ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਵਿਪਿਨ ਯਾਦਵ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਅਤੇ ਇੱਕ ਕੰਪਿਊਟਰ ਇੰਜੀਨੀਅਰ ਵਿਪਿਨ ਯਾਦਵ ਦੀ ਕਹਾਣੀ, ਜਿਸ ਨੇ ਕ੍ਰਾਂਤੀ ਲਿਆਉਣ ਲਈ ਰਵਾਇਤੀ ਖੇਤੀ ਦੇ ਤਰੀਕੇ ਨੂੰ ਛੱਡ ਕੇ ਹਾਈਡ੍ਰੋਪੋਨਿਕ ਖੇਤੀ ਨੂੰ ਚੁਣਿਆ

ਅੱਜ ਦਾ ਯੁੱਗ ਅਜਿਹਾ ਯੁੱਗ ਹੈ ਜਿੱਥੇ ਕਿਸਾਨਾਂ ਕੋਲ ਉਪਜਾਊ ਜ਼ਮੀਨ ਜਾਂ ਜ਼ਮੀਨ ਹੀ ਨਹੀਂ ਹੈ, ਫਿਰ ਵੀ ਉਹ ਖੇਤੀ ਕਰ ਸਕਦੇ ਹਨ ਅਤੇ ਇਸ ਲਈ ਭਾਰਤੀ ਕਿਸਾਨਾਂ ਨੂੰ ਆਪਣੀ ਪਹਿਲ ਨੂੰ ਮੁੜ ਲਾਗੂ ਕਰਨਾ ਪਵੇਗਾ ਅਤੇ ਰਵਾਇਤੀ ਖੇਤੀ ਨੂੰ ਛੱਡਣਾ ਪਵੇਗਾ।

ਤਕਨਾਲੋਜੀ ਨੇ ਖੇਤੀਬਾੜੀ ਨੂੰ ਆਧੁਨਿਕ ਪੱਧਰ ‘ਤੇ ਲਿਆਂਦਾ ਹੈ ਤਾਂ ਜੋ ਕੀੜੇ ਜਾਂ ਬੀਮਾਰੀ ਵਰਗੀਆਂ ਰੁਕਾਵਟਾਂ ਫ਼ਸਲਾਂ ਦੀ ਪੈਦਾਵਾਰ ‘ਤੇ ਅਸਰ ਨਾ ਕਰ ਸਕਣ ਅਤੇ ਇਹ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੈ। ਕਿਸਾਨ ਨੂੰ ਤਰੱਕੀ ਤੋਂ ਦੂਰ ਰੱਖਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਉਨ੍ਹਾਂ ਦਾ ਡਰ -” ਤਕਨਾਲੋਜੀ ਵਿੱਚ ਨਿਵੇਸ਼ ਗੁਆਉਣ ਦਾ ਡਰ ਅਤੇ ਜੇ ਇਹ ਕੰਮ ਵਿੱਚ ਕਾਮਯਾਬੀ ਨਹੀਂ ਮਿਲੀ ਅਤੇ ਵੱਡੇ ਘਾਟੇ ਦਾ ਡਰ।”

ਪਰ ਇਸ 20 ਸਾਲ ਦੇ ਕਿਸਾਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਲਈ ਸਮੇਂ ਦੀ ਮੰਗ ਨੂੰ ਸਮਝਿਆ ਅਤੇ ਹੁਣ ਰਵਾਇਤੀ ਖੇਤੀ ਤੋਂ ਅਲੱਗ ਕੁੱਝ ਹੋਰ ਕਰ ਰਿਹਾ ਹੈ।

ਹਾਈਡ੍ਰੋਪੋਨਿਕਸ ਵਿਧੀ ਖੇਤੀਬਾੜੀ ਦੀ ਚੰਗੀ ਵਿਧੀ ਹੈ ਕਿਉਂਕਿ ਇਸ ਵਿੱਚ ਕੋਈ ਵੀ ਬੀਮਾਰੀ ਪੌਦਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਇਸ ਵਿਧੀ ਵਿੱਚ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਅਸੀਂ ਪੌਲੀਹਾਊਸ ਵਿੱਚ ਪੌਦੇ ਤਿਆਰ ਕਰਦੇ ਹਾਂ, ਇਸ ਲਈ ਕੋਈ ਵੀ ਵਾਤਾਵਰਨ ਦੀ ਬਿਮਾਰੀ ਵੀ ਪੌਦਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਖੇਤੀ ਦੀ ਇਸ ਵਿਧੀ ਨਾਲ ਖੁਸ਼ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਦੂਜੇ ਕਿਸਾਨ ਵੀ ਹਾਈਡ੍ਰੋਪੋਨਿਕ ਤਕਨੀਕ ਅਪਨਾਉਣ। – ਵਿਪਿਨ ਯਾਦਵ

ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ‘ਤੇ ਤਨਖਾਹ ਤੋਂ ਅਸੰਤੁਸ਼ਟੀ ਕਾਰਨ ਵਿਪਿਨ ਨੇ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਆਪਣੇ ਪਿਤਾ ਵਾਂਗ ਨਹੀਂ, ਜੋ ਪਰੰਪਰਾਗਤ ਖੇਤੀ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ।

ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਵਾਂਗ, ਉਸ ਨੇ Agriculture Skill Council of India, ਗੁਰੂਗ੍ਰਾਮ ਤੋਂ ਆੱਨਲਾਈਨ ਟ੍ਰੇਨਿੰਗ ਲਈ। ਸ਼ੁਰੂਆਤੀ ਆੱਨਲਾਈਨ ਯੋਗਤਾ ਟੈੱਸਟ ਪਾਸ ਕਰਨ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਮੁੱਖ ਸਿਖਲਾਈ ਕੇਂਦਰ ਵਿੱਚ ਗਏ। 20 ਉਮੀਦਵਾਰਾਂ ਵਿੱਚੋਂ ਸਿਰਫ਼ 16 ਹੀ ਹਾਈਡ੍ਰੌਪੋਨਿਕਸ ਦੀ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਲਈ ਪਾਸ ਹੋਏ ਅਤੇ ਵਿਪਿਨ ਯਾਦਵ ਵੀ ਉਹਨਾਂ ਵਿੱਚੋਂ ਇੱਕ ਸੀ। ਉਸਨੇ ਆਪਣੇ ਹੁਨਰ ਨੂੰ ਹੋਰ ਸੁਧਾਰਨ ਲਈ ਕੇ.ਵੀ.ਕੇ ਸ਼ਿਕੋਹਪੁਰ ਤੋਂ ਵੀ ਸੁਰੱਖਿਅਤ ਖੇਤੀ ਦੀ ਸਿਖਲਾਈ ਲਈ।

“2015 ਵਿੱਚ, ਮੈਂ ਆਪਣੇ ਪਿਤਾ ਨੂੰ ਮਿੱਟੀ-ਰਹਿਤ ਖੇਤੀ ਦੀ ਨਵੀਂ ਤਕਨੀਕ ਬਾਰੇ ਦੱਸਿਆ, ਜਦਕਿ ਖੇਤੀ ਲਈ ਮਿੱਟੀ ਹੀ ਇੱਕੋ-ਇੱਕ ਅਧਾਰ ਸੀ। – ਵਿਪਿਨ ਯਾਦਵ

ਸਿਖਲਾਈ ਦੌਰਾਨ ਉਸ ਨੇ ਜੋ ਸਿੱਖਿਆ ਉਸਨੂੰ ਲਾਗੂ ਕਰਨ ਲਈ ਉਸ ਨੇ 5000 ਤੋਂ 7000 ਰੁਪਏ ਦਾ ਨਿਵੇਸ਼ ਨਾਲ ਸਿਰਫ਼ ਦੋ ਮੁੱਖ ਕਿਸਮਾਂ ਦੇ ਛੋਟੇ ਪੌਦਿਆਂ ਵਾਲੀਆਂ ਕੇਵਲ 50 ਟ੍ਰੇਆਂ ਨਾਲ ਸ਼ੁਰੂਆਤ ਕੀਤੀ।

“ਮੈਂ ਹਾਰਡਨਿੰਗ ਯੂਨਿਟ ਲਈ 800 ਵਰਗ ਫੁੱਟ ਖੇਤਰ ਨਿਰਧਾਰਿਤ ਕੀਤਾ ਅਤੇ 1000 ਵਰਗ ਫੁੱਟ ਪੌਦੇ ਤਿਆਰ ਕਰਨ ਲਈ ਗੁਰੂਗ੍ਰਾਮ ਵਿੱਚ ਕਿਰਾਏ ‘ਤੇ ਜਗ੍ਹਾ ਲਈ ਅਤੇ ਇਸ ਵਿੱਚ ਪੋਲੀਹਾਊਸ ਵੀ ਬਣਾਇਆ। -ਵਿਪਿਨ ਯਾਦਵ

ਹਾਈਡ੍ਰੋਪੋਨਿਕਸ ਦੀਆਂ 50 ਟ੍ਰੇਆਂ ਦੇ ਪ੍ਰਯੋਗ ਤੋਂ ਉਸ ਨੂੰ ਵੱਡੀ ਸਫ਼ਲਤਾ ਮਿਲੀ, ਜਿਸ ਨੇ ਵੱਡੇ ਪੱਧਰ ‘ਤੇ ਇਸ ਵਿਧੀ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕਰਨ ਲਈ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਅਗਲਾ ਵੱਡਾ ਨਿਵੇਸ਼ 250000 ਰੁਪਏ ਦਾ ਕੀਤਾ।

“ਇਸ ਸਮੇਂ, ਮੈਂ ਆਰਡਰ ਮੁਤਾਬਿਕ 250000 ਜਾਂ ਵੱਧ ਪੌਦੇ ਤਿਆਰ ਕਰ ਸਕਦਾ ਹਾਂ।”

ਗਰਮ ਮੌਸਮੀ ਹਾਲਤਾਂ ਦੇ ਕਾਰਨ ਅਪ੍ਰੈਲ ਤੋਂ ਅੱਧ ਜੁਲਾਈ ਤੱਕ ਹਾਈਡ੍ਰੋਪੋਨਿਕ ਖੇਤੀ ਨਹੀਂ ਕੀਤੀ ਜਾਂਦੀ, ਪਰ ਇਸ ਵਿੱਚ ਹੋਣ ਵਾਲਾ ਮੁਨਾਫ਼ਾ ਇਸ ਅੰਤਰਾਲ ਦੀ ਪੂਰਤੀ ਲਈ ਕਾਫੀ ਹੈ। ਵਿਪਿਨ ਯਾਦਵ ਆਪਣੇ ਹਾਈਡ੍ਰੋਪੋਨਿਕ ਫਾਰਮ ਵਿੱਚ ਹਰ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ – ਅਨਾਜ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫੁੱਲ। ਖੇਤੀ ਨੂੰ ਆਸਾਨ ਬਣਾਉਣ ਲਈ ਸਪਰਿੰਕਲਰ ਅਤੇ ਫੌਗਰ ਵਰਗੀ ਮਸ਼ੀਨਰੀ ਵਰਤੀ ਜਾਂਦੀ ਹੈ। ਉਸ ਦੇ ਫੁੱਲਾਂ ਦੀ ਕੁਆਲਿਟੀ ਚੰਗੀ ਹੈ ਅਤੇ ਇਨ੍ਹਾਂ ਦੀ ਪੈਦਾਵਾਰ ਵੀ ਕਾਫੀ ਹੈ, ਜਿਸ ਕਾਰਨ ਇਹ ਰਾਸ਼ਟਰਪਤੀ ਸਕੱਤਰੇਤ ਨੂੰ ਵੀ ਭੇਜੇ ਗਏ ਹਨ।

ਮਿੱਟੀ ਰਹਿਤ ਖੇਤੀ ਲਈ, ਉਹ 3:1:1 ਦੇ ਅਨੁਪਾਤ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਦਾ ਹੈ: ਕੋਕੋ ਪੀਟ, ਪਰਲਾਈਟ ਅਤੇ ਵਰਮੀਕੁਲਾਈਟ। 35-40 ਦਿਨਾਂ ਵਿੱਚ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ 1 ਹਫ਼ਤੇ ਲਈ ਹਾਰਡਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ ਹੈ। NPK, ਜ਼ਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪੌਦਿਆਂ ਨੂੰ ਪਾਣੀ ਦੇ ਜ਼ਰੀਏ ਦਿੱਤੇ ਜਾਂਦੇ ਹਨ। ਹਾਈਡ੍ਰੋਪੋਨਿਕਸ ਵਿੱਚ ਕੀੜੇਮਾਰ ਦਵਾਈਆਂ ਦੀ ਕੋਈ ਵਰਤੋਂ ਨਹੀਂ ਕਿਉਂਕਿ ਖੇਤੀ ਲਈ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਤੋਂ ਇਲਾਵਾ, ਵਰਮੀ ਕੰਪੋਸਟ ਵਰਤੀ ਜਾਂਦੀ ਹੈ, ਜੋ ਆਸਾਨੀ ਨਾਲ ਘਰ ਵਿੱਚ ਤਿਆਰ ਕੀਤੀ ਜਾ ਸਕਦੀ ਹੈ।

ਭਵਿੱਖ ਦੀ ਯੋਜਨਾ:
ਮੇਰੀ ਭਵਿੱਖ ਦੀ ਯੋਜਨਾ ਹੈ ਕਿ ਕੈਕਟਸ, ਚਿਕਿਤਸਕ ਅਤੇ ਸਜਾਵਟੀ ਪੌਦਿਆਂ ਦੀਆਂ ਹੋਰ ਕਿਸਮਾਂ ਹਾਈਡ੍ਰੋਪੋਨਿਕ ਫਾਰਮ ਵਿੱਚ ਬਿਹਤਰ ਆਮਦਨੀ ਲਈ ਤਿਆਰ ਉਗਾਈਆਂ ਜਾਣ। 

ਵਿਪਿਨ ਯਾਦਵ ਇੱਕ ਉਦਾਹਰਨ ਹੈ ਕਿ ਕਿਵੇਂ ਭਾਰਤ ਦੇ ਨੌਜਵਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਭਵਿੱਖ ਨੂੰ ਬਚਾ ਰਹੇ ਹਨ।

ਸੰਦੇਸ਼
“ਖੇਤੀਬਾੜੀ ਦੇ ਖੇਤਰ ਵਿੱਚ ਕੁੱਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਆਪਣੇ ਹੁਨਰ ਨੂੰ ਵਧਾਉਣ ਲਈ ਕੇ.ਵੀ.ਕੇ. ਤੋਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਸਿੱਖਿਅਤ ਬਣਾਉਣਾ ਚਾਹੀਦਾ ਹੈ।”
ਦੇਸ਼ ਨੂੰ ਬਿਹਤਰ ਆਰਥਿਕ ਵਿਕਾਸ ਲਈ ਖੇਤੀਬਾੜੀ ਦੇ ਖੇਤਰ ਵਿੱਚ ਉੱਦਮ ਕਰਨ ਵਾਲੇ ਹੋਰ ਨੌਜਵਾਨਾਂ ਅਤੇ ਰਚਨਾਤਮਕ ਦਿਮਾਗ਼ ਦੀ ਲੋੜ ਹੈ ਅਤੇ ਜੇਕਰ ਅਸੀਂ ਵਿਪਿਨ ਯਾਦਵ ਵਰਗੇ ਨੌਜਵਾਨ ਲੋਕਾਂ ਨੂੰ ਮਿਲਣਾ ਜਾਰੀ ਰੱਖਦੇ ਹਾਂ ਤਾਂ ਇਹ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਹੈ।

ਰਾਜਾ ਰਾਮ ਜਾਖੜ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਦੇ ਭਵਿੱਖਵਾਦੀ ਕਿਸਾਨ, ਜੋ ਕਵਾਰ (ਐਲੋਵੇਰਾ) ਦੀ ਖੇਤੀ ਨਾਲ ਰਵਾਇਤੀ ਖੇਤੀ ਵਿੱਚ ਤਬਦੀਲੀਆਂ ਲਿਆ ਰਹੇ ਹਨ

ਭਾਵੇਂ ਕਿ ਰਾਜਸਥਾਨ ਅੱਜ ਵੀ ਰਵਾਇਤੀ ਖੇਤੀ ਵਾਲੇ ਢੰਗਾਂ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੀਆਂ ਮੁੱਖ ਫ਼ਸਲਾਂ ਬਾਜਰਾ, ਗੁਆਰਾ ਅਤੇ ਜਵਾਰ ਹੈ। ਬਹੁਤ ਸਾਰੇ ਕਿਸਾਨ ਤਰੱਕੀ ਕਰ ਰਹੇ ਹਨ, ਪਰ ਅਜੇ ਵੀ ਬਹੁਤ ਕਿਸਾਨ ਅਜਿਹੇ ਹਨ, ਜੋ ਆਪਣੀ ਰਵਾਇਤੀ ਖੇਤੀ ਵਾਲੀ ਰੂੜੀਵਾਦੀ ਸੋਚ ‘ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਇੱਕ ਅਜਿਹੇ ਇਨਸਾਨ ਹਨ- ਰਾਜਾ ਰਾਮ ਜਾਖੜ, ਜੋ ਇਨ੍ਹਾਂ ਸੋਚਾਂ ‘ਚੋਂ ਬਾਹਰ ਨਿਕਲ ਕੇ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਬਦਲਾਅ ਲਿਆ ਰਹੇ ਹਨ।

ਰਾਜਸਥਾਨ ਦੀ ਧਰਤੀ ‘ਤੇ ਰਾਜਾ ਰਾਮ ਸਿੰਘ ਜੀ ਜੰਮੇ ਅਤੇ ਪਲੇ ਹਨ। ਉਨ੍ਹਾਂ ਨੇ ਬੀ. ਐੱਸ. ਸੀ. ਐਗਰੀਕਲਚਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਉਨ੍ਹਾਂ ਨੇ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਤਾਂ ਜੋ ਉਹ ਖੇਤੀ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਮੌਕੇ ਦਾ ਫਾਇਦਾ ਲੈਣਾ ਅਤੇ ਉਸ ਤੋਂ ਲਾਭ ਕਮਾਉਣਾ ਵੀ ਸਿੱਖਿਆ। ਅੱਜ ਉਹ ਰਾਜਸਥਾਨ ਵਿੱਚ ਕਵਾਰ(ਐਲੋਵੇਰਾ) ਦੇ ਸਫ਼ਲ ਕਿਸਾਨ ਹਨ, ਜੋ ਆਪਣੀ ਉਪਜ ਦੇ ਮੰਡੀਕਰਨ ਲਈ ਕਿਸੇ ‘ਤੇ ਵੀ ਨਿਰਭਰ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਉਪਜ ਕੇਵਲ ਖੇਤ ਤੋਂ ਹੀ ਖਪਤਕਾਰਾਂ ਨੂੰ ਵੇਚੀ ਜਾਂਦੀ ਹੈ।

ਰਾਜਾ ਰਾਮ ਜਾਖੜ ਜੀ ਦਾ ਪਰਿਵਾਰ ਬਚਪਨ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੈ ਅਤੇ ਉਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੇਤੀ ਕਰਦੇ ਹੀ ਦੇਖਿਆ। ਪਰ 1980 ਵਿੱਚ ਡੀ.ਏ.ਵੀ. ਕਾਲਜ, ਸੰਘਰੀਆ(ਰਾਜਸਥਾਨ) ਤੋਂ ਬੀ. ਐੱਸ. ਸੀ. ਐਗਰੀਕਲਚਰ ਦੀ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਇੱਕ ਵੱਖ ਪੇਸ਼ੇ ਵਿੱਚ ਨੌਕਰੀ (ਸੈਂਟਰਲ ਸਟੇਟ ਫਾਰਮ, ਸੂਰਤਗੜ੍ਹ ਵਿਖੇ ਸੁਪਰਵਾਈਜ਼ਰ) ਦਾ ਮੌਕਾ ਮਿਲਿਆ। ਪਰ ਉਹ 3-4 ਮਹੀਨਿਆਂ ਤੋਂ ਜ਼ਿਆਦਾ ਉੱਥੇ ਕੰਮ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੀ ਇਸ ਕੰਮ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਨ੍ਹਾਂ ਨੇ ਘਰ ਵਾਪਸ ਆ ਕੇ ਪਿਤਾ-ਪੁਰਖੀ ਧੰਦਾ, ਜੋ ਕਿ ਖੇਤੀ ਸੀ, ਇਸਨੂੰ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਆਪਣੇ ਬਜ਼ੁਰਗਾਂ ਵਾਲੇ ਢੰਗ ਨਾਲ ਹੀ ਖੇਤੀ ਕਰਨੀ ਸ਼ੁਰੂ ਕੀਤੀ, ਪਰ ਇਸ ਵਿੱਚ ਕੁੱਝ ਖਾਸ ਮੁਨਾਫ਼ਾ ਨਹੀਂ ਸੀ ਮਿਲ ਰਿਹਾ। ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚੱਲਣੀ ਵੀ ਮੁਸ਼ਕਿਲ ਹੋ ਰਹੀ ਸੀ, ਕਿਉਂਕਿ ਉਨ੍ਹਾਂ ਦਾ ਮੁਨਾਫ਼ਾ ਕੇਵਲ ਗੁਜ਼ਾਰੇ ਯੋਗ ਹੀ ਸੀ। ਪਰ ਉਸ ਸਮੇਂ ਉਨ੍ਹਾਂ ਨੇ ਪਤੰਜਲੀ ਬਰੈਂਡ ਅਤੇ ਇਸਦੇ ਐਲੋਵੇਰਾ ਉਤਪਾਦਾਂ ਦੇ ਬਾਰੇ ਸੁਣਿਆ। ਉਨ੍ਹਾਂ ਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਇਨ੍ਹਾਂ ਉਤਪਾਦਾਂ ਨੂੰ ਬਣਾਉਣ ਲਈ ਪਤੰਜਲੀ ਵਿੱਚ ਐਲੋਵੇਰਾ ਦੀ ਬਹੁਤ ਮਾਤਰਾ ਵਿੱਚ ਉਪਜ ਦੀ ਲੋੜ ਹੈ। ਸੋ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਕੇਵਲ 15000 ਰੁਪਏ ਦੇ ਨਿਵੇਸ਼ ਨਾਲ 1 ਬਿੱਘੇ ਵਿੱਚ ਐਲੋਵੇਰਾ ਦੀ ਖੇਤੀ Babie Densis ਨਾਮ ਦੀ ਕਿਸਮ ਨਾਲ ਸ਼ੁਰੂ ਕੀਤੀ।

ਇਸ ਸਭ ਦੇ ਚੱਲਦੇ, ਇੱਕ ਵਾਰ ਤਾਂ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਵਿਰੁੱਧ ਹੋ ਗਿਆ, ਕਿਉਂਕਿ ਉਹ ਜੋ ਕੰਮ ਵੀ ਕਰ ਰਹੇ ਸਨ, ਉਸ ‘ਤੇ ਪਰਿਵਾਰ ਨੂੰ ਕੋਈ ਯਕੀਨ ਨਹੀਂ ਸੀ ਅਤੇ ਉਨ੍ਹਾਂ ਸਮਿਆਂ ਵਿੱਚ ਆਪਣੇ ਖੇਤਰ(ਜ਼ਿਲ੍ਹਾ ਗੰਗਾਨਗਰ) ਵਿੱਚ ਐਲੋਵੇਰਾ ਦੀ ਖੇਤੀ ਕਰਨ ਵਾਲੇ ਪਹਿਲੇ ਕਿਸਾਨ ਸਨ। ਪਰ ਰਾਜਾ ਰਾਮ ਜੀ ਨੇ ਆਪਣਾ ਮਨ ਨਹੀਂ ਬਦਲਿਆ, ਕਿਉਂਕਿ ਉਨ੍ਹਾਂ ਨੂੰ ਖੁਦ ‘ਤੇ ਯਕੀਨ ਸੀ। ਇੱਕ ਸਾਲ ਬਾਅਦ, ਆਖਰ ਜਦੋਂ ਐਲੋਵੇਰਾ ਦੇ ਪੌਦੇ ਪੱਕ ਕੇ ਤਿਆਰ ਹੋ ਗਏ, ਕੁੱਝ ਖਰੀਦਦਾਰਾਂ ਨੇ ਉਨ੍ਹਾਂ ਦੀ ਉਪਜ ਖਰੀਦਣ ਲਈ ਸੰਪਰਕ ਕੀਤਾ ਅਤੇ ਉਦੋਂ ਤੋਂ ਹੀ ਉਹ ਆਪਣੀ ਉਪਜ ਫਾਰਮ ਤੋਂ ਹੀ ਵੇਚਦੇ ਹਨ, ਉਹ ਵੀ ਬਿਨਾਂ ਕੋਈ ਵਾਧੂ ਯਤਨ ਕੀਤੇ। ਉਹ ਇੱਕ ਸਾਲ ਵਿੱਚ ਇੱਕ ਬਿੱਘੇ ਤੋਂ ਇੱਕ ਲੱਖ ਰੁਪਏ ਤੱਕ ਦਾ ਮੁਨਾਫ਼ਾ ਲੈਂਦੇ ਹਨ।

ਜਿਵੇਂ ਕਿ ਰਾਜਸਥਾਨ ਵਿੱਚ ਐਲੋਵੇਰਾ ਦੇ ਉਤਪਾਦ ਤਿਆਰ ਕਰਨ ਵਾਲੀਆਂ ਬਹੁਤ ਫੈਕਟਰੀਆਂ ਹਨ, ਇਸ ਲਈ ਹਰ 50 ਦਿਨ ਬਾਅਦ ਖਰੀਦਦਾਰਾਂ ਦੁਆਰਾ ਦੋ ਟਰੱਕ ਉਨ੍ਹਾਂ ਦੇ ਫਾਰਮ ‘ਤੇ ਭੇਜੇ ਜਾਂਦੇ ਹਨ, ਅਤੇ ਉਨ੍ਹਾਂ ਦਾ ਕੰਮ ਕੇਵਲ ਮਜ਼ਦੂਰਾਂ ਦੀ ਮਦਦ ਨਾਲ ਟਰੱਕਾਂ ਨੂੰ ਲੋਡ ਕਰਨਾ ਹੁੰਦਾ ਹੈ। ਹੁਣ ਉਨ੍ਹਾਂ ਨੇ ਵਧੇਰੇ ਮੁਨਾਫ਼ਾ ਲੈਣ ਲਈ ਅੰਤਰ-ਫ਼ਸਲੀ ਵਿਧੀ ਦੁਆਰਾ ਐਲੋਵੇਰਾ ਦੇ ਖੇਤਾਂ ਵਿੱਚ ਮੋਰਿੰਗਾ ਦੇ ਪੌਦੇ ਵੀ ਲਾਏ ਹਨ।

ਇਸ ਸਮੇਂ ਉਹ ਖੁਸ਼ੀ-ਖੁਸ਼ੀ ਆਪਣੇ ਪਰਿਵਾਰ (ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ) ਨਾਲ ਰਹਿ ਰਹੇ ਹਨ ਅਤੇ ਪੂਰੇ ਫਾਰਮ ਦਾ ਕੰਮ-ਕਾਜ ਖੁਦ ਹੀ ਸੰਭਾਲਦੇ ਹਨ। ਉਨ੍ਹਾਂ ਕੋਲ ਖੇਤੀ ਲਈ ਇੱਕ ਟਿਊਬਵੈੱਲ ਅਤੇ ਟ੍ਰੈਕਟਰ ਹੈ। ਉਹ ਆਪਣੇ ਖੇਤਾਂ ਵਿੱਚ ਐਲੋਵੇਰਾ, ਮੋਰਿੰਗਾ ਅਤੇ ਨਰਮੇ ਦੀ ਖੇਤੀ ਲਈ ਕੇਵਲ ਜੈਵਿਕ ਖੇਤੀ ਤਕਨੀਕ ਹੀ ਅਪਨਾਉਂਦੇ ਹਨ। ਇਨ੍ਹਾਂ ਤਿੰਨਾਂ ਫ਼ਸਲਾਂ ਤੋਂ ਇਲਾਵਾ ਉਹ ਭਿੰਡੀ, ਤੋਰੀ, ਖੀਰੇ, ਲੌਕੀ, ਗੁਆਰੇ ਦੀਆਂ ਫਲੀਆਂ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ।

ਰਾਜਾ ਰਾਮ ਜਾਖੜ ਜੀ ਨੇ ਅੰਤਰ-ਫ਼ਸਲੀ ਲਈ ਮੋਰਿੰਗਾ ਦੇ ਪੌਦਿਆਂ ਨੂੰ ਇਸ ਲਈ ਚੁਣਿਆ, ਕਿਉਂਕਿ ਇਸ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ ਅਤੇ ਇਸਨੂੰ ਘੱਟ ਦੇਖਭਾਲ ਕਰਕੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਹੁਣ ਉਨ੍ਹਾਂ ਨੇ ਪੌਦੇ ਵੇਚਣ ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ ਜੋ ਕਿਸਾਨ ਐਲੋਵੇਰਾ ਦੀ ਖੇਤੀ ਲਈ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁਫ਼ਤ ਸਿਖਲਾਈ ਵੀ ਦਿੰਦੇ ਹਨ। ਰਾਜਾ ਰਾਮ ਜੀ ਆਪਣੇ ਭਵਿੱਖਵਾਦੀ ਵਿਚਾਰਾਂ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਅਜੇ ਤੱਕ ਕਦੇ ਵੀ ਉਨ੍ਹਾਂ ਨੇ ਸਰਕਾਰ ਜਾਂ ਕਿਸੇ ਹੋਰ ਸ੍ਰੋਤ ਤੋਂ ਮਦਦ ਨਹੀਂ ਲਈ ਅਤੇ ਜੋ ਕੁੱਝ ਵੀ ਕੀਤਾ ਖੁਦ ਤੋਂ ਹੀ ਕੀਤਾ। ਉਹ ਭਵਿੱਖ ਵਿੱਚ ਆਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਐਲੋਵੇਰਾ ਦੀ ਖੇਤੀ ਤੋਂ ਜਾਗਰੂਕ ਕਰਵਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕੁੱਝ ਵੀ ਨਵਾਂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਮੰਡੀਕਰਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਰ ਖੇਤੀ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਬਹੁਤ ਸਾਰੇ ਮੌਕੇ ਮਿਲਦੇ ਰਹਿੰਦੇ ਹਨ, ਬਸ ਉਨ੍ਹਾਂ ਨੂੰ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਗੁਆਉਣਾ ਨਹੀਂ ਚਾਹੀਦਾ।”

 

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”