ਗੁਰਵਿੰਦਰ ਸਿੰਘ

ਪੂਰੀ ਸਟੋਰੀ ਪੜ੍ਹੋ

ਮੱਛੀ ਪਾਲਣ ਦੇ ਕੰਮ ਵਿੱਚ ਨਵੀਨਤਾ ਦੀ ਮਿਸਾਲ- ਗੁਰਵਿੰਦਰ ਸਿੰਘ

ਗੁਰਵਿੰਦਰ ਸਿੰਘ ਜੀ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿਵਾਸੀ ਹਨ ਜੋ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਇੰਨੋਵੇਟਰ ਦੇ ਤੌਰ ‘ਤੇ ਉਭਰ ਕੇ ਆਏ ਹਨ। ਉਹਨਾਂ ਨੇ ਤਿੰਨ ਸਾਲ ਪਹਿਲਾਂ 30 ਬਕਸਿਆਂ ਨਾਲ ਮਧੂ ਮੱਖੀ ਪਾਲਣ ਦਾ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ 300 ਬਕਸਿਆਂ ਨਾਲ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਹਨ। ਆਪਣੇ ਦੋਸਤਾਂ ਤੋਂ ਪ੍ਰੇਰਿਤ ਹੋ ਕੇ ਅਤੇ ਉਨ੍ਹਾਂ ਦੁਆਰਾ ਦਿੱਤੀ ਸਿਖਲਾਈ ਨਾਲ, ਗੁਰਵਿੰਦਰ ਜੀ ਹੁਣ ਸਥਾਨਕ ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਸ਼ਹਿਦ ਵੇਚਦੇ ਹਨ।

ਵਿਵਧੀਕਰਨ ਦੀ ਸੰਭਾਵਨਾ ਨੂੰ ਪਹਿਚਾਣਦੇ ਹੋਏ, ਗੁਰਵਿੰਦਰ ਜੀ ਨੇ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ, ਜਿਸ ਵਿੱਚ ਉਹਨਾਂ ਨੇ RAS ਤਕਨੀਕ ਦੀ ਵਰਤੋਂ ਕੀਤੀ। ਉਹਨਾਂ ਦੇ ਫਾਰਮ ਵਿੱਚ 15 ਟੈਂਕ ਹਨ, ਹਰ ਇੱਕ ਟੈਂਕ ਦਾ 4 ਫੁੱਟ ਵਿਆਸ ਅਤੇ 4.5 ਫੁੱਟ ਡੂੰਘਾ ਹੈ, ਇਸ ਦੇ ਇੱਕ ਟੈਂਕ ਵਿੱਚ 7000 ਮੱਛੀਆਂ ਰੱਖੀਆਂ ਜਾ ਸਕਦੀਆਂ ਹਨ। ਮੱਛੀਆਂ ਨੂੰ ਚੰਗੀ ਫੀਡ ਦੇਣ ਅਤੇ ਵਧੀਆ ਦੇਖਭਾਲ ਨਾਲ ਇਹ 5-6 ਮਹੀਨਿਆਂ ਵਿੱਚ ਵਿਕਰੀ ਲਈ ਤਿਆਰ ਹੋ ਜਾਂਦੀਆਂ ਹਨ।

ਗੁਰਵਿੰਦਰ ਜੀ ਦੀ ਸਫਲਤਾ ਦਾ Credit ਉਹਨਾਂ ਦੀ ਕੁਸ਼ਲਤਾ ਅਤੇ ਸਿੱਖਣ ਦੀ ਇੱਛਾ ਨੂੰ ਦਿੱਤਾ ਜਾ ਸਕਦਾ ਹੈ। ਉਨਾਂ ਨੇ ਹਰਿਆਣਾ ਦੇ ਇੱਕ ਸਰਕਾਰੀ ਕੇਂਦਰ ਤੋਂ 5 ਦਿਨਾਂ ਦੀ ਸਿਖਲਾਈ ਲਈ ਅਤੇ ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਆਨਲਾਈਨ ਰਿਸਰਚ ਕੀਤੀ। ਖਾਸ ਤੌਰ ‘ਤੇ, ਉਨ੍ਹਾਂ ਨੇ ਮੱਛੀ ਪਾਲਣ ਲਈ Vietnamese ਅਤੇ ਸਿੰਘੀ ਨਸਲ ਦੀ ਮੱਛੀ ਨਾਲ ਕੰਮ ਦੀ ਸ਼ੁਰੂਆਤ ਕੀਤੀ, ਜੋ ਬਿਮਾਰੀਆਂ ਲਈ ਘੱਟ ਸੰਵੇਦਨਸ਼ੀਲ ਹਨ।

ਗੁਰਵਿੰਦਰ ਜੀ ਦੀ ਖੇਤੀ ਦਾ ਕੰਮ ਘੱਟ ਮਜ਼ਦੂਰਾਂ ਨਾਲ ਪੂਰਾ ਹੋ ਜਾਂਦਾ ਹੈ। ਇੱਕ ਵਿਅਕਤੀ ਮਧੂ ਮੱਖੀ ਪਾਲਣ ਦਾ ਕੰਮ ਸੰਭਾਲ ਸਕਦਾ ਹੈ, ਅਤੇ ਮੱਛੀ ਦਾ ਵਪਾਰ ਸਿੱਧੇ ਖਰੀਦਦਾਰਾਂ ਨਾਲ ਜਾਂ ਲੁਧਿਆਣਾ ਵਿੱਚ ਮੰਡੀਆਂ ਰਾਹੀਂ ਕੀਤਾ ਜਾ ਸਕਦਾ ਹੈ। ਅਨੁਕੂਲ ਸਥਿਤੀਆਂ ਨੂੰ ਬਣਾਈ ਰੱਖਣ ਲਈ, ਫਾਰਮ ਦੀ ਛੱਤ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜੋ ਸਾਲ ਭਰ ਤਾਪਮਾਨ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਸਰਦੀਆਂ ਵਿੱਚ ਟੈਂਕ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਜਾਂਦਾ ਹੈ, ਜਦਕਿ ਗਰਮੀਆਂ ਵਿੱਚ ਹਰੇ ਰੰਗ ਦੇ ਨੈੱਟ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ RAS ਸਿਸਟਮ ਫਿਲਟਰਾਂ ਦੁਆਰਾ ਪੂਰਕ ਹੈ। ਸਹੀ ਨਿਯੰਤਰਣ ਨੂੰ ਯਕੀਨੀ ਬਣਾਉਣ ਲਈ ਤਾਪਮਾਨ ਦੀ ਜਾਂਚ ਕਰਨ ਵਾਲੇ ਮੀਟਰ ਵੀ ਲਗਾਏ ਗਏ ਹਨ।

ਗੁਰਵਿੰਦਰ ਸਿੰਘ ਦੀ ਸਫ਼ਲਤਾ ਦੀ ਕਹਾਣੀ ਸਥਾਈ ਅਤੇ ਲਾਭਕਾਰੀ ਖੇਤੀ ਅਭਿਆਸਾਂ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਆਪਣੀ ਲਗਨ ਅਤੇ ਪਰਿਵਾਰ ਦੇ ਸਹਿਯੋਗ ਨਾਲ, ਉਹਨਾਂ ਨੇ ਆਪਣੇ ਛੋਟੇ ਪੱਧਰ ਦੇ ਕਾਰੋਬਾਰ ਨੂੰ ਇੱਕ ਵੱਡੇ ਕਾਰੋਬਾਰੀ ਉਦਯੋਗ ਵਿੱਚ ਬਦਲ ਦਿੱਤਾ ਹੈ। ਚਾਹਵਾਨ ਕਿਸਾਨ ਉਹਨਾਂ ਦੇ ਤਜ਼ਰਬਿਆਂ ਤੋਂ ਸਿੱਖ ਸਕਦੇ ਹਨ ਅਤੇ ਨਵੀਨਤਾਕਾਰੀ ਪਹੁੰਚ ਅਪਣਾ ਕੇ ਅਤੇ ਘਰ ਦੇ ਨੇੜੇ ਉਪਲਬਧ ਸਰੋਤਾਂ ਦਾ ਲਾਭ ਉਠਾ ਕੇ ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਕਿਸਾਨਾਂ ਨੂੰ ਸੰਦੇਸ਼

ਗੁਰਵਿੰਦਰ ਸਿੰਘ ਦੀਆਂ ਪ੍ਰਾਪਤੀਆਂ ਉਨ੍ਹਾਂ ਦੇ ਸਾਥੀ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ। ਉਹ ਸਾਥੀ ਕਿਸਾਨਾਂ ਨੂੰ ਆਪਣੇ ਆਸ-ਪਾਸ ਮੌਜ਼ੂਦਾ ਮੌਕਿਆਂ ਨੂੰ ਪਹਿਚਾਨਣ ਲਈ ਉਤਸ਼ਾਹਿਤ ਕਰਦੇ ਹਨ। ਉਹ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਨੂੰ ਮੁਫਤ ਵਿੱਚ ਟ੍ਰੇਨਿੰਗ ਦੇ ਕੇ ਆਪਣਾ ਸਮਰਥਨ ਦਿੰਦੇ ਹਨ।

ਗੁਰਬਚਨ ਸਿੰਘ

ਪੂਰੀ ਕਹਾਣੀ ਪੜ੍ਹੋ

ਮੱਛੀ ਪਾਲਣ ਦੇ ਕਿੱਤੇ ਨੂੰ ਉਚਾਈਆਂ ਦੇ ਰਾਹ ਲੈ ਕੇ ਜਾਣ ਵਾਲਾ ਇਹ ਅਗਾਂਹਵਧੂ ਕਿਸਾਨ

ਧਰਤੀ ਸਾਡੇ ਜੀਵਨ ਉਹ ਅਨਿੱਖੜਵਾਂ ਅੰਗ ਹੈ ਜੋ ਨਿੱਤ ਹੀ ਹਰ ਇੱਕ ਦਾ ਬਿਨਾਂ ਕਿਸੇ ਕੀਮਤ ਤੋਂ ਢਿੱਡ ਭਰ ਰਹੀ ਹੈ ਬੇਸ਼ੱਕ ਹਰ ਇਨਸਾਨ ਨੇ ਧਰਤੀ ਵਿੱਚੋਂ ਆਪਣੇ ਖਾਣ ਲਈ ਅਲੱਗ-ਅਲੱਗ ਸਾਧਨ ਈਜ਼ਾਦ ਕੀਤੇ ਹਨ ਅਤੇ ਧਰਤੀ ਵੀ ਉਨ੍ਹਾਂ ਦਾ ਪੂਰਾ ਸਾਥ ਨਿਭਾ ਰਹੀ ਹੈ, ਇਸ ਲਈ ਹਮੇਸ਼ਾਂ ਹੀ ਧਰਤੀ ਮਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।

ਅਜਿਹੇ ਹੀ ਇੱਕ ਕਿਸਾਨ ਗੁਰਬਚਨ ਸਿੰਘ ਜੋ ਕਿ ਤੰਗਰਾਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਮਨ ਚਿੱਤ ਵਿੱਚ ਨਹੀਂ ਸੀ ਕਿ ਮੱਛੀ ਪਾਲਣ ਦਾ ਕਿੱਤਾ ਕਰਨਾ ਹੈ, ਪਰ ਜਦੋਂ ਕਿ ਉਹ ਆਪਣਾ ਟਰੱਕਾਂ ਦਾ ਕੰਮ ਕਰਦੇ ਸਨ ਜਿਸ ਦੌਰਾਨ ਉਨ੍ਹਾਂ ਦਾ ਦਿਨ ਸਵੇਰ ਤੇ ਸ਼ਾਮ ਮਾਲ ਪਹੁੰਚਾਉਣ ਵਿੱਚ ਲੱਗ ਜਾਂਦਾ ਸੀ ਅਤੇ ਉਹ ਆਪਣੇ ਇਸ ਕੰਮ ਤੋਂ ਬਹੁਤ ਖੁਸ਼ ਸਨ।

ਜਦੋਂ ਗੁਰਬਚਨ ਟਰੱਕਾਂ ਦਾ ਕੰਮ ਕਰ ਰਹੇ ਸਨ ਤਾਂ ਉਸ ਦੌਰਾਨ ਉਹ ਕਿਤੇ ਨਾ ਕਿਤੇ ਮੱਛੀ ਪਾਲਣ ਬਾਰੇ ਆਉਂਦੇ-ਜਾਂਦੇ ਰਸਤੇ ਵਿੱਚ ਦੇਖਦੇ ਰਹਿੰਦੇ ਸਨ ਪਰ ਕਦੇ ਵੀ ਇਹ ਖਿਆਲ ਨਹੀਂ ਆਇਆ ਕਿ ਇਹ ਕਿੱਤਾ ਕਰਨਾ ਹੀ ਹੈ ਬਸ ਇੱਕ ਬੰਦੇ ਦੇ ਦਿਲ ਨੂੰ ਦੇਖਣ ਵਿੱਚ ਹੀ ਸਕੂਨ ਪਹੁੰਚਾਉਂਦਾ ਸੀ ਪਰ ਕੀ ਪਤਾ ਰੱਬ ਨੇ ਉਸਦੀ ਇਹ ਅਰਜ਼ ਸੁਣ ਲੈਣੀ ਸੀ।

ਸਾਲ 2015 ਦੀ ਗੱਲ ਹੈ ਜਦੋਂ ਗੁਰਬਚਨ ਜੀ ਦਾ ਬੇਟਾ ਉਹ ਵੀ ਆਪਣੇ ਪਿਤਾ ਜੀ ਨਾਲ ਕੰਮ ਦੇ ਵਿੱਚ ਹੱਥ ਵਟਾਉਣ ਯੋਗਾ ਹੋ ਗਿਆ ਤਾਂ ਗੁਰਬਚਨ ਨੇ ਸੋਚਿਆ ਕਿ ਹੁਣ ਕੰਮ ਬੇਟੇ ਨੂੰ ਆਉਂਦਾ ਹੈ ਕਿਉਂ ਨਾ ਇਸ ਨੂੰ ਕੰਮ ਸੌਂਪ ਕੇ ਖੁਦ ਨਿਗਰਾਨੀ ਕੀਤੀ ਜਾਵੇ ਅਤੇ ਅਰਾਮ ਕੀਤਾ ਜਾਵੇ।

ਇਸ ਨੂੰ ਦੇਖਦੇ ਹੋਏ ਗੁਰਬਚਨ ਜੀ ਨੇ ਆਪਣਾ ਸਾਰਾ ਕੰਮ ਆਪਣੇ ਬੇਟੇ ਨੂੰ ਸੌਂਪ ਦਿੱਤਾ ਅਤੇ ਸੋਚਿਆ ਕਿ ਕਿਉਂ ਨਾ ਕੋਈ ਹੋਰ ਸਹਾਇਕ ਧੰਦਾ ਕੀਤਾ ਜਾਵੇ।

ਤਾਂ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਗੁਰਪ੍ਰੀਤ ਸਿੰਘ ਜੀ ਨਾਲ ਹੋਈ ਜੋ ਕਿ ਉਨ੍ਹਾਂ ਦੇ ਦੋਸਤ ਅਤੇ ਫਿਸ਼ਰੀ ਡਿਪਾਰਟਮੈਂਟ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਬਤੌਰ ‘ਤੇ ਕੰਮ ਕਰ ਰਹੇ ਹਨ। ਜਦੋਂ ਗੁਰਪ੍ਰੀਤ ਜੀ ਦੀ ਗੱਲ ਗੁਰਬਚਨ ਨਾਲ ਹੋਈ ਤਾਂ ਉਨ੍ਹਾਂ ਨੇ ਫਿਸ਼ਰੀ ਦੇ ਕੰਮ ਬਾਰੇ ਜਾਣਕਾਰੀ ਪ੍ਰਦਾਨ ਕਰਵਾਈ ਤੇ ਕਿਹਾ ਕਿ ਤੂੰ ਇਹ ਸਹਾਇਕ ਧੰਦਾ ਅਪਣਾ ਕੇ ਦੇਖ, ਭਵਿੱਖ ਵਿੱਚ ਇਸ ਦੀ ਬਹੁਤ ਜ਼ਿਆਦਾ ਮੰਗ ਰਹੇਗੀ।

ਗੁਰਬਚਨ ਦੀ ਵੀ ਇੱਛਾ ਜਾਗ੍ਰਿਤ ਹੋਈ ਕਿ “ਹਾਂ, ਯਾਰ ਕੰਮ ‘ਤੇ ਕੁੱਝ ਵੱਖਰਾ ਹੈ ਤੇ ਆਉਂਦੇ ਜਾਂਦੇ ਵੀ ਦੇਖਦਾ ਰਹਿੰਦਾ ਸੀ ਕਿਉਂ ਨਾ ਹੁਣ ਕੰਮ ਕੀਤਾ ਹੀ ਜਾਵੇ।”

ਫਿਰ ਗੁਰਪ੍ਰੀਤ ਜੀ ਤੋਂ ਸਾਰੀ ਜਾਣਕਾਰੀ ਹਾਸਿਲ ਕਰਦਿਆਂ, ਗੁਰਬਚਨ ਜੀ ਨੇ ਫਤਹਿਗੜ੍ਹ ਸਾਹਿਬ ਵਿਖੇ ਮੱਛੀ ਪਾਲਣ ਦੀ ਟ੍ਰੇਨਿੰਗ ਲੈ ਕੇ ਘਰ ਆ ਗਏ। ਜਦੋਂ ਘਰ ਆਏ ਫਿਰ ਉਨ੍ਹਾਂ ਨੇ ਦੇਰ ਨਾ ਕੀਤੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਸਵਾ ਕਿੱਲੇ ਜ਼ਮੀਨ ਉੱਤੇ ਮੱਛੀ ਪਾਲਣ ਦਾ ਤਲਾਬ ਬਣਾਉਣ ਲੱਗੇ ਜਿਸ ਵਿੱਚ ਫਿਸ਼ਰੀ ਡਿਪਾਰਟਮੈਂਟ ਵੱਲੋਂ ਫਰਵਰੀ 2016 ਵਿੱਚ 94500 ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਜਿਸ ਨਾਲ ਗੁਰਬਚਨ ਦੀ ਬਹੁਤ ਜ਼ਿਆਦਾ ਮਦਦ ਹੋਈ। ਇਸ ਦੌਰਾਨ ਗੁਰਬਚਨ ਦੀ ਲੋਕਾਂ ਵੱਲੋਂ ਬਹੁਤ ਖਿੱਚਤਾਣ ਕੀਤੀ ਗਈ ਕਿ “ਤੂੰ ਕਿਹੜੇ ਕੰਮਾਂ ਵਿੱਚ ਪੈ ਗਿਆ ਹੈ ਜਿਸ ਦਾ ਕੁਝ ਵੀ ਪਤਾ ਨਹੀਂ ਕਿ ਅੱਗੇ ਕੀ ਹੋਣਾ ਹੈ, ਪਰ ਗੁਰਬਚਨ ਨੇ ਲੋਕਾਂ ਦੀ ਪ੍ਰਵਾਹ ਨਾ ਕੀਤੀ ਅਤੇ ਫਿਸ਼ਰੀ ਡਿਪਾਰਟਮੈਂਟ ਦੇ ਅਨੁਸਾਰ ਆਪਣੀ ਚਾਲ ਚੱਲਦਾ ਰਿਹਾ।”

ਜਦੋਂ ਤਲਾਬ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਇਆ ਉਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਗੱਲ ਦੀ ਚਿੰਤਾ ਖਾਈ ਜਾ ਰਹੀ ਹੈ ਕਿ ਸਭ ਕੁਝ ਤਾਂ ਕਰ ਲਿਆ ਪਰ ਇਸਦੀ ਮਾਰਕੀਟਿੰਗ ਕਿਵੇਂ ਕਰਾਂਗਾ, ਜਿਸ ਸੰਬੰਧਿਤ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਅਤੇ ਉਹ ਪ੍ਰੇਸ਼ਾਨ ਹੋ ਗਏ, ਪਰ ਪ੍ਰੇਸ਼ਾਨ ਹੋਣ ਦੇ ਨਾਲ ਉਨ੍ਹਾਂ ਨੂੰ ਆਪਣੇ ਦੋਸਤ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਮੱਛੀ ਪਾਲਣ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਸੀ, ਉਨ੍ਹਾਂ ਨਾਲ ਸੰਪਰਕ ਕੀਤਾ।

ਜਦੋਂ ਗੁਰਬਚਨ ਜੀ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਗੁਰਪ੍ਰੀਤ ਜੀ ਜਿਨ੍ਹਾਂ ਨੇ ਦੇਰੀ ਨਾ ਕਰਦੇ ਹੋਏ ਉਨ੍ਹਾਂ ਦੀ ਮਾਰਕੀਟਿੰਗ ਦਾ ਕੰਮ ਸ਼ੁਰੂ ਕਰਵਾਇਆ ਜਿਸ ਨਾਲ ਮੱਛੀ ਵਿਕਣੀ ਸ਼ੁਰੂ ਹੋ ਗਈ ਅਤੇ ਮਾਰਕੀਟਿੰਗ ਕਰਨ ਦੇ ਤਰੀਕੇ ਦੱਸੇ ਜਿਸ ਨਾਲ ਕਿ ਗੁਰਬਚਨ ਨੂੰ ਅੱਗੇ ਜਾ ਕੇ ਉਸਨੂੰ ਕੋਈ ਮੁਸ਼ਕਿਲ ਨਾ ਆਵੇ। ਜਿਸ ਨਾਲ ਮਾਰਕੀਟਿੰਗ ਦਾ ਰਸਤਾ ਖੁੱਲ ਗਿਆ ਅਤੇ ਮਾਰਕੀਟਿੰਗ ਵਧੀਆ ਤਰੀਕੇ ਨਾਲ ਚੱਲ ਪਈ ਅਤੇ ਹੌਲੀ-ਹੌਲੀ ਇਸ ਤਰ੍ਹਾਂ ਸੰਪਰਕ ਬਣਦੇ ਗਏ ਜਿਸ ਨਾਲ ਤਦਾਦ ਵਿੱਚ ਮੱਛੀ ਦੀ ਮੰਗ ਆਉਣੀ ਸ਼ੁਰੂ ਹੋ ਗਈ ਅਤੇ ਮੱਛੀ ਉਤਪਾਦਨ ਵਾਲੇ ਆਉਂਦੇ, ਆਪਣੀਆਂ ਗੱਡੀਆਂ ਭਰ ਕੇ ਲੈ ਜਾਂਦੇ ਤੇ ਮੱਛੀਆਂ ਦੇ ਬਣਦੇ ਪੈਸੇ ਗੁਰਬਚਨ ਨੂੰ ਦੇ ਜਾਂਦੇ।

ਜਦੋਂ ਮਾਰਕੀਟਿੰਗ ਆਪਣੀ ਰਫਤਾਰ ਨਾਲ ਚਲ ਰਹੀ ਸੀ ਤਾਂ ਗੁਰਬਚਨ ਨੇ ਤਲਾਬ ਨੂੰ ਵਧਾਉਣ ਬਾਰੇ ਸੋਚਿਆ ਅਤੇ ਨਾਲ ਪੰਚਾਇਤੀ ਜ਼ਮੀਨ ਲੱਗਦੀ ਸੀ ਜੋ ਕਿ ਕਰੀਬ ਸਾਢੇ ਤਿੰਨ ਏਕੜ ਦਾ ਰਕਬਾ ਸੀ ਉਸਨੂੰ ਠੇਕੇ ‘ਤੇ ਲੈ ਕੇ ਤਲਾਬ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਸੰਬੰਧਿਤ ਮਦਦ ਫਿਸ਼ਰੀ ਡਿਪਾਰਟਮੈਂਟ ਵੱਲੋਂ ਗੁਰਬਚਨ ਨੂੰ ਸਾਢੇ ਤਿੰਨ ਏਕੜ ਦੇ ਤਾਲਾਬ ਦੇ ਲਈ 2 ਲੱਖ 47 ਹਜ਼ਾਰ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਜਿਸ ਨਾਲ ਤਾਲਾਬ ਦੇ ਕੰਮ ਨੂੰ ਪੂਰਾ ਕੀਤਾ ਅਤੇ ਉਸ ਉੱਤੇ ਕੰਮ ਕਰਨ ਲੱਗ ਗਏ। ਉਸ ਤੋਂ ਬਾਅਦ ਮਾਰਕੀਟਿੰਗ ਕਿਤੇ ਜ਼ਿਆਦਾ ਦੁੱਗਣੀ ਹੋ ਗਈ ਜਿਸ ਨੂੰ ਦੇਖ ਕੇ ਓਹ ਬਹੁਤ ਖੁਸ਼ ਹੋ ਰਹੇ ਸਨ ਅਤੇ 2016 ਵਿੱਚ ਆ ਕੇ ਸਫਲ ਹੋਏ।

ਅੱਜ ਉਹ ਮੱਛੀ ਪਾਲਣ ਦਾ ਕਿੱਤਾ ਤੇ ਕਰ ਹੀ ਰਹੇ ਹਨ ਇਸ ਦੇ ਨਾਲ-ਨਾਲ ਆਪਣੇ ਟਰੱਕਾਂ ਦਾ ਕੰਮ ਵੀ ਦੇਖ ਰਹੇ ਹਨ, ਕਿਉਂਕਿ ਬੇਟੇ ਦੇ ਬਾਹਰਲੇ ਦੇਸ਼ ਜਾਣ ਕਰਕੇ ਸਾਰਾ ਕੰਮ ਫਿਰ ਖੁਦ ਹੀ ਦੇਖ ਰਹੇ ਹਨ ਅਤੇ ਪੰਚਾਇਤੀ ਜ਼ਮੀਨ ਨੂੰ ਛੱਡ ਕੇ ਆਪਣੀ ਖੁਦ ਦੀ ਜ਼ਮੀਨ ਵਿੱਚ ਹੀ ਮੱਛੀ ਪਾਲਣ ਨੂੰ ਵਧੀਆ ਤਰੀਕੇ ਨਾਲ ਚਲਾ ਅਤੇ ਮੁਨਾਫ਼ਾ ਕਮਾ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਮੱਛੀ ਪਾਲਣ ਦੇ ਕਿੱਤੇ ਨੂੰ ਵੱਡੇ ਪੱਧਰ ‘ਤੇ ਲਿਜਾ ਕੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਮੱਛੀ ਪਾਲਣ ਕਿੱਤਾ ਜੋ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਕੀਤਾ ਜਾਂਦਾ ਹੈ ਉਹ ਪੰਜਾਬ ਵਿੱਚ ਵੀ ਹੋਵੇ ਅਤੇ ਪੰਜਾਬ ਵਿੱਚ ਹੀ ਇਸਦੀ ਮਾਰਕੀਟਿੰਗ ਵੱਡੇ ਪੱਧਰ ਤੇ ਕੀਤੀ ਜਾਵੇ।

ਸੰਦੇਸ਼

ਜੇਕਰ ਕੋਈ ਵੀ ਇਨਸਾਨ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਬਾਰੇ ਸੋਚਦਾ ਹੈ ਜਾਂ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਫਿਸ਼ਰੀ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਚੰਗੀ ਤਰ੍ਹਾਂ ਜਾਣਕਾਰੀ ਤੇ ਟ੍ਰੇਨਿੰਗ ਹਾਸਿਲ ਕਰਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਇਸ ਕਿੱਤੇ ਵਿੱਚ ਚੌਖਾ ਮੁਨਾਫ਼ਾ ਹੈ ਪਰ ਬਿਨਾਂ ਜਾਣਕਾਰੀ ਤੋਂ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।

ਹਰਭਜਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਜੋ ਇੱਕ ਫਾਰਮ ਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰਨ ਵਿੱਚ ਸਫਲ ਹੋਇਆ, ਜਿਸ ਕਾਰਨ ਦੂਜੇ ਕਿਸਾਨਾਂ ਦੁਆਰਾ ਉਸ ਨੂੰ ਕਿਸਾਨਾਂ ਦਾ ਸ਼ਕਤੀਮਾਨ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ

ਇਸ ਤੇਜ਼ੀ ਨਾਲ ਬਦਲਦੀ ਹੋਈ ਦੁਨੀਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵਿਭਿੰਨਤਾ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਨੂੰ ਅਪਣਾਉਣਾ ਅੱਜ-ਕੱਲ੍ਹ ਬਹੁਤ ਹੋ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੁਨੀਆਂ ਵਿੱਚ ਹਰ ਇਨਸਾਨ ਕੁੱਝ ਵੱਖਰਾ ਕਰਨ ਦੇ ਲਈ ਆਇਆ ਹੈ, ਹਾਲਾਂਕਿ ਕੁੱਝ ਲੋਕ ਹਨ ਅਜਿਹੇ ਹੁੰਦੇ ਹਨ ਜੋ ਪਰਿਵਰਤਨ ਕਰਨ ਤੋਂ ਡਰਦੇ ਹਨ, ਜਿਸ ਕਾਰਨ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਖ਼ਿਆਲ ਤੋਂ ਹਮੇਸ਼ਾਂ ਡਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਪਹਿਚਾਣ ਕੇ ਦੁਨੀਆਂ ਬਦਲਣ ਦੀ ਰਾਹ ਉੱਤੇ ਅਗਾਂਹ ਵੱਧਦੇ ਜਾਂਦੇ ਹਨ ਅਤੇ ਉੱਚੀਆਂ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਨ।

ਇਹ ਕਹਾਣੀ ਇੱਕ ਅਜਿਹੇ ਹੀ ਇਨਸਾਨ ਦੀ ਹੈ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਪਿਛਲੇ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੇ ਇੱਕ ਕਿਸਾਨ ਹਰਭਜਨ ਸਿੰਘ ਜੀ ਖੇਤੀ ਦੇ ਤਰੀਕਿਆਂ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੀ 11 ਕਿੱਲੇ ਜ਼ਮੀਨ ਉੱਪਰ ਸਫ਼ਲਤਾਪੂਰਵਕ ਫਾਰਮ ਚਲਾ ਰਹੇ ਹਨ, ਜਿੱਥੇ ਉਹ ਮੁਰਗੀ ਪਾਲਣ, ਬੱਕਰੀ ਪਾਲਣ ਦੇ ਨਾਲ-ਨਾਲ ਬਟੇਰ ਪਾਲਣ ਦਾ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ 55 ਏਕੜ ਪੰਚਾਇਤੀ ਜ਼ਮੀਨ ਵੀ ਕਿਰਾਏ ਉੱਤੇ ਲਈ ਹੋਈ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕਰਦੇ ਹਨ।

ਹਰਭਜਨ ਜੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸਾਲ 1981 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਇੱਕ ਮਕੈਨੀਕਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਲੱਗ ਗਏ ਤੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖੇਤੀ ਵਿੱਚ ਵੀ ਮਦਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਨੇ ਮੱਛੀ ਪਾਲਣ ਕਰਨ ਬਾਰੇ ਸਲਾਹ ਦਿੱਤੀ, ਇਸ ਤੋਂ ਬਾਅਦ ਇਸ ਕਿੱਤੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਮੱਛੀ ਪਾਲਣ ਕਰਨ ਦੇ ਲਈ ਪਿੰਡ ਦੇ ਤਾਲਾਬ ਨੂੰ ਕਿਰਾਏ ‘ਤੇ ਲੈ ਲਿਆ।

ਮੱਛੀ ਪਾਲਣ ਦੇ ਕਿੱਤੇ ਤੋਂ ਮੈਂ ਕਾਫੀ ਮੁਨਾਫ਼ਾ ਕਮਾਇਆ ਅਤੇ ਖੁਦ ਦੀ ਜ਼ਮੀਨ ਦੇ ਉੱਪਰ ਇਹ ਕੰਮ ਕਰਨ ਦਾ ਫੈਸਲਾ ਕਰ ਲਿਆ-ਹਰਭਜਨ ਸਿੰਘ

ਇਸ ਕੰਮ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ, ਇਸ ਲਈ ਸਾਲ 1995 ਵਿਚ ਪੰਜਾਬ ਰਾਜ ਮੱਛਲੀ ਪਾਲਣ ਬੋਰਡ ਮਾਨਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਅਤੇ ਆਪਣੀ ਜ਼ਮੀਨ ਉੱਤੇ ਹੋਰ ਵਧੀਆ ਤਰੀਕੇ ਨਾਲ ਮੱਛਲੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ 2 ਏਕੜ ਜ਼ਮੀਨ ਵਿਚ ਤਾਲਾਬ ਤਿਆਰ ਕਰਵਾਇਆ ਅਤੇ 2 ਏਕੜ ਜ਼ਮੀਨ ਵੀ ਖਰੀਦ ਲਈ ਜੋ ਉਨ੍ਹਾਂ ਦੇ ਤਾਲਾਬ ਦੇ ਨੇੜੇ ਲੱਗਦੀ ਸੀ। ਜਿਸ ਨਾਲ ਮੱਛੀ ਉਤਪਾਦਨ 6 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਉਤਪਾਦਨ ਵਧਾਉਣ ਦੇ ਲਈ ਸੈਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਭੁਵਨੇਸ਼ਵਰ, ਉੜੀਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕਰ ਲਿਆ ਅਤੇ ਮੱਛੀ ਦੀਆਂ 6 ਨਵੀਆਂ ਨਸਲਾਂ (ਰੋਹੁ, ਕਤਲਾ, ਮੁਰਾਖ, ਗ੍ਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ) ਅਤੇ ਨਾਲ ਹੀ 3 ਏਰੀਏਟਰ ਵੀ ਖਰੀਦ ਲਏ। ਏਰੀਏਟਰ ਖਰੀਦਣ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ 50 % ਸਬਸਿਡੀ ਵੀ ਮਿਲੀ। ਏਰੀਏਟਰ ਦੇ ਇਸਤੇਮਾਲ ਦੇ ਨਾਲ ਮੱਛੀ ਉਤਪਾਦਨ ਵੱਧ ਕੇ 8 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਮੈਨੂੰ ਸਰਕਾਰੀ ਹੈਚਰੀ ਤੋਂ ਮੱਛੀ ਦਾ ਬੀਜ ਖਰੀਦਣਾ ਪਿਆ, ਜੋ ਕਿ ਮੇਰੇ ਲਈ ਇੱਕ ਮਹਿੰਗਾ ਸੌਦਾ ਸੀ, ਇਸ ਕਰਕੇ ਮੈਂ ਆਪਣੀ ਖੁਦ ਦੀ ਹੈਚਰੀ ਤਿਆਰ ਕਰਨ ਦਾ ਫੈਸਲਾ ਕਰ ਲਿਆ- ਹਰਭਜਨ ਸਿੰਘ

ਮੱਛੀ ਪਾਲਣ ਦੇ ਨਾਲ-ਨਾਲ ਮੱਛੀ ਦਾ ਬੀਜ ਤਿਆਰ ਕਰਨ ਦੇ ਲਈ ਇੱਕ ਹੈਚਰੀ ਤਿਆਰ ਕੀਤੀ ਕਿਉਂਕਿ ਉਨ੍ਹਾਂ ਨੂੰ ਦੂਜੀ ਹੈਚਰੀ ਤੋਂ ਬੀਜ ਮਹਿੰਗਾ ਪੈ ਰਿਹਾ ਸੀ। ਆਮ ਤੌਰ ‘ਤੇ ਹੈਚਰੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਹਰਭਜਨ ਸਿੰਘ ਜੀ ਨੇ ਇੱਕ ਵੱਡੇ ਨਿਵੇਸ਼ ਦੇ ਨਾਲ ਖੁਦ ਦੀ ਹੈਚਰੀ ਤਿਆਰ ਕੀਤੀ। ਹੈਚਰੀ ਹੋਣ ਦੇ ਨਾਲ ਇੱਕ ਨਕਲੀ ਮੀਂਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਹੈਚਰੀ ਵਿੱਚ ਇੱਕ ਉਂਗਲ ਦੇ ਆਕਾਰ ਜਿੰਨੇ 20 ਲੱਖ ਤੋਂ ਵੀ ਜ਼ਿਆਦਾ ਮੱਛੀ ਦੇ ਬੱਚੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਬੀਜ ਦੇ ਹਿਸਾਬ ਨਾਲ ਵੇਚਿਆ।

ਸਮਾਂ ਲੰਘਦਾ ਗਿਆ ਅਤੇ ਹਰਭਜਨ ਜੀ ਨੇ 2009 ਵਿੱਚ Large White Yorkshire ਨਸਲ ਦੇ 50 ਸੂਰਾਂ ਤੋਂ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਨਹੀਂ ਹੋਇਆ। ਫਿਰ ਉਹਨਾਂ ਨੇ ਸੂਰ ਦੇ ਮੀਟ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ CIPHET PAU ਅਤੇ ਗਡਵਾਸੂ ਤੋਂ ਮੀਟ ਪ੍ਰੋਡਕਟਸ ਦੀ ਟ੍ਰੇਨਿੰਗ ਲਈ ਅਤੇ ਸੂਰ ਦੇ ਮੀਟ ਨੂੰ ਅਚਾਰ ਦੇ ਰੂਪ ਵਿੱਚ ਪ੍ਰੋਸੈਸ ਕੀਤਾ। ਮੀਟ ਦਾ ਅਚਾਰ ਬਣਾ ਕੇ ਵੇਚਣਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਇਸ ਨਾਲ ਲਗਭਗ ਦੁੱਗਣੀ ਹੋ ਗਈ।

ਹੁਣ ਹਰਭਜਨ ਸਿੰਘ ਜੀ ਦੇ ਕੋਲ ਲਗਭਗ 150 ਸੂਰ ਹਨ। ਸੂਰਾਂ ਤੋਂ ਬਚੇ ਪਦਾਰਥਾਂ ਨੂੰ ਹਰਭਜਨ ਸਿੰਘ ਜੀ ਮੱਛੀਆਂ ਨੂੰ ਖਿਲਾ ਦਿੰਦੇ ਹਨ। ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਵਿੱਚੋਂ 50 ਤੋਂ 60 % ਹਿੱਸਾ ਰਹਿਣ ਲੱਗਾ ਅਤੇ ਮੱਛਲੀ ਉਤਪਾਦਨ 20 % ਹੋਰ ਵੱਧ ਗਿਆ। ਹੁਣ ਉਹ ਪ੍ਰਤੀ ਹੈਕਟੇਅਰ 10 ਟਨ ਮੱਛੀ ਦਾ ਉਤਪਾਦਨ ਕਰਦੇ ਹਨ।

ਉਹਨਾਂ ਨੇ ਫਿਸ਼ ਪਾਰਕ ਪ੍ਰੋਸੈਸਿੰਗ ਸੇਲਫ ਹੈਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ 11 ਮੈਂਬਰ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਤੇ ਹਰਭਜਨ ਸਿੰਘ ਜੀ ਦੀ ਆਮਦਨੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਰਭਜਨ ਸਿੰਘ ਜੀ ਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਪੰਜਾਬ ਦੇ ਮੁੱਖ-ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।

ਪਾਣੀ ਦੇ ਸਤਰ ਵਿੱਚ ਆਉਂਦੀ ਕਮੀ ਨੂੰ ਦੇਖਦੇ ਹੋਏ ਹਰਭਜਨ ਜੀ ਨੇ ਪਾਣੀ ਨੂੰ ਮੁੜ ਵਰਤੋਂ ਵਿੱਚ ਲੈ ਕੇ ਆਉਣ ਲਈ ਲਈ ਇੱਕ ਤਰੀਕੇ ਦੀ ਕਾਢ ਕੱਢੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਪਾਣੀ ਸੂਰਾਂ ਨੂੰ ਨਹਾਉਣ ਦੇ ਲਈ ਵਰਤ ਕੇ ਬਾਅਦ ਵਿੱਚ ਇਸ ਪਾਣੀ ਨੂੰ ਮੱਛੀਆਂ ਦੇ ਤਾਲਾਬ ਵਿੱਚ ਸੁੱਟ ਦਿੰਦੇ ਹਨ ਅਤੇ ਤਾਲਾਬ ਦੇ ਬਾਕੀ ਰਹਿੰਦੇ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਲਈ ਵਰਤ ਲਿਆ ਜਾਂਦਾ ਹੈ। ਇਹ ਪਾਣੀ ਖੇਤ ਵਿੱਚ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਖਾਦਾਂ ਉੱਤੇ ਹੋਣ ਵਾਲੇ ਖਰਚ ਨੂੰ 50 % ਤੱਕ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਭਜਨ ਸਿੰਘ ਜੀ ਦੇ ਯਤਨ ਨੂੰ ਦੇਖਦੇ ਹੋਏ ਉਹਨਾਂ ਦੇ ਖੇਤ ਦਾ ਦੌਰਾ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਫਾਰਮਿੰਗ ਦੇ ਵਿੱਚ ਬੱਕਰੀ ਪਾਲਣ ਨੂੰ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਹਨਾਂ ਨੇ KVK ਮਾਨਸਾ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਵਿੱਚ ਉਹਨਾਂ ਨੇ ਬੀਟਲ ਅਤੇ ਸਿਰੋਹੀ ਨਸਲ ਦੇ ਨਾਲ 30 ਬੱਕਰੀਆਂ ਤੋਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅੱਜ ਉਹਨਾਂ ਦੇ ਕੋਲ ਲਗਭਗ 150 ਦੇ ਕਰੀਬ ਬੱਕਰੀਆਂ ਹਨ। 2017 ਦੇ ਬਾਅਦ ਉਹਨਾਂ ਨੇ PAU ਦੇ ਕਿਸਾਨ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਬਟੇਰ ਪਾਲਣ ਅਤੇ ਮੁਰਗੀ ਪਾਲਣ ਕਰਨ ਦੀ ਪ੍ਰੇਰਨਾ ਮਿਲੀ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਚੰਡੀਗੜ੍ਹ ਤੋਂ 2000 ਬਟੇਰ ਅਤੇ 150 ਕੜਕਨਾਥ ਨਸਲ ਦੀਆਂ ਮੁਰਗੀਆਂ ਦੀ ਖਰੀਦ ਕੀਤੀ। ਅੱਜ ਉਹ ਆਪਣੇ ਖੇਤ ਦੇ ਵਿੱਚ 3000 ਬਟੇਰ ਪੰਛੀਆਂ ਦਾ ਪਾਲਣ ਕਰਦੇ ਹਨ।

ਪਸ਼ੂਆਂ ਦੇ ਲਈ ਚਾਰਾ ਉਹ ਆਪ ਮਸ਼ੀਨਾਂ ਦੀ ਮਦਦ ਨਾਲ ਖੇਤ ਵਿੱਚ ਹੀ ਤਿਆਰ ਕਰਦੇ ਹਨ। ਹਰਭਜਨ ਸਿੰਘ ਜੀ ਦੇ 2 ਬੱਚੇ ਵੀ ਹਨ ਜੋ ਖੇਤ ਵਿੱਚ ਹਰਭਜਨ ਜੀ ਦੀ ਮਦਦ ਕਰਦੇ ਹਨ। ਹਰਭਜਨ ਜੀ ਸਿਰਫ ਇੱਕ ਸਹਾਇਕ ਦੇ ਰੂਪ ਵਿਚ ਖੇਤ ਵਿੱਚ ਕੰਮ ਕਰਦੇ ਹਨ। ਹੁਣ ਉਹ ਮੱਛੀਆਂ ਦੇ ਬੀਜ ਨੂੰ 2 ਰੁਪਏ ਪ੍ਰਤੀ ਬੀਜ ਵੇਚ ਰਹੇ ਹਨ। ਬੱਕਰ-ਈਦ ਵਾਲੇ ਦਿਨ ਉਹ ਬੱਕਰੀਆਂ ਨੂੰ ਵੇਚਦੇ ਹਨ ਅਤੇ ਮੀਟ ਤੋਂ ਅਚਾਰ ਵੀ ਤਿਆਰ ਕਰਦੇ ਹਨ। ਕੜਕਨਾਥ ਮੁਰਗੀ ਦਾ ਇੱਕ ਆਂਡਾ ਉਹ 15 ਤੋਂ 20 ਰੁਪਏ ਵਿੱਚ ਵੇਚਦੇ ਹਨ ਅਤੇ ਉਸਦਾ ਮੀਟ 700-800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ICAR-CIFE ਕੋਲਕਾਤਾ ਤੋਂ ਮੱਛੀ ਦਾ ਅਚਾਰ ਅਤੇ ਸੂਪ ਬਣਾਉਣ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ ਅਤੇ ਆਪਣੇ ਉਤਪਾਦਾਂ ਨੂੰ “ਖਿਆਲਾ ਪੋਰਕ ਐਂਡ ਫਿਸ਼ ਪ੍ਰੋਡਕਟਸ” ਦੇ ਨਾਮ ਨਾਲ ਵੇਚਦੇ ਹਨ। ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪਣੇ ਫਾਰਮ ਉੱਤੇ ਹੀ ਕਰਦੇ ਹਨ।

ਉਹਨਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਕੀਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਖੇਤੀ ਕਰਨ ਦੇ ਲਈ ਬਹੁਤ ਸਾਰੇ ਕਿਸਾਨ ਹਰਭਜਨ ਜੀ ਦੀ ਸਲਾਹ ਲੈਣ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਹਰਭਜਨ ਜੀ ਦੂਜੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਦੇ ਰੂਪ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਖੇਤੀ ਵਿੱਚ ਵੀਭਿੰਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਭਵਿੱਖ ਦੀ ਯੋਜਨਾ

ਹਰਭਜਨ ਜੀ ਭਵਿੱਖ ਵਿੱਚ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਇਸ ਖੇਤੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹ ਇੰਟੀਗ੍ਰੇਟਡ ਖੇਤੀ ਕਰਕੇ ਵੱਡੇ ਪੱਧਰ ‘ਤੇ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਨਾਲ-ਨਾਲ ਲੋਕਾਂ ਨੂੰ ਜੈਵਿਕ ਅਤੇ ਫ਼ਸਲੀ ਵਿਭਿੰਨਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ।

ਸੰਦੇਸ਼

ਹਰਭਜਨ ਜੀ ਨੌਜਵਾਨ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦੇਣਾ ਚਾਹੁੰਦੇ ਹਨ। ਜੇਕਰ ਕੋਈ ਵੀ ਕਿਸਾਨ ਇੰਟੀਗ੍ਰੇਟਡ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਬਾਕੀ ਕਿੱਤਿਆਂ ਨੂੰ ਆਪਣੇ ਵਪਾਰ ਵਿੱਚ ਜੋੜਨਾ ਚਾਹੀਦਾ ਹੈ।

ਲਿੰਗਾਰੇਡੀ ਪ੍ਰਸ਼ਾਦ

ਪੂਰੀ ਕਹਾਣੀ ਪੜ੍ਹੋ

ਸਫਲ ਕਿਸਾਨ ਹੋਣਾ ਹੀ ਕਾਫੀ ਨਹੀਂ, ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਸਫਲ ਕਰਨਾ ਇਸ ਉੱਦਮੀ ਦਾ ਸੁਪਨਾ ਸੀ ਅਤੇ ਸੱਚ ਵੀ ਕਰਕੇ ਦਿਖਾਇਆ- ਲਿੰਗਾਰੇਡੀ ਪ੍ਰਸ਼ਾਦ

ਖੇਤੀ ਦੀ ਕਦਰ ਉਹੀ ਇਨਸਾਨ ਨੂੰ ਪਤਾ ਹੁੰਦੀ ਹੈ ਜੋ ਖੁਦ ਖੇਤੀ ਕਰਦਾ ਹੈ, ਖੇਤੀ ਕਰਦਿਆਂ ਫ਼ਸਲ ਨੂੰ ਉਗਾਉਣਾ ਤੇ ਸਾਂਭ-ਸੰਭਾਲ ਸਮੇਂ ਧਰਤੀ ਮਾਂ ਨਾਲ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ, ਜੇਕਰ ਹਰ ਇੱਕ ਇਨਸਾਨ ਵਿੱਚ ਖੇਤੀ ਪ੍ਰਤੀ ਪਿਆਰ ਪੈਦਾ ਹੋ ਜਾਵੇ ਤਾਂ ਉਹ ਹਰ ਚੀਜ਼ ਨੂੰ ਕੁਦਰਤ ਦੇ ਅਨੁਸਾਰ ਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਫਲ ਵੀ ਹੋ ਜਾਂਦਾ ਹੈ। ਹਰ ਇਨਸਾਨ ਨੂੰ ਚਾਹੀਦਾ ਹੈ। ਉਹ ਰਸਾਇਣਿਕ ਖੇਤੀ ਨਾ ਕਰਕੇ ਕੁਦਰਤੀ ਖੇਤੀ ਨੂੰ ਪਹਿਲ ਦੇਵੇ ਤੇ ਫਿਰ ਕੁਦਰਤ ਵੀ ਗੱਫੇ ਭਰ-ਭਰ ਕੇ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ।

ਇੱਕ ਅਜਿਹੇ ਹੀ ਉੱਦਮੀ ਕਿਸਾਨ ਹਨ, ਜੋ ਖੇਤੀ ਨਾਲ ਇੱਥੋਂ ਤੱਕ ਜੁੜੇ ਹੋਏ ਹਨ ਕਿ ਖੇਤੀ ਨੂੰ ਇਕੱਲੀ ਖੇਤੀ ਨਹੀਂ ਕੁਦਰਤ ਵੱਲੋਂ ਮਿਲਿਆ ਉਪਹਾਰ ਸਮਝਦੇ ਹਨ। ਇਸ ਉਪਹਾਰ ਨੇ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ। ਉਸ ਉੱਦਮੀ ਕਿਸਾਨ ਦਾ ਨਾਮ ਲਿੰਗਾਰੇਡੀ ਪ੍ਰਸ਼ਾਦ ਹੈ, ਜੋ ਚਿਤੂਰ, ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਸ਼ੁਰੂ ਤੋਂ ਖੇਤੀ ਨਾਲ ਪੂਰਾ ਪਰਿਵਾਰ ਜੁੜਿਆ ਹੋਇਆ ਸੀ ਅਤੇ ਜੈਵਿਕ ਖੇਤੀ ਕਰ ਰਿਹਾ ਸੀ ਪਰ ਲਿੰਗਾਰੇਡੀ ਪ੍ਰਸ਼ਾਦ ਕੁਝ ਹੋਰ ਵੱਖਰਾ ਕਰਨਾ ਚਾਹੁੰਦੇ ਸੀ, ਲਿੰਗਾਰੇਡੀ ਪ੍ਰਸ਼ਾਦ ਨੂੰ ਲੱਗਦਾ ਸੀ ਕਿ ਅਸਲ ਵਿੱਚ ਉਹ ਉਦੋਂ ਸਫਲ ਹੋਣਗੇ ਜਦੋਂ ਉਹਨਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਖੇਤੀ ਵਿਚ ਸਫਲ ਹੋਣ। ਰਵਾਇਤੀ ਖੇਤੀ ਵਿੱਚ ਉਹ ਸਫਲਤਾ ਪੂਰਵਕ ਅੰਬਾਂ ਦੇ ਬਾਗ਼ ਤੇ ਇਸਦੇ ਨਾਲ ਸਬਜ਼ੀਆਂ, ਹਲਦੀ ਤੇ ਹੋਰ ਕਈ ਫ਼ਸਲਾਂ ਦੀ ਖੇਤੀ ਕਰ ਰਹੇ ਸੀ।

ਫਸਲੀ ਵਿਭਿੰਨਤਾ ਕਾਫੀ ਨਹੀਂ ਸੀ ਕਿਉਂਕਿ ਇਹ ਤਾਂ ਸਭ ਕਰਦੇ ਹਨ- ਲਿੰਗਾਰੇਡੀ ਪ੍ਰਸਾਦ

ਇੱਕ ਦਿਨ ਉਹ ਬੈਠੇ ਹੋਏ ਸਨ ਅਤੇ ਪੁਰਾਣੇ ਸਮਿਆਂ ਬਾਰੇ ਸੋਚਣ ਲੱਗੇ, ਸੋਚਦਿਆਂ-ਸੋਚਦਿਆਂ ਉਹਨਾਂ ਦਾ ਮਿਲਟ ਦੇ ਵੱਲ ਧਿਆਨ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਬਜ਼ੁਰਗ ਮਿਲਟ ਦੀ ਖੇਤੀ ਕਰਿਆ ਕਰਦੇ ਸਨ ਜੋ ਕਿ ਸਿਹਤ ਲਈ ਵੀ ਫਾਇਦੇਮੰਦ ਹੈ ਤੇ ਪਸ਼ੂਆਂ ਲਈ ਵੀ ਵਧੀਆ ਆਹਾਰ ਹੋਣ ਦੇ ਨਾਲ ਅਨੇਕਾਂ ਫਾਇਦੇ ਸਨ। ਆਖਿਰ ਉਨ੍ਹਾਂ ਨੇ ਮਿਲਟ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਇੱਕ ਤੇ ਜਿੱਥੇ ਉਹ ਰਹਿੰਦੇ ਸਨ, ਉੱਥੇ ਮਿਲਟ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ, ਦੂਸਰਾ ਇਸ ਨਾਲ ਅਲੋਪ ਹੋ ਚੁੱਕੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਬਾਰੇ ਸੋਚ ਰਹੇ ਸਨ।

ਸ਼ੁਰੂਆਤੀ ਦੌਰ ਵਿਚ ਲਿੰਗਾਰੇਡੀ ਪ੍ਰਸ਼ਾਦ ਨੂੰ ਇਹ ਨਹੀਂ ਪਤਾ ਸੀ, ਇਸ ਫਸਲ ਲਈ ਤਾਪਮਾਨ ਕਿੰਨਾ ਚਾਹੀਦਾ ਹੈ, ਕਿੰਨੇ ਸਮੇਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ, ਕਿੱਥੋਂ ਬੀਜ ਮਿਲਦੇ ਹਨ, ਕਿਵੇਂ ਬੀਜ ਤਿਆਰ ਕੀਤੇ ਜਾਂਦੇ ਹਨ। ਫਿਰ ਸਮਾਂ ਨਾ ਵਿਅਰਥ ਕਰਦੇ ਹੋਏ ਮਿਲਟ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੋਸ਼ਲ ਮੀਡਿਆ ਦਾ ਬਹੁਤ ਸਹਾਰਾ ਲਿਆ। ਫਿਰ ਇੱਕ ਆਪਣੇ ਪਿੰਡ ਦੇ ਬਜ਼ੁਰਗ ਨਾਲ ਗੱਲ ਕੀਤੀ ਜਿਸ ਤੋਂ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਤੇ ਬਜ਼ੁਰਗ ਨੇ ਬਿਜਾਈ ਤੋਂ ਲੈ ਕੇ ਵੱਢਣ ਤੱਕ ਦਾ ਸਾਰਾ ਤਰੀਕਾ ਲਿੰਗਾਰੇਡੀ ਪ੍ਰਸ਼ਾਦ ਨੂੰ ਦੱਸਿਆ। ਜਿੰਨੀ ਜਾਣਕਾਰੀ ਮਿਲਦੀ ਗਈ ਉਹ ਮਿਲਟ ਪ੍ਰਤੀ ਮੋਹਿਤ ਹੁੰਦੇ ਗਏ ਅਤੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਸਾਲ ਦਾ ਸਮਾਂ ਲੱਗ ਗਿਆ। ਜਦੋਂ ਜਾਣਕਾਰੀ ਸੰਪੂਰਨ ਹੋਈ ਤਾਂ ਉਸ ਤੋਂ ਬਾਅਦ ਉਹ ਤੇਲੰਗਾਨਾ ਤੋਂ ਮਿਲਟ ਦੇ 4 ਤੋਂ 5 ਕਿਸਮਾਂ ਦੇ ਬੀਜ ( ਪਰਲ ਮਿਲਟ, ਫਿੰਗਰ ਮਿਲਟ, ਬਰਨਯਾਰਡ ਮਿਲਟ ਆਦਿ) ਲੈ ਕੇ ਆਏ ਅਤੇ ਆਪਣੇ ਖੇਤਾਂ ਦੇ ਵਿੱਚ ਬਿਜਾਈ ਕਰ ਦਿੱਤੀ।

ਸਮੇਂ ‘ਤੇ ਲੋੜ ਮੁਤਾਬਿਕ ਜੋ-ਜੋ ਫਸਲ ਨੂੰ ਵੱਧਣ ਫੁੱਲਣ ਦੇ ਲਈ ਚਾਹੀਦਾ ਸੀ ਉਹ ਹਮੇਸ਼ਾਂ ਤਿਆਰ ਰਹਿੰਦੇ ਤੇ ਨਾਲ-ਨਾਲ ਪਾਉਂਦੇ ਰਹੇ। ਬਸ ਫਿਰ ਕੀ ਸੀ ਉਹ ਫਸਲ ਪੱਕਣ ਦੀ ਦੇਰ ਵਿੱਚ ਸੀ। ਜਦੋਂ ਸਮੇਂ ‘ਤੇ ਪਹਿਲੀ ਫ਼ਸਲ ਪੱਕ ਕੇ ਤਿਆਰ ਹੋਈ ਤਾਂ ਮਨ ਖੁਸ਼ੀਆਂ ਨਾਲ ਭਰ ਗਿਆ ਕਿਉਂਕਿ ਜਿਸ ਦਿਨ ਦੀ ਉਡੀਕ ਸੀ ਉਹ ਸਾਹਮਣੇ ਆ ਗਿਆ ਤੇ ਉਨ੍ਹਾਂ ਨੇ ਅਗਲੀ ਕਾਰਵਾਈ ਬਾਰੇ ਪਹਿਲਾ ਹੀ ਸੋਚ ਰੱਖਿਆ ਸੀ ਕਿਵੇਂ ਕੀ ਕਰਨਾ ਹੈ।

ਫਿਰ ਲਿੰਗਾਰੇਡੀ ਪ੍ਰਸ਼ਾਦ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਮਿਲਟ ਦੀ ਖੇਤੀ ਦੇ ਨਾਲ ਉਹਨਾਂ ਨੇ ਫਸਲ ਦੀ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਕੰਮ ਕਰਨ ਲੱਗੇ। ਪਹਿਲੀ ਬਾਰ ਉਨ੍ਹਾਂ ਨੇ ਫਸਲ ਦੇ ਬੀਜ ਲੈ ਕੇ ਮਿਕਸੀ ਦੇ ਵਿੱਚ ਪੀਸ ਕੇ ਪ੍ਰੋਸੈਸਿੰਗ ਕਰਕੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜੋ ਕਿ ਸਫਲ ਹੋਈ ਅਤੇ ਪੀਸ ਕੇ ਜੋ ਆਟਾ (ਉਤਪਾਦ) ਬਣਾਇਆ, ਉਨ੍ਹਾਂ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਦਾ ਕਰਵਾਇਆ। ਜਿਸ ਦਾ ਫਾਇਦਾ ਇਹ ਹੋਇਆ ਲੋਕਾਂ ਨੂੰ ਉਤਪਾਦ ਬਹੁਤ ਪਸੰਦ ਆਇਆ, ਜਿਸ ਨਾਲ ਹੌਂਸਲਾ ਬਹੁਤ ਵੱਧ ਗਿਆ ਤੇ ਇਸ ਕੰਮ ਉੱਤੇ ਜ਼ੋਰ ਦੇਣ ਲੱਗੇ।

ਜਦੋਂ ਉਨ੍ਹਾਂ ਨੂੰ ਲੱਗਾ ਉਸ ਵਿੱਚ ਕਾਮਯਾਬ ਹੋਣ ਲੱਗ ਗਏ ਤਾਂ ਉਨ੍ਹਾਂ ਨੂੰ ਉਸ ਕੰਮ ਨੂੰ ਥੋੜੇ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੇ ਸਮੇਂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਉਹਨਾਂ ਨਾਲ ਸਿੱਧੇ ਤੌਰ ‘ਤੇ ਗ੍ਰਾਹਕ ਪਹਿਲਾ ਤੋਂ ਹੀ ਜੁੜੇ ਹਨ ਕਿਉਂਕਿ ਅੰਬ ਤੇ ਹਲਦੀ ਦੀ ਕਾਸ਼ਤ ਕਰਕੇ ਉਹਨਾਂ ਦੀ ਜਾਣ-ਪਹਿਚਾਣ ਬਣੀ ਹੋਈ ਸੀ।

ਲਿੰਗਾਰੇਡੀ ਪ੍ਰਸ਼ਾਦ ਦੇ ਮੰਡੀਕਰਨ ਦਾ ਤਰੀਕਾ ਸੀ ਕਿ ਉਹ ਗ੍ਰਾਹਕਾਂ ਨੂੰ ਮਿਲਟ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਂਦੇ ਅਤੇ ਫਿਰ ਲੋਕ ਮਿਲਟ ਦਾ ਆਟਾ ਖਰੀਦਣ ਲੱਗੇ ਤੇ ਮਾਰਕੀਟ ਵੱਡੀ ਹੋ ਗਈ।

ਸਾਲ 2019 ਦੇ ਵਿੱਚ ਉਨ੍ਹਾਂ ਨੇ ਨਾਲ ਫਿਰ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਰਕੀਟਿੰਗ ਕਰਨ ਲੱਗੇ। ਸਫਲ ਹੋਣ ਦੇ ਬਾਵਜੂਦ ਵੀ ਉਹ ਉਸ ਜਗ੍ਹਾ ‘ਤੇ ਖੜੇ ਨਹੀਂ ਰਹੇ ਸਗੋਂ ਹੋਰ ਕੁਝ ਨਾਲ-ਨਾਲ ਕਰਨ ਬਾਰੇ ਸੋਚਿਆ ਤੇ ਅੱਜ ਉਹ ਹੋਰ ਸਹਾਇਕ ਕਿੱਤਿਆਂ ਵਿਚ ਵੀ ਸਫਲ ਕਿਸਾਨ ਦੇ ਵਜੋਂ ਜਾਣੇ ਜਾਂਦੇ ਹਨ।

ਨੌਕਰੀ ਦੇ ਬਾਵਜੂਦ ਉਹ ਆਪਣੇ ਫਾਰਮ ‘ਤੇ ਵਰਮੀ ਕੰਪੋਸਟ ਯੂਨਿਟ, ਮੱਛੀ ਪਾਲਣ ਵੀ ਕਰ ਰਹੇ ਹਨ, ਖਾਸ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਉਨ੍ਹਾਂ ਦੀ ਸਫਲਤਾ ਦੇ ਕਾਰਨ ਉੱਥੋਂ ਦੀਆਂ ਯੂਨੀਵਰਸਿਟੀ ਵਿਖੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕਿਉਕਿ ਉਹਨਾਂ ਕੋਲ 2 ਰੰਗਾਂ ਦੀ ਮੱਛੀ ਹੈ। ਆਪਣੇ ਸਫਲਤਾ ਦਾ ਸਿਹਰਾ ਉਹ ਆਪਣੀ ਖੇਤੀ ਐੱਪ ਨੂੰ ਵੀ ਦਿੰਦੇ ਹਨ, ਕਿਉਂਕਿ ਉਹ ਆਪਣੀ ਖੇਤੀ ਐੱਪ ਦੇ ਰਾਹੀਂ ਨਵੀਂ-ਨਵੀਂ ਤਕਨੀਕਾਂ ਨਾਲ ਜਾਣੂ ਹੁੰਦੇ ਰਹਿੰਦੇ ਹਨ।

ਹੁਣ ਉਹਨਾਂ ਨੇ ਆਪਣੇ ਖੇਤ ਦੇ ਮਾਡਲ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਕਿ ਉਹਨਾਂ ਨੂੰ ਪੂਰਾ ਸਾਲ ਹਰ ਰੋਜ਼ ਘਰ ਬੈਠ ਕੇ ਆਮਦਨ ਹੁੰਦੀ ਹੈ।

ਭਵਿੱਖ ਦੀ ਯੋਜਨਾ

ਉਹ ਮੁਰਗੀ ਪਾਲਣ ਤੇ ਝੀਂਗਾ ਮੱਛੀ ਪਾਲਣ ਦਾ ਵੀ ਕਿੱਤਾ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਹਰ ਇੱਕ ਕਿੱਤੇ ਦੇ ਵਿੱਚ ਮੁਹਾਰਤ ਹਾਸਿਲ ਕਰ ਸਕੇ ਅਤੇ ਵੱਧ ਤੋਂ ਵੱਧ ਹੋਰ ਦੇਸੀ ਬੀਜਾਂ ਤੇ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਇਨਸਾਨ ਆਪਣੀ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਧਿਆਨ ਵਿੱਚ ਰੱਖਦੇ ਹੋਏ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਇੱਕ ਤਾਂ ਧਰਤੀ ਮਾਂ ਸੁਰੱਖਿਤ ਰਹੇਗੀ ਦੂਜਾ ਇਨਸਾਨ ਦੀ ਸਿਹਤ ਨਾਲ ਵੀ ਕੋਈ ਖਿਲਵਾੜ ਨਹੀਂ ਹੋਵੇਗਾ।

ਗੁਰਪ੍ਰੀਤ ਸ਼ੇਰਗਿੱਲ

ਪੂਰੀ ਕਹਾਣੀ ਪੜ੍ਹੋ

 ਇੱਕ ਵਿਅਕਤੀ ਜੋ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਾਲੀ ਕ੍ਰਾਂਤੀ ਲਿਆ ਰਿਹਾ ਹੈ

ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਵਿੱਚ ਫੁੱਲਾਂ ਦੀ ਖੇਤੀ ਉੱਭਰਦੇ ਖੇਤੀਬਾੜੀ ਕਾਰੋਬਾਰ ਦੇ ਰੂਪ ਵਿੱਚ ਉੱਭਰ ਕੇ ਆਈ ਅਤੇ ਫੁੱਲਾਂ ਦੇ ਕਾਰੋਬਾਰ ਦੇ ਨਿਰਯਾਤ ਵਿੱਚ ਸਾਲਾਨਾ 20% ਵਾਧਾ ਦੇਖਿਆ ਗਿਆ। ਇਹ ਭਾਰਤ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਵਧੀਆ ਸੰਕੇਤ ਹੈ ਜੋ ਕਿ ਕੁੱਝ ਮਿਹਨਤੀ ਅਗਾਂਹਵਧੂ ਕਿਸਾਨਾਂ ਦੇ ਯੋਗਦਾਨ ਕਾਰਨ ਹੀ ਸੰਭਵ ਹੋਇਆ।

1996 ਉਹ ਸਾਲ ਸੀ ਜਦੋਂ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਫੁੱਲਾਂ ਦੀ ਖੇਤੀ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਅੱਜ ਉਹ ਪ੍ਰਸਿੱਧ ਸਰਕਾਰੀ ਸੰਸਥਾਵਾਂ ਨਾਲ ਜੁੜੇ ਫੁੱਲਾਂ ਦੀ ਖੇਤੀ ਕਰਨ ਵਾਲੇ ਮੰਨੇ-ਪ੍ਰਮੰਨੇ ਕਿਸਾਨ ਹਨ।

ਗੁਰਪ੍ਰੀਤ ਸਿੰਘ ਸ਼ੇਰਗਿੱਲ –“1993 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ, ਮੈਂ ਆਪਣੇ ਰੁਜ਼ਗਾਰ ਦੀ ਚੋਣ ਲੈ ਕੇ ਉਲਝਣ ਵਿੱਚ ਸੀ। ਮੈਂ ਹਮੇਸ਼ਾ ਤੋਂ ਅਜਿਹਾ ਕੰਮ ਕਰਨਾ ਚਾਹੁੰਦਾ ਸੀ ਜੋ ਮੈਨੂੰ ਖੁਸ਼ੀ ਦੇਵੇ ਨਾ ਕਿ ਉਹ ਕੰਮ ਜੋ ਮੈਨੂੰ ਸੰਸਾਰੀ ਸੁੱਖ ਦੇਵੇ।”

ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਖੇਤੀਬਾੜੀ ਦੇ ਖੇਤਰ ਦੀ ਚੋਣ ਕੀਤੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਡੇਅਰੀ ਫਾਰਮਿੰਗ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ। ਉਹ ਕਦੇ ਵੀ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਮਹਿਸੂਸ ਕਰਦੇ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਗਹਿਰਾਈ ਨਾਲ ਸੋਚਣ ਵਾਲਾ ਬਣਾਇਆ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਲਈ ਨਹੀਂ ਹਨ ਅਤੇ ਇਸ ਨੂੰ ਸਮਝਣ ਵਿੱਚ ਉਨ੍ਹਾਂ ਨੂੰ 3 ਸਾਲ ਲੱਗ ਗਏ। ਫੁੱਲਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਆਕਰਸ਼ਿਤ ਕੀਤਾ, ਇਸ ਲਈ ਆਪਣੇ ਪਿਤਾ ਬਲਦੇਵ ਸਿੰਘ ਸ਼ੇਰਗਿੱਲ ਦੀ ਸਲਾਹ ਅਤੇ ਭਰਾ ਕਰਨਜੀਤ ਸਿੰਘ ਸ਼ੇਰਗਿੱਲ ਦੇ ਸਮਰਥਨ ਨਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਗੇਂਦੇ ਦੇ ਫੁੱਲਾਂ ਦੀ ਪੈਦਾਵਾਰ ਉਨ੍ਹਾਂ ਦੀ ਪਹਿਲੀ ਸਫ਼ਲ ਪੈਦਾਵਾਰ ਸੀ ਜੋ ਉਨ੍ਹਾਂ ਨੇ ਉਸ ਸੀਜ਼ਨ ਵਿੱਚ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਨੂੰ ਉਹ ਪ੍ਰਾਪਤ ਕਰਨ ਤੋਂ ਰੋਕ ਸਕਿਆ ਜੋ ਉਹ ਚਾਹੁੰਦੇ ਸਨ … ਇੱਕ ਮੁੱਖ ਵਿਅਕਤੀ ਜਿਸ ਨੂੰ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੇ ਪਿਤਾ ਅਤੇ ਭਰਾ ਤੋਂ ਇਲਾਵਾ ਮੁੱਖ ਸ਼੍ਰੇਅ ਦਿੰਦੇ ਹਨ ਉਹ ਹੈ ਉਨ੍ਹਾਂ ਦੀ ਪਤਨੀ। ਉਹ ਉਨ੍ਹਾਂ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਮੁੱਖ ਸਹਾਰਾ ਹਨ।

ਗੇਂਦੇ ਦੇ ਉਤਪਾਦਨ ਤੋਂ ਬਾਅਦ ਉਨ੍ਹਾਂ ਨੇ ਗਲੇਡਿਓਲਸ, ਗੁਲਜ਼ਾਫਰੀ, ਗੁਲਾਬ, ਸਟੇਟਾਈਸ ਅਤੇ ਜਿਪਸੋਫਿਲਾ ਫੁੱਲਾਂ ਦਾ ਉਤਪਾਦਨ ਕੀਤਾ। ਇਸ ਤਰ੍ਹਾਂ ਉਹ ਆਮ ਕਿਸਾਨ ਤੋਂ ਅਗਾਂਹਵਧੂ ਕਿਸਾਨ ਬਣ ਗਏ।

ਕੁੱਝ ਵਿਦੇਸ਼ੀ ਯਾਤਰਾਵਾਂ ਬਾਰੇ ਕੁੱਝ ਅੰਕੜੇ….

• 2002 ਵਿੱਚ ਜਾਣਕਾਰੀ ਲਈ ਉਨ੍ਹਾਂ ਦੇ ਸਵਾਲ ਉਨ੍ਹਾਂ ਨੂੰ ਹਾੱਲੈਂਡ ਲੈ ਗਏ, ਜਿੱਥੇ ਉਨ੍ਹਾਂ ਨੇ ਫਲੋਰੀਏਡ (ਹਰੇਕ 10 ਸਾਲਾਂ ਬਾਅਦ ਆਯੋਜਿਤ ਅੰਤਰ ਰਾਸ਼ਟਰੀ ਪ੍ਰਦਰਸ਼ਨੀ) ਵਿੱਚ ਹਿੱਸਾ ਲਿਆ।• ਉਨ੍ਹਾਂ ਨੇ ਆਲਸਮੀਰ, ਹਾੱਲੈਂਡ ਵਿੱਚ ਤਾਜ਼ੇ ਫੁੱਲਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਨਿਲਾਮੀ ਕੇਂਦਰ ਦਾ ਵੀ ਦੌਰਾ ਕੀਤਾ।

• 2003 ਵਿੱਚ ਗਲਾਸਗੋ, ਯੂ.ਕੇ. ਵਿੱਚ ਵਰਲਡ ਗੁਲਾਬ ਸੰਮੇਲਨ ਵਿੱਚ ਵੀ ਹਿੱਸਾ ਲਿਆ।

ਕਿਵੇਂ ਉਨ੍ਹਾਂ ਨੇ ਆਪਣੀ ਖੇਤੀ ਦੀਆਂ ਗਤੀਵਿਧੀਆਂ ਨੂੰ ਵਿਭਿੰਨਤਾ ਦਿੱਤੀ…

ਫੁੱਲਾਂ ਦੀ ਖੇਤੀ ਵਿਸਥਾਰ ਦੇ ਨਾਲ-ਨਾਲ, ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਦੀ ਸਥਾਪਨਾ ਕੀਤੀ ਅਤੇ ਆਪਣੀਆਂ ਖੇਤੀ ਗਤੀਵਿਧੀਆਂ ਵਿੱਚ ਮੱਛੀ ਪਾਲਣ ਨੂੰ ਸ਼ਾਮਿਲ ਕੀਤਾ।

ਵਰਮੀਕੰਪੋਸਟ ਪਲਾਂਟ ਉਨ੍ਹਾਂ ਨੂੰ ਦੋ ਤਰ੍ਹਾਂ ਨਾਲ ਸਮਰਥਨ ਦੇ ਰਿਹਾ ਹੈ – ਉਹ ਆਪਣੇ ਖੇਤਾਂ ਵਿੱਚ ਖਾਦ ਦੀ ਵਰਤੋਂ ਕਰਨ ਨਾਲ-ਨਾਲ ਬਜ਼ਾਰ ਵਿੱਚ ਵੀ ਵੇਚ ਰਹੇ ਹਨ।

ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਲੜੀ ਤਿਆਰ ਕੀਤੀ ਹੈ, ਜਿਸ ਵਿੱਚ ਗੁਲਾਬ ਜਲ, ਗੁਲਾਬ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ ਸ਼ਾਮਲ ਹਨ।

ਕੰਪੋਸਟ ਅਤੇ ਰੋਜ਼ ਵਾਟਰ “ਬਾਲਸਨ” ਬ੍ਰੈਂਡ ਦੇ ਤਹਿਤ, ਅਤੇ ਰੋਜ਼ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ “ਸ਼ੇਰਗਿੱਲ ਫਾਰਮ ਫਰੈੱਸ਼” ਬ੍ਰੈਂਡ ਤਹਿਤ ਵੇਚੇ ਜਾਂਦੇ ਹਨ।

ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਨਾਲ ਉਨ੍ਹਾਂ ਨੇ ਖੇਤੀਬਾੜੀ ਲਈ ਆਪਣੇ ਜਨੂੰਨ ਨੂੰ ਇੱਕ ਸਫ਼ਲ ਰੁਜ਼ਗਾਰ ਵਿੱਚ ਬਦਲ ਦਿੱਤਾ।

ਖੇਤੀਬਾੜੀ ਨਾਲ ਸੰਬੰਧਿਤ ਸਰਕਾਰੀ ਸੰਸਥਾਵਾਂ ਨੇ ਜਲਦੀ ਹੀ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚੋਂ ਕੁੱਝ ਪ੍ਰਮੁੱਖ ਪੁਰਸਕਾਰ ਹਨ:

• 2011 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਪੰਜਾਬ ਮੁੱਖ ਮੰਤਰੀ ਪੁਰਸਕਾਰ

• 2012 ਵਿੱਚ ICAR, ਨਵੀਂ ਦਿੱਲੀ ਦੁਆਰਾ ਜਗਜੀਵਨ ਰਾਮ ਇਨੋਵੇਟਿਵ ਕਿਸਾਨ ਪੁਰਸਕਾਰ

• 2014 ਵਿੱਚ ICAR, ਨਵੀਂ ਦਿੱਲੀ ਦੁਆਰਾ ਐੱਨ.ਜੀ. ਰੰਗਾ ਕਿਸਾਨ ਪੁਰਸਕਾਰ

• 2015 ਵਿੱਚ IARI, ਨਵੀਂ ਦਿੱਲੀ, ਦੁਆਰਾ ਇਨੋਵੇਟਿਵ ਕਿਸਾਨ ਪੁਰਸਕਾਰ

• 2016 ਵਿੱਚ IARI ਨਵੀਂ ਦਿੱਲੀ ਦੁਆਰਾ ਕਿਸਾਨ ਦੇ ਪਹਿਲੇ ਪ੍ਰੋਗਰਾਮ ਲਈ ਰਾਸ਼ਟਰੀ ਸਲਾਹਕਾਰ ਪੈਨਲ ਦੇ ਮੈਂਬਰ ਲਈ ਨਾਮਜ਼ਦ ਹੋਏ।

ਬਹੁਤ ਕੁੱਝ ਪ੍ਰਾਪਤ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਸ਼ੇਖੀ ਨਹੀਂ ਮਾਰਦੇ। ਉਹ ਬਹੁਤ ਹੀ ਸਪੱਸ਼ਟ ਵਿਅਕਤੀ ਹਨ ਜੋ ਹਮੇਸ਼ਾ ਗਿਆਨ ਪ੍ਰਾਪਤ ਕਰਨ ਲਈ ਵਿਭਿੰਨ ਸਰੋਤਾਂ ਦੀ ਤਲਾਸ਼ ਕਰਦੇ ਹਨ ਅਤੇ ਇਸ ਨੂੰ ਆਪਣੀਆਂ ਖੇਤੀਬਾੜੀ ਤਕਨੀਕਾਂ ਨਾਲ ਜੋੜਦੇ ਹਨ। ਇਸ ਸਮੇਂ ਉਹ ਆਧੁਨਿਕ ਖੇਤੀ, ਫਲੋਰੀਕਲਚਰ ਟੂਡੇ(Floriculture Today), ਖੇਤੀ ਦੁਨੀਆ ਆਦਿ ਖੇਤੀਬਾੜੀ ਮੈਗਜ਼ੀਨ ਪੜ੍ਹਨਾ ਪਸੰਦ ਕਰਦੇ ਹਨ। ਉਹ ਖੇਤੀਬਾੜੀ ਮੇਲਿਆਂ ਅਤੇ ਸਮਾਰੋਹਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਹ ਗਿਆਨ ਨੂੰ ਸਾਂਝਾ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਜੋ ਕਿਸਾਨ ਉਨ੍ਹਾਂ ਕੋਲ ਮਦਦ ਲਈ ਆਉਂਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਕਿਸਾਨ ਭਾਈਚਾਰੇ ਦੀ ਮਦਦ ਕਰਨ ਲਈ ਉਹ ਆਪਣੇ ਗਿਆਨ ਦਾ ਯੋਗਦਾਨ ਦੇ ਕੇ ਆਪਣੀ ਖੇਤੀ ਮਾਹਿਰ ਦੇ ਤੌਰ ‘ਤੇ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

ਗੁਰਪ੍ਰੀਤ ਸ਼ੇਰਗਿੱਲ ਜੀ ਨੇ ਇਹ ਕਰਕੇ ਦਿਖਾਇਆ ਹੈ ਕਿ ਜੇਕਰ ਕੋਈ ਵਿਅਕਤੀ ਕੰਮ ਦੇ ਪ੍ਰਤੀ ਸਮਰਪਿਤ ਅਤੇ ਮਿਹਨਤੀ ਹੈ, ਤਾਂ ਉਹ ਕੋਈ ਵੀ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਜਦੋਂ ਕਿਸਾਨ ਨੁਕਸਾਨ ਅਤੇ ਕਰਜ਼ਿਆਂ ਦੀ ਵਜ੍ਹਾ ਕਰਕੇ ਆਤਮ-ਹੱਤਿਆ ਕਰ ਰਹੇ ਹਨ, ਤਾਂ ਗੁਰਪ੍ਰੀਤ ਜੀ ਸਮੁੱਚੇ ਖੇਤੀਬਾੜੀ ਭਾਈਚਾਰੇ ਲਈ ਇੱਕ ਮਿਸਾਲ ਦੇ ਰੂਪ ਵਿੱਚ ਖੜ੍ਹੇ ਹਨ, ਇਹ ਦਰਸਾਉਂਦਾ ਹੈ ਕਿ ਵਿਵਿਧੀਕਰਨ ਸਮੇਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਖੇਤੀਬਾੜੀ ਸਮਾਜ ਦੇ ਬਿਹਤਰ ਭਵਿੱਖ ਲਈ ਰਸਤਾ ਵੀ ਹੈ।

ਉਨ੍ਹਾਂ ਦੇ ਵਿਵਿਧ ਖੇਤੀਬਾੜੀ ਕਾਰੋਬਾਰ ਦੇ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਓ।

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਗੁਰਜਤਿੰਦਰ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਮਜਬੂਰੀ ਵਿਚ ਮੱਛੀ ਪਾਲਣ ਸ਼ੁਰੂ ਕੀਤਾ, ਪਰ ਅੱਜ ਉਹ ਦੂਜੇ ਕਿਸਾਨਾਂ ਲਈ ਇਕ ਮਿਸਾਲ ਬਣ ਚੁਕਿਆ ਹੈ

ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜੋ ਜ਼ਮੀਨ ਪਿਛਲੇ 100 ਸਾਲਾਂ ਤੋਂ ਖਾਲੀ ਪਈ ਸੀ, ਉਹ ਅੱਜ ਉਪਜਾਊ ਅਤੇ ਉਪਯੋਗੀ ਹੋਵੇਗੀ। ਉਹ ਜ਼ਮੀਨ 100 ਸਾਲਾਂ ਤੱਕ ਖਾਲੀ ਰਹਿਣ ਪਿੱਛੇ ਇੱਕੋ ਕਾਰਨ ਸੀ ਕਿ ਉੱਥੇ ਕਿਸੇ ਨੇ ਵੀ ਕੁੱਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉੱਥੇ ਸਾਲ ਦੇ 11 ਮਹੀਨੇ ਪਾਣੀ ਖੜ੍ਹਾ ਰਹਿੰਦਾ ਸੀ। ਪਰ ਹਰ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਲ ਨਵੀਂ ਸੋਚ ਆਉਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਆਲੇ-ਦੁਆਲੇ ਅਤੇ ਵਾਤਾਵਰਨ ਵਿੱਚ ਥੋੜ੍ਹਾ ਬਦਲਾਓ ਕਰਨ ਲਈ ਇੱਕ ਵੱਡੀ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਹ ਕੋਸ਼ਿਸ਼ ਸਿਰਫ਼ ਮਜ਼ਬੂਤ ਇੱਛਾ-ਸ਼ਕਤੀ ਅਤੇ ਜੋਸ਼ ਨਾਲ ਵਰਤੋਂ ‘ਚ ਆ ਸਕਦੀ ਹੈ ਅਤੇ ਇਸ ਤਰ੍ਹਾਂ ਇੱਕ ਅਲੱਗ ਨਜ਼ਰੀਏ, ਬੁੱਧੀ ਅਤੇ ਉਤਸ਼ਾਹ ਦੇ ਨਾਲ ਆਪਣੀ ਮਾਤ-ਭੂਮੀ ਅਤੇ ਆਪਣੇ ਭਾਈਚਾਰੇ ਲਈ ਕੁੱਝ ਕਰਨ ਲਈ ਗੁਰਜਤਿੰਦਰ ਸਿੰਘ ਵਿਰਕ ਅੱਗੇ ਆਏ।

ਉਨ੍ਹਾਂ ਨੇ ਜਮਾਓ ਵਾਲੀ ਜ਼ਮੀਨ ‘ਤੇ ਮੱਛੀ-ਪਾਲਣ ਦਾ ਕੰਮ ਸ਼ੁਰੂ ਕੀਤਾ। ਇਹ ਜ਼ਮੀਨ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ, ਇਸ ਲਈ ਉਨ੍ਹਾਂ ਨੇ ਗੁਰਦਾਸਪੁਰ ਦਾ ਦੌਰਾ ਕੀਤਾ ਅਤੇ ਉੱਥੋਂ 5 ਦਿਨ ਦੀ ਟ੍ਰੇਨਿੰਗ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਅੱਜ ਤੋਂ ਲਗਭੱਗ 30 ਸਾਲ ਪਹਿਲਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਕਾਰਜ ਨੂੰ 5 ਏਕੜ ਤੋਂ 30 ਏਕੜ ਤੱਕ ਵਧਾ ਚੁੱਕੇ ਹਨ। ਮੱਛੀ ਪਾਲਣ ਦੇ ਇਸ ਕਾਰਜ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਇਸ ਕ੍ਰਾਂਤੀਕਾਰੀ ਪਹਿਲ ਨੇ ਕਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਆਖਿਰ ਇਸ ਨਾਲ ਕਈ ਅਨੁਕੂਲ ਪ੍ਰਭਾਵ ਦਿਖੇ, ਜਿਨ੍ਹਾਂ ਨੇ ਇੱਕ ਬੰਜਰ ਜ਼ਮੀਨ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਵਿਕਸਿਤ ਕੀਤਾ। ਉਸੇ ਖੇਤਰ ਵਿੱਚ ਅੱਜ ਲਗਭੱਗ 300-400 ਏਕੜ ਬੰਜਰ ਭੂਮੀ ਨੂੰ ਮੱਛੀ-ਪਾਲਣ ਲਈ ਵਰਤਿਆ ਜਾਂਦਾ ਹੈ।

ਇਹ ਸਭ ਕਾਫੀ ਸਾਲ ਪਹਿਲਾਂ ਇੱਕ ਬੰਜਰ ਜ਼ਮੀਨ ਅਤੇ ਇੱਕ ਇਨਸਾਨ ਦੀ ਮਿਹਨਤ ਦੁਆਰਾ ਸ਼ੁਰੂ ਹੋਇਆ ਅਤੇ ਅੱਜ ਇਸ ਤੋਂ ਕਾਫੀ ਲੋਕ ਪ੍ਰੇਰਿਤ ਹੋਏ ਹਨ। ਆਖਿਰ ਇਹ ਛੋਟੀ ਪਹਿਲ ਕਿਸਾਨਾਂ ਅਤੇ ਕਈ ਹੋਰ ਇਲਾਕਿਆਂ ਦੇ ਰੁਜ਼ਗਾਰ ਨੂੰ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ। ਹੁਣ ਉਸ ਖੇਤਰ ਵਿੱਚ ਜੋਸ਼ੀਲੇ ਮੱਛੀ-ਪਾਲਕ ਕਿਸਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਖੇਤਰ ਦਾ ਆਰਥਿਕ ਵਿਕਾਸ ਹੋ ਰਿਹਾ ਹੈ, ਜੋ ਰਾਜ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਜੋੜ ਰਿਹਾ ਹੈ।

ਹੁਣ ਸ. ਵਿਰਕ ਜੀ ਦੀ ਖੇਤੀ ਦੀਆਂ ਵਿਧੀਆਂ ਅਤੇ ਆਰਥਿਕ ਤਰੱਕੀ ਦੀ ਗੱਲ ਕਰਦੇ ਹਾਂ। ਸ. ਗੁਰਜਤਿੰਦਰ ਸਿੰਘ ਵਿਰਕ ਜੀ ਦੇ ਫਾਰਮ ‘ਤੇ ਆਮ ਕਾਰਪ ਮੱਛੀਆਂ, ਜਿਵੇਂ ਕਿ ਕਤਲਾ ਅਤੇ ਰੋਹੂ ਦੀਆਂ ਕਿਸਮਾਂ ਆਦਿ। ਇੱਕ ਏਕੜ ਤਲਾਬ ਲਈ 2000 ਛੋਟੀਆਂ ਮੱਛੀਆਂ ਦੀ ਲੋੜ ਹੁੰਦੀ ਹੈ, ਇਸ ਲਈ ਉਹ 2000 ਛੋਟੀਆਂ ਮੱਛੀਆਂ ਪਾਣੀ ਵਿੱਚ ਛੱਡਦੇ ਹਨ। ਮੱਛੀਆਂ ਦਾ ਵਿਕਾਸ ਪਾਣੀ ਦੀ ਕੁਆਲਿਟੀ, ਅਹਾਰ ਦੀ ਕੁਆਲਿਟੀ ਅਤੇ ਪਾਣੀ ਵਿੱਚ ਮੌਜੂਦ ਮੱਛੀ ਖਾਣ ਵਾਲੇ ਜੰਤੂਆਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਉਹ ਤਲਾਬ ਵਿੱਚ ਮੱਛੀਆਂ ਦੀਆਂ ਦੋ ਕਿਸਮਾਂ ਹੀ ਪਾਉਂਦੇ ਹਨ ਅਤੇ ਉਨ੍ਹਾਂ ਦੀ ਚੰਗੀ ਪੈਦਾਵਾਰ ਲਈ ਉਚਿੱਤ ਹਾਲਾਤ ਬਣਾ ਕੇ ਰੱਖਦੇ ਹਨ। ਉਹ ਮੱਛੀਆਂ ਨੂੰ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ, ਜਦਕਿ ਬਜ਼ਾਰ ਵਿੱਚ ਉਹੀ ਮੱਛੀ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ ਅਤੇ ਘੱਟ ਕੀਮਤਾਂ ‘ਤੇ ਮੱਛੀਆਂ ਵੇਚਣ ਦੇ ਬਾਵਜੂਦ ਵੀ ਉਹ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਲਾਭ ਪ੍ਰਾਪਤ ਕਰ ਰਹੇ ਹਨ।

ਸ. ਵਿਰਕ ਨੇ ਵਾਤਾਵਰਨ ਦੀ ਸੁਰੱਖਿਆ ਲਈ ਕਾਫੀ ਕਦਮ ਚੁੱਕੇ ਹਨ, ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕੰਮ ਇਹ ਹੈ ਕਿ ਉਨ੍ਹਾਂ ਆਪਣੇ ਛੋਟੀ ਜਿਹੀ ਸਬਜ਼ੀਆਂ ਵਾਲੀ ਬਗ਼ੀਚੀ ਦੀ ਸਿੰਚਾਈ ਅਤੇ ਤਲਾਬ ਵਿੱਚ ਪਾਣੀ ਭਰਨ ਲਈ ਸੂਰਜੀ ਪੰਪਾਂ ਦੀ ਵਰਤੋਂ ਕਰਕੇ ਕਾਰਬਨ ਨੂੰ ਘੱਟ ਕੀਤਾ ਹੈ। ਸ. ਵਿਰਕ ਦੁਆਰਾ ਕੀਤੇ ਗਏ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕਈ ਇਨਾਮ ਅਤੇ ਉਪਲੱਬਧੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ:

ਉਨ੍ਹਾਂ ਨੇ Agriculture Technology Management ਲਈ ਜ਼ਿਲ੍ਹਾ ਪੱਧਰੀ ਇਨਾਮ ਪ੍ਰਾਪਤ ਕੀਤਾ ਅਤੇ ਸਰਵੋਤਮ ਖੇਤੀ ਅਭਿਆਸ ਲਈ ਉਨ੍ਹਾਂ ਨੂੰ Roopnagar Administration ਦੁਆਰਾ ਪ੍ਰਸੰਸਾ ਪੱਤਰ ਮਿਲਿਆ ਹੈ। ਉਨ੍ਹਾਂ ਨੂੰ ਇਸ ਖੇਤਰ ਦਾ ਵਿਕਾਸ ਕਰਨ ਲਈ Zee Networks ਦੁਆਰਾ ਸਨਮਾਨਿਤ ਵੀ ਕੀਤਾ ਗਿਆ। 2011 ਵਿੱਚ ਉਨ੍ਹਾਂ ਨੂੰ Best Citizen India Award ਨਾਲ ਨਿਵਾਜਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ Bharat Jyoti Award ਅਤੇ Fish Farmer Award ਵੀ ਮਿਲਿਆ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਉਨ੍ਹਾਂ ਨੂੰ ਕਈ ਮੰਨੀਆਂ-ਪ੍ਰਮੰਨੀਆਂ ਕਮੇਟੀਆਂ ਅਤੇ ਸੰਸਥਾਵਾਂ ਦੀ ਮੈਂਬਰਸ਼ਿਪ ਮਿਲੀ ਹੈ। ਅੱਜ ਉਹ Advisory Committee (ATMA) ਅਤੇ Board of Management at GADVASU ਦੇ ਮੈਂਬਰ ਹਨ। ਉਹ ਕਿਸਾਨ ਵਿਕਾਸ ਚੈਂਬਰ ਦੀ 11 ਮੈਂਬਰੀ ਸੂਚੀ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤੀ ਮੁੱਖ ਉਦਯੋਗ ਸੰਘ ਨੂੰ ਸਥਾਪਿਤ ਕੀਤਾ, ਜਿਵੇਂ ਕਿ CII, FICCI ਅਤੇ ASSOCHAM ਅਤੇ ਇਸ ਸੰਘ ਦਾ ਕੰਮ ਰਾਜ ਦੀ ਵਿਗੜਦੀ ਖੇਤੀ ਅਰਥ-ਵਿਵਸਥਾ ਨੂੰ ਅੱਪਗ੍ਰੇਡ ਕਰਨਾ ਅਤੇ ਖੇਤੀ ਨਾਲ ਸੰਬੰਧਿਤ ਤਕਨੀਕਾਂ ਦੀ ਵਰਤੋਂ ਕਰਨਾ, ਜੋ ਕਿ ਕਿਸਾਨ ਪਹਿਲਾਂ ਤੋਂ ਹੀ ਵਰਤ ਰਹੇ ਸਨ। ਉਹ ਰੂਪਨਗਰ ਅਤੇ ਮੋਹਾਲੀ ਜ਼ਿਲ੍ਹੇ ਲਈ NABARD ਦੇ ਤਹਿਤ ਪਿੰਡ ਦੀ Cooperative Society ਦੇ Ex- grame warden (ਵਣ-ਵਿਭਾਗ) ਹਨ।

ਸ. ਵਿਰਕ ਦੁਆਰਾ ਲਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ ਕਿ ਪੰਜਾਬ ਦੇ ਪੂਰਵ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੇਖੇ ਗਏ ਚੀਨ ਵਿਚਲੇ ਮੱਛੀ-ਪਾਲਣ ਦੇ ਢੰਗਾਂ ਬਾਰੇ ਜਾਣਨਾ ਅਤੇ ਮੱਛੀ-ਪਾਲਣ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣਾ।

ਅੱਜ ਉਹ ਜੋ ਕੁੱਝ ਵੀ ਹਨ, ਉਸਦੇ ਪਿੱਛੇ ਉਨ੍ਹਾਂ ਦੀ ਪ੍ਰੇਰਣਾ ਅਤੇ ਸਾਥੀ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਿਰਕ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਫਾਰਮ ਦੇ ਸਾਰੇ ਲੇਖੇ-ਜੋਖੇ ਦਾ ਹਿਸਾਬ ਰੱਖਦੇ ਹਨ। ਵਿਹਲੇ ਸਮੇਂ ਵਿੱਚ ਉਹ ਆਪਣੇ ਖੇਤ ਵਿੱਚ ਉਗਾਏ ਫਲਾਂ ਨੂੰ ਵੇਚਣ ਦੇ ਉਦੇਸ਼ ਨਾਲ ਆਚਾਰ ਅਤੇ ਕੈਂਡੀ ਬਣਾਉਣਾ ਪਸੰਦ ਕਰਦੇ ਹਨ। ਗੁਰਜਤਿੰਦਰ ਸਿੰਘ ਵਿਰਕ ਆਪਣੀ ਪਤਨੀ ਅਤੇ ਕੇਵਲ ਦੋ ਮਜ਼ਦੂਰਾਂ ਦੀ ਸਹਾਇਤਾ ਨਾਲ ਹੀ ਫਾਰਮ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਭਵਿੱਖ ਵਿੱਚ ਉਹ ਆਪਣੇ ਫਾਰਮ ਨੂੰ ਟੂਰਿਸਟ ਜਾਂ ਸੈਲਾਨੀਆਂ ਦੇ ਘੁੰਮਣ ਦੀ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਦੀਆਂ ਇਨ੍ਹਾਂ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਨੇ ਹਰਿਆਲੀ ਨਾਲ ਭਰੀ ਇੱਕ ਸੁੰਦਰ ਜਗ੍ਹਾ ਬਣਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਨੇ ਤਲਾਬ ਦੇ ਵਿਚਕਾਰ ਆਪਣਾ ਘਰ ਬਣਾਇਆ ਹੈ ਅਤੇ ਘਰ ਦੇ ਕੋਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਏ ਹਨ। ਉਹ ਆੜੂ, ਬਦਾਮ, ਕਿੰਨੂ, ਮੈਂਡਰਿਨ, ਅੰਬ, ਅਨਾਰ, ਸੇਬ, ਅਨਾਨਾਸ ਅਤੇ 17 ਤੋਂ ਵੱਧ ਸਬਜ਼ੀਆਂ ਅਤੇ ਦਾਲਾਂ ਉਗਾ ਰਹੇ ਹਨ। ਉਨ੍ਹਾਂ ਨੇ ਆਪਣੇ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਬਾਜ, ਕਿੰਗਫਿਸ਼ਰ, ਫੋਰਕ ਟੇਲ, ਹੰਸ, ਤੋਤੇ ਅਤੇ ਮੋਰ ਦੀਆਂ ਕਈ ਦੁਰਲਭ ਅਤੇ ਆਮ ਪ੍ਰਜਾਤੀਆਂ ਨੂੰ ਉਨ੍ਹਾਂ ਦੇ ਫਾਰਮ ‘ਤੇ ਚਹਿਚਹਾਉਂਦੇ ਹੋਏ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਸੰਖੇਪ ਵਿੱਚ ਉਨ੍ਹਾਂ ਨੇ ਆਪਣੀ ਮਾਤ-ਭੂਮੀ ‘ਤੇ ਕੀਤੇ ਵਿਕਾਸ ਕਾਰਜਾਂ ਦੁਆਰਾ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਵਿਭਿੰਨਤਾ ਲਿਆਂਦੀ ਹੈ।

ਰਾਜਵਿੰਦਰ ਪਾਲ ਸਿੰਘ ਰਾਣਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਆਧੁਨਿਕ ਤਕਨੀਕ ਨਾਲ ਮੱਛੀ ਪਾਲਣ ਉਦਯੋਗ ਦਾ ਸ਼ਕਤੀਕਰਣ ਕਰ ਰਿਹਾ ਹੈ

ਖੇਤੀਬਾੜੀ ਦੇ ਢੰਗ ਅਤੇ ਖੇਤੀਬਾੜੀ ਦੀਆਂ ਤਕਨੀਕਾਂ ਵਿਸ਼ਵ ਪੱਧਰ ‘ਤੇ ਭਿੰਨ ਹਨ। ਦੂਜੇ ਪਾਸੇ ਹੋਰ ਵਿਭਿੰਨ ਨਸਲ ਅਤੇ ਸਥਾਨ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਾਰਤ ਵਰਗੇ ਦੇਸ਼ ਵਿੱਚ ਰਹਿਣਾ ਜਿੱਥੇ ਜ਼ਮੀਨ ਅਤੇ ਜਲਵਾਯੂ ਖੇਤੀਬਾੜੀ ਦੇ ਪੱਖ ਵਿੱਚ ਹੋਣ, ਉੱਥੇ ਕਿਸਾਨਾਂ ਦੇ ਫਾਇਦੇ ਲਈ ਮੌਕੇ ਹੋਰ ਵੱਧ ਜਾਂਦੇ ਹਨ। ਪਰ ਉਹ ਖੇਤਰ ਜਿੱਥੇ ਭਾਰਤੀ ਕਿਸਾਨ ਪਿੱਛੇ ਹਨ, ਉਹ ਹੈ ਖੇਤੀ ਕਰਨ ਦੀ ਤਕਨੀਕ। ਇੱਕ ਇਸ ਤਰ੍ਹਾਂ ਦੇ ਕਿਸਾਨ ਹਨ- ਰਾਜਵਿੰਦਰ ਪਾਲ ਸਿੰਘ ਰਾਣਾ, ਜੋ ਵਿਦੇਸ਼ ਤੋਂ ਆਪਣੀ ਮਾਤ-ਭੂਮੀ ਵਿੱਚ ਖੇਤੀ ਦੀ ਆਧੁਨਿਕ ਤਕਨੀਕ ਲੈ ਕੇ ਆਏ। ਉਹ ਪਿੰਡ ਮੰਡਿਆਨੀ, ਲੁਧਿਆਣਾ, ਪੰਜਾਬ ਦੇ ਨਿਵਾਸੀ ਹਨ।

ਸਾਲ 2000 ਵਿੱਚ ਮੱਛੀ ਪਾਲਣ ਦੇ ਖੇਤਰ ਵਿੱਚ ਕਦਮ ਰੱਖਣਾ ਰਾਣਾ ਜੀ ਲਈ ਪੂਰੀ ਤਰ੍ਹਾਂ ਨਾਲ ਨਵਾਂ ਕੰਮ ਸੀ, ਪਰ ਅੱਜ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੇ ਮੱਛੀ ਪਾਲਣ 1.5 ਏਕੜ ਦੀ ਜ਼ਮੀਨ ‘ਤੇ ਸ਼ੁਰੂ ਕੀਤਾ ਸੀ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਮੰਡੀਕਰਨ ਪੇਸ਼ੇ ਵਿੱਚ ਇੱਕ ਲੰਬਾ ਸਫਲ ਸਫਰ ਤੈਅ ਕੀਤਾ। ਵਿਗਿਆਪਨ ਅਤੇ ਵਿਕਰੀ ਪ੍ਰਮੋਸ਼ਨ ਵਿੱਚ ਗ੍ਰੈਜੂਏਟ ਹੋਣ ‘ਤੇ ਉਨ੍ਹਾਂ ਨੇ ਕੋਕਾ ਕੋਲਾ ਅਤੇ ਜਾੱਨਸਨ ਐਂਡ ਜਾੱਨਸਨ ਵਰਗੇ ਕਾਫੀ ਮਸ਼ਹੂਰ ਬ੍ਰੈਂਡ ਲਈ ਕੁੱਝ ਸਾਲ ਤੱਕ ਕੰਮ ਕੀਤਾ।

ਪਰ ਸ਼ਾਇਦ ਮਾਰਕਟਿੰਗ ਪੇਸ਼ੇ ਵਿੱਚ ਕੰਮ ਕਰਨਾ ਉਹ ਕੰਮ ਨਹੀਂ ਸੀ ਜੋ ਉਹ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁੱਝ ਕਮੀ ਮਹਿਸੂਸ ਕੀਤੀ ਅਤੇ ਵਾਪਸ ਪੰਜਾਬ ਆਉਣ ਦਾ ਫੈਸਲਾ ਕੀਤਾ। ਪੀ.ਏ.ਯੂ. ਦੇ ਇੱਕ ਸੀਨੀਅਰ ਅਧਿਕਾਰੀ ਦੀ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਨੇ ਮੱਛੀ ਪਾਲਣ ਵਿੱਚ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਵਪਾਰਕ ਮੱਛੀ ਪਾਲਣ ਉਦਯੋਗ ਵਿੱਚ ਬਦਲਣ ਤੋਂ ਪਹਿਲਾਂ ਪੀ.ਏ.ਯੂ. ਅਤੇ ਮੱਛੀ ਪਾਲਣ ਵਿਭਾਗ ਏਜੰਸੀ, ਲੁਧਿਆਣਾ ਵਿੱਚ ਟ੍ਰੇਨਿੰਗ ਲਈ।

16 ਸਾਲ ਦੇ ਸਮੇਂ ਵਿੱਚ ਉਨ੍ਹਾਂ ਦਾ ਖੇਤੀ ਕਾਰੋਬਾਰ 70 ਏਕੜ ਤੱਕ ਵੱਧ ਗਿਆ ਅਤੇ ਇਨ੍ਹਾਂ ਸਾਲਾਂ ਵਿੱਚ ਉਨ੍ਹਾਂ ਨੇ ਹਰੇਕ ਸਾਲ ਇੱਕ ਨਵੇਂ ਦੇਸ਼ ਦਾ ਦੌਰਾ ਕੀਤਾ, ਤਾਂ ਕਿ ਮੱਛੀ ਪਾਲਣ ਵਿੱਚ ਵਰਤੀਆਂ ਜਾਣ ਵਾਲੀਆਂ ਆਧੁਨਿਕ ਅਤੇ ਨਵੀਆਂ ਤਕਨੀਕਾਂ ਨੂੰ ਸਿੱਖ ਸਕਣ।

“ਹਾੱਲੈਂਡ ਅਤੇ ਇਜ਼ਰਾਇਲ ਦੇ ਲੋਕ ਜਾਣਕਾਰੀ ਸ਼ੇਅਰ ਕਰਦੇ ਹਨ, ਜਦ ਕਿ ਰੂਸ ਦੇ ਲੋਕ ਥੋੜ੍ਹੇ ਬਹੁਤ ਗੁਪਤ ਹੁੰਦੇ ਹਨ।” ਉਹ ਹੱਸਦੇ ਹੋਏ ਕਹਿੰਦੇ ਹਨ।

ਉਨ੍ਹਾਂ ਦੇ ਆਵਿਸ਼ਕਾਰ:
ਸ਼ੁਰੂਆਤ ਤੋਂ ਹੀ ਰਾਣਾ ਜੀ ਨਵੀਆਂ ਤਕਨੀਕਾਂ ਦੇ ਬਾਰੇ ਜਾਣਨ ਲਈ ਬਹੁਤ ਇੱਛੁਕ ਰਹਿੰਦੇ ਸਨ। ਇਸ ਲਈ ਆਪਣੀਆਂ ਵਿਦੇਸ਼ੀ ਖੋਜਾਂ ਦੇ ਬਾਅਦ ਉਨ੍ਹਾਂ ਨੇ ਆਪਣੀ ਤੇਜ਼ ਬੁੱਧੀ ਨਾਲ ਮੱਛੀ ਉਤਪਾਦਾਂ ਅਤੇ ਮਸ਼ੀਨਰੀ ਦੇ ਆਵਿਸ਼ਕਾਰ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਲਾਗੂ ਕੀਤਾ।

• ਮਸ਼ੀਨ ਜੋ ਤਾਲਾਬ ਵਿੱਚ ਮੱਛੀ ਦੇ ਵਿਕਾਸ ਨੂੰ ਟ੍ਰੈਕ ਕਰਦੀ ਹੈ
ਹਾੱਲੈਂਡ ਦੀ ਯਾਤਾਰਾ ਦੇ ਅਨੁਭਵ ਤੋਂ ਬਾਅਦ ਉਨ੍ਹਾਂ ਨੇ ਜਿਹੜੀ ਪਹਿਲੀ ਚੀਜ਼ ਤਿਆਰ ਕੀਤੀ, ਉਹ ਸੀ ਮੱਛੀਆਂ ਦੇ ਲਈ ਇੱਕ ਟੈਗ ਟ੍ਰੈਕਿੰਗ ਮਸ਼ੀਨ। ਇਹ ਮਸ਼ੀਨ ਹਰੇਕ ਮੱਛੀ ਦੀ ਟੈਗਿੰਗ ਅਤੇ ਟ੍ਰੇਸਿੰਗ ਕਰਨ ਵਿੱਚ ਮਦਦ ਕਰਦੀ ਹੈ। ਮੁੱਖ ਤੌਰ ‘ਤੇ ਇਹ ਇੱਕ ਡੱਚ ਮਸ਼ੀਨ ਹੈ ਅਤੇ ਇੱਕ ਸਾਧਾਰਨ ਕਿਸਾਨ ਲਈ ਸਸਤੀ ਨਹੀਂ ਹੈ। ਇਸ ਲਈ ਰਾਜਵਿੰਦਰ ਜੀ ਨੇ ਉਸ ਮਸ਼ੀਨ ਦਾ ਇੱਕ ਭਾਰਤੀ ਰੂਪ ਤਿਆਰ ਕੀਤਾ। ਇਸ ਮਸ਼ੀਨ ਦੀ ਵਰਤੋਂ ਕਰਕੇ ਇੱਕ ਕਿਸਾਨ ਮੱਛੀ ਨੂੰ ਟ੍ਰੈਕ ਕਰ ਸਕਦਾ ਹੈ ਅਤੇ ਕਈ ਮੱਛੀਆਂ ਨੂੰ ਕਿਸੇ ਜ਼ੋਖਮ ਦੇ ਮਾਮਲੇ ‘ਚ ਬਚਾਅ ਸਕਦਾ ਹੈ।

• ਮੱਛੀ ਦੇ ਮਲ ਦੀ ਖਾਦ
ਦੂਜੀ ਚੀਜ਼ ਜਿਸ ਦਾ ਉਨ੍ਹਾਂ ਨੇ ਆਵਿਸ਼ਕਾਰ ਕੀਤਾ ਉਹ ਸੀ ਮੱਛੀ ਦੇ ਮਲ ਤੋਂ ਤਿਆਰ ਖਾਦ। ਉਨ੍ਹਾਂ ਨੇ ਇੱਕ ਪ੍ਰਕਿਰਿਆ ਦਾ ਆਵਿਸ਼ਕਾਰ ਕੀਤਾ, ਜਿਸ ਵਿੱਚ ਮੱਛੀ ਦੇ ਵਿਅਰਥ ਪਦਾਰਥਾਂ ਨੂੰ ਗੁੜ ਅਤੇ ਡੀਕੰਪੋਜ਼ ਸਮੱਗਰੀ ਨਾਲ ਇੱਕ ਡੂੰਘੇ ਟੋਏ ਵਿੱਚ 45 ਦਿਨਾਂ ਲਈ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਸਿੱਧਾ ਵਰਤਿਆ ਜਾ ਸਕਦਾ ਹੈ ਅਤੇ ਇਹ ਖਾਦ ਬਾਗਬਾਨੀ ਮਕਸਦ ਲਈ ਕਾਫੀ ਫਾਇਦੇਮੰਦ ਹੈ।

• ਵਿਕਰੀ ਲਈ ਜਿਉਂਦੀ ਮੱਛੀ ਬਾਜ਼ਾਰ ਤੱਕ ਲਿਜਾਣ ਵਾਲਾ ਉਪਕਰਨ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੀਵਿਤ ਅਤੇ ਤਾਜ਼ੀਆਂ ਮੱਛੀਆਂ ਦੇ ਵਧੀਆ ਰੇਟ ਮਿਲਦੇ ਹਨ। ਇਸ ਲਈ ਉਨ੍ਹਾਂ ਨੇ ਇੱਕ ਵਿਸ਼ੇਸ਼ ਪਾਣੀ ਦੀ ਟੈਂਕੀ ਦਾ ਨਿਰਮਾਣ ਕੀਤਾ, ਜਿਸ ਨੂੰ ਕਿਸਾਨ ਅਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹਨ। ਇਸ ਟੈਂਕੀ ਵਿੱਚ ਇੱਕ 12 ਵੋਲਟ ਦੀ ਡੀ.ਸੀ ਮੋਟਰ ਲੱਗੀ ਹੋਈ ਹੈ, ਜੋ ਕਿ ਬਾਹਰ ਦੀ ਹਵਾ ਨੂੰ ਪੰਪ ਕਰਦੀ ਹੈ, ਜਿਸ ਨਾਲ ਮੱਛੀਆਂ ਜੀਵਿਤ ਅਤੇ ਤਾਜ਼ੀਆਂ ਰਹਿੰਦੀਆਂ ਹਨ।

• ਮੱਛੀ ਦੀ ਚਮੜੀ ਤੋਂ ਬਣਿਆਂ ਫੈਸ਼ਨ ਸਹਾਇਕ ਉਪਕਰਨ
ਮੱਛੀ ਦੀ ਚਮੜੀ ਇੱਕ ਐਸਿਡ ਵਰਗਾ ਪਦਾਰਥ ਛੱਡਦੀ ਹੈ, ਜਿਸ ਦੇ ਕਾਰਨ ਮੱਛੀ ਦੀ ਚਮੜੀ ਪਾਣੀ ਵਿੱਚ ਹਮੇਸ਼ਾ ਚਮਕਦਾਰ ਰਹਿੰਦੀ ਹੈ। ਇਸ ਲਈ ਰਾਣਾ ਜੀ ਨੇ ਇਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਅਤੇ ਮੱਛੀ ਦੀ ਚਮੜੀ ਨੂੰ ਵਿਅਰਥ ਸੁੱਟਣ ਦੀ ਬਜਾਏ ਉਨ੍ਹਾਂ ਨੇ ਇਸ ਨੂੰ ਮੋਬਾਇਲ ਕਵਰ ਬਣਾਉਣ ਲਈ ਵਰਤਿਆ। ਪੀ.ਏ.ਯੂ. ਨੇ ਉਨ੍ਹਾਂ ਦੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਸਹਾਇਤਾ ਕੀਤੀ। ਮੱਛੀ ਦੀ ਚਮੜੀ ਨਾਲ ਬਣੇ ਮੋਬਾਇਲ ਕਵਰ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਹ ਮੋਬਾਇਲ ਦੇ ਰੇਡੀਏਸ਼ਨ ਨਿਕਾਸ ਨੂੰ ਰੋਕਦੇ ਹਨ ਅਤੇ ਮਨੁੱਖਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਂਦੇ ਹਨ। ਉਨ੍ਹਾਂ ਨੇ ਇਹ ਵੀ ਸਮਝਿਆ ਕਿ ਮੱਛੀ ਦੀ ਚਮੜੀ ਦੀ ਵਰਤੋਂ ਔਰਤਾਂ ਦੇ ਬੈਗ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਮੱਛੀ ਦੀ ਚਮੜੀ ਦਾ ਮੁੱਲ 600 ਯੂਰੋ ਪ੍ਰਤੀ ਇੰਚ ਹੈ। ਰਾਣਾ ਜੀ ਨੇ ਮੋਬਾਇਲ ਕਵਰ ਦੇ ਆਵਿਸ਼ਕਾਰ ਦੇ ਅਧਿਕਾਰ ਪੱਤਰ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਉਹ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਭਾਰਤ ਦੇ ਮੱਛੀ ਉਦਯੋਗ ਵਿੱਚ ਆਉਣ ਵਾਲੀਆਂ ਸਮੱਸਿਆਵਾਂ ‘ਤੇ ਵੀ ਚਰਚਾ ਕੀਤੀ-

“ਭਾਰਤ ਦੇ ਬੈਂਕ ਮੱਛੀ ਪ੍ਰੋਜੈੱਕਟ ਵਿੱਚ ਕੋਈ ਸਮਰਥਨ ਨਹੀਂ ਕਰਦੇ। ਬਿਜਲੀ ਅਤੇ ਪਾਣੀ ਦੀ ਉਪਲੱਬਧਾ ਨਾਲ ਸੰਬੰਧਿਤ ਕਈ ਮੁੱਦੇ ਹਨ। ਪਰ ਕਿਸਾਨਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਵੀ ਇੱਕ ਮੁੱਖ ਕਾਰਨ ਹੈ, ਜੋ ਭਾਰਤ ਵਿੱਚ ਮੱਛੀ ਪਾਲਣ ਖੇਤਰ ਦੇ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ।”

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਸ਼ੇ ਵਿੱਚ ਭਾਰਤ ਸਰਕਾਰ ਨੂੰ ਇਸ ਤਰ੍ਹਾਂ ਦੇ ਟ੍ਰਿਪ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ, ਜਿਸ ਵਿੱਚ ਇੱਕ ਵਿਗਿਆਨਿਕ ਅਤੇ 9 ਕਿਸਾਨਾਂ ਦੇ ਗਰੁੱਪ ਨੂੰ ਟ੍ਰੇਨਿੰਗ ਦੇ ਲਈ ਵਿਦੇਸ਼ਾਂ ਵਿੱਚ ਭੇਜਿਆ ਜਾਵੇ।

ਵਰਤਮਾਨ ਵਿੱਚ ਰਾਜਵਿੰਦਰ ਜੀ ਆਪਣੇ ਰਾਜ ਐਕੁਆ ਵਰਲਡ ਫਾਰਮ (Raj Aqua World farm) ‘ਤੇ ਵਾਪਾਰਕ ਉਦੇਸ਼ ਲਈ ਰੋਹੂ, ਕਤਲਾ ਅਤੇ ਮੁਰਕ ਮੱਛੀ ਦੀਆਂ ਨਸਲਾਂ ਨੂੰ ਵਧਾ ਰਹੇ ਹਨ। ਕਈ ਹੋਰ ਕਿਸਾਨਾਂ ਨੇ ਵੀ ਉਨ੍ਹਾਂ ਦੀਆਂ ਤਕਨੀਕਾਂ ਨੂੰ ਅਪਣਾ ਕੇ ਲਾਭ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਈ ਕਿਸਾਨਾਂ ਨਾਲ ਮੱਛੀ ਪਾਲਣ ਵਿੱਚ ਕਾਫੀ ਵਧੀਆ ਸਾਂਝੇਦਾਰੀ ਕੀਤੀ ਹੈ ਅਤੇ ਦੂਜੇ ਰਾਜਾਂ ਨੂੰ ਵੱਡੀ ਮਾਤਰਾ ਵਿੱਚ ਮੱਛੀਆਂ ਵੇਚ ਰਹੇ ਹਨ। ਉਨ੍ਹਾਂ ਤੋਂ ਸਰਕਾਰ ਸਬਸਿਡੀ ਦਰਾਂ ਤੇ ਮੱਛੀਆਂ ਖਰੀਦ ਲੈਂਦੀ ਹੈ। ਇਹ ਸਾਰੀ ਸਫਲਤਾ ਉਨ੍ਹਾਂ ਦੀਆਂ ਅਪਣਾਈਆਂ ਗਈਆਂ ਤਕਨੀਕਾਂ, ਖੋਜਾਂ ਅਤੇ ਪਰੀਖਣ ਕਰਨ ਦੀ ਯੋਗਿਅਤਾ ਦਾ ਨਤੀਜਾ ਹੈ।

ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਐਕੁਆਪੋਨਿਕਸ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਤਰ ਪਰਿਣਾਮ ਲਈ ਐਕੁਆਪੋਨਿਕਸ ਵਿੱਚ ਮੱਛੀ ਦੀ ਮਹਿੰਗੀ ਨਸਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਪੁਰਸਕਾਰ ਅਤੇ ਉਪਲੱਬਧੀਆਂ

• 2004-05 ਵਿੱਚ ਮੱਛੀ ਪਾਲਣ ਵਿੱਚ ਵਿਅਰਥ ਪਾਣੀ ਦੀ ਸਹੀ ਵਰਤੋਂ ਲਈ ਪੀ.ਏ.ਯੂ. ਕਿਸਾਨ ਕਲੱਬ ਵੱਲੋਂ ਪੰਜਾਬ ਦੇ ਬੈੱਸਟ (ਉੱਤਮ) ਕਿਸਾਨ ਦਾ ਸਨਮਾਨ

• 2005-06 ਵਿੱਚ ਸ਼੍ਰੀ ਜਗਮੋਹਨ ਕੰਗ, ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰਾਲਾ ਵੱਲੋਂ ਪੰਜਾਬ ਦੇ ਸਭ ਤੋਂ ਵਧੀਆ ਮੱਛੀ ਪਾਲਕ ਦਾ ਅਵਾਰਡ

• 2005 ਵਿੱਚ ਸ਼੍ਰੀ ਜਗਮੋਹਨ ਕੰਗ, ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰਾਲਾ ਵੱਲੋਂ ਐਕੁਆਕਲਚਰ ਦੀ ਵਾਟਰ ਹਾਰਵੈਸਟਿੰਗ ਵਿੱਚ ਬੈੱਸਟ (ਉੱਤਮ) ਇਨਪੁੱਟ ਟੈੱਕਨਾਲੋਜੀ ਲਈ ਸਨਮਾਨ

• 2005 ਵਿੱਚ ਮੱਛੀ ਪਾਲਕ ਵਿਕਾਸ ਏਜੰਸੀ , ਮੋਗਾ ਵੱਲੋਂ ਲੋਅ ਲੈੱਵਲ ਵਾਟਰ ਹਾਰਵੈਸਟਿੰਗ ਟੈੱਕਨਾਲੋਜੀ ਦੀ ਵਰਤੋਂ ਨਾਲ ਸਭ ਤੋਂ ਵੱਧ ਉਤਪਾਦਨ (35 ਕੁਇੰਟਲ) ਲਈ ਸਨਮਾਨ

• 2006-07 ਵਿੱਚ ਪਾਣੀ ਦੀ ਗੁਣਵੱਤਾ ਦੇ ਪ੍ਰਬੰਧਨ ਲਈ ਸਭ ਤੋਂ ਵਧੀਆ ਕਿਸਾਨ ਦਾ ਪੁਰਸਕਾਰ

• 2008-09 ਵਿੱਚ ਮੱਛੀ ਪਾਲਣ ਦੇ ਪਾਣੀ ਦਾ ਭੰਡਾਰਨ ਅਤੇ ਖੇਤੀਬਾੜੀ ਦੇ ਸੰਸਾਧਨਾਂ ਦੀ ਮੁੜ ਵਰਤੋਂ ਕਰਨ ਲਈ ਪੁਰਸਕਾਰ

• 2010-2011 ਵਿੱਚ ਮੱਛੀ ਪਾਲਣ ਲਈ ਸੀਵਰੇਜ਼ ਦੇ ਪਾਣੀ ਦੀ ਸਹੀ ਵਰਤੋਂ ਕਰਨ ਲਈ ਪੁਰਸਕਾਰ

ਗੁਰਚਰਨ ਸਿੰਘ ਮਾਨ

ਪੂਰੀ ਕਹਾਣੀ ਪੜ੍ਹੋ

ਜਾਣੋਂ ਕਿਵੇਂ ਗੁਰਚਰਨ ਸਿੰਘ ਮਾਨ ਨੇ ਖੇਤੀ ਵਿਭਿੰਨਤਾ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੀ ਜ਼ਮੀਨ ਤੋਂ ਵਧੇਰੇ ਉਤਪਾਦਨ ਲਿਆ

ਭਾਰਤ ਵਿੱਚ ਖੇਤੀ ਵਿਭਿੰਨਤਾ ਦਾ ਰੁਝਾਨ ਇੰਨਾ ਆਮ ਨਹੀਂ ਹੈ। ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਜਿਵੇਂ ਕਿ ਜੌਂ ਆਦਿ ਮੁੱਖ ਫ਼ਸਲਾਂ ਹਨ, ਜਿਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਉਹ ਇਸ ਤੱਥ ਤੋਂ ਅਣਜਾਣ ਹਨ ਕਿ ਰਵਾਇਤੀ ਖੇਤੀ ਨਾ ਕੇਵਲ ਮਿੱਟੀ ਦੇ ਉਪਜਾਊ-ਪਣ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਕਿਸਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਕਦੀ-ਕਦੀ ਇਹ ਉਨ੍ਹਾਂ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਦੂਜੇ ਪਾਸੇ ਖੇਤੀ ਵਿਭਿੰਨਤਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਕਿਸਾਨ – ਗੁਰਚਰਨ ਸਿੰਘ ਮਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦੇ ਫਾਇਦਿਆਂ ਨੂੰ ਪਹਿਚਾਣਿਆ ਅਤੇ ਇਸ ਨੂੰ ਉਸ ਸਮੇਂ ਲਾਗੂ ਕਰ ਕੇ ਲਾਭ ਕਮਾਇਆ, ਜਦੋਂ ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਹੀ ਖਰਾਬ ਸੀ।

ਗੁਰਚਰਨ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ। ਉਹ ਜਿਸ ਖੇਤਰ ਦੇ ਰਹਿਣ ਵਾਲੇ ਸਨ ਉੱਥੇ ਦੀ ਜ਼ਮੀਨ ਬਹੁਤ ਖੁਸ਼ਕ ਅਤੇ ਇਲਾਕਾ ਬਹੁਤ ਪੱਛੜਿਆ ਹੋਇਆ ਸੀ। ਪਰ ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਦੇ ਸਾਹਮਣੇ ਇਹ ਰੁਕਾਵਟਾਂ ਕੁੱਝ ਵੀ ਨਹੀਂ ਸਨ।

1992 ਵਿੱਚ ਜਵਾਨੀ ਵੇਲੇ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ 42 ਏਕੜ ਜ਼ਮੀਨ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸਨ। ਖੁਸ਼ਕ ਖੇਤਰ ਹੋਣ ਕਾਰਨ ਕਣਕ ਅਤੇ ਝੋਨਾ ਉਗਾਉਣਾ ਉਨ੍ਹਾਂ ਲਈ ਇੱਕ ਸਫ਼ਲ ਉੱਦਮ ਨਹੀਂ ਸੀ। ਕਈ ਕੋਸ਼ਿਸ਼ਾਂ ਦੇ ਬਾਅਦ, ਜਦੋਂ ਗੁਰਚਰਨ ਸਿੰਘ ਰਵਾਇਤੀ ਖੇਤੀ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਖੇਤੀ ਦੇ ਢੰਗਾਂ ਵਿੱਚ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਇਸ ਪਹਿਲ-ਕਦਮੀ ਦੇ ਕਾਰਨ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਾਲ ਦਾ ਸਭ ਤੋਂ ਵਧੀਆ ਕਿਸਾਨ ਚੁਣਿਆ ਗਿਆ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਉਨ੍ਹਾਂ ਨੂੰ ਪੀ.ਏ.ਯੂ ਅਧਿਆਪਕ ਮਨਿੰਦਰਜੀਤ ਸਿੰਘ ਸੰਧੂ ਦੁਆਰਾ “ਪਰਵਾਸੀ ਭਾਰਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਅੱਜ 42 ਏਕੜ ਵਿੱਚੋਂ ਉਨ੍ਹਾਂ ਕੋਲ 10 ਏਕੜ ਵਿੱਚ ਬਾਗ ਹੈ, 2.5 ਏਕੜ ਵਿੱਚ ਸਬਜ਼ੀਆਂ ਦੀ ਖੇਤੀ, 10 ਏਕੜ ਵਿੱਚ ਮੱਛੀ ਫਾਰਮ ਅਤੇ ਅੱਧੇ ਏਕੜ ਵਿੱਚ ਬੋਹੜ(ਬਰਗਦ) ਦੇ ਪੌਦੇ ਹਨ। ਪਰ ਉਨ੍ਹਾਂ ਲਈ ਖੇਤੀ ਵਿਭਿੰਨਤਾ ਤੋਂ ਇਲਾਵਾ ਅਸਲ ਜੀਵਨ ਬਦਲ ਦੇਣ ਵਾਲਾ ਧੰਦਾ ਸੀ ਮਧੂ-ਮੱਖੀ ਪਾਲਣ। ਉਨ੍ਹਾਂ ਨੇ ਮੱਖੀ ਪਾਲਣ ਲਈ ਸਿਰਫ਼ ਮੱਖੀਆਂ ਦੇ 7 ਬਕਸਿਆਂ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਕੋਲ 1800 ਤੋਂ ਵੀ ਜ਼ਿਆਦਾ ਮਧੂ-ਮੱਖੀਆਂ ਦੇ ਬਕਸੇ ਹਨ, ਜਿਹਨਾਂ ਤੋਂ ਹਰ ਸਾਲ ਇੱਕ ਹਜ਼ਾਰ ਕੁਇੰਟਲ ਸ਼ਹਿਦ ਦਾ ਉਤਪਾਦਨ ਹੁੰਦਾ ਹੈ।

ਸ. ਗੁਰਚਰਨ ਸਿੰਘ ਆਪਣੇ ਕੰਮ ਵਿੱਚ ਇੰਨੇ ਨਿਪੁੰਨ ਹਨ ਕਿ ਉਨ੍ਹਾਂ ਦੁਆਰਾ ਪੈਦਾ ਕੀਤੇ ਸ਼ਹਿਦ ਦੀ ਗੁਣਵੱਤਾ ਬਹੁਤ ਚੰਗੀ ਹੈ ਅਤੇ ਕਈ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ। ਮੱਖੀ ਪਾਲਣ ਵਿੱਚ ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ ਦੇ ਪਿੰਡ ਵਿੱਚ ਸ਼ਹਿਦ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਪਲਾਂਟ ਨੇ 15 ਲੋਕਾਂ ਨੂੰ ਰੋਜ਼ਗਾਰ ਦਿੱਤਾ ਜੋ ਗਰੀਬ ਰੇਖਾ ਹੇਠ ਆਉਂਦੇ ਹਨ। ਉਨ੍ਹਾਂ ਦਾ ਮਧੂ-ਮੱਖੀ ਪਾਲਣ ਦਾ ਕਾਰੋਬਾਰ ਨਾ ਕੇਵਲ ਉਨ੍ਹਾ ਨੂੰ ਲਾਭ ਦਿੰਦਾ ਹੈ, ਬਲਕਿ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਸ. ਗੁਰਚਰਨ ਸਿੰਘ ਨੇ ਵਿਭਿੰਨਤਾ ਦੇ ਅਸਲ ਅਰਥ ਨੂੰ ਸਮਝਿਆ ਅਤੇ ਇਸ ਨੂੰ ਨਾ ਕੇਵਲ ਸਬਜ਼ੀਆਂ ਦੀ ਖੇਤੀ ‘ਤੇ ਲਾਗੂ ਕੀਤਾ, ਬਲਕਿ ਇਸ ਨੂੰ ਆਪਣੇ ਵਪਾਰ ‘ਤੇ ਲਾਗੂ ਕੀਤਾ। ਉਨ੍ਹਾਂ ਕੋਲ ਬਾਗ, ਮੱਛੀ ਫਾਰਮ, ਡੇਅਰੀ ਫਾਰਮ ਹਨ ਅਤੇ ਇਸ ਤੋਂ ਇਲਾਵਾ ਉਹ ਜੈਵਿਕ ਖੇਤੀ ਵਿੱਚ ਵੀ ਸਰਗਰਮ ਤੌਰ ‘ਤੇ ਸ਼ਾਮਲ ਹਨ। ਮਧੂ-ਮੱਖੀ ਪਾਲਣ ਵਪਾਰ ਦੇ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੇ ਬਕਸੇ ਬਣਾਉਣ ਅਤੇ ਮੋਮਬੱਤੀਆਂ ਬਣਾਉਣ ਵਰਗੇ ਹੋਰ ਸਹਾਇਕ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।

“ਇੱਕ ਚੀਜ਼ ਜੋ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਉਹ ਹੈ ਮਿੱਟੀ ਅਤੇ ਪਾਣੀ ਦੀ ਜਾਂਚ ਅਤੇ ਦੂਜੀ ਚੀਜ਼ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਕਿਸਾਨ ਆਲੂ ਉਗਾਉਂਦਾ ਹੈ ਤਾਂ ਦੂਜੇ ਨੂੰ ਲਸਣ ਉਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਕਦੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ।”

ਮੱਖੀ ਪਾਲਣ ਹੁਣ ਉਨ੍ਹਾਂ ਦਾ ਮੁੱਢਲਾ ਕਾਰੋਬਾਰ ਬਣ ਗਿਆ ਹੈ ਅਤੇ ਉਨ੍ਹਾਂ ਦੇ ਫਾਰਮ ਦਾ ਨਾਮ “ਮਾਨ ਮੱਖੀ ਫਾਰਮ” ਹੈ। ਸ਼ਹਿਦ ਤੋਂ ਇਲਾਵਾ ਉਹ ਜੈਮ, ਆਚਾਰ, ਮਸਾਲੇ ਜਿਵੇਂ ਕਿ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਆਦਿ ਵੀ ਬਣਾਉਂਦੇ ਹਨ। ਉਹ ਇਨ੍ਹਾਂ ਸਾਰੇ ਉਤਪਾਦਾਂ ਦਾ ਮੰਡੀਕਰਨ “ਮਾਨ” ਨਾਮ ਦੇ ਤਹਿਤ ਕਰਦੇ ਹਨ।

ਵਰਤਮਾਨ ਵਿੱਚ ਉਨ੍ਹਾਂ ਦਾ ਫਾਰਮ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੁੰਦਰ ਦ੍ਰਿਸ਼ ਕਾਰਨ ਪੰਜਾਬ ਟੂਰਿਜ਼ਮ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦਾ ਫਾਰਮ 5000 ਤੋਂ ਵੱਧ ਪ੍ਰਜਾਤੀਆਂ ਨਾਲ ਘਿਰਿਆ ਹੋਇਆ ਹੈ ਅਤੇ ਉੱਥੇ ਦਾ ਦ੍ਰਿਸ਼ ਪ੍ਰਕਿਰਤੀ ਦੇ ਨਜ਼ਦੀਕ ਹੋਣ ਦਾ ਵਾਸਤਵਿਕ ਅਰਥ ਦਰਸਾਉਂਦਾ ਹੈ।

ਉਨ੍ਹਾਂ ਦੇ ਅਨੁਸਾਰ, ਜੋ ਵੀ ਉਨ੍ਹਾਂ ਨੇ ਅੱਜ ਹਾਸਲ ਕੀਤਾ ਹੈ, ਉਹ ਸਿਰਫ ਪੀ.ਏ.ਯੂ. ਦੇ ਕਾਰਨ। ਸ਼ੁਰੂਆਤ ਤੋਂ ਉਨ੍ਹਾਂ ਨੇ ਉਹੀ ਕੀਤਾ ਜਿਸ ਦੀ ਪੀ.ਏ.ਯੂ. ਦੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੀ ਗਈ। ਆਪਣੇ ਕੰਮ ਵਿੱਚ ਜ਼ਿਆਦਾ ਪੇਸ਼ੇਵਰ ਹੋਣ ਲਈ ਉਨ੍ਹਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟੈਕਨੀਕਲ ਅਤੇ ਸਾਇੰਟੀਫਿਕ ਇੰਨਵੈਂਨਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ।

ਗੁਰਚਰਨ ਸਿੰਘ ਦੀ ਸਫ਼ਲਤਾ ਦੀ ਕੁੰਜੀ ਹੈ: ਉਤਪਾਦਨ ਦੀ ਲਾਗਤ ਘੱਟ ਕਰਨਾ, ਉਤਪਾਦਾਂ ਨੂੰ ਖੁਦ ਮੰਡੀ ਵਿੱਚ ਲੈ ਕੇ ਜਾਣਾ ਅਤੇ ਸਰਕਾਰ ‘ਤੇ ਘੱਟ ਤੋਂ ਘੱਟ ਨਿਰਭਰ ਹੋਣਾ। ਉਹ ਇਨ੍ਹਾਂ ਤਿੰਨਾਂ ਚੀਜਾਂ ਨੂੰ ਅਪਣਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਨੇ ਖੇਤੀ ਦੇ ਪ੍ਰਤੀ ਸਰਕਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ-

“ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਰਿਸਰਚ ਲਈ ਵਧੇਰੇ ਫੰਡ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਨਕਦ ਫ਼ਸਲਾਂ ਲਈ ਸਹਾਇਤਾ ਦੀ ਲਾਗਤ ਨੂੰ ਪੱਕਾ ਕਰਨਾ ਚਾਹੀਦਾ ਹੈ, ਤਦ ਹੀ ਕਿਸਾਨ ਖੇਤੀਬਾੜੀ ਵਿੱਚ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣਗੇ।”

ਸੰਦੇਸ਼
ਕਿਸਾਨਾਂ ਨੂੰ ਇਸ ਰੁਝਾਨ ਨਹੀਂ ਦੇਖਣਾ ਚਾਹੀਦਾ ਕਿ ਹੋਰ ਕਿਸਾਨ ਕੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਭ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਖੇਤੀ ਮਾਹਿਰਾਂ ਤੋਂ ਮਦਦ ਲੈ ਸਕਦੇ ਹਨ। ਫਿਰ ਭਾਵੇਂ ਉਹ ਪੀ.ਏ.ਯੂ ਦੇ ਹੋਣ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ, ਕਿਉਂਕਿ ਉਹ ਹਮੇਸ਼ਾ ਵਧੀਆ ਸਲਾਹ ਦੇਣਗੇ।