ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਮਾਲਵਾ ਖੇਤਰ ਦੇ ਦੋ ਨੌਜਵਾਨ ਕਿਸਾਨ, ਜੋ ਖੇਤੀ ਨੂੰ ਫੂਡ ਪ੍ਰੋਸੈਸਿੰਗ ਦੇ ਨਾਲ ਜੋੜ ਕੇ ਕਮਾ ਰਹੇ ਹਨ ਵਧੇਰੇ ਲਾਭ

ਭੋਜਨ ਜੀਵਨ ਦੀ ਮੁੱਢਲੀ ਲੋੜ ਹੈ, ਪਰ ਕੀ ਹੋਵੇਗਾ ਜਦੋਂ ਤੁਹਾਡਾ ਭੋਜਨ ਉਤਪਾਦਨ ਦੇ ਦੌਰਾਨ ਬੁਨਿਆਦੀ ਪੱਧਰ ‘ਤੇ ਮਿਲਾਵਟੀ ਜਾਂ ਦੂਸ਼ਿਤ ਹੋ ਜਾਵੇ।

ਅੱਜ, ਭਾਰਤ ਵਿੱਚ ਭੋਜਨ ਵਿੱਚ ਮਿਲਾਵਟ ਇੱਕ ਪ੍ਰਮੁੱਖ ਮੁੱਦਾ ਹੈ, ਜਦੋਂ ਕੁਆਲਿਟੀ ਦੀ ਗੱਲ ਆਉਂਦੀ ਹੈ ਤਾਂ ਉਤਪਾਦਕ ਅੰਨ੍ਹੇ ਹੋ ਜਾਂਦੇ ਹਨ ਅਤੇ ਉਹ ਕੇਵਲ ਮਾਤਰਾ ‘ਤੇ ਹੀ ਧਿਆਨ ਕੇਂਦਰਿਤ ਕਰਦੇ ਹਨ, ਜੋ ਨਾ ਕੇਵਲ ਭੋਜਨ ਦੇ ਸੁਆਦ ਅਤੇ ਪੋਸ਼ਣ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਉਪਭੋਗਤਾ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਹ ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਅਨੋਖੇ ਉਤਪਾਦ – ਕੱਚੀ ਹਲਦੀ ਦੇ ਅਚਾਰ ਨਾਲ ਬਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧ ਹੋ ਗਏ। ਇੱਕ ਸਿੱਖਿਅਤ ਪਿਛੋਕੜ ਤੋਂ ਆਏ ਇਨ੍ਹਾਂ ਦੋ ਨੌਜਵਾਨਾਂ ਨੇ ਸਮਾਜ ਨੂੰ ਕੁੱਝ ਚੰਗਾ ਦੇਣ ਦਾ ਫੈਸਲਾ ਕੀਤਾ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਕੱਚੀ ਹਲਦੀ ਦੇ ਕਈ ਲਾਭ ਅਤੇ ਘਰੇਲੂ ਨੁਕਤਿਆਂ ਦੀ ਖੋਜ ਕੀਤੀ, ਜੋ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ, ਚਮੜੀ ਦੀਆਂ ਬਿਮਾਰੀਆਂ, ਐਲਰਜੀ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਅਤੇ ਕਈ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

ਸ਼ੁਰੂ ਤੋਂ ਹੀ ਦੋਨਾਂ ਦੋਸਤਾਂ ਨੇ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ, ਇਸ ਲਈ ਉਨ੍ਹਾਂ ਨੇ ਹਲਦੀ ਦੀ ਖੇਤੀ ਸ਼ੂਰੂ ਕੀਤੀ ਅਤੇ 80-90 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫ਼ਸਲ ਨੂੰ ਖੁਦ ਪ੍ਰੋਸੈੱਸ ਕਰਨ ਅਤੇ ਉਸ ਨੂੰ ਕੱਚੀ ਹਲਦੀ ਦੇ ਅਚਾਰ ਦੇ ਰੂਪ ਵਿੱਚ ਬਜ਼ਾਰ ਵਿੱਚ ਵੇਚਣ ਦਾ ਫੈਸਲਾ ਕੀਤਾ। ਪਹਿਲਾ ਸਥਾਨ ਬਠਿੰਡੇ ਦੀ ਐਤਵਾਰ ਵਾਲੀ ਮੰਡੀ ਸੀ, ਜਿੱਥੇ ਉਨ੍ਹਾਂ ਦੇ ਉਤਪਾਦ ਨੂੰ ਲੋਕਾਂ ਦੇ ਵਿੱਚ ਪ੍ਰਸਿੱਧੀ ਮਿਲੀ ਅਤੇ ਹੁਣ ਉਨ੍ਹਾਂ ਨੇ ਸ਼ਹਿਰ ਦੇ ਕਈ ਸਥਾਨਾਂ ‘ਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ।

ਫੂਡ ਪ੍ਰੋਸੈਸਿੰਗ ਵਪਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਨਵਦੀਪ ਅਤੇ ਗੁਰਸ਼ਰਨ ਨੇ ਜ਼ਿਲ੍ਹੇ ਦੇ ਸੀਨੀਅਰ ਖੇਤੀਬਾੜੀ ਮਾਹਿਰ ਡਾ: ਪਰਮੇਸ਼ਵਰ ਸਿੰਘ ਤੋਂ ਖੇਤੀ ਦੀ ਸਲਾਹ ਲਈ। ਅੱਜ, ਡਾਕਟਰ ਵੀ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਕੇ ਇਹ ਨੌਜਵਾਨ ਫੂਡ ਪ੍ਰੋਸੈੱਸਿੰਗ ਮਾਰਕਿਟ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਰਸੋਈ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਵਰਤੇ ਜਾਣ ਵਾਲੇ ਜ਼ਿਆਦਾ ਬੁਨਿਆਦੀ ਸ਼ੁੱਧ ਭੋਜਨ ਉਤਪਾਦ ਬਣਾ ਰਹੇ ਹਨ।

ਕੱਚੀ ਹਲਦੀ ਦੇ ਅਚਾਰ ਦੀ ਸਫ਼ਲਤਾ ਦੇ ਬਾਅਦ, ਨਵਦੀਪ ਅਤੇ ਗੁਰਸ਼ਰਨ ਨੇ ਰਾਮਪੁਰਾ ਵਿੱਚ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕੀਤਾ ਅਤੇ ਇਸ ਸਮੇਂ ਉਨ੍ਹਾਂ ਦੀ ਉਤਪਾਦਾਂ ਦੀ ਸੂਚੀ ਵਿੱਚ 10 ਤੋਂ ਜ਼ਿਆਦਾ ਉਤਪਾਦ ਹਨ, ਜਿਸ ਵਿੱਚ ਕੱਚੀ ਹਲਦੀ, ਕੱਚੀ ਹਲਦੀ ਦਾ ਅਚਾਰ, ਹਲਦੀ ਪਾਊਡਰ, ਮਿਰਚ ਪਾਊਡਰ, ਸਬਜ਼ੀ ਮਸਾਲਾ, ਧਨੀਆ ਪਾਊਡਰ, ਲੱਸੀ, ਦਹੀਂ, ਚਾਟ ਮਸਾਲਾ, ਲਸਣ ਦਾ ਅਚਾਰ, ਜੀਰਾ, ਬੇਸਣ, ਚਾਹ ਮਸਾਲਾ ਆਦਿ ਸ਼ਾਮਲ ਹਨ।

ਇਹ ਦੋਨੋਂ ਨਾ ਕੇਵਲ ਫੂਡ ਪ੍ਰੋਸੈੱਸਿੰਗ ਨੂੰ ਇੱਕ ਲਾਭਦਾਇਕ ਉੱਦਮ ਬਣਾ ਰਹੇ ਹਨ, ਬਲਕਿ ਹੋਰ ਕਿਸਾਨਾਂ ਨੂੰ ਬਿਹਤਰ ਆਮਦਨ ਹਾਸਲ ਕਰਨ ਲਈ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਨੂੰ ਅਪਨਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।

ਭਵਿੱਖ ਦੀਆਂ ਯੋਜਨਾਵਾਂ: ਭਵਿੱਖ ਵਿੱਚ ਆਪਣੇ ਉਤਪਾਦਾਂ ਨੂੰ ਪੌਸ਼ਟਿਕ ਬਣਾਉਣ ਅਤੇ ਵਧੇਰੇ ਕਿਫ਼ਾਇਤੀ ਖੇਤੀ ਕਰਨ ਲਈ ਉਹ ਫ਼ਸਲੀ ਵਿਭਿੰਨਤਾ ਅਪਨਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਤਿਆਰ ਕੀਤੇ ਉਤਪਾਦਾਂ ਨੂੰ ਹੋਰ ਇਲਾਕਿਆਂ ਤੱਕ ਵੇਚਣ ਅਤੇ ਲੋਕਾਂ ਨੂੰ ਖਾਣੇ ਦੀ ਮਿਲਾਵਟ ਅਤੇ ਸਿਹਤ ਦੇ ਮਹੱਤਵ ਬਾਰੇ ਜਾਣੂ ਕਰਵਾਉਣ ਦੀ ਵੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਜੇਕਰ ਕਿਸਾਨ ਖੇਤੀਬਾੜੀ ਤੋਂ ਬਿਹਤਰ ਲਾਭ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।

ਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ‘ਚ ਸਥਿਤ ਫਾਰਮ ਦੀ ਸਫ਼ਲਤਾ ਦੀ ਕਹਾਣੀ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਨਹੀਂ ਆਇਆ

ਇੱਕ ਕਿਸਾਨ, ਜਿਸ ਦਾ ਪੂਰਾ ਜੀਵਨ-ਚੱਕਰ ਫ਼ਸਲ ਦੀ ਪੈਦਾਵਾਰ ‘ਤੇ ਹੀ ਨਿਰਭਰ ਕਰਦਾ ਹੈ, ਉਨ੍ਹਾਂ ਲਈ ਇੱਕ ਵਾਰ ਵੀ ਫ਼ਸਲ ਦੀ ਪੈਦਾਵਾਰ ਵਿੱਚ ਹਾਨੀ ਦਾ ਸਾਹਮਣਾ ਕਰਨਾ ਤਬਾਹੀ ਵਾਲੀ ਸਥਿਤੀ ਹੋ ਸਕਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਹਰ ਕਿਸਾਨ ਨੇ ਆਪਣੀ ਸਮਰੱਥਾ ਅਨੁਸਾਰ ਬਚਾਅ ਦੇ ਉਪਾਅ ਕੀਤੇ ਹਨ, ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਇਸ ਤਰ੍ਹਾਂ ਹੀ ਖੇਤੀਬਾੜੀ ਦੇ ਖੇਤਰ ਵਧੇਰੇ ਪੈਦਾਵਾਰ ਲੈਣ ਦੀ ਦੌੜ ਵਿੱਚ ਹਰੀ ਕ੍ਰਾਂਤੀ ਨੂੰ ਅਪਣਾ ਕੇ ਨਵੀਨੀਕਰਨ ਵੱਲ ਅੱਗੇ ਵਧਿਆ। ਪਰ ਪੰਜਾਬ ਵਿੱਚ ਸਥਿਤ ਇੱਕ ਫਾਰਮ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਦੇ ਸੰਪਰਕ ਵਿੱਚ ਬਿਲਕੁਲ ਵੀ ਨਹੀਂ ਆਇਆ।

ਇਹ ਇੱਕ ਵਿਅਕਤੀ ਦੀ ਕਹਾਣੀ ਹੈ – ਇੰਦਰ ਸਿੰਘ ਸਿੱਧੂ, ਜਿਨ੍ਹਾਂ ਦੀ ਉਮਰ 89 ਸਾਲ ਹੈ ਅਤੇ ਉਨ੍ਹਾਂ ਦਾ ਪਰਿਵਾਰ ‘ਬੰਗਲਾ ਨੈਚੁਰਲ ਫੂਡ ਫਾਰਮ’ ਚਲਾ ਰਿਹਾ ਹੈ। ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਹਰੀ ਕ੍ਰਾਂਤੀ ਭਾਰਤ ਵਿੱਚ ਆਈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਰੂਪ ਵਿੱਚ ਕਿਸਾਨਾਂ ਦੇ ਹੱਥਾਂ ਵਿੱਚ ਹਾਨੀਕਾਰਕ ਰਸਾਇਣਿਕ ਦਿੱਤੇ ਗਏ। ਇੰਦਰ ਸਿੰਘ ਸਿੱਧੂ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਸਨ ਜਿਹਨਾਂ ਨੇ ਕੁੱਝ ਅਸਾਧਾਰਨ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਫ਼ਰਤ ਹੋ ਗਈ।

“ਗੰਨੇ ਦੇ ਖੇਤ ਵਿੱਚ ਕੀੜੇ ਮਾਰਨ ਲਈ ਇੱਕ ਸਪਰੇਅ ਕੀਤੀ ਗਈ ਸੀ ਅਤੇ ਉਸ ਸਮੇਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਜਗ੍ਹਾ ਤੋਂ ਆਪਣੇ ਪਸ਼ੂਆਂ ਲਈ ਚਾਰਾ ਇਕੱਠਾ ਨਾ ਕਰਨ। ਇਸੇ ਕਿਸਮ ਦੀ ਪ੍ਰਕਿਰਿਆ ਜਵਾਰ ਦੇ ਖੇਤ ਵਿੱਚ ਵੀ ਕੀਤੀ ਗਈ ਅਤੇ ਇਹ ਸਪਰੇਅ ਬਹੁਤ ਜ਼ਿਆਦਾ ਜ਼ਹਿਰੀਲੀ ਸੀ, ਜਿਸ ਨਾਲ ਚੂਹੇ ਅਤੇ ਹੋਰ ਕਈ ਛੋਟੇ ਕੀਟ ਵੀ ਮਰ ਗਏ।”

ਇਨ੍ਹਾਂ ਦੋਨਾਂ ਘਟਨਾਵਾਂ ਨੂੰ ਦੇਖਣ ਦੇ ਬਾਅਦ, ਇੰਦਰ ਸਿੰਘ ਸਿੱਧੂ ਨੇ ਸੋਚਿਆ ਕਿ ਜੇਕਰ ਇਹ ਸਪਰੇਆਂ ਪਸ਼ੂਆਂ ਅਤੇ ਕੀੜਿਆਂ ਲਈ ਹਾਨੀਕਾਰਕ ਹਨ, ਤਾਂ ਇਹ ਸਾਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਸ. ਸਿੱਧੂ ਨੇ ਫੈਸਲਾ ਕੀਤਾ ਕਿ ਕੁੱਝ ਵੀ ਹੋ ਜਾਵੇ, ਉਹ ਇਨ੍ਹਾਂ ਜ਼ਹਿਰੀਲੀਆਂ ਚੀਜ਼ਾਂ ਨੂੰ ਆਪਣੇ ਖੇਤਾਂ ਵਿੱਚ ਨਹੀਂ ਆਉਣ ਦੇਣਗੇ ਅਤੇ ਇਸ ਤਰ੍ਹਾਂ ਰਵਾਇਤੀ ਖੇਤੀ ਦੇ ਅਭਿਆਸਾਂ, ਫਾਰਮ ਤੋਂ ਤਿਆਰ ਖਾਦ ਅਤੇ ਵਾਤਾਵਰਣ ਅਨੁਕੂਲ ਵਿਧੀਆਂ ਦੀ ਵਰਤੋਂ ਕਰਨ ਨਾਲ ਬੰਗਲਾ ਨੈਚੁਰਲ ਫੂਡ ਫਾਰਮ ਨੂੰ ਮੌਤ ਦੇਣ ਵਾਲੀਆਂ ਸਪਰੇਆਂ ਤੋਂ ਬਚਾਇਆ।

ਖੈਰ, ਇੰਦਰ ਸਿੰਘ ਸਿੱਧੂ ਇਕੱਲੇ ਨਹੀਂ ਹਨ, ਉਨ੍ਹਾਂ ਦੇ ਪੁੱਤਰ ਹਰਜਿੰਦਰ ਪਾਲ ਸਿੰਘ ਸਿੱਧੂ ਅਤੇ ਨੂੰਹ – ਮਧੂਮੀਤ ਕੌਰ ਦੋਨੋਂ ਉਨ੍ਹਾਂ ਦੀ ਮਦਦ ਕਰਦੇ ਹਨ। ਰਸੋਈ ਤੋਂ ਲੈ ਕੇ ਬਗ਼ੀਚੀ ਤੱਕ ਅਤੇ ਬਗ਼ੀਚੀ ਤੋਂ ਖੇਤ ਤੱਕ, ਮਧੂਮੀਤ ਕੌਰ ਹਰ ਕੰਮ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਆਪਣੇ ਪਤੀ ਅਤੇ ਸਹੁਰੇ ਦੇ ਕਦਮ ਨਾਲ ਕਦਮ ਮਿਲਾਉਂਦੇ ਹਨ।

ਪਹਿਲਾਂ, ਜਦੋਂ ਅੰਗਰੇਜ਼ਾਂ ਨੇ ਭਾਰਤ ‘ਤੇ ਹਕੂਮਤ ਕੀਤੀ ਸੀ, ਉਸ ਸਮੇਂ ਫਾਜ਼ਿਲਕਾ ਨੂੰ ਬੰਗਲੌਅ(ਬੰਗਲਾ) ਕਹਿੰਦੇ ਸਨ, ਇਸ ਕਰਕੇ ਮੇਰੇ ਸਹੁਰਾ ਜੀ ਨੇ ਫਾਰਮ ਦਾ ਨਾਮ ‘ਬੰਗਲਾ ਨੈਚੂਰਲ ਫੂਡਜ਼’ ਰੱਖਿਆ। – ਮਧੂਮੀਤ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ।
ਇੰਦਰ ਸਿੰਘ ਸਿੱਧੂ ਰਵਾਇਤੀ ਖੇਤੀ ਦੇ ਅਭਿਆਸ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਉਹ ਕਦੇ ਵੀ ਆਧੁਨਿਕ ਵਾਤਵਰਨ ਅਨੁਕੂਲ ਖੇਤੀ ਤਕਨੀਕਾਂ ਅਪਨਾਉਣ ਤੋਂ ਝਿਜਕਦੇ ਨਹੀਂ। ਉਹ ਆਪਣੇ ਫਾਰਮ ‘ਤੇ ਸਾਰੀ ਆਧੁਨਿਕ ਮਸ਼ੀਨਰੀ ਨੂੰ ਕਿਰਾਏ ‘ਤੇ ਲੈ ਕੇ ਵਰਤਦੇ ਹਨ ਅਤੇ ਖਾਦ ਤਿਆਰ ਕਰਨ ਲਈ ਆਪਣੀ ਨੂੰਹ ਦੀ ਸਿਫ਼ਾਰਿਸ਼ ‘ਤੇ ਉਹ “ਵੇਸਟ ਡੀਕੰਪੋਜ਼ਰ” ਦੀ ਵੀ ਵਰਤੋਂ ਕਰਦੇ ਹਨ। ਉਹ ਕੀਟਨਾਸ਼ਕਾਂ ਥਾਂ ‘ਤੇ ਖੱਟੀ ਲੱਸੀ, ਨਿੰਮ ਅਤੇ ਹੋਰ ਪਦਾਰਥਾਂ ਦੀ ਵਰਤੋਂ ਕਰਦੇ ਹਨ ਜੋ ਹਾਨੀਕਾਰਕ ਕੀੜਿਆਂ ਨੂੰ ਫ਼ਸਲਾਂ ਤੋਂ ਦੂਰ ਰੱਖਦੇ ਹਨ।

ਉਹ ਮੁੱਖ ਫ਼ਸਲ ਜਿਸ ਲਈ ਬੰਗਲਾ ਨੈਚੂਰਲ ਫੂਡ ਫਾਰਮ ਨੂੰ ਜਾਣਿਆ ਜਾਂਦਾ ਹੈ, ਉਹ ਹੈ ਕਣਕ ਦੀ ਸਭ ਤੋਂ ਪੁਰਾਣੀ ਕਿਸਮ Bansi (ਬੰਸੀ)। ਬੰਸੀ ਕਣਕ ਭਾਰਤ ਦੀ 2500 ਸਾਲ ਪੁਰਾਣੀ ਦੇਸੀ ਕਿਸਮ ਹੈ, ਜਿਸ ਵਿਟਾਮਿਨਾਂ ਦੀ ਵਧੇਰੇ ਮਾਤਰਾ ਹੁੰਦੀ ਹੈ ਅਤੇ ਇਹ ਭੋਜਨ ਲਈ ਵੀ ਚੰਗੀ ਮੰਨੀ ਜਾਂਦੀ ਹੈ।

“ਜਦੋਂ ਅਸੀਂ ਕੁਦਰਤੀ ਤੌਰ ‘ਤੇ ਉਗਾਏ ਜਾਣ ਵਾਲੇ ਅਤੇ ਪ੍ਰੋਸੈੱਸ ਕੀਤੇ ਬੰਸੀ ਦੇ ਆਟੇ ਨੂੰ ਗੁੰਨ੍ਹਦੇ ਹਾਂ ਤਾਂ ਇਹ ਅਗਲੇ ਦਿਨ ਵੀ ਚਿੱਟਾ ਅਤੇ ਤਾਜ਼ਾ ਦਿਖਾਈ ਦਿੰਦਾ ਹੈ, ਪਰ ਜਦੋਂ ਅਸੀਂ ਬਾਜ਼ਾਰ ਤੋਂ ਖਰੀਦਿਆ ਕਣਕ ਦਾ ਆਟਾ ਦੇਖੀਏ ਤਾਂ ਇਹ ਕੁੱਝ ਕੁ ਘੰਟੇ ਬਾਅਦ ਕਾਲਾ ਹੋ ਜਾਂਦਾ ਹੈ। – ਮਧੂਮੀਤ ਕੌਰ ਨੇ ਕਿਹਾ।”

ਕਣਕ ਤੋਂ ਇਲਾਵਾ ਸ. ਸਿੱਧੂ ਗੰਨਾ, ਲਸਣ, ਪਿਆਜ਼, ਹਲਦੀ, ਦਾਲਾਂ, ਮੌਸਮੀ ਸਬਜ਼ੀਆਂ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੇ 7 ਏਕੜ ਵਿੱਚ ਮਿਸ਼ਰਤ ਫਲਾਂ ਦਾ ਬਾਗ ਵੀ ਲਾਇਆ ਹੈ। ਸ. ਸਿੱਧੂ 89 ਸਾਲ ਦੀ ਉਮਰ ਵਿੱਚ ਵੀ ਬਿਲਕੁਲ ਤੰਦਰੁਸਤ ਹਨ, ਉਹ ਕਦੇ ਵੀ ਫਾਰਮ ਤੋਂ ਛੁੱਟੀ ਨਹੀਂ ਕਰਦੇ ਅਤੇ ਕੁੱਝ ਕਰਮਚਾਰੀਆਂ ਦੀ ਮਦਦ ਨਾਲ ਫਾਰਮ ਦੇ ਸਾਰੇ ਕੰਮ ਦੀ ਨਿਗਰਾਨੀ ਕਰਦੇ ਹਨ। ਪਿੰਡ ਦੇ ਬਹੁਤ ਸਾਰੇ ਲੋਕ ਇੰਦਰ ਸਿੰਘ ਸਿੱਧੂ ਦੇ ਯਤਨਾਂ ਦੀ ਆਲੋਚਨਾ ਕਰਦੇ ਸਨ ਅਤੇ ਕਹਿੰਦੇ ਸਨ “ਇਹ ਬਜ਼ੁਰਗ ਬੰਦਾ ਕੀ ਕਰ ਰਿਹਾ ਹੈ…”, ਪਰ ਹੁਣ ਬਹੁਤ ਸਾਰੇ ਆਲੋਚਕ ਗ੍ਰਾਹਕਾਂ ਵਿੱਚ ਬਦਲ ਗਏ ਹਨ ਅਤੇ ਬੰਗਲਾ ਨੈਚੁਰਲ ਫੂਡ ਫਾਰਮ ਤੋਂ ਸਬਜ਼ੀਆਂ ਅਤੇ ਤਿਆਰ ਕੀਤੇ ਉਤਪਾਦ ਖਰੀਦਣਾ ਪਸੰਦ ਕਰਦੇ ਹਨ।
ਇੰਦਰ ਸਿੰਘ ਸਿੱਧੂ ਦੀ ਨੂੰਹ ਖੇਤੀ ਕਰਨ ਤੋਂ ਇਲਾਵਾ ਖੇਤੀ ਉਤਪਾਦਾਂ ਜਿਵੇਂ ਸੇਵੀਆਂ, ਦਲੀਆ, ਚੌਲਾਂ ਤੋਂ ਤਿਆਰ ਵਰਮੀਸਿਲੀ(ਸੇਵੀਆਂ), ਨਮਕੀਨ ਚੌਲ, ਅਮਰੂਦ ਦਾ ਜੂਸ ਅਤੇ ਲਸਣ ਪਾਊਡਰ ਆਦਿ ਉਤਪਾਦ ਵੀ ਤਿਆਰ ਕਰਦੇ ਹਨ। ਜ਼ਿਆਦਾਤਰ ਤਿਆਰ ਕੀਤੇ ਉਤਪਾਦ ਅਤੇ ਫ਼ਸਲਾਂ ਘਰੇਲੂ ਉਦੇਸ਼ ਲਈ ਵਰਤੀਆਂ ਜਾਂਦੀਆਂ ਹਨ ਜਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਦੀ 50 ਏਕੜ ਜ਼ਮੀਨ ਨੂੰ 3 ਪਲਾਟ ਵਿੱਚ ਵੰਡਿਆ ਹੈ, ਜਿਸ ਵਿੱਚੋਂ ਇੰਦਰ ਸਿੰਘ ਸਿੱਧੂ ਕੋਲ 1 ਪਲਾਟ ਹੈ, ਜਿਸ ਵਿੱਚ ਪਿਛਲੇ 30 ਸਾਲਾਂ ਤੋਂ ਕੁਦਰਤੀ ਤੌਰ ‘ਤੇ ਖੇਤੀ ਕੀਤੀ ਜਾ ਰਹੀ ਹੈ ਅਤੇ 36 ਏਕੜ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਠੇਕੇ ‘ਤੇ ਦਿੱਤੀ ਹੈ। ਕੁਦਰਤੀ ਖੇਤੀ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ ਉਨ੍ਹਾਂ ਨੂੰ ਪ੍ਰਮਾਣ ਪੱਤਰ ਵੀ ਹਾਸਲ ਹੋਇਆ ਹੈ।
ਇਹ ਪਰਿਵਾਰ ਰਵਾਇਤੀ ਅਤੇ ਵਿਰਾਸਤੀ ਢੰਗ ਦੇ ਜੀਵਨ ਨੂੰ ਸੰਭਾਲ ਕੇ ਰੱਖਣ ਵਿੱਚ ਯਕੀਨ ਰੱਖਦਾ ਹੈ। ਉਹ ਭੋਜਨ ਪਕਾਉਣ ਲਈ ਮਿੱਟੀ ਦੇ ਭਾਂਡਿਆਂ (ਕੁੱਜਾ, ਘੜਾ ਆਦਿ) ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਉਹ ਘਰ ਵਿੱਚ ਦਰੀਆਂ, ਸੰਦੂਕ ਅਤੇ ਮੰਜੀਆਂ ਆਦਿ ਦੀ ਵੀ ਵਰਤੋਂ ਕਰਦੇ ਹਨ।

ਹਰ ਸਾਲ ਉਨ੍ਹਾਂ ਦੇ ਫਾਰਮ ‘ਤੇ ਬਹੁਤ ਲੋਕ ਘੁੰਮਣ ਅਤੇ ਦੇਖਣ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਖੇਤੀਬਾੜੀ ਦੇ ਵਿਦਿਆਰਥੀ, ਵਿਦੇਸ਼ੀ ਖੋਜਕਾਰ ਅਤੇ ਕੁੱਝ ਉਹ ਲੋਕ ਹੁੰਦੇ ਹਨ ਜੋ ਵਿਰਾਸਤ ਅਤੇ ਖੇਤੀਬਾੜੀ ਵਾਲੇ ਜੀਵਨ ਨੂੰ ਕੁੱਝ ਦਿਨ ਲਈ ਮਾਨਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਫ਼ਸਲ ਅਤੇ ਤਿਆਰ ਕੀਤੇ ਉਤਪਾਦ ਵੇਚਣ ਲਈ ਉਹ ਆਪਣੇ ਫਾਰਮ ‘ਤੇ ਕੁੱਝ ਹੋਰ ਕਿਸਾਨਾਂ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਸਟੋਰ (ਦੁਕਾਨ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ ਅਤੇ ਆਪਣੇ ਫਾਰਮ ਨੂੰ ਇੱਕ ਟੂਰਿਸਟ ਸਥਾਨ ਵਿੱਚ ਬਦਲਣਾ ਚਾਹੁੰਦੇ ਹਨ।

ਸੰਦੇਸ਼
“ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇ ਕੀਟਾਂ ਲਈ ਰਸਾਇਣ ਜਾਨਲੇਵਾ ਹਨ ਤਾਂ ਇਹ ਕੁਦਰਤ ਲਈ ਵੀ ਹਾਨੀਕਾਰਕ ਸਿੱਧ ਹੋ ਸਕਦੇ ਹਨ, ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚੀਏ, ਜੋ ਭਵਿੱਖ ਵਿੱਚ ਨੁਕਸਾਨ ਦੇ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਕੀੜੇ-ਮਕੌੜੇ ਸਾਡੇ ਲਈ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਮਾਰਨਾ ਫ਼ਸਲਾਂ ਦੇ ਨਾਲ-ਨਾਲ ਵਾਤਾਵਰਨ ਲਈ ਵੀ ਬੁਰਾ ਸਿੱਧ ਹੁੰਦਾ ਹੈ। ਕਿਸਾਨ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਹੋ ਤਾਂ ਤੁਸੀਂ ਕੁੱਝ ਵੀ ਕਰ ਸਕਦੇ ਹੋ।”

ਖੈਰ, ਚੰਗੀ ਸਿਹਤ ਅਤੇ ਜੀਵਨ ਢੰਗ ਦਿਖਾਉਂਦਾ ਹੈ ਕਿ ਸਖ਼ਤ ਮਿਹਨਤ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਸਮਰਪਣ ਨੇ ਇੰਦਰ ਸਿੰਘ ਸਿੱਧੂ ਜੀ ਨੂੰ ਚੰਗਾ ਮੁਨਾਫ਼ਾ ਦਿੱਤਾ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਖੇਤੀ ਦੇ ਅਭਿਆਸਾਂ ਨੇ ਉਨ੍ਹਾਂ ਨੂੰ ਨੇੜਲੇ ਇਲਾਕਿਆਂ ਵਿੱਚ ਪਹਿਲਾਂ ਹੀ ਪ੍ਰਸਿੱਧ ਕਰ ਦਿੱਤਾ ਹੈ।

ਕਿਸਾਨਾਂ ਨੂੰ ਲੋਕਾਂ ਦੀਆਂ ਆਲੋਚਨਾਵਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਕੁਦਰਤ ਲਈ ਚੰਗਾ ਹੈ ਅਤੇ ਅੱਜ ਸਾਨੂੰ ਇਹੋ ਜਿਹੇ ਲੋਕਾਂ ਦੀ ਹੀ ਲੋੜ ਹੈ। ਇੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨੂੰ ਸਾਡਾ ਸਲਾਮ ਹੈ।