ਗੁਰਵਿੰਦਰ ਸਿੰਘ

ਪੂਰੀ ਸਟੋਰੀ ਪੜ੍ਹੋ

ਮੱਛੀ ਪਾਲਣ ਦੇ ਕੰਮ ਵਿੱਚ ਨਵੀਨਤਾ ਦੀ ਮਿਸਾਲ- ਗੁਰਵਿੰਦਰ ਸਿੰਘ

ਗੁਰਵਿੰਦਰ ਸਿੰਘ ਜੀ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿਵਾਸੀ ਹਨ ਜੋ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਇੰਨੋਵੇਟਰ ਦੇ ਤੌਰ ‘ਤੇ ਉਭਰ ਕੇ ਆਏ ਹਨ। ਉਹਨਾਂ ਨੇ ਤਿੰਨ ਸਾਲ ਪਹਿਲਾਂ 30 ਬਕਸਿਆਂ ਨਾਲ ਮਧੂ ਮੱਖੀ ਪਾਲਣ ਦਾ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ 300 ਬਕਸਿਆਂ ਨਾਲ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਹਨ। ਆਪਣੇ ਦੋਸਤਾਂ ਤੋਂ ਪ੍ਰੇਰਿਤ ਹੋ ਕੇ ਅਤੇ ਉਨ੍ਹਾਂ ਦੁਆਰਾ ਦਿੱਤੀ ਸਿਖਲਾਈ ਨਾਲ, ਗੁਰਵਿੰਦਰ ਜੀ ਹੁਣ ਸਥਾਨਕ ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਸ਼ਹਿਦ ਵੇਚਦੇ ਹਨ।

ਵਿਵਧੀਕਰਨ ਦੀ ਸੰਭਾਵਨਾ ਨੂੰ ਪਹਿਚਾਣਦੇ ਹੋਏ, ਗੁਰਵਿੰਦਰ ਜੀ ਨੇ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ, ਜਿਸ ਵਿੱਚ ਉਹਨਾਂ ਨੇ RAS ਤਕਨੀਕ ਦੀ ਵਰਤੋਂ ਕੀਤੀ। ਉਹਨਾਂ ਦੇ ਫਾਰਮ ਵਿੱਚ 15 ਟੈਂਕ ਹਨ, ਹਰ ਇੱਕ ਟੈਂਕ ਦਾ 4 ਫੁੱਟ ਵਿਆਸ ਅਤੇ 4.5 ਫੁੱਟ ਡੂੰਘਾ ਹੈ, ਇਸ ਦੇ ਇੱਕ ਟੈਂਕ ਵਿੱਚ 7000 ਮੱਛੀਆਂ ਰੱਖੀਆਂ ਜਾ ਸਕਦੀਆਂ ਹਨ। ਮੱਛੀਆਂ ਨੂੰ ਚੰਗੀ ਫੀਡ ਦੇਣ ਅਤੇ ਵਧੀਆ ਦੇਖਭਾਲ ਨਾਲ ਇਹ 5-6 ਮਹੀਨਿਆਂ ਵਿੱਚ ਵਿਕਰੀ ਲਈ ਤਿਆਰ ਹੋ ਜਾਂਦੀਆਂ ਹਨ।

ਗੁਰਵਿੰਦਰ ਜੀ ਦੀ ਸਫਲਤਾ ਦਾ Credit ਉਹਨਾਂ ਦੀ ਕੁਸ਼ਲਤਾ ਅਤੇ ਸਿੱਖਣ ਦੀ ਇੱਛਾ ਨੂੰ ਦਿੱਤਾ ਜਾ ਸਕਦਾ ਹੈ। ਉਨਾਂ ਨੇ ਹਰਿਆਣਾ ਦੇ ਇੱਕ ਸਰਕਾਰੀ ਕੇਂਦਰ ਤੋਂ 5 ਦਿਨਾਂ ਦੀ ਸਿਖਲਾਈ ਲਈ ਅਤੇ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਆਨਲਾਈਨ ਰਿਸਰਚ ਕੀਤੀ। ਖਾਸ ਤੌਰ ‘ਤੇ, ਉਨ੍ਹਾਂ ਨੇ ਮੱਛੀ ਪਾਲਣ ਲਈ Vietnamese ਅਤੇ ਸਿੰਘੀ ਨਸਲ ਦੀ ਮੱਛੀ ਨਾਲ ਕੰਮ ਦੀ ਸ਼ੁਰੂਆਤ ਕੀਤੀ, ਜੋ ਬਿਮਾਰੀਆਂ ਲਈ ਘੱਟ ਸੰਵੇਦਨਸ਼ੀਲ ਹਨ।

ਗੁਰਵਿੰਦਰ ਜੀ ਦੀ ਖੇਤੀ ਦਾ ਕੰਮ ਘੱਟ ਮਜ਼ਦੂਰਾਂ ਨਾਲ ਪੂਰਾ ਹੋ ਜਾਂਦਾ ਹੈ। ਇੱਕ ਵਿਅਕਤੀ ਮਧੂ ਮੱਖੀ ਪਾਲਣ ਦਾ ਕੰਮ ਸੰਭਾਲ ਸਕਦਾ ਹੈ, ਅਤੇ ਮੱਛੀ ਦਾ ਵਪਾਰ ਸਿੱਧੇ ਖਰੀਦਦਾਰਾਂ ਨਾਲ ਜਾਂ ਲੁਧਿਆਣਾ ਵਿੱਚ ਮੰਡੀਆਂ ਰਾਹੀਂ ਕੀਤਾ ਜਾ ਸਕਦਾ ਹੈ। ਅਨੁਕੂਲ ਸਥਿਤੀਆਂ ਨੂੰ ਬਣਾਈ ਰੱਖਣ ਲਈ, ਫਾਰਮ ਦੀ ਛੱਤ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜੋ ਸਾਲ ਭਰ ਤਾਪਮਾਨ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਸਰਦੀਆਂ ਵਿੱਚ ਟੈਂਕ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਜਾਂਦਾ ਹੈ, ਜਦਕਿ ਗਰਮੀਆਂ ਵਿੱਚ ਹਰੇ ਰੰਗ ਦੇ ਨੈੱਟ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ RAS ਸਿਸਟਮ ਫਿਲਟਰਾਂ ਦੁਆਰਾ ਪੂਰਕ ਹੈ। ਸਹੀ ਨਿਯੰਤਰਣ ਨੂੰ ਯਕੀਨੀ ਬਣਾਉਣ ਲਈ ਤਾਪਮਾਨ ਦੀ ਜਾਂਚ ਕਰਨ ਵਾਲੇ ਮੀਟਰ ਵੀ ਲਗਾਏ ਗਏ ਹਨ।

ਗੁਰਵਿੰਦਰ ਸਿੰਘ ਦੀ ਸਫ਼ਲਤਾ ਦੀ ਕਹਾਣੀ ਸਥਾਈ ਅਤੇ ਲਾਭਕਾਰੀ ਖੇਤੀ ਅਭਿਆਸਾਂ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਆਪਣੀ ਲਗਨ ਅਤੇ ਪਰਿਵਾਰ ਦੇ ਸਹਿਯੋਗ ਨਾਲ, ਉਹਨਾਂ ਨੇ ਆਪਣੇ ਛੋਟੇ ਪੱਧਰ ਦੇ ਕਾਰੋਬਾਰ ਨੂੰ ਇੱਕ ਵੱਡੇ ਕਾਰੋਬਾਰੀ ਉਦਯੋਗ ਵਿੱਚ ਬਦਲ ਦਿੱਤਾ ਹੈ। ਚਾਹਵਾਨ ਕਿਸਾਨ ਉਹਨਾਂ ਦੇ ਤਜ਼ਰਬਿਆਂ ਤੋਂ ਸਿੱਖ ਸਕਦੇ ਹਨ ਅਤੇ ਨਵੀਨਤਾਕਾਰੀ ਪਹੁੰਚ ਅਪਣਾ ਕੇ ਅਤੇ ਘਰ ਦੇ ਨੇੜੇ ਉਪਲਬਧ ਸਰੋਤਾਂ ਦਾ ਲਾਭ ਉਠਾ ਕੇ ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਕਿਸਾਨਾਂ ਨੂੰ ਸੰਦੇਸ਼

ਗੁਰਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਉਨ੍ਹਾਂ ਦੇ ਸਾਥੀ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ। ਉਹ ਸਾਥੀ ਕਿਸਾਨਾਂ ਨੂੰ ਆਪਣੇ ਆਸ-ਪਾਸ ਮੌਜ਼ੂਦਾ ਮੌਕਿਆਂ ਨੂੰ ਪਹਿਚਾਨਣ ਲਈ ਉਤਸ਼ਾਹਿਤ ਕਰਦੇ ਹਨ। ਉਹ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਨੂੰ ਮੁਫਤ ਵਿੱਚ ਟ੍ਰੇਨਿੰਗ ਦੇ ਕੇ ਆਪਣਾ ਸਮਰਥਨ ਦਿੰਦੇ ਹਨ।

ਭੁਪਿੰਦਰ ਸਿੰਘ ਸੰਧਾ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਾਂਹਵਧੂ ਮਧੂ-ਮੱਖੀ ਪਾਲਕ ਭੁਪਿੰਦਰ ਸਿੰਘ ਸੰਧਾ ਨਾਲ ਜੋ ਮਧੂ-ਮੱਖੀ ਪਾਲਣ ਦੇ ਪ੍ਰਚਾਰ ਵਿੱਚ ਮਧੂ-ਮੱਖੀਆਂ ਵਾਂਗ ਹੀ ਰੁੱਝੇ ਹੋਏ ਅਤੇ ਕੁਸ਼ਲ ਹਨ
ਮਧੂ ਮੱਖੀ ਦੇ ਡੰਗ ਨੂੰ ਯਾਦ ਕਰਕੇ, ਆਮ ਤੌਰ ‘ਤੇ ਜ਼ਿਆਦਾਤਰ ਲੋਕ ਆਲੇ-ਦੁਆਲੇ ਦੀਆਂ ਮਧੂ ਮੱਖੀਆਂ ਤੋਂ ਨਫ਼ਰਤ ਕਰਦੇ ਹਨ, ਉਹ ਇਸ ਸੱਚਾਈ ਤੋਂ ਅਣਜਾਣ ਹਨ ਕਿ ਇਹ ਮਧੂ-ਮੱਖੀਆਂ ਤੁਹਾਡੇ ਲਈ ਇੱਕ ਹੈਰਾਨੀਜਨਕ ਮੁਨਾਫ਼ਾ ਕਮਾਉਣ, ਸ਼ਹਿਦ ਬਣਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਪਰ ਇਕੱਲਾ ਪੈਸਾ ਹੀ ਨਹੀਂ ਸੀ ਜਿਸ ਲਈ ਭੁਪਿੰਦਰ ਸਿੰਘ ਸੰਧਾ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ। ਭੁਪਿੰਦਰ ਸਿੰਘ ਨੂੰ ਭੰਵਰਿਆਂ, ਮੱਖੀਆਂ ਦੀ ਕਲਾ ਅਤੇ ਮਧੂ-ਮੱਖੀਆਂ ਤੋਂ ਹੋਣ ਵਾਲੇ ਫਾਇਦਿਆਂ ਨੇ ਉਨ੍ਹਾਂ ਨੂੰ ਇਸ ਉੱਦਮ ਵੱਲ ਆਕਰਸ਼ਿਤ ਕੀਤਾ।

1993 ਵਿੱਚ ਭੁਪਿੰਦਰ ਸਿੰਘ ਸੰਧਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਰਾਜਪੁਰਾ ਦੇ ਮਧੂ ਮੱਖੀ ਪਾਲਣ ਦੌਰੇ ਦੌਰਾਨ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਾ। ਭੁਪਿੰਦਰ ਸਿੰਘ ਇਨ੍ਹਾਂ ਮਧੂ ਮੱਖੀਆਂ ਦੇ ਕੰਮ ਤੋਂ ਇੰਨਾ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਿਰਫ਼ 5 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮੱਖੀ ਪਾਲਣ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਭੁਪਿੰਦਰ ਸਿੰਘ ਸੰਧਾ ਫਾਰਮਾਸਿਸਟ(ਦਵਾਈਆਂ ਵੇਚਦੇ) ਸਨ ਅਤੇ ਉਨ੍ਹਾਂ ਨੇ ਫਾਰਮੇਸੀ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ਆਲੇ-ਦੁਆਲੇ ਭਿਣਕਦੀਆਂ ਮੱਖੀਆਂ ਅਤੇ ਸ਼ਹਿਦ ਦੀ ਮਿਠਾਸ ਨਾਲ ਘਿਰੀ ਹੋਈ ਸੀ।

1994 ਵਿੱਚ, ਭੁਪਿੰਦਰ ਸਿੰਘ ਸੰਧਾ ਨੇ ਇੱਕ ਮੈਡੀਕਲ ਸਟੋਰ ਵੀ ਖੋਲ੍ਹਿਆ ਅਤੇ ਉਸ ਸਟੋਰ ਨੂੰ ਤਿਆਰ ਕੀਤਾ ਸ਼ਹਿਦ ਵੇਚਣ ਲਈ ਵਰਤਿਆ ਅਤੇ ਇਸ ਨਾਲ ਉਨ੍ਹਾਂ ਦਾ ਮੱਖੀ ਪਾਲਣ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਸੀ। ਉਨ੍ਹਾਂ ਦਾ ਦਵਾਈਆਂ ਵਾਲੇ ਖੇਤਰ ਵਿੱਚ ਆਉਣ ਦਾ ਉਦੇਸ਼ ਲੋਕਾਂ ਦੀ ਮਦਦ ਕਰਨਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਨਿਰਧਾਰਿਤ ਕੀਤੀਆਂ ਦਵਾਈਆਂ ਹੀ ਵੇਚ ਰਹੇ ਸਨ, ਜੋ ਅਸਲ ਵਿਚ ਉਹ ਕੰਮ ਨਹੀਂ ਸੀ ਜੋ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਨੇ 1997 ਵਿੱਚ ਮਾਰਕਿਟ ‘ਤੇ ਰਿਸਰਚ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਸੀ ਕਿ ਮਧੂ ਮੱਖੀ ਪਾਲਣ ਉਹ ਖੇਤਰ ਹੈ ਜਿਸ ‘ਤੇ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਲਈ, 5 ਸਾਲ ਮੈਡੀਕਲ ਸਟੋਰ ਚਲਾਉਣ ਤੋਂ ਬਾਅਦ, ਅਖੀਰ ਉਨ੍ਹਾਂ ਨੇ ਇਸ ਖੇਤਰ ਨੂੰ ਛੱਡ ਦਿੱਤਾ ਅਤੇ ਮਧੂ-ਮੱਖੀਆਂ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਦਾ ਫੈਸਲਾ ਕੀਤਾ।

ਇਹ ਕਿਹਾ ਜਾਂਦਾ ਹੈ – ਜਦੋਂ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਚੁਣਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਅਸਲ ਖੁਸ਼ੀ ਮਹਿਸੂਸ ਕਰਦੇ ਹੋ।

ਭੁਪਿੰਦਰ ਸਿੰਘ ਸੰਧਾ ਦੇ ਨਾਲ ਵੀ ਇਹੋ ਸੀ, ਉਨ੍ਹਾਂ ਨੇ ਆਪਣੀ ਅਸਲ ਖੁਸ਼ੀ ਮੱਖੀ ਪਾਲਣ ਨੂੰ ਸਮਝਿਆ। 1999 ਵਿੱਚ, ਉਨ੍ਹਾਂ ਨੇ ਆਪਣੇ ਮਧੂ-ਮੱਖੀ ਫਾਰਮ ਨੂੰ 500 ਬਕਸਿਆਂ ਤੱਕ ਫੈਲਾਇਆ ਅਤੇ 6 ਕਿਸਮਾਂ ਦੇ ਸ਼ਹਿਦ ਉਤਪਾਦ ਜਿਵੇਂ ਹਿਮਾਲੀਅਨ, ਅਜਵੈਣ, ਤੁਲਸੀ, ਜਾਮੁਨ, ਕਸ਼ਮੀਰੀ, ਸਫੇਦਾ, ਲੀਚੀ ਆਦਿ ਤਿਆਰ ਕੀਤੇ। ਸ਼ਹਿਦ ਤੋਂ ਇਲਾਵਾ, ਉਹ ਬੀ ਪੋਲਨ, ਬੀ ਵੈਕਸ ਅਤੇ ਭੁੰਨੇ ਹੋਏ ਅਲਸੀ ਦਾ ਪਾਊਡਰ ਵੀ ਵੇਚਦੇ ਹਨ। ਮਧੂ ਮੱਖੀ ਉਤਪਾਦਾਂ ਦੀ ਨੁਮਾਇੰਦਗੀ ਲਈ ਬਰਾਂਡ ਦਾ ਚੁਣਿਆ ਗਿਆ ਨਾਮ ਅਮੋਲਕ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ‘ਚ ਇਸਦੀ ਬਹੁਤ ਵਧੀਆ ਮਾਰਕਿਟ ਹੈ। ਉਹ 10 ਕਰਮਚਾਰੀਆਂ ਦੀ ਮਦਦ ਨਾਲ ਪੂਰੇ ਮੱਖੀ ਫਾਰਮ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕੰਮ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ।

ਭੁਪਿੰਦਰ ਸਿੰਘ ਸੰਧਾ ਲਈ ਮੱਖੀ-ਪਾਲਣ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਹਿੱਸਾ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਇਹ ਆਮਦਨੀ ਦਾ ਸਰੋਤ ਹੈ, ਸਗੋਂ ਇਸ ਲਈ ਵੀ ਕਿਉਂਕਿ ਉਹ ਮਧੂ-ਮੱਖੀਆਂ ਨੂੰ ਕੰਮ ਕਰਦੇ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਕੁਦਰਤ ਦੇ ਅਨੋਖੇ ਅਜੂਬੇ ਦਾ ਅਨੁਭਵ ਕਰਨ ਦਾ ਬਿਹਤਰੀਨ ਤਰੀਕਾ ਹੈ। ਮਧੂ ਮੱਖੀ ਪਾਲਣ ਦੁਆਰਾ, ਉਹ ਵੱਖ-ਵੱਖ ਖੇਤਰਾਂ ਵਿੱਚ ਹੋਰਨਾਂ ਕਿਸਾਨਾਂ ਨਾਲ ਅੱਗੇ ਵੱਧਣਾ ਚਾਹੁੰਦੇ ਹਨ। ਉਹ ਉਨ੍ਹਾਂ ਕਿਸਾਨਾਂ ਦੀ ਅਗਵਾਈ ਵੀ ਕਰਦੇ ਹਨ ਜੋ ਸ਼ਹਿਦ ਇਕੱਠਾ ਕਰਨ, ਰਾਣੀ ਮੱਖੀ ਤਿਆਰ ਕਰਨ ਅਤੇ ਉਤਪਾਦਾਂ ਦੀ ਪੈਕਿੰਗ ਨਾਲ ਸੰਬੰਧਿਤ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹਨ। ਉਹ ਰੇਡੀਓ ਪ੍ਰੋਗਰਾਮਾਂ ਅਤੇ ਪ੍ਰਿੰਟ ਮੀਡੀਆ ਰਾਹੀਂ ਸਮਾਜ ਅਤੇ ਮਧੂ-ਮੱਖੀ ਪਾਲਣ ਦੇ ਵਿਸਤਾਰ ਅਤੇ ਇਸ ਦੀ ਵਿਭਿੰਨਤਾ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਭੁਪਿੰਦਰ ਸਿੰਘ ਸੰਧਾ ਦਾ ਫਾਰਮ ਉਸ ਦੇ ਪਿੰਡ ਟਿਵਾਣਾ, ਪਟਿਆਲਾ ਵਿਖੇ ਸਥਿਤ ਹੈ, ਜਿੱਥੇ ਉਨ੍ਹਾਂ ਨੇ 10 ਏਕੜ ਜ਼ਮੀਨ ਠੇਕੇ ‘ਤੇ ਲਈ ਹੈ। ਉਹ ਆਮ ਤੌਰ ‘ਤੇ 900-1000 ਮੱਖੀਆਂ ਦੇ ਬਕਸਿਆਂ ਨੂੰ ਰੱਖਦੇ ਹਨ ਅਤੇ ਬਾਕੀ ਦੇ ਵੇਚ ਦਿੰਦੇ ਹਨ। ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੂਜੀ ਵਪਾਰਕ ਭਾਗੀਦਾਰ ਹੈ ਅਤੇ ਜੋ ਹਰ ਕਦਮ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਆਪਣੇ ਕੰਮ ਨੂੰ ਹੋਰ ਸਫ਼ਲ ਅਤੇ ਆਪਣੇ ਕੌਸ਼ਲ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਸਿਖਲਾਈਆਂ ‘ਚ ਹਿੱਸਾ ਲਿਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ। ਆਤਮਾ ਸਕੀਮ ਦੇ ਤਹਿਤ ਅਮੋਲਕ ਹਨੀ ਨਾਮ ‘ਤੇ ਉਨ੍ਹਾਂ ਕੋਲ ਆਤਮਾ ਕਿਸਾਨ ਹੱਟ ਹੈ, ਜਿੱਥੇ ਉਹ ਖੁਦ ਤਿਆਰ ਕੀਤਾ ਸ਼ਹਿਦ ਵੇਚਦੇ ਹਨ।


ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਉਹ ਸ਼ਹਿਦ ਦਾ ਇੱਕ ਹੋਰ ਉਤਪਾਦ ਤਿਆਰ ਕਰਨ ਜਾ ਰਹੇ ਹਨ ਅਤੇ ਉਹ ਹੈ ਪ੍ਰੋਪੋਲਿਸ। ਮਧੂ-ਮੱਖੀ ਤੋਂ ਇਲਾਵਾ ਉਹ ਅਮੋਲਕ ਬਰੈਂਡ ਦੇ ਤਹਿਤ ਰਸਾਇਣ-ਮੁਕਤ ਜੈਵਿਕ ਸ਼ੱਕਰ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਾਨ ਯੋਜਨਾਵਾਂ ਹਨ, ਜਿਨ੍ਹਾਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਉਹ ਸਹੀ ਸਮੇਂ ‘ਤੇ ਦੱਸਣਗੇ।

ਸੰਦੇਸ਼

“ਮਧੂ ਮੱਖੀ ਪਾਲਕਾਂ ਲਈ ਸ਼ਹਿਦ ਦਾ ਮੰਡੀਕਰਨ ਖੁਦ ਕਰਨਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਮਿਲਾਵਟ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘਟਾ ਸਕਦੇ ਹਨ, ਜੋ ਜ਼ਿਆਦਾਤਰ ਮੁਨਾਫ਼ੇ ਨੂੰ ਜ਼ਬਤ ਕਰ ਲੈਂਦੇ ਹਨ।”

ਭੁਪਿੰਦਰ ਸਿੰਘ ਸੰਧਾ ਨੇ ਆਪਣੇ ਪੇਸ਼ੇ ਨੂੰ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਉਹ ਸਮਾਜ ਦੇ ਕਲਿਆਣ ਲਈ ਮਧੂ-ਮੱਖੀ ਪਾਲਣ ‘ਚ ਲੁਪਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜੇ ਭੁਪਿੰਦਰ ਸਿੰਘ ਸੰਧਾ ਦੀ ਕਹਾਣੀ ਨੇ ਤੁਹਾਨੂੰ ਮਧੂ-ਮੱਖੀ ਪਾਲਣ ਬਾਰੇ ਵਧੇਰੇ ਜਾਣਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਤੁਸੀਂ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦੇ ਹੋ।

ਰਵੀ ਸ਼ਰਮਾ

ਪੂਰੀ ਕਹਾਣੀ ਪੜੋ

ਕਿਵੇਂ ਇੱਕ ਦਰਜੀ ਬਣਿਆ ਮਧੂ ਮੱਖੀ ਪਾਲਕ ਅਤੇ ਸ਼ਹਿਦ ਦਾ ਵਪਾਰੀ

ਮੱਖੀ ਪਾਲਣ ਵੱਧ ਰਿਹਾ ਵਪਾਰ ਹੈ ਜੋ ਸਿਰਫ਼ ਖੇਤੀ ਸਮਾਜ ਦੇ ਲੋਕਾਂ ਨੂੰ ਆਕਰਸ਼ਿਤ ਨਹੀਂ ਕਰਦਾ ਸਗੋਂ ਭਵਿੱਖ ਦੇ ਲਾਭ ਦੇ ਕਾਰਨ ਵੱਖ-ਵੱਖ ਸਮੂਹਾਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰਦਾ ਹੈ। ਰਵੀ ਸ਼ਰਮਾ ਇੱਕ ਅਜਿਹੇ ਵਿਅਕਤੀ ਹਨ, ਜੋ ਕਿ ਮੱਖੀ ਪਾਲਣ ਵਿਸਥਾਰ ਲਈ ਆਪਣੇ ਪਿੰਡ ਵਿੱਚ ਇੱਕ ਚਿਕਿਤਸਕ ਪਾਵਰਹਾਊਸ ਸ੍ਰੋਤ ਬਣਾ ਰਹੇ ਹਨ।

1978-992 ਤੱਕ ਰਵੀ ਸ਼ਰਮਾ, ਜ਼ਿਲ੍ਹਾ ਮੋਹਾਲੀ ਦੇ ਇੱਕ ਛੋਟੇ ਜਿਹੇ ਪਿੰਡ ਗੁਡਾਨਾ ਵਿੱਚ ਦਰਜੀ ਦਾ ਕੰਮ ਕਰਦੇ ਸਨ ਅਤੇ ਆਪਣੇ ਅਧੀਨ ਕੰਮ ਕਰ ਰਹੇ 10 ਆਦਮੀਆਂ ਨੂੰ ਵੀ ਗਾਈਡ ਕਰਦੇ ਸਨ। ਪਿੰਡ ਦੀ ਇੱਕ ਛੋਟੀ ਜਿਹੀ ਦੁਕਾਨ ਵਿੱਚ ਉਨ੍ਹਾਂ ਦਾ ਦਰਜੀ ਦਾ ਕੰਮ ਤਦ ਤੱਕ ਵਧੀਆ ਚੱਲ ਰਿਹਾ ਸੀ, ਜਦੋਂ ਤੱਕ ਉਹ ਰਾਜਪੁਰਾ, ਪਟਿਆਲਾ ਨਹੀਂ ਗਏ ਅਤੇ ਡਾ. ਵਾਲੀਆ (ਖੇਤੀ ਇੰਸਪੈਕਟਰ) ਨਾਲ ਨਹੀਂ ਮਿਲੇ।

ਡਾ. ਵਾਲੀਆ ਨੇ ਰਵੀ ਸ਼ਰਮਾ ਲਈ ਮੱਖੀ ਪਾਲਣ ਵੱਲ ਇੱਕ ਮਾਰਗ ਦਰਸ਼ਕ ਵਜੋਂ ਕੰਮ ਕੀਤਾ। ਇਹ ਉਹ ਵਿਅਕਤੀ ਸਨ ਜਿਹਨਾਂ ਨੇ ਰਵੀ ਸ਼ਰਮਾ ਨੂੰ ਮੱਖੀ ਪਾਲਣ ਲਈ ਪ੍ਰੇਰਿਤ ਕੀਤਾ ਅਤੇ ਇਸ ਵਪਾਰ ਨੂੰ ਆਸਾਨੀ ਨਾਲ ਅਪਨਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਸ਼ੁਰੂਆਤ ਵਿੱਚ, ਸ਼੍ਰੀ ਸ਼ਰਮਾ ਨੇ 5 ਮਧੂ ਮੱਖੀਆਂ ਦੇ ਬਕਸਿਆਂ ‘ਤੇ 50% ਸਬਸਿਡੀ ਪ੍ਰਾਪਤ ਕੀਤੀ ਅਤੇ ਖੁਦ 5700 ਰੁਪਏ ਨਿਵੇਸ਼ ਕੀਤੇ। ਜਿਸ ਨਾਲ ਉਹ 1 ½ ਕੁਇੰਟਲ ਸ਼ਹਿਦ ਪ੍ਰਾਪਤ ਕਰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਂਦੇ ਹਨ। ਪਹਿਲੀ ਕਮਾਈ ਨੇ ਰਵੀ ਸ਼ਰਮਾ ਨੂੰ ਉਨ੍ਹਾਂ ਦੇ ਕੰਮ ਨੂੰ 100 ਮਧੂ ਮੱਖੀਆਂ ਦੇ ਬਕਸਿਆਂ ਨਾਲ ਵਿਸਤ੍ਰਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕੰਮ ਮੱਖੀ ਪਾਲਣ ਵਿੱਚ ਤਬਦੀਲ ਹੋਇਆ ਅਤੇ 1994 ਵਿੱਚ ਪੂਰੀ ਤਰ੍ਹਾਂ ਦਰਜੀ ਦੇ ਕੰਮ ਨੂੰ ਛੱਡ ਦਿੱਤਾ।

1997 ਵਿੱਚ ਰੇਵਾੜੀ, ਹਰਿਆਣਾ ਵਿੱਚ ਇੱਕ ਖੇਤੀਬਾੜੀ ਪ੍ਰੋਗਰਾਮ ਦੇ ਦੌਰੇ ਨੇ ਮਧੂ ਮੱਖੀ ਪਾਲਣ ਵੱਲ ਸ਼੍ਰੀ ਸ਼ਰਮਾ ਦੇ ਮੋਹ ਨੂੰ ਵਧਾਇਆ, ਫਿਰ ਉਨ੍ਹਾਂ ਨੇ ਮਧੂ ਮੱਖੀ ਦੇ ਬਕਸਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ। ਹੁਣ, ਉਨ੍ਹਾਂ ਦੇ ਫਾਰਮ ‘ਤੇ ਮਧੂ ਮੱਖੀਆਂ ਦੇ 350-400 ਬਕਸੇ ਹਨ।

2000 ਵਿੱਚ, ਸ਼੍ਰੀ ਰਵੀ ਨੇ 15 ਗਾਵਾਂ ਨਾਲ ਡੇਅਰੀ ਫਾਰਮਿੰਗ ਵੀ ਕਰਨ ਕੋਸ਼ਿਸ਼ ਕੀਤੀ, ਪਰ ਇਹ ਮੱਖੀ ਪਾਲਣ ਤੋਂ ਜ਼ਿਆਦਾ ਸਫ਼ਲ ਨਹੀਂ ਸੀ। ਮਜ਼ਦੂਰਾਂ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰ ਦੇ ਕੇਵਲ 4 ਐੱਚ.ਐਫ. ਨਸਲ ਦੀਆਂ ਗਾਵਾਂ ਹਨ ਅਤੇ ਇੱਕ ਮੁਰ੍ਹਾ ਨਸਲ ਦੀ ਮੱਝ ਹੈ ਅਤੇ ਕਈ ਵਾਰ ਉਹ ਦੁੱਧ ਨੂੰ ਬਾਜ਼ਾਰ ਵਿੱਚ ਵੀ ਵੇਚਦੇ ਹਨ। ਇਸ ਦੌਰਾਨ ਮਧੂ ਮੱਖੀ ਪਾਲਣ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ।

ਪਰ ਮਧੂ ਮੱਖੀ ਪਾਲਣ ਦਾ ਸਫ਼ਰ ਇੰਨਾ ਆਸਾਨ ਨਹੀਂ ਸੀ। 2007-08 ਵਿੱਚ, ਉਸ ਦੇ ਬੀਹਾਈਵਸ ਕਲੋਨੀਆਂ ਵਿੱਚ ਕੀਟਾਂ ਦੇ ਹਮਲਿਆਂ ਕਾਰਨ ਬਕਸੇ ਨਸ਼ਟ ਹੋ ਗਏ ਅਤੇ ਜਿਸ ਕਾਰਨ 35 ਮਧੂਮੱਖੀਆਂ ਦੇ ਬਕਸੇ ਹੀ ਰਹਿ ਗਏ। ਇਸ ਘਟਨਾ ਨੇ ਰਵੀ ਸ਼ਰਮਾ ਦੇ ਮਧੂ ਮੱਖੀ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਪਰ ਇਸ ਸਮੇਂ ਨੇ ਸ਼੍ਰੀ ਰਵੀ ਸ਼ਰਮਾ ਨੂੰ ਹੋਰ ਮਜ਼ਬੂਤ ਅਤੇ ਵੱਧ ਸ਼ਕਤੀਸ਼ਾਲੀ ਬਣਾ ਦਿੱਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਮਧੂ ਮੱਖੀ ਫਾਰਮ ਨੂੰ ਸਫ਼ਲਤਾਪੂਰਕ ਸਥਾਪਿਤ ਕਰ ਲਿਆ। ਉਨ੍ਹਾਂ ਦੀ ਸਫ਼ਲਤਾ ਵੇਖਣ ਤੋਂ ਬਾਅਦ ਕਈ ਲੋਕ ਮੱਖੀ ਪਾਲਣ ਕਾਰੋਬਾਰ ਸ਼ੁਰੂ ਕਰਨ ਬਾਰੇ ਸਲਾਹ ਲੈਣ ਆਏ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ 20-30 ਮਧੂ ਮੱਖੀਆਂ ਦੇ ਬਕਸੇ ਵੰਡੇ ਅਤੇ ਇਸ ਤਰ੍ਹਾਂ ਉਸ ਨੇ ਚਿਕਿਤਸਕ ਪਾਵਰ ਹਾਊਸ ਬਣਾਇਆ।

“ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਮਧੂ ਮੱਖੀ ਦੇ ਬਕਸਿਆਂ ਦੀ ਗਿਣਤੀ 4000 ਤੱਕ ਪਹੁੰਚ ਗਈ ਅਤੇ ਜਿਨ੍ਹਾਂ ਲੋਕਾਂ ਕੋਲ ਇਸ ਦੀ ਮਾਲਕੀ ਸੀ, ਉਨ੍ਹਾਂ ਨੇ ਵੀ ਮਧੂ ਮੱਖੀ ਪਾਲਣ ਦੇ ਉੱਦਮ ਵਿੱਚ ਮੇਰੀ ਸਫ਼ਲਤਾ ਨੂੰ ਦੇਖ ਕੇ ਮਧੂ ਮੱਖੀ ਪਾਲਣ ਸ਼ੁਰੂ ਦਿੱਤਾ।”

ਅੱਜ, ਰਵੀ ਮਧੂ-ਮੱਖੀ ਫਾਰਮ ਵਿੱਚ ਮੱਖੀਆਂ ਦੇ ਕੰਮ ਨੂੰ ਸੰਭਾਲਣ ਲਈ ਦੋ ਕਰਮਚਾਰੀ ਹਨ। ਮਾਰਕੀਟਿੰਗ ਵੀ ਠੀਕ ਹੈ, ਕਿਉਂਕਿ ਰਵੀ ਸ਼ਰਮਾ ਨੇ ਇੱਕ ਵਿਅਕਤੀ ਨਾਲ ਤਾਲਮੇਲ ਕੀਤਾ ਹੋਇਆ ਹੈ, ਜੋ ਉਨ੍ਹਾਂ ਤੋਂ ਸਾਰਾ ਸ਼ਹਿਦ ਖਰੀਦਦਾ ਹੈ ਅਤੇ ਕਈ ਵਾਰ ਰਵੀ ਸ਼ਰਮਾ ਆਨੰਦਪੁਰ ਸਾਹਿਬ ਦੇ ਨੇੜੇ ਸੜਕ ਕਿਨਾਰੇ ਦੀ ਦੁਕਾਨ ‘ਤੇ 4-5 ਕੁਇੰਟਲ ਸ਼ਹਿਦ ਵੇਚਦੇ ਹਨ, ਜਿੱਥੋਂ ਉਹ ਚੰਗੀ ਕਮਾਈ ਕਰਦੇ ਹਨ।

ਮੱਖੀ ਪਾਲਣ ਰਵੀ ਸ਼ਰਮਾ ਦੇ ਲਈ ਆਮਦਨ ਦਾ ਇੱਕ ਸ੍ਰੋਤ ਹੈ, ਜਿਸ ਰਾਹੀਂ ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਦਾ ਖਰਚਾ ਚੁੱਕ ਰਹੇ ਹਨ, ਜਿਸ ਵਿੱਚ ਪਤਨੀ, ਮਾਤਾ, ਦੋ ਧੀਆਂ ਅਤੇ ਪੁੱਤਰ ਸ਼ਾਮਲ ਹਨ।

“ਮੱਖੀ ਪਾਲਣ ਵਪਾਰ ਦੇ ਸ਼ੁਰੂਆਤ ਤੋਂ ਹੀ ਮੇਰੀ ਪਤਨੀ ਸ਼੍ਰੀਮਤੀ ਗਿਆਨ ਦੇਵੀ ਨੇ, ਮੱਖੀ ਪਾਲਣ ਵਪਾਰ ਦੀ ਸ਼ੁਰੂਆਤ ਤੋਂ ਮੇਰਾ ਪੂਰਾ ਸਹਿਯੋਗ ਕੀਤਾ। ਉਸ ਤੋਂ ਬਿਨਾਂ, ਮੈਂ ਆਪਣੇ ਜੀਵਨ ਵਿੱਚ ਇਸ ਪੱਧਰ ਤੱਕ ਨਹੀਂ ਪਹੁੰਚਦਾ।”

ਵਰਤਮਾਨ ਵਿੱਚ, ਰਵੀ ਮਧੂ ਮੱਖੀ ਫਾਰਮ ਦੇ ਦੋ ਪ੍ਰਮੁੱਖ ਉਤਪਾਦ ਹਨ ਸ਼ਹਿਦ ਅਤੇ ਮੋਮ(ਬੀ ਵੈਕਸ)।

ਭਵਿੱਖ ਦੀ ਯੋਜਨਾ:
ਹੁਣ ਤੱਕ ਮੈਂ ਆਪਣੇ ਪਿੰਡ ਅਤੇ ਕੁੱਝ ਰਿਸ਼ਤੇਦਾਰਾਂ ਵਿੱਚ ਮੱਖੀ ਪਾਲਣ ਦੇ ਕੰਮ ਨੂੰ ਵਧਾ ਦਿੱਤਾ ਹੈ, ਪਰ ਭਵਿੱਖ ਵਿੱਚ, ਮੈਂ ਇਸ ਤੋਂ ਵੱਡੇ ਖੇਤਰ ਵਿੱਚ ਮੱਖੀ ਪਾਲਣ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ।
ਸੰਦੇਸ਼:

“ਇੱਕ ਵਿਅਕਤੀ ਜੇਕਰ ਆਪਣੇ ਕੰਮ ਨੂੰ ਚੰਗੇ ਇਰਾਦੇ ਨਾਲ ਕਰੇ ਅਤੇ ਇਨ੍ਹਾਂ ਤਿੰਨ ਸ਼ਬਦਾਂ “ਇਮਾਨਦਾਰੀ, ਗਿਆਨ, ਧਿਆਨ” ਨੂੰ ਆਪਣੇ ਯਤਨਾਂ ਵਿੱਚ ਸ਼ਾਮਲ ਕਰੇ ਤਾਂ ਜੋ ਉਹ ਚਾਹੁੰਦਾ ਹੈ, ਉਸ ਨੂੰ ਪ੍ਰਾਪਤ ਕਰ ਸਕਦਾ ਹੈ।”

ਸ਼੍ਰੀ ਰਵੀ ਸ਼ਰਮਾ ਦੇ ਯਤਨਾਂ ਕਾਰਨ ਅੱਜ ਗੁਡਾਨਾ ਪਿੰਡ ਵਿੱਚ ਸ਼ਹਿਦ ਉਤਪਾਦਨ ਦਾ ਇੱਕ ਸ੍ਰੋਤ ਬਣ ਚੁੱਕਾ ਹੈ ਅਤੇ ਉਹ ਭਵਿੱਖ ਵਿੱਚ ਮਧੂ ਮੱਖੀ ਪਾਲਣ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਆਪਣਾ ਕੰਮ ਜਾਰੀ ਰੱਖਣਗੇ।

ਗੁਰਚਰਨ ਸਿੰਘ ਮਾਨ

ਪੂਰੀ ਕਹਾਣੀ ਪੜ੍ਹੋ

ਜਾਣੋਂ ਕਿਵੇਂ ਗੁਰਚਰਨ ਸਿੰਘ ਮਾਨ ਨੇ ਖੇਤੀ ਵਿਭਿੰਨਤਾ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੀ ਜ਼ਮੀਨ ਤੋਂ ਵਧੇਰੇ ਉਤਪਾਦਨ ਲਿਆ

ਭਾਰਤ ਵਿੱਚ ਖੇਤੀ ਵਿਭਿੰਨਤਾ ਦਾ ਰੁਝਾਨ ਇੰਨਾ ਆਮ ਨਹੀਂ ਹੈ। ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਜਿਵੇਂ ਕਿ ਜੌਂ ਆਦਿ ਮੁੱਖ ਫ਼ਸਲਾਂ ਹਨ, ਜਿਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਉਹ ਇਸ ਤੱਥ ਤੋਂ ਅਣਜਾਣ ਹਨ ਕਿ ਰਵਾਇਤੀ ਖੇਤੀ ਨਾ ਕੇਵਲ ਮਿੱਟੀ ਦੇ ਉਪਜਾਊ-ਪਣ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਕਿਸਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਕਦੀ-ਕਦੀ ਇਹ ਉਨ੍ਹਾਂ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਦੂਜੇ ਪਾਸੇ ਖੇਤੀ ਵਿਭਿੰਨਤਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਕਿਸਾਨ – ਗੁਰਚਰਨ ਸਿੰਘ ਮਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦੇ ਫਾਇਦਿਆਂ ਨੂੰ ਪਹਿਚਾਣਿਆ ਅਤੇ ਇਸ ਨੂੰ ਉਸ ਸਮੇਂ ਲਾਗੂ ਕਰ ਕੇ ਲਾਭ ਕਮਾਇਆ, ਜਦੋਂ ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਹੀ ਖਰਾਬ ਸੀ।

ਗੁਰਚਰਨ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ। ਉਹ ਜਿਸ ਖੇਤਰ ਦੇ ਰਹਿਣ ਵਾਲੇ ਸਨ ਉੱਥੇ ਦੀ ਜ਼ਮੀਨ ਬਹੁਤ ਖੁਸ਼ਕ ਅਤੇ ਇਲਾਕਾ ਬਹੁਤ ਪੱਛੜਿਆ ਹੋਇਆ ਸੀ। ਪਰ ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਦੇ ਸਾਹਮਣੇ ਇਹ ਰੁਕਾਵਟਾਂ ਕੁੱਝ ਵੀ ਨਹੀਂ ਸਨ।

1992 ਵਿੱਚ ਜਵਾਨੀ ਵੇਲੇ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ 42 ਏਕੜ ਜ਼ਮੀਨ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸਨ। ਖੁਸ਼ਕ ਖੇਤਰ ਹੋਣ ਕਾਰਨ ਕਣਕ ਅਤੇ ਝੋਨਾ ਉਗਾਉਣਾ ਉਨ੍ਹਾਂ ਲਈ ਇੱਕ ਸਫ਼ਲ ਉੱਦਮ ਨਹੀਂ ਸੀ। ਕਈ ਕੋਸ਼ਿਸ਼ਾਂ ਦੇ ਬਾਅਦ, ਜਦੋਂ ਗੁਰਚਰਨ ਸਿੰਘ ਰਵਾਇਤੀ ਖੇਤੀ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਖੇਤੀ ਦੇ ਢੰਗਾਂ ਵਿੱਚ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਇਸ ਪਹਿਲ-ਕਦਮੀ ਦੇ ਕਾਰਨ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਾਲ ਦਾ ਸਭ ਤੋਂ ਵਧੀਆ ਕਿਸਾਨ ਚੁਣਿਆ ਗਿਆ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਉਨ੍ਹਾਂ ਨੂੰ ਪੀ.ਏ.ਯੂ ਅਧਿਆਪਕ ਮਨਿੰਦਰਜੀਤ ਸਿੰਘ ਸੰਧੂ ਦੁਆਰਾ “ਪਰਵਾਸੀ ਭਾਰਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਅੱਜ 42 ਏਕੜ ਵਿੱਚੋਂ ਉਨ੍ਹਾਂ ਕੋਲ 10 ਏਕੜ ਵਿੱਚ ਬਾਗ ਹੈ, 2.5 ਏਕੜ ਵਿੱਚ ਸਬਜ਼ੀਆਂ ਦੀ ਖੇਤੀ, 10 ਏਕੜ ਵਿੱਚ ਮੱਛੀ ਫਾਰਮ ਅਤੇ ਅੱਧੇ ਏਕੜ ਵਿੱਚ ਬੋਹੜ(ਬਰਗਦ) ਦੇ ਪੌਦੇ ਹਨ। ਪਰ ਉਨ੍ਹਾਂ ਲਈ ਖੇਤੀ ਵਿਭਿੰਨਤਾ ਤੋਂ ਇਲਾਵਾ ਅਸਲ ਜੀਵਨ ਬਦਲ ਦੇਣ ਵਾਲਾ ਧੰਦਾ ਸੀ ਮਧੂ-ਮੱਖੀ ਪਾਲਣ। ਉਨ੍ਹਾਂ ਨੇ ਮੱਖੀ ਪਾਲਣ ਲਈ ਸਿਰਫ਼ ਮੱਖੀਆਂ ਦੇ 7 ਬਕਸਿਆਂ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਕੋਲ 1800 ਤੋਂ ਵੀ ਜ਼ਿਆਦਾ ਮਧੂ-ਮੱਖੀਆਂ ਦੇ ਬਕਸੇ ਹਨ, ਜਿਹਨਾਂ ਤੋਂ ਹਰ ਸਾਲ ਇੱਕ ਹਜ਼ਾਰ ਕੁਇੰਟਲ ਸ਼ਹਿਦ ਦਾ ਉਤਪਾਦਨ ਹੁੰਦਾ ਹੈ।

ਸ. ਗੁਰਚਰਨ ਸਿੰਘ ਆਪਣੇ ਕੰਮ ਵਿੱਚ ਇੰਨੇ ਨਿਪੁੰਨ ਹਨ ਕਿ ਉਨ੍ਹਾਂ ਦੁਆਰਾ ਪੈਦਾ ਕੀਤੇ ਸ਼ਹਿਦ ਦੀ ਗੁਣਵੱਤਾ ਬਹੁਤ ਚੰਗੀ ਹੈ ਅਤੇ ਕਈ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ। ਮੱਖੀ ਪਾਲਣ ਵਿੱਚ ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ ਦੇ ਪਿੰਡ ਵਿੱਚ ਸ਼ਹਿਦ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਪਲਾਂਟ ਨੇ 15 ਲੋਕਾਂ ਨੂੰ ਰੋਜ਼ਗਾਰ ਦਿੱਤਾ ਜੋ ਗਰੀਬ ਰੇਖਾ ਹੇਠ ਆਉਂਦੇ ਹਨ। ਉਨ੍ਹਾਂ ਦਾ ਮਧੂ-ਮੱਖੀ ਪਾਲਣ ਦਾ ਕਾਰੋਬਾਰ ਨਾ ਕੇਵਲ ਉਨ੍ਹਾ ਨੂੰ ਲਾਭ ਦਿੰਦਾ ਹੈ, ਬਲਕਿ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਸ. ਗੁਰਚਰਨ ਸਿੰਘ ਨੇ ਵਿਭਿੰਨਤਾ ਦੇ ਅਸਲ ਅਰਥ ਨੂੰ ਸਮਝਿਆ ਅਤੇ ਇਸ ਨੂੰ ਨਾ ਕੇਵਲ ਸਬਜ਼ੀਆਂ ਦੀ ਖੇਤੀ ‘ਤੇ ਲਾਗੂ ਕੀਤਾ, ਬਲਕਿ ਇਸ ਨੂੰ ਆਪਣੇ ਵਪਾਰ ‘ਤੇ ਲਾਗੂ ਕੀਤਾ। ਉਨ੍ਹਾਂ ਕੋਲ ਬਾਗ, ਮੱਛੀ ਫਾਰਮ, ਡੇਅਰੀ ਫਾਰਮ ਹਨ ਅਤੇ ਇਸ ਤੋਂ ਇਲਾਵਾ ਉਹ ਜੈਵਿਕ ਖੇਤੀ ਵਿੱਚ ਵੀ ਸਰਗਰਮ ਤੌਰ ‘ਤੇ ਸ਼ਾਮਲ ਹਨ। ਮਧੂ-ਮੱਖੀ ਪਾਲਣ ਵਪਾਰ ਦੇ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੇ ਬਕਸੇ ਬਣਾਉਣ ਅਤੇ ਮੋਮਬੱਤੀਆਂ ਬਣਾਉਣ ਵਰਗੇ ਹੋਰ ਸਹਾਇਕ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।

“ਇੱਕ ਚੀਜ਼ ਜੋ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਉਹ ਹੈ ਮਿੱਟੀ ਅਤੇ ਪਾਣੀ ਦੀ ਜਾਂਚ ਅਤੇ ਦੂਜੀ ਚੀਜ਼ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਕਿਸਾਨ ਆਲੂ ਉਗਾਉਂਦਾ ਹੈ ਤਾਂ ਦੂਜੇ ਨੂੰ ਲਸਣ ਉਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਕਦੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ।”

ਮੱਖੀ ਪਾਲਣ ਹੁਣ ਉਨ੍ਹਾਂ ਦਾ ਮੁੱਢਲਾ ਕਾਰੋਬਾਰ ਬਣ ਗਿਆ ਹੈ ਅਤੇ ਉਨ੍ਹਾਂ ਦੇ ਫਾਰਮ ਦਾ ਨਾਮ “ਮਾਨ ਮੱਖੀ ਫਾਰਮ” ਹੈ। ਸ਼ਹਿਦ ਤੋਂ ਇਲਾਵਾ ਉਹ ਜੈਮ, ਆਚਾਰ, ਮਸਾਲੇ ਜਿਵੇਂ ਕਿ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਆਦਿ ਵੀ ਬਣਾਉਂਦੇ ਹਨ। ਉਹ ਇਨ੍ਹਾਂ ਸਾਰੇ ਉਤਪਾਦਾਂ ਦਾ ਮੰਡੀਕਰਨ “ਮਾਨ” ਨਾਮ ਦੇ ਤਹਿਤ ਕਰਦੇ ਹਨ।

ਵਰਤਮਾਨ ਵਿੱਚ ਉਨ੍ਹਾਂ ਦਾ ਫਾਰਮ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੁੰਦਰ ਦ੍ਰਿਸ਼ ਕਾਰਨ ਪੰਜਾਬ ਟੂਰਿਜ਼ਮ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦਾ ਫਾਰਮ 5000 ਤੋਂ ਵੱਧ ਪ੍ਰਜਾਤੀਆਂ ਨਾਲ ਘਿਰਿਆ ਹੋਇਆ ਹੈ ਅਤੇ ਉੱਥੇ ਦਾ ਦ੍ਰਿਸ਼ ਪ੍ਰਕਿਰਤੀ ਦੇ ਨਜ਼ਦੀਕ ਹੋਣ ਦਾ ਵਾਸਤਵਿਕ ਅਰਥ ਦਰਸਾਉਂਦਾ ਹੈ।

ਉਨ੍ਹਾਂ ਦੇ ਅਨੁਸਾਰ, ਜੋ ਵੀ ਉਨ੍ਹਾਂ ਨੇ ਅੱਜ ਹਾਸਲ ਕੀਤਾ ਹੈ, ਉਹ ਸਿਰਫ ਪੀ.ਏ.ਯੂ. ਦੇ ਕਾਰਨ। ਸ਼ੁਰੂਆਤ ਤੋਂ ਉਨ੍ਹਾਂ ਨੇ ਉਹੀ ਕੀਤਾ ਜਿਸ ਦੀ ਪੀ.ਏ.ਯੂ. ਦੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੀ ਗਈ। ਆਪਣੇ ਕੰਮ ਵਿੱਚ ਜ਼ਿਆਦਾ ਪੇਸ਼ੇਵਰ ਹੋਣ ਲਈ ਉਨ੍ਹਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟੈਕਨੀਕਲ ਅਤੇ ਸਾਇੰਟੀਫਿਕ ਇੰਨਵੈਂਨਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ।

ਗੁਰਚਰਨ ਸਿੰਘ ਦੀ ਸਫ਼ਲਤਾ ਦੀ ਕੁੰਜੀ ਹੈ: ਉਤਪਾਦਨ ਦੀ ਲਾਗਤ ਘੱਟ ਕਰਨਾ, ਉਤਪਾਦਾਂ ਨੂੰ ਖੁਦ ਮੰਡੀ ਵਿੱਚ ਲੈ ਕੇ ਜਾਣਾ ਅਤੇ ਸਰਕਾਰ ‘ਤੇ ਘੱਟ ਤੋਂ ਘੱਟ ਨਿਰਭਰ ਹੋਣਾ। ਉਹ ਇਨ੍ਹਾਂ ਤਿੰਨਾਂ ਚੀਜਾਂ ਨੂੰ ਅਪਣਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਨੇ ਖੇਤੀ ਦੇ ਪ੍ਰਤੀ ਸਰਕਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ-

“ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਰਿਸਰਚ ਲਈ ਵਧੇਰੇ ਫੰਡ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਨਕਦ ਫ਼ਸਲਾਂ ਲਈ ਸਹਾਇਤਾ ਦੀ ਲਾਗਤ ਨੂੰ ਪੱਕਾ ਕਰਨਾ ਚਾਹੀਦਾ ਹੈ, ਤਦ ਹੀ ਕਿਸਾਨ ਖੇਤੀਬਾੜੀ ਵਿੱਚ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣਗੇ।”

ਸੰਦੇਸ਼
ਕਿਸਾਨਾਂ ਨੂੰ ਇਸ ਰੁਝਾਨ ਨਹੀਂ ਦੇਖਣਾ ਚਾਹੀਦਾ ਕਿ ਹੋਰ ਕਿਸਾਨ ਕੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਭ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਖੇਤੀ ਮਾਹਿਰਾਂ ਤੋਂ ਮਦਦ ਲੈ ਸਕਦੇ ਹਨ। ਫਿਰ ਭਾਵੇਂ ਉਹ ਪੀ.ਏ.ਯੂ ਦੇ ਹੋਣ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ, ਕਿਉਂਕਿ ਉਹ ਹਮੇਸ਼ਾ ਵਧੀਆ ਸਲਾਹ ਦੇਣਗੇ।

ਗੁਰਦੇਵ ਕੌਰ ਦਿਓਲ

ਪੂਰੀ ਕਹਾਣੀ ਪੜ੍ਹੋ

ਇੱਕ ਮਹਿਲਾ ਦੀ ਕਹਾਣੀ ਜੋ ਉੱਦਮ-ਸ਼ੀਲਤਾ ਦੇ ਦੁਆਰਾ ਮਹਿਲਾ ਸਮਾਜ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ

ਕਈ ਸਾਲਾਂ ਤੋਂ ਮਹਿਲਾਵਾਂ ਨੇ ਬਹੁਤ ਸਾਰੇ ਖੇਤਰਾਂ ਵਿੱਚ ਇੱਕ ਮਹੱਤਵਪੂਰਣ ਪ੍ਰਭਾਵ ਪਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ, ਪਰ ਫਿਰ ਵੀ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ ਜੋ ਪਿੱਛੇ ਰਹਿੰਦੀਆਂ ਹਨ ਅਤੇ ਸਿਰਫ਼ ਘਰੇਲੂ ਕੰਮ-ਕਾਰ ਤੱਕ ਹੀ ਸੀਮਿਤ ਹਨ। ਅੱਜ, ਮਹਿਲਾਵਾਂ ਨੂੰ ਕਰਮਚਾਰੀ ਦਲ ਦਾ ਇੱਕ ਵੱਡਾ ਹਿੱਸਾ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੇਸ਼ ਦੀ ਆਰਥਿਕਤਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਸ਼ਕਤੀ ਮਹਿਲਾਵਾਂ ਵਿੱਚ ਹੈ ਅਤੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਦਾ ਵਧੀਆ ਤਰੀਕਾ ਉੱਦਮ-ਸ਼ੀਲਤਾ ਹੈ ਨਾ ਕਿ ਦਾਨ ਦੁਆਰਾ। ਮਹਿਲਾਵਾਂ ਦੇ ਸ਼ਕਤੀਕਰਨ ਨੂੰ ਬੜਾਵਾ ਦੇਣ ਲਈ ਬਹੁਤ ਸਾਰੇ ਲੋਕ ਨਿਸ਼ਕਾਮ ਕੰਮ ਕਰਦੇ ਹਨ, ਪਰ ਜੇ ਕੋਈ ਇੱਕ ਮਹਿਲਾ ਨੂੰ ਮਜ਼ਬੂਤ ਬਣਾ ਸਕਦਾ ਹੈ ਤਾਂ ਉਹ ਖੁਦ ਇੱਕ ਔਰਤ ਹੈ। ਅਜਿਹੀ ਇੱਕ ਮਹਿਲਾ ਜੋ ਮਹਿਲਾਵਾਂ ਦੇ ਪੱਖ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ, ਉਹ ਹੈ ਸ਼੍ਰੀਮਤੀ ਗੁਰਦੇਵ ਕੌਰ ਦਿਓਲ।

ਗੁਰਦੇਵ ਕੌਰ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਹੈ। ਪੰਜਾਬ ਦੀ ਧਰਤੀ ‘ਤੇ ਪੈਦਾ ਹੋਈ, ਜੰਮੀ-ਪਲੀ, ਗੁਰਦੇਵ ਕੌਰ ਦਿਓਲ, ਸ਼ੁਰੂ ਤੋਂ ਹੀ ਇੱਕ ਮਜ਼ਬੂਤ ਸ਼ਕਤੀਸ਼ਾਲੀ ਮਹਿਲਾ ਸੀ। ਉਹ ਬਹੁਤ ਕਿਰਿਆਸ਼ੀਲ ਅਤੇ ਉਤਸ਼ਾਹੀ ਸਨ ਅਤੇ ਹਮੇਸ਼ਾ ਆਪਣੇ ਨਾਲ ਦੀਆਂ ਮਹਿਲਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਵਿੱਚ ਪਹਿਲ ਕਰਨਾ ਚਾਹੁੰਦੇ ਸਨ।

ਹੋਰ ਮਹਿਲਾਵਾਂ ਦੀ ਤਰ੍ਹਾਂ ਹੀ ਪੜ੍ਹਾਈ (ਖਾਲਸਾ ਕਾਲਜ, ਗੁਰੂਸਰ ਸਦਰ, ਲੁਧਿਆਣਾ ਤੋਂ MA-B.Ed.) ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਪਰ ਵਿਆਹ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਸਭ ਨਹੀਂ ਹੈ ਜੋ ਉਹ ਚਾਹੁੰਦੀ ਸੀ। 1995 ਵਿੱਚ ਉਨ੍ਹਾਂ ਨੇ ਬਕਸਿਆਂ ਦੇ ਨਾਲ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਦ ਦੇ ਦੁਆਰਾ ਬਣਾਏ ਗਏ ਉਤਪਾਦ ਜਿਵੇਂ ਆਚਾਰ, ਚਟਨੀ ਆਦਿ ਦਾ ਮੰਡੀਕਰਨ ਵੀ ਸ਼ੁਰੂ ਕੀਤਾ।

2004 ਵਿੱਚ ਉਹ ਪੀ.ਏ.ਯੂ. ਦੇ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ ਸਮਝਿਆ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਸਿਧਾਂਤਕ ਗਿਆਨ ਸੀ। ਇਸ ਲਈ ਉਨ੍ਹਾਂ ਨੇ ਪੀ.ਏ.ਯੂ. ਤੋਂ ਪ੍ਰੈਕਟੀਕਲ ਗਿਆਨ ਲੈਣਾ ਸ਼ੁਰੂ ਕੀਤਾ। ਉਹ ਪੀ.ਏ.ਯੂ. ਦੇ ਮੱਖੀ ਪਾਲਣ ਐਸੋਸੀਏਸ਼ਨ ਦੀ ਮੈਂਬਰ ਵੀ ਬਣੇ। ਬਹੁਤ ਕੁੱਝ ਕਰਨ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਆਪਣੀ ਯੋਗਤਾ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ 2008 ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ 15 ਮਹਿਲਾਵਾਂ ਨੂੰ ਇਕੱਠਾ ਕਰ ਕੇ ਇੱਕ ਸਹਿਕਾਰੀ ਗਰੁੱਪ ਬਣਾਇਆ ਜਿਸ ਦਾ ਨਾਮ ਗਲੋਬਲ ਸੈੱਲਫ ਹੈੱਲਪ ਗਰੁੱਪ ਰੱਖਿਆ। ਉਨ੍ਹਾਂ ਨੇ ਆਪਣੇ ਗਰੁੱਪ ਦੀਆਂ ਸਾਰੀਆਂ ਮਹਿਲਾਵਾਂ ਦੀ ਪੀ.ਏ.ਯੂ. ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਮਦਦ ਕੀਤੀ ਤਾਂ ਕਿ ਉਹ ਉਚਿੱਤ ਜਾਣਕਾਰੀ ਹਾਸਲ ਕਰ ਸਕਣ।

ਸ਼ੁਰੂ ਵਿੱਚ ਉਨ੍ਹਾਂ ਦੇ ਗਰੁੱਪ ਨੇ ਆਚਾਰ, ਚਟਨੀ, ਜੈਮ, ਸ਼ਹਿਦ, ਸੋਸੇਜ, ਸਕਵੈਸ਼, ਜੂਸ ਅਤੇ ਮੁਰੱਬਾ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਦੇ ਗਰੁੱਪ ਨੇ ਚੰਗਾ ਲਾਭ ਕਮਾਇਆ ਅਤੇ 6 ਮਹੀਨੇ ਬਾਅਦ ਬੈਂਕ ਨੇ ਉਨ੍ਹਾਂ ਨੂੰ ਕੰਮ ਲਈ ਲੋਨ ਪ੍ਰਦਾਨ ਕੀਤਾ। ਉਨ੍ਹਾਂ ਨੇ ਆਪਣੇ ਕੰਮ ਨੂੰ ਥੋੜ੍ਹਾ-ਥੋੜ੍ਹਾ ਵਧਾਉਣਾ ਸ਼ੁਰੂ ਕੀਤਾ ਅਤੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ ਅਤੇ ਆਪਣੇ ਗਰੁੱਪ ਵਿੱਚ ਹੋਰ ਉਤਪਾਦਾਂ ਨੂੰ ਜੋੜਿਆ।

2012 ਵਿੱਚ ਉਨ੍ਹਾਂ ਨੇ NABARD ਦੇ ਨਾਲ ਭਾਗੀਦਾਰੀ ਕੀਤੀ ਅਤੇ ਆਪਣੇ ਗਰੁੱਪ ਨੂੰ ਉਨ੍ਹਾਂ ਦੇ ਨਾਲ ਰਜਿਸਟਰ ਕਰ ਲਿਆ ਅਤੇ ਇਸ ਨੂੰ ਇੱਕ ਐਨ.ਜੀ.ਓ ਵਿੱਚ ਬਦਲ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। NABARD ਦੇ ਨਾਲ ਰਜਿਸਟਰ ਕਰਨ ਦੇ ਬਾਅਦ ਮਹਿਲਾਵਾਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਤਮ ਨਿਰਭਰ ਹੋਣ ਲਈ ਉਤਸ਼ਾਹਿਤ ਕਰਨ ਲਈ 100 ਸੈੱਲਫ ਹੈੱਲਪ ਗਰੁੱਪ ਬਣਾਉਣ ਦਾ ਟੀਚਾ ਰੱਖਿਆ ਗਿਆ। ਹੁਣ ਤੱਕ ਉਨ੍ਹਾਂ ਨੇ 25 ਗਰੁੱਪ ਬਣਾਏ ਅਤੇ ਪੀ.ਏ.ਯੂ. ਵੱਲੋਂ ਵੀ ਹੋਰ ਗਰੁੱਪ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 2015 ਵਿੱਚ ਉਨ੍ਹਾਂ ਨੇ Farmer Producer Organization ਦੇ ਨਾਲ ਸੈੱਲਫ ਹੈੱਲਪ ਗਰੁੱਪ ਨੂੰ ਰਜਿਸਟਰ ਕੀਤਾ। ਹੁਣ ਤੱਕ ਉਹ 400 ਤੋਂ ਜ਼ਿਆਦਾ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਗਰੁੱਪ ਬਣਾਏ ਗਏ ਹਨ।

NABARD ਵੀ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਵਿੱਚ ਮਦਦ ਕਰਦਾ ਹੈ, ਤਾਂ ਕਿ ਉਹ ਜ਼ਰੂਰਤਮੰਦ ਮਹਿਲਾਵਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇ ਸਕਣ ਅਤੇ ਆਪਣੇ ਗਰੁੱਪ ਬਣਾ ਸਕਣ। ਉਹ ਹਮੇਸ਼ਾ ਮਹਿਲਾਵਾਂ ਨੂੰ ਕਹਿੰਦੇ ਹਨ ਕਿ ਆਪਣੇ ਪਰਿਵਾਰ, ਬੱਚਿਆਂ ਅਤੇ ਰਿਸ਼ਤੇਦਾਰਾਂ ਦੇ ਲਈ ਵਿਅੰਜਨ ਬਣਾਉਣਾ ਸ਼ੁਰੂ ਕਰਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇਕਰ ਇੱਕ ਘਰੇਲੂ ਮਹਿਲਾ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ, ਤਾਂ ਉਹ ਬਾਹਰ ਇਹ ਕੰਮ ਕਿਵੇਂ ਕਰੇਗੀ?

ਵਰਤਮਾਨ ਵਿੱਚ, ਸ਼੍ਰੀਮਤੀ ਗੁਰਦੇਵ ਕੌਰ ਦਿਓਲ ਆਪਣੇ ਪਤੀ ਸ. ਗੁਰਦੇਵ ਸਿੰਘ ਦਿਓਲ ਨਾਲ ਪਿੰਡ ਦਸ਼ਮੇਸ਼ ਨਗਰ, ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਫ਼ਲਤਾਪੂਰਵਕ ਆਪਣਾ ਗਰੁੱਪ ਚਲਾ ਰਹੇ ਹਨ ਅਤੇ ਹੋਰ ਮਹਿਲਾਵਾਂ ਅਤੇ ਕਿਸਾਨਾਂ ਦੀ ਬਿਹਤਰੀ ਲਈ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਕੋਲ 32 ਉਤਪਾਦ ਹਨ ਜਿਨ੍ਹਾਂ ਵਿੱਚ ਜੈਵਿਕ ਦਾਲਾਂ, ਮਸਰ, ਸਕਵੈਸ਼ ਅਤੇ ਮਸਾਲੇ ਆਦਿ ਸ਼ਾਮਲ ਹਨ। ਮਧੂ-ਮੱਖੀ ਪਾਲਣ ਉਨ੍ਹਾਂ ਦਾ ਪਸੰਦੀਦਾ ਸ਼ੌਂਕ ਹੈ ਅਤੇ ਹੁਣ ਉਨ੍ਹਾਂ ਦੇ ਗਰੁੱਪ ਵਿੱਚ ਮਧੂ-ਮੱਖੀ ਦੇ 450 ਬਕਸੇ ਹਨ। ਉਹ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹੈ ਅਤੇ ਵੇਚਣ ਦੇ ਲਈ ਦੁੱਧ ਤੋਂ ਤਿਆਰ ਉਤਪਾਦ ਬਣਾਉਂਦੇ ਹਨ। ਉਹ ਕਿਸਾਨਾਂ ਤੋਂ ਜੈਵਿਕ ਦਾਲਾਂ ਖਰੀਦ ਕੇ ਪੈਕ ਕਰਦੇ ਅਤੇ ਵੇਚਦੇ ਵੀ ਹਨ। ਉਹ ਗਲੋਬਲ ਐਗਰੋ ਫੂਡ ਉਤਪਾਦ ਦੇ ਨਾਮ ‘ਤੇ ਆਪਣੇ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦਾਂ ਨੂੰ ਵੇਚਦੇ ਹਨ। ਉਹ ਗਲੋਬਲ ਸੈੱਲਫ ਹੈੱਲਪ ਗਰੁੱਪ ਤੋਂ ਕਾਫੀ ਚੰਗਾ ਲਾਭ ਕਮਾ ਰਹੇ ਹਨ।

ਭਵਿੱਖ ਵਿੱਚ ਉਹ, ਆਪਣੇ ਗਰੁੱਪ ਦੇ ਨਾਮ ‘ਤੇ ਇੱਕ ਦੁਕਾਨ(ਸਟੋਰ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ, ਤਾਂ ਕਿ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਉਚਿੱਤ ਮੰਚ ਸਥਾਪਿਤ ਕਰ ਸਕਣ ਅਤੇ ਉਹ ਜੈਵਿਕ ਦਾਲਾਂ, ਸਬਜ਼ੀਆਂ ਅਤੇ ਮੱਕੀ ਆਦਿ ਦੇ ਵਪਾਰ ਲਈ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨਾਲ ਜੁੜਣਾ ਚਾਹੁੰਦੇ ਹਨ।

ਹੁਣ ਤੱਕ ਉਨ੍ਹਾਂ ਨੇ ਆਪਣੇ ਕੰਮ ਦੇ ਲਈ ਕਾਫੀ ਪੁਰਸਕਾਰ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਨਿਮਨਲਿਖਿਤ ਹਨ:
• 2009 ਵਿੱਚ ਸਰਦਾਰਨੀ ਜਗਬੀਰ ਕੌਰ ਅਵਾਰਡ
• 2010 ਵਿੱਚ ਆਤਮਾ ਸਕੀਮ ਦੇ ਅੰਤਰਗਤ ਖੇਤੀ ਵਿਭਾਗ ਵੱਲੋਂ ਰਾਜ ਪੁਰਸਕਾਰ
• 2011 ਵਿੱਚ ਡੇਅਰੀ ਫਾਰਮਿੰਗ ਦੇ ਲਈ ਨੈਸ਼ਨਲ ਅਵਾਰਡ
• 2012 ਵਿੱਚ NABARD ਤੋਂ ਗਲੋਬਲ ਸੈੱਲਫ ਹੈੱਲਪ ਗਰੁੱਪ ਦੇ ਲਈ ਰਾਜ ਪੁਰਸਕਾਰ

ਗੁਰਦੇਵ ਕੌਰ ਦਿਓਲ ਦੁਆਰਾ ਦਿੱਤਾ ਗਿਆ ਸੰਦੇਸ਼
ਗੁਰਦੇਵ ਕੌਰ ਜੀ ਦਾ ਉਨ੍ਹਾਂ ਕਿਸਾਨਾਂ ਲਈ ਵਿਸ਼ੇਸ਼ ਸੰਦੇਸ਼ ਹੈ ਜਿਹਨਾਂ ਕਿਸਾਨਾਂ ਕੋਲ ਘੱਟ ਜ਼ਮੀਨ ਹੈ। ਜੇਕਰ ਇੱਕ ਕਿਸਾਨ ਦੇ ਕੋਲ 3-4 ਏਕੜ ਜ਼ਮੀਨ ਹੈ ਤਾਂ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੀ ਜਗ੍ਹਾ ਸਬਜ਼ੀਆਂ ਅਤੇ ਦਾਲਾਂ ਨੂੰ ਜੈਵਿਕ ਤਰੀਕੇ ਨਾਲ ਉਗਾਉਣਾ ਚਾਹੀਦਾ ਹੈ, ਕਿਉਂਕਿ ਜੈਵਿਕ ਖੇਤੀ ਇੱਕ ਸੁਰੱਖਿਅਤ ਤਰੀਕੇ ਨਾਲ ਚੰਗਾ ਲਾਭ ਕਮਾਉਣ ਵਿੱਚ ਮਦਦ ਕਰਦੀ ਹੈ ਅਤੇ ਹਰ ਮਹਿਲਾ ਨੂੰ ਆਪਣੇ ਹੁਨਰ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਅਤੇ ਉਤਪਾਦਨ ਸ਼ੁਰੂ ਕਰਨਾ ਚਾਹੀਦਾ ਹੈ।