ਰਾਜਸਥਾਨ ਵਿੱਚ ਜੋਜੋਬਾ ਦੀ ਖੇਤੀ ਕਰਨ ਵਾਲੇ ਕਿਸਾਨ ਨਾਲ ਮਿਲੋ, ਜਿਸਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਹਾਸਿਲ ਕੀਤੀ, ਪਰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ
ਖੇਤੀਬਾੜੀ ਨਾ ਕਦੇ ਅਸਾਨ ਸੀ ਅਤੇ ਨਾ ਹੀ ਅਸਾਨ ਹੋਵੇਗੀ। ਪਰ ਕਈ ਲੋਕਾਂ ਲਈ, ਜਿਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੁੰਦਾ, ਉਨ੍ਹਾਂ ਲਈ ਖੇਤੀ ਹੀ ਇੱਕ-ਮਾਤਰ ਵਿਕਲਪ ਹੁੰਦਾ ਹੈ। ਇਸ ਲਈ ਅੱਜ ਦੇ ਕਈ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਅਤੇ ਕਾਲਜ ਭੇਜਦੇ ਹਨ, ਤਾਂ ਕਿ ਬੱਚੇ ਜੋ ਚਾਹੁੰਦੇ ਹਨ ਉਹ ਚੁਣਨ ਅਤੇ ਜੋ ਬਣਨਾ ਚਾਹੁੰਦੇ ਹਨ, ਉਹੀ ਬਣਨ। ਪਰ ਹਿੰਦ ਪਾਲ ਸਿੰਘ ਇੱਕ ਅਜਿਹੇ ਇਨਸਾਨ ਹਨ, ਜਿਨ੍ਹਾਂ ਕੋਲ ਚੰਗਾ ਕਾਰੋਬਾਰ ਚੁਣਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਖੇਤੀਬਾੜੀ ਨੂੰ ਚੁਣਿਆ।
ਹਿੰਦ ਪਾਲ ਸਿੰਘ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਕ੍ਰਿਸ਼ੀ ਪਰਿਵਾਰ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਬਹੁਤ ਹੀ ਅਲੱਗ ਅਤੇ ਆਧੁਨਿਕ ਵਾਤਾਵਰਨ ਵਿੱਚ ਹੋਇਆ। ਆਪਣੇ ਪਿਤਾ ਨਾਲੋਂ ਅਲੱਗ ਪੇਸ਼ਾ ਚੁਣਨ ਦੇ ਉਦੇਸ਼ ਨਾਲ ਉਨ੍ਹਾਂ ਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਵਿੱਚ ਬੈਚਲਰ ਦੀ ਡਿਗਰੀ ਕੀਤੀ।
“ਪਰ ਸ਼ਾਇਦ ਹਿੰਦ ਪਾਲ ਸਿੰਘ ਦਾ ਇਸੇ ਖੇਤਰ ਵਿੱਚ ਕਾਰੋਬਾਰ ਜਾਰੀ ਰੱਖਣਾ ਕਿਸਮਤ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੇ ਪਿਤਾ ਕਿਸਾਨ ਸੀ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਦੀ ਕਾਫੀ ਰੁਚੀ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਤੀਬਾੜੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।”
ਆਪਣੇ ਪਿਤਾ ਦਾ ਖੇਤੀ ਵੱਲ ਨੂੰ ਰੁਝਾਨ ਦੇਖ ਕੇ ਉਨ੍ਹਾਂ ਨੇ ਪਿਤਾ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਮੈਗਜ਼ੀਨ ਜਿਵੇਂ ਕਿ ਚੰਗੀ ਖੇਤੀ ਆਦਿ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਵਿੱਚੋਂ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਨੇ ਜੋਜੋਬਾ ਦੀ ਖੇਤੀ ਬਾਰੇ ਪੜ੍ਹਿਆ ਅਤੇ ਇਸਨੂੰ ਸ਼ੁਰੂ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਜੈਪੁਰ ਦਾ ਦੌਰਾ ਕੀਤਾ ਅਤੇ ਉੱਥੇ ਜੋਜੋਬਾ ਦੀ ਖੇਤੀ ਦੀ ਟ੍ਰੇਨਿੰਗ ਲਈ। ਸ਼੍ਰੀ ਸੈਣੀ ਜੀ ਟ੍ਰੇਨਿੰਗ ਸਟਾਫ਼ ਦੇ ਮੈਂਬਰ ਸਨ, ਜਿਨ੍ਹਾਂ ਨੇ ਜੋਜੋਬਾ ਦੀ ਖੇਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਨਿਰਦੇਸ਼ਿਤ ਕੀਤਾ ਅਤੇ ਖ਼ਾਸ ਤੌਰ ‘ਤੇ ਸ਼ਹਿਰ ਵਿੱਚ ਸਥਿਤ ਆਪਣੇ ਫਾਰਮ ਦਾ ਦੌਰਾ ਵੀ ਕਰਵਾਇਆ।
ਸ਼ੁਰੂ ਵਿੱਚ ਹਿੰਦ ਪਾਲ ਸਿੰਘ ਜੋਜੋਬਾ ਦੀ ਖੇਤੀ ਸ਼ੁਰੂ ਕਰਨ ਸਮੇਂ ਥੋੜ੍ਹਾ ਘਬਰਾਏ, ਪਰ ਹੁਣ 12 ਸਾਲ ਤੋਂ ਉਹ ਜੋਜੋਬਾ ਦੀ ਖੇਤੀ ਕਰ ਰਹੇ ਹਨ ਅਤੇ ਇਸਦੀ ਉਪਜ ਅਤੇ ਲਾਭ ਤੋਂ ਕਾਫੀ ਖੁਸ਼ ਹਨ। ਉਹ ਜੋਜੋਬਾ ਦੇ ਪੌਦੇ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦਦੇ ਹਨ, ਕਿਉਂਕਿ ਜੋਜੋਬਾ ਦੇ ਪੌਦੇ 10:1 ਅਨੁਪਾਤ ਵਿੱਚ ਉਗਾਏ ਜਾਂਦਾ ਹਨ, ਜਿਸ ਵਿੱਚ 10 ਪੌਦੇ ਮਾਦਾ ਅਤੇ 1 ਪੌਦਾ ਨਰ ਹੁੰਦਾ ਹੈ ਅਤੇ ਇੱਕ ਉੱਚਿਤ ਖੇਤੀਬਾੜੀ ਯੂਨੀਵਰਸਿਟੀ ਜਾਂ ਮਾਹਿਰ ਹੀ ਸਹੀ ਜੋਜੋਬਾ ਦੇ ਪੌਦੇ ਉਪਲੱਬਧ ਕਰਾ ਸਕਦੇ ਹਨ, ਕਿਉਂਕਿ ਆਮ ਲੋਕ ਫੁੱਲ ਨਿਕਲਣ ਤੋਂ ਪਹਿਲਾਂ(ਤਿੰਨ ਸਾਲ ਤੱਕ) ਨਰ ਅਤੇ ਮਾਦਾ ਪੌਦੇ ਦੀ ਪਹਿਚਾਣ ਨਹੀਂ ਕਰ ਸਕਦੇ।
“ਨਰ ਪੌਦਿਆਂ ਦੇ ਪ੍ਰਜਣਨ ਦੁਆਰਾ ਮਾਦਾ ਪੌਦੇ ਫੁੱਲਾਂ ਤੋਂ ਬੀਜਾਂ ਦਾ ਉਤਪਾਦਨ ਕਰਦੇ ਹਨ, ਬੀਜ ਉਤਪਾਦਨ ਲਈ ਮਾਦਾ ਪੌਦੇ ਨਰ ਪੌਦਿਆਂ ‘ਤੇ ਨਿਰਭਰ ਹੁੰਦੇ ਹਨ।”
ਹਿੰਦ ਪਾਲ ਸਿੰਘ ਲਈ ਜੋਜੋਬਾ ਦੀ ਖੇਤੀ ਅਤੇ ਬਿਜਾਈ ਅਸਾਨ ਨਹੀਂ ਸੀ। ਉਨ੍ਹਾਂ ਦੇ ਰਸਤੇ ਵਿੱਚ ਸਿਉਂਕ ਅਤੇ ਫੰਗਸ ਵਰਗੀਆਂ ਕਈ ਸਮੱਸਿਆਵਾਂ ਆਈਆਂ, ਪਰ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ। ਉਹ ਹਮੇਸ਼ਾ ਮਾਹਿਰਾਂ ਤੋਂ ਸਲਾਹ ਲੈਂਦੇ ਹਨ ਅਤੇ ਖੇਤੀ ਲਈ ਮਾਈਕ੍ਰੋ ਫੂਡ ਅਤੇ ਮੁੱਢਲੀਆਂ ਖਾਦਾਂ ਦੀ ਵਰਤੋਂ ਕਰਦੇ ਹਨ। ਬਿਜਾਈ ਤੋਂ ਬਾਅਦ 6 ਤੋਂ 7 ਸਾਲ ਤੱਕ ਜੋਜੋਬਾ ਦਾ ਪੌਦਾ ਫਲ ਦੇਣਾ ਸ਼ੁਰੂ ਕਰਦਾ ਹੈ।
“ਇੱਕ ਵਾਰ ਨਿਵੇਸ਼- ਰਾਜਸਥਾਨ ਵਰਗੇ ਖੇਤਰ, ਜਿੱਥੇ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਹੈ, ਉੱਥੇ ਜੋਜੋਬਾ ਦੀ ਖੇਤੀ ਕਰਨ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਫ਼ਸਲ ਨੂੰ ਸਿੰਚਾਈ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ(ਇਹ ਪੌਦਾ 2 ਸਾਲ ਤੱਕ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ)। ਇਸ ਤੋਂ ਇਲਾਵਾ ਇਸ ਪੌਦੇ ਦੀ ਉਮਰ 100 ਸਾਲ ਤੱਕ ਹੁੰਦੀ ਹੈ।”
ਸ਼ੁਰੂਆਤ ਵਿੱਚ, ਜਦੋਂ ਜੋਜੋਬਾ ਦੇ ਪੌਦੇ ਛੋਟੇ ਹੁੰਦੇ ਹਨ, ਉਸ ਸਮੇਂ ਇਸ ਵਿੱਚ ਅੰਤਰ-ਫ਼ਸਲੀ ਵੀ ਅਪਨਾਈ ਜਾ ਸਕਦੀ ਹੈ, ਕਿਉਂਕਿ 6 ਤੋਂ 7 ਸਾਲ ਤੱਕ ਇਹ ਬੀਜ ਨਹੀਂ ਪੈਦਾ ਕਰਦੇ। ਉਨ੍ਹਾਂ ਨੇ ਉਪਜ ਦੇ ਮੰਡੀਕਰਨ ਵਿੱਚ ਵੀ ਕੁੱਝ ਸਮੱਸਿਆਵਾਂ ਦਾ ਸਾਹਮਣਾ ਕੀਤਾ, ਪਰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲਈ। ਕਾੱਸਮੈਟਿਕ ਕੰਪਨੀਆਂ ਨੂੰ ਫੇਸ ਕਰੀਮ, ਤੇਲ, ਫੇਸ ਵਾੱਸ਼ ਅਤੇ ਕਈ ਹੋਰ ਸੁੰਦਰਤਾ ਵਾਲੇ ਉਤਪਾਦ ਬਣਾਉਣ ਲਈ ਜੋਜੋਬਾ ਦੇ ਬੀਜਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਗ੍ਰਾਹਕਾਂ ਨੂੰ ਜਲਦੀ ਹੀ ਲੱਭਿਆ ਅਤੇ ਮੁਨਾਫ਼ਾ ਲੈਣਾ ਸ਼ੁਰੂ ਕੀਤਾ।
“ਜੋਜੋਬਾ ਦੇ ਤੇਲ ਵਿੱਚ ਵਿਸਕੋਸਿਟੀ ਇੰਡੈੱਕਸ ਦੇ ਕਾਰਨ ਇਸਨੂੰ ਬਾਲਣ(ਈਂਧਨ) ਤੇਲ ਦੇ ਰੂਪ ਵਿੱਚ ਵਿਕਲਪੀ ਤੌਰ ‘ਤੇ ਵਰਤਿਆ ਜਾਂਦਾ ਹੈ। ਇਸਨੂੰ ਹਾਈ-ਸਪੀਡ ਮਸ਼ੀਨਰੀ ਜਾਂ ਉੱਚ-ਤਾਪਮਾਨ ‘ਤੇ ਚੱਲਣ ਵਾਲੀਆਂ ਮਸ਼ੀਨਾਂ ਲਈ ਟ੍ਰਾਂਸਫਾਰਮਰ ਤੇਲ ਜਾਂ ਲੁਬਰੀਕੈਂਟ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।”
ਇਸ ਤੋਂ ਇਲਾਵਾ ਉਹ ਜੋਜੋਬਾ ਦੀ ਖੇਤੀ ਲਗਭਗ 5 ਏਕੜ ਵਿੱਚ ਕਰਦੇ ਹਨ। ਬਾਕੀ 65 ਏਕੜ ਜ਼ਮੀਨ ‘ਤੇ ਉਹ ਨਰਮੇ, ਕਣਕ, ਮੌਸੰਮੀ, ਸਬਜ਼ੀਆਂ, ਸਰ੍ਹੋਂ, ਕਿੰਨੂ ਅਤੇ ਹੋਰ ਫਸਲਾਂ ਉਗਾਉਂਦੇ ਹਨ। ਉਹ ਚੰਗੀ ਖੇਤੀ ਲਈ ਸਾਰੀਆਂ ਆਧੁਨਿਕ ਮਸ਼ੀਨਰੀ ਜਿਵੇਂ ਕਿ ਟ੍ਰੈਕਟਰ, ਟਰਾਲੀ, ਹਲ਼, ਲੈਵਲਰ, ਡਿਸਕ ਹੈਰੋ ਅਤੇ ਤੁਪਕਾ ਸਿੰਚਾਈ ਦੀ ਵਰਤੋਂ ਕਰਦੇ ਹਨ। ਉਹ ਭਵਿੱਖ ਵਿੱਚ ਇਸ ਕੰਮ ਨੂੰ ਵਧਾਉਣਾ ਚਾਹੁੰਦੇ ਹਨ, ਜੋ ਉਹ ਹੁਣ ਕਰ ਰਹੇ ਹਨ ਅਤੇ ਜੋਜੋਬਾ ਦੇ ਬੀਜਾਂ ਦੇ ਵਫਾਦਾਰ ਅਤੇ ਮੁਨਾਫ਼ੇ ਵਾਲੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। 45 ਹਜ਼ਾਰ ਦੇ ਨਿਵੇਸ਼ ਨਾਲ ਅੱਜ ਉਹ ਲੱਖਾਂ ਕਮਾ ਰਹੇ ਹਨ। ਇਸ ਤੋਂ ਇਲਾਵਾ ਜੋਜੋਬਾ ਇੱਕ ਬਿਮਾਰੀ-ਰਹਿਤ ਅਤੇ ਅੱਗ ਦਾ ਪ੍ਰਤੀ ਰੋਧਕ ਪੌਦਾ ਹੈ, ਜਿਸਨੂੰ ਇੱਕ ਵਾਰ ਵਿਕਸਿਤ ਹੋ ਜਾਣ ਤੋਂ ਬਾਅਦ ਬਹੁਤ ਘੱਟ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ।
ਕਿਸਾਨਾਂ ਨੂੰ ਸੰਦੇਸ਼:
“ਕਿਸਾਨਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਖੇਤੀਬਾੜੀ ਤੋਂ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਕੁੱਝ ਅਲੱਗ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ, ਕਿਸਾਨਾਂ ਨੂੰ ਆਪਣੇ ਮੁਨਾਫ਼ੇ ਦਾ ਹਿਸਾਬ ਰੱਖਣਾ ਚਾਹੀਦਾ ਹੈ ਅਤੇ ਜੇਕਰ ਉਹ ਕੁੱਝ ਅਲੱਗ ਸ਼ੁਰੂ ਕਰਦੇ ਹਨ ਤਾਂ ਉਸ ਲਈ 100% ਯਤਨ ਕਰਨੇ ਚਾਹੀਦੇ ਹਨ।”