ਜ਼ਜਬਾ ਹੋਵੇ ਤਾਂ ਇਕ ਔਰਤ ਲਈ ਕੁੱਝ ਨਹੀਂ ਹੈ ਨਾ-ਮੁਮਕਿਨ…ਐਸੀ ਹੀ ਇੱਕ ਮਿਸਾਲ ਹੈ ਮਿਲਨ ਸ਼ਰਮਾ
ਅਕਸਰ ਹੀ ਇਹ ਮੰਨਿਆ ਜਾਂਦਾ ਹੈ ਕਿ ਡੇਅਰੀ ਫਾਰਮਿੰਗ ਦਾ ਕੰਮ ਜ਼ਿਆਦਾਤਾਰ ਘੱਟ-ਪੜ੍ਹੇ ਲਿਖੇ ਲੋਕ ਹੀ ਕਰਦੇ ਹਨ। ਪਰ ਹੁਣ ਇਸ ਕੰਮ ਵਿੱਚ ਵੱਧ ਕਮਾਈ ਹੁੰਦੀ ਦੇਖ ਪੜ੍ਹੇ-ਲਿਖੇ ਨੌਜਵਾਨ ਵੀ ਇਸ ਧੰਦੇ ਵਿੱਚ ਸ਼ਾਮਲ ਹੋ ਰਹੇ ਹਨ। ਅੱਜ-ਕੱਲ੍ਹ ਡੇਅਰੀ ਫਾਰਮਿੰਗ ਦੇ ਕੰਮ ਵਿੱਚ ਪੁਰਸ਼ਾਂ ਦੇ ਨਾਲ-ਨਾਲ ਮਹਿਲਾਵਾਂ ਵੀ ਅੱਗੇ ਆ ਰਹੀਆਂ ਹਨ। ਇਸ ਕਹਾਣੀ ਵਿੱਚ ਅਸੀਂ ਇੱਕ ਅਜਿਹੀ ਹੀ ਮਹਿਲਾ ਦੀ ਗੱਲ ਕਰਨ ਜਾ ਰਹੇ ਹਾਂ, ਜੋ ਡੇਅਰੀ ਫਾਰਮਿੰਗ ਦਾ ਕਾਰੋਬਾਰ ਅਪਣਾ ਕੇ ਕਾਮਯਾਬ ਹੋਈ ਅਤੇ ਹੁਣ ਹੋਰ ਮਹਿਲਾਵਾਂ ਦੇ ਲਈ ਇੱਕ ਪ੍ਰੇਰਣਾਸ੍ਰੋਤ ਬਣ ਰਹੀ ਹੈ।
ਹਰਿਆਣਾ ਦੀ ਰਹਿਣ ਵਾਲੀ ਮਿਲਨ ਸ਼ਰਮਾ ਜੀ ਨੇ M.Sc Biochemistry ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਦੌਰਾਨ ਹੀ ਉਹਨਾਂ ਦਾ ਵਿਆਹ ਚੇਤਨ ਸ਼ਰਮਾ ਜੀ, ਜੋ ਕਿ ਇੱਕ ਇਲੈਕਟ੍ਰਾੱਨਿਕ ਇੰਜੀਨੀਅਰ ਹਨ, ਨਾਲ ਹੋ ਗਿਆ। ਵਿਆਹ ਤੋਂ ਬਾਅਦ, ਦੋ ਪੁੱਤਰ ਹੋਣ ਕਾਰਣ ਉਹ ਆਪਣੀ ਗ੍ਰਹਿਸਥੀ ਵਿੱਚ ਵਿਅਸਤ ਹੋ ਗਏ। ਪੁੱਤਰਾਂ ਦੇ ਸਕੂਲ ਜਾਣ ਤੋਂ ਬਾਅਦ ਉਹਨਾਂ ਨੇ ਵਿਹਲੇ ਸਮੇਂ ਵਿੱਚ ਜਰਮਨ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਹਨਾਂ ਨੂੰ ਇੱਕ ਸਕੂਲ ਵਿੱਚ ਜਰਮਨ ਭਾਸ਼ਾ ਸਿਖਾਉਣ ਲਈ ਅਧਿਆਪਕ ਵਜੋਂ ਨੌਕਰੀ ਮਿਲ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਜਰਮਨ ਕਲਚਰਲ ਸੈਂਟਰ ਨਾਲ ਪ੍ਰੋਜੈੱਕਟ ਮੈਨੇਜਰ ਦੇ ਤੌਰ ‘ਤੇ ਕਈ ਸਾਲਾਂ ਤੱਕ ਕੰਮ ਕੀਤਾ। ਇਸ ਪ੍ਰੋਜੈੱਕਟ ਦੇ ਤਹਿਤ ਬੱਚਿਆਂ ਨੂੰ ਜਰਮਨ ਭਾਸ਼ਾ ਸਿਖਾ ਕੇ ਉੱਚ ਪੜ੍ਹਾਈ ਲਈ ਜਰਮਨ ਵਿੱਚ ਜਾਣ ਵਾਸਤੇ ਤਿਆਰ ਕੀਤਾ ਜਾਂਦਾ ਸੀ।
ਅੱਗੇ ਚੱਲ ਕੇ ਦੋਨੋਂ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲ ਗਈਆਂ ਤਾਂ ਅਸੀਂ ਦੋਨਾਂ (ਪਤੀ-ਪਤਨੀ) ਨੇ ਵਾਤਾਵਰਨ ਅਤੇ ਸਮਾਜ ਲਈ ਕੁੱਝ ਬਿਹਤਰ ਕਰਨ ਬਾਰੇ ਸੋਚਿਆ। – ਮਿਲਨ ਸ਼ਰਮਾ
ਮਿਲਨ ਜੀ ਦੇ ਸਹੁਰਾ ਸਾਹਿਬ ਜੀ ਦੇ ਕੋਲ ਪਿੰਡ ਵਿੱਚ 4 ਗਾਵਾਂ ਸਨ, ਜਿਹਨਾਂ ਦੀ ਦੇਖਭਾਲ ਖੁਦ ਕਰਦੇ ਸਨ। 2017 ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਮਿਲਨ ਅਤੇ ਉਹਨਾਂ ਦੇ ਪਤੀ ਨੇ ਆਪਣੇ ਪਿਤਾ ਦੇ ਵੱਲੋਂ ਰੱਖੀਆਂ 4 ਗਾਵਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸਦੇ ਨਾਲ ਉਹਨਾਂ ਨੇ 2 ਹੋਰ ਸਾਹੀਵਾਲ ਨਸਲ ਦੀਆਂ ਗਾਵਾਂ ਖਰੀਦੀਆਂ। ਸਮਾਂ ਬੀਤਣ ‘ਤੇ ਉਹਨਾਂ ਦਾ ਡੇਅਰੀ ਦਾ ਕੰਮ ਵਧਣ ਲੱਗਾ ਤੇ ਮਿਲਨ ਜੀ ਨੂੰ ਆਪਣੀ ਨੌਕਰੀ ਛੱਡਣੀ ਪਈ। ਪਰ ਉਹਨਾਂ ਨੂੰ ਡੇਅਰੀ ਫਾਰਮਿੰਗ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ, ਇਸ ਲਈ ਉਹਨਾਂ ਨੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ NDRI ਕਰਨਾਲ ਅਤੇ LUVAS ਅਤੇ GADVASU ਤੋਂ ਟ੍ਰੇਨਿੰਗ ਹਾਸਲ ਕੀਤੀ। ਹੌਲੀ-ਹੌਲੀ ਉਹਨਾਂ ਕੋਲ 30 ਗਾਵਾਂ ਹੋ ਗਈਆਂ। ਇਸ ਤੋਂ ਬਾਅਦ ਉਹਨਾਂ ਨੇ 6 ਏਕੜ ਵਿੱਚ “ਰੇਵਨਾਰ” ਨਾਮ ਦਾ ਇੱਕ ਫਾਰਮ ਸ਼ੁਰੂ ਕੀਤਾ। ਰੇਵਨਾਰ ਨਾਮ ਰੇਵਤੀ ਅਤੇ ਨਾਰਾਇਣ ਦੇ ਸੁਮੇਲ ਲਿਆ ਗਿਆ ਹੈ, ਜੋ ਕਿ ਮਿਲਨ ਜੀ ਦੇ ਪਤੀ ਦੇ ਦਾਦਾ-ਦਾਦੀ ਦਾ ਨਾਮ ਹੈ। ਇਸ ਫਾਰਮ ਨੂੰ ਉਹਨਾਂ ਨੇ FSSAI ਤੋਂ ਰਜਿਸਟਰ ਕਰਵਾ ਲਿਆ। ਇਸ ਸਮੇਂ ਉਹਨਾਂ ਕੋਲ ਸਾਹੀਵਾਲ, ਥਾਰਪਾਰਕਰ, ਰਾਠੀ ਅਤੇ ਗਿਰ ਨਸਲ ਦੀਆਂ 140 ਗਾਵਾਂ ਹਨ।
ਮੈਂ ਪਹਿਲਾਂ ਗਾਵਾਂ ਦੇ ਨੇੜੇ ਜਾਣ ਤੋਂ ਵੀ ਡਰਦੀ ਹੁੰਦੀ ਸੀ, ਪਰ ਹੁਣ ਮੇਰਾ ਸਾਰਾ ਦਿਨ ਗਾਵਾਂ ਦੀ ਵਿੱਚ ਗੁਜ਼ਰਦਾ ਹੈ। ਹੁਣ ਗਾਵਾਂ ਮੇਰੇ ਨਾਲ ਇਸ ਤਰ੍ਹਾਂ ਰਹਿੰਦੀਆਂ ਹਨ, ਜਿਵੇਂ ਉਹ ਮੇਰੀਆਂ ਸਹੇਲੀਆਂ ਹੋਣ। – ਮਿਲਨ ਸ਼ਰਮਾ
ਗਾਵਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਣ ਉਹਨਾਂ ਕੋਲ ਦੁੱਧ ਦੀ ਮਾਤਰਾ ਵੀ ਵੱਧਣ ਲੱਗੀ। ਪਹਿਲਾਂ ਉਹਨਾਂ ਤੋਂ ਰਿਸ਼ਤੇਦਾਰ ਅਤੇ ਪਿੰਡ ਦੇ ਕੁੱਝ ਲੋਕ ਹੀ ਦੁੱਧ ਲਿਜਾਂਦੇ ਸਨ, ਪਰ ਦੁੱਧ ਦੀ ਗੁਣਵੱਤਾ ਵਧੀਆ ਹੋਣ ਦੇ ਕਾਰਣ ਹੋਰਨਾਂ ਲੋਕਾਂ ਨੇ ਉਹਨਾਂ ਕੋਲੋਂ ਦੁੱਧ ਖਰੀਦਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਡਰੰਮਾਂ ਵਿੱਚ ਪਾ ਕੇ ਦੁੱਧ ਗ੍ਰਾਹਕਾਂ ਤੱਕ ਪਹੁੰਚਾਉਂਦੇ ਸਨ, ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਸ ਵਿੱਚ ਕੋਈ ਬਦਲਾਅ ਆਉਣਾ ਚਾਹੀਦਾ ਹੈ। ਹੁਣ ਉਹ ਕੱਚ ਦੀ ਬੋਤਲਾਂ ਵਿੱਚ ਦੁੱਧ ਪਾ ਕੇ ਗ੍ਰਾਹਕਾਂ ਨੂੰ ਵੇਚਦੇ ਹਨ। ਉਹਨਾਂ ਦੁਆਰਾ ਜਿਹਨਾਂ ਕੱਚ ਦੀਆਂ ਬੋਤਲਾਂ ਵਿੱਚ ਗ੍ਰਾਹਕਾਂ ਨੂੰ ਦੁੱਧ ਵੇਚਿਆ ਜਾਂਦਾ ਹੈ, ਅਗਲੇ ਦਿਨ ਗ੍ਰਾਹਕ ਉਹਨਾਂ ਬੋਤਲਾਂ ਨੂੰ ਵਾਪਸ ਕਰ ਦਿੰਦੇ ਹਨ। ਇਸ ਤਰ੍ਹਾਂ ਫਿਰ ਅਗਲੇ ਦਿਨ ਉਨ੍ਹਾਂ ਹੀ ਕੱਚ ਦੀਆਂ ਬੋਤਲਾਂ ਵਿੱਚ ਦੁੱਧ ਭਰਕੇ ਗ੍ਰਾਹਕਾਂ ਤੱਕ ਪਹੁੰਚਾਉਇਆ ਜਾਂਦਾ ਹੈ। ਉਹਨਾਂ ਦੁਆਰਾ ਦੁੱਧ ਅਤੇ ਦੁੱਧ ਤੋਂ ਤਿਆਰ ਕੀਤੇ ਉਤਪਾਦ (ਪਨੀਰ, ਦਹੀਂ, ਮੱਖਣ, ਲੱਸੀ, ਦੇਸੀ ਘਿਓ) ਆੱਨਲਾਈਨ ਵੀ ਵੇਚੇ ਜਾਂਦੇ ਹਨ। ਮਿਲਨ ਜੀ ਆਪਣੀ ਡੇਅਰੀ ਦਾ ਦੁੱਧ ਦਿੱਲੀ, ਨੋਇਡਾ, ਫਰੀਦਾਬਾਦ ਦੇ ਗ੍ਰਾਹਕਾਂ ਨੂੰ ਵੇਚਦੇ ਹਨ।
ਡੇਅਰੀ ਫਾਰਮ ਦੇ ਨਾਲ ਹੀ ਉਹ ਮਥੁਰਾ ਵਿੱਚ 15 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹਨ। ਇੱਥੇ ਫ਼ਸਲਾਂ ਵਿੱਚ ਉਹ ਕਣਕ, ਝੋਨੇ ਅਤੇ ਸਰ੍ਹੋਂ ਦੀ ਖੇਤੀ ਕਰਦੇ ਹਨ।
ਉਹਨਾਂ ਦੁਆਰਾ ਡੇਅਰੀ ਵਿੱਚ ਗਾਵਾਂ ਦੇ ਗੋਬਰ ਅਤੇ ਮੂਤਰ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਨੇ ਇੱਕ ਬਾਇਓ ਗੈਸ ਪਲਾਂਟ ਵੀ ਲਗਾਇਆ ਹੈ, ਜਿਸ ਵਿੱਚ ਗਾਵਾਂ ਦੇ ਗੋਬਰ ਤੋਂ ਗੈਸ ਤਿਆਰ ਕੀਤੀ ਜਾਂਦੀ ਹੈ, ਜਿਸ ਦੀ ਵਰਤੋਂ ਉਹ ਗਾਵਾਂ ਲਈ ਖੁਰਾਕ ਜਿਵੇਂ ਕਿ ਦਲੀਆ ਆਦਿ ਤਿਆਰ ਕਰਨ ਲਈ ਕਰਦੇ ਹਨ।
ਇਸ ਸਭ ਤੋਂ ਇਲਾਵਾ ਮਿਲਨ ਜੀ ਨੇ ਆਪਣੇ ਫਾਰਮ ‘ਤੇ ਵੱਖ-ਵੱਖ ਤਰ੍ਹਾਂ ਦੇ ਫਲਦਾਰ, ਚਕਿਤਸਿਕ ਅਤੇ ਵਿਰਾਸਤੀ ਦਰੱਖ਼ਤ ਉਗਾਏ ਹਨ, ਜਿਵੇਂ ਕਿ ਨਿੰਮ, ਟਾਹਲੀ, ਕਦਮ, ਪਪੀਤਾ, ਗਿਲੋਅ, ਆਂਵਲਾ, ਅਮਰੂਦ, ਬੇਲ ਪੱਤਰ, ਨਿੰਬੂ, ਇਮਲੀ ਆਦਿ। ਇਹਨਾਂ ਸਾਰੇ ਦਰਖ਼ੱਤਾਂ ਦੇ ਪੱਤਿਆਂ ਨੂੰ ਗਾਂ ਦੇ ਮੂਤਰ ਵਿੱਚ ਮਿਲਾ ਕੇ ਉਹ ਜੀਵ ਅੰਮ੍ਰਿਤ ਤਿਆਰ ਕਰਦੇ ਹਨ, ਜਿਸ ਦਾ ਪ੍ਰਯੋਗ ਫ਼ਸਲਾਂ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੀੜੇਮਾਰ ਦਵਾਈਆਂ ਦੀ ਥਾਂ ਉਹ ਖੱਟੀ ਲੱਸੀ ਆਦਿ ਦੀ ਵਰਤੋਂ ਕਰਦੇ ਹਨ।
ਮਿਲਨ ਜੀ ਦੇ ਪਤੀ, ਚੇਤਨ ਜੀ, ਘਰਾਂ ਅਤੇ ਕੰਪਨੀਆਂ ਵਿੱਚ ਸੋਲਰ ਪੈਨਲ ਲਗਾਉਣ ਦਾ ਕੰਮ ਕਰਦੇ ਹਨ। ਉਹਨਾਂ ਨੇ ਆਪਣੇ ਫਾਰਮ ਵਿੱਚ ਵੀ 800 ਕਿੱਲੋਵਾਟ ਦਾ ਸੋਲਰ ਪੈਨਲ ਲਗਾਇਆ ਹੋਇਆ ਹੈ।
- ਪਸ਼ੂ ਪਾਲਣ ਵਿਭਾਗ, ਹਰਿਆਣਾ ਵੱਲੋਂ ਅਗਾਂਹਵਧੂ ਕਿਸਾਨ ਦਾ ਦਰਜਾ ਦਿੱਤਾ ਗਿਆ।
- ਰੇਵਨਾਰ ਫਾਰਮ ਦੀਆਂ 2 ਗਾਵਾਂ ਨੂੰ ਫਰੀਦਾਬਾਦ ਪਸ਼ੂ ਮੇਲੇ ਵਿੱਚ ਇਨਾਮ ਵੀ ਹਾਸਿਲ ਹੋਏ।
- ਕੇਵਲ ਇੱਕ ਸਾਲ ਦੇ ਸਮੇਂ ਵਿੱਚ 30 ਤੋਂ 140 ਗਾਵਾਂ ਤੱਕ ਸੰਖਿਆ ਵਧਾਈ ਅਤੇ 5 ਘਰਾਂ ਤੋਂ 200 ਤੋਂ ਵੱਧ ਗ੍ਰਾਹਕਾਂ ਨੂੰ ਆਪਣੇ ਨਾਲ ਜੋੜਿਆ।
ਮਿਲਨ ਜੀ ਆਪਣੇ ਪੂਰੇ ਪਿੰਡ ਨੂੰ ਰਸਾਇਣ ਮੁਕਤ ਵਾਤਾਵਰਨ ਦੇਣਾ ਚਾਹੁੰਦੇ ਹਨ। ਅੱਗੇ ਚੱਲ ਕੇ ਉਹ ਆਪਣੇ ਡੇਅਰੀ ਫਾਰਮ ਨੂੰ ਇੱਕ ਸਕਿੱਲ ਸੈਂਟਰ ਦੇ ਤੌਰ ‘ਤੇ ਤਿਆਰ ਕਰਕੇ ਪਸ਼ੂ-ਪਾਲਕਾਂ ਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਹਨ। ਉਹ ਸਰਕਾਰ ਨਾਲ ਮਿਲ ਕੇ ਇੱਕ ਪ੍ਰੋਜੈੱਕਟ ਸ਼ੁਰੂ ਕਰਨਾ ਚਾਹੁੰਦੇ ਹਨ, ਜਿਸ ਵਿੱਚ ਉਹਨਾਂ ਦੇ ਪਿੰਡ ਵਿੱਚ ਸਾਰਿਆਂ ਲਈ ਇੱਕ ਕਮਿਊਨਿਟੀ ਬਾਇਓ ਗੈਸ ਪਲਾਂਟ ਲਗਾਇਆ ਜਾਵੇ। ਇਸ ਪ੍ਰੋਜੈੱਕਟ ਨਾਲ ਜਿੱਥੇ ਸਾਰੇ ਪਿੰਡ ਵਾਲਿਆਂ ਨੂੰ ਮੁਫ਼ਤ ਗੈਸ ਮਿਲੇਗੀ, ਉੱਥੇ ਹੀ ਉਹਨਾਂ ਨੂੰ ਆਪਣੇ ਪਸ਼ੂਆਂ ਦੇ ਗੋਬਰ ਦੀ ਸਹੀ ਵਰਤੋਂ ਬਾਰੇ ਵੀ ਜਾਣਕਾਰੀ ਹਾਸਲ ਹੋਵੇਗੀ ਅਤੇ ਉਹ ਗੋਬਰ ਗੈਸ ਪਲਾਂਟ ਦੇ ਵਿਅਰਥ ਨੂੰ ਖੇਤਾਂ ਵਿੱਚ ਖਾਦਾਂ ਦੇ ਤੌਰ ‘ਤੇ ਵਰਤ ਕੇ ਰਸਾਇਣਾਂ ‘ਤੇ ਹੋਣ ਵਾਲੇ ਖਰਚੇ ਨੂੰ ਘਟਾ ਸਕਦੇ ਹਨ।