭਾਗ ਵਿੱਚੋਂ ਬਤੌਰ ਚੀਫ਼ ਇੰਜੀਨਿਅਰ ਰਿਟਾਇਰ ਹੋਏ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਪ੍ਰਿਅੰਕਾ ਦੇ ਮਾਤਾ ਜੀ (ਵੀਨਾ ਬੰਸਲ) ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਬਿਮਾਰੀ ਨਾਲ ਲੜਦੇ-ਲੜਦੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਵੀਨਾ ਬੰਸਲ ਜੀ ਦੇ ਦੇਹਾਂਤ ਤੋਂ ਬਾਅਦ ਇਸ ਸਦਮੇ ਤੋਂ ਉੱਭਰਨ ਲਈ ਪ੍ਰਿਅੰਕਾ ਦੇ ਪਿਤਾ ਜੀ ਨੇ ਆਪਣਾ ਜ਼ਿਆਦਾਤਰ ਧਿਆਨ ਖੇਤੀਬਾੜੀ ‘ਤੇ ਕੇਂਦਰਿਤ ਕਰ ਦਿੱਤਾ। ਉਹਨਾਂ ਨੇ ਸੰਗਰੂਰ ਵਿੱਚ ਘਰ ਬਣਾਉਣ ਲਈ ਜੋ ਪਲਾਟ ਖਰੀਦਿਆ ਸੀ, ਉਸਦੇ ਆਸ-ਪਾਸ ਕੋਈ ਘਰ ਨਹੀਂ ਅਤੇ ਬਾਜ਼ਾਰ ਵੀ ਕਾਫੀ ਦੂਰ ਸੀ, ਤਾਂ ਉਹਨਾਂ ਦੇ ਪਿਤਾ ਨੇ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ ਉੱਥੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 10 ਸਾਲ ਤੱਕ ਉਹਨਾਂ ਦੇ ਪਿਤਾ ਨੇ ਇਸ ਵਿੱਚ ਕਾਫੀ ਤਜ਼ਰਬਾ ਹਾਸਿਲ ਕੀਤਾ। ਰਿਸ਼ਤੇਦਾਰ ਵੀ ਉਹਨਾਂ ਤੋਂ ਹੀ ਸਬਜ਼ੀਆਂ ਲੈ ਕੇ ਜਾਂਦੇ ਸਨ। ਪਰ ਹੁਣ ਬਦਰੀਦਾਸ ਜੀ ਖੇਤੀ ਨੂੰ ਆਪਣੇ ਕਿੱਤੇ ਦੇ ਤੌਰ ‘ਤੇ ਅਪਨਾਉਣ ਦਾ ਮਨ ਬਣਾ ਲਿਆ।

ਪਰ ਉਹਨਾਂ ਦੀ ਸਿਹਤ ਜ਼ਿਆਦਾ ਠੀਕ ਨਹੀਂ ਰਹਿੰਦੀ ਸੀ ਤਾਂ ਪ੍ਰਿਅੰਕਾ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਮਨ ਬਣਾ ਲਿਆ ਅਤੇ ਇਸ ਤਰ੍ਹਾਂ ਪ੍ਰਿਅੰਕਾ ਦਾ ਖੇਤੀ ਵਿੱਚ ਰੁਝਾਨ ਹੋਰ ਵੱਧ ਗਿਆ।

ਪਹਿਲਾਂ ਉਹ ਪੰਜਾਬ ਐਗਰੋ ਨਾਲ ਕੰਮ ਕਰਦੇ ਸਨ, ਪਰ ਪਿਤਾ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਦਾ ਕੰਮ ਥੋੜ੍ਹਾ ਘੱਟ ਗਿਆ। ਇਸ ਗੱਲ ਦਾ ਪ੍ਰਿਅੰਕਾ ਨੂੰ ਮਲਾਲ ਹੈ, ਕਿਉਂਕਿ ਪੰਜਾਬ ਐਗਰੋ ਨਾਲ ਮਿਲ ਕੇ ਉਹਨਾਂ ਦਾ ਕੰਮ ਚੰਗਾ ਚੱਲ ਰਿਹਾ ਸੀ ਅਤੇ ਸਾਮਾਨ ਵੀ ਵਿੱਕ ਜਾਂਦਾ ਸੀ। ਇਸ ਤੋਂ ਬਾਅਦ 4-5 ਕਿਸਾਨਾਂ ਨਾਲ ਮਿਲ ਕੇ ਸੰਗਰੂਰ ਵਿੱਚ ਇੱਕ ਦੁਕਾਨ ਖੋਲ੍ਹੀ ਗਈ, ਪਰ ਕੁੱਝ ਕਮੀਆਂ ਕਰਕੇ ਉਹਨਾਂ ਨੂੰ ਦੁਕਾਨ ਬੰਦ ਕਰਨੀ ਪਈ।

ਹੁਣ ਉਹਨਾਂ ਦਾ 4 ਏਕੜ ਦਾ ਫਾਰਮ ਸੰਗਰੂਰ ਵਿੱਚ ਹੈ, ਪਰ ਫਾਰਮ ਦੀ ਜ਼ਮੀਨ ਠੇਕੇ ‘ਤੇ ਲਈ ਹੋਣ ਕਰਕੇ ਉਹ ਹਾਲੇ ਤੱਕ ਫਾਰਮ ਦਾ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਕਿਉਂਕਿ ਜਿਹਨਾਂ ਦੀ ਉਹ ਜ਼ਮੀਨ ਹੈ ਉਹ ਇਸ ਸਭ ਲਈ ਤਿਆਰ ਨਹੀਂ ਹਨ।

ਪਹਿਲਾਂ-ਪਹਿਲ ਉਹਨਾਂ ਨੂੰ ਮਾਰਕੀਟਿੰਗ ਵਿੱਚ ਦਿੱਕਤ ਆਈ, ਪਰ ਉਨ੍ਹਾਂ ਦੀ ਪੜ੍ਹਾਈ ਸਦਕਾ ਇਸਦਾ ਹੱਲ ਵੀ ਹੋ ਗਿਆ। ਹੁਣ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਖੇਤੀ ਨੂੰ ਦੇਣ ਲੱਗੇ ਹਨ। ਉਹ ਪੂਰੀ ਤਰ੍ਹਾਂ ਜੈਵਿਕ ਖੇਤੀ ਕਰਦੇ ਹਨ।

ਟ੍ਰੇਨਿੰਗ:

ਪ੍ਰਿਅੰਕਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਬਿਸਕੁਟ ਅਤੇ ਸਕੁਐਸ਼ ਬਣਾਉਣ ਦੀ ਟ੍ਰੇਨਿੰਗ ਦੇ ਨਾਲ-ਨਾਲ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ, ਜਿਸ ਨਾਲ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

ਪ੍ਰਿਅੰਕਾ ਦੇ ਪਤੀ ਕੁਲਦੀਪ ਗੁਪਤਾ, ਜੋ ਇੱਕ ਆਰਕੀਟੈਕਟ ਹਨ, ਦੇ ਕਾਫੀ ਸਾਰੇ ਦੋਸਤ ਅਤੇ ਜਾਣ-ਪਹਿਚਾਣ ਵਾਲੇ ਪ੍ਰਿਅੰਕਾ ਦੁਆਰਾ ਤਿਆਰ ਕੀਤੇ ਉਤਪਾਦ ਹੀ ਖਰੀਦਦੇ ਹਨ।

“ਲੋਕਾਂ ਦਾ ਸੋਚਣਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਪਰ ਕੀਮਤ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਕੀਟਨਾਸ਼ਕਾਂ ਨਾਲ ਤਿਆਰ ਕੀਤੇ ਗਏ ਉਤਪਾਦ ਖਾ ਕੇ ਸਿਹਤ ਖ਼ਰਾਬ ਕਰਨ ਤੋਂ ਚੰਗਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਸਿਹਤ ਤੋਂ ਵੱਧ ਕੇ ਕੁੱਝ ਨਹੀਂ ਹੈ” – ਪ੍ਰਿਅੰਕਾ ਗੁਪਤਾ
ਪ੍ਰਿਅੰਕਾ ਦੁਆਰਾ ਤਿਆਰ ਕੀਤੇ ਗਏ ਕੁੱਝ ਉਤਪਾਦ:
  • ਬਿਸਕੁਟ (ਬਿਨਾਂ ਅਮੋਨੀਆ)
  • ਅਚਾਰ
  • ਵੜੀਆਂ
  • ਕਾਲੇ ਛੋਲੇ
  • ਚਿੱਟੇ ਛੋਲੇ
  • ਸਾਬੁਤ ਮਸਰ
  • ਹਲਦੀ
  • ਅਲਸੀ ਦੇ ਬੀਜ
  • ਸੌਂਫ਼
  • ਕਲੌਂਜੀ
  • ਸਰ੍ਹੋਂ
  • ਲਸਣ
  • ਪਿਆਜ਼
  • ਆਲੂ
  • ਮੂੰਗੀ
  • ਜਵਾਰ
  • ਬਾਜਰਾ
  • ਤਿਲ
  • ਮੱਕੀ ਦੇਸੀ
  • ਸਾਰੀਆਂ ਸਬਜ਼ੀਆਂ
ਦਰੱਖ਼ਤ
  • ਬ੍ਰਹਮੀ
  • ਸਟੀਵੀਆ
  • ਹਰੜ
  • ਅੰਬ
  • ਅਮਰੂਦ
  • ਕਰੈਨਬੇਰੀ
  • ਪੁਦੀਨਾ
  • ਤੁਲਸੀ
  • ਨਿੰਬੂ
  • ਬੇਲ
  • ਨਿੰਮ
  • ਖਸ
  • ਸ਼ਹਿਤੂਤ
  • ਆਂਵਲਾ
  • ਅਸ਼ੋਕਾ
  • ਮੋਰਿੰਗਾ

ਇਹ ਸਭ ਉਤਪਾਦ ਬਣਾਉਣ ਤੋਂ ਇਲਾਵਾ ਪ੍ਰਿਅੰਕਾ ਮਧੂ-ਮੱਖੀ ਪਾਲਣ ਅਤੇ ਪੋਲਟਰੀ ਦਾ ਕੰਮ ਵੀ ਕਰਦੇ ਹਨ, ਜਿਸ ਵਿੱਚ ਪ੍ਰਿਅੰਕਾ ਦੇ ਪਤੀ ਵੀ ਉਹਨਾਂ ਦਾ ਸਾਥ ਦਿੰਦੇ ਹਨ।

“ਅਸੀਂ ਮੋਨੋ-ਕਰਾਪਿੰਗ ਨਹੀਂ ਕਰਦੇ, ਇਕੱਲੇ ਚੌਲ ਅਤੇ ਕਣਕ ਨਹੀਂ ਬੀਜਦੇ, ਅਸੀਂ ਨਾਲ-ਨਾਲ ਜਵਾਰ, ਬਾਜਰਾ, ਮੱਕੀ ਅਲੱਗ-ਅਲੱਗ ਫ਼ਸਲਾਂ ਬੀਜਦੇ ਹਾਂ। – ਪ੍ਰਿਅੰਕਾ ਗੁਪਤਾ
ਉਪਲੱਬਧੀਆਂ:
  • ਪ੍ਰਿਅੰਕਾ 2 ਵਾਰ ਵੂਮੈਨ ਆਫ਼ ਇੰਡੀਆ ਆਰਗੈਨਿਕ ਫੈਸਟੀਵਲ ਵਿੱਚ ਹਿੱਸਾ ਲੈ ਚੁੱਕੇ ਹਨ।
  • ਛੋਟੇ ਬੱਚਿਆਂ ਨੂੰ ਬਿਸਕੁਟ ਬਣਾਉਣ ਦੀ ਟ੍ਰੇਨਿੰਗ ਦਿੱਤੀ।
  • ਜਲੰਧਰ ਰੇਡੀਓ ਸਟੇਸ਼ਨ AIR ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਭਵਿੱਖ ਦੀ ਯੋਜਨਾ:

ਭਵਿੱਖ ਵਿੱਚ ਜੇਕਰ ਕੋਈ ਉਹਨਾਂ ਤੋਂ ਸਾਮਾਨ ਲੈ ਕੇ ਵੇਚਣਾ ਚਾਹੁੰਦਾ ਹੈ ਤਾਂ ਉਹ ਸਾਮਾਨ ਲੈ ਸਕਦੇ ਹਨ ਤਾਂ ਜੋ ਪ੍ਰਿਅੰਕਾ ਆਪਣਾ ਸਾਰਾ ਧਿਆਨ ਕੁਆਲਿਟੀ ਵਧਾਉਣ ਵੱਲ ਕੇਂਦਰਿਤ ਕਰ ਸਕਣ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਸਕਣ।

ਕਿਸਾਨਾਂ ਨੂੰ ਸੰਦੇਸ਼ :
“ਮਿਹਨਤ ਤਾਂ ਹਰ ਕੰਮ ਵਿੱਚ ਕਰਨੀ ਹੀ ਪੈਂਦੀ ਹੈ। ਮਿਹਨਤ ਤੋਂ ਬਾਅਦ ਤਿਆਰ ਖੜ੍ਹੀ ਹੋਈ ਫ਼ਸਲ ਨੂੰ ਦੇਖ ਕੇ ਅਤੇ ਗ੍ਰਾਹਕਾਂ ਦੁਆਰਾ ਕੀਤੀ ਤਾਰੀਫ਼ ਨੂੰ ਸੁਣ ਕੇ ਜੋ ਸੰਤੁਸ਼ਟੀ ਮਿਲਦੀ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।”

ਰਾਜਾ ਰਾਮ ਜਾਖੜ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਦੇ ਭਵਿੱਖਵਾਦੀ ਕਿਸਾਨ, ਜੋ ਕਵਾਰ (ਐਲੋਵੇਰਾ) ਦੀ ਖੇਤੀ ਨਾਲ ਰਵਾਇਤੀ ਖੇਤੀ ਵਿੱਚ ਤਬਦੀਲੀਆਂ ਲਿਆ ਰਹੇ ਹਨ

ਭਾਵੇਂ ਕਿ ਰਾਜਸਥਾਨ ਅੱਜ ਵੀ ਰਵਾਇਤੀ ਖੇਤੀ ਵਾਲੇ ਢੰਗਾਂ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੀਆਂ ਮੁੱਖ ਫ਼ਸਲਾਂ ਬਾਜਰਾ, ਗੁਆਰਾ ਅਤੇ ਜਵਾਰ ਹੈ। ਬਹੁਤ ਸਾਰੇ ਕਿਸਾਨ ਤਰੱਕੀ ਕਰ ਰਹੇ ਹਨ, ਪਰ ਅਜੇ ਵੀ ਬਹੁਤ ਕਿਸਾਨ ਅਜਿਹੇ ਹਨ, ਜੋ ਆਪਣੀ ਰਵਾਇਤੀ ਖੇਤੀ ਵਾਲੀ ਰੂੜੀਵਾਦੀ ਸੋਚ ‘ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਇੱਕ ਅਜਿਹੇ ਇਨਸਾਨ ਹਨ- ਰਾਜਾ ਰਾਮ ਜਾਖੜ, ਜੋ ਇਨ੍ਹਾਂ ਸੋਚਾਂ ‘ਚੋਂ ਬਾਹਰ ਨਿਕਲ ਕੇ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਬਦਲਾਅ ਲਿਆ ਰਹੇ ਹਨ।

ਰਾਜਸਥਾਨ ਦੀ ਧਰਤੀ ‘ਤੇ ਰਾਜਾ ਰਾਮ ਸਿੰਘ ਜੀ ਜੰਮੇ ਅਤੇ ਪਲੇ ਹਨ। ਉਨ੍ਹਾਂ ਨੇ ਬੀ. ਐੱਸ. ਸੀ. ਐਗਰੀਕਲਚਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਉਨ੍ਹਾਂ ਨੇ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਤਾਂ ਜੋ ਉਹ ਖੇਤੀ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਮੌਕੇ ਦਾ ਫਾਇਦਾ ਲੈਣਾ ਅਤੇ ਉਸ ਤੋਂ ਲਾਭ ਕਮਾਉਣਾ ਵੀ ਸਿੱਖਿਆ। ਅੱਜ ਉਹ ਰਾਜਸਥਾਨ ਵਿੱਚ ਕਵਾਰ(ਐਲੋਵੇਰਾ) ਦੇ ਸਫ਼ਲ ਕਿਸਾਨ ਹਨ, ਜੋ ਆਪਣੀ ਉਪਜ ਦੇ ਮੰਡੀਕਰਨ ਲਈ ਕਿਸੇ ‘ਤੇ ਵੀ ਨਿਰਭਰ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਉਪਜ ਕੇਵਲ ਖੇਤ ਤੋਂ ਹੀ ਖਪਤਕਾਰਾਂ ਨੂੰ ਵੇਚੀ ਜਾਂਦੀ ਹੈ।

ਰਾਜਾ ਰਾਮ ਜਾਖੜ ਜੀ ਦਾ ਪਰਿਵਾਰ ਬਚਪਨ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੈ ਅਤੇ ਉਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੇਤੀ ਕਰਦੇ ਹੀ ਦੇਖਿਆ। ਪਰ 1980 ਵਿੱਚ ਡੀ.ਏ.ਵੀ. ਕਾਲਜ, ਸੰਘਰੀਆ(ਰਾਜਸਥਾਨ) ਤੋਂ ਬੀ. ਐੱਸ. ਸੀ. ਐਗਰੀਕਲਚਰ ਦੀ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਇੱਕ ਵੱਖ ਪੇਸ਼ੇ ਵਿੱਚ ਨੌਕਰੀ (ਸੈਂਟਰਲ ਸਟੇਟ ਫਾਰਮ, ਸੂਰਤਗੜ੍ਹ ਵਿਖੇ ਸੁਪਰਵਾਈਜ਼ਰ) ਦਾ ਮੌਕਾ ਮਿਲਿਆ। ਪਰ ਉਹ 3-4 ਮਹੀਨਿਆਂ ਤੋਂ ਜ਼ਿਆਦਾ ਉੱਥੇ ਕੰਮ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੀ ਇਸ ਕੰਮ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਨ੍ਹਾਂ ਨੇ ਘਰ ਵਾਪਸ ਆ ਕੇ ਪਿਤਾ-ਪੁਰਖੀ ਧੰਦਾ, ਜੋ ਕਿ ਖੇਤੀ ਸੀ, ਇਸਨੂੰ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਆਪਣੇ ਬਜ਼ੁਰਗਾਂ ਵਾਲੇ ਢੰਗ ਨਾਲ ਹੀ ਖੇਤੀ ਕਰਨੀ ਸ਼ੁਰੂ ਕੀਤੀ, ਪਰ ਇਸ ਵਿੱਚ ਕੁੱਝ ਖਾਸ ਮੁਨਾਫ਼ਾ ਨਹੀਂ ਸੀ ਮਿਲ ਰਿਹਾ। ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚੱਲਣੀ ਵੀ ਮੁਸ਼ਕਿਲ ਹੋ ਰਹੀ ਸੀ, ਕਿਉਂਕਿ ਉਨ੍ਹਾਂ ਦਾ ਮੁਨਾਫ਼ਾ ਕੇਵਲ ਗੁਜ਼ਾਰੇ ਯੋਗ ਹੀ ਸੀ। ਪਰ ਉਸ ਸਮੇਂ ਉਨ੍ਹਾਂ ਨੇ ਪਤੰਜਲੀ ਬਰੈਂਡ ਅਤੇ ਇਸਦੇ ਐਲੋਵੇਰਾ ਉਤਪਾਦਾਂ ਦੇ ਬਾਰੇ ਸੁਣਿਆ। ਉਨ੍ਹਾਂ ਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਇਨ੍ਹਾਂ ਉਤਪਾਦਾਂ ਨੂੰ ਬਣਾਉਣ ਲਈ ਪਤੰਜਲੀ ਵਿੱਚ ਐਲੋਵੇਰਾ ਦੀ ਬਹੁਤ ਮਾਤਰਾ ਵਿੱਚ ਉਪਜ ਦੀ ਲੋੜ ਹੈ। ਸੋ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਕੇਵਲ 15000 ਰੁਪਏ ਦੇ ਨਿਵੇਸ਼ ਨਾਲ 1 ਬਿੱਘੇ ਵਿੱਚ ਐਲੋਵੇਰਾ ਦੀ ਖੇਤੀ Babie Densis ਨਾਮ ਦੀ ਕਿਸਮ ਨਾਲ ਸ਼ੁਰੂ ਕੀਤੀ।

ਇਸ ਸਭ ਦੇ ਚੱਲਦੇ, ਇੱਕ ਵਾਰ ਤਾਂ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਵਿਰੁੱਧ ਹੋ ਗਿਆ, ਕਿਉਂਕਿ ਉਹ ਜੋ ਕੰਮ ਵੀ ਕਰ ਰਹੇ ਸਨ, ਉਸ ‘ਤੇ ਪਰਿਵਾਰ ਨੂੰ ਕੋਈ ਯਕੀਨ ਨਹੀਂ ਸੀ ਅਤੇ ਉਨ੍ਹਾਂ ਸਮਿਆਂ ਵਿੱਚ ਆਪਣੇ ਖੇਤਰ(ਜ਼ਿਲ੍ਹਾ ਗੰਗਾਨਗਰ) ਵਿੱਚ ਐਲੋਵੇਰਾ ਦੀ ਖੇਤੀ ਕਰਨ ਵਾਲੇ ਪਹਿਲੇ ਕਿਸਾਨ ਸਨ। ਪਰ ਰਾਜਾ ਰਾਮ ਜੀ ਨੇ ਆਪਣਾ ਮਨ ਨਹੀਂ ਬਦਲਿਆ, ਕਿਉਂਕਿ ਉਨ੍ਹਾਂ ਨੂੰ ਖੁਦ ‘ਤੇ ਯਕੀਨ ਸੀ। ਇੱਕ ਸਾਲ ਬਾਅਦ, ਆਖਰ ਜਦੋਂ ਐਲੋਵੇਰਾ ਦੇ ਪੌਦੇ ਪੱਕ ਕੇ ਤਿਆਰ ਹੋ ਗਏ, ਕੁੱਝ ਖਰੀਦਦਾਰਾਂ ਨੇ ਉਨ੍ਹਾਂ ਦੀ ਉਪਜ ਖਰੀਦਣ ਲਈ ਸੰਪਰਕ ਕੀਤਾ ਅਤੇ ਉਦੋਂ ਤੋਂ ਹੀ ਉਹ ਆਪਣੀ ਉਪਜ ਫਾਰਮ ਤੋਂ ਹੀ ਵੇਚਦੇ ਹਨ, ਉਹ ਵੀ ਬਿਨਾਂ ਕੋਈ ਵਾਧੂ ਯਤਨ ਕੀਤੇ। ਉਹ ਇੱਕ ਸਾਲ ਵਿੱਚ ਇੱਕ ਬਿੱਘੇ ਤੋਂ ਇੱਕ ਲੱਖ ਰੁਪਏ ਤੱਕ ਦਾ ਮੁਨਾਫ਼ਾ ਲੈਂਦੇ ਹਨ।

ਜਿਵੇਂ ਕਿ ਰਾਜਸਥਾਨ ਵਿੱਚ ਐਲੋਵੇਰਾ ਦੇ ਉਤਪਾਦ ਤਿਆਰ ਕਰਨ ਵਾਲੀਆਂ ਬਹੁਤ ਫੈਕਟਰੀਆਂ ਹਨ, ਇਸ ਲਈ ਹਰ 50 ਦਿਨ ਬਾਅਦ ਖਰੀਦਦਾਰਾਂ ਦੁਆਰਾ ਦੋ ਟਰੱਕ ਉਨ੍ਹਾਂ ਦੇ ਫਾਰਮ ‘ਤੇ ਭੇਜੇ ਜਾਂਦੇ ਹਨ, ਅਤੇ ਉਨ੍ਹਾਂ ਦਾ ਕੰਮ ਕੇਵਲ ਮਜ਼ਦੂਰਾਂ ਦੀ ਮਦਦ ਨਾਲ ਟਰੱਕਾਂ ਨੂੰ ਲੋਡ ਕਰਨਾ ਹੁੰਦਾ ਹੈ। ਹੁਣ ਉਨ੍ਹਾਂ ਨੇ ਵਧੇਰੇ ਮੁਨਾਫ਼ਾ ਲੈਣ ਲਈ ਅੰਤਰ-ਫ਼ਸਲੀ ਵਿਧੀ ਦੁਆਰਾ ਐਲੋਵੇਰਾ ਦੇ ਖੇਤਾਂ ਵਿੱਚ ਮੋਰਿੰਗਾ ਦੇ ਪੌਦੇ ਵੀ ਲਾਏ ਹਨ।

ਇਸ ਸਮੇਂ ਉਹ ਖੁਸ਼ੀ-ਖੁਸ਼ੀ ਆਪਣੇ ਪਰਿਵਾਰ (ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ) ਨਾਲ ਰਹਿ ਰਹੇ ਹਨ ਅਤੇ ਪੂਰੇ ਫਾਰਮ ਦਾ ਕੰਮ-ਕਾਜ ਖੁਦ ਹੀ ਸੰਭਾਲਦੇ ਹਨ। ਉਨ੍ਹਾਂ ਕੋਲ ਖੇਤੀ ਲਈ ਇੱਕ ਟਿਊਬਵੈੱਲ ਅਤੇ ਟ੍ਰੈਕਟਰ ਹੈ। ਉਹ ਆਪਣੇ ਖੇਤਾਂ ਵਿੱਚ ਐਲੋਵੇਰਾ, ਮੋਰਿੰਗਾ ਅਤੇ ਨਰਮੇ ਦੀ ਖੇਤੀ ਲਈ ਕੇਵਲ ਜੈਵਿਕ ਖੇਤੀ ਤਕਨੀਕ ਹੀ ਅਪਨਾਉਂਦੇ ਹਨ। ਇਨ੍ਹਾਂ ਤਿੰਨਾਂ ਫ਼ਸਲਾਂ ਤੋਂ ਇਲਾਵਾ ਉਹ ਭਿੰਡੀ, ਤੋਰੀ, ਖੀਰੇ, ਲੌਕੀ, ਗੁਆਰੇ ਦੀਆਂ ਫਲੀਆਂ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ।

ਰਾਜਾ ਰਾਮ ਜਾਖੜ ਜੀ ਨੇ ਅੰਤਰ-ਫ਼ਸਲੀ ਲਈ ਮੋਰਿੰਗਾ ਦੇ ਪੌਦਿਆਂ ਨੂੰ ਇਸ ਲਈ ਚੁਣਿਆ, ਕਿਉਂਕਿ ਇਸ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ ਅਤੇ ਇਸਨੂੰ ਘੱਟ ਦੇਖਭਾਲ ਕਰਕੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਹੁਣ ਉਨ੍ਹਾਂ ਨੇ ਪੌਦੇ ਵੇਚਣ ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ ਜੋ ਕਿਸਾਨ ਐਲੋਵੇਰਾ ਦੀ ਖੇਤੀ ਲਈ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁਫ਼ਤ ਸਿਖਲਾਈ ਵੀ ਦਿੰਦੇ ਹਨ। ਰਾਜਾ ਰਾਮ ਜੀ ਆਪਣੇ ਭਵਿੱਖਵਾਦੀ ਵਿਚਾਰਾਂ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਅਜੇ ਤੱਕ ਕਦੇ ਵੀ ਉਨ੍ਹਾਂ ਨੇ ਸਰਕਾਰ ਜਾਂ ਕਿਸੇ ਹੋਰ ਸ੍ਰੋਤ ਤੋਂ ਮਦਦ ਨਹੀਂ ਲਈ ਅਤੇ ਜੋ ਕੁੱਝ ਵੀ ਕੀਤਾ ਖੁਦ ਤੋਂ ਹੀ ਕੀਤਾ। ਉਹ ਭਵਿੱਖ ਵਿੱਚ ਆਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਐਲੋਵੇਰਾ ਦੀ ਖੇਤੀ ਤੋਂ ਜਾਗਰੂਕ ਕਰਵਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕੁੱਝ ਵੀ ਨਵਾਂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਮੰਡੀਕਰਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਰ ਖੇਤੀ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਬਹੁਤ ਸਾਰੇ ਮੌਕੇ ਮਿਲਦੇ ਰਹਿੰਦੇ ਹਨ, ਬਸ ਉਨ੍ਹਾਂ ਨੂੰ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਗੁਆਉਣਾ ਨਹੀਂ ਚਾਹੀਦਾ।”