ਖੇਤੀ ਮਸ਼ੀਨਰੀ ਵਿੱਚ ਰਫ਼ਤਾਰ ਦੇ ਨਾਲ ਛਾ ਰਿਹਾ ਨੌਜਵਾਨ ਇੰਜੀਨਅਰ – ਜਪਿੰਦਰ ਵਧਾਵਨ
ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਜਾਵੇ ਤਾਂ ਫਿਰ ਸਫ਼ਲਤਾ ਅੱਗੇ – ਅੱਗੇ ਭੱਜਦੀ ਹੈ ਤੇ ਇਸੇ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਇੱਕ ਨੌਜਵਾਨ ਇੰਜੀਨਅਰ ਨੇ ਜਿਸਦਾ ਨਾਮ ਹੈ ਜਪਿੰਦਰ ਵਧਾਵਨ।
ਜਪਿੰਦਰ ਜੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਖੇਤੀ ਦੇ ਖੇਤਰ ਨਾਲ ਜੋੜਿਆ, ਕਿਉਂਕਿ ਕਿਸਾਨ ਤੇ ਖੇਤੀਬਾੜੀ ਦਾ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ। ਖੇਤੀ ਲਈ ਮਸ਼ੀਨਰੀ ਦੀ ਲੋੜ ਵੀ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ। ਨਵੀ ਮਸ਼ੀਨਰੀ ਨਾਲ ਫ਼ਸਲ ਬੀਜਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਦੇ ਸਾਰੇ ਕੰਮ ਆਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਹੋ ਜਾਂਦੇ ਹਨ। ਪਰ ਇਹ ਮਹਿੰਗੀਆਂ ਮਸ਼ੀਨਾਂ ਖਰੀਦਣੀਆਂ ਹਰ ਕਿਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਸਮਝਿਆ ਨੌਜਵਾਨ ਇੰਜੀਨੀਅਰ ਜਪਿੰਦਰ ਵਧਾਵਨ ਨੇ, ਜਿਹਨਾਂ ਨੂੰ ਰਫ਼ਤਾਰ ਇੰਜੀਨੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੋਹਾਲੀ ਦੇ ਰਹਿਣ ਵਾਲੇ ਇਸ ਨੌਜਵਾਨ ਇੰਜੀਨੀਅਰ ਦਾ ਨਾਮ, ਘੱਟ ਪੈਸੇ ਵਿੱਚ ਤੇ ਕਿਸਾਨ ਦੀ ਲੋੜ ਅਤੇ ਮੰਗ ਅਨੁਸਾਰ ਮਸ਼ੀਨਾ ਤਿਆਰ ਕਰਨ ਲਈ ਵੱਖਰੇ ਤੌਰ ਤੇ ਮਸ਼ਹੂਰ ਹੈ।
ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਜਪਿੰਦਰ ਵਧਾਵਨ ਪਹਿਲਾਂ ਖੇਤੀ ਖੇਤਰ ਦੇ ਬਾਰੇ ਬਿਲਕੁਲ ਅਣਜਾਣ ਸਨ। ਉਹਨਾਂ ਨੇ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਅਤੇ ਮੇਨਟੇਨੈੱਸ ਇੰਜੀਨੀਅਰ ਦੇ ਤੌਰ ‘ਤੇ ਨੌਕਰੀ ਕੀਤੀ। ਅਚਾਨਕ ਹੀ ਸਬੱਬ ਨਾਲ ਉਹਨਾਂ ਨੂੰ ਦਿੱਲੀ ਵਿਖੇ ਹੋਏ ਮੇਕ ਇਨ ਇੰਡੀਆ ਇਵੇਂਟ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਇਸ ਇਵੇਂਟ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਕਿਸਾਨ ਸ. ਹਰਪਾਲ ਸਿੰਘ ਗਰੇਵਾਲ ਜੀ ਨਾਲ ਹੋਈ, ਜੋ ਉੱਥੇ ਰੋਟਾਵੇਟਰ ਲੈਣ ਲਈ ਆਏ ਸਨ। ਜਪਿੰਦਰ ਜੀ ਨੇ ਕਿਸਾਨ ਦੀ ਲੋੜ ਨੂੰ ਸਮਝਦੇ ਹੋਏ ਉਹਨਾਂ ਨੂੰ 10 ਫੁੱਟਾ ਰੋਟਾਵੇਟਰ ਤਿਆਰ ਕਰਕੇ ਦੇਣ ਦਾ ਵਾਅਦਾ ਕਰ ਦਿੱਤਾ। ਹਰਪਾਲ ਜੀ ਨੇ ਮਸ਼ੀਨ ਤਿਆਰ ਕਰਨ ਲਈ ਜਪਿੰਦਰ ਦੇ ਬੈਂਕ-ਅਕਾਊਂਟ ਵਿੱਚ 40000 ਰੁਪਏ ਵੀ ਪਵਾ ਦਿੱਤੇ। ਪਰ ਜਪਿੰਦਰ ਨੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਮਸ਼ੀਨ ਤਿਆਰ ਨਹੀਂ ਕੀਤੀ ਸੀ, ਪਰ ਉਹ ਆਪਣਾ ਕੀਤਾ ਹੋਇਆ ਵਾਅਦਾ ਵੀ ਨਹੀਂ ਤੋੜਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਰੋਟਾਵੇਟਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ।
ਆਪਣੀ ਮਿਹਨਤ ਦੇ ਸਦਕਾ ਉਹਨਾਂ ਨੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਇੱਕ ਮਹੀਨੇ ਦੇ ਵਿੱਚ ਹੀ ਰੋਟਾਵੇਟਰ ਤਿਆਰ ਕਰ ਦਿੱਤਾ। ਜਪਿੰਦਰ ਦੀ ਇਹ ਪਹਿਲੀ ਕੋਸ਼ਿਸ਼ ਹੀ ਸਫ਼ਲ ਰਹੀ ਅਤੇ ਉਹਨਾਂ ਨੂੰ ਕਿਸਾਨਾਂ ਵੱਲੋਂ ਕਾਫੀ ਉਤਸ਼ਾਹਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਜਪਿੰਦਰ ਨੇ ਆਪਣੇ ਵਿਹਲੇ ਸਮੇਂ ਵਿੱਚ ਕਿਸਾਨਾਂ ਨੂੰ ਮਿਲਣਾ ਅਤੇ ਉਹਨਾਂ ਨੂੰ ਪ੍ਰੋਸੈਸਿੰਗ ਦੇ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਬਾਰੇ ਜਾਣਨਾ ਸ਼ੁਰੂ ਕੀਤਾ।
ਇਸ ਦੌਰਾਨ ਜਪਿੰਦਰ ਦੀ ਮੁਲਾਕਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਤੇ ਪ੍ਰੋਫੈਸਰ ਡਾ. ਰਮਨਦੀਪ ਸਿੰਘ ਅਤੇ ਅਗਾਂਹਵਧੂ ਕਿਸਾਨ ਸੁੱਖੀ ਲੌਂਗੀਆ ਜੀ ਨਾਲ ਹੋਈ। ਇਨ੍ਹਾਂ ਸਖਸੀਅਤਾਂ ਤੋਂ ਜਪਿੰਦਰ ਨੇ ਕਿਸਾਨਾਂ ਨੂੰ ਪ੍ਰੋਸੈਸਿੰਗ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਹੋਰ ਬਾਰੀਕੀ ਨਾਲ ਜਾਣਿਆ ਅਤੇ ਅੱਗੇ ਵੱਧਣ ਦਾ ਹੋਂਸਲਾ ਵੀ ਮਿਲਿਆ।
“ਅੱਜ ਸਾਡੇ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਖੁਦਖੁਸ਼ੀ ਕਰ ਰਹੇ ਹਨ, ਜੋ ਕਿ ਸਾਡੇ ਦੇਸ਼ ਲਈ ਇੱਕ ਸ਼ਰਮ ਵਾਲੀ ਗੱਲ ਹੈ। ਖੁਦਖੁਸ਼ੀ ਦਾ ਇੱਕ ਬੜਾ ਕਾਰਣ ਹੈ ਖੇਤੀ ਮਸ਼ੀਨਾਂ ਦੇ ਮਹਿੰਗੇ ਮੁੱਲ। ਇਹ ਮਹਿੰਗੀਆਂ ਮਸ਼ੀਨਾਂ ਬਹੁਤ ਘੱਟ ਗਿਣਤੀ ਕਿਸਾਨ ਹੀ ਖਰੀਦਦੇ ਹਨ। ਸੋ, ਅਸੀਂ ਕਿਸਾਨ ਲਈ ਉਹਨਾਂ ਦੀ ਲੋੜ ਨੂੰ ਸਮਝਦੇ ਹੋਏ ਘੱਟ ਮੁੱਲ ਵਿੱਚ ਮਸ਼ੀਨਾਂ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ” – ਜਪਿੰਦਰ ਵਧਾਵਨ
ਜਪਿੰਦਰ ਨੂੰ ਦੂਜਾ ਪ੍ਰੋਜੈਕਟ ਮਿਲਿਆ ਹਲਦੀ ਉਬਾਲਣ ਵਾਲੀ ਮਸ਼ੀਨ ਦਾ। ਇਹ ਪ੍ਰੋਜੈਕਟ ਵੀ ਉਹਨਾਂ ਨੂੰ ਸਬੱਬ ਨਾਲ ਹੀ ਮਿਲਿਆ। ਇੱਕ ਬੱਸ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਕਿਸਾਨ ਨਾਲ ਹੋਈ, ਜੋ ਕਿ ਹਲਦੀ ਬਾਇਲਰ ਮਸ਼ੀਨ ਬਣਾਉਣਾ ਚਾਹੁੰਦੇ ਹਨ। ਇੱਕ ਮਹੀਨੇ ਦੇ ਅੰਦਰ-ਅੰਦਰ ਜਪਿੰਦਰ ਨੇ ਹਲਦੀ ਬਾਇਲਰ ਤਿਆਰ ਕਰ ਦਿੱਤਾ। ਇਸ ਤੋਂ ਬਾਅਦ ਜਪਿੰਦਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੂੰ ਕਿਸਾਨਾਂ ਵੱਲੋਂ ਜੋ ਵੀ ਪ੍ਰੋਜੈਕਟ ਮਿਲੇ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਕਿਸਾਨਾਂ ਦੀ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹ ਇਸ ਕੰਮ ਵਿੱਚ ਸਫ਼ਲ ਵੀ ਹੋਏ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਮਿਲੀ ਸਫ਼ਲਤਾ ਤੋਂ ਬਾਅਦ ਜਪਿੰਦਰ ਨੇ ਆਪਣੇ ਸਹਿਯੋਗੀ ਸਾਥੀਆਂ ਦੇ ਨਾਲ ਮਿਲ ਕੇ ਇੱਕ ਟੀਮ ਬਣਾਈ ਅਤੇ ਇਸ ਟੀਮ ਨੂੰ ਨਾਮ ਦਿੱਤਾ ਗਿਆ – ਰਫ਼ਤਾਰ ਪ੍ਰੋਫੈਸ਼ਨਲ ਇੰਜੀਨੀਅਰਿੰਗ ਕੰਪਨੀ। ਇਨ੍ਹਾਂ ਦੀ ਇਸ ਟੀਮ ਦੇ ਵਿੱਚ ਲਗਭੱਗ 15 ਵੱਖ-ਵੱਖ ਵਿਸ਼ਿਆਂ ਦੇ ਇੰਜੀਨੀਅਰ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹਨ, ਜੋ ਕਿ ਆਪਣੇ ਵਿਸ਼ੇ ਵਿੱਚ ਪੂਰੀ ਮੁਹਾਰਤ ਰੱਖਦੇ ਹਨ।
ਆਪਣੇ ਹੁਨਰ ਨੂੰ ਹੋਰ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਜਪਿੰਦਰ ਆਪਣੀ ਟੀਮ ਦੁਆਰਾ ਤਿਆਰ ਕੀਤੀਆਂ ਮਸ਼ੀਨਾਂ ਦੀਆਂ ਵੀਡੀਓ ਸੋਸ਼ਲ ਮੀਡਿਆ ਰਾਹੀਂ ਹੋਰ ਕਿਸਾਨਾਂ ਨਾਲ ਸ਼ੇਅਰ ਕਰਦੇ ਹਨ ਜਿਸ ਨਾਲ ਹੋਰ ਵੀ ਕਿਸਾਨ ਉਨ੍ਹਾਂ ਨਾਲ ਜੁੜਦੇ ਹਨ।
“ਜੇ ਅਸੀਂ ਆਸਾਨ ਸ਼ਬਦਾਂ ਵਿੱਚ ਕਹੀਏ, ਤਾਂ ਅਸੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹਾਂ। ਅਸੀਂ ਕਿਸਾਨ ਦੀ ਜ਼ਰੂਰਤ ਦੇ ਅਨੁਸਾਰ ਮਸ਼ੀਨ ਤਿਆਰ ਕਰਦੇ ਹਾਂ, ਜਿਸ ਨਾਲ ਉਹ ਨਵੀ ਤਕਨੀਕ ਨੂੰ ਅਪਨਾ ਸਕਣ ਅਤੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ” – ਜਪਿੰਦਰ ਵਧਾਵਨ
ਰਫ਼ਤਾਰ ਇੰਜੀਨੀਅਰਿੰਗ ਟੀਮ ਨਾਲ ਜੁੜੇ ਲਗਭੱਗ 300 ਕਿਸਾਨ ਵਿੱਚੋਂ 120 ਕਿਸਾਨ ਜੈਵਿਕ ਖੇਤੀ ਕਰਦੇ ਹਨ ਅਤੇ ਜਪਿੰਦਰ ਆਪ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਦੇ ਹਨ। ਸਿਰਫ਼ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਕਿਸਾਨ ਜਪਿੰਦਰ ਕੋਲੋਂ ਮਸ਼ੀਨਰੀ ਤਿਆਰ ਕਰਵਾਉਣ ਦੇ ਲਈ ਆਉਂਦੇ ਹਨ।
ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਫ਼ਲਤਾ ਦੇ ਨਾਲ-ਨਾਲ ਅਸਫ਼ਲਤਾ ਵੀ ਆਉਂਦੀ ਹੈ। ਰਫ਼ਤਾਰ ਇੰਜੀਨੀਅਰਿੰਗ ਟੀਮ ਹੁਣ ਤੱਕ 20 ਪ੍ਰੋਜੈਕਟ ਤੇ ਕੰਮ ਕਰ ਚੁੱਕੇ ਹਨ, ਜਿਹਨਾਂ ਵਿੱਚ 17 ਪ੍ਰੋਜੈਕਟ ਵਿੱਚ ਉਹਨਾਂ ਨੂੰ ਸਫ਼ਲਤਾ ਮਿਲੀ ਅਤੇ 3 ਪ੍ਰੋਜੈਕਟਸ ਵਿੱਚ ਅਸਫ਼ਲਤਾ। ਪਰ ਇਸ ਅਸਫ਼ਲਤਾ ਨੇ ਉਹਨਾਂ ਦੀ ਹਿੰਮਤ ਨਹੀਂ ਟੁੱਟਣ ਦਿੱਤੀ ਅਤੇ ਉਹਨਾਂ ਨੇ ਕੰਮ ਨੂੰ ਹੋਰ ਨਿਪੁੰਨਤਾ ਦੇ ਨਾਲ ਕਰਨ ਦਾ ਫੈਸਲਾ ਕੀਤਾ। ਜਪਿੰਦਰ ਦੇ ਨਾਲ ਉਹਨਾਂ ਦੀ 15 ਸਹਿਯੋਗੀਆਂ ਦੀ ਟੀਮ ਕਰਦੀ ਹੈ, ਜੋ ਹਰ ਕੰਮ ਵਿੱਚ ਉਹਨਾਂ ਦੀ ਮਦਦ ਕਰਦੇ ਹਨ।
- ਰੋਟਾਵੇਟਰ
- ਗਾਰਲਿਕ ਅਨੀਅਨ ਪੀਲਰ
- ਜੈਗਰੀ ਪ੍ਰੋਸੈਸਿੰਗ ਫਰੇਮ
- ਟਰਮਰਿਕ ਸਟੀਮ ਬਾਇਲਰ
- ਟਰਮਰਿਕ ਪੁਲਵੇਰਾਈਜ਼ਰ
- ਟਰਮਰਿਕ ਪਾਲਿਸ਼ਰ
- ਪਾਵਰ ਵੀਡਰ
- ਪਲਸਿਸ ਮਿੱਲ
- ਪੁਲਵੇਰਾਈਜ਼ਰ
- ਇਰੀਗੇਸ਼ਨ ਸ਼ਡਿਊਲਰ
ਕਿਸਾਨਾਂ ਲਈ ਮਸ਼ੀਨਾਂ ਤਿਆਰ ਕਰਨ ਦੇ ਨਾਲ-ਨਾਲ ਜਪਿੰਦਰ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰੋਜੈਕਟ ਪੂਰੇ ਕਰਨ ਵਿੱਚ ਵੀ ਮਦਦ ਕਰਦੇ ਹਨ, ਜੋ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ।
ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜਪਿੰਦਰ, ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਸ਼ੀਨਰੀ ਤਿਆਰ ਕਰਨ ਤੇ ਭਾਰੀ ਛੂਟ ਵੀ ਦਿੰਦੇ ਹਨ।
ਭਵਿੱਖ ਵਿੱਚ ਜਪਿੰਦਰ ਆਪਣੀ ਕੰਪਨੀ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਲਈ, ਖੁਦ ਦੀ ਇੰਡਸਟਰੀ ਲਗਾਉਣਾ ਚਾਹੁੰਦੇ ਹਨ ਅਤੇ ਆਪਣੇ ਦੁਆਰਾ ਬਣਾਈ ਹੋਈ ਮਸ਼ੀਨਰੀ ਦਾ ਐਕਸਪੋਰਟ-ਇੰਪੋਰਟ ਦਾ ਕੰਮ ਕਰਨਾ ਚਾਹੁੰਦੇ ਹਨ।