ਕਰਮਜੀਤ ਸਿੰਘ

ਪੂਰੀ ਸਟੋਰੀ ਪੜ੍ਹੋ

ਬੱਬਨਪੁਰ ਵਿੱਚ ਗੁੜ ਉਤਪਾਦਨ ਨੂੰ ਮੁੜ ਸੁਰਜੀਤ ਕਰਕੇ ਕਿਸਾਨਾਂ ਲਈ ਬਣਿਆ ਇੱਕ ਮਿਲਸਾਲ: ਕਰਮਜੀਤ ਸਿੰਘ

ਕਰਮਜੀਤ ਸਿੰਘ ਉੱਤਰੀ ਭਾਰਤ ਦੇ ਮੱਧ ਵਿੱਚ ਸਥਿਤ ਪਿੰਡ ਬੱਬਨਪੁਰ ਦੇ ਨਿਵਾਸੀ ਹਨ ਜਿਹਨਾਂ ਨੇ ਆਪਣੇ ਸਮਰਪਣ, ਨਵੀਨਤਾ (ਇਨੋਵੇਸ਼ਨ) ਅਤੇ ਗੁਣਵੱਤਾ ਦੇ ਮਾਧਿਅਮ ਨਾਲ ਗੁੜ ਉਤਪਾਦਨ ਅਤੇ ਵਿਕਰੀ ਵਿੱਚ ਕ੍ਰਾਂਤੀ ਲਿਆਂਦੀ ਹੈ। ਗੰਨੇ ਦੀ ਖੇਤੀ ਵਿੱਚ ਪਰਿਵਾਰਕ ਵਿਰਾਸਤ ਨੂੰ ਕਰਮਜੀਤ ਜੀ ਇੱਕ ਨਵੀ ਉੱਚਾਈਆਂ ਤੱਕ ਲੈ ਗਏ ਅਤੇ ਉਹਨਾਂ ਨੇ ਗੁੜ ਦੇ ਨਵੇਂ-ਨਵੇਂ ਉਤਪਾਦ ਤਿਆਰ ਕੀਤੇ ਅਤੇ ਜਿਸ ਦੇ ਬਾਅਦ ਸਰਹੱਦ ਦੇ ਪਾਰ ਵੀ ਆਪਣੇ ਉਤਪਾਦ ਪਹੁੰਚਾਏ। ਅੱਜ, ਕਰਮਜੀਤ ਨਾ ਕੇਵਲ ਨਿਰਯਾਤ ਵਿੱਚ ਉੱਤਮ ਹੋਣ ਦੀ ਇੱਛਾ ਰੱਖਦੇ ਹਨ, ਸਗੋਂ ਸਾਰੇ ਪੰਜਾਬੀ ਪਕਵਾਨਾਂ ਨੂੰ ਪ੍ਰਸਿੱਧ ਕਰਨ ਦੇ ਸੁਪਨੇ ਵੀ ਦੇਖਦੇ ਹਨ। ਉਹਨਾਂ ਦੀ ਸਫਲਤਾ ਦੀ ਕਹਾਣੀ ਬਾਕੀ ਕਿਸਾਨਾਂ ਲਈ ਪ੍ਰੇਰਨਾ ਅਤੇ ਮਾਰਗਦਰਸ਼ਨ ਦਾ ਕੰਮ ਕਰਦੀ ਹੈ।

ਕਰਮਜੀਤ ਸਿੰਘ ਦਾ ਗੁੜ ਉਤਪਾਦਨ ਇੱਕ ਲਾਭਦਾਇਕ ਕਾਰੋਬਾਰ ਸਾਬਿਤ ਹੋਇਆ ਹੈ, ਕਿਉਂਕਿ ਮੰਡੀਆਂ ਵਿੱਚ ਰਵਾਇਤੀ ਫਸਲ ਦੀ ਵਿਕਰੀ ਦੇ ਮੁਕਾਬਲੇ ਉਹਨਾਂ ਦੁਆਰਾ ਤਿਆਰ ਕੀਤੇ ਗਏ ਉਤਪਾਦ ਵਿੱਚ ਜ਼ਿਆਦਾ ਮੁਨਾਫ਼ਾ ਪ੍ਰਾਪਤ ਹੋਇਆ। ਇੱਕ ਸਟੈਂਡਰਡ ਸੈੱਟ-ਅੱਪ ਸਥਾਪਿਤ ਕਰਨ ਲਈ ਲਗਭਗ 18 ਲੱਖ ਰੁਪਏ ਦੇ ਨਿਵੇਸ਼ ਦੀ ਲੋੜ ਹੁੰਦੀ ਹੈ। ਕਰਮਜੀਤ ਜੀ ਨੇ ਆਪਣੀ ਯੋਜਨਾ ਦੇ ਤਹਿਤ 25 ਤੋਂ 30 ਏਕੜ ਵਿੱਚ ਗੰਨੇ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਆਪਣੀ ਸਾਰੀ ਫਸਲ ਗੁੜ ਉਤਪਾਦਨ ਕਰਨ ਵਿੱਚ ਸਮਰਪਿਤ ਕੀਤੀ। ਫਸਲ ਨੂੰ ਮਿੱਲ ਵਿੱਚ ਭੇਜਣ ਦੀ ਬਜਾਏ, ਉਹ ਸਾਰੇ ਕੱਚੇ ਮਾਲ ਨੂੰ ਆਪਣੀ ਖੁਦ ਦੀ ਪ੍ਰੋਸੈਸਿੰਗ ਯੂਨਿਟ ਵਿੱਚ ਭੇਜਦੇ ਹਨ, ਜਿਸ ਨਾਲ ਉਤਪਾਦਾਂ ਅਤੇ ਗੁਣਵੱਤਾ ‘ਤੇ ਪੂਰਾ ਕੰਟਰੋਲ ਹੁੰਦਾ ਹੈ।

ਕਰਮਜੀਤ ਨੇ ਰਵਾਇਤੀ ਫਸਲਾਂ ਦੀ ਵਿਕਰੀ ਦੀ ਤੁਲਨਾ ਵਿੱਚ ਗੁੜ ਉਤਪਾਦਨ ਤੋਂ ਜ਼ਿਆਦਾ ਮੁਨਾਫ਼ਾ ਪ੍ਰਾਪਤ ਕੀਤਾ। ਉਹਨਾਂ ਦੇ ਗੁੜ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਮੰਗ ਦੇ ਵਾਧੇ ਨੇ ਉਹਨਾਂ ਦੀ ਕੁੱਲ ਆਮਦਨ ਵਿੱਚ 40% ਵਾਧਾ ਕੀਤਾ। ਇਸ ਉੱਦਮੀ ਬਦਲਾਅ ਨੇ ਨਾ ਕੇਵਲ ਉਹਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਿਆ, ਬਲਕਿ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਕਾਇਮ ਕੀਤੀ। ਖੇਤੀਬਾੜੀ ਦੇ ਖੇਤਰ ਵਿੱਚ ਕਰਮਜੀਤ ਜੀ ਦੀ ਸਫ਼ਲਤਾ ਦੀ ਕਹਾਣੀ ਵਿਭਿੰਨਤਾ ਅਤੇ ਮੁੱਲ ਵਾਧੇ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਕਰਮਜੀਤ ਜੀ ਦੁਆਰਾ ਗੁੜ ਉਤਪਾਦਨ ਨੂੰ ਪਹਿਲ ਦੇਣ ਅਤੇ ਜ਼ਰੂਰੀ ਬੁਨਿਆਦੀ ਚੀਜ਼ਾਂ ਵਿੱਚ ਨਿਵੇਸ਼ ਕਰਨ ਦਾ ਫੈਸਲਾ ਉਹਨਾਂ ਲਈ ਫਾਇਦੇਮੰਦ ਸਾਬਿਤ ਹੋਇਆ। ਮੰਡੀਆਂ ਵਿੱਚ ਕੱਚਾ ਗੰਨਾ ਵੇਚਣ ਤੋਂ ਮਿਲਣ ਵਾਲੇ ਅਨਿਸ਼ਚਿਤ ਆਮਦਨ ‘ਤੇ ਭਰੋਸਾ ਕਰਨ ਦੀ ਬਜਾਏ ਉਹਨਾਂ ਨੇ ਲਾਭਦਾਇਕ ਗੁੜ ਉਤਪਾਦਨ ਅਤੇ ਉਸਦੇ ਵਿਭਿੰਨ ਉਤਪਾਦਾਂ ਦੇ ਲਈ ਲਾਭਦਾਇਕ ਬਾਜ਼ਾਰ ਵਿੱਚ ਕਦਮ ਰੱਖਿਆ। ਉਹਨਾਂ ਦੇ ਇਸ ਕਦਮ ਨੇ ਨਾ ਕੇਵਲ ਬਿਹਤਰ ਵਿੱਤੀ ਸਥਿਰਤਾ ਬਣਾਈ, ਸਗੋਂ ਕਰਮਜੀਤ ਨੂੰ ਉਦਯੋਗ ਵਿੱਚ ਆਪਣੀ ਪਹਿਚਾਣ ਸਥਾਪਿਤ ਕਰਨ ਵਿੱਚ ਵੀ ਸਮਰੱਥ ਬਣਾਇਆ।

ਗੁੜ ਉਤਪਾਦਨ ਦੇ ਕੰਮ ਵਿੱਚ ਕਰਮਜੀਤ ਜੀ ਦਾ ਸਫ਼ਰ ਉਹਨਾਂ ਦੇ ਦਾਦਾ ਜੀ ਨਾਲ ਸ਼ੁਰੂ ਹੋਇਆ, ਜਿਨ੍ਹਾਂ ਨੇ ਗੰਨੇ ਦੀ ਖੇਤੀ ਸ਼ੁਰੂ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਤੋਂ ਕਈ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ। ਦਾਦਾ ਜੀ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ, ਕਰਮਜੀਤ ਦੇ ਪਿਤਾ ਨੇ 11 ਸਾਲ ਪਹਿਲਾਂ ਗੰਨੇ ਦੇ ਲਈ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕੀਤੀ, ਜਿਸ ਨੇ ਕਰਮਜੀਤ ਦੇ ਭਵਿੱਖ ਵਿੱਚ ਕਰਨ ਵਾਲੇ ਉੱਦਮ ਦੀ ਨੀਂਹ ਰੱਖੀ।

ਕਰਮਜੀਤ ਜੀ ਨੇ ਆਪਣੇ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਈ ਅਤੇ ਪੀ.ਏ.ਯੂ. ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ। ਆਪਣੇ ਹੁਨਰ ਦਾ ਪ੍ਰਯੋਗ ਕਰਕੇ ਉਹਨਾਂ ਨੇ ਗੁੜ ਦੇ ਉਤਪਾਦਨ ਲਈ ਪੰਦਰਾਂ ਤਰ੍ਹਾਂ ਵੱਖ-ਵੱਖ ਉਤਪਾਦ ਪੇਸ਼ ਕੀਤੇ। ਸ਼ੁਰੂਆਤ ਵਿੱਚ, ਕਰਮਜੀਤ ਜੀ ਨੂੰ ਆਪਣੇ ਪਿੰਡ ਦੇ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਆਪਣੀ ਲਗਨ ਅਤੇ ਉਤਪਾਦਾਂ ਦੀ ਉੱਚ ਗੁਣਵੱਤਾ, ਅੱਪਗ੍ਰੇਡ ਮਸ਼ੀਨਰੀ ਨਾਲ ਕਰਮਜੀਤ ਜੀ ਨੇ ਹੋਲੀ-ਹੋਲੀ ਪਿੰਡ ਵਾਲਿਆਂ ਦਾ ਦਿੱਲ ਜਿੱਤ ਲਿਆ। ਅੱਜ, ਪਿੰਡ ਵਾਸੀ ਨਾ ਕੇਵਲ ਉਹਨਾਂ ਦੇ ਉਤਪਾਦਾਂ ਦੀ ਤਾਰੀਫ ਕਰਦੇ ਹਨ, ਬਲਕਿ ਉਹਨਾਂ ਦੀਆਂ ਪ੍ਰਾਪਤੀਆਂ ‘ਤੇ ਵੀ ਮਾਣ ਕਰਦੇ ਹਨ।

ਮਾਰਕੀਟਿੰਗ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਕਰਮਜੀਤ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪਣਾਇਆ ਅਤੇ ਕਿਸਾਨ ਮੇਲਿਆਂ ਵਿੱਚ ਹਿੱਸਾ ਲਿਆ, ਜਿਸ ਨੇ ਉਦਯੋਗ ਵਿੱਚ ਉਹਨਾਂ ਦਾ ਨਾਮ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹਨਾਂ ਸਮਾਗਮਾਂ ਰਾਹੀਂ ਉਹਨਾਂ ਨੇ ਆਪਣੇ ਦੁਆਰਾ ਪੇਸ਼ ਕੀਤੇ ਗਏ ਵਿਭਿੰਨ ਪ੍ਰਕਾਰ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ, ਜਿਸ ਨਾਲ ਦੂਰ-ਦੂਰ ਤੋਂ ਆਏ ਗਾਹਕ ਆਕਰਸ਼ਿਤ ਹੋਏ। ਉਹਨਾਂ ਦੇ ਗੁੜ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਵਿੱਚ ਵੀ ਜਗ੍ਹਾ ਮਿਲੀ, ਜਿਹੜਾ ਉਹਨਾਂ ਦੇ ਉੱਦਮੀ ਸਫ਼ਰ ਵਿੱਚ ਇੱਕ ਮਹੱਤਵਪੂਰਨ ਰਾਹ ਬਣਿਆ।

ਕਰਮਜੀਤ ਸਿੰਘ ਨੇ ਗੁੜ ਉਤਪਾਦਨ ਵਿੱਚ ਬੇਮਿਸਾਲ ਪ੍ਰਾਪਤੀਆਂ ਹਾਸਿਲ ਕੀਤੀਆਂ। ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਗਿਆਨ ਅਤੇ ਸਮਰਪਣ ਦੇ ਕਾਰਨ ਅਨੇਕਾਂ ਪੁਰਸਕਾਰ ਪ੍ਰਾਪਤ ਕੀਤੇ, ਜਿਸ ਨਾਲ ਉਹਨਾਂ ਨੂੰ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ ਡੀ ਐਫ ਏ) ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। 2019 ਵਿੱਚ, ਕਰਮਜੀਤ ਜੀ ਦੇ ਸ਼ਾਨਦਾਰ ਯਤਨਾਂ ਨਾਲ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪਹਿਲਾ ਪੁਰਸਕਾਰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ, ਖੇਤੀ ਦੇ ਤਰੀਕਿਆਂ ਵਿੱਚ ਉਹਨਾਂ ਦੇ ਤਜਰਬੇ ਨੇ ਉਸ ਨੂੰ ਮੁੱਖ ਮੰਤਰੀ ਦੁਆਰਾ ਸਨਮਾਨਿਤ ਬਿਹਤਰੀਨ ਪੰਜ ਕਿਸਾਨਾਂ ਵਿੱਚ ਸ਼ਾਮਲ ਕੀਤਾ। ਉਹਨਾਂ ਦੀ ਪ੍ਰਤਿਭਾ ਨੂੰ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (ਐਨ ਡੀ ਆਰ ਆਈ) ਕਰਨਾਲ ਤੋਂ ਪੁਰਸਕਾਰ ਨਾਲ ਮਾਨਤਾ ਮਿਲੀ।

ਕਰਮਜੀਤ ਦੇ ਅੱਗੇ ਵੱਧਣ ਦਾ ਕੰਮ ਡੇਅਰੀ ਫਾਰਮਿੰਗ ‘ਤੇ ਹੀ ਨਹੀਂ ਰੁਕਿਆ। ਖੇਤੀਬਾੜੀ ਲਈ ਉਹਨਾਂ ਦੇ ਜਨੂੰਨ ਨੇ ਆਪਣੇ ਯਤਨਾਂ ਵਿੱਚ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ। ਗੰਨੇ ਦੀ ਖੇਤੀ ਤੋਂ ਇਲਾਵਾ, ਉਹ ਆਪਣੀ 25 ਏਕੜ ਜ਼ਮੀਨ ‘ਤੇ ਮੱਕੀ ਅਤੇ ਕਪਾਹ ਦੀ ਖੇਤੀ ਕਰਦੇ ਹਨ। ਕਰਮਜੀਤ ਜੀ ਨੇ ਆਪਣੇ ਗੰਨੇ ਦੇ ਉਤਪਾਦਨ ਦੇ ਉਪ-ਉਤਪਾਦਾਂ ਨੂੰ ਇੱਕ ਕੀਮਤੀ ਸਰੋਤ ਵਜੋਂ ਉਪਯੋਗ ਕੀਤਾ। ਇਸ ਦੀ ਰਹਿੰਦ-ਖੂੰਹਦ ਦਾ ਵੀ ਦੋਹਰੇ ਉਦੇਸ਼ ਲਈ ਵਰਤੋਂ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਬਾਲਣ ਸਰੋਤ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਦੋਨਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਕਰਮਜੀਤ ਸਿੰਘ ਜੀ ਨੇ ਡੇਅਰੀ ਫਾਰਮਿੰਗ ਵਿੱਚ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ। ਵਰਤਮਾਨ ਵਿੱਚ, ਪਸ਼ੂ ਪਾਲਣ ਵਿੱਚ ਉਹਨਾਂ ਕੋਲ ਪੰਜ ਗਾਂਵਾਂ ਅਤੇ ਪੰਜ ਮੱਝਾਂ ਹਨ, ਜੋ ਉਹਨਾਂ ਦੇ ਵੱਧ ਰਹੇ ਖੇਤੀਬਾੜੀ ਉਦਯੋਗ ਵਿੱਚ ਯੋਗਦਾਨ ਪਾਉਂਦੀਆਂ ਹਨ।

ਕਰਮਜੀਤ ਜੀ ਨੂੰ ਕੰਮ ਕਰਦੇ ਸਮੇਂ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਤਪਾਦਾਂ ਦੀ ਗੁਣਵੱਤਾ ਬਣਾਈ ਰੱਖਣ ਲਈ ਇਕਸਾਰਤਾ ਅਤੇ ਉੱਤਮਤਾ ਨੂੰ ਯਕੀਨੀ ਬਣਾਉਣ ਲਈ ਲੇਬਰ ਦੀ ਸਖ਼ਤ ਨਿਗਰਾਨੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਉਤਪਾਦਾਂ ਦੀ ਪ੍ਰਭਾਵੀ ਢੰਗ ਨਾਲ ਮਾਰਕੀਟਿੰਗ ਕਰਨ ਲਈ ਰਚਨਾਤਮਕ ਯੋਜਨਾ ਅਤੇ ਨਿਰੰਤਰ ਰੁਝੇਵਿਆਂ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਹਨਾਂ ਰੁਕਾਵਟਾਂ ਨੂੰ ਲਗਨ ਅਤੇ ਦ੍ਰਿੜ ਇਰਾਦੇ ਨਾਲ ਪਾਰ ਕੀਤਾ ਅਤੇ ਮਾਰਕੀਟ ਵਿੱਚ ਇੱਕ ਮਜ਼ਬੂਤ ਪਕੜ ਬਣਾਈ।

ਕਰਮਜੀਤ ਦੀ ਕਾਮਯਾਬੀ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹਨਾਂ ਦੇ ਨਜ਼ਰੀਏ, ਸਮਰਪਣ ਅਤੇ ਪਰਿਵਾਰ ਦੇ ਵਿਸ਼ਵਾਸ ਨੇ ਉਹਨਾਂ ਨੂੰ ਸਫ਼ਰ ਵਿੱਚ ਅੱਗੇ ਵਧਣ ਵਿੱਚ ਸਹਾਇਤ ਕੀਤੀ। ਇਸ ਤੋਂ ਇਲਾਵਾ, ਕਰਮਜੀਤ ਦੇ ਬੱਚਿਆਂ ਨੇ ਵੀ ਉਹਨਾਂ ਦੇ ਕੰਮ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ, ਜਿਸ ਨਾਲ ਉਹਨਾਂ ਦੇ ਭਵਿੱਖ ਦਾ ਮਾਰਗ ਸਾਫ ਹੋਇਆ।

ਕਰਮਜੀਤ ਦਾ ਉਦੇਸ਼ ਆਪਣੇ ਨਿਰਯਾਤ ਵਪਾਰ ਨੂੰ ਵਧਾਉਣਾ ਅਤੇ ਪ੍ਰਮਾਣਿਕ ਪੰਜਾਬੀ ਪਕਵਾਨਾਂ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਸ ਵਿੱਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਮੱਖਣ ਆਦਿ ਸ਼ਾਮਲ ਹਨ। ਉਹ ਆਪਣੇ ਖੇਤਰ ਦੇ ਪ੍ਰਸਿੱਧ ਉਤਪਾਦਾਂ ਨੂੰ ਦੁਨੀਆ ਦੀ ਹਰ ਜਗ੍ਹਾ ਤੱਕ ਪਹੁੰਚਾਉਣ ਦੀ ਕਲਪਨਾ ਕਰਦੇ ਹਨ। ਇਸ ਤੋਂ ਇਲਾਵਾ, ਕਰਮਜੀਤ ਆਪਣੀ ਬਾਕੀ ਦੀ ਜ਼ਮੀਨ ‘ਤੇ ਮੱਕੀ ਅਤੇ ਕਪਾਹ ਦੀ ਖੇਤੀ ਕਰਦੇ ਹੋਏ ਵਿਭਿੰਨ ਖੇਤੀ ਅਭਿਆਸਾਂ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ।

ਕਿਸਾਨਾਂ ਨੂੰ ਸੁਨੇਹਾ

ਕਰਮਜੀਤ ਜੀ ਗੁੜ ਉਤਪਾਦਨ ਵਿੱਚ ਉੱਦਮ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਮਾਰਗਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ। ਉਹ ਕਿਸਾਨਾਂ ਨੂੰ ਸ਼ੁਰੂਆਤੀ ਉਤਪਾਦਨ ਸਥਾਪਿਤ ਕਰਨ ਤੋਂ ਲੈ ਕੇ ਅੰਤਿਮ ਉਤਪਾਦਾਂ ਦੇ ਮੰਡੀਕਰਨ ਤੱਕ, ਆਪਣੇ ਕੰਮਾਂ ਨੂੰ ਬਾਰੀਕੀ ਨਾਲ ਜਾਨਣ ਲਈ ਪ੍ਰੇਰਿਤ ਕਰਦੇ ਹਨ। ਕਰਮਜੀਤ ਜੀ ਦਾ ਮੰਨਣਾ ਹੈ ਕਿ ਖੇਤੀਬਾੜੀ ਭਾਈਚਾਰੇ ਦਾ ਵਾਧਾ ਅਤੇ ਵਿਕਾਸ ਲਈ ਗਿਆਨ ਅਤੇ ਤਜਰਬਾ ਸਾਂਝਾ ਕਰਨਾ ਜ਼ਰੂਰੀ ਹੈ।

ਅਬਦੁਲ ਰਹਿਮਾਨ

ਪੂਰੀ ਸਟੋਰੀ ਪੜ੍ਹੋ

ਜੋ ਇਨਸਾਨ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ- ਅਬਦੁਲ ਰਹਿਮਾਨ

ਪੰਜਾਬੀ ‘ਚ ਇੱਕ ਕਹਾਵਤ ਹੈ, ਜਿੱਥੇ ਚਾਹ, ਉੱਥੇ ਰਾਹ, ਉਸ ਤਰ੍ਹਾਂ ਹੀ ਜ਼ਿੰਦਗੀ ਵਿੱਚ ਜੇਕਰ ਕੁਝ ਕਰਨ ਦਾ ਸੋਚ ਲਿਆ ਹੈ, ਤਾਂ ਉਸਨੂੰ ਪੂਰਾ ਕਰਕੇ ਹੀ ਸਾਹ ਲਓ। ਖੇਤੀ ਦੇ ਖੇਤਰ ਵਿੱਚ ਵੀ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਕਿ ਰਵਾਇਤੀ ਖੇਤੀ ਨੂੰ ਨਾ ਅਪਣਾ ਕੇ ਕੁਝ ਵੱਖਰਾ ਕਰਦੇ ਹਨ ਅਤੇ ਬਾਕੀ ਲੋਕਾਂ ਦੇ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਉਂਦੇ ਹਨ।

ਸਾਲ 2009 ਦੀ ਗੱਲ ਹੈ, ਉਦੋਂ ਰਾਜਸਥਾਨ ਸਰਕਾਰ ਨੇ ਗੁਜਰਾਤ ਵਿੱਚ ਸਥਾਪਿਤ ਇੱਕ ਕੰਪਨੀ ਨਾਲ ਸਮਝੌਤਾ ਕੀਤਾ ਜਿਸ ਦਾ ਨਾਮ ਅਤੁਲ ਲਿਮਿਟਿਡ ਹੈ ਅਤੇ ਰਾਜਸਥਾਨ ਦੇ ਪੱਛਮ ਇਲਾਕੇ ਵਿੱਚ ਕੰਮ ਕਰਨ ਸ਼ੁਰੂ ਕਰ ਦਿੱਤਾ। ਜਿਸਦੇ ਫਲਸਰੂਪ ਉਹ ਸਫਲ ਵੀ ਰਹੇ। ਇਸਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਦੇ ਲਈ ਅਤੇ ਉਤਪਾਦਾਂ ਦੀ ਬਾਜ਼ਾਰ ਵਿੱਚ ਮੰਗ ਦੇ ਵਿੱਚ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉੱਥੋਂ ਦੀ ਸਰਕਾਰ ਦੁਆਰਾ ਖਜੂਰਾਂ ਦੇ ਬੂਟੇ ਜੋਧਪੁਰ ਦੇ ਕਿਸਾਨਾਂ ਨੂੰ 90 ਪ੍ਰਤੀਸ਼ਤ ਸਬਸਿਡੀ ਉੱਤੇ ਦਿੱਤੇ ਗਏ, ਜਿਸ ਵਿੱਚ ਇੱਕ ਬੂਟੇ ਦੀ ਕੀਮਤ 2500 ਰੁਪਏ ਤੋਂ ਘੱਟ ਕਰਕੇ 225 ਰੁਪਏ ਕਰ ਦਿੱਤੀ ਗਈ।

ਅਤੁਲ ਕੰਪਨੀ ਦੀ ਟੀਮ ਜੋਧਪੁਰ ਦੇ ਹਰ ਇੱਕ ਇਲਾਕੇ ਵਿੱਚ ਦੌਰਾ ਕਰਦੀ ਅਤੇ ਉੱਥੋਂ ਦੇ ਕਿਸਾਨਾਂ ਨੂੰ ਖਜੂਰਾਂ ਦੀ ਖੇਤੀ ਬਾਰੇ ਜਾਣਕਾਰੀ ਦਿੰਦੀ ਸੀ। ਜਿਸ ਵਿੱਚ ਉਹ ਭਵਿੱਖ ਵਿੱਚ ਖਜ਼ੂਰ ਦੀ ਖੇਤੀ ਕਰਨ ਨਾਲ ਕੀ ਫਾਇਦਾ ਹੋਵੇਗਾ, ਉਸ ਬਾਰੇ ਹਮੇਸ਼ਾਂ ਹੀ ਕਿਸਾਨਾਂ ਨੂੰ ਜਾਗਰੂਕ ਕਰਦੀ ਸੀ। ਇੱਕ ਦਿਨ ਦੌਰੇ ਦੇ ਦੌਰਾਨ ਉਹ ਅਬਦੁਲ ਰਹਿਮਾਨ ਨੂੰ ਮਿਲੇ ਜੋ ਰਾਜਸਥਾਨ ਦੇ ਜੈਸਲਮੇਰ ਦੇ ਇੱਕ ਪਿੰਡ ਤਵਾਰੀਵਾਲਾ ਦੇ ਰਹਿਣ ਵਾਲੇ ਹਨ, ਜੋ ਕਿ ਸਾਲ 1995 ਤੋਂ ਰਵਾਇਤੀ ਖੇਤੀ ਕਰਦੇ ਆ ਰਹੇ ਹਨ। ਜਿਸ ਵਿੱਚ ਉਹ ਅਰੰਡੀ, ਸਰੋਂ, ਪਿਆਜ ਅਤੇ ਕਣਕ ਉਗਾਉਂਦੇ ਹਨ, ਪਰ ਨਵੀਂ ਤਕਨੀਕਾਂ ਨੂੰ ਇੰਨੀ ਜਲਦੀ ਅਪਣਾਉਣਾ ਕੋਈ ਆਸਾਨ ਗੱਲ ਨਹੀਂ ਹੈ।

ਅਬਦੁਲ ਰਹਿਮਾਨ ਪਹਿਲਾ ਤਾਂ ਕੰਮ ਕਰਨ ਨੂੰ ਘਬਰਾ ਰਹੇ ਹਨ ਪਰ ਅਤੁਲ ਟੀਮ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਕਦਮ-ਕਦਮ ਉੱਤੇ ਸਾਥ ਦੇਣਗੇ। ਉਸਤੋਂ ਬਾਅਦ ਉਨ੍ਹਾਂ ਨੂੰ 3 ਹੈਕਟੈਅਰ ਜ਼ਮੀਨ ਦੇ ਲਈ 465 ਬੂਟੇ ਦਿੱਤੇ ਗਏ, ਜੋ ਕਿ ਖਜ਼ੂਰ ਦੀ ਉਗਾਈ ਜਾਣ ਵਾਲੀ ਖੁਨੇਜ਼ੀ ਕਿਸਮ ਦੇ ਸਨ। ਇਸ ਕਿਸਮ ਦੀਆਂ ਖਜੂਰਾਂ ਗੁਣਾਂ ਵਿੱਚ ਵਧੀਆ ਹੋਣ ਦੇ ਨਾਲ-ਨਾਲ ਸੁਆਦ ਵਿੱਚ ਵੀ ਬਾਕੀਆਂ ਤੋਂ ਅਲੱਗ ਹੈ। ਇਸਦੀ ਪਹਿਲੀ ਕਟਾਈ 5 ਸਾਲ ਬਾਅਦ ਕੀਤੀ ਜਾਂਦੀ ਹੈ। ਅਬਦੁਲ ਨੇ ਖਜੂਰਾਂ ਦੀ ਪੂਰੀ ਖੇਤੀ ਜੈਵਿਕ ਤਰੀਕੇ ਨਾਲ ਕੀਤੀ ਅਤੇ ਜਦੋਂ ਖਜੂਰਾਂ ਪੱਕਣੀਆਂ ਸ਼ੁਰੂ ਹੋਈਆਂ ਤਾਂ ਵੇਚਣਾ ਸ਼ੁਰੂ ਕਰ ਦਿੱਤਾ। ਖਜ਼ੂਰ ਇੱਕ ਅਜਿਹਾ ਪੌਦਾ ਹੈ ਜਿਸ ਦੀਆਂ ਟਹਿਣੀਆਂ ਤੋਂ ਬਹੁਤ ਜ਼ਿਆਦਾ ਮੁਨਾਫ਼ਾ ਲਿਆ ਜਾ ਸਕਦਾ ਹੈ, ਕਿਉਂਕਿ ਇਸਦੀ ਇੱਕ ਟਾਹਣੀ ਵੀ 800 ਤੋਂ 900 ਰੁਪਏ ਵਿੱਚ ਵਿਕਦੀ ਹੈ। ਜਦੋਂ ਕਿ ਇੱਕ ਬੂਟੇ ਵਿੱਚ ਘੱਟ ਤੋਂ ਘੱਟ 10 ਟਾਹਣੀਆਂ ਹੁੰਦੀਆਂ ਹਨ। ਅਬਦੁਲ ਰਹਿਮਾਨ ਟਾਹਣੀਆਂ ਨੂੰ ਵੇਚ ਕੇ ਹੀ ਹਰੇਕ ਸਾਲ 8 ਤੋਂ 9 ਲੱਖ ਰੁਪਏ ਕਮਾ ਲੈਂਦੇ ਹਨ। ਸਾਲ 2016 ਵਿੱਚ ਸਰਕਾਰ ਨੇ ਖਜ਼ੂਰ ਦੀ ਖੇਤੀ ਦੀਆਂ ਨਵੀਆਂ ਤਕਨੀਕਾਂ ਸਿਖਾਉਣ ਦੇ ਲਈ ਉਨ੍ਹਾਂ ਨੂੰ ਇਜ਼ਰਾਈਲ ਵਿਖੇ ਭੇਜ ਦਿੱਤਾ। ਸ਼ੁਰੂਆਤੀ ਦਿਨਾਂ ਵਿੱਚ, ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਖਰੀਦਣ ਵਾਲੇ ਬਹੁਤ ਘੱਟ ਸਨ ਅਤੇ ਉਸ ਸਮੇਂ ਲੋਕਾਂ ਨੂੰ ਖਜੂਰਾਂ ਦੀ ਅਹਿਮੀਅਤ ਬਾਰੇ ਜ਼ਿਆਦਾਤਰ ਪਤਾ ਵੀ ਨਹੀਂ ਸੀ। ਜਿਸ ਦੇ ਲਈ ਉਨ੍ਹਾਂ ਨੂੰ ਉੱਥੋਂ ਦੇ ਹੀ ਪੋਖਰਣ ਜ਼ਿਲ੍ਹੇ ਵਿੱਚ ਜਾਣਾ ਪੈਂਦਾ ਸੀ ਜੋ 125 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ ਤੋਂ ਇਲਾਵਾ ਪਾਣੀ, ਬਿਜਲੀ ਆਦਿ ਹੋਰ ਬਹੁਤ ਸਾਰੇ ਜ਼ਰੂਰੀ ਸੰਸਾਧਨ ਵੀ ਮੌਜੂਦ ਨਹੀਂ ਸਨ।

ਸ਼੍ਰੀ ਅਬਦੁਲ ਦੇ ਨੇ ਇੱਕ ਫਾਰਮ ਬਣਾਇਆ ਹੋਇਆ ਹੈ, ਜਿੱਥੇ ਅੱਜ ਉਹ ਪਸ਼ੂਪਾਲਣ ਦੇ ਨਾਲ ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਡੇਅਰੀ ਦਾ ਕੰਮ ਕਰ ਰਹੇ ਹਨ। ਸਾਰੀ ਪਸ਼ੂ ਉੱਥੋਂ ਦੇ ਨਸਲ ਦੇ ਹਨ, ਜਿਹਨਾਂ ਵਿੱਚ 4 ਤੋਂ 5 ਗਾਵਾਂ ਹਨ ਜੋ 15 ਤੋਂ 20 ਲੀਟਰ ਦੁੱਧ ਦਿੰਦੀਆਂ ਹਨ। ਇਸ ਦੇ ਨਾਲ 70-80 ਬੱਕਰੀਆਂ ਅਤੇ 100 ਮੁਰਗੀਆਂ ਵੀ ਹਨ। ਉਹਨਾਂ ਦੁਆਰਾ ਫਸਲਾਂ ਦੇ ਲਈ ਕੀਤਾ ਗਿਆ ਜੈਵਿਕ ਕੂੜੇ ਦਾ ਉਪਯੋਗ ਬਹੁਤ ਹੀ ਫਾਇਦੇਮੰਦ ਸਾਬਿਤ ਹੋਇਆ ਹੈ। ਅੱਜ ਉਹਨਾਂ ਦੀ ਸਾਲਾਨਾ ਆਮਦਨ 10 ਤੋਂ 15 ਲੱਖ ਦੇ ਕਰੀਬ ਹੁੰਦੀ ਹੈ।

ਉਪਲੱਬਧੀਆਂ

  • ਆਈਸੀਏਆਰ ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੱਧਰ ‘ਤੇ ਇੰਨੋਵੇਟਿਵ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
  • ਰਾਜਸਥਾਨ ਸਰਕਾਰ ਵੱਲੋਂ 2016 ਵਿੱਚ ਬੈਸਟ ਐਗਰੀ ਇੰਟਰਪ੍ਰੀਨਿਯੋਰ ਪੁਰਸਕਾਰ ਦਿੱਤਾ ਗਿਆ।
  • 2013 ਵਿੱਚ ਗੁਜਰਾਤ ਵਿੱਚ 51000 ਦੇ ਚੈੱਕ ਦੇ ਨਾਲ ਰਾਜ ਪੱਧਰ ਉੱਤੇ ਪੁਰਕਾਰ ਦਿੱਤਾ ਗਿਆ।
  • 2011-12 ਵਿੱਚ ਜ਼ਿਲ੍ਹਾ ਪੱਧਰੀ ਉੱਤੇ ਪੁਰਸਕਾਰ ਦਿੱਤਾ ਗਿਆ।

ਭਵਿੱਖ ਦੀ ਯੋਜਨਾ

ਸ਼੍ਰੀ ਅਬਦੁਲ ਖ਼ਜ਼ੂਰਾਂ ਦੀ ਖੇਤੀ ਨੂੰ ਵੱਡੇ ਪੱਧਰ ਉੱਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਸਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੀ ਖੇਤੀ ਕਰਕੇ ਪ੍ਰਯੋਗ ਕਰਨਾ ਚਾਹੁੰਦੇ ਹਨ।

ਸੰਦੇਸ਼

ਸ਼੍ਰੀ ਅਬਦੁਲ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਖਜੂਰਾਂ ਦੀ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਸ ਖੇਤੀ ਨੂੰ ਕਰਨ ਦੇ ਲਈ ਬਹੁਤ ਘੱਟ ਮਿਹਨਤ ਦੀ ਲੋੜ ਹੁੰਦੀ ਹੈ। ਮੌਸਮ ਦੇ ਬਦਲਣ ਨਾਲ ਕਦੇ ਵੀ ਬੂਟਾ ਪ੍ਰਭਾਵਿਤ ਨਹੀਂ ਹੁੰਦਾ ਬਸ ਪੌਦੇ ਦੀ ਜੜ੍ਹਾਂ ਨੂੰ ਪਾਣੀ ਵਿੱਚ ਡੋਬ ਕੇ ਰੱਖਣ ਅਤੇ ਪੌਦੇ ਨੂੰ ਧੁੱਪ ਦੀ ਜ਼ਰੂਰਤ ਹੁੰਦੀ ਹੈ।

ਅੰਮ੍ਰਿਤ ਸਿੰਘ

ਪੂਰੀ ਕਹਾਣੀ ਪੜ੍ਹੋ

ਕੁਦਰਤੀ ਖੇਤੀ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਇਹ ਅਗਾਂਹਵਧੂ ਕਿਸਾਨ ਪਾ ਰਿਹਾ ਯੋਗਦਾਨ

ਖੇਤੀ, ਕੁਦਰਤ ਵੱਲੋਂ ਮਿਲਿਆ ਪੂਰੇ ਸੰਸਾਰ ਨੂੰ ਅਜਿਹਾ ਇੱਕ ਤੋਹਫ਼ਾ ਹੈ, ਜਿਸ ਨਾਲ ਹੀ ਪੂਰੇ ਸੰਸਾਰ ਦਾ ਵਜੂਦ ਹੈ। ਜੇਕਰ ਕੋਈ ਕਿਸਾਨ ਖੇਤੀ ਕਰਨਾ ਛੱਡ ਦੇਵੇ ਤਾਂ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਜਿਵੇਂ ਕਿ ਖਾਣ ਲਈ ਖਾਣਾ, ਪਹਿਨਣ ਲਈ ਕੱਪੜੇ ਆਦਿ। ਇਹ ਸਭ ਕੁੱਝ ਮਿੱਟੀ ਵਿੱਚੋਂ ਇੱਕ ਕਿਸਾਨ ਦੁਆਰਾ ਹੀ ਉਗਾਇਆ ਜਾਂਦਾ ਹੈ। ਪਰ ਅੱਜ-ਕੱਲ੍ਹ ਕੁੱਝ ਕਿਸਾਨ ਫਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕਰ ਰਹੇ ਹਨ। ਜਿਸ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਧਰਤੀ ਵਿੱਚੋਂ ਖ਼ਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਖੇਤੀ ਕਰ ਰਹੇ ਕਿਸਾਨਾਂ ਵਿੱਚੋਂ ਕੁੱਝ ਕਿਸਾਨ ਅਜਿਹੇ ਵੀ ਹਨ, ਜਿਹੜੇ ਧਰਤੀ ਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕੁਦਰਤ ਦੀ ਹੋਂਦ ਨੂੰ ਬਚਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇੱਕ ਅਜਿਹਾ ਹੀ ਕਿਸਾਨ ਅੰਮ੍ਰਿਤ ਸਿੰਘ ਜੋ ਪਿੰਡ ਵਾਹਿਗੁਰੂਪੁਰਾ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਰਸਾਇਣਿਕ ਖੇਤੀ ਕਰਦੇ ਸਨ ਪਰ ਘਰ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਪੂਰੇ ਪਰਿਵਾਰ ਨੂੰ ਧੱਕਾ ਲੱਗਿਆ। ਫਿਰ ਅੰਮ੍ਰਿਤ ਨੇ ਰਸਾਇਣਿਕ ਖਾਦਾਂ ਨੂੰ ਛੱਡ ਕੇ ਕੁਦਰਤੀ ਖੇਤੀ ਕਰਨ ਦਾ ਟੀਚਾ ਮਿੱਥਿਆ। ਬੇਸ਼ੱਕ ਪੈਦਾਵਾਰ ਘੱਟ ਹੋਵੇ ਪਰ ਕੁਦਰਤੀ ਖੇਤੀ ਜ਼ਰੂਰ ਕਰਾਂਗਾ।

ਸਾਲ 2011 ਵਿੱਚ ਜਦੋਂ ਅੰਮ੍ਰਿਤ ਪ੍ਰਾਈਵੇਟ ਨੌਕਰੀ ਕਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਸਨ, ਪਰ ਉਸ ਦੌਰਾਨ ਉਨ੍ਹਾਂ ਦਾ ਕੁਦਰਤੀ ਖੇਤੀ ਕਰਨ ਦਾ ਕੋਈ ਇਰਾਦਾ ਵੀ ਨਹੀਂ ਸੀ। ਇੱਕ ਅਜਿਹਾ ਸਮਾਂ ਆਇਆ ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਸਿਹਤ ਵਿਗੜਨ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਵਾਈਆਂ ਦਾ ਸੇਵਨ ਕਰਨਾ ਪਿਆ। ਬਹੁਤਾ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਪਿਤਾ ਜੀ ਦੀ ਸਿਹਤ ਵਿੱਚ ਫਰਕ ਪਿਆ, ਤਾਂ ਅੰਮ੍ਰਿਤ ਬਿਮਾਰ ਹੋਣ ਦਾ ਕਾਰਨ ਪੁੱਛਣ ਦੇ ਲਈ ਡਾਕਟਰ ਕੋਲ ਗਏ।

ਅੰਮ੍ਰਿਤ ਵੱਲੋਂ ਸਵਾਲ ਪੁੱਛਣ ਦੇ ਦੌਰਾਨ ਡਾਕਟਰ ਨੇ ਦੱਸਿਆ ਕਿ ਅਸੀਂ ਫਸਲਾਂ ਵਿੱਚ ਜਿਹਨਾਂ ਖਾਦਾਂ ਦਾ ਇਸਤੇਮਾਲ ਕਰਦੇ ਹਨ, ਉਹ ਸਾਡੇ ਸਿਹਤ ਲਈ ਨੁਕਸਾਨਦਾਇਕ ਹਨ।

ਰਸਾਇਣਿਕ ਖਾਦਾਂ ਦੀ ਅਸਲੀਅਤ ਜਾਣ ਕੇ ਅੰਮ੍ਰਿਤ ਦੰਗ ਰਹਿ ਗਿਆ ਕਿ ਅਸੀਂ ਫਸਲਾਂ ਨਹੀਂ ਸਗੋਂ ਜ਼ਹਿਰ ਉਗਾ ਰਹੇ ਹਨ। ਘਰ ਆ ਕੇ ਉਸਨੇ ਪਿਤਾ ਜੀ ਨਾਲ ਸਲਾਹ ਕਰਨ ਤੋਂ ਬਾਅਦ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ।

ਉਸ ਦੌਰਾਨ ਅੰਮ੍ਰਿਤ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਪੂਰਾ ਧਿਆਨ ਖੇਤੀ ਵੱਲ ਹੀ ਲਗਾ ਦਿੱਤਾ। ਬੇਸ਼ੱਕ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਹਰ ਰੋਜ਼ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ ਦੇ ਨਾਲ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਵੀ ਸ਼ੁਰੂ ਕੀਤੀ ਅਤੇ ਕੁਦਰਤੀ ਖੇਤੀ ਕਰਨ ਦੇ ਤਰੀਕਿਆਂ ਬਾਰੇ ਰਿਸਰਚ ਕਰਨ ਲੱਗੇ। ਜਿਵੇਂ-ਜਿਵੇਂ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਪਤਾ ਲੱਗਦਾ ਗਿਆ, ਉਸ ਤਰ੍ਹਾਂ ਹੀ ਉਹ ਉਸਦਾ ਪ੍ਰਯੋਗ ਆਪਣੇ ਖੇਤਾਂ ਵਿੱਚ ਆ ਕੇ ਕਰਦੇ।

ਥੋੜ੍ਹੇ ਸਮੇਂ ਬਾਅਦ ਸਾਲ 2013 ਵਿੱਚ ਵਰਮੀ ਕੰਪੋਸਟ ਦੇ ਬੈੱਡ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ। ਲਗਾਤਾਰ 2 ਸਾਲ ਕੰਮ ਕਰਨ ਤੋਂ ਬਾਅਦ ਵੀ ਅੰਮ੍ਰਿਤ ਨੂੰ ਕੋਈ ਮੁਨਾਫ਼ਾ ਨਹੀਂ ਹੋਇਆ, ਜਿਸ ਦਾ ਮੁੱਖ ਕਾਰਨ ਰਸਾਇਣਿਕ ਤਰੀਕੇ ਨਾਲ ਕੀਤੀ ਖੇਤੀ ਨੇ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਖਤਮ ਹੀ ਕਰ ਦਿੱਤਾ ਸੀ। ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਮੁੜ ਤੋਂ ਸੁਰਜੀਤ ਕਰਨਾ ਅੰਮ੍ਰਿਤ ਲਈ ਬਹੁਤ ਹੀ ਵੱਡੀ ਗੱਲ ਸੀ, ਪਰ ਉਨ੍ਹਾਂ ਨੇ ਹਾਰ ਨਾ ਮੰਨਜ਼ੂਰ ਕੀਤੀ। ਸਾਲ 2016 ਵਿੱਚ ਅੰਮ੍ਰਿਤ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਦੀ ਹੋਂਦ ਨੂੰ ਬਚਾਉਣ ਵਿੱਚ ਸਫਲ ਹੋ ਗਏ।

ਅੰਮ੍ਰਿਤ ਨੇ ਉਹਨਾਂ ਫਸਲਾਂ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨਾਂ ਦਾ ਇਸਤੇਮਾਲ ਰੋਜ਼ਾਨਾ ਘਰ ਵਿੱਚ ਜਿਵੇਂ ਮਿਰਚ, ਮੇਥੇ, ਮਸਾਲੇ ਆਦਿ ਖਾਣਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਜਦੋਂ ਫਸਲ ਪੱਕ ਕੇ ਤਿਆਰ ਹੋਈ, ਤਾਂ ਖੁਦ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕਰਨ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਕੁਦਰਤੀ ਖੇਤੀ ਦੀ ਅਹਿਮੀਅਤ ਬਾਰੇ ਸਮਝਾਉਣ ਲੱਗੇ। ਜਿਸ ਨਾਲ ਤਿਆਰ ਕੀਤੇ ਹੋਏ ਉਤਪਾਦਾਂ ਦੀ ਵਿਕਰੀ ਹੋ ਸਕੇ।

ਜਦੋਂ ਅੰਮ੍ਰਿਤ ਜੀ ਦੇ ਬਣਾਏ ਉਤਪਾਦ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਪ੍ਰਯੋਗ ਕਰਨ ਲੱਗੇ, ਤਾਂ ਉਨ੍ਹਾਂ ਦੀ ਕਮਾਈ ਵਿੱਚ ਹੌਲੀ-ਹੌਲੀ ਵਾਧਾ ਹੋਣ ਲੱਗਿਆ। ਅੰਮ੍ਰਿਤ ਨੂੰ ਇਹ ਦੇਖ ਕੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟ ਵਿੱਚ ਮੰਗ ਵਧਣੀ ਸ਼ੁਰੂ ਹੋਈ।

ਫਿਰ ਅੰਮ੍ਰਿਤ ਨੇ ਆਪਣੇ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ, ਜਿਸ ਦੀ ਸ਼ੁਰੂਆਤ ਸਬਜ਼ੀਆਂ, ਗੰਨੇ, ਬਾਸਮਤੀ ਆਦਿ ਹੋਰਨਾਂ ਫਸਲਾਂ ਨਾਲ ਕੀਤੀ ਜੋ ਜੈਵਿਕ ਤਰੀਕੇ ਨਾਲ ਉਗਾਈਆਂ ਜਾਂਦੀਆਂ ਹਨ। ਅੰਮ੍ਰਿਤ ਨੇ ਇਹ ਸਾਬਿਤ ਕਰ ਦਿੱਤਾ ਕਿ ਖੇਤੀ ਬਿਨਾਂ ਰਸਾਇਣਿਕ ਛਿੜਕਾਅ ਤੋਂ ਵੀ ਕੀਤੀ ਜਾ ਸਕਦੀ ਹੈ।

ਅੱਜ ਉਹ ਸਬਜ਼ੀਆਂ ਦੇ ਬੀਜ, ਪਨੀਰੀ, ਜੈਵਿਕ ਖਾਦ ਅਤੇ ਤਿਆਰ ਕੀਤੇ ਹੋਏ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰ ਰਹੇ ਹਨ।

ਸਨਮਾਨ ਚਿੰਨ੍ਹ

  • 2018 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ।
  • 2019 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਸਕਾਊਟ(Scout) ਦੇ ਤੌਰ ‘ਤੇ ਸਨਮਾਨਿਤ ਕੀਤਾ।
  • ਨਾਭਾ ਫਾਉਂਡੇਸ਼ਨ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਸੰਬੰਧੀ ਟਿਕਾਊ ਖੇਤੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ।
  • 2019 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਵਿੱਚ ਜ਼ਿਲ੍ਹਾ ਪੱਧਰ ਵੱਲੋਂ ਕਰਵਾਏ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
  • 2019-20 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
  • 2021 ਵਿੱਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਪੱਖੀ ਢੰਗਾਂ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਸਨਮਾਨ ਪੱਤਰ ਪ੍ਰਾਪਤ ਕੀਤਾ।

ਅਵਾਰਡ

  • 2020 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਕਿਸਾਨ ਮੇਲੇ ਦੌਰਾਨ ਫਸਲੀ ਵਿਭਿੰਨਤਾ ਵਿਸ਼ੇ ਉੱਤੇ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।

ਭਵਿੱਖ ਦੀ ਯੋਜਨਾ

ਉਹ ਭਵਿੱਖ ਵਿੱਚ ਇੱਕ ਕਿਸਾਨ ਹੱਟ ਖੋਲ ਕੇ ਖੁਦ ਹੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਅਜਿਹੀ ਖੇਤੀ ਕਰਨੀ ਚਾਹੀਦੀ ਹੈ ਜਿਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਬਿਮਾਰੀਆਂ ਨੂੰ ਵੀ ਵਧਣ ਤੋਂ ਰੋਕਿਆ ਜਾ ਸਕੇ। ਇਸ ਲਈ ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।

ਅਮਨਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਸ਼ਹਿਰ ਵਿਖੇ ਸਬਜ਼ੀਆਂ ਦਾ ਇੱਕ ਸਫਲਤਾਪੂਰਵਕ ਆਊਟਲੈੱਟ ਚਲਾਉਣ ਵਾਲਾ ਇਹ ਨੌਜਵਾਨ ਅਗਾਂਹਵਧੂ ਕਿਸਾਨ

ਖੇਤੀਬਾੜੀ ਹਰ ਇੱਕ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜਿਸ ਬਾਰੇ ਹਰ ਕੋਈ ਭਲੀ-ਭਾਂਤੀ ਜਾਣਦਾ ਹੈ। ਜੇਕਰ ਕਿਸਾਨ ਖੇਤੀ ਕਰਨ ਤੋਂ ਹੱਟ ਜਾਣਗੇ ਤਾਂ ਪੂਰੇ ਸੰਸਾਰ ਵਿੱਚ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਅਤੇ ਹਰ ਕੋਈ ਖਾਣ ਨੂੰ ਤਰਸੇਗਾ। ਇਹ ਖੇਤੀਬਾੜੀ ਹੀ ਇੱਕ ਇਨਸਾਨ ਨੂੰ ਸਿਖਰਾਂ ‘ਤੇ ਵੀ ਪਹੁੰਚਾਉਂਦੀ ਹੈ।

ਅਜਿਹੇ ਹੀ ਇੱਕ ਇਨਸਾਨ ਹਨ ਜਿਨ੍ਹਾਂ ਨੇ ਵਲੈਤ ਪੜ੍ਹਨ ਲਈ ਜਾਣਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਜਿਸ ਖੇਤੀ ਨਾਲ ਉਸਦਾ ਪਿਆਰ ਹੈ ਉਹ ਖੇਤੀ ਉਸਨੂੰ ਸਫਲ ਕਿਸਾਨਾਂ ਦੀ ਸੂਚੀ ਵਿੱਚ ਲੈ ਕੇ ਆ ਜਾਵੇਗੀ।

ਪਿੰਡ ਪਤਿਆਲਾ ਜ਼ਿਲ੍ਹਾ ਰੋਪੜ ਦੇ ਨੌਜਵਾਨ ਅਮਨਦੀਪ ਸਿੰਘ ਨੇ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਿਪਲੋਮਾ ਕਰਨ ਲਈ ਕਾਲਜ ਵਿਖੇ ਦਾਖਲਾ ਲੈ ਲਿਆ, ਪੜ੍ਹਾਈ ਵਧੀਆ ਚੱਲ ਰਹੀ ਸੀ ਪਰ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਉਸਨੂੰ ਆਪਣੇ ਵੱਡੇ ਭਰਾ ਨਾਲ ਖੇਤ ਭੇਜ ਦਿੰਦੇ ਸਨ। ਅਮਨਦੀਪ ਦੀ ਉਮਰ ਬੇਸ਼ੱਕ ਛੋਟੀ ਸੀ, ਪਰ ਸਮਝਦਾਰੀ ਇੰਨੀ ਕਿ ਹਰ ਇੱਕ ਗੱਲ ਨੂੰ ਝੱਟ ਸਮਝ ਜਾਂਦਾ ਸੀ।

ਸਾਲ 2011 ਦੀ ਗੱਲ ਹੈ, ਵੱਡੇ ਭਰਾ ਨੇ ਕਿਹਾ ਕਿ ਰਵਾਇਤੀ ਖੇਤੀ ਨਾਲ ਸਬਜ਼ੀਆਂ ਦੀ ਖੇਤੀ ਵੀ ਸ਼ੁਰੂ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਕਿਸਾਨ ਉਸ ਸਮੇਂ ਸਬਜ਼ੀਆਂ ਦੀ ਖੇਤੀ ਬਹੁਤ ਘੱਟ ਕਰਦੇ ਸਨ ਅਤੇ ਹਰ ਕਿਸੇ ਨੇ ਰਵਾਇਤੀ ਖੇਤੀ ਵੱਲ ਹੀ ਜ਼ੋਰ ਦਿੱਤਾ ਸੀ।

ਦੋਨਾਂ ਭਰਾਵਾਂ ਨੇ ਮਿਲ ਕੇ ਸਲਾਹ ਕੀਤੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼ੁਰੂਆਤ ਲਸਣ ਦੀ ਖੇਤੀ ਤੋਂ ਕੀਤੀ ਜਿਸ ਦੌਰਾਨ ਉਨ੍ਹਾਂ ਦੀ ਅੱਧੀ ਫਸਲ ਖਰਾਬ ਹੋ ਗਈ ਕਿਉਂਕਿ ਉਦੋਂ ਖੇਤੀਬਾੜੀ ਦਾ ਇੰਨਾ ਤਜ਼ੁਰਬਾ ਨਹੀਂ ਸੀ ਉਪਰੋਂ ਮੁਸ਼ਕਿਲਾਂ ਤਾਂ ਹਰ ਇੱਕ ਕੰਮ ਵਿੱਚ ਆਉਂਦੀਆਂ ਹੀ ਹਨ।

ਨੁਕਸਾਨ ਨੂੰ ਦੇਖਦੇ ਹੋਏ ਦੋਨੋਂ ਭਰਾ ਖੇਤੀ ਦੇ ਵਿੱਚ ਫਿਰ ਤੋਂ ਜੁੱਟ ਗਏ ਅਤੇ ਲਗਾਤਾਰ ਇੱਕ ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਲਸਣ ਨੂੰ ਮੰਡੀ ਵਿੱਚ ਲੈ ਕੇ ਗਏ ਤਾਂ ਮੁਨਾਫ਼ਾ ਵੀ ਹੋਇਆ ਜਿਸ ਨਾਲ ਖੁਸ਼ ਹੋ ਗਏ, ਪਰ ਇੱਥੇ ਰੁਕਣ ਵਾਲੇ ਕਿੱਥੇ ਸਨ, ਉਨ੍ਹਾਂ ਨੇ ਸੋਚਿਆ ਇੱਕ ਪੋਲੀ ਹਾਊਸ ਲਗਾ ਕੇ ਸ਼ਿਮਲਾ ਮਿਰਚ ਦੀ ਕਾਸ਼ਤ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਖੇਤੀ ਦੇ ਨਾਲ-ਨਾਲ ਅਮਨਦੀਪ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇ ਰਹੇ ਸਨ ਕਿਉਂਕਿ ਪੜ੍ਹਾਈ ਵੀ ਜ਼ਰੂਰੀ ਹੈ। ਜੇਕਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਖੇਤੀ ਵੱਲ ਜਾਵੇਗਾ ਤਾਂ ਉਹ ਖੇਤੀ ਦੀ ਨਵੇਂ ਤਰੀਕਿਆਂ ਨਾਲ ਖੇਤੀ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ।

ਜਦੋਂ ਸ਼ਿਮਲਾ ਮਿਰਚ ਹੋਈ ਤਾਂ ਆਪਣੇ ਅਸਲੀ ਆਕਾਰ ਨਾਲੋਂ ਕਿਤੇ ਜ਼ਿਆਦਾ ਵੱਡੀ ਸੀ ਅਤੇ ਦੇਖਣ ਵਿੱਚ ਬਾਕਮਾਲ ਲੱਗ ਰਹੀ ਸੀ ਜਿਸ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਉਣ ਲੱਗੇ ਅਤੇ ਜਿਸ ਨਾਲ ਉਨ੍ਹਾਂ ਦੀ ਮੰਡੀ ਵਿੱਚ ਜਾਂਦੇ ਹੀ ਸਬਜ਼ੀਆਂ ਦੀ ਵਿਕਰੀ ਹੋ ਜਾਂਦੀ।

ਇਹ ਸਬਜ਼ੀਆਂ ਦੀ ਖਰੀਦ ਦਾ ਸਿਲਸਿਲਾ ਉਨ੍ਹਾਂ ਦਾ ਲਗਾਤਾਰ 2011 ਤੋਂ ਲੈ ਕੇ 2018 ਤੱਕ ਲਗਾਤਾਰ ਚੱਲਦਾ ਰਿਹਾ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜੋ ਕਿ ਬ੍ਰੋਕਲੀ, ਬੀਜ ਰਹਿਤ ਖੀਰਾ, ਤਰਬੂਜ਼ ਪੀਲਾ ਅਤੇ ਲਾਲ ਆਦਿ ਹੋਰ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਅਮਨਦੀਪ ਨੇ ਇਸ ਨੂੰ ਪੱਕੇ ਤੌਰ ‘ਤੇ ਕਰਨ ਬਾਰੇ ਨਹੀਂ ਸੋਚਿਆ ਸੀ ਕਿਉਂਕਿ ਪਰਿਵਾਰ ਵਾਲਿਆਂ ਦੇ ਜ਼ੋਰ ਦੇਣ ਮਗਰੋਂ ਕਿ ਤੂੰ ਖੇਤੀ ਨਹੀਂ ਕਰਨੀ, ਤੈਨੂੰ ਵਲੈਤ ਭੇਜਣਾ ਹੈ, ਜਿਸ ਬਾਬਤ ਅਮਨਦੀਪ ਨੇ ਆਈਲੈਟਸ ਕਰ ਲਈ ਸੀ ਅਤੇ ਪਾਸਪੋਰਟ ਸਭ ਕੁਝ ਬਣ ਕੇ ਤਿਆਰ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਉਨ੍ਹਾਂ ਦਾ ਪਾਸਪੋਰਟ ਵੀਜ਼ਾ ਲੱਗਣ ਲਈ ਗਿਆ ਤਾਂ ਅੱਗੋਂ ਇਮੀਗਰੇਸ਼ਨ ਕੰਸਲਟੈਂਟ ਅਧਿਕਾਰੀ ਦੀ ਗਲਤੀ ਕਰਕੇ ਉਨ੍ਹਾਂ ਨੂੰ 5 ਸਾਲ ਲਈ ਪ੍ਰਤਿਬੰਧ ਲਗਾ ਦਿੱਤਾ ਸੀ ਕਿ ਉਹ ਕੈਨੇਡਾ 5 ਸਾਲ ਲਈ ਜਾ ਨਹੀਂ ਸਕਦੇ ਤੇ ਪਰਿਵਾਰ ਵਾਲਿਆਂ ਨੇ ਕਿਹਾ ਤੂੰ ਕਿਸੇ ਹੋਰ ਦੇਸ਼ ਚਲਾ ਜਾ, ਪਰ ਅਮਨਦੀਪ ਦਾ ਮਨ ਨਹੀਂ ਕਰ ਰਿਹਾ ਸੀ ਕਿਉਂਕਿ ਖੇਤੀਬਾੜੀ ਵਿੱਚ ਉਨ੍ਹਾਂ ਦਾ ਰੁਝਾਨ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਉਹ ਖੇਤੀਬਾੜੀ ਨੂੰ ਪਹਿਲ ਦੇ ਆਧਾਰ ‘ਤੇ ਰੱਖਣਾ ਚਾਹੁੰਦੇ ਸਨ ਤੇ ਜਿਸ ਉੱਤੇ ਵੱਡੇ ਭਰਾ ਨੇ ਕਿਹਾ ਕਿ ਆਪਾਂ ਦੋਨੋਂ ਮਿਲ ਕੇ ਇੱਥੇ ਹੀ ਖੇਤੀ ਅਤੇ ਮਾਰਕੀਟਿੰਗ ਕਰਦੇ ਹਨ।

ਅਮਨਦੀਪ ਵੱਲੋਂ ਹਾਂ ਜਤਾਉਂਦੇ ਹੋਏ ਜਿਵੇਂ ਉਹ ਬ੍ਰੋਕਲੀ ਉਦੋਂ ਨਵੀਂ-ਨਵੀਂ ਆਈ ਸੀ ਤਾਂ ਜਦੋਂ ਉਹ ਮੰਡੀ ਵਿਖੇ ਜਾਂਦੇ ਤਾਂ ਗ੍ਰਾਹਕ ਉਹਨਾਂ ਕੋਲ ਖਰੀਦਣ ਦੇ ਲਈ ਆਉਣ ਲੱਗੇ ਇਸ ਤਰ੍ਹਾਂ ਉਨ੍ਹਾਂ ਦੀ ਹੋਰ ਬਹੁਤ ਸਾਰੀਆਂ ਸਬਜ਼ੀਆਂ ਦੀ ਮੰਗ 2018 ਤੱਕ ਇੰਨੀ ਜ਼ਿਆਦਾ ਵੱਧ ਗਈ ਕਿ ਉਨ੍ਹਾਂ ਨੂੰ ਸਬਜ਼ੀਆਂ ਦੇ ਲਈ ਆਰਡਰ ਆਉਣ ਲੱਗ ਗਏ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਦਾ ਰਾਹ ਖੁੱਲ ਗਿਆ ਅਤੇ ਮੁਨਾਫ਼ਾ ਕਮਾਉਣ ਲੱਗੇ ਜੋ ਕਿ ਦੋਨਾਂ ਭਰਾਵਾਂ ਦੀ ਸਖਤ ਮਿਹਨਤ ਕਰਕੇ ਸੰਭਵ ਹੋਇਆ ਸੀ।

ਸਾਲ 2018 ਵਿੱਚ ਕਾਮਯਾਬ ਹੋਣ ਮਗਰੋਂ ਉਨ੍ਹਾਂ ਨੇ ਰੋਪੜ ਵਿਖੇ ਆਪਣਾ ਸਿਟੀ ਫਰੈਸ਼ ਨਾਮ ਆਊਟਲੈੱਟ ਵੀ ਖੋਲਿਆ ਹੋਇਆ ਹੈ ਜਿਸ ਉੱਤੇ ਹਰ ਕੋਈ ਆ ਕੇ ਸਬਜ਼ੀਆਂ ਦੀ ਖਰੀਦ ਕਰਦਾ ਹੈ ਅਤੇ ਅਮਨਦੀਪ ਮਾਰਕੀਟਿੰਗ ਦਾ ਕੰਮ ਸੰਭਾਲਦੇ ਹਨ ਜਦੋਂ ਕਿ ਵੱਡਾ ਭਰਾ ਸਾਰਾ ਖੇਤੀ ਦਾ ਕੰਮ ਸੰਭਾਲਦੇ ਹਨ। ਉਹ 30 ਤੋ ਵੱਧ ਵੱਖ-ਵੱਖ ਸਬਜੀਆਂ ਹਰ ਸਾਲ ਆਪਣੇ ਫਾਰਮ ‘ਤੇ ਖੇਤਾਂ ਨੂੰ ਛੋਟੇ ਛੋਟੇ ਹਿੱਸਿਆ ਵਿੱਚ ਵੰਡ ਕੇ ਉਗਾਉਂਦੇ ਹਨ।

ਇਸ ਸੰਬੰਧੀ ਉਨ੍ਹਾਂ ਨੂੰ ਅਵਾਰਡ ਲਈ ਨਾਮਜ਼ਦ ਵੀ ਕੀਤਾ ਜਾ ਚੁੱਕਿਆ ਹੈ। ਉਹ ਸੰਸਥਾਵਾ ਜਿਵੇਂ ਕਿ ਆਈ ਆਈ ਟੀ ਰੋਪੜ ਆਦਿ ਹੋਰ ਬਹੁਤ ਪੌਜੈਕਟਾਂ ਨਾਲ ਜੁੜੇ ਹੋਏ ਹਨ। ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ‘ਤੇ ਉਹ ਪਾਮੇਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਮਿਲ ਕੇ ਕਿਸਾਨਾਂ ਅਤੇ ਖੇਤੀਬਾੜੀ ਵਿਦਿਆਰਥੀਆ ਨੂੰ ਸਿਖਲਾਈ ਵੀ ਦੇ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਇੱਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ ਜਿਸ ਵਿੱਚ ਜੇਕਰ ਕੋਈ ਕਿਸਾਨ ਸਬਜ਼ੀਆਂ ਦੀ ਵਿਕਰੀ ਕਰਨ ਮਾਰਕੀਟ ਵਿਖੇ ਜਾਂਦਾ ਹੈ ਤਾਂ ਉਸਨੂੰ ਵਿਕਰੀ ਕਰਨ ਲਈ ਕਿਤੇ ਵੀ ਜਾਣ ਦੀ ਲੋੜ ਨਾ ਪਵੇ ਸਗੋਂ ਉਸਦੇ ਖੇਤਾਂ ਵਿੱਚ ਉਸਦੇ ਸਬਜ਼ੀਆਂ ਦੀ ਖਰੀਦ ਹੋ ਜਾਵੇ।

ਸੰਦੇਸ਼

ਜੇਕਰ ਕੋਈ ਕਿਸਾਨ ਸਬਜ਼ੀਆਂ ਦੀ ਖੇਤੀ ਕਰਦਾ ਹੈ ਤਾਂ ਉਸਨੂੰ ਛੋਟੇ ਪੱਧਰ ‘ਤੇ ਹੀ ਬੇਸ਼ਕ ਖੁਦ ਹੀ ਮਾਰਕੀਟਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਉਸਨੂੰ ਤਜ਼ੁਰਬਾ ਹੋਵੇਗਾ ਅਤੇ ਜਦੋਂ ਕਦੇ ਵੀ ਆਪਣੀ ਆਊਟਲੈੱਟ ਖੋਲ੍ਹੇਗਾ ਤਾਂ ਉਸਨੂੰ ਮੁਨਾਫਾ ਹੀ ਹੋਵੇਗਾ।

ਉਡੀਕਵਾਨ ਸਿੰਘ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਵਿੱਚ ਹੀ ਔਕੜਾਂ ਦਾ ਮੁਕਾਬਲਾ ਕਰਕੇ ਕਾਮਯਾਬੀ ਦੀਆਂ ਪੌੜ੍ਹੀਆਂ ਚੜਨ ਵਾਲਾ ਇਹ 20 ਸਾਲਾਂ ਨੌਜਵਾਨ ਕਿਸਾਨ

ਛੋਟੀ ਉਮਰ ਵੱਡੀਆਂ ਪੁਲਾਂਘਾ ਕਹਾਵਤ ਹਰ ਇੱਕ ਨੇ ਸੁਣੀ ਹੀ ਹੋਣੀ ਹੈ ਪਰ ਕਦੇ ਵੀ ਕਿਸੇ ਨੇ ਉਸ ਕਹਾਵਤ ਉੱਤੇ ਵਿਚਰਨ ਦੀ ਕੋਸ਼ਿਸ਼ ਨਾ ਕੀਤੀ ਕਿ ਇਸ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ ਪਰ ਇਸ ਕਹਾਵਤ ਨੂੰ ਸੱਚ ਕਰਨ ਵਾਲੇ ਹੀਰੇ ਬਹੁਤ ਘੱਟ ਹੁੰਦੇ ਹਨ ਜੋ ਕਿ ਲੱਭਿਆ ਵੀ ਨਹੀਂ ਲੱਭਦੇ।

ਪਰ ਇੱਥੇ ਇਸ ਕਹਾਵਤ ਦੀ ਗੱਲ ਇੱਕ ਨੌਜਵਾਨ ਉੱਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ ਜਿਸ ਨੇ ਇਸ ਕਹਾਵਤ ਨੂੰ ਸਹੀ ਸਾਬਿਤ ਕਰਕੇ ਦਿਖਾਇਆ ਹੈ ਅਤੇ ਲੋਕਾਂ ਲਈ ਇੱਕ ਉਦਹਾਰਣ ਪੇਸ਼ ਕੀਤੀ ਹੈ ਜਿਸ ਨੇ ਠੇਕੇ ‘ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਅਤੇ ਛੋਟੀ ਉਮਰ ਵਿੱਚ ਹੀ ਬੁਲੰਦੀਆਂ ਹਾਸਿਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਹਰ ਇੱਕ ਇਨਸਾਨ ਨੇ ਕੋਈ ਕੰਮ ਕਰਨ ਦਾ ਟੀਚਾ ਮਿਥਿਆ ਹੁੰਦਾ ਹੈ ਅਤੇ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪਰ ਇਸ ਨੌਜਵਾਨ ਦਾ ਟੀਚਾ ਬਚਪਨ ਤੋਂ ਹੀ ਖੇਤੀ ਦੀ ਤਰਫ ਸੀ ਅਤੇ ਪੜ੍ਹਾਈ ਵਿੱਚ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਜਦੋਂ ਵੀ ਇਹ ਨੌਜਵਾਨ ਜਿਸਦਾ ਨਾਮ ਉਡੀਕਵਾਨ ਸਿੰਘ, ਜੋ ਪਿੰਡ ਲਾਲੇਆਣਾ, ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਸਕੂਲ ਜਾਂਦਾ ਸੀ ਤਾਂ ਹਮੇਸ਼ਾ ਇਹ ਸੋਚਦਾ ਕਿ ਘਰ ਜਾ ਕੇ ਕਦੋਂ ਆਪਣੇ ਪਿਤਾ ਨਾਲ ਖੇਤਾਂ ਦਾ ਇੱਕ ਗੇੜਾ ਕੱਢ ਕੇ ਆਇਆ ਜਾਵੇ ਮਤਲਬ ਸਾਰਾ ਧਿਆਨ ਖੇਤਾਂ ਦੇ ਵਿੱਚ ਰਹਿੰਦਾ ਸੀ।

ਖੇਤਾਂ ਵਿੱਚ ਬਹੁਤ ਜ਼ਿਆਦਾ ਰੁਝਾਨ ਹੋਣ ਕਰਕੇ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਜੋ ਕਿ ਮੋਡਰਨ ਕ੍ਰੋਪ ਕੇਅਰ ਕੈਮੀਕਲਜ਼ ਵਿੱਚ ਖੇਤੀ ਸਲਾਹਕਾਰ ਦੇ ਵਜੋਂ ਕੰਮ ਕਰ ਰਹੇ ਹਨ ਹਮੇਸ਼ਾਂ ਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਇੱਕਲੌਤਾ ਬੇਟਾ ਹੋਣ ਕਰਕੇ ਪੜ੍ਹਾਈ ਛੱਡ ਕੇ ਖੇਤਾਂ ਵੱਲ ਹੀ ਜ਼ਿਆਦਾ ਧਿਆਨ ਦੇ ਰਿਹਾ ਹੈ, ਪਰ ਉਹ ਇਸ ਨੂੰ ਮਾੜਾ ਨਹੀਂ ਕਹਿ ਰਹੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ “ਬੱਚਾ ਖੇਤ ਨਾਲ ਤਾਂ ਜੁੜਿਆ ਰਹੇ ਪਰ ਆਪਣੀ ਪੜ੍ਹਾਈ ਨੂੰ ਵਿਚਕਾਰ ਨਾ ਛੱਡੇ।”

ਪਰ ਪਿਤਾ ਜੀ ਨੂੰ ਕੀ ਪਤਾ ਸੀ ਇੱਕ ਦਿਨ ਇਹੀ ਬੇਟਾ ਉਨ੍ਹਾਂ ਦਾ ਨਾਮ ਰੌਸ਼ਨ ਕਰੇਗਾ। ਉਡੀਕ ਨੂੰ ਖੇਤਾਂ ਨਾਲ ਪਿਆਰ ਤਾਂ ਬਚਪਨ ਤੋਂ ਹੈ ਸੀ ਪਰ ਇਸ ਪਿਆਰ ਪਿੱਛੇ ਉਨ੍ਹਾਂ ਦੀ ਵਿਸ਼ਾਲ ਸੋਚ ਜੋ ਹਮੇਸ਼ਾਂ ਹੀ ਸਵਾਲ ਕਰਦੀ ਅਤੇ ਅੱਗੋਂ ਉਹ ਸਵਾਲ ਹੋਰਨਾਂ ਕਿਸਾਨਾਂ ਤੋਂ ਪੁੱਛਦਾ। ਜਦੋਂ ਉਸਦੇ ਪਿਤਾ ਜੀ ਖੁਦ ਖੇਤੀ ਕਰਦੇ ਹੁੰਦੇ ਸਨ ਅਤੇ ਮੰਡੀ ਦੇ ਵਿੱਚ ਫਸਲ ਵੇਚਣ ਦੇ ਲਈ ਜਾਂਦੇ ਸਨ। ਤਾਂ ਉੱਥੇ ਹੋਰ ਵੀ ਕਿਸਾਨ ਆਪਣੀ ਫਸਲ ਵੇਚਣ ਦੇ ਲਈ ਆਏ ਹੁੰਦੇ ਸਨ ਅਤੇ ਉਡੀਕ ਉਨ੍ਹਾਂ ਤੋਂ ਸਵਾਲ ਪੁੱਛਣ ਲੱਗ ਜਾਂਦਾ। ਜੇਕਰ ਇਸ ਫਸਲ ਦੀ ਬਿਜਾਈ ਇਸ ਤਰੀਕੇ ਨਾਲ ਕਰੀਏ ਕਿ ਖਰਚਾ ਵੀ ਘੱਟ ਆਵੇ ਅਤੇ ਮੁਨਾਫ਼ਾ ਵੀ ਹੋਵੇਗਾ। ਜਿਸ ਉੱਤੇ ਕਿਸਾਨ ਹੱਸਣ ਲੱਗ ਜਾਂਦੇ ਸਨ ਜੋ ਕਿ ਸਫਲਤਾ ਦਾ ਕਾਰਨ ਬਣਿਆ।

ਇਸ ਤੋਂ ਬਾਅਦ ਉਡੀਕ ਦੇ ਪਿਤਾ ਮਨਜੀਤ ਹਮੇਸ਼ਾਂ ਕੰਮ ਦੇ ਲਈ ਸਾਰਾ-ਸਾਰਾ ਦਿਨ ਬਾਹਰ ਰਹਿੰਦੇ ਸਨ ਜਿਸ ਕਰਕੇ ਖੇਤਾਂ ਦੀ ਤਰਫ ਧਿਆਨ ਘੱਟਣ ਲੱਗਾ ਪਰ ਇਸ ਨੂੰ ਦੇਖਦੇ ਹੋਏ ਉਡੀਕ ਨੇ ਆਪਣੇ ਪਿਤਾ ਦੇ ਖੇਤੀ ਦੇ ਕੰਮ ਨੂੰ ਪਿੱਛੋਂ ਸੰਭਾਲਣਾ ਤੇ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵਕ਼ਤ ਉਡੀਕ ਨੂੰ ਇੰਝ ਲੱਗਿਆ ਕਿ ਹੁਣ ਸਮਾਂ ਕੁਝ ਕਰਕੇ ਦਿਖਾਉਣ ਦਾ ਆ ਗਿਆ ਹੈ, ਜਿਸ ਦਾ ਉਡੀਕ ਨੂੰ ਕਈ ਚਿਰਾਂ ਤੋਂ ਇੰਤਜ਼ਾਰ ਸੀ।

ਫਿਰ ਜਿਵੇਂ ਰੋਜ਼ਾਨਾ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਉਡੀਕ ਦੀ ਉਮਰ 17 ਸਾਲਾਂ ਦੀ ਸੀ ਜਦੋਂ ਉਸਨੇ ਖੇਤੀ ਨੂੰ ਅਪਣਾ ਲਿਆ ਅਤੇ ਛੋਟੀ ਉਮਰ ਵਿੱਚ ਵੱਡੇ ਕੰਮ ਕਰਨ ਲਈ ਤਿਆਰ ਹੋ ਗਿਆ ਸੀ ਅਤੇ ਨਾਲ-ਨਾਲ ਪਿਤਾ ਦੇ ਬੋਲੇ ਅਨੁਸਾਰ ਪੜ੍ਹਾਈ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇੱਕ ਲ ਪੂਰਾ ਉਡੀਕ ਨੇ ਪ੍ਰੰਪਰਾਗਤ ਖੇਤੀ ਕੀਤੀ ਤੇ ਉਸਨੂੰ ਸਮਝ ਆਇਆ ਕਿ ਨਹੀਂ ਕੁਝ ਹੁਣ ਵੱਖਰਾ ਕੀਤਾ ਜਾਵੇ।

ਇਸ ਸੰਬੰਧੀ ਆਪਣੇ ਪਿਤਾ ਜੀ ਨਾਲ ਵਿਚਾਰ ਕੀਤਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮੂਲ ਪੱਧਰ ‘ਤੇ ਖਾਣ ਵਾਲੀਆਂ ਸਬਜ਼ੀਆਂ ਹੀ ਨ। ਉਸ ਉੱਤੇ ਜੋ ਉਸਦੇ ਮਨ ਵਿੱਚ ਸਵਾਲ ਆਉਂਦੇ ਸੀ ਉਸ ਉੱਤੇ ਕਰਦਾ ਰਿਹਾ ਅਤੇ ਜਦੋਂ ਕਦੇ ਵੀ ਉਡੀਕ ਨੂੰ ਖੇਤੀ ਦੇ ਵਿੱਚ ਸਮੱਸਿਆ ਆਉਂਦੀ ਸੀ ਤਾਂ ਉਸਦੇ ਪਿਤਾ ਹਮੇਸ਼ਾਂ ਉਸਦੀ ਮਦਦ ਕਰਦੇ ਅਤੇ ਖੇਤੀ ਦੇ ਹੋਰ ਬਹੁਤ ਸਾਰੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ। ਉਹ ਹਮੇਸ਼ਾਂ ਆਪਣੇ ਤਰੀਕਿਆਂ ਦਾ ਪ੍ਰਯੋਗ ਖੇਤਾਂ ਦੇ ਵਿੱਚ ਕਰਦਾ ਜਿਸ ਦਾ ਨਤੀਜਾ ਉਸਨੂੰ ਥੋੜੇ ਸਮੇਂ ਬਾਅਦ ਮਿਲਿਆ ਜਦੋਂ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਅਤੇ ਘਿਆ ਕੱਦੂ ਪੂਸਾ ਜੋ18 ਤੋਂ 20 ਕਿੱਲੋ ਦੇ ਕਰੀਬ ਸੀ, ਜੋ ਕਿ ਦੇਖਣ ਵਿੱਚ ਵੀ ਵੱਡਾ ਸੀ ਜਿਸ ਦੀ ਚਰਚਾ ਉਸ ਸਮੇਂ ਬਹੁਤ ਜ਼ਿਆਦਾ ਹੋਈ ਅਤੇ ਬਾਅਦ ਵਿੱਚ ਬੀਜ ਦੇ ਲਈ ਰੱਖੇ ਸਨ, ਇੱਕ ਤਰ੍ਹਾਂ ਉਡੀਕ ਦੇ ਤਰੀਕੇ ਇਸ ਕੰਮ ਉੱਤੇ ਖਰੇ ਉਤਰਦੇ ਆ ਰਹੇ ਸਨ ਜਿਸ ਨੂੰ ਦੇਖ ਪਿਤਾ ਜੀ ਵੀ ਖੁਸ਼ ਹੋਏ।

ਇਸ ਤੋਂ ਬਾਅਦ ਉਡੀਕ ਨੇ ਸੋਚਿਆ ਕਿਉਂ ਨਾ ਖੁਦ ਹੀ ਸਬਜ਼ੀਆਂ ਮੰਡੀ ਜਾ ਕੇ ਹੀ ਵੇਚਾ ਜੋ ਉਸਨੇ ਮੂਲ ਤੌਰ ‘ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ ਜਿਸ ਨੂੰ ਪੱਕਣ ਦੇ ਨਾਲ ਤੋੜ ਕੇ ਸਵੇਰੇ ਮੰਡੀ ਚਲਾ ਜਾਂਦਾ ਪਰ ਜਦੋਂ ਵੀ ਮੰਡੀ ਵਿਖੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਜਾਂਦਾ ਤਾਂ ਉਸਨੂੰ ਬਹੁਤ ਮੁਸ਼ਕਿਲ ਆਈ ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਮਾਰਕੀਟਿੰਗ ਕਰਨੀ ਕਿਵੇਂ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਉਡੀਕ ਸਿਰਫ ਇੱਕ ਬੱਚਾ ਹੀ ਸੀ ਜੋ ਛੋਟੀ ਉਮਰ ਵਿਚ ਹੀ ਖੇਤੀ ਕਰਨ ਲੱਗ ਗਿਆ ਸੀ।

ਬਹੁਤ ਚਿਰ ਤਾਂ ਸਬਜ਼ੀਆਂ ਦੀ ਮਾਰਕੀਟਿੰਗ ਨਾ ਹੋਣ ਕਰਕੇ ਉਡੀਕ ਨਿਰਾਸ਼ ਹੋ ਗਿਆ ਅਤੇ ਸਬਜ਼ੀਆਂ ਨੂੰ ਮੰਡੀ ਵਿਖੇ ਨਾ ਵੇਚਣ ਦਾ ਮਨ ਬਣਾ ਕੇ ਮਾਰਕੀਟਿੰਗ ਬੰਦ ਕਰਨ ਬਾਰੇ ਸੋਚਿਆ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਡਾ. ਅਮਨਦੀਪ ਕੇਸ਼ਵ ਜੀ ਨਾਲ ਹੋਈ ਜੋ ਕਿ ਆਤਮਾ ਵਿੱਚ ਪ੍ਰੋਜੈਕਟ ਡਾਇਰੈਕਟਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ ਜੋ ਕਿ ਕਿਸਾਨਾਂ ਨੂੰ ਖੇਤੀ ਪ੍ਰਤੀ ਬਹੁਤ ਜਾਗਰੂਕ ਅਤੇ ਮਦਦ ਕਰਦੇ ਹਨ, ਤਾਂ ਉਨ੍ਹਾਂ ਨੇ ਉਡੀਕ ਤੋਂ ਪਹਿਲਾ ਸਭ ਕੁਝ ਪੁੱਛਿਆ ਅਤੇ ਖੁਸ਼ ਵੀ ਹੋਏ ਕਿਉਂਕਿ ਕੋਈ ਹੀ ਹੋਵੇਗਾ ਜੋ ਛੋਟੀ ਉਮਰ ਵਿੱਚ ਖੇਤੀ ਪ੍ਰਤੀ ਇਹ ਗੱਲਾਂ ਸੋਚ ਸਕਦਾ ਹੈ।

ਸਾਰੀ ਗੱਲ ਸੁਣ ਕੇ ਡਾਕਟਰ ਅਮਨਦੀਪ ਨੇ ਉਡੀਕ ਨੂੰ ਮਾਰਕੀਟਿੰਗ ਦੇ ਸੰਦਰਭ ਵਿੱਚ ਕੁੱਝ ਤਰੀਕੇ ਦੱਸੇ ਅਤੇ ਖੁਦ ਉਡੀਕ ਦੀ ਸੋਸ਼ਲ ਮੀਡਿਆ ਅਤੇ ਗਰੁੱਪਾਂ ਰਾਹੀਂ ਮਦਦ ਕੀਤੀ ਜਿਸ ਨਾਲ ਉਡੀਕ ਦੀ ਮਾਰਕੀਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਉਡੀਕ ਵੀ ਖੁਸ਼ ਹੋ ਗਿਆ।

ਇਸ ਦੌਰਾਨ ਹੀ ਆਤਮਾ ਕਿਸਾਨ ਭਲਾਈ ਵਿਭਾਗ ਨੇ ਆਤਮਾ ਕਿਸਾਨ ਬਜ਼ਾਰ ਖੋਲਿਆ ਅਤੇ ਇਸ ਦੀ ਖਬਰ ਉਡੀਕ ਨੂੰ ਦਿੱਤੀ ਅਤੇ ਉੱਥੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਲਈ ਕਿਹਾ ਜੋ ਕਿ ਫਰੀਦਕੋਟ ਵਿਖੇ ਹਰ ਵੀਰਵਾਰ ਅਤੇ ਐਤਵਾਰ ਲੱਗਦਾ ਹੈ।

ਫਿਰ ਉਡੀਕ ਹਰ ਵੀਰਵਾਰ ਅਤੇ ਐਤਵਾਰ ਸਬਜ਼ੀਆਂ ਲੈ ਕੇ ਜਾਂਦਾ ਅਤੇ ਉਸਨੂੰ ਮੁਨਾਫ਼ਾ ਹੋਣ ਲੱਗ ਗਿਆ ਅਤੇ ਹਰ ਕੋਈ ਚੰਗੇ ਤਰੀਕੇ ਨਾਲ ਜਾਨਣ ਲੱਗ ਗਿਆ ਅਤੇ ਸਬਜ਼ੀਆਂ ਦੀ ਮੰਡੀ ਵਿੱਚ ਵੀ ਉਡੀਕ ਸਬਜ਼ੀਆਂ ਲੈ ਕੇ ਜਾਣ ਲੱਗਾ ਅਤੇ ਉੱਥੇ ਵੀ ਉਸਦੀ ਸਹੀ ਤਰੀਕੇ ਨਾਲ ਮਾਰਕੀਟਿੰਗ ਹੋਣ ਲੱਗੀ ਅਤੇ 2020 ਤੱਕ ਆਉਂਦੇ-ਆਉਂਦੇ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਿਹਾ ਹੈ ਜਿਸ ਪਿੱਛੇ ਉਸਦੀ ਸਫਲਤਾ ਦਾ ਰਾਜ ਉਸਦੇ ਪਿਤਾ ਮਨਜੀਤ ਸਿੰਘ ਅਤੇ ਆਤਮਾ ਕਿਸਾਨ ਭਲਾਈ ਵਿਭਾਗ ਪ੍ਰੋਜੈਕਟ ਡਾਇਰੈਕਟਰ ਡਾਕਟਰ ਅਮਨਦੀਪ ਕੇਸ਼ਵ ਅਤੇ ਡਾਕਟਰ ਭੁਪੇਸ਼ ਜੋਸ਼ੀ ਜੀ ਹਨ।

ਉਡੀਕ ਸਿੰਘ ਜਿਸਨੇ 20 ਸਾਲ ਦੀ ਉਮਰ ਵਿੱਚ ਇਹ ਸਾਬਿਤ ਕਰਕੇ ਦਿਖਾ ਦਿੱਤਾ ਕਿ ਕਾਮਯਾਬ ਹੋਣ ਲਈ ਉਮਰ ਦੀ ਲੋੜ ਨਹੀਂ ਬਸ ਲਗਨ ਤੇ ਮਿਹਨਤ ਦੀ ਹੁੰਦੀ ਹੈ ਚਾਹੇ ਉਮਰ ਛੋਟੀ ਹੀ ਕਿਉਂ ਨਾ ਹੋਵੇ। ਜਦੋਂ ਕਿ 20 ਸਾਲ ਦੀ ਉਮਰ ਵਿੱਚ ਜਾ ਕੇ ਇਹ ਸੋਚਦੇ ਹਨ ਅੱਗੇ ਕੀ ਕੀਤਾ ਜਾਵੇ।

ਉਡੀਕ ਜੀ ਹੁਣ ਘਰੇਲੂ ਵਰਤੋਂ ਅਤੇ ਖਾਣ ਵਾਲੀਆਂ ਸਬਜ਼ੀਆਂ ਦੇ ਨਾਲ-ਨਾਲ ਅੰਤਰਫਸਲੀ ਵਿਧੀ ਰਾਹੀਂ ਸਬਜ਼ੀਆਂ ਦੀ ਕਾਸ਼ਤ ਮਲਚਿੰਗ ਤਰੀਕੇ ਨਾਲ ਕਰ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੇ ਤਦਾਦ ਵਿੱਚ ਵਾਧਾ ਕਰਕੇ ਅਤੇ ਅੰਤਰਫਸਲੀ ਵਿਧੀ ਅਪਣਾ ਕੇ ਹੋਰ ਨਵੇਂ-ਨਵੇਂ ਤਜ਼ੁਰਬੇ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕੋਈ ਇਨਸਾਨ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਮੂਲ ਪੱਧਰ ‘ਤੇ ਖਾਈਆਂ ਜਾਣ ਵਾਲਿਆਂ ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਉਸਦਾ ਮੰਡੀਕਰਨ ਵੀ ਕਰਨਾ ਚਾਹੀਦਾ ਹੈ ਜਿਸ ਨੇ ਨਾਲ ਖੇਤੀ ਦੇ ਨਾਲ-ਨਾਲ ਆਮਦਨ ਵੀ ਹੋਵੇਗੀ।

ਪਰਦੀਪ ਨੱਤ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਹੀ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਅਪਣਾ ਕੇ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਨੌਜਵਾਨ

ਜ਼ਿੰਦਗੀ ਦਾ ਸਫ਼ਰ ਬਹੁਤ ਹੀ ਲੰਬਾ ਹੈ ਜੋ ਕਿ ਸਾਰੀ ਜ਼ਿੰਦਗੀ ਕੰਮ ਕਰਦਿਆਂ ਹੋਏ ਵੀ ਕਦੇ ਖਤਮ ਨਹੀਂ ਹੁੰਦਾ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਮੁਸਾਫ਼ਿਰ ਜਾਂ ਸਾਥੀ ਅਜਿਹਾ ਹੁੰਦਾ ਹੈ ਜੋ ਉਸ ਨਾਲ ਹਮੇਸ਼ਾਂ ਨਾਲ ਰਹਿੰਦਾ ਹੈ, ਜਿਵੇਂ ਕਿਸੇ ਲਈ ਕਿਸੇ ਦਫਤਰ ਵਿੱਚ ਮਦਦ ਕਰਨ ਵਾਲਾ ਕੋਈ ਕਰਮਚਾਰੀ, ਜਿਵੇਂ ਕਿਸੇ ਪੰਛੀ ਦੀ ਥਕਾਵਟ ਦੂਰ ਕਰਨ ਵਾਲੀ ਬੂਟੇ ਦੀ ਟਾਹਣੀ, ਇਸ ਤਰ੍ਹਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।

ਜਿਨ੍ਹਾਂ ਦੀ ਅੱਜ ਇਸ ਸਟੋਰੀ ਵਿੱਚ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਇਸ ਕਥਨ ਨਾਲ ਮਿਲਦੀ-ਜੁਲਦੀ ਹੈ, ਕਿਉਂਕਿ ਜੇਕਰ ਇੱਕ ਸਾਥ ਦੇਣ ਵਾਲਾ ਇਨਸਾਨ ਜੋ ਤੁਹਾਡੇ ਚੰਗੇ ਜਾਂ ਮਾੜੇ ਸਮੇਂ ਵਿੱਚ ਤੁਹਾਡਾ ਹਮੇਸ਼ਾਂ ਸਾਇਆ ਬਣ ਕੇ ਨਾਲ ਰਹਿੰਦਾ ਸੀ, ਤਾਂ ਜੇਕਰ ਉਹ ਇੱਕੋਂ ਦਮ ਤੁਹਾਡੇ ਤੋਂ ਅਲਗਹੋ ਜਾਵੇ ਤਾਂ ਹਰ ਇੱਕ ਕੰਮ ਜੋ ਪਹਿਲਾ ਆਸਾਨ ਲੱਗਦਾ ਸੀ ਉਹ ਬਾਅਦ ‘ਚ ਇਕੱਲਿਆਂ ਕਰਨਾ ਔਖਾ ਹੋ ਜਾਂਦਾ ਹੈ, ਦੂਸਰਾ ਤੁਹਾਨੂੰ ਉਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਪਰਦੀਪ ਨੱਤ, ਜੋ ਪਿੰਡ ਨੱਤ ਦਾ ਰਹਿਣ ਵਾਲਾ ਹੈ, ਜਿਸ ਨੇ ਛੋਟੀ ਉਮਰ ਵਿੱਚ ਇਕੱਲਿਆਂ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਉੱਤੇ ਜਿੱਤ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਬਠਿੰਡੇ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਅਤੇ ਖੁਦ ਹੀ ਮਾਰਕੀਟਿੰਗ ਕਰਕੇ ਨਾਮ ਚਮਕਾਇਆ ਹੈ।

ਸਾਲ 2018 ਦੀ ਗੱਲ ਹੈ ਜਦੋਂ ਪਰਦੀਪ ਆਪਣੇ ਪਿਤਾ ਜੀ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀ ਦੇ ਵਿੱਚ ਹੱਥ ਵਟਾਉਣ ਲੱਗ ਪਿਆ ਤੇ ਉਸਦਾ ਸ਼ੁਰੂ ਤੋਂ ਇਹ ਹੀ ਸੀ ਕਿ ਕਿਸੇ ਕੰਪਨੀ ਵਿੱਚ ਕਿਸੇ ਹੇਠਾਂ ਕੰਮ ਕਰਨ ਦੀ ਬਜਾਏ ਖੁਦ ਦਾ ਕੰਮ ਕਰਨਾ ਹੈ, ਇਸ ਲਈ ਖੇਤੀ ਨੂੰ ਉਸਨੇ ਆਪਣਾ ਕਿੱਤਾ ਬਣਾਉਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਆਪਣੇ ਪਿਤਾ ਜੀ ਦੇ ਦੱਸੇ ਅਨੁਸਾਰ ਖੇਤੀ ਦੇ ਰੁਝੇਵਿਆਂ ਵਿੱਚ ਅਜਿਹਾ ਰੁੱਝ ਗਿਆ ਕਿ ਉਸਨੂੰ ਖੇਤਾਂ ਨਾਲ ਇੰਨਾ ਪਿਆਰ ਹੋ ਗਿਆ ਅਤੇ ਲੋਕ ਉਸਨੂੰ ਖੇਤਾਂ ਦਾ ਪੁੱਤ ਕਹਿਣ ਲੱਗ ਗਏ।

ਜਦੋਂ ਪਰਦੀਪ ਨੂੰ ਖੇਤੀ ਦੇ ਬਾਰੇ ਜਾਣਕਾਰੀ ਹੋ ਲੱਗੀ ਕਿ ਫਸਲ ਅਤੇ ਖਾਦ ਦੀ ਮਾਤਰਾ ਬਾਰੇ ਉਦੋਂ ਅਚਾਨਕ 2018 ਵਿੱਚ ਪਰਦੀਪ ਦੇ ਸਿਰ ਉੱਤੋਂ ਮਦਦ ਕਰਨ ਵਾਲਾ ਹੱਥ ਉੱਠ ਗਿਆ ਜੋ ਕਿ ਹਰ ਦੁੱਖ-ਸੁੱਖ ਵਿੱਚ ਉਸ ਦਾ ਸਾਇਆ ਬਣ ਕੇ ਹਮੇਸ਼ਾਂ ਨਾਲ ਰਹਿੰਦਾ ਸੀ। ਜਿਸ ਦਾ ਦੁੱਖ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੋਇਆ ਕਿਉਂਕਿ ਪੂਰੇ ਘਰ ਦੀ ਜਿੰਮੇਵਾਰੀ ਸੰਭਾਲਣ ਵਾਲੇ ਉਸ ਦੇ ਪਿਤਾ ਜੀ ਹੀ ਸਨ। ਜੋ ਕਿ ਹੁਣ ਸਾਰੀ ਜਿੰਮੇਵਾਰੀ ਪਰਦੀਪ ਦੇ ਸਿਰ ਉੱਤੇ ਆ ਗਈ ਸੀ ਅਤੇ ਉੱਤੋਂ ਪਰਦੀਪ ਦੀ ਉਮਰ ਵੀ ਛੋਟੀ ਸੀ। ਪਰ ਪਰਦੀਪ ਨੇ ਹੌਂਸਲਾ ਰੱਖਿਆ ਅਤੇ ਖੇਤੀ ਦੇ ਤਰੀਕਿਆਂ ਨੂੰ ਬਦਲਣ ਬਾਰੇ ਸੋਚਿਆ ਜਿਸ ਬਾਰੇ ਉਸਨੇ ਸੁਣਿਆ ਹੋਇਆ ਸੀ ਕਿ ਆਰਗੈਨਿਕ ਤਰੀਕੇ ਨਾਲ ਵੀ ਖੇਤੀ ਕੀਤੀ ਜਾ ਸਕਦੀ ਹੈ।

ਫਿਰ ਕੀ 2018 ਵਿੱਚ ਹੀ ਦੇਰੀ ਨਾ ਕਰਦੇ ਹੋਏ ਇੱਕ ਏਕੜ ਵਿੱਚ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਉੱਤੇ ਬਹੁਤ ਸਾਰੇ ਲੋਕਾਂ ਨੇ ਉਸਨੂੰ ਕਿਹਾ ਕਿ ਤੂੰ ਇਹ ਕੀ ਕਰ ਲਿਆ, ਤਾਂ ਉਸਨੇ ਕਿਸੇ ਦੀ ਨਾ ਮੰਨ ਕੇ ਆਪਣੀ ਹੀ ਕੀਤੀ, ਉਸਦਾ ਸੋਚਣਾ ਸੀ ਕਿ ਹੁਣ ਤੱਕ ਦਾ ਰਸਾਇਣਿਕ ਖਾਂਦੇ ਆਏ ਹਾਂ ਤੇ ਪਤਾ ਨਹੀਂ ਕਿੰਨੀਆਂ ਹੀ ਬਿਮਾਰੀਆਂ ਨੂੰ ਘਰ ਲਿਆਈ ਬੈਠੇ ਹਾਂ, ਇਸ ਨਾਲੋਂ ਸ਼ੁੱਧ ਤੇ ਆਰਗੈਨਿਕ ਖਾਈਏ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਆਰਗੈਨਿਕ ਤਰੀਕੇ ਨਾਲ ਤਾਂ ਖੇਤੀ 2018 ਦੇ ਫਰਵਰੀ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਆਰਗੈਨਿਕ ਬਾਰੇ ਪੂਰੀ ਜਾਣਕਾਰੀ ਹੋ ਗਈ ਤਾਂ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਕੁੱਝ ਹੋਰ ਵੱਖਰਾ ਕੀਤਾ ਜਾਵੇ ਅਤੇ ਸਿੱਧਾ ਖਿਆਲ ਉਸਦਾ ਰਵਾਇਤੀ ਖੇਤੀ ਤੋਂ ਹੱਟ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਵਿਚਾਰ ਆਇਆ। ਫਿਰ ਸਤੰਬਰ ਮਹੀਨੇ ਦੇ ਚੜ੍ਹਦੇ ਸਾਰ ਹੀ ਉਸਨੇ ਥੋੜੀ ਮਾਤਰਾ ਵਿੱਚ ਭਿੰਡੀ, ਮਿਰਚ, ਸ਼ਿਮਲਾ ਮਿਰਚ, ਗੋਭੀ ਆਦਿ ਦੀ ਸਬਜੀਆਂ ਲਗਾ ਦਿੱਤੀਆਂ ਅਤੇ ਆਰਗੈਨਿਕ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਲੱਗਾ ਅਤੇ ਜਦੋਂ ਸਮੇਂ ਦੇ ਅਨੁਸਾਰ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਸਭ ਤੋਂ ਪਹਿਲਾ ਪਰਦੀਪ ਨੇ ਘਰ ਲੈ ਕੇ ਸਬਜ਼ੀ ਬਣਾ ਕੇ ਦੇਖੀ ਤੇ ਜਦੋ ਖਾਈ ਤਾਂ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਭਿੰਨ ਸੀ ਕਿਉਂਕਿ ਆਰਗੈਨਿਕ ਤੇ ਰਸਾਇਣਿਕ ਤਰੀਕੇ ਨਾਲ ਉਗਾਈ ਗਈ ਫਸਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।

ਇਸ ਤੋਂ ਬਾਅਦ ਪਰਦੀਪ ਨੇ ਸੋਚਿਆ ਕਿ ਚੱਲੋ ਸਬਜ਼ੀਆਂ ਨੂੰ ਵੇਚ ਕੇ ਆਉਂਦੇ ਹਾਂ ਪਰ ਮਨ ਵਿੱਚ ਖਿਆਲ ਆਇਆ ਕਿ ਲੋਕ ਰਸਾਇਣਿਕ ਦੇਖ ਕੇ ਜੈਵਿਕ ਸਬਜ਼ੀ ਨੂੰ ਕਿਵੇਂ ਖ੍ਰੀਦਣਗੇ। ਫਿਰ ਪਰਦੀਪ ਨੇ ਖੁਦ ਮਾਰਕੀਟਿੰਗ ਕਰਨ ਦੀ ਯੋਜਨਾ ਬਣਾਈ ਅਤੇ ਖੁਦ ਪਿੰਡ-ਪਿੰਡ ਜਾ ਕੇ ਸਬਜ਼ੀਆਂ ਵੇਚਣ ਲੱਗਾ ਅਤੇ ਲੋਕਾਂ ਨੂੰ ਜੈਵਿਕ ਫਾਇਦੇ ਬਾਰੇ ਦੱਸਣ ਲੱਗਾ ਜਿਸ ਨਾਲ ਲੋਕਾਂ ਨੂੰ ਉਸ ਤੇ ਵਿਸ਼ਵਾਸ ਹੋਣ ਲੱਗ ਗਿਆ।

ਫਿਰ ਕੀ ਰੋਜ਼ ਪਰਦੀਪ ਨੇ ਭਲਕੇ ਜਾ ਕੇ ਸਬਜ਼ੀ ਤੋੜਨੀ ਅਤੇ ਆਪਣੀ ਮੋਟਰਸਾਈਕਲ ਨਾਲ ਬਣਾਈ ਰੇੜ੍ਹੀ ਵਿੱਚ ਰੱਖ ਕੇ ਸਬਜ਼ੀਆਂ ਵੇਚਣ ਜਾਂਦਾ ਅਤੇ ਸ਼ਾਮ ਨੂੰ ਘਰ ਵਾਪਿਸ ਆ ਜਾਂਦਾ। ਪਰ ਇਹ ਕਿੰਨਾ ਸਮਾਂ ਇਸ ਤਰ੍ਹਾਂ ਚੱਲਣਾ ਸੀ ਤੇ ਇਸ ਵਾਰ ਆਪਣੇ ਨਾਲ ਨਰਸਰੀ ਦੇ ਕਾਰਡ ਛਪਵਾ ਕੇ ਲੈ ਗਿਆ ਅਤੇ ਸਬਜ਼ੀ ਦੇ ਨਾਲ ਨਾਲ ਉਹ ਵੀ ਦੇਣ ਲੱਗਾ।

ਫਿਰ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਬਠਿੰਡੇ ਸ਼ਹਿਰ ਵਿੱਚ ਜਾ ਕੇ ਸਬਜ਼ੀਆਂ ਦੀ ਵੇਚ ਕੀਤੀ ਜਾਵੇ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ ਅਤੇ ਸ਼ਹਿਰ ਵਿੱਚ ਉਸਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਨਾਲ ਪ੍ਰਦੀਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਤੇ ਖੁਸ਼ੀ ਦੇ ਨਾਲ-ਨਾਲ ਮੁਨਾਫ਼ਾ ਵੀ ਹੋਣ ਲੱਗਾ।

ਇਸ ਤਰ੍ਹਾਂ ਪੂਰਾ 1 ਸਾਲ ਚੱਲਦਾ ਰਿਹਾ ਅਤੇ 2020 ਆਉਂਦਿਆਂ ਪਰਦੀਪ ਨੂੰ ਇਸ ਕੰਮ ਵਿੱਚ ਪੂਰੀ ਤਰ੍ਹਾਂ ਸਫਲਤਾ ਹਾਸਿਲ ਹੋਈ। ਜੋ ਪਰਦੀਪ ਨੇ 1 ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਉਸਨੂੰ ਹੌਲੀ-ਹੌਲੀ 5 ਏਕੜ ਦੇ ਵਿੱਚ ਫ਼ੈਲਾ ਰਹੇ ਹਨ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤਾਂ ਵਾਧਾ ਕੀਤਾ ਹੀ ਹੈ ਉਸਦੇ ਨਾਲ ਹੀ ਨਰਮੇ ਦੀ ਕਾਸ਼ਤ ਵੀ ਆਰਗੈਨਿਕ ਤਰੀਕੇ ਨਾਲ ਕਰਨੀ ਸ਼ੁਰੂ ਕੀਤੀ ਹੈ।

ਅੱਜ ਪਰਦੀਪ ਨੂੰ ਘਰ ਬੈਠੇ ਸਬਜ਼ੀ ਖਰੀਦਣ ਲਈ ਫੋਨ ਆਉਂਦਾ ਹੈ ਤੇ ਪਰਦੀਪ ਆਪਣੀ ਰੇੜ੍ਹੀ ਉੱਤੇ ਸਬਜ਼ੀ ਰੱਖ ਕੇ ਵੇਚਣ ਚਲੇ ਜਾਂਦੇ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਸਬਜ਼ੀ ਲਈ ਫੋਨ ਬਠਿੰਡੇ ਸ਼ਹਿਰ ਤੋਂ ਆਉਂਦੇ ਹਨ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਪਰਦੀਪ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਹਨ, ਹਰ ਇੱਕ ਨੂੰ ਚਾਹੀਦਾ ਹੈ ਮੁਸ਼ਕਿਲਾਂ ਨੂੰ ਦੇਖ ਕਦੇ ਵੀ ਭੱਜਣਾ ਨਹੀਂ ਚਾਹੀਦਾ, ਸਗੋਂ ਉਹਨਾਂ ਮੁਸ਼ਕਿਲਾਂ ਦਾ ਹੱਸ ਕੇ ਮੁਕ਼ਾਬਲਾ ਕਰਨਾ ਚਾਹੀਦਾ ਹੈ, ਜਿਸ ਵਿੱਚ ਉਮਰ ਕਦੇ ਵੀ ਕੋਈ ਮਾਇਨੇ ਨਹੀਂ ਰੱਖਦਾ, ਜਿਸਨੇ ਮੰਜਿਲਾਂ ਹਾਸਿਲ ਕਰਨੀਆਂ ਉਸਨੇ ਛੋਟੀ ਉਮਰੇ ਹੀ ਕਰ ਲੈਣੀਆਂ ਹਨ।

ਭਵਿੱਖ ਦੀ ਯੋਜਨਾ

ਉਹ ਹੌਲ਼ੀ ਹੌਲੀ ਆਪਣੀ ਜਿੰਨੀ ਵੀ ਜਮੀਨ ਹੈ ਉਸਨੂੰ ਪੁਰੀ ਤਰ੍ਹਾਂ ਆਰਗੈਨਿਕ ਵਿੱਚ ਬਦਲਣਾ ਚਾਹੁੰਦੇ ਹਨ ਅਤੇ ਖੇਤੀ ਦੀ ਜੀਵਨ ਸ਼ੈਲੀ ਜੋ ਰਸਾਇਣਿਕ ਖਾਦਾਂ ਨੇ ਬਰਬਾਦ ਕੀਤੀ ਹੈ ਉਸਨੂੰ ਜੈਵਿਕ ਖਾਦਾਂ ਰਾਹੀਂ ਦੁਬਾਰਾ ਤਾਕਤਵਾਰ ਬਣਾਉਣਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਕੋਈ ਵੀ ਹੈ ਚਾਹੇ ਛੋਟਾ ਹੈ ਚਾਹੇ ਵੱਡਾ, ਹਮੇਸ਼ਾਂ ਪਹਿਲ ਜੈਵਿਕ ਖੇਤੀ ਨੂੰ ਹੀ ਦੇਣ, ਕਿਉਂਕਿ ਆਪਣੀ ਸਿਹਤ ਨਾਲੋਂ ਹੋਰ ਕੁਝ ਵੀ ਪਿਆਰਾ ਨਹੀਂ ਹੈ ਅਤੇ ਮੁਨਾਫੇ ਬਾਰੇ ਨਾ ਸੋਚ ਕੇ ਆਪਣੇ ਅਤੇ ਦੂਜਿਆਂ ਬਾਰੇ ਹੀ ਸੋਚ ਕੇ ਹੀ ਸ਼ੁਰੂ ਕਰੇ, ਆਪ ਵੀ ਸ਼ੁੱਧ ਖਾਓ ਅਤੇ ਦੂਸਰਿਆਂ ਨੂੰ ਖਵਾਓ।

ਰਾਜਵਿੰਦਰ ਸਿੰਘ ਖੋਸਾ

ਪੂਰੀ ਕਹਾਣੀ ਪੜ੍ਹੋ

ਅਪਾਹਿਜ ਹੋਣ ਦੇ ਬਾਵਜੂਦ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਕਿਸਾਨ

ਨਵੇਂ ਰਸਤੇ ਉੱਤੇ ਚੱਲਦਿਆਂ ਰੁਕਾਵਟਾਂ ਤਾਂ ਆਉਂਦੀਆਂ ਹਨ ਪਰ ਉਹਨਾਂ ਦਾ ਹੱਲ ਵੀ ਜ਼ਰੂਰ ਹੁੰਦਾ ਹੈ।

ਅੱਜ ਜਿਸ ਕਿਸਾਨ ਦੀ ਕਹਾਣੀ ਤੁਸੀਂ ਪੜ੍ਹੋਗੇ ਉਹ ਸਰੀਰਿਕ ਪੱਖੋਂ ਅਪਾਹਿਜ ਜ਼ਰੂਰ ਹੈ, ਪਰ ਹੋਂਸਲਾ ਤੇ ਜਜ਼ਬਾ ਇੰਨਾ ਹੈ ਕਿ ਦੁਨੀਆਂ ਜਿੱਤਣ ਦਾ ਦਮ ਰੱਖਦਾ ਹੈ।

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਦਾ ਹਿੰਮਤੀ ਕਿਸਾਨ ਰਾਜਵਿੰਦਰ ਸਿੰਘ ਖੋਸਾ ਜਿਸਨੇ ਬਾਰਵੀਂ, ਕੰਪਿਊਟਰ, ਬੀ ਏ ਅਤੇ ਸਰਕਾਰੀ ਆਈ ਟੀ ਆਈ ਫਰੀਦਕੋਟ ਤੋਂ ਸ਼ਾਟਹੈਂਡ-ਸਟੈਨੋ ਪੰਜਾਬੀ ਟਾਇਪਿੰਗ ਦਾ ਕੋਰਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਕੀਤੀ ਪਰ ਕੀਤੇ ਵੀ ਨੌਕਰੀ ਨਾ ਮਿਲ ਸਕੀ ਅਤੇ ਥੱਕ-ਹਾਰ ਕੇ ਅਖੀਰ ਉਹ ਆਪਣੇ ਪਿੰਡ ਵਿੱਚ ਹੀ ਕਣਕ-ਝੋਨੇ ਦੀ ਹੀ ਖੇਤੀ ਕਰਨ ਲੱਗਾ।

ਇਹ ਗੱਲ ਸਾਲ 2019 ਦੀ ਹੈ ਜਦੋਂ ਰਾਜਵਿੰਦਰ ਸਿੰਘ ਖੋਸਾ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਇਸ ਦੇ ਨਾਲ-ਨਾਲ ਆਪਣੇ ਘਰ ਖਾਣ ਲਈ ਹੀ ਸਬਜ਼ੀਆਂ ਦੀ ਹੀ ਕਾਸ਼ਤ ਕਰਦੇ ਸਨ ਜਿਸ ਵਿੱਚ ਉਹ ਸਿਰਫ ਬਹੁਤ ਘੱਟ ਮਾਤਰਾ ਦੇ ਵਿੱਚ ਹੀ ਥੋੜੀ ਬਹੁਤ ਹੀ ਗਿਣੀਆਂ-ਚੁਣੀਆਂ ਸਬਜ਼ੀਆਂ ਹੀ ਲਗਾਉਂਦੇ ਅਤੇ ਬਹੁਤ ਵਾਰ ਜਿਵੇਂ ਪਿੰਡ ਵਾਲੇ ਆ ਕੇ ਲੈ ਜਾਂਦੇ ਸਨ ਪਰ ਉਨ੍ਹਾਂ ਨੇ ਕਦੇ ਸਬਜ਼ੀਆਂ ਦੇ ਪੈਸੇ ਤੱਕ ਨਹੀਂ ਲਏ ਸੀ।

ਬਹੁਤ ਸਮਾਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਰਹੇ, ਪਰ ਥੋੜੀ ਮਾਤਰਾ ਦੇ ਵਿੱਚ, ਪਰ 2019 ਵਿੱਚ ਕੋਵਿਡ ਕਰਕੇ ਲੱਗੇ ਲੌਕਡਾਊਨ ਕਾਰਨ ਦੁਨੀਆਂ ਨੂੰ ਸਰਕਾਰ ਦੇ ਹੁਕਮ ਅਨੁਸਾਰ ਆਪਣੇ ਘਰਾਂ ਵਿੱਚ ਕੈਦ ਹੋਣਾ ਪਿਆ ਅਤੇ ਖਾਣ-ਪੀਣ ਦੀ ਸਮੱਸਿਆ ਆ ਗਈ ਸੀ ਕਿ ਖਾਣਾ ਜਾਂ ਸਬਜ਼ੀ ਕਿੱਥੋਂ ਲੈ ਕੇ ਆਈਏ, ਤਾਂ ਇਸ ਨੂੰ ਦੇਖਦੇ ਹੋਏ ਜਦੋਂ ਰਾਜਵਿੰਦਰ ਖੋਸਾ ਜੀ ਘਰ ਆਏ ਉਹ ਸੋਚ ਰਹੇ ਸਨ ਕਿ ਜੇਕਰ ਸਾਰੀ ਦੁਨੀਆਂ ਇਸ ਤਰ੍ਹਾਂ ਹੀ ਘਰ ਵਿੱਚ ਬੈਠ ਗਈ ਤਾਂ ਉਹ ਖਾਣ-ਪੀਣ ਦਾ ਪ੍ਰਬੰਧ ਕਿਵੇਂ ਕਰਨਗੇ ਤੇ ਇਸ ਵਿੱਚ ਜ਼ਰੂਰੀ ਸੀ ਸਰੀਰ ਦੀ ਇਮੁਨਿਟੀ ਨੂੰ ਮਜ਼ਬੂਤ ਬਣਾਉਣਾ ਤੇ ਉਹ ਉਦੋਂ ਹੀ ਮਜ਼ਬੂਤ ਹੋ ਸਕਦੀ ਸੀ ਜਦੋਂ ਖਾਣਾ-ਪੀਣਾ ਸਹੀ ਹੋਵੇ ਅਤੇ ਇਸ ਵਿੱਚ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਵਿੰਦਰ ਨੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬਜ਼ੀਆਂ ਦੇ ਕੰਮ ਨੂੰ ਵਧਾਉਣ ਬਾਰੇ ਸੋਚਿਆ। ਹੌਲੀ-ਹੌਲੀ ਕਰਦੇ ਰਾਜਵਿੰਦਰ ਨੇ 12 ਮਰਲਿਆਂ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਜਿਵੇਂ ਭਿੰਡੀ, ਤੋਰੀ, ਕੱਦੂ, ਚੱਪਣ ਕੱਦੂ ਆਦਿ ਦੀਆਂ ਸਬਜ਼ੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਸਬਜ਼ੀਆਂ ਅਗੇਤੀ ਲਗਾ ਅਤੇ ਥੋੜੇ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਉੱਥੋਂ ਸ਼ੁਰੂ ਕੀਤਾ।

ਜਦੋਂ ਸਮੇਂ ‘ਤੇ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਸ ਨੂੰ ਮੰਡੀ ਵਿੱਚ ਵੇਚ ਕੇ ਆਇਆ ਜਾਵੇ ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਕਿਉਂ ਨਾ ਇਸ ਦਾ ਮੰਡੀਕਰਨ ਮੈਂ ਖੁਦ ਹੀ ਕਰਾਂ, ਜੋ ਪੈਸੇ ਆੜ੍ਹਤੀਏ ਕਮਾ ਰਹੇ ਹਨ ਉਹ ਪੈਸਾ ਖੁਦ ਹੀ ਕਮਾ ਲਿਆ ਜਾਵੇ।

ਫਿਰ ਰਾਜਵਿੰਦਰ ਨੇ ਆਪਣੀ ਮਾਰੂਤੀ ਕਾਰ ਨੂੰ ਸਬਜ਼ੀਆਂ ਦੇ ਲੇਖੇ ਲਗਾ ਦਿੱਤਾ। ਸਬਜ਼ੀਆਂ ਕਾਰ ਵਿੱਚ ਰੱਖ ਕੇ ਫਰੀਦਕੋਟ ਸ਼ਹਿਰ ਦੇ ਨੇੜਲੇ ਲੱਗਦੀਆਂ ਨਹਿਰਾਂ ਕੋਲ ਸਵੇਰੇ ਜਾ ਕੇ ਸਬਜ਼ੀ ਵੇਚਣ ਲੱਗੇ, ਪਰ ਇੱਕ-ਦੋ ਦਿਨ ਉੱਥੇ ਬਹੁਤ ਘੱਟ ਲੋਕ ਸਬਜ਼ੀ ਖਰੀਦਣ ਦੇ ਲਈ ਆਏ ਅਤੇ ਵਾਪਿਸ ਘਰ ਨਿਰਾਸ਼ ਹੋ ਕੇ ਆ ਗਏ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚਿਆ ਕੋਈ ਨਹੀਂ ਕੱਲ ਕਿਤੇ ਕਿਸੇ ਹੋਰ ਜਗ੍ਹਾਂ ‘ਤੇ ਲਗਾ ਕੇ ਦੇਖੀ ਜਾਵੇਗੀ, ਜਿੱਥੇ ਥੋੜੀ ਭੀੜ ਜਿਹੀ ਹੋਵੇ ਅਤੇ ਲੋਕਾਂ ਦਾ ਆਉਣਾ-ਜਾਣਾ ਵੀ ਹੋਵੇ। ਜਿਵੇਂ ਹੀ ਰਾਜਵਿੰਦਰ ਕਾਰ ਵਿੱਚ ਬੈਠ ਕੇ ਜਾਣ ਲੱਗਾ ਤਾਂ ਪਿੱਛੋਂ ਜਸਪਾਲ ਸਿੰਘ ਨਾਮ ਦੇ ਵੀਰ ਨੇ ਆਵਾਜ਼ ਮਾਰੀ, ਕਹਿੰਦੇ ਭਰਾ ਸਵੇਰੇ-ਸਵੇਰੇ ਸ਼ਹਿਰ ਦੇ ਲੋਕ ਡੇਅਰੀ ਤੋਂ ਦੁੱਧ ਅਤੇ ਦਹੀਂ ਲੈਣ ਲਈ ਆਉਂਦੇ ਹਨ ਕੀ ਪਤਾ ਸਬਜ਼ੀ ਵਾਲੀ ਕਾਰ ਵੇਖ ਤੇਰੀ ਸਬਜ਼ੀ ਹੀ ਖਰੀਦ ਲੈਣ, ਤੂੰ ਸਵੇਰ ਵੇਲੇ ਸਬਜ਼ੀ ਵੇਚ ਕੇ ਦੇਖ।

ਰਾਜਵਿੰਦਰ ਸਿੰਘ ਨੇ ਉਸਦੀ ਗੱਲ ਮੰਨਦਿਆਂ ਫਿਰ ਡੀਸੀ ਰਿਹਾਇਸ਼ ਦੇ ਕੋਲ ਡੇਅਰੀ ਦੇ ਸਾਹਮਣੇ ਸਵੇਰੇ 6 ਵਜੇ ਜਾ ਕੇ ਸਬਜ਼ੀਆਂ ਨੂੰ ਵੇਚਣ ਲੱਗਾ, ਜਿਸ ਨਾਲ ਪਹਿਲੇ ਦਿਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਤੋਂ ਸਬਜ਼ੀ ਖਰੀਦੀ। ਰਾਜਵਿੰਦਰ ਸਿੰਘ ਖੋਸਾ ਨੂੰ ਥੋੜੀ ਖੁਸ਼ੀ ਵੀ ਹੋਈ, ਇਹ ਦੇਖ ਕੇ ਅੰਦਰ ਇੱਕ ਉਮੀਦ ਦੀ ਰੋਸ਼ਨੀ ਜਾਗ ਪਈ ਅਤੇ ਅਗਲੇ ਦਿਨ ਸਵੇਰੇ 6 ਵਜੇ ਜਾ ਕੇ ਫਿਰ ਖੜ ਗਿਆ ਅਤੇ ਕੱਲ ਨਾਲੋਂ ਅੱਜ ਸਬਜ਼ੀ ਦੀ ਬਹੁਤ ਖਰੀਦ ਹੋਈ ਇਹ ਦੇਖ ਕੇ ਬਹੁਤ ਖੁਸ਼ ਹੋਏ।

ਰਾਜਵਿੰਦਰ ਨੇ ਸਵੇਰ 6 ਵਜੇ ਤੋਂ ਸਵੇਰ ਦੇ 9 ਵਜੇ ਦੇ ਵਿਚਕਾਰ ਦਾ ਸਮਾਂ ਰੱਖ ਲਿਆ ਅਤੇ ਇਸ ਸਮੇਂ ਵਿੱਚ ਹੀ ਉਹ ਸਬਜ਼ੀਆਂ ਨੂੰ ਵੇਚਦੇ ਸਨ। ਜਿਵੇਂ-ਜਿਵੇਂ ਰੋਜ਼ ਹੀ ਉਹ ਡੀਸੀ ਰਿਹਾਇਸ਼ ਦੇ ਕੋਲ ਜਾ ਕੇ ਖੜਨ ਲੱਗੇ ਉਨ੍ਹਾਂ ਦੀ ਬਹੁਤ ਸਾਰੇ ਲੋਕਾਂ ਨਾਲ ਜਾਣ-ਪਹਿਚਾਣ ਬਣ ਗਈ ਜਿਸ ਨਾਲ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਦਿਨੋਂ-ਦਿਨੀ ਪ੍ਰਸਾਰ ਹੋਣ ਲੱਗਾ।

ਰਾਜਵਿੰਦਰ ਸਿੰਘ ਨੇ ਜਿਵੇਂ ਦੇਖਿਆ ਕਿ ਮਾਰਕੀਟਿੰਗ ਵਿੱਚ ਪ੍ਰਸਾਰ ਹੋ ਰਿਹਾ ਹੈ ਤਾਂ ਅਗਸਤ 2020 ਖਤਮ ਹੁੰਦਿਆਂ ਉਨ੍ਹਾਂ ਦੇ 12 ਮਰਲਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੌਲੀ-ਹੌਲੀ ਇੱਕ ਕਿੱਲੇ ਦੇ ਵਿੱਚ ਫੈਲਾ ਲਿਆ ਅਤੇ ਬਹੁਤਾਤ ਵਿੱਚ ਹੋਰ ਨਵੀਆਂ ਸਬਜ਼ੀਆਂ ਲਗਾ ਦਿੱਤੀਆਂ, ਜਿਸ ਵਿੱਚ ਗੋਭੀ, ਬੰਦਗੋਭੀ, ਮਟਰ, ਮਿਰਚ, ਮੂਲੀ, ਸਾਗ, ਪਾਲਕ, ਧਨੀਆ, ਮੇਥੀ, ਮੇਥੇ, ਅਚਾਰ, ਸ਼ਹਿਦ ਆਦਿ ਦੇ ਨਾਲ-ਨਾਲ ਰਾਜਵਿੰਦਰ ਸਿੰਘ ਵਿਦੇਸ਼ੀ ਸਬਜੀਆਂ ਵੀ ਪੈਦਾ ਕਰਨ ਲੱਗੇ, ਜਿਵੇਂ ਪੇਠਾ, ਸਲਾਦ ਪੱਤਾ, ਸ਼ਲਗਮ ਅਤੇ ਹੋਰ ਕਈ ਸਬਜ਼ੀਆਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲੱਗੇ।

ਉਂਝ ਤਾਂ ਰਾਜਵਿੰਦਰ ਸਫਲ ਤਾਂ ਉਦੋਂ ਹੀ ਹੋ ਗਏ ਸਨ ਜਦੋਂ ਉਨ੍ਹਾਂ ਕੋਲ ਇੱਕ ਭੈਣ ਸਬਜ਼ੀ ਖਰੀਦਣ ਲਈ ਆਈ ਤੇ ਕਹਿਣ ਲੱਗੀ, ਵੀਰ ਮੇਰੇ ਬੱਚੇ ਸਿਹਤਮੰਦ ਚੀਜ਼ਾਂ ਜਿਵੇਂ ਮੂਲੀਆਂ ਆਦਿ ਬਗੈਰਾ ਨਹੀਂ ਖਾਂਦੇ, ਤਾਂ ਰਾਜਵਿੰਦਰ ਨੇ ਕਿਹਾ, ਭੈਣ ਇੱਕ ਵਾਰ ਤੁਸੀਂ ਮੇਰੀ ਆਰਗੈਨਿਕ ਬਗੀਚੀ ਤੋਂ ਉਗਾਈਆਂ ਮੂਲੀਆਂ ਆਪਣੇ ਬੱਚਿਆਂ ਨੂੰ ਖਿਲਾ ਕੇ ਦੇਖੋ, ਤਾਂ ਭੈਣ ਨੇ ਉਸ ਤਰ੍ਹਾਂ ਹੀ ਕੀਤਾ। ਜੋ ਮੂਲੀਆਂ ਨੂੰ ਖਾਣਾ ਤਾਂ ਕੀ ਦੇਖਦੇ ਤੱਕ ਵੀ ਨਹੀਂ ਸਨ ਉਨ੍ਹਾਂ ਨੇ ਇਸ ਵਾਰ ਮੂਲੀਆਂ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿੱਧਰ ਗਈਆਂ। ਤਾਂ ਜਦੋਂ ਭੈਣ ਨੇ ਦੱਸਿਆ ਤਾਂ ਰਾਜਵਿੰਦਰ ਨੂੰ ਦਿਲੋਂ ਇੰਨਾ ਜ਼ਿਆਦਾ ਸਕੂਨ ਪ੍ਰਾਪਤ ਹੋਇਆ ਕਿ ਜਿਵੇਂ ਜ਼ਿੰਦਗੀ ਵਿੱਚ ਸਭ ਕੁਝ ਹਾਸਿਲ ਕਰ ਲਿਆ ਹੋਵੇ। ਫਿਰ ਸ਼ਹਿਰ ਦੇ ਲੋਕ ਉਹਨਾਂ ਨਾਲ ਇਸ ਤਰ੍ਹਾਂ ਜੁੜੇ ਕਿ ਉਹਨਾਂ ਦੀ ਸਬਜੀਆਂ ਉਡੀਕ ਕਰਨ ਲੱਗੇ।

ਇਸ ਦੇ ਨਾਲ-ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਆ ਰਹੇ ਹਨ।

ਅੱਜ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨਾ ਜ਼ਿਆਦਾ ਪ੍ਰਸਾਰ ਹੋ ਚੁੱਕਿਆ ਹੈ ਕਿ ਫਰੀਦਕੋਟ ਦੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਰਾਜਵਿੰਦਰ ਦਾ ਨਾਮ ਵੀ ਚਮਕਦਾ ਹੈ।

ਰਾਜਵਿੰਦਰ ਖੇਤੀ ਦਾ ਸਾਰਾ ਕੰਮ ਖੁਦ ਸੰਭਾਲਦਾ ਹੈ, ਸਬਜ਼ੀਆਂ ਦੇ ਨਾਲ ਉਹ ਹੋਰ ਖੇਤੀ ਉਤਪਾਦ ਜਿਵੇਂ ਸ਼ਹਿਦ, ਆਚਾਰ ਦਾ ਖੁਦ ਮੰਡੀਕਰਨ ਕਰ ਰਿਹਾ ਹੈ, ਜਿਸ ਕਾਰਨ ਉਸਦੇ ਬਹੁਤ ਲਿੰਕ ਬਣ ਗਏ ਹਨ ਅਤੇ ਮੰਡੀਕਰਨ ਦੀ ਉਸਨੂੰ ਕੋਈ ਦਿੱਕਤ ਨਹੀਂ ਆਉਂਦੀ।

ਖਾਸ ਗੱਲ ਇਹ ਵੀ ਹੈ ਕਿ ਉਸਨੇ ਇਹ ਸਾਰੀ ਕਾਮਯਾਬੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਦੇ ਨਾਲ ਹੀ ਹਾਸਿਲ ਕੀਤੀ ਹੈ।

ਸਿਰਫ ਸਖ਼ਤ ਮਿਹਨਤ ਹੀ ਨਹੀਂ ਰਾਜਵਿੰਦਰ ਸਿੰਘ ਖੋਸਾ ਟੈਕਨਾਲੋਜੀ ਪੱਖੋਂ ਵੀ ਪੂਰਾ ਅੱਪਡੇਟ ਰਹਿੰਦਾ ਹੈ, ਕਿਉਂਕਿ ਸੋਸ਼ਲ ਮੀਡਿਆ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਵੀ ਕਰਦਾ ਹੈ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੀ ਕਾਸ਼ਤ ਤਾਂ ਕਰ ਰਹੇ ਹੀ ਹਨ ਪਰ ਉਹ ਸਬਜ਼ੀਆਂ ਦੀ ਮਾਤਰਾ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਲੋਕਾਂ ਨੂੰ ਸਾਫ ਤੇ ਸੁਥਰੀ ਸਬਜ਼ੀ ਜੋ ਕਿ ਜ਼ਹਿਰ ਮੁਕਤ ਪੈਦਾ ਕਰਕੇ ਸ਼ਹਿਰ ਦੇ ਲੋਕਾਂ ਨੂੰ ਪ੍ਰਦਾਨ ਕੀਤੀ ਜਾਵੇ, ਜਿਸ ਨਾਲ ਖੁਦ ਵੀ ਸਿਹਤਮੰਦ ਬਣੀਏ ਅਤੇ ਦੂਜਿਆਂ ਨੂੰ ਵੀ ਸਿਹਤਮੰਦ ਬਣਾਈਏ।

ਘੱਟ ਖਰਚੇ ਅਤੇ ਸਖ਼ਤ ਮਿਹਨਤ ਨਾਲ ਨਵੀਆਂ ਪੁਲਾਘਾਂ ਪੁੱਟਣ ਵਾਲਾ ਰਾਜਵਿੰਦਰ ਸਿੰਘ ਸੱਚਮੁੱਚ ਚੰਗੇ ਮਾਨ-ਸਨਮਾਨ ਦਾ ਹੱਕਦਾਰ ਹੈ।

ਸੰਦੇਸ਼

ਜੇਕਰ ਕੋਈ ਛੋਟਾ ਕਿਸਾਨ ਹੈ ਤਾਂ ਉਸ ਨੇ ਜੇ ਰਵਾਇਤੀ ਖੇਤੀ ਦੇ ਨਾਲ-ਨਾਲ ਕੋਈ ਹੋਰ ਛੋਟੇ ਪੱਧਰ ‘ਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ ਤਾਂ ਉਸਨੂੰ ਆਰਗੈਨਿਕ ਤਰੀਕੇ ਨਾਲ ਹੀ ਸ਼ੁਰੂ ਕਰਨੀ ਚਾਹੀਦੀ ਹੈ, ਹਾਂ ਜੇਕਰ ਹੋ ਸਕੇ ਤਾਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਖੁਦ ਜਾ ਕੇ ਵੇਚੇ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ, ਕਿਉਂਕਿ ਕਿੱਤਾ ਕੋਈ ਵੀ ਹੋਵੇ ਸਾਨੂੰ ਕੰਮ ਕਰਨ ਵਕ਼ਤ ਸ਼ਰਮ ਨਹੀਂ ਮਹਿਸੂਸ ਨਹੀਂ ਹੋਣੀ ਚਾਹੀਦੀ, ਸਗੋਂ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ।

ਨਵਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਖਾਣਾ ਬਣਾਉਣ ਦੇ ਸ਼ੋਂਕ ਨੂੰ ਕਿੱਤੇ ਵਿੱਚ ਬਦਲਣ ਵਾਲੀ ਇੱਕ ਸਫਲ ਮਹਿਲਾ ਕਿਸਾਨ

ਜਿਸ ਨੇ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ ਉਹ ਕਠਨਾਈਆਂ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਮੰਜ਼ਿਲ ਵੀ ਉਹਨਾਂ ਤੱਕ ਹੀ ਪਹੁੰਚਦੀ ਹੈ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ। ਸਭ ਨੂੰ ਆਪਣੀ ਕਾਬਲੀਅਤ ਪਹਿਚਾਨਣ ਦੀ ਜ਼ਰੂਰਤ ਹੁੰਦੀ ਹੈ। ਜਿਸ ਨੇ ਕਾਬਲੀਅਤ ਅਤੇ ਖੁਦ ‘ਤੇ ਭਰੋਸਾ ਕਰ ਲਿਆ, ਮੰਜ਼ਿਲ ਖੁਦ ਚੱਲ ਕੇ ਫਿਰ ਵਿਹੜੇ ਪੈਰ ਪਾਉਂਦੀ ਹੈ।

ਇਸ ਸਟੋਰੀ ਰਾਹੀਂ ਗੱਲ ਕਰਾਂਗੇ ਇੱਕ ਸਫ਼ਲ ਮਹਿਲਾ ਦੀ ਜੋ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ, ਕਿਉਂਕਿ ਅੱਜ ਦਾ ਜ਼ਮਾਨਾ ਅਜਿਹਾ ਹੈ ਜਿੱਥੇ ਔਰਤ ਬੰਦੇ ਦੇ ਨਾਲ ਖੜ੍ਹ ਕੇ ਕੰਮ ਕਰਦੀ ਹੈ। ਪਹਿਲਾਂ ਤਾਂ ਔਰਤ ਇਕੱਲੀ ਪੜ੍ਹਾਈ, ਡਾਕਟਰ, ਸਾਇੰਸਦਾਨ ਆਦਿ ਹਰ ਇੱਕ ਖੇਤਰ ਦੇ ਵਿੱਚ ਔਰਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ, ਪਰ ਹੁਣ ਖੇਤੀਬਾੜੀ ਦੇ ਖੇਤਰ ਵਿੱਚ ਵੀ ਨਾਮ ਕਮਾ ਰਹੀਆਂ ਹਨ।

ਇੱਕ ਅਜਿਹੀ ਮਹਿਲਾ ਕਿਸਾਨ “ਨਵਰੀਤ ਕੌਰ” ਜੋ ਪਿੰਡ ਮੀਮਸਾ, ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੇ MA, M.ED ਦੀ ਪੜ੍ਹਾਈ ਕੀਤੀ ਹੋਈ ਹੈ। ਜੋ ਕਾਲਜ ਵਿੱਚ ਪੜਾਉਂਦੇ ਸਨ ਪਰ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਇਨਸਾਨ ਨੂੰ ਧਰਤੀ ‘ਤੇ ਜਿਸ ਕੰਮ ਲਈ ਭੇਜਿਆ ਹੁੰਦਾ ਹੈ, ਜੋ ਸਿਰਫ਼ ਉਸਦੇ ਹੱਥੋਂ ਹੀ ਹੋਣਾ ਮੁਨੱਸਰ ਹੁੰਦਾ ਹੈ।

ਇਹ ਗੱਲ ਨਵਰੀਤ ਕੌਰ ਜੀ ‘ਤੇ ਬਿਲਕੁਲ ਢੁੱਕਦੀ ਹੈ, ਜਿਨ੍ਹਾਂ ਦੇ ਮਨ ਵਿੱਚ ਖੇਤੀ ਦੇ ਖੇਤਰ ਵਿੱਚ ਕੁੱਝ ਅਲੱਗ ਕਰਨ ਦਾ ਇਰਾਦਾ ਸੀ ਅਤੇ ਇਸ ਇਰਾਦੇ ਨੂੰ ਦ੍ਰਿੜ ਬਣਾਉਣ ਵਾਲੇ ਉਨ੍ਹਾਂ ਦੇ ਪਤੀ ਪ੍ਰਗਟ ਸਿੰਘ ਰੰਧਾਵਾ ਜੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਦੇ ਪਤੀ ਨੇ M.Tech ਕੀਤੀ ਹੋਈ ਹੈ, ਜੋ ਕਿ ਹਿੰਦੁਸਤਾਨ ਯੂਨੀਲਿਵਰ ਲਿਮਿਟਿਡ, ਨਾਭਾ ਦੇ ਵਿੱਚ ਸੀਨੀਅਰ ਮੈਨੇਜਰ ਹਨ ਅਤੇ PAU ਕਿਸਾਨ ਕਲੱਬ ਦੇ ਮੈਂਬਰ ਵੀ ਹਨ। ਉਨ੍ਹਾਂ ਦੇ ਪਤੀ ਨੌਕਰੀ ਦੇ ਨਾਲ-ਨਾਲ ਖੇਤੀ ਦਾ ਕਿੱਤਾ ਨਹੀਂ ਸੰਭਾਲ ਸਕਦੇ ਸੀ ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਖੂਬ ਸਾਥ ਦਿੱਤਾ।

ਰਵਾਇਤੀ ਖੇਤੀ ਕਰਨਾ ਮੁੱਖ ਕਿੱਤਾ ਤਾਂ ਸੀ ਪਰ ਮੈਂ ਸੋਚਦੀ ਸੀ ਕਿ ਰਵਾਇਤੀ ਖੇਤੀ ਨੂੰ ਛੱਡ ਕੇ ਕੁੱਝ ਨਵਾਂ ਕੀਤਾ ਜਾਵੇ- ਨਵਰੀਤ ਕੌਰ

ਉਨ੍ਹਾਂ ਨੇ 2007 ਵਿੱਚ ਜੈਵਿਕ ਖੇਤੀ ਸ਼ੁਰੂ ਕਰਨ ਦੇ ਸੁਪਨਿਆਂ ‘ਤੇ ਮੋਹਰ ਲਗਾ ਦਿੱਤੀ ਅਤੇ 4 ਏਕੜ ਵਿੱਚ ਦਾਲਾਂ, ਦੇਸੀ ਕਣਕ ਦੀ ਫਸਲ ਨਾਲ ਕਾਸ਼ਤ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਹੀ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਇੰਨੀ ਫਸਲ ਦੀ ਕਾਸ਼ਤ ਤਾਂ ਕਰ ਲਈ ਪਰ ਮੰਡੀਕਰਨ ਕਿਵੇਂ ਕਰਨਗੇ। ਇੱਕ ਉਨ੍ਹਾਂ ਨੇ ਜੋ ਇਹ ਕੰਮ ਸ਼ੁਰੂ ਕੀਤਾ ਉਨ੍ਹਾਂ ਦੇ ਪਤੀ ਤੋਂ ਇਲਾਵਾ ਉਨ੍ਹਾਂ ਦੇ ਹੱਕ ਵਿੱਚ ਹੋਰ ਕੋਈ ਨਹੀਂ ਸੀ, ਜੋ ਹੋਰ ਔਖਾ ਹੋ ਗਿਆ, ਕਿਉਂਕਿ ਪਰਿਵਾਰ ਦਾ ਮੁੱਖ ਕਿੱਤਾ ਰਵਾਇਤੀ ਖੇਤੀ ਹੀ ਸੀ, ਪਰ ਰਵਾਇਤੀ ਖੇਤੀ ਤੋਂ ਹੱਟ ਕੇ ਅਜਿਹੀ ਖੇਤੀ ਕਰਨੀ ਜਿਸ ਦਾ ਕੋਈ ਤਜੁਰਬਾ ਨਹੀਂ ਸੀ। ਜੇਕਰ ਜੈਵਿਕ ਖੇਤੀ ਕਾਮਯਾਬ ਨਾ ਹੋਈ ਤਾਂ ਪਰਿਵਾਰ ਵਾਲੇ ਕੀ ਕਹਿਣਗੇ।

ਮੈਨੂੰ ਜਦੋਂ ਕਦੇ ਵੀ ਖੇਤੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹਰ ਸਮੇਂ ਮੇਰੇ ਨਾਲ ਹੁੰਦੇ ਹਨ- ਨਵਰੀਤ ਕੌਰ

ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਵਿੱਚ ਵਰਤਣ ਵਾਲੀਆਂ ਦਾਲਾਂ ਦੀ ਸ਼ੁਰੂਆਤ ਕੀਤੀ, ਜੋ ਆਸਾਨ ਸੀ। ਇਸ ਤੋਂ ਇਲਾਵਾ ਤੇਲ ਬੀਜ ਵਾਲੀਆਂ ਫਸਲਾਂ ਅਤੇ ਨਾਲ ਹੀ ਮੰਡੀਕਰਨ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਮੈਨੂੰ ਖਾਣਾ ਬਣਾਉਣ ਦਾ ਸ਼ੋਂਕ ਹੈ, ਮੈਂ ਫਿਰ ਸੋਚਿਆ ਕਿਉਂ ਨਾ ਦੇਸੀ ਕਣਕ, ਚਾਵਲ, ਤੇਲ ਬੀਜ, ਗੰਨੇ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਕੀਤਾ ਜਾਵੇ- ਨਵਰੀਤ ਕੌਰ

ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਫਸਲਾਂ ਦੀ ਕਾਸ਼ਤ ਕਰਨੀ ਸਿਖ ਲਈ ਤਾਂ ਉਨ੍ਹਾਂ ਦੇ ਲਈ ਅਗਲਾ ਕਦਮ ਪ੍ਰੋਸੈਸਿੰਗ ਕਰਨਾ ਸੀ, ਪ੍ਰੋਸੈਸਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ IARI, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੋਲਨ ਦੇ ਨਾਲ-ਨਾਲ ਹੋਰ ਬਹੁਤ ਥਾਂਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ। ਟ੍ਰੇਨਿੰਗ ਤੋਂ ਬਾਅਦ ਜਦੋਂ ਉਨ੍ਹਾਂ ਦਾ ਪ੍ਰੋਸੈਸਿੰਗ ਕਰਨ ਨਾਲ ਯਕੀਨ ਹੋਰ ਪੱਕਾ ਹੋ ਗਿਆ ਤਾਂ ਉਹਨਾਂ ਨੇ ਪੱਕੇ ਤੌਰ ‘ਤੇ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਸ਼ੋਂਕ ਅਤੇ ਬਹੁਤ ਹੀ ਉਤਸ਼ਾਹ ਨਾਲ ਪ੍ਰੋਸੈਸਿੰਗ ਕਰ ਰਹੇ ਹਨ।

2015 ਦੇ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਹਰ ਇੱਕ ਕੰਮ ਵੱਲ ਖੁਦ ਧਿਆਨ ਦਿੰਦੇ ਹਨ। ਇਸ ਸਮੇਂ ਉਹ ਰਸੋਈ ਦੇ ਵਿੱਚ ਹੀ ਉਤਪਾਦ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪਿੰਡ ਦੀਆਂ ਮਹਿਲਾਵਾਂ ਨੂੰ ਇੱਕ ਰੋਜ਼ਗਾਰ ਮਿਲ ਗਿਆ ਅਤੇ ਦੂਸਰਾ ਉਹ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣ ਲੱਗ ਗਈਆਂ।

ਉਹਨਾਂ ਵੱਲੋਂ 15 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਉਹ ਸਿੱਧੇ ਤੌਰ ‘ਤੇ ਬਣਾਏ ਗਏ ਉਤਪਾਦ ਨੂੰ ਵੇਚ ਰਹੇ ਹਨ ਜੋ ਇਸ ਤਰ੍ਹਾਂ ਹਨ-

  • ਦੇਸੀ ਕਣਕ ਦੀ ਸੇਵੀਆਂ
  • ਕਣਕ ਦਾ ਦਲੀਆ
  • ਬਿਸਕੁਟ
  • ਗਾਜਰ ਦਾ ਕੇਕ
  • ਚਾਵਲ ਦੇ ਕੁਰਕੁਰੇ
  • ਚਾਵਲ ਦੇ ਲੱਡੂ
  • ਮੂੰਗੀ ਦੀਆਂ ਵੜੀਆਂ
  • ਮਾਂਹ ਦੀਆਂ ਵੜੀਆਂ
  • ਸਟ੍ਰਾਬੇਰੀ ਜੈਮ
  • ਨਿੰਬੂ ਦਾ ਅਚਾਰ
  • ਆਂਵਲੇ ਦਾ ਅਚਾਰ
  • ਅੰਬ ਦੀ ਚਟਨੀ
  • ਅੰਬ ਦਾ ਅਚਾਰ
  • ਮਿਰਚਾਂ ਦਾ ਅਚਾਰ
  • ਚਵਨ ਪ੍ਰਾਸ਼ ਆਦਿ।

ਪਹਿਲਾਂ ਉਹ ਉਤਪਾਦ ਦਾ ਮੰਡੀਕਰਨ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਹੀ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਉਤਪਾਦ ਦੀ ਪਹਿਚਾਣ ਕਈ ਥਾਂਵਾਂ ਤੱਕ ਪਹੁੰਚ ਚੁੱਕੀ ਹੈ। ਜਿਸ ਵਿੱਚੋਂ ਪ੍ਰਮੁੱਖ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦਾ ਮੰਡੀਕਰਨ ਚੰਡੀਗੜ੍ਹ ਆਰਗੈਨਿਕ ਮੰਡੀ ਦੇ ਵਿੱਚ ਕਰਦੇ ਹਨ। ਉਹ ਹੌਲੀ-ਹੌਲੀ ਆਨਲਾਈਨ ਤਰੀਕੇ ਰਾਹੀਂ ਆਪਣੇ ਉਤਪਾਦ ਵੇਚਣ ਦਾ ਮਨ ਬਣਾ ਰਹੇ ਹਨ।

ਮੈਂ ਅੱਜ ਖੁਸ਼ ਹਾਂ ਕਿ ਜੋ ਕੰਮ ਕਰਨ ਬਾਰੇ ਸੋਚਿਆ ਸੀ ਉਸ ਸਫਲ ਹੋ ਗਈ ਹਾਂ- ਨਵਰੀਤ ਕੌਰ

ਨਵਰੀਤ ਜੀ ਖਾਦ ਵੀ ਖੁਦ ਹੀ ਤਿਆਰ ਕਰਦੇ ਹਨ ਜਿਸ ਵਿੱਚ ਵਰਮੀ ਕੰਪੋਸਟ ਤਿਆਰ ਕਰਕੇ ਕਿਸਾਨਾਂ ਨੂੰ ਦਿੰਦੇ ਵੀ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਜੇਕਰ ਇਸ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਬਹੁਤ ਹੀ ਵਧੀਆ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੱਥ ਨਾਲ ਬਣਾਈਆਂ ਗਈਆਂ ਵਸਤੂਆਂ ਦੇ ਲਈ MSME ਯੂਨਿਟਸ ਵੱਲੋਂ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਆਪਣਾ ਇੱਕ ਸਟੋਰ ਬਣਾ ਕੇ ਉੱਥੇ ਹੀ ਆਪਣੇ ਦੁਆਰਾ ਤਿਆਰ ਕੀਤੇ ਗਏ ਹਰ ਇੱਕ ਉਤਪਾਦ ਦਾ ਖੁਦ ਹੀ ਮੰਡੀਕਰਨ ਕੀਤਾ ਜਾਵੇ। ਜਿਸ ਵਿੱਚ ਕਿਸੇ ਤੀਸਰੇ ਇਨਸਾਨ ਦੀ ਜ਼ਰੂਰਤ ਨਾ ਹੋਵੇ, ਕਿਸਾਨ ਤੋਂ ਉਪਭੋਗਤਾ ਤੱਕ ਦਾ ਸਿੱਧਾ ਮੰਡੀਕਰਨ ਹੋਵੇ। ਉਹ ਆਪਣਾ ਫਾਰਮ ਤਿਆਰ ਕਰਨਾ ਚਾਹੁੰਦੇ ਹਨ ਜਿੱਥੇ ਕਿ ਉਹ ਪ੍ਰੋਸੈਸਿੰਗ ਕਰਨ ਦੇ ਨਾਲ-ਨਾਲ ਉਸ ਦੀ ਪੈਕਿੰਗ ਵੀ ਕਰ ਸਕਣ।

ਸੰਦੇਸ਼

ਖੇਤੀ ਸਭ ਕਰਦੇ ਹਨ, ਪਰ ਇਕੱਲੀ ਖੇਤੀ ਵੱਲ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਉਸ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਬਾਰੇ ਸੋਚਣਾ ਚਾਹੀਦਾ ਹੈ। ਜੋ ਵੀ ਫਸਲ ਉਗਾਉਂਦੇ ਹਾਂ, ਉਸ ਬਾਰੇ ਸੋਚ ਕੇ ਫਿਰ ਅੱਗੇ ਵੱਧਣਾ ਚਾਹੀਦਾ ਹੈ, ਕਿਉਂਕਿ ਖੇਤੀ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਨਫ਼ਾ ਹੀ ਨਫ਼ਾ ਹੈ। ਜੇਕਰ ਹੋ ਸਕੇ ਤਾਂ ਖੁਦ ਪ੍ਰੋਸੈਸਿੰਗ ਕਰਕੇ ਖੁਦ ਹੀ ਉਤਪਾਦ ਵੇਚਣਾ ਚਾਹੀਦਾ ਹੈ।

ਬਲਜਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਮਧੂ-ਮੱਖੀ ਪਾਲਕ ਦੀ ਕਹਾਣੀ ਜੋ ਆਪਣੇ ਸ਼ੌਂਕ ਦੇ ਸਿਰ ‘ਤੇ ਸਫਲਤਾ ਹਾਸਲ ਕਰ ਚੁੱਕਿਆ ਹੈ।

ਸੇਧ ਕਿਤੋਂ ਵੀ ਮਿਲ ਜਾਵੇ, ਭਾਵੇਂ ਸਮਾਂ ਕੋਈ ਵੀ ਹੋਵੇ, ਚਾਹੇ ਦਿਨ ਹੋਵੇ ਜਾਂ ਰਾਤ ਉਹ ਵਕਤ ਸੁਨਹਿਰਾ ਹੀ ਹੁੰਦਾ ਹੈ।

ਇਹ ਗੱਲ ਹਰ ਖੇਤਰ ਵਿੱਚ ਢੁੱਕਦੀ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਕਿਸੇ ਨੇ ਕੋਈ ਮੁਕਾਮ ਹਾਸਿਲ ਕਰਨਾ ਹੋਵੇ, ਤਾਂ ਗਿਆਨ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਅੱਜ ਅਸੀਂ ਇੱਕ ਅਜਿਹੇ ਹੀ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਉਨ੍ਹਾਂ ਨੇ ਇਸ ਗੱਲ ਨੂੰ ਸੱਚ ਸਾਬਿਤ ਕੀਤਾ ਹੈ।

ਕਿਹਾ ਜਾਂਦਾ ਹੈ ਕਿ ਇਨਸਾਨ ਅਤੇ ਪਾਣੀ ਦਾ ਚਲਦੇ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਦੇ ਖੜਨ ਨਾਲ ਇਨ੍ਹਾਂ ਦੀ ਅਹਿਮੀਅਤ ਘੱਟ ਜਾਂਦੀ ਹੈ। ਇਸੇ ਸੋਚ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਜੀ ਕੁੱਝ ਨਵਾਂ ਕਰਨ ਦੀ ਤਾਂਘ ਵਿੱਚ ਰਹਿੰਦੇ ਸੀ। ਇਸੇ ਚੀਜ਼ ਨੂੰ ਉਹਨਾਂ ਨੇ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਹਨਾਂ ਪ੍ਰਦਰਸ਼ਨੀਆਂ ਵਿੱਚ ਉਹਨਾਂ ਦੀ ਮੁਲਾਕਾਤ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਨਾਲ ਹੋਈ ਜਿਨ੍ਹਾਂ ਦੀਆਂ ਉਪਲੱਬਧੀਆਂ ਨੇ ਬਲਜਿੰਦਰ ਸਿੰਘ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ।

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਜੋ ਕਿ ਖੁਦ ਇੱਕ ਅਗਾਂਹਵਧੂ ਕਿਸਾਨ ਹਨ, ਉਹਨਾਂ ਵੱਲ ਦੇਖ ਕੇ ਮੇਰੇ ਦਿਮਾਗ ਵਿੱਚ ਵਿਚਾਰ ਆਇਆ, ਜੇਕਰ ਉਹ ਇੱਕ ਮਹਿਲਾ ਹੋ ਕੇ ਵੀ ਇੰਨਾ ਸਭ ਕੁੱਝ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ? — ਬਲਜਿੰਦਰ ਸਿੰਘ

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਆਪਣੇ ਬਣਾਏ ਸੈੱਲਫ ਹੈੱਲਪ ਗਰੁੱਪ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਰੱਖੀ ਹੈ, ਜਿਸ ਦੇ ਅੰਤਰਗਤ ਉਹ ਆਪਣੇ ਉਤਪਾਦ ਜਿਵੇਂ ਕਿ ਚਟਨੀ, ਆਚਾਰ ਆਦਿ ਦਾ ਮੰਡੀਕਰਨ ਵੀ ਕਰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ,ਜੋ ਕਿ ਹੋਰਨਾਂ ਘਰੇਲੂ ਬੀਬੀਆਂ ਲਈ ਇੱਕ ਮਿਸਾਲ ਹੈ।

ਬਲਜਿੰਦਰ ਸਿੰਘ ਜੀ ਨੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਦੇ ਕੰਮ ਤੋਂ ਉਤਸ਼ਾਹਿਤ ਹੋ ਕੇ ਮਧੂ-ਮੱਖੀ ਪਾਲਣ ਦਾ ਕਿੱਤਾ ਅਪਨਾਉਣ ਦਾ ਮਨ ਬਣਾਇਆ। ਉਹਨਾਂ ਨਾਲ ਮਿਲ ਕੇ ਹੀ ਮਧੂ-ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਪ੍ਰਾਪਤ ਕੀਤੀ।

ਮੈਂ ਅਤੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਹੀ ਮਿਲ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਸਮੇਂ-ਸਮੇਂ ਸਿਰ ਸਿਖਲਾਈ ਪ੍ਰਾਪਤ ਕਰਦੇ ਰਹੇ ਅਤੇ ਸਰਦਾਰਨੀ ਗੁਰਦੇਵ ਕੌਰ ਦਿਓਲ ਨਾਲ ਅਲੱਗ ਅਲੱਗ ਫਾਰਮਾਂ ‘ਤੇ ਜਾਂਦੇ ਰਹੇ। — ਬਲਜਿੰਦਰ ਸਿੰਘ

ਬਲਜਿੰਦਰ ਜੀ ਨੇ ਇੱਕ ਡੇਢ ਸਾਲ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਗੁਰਦੇਵ ਕੌਰ ਦਿਓਲ ਜੀ ਤੋਂ ਹੀ 15 ਬਕਸੇ ਖਰੀਦ ਕੇ ਸੰਨ 2000 ਵਿੱਚ ਮਧੂ-ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਮਧੂ-ਮੱਖੀਆਂ ਦੀ ਨਸਲ ‘ਚੋਂ ਉਨ੍ਹਾਂ ਨੇ ਇਟਾਲੀਅਨ ਬ੍ਰੀਡ ਦੀਆਂ ਮੱਖੀਆਂ ਨੂੰ ਚੁਣਿਆ, ਜੋ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਗਈ ਸੀ। ਇਨ੍ਹਾਂ ਬਕਸਿਆਂ ਨੂੰ ਉਨ੍ਹਾਂ ਨੇ ਗੰਗਾਨਗਰ ਦੇ ਇਲਾਕੇ ‘ਚ ਰੱਖਿਆ। ਬਿਨਾਂ ਕਿਸੇ ਸਰਕਾਰੀ ਅਤੇ ਗੈਰ ਸਰਕਾਰੀ ਸਹਿਯੋਗ ਤੋਂ ਉਨ੍ਹਾਂ ਨੇ ਇਨ੍ਹਾਂ 15 ਬਕਸਿਆਂ ਤੋਂ ਆਪਣੇ ਕਾਰੋਬਾਰ ਸਥਾਪਿਤ ਕੀਤਾ।

ਮੈਨੂੰ ਇਸ ਧੰਦੇ ਵਿੱਚ ਜ਼ਿਆਦਾ ਕੋਈ ਸਮੱਸਿਆ ਨਹੀਂ ਆਈ, ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਕੰਪਨੀਆਂ ਸ਼ਹਿਦ ਵਿੱਚ ਮਿਲਾਵਟ ਕਰਕੇ ਵੇਚਦੀਆਂ ਹਨ ਅਤੇ ਆਪਣੇ ਮੁਨਾਫ਼ੇ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। – ਬਲਜਿੰਦਰ ਸਿੰਘ

ਉਹਨਾਂ ਦਾ ਕਾਰੋਬਾਰ ਇੰਨੇ ਵੱਡੇ ਪੱਧਰ ਫੈਲ ਚੁੱਕਾ ਹੈ, ਕਿ ਉਹ ਆਪਣਾ ਸ਼ਹਿਦ ਕੇਵਲ ਭਾਰਤ ਵਿੱਚ ਨਹੀਂ ਸਗੋਂ ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ ਆਦਿ ਵਿੱਚ ਵੀ ਵੇਚ ਰਹੇ ਹਨ। ਉਹਨਾਂ ਨੇ ਕੰਪਨੀਆਂ ਨਾਲ ਲਿੰਕ ਬਣਾਏ ਹੋਏ ਹਨ ਅਤੇ ਸ਼ਹਿਦ ਸਿੱਧਾ ਕੰਪਨੀਆਂ ਨੂੰ ਵੇਚਦੇ ਹਨ।

ਵਰਤਮਾਨ ਵਿੱਚ ਉਹਨਾਂ ਕੋਲ 2500 ਦੇ ਕਰੀਬ ਬਕਸੇ ਹਨ। ਉਹ ਆਪਣੇ ਬਕਸੇ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਜਿਵੇਂ ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸ਼੍ਰੀਨਗਰ ਆਦਿ ਸ਼ਹਿਰਾਂ ਵਿੱਚ ਵੀ ਲਗਾਉਂਦੇ ਹਨ। ਇਸ ਕੰਮ ਵਿੱਚ ਉਹਨਾਂ ਨਾਲ 20 ਹੋਰ ਮਜ਼ਦੂਰ ਜੁੜੇ ਹਨ ਅਤੇ ਉਹਨਾਂ ਦੇ ਸਹਿਯੋਗੀ ਕੁਲਵਿੰਦਰ ਸਿੰਘ ਪਿੰਡ ਬੁਰਜ ਕਲਾਂ ਤੋਂ ਹਨ, ਜੋ ਕਿ ਹਰ ਵਕਤ ਉਹਨਾਂ ਦਾ ਸਾਥ ਦਿੰਦੇ ਹਨ।

ਬਲਜਿੰਦਰ ਸਿੰਘ ਜੀ ਨੇ ਆਪਣਾ ਸ਼ਹਿਦ ਘਰ-ਘਰ ਗ੍ਰਾਹਕ ਦੀ ਲੋੜ ਅਨੁਸਾਰ ਪਹੁੰਚਾਉਣ ਲਈ ਸ਼ਹਿਦ ਦੀ ਵੱਖ-ਵੱਖ ਪੈਕਿੰਗ ਜਿਵੇਂ ਕਿ 100 ਗ੍ਰਾਮ, 250 ਗ੍ਰਾਮ, 500 ਗ੍ਰਾਮ ਅਤੇ 1 ਕਿਲੋਗ੍ਰਾਮ ਆਦਿ ਉਪਲੱਬਧ ਹੈ। ਅਤੇ ਉਨ੍ਹਾਂ ਨੂੰ ਇਸ ਕੰਮ ਵਿੱਚ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ।

ਬਲਜਿੰਦਰ ਸਿੰਘ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸ਼ਹਿਦ ਤਿਆਰ ਕੀਤਾ ਜਾਂਦਾ ਹੈ –

  • ਸਰੋਂ ਦਾ ਸ਼ਹਿਦ
  • ਨਿੰਮ ਦਾ ਸ਼ਹਿਦ
  • ਟਾਹਲੀ ਦਾ ਸ਼ਹਿਦ
  • ਸਫੈਦੇ ਦਾ ਸ਼ਹਿਦ
  • ਬੇਰੀ ਦਾ ਸ਼ਹਿਦ
  • ਕਿੱਕਰ ਦਾ ਸ਼ਹਿਦ ਆਦਿ।
ਭਵਿੱਖ ਦੀ ਯੋਜਨਾ

ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਉਹ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਉਹ 5000 ਤੱਕ ਬਕਸੇ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਜੋ ਨਵੇਂ ਕਿਸਾਨ ਮਧੂ-ਮੱਖੀ ਪਾਲਣ ਵਿੱਚ ਆਉਣਾ ਚਾਹੁੰਦੇ ਹਨ, ਸਭ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਉਸ ਮਗਰੋਂ ਆਪਣੀ ਮਿਹਨਤ ਵੱਲ ਜ਼ੋਰ ਦੇਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਉਤਸ਼ਾਹਿਤ ਹੋ ਕੇ ਪੈਸੇ ਤਾਂ ਲਗਾ ਲਈਏ ਪਰ ਗਿਆਨ ਦੀ ਕਮੀ ਹੋਣ ਕਾਰਨ ਬਾਅਦ ‘ਚ ਨੁਕਸਾਨ ਉਠਾਉਣ ਪਏ। ਸੋ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਹੀ ਕਿਸੇ ਕਿੱਤੇ ਨੂੰ ਹੱਥ ਪਾਓ, ਕਿਉਂਕਿ ਅਜਿਹਾ ਕਿੱਤਾ ਆਪਣੀ ਦੇਖ ਰੇਖ ਤੋਂ ਬਿਨਾਂ ਹੋਣਾ ਸੰਭਵ ਨਹੀਂ ਹੈ।

ਅਮਰਜੀਤ ਸਿੰਘ ਢਿੱਲੋਂ

ਪੂਰੀ ਕਹਾਣੀ ਪੜ੍ਹੋ

ਆਖ਼ਿਰ ਕਿਉਂ ਐੱਮ.ਟੈੱਕ ਦੀ ਪੜ੍ਹਾਈ ਵਿਚਾਲੇ ਛੱਡ ਕੇ ਇਹ ਨੌਜਵਾਨ ਕਰਨ ਲੱਗਾ ਖੇਤੀ ?

ਹਰ ਮਾਂ-ਪਿਉ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ-ਲਿਖ ਕੇ ਕਿਸੇ ਚੰਗੀ ਨੌਕਰੀ ‘ਤੇ ਲੱਗ ਜਾਣ ਤਾਂ ਜੋ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਜਾਵੇ। ਇਹੋ ਜਿਹਾ ਸੁਪਨਾ ਹੀ ਅਮਰਜੀਤ ਸਿੰਘ ਢਿੱਲੋਂ ਦੇ ਮਾਂ-ਪਿਉ ਦਾ ਵੀ ਸੀ। ਇਸ ਲਈ ਉਹਨਾਂ ਨੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਲਈ ਉਸਨੂੰ ਚੰਗੇ ਸਕੂਲ ਵਿੱਚ ਪੜ੍ਹਾਇਆ ਤੇ ਉਚੇਰੀ ਸਿੱਖਿਆ ਲਈ ਉਹਨਾਂ ਦਾਖਲਾ ਬੀ.ਟੈੱਕ ਮਕੈਨੀਕਲ ਇੰਜੀਨੀਅਰ ਵਿੱਚ ਕਰਵਾਇਆ। ਮਕੈਨੀਕਲ ਇੰਜੀਨੀਅਰ ਵਿੱਚ ਗ੍ਰੇਜੂਏਸ਼ਨ ਕਰਨ ਤੋਂ ਬਾਅਦ ਅਮਰਜੀਤ ਨੇ ਐੱਮ.ਟੈੱਕ ਕਰਨ ਦਾ ਫੈਸਲਾ ਕੀਤਾ ਅਤੇ ਆਪਣਾ ਦਾਖ਼ਲਾ ਵੀ ਕਰਵਾ ਲਿਆ। ਪਰ ਐੱਮ.ਟੈੱਕ ਦੀ ਪੜ੍ਹਾਈ ਵਿੱਚ ਉਹਨਾਂ ਦੀ ਕੋਈ ਖ਼ਾਸ ਦਿਲਚਸਪੀ ਨਹੀਂ ਸੀ, ਇਸ ਲਈ ਉਹਨਾਂ ਨੇ ਪੜ੍ਹਾਈ ਵਿੱਚ ਹੀ ਛੱਡਣ ਦਾ ਫੈਸਲਾ ਕੀਤਾ।

ਅਮਰਜੀਤ ਜੀ ਦੇ ਪਰਿਵਾਰ ਕੋਲ 24 ਏਕੜ ਜ਼ਮੀਨ ਸੀ, ਜਿਸ ‘ਤੇ ਉਹਨਾਂ ਦੇ ਪਿਤਾ ਜੀ ਅਤੇ ਭਰਾ ਰਵਾਇਤੀ ਖੇਤੀ ਕਰਦੇ ਸਨ। ਇੱਕ ਸਾਲ ਤੱਕ ਤਾਂ ਅਮਰਜੀਤ ਜੀ ਵੀ ਆਪਣੇ ਪਿਤਾ ਨਾਲ ਖੇਤੀ ਕਰਦੇ ਰਹੇ, ਪਰ ਨੌਜਵਾਨ ਹੋਣ ਦੇ ਕਾਰਨ ਅਮਰਜੀਤ ਰਵਾਇਤੀ ਖੇਤੀ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੁੰਦੇ ਸਨ। ਖੇਤੀ ਬਾਰੇ ਆਪਣੇ ਗਿਆਨ ਨੂੰ ਹੋਰ ਵਧਾਉਣ ਲਈ ਉਹਨਾਂ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਜਾਣਾ ਸ਼ੁਰੂ ਕਰ ਦਿੱਤਾ।

ਪੀ.ਏ.ਯੂ. ਵਿੱਚ ਉਹਨਾਂ ਨੇ ਯੰਗ ਫਾਰਮਰ ਕੋਰਸ ਵਿੱਚ ਦਾਖ਼ਲਾ ਲਿਆ। ਕੋਰਸ ਪੂਰਾ ਹੋਣ ਤੋਂ ਬਾਅਦ ਉਹਨਾਂ ਨੇ ਬਾਗਬਾਨੀ ਕਰਨ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਉਹਨਾਂ ਆਪਣੇ ਫਾਰਮ, ਜਿਸਦਾ ਨਾਮ “ਗ੍ਰੀਨ ਐਨਰਜੀ ਫਾਰਮ” ਹੈ, ਵਿੱਚ ਫਲਾਂ ਦੀ ਖੇਤੀ ਸ਼ੁਰੂ ਕੀਤੀ। ਬਾਅਦ ਵਿੱਚ ਉਹ ਨਾਲ-ਨਾਲ ਸਬਜ਼ੀਆਂ, ਫੁੱਲਾਂ ਦੀ ਖੇਤੀ ਅਤੇ ਮਧੂ-ਮੱਖੀ ਪਾਲਣ ਦਾ ਕੰਮ ਵੀ ਕਰਨ ਲੱਗੇ।

“ਮੈਂ ਇੱਕ ਸਾਲ ਦੇ ਅੰਦਰ-ਅੰਦਰ ਇਹ ਸਭ ਛੱਡ ਕੇ ਸਿਰਫ਼ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਕਿਉਂਕਿ ਫਲਾਂ ਅਤੇ ਸਬਜ਼ੀਆਂ ਦਾ ਮੰਡੀਕਰਨ ਆਸਾਨੀ ਨਾਲ ਇੱਕ ਹੀ ਮੰਡੀ ਵਿੱਚ ਹੋ ਜਾਂਦਾ ਹੈ। ਇਸ ਵਿੱਚ ਦੁਕਾਨਦਾਰੀ ਵਾਂਗ ਰੋਜ਼ਾਨਾ ਕਮਾਈ ਹੋ ਜਾਂਦੀ ਹੈ ” – ਅਮਰਜੀਤ ਸਿੰਘ ਢਿੱਲੋਂ

ਅਮਰਜੀਤ ਜੀ ਨੇ ਪੂਰੇ ਸਾਲ ਭਰ ਲਈ ਇੱਕ ਟਾਈਮ-ਟੇਬਲ ਬਣਾਇਆ ਹੋਇਆ ਹੈ, ਜਿਸ ਦੇ ਅਨੁਸਾਰ ਉਹ ਅਲੱਗ-ਅਲੱਗ ਮਹੀਨੇ ਬੀਜੀਆਂ ਹੋਈਆਂ ਫ਼ਸਲਾਂ ਦੀ ਵਾਢੀ ਕਰਦੇ ਹਨ।

ਅਮਰਜੀਤ ਜੀ ਜੈਵਿਕ ਖੇਤੀ ਨਹੀਂ ਕਰਦੇ, ਪਰ ਉਹ ਸਭ ਤੋਂ ਪਹਿਲਾਂ ਜੈਵਿਕ ਤਰੀਕੇ ਨਾਲ ਕੀੜਿਆਂ ਅਤੇ ਬਿਮਾਰੀਆਂ ‘ਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋੜ ਪੈਣ ‘ਤੇ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਸਪਰੇਆਂ ਦੀ ਹੀ ਵਰਤੋਂ ਸਿਫ਼ਾਰਿਸ਼ ਮਾਤਰਾ ਵਿੱਚ ਹੀ ਕਰਦੇ ਹਨ। ਅੱਜ ਵੀ ਅਮਰਜੀਤ ਕੇ.ਵੀ.ਕੇ. ਅਤੇ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਵਿੱਚ ਵੀ ਹਿੱਸਾ ਲੈਂਦੇ ਹਨ। ਅੱਜ ਵੀ ਜਿੱਥੇ ਅਮਰਜੀਤ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਦੀ ਸਲਾਹ ਲੈਂਦੇ ਹਨ।

“ਮੇਰੇ ਅਨੁਸਾਰ, ਫਲ ਤੋੜਨ ਤੋਂ ਬਾਅਦ ਪੌਦਿਆਂ ‘ਤੇ ਸਪਰੇਅ ਕਰਨੀ ਚਾਹੀਦੀ ਹੈ ਤਾਂ ਜੋ ਤੁੜਾਈ ਅਤੇ ਸਪਰੇ ਦੇ ਸਮੇਂ ਵਿੱਚ 24 ਤੋਂ 48 ਘੰਟੇ ਦਾ ਫਾਸਲਾ ਹੋਵੇ।” – ਅਮਰਜੀਤ ਸਿੰਘ ਢਿੱਲੋਂ
ਉਪਲੱਬਧੀਆਂ
ਅਮਰਜੀਤ ਜੀ ਨੇ ਸੂਬਾ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ ਹਨ, ਜਿਹਨਾਂ ਵਿੱਚੋਂ ਕੁੱਝ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
  • ਪੀ.ਏ.ਯੂ. ਵੱਲੋਂ ਮੁੱਖ-ਮੰਤਰੀ ਅਵਾਰਡ (2006)
  • ਆਤਮਾ ਵੱਲੋਂ ਰਾਜ ਪੱਧਰੀ ਅਵਾਰਡ (2009)
  • ਐਗਰੀਕਲਚਰ ਸਮਿਟ ਚੱਪੜਚਿੜੀ ਵਿੱਚ ਸਟੇਟ ਅਵਾਰਡ
  • ਇੰਟਰਨੈਸ਼ਨਲ ਇੰਸਟੀਟਿਊਟ ਆਫ ਵੇਜੀਟੇਬਲ ਰਿਸਰਚ ਵੱਲੋਂ ਜ਼ੋਨਲ ਅਵਾਰਡ (2018)
  • IARI ਵੱਲੋਂ ਇਨੋਵੇਟਿਵ ਫਾਰਮਰ ਅਵਾਰਡ (ਨੈਸ਼ਨਲ ਅਵਾਰਡ 2018)
ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਅਮਰਜੀਤ ਸਿੰਘ ਢਿੱਲੋਂ ਆਪਣਾ ਸਾਰਾ ਧਿਆਨ ਫਲਾਂ ਅਤੇ ਸਬਜ਼ੀਆਂ ਦੀ ਸੈੱਲਫ ਮਾਰਕੀਟਿੰਗ ਅਤੇ ਪ੍ਰੋਸੈਸਿੰਗ ‘ਤੇ ਕੇਂਦਰਿਤ ਕਰਨਾ ਚਾਹੁੰਦੇ ਹਨ।
ਸੰਦੇਸ਼
“ਬਾਗਬਾਨੀ ਖੇਤਰ ਵਿੱਚ ਆਉਣ ਦੇ ਚਾਹਵਾਨ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਪੜ੍ਹਾਈ ਕਰਕੇ ਅਤੇ ਟ੍ਰੇਨਿੰਗ ਲੈ ਕੇ ਖੇਤੀ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਛੋਟੇ ਪੱਧਰ ਤੋਂ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ,ਕਿਸੇ ਦੀਆਂ ਗੱਲਾਂ ਵਿੱਚ ਆ ਕੇ ਸ਼ੁਰੂ ਵਿੱਚ ਹੀ ਜ਼ਿਆਦਾ ਪੈਸੇ ਦਾ ਨਿਵੇਸ਼ ਨਹੀਂ ਕਰਨਾ ਚਾਹੀਦਾ। ਖੇਤੀਬਾੜੀ ਨਾਲ ਸੰਬੰਧਿਤ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ।”

ਰਾਜਾ ਰਾਮ ਜਾਖੜ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਦੇ ਭਵਿੱਖਵਾਦੀ ਕਿਸਾਨ, ਜੋ ਕਵਾਰ (ਐਲੋਵੇਰਾ) ਦੀ ਖੇਤੀ ਨਾਲ ਰਵਾਇਤੀ ਖੇਤੀ ਵਿੱਚ ਤਬਦੀਲੀਆਂ ਲਿਆ ਰਹੇ ਹਨ

ਭਾਵੇਂ ਕਿ ਰਾਜਸਥਾਨ ਅੱਜ ਵੀ ਰਵਾਇਤੀ ਖੇਤੀ ਵਾਲੇ ਢੰਗਾਂ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੀਆਂ ਮੁੱਖ ਫ਼ਸਲਾਂ ਬਾਜਰਾ, ਗੁਆਰਾ ਅਤੇ ਜਵਾਰ ਹੈ। ਬਹੁਤ ਸਾਰੇ ਕਿਸਾਨ ਤਰੱਕੀ ਕਰ ਰਹੇ ਹਨ, ਪਰ ਅਜੇ ਵੀ ਬਹੁਤ ਕਿਸਾਨ ਅਜਿਹੇ ਹਨ, ਜੋ ਆਪਣੀ ਰਵਾਇਤੀ ਖੇਤੀ ਵਾਲੀ ਰੂੜੀਵਾਦੀ ਸੋਚ ‘ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਇੱਕ ਅਜਿਹੇ ਇਨਸਾਨ ਹਨ- ਰਾਜਾ ਰਾਮ ਜਾਖੜ, ਜੋ ਇਨ੍ਹਾਂ ਸੋਚਾਂ ‘ਚੋਂ ਬਾਹਰ ਨਿਕਲ ਕੇ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਬਦਲਾਅ ਲਿਆ ਰਹੇ ਹਨ।

ਰਾਜਸਥਾਨ ਦੀ ਧਰਤੀ ‘ਤੇ ਰਾਜਾ ਰਾਮ ਸਿੰਘ ਜੀ ਜੰਮੇ ਅਤੇ ਪਲੇ ਹਨ। ਉਨ੍ਹਾਂ ਨੇ ਬੀ. ਐੱਸ. ਸੀ. ਐਗਰੀਕਲਚਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਉਨ੍ਹਾਂ ਨੇ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਤਾਂ ਜੋ ਉਹ ਖੇਤੀ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਮੌਕੇ ਦਾ ਫਾਇਦਾ ਲੈਣਾ ਅਤੇ ਉਸ ਤੋਂ ਲਾਭ ਕਮਾਉਣਾ ਵੀ ਸਿੱਖਿਆ। ਅੱਜ ਉਹ ਰਾਜਸਥਾਨ ਵਿੱਚ ਕਵਾਰ(ਐਲੋਵੇਰਾ) ਦੇ ਸਫ਼ਲ ਕਿਸਾਨ ਹਨ, ਜੋ ਆਪਣੀ ਉਪਜ ਦੇ ਮੰਡੀਕਰਨ ਲਈ ਕਿਸੇ ‘ਤੇ ਵੀ ਨਿਰਭਰ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਉਪਜ ਕੇਵਲ ਖੇਤ ਤੋਂ ਹੀ ਖਪਤਕਾਰਾਂ ਨੂੰ ਵੇਚੀ ਜਾਂਦੀ ਹੈ।

ਰਾਜਾ ਰਾਮ ਜਾਖੜ ਜੀ ਦਾ ਪਰਿਵਾਰ ਬਚਪਨ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੈ ਅਤੇ ਉਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੇਤੀ ਕਰਦੇ ਹੀ ਦੇਖਿਆ। ਪਰ 1980 ਵਿੱਚ ਡੀ.ਏ.ਵੀ. ਕਾਲਜ, ਸੰਘਰੀਆ(ਰਾਜਸਥਾਨ) ਤੋਂ ਬੀ. ਐੱਸ. ਸੀ. ਐਗਰੀਕਲਚਰ ਦੀ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਇੱਕ ਵੱਖ ਪੇਸ਼ੇ ਵਿੱਚ ਨੌਕਰੀ (ਸੈਂਟਰਲ ਸਟੇਟ ਫਾਰਮ, ਸੂਰਤਗੜ੍ਹ ਵਿਖੇ ਸੁਪਰਵਾਈਜ਼ਰ) ਦਾ ਮੌਕਾ ਮਿਲਿਆ। ਪਰ ਉਹ 3-4 ਮਹੀਨਿਆਂ ਤੋਂ ਜ਼ਿਆਦਾ ਉੱਥੇ ਕੰਮ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੀ ਇਸ ਕੰਮ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਨ੍ਹਾਂ ਨੇ ਘਰ ਵਾਪਸ ਆ ਕੇ ਪਿਤਾ-ਪੁਰਖੀ ਧੰਦਾ, ਜੋ ਕਿ ਖੇਤੀ ਸੀ, ਇਸਨੂੰ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਆਪਣੇ ਬਜ਼ੁਰਗਾਂ ਵਾਲੇ ਢੰਗ ਨਾਲ ਹੀ ਖੇਤੀ ਕਰਨੀ ਸ਼ੁਰੂ ਕੀਤੀ, ਪਰ ਇਸ ਵਿੱਚ ਕੁੱਝ ਖਾਸ ਮੁਨਾਫ਼ਾ ਨਹੀਂ ਸੀ ਮਿਲ ਰਿਹਾ। ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚੱਲਣੀ ਵੀ ਮੁਸ਼ਕਿਲ ਹੋ ਰਹੀ ਸੀ, ਕਿਉਂਕਿ ਉਨ੍ਹਾਂ ਦਾ ਮੁਨਾਫ਼ਾ ਕੇਵਲ ਗੁਜ਼ਾਰੇ ਯੋਗ ਹੀ ਸੀ। ਪਰ ਉਸ ਸਮੇਂ ਉਨ੍ਹਾਂ ਨੇ ਪਤੰਜਲੀ ਬਰੈਂਡ ਅਤੇ ਇਸਦੇ ਐਲੋਵੇਰਾ ਉਤਪਾਦਾਂ ਦੇ ਬਾਰੇ ਸੁਣਿਆ। ਉਨ੍ਹਾਂ ਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਇਨ੍ਹਾਂ ਉਤਪਾਦਾਂ ਨੂੰ ਬਣਾਉਣ ਲਈ ਪਤੰਜਲੀ ਵਿੱਚ ਐਲੋਵੇਰਾ ਦੀ ਬਹੁਤ ਮਾਤਰਾ ਵਿੱਚ ਉਪਜ ਦੀ ਲੋੜ ਹੈ। ਸੋ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਕੇਵਲ 15000 ਰੁਪਏ ਦੇ ਨਿਵੇਸ਼ ਨਾਲ 1 ਬਿੱਘੇ ਵਿੱਚ ਐਲੋਵੇਰਾ ਦੀ ਖੇਤੀ Babie Densis ਨਾਮ ਦੀ ਕਿਸਮ ਨਾਲ ਸ਼ੁਰੂ ਕੀਤੀ।

ਇਸ ਸਭ ਦੇ ਚੱਲਦੇ, ਇੱਕ ਵਾਰ ਤਾਂ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਵਿਰੁੱਧ ਹੋ ਗਿਆ, ਕਿਉਂਕਿ ਉਹ ਜੋ ਕੰਮ ਵੀ ਕਰ ਰਹੇ ਸਨ, ਉਸ ‘ਤੇ ਪਰਿਵਾਰ ਨੂੰ ਕੋਈ ਯਕੀਨ ਨਹੀਂ ਸੀ ਅਤੇ ਉਨ੍ਹਾਂ ਸਮਿਆਂ ਵਿੱਚ ਆਪਣੇ ਖੇਤਰ(ਜ਼ਿਲ੍ਹਾ ਗੰਗਾਨਗਰ) ਵਿੱਚ ਐਲੋਵੇਰਾ ਦੀ ਖੇਤੀ ਕਰਨ ਵਾਲੇ ਪਹਿਲੇ ਕਿਸਾਨ ਸਨ। ਪਰ ਰਾਜਾ ਰਾਮ ਜੀ ਨੇ ਆਪਣਾ ਮਨ ਨਹੀਂ ਬਦਲਿਆ, ਕਿਉਂਕਿ ਉਨ੍ਹਾਂ ਨੂੰ ਖੁਦ ‘ਤੇ ਯਕੀਨ ਸੀ। ਇੱਕ ਸਾਲ ਬਾਅਦ, ਆਖਰ ਜਦੋਂ ਐਲੋਵੇਰਾ ਦੇ ਪੌਦੇ ਪੱਕ ਕੇ ਤਿਆਰ ਹੋ ਗਏ, ਕੁੱਝ ਖਰੀਦਦਾਰਾਂ ਨੇ ਉਨ੍ਹਾਂ ਦੀ ਉਪਜ ਖਰੀਦਣ ਲਈ ਸੰਪਰਕ ਕੀਤਾ ਅਤੇ ਉਦੋਂ ਤੋਂ ਹੀ ਉਹ ਆਪਣੀ ਉਪਜ ਫਾਰਮ ਤੋਂ ਹੀ ਵੇਚਦੇ ਹਨ, ਉਹ ਵੀ ਬਿਨਾਂ ਕੋਈ ਵਾਧੂ ਯਤਨ ਕੀਤੇ। ਉਹ ਇੱਕ ਸਾਲ ਵਿੱਚ ਇੱਕ ਬਿੱਘੇ ਤੋਂ ਇੱਕ ਲੱਖ ਰੁਪਏ ਤੱਕ ਦਾ ਮੁਨਾਫ਼ਾ ਲੈਂਦੇ ਹਨ।

ਜਿਵੇਂ ਕਿ ਰਾਜਸਥਾਨ ਵਿੱਚ ਐਲੋਵੇਰਾ ਦੇ ਉਤਪਾਦ ਤਿਆਰ ਕਰਨ ਵਾਲੀਆਂ ਬਹੁਤ ਫੈਕਟਰੀਆਂ ਹਨ, ਇਸ ਲਈ ਹਰ 50 ਦਿਨ ਬਾਅਦ ਖਰੀਦਦਾਰਾਂ ਦੁਆਰਾ ਦੋ ਟਰੱਕ ਉਨ੍ਹਾਂ ਦੇ ਫਾਰਮ ‘ਤੇ ਭੇਜੇ ਜਾਂਦੇ ਹਨ, ਅਤੇ ਉਨ੍ਹਾਂ ਦਾ ਕੰਮ ਕੇਵਲ ਮਜ਼ਦੂਰਾਂ ਦੀ ਮਦਦ ਨਾਲ ਟਰੱਕਾਂ ਨੂੰ ਲੋਡ ਕਰਨਾ ਹੁੰਦਾ ਹੈ। ਹੁਣ ਉਨ੍ਹਾਂ ਨੇ ਵਧੇਰੇ ਮੁਨਾਫ਼ਾ ਲੈਣ ਲਈ ਅੰਤਰ-ਫ਼ਸਲੀ ਵਿਧੀ ਦੁਆਰਾ ਐਲੋਵੇਰਾ ਦੇ ਖੇਤਾਂ ਵਿੱਚ ਮੋਰਿੰਗਾ ਦੇ ਪੌਦੇ ਵੀ ਲਾਏ ਹਨ।

ਇਸ ਸਮੇਂ ਉਹ ਖੁਸ਼ੀ-ਖੁਸ਼ੀ ਆਪਣੇ ਪਰਿਵਾਰ (ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ) ਨਾਲ ਰਹਿ ਰਹੇ ਹਨ ਅਤੇ ਪੂਰੇ ਫਾਰਮ ਦਾ ਕੰਮ-ਕਾਜ ਖੁਦ ਹੀ ਸੰਭਾਲਦੇ ਹਨ। ਉਨ੍ਹਾਂ ਕੋਲ ਖੇਤੀ ਲਈ ਇੱਕ ਟਿਊਬਵੈੱਲ ਅਤੇ ਟ੍ਰੈਕਟਰ ਹੈ। ਉਹ ਆਪਣੇ ਖੇਤਾਂ ਵਿੱਚ ਐਲੋਵੇਰਾ, ਮੋਰਿੰਗਾ ਅਤੇ ਨਰਮੇ ਦੀ ਖੇਤੀ ਲਈ ਕੇਵਲ ਜੈਵਿਕ ਖੇਤੀ ਤਕਨੀਕ ਹੀ ਅਪਨਾਉਂਦੇ ਹਨ। ਇਨ੍ਹਾਂ ਤਿੰਨਾਂ ਫ਼ਸਲਾਂ ਤੋਂ ਇਲਾਵਾ ਉਹ ਭਿੰਡੀ, ਤੋਰੀ, ਖੀਰੇ, ਲੌਕੀ, ਗੁਆਰੇ ਦੀਆਂ ਫਲੀਆਂ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ।

ਰਾਜਾ ਰਾਮ ਜਾਖੜ ਜੀ ਨੇ ਅੰਤਰ-ਫ਼ਸਲੀ ਲਈ ਮੋਰਿੰਗਾ ਦੇ ਪੌਦਿਆਂ ਨੂੰ ਇਸ ਲਈ ਚੁਣਿਆ, ਕਿਉਂਕਿ ਇਸ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ ਅਤੇ ਇਸਨੂੰ ਘੱਟ ਦੇਖਭਾਲ ਕਰਕੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਹੁਣ ਉਨ੍ਹਾਂ ਨੇ ਪੌਦੇ ਵੇਚਣ ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ ਜੋ ਕਿਸਾਨ ਐਲੋਵੇਰਾ ਦੀ ਖੇਤੀ ਲਈ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁਫ਼ਤ ਸਿਖਲਾਈ ਵੀ ਦਿੰਦੇ ਹਨ। ਰਾਜਾ ਰਾਮ ਜੀ ਆਪਣੇ ਭਵਿੱਖਵਾਦੀ ਵਿਚਾਰਾਂ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਅਜੇ ਤੱਕ ਕਦੇ ਵੀ ਉਨ੍ਹਾਂ ਨੇ ਸਰਕਾਰ ਜਾਂ ਕਿਸੇ ਹੋਰ ਸ੍ਰੋਤ ਤੋਂ ਮਦਦ ਨਹੀਂ ਲਈ ਅਤੇ ਜੋ ਕੁੱਝ ਵੀ ਕੀਤਾ ਖੁਦ ਤੋਂ ਹੀ ਕੀਤਾ। ਉਹ ਭਵਿੱਖ ਵਿੱਚ ਆਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਐਲੋਵੇਰਾ ਦੀ ਖੇਤੀ ਤੋਂ ਜਾਗਰੂਕ ਕਰਵਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕੁੱਝ ਵੀ ਨਵਾਂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਮੰਡੀਕਰਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਰ ਖੇਤੀ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਬਹੁਤ ਸਾਰੇ ਮੌਕੇ ਮਿਲਦੇ ਰਹਿੰਦੇ ਹਨ, ਬਸ ਉਨ੍ਹਾਂ ਨੂੰ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਗੁਆਉਣਾ ਨਹੀਂ ਚਾਹੀਦਾ।”

 

ਹਿੰਦ ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਵਿੱਚ ਜੋਜੋਬਾ ਦੀ ਖੇਤੀ ਕਰਨ ਵਾਲੇ ਕਿਸਾਨ ਨਾਲ ਮਿਲੋ, ਜਿਸਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਹਾਸਿਲ ਕੀਤੀ, ਪਰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ

ਖੇਤੀਬਾੜੀ ਨਾ ਕਦੇ ਅਸਾਨ ਸੀ ਅਤੇ ਨਾ ਹੀ ਅਸਾਨ ਹੋਵੇਗੀ। ਪਰ ਕਈ ਲੋਕਾਂ ਲਈ, ਜਿਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੁੰਦਾ, ਉਨ੍ਹਾਂ ਲਈ ਖੇਤੀ ਹੀ ਇੱਕ-ਮਾਤਰ ਵਿਕਲਪ ਹੁੰਦਾ ਹੈ। ਇਸ ਲਈ ਅੱਜ ਦੇ ਕਈ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਅਤੇ ਕਾਲਜ ਭੇਜਦੇ ਹਨ, ਤਾਂ ਕਿ ਬੱਚੇ ਜੋ ਚਾਹੁੰਦੇ ਹਨ ਉਹ ਚੁਣਨ ਅਤੇ ਜੋ ਬਣਨਾ ਚਾਹੁੰਦੇ ਹਨ, ਉਹੀ ਬਣਨ। ਪਰ ਹਿੰਦ ਪਾਲ ਸਿੰਘ ਇੱਕ ਅਜਿਹੇ ਇਨਸਾਨ ਹਨ, ਜਿਨ੍ਹਾਂ ਕੋਲ ਚੰਗਾ ਕਾਰੋਬਾਰ ਚੁਣਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਖੇਤੀਬਾੜੀ ਨੂੰ ਚੁਣਿਆ।

ਹਿੰਦ ਪਾਲ ਸਿੰਘ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਕ੍ਰਿਸ਼ੀ ਪਰਿਵਾਰ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਬਹੁਤ ਹੀ ਅਲੱਗ ਅਤੇ ਆਧੁਨਿਕ ਵਾਤਾਵਰਨ ਵਿੱਚ ਹੋਇਆ। ਆਪਣੇ ਪਿਤਾ ਨਾਲੋਂ ਅਲੱਗ ਪੇਸ਼ਾ ਚੁਣਨ ਦੇ ਉਦੇਸ਼ ਨਾਲ ਉਨ੍ਹਾਂ ਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਵਿੱਚ ਬੈਚਲਰ ਦੀ ਡਿਗਰੀ ਕੀਤੀ।

“ਪਰ ਸ਼ਾਇਦ ਹਿੰਦ ਪਾਲ ਸਿੰਘ ਦਾ ਇਸੇ ਖੇਤਰ ਵਿੱਚ ਕਾਰੋਬਾਰ ਜਾਰੀ ਰੱਖਣਾ ਕਿਸਮਤ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੇ ਪਿਤਾ ਕਿਸਾਨ ਸੀ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਦੀ ਕਾਫੀ ਰੁਚੀ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਤੀਬਾੜੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।”

ਆਪਣੇ ਪਿਤਾ ਦਾ ਖੇਤੀ ਵੱਲ ਨੂੰ ਰੁਝਾਨ ਦੇਖ ਕੇ ਉਨ੍ਹਾਂ ਨੇ ਪਿਤਾ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਮੈਗਜ਼ੀਨ ਜਿਵੇਂ ਕਿ ਚੰਗੀ ਖੇਤੀ ਆਦਿ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਵਿੱਚੋਂ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਨੇ ਜੋਜੋਬਾ ਦੀ ਖੇਤੀ ਬਾਰੇ ਪੜ੍ਹਿਆ ਅਤੇ ਇਸਨੂੰ ਸ਼ੁਰੂ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਜੈਪੁਰ ਦਾ ਦੌਰਾ ਕੀਤਾ ਅਤੇ ਉੱਥੇ ਜੋਜੋਬਾ ਦੀ ਖੇਤੀ ਦੀ ਟ੍ਰੇਨਿੰਗ ਲਈ। ਸ਼੍ਰੀ ਸੈਣੀ ਜੀ ਟ੍ਰੇਨਿੰਗ ਸਟਾਫ਼ ਦੇ ਮੈਂਬਰ ਸਨ, ਜਿਨ੍ਹਾਂ ਨੇ ਜੋਜੋਬਾ ਦੀ ਖੇਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਨਿਰਦੇਸ਼ਿਤ ਕੀਤਾ ਅਤੇ ਖ਼ਾਸ ਤੌਰ ‘ਤੇ ਸ਼ਹਿਰ ਵਿੱਚ ਸਥਿਤ ਆਪਣੇ ਫਾਰਮ ਦਾ ਦੌਰਾ ਵੀ ਕਰਵਾਇਆ।

ਸ਼ੁਰੂ ਵਿੱਚ ਹਿੰਦ ਪਾਲ ਸਿੰਘ ਜੋਜੋਬਾ ਦੀ ਖੇਤੀ ਸ਼ੁਰੂ ਕਰਨ ਸਮੇਂ ਥੋੜ੍ਹਾ ਘਬਰਾਏ, ਪਰ ਹੁਣ 12 ਸਾਲ ਤੋਂ ਉਹ ਜੋਜੋਬਾ ਦੀ ਖੇਤੀ ਕਰ ਰਹੇ ਹਨ ਅਤੇ ਇਸਦੀ ਉਪਜ ਅਤੇ ਲਾਭ ਤੋਂ ਕਾਫੀ ਖੁਸ਼ ਹਨ। ਉਹ ਜੋਜੋਬਾ ਦੇ ਪੌਦੇ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦਦੇ ਹਨ, ਕਿਉਂਕਿ ਜੋਜੋਬਾ ਦੇ ਪੌਦੇ 10:1 ਅਨੁਪਾਤ ਵਿੱਚ ਉਗਾਏ ਜਾਂਦਾ ਹਨ, ਜਿਸ ਵਿੱਚ 10 ਪੌਦੇ ਮਾਦਾ ਅਤੇ 1 ਪੌਦਾ ਨਰ ਹੁੰਦਾ ਹੈ ਅਤੇ ਇੱਕ ਉੱਚਿਤ ਖੇਤੀਬਾੜੀ ਯੂਨੀਵਰਸਿਟੀ ਜਾਂ ਮਾਹਿਰ ਹੀ ਸਹੀ ਜੋਜੋਬਾ ਦੇ ਪੌਦੇ ਉਪਲੱਬਧ ਕਰਾ ਸਕਦੇ ਹਨ, ਕਿਉਂਕਿ ਆਮ ਲੋਕ ਫੁੱਲ ਨਿਕਲਣ ਤੋਂ ਪਹਿਲਾਂ(ਤਿੰਨ ਸਾਲ ਤੱਕ) ਨਰ ਅਤੇ ਮਾਦਾ ਪੌਦੇ ਦੀ ਪਹਿਚਾਣ ਨਹੀਂ ਕਰ ਸਕਦੇ।

“ਨਰ ਪੌਦਿਆਂ ਦੇ ਪ੍ਰਜਣਨ ਦੁਆਰਾ ਮਾਦਾ ਪੌਦੇ ਫੁੱਲਾਂ ਤੋਂ ਬੀਜਾਂ ਦਾ ਉਤਪਾਦਨ ਕਰਦੇ ਹਨ, ਬੀਜ ਉਤਪਾਦਨ ਲਈ ਮਾਦਾ ਪੌਦੇ ਨਰ ਪੌਦਿਆਂ ‘ਤੇ ਨਿਰਭਰ ਹੁੰਦੇ ਹਨ।”

ਹਿੰਦ ਪਾਲ ਸਿੰਘ ਲਈ ਜੋਜੋਬਾ ਦੀ ਖੇਤੀ ਅਤੇ ਬਿਜਾਈ ਅਸਾਨ ਨਹੀਂ ਸੀ। ਉਨ੍ਹਾਂ ਦੇ ਰਸਤੇ ਵਿੱਚ ਸਿਉਂਕ ਅਤੇ ਫੰਗਸ ਵਰਗੀਆਂ ਕਈ ਸਮੱਸਿਆਵਾਂ ਆਈਆਂ, ਪਰ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ। ਉਹ ਹਮੇਸ਼ਾ ਮਾਹਿਰਾਂ ਤੋਂ ਸਲਾਹ ਲੈਂਦੇ ਹਨ ਅਤੇ ਖੇਤੀ ਲਈ ਮਾਈਕ੍ਰੋ ਫੂਡ ਅਤੇ ਮੁੱਢਲੀਆਂ ਖਾਦਾਂ ਦੀ ਵਰਤੋਂ ਕਰਦੇ ਹਨ। ਬਿਜਾਈ ਤੋਂ ਬਾਅਦ 6 ਤੋਂ 7 ਸਾਲ ਤੱਕ ਜੋਜੋਬਾ ਦਾ ਪੌਦਾ ਫਲ ਦੇਣਾ ਸ਼ੁਰੂ ਕਰਦਾ ਹੈ।

“ਇੱਕ ਵਾਰ ਨਿਵੇਸ਼- ਰਾਜਸਥਾਨ ਵਰਗੇ ਖੇਤਰ, ਜਿੱਥੇ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਹੈ, ਉੱਥੇ ਜੋਜੋਬਾ ਦੀ ਖੇਤੀ ਕਰਨ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਫ਼ਸਲ ਨੂੰ ਸਿੰਚਾਈ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ(ਇਹ ਪੌਦਾ 2 ਸਾਲ ਤੱਕ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ)। ਇਸ ਤੋਂ ਇਲਾਵਾ ਇਸ ਪੌਦੇ ਦੀ ਉਮਰ 100 ਸਾਲ ਤੱਕ ਹੁੰਦੀ ਹੈ।”

ਸ਼ੁਰੂਆਤ ਵਿੱਚ, ਜਦੋਂ ਜੋਜੋਬਾ ਦੇ ਪੌਦੇ ਛੋਟੇ ਹੁੰਦੇ ਹਨ, ਉਸ ਸਮੇਂ ਇਸ ਵਿੱਚ ਅੰਤਰ-ਫ਼ਸਲੀ ਵੀ ਅਪਨਾਈ ਜਾ ਸਕਦੀ ਹੈ, ਕਿਉਂਕਿ 6 ਤੋਂ 7 ਸਾਲ ਤੱਕ ਇਹ ਬੀਜ ਨਹੀਂ ਪੈਦਾ ਕਰਦੇ। ਉਨ੍ਹਾਂ ਨੇ ਉਪਜ ਦੇ ਮੰਡੀਕਰਨ ਵਿੱਚ ਵੀ ਕੁੱਝ ਸਮੱਸਿਆਵਾਂ ਦਾ ਸਾਹਮਣਾ ਕੀਤਾ, ਪਰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲਈ। ਕਾੱਸਮੈਟਿਕ ਕੰਪਨੀਆਂ ਨੂੰ ਫੇਸ ਕਰੀਮ, ਤੇਲ, ਫੇਸ ਵਾੱਸ਼ ਅਤੇ ਕਈ ਹੋਰ ਸੁੰਦਰਤਾ ਵਾਲੇ ਉਤਪਾਦ ਬਣਾਉਣ ਲਈ ਜੋਜੋਬਾ ਦੇ ਬੀਜਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਗ੍ਰਾਹਕਾਂ ਨੂੰ ਜਲਦੀ ਹੀ ਲੱਭਿਆ ਅਤੇ ਮੁਨਾਫ਼ਾ ਲੈਣਾ ਸ਼ੁਰੂ ਕੀਤਾ।

“ਜੋਜੋਬਾ ਦੇ ਤੇਲ ਵਿੱਚ ਵਿਸਕੋਸਿਟੀ ਇੰਡੈੱਕਸ ਦੇ ਕਾਰਨ ਇਸਨੂੰ ਬਾਲਣ(ਈਂਧਨ) ਤੇਲ ਦੇ ਰੂਪ ਵਿੱਚ ਵਿਕਲਪੀ ਤੌਰ ‘ਤੇ ਵਰਤਿਆ ਜਾਂਦਾ ਹੈ। ਇਸਨੂੰ ਹਾਈ-ਸਪੀਡ ਮਸ਼ੀਨਰੀ ਜਾਂ ਉੱਚ-ਤਾਪਮਾਨ ‘ਤੇ ਚੱਲਣ ਵਾਲੀਆਂ ਮਸ਼ੀਨਾਂ ਲਈ ਟ੍ਰਾਂਸਫਾਰਮਰ ਤੇਲ ਜਾਂ ਲੁਬਰੀਕੈਂਟ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।”

ਇਸ ਤੋਂ ਇਲਾਵਾ ਉਹ ਜੋਜੋਬਾ ਦੀ ਖੇਤੀ ਲਗਭਗ 5 ਏਕੜ ਵਿੱਚ ਕਰਦੇ ਹਨ। ਬਾਕੀ 65 ਏਕੜ ਜ਼ਮੀਨ ‘ਤੇ ਉਹ ਨਰਮੇ, ਕਣਕ, ਮੌਸੰਮੀ, ਸਬਜ਼ੀਆਂ, ਸਰ੍ਹੋਂ, ਕਿੰਨੂ ਅਤੇ ਹੋਰ ਫਸਲਾਂ ਉਗਾਉਂਦੇ ਹਨ। ਉਹ ਚੰਗੀ ਖੇਤੀ ਲਈ ਸਾਰੀਆਂ ਆਧੁਨਿਕ ਮਸ਼ੀਨਰੀ ਜਿਵੇਂ ਕਿ ਟ੍ਰੈਕਟਰ, ਟਰਾਲੀ, ਹਲ਼, ਲੈਵਲਰ, ਡਿਸਕ ਹੈਰੋ ਅਤੇ ਤੁਪਕਾ ਸਿੰਚਾਈ ਦੀ ਵਰਤੋਂ ਕਰਦੇ ਹਨ। ਉਹ ਭਵਿੱਖ ਵਿੱਚ ਇਸ ਕੰਮ ਨੂੰ ਵਧਾਉਣਾ ਚਾਹੁੰਦੇ ਹਨ, ਜੋ ਉਹ ਹੁਣ ਕਰ ਰਹੇ ਹਨ ਅਤੇ ਜੋਜੋਬਾ ਦੇ ਬੀਜਾਂ ਦੇ ਵਫਾਦਾਰ ਅਤੇ ਮੁਨਾਫ਼ੇ ਵਾਲੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। 45 ਹਜ਼ਾਰ ਦੇ ਨਿਵੇਸ਼ ਨਾਲ ਅੱਜ ਉਹ ਲੱਖਾਂ ਕਮਾ ਰਹੇ ਹਨ। ਇਸ ਤੋਂ ਇਲਾਵਾ ਜੋਜੋਬਾ ਇੱਕ ਬਿਮਾਰੀ-ਰਹਿਤ ਅਤੇ ਅੱਗ ਦਾ ਪ੍ਰਤੀ ਰੋਧਕ ਪੌਦਾ ਹੈ, ਜਿਸਨੂੰ ਇੱਕ ਵਾਰ ਵਿਕਸਿਤ ਹੋ ਜਾਣ ਤੋਂ ਬਾਅਦ ਬਹੁਤ ਘੱਟ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ।

ਕਿਸਾਨਾਂ ਨੂੰ ਸੰਦੇਸ਼:
ਕਿਸਾਨਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਖੇਤੀਬਾੜੀ ਤੋਂ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਕੁੱਝ ਅਲੱਗ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ, ਕਿਸਾਨਾਂ ਨੂੰ ਆਪਣੇ ਮੁਨਾਫ਼ੇ ਦਾ ਹਿਸਾਬ ਰੱਖਣਾ ਚਾਹੀਦਾ ਹੈ ਅਤੇ ਜੇਕਰ ਉਹ ਕੁੱਝ ਅਲੱਗ ਸ਼ੁਰੂ ਕਰਦੇ ਹਨ ਤਾਂ ਉਸ ਲਈ 100% ਯਤਨ ਕਰਨੇ ਚਾਹੀਦੇ ਹਨ।”

ਸੁਨੀਤਾ ਦੇਵੀ

ਪੂਰੀ ਕਹਾਣੀ ਪੜ੍ਹੋ

ਜਾਣੋ, ਕਿਵੇਂ ਇੱਕ ਮਾਂ-ਧੀ ਦਾ ਜੋੜੀ ਆਪਣੇ ਹੱਥਕੱਢ ਵਾਲੇ ਫੁਲਕਾਰੀ ਉਤਪਾਦਾਂ ਵੱਲ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ

ਸਾਡੇ ਭਾਰਤੀ ਸਮਾਜ ਵਿੱਚ ਸ਼ੁਰੂ ਤੋਂ ਹੀ ਪੁਰਸ਼ਾਂ ਨੂੰ ਹੀ ਘਰ ਦੇ ਖ਼ਾਸ ਅਤੇ ਹੈੱਡ ਮੈਂਬਰ ਮੰਨਿਆ ਜਾਂਦਾ ਹੈ, ਜੋ ਪਰਿਵਾਰ ਲਈ ਕਮਾਈ ਕਰਦੇ ਹਨ। ਦੂਜੇ ਪਾਸੇ ਔਰਤਾਂ ਨੂੰ, ਜੋ ਘਰ ਦੇ ਸਾਰੇ ਕੰਮ (ਕੱਪੜੇ ਧੋਣਾ, ਖਾਣਾ ਬਣਾਉਣਾ, ਘਰ ਦੀ ਸਫ਼ਾਈ ਆਦਿ) ਸਹੀ ਸਮੇਂ ‘ਤੇ ਕਰਕੇ ਪਰਿਵਾਰ ਨੂੰ ਉਪਲੱਬਧ ਕਰਵਾਉਂਦੀਆਂ ਹਨ, ਉਹਨਾਂ ਨੂੰ ਘਰੇਲੂ ਮਹਿਲਾ ਤੋਂ ਵੱਧ ਨਹੀਂ ਸਮਝਿਆ ਜਾਂਦਾ। ਇਹ ਸਭ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਪਰ ਹੁਣ ਸਭ ਬਦਲ ਗਿਆ ਹੈ। ਹੁਣ ਕਈ ਮਹਿਲਾਵਾਂ ਅੱਗੇ ਆ ਕੇ ਸਮਾਜ ਲਈ ਪ੍ਰੇਰਣਾ ਬਣ ਰਹੀਆਂ ਹਨ ਅਤੇ ਪਰਿਵਾਰ ਵਿੱਚ ਮਰਦ ਅਤੇ ਔਰਤ ਵਾਲੀਆਂ ਦੋਨੋਂ ਭੂਮਿਕਾਵਾਂ ਨਿਭਾ ਰਹੀਆਂ ਹਨ ਅਤੇ ਨਾਲ ਹੀ ਦੁਨੀਆ ਦੀ ਸੋਚ ਨੂੰ ਬਦਲ ਰਹੀਆਂ ਹਨ।

ਪੰਜਾਬ ਵਿੱਚ ਪੈਂਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਛੋਟੇ ਜਿਹੇ ਪਿੰਡ (ਚਨਾਰਥਲ ਖੁਰਦ) ਤੋਂ ਦੋ ਅਜਿਹੀਆਂ ਮਹਿਲਾਵਾਂ ਆਪਣੇ ਪਿੰਡ ਤੋਂ 10 ਮਹਿਲਾਵਾਂ ਨੂੰ ਆਪਣੇ ਨਾਲ ਜੋੜ ਕੇ ਫੁਲਕਾਰੀ ਦਾ ਸਫ਼ਲ ਕਾਰੋਬਾਰ ਚਲਾ ਰਹੀਆਂ ਹਨ। ਮਹਿਲਾਵਾਂ ਦੀ ਇਹ ਜੋੜੀ ਮਾਂ-ਧੀ ਦੀ ਹੈ। ਉਹ ਕਾਰੋਬਾਰ ਦੇ ਹਰੇਕ ਕੰਮ ਦਾ ਬੜੀ ਅਸਾਨੀ ਨਾਲ ਪ੍ਰਬੰਧ ਕਰਦੀਆਂ ਹਨ। ਇਸ ਗਰੁੱਪ ਦੀ ਪ੍ਰਧਾਨ ਸੁਨੀਤਾ ਦੇਵੀ (ਮਾਂ) ਅਤੇ ਬੇਅੰਤ ਸ਼ਰਮਾ (ਬੇਟੀ) ਹਨ। ਬੇਅੰਤ ਇੱਕ ਉੱਦਮੀ, ਜਵਾਨ ਅਤੇ ਵਿਚਾਰ-ਵਟਾਂਦਰੇ ਵਾਲੀ ਮੈਂਬਰ ਹੈ, ਜੋ ਹਰ ਮੰਚ ‘ਤੇ ਗਰੁੱਪ ਦੀ ਨੁਮਾਇੰਦਗੀ ਕਰਦੀ ਹੈ।

1996 ਵਿੱਚ ਸੁਨੀਤਾ ਜੀ ਦੇ ਪਤੀ ਜੀ ਦੀ ਮੌਤ ਹੋ ਗਈ ਅਤੇ ਇਹ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁੱਖ ਅਤੇ ਤੰਗੀ ਵਾਲਾ ਸੀ। ਇੱਥੋਂ ਤੱਕ ਕਿ ਪਰਿਵਾਰ ਦੇ ਮੈਂਬਰਾਂ ਦਾ ਜਿਊਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਸੁਨੀਤਾ ਜੀ ਅਤੇ ਉਨ੍ਹਾਂ ਦੇ ਬੱਚੇ ਉਸ ਸਦਮੇ ‘ਚੋਂ ਬਾਹਰ ਆਏ ਅਤੇ ਹੌਲੀ-ਹੌਲੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਅੱਜ ਜਿਸ ਮੁਕਾਮ ‘ਤੇ ਹਨ, ਉਸ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਆਂਗਣਵਾੜੀ ਨੇ ਸਥਾਨਕ ਪੱਧਰ ‘ਤੇ ਉਸ ਪਿੰਡ ਦੀਆਂ ਮਹਿਲਾਵਾਂ ਦੀ ਮਦਦ ਲਈ 2012 ਵਿੱਚ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਸੁਨੀਤਾ ਜੀ ਦੀਆਂ ਬੇਟੀਆਂ ਇਸ ਸੈੱਲਫ ਹੈੱਲਪ ਗਰੁੱਪ ਦੀਆਂ ਮੈਂਬਰ ਸਨ। ਉਹ ਫੁਲਕਾਰੀ, ਸੂਟ, ਦੁਪੱਟਾ, ਸ਼ਾਲ ਅਤੇ ਜੈਕੇਟ ਦੇ ਹਰ ਟੁਕੜੇ ‘ਤੇ ਮਿਹਨਤ ਨਾਲ ਕੰਮ ਕਰਦੇ ਸਨ, ਪਰ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦੀ ਸਹੀ ਕੀਮਤ ਨਹੀਂ ਪ੍ਰਾਪਤ ਕਰ ਰਹੇ ਸਨ। ਕੁੱਝ ਵੀ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਿਹਾ ਸੀ। ਇਸ ਲਈ ਇੱਕ ਮੀਟਿੰਗ ਵਿੱਚ ਬੇਅੰਤ ਸ਼ਰਮਾ ਨੇ ਆਪਣੀ ਅਤੇ ਹੋਰ ਮਹਿਲਾਵਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਸ ਤੋਂ ਬਾਅਦ 2017 ਵਿੱਚ ਦੋ ਗਰੁੱਪ ਬਣਾਏ ਗਏ- ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਅਤੇ ਦੇਵੀ ਅੰਨਪੂਰਣਾ ਗਰੁੱਪ। ਸੁਨੀਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਦੇ ਪ੍ਰਧਾਨ ਚੁਣੇ ਗਏ ਅਤੇ ਬੇਅੰਤ ਨੂੰ ਗਰੁੱਪ ਦੀ ਨੁਮਾਇੰਦਗੀ ਲਈ ਚੁਣਿਆ ਗਿਆ। ਹਾਲਾਂਕਿ ਪੂਰੇ ਗੁਰੱਪ ਨੇ ਵਧੀਆ ਕੋਸ਼ਿਸ਼ ਕੀਤੀ, ਪਰ ਗਰੁੱਪ ਬਣਾਉਣ ਵਿੱਚ ਬੇਅੰਤ ਦੀ ਇੱਛਾ-ਸ਼ਕਤੀ ਅਤੇ ਸੁਨੀਤਾ ਜੀ ਦੇ ਆਪਣੀ ਧੀ ਨੂੰ ਦਿੱਤੇ ਗਏ ਸਮਰਥਨ ਦਾ ਮੁੱਖ ਹਿੱਸਾ ਹੈ। ਜਦੋਂ ਪਿਆਰ ਅਤੇ ਕੌਸ਼ਲ ਮਿਲ ਕੇ ਕੰਮ ਕਰਦੇ ਹਨ. ਤਾਂ ਉੱਤਮ-ਰਚਨਾ ਹੋਣ ਦੀ ਉਮੀਦ ਹੁੰਦੀ ਹੈ।

ਇਸ ਤੋਂ ਪਹਿਲਾਂ ਆਰਥਿਕ-ਸੰਕਟ ਦੇ ਕਾਰਨ ਬੇਅੰਤ ਅਤੇ ਹੋਰ ਬੱਚਿਆਂ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ, ਪਰ ਹੁਣ ਸਭ ਵਧੀਆ ਹੋ ਰਿਹਾ ਹੈ। ਬੇਅੰਤ ਅਤੇ ਹੋਰ ਕੁੜੀਆਂ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਯੋਜਨਾ ਬਣਾ ਰਹੀਆਂ ਹਨ। ਬੇਅੰਤ ਨੇ ਪੰਜਾਬੀ ਯੂਨੀਵਰਸਿਟੀ ਤੋਂ B.A. ਪ੍ਰਾਈਵੇਟ ਕਰਨ ਦੀ ਯੋਜਨਾ ਬਣਾਈ ਗਈ ਹੈ।

ਸੁਨੀਤਾ ਦੇ ਪਰਿਵਾਰ ਵਿੱਚ ਕੁੱਲ 6 ਮੈਂਬਰ ਹਨ, ਚਾਰ ਧੀਆਂ, ਇੱਕ ਪੁੱਤਰ ਅਤੇ ਖੁਦ। ਪੁੱਤਰ ਕੌਂਟਰੈਕਟ ਆਧਾਰ ‘ਤੇ ਗੁਜਰਾਤ ਵਿੱਚ ਹੌਂਡਾ ਸਿਟੀ ਵਿੱਚ ਕੰਮ ਕਰ ਰਿਹਾ ਹੈ ਅਤੇ ਧੀਆਂ ਗਰੁੱਪ ਚਲਾਉਣ ਵਿੱਚ ਆਪਣੀ ਮਾਂ ਦਾ ਸਾਥ ਦੇ ਰਹੀਆਂ ਹਨ। ਬੇਅੰਤ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਹੈ ਅਤੇ ਵੱਖ-ਵੱਖ ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਵਿੱਚ ਆਪਣੇ ਗਰੁੱਪ ਦੀ ਪ੍ਰਤੀਨਿਧਤਾ ਕਰਦੀ ਹੈ। ਅੱਜ, ਸੁਨੀਤਾ ਜੀ ਅਤੇ ਬੇਅੰਤ ਬਹੁਤ ਸਾਰੇ ਗ੍ਰਾਹਕਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੇ ਉਤਪਾਦ ਵੇਚ ਕੇ ਉਤਪਾਦਨ ਵਸਤੂਆਂ ਦਾ ਸਹੀ ਮੁੱਲ ਪ੍ਰਾਪਤ ਕਰਦੇ ਹਨ। ਬੇਅੰਤ ਇੱਕ ਜਵਾਨ ਕੁੜੀ ਹੈ, ਜੋ ਵਰਤਮਾਨ ਸਮੇਂ ਦੇ ਮੰਡੀਕਰਨ ਦੀਆਂ ਪ੍ਰਕਿਰਿਆਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਉਨ੍ਹਾਂ ਦਾ ਪਾਲਣ ਵੀ ਕਰਦੀ ਹੈ। ਉਸਨੇ ਗਰੁੱਪ ਦੇ ਨਾਮ ‘ਤੇ ਵਿਜ਼ੀਟਿੰਗ ਕਾਰਡ ਬਣਾਏ ਹਨ ਅਤੇ ਵੱਟਸ-ਐਪ ਦੇ ਮਾਧਿਅਮ ਨਾਲ ਸਾਰੇ ਗ੍ਰਾਹਕਾਂ ਨਾਲ ਜੁੜੀ ਹੋਈ ਹੈ। ਇਸ ਗਰੁੱਪ ਦੁਆਰਾ ਬਣਾਏ ਗਏ ਹੈਂਡਕਰਾਫਟਿੰਗ ਦੇ ਉਤਪਾਦ ਅਸਲ ਵਿੱਚ ਬਹੁਤ ਹੀ ਸੁੰਦਰ, ਅਲੱਗ ਅਤੇ ਕੁਆਲਿਟੀ ਵਿੱਚ ਉੱਤਮ ਹੁੰਦੇ ਹਨ। ਉਹ ਸਾਰਾ ਕੱਚਾ ਮਾਲ ਸਰਹਿੰਦ ਤੋਂ ਖਰੀਦਦੇ ਹਨ ਅਤੇ ਫੁਲਕਾਰੀ ਸੂਟ, ਦੁਪੱਟਾ, ਕੀ-ਰਿੰਗ, ਬੂਕ-ਮਾਰਕਰ, ਸ਼ਾੱਲ, ਜੈਕੇਟ ਅਤੇ ਹੋਰ ਘਰੇਲੂ ਸਜਾਵਟ ਦੀਆਂ ਚੀਜ਼ਾਂ ਤਿਆਰ ਕਰਦੇ ਹਨ। ਭਵਿੱਖ ਵਿੱਚ ਉਹ ਫੁਲਕਾਰੀ ਉਤਪਾਦ ਨੂੰ ਹੋਰ ਰਚਨਾਤਮਕ ਡਿਜ਼ਾਈਨਾਂ ਨਾਲ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਮਾਂ-ਧੀ ਦੁਆਰਾ ਦਿੱਤਾ ਗਿਆ ਸੰਦੇਸ਼
“ਮਹਿਲਾ ਵਿੱਚ ਸਭ ਕੁੱਝ ਕਰਨ ਦੀ ਸ਼ਕਤੀ ਹੁੰਦੀ ਹੈ, ਪਰ ਇਹ ਸਭ ਅੰਦਰੂਨੀ ਸ਼ਕਤੀ ਅਤੇ ਦ੍ਰਿੜ ਇਰਾਦੇ ‘ਤੇ ਨਿਰਭਰ ਹੈ। ਇਸ ਲਈ ਕਦੇ ਵੀ ਖੁਦ ਨੂੰ ਘੱਟ ਨਾ ਸਮਝੋ ਅਤੇ ਹਮੇਸ਼ਾ ਆਪਣੇ ਗੁਣ ਨੂੰ ਖੁਦ ਲਈ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕਰੋ। ਇੱਕ ਚੀਜ਼ ਜੋ ਮਹਿਲਾ ਨੂੰ ਹੋਰ ਮਜ਼ਬੂਤ ਕਰਦੀ ਹੈ, ਉਹ ਹੈ ਸਿੱਖਿਆ। ਦੁਨੀਆ ਦੀ ਵਰਤਮਾਨ ਸਥਿਤੀ ਨਾਲ ਅੱਪਡੇਟ ਅਤੇ ਜਾਗਰੂਕ ਹੋਣ ਲਈ ਮਹਿਲਾ ਨੂੰ ਪੂਰੀ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ।”

 

 

ਅਲਤਾਫ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਦੇ ਬੱਕਰੀ ਪਾਲਣ ਪ੍ਰਤੀ ਪਿਆਰ ਨੇ ਉਸਨੂੰ ਬੱਕਰੀ ਪਾਲਣ ਦਾ ਸਫ਼ਲ ਕਿਸਾਨ ਬਣਾ ਦਿੱਤਾ

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਅੱਜ ਦੀ ਕਾਰੋਬਾਰੀ ਦੁਨੀਆ ਵਿੱਚ ਸਫ਼ਲਤਾ ਲਈ ਕਾਲਜ ਦੀ ਸਿੱਖਿਆ ਮਹੱਤਵਪੂਰਣ ਹੈ। ਹਾਂ, ਇਹ ਸੱਚ ਹੈ ਕਿ ਕਾਲਜ ਦੀ ਸਿੱਖਿਆ ਜ਼ਰੂਰੀ ਹੈ ਕਿਉਂਕਿ ਸਿੱਖਿਆ ਇਨਸਾਨ ਨੂੰ ਅੱਪਡੇਟ ਰੱਖਣ ਵਿੱਚ ਮਦਦ ਕਰਦੀ ਹੈ। ਪਰ ਸਫ਼ਲਤਾ ਪਿੱਛੇ ਇੱਕ ਪ੍ਰੇਰਣਾ ਸ਼ਕਤੀ ਹੁੰਦੀ ਹੈ ਅਤੇ ਉਹ ਹੈ ਜਨੂੰਨ। ਤੁਹਾਡਾ ਜਨੂੰਨ ਹੀ ਤੁਹਾਨੂੰ ਪੈਸਾ ਕਮਾਉਣ ਵਿੱਚ ਮਦਦ ਕਰਦਾ ਹੈ ਅਤੇ ਜਨੂੰਨ ਇਨਸਾਨ ਵਿੱਚ ਇੱਕ ਖ਼ਾਸ ਚੀਜ਼ ਦੇ ਪ੍ਰਤੀ ਦਿਲਚਸਪੀ ਹੋਣ ‘ਤੇ ਹੀ ਆਉਂਦਾ ਹੈ।

ਅਜਿਹੇ ਇੱਕ ਇਨਸਾਨ ਹਨ ਅਲਤਾਫ, ਜੋ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਪੱਧਰ ‘ਤੇ ਵਧੀਆ ਚਲਾ ਰਹੇ ਹਨ। ਇਸ ਕੰਮ ਵਿੱਚ ਉਨ੍ਹਾਂ ਦੀ ਸ਼ੁਰੂ ਤੋਂ ਹੀ ਦਿਲਚਸਪੀ ਸੀ, ਜਿਸ ਨਾਲ ਉਨ੍ਹਾਂ ਨੇ ਬੱਕਰੀ-ਪਾਲਣ ਨੂੰ ਆਪਣੇ ਪੇਸ਼ੇ ਦੇ ਰੂਪ ਵਿੱਚ ਅਪਨਾਇਆ ਅਤੇ ਇਹ ਉਨ੍ਹਾਂ ਦਾ ਜਨੂੰਨ ਹੀ ਸੀ, ਜਿਸ ਨਾਲ ਉਹ ਸਫ਼ਲ ਬਣੇ।

ਅਲਤਾਫ ਜੀ ਰਾਜਸਥਾਨ ਦੇ ਫਤਿਹਪੁਰ ਸੀਕਰੀ ਸ਼ਹਿਰ ਦੇ ਇੱਕ ਚੰਗੇ ਪਰਿਵਾਰ ਵਿੱਚ ਪੈਦਾ ਹੋਏ। ਅਲਤਾਫ ਜੀ ਦੇ ਪਿਤਾ, ਸ਼੍ਰੀ ਅਯੂਬ ਖੋਕਰ ਇੱਕ ਮਜ਼ਦੂਰ ਸੀ ਅਤੇ ਉਹ ਆਪਣਾ ਘਰ ਚਲਾਉਣ ਲਈ ਛੋਟੇ ਪੱਧਰ ‘ਤੇ ਖੇਤੀ ਕਰਦੇ ਸਨ। ਉਨ੍ਹਾਂ ਕੋਲ ਦੁੱਧ ਲਈ ਚਾਰ ਬੱਕਰੀਆਂ ਸਨ। ਬਚਪਨ ਵਿੱਚ ਅਲਤਾਫ ਜੀ ਨੂੰ ਬੱਕਰੀਆਂ ਦਾ ਬਹੁਤ ਸ਼ੌਂਕ ਸੀ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕਰਦੇ ਸੀ। ਪਰ ਉਨ੍ਹਾਂ ਦੇ ਪਿਤਾ ਕੋਲ ਕੋਈ ਪੱਕਾ ਕੰਮ ਨਹੀਂ ਸੀ, ਇਸ ਲਈ ਕੋਈ ਪੱਕੀ ਆਮਦਨ ਵੀ ਨਹੀਂ ਸੀ। ਪਰਿਵਾਰ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ, ਜਿਸ ਕਰਕੇ ਅਲਤਾਫ ਜੀ ਨੂੰ 7ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪਈ, ਪਰ ਬੱਕਰੀ-ਪਾਲਣ ਪ੍ਰਤੀ ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ ਅਤੇ 2013 ਵਿੱਚ ਉਨ੍ਹਾਂ ਨੇ ਬੱਕਰੀ-ਪਾਲਣ ਦਾ ਵੱਡਾ ਕਾਰੋਬਾਰ ਸ਼ੁਰੂ ਕੀਤਾ।

ਸ਼ੁਰੂ ਵਿੱਚ ਅਲਤਾਫ ਜੀ ਨੇ ਸਿਰਫ਼ 20 ਬੱਕਰੀਆਂ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣਾ ਕਾਰੋਬਾਰ 300 ਬੱਕਰੀਆਂ ਤੱਕ ਵਧਾ ਲਿਆ। ਉਨ੍ਹਾਂ ਨੇ ਬੱਕਰੀ ਪਾਲਣ ਲਈ ਕਿਸੇ ਤਰ੍ਹਾਂ ਦੀ ਵੀ ਟ੍ਰੇਨਿੰਗ ਨਹੀਂ ਲਈ। ਉਹ ਬਚਪਨ ਤੋਂ ਆਪਣੇ ਪਿਤਾ ਵੱਲ ਦੇਖ ਕੇ ਹੀ ਸਿੱਖਦੇ ਰਹੇ। ਇਨ੍ਹਾਂ ਸਾਲਾਂ ਵਿੱਚ ਹੀ ਉਨ੍ਹਾਂ ਨੇ ਸਮਝਿਆ ਕਿ ਬੱਕਰੀਆਂ ਦੀ ਦੇਖਭਾਲ ਕਿਵੇਂ ਕਰਨੀ ਹੈ। ਉਨ੍ਹਾਂ ਦੇ ਫਾਰਮ ਵਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਅਤੇ ਪ੍ਰਜਾਤੀਆਂ ਹਨ। ਅੱਜ ਉਨ੍ਹਾਂ ਦੇ ਫਾਰਮ ਤੋਂ ਤਿਆਰ ਮੀਟ ਨੂੰ ਉੱਤਮ ਗੁਣਾਂ ਲਈ ਮੰਨਿਆ ਜਾਂਦਾ ਹੈ। ਉਹ ਆਪਣੀਆਂ ਬੱਕਰੀਆਂ ਨੂੰ ਕੋਈ ਵੀ ਦਵਾਈ ਜਾਂ ਕਿਸੇ ਤਰ੍ਹਾਂ ਦੀ ਬਣਾਉਟੀ ਖੁਰਾਕ ਨਹੀਂ ਦਿੰਦੇ। ਉਹ ਹਮੇਸ਼ਾ ਬੱਕਰੀਆਂ ਨੂੰ ਕੁਦਰਤੀ ਚਾਰਾ ਦੇਣਾ ਹੀ ਪਸੰਦ ਕਰਦੇ ਹਨ ਅਤੇ ਧਿਆਨ ਦਿੰਦੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਬੱਕਰੀਆਂ ਬਿਮਾਰੀ-ਰਹਿਤ ਰਹਿਣ। ਅਜੇ ਤੱਕ ਉਹ ਵੱਡੇ ਪੱਧਰ ‘ਤੇ ਮੰਡੀਕਰਨ ਕਰ ਚੁੱਕੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਮੁੰਬਈ ਵਿੱਚ ਆਪਣੇ ਫਾਰਮ ਦਾ ਮੀਟ ਵੇਚਿਆ ਹੈ। ਉਨ੍ਹਾਂ ਦੇ ਫਾਰਮ ਵਿੱਚ ਬਣੇ ਮੀਟ ਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਇਸਦੀ ਮੁੰਬਈ ਤੋਂ ਖਾਸ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਖੇਤ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਅਧਿਕ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਉਹ ਮਜ਼ਦੂਰਾਂ ਨੂੰ ਕੰਮ ‘ਤੇ ਰੱਖ ਲੈਂਦੇ ਹਨ।

ਅੱਜ 24 ਸਾਲ ਦੀ ਉਮਰ ਵਿੱਚ ਅਲਤਾਫ ਜੀ ਨੇ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਤੌਰ ‘ਤੇ ਸਥਾਪਤ ਕੀਤਾ ਹੈ ਅਤੇ ਬੜੀ ਆਸਾਨੀ ਨਾਲ ਪ੍ਰਬੰਧ ਚਲਾ ਰਹੇ ਹਨ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਬੱਕਰੀ ਨੂੰ ਮੀਟ ਲਈ ਸਭ ਤੋਂ ਚੰਗਾ ਜਾਨਵਰ ਮੰਨਿਆ ਜਾਂਦਾ ਹੈ, ਇਸ ਲਈ ਬੱਕਰੀ ਪਾਲਣ ਲਈ ਆਰਥਿਕ ਸੰਭਾਵਨਾਵਾਂ ਬਹੁਤ ਵਧੀਆ ਹਨ। ਪਰ ਇਸ ਪੱਧਰ ਤੱਕ ਪਹੁੰਚਣਾ ਅਲਤਾਫ ਜੀ ਲਈ ਬਹੁਤ ਆਸਾਨ ਨਹੀਂ ਸੀ। ਬਹੁਤ ਮੁਸ਼ਕਿਲਾਂ ਅਤੇ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ 300 ਬੱਕਰੀਆਂ ਦੇ ਸਮੂਹ ਨੂੰ ਬਣਾਈ ਰੱਖਿਆ ਅਤੇ ਭਵਿੱਖ ਵਿੱਚ ਉਹ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਉਹ ਵੱਖ-ਵੱਖ ਸ਼ਹਿਰਾਂ ਵਿੱਚ ਮੌਜੂਦ ਗ੍ਰਾਹਕਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਆਪਣੇ ਫਾਰਮ ਚਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਲਤਾਫ ਜੀ ਦੁਆਰਾ ਦਿੱਤਾ ਗਿਆ ਸੰਦੇਸ਼
“ਅਲਤਾਫ ਜੀ ਅਨੁਸਾਰ ਇੱਕ ਕਿਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਪ੍ਰਮਾਤਮਾ ਹਰ ਕਿਸੇ ਨੂੰ ਮੌਕਾ ਦਿੰਦਾ ਹੈ, ਬਸ ਉਸਨੂੰ ਹੱਥ ‘ਚੋਂ ਨਾ ਜਾਣ ਦਿਓ। ਆਪਣੀ ਤਾਕਤ ਦਾ ਪ੍ਰਯੋਗ ਕਰੋ ਅਤੇ ਆਪਣੇ ਕੰਮ ਦੀ ਸ਼ੁਰੂਆਤ ਕਰੋ। ਤੁਹਾਡੀ ਪ੍ਰਤਿਭਾ ਇਹ ਤੈਅ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ ਕਿ ਭਵਿੱਖ ਵਿੱਚ ਤੁਸੀਂ ਕੀ ਕਰਨਾ ਹੈ।”