ਲਿੰਗਾਰੇਡੀ ਪ੍ਰਸ਼ਾਦ

ਪੂਰੀ ਕਹਾਣੀ ਪੜ੍ਹੋ

ਸਫਲ ਕਿਸਾਨ ਹੋਣਾ ਹੀ ਕਾਫੀ ਨਹੀਂ, ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਸਫਲ ਕਰਨਾ ਇਸ ਉੱਦਮੀ ਦਾ ਸੁਪਨਾ ਸੀ ਅਤੇ ਸੱਚ ਵੀ ਕਰਕੇ ਦਿਖਾਇਆ- ਲਿੰਗਾਰੇਡੀ ਪ੍ਰਸ਼ਾਦ

ਖੇਤੀ ਦੀ ਕਦਰ ਉਹੀ ਇਨਸਾਨ ਨੂੰ ਪਤਾ ਹੁੰਦੀ ਹੈ ਜੋ ਖੁਦ ਖੇਤੀ ਕਰਦਾ ਹੈ, ਖੇਤੀ ਕਰਦਿਆਂ ਫ਼ਸਲ ਨੂੰ ਉਗਾਉਣਾ ਤੇ ਸਾਂਭ-ਸੰਭਾਲ ਸਮੇਂ ਧਰਤੀ ਮਾਂ ਨਾਲ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ, ਜੇਕਰ ਹਰ ਇੱਕ ਇਨਸਾਨ ਵਿੱਚ ਖੇਤੀ ਪ੍ਰਤੀ ਪਿਆਰ ਪੈਦਾ ਹੋ ਜਾਵੇ ਤਾਂ ਉਹ ਹਰ ਚੀਜ਼ ਨੂੰ ਕੁਦਰਤ ਦੇ ਅਨੁਸਾਰ ਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਫਲ ਵੀ ਹੋ ਜਾਂਦਾ ਹੈ। ਹਰ ਇਨਸਾਨ ਨੂੰ ਚਾਹੀਦਾ ਹੈ। ਉਹ ਰਸਾਇਣਿਕ ਖੇਤੀ ਨਾ ਕਰਕੇ ਕੁਦਰਤੀ ਖੇਤੀ ਨੂੰ ਪਹਿਲ ਦੇਵੇ ਤੇ ਫਿਰ ਕੁਦਰਤ ਵੀ ਗੱਫੇ ਭਰ-ਭਰ ਕੇ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ।

ਇੱਕ ਅਜਿਹੇ ਹੀ ਉੱਦਮੀ ਕਿਸਾਨ ਹਨ, ਜੋ ਖੇਤੀ ਨਾਲ ਇੱਥੋਂ ਤੱਕ ਜੁੜੇ ਹੋਏ ਹਨ ਕਿ ਖੇਤੀ ਨੂੰ ਇਕੱਲੀ ਖੇਤੀ ਨਹੀਂ ਕੁਦਰਤ ਵੱਲੋਂ ਮਿਲਿਆ ਉਪਹਾਰ ਸਮਝਦੇ ਹਨ। ਇਸ ਉਪਹਾਰ ਨੇ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ। ਉਸ ਉੱਦਮੀ ਕਿਸਾਨ ਦਾ ਨਾਮ ਲਿੰਗਾਰੇਡੀ ਪ੍ਰਸ਼ਾਦ ਹੈ, ਜੋ ਚਿਤੂਰ, ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਸ਼ੁਰੂ ਤੋਂ ਖੇਤੀ ਨਾਲ ਪੂਰਾ ਪਰਿਵਾਰ ਜੁੜਿਆ ਹੋਇਆ ਸੀ ਅਤੇ ਜੈਵਿਕ ਖੇਤੀ ਕਰ ਰਿਹਾ ਸੀ ਪਰ ਲਿੰਗਾਰੇਡੀ ਪ੍ਰਸ਼ਾਦ ਕੁਝ ਹੋਰ ਵੱਖਰਾ ਕਰਨਾ ਚਾਹੁੰਦੇ ਸੀ, ਲਿੰਗਾਰੇਡੀ ਪ੍ਰਸ਼ਾਦ ਨੂੰ ਲੱਗਦਾ ਸੀ ਕਿ ਅਸਲ ਵਿੱਚ ਉਹ ਉਦੋਂ ਸਫਲ ਹੋਣਗੇ ਜਦੋਂ ਉਹਨਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਖੇਤੀ ਵਿਚ ਸਫਲ ਹੋਣ। ਰਵਾਇਤੀ ਖੇਤੀ ਵਿੱਚ ਉਹ ਸਫਲਤਾ ਪੂਰਵਕ ਅੰਬਾਂ ਦੇ ਬਾਗ਼ ਤੇ ਇਸਦੇ ਨਾਲ ਸਬਜ਼ੀਆਂ, ਹਲਦੀ ਤੇ ਹੋਰ ਕਈ ਫ਼ਸਲਾਂ ਦੀ ਖੇਤੀ ਕਰ ਰਹੇ ਸੀ।

ਫਸਲੀ ਵਿਭਿੰਨਤਾ ਕਾਫੀ ਨਹੀਂ ਸੀ ਕਿਉਂਕਿ ਇਹ ਤਾਂ ਸਭ ਕਰਦੇ ਹਨ- ਲਿੰਗਾਰੇਡੀ ਪ੍ਰਸਾਦ

ਇੱਕ ਦਿਨ ਉਹ ਬੈਠੇ ਹੋਏ ਸਨ ਅਤੇ ਪੁਰਾਣੇ ਸਮਿਆਂ ਬਾਰੇ ਸੋਚਣ ਲੱਗੇ, ਸੋਚਦਿਆਂ-ਸੋਚਦਿਆਂ ਉਹਨਾਂ ਦਾ ਮਿਲਟ ਦੇ ਵੱਲ ਧਿਆਨ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਬਜ਼ੁਰਗ ਮਿਲਟ ਦੀ ਖੇਤੀ ਕਰਿਆ ਕਰਦੇ ਸਨ ਜੋ ਕਿ ਸਿਹਤ ਲਈ ਵੀ ਫਾਇਦੇਮੰਦ ਹੈ ਤੇ ਪਸ਼ੂਆਂ ਲਈ ਵੀ ਵਧੀਆ ਆਹਾਰ ਹੋਣ ਦੇ ਨਾਲ ਅਨੇਕਾਂ ਫਾਇਦੇ ਸਨ। ਆਖਿਰ ਉਨ੍ਹਾਂ ਨੇ ਮਿਲਟ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਇੱਕ ਤੇ ਜਿੱਥੇ ਉਹ ਰਹਿੰਦੇ ਸਨ, ਉੱਥੇ ਮਿਲਟ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ, ਦੂਸਰਾ ਇਸ ਨਾਲ ਅਲੋਪ ਹੋ ਚੁੱਕੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਬਾਰੇ ਸੋਚ ਰਹੇ ਸਨ।

ਸ਼ੁਰੂਆਤੀ ਦੌਰ ਵਿਚ ਲਿੰਗਾਰੇਡੀ ਪ੍ਰਸ਼ਾਦ ਨੂੰ ਇਹ ਨਹੀਂ ਪਤਾ ਸੀ, ਇਸ ਫਸਲ ਲਈ ਤਾਪਮਾਨ ਕਿੰਨਾ ਚਾਹੀਦਾ ਹੈ, ਕਿੰਨੇ ਸਮੇਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ, ਕਿੱਥੋਂ ਬੀਜ ਮਿਲਦੇ ਹਨ, ਕਿਵੇਂ ਬੀਜ ਤਿਆਰ ਕੀਤੇ ਜਾਂਦੇ ਹਨ। ਫਿਰ ਸਮਾਂ ਨਾ ਵਿਅਰਥ ਕਰਦੇ ਹੋਏ ਮਿਲਟ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੋਸ਼ਲ ਮੀਡਿਆ ਦਾ ਬਹੁਤ ਸਹਾਰਾ ਲਿਆ। ਫਿਰ ਇੱਕ ਆਪਣੇ ਪਿੰਡ ਦੇ ਬਜ਼ੁਰਗ ਨਾਲ ਗੱਲ ਕੀਤੀ ਜਿਸ ਤੋਂ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਤੇ ਬਜ਼ੁਰਗ ਨੇ ਬਿਜਾਈ ਤੋਂ ਲੈ ਕੇ ਵੱਢਣ ਤੱਕ ਦਾ ਸਾਰਾ ਤਰੀਕਾ ਲਿੰਗਾਰੇਡੀ ਪ੍ਰਸ਼ਾਦ ਨੂੰ ਦੱਸਿਆ। ਜਿੰਨੀ ਜਾਣਕਾਰੀ ਮਿਲਦੀ ਗਈ ਉਹ ਮਿਲਟ ਪ੍ਰਤੀ ਮੋਹਿਤ ਹੁੰਦੇ ਗਏ ਅਤੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਸਾਲ ਦਾ ਸਮਾਂ ਲੱਗ ਗਿਆ। ਜਦੋਂ ਜਾਣਕਾਰੀ ਸੰਪੂਰਨ ਹੋਈ ਤਾਂ ਉਸ ਤੋਂ ਬਾਅਦ ਉਹ ਤੇਲੰਗਾਨਾ ਤੋਂ ਮਿਲਟ ਦੇ 4 ਤੋਂ 5 ਕਿਸਮਾਂ ਦੇ ਬੀਜ ( ਪਰਲ ਮਿਲਟ, ਫਿੰਗਰ ਮਿਲਟ, ਬਰਨਯਾਰਡ ਮਿਲਟ ਆਦਿ) ਲੈ ਕੇ ਆਏ ਅਤੇ ਆਪਣੇ ਖੇਤਾਂ ਦੇ ਵਿੱਚ ਬਿਜਾਈ ਕਰ ਦਿੱਤੀ।

ਸਮੇਂ ‘ਤੇ ਲੋੜ ਮੁਤਾਬਿਕ ਜੋ-ਜੋ ਫਸਲ ਨੂੰ ਵੱਧਣ ਫੁੱਲਣ ਦੇ ਲਈ ਚਾਹੀਦਾ ਸੀ ਉਹ ਹਮੇਸ਼ਾਂ ਤਿਆਰ ਰਹਿੰਦੇ ਤੇ ਨਾਲ-ਨਾਲ ਪਾਉਂਦੇ ਰਹੇ। ਬਸ ਫਿਰ ਕੀ ਸੀ ਉਹ ਫਸਲ ਪੱਕਣ ਦੀ ਦੇਰ ਵਿੱਚ ਸੀ। ਜਦੋਂ ਸਮੇਂ ‘ਤੇ ਪਹਿਲੀ ਫ਼ਸਲ ਪੱਕ ਕੇ ਤਿਆਰ ਹੋਈ ਤਾਂ ਮਨ ਖੁਸ਼ੀਆਂ ਨਾਲ ਭਰ ਗਿਆ ਕਿਉਂਕਿ ਜਿਸ ਦਿਨ ਦੀ ਉਡੀਕ ਸੀ ਉਹ ਸਾਹਮਣੇ ਆ ਗਿਆ ਤੇ ਉਨ੍ਹਾਂ ਨੇ ਅਗਲੀ ਕਾਰਵਾਈ ਬਾਰੇ ਪਹਿਲਾ ਹੀ ਸੋਚ ਰੱਖਿਆ ਸੀ ਕਿਵੇਂ ਕੀ ਕਰਨਾ ਹੈ।

ਫਿਰ ਲਿੰਗਾਰੇਡੀ ਪ੍ਰਸ਼ਾਦ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਮਿਲਟ ਦੀ ਖੇਤੀ ਦੇ ਨਾਲ ਉਹਨਾਂ ਨੇ ਫਸਲ ਦੀ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਕੰਮ ਕਰਨ ਲੱਗੇ। ਪਹਿਲੀ ਬਾਰ ਉਨ੍ਹਾਂ ਨੇ ਫਸਲ ਦੇ ਬੀਜ ਲੈ ਕੇ ਮਿਕਸੀ ਦੇ ਵਿੱਚ ਪੀਸ ਕੇ ਪ੍ਰੋਸੈਸਿੰਗ ਕਰਕੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜੋ ਕਿ ਸਫਲ ਹੋਈ ਅਤੇ ਪੀਸ ਕੇ ਜੋ ਆਟਾ (ਉਤਪਾਦ) ਬਣਾਇਆ, ਉਨ੍ਹਾਂ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਦਾ ਕਰਵਾਇਆ। ਜਿਸ ਦਾ ਫਾਇਦਾ ਇਹ ਹੋਇਆ ਲੋਕਾਂ ਨੂੰ ਉਤਪਾਦ ਬਹੁਤ ਪਸੰਦ ਆਇਆ, ਜਿਸ ਨਾਲ ਹੌਂਸਲਾ ਬਹੁਤ ਵੱਧ ਗਿਆ ਤੇ ਇਸ ਕੰਮ ਉੱਤੇ ਜ਼ੋਰ ਦੇਣ ਲੱਗੇ।

ਜਦੋਂ ਉਨ੍ਹਾਂ ਨੂੰ ਲੱਗਾ ਉਸ ਵਿੱਚ ਕਾਮਯਾਬ ਹੋਣ ਲੱਗ ਗਏ ਤਾਂ ਉਨ੍ਹਾਂ ਨੂੰ ਉਸ ਕੰਮ ਨੂੰ ਥੋੜੇ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੇ ਸਮੇਂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਉਹਨਾਂ ਨਾਲ ਸਿੱਧੇ ਤੌਰ ‘ਤੇ ਗ੍ਰਾਹਕ ਪਹਿਲਾ ਤੋਂ ਹੀ ਜੁੜੇ ਹਨ ਕਿਉਂਕਿ ਅੰਬ ਤੇ ਹਲਦੀ ਦੀ ਕਾਸ਼ਤ ਕਰਕੇ ਉਹਨਾਂ ਦੀ ਜਾਣ-ਪਹਿਚਾਣ ਬਣੀ ਹੋਈ ਸੀ।

ਲਿੰਗਾਰੇਡੀ ਪ੍ਰਸ਼ਾਦ ਦੇ ਮੰਡੀਕਰਨ ਦਾ ਤਰੀਕਾ ਸੀ ਕਿ ਉਹ ਗ੍ਰਾਹਕਾਂ ਨੂੰ ਮਿਲਟ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਂਦੇ ਅਤੇ ਫਿਰ ਲੋਕ ਮਿਲਟ ਦਾ ਆਟਾ ਖਰੀਦਣ ਲੱਗੇ ਤੇ ਮਾਰਕੀਟ ਵੱਡੀ ਹੋ ਗਈ।

ਸਾਲ 2019 ਦੇ ਵਿੱਚ ਉਨ੍ਹਾਂ ਨੇ ਨਾਲ ਫਿਰ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਰਕੀਟਿੰਗ ਕਰਨ ਲੱਗੇ। ਸਫਲ ਹੋਣ ਦੇ ਬਾਵਜੂਦ ਵੀ ਉਹ ਉਸ ਜਗ੍ਹਾ ‘ਤੇ ਖੜੇ ਨਹੀਂ ਰਹੇ ਸਗੋਂ ਹੋਰ ਕੁਝ ਨਾਲ-ਨਾਲ ਕਰਨ ਬਾਰੇ ਸੋਚਿਆ ਤੇ ਅੱਜ ਉਹ ਹੋਰ ਸਹਾਇਕ ਕਿੱਤਿਆਂ ਵਿਚ ਵੀ ਸਫਲ ਕਿਸਾਨ ਦੇ ਵਜੋਂ ਜਾਣੇ ਜਾਂਦੇ ਹਨ।

ਨੌਕਰੀ ਦੇ ਬਾਵਜੂਦ ਉਹ ਆਪਣੇ ਫਾਰਮ ‘ਤੇ ਵਰਮੀ ਕੰਪੋਸਟ ਯੂਨਿਟ, ਮੱਛੀ ਪਾਲਣ ਵੀ ਕਰ ਰਹੇ ਹਨ, ਖਾਸ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਉਨ੍ਹਾਂ ਦੀ ਸਫਲਤਾ ਦੇ ਕਾਰਨ ਉੱਥੋਂ ਦੀਆਂ ਯੂਨੀਵਰਸਿਟੀ ਵਿਖੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕਿਉਕਿ ਉਹਨਾਂ ਕੋਲ 2 ਰੰਗਾਂ ਦੀ ਮੱਛੀ ਹੈ। ਆਪਣੇ ਸਫਲਤਾ ਦਾ ਸਿਹਰਾ ਉਹ ਆਪਣੀ ਖੇਤੀ ਐੱਪ ਨੂੰ ਵੀ ਦਿੰਦੇ ਹਨ, ਕਿਉਂਕਿ ਉਹ ਆਪਣੀ ਖੇਤੀ ਐੱਪ ਦੇ ਰਾਹੀਂ ਨਵੀਂ-ਨਵੀਂ ਤਕਨੀਕਾਂ ਨਾਲ ਜਾਣੂ ਹੁੰਦੇ ਰਹਿੰਦੇ ਹਨ।

ਹੁਣ ਉਹਨਾਂ ਨੇ ਆਪਣੇ ਖੇਤ ਦੇ ਮਾਡਲ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਕਿ ਉਹਨਾਂ ਨੂੰ ਪੂਰਾ ਸਾਲ ਹਰ ਰੋਜ਼ ਘਰ ਬੈਠ ਕੇ ਆਮਦਨ ਹੁੰਦੀ ਹੈ।

ਭਵਿੱਖ ਦੀ ਯੋਜਨਾ

ਉਹ ਮੁਰਗੀ ਪਾਲਣ ਤੇ ਝੀਂਗਾ ਮੱਛੀ ਪਾਲਣ ਦਾ ਵੀ ਕਿੱਤਾ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਹਰ ਇੱਕ ਕਿੱਤੇ ਦੇ ਵਿੱਚ ਮੁਹਾਰਤ ਹਾਸਿਲ ਕਰ ਸਕੇ ਅਤੇ ਵੱਧ ਤੋਂ ਵੱਧ ਹੋਰ ਦੇਸੀ ਬੀਜਾਂ ਤੇ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਇਨਸਾਨ ਆਪਣੀ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਧਿਆਨ ਵਿੱਚ ਰੱਖਦੇ ਹੋਏ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਇੱਕ ਤਾਂ ਧਰਤੀ ਮਾਂ ਸੁਰੱਖਿਤ ਰਹੇਗੀ ਦੂਜਾ ਇਨਸਾਨ ਦੀ ਸਿਹਤ ਨਾਲ ਵੀ ਕੋਈ ਖਿਲਵਾੜ ਨਹੀਂ ਹੋਵੇਗਾ।

ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਦੋ ਭਰਾਵਾਂ ਦੀ ਕਹਾਣੀ ਜਿਨ੍ਹਾਂ ਨੇ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਭਾਰ ਵਜੋਂ ਨਹੀਂ ਸਗੋਂ ਉਪਹਾਰ ਵਾਂਗੂ ਸਵੀਕਾਰ ਕੀਤਾ-ਭੰਗੂ ਕੁਦਰਤੀ ਫਾਰਮ

ਜੇਕਰ ਇਨਸਾਨ ਨੂੰ ਖੁਦ ‘ਤੇ ਅਤੇ ਪਰਮਾਤਮਾ ‘ਤੇ ਭਰੋਸਾ ਹੈ ਤਾਂ ਇਨਸਾਨ ਉਹ ਹਰ ਇੱਕ ਅਸੰਭਵ ਦਿਖਣ ਵਾਲੇ ਕੰਮ ਨੂੰ ਸੰਭਵ ਕਰ ਸਕਦਾ ਹੈ। ਬਸ ਉਸਦੇ ਮਨ ਵਿੱਚ ਕੁਝ ਅਜਿਹਾ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ, ਜੋ ਉਸਨੂੰ ਹਰ ਸਮੇਂ ਕੋਈ ਵੀ ਕੰਮ ਕਰਨ ਵਕ਼ਤ ਯਾਦ ਰਹੇ। ਕਿਉਂਕਿ ਜੇਕਰ ਉਹ ਕਦੇ ਵੀ ਕੋਈ ਕੰਮ ਕਰਦੇ-ਕਰਦੇ ਡੋਲ ਜਾਵੇ ਤਾਂ ਉਸਦਾ ਦ੍ਰਿੜ ਇਰਾਦਾ ਉਸ ਨੂੰ ਜ਼ੋਰ ਪਾ ਕੇ ਬੋਲੇ ਨਹੀਂ ਤੂੰ ਜਿੱਤਣਾ ਹੈ ਨਾ ਕਿ ਤੂੰ ਹਾਰਨ ਆਇਆ ਹੈ। ਇਸ ਇਰਾਦੇ ਨੂੰ ਸਾਹਮਣੇ ਰੱਖਦੇ ਹੋਏ ਉਹ ਅਸੰਭਵ ਕੰਮ ਨੂੰ ਸੰਭਵ ਕਰ ਜਾਂਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਅਜਿਹੇ ਦੋ ਭਰਾ ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ ਦੀ, ਜੋ ਪਿੰਡ ਚਾਹੜਕੇ ਭੋਗਪੁਰ, ਜਲੰਧਰ ਜਿਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਸਿਰਫ ਇੱਕ ਗੁਰਬਾਣੀ ਦੀ ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਅਤੇ ਦੋਨੋਂ ਭਰਾ ਆਪਣੇ ਪਿਤਾ ਜੀ ਦੁਆਰਾ ਬੋਲੀ ਗਈ ਤੁੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿੰਦਗੀ ਵਿੱਚ ਅੱਗੇ ਮੰਜ਼ਿਲਾਂ ਵੱਲ ਪੈਰ ਪੁੱਟਦੇ ਜਾ ਰਹੇ ਹਨ। ਕਹਿੰਦੇ ਹਨ ਜਿਸਨੇ ਸਮਝਣਾ ਹੁੰਦਾ ਹੈ, ਉਸ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ।

ਸ਼ੁਰੂਆਤੀ ਦੇ ਦੌਰ ਵਿਚ ਦੋਨੋਂ ਭਰਾ ਰਵਾਇਤੀ ਖੇਤੀ ਹੀ ਕਰਦੇ ਸਨ, ਜਿੱਥੇ ਉਹ ਮੁਨਾਫ਼ਾ ਵੀ ਕਮਾ ਰਹੇ ਸਨ ਅਤੇ ਉਹ ਤੇ ਉਹਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਨੂੰ ਮੁਨਾਫ਼ਾ ਬਹੁਤ ਹੋ ਰਿਹਾ ਸੀ, ਪਰ ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਉਹ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਹੁੰਦੀ ਹੈ ਜੋ ਸਿੱਧੇ ਆ ਕੇ ਜ਼ਿੰਦਗੀ ਦੇ ਦਰਵਾਜੇ ‘ਤੇ ਦਸਤਖਤ ਦਿੰਦੀ ਹੈ ਜਿਸ ਦਾ ਕਿਸੇ ਨੇ ਵੀ ਅਨੁਮਾਨ ਨਹੀਂ ਲਗਾਇਆ ਹੁੰਦਾ, ਅਜਿਹੀ ਹੀ ਘਟਨਾ ਉਨ੍ਹਾਂ ਦੇ ਪਰਿਵਾਰ ਵਿੱਚ ਹੋਈ ਜਿਸ ਨੇ ਉਨ੍ਹਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਦੋਂ ਉਨ੍ਹਾਂ ਦੇ ਚਾਚਾ ਜੀ ਦੇ ਬੇਟੇ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਸੀ।

ਅਸੀਂ ਇੰਨਾ ਦੁਖੀ ਹੋ ਗਏ ਸਨ ਕਿ ਆਪਣੇ ਆਪ ਨੂੰ ਸੰਭਾਲ ਪਾਉਣਾ ਬਹੁਤ ਔਖਾ ਸੀ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਪਰ ਉਨ੍ਹਾਂ ਦੇ ਦਿਮਾਗ ਵਿੱਚ ਇਕ ਗੱਲ ਘੁਣ ਵਾਂਗੂ ਖਾਂਦੀ ਰਹੀ ਅਖੀਰ ਇਸ ਸਭ ਕਿਵੇਂ ਹੋ ਗਿਆ, ਕਿਉਂਕਿ ਉਮਰ ਵੀ ਹਲੇ ਘੱਟ ਹੀ ਸੀ, ਫਿਰ ਉਨ੍ਹਾਂ ਨੇ ਥੋੜਾ ਸਮਾਂ ਜਾਂਚ-ਪੜਤਾਲ ਕੀਤੀ, ਜਾਂਚ-ਪੜਤਾਲ ਕਰਦੇ-ਕਰਦੇ ਉਨ੍ਹਾਂ ਦੇ ਪਿਤਾ ਜੀ ਦਾ ਧਿਆਨ ਖੇਤੀ ਵੱਲ ਗਿਆ ਕਿਉਂਕਿ ਉਹ ਗੁਰਬਾਣੀ ਨਾਲ ਇੰਨੇ ਜੁੜੇ ਹੋਏ ਸਨ ਕਿ ਹਰ ਇੱਕ ਚੀਜ਼ ਵਿੱਚ ਪਰਮਾਤਮਾ ਨੂੰ ਦੇਖਦੇ ਸਨ, ਫਿਰ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਇਹ ਸਭ ਰੇਆਂ ਸਪਰੇਆਂ ਦਾ ਨਤੀਜਾ ਹੈ।

ਅਗਰ ਜ਼ਹਿਰ ਉਗਾਵਾਂਗੇ, ਤਾਂ ਜ਼ਹਿਰ ਹੀ ਖਾਵਾਂਗੇ

ਇਸ ਤੋਂ ਹੁਣ ਕੁਝ ਸਿੱਖਣਾ ਚਾਹੀਦਾ ਹੈ ਜੇਕਰ ਹੁਣ ਵੀ ਨਾ ਸਿੱਖੇ ਤਾਂ ਕਦੇ ਵੀ ਸਿੱਖ ਨਹੀਂ ਸਕਾਂਗੇ, ਕਿਉਂਕਿ ਇਹੀ ਸਮਾਂ ਹੈ ਜਦੋਂ ਕੁਦਰਤ ਨਾਲ ਜੁੜ ਕੇ ਕੁਦਰਤ ਦੁਆਰਾ ਦਿੱਤੇ ਗਏ ਉਪਹਾਰ ਦਾ ਇਸਤੇਮਾਲ ਕਰ ਸਕਦੇ ਹਾਂ।

ਉਹਨਾਂ ਦੇ ਪਿਤਾ ਜੀ ਜੋ ਧਾਰਮਿਕ ਬਿਰਤੀ ਵਾਲੇ ਸਨ ਅਤੇ ਧਾਰਮਿਕ ਬਿਰਤੀ ਵਾਲੇ ਹੋਣ ਕਰਕੇ ਉਹ ਸਾਰੀ ਜ਼ਿੰਦਗੀ ਗੁਰਬਾਣੀ ਨਾਲ ਜੁੜੇ ਰਹੇ ਅਤੇ ਮਿਸਾਲ ਦੇ ਤੌਰ ‘ਤੇ ਉਹ ਗੁਰਬਾਣੀ ਦੀ ਤੁਕਾਂ ਦਾ ਹਵਾਲਾ ਲੈਂਦੇ ਸਨ ਜੋ ਉਸ ਵਕ਼ਤ ਅਮਰਜੀਤ ਅਤੇ ਕਰਮਜੀਤ ਨੂੰ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਕਿ ਇਹ ਜੋ ਕੁਦਰਤ ਹੈ ਇਸ ਨਾਲ ਖਿਲਵਾੜ ਨਹੀਂ ਕਰ ਸਕਦੇ ਕਿਉਂਕਿ ਇਹ ਕੁਦਰਤ ਹੀ ਹੈ ਜੋ ਖਾਣ, ਪੀਣ, ਰਹਿਣ ਅਤੇ ਪਹਿਨਣ ਨੂੰ ਸਭ ਕੁੱਝ ਪ੍ਰਦਾਨ ਕਰਦੀ ਹੈ, ਜਦੋਂ ਕਿ ਚਾਹੀਦਾ ਹੈ ਕਿ ਇਸ ਦਾ ਖਿਆਲ ਰੱਖੀਏ।

ਅਸੀਂ ਪਿਤਾ ਜੀ ਦੁਆਰਾ ਬੋਲੀ ਗਈ ਤੁਕ ਦਾ ਆਦਰ ਕਰਕੇ ਕੁਦਰਤੀ ਖੇਤੀ ਨੂੰ ਅਪਣਾ ਲਿਆ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਫਿਰ ਦੋਨੋਂ ਭਰਾਵਾਂ ਨੇ ਠਾਣ ਲਿਆ ਜੇਕਰ ਹੁਣ ਖੇਤੀ ਕਰਨੀ ਹੈ ਤਾਂ ਕੁਦਰਤੀ ਖੇਤੀ ਹੀ ਕਰਨੀ ਹੈ ਭਾਵੇ ਫਾਇਦਾ ਹੋਵੇ ਜਾਂ ਨੁਕਸਾਨ, ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਹੈ। ਬਸ ਇਸ ਤੁਕ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ 2006 ਦੇ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਪਰ ਕੁਦਰਤੀ ਖੇਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ ਕਿ ਖੇਤੀ ਕਰਨੀ ਕਿਵੇਂ ਹੈ, ਜਦੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਖੇਤੀਬਾੜੀ ਮਹਿਕਮਾ ਭੋਗਪੁਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਅਤੇ ਕੁਦਰਤੀ ਖੇਤੀ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ, ਹੌਲ਼ੀ-ਹੌਲ਼ੀ ਕਰਦੇ ਉਨ੍ਹਾਂ ਨੂੰ ਕੁਦਰਤੀ ਖੇਤੀ ਬਾਰੇ ਜਾਣਕਾਰੀ ਮਿਲਣ ਲੱਗ ਗਈ। ਜਿਸ ਨਾਲ ਕਿ ਉਨ੍ਹਾਂ ਨੂੰ ਖੇਤੀ ਕਰਨ ਲਾਇਕ ਥੋੜੀ ਬਹੁਤ ਸਹਾਇਤਾ ਮਿਲੀ।

ਜਾਣਕਾਰੀ ਮਿਲਦੀ ਤਾਂ ਗਈ ਪਰ ਜਾਣਕਾਰੀ ਨੂੰ ਖੇਤੀ ਵਿਚ ਕਿਵੇਂ ਪ੍ਰਯੋਗ ਵਿਚ ਲੈ ਕੇ ਆਉਣਾ ਉਹ ਨਹੀਂ ਪਤਾ ਸੀ- ਅਮਰਜੀਤ ਸਿੰਘ ਭੰਗੂ

ਇਸ ਦੌਰਾਨ ਉਨ੍ਹਾਂ ਦੀ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਖੜੀ ਹੋਈ ਜਦੋਂ ਉਹ ਖੇਤੀ ਤਾਂ ਕਰਨ ਲੱਗ ਗਏ ਸੀ ਪਰ ਇਹ ਨਹੀਂ ਪਤਾ ਸੀ ਜ਼ਮੀਨ ਦੀ ਤਾਕ਼ਤ ਕਿਵੇਂ ਵਧਾਈਏ ਅਤੇ ਬਾਇਓ ਮਾਸ ਕਿਵੇਂ ਕਰੀਏ ਕਿਉਂਕਿ ਉਸ ਵਕ਼ਤ ਖੇਤ ਵਾਹੁਣ ਅਤੇ ਰਹਿੰਦ-ਖੂੰਹਦ ਨੂੰ ਕਿਵੇਂ ਟਿਕਾਣੇ ਲਗਾਉਣਾ ਕੁਝ ਵੀ ਪਤਾ ਨਹੀਂ ਸਨ।ਬਸ ਜਿਵੇਂ ਸੁਣਿਆ ਸੀ ਕਿ ਜੈਵਿਕ ਖਾਦ, ਵਰਮੀ ਕੰਪੋਸਟ, ਜੀਵ ਅੰਮ੍ਰਿਤ ਇਹ ਸਭ ਤਰੀਕੇ ਨੇ ਜੋ ਕੁਦਰਤੀ ਖੇਤੀ ਕਰਨ ਦੇ ਵਿਚ ਸਹਾਇਕ ਹੁੰਦੇ ਹਨ ਪਰ ਇਹ ਨਹੀਂ ਪਤਾ ਸੀ ਇਨ੍ਹਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਹੈ।

ਜਦੋਂ ਉਨ੍ਹਾਂ ਨੂੰ ਕੋਈ ਹੱਲ ਨਾ ਮਿਲਿਆ ਤਾਂ ਉਨ੍ਹਾਂ ਨੇ ਤਵੀਆਂ ਦੇ ਨਾਲ ਖੇਤੀ ਦੀ ਵਹਾਈ ਕੀਤੀ, ਇੰਝ ਕਰਦੇ-ਕਰਦੇ ਅਮਰਜੀਤ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਥਾਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ ਅਤੇ ਜਦੋਂ ਉਹ ਟ੍ਰੇਨਿੰਗ ਹਾਸਿਲ ਕਰਕੇ ਅਤੇ ਖੇਤੀ ਦੇ ਤਰੀਕੇ ਅਪਣਾ ਕੇ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਤਾਂ ਉਨ੍ਹਾਂ ਨੇ ਰਵਾਇਤੀ ਖੇਤੀ ਦੀ ਤਰਫ ਰੁਝਾਨ ਘੱਟ ਕਰਕੇ ਆਪਣਾ ਜ਼ਿਆਦਾ ਧਿਆਨ ਗੰਨੇ ਦੀ ਖੇਤੀ ਵੱਲ ਦਿੱਤਾ ਕਿਉਂਕਿ ਕਣਕ ਦਾ ਰਕਬਾ ਘੱਟ ਹੋਣ ਕਰਕੇ ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ 2012 ਵਿੱਚ ਗੰਨੇ ਦੀ ਖੇਤੀ ਵੱਲ ਜ਼ੋਰ ਦਿੱਤਾ ਅਤੇ ਜਦੋਂ ਗੰਨੇ ਦੀ ਫਸਲ ਤਿਆਰ ਹੁੰਦੀ ਸੀ ਤਾਂ ਉਹ ਮਿੱਲ ਵਿੱਚ ਲੈ ਕੇ ਜਾਂਦੇ ਸਨ।

ਜਦੋਂ ਅਸੀਂ ਗੰਨੇ ਨੂੰ ਮਿੱਲ ਵਿੱਚ ਲੈ ਕੇ ਜਾਂਦੇ ਸਨ ਉਦੋਂ ਪਿਤਾ ਜੀ ਨੇ ਕਿਹਾ ਕਿ ਤੁਹਾਨੂੰ ਇਸ ਦੀ ਪ੍ਰੋਸੈਸਿੰਗ ਅਤੇ ਬਾਕੀ ਫਸਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਉਨ੍ਹਾਂ ਨੇ ਇੱਕ ਕਿੱਲੇ ਵਿੱਚ ਇਕੱਲੀ ਗੰਨੇ ਦੀ ਖੇਤੀ ਕਰਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਵੇਲਣਾ ਵੀ ਹੈ, 12 ਏਕੜ ਦੇ ਜ਼ਮੀਨ ਦੇ ਵਿੱਚ, 1 ਏਕੜ ਦੇ ਵਿੱਚ ਹਲਦੀ, 9 ਏਕੜ ਗੰਨਾ, ਚਾਰਾ, 4 ਕਨਾਲ ਵਿੱਚ ਆਲੂ, 6 ਕਨਾਲ ਵਿੱਚ ਸਰੋਂ, ਬਾਕੀ ਦੀ ਜ਼ਮੀਨ ਦੇ ਵਿੱਚ ਖਾਣ ਲਈ ਕਣਕ ਦੀ ਖੇਤੀ ਕਰਦੇ ਹਨ।

ਜਿਵੇਂ-ਜਿਵੇਂ ਉਨ੍ਹਾਂ ਨੇ ਪ੍ਰੋਸੈਸਿੰਗ ਕਰਨੀ ਸ਼ੁਰੂ ਕੀਤੀ ਤਾਂ ਗੁੜ, ਸ਼ੱਕਰ ਆਦਿ ਬਣਾਉਣ ਲੱਗ ਗਏ ਜੋ ਕਿ ਬਿਲਕੁਲ ਸਾਫ ਤੇ ਸ਼ੁੱਧ ਹੈ ਖੇਤਾਂ ਵਿੱਚ ਹੀ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਹੀ ਖੇਤੀ ਅਤੇ ਬਾਕੀ ਦੇ ਸਾਰੇ ਕੰਮ ਕਰਦੇ ਹਨ।

ਪ੍ਰੋਸੈਸਿੰਗ ਤਾਂ ਅਸੀਂ ਕਰਦੇ ਸਨ ਪਰ ਸਾਨੂੰ ਫਿਕਰ ਸਤਾਉਣ ਲੱਗ ਗਈ ਸੀ ਇਸ ਦੀ ਮਾਰਕੀਟਿੰਗ ਕਿਵੇਂ ਕਰਾਂਗੇ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਮਾਰਕੀਟਿੰਗ ਦੀ ਸਮੱਸਿਆ ਉਨ੍ਹਾਂ ਲਈ ਬਹੁਤ ਹੀ ਵੱਡੀ ਸੀ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮਾਰਕੀਟਿੰਗ ਕਿਵੇਂ ਕਰਨੀ ਹੈ ਕਿਉਂਕਿ ਉਸ ਵਕ਼ਤ ਨਾ ਇੰਨਾ ਸੋਸ਼ਲ ਮੀਡੀਆ ਅਤੇ ਨਾ ਹੀ ਕੋਈ ਇੰਨਾ ਕੋਈ ਕਿਸੇ ਨੂੰ ਪਤਾ ਸੀ, ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਜਦੋਂ ਸ਼ਹਿਰ ਵਾਲੇ ਜਾਂਦੇ ਹਨ ਕਿਉਂ ਨਾ ਗੁੜ ਦੀਆਂ ਪੇਸੀਆਂ ਨਾਲ ਲੈ ਕੇ ਜਾਇਆ ਜਾਵੇ, ਇਸ ਤਰ੍ਹਾਂ ਉਹ ਮਾਰਕੀਟਿੰਗ ਕਰਨ ਲਈ ਪੇਸੀਆਂ ਨਾਲ ਕੇ ਜਾਂਦੇ ਸਨ, ਕਦੇ ਉਹ ਗੁੜ ਨੂੰ ਦੁਕਾਨਾਂ ਤੇ ਲੈ ਕੇ ਜਾਂਦੇ, ਕਦੇ ਹਸਪਤਾਲ ਕਦੇ ਕਿਤੇ, ਕਦੇ ਕਿਤੇ, ਪਰ ਜਦੋਂ ਉਹ ਕਿਸੇ ਵੀ ਥਾਂ ਜਾ ਕੇ ਗੁੜ ਦੀਆਂ ਪੇਸੀਆਂ ਦਿੰਦੇ ਸਨ ਤਾਂ ਅੱਗੋਂ ਕਹਿੰਦੇ ਸਨ ਗੁੜ ਦੀ ਚਾਹ ਤਾਂ ਫਟ ਜਾਂਦੀ ਹੈ।

ਅਸੀਂ ਫਿਰ ਜ਼ੋਰ ਲਾ ਕੇ ਕਹਿੰਦੇ ਸਨ ਇੱਕ ਵਾਰ ਤੁਸੀਂ ਕੋਸ਼ਿਸ਼ ਕਰਕੇ ਤਾਂ ਦੇਖੋ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਕਰਦੇ-ਕਰਦੇ ਹੌਲੀ-ਹੌਲੀ ਉਨ੍ਹਾਂ ਦੀ ਮਾਰਕੀਟਿੰਗ ਹੋਣ ਲੱਗ ਗਈ ਅਤੇ ਲੋਕੀ ਉਨ੍ਹਾਂ ਨੂੰ ਜਾਨਣ ਲੱਗ ਗਏ, ਫਿਰ ਉਨ੍ਹਾਂ ਨੇ ਗੁੜ ਦੇ ਕਈ ਤਰ੍ਹਾਂ ਦੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤੋਂ ਉਨ੍ਹਾਂ ਨੇ ਹਲਦੀ, ਸਰਸੋਂ ਆਦਿ ਹੋਰ ਵਸਤਾਂ ਦੀਆਂ ਵੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਪ੍ਰੋਸੈਸਿੰਗ, ਪੈਕਿੰਗ, ਲੇਬਲਿੰਗ ਭੰਗੂ ਕੁਦਰਤੀ ਫਾਰਮ ਵਿਖੇ ਕਰਦੇ ਹਨ।

ਉਹਨਾਂ ਵਲੋਂ 8 ਤੋਂ 9 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ-

  • ਗੁੜ
  • ਸ਼ੱਕਰ
  • ਕਿਊਬ ਵਾਲਾ ਗੁੜ
  • ਟੋਫੀ ਵਾਲਾ ਗੁੜ
  • ਕੱਚੀ ਹਲਦੀ
  • ਗੁੜ ਦੀ ਬਰਫੀ
  • ਹਲਦੀ ਪਾਊਡਰ
  • ਆਲੂ
  • ਸਰੋਂ ਦਾ ਤੇਲ

ਅੱਜ ਉਨ੍ਹਾਂ ਦੇ ਗੁੜ ਦੀ ਮੰਗ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਨ੍ਹਾਂ ਨੂੰ ਸੋਚਣਾ ਪੈਂਦਾ ਹੈ ਕਿਵੇਂ ਆਰਡਰ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਗੁੜ ਵਿਆਹ-ਸ਼ਾਦੀਆਂ ਦੇ ਮੌਕੇ ‘ਤੇ ਪਹਿਲਾਂ ਹੀ ਆਰਡਰ ਬੁੱਕ ਹੋ ਜਾਂਦੇ ਹਨ ਅਤੇ ਅੱਜ ਉਨ੍ਹਾਂ ਨੂੰ ਇੰਨਾ ਜ਼ਿਆਦਾ ਮੁਨਾਫ਼ਾ ਹਾਸਿਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ, ਉਨ੍ਹਾਂ ਦੇ ਗ੍ਰਾਹਕਾਂ ਦੇ ਨਾਲ ਇੰਨੇ ਜ਼ਿਆਦਾ ਕਰੀਬੀ ਰਿਸ਼ਤੇ ਬਣ ਚੁੱਕੇ ਹਨ ਕਿ ਉਹ ਉਨ੍ਹਾਂ ਦੇ ਕਹਿਣ ‘ਤੇ ਹੀ ਕਈ ਵਾਰ ਤੇ ਗੁੜ ਉਸ ਵਕ਼ਤ ਹੀ ਤਿਆਰ ਕਰਦੇ ਹਨ, ਉਨ੍ਹਾਂ ਨੇ ਗੁੜ ਕੱਢਣ ਦੇ ਲਈ ਪੱਕੇ ਬੰਦੇ ਰੱਖੇ ਹੋਏ ਹਨ ਅਤੇ ਸਾਰਾ ਕੰਮ ਸਾਫ-ਸਫਾਈ ਅਤੇ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਕੀਤਾ ਜਾਂਦਾ ਹੈ।

ਹੌਲੀ-ਹੌਲੀ ਕਰਦੇ ਉਹ ਮੁਕਾਮ ਤੇ ਪੁੱਜ ਗਏ ਅਤੇ ਅੱਜ ਇਸ ਮੁਕਾਮ ‘ਤੇ ਹਨ ਕਿ ਉਨ੍ਹਾਂ ਨੂੰ ਪਿਤਾ ਜੀ ਦੁਆਰਾ ਬੋਲੀ ਗਈ ਗੱਲ ਆਸਰਾ ਪ੍ਰਦਾਨ ਕਰਦੀ ਹੈ, ਉਨ੍ਹਾਂ ਨਾਲ ਇੱਕ ਹੋਰ ਦੁਰਘਟਨਾ ਉਦੋਂ ਵਾਪਰੀ ਜਦੋਂ ਸਹਾਰਾ ਦੇਣ ਵਾਲਾ ਹੱਥ ਸਿਰ ਤੋਂ ਉੱਠ ਗਿਆ, ਕਿਉਂਕਿ ਜਦੋਂ ਕਦੇ ਵੀ ਦੋਨੋਂ ਭਰਾ ਕਦੇ ਨਿਰਾਸ਼ ਹੋ ਕੇ ਬੈਠਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਕਦਮ-ਕਦਮ ‘ਤੇ ਹਨੇਰੇ ਵਿੱਚ ਰੌਸ਼ਨੀ ਵੱਲ ਜਾਣ ਦਾ ਰਾਹ ਦੱਸਦੇ ਸਨ, 2017 ਦੇ ਵਿੱਚ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਦੇਹ PIIMS ਹਸਪਤਾਲ ਵਿੱਚ ਦਾਨ ਕੀਤੀ ਹੈ।

ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਪਰਿਵਾਰ ਵਾਲੇ ਖੂਬ ਨਿਭਾ ਰਹੇ ਹਨ ਅਤੇ ਅੱਜ ਦੋਨੋਂ ਭਰਾ ਮਿਲ ਕੇ ਮੰਜ਼ਿਲਾਂ ਨੂੰ ਛੋਹ ਰਹੇ ਹਨ, ਇਸ ਕੰਮ ਦੇ ਵਿੱਚ ਦੋਨੋਂ ਭਰਾ ਵੱਡੇ ਪੱਧਰ ‘ਤੇ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਜੋ ਇਸ ਪ੍ਰਕਾਰ ਹਨ-

  • 2011 ਦੇ ਵਿੱਚ ਰਾਇਸ ਰਿਸਰਚ ਆਫ ਹੈਦਰਾਬਾਦ
  • 2014 ਦੇ ਵਿੱਚ PAU, ਲੁਧਿਆਣਾ ਵੱਲੋਂ
  • ਪ੍ਰਕਾਸ਼ ਸਿੰਘ ਬਾਦਲ ਵੱਲੋਂ
  • 2020 ਵਿੱਚ 550 ਸਾਲਾਂ ਦਿਵਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ
  • NABARD ਵੱਲੋਂ

ਉਨ੍ਹਾਂ ਨੇ ਆਪਣੇ ਭੰਗੂ ਕੁਦਰਤੀ ਫਾਰਮ ਉੱਤੇ ਇੱਕ ਬਹੁਤ ਹੀ ਸਲੋਗਨ ਲਿਖਿਆ ਹੋਇਆ ਹੈ, ਜੋ ਹੋਰਾਂ ਨੂੰ ਬਹੁਤ ਉਤਸ਼ਾਹਿਤ ਕਰਦਾ ਹੈ।

ਮੈਂ ਖੇਤੀ ਕਰਦਾ ਕੁਦਰਤੀ, ਮੈਨੂੰ ਆਪਣੀ ਕਿਰਤ ਤੇ ਮਾਣ

ਮੇਰੀ ਮਿੱਟੀ ਮਹਿਕਾਂ ਵੰਡਦੀ, ਮੇਰੇ ਖੇਤ ਵਸੇ ਭਗਵਾਨ

ਭਵਿੱਖ ਦੀ ਯੋਜਨਾ

ਦੋਨੋਂ ਭਰਾ ਚਾਹੁੰਦੇ ਹਨ ਉਹ ਕੁਦਰਤੀ ਖੇਤੀ ਨੂੰ ਅਜਿਹੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿੱਥੇ ਕਿ ਹੋਰ ਕਿਸਾਨ ਰਸਾਇਣਿਕ ਖੇਤੀ ਨੂੰ ਬਿਲਕੁਲ ਭੁੱਲ ਹੀ ਜਾਵੇ। ਇਸ ਤੋਂ ਇਲਾਵਾ ਉਹ ਜ਼ਮੀਨ ਠੇਕੇ ਤੇ ਲੈ ਕੇ ਵੱਡੇ ਪੱਧਰ ਤੇ ਫਸਲਾਂ ਦੀ ਬਿਜਾਈ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਵੀਰਾਂ ਨੂੰ ਇੱਕ ਇਹ ਸਲਾਹ ਹੈ ਕਿ ਉਹ ਆਪਣੀ ਖੇਤੀ ਦਾ ਤਰੀਕਾ ਬਦਲਣ, ਦੇਸੀ ਫਸਲਾਂ ਬੀਜਣ, ਜੇਕਰ ਤੁਸੀ ਮੂਲ ਬੀਜਾਂ ਨਾਲ ਖੇਤੀ ਦੀ ਸ਼ੁਰੂਆਤ ਕਰਨਗੇ ਅਤੇ ਫਿਰ ਖੁਦ ਉਸ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰੋਗੇ ਤਾਂ ਤੁਹਾਡੇ ਲਈ ਬਹੁਤ ਵਧੀਆ ਹੈ, ਕਿਉਂਕਿ ਉਦੋਂ ਅਸਲ ਮਾਇਨੇ ਵਿੱਚ ਅੰਨਦਾਤਾ ਕਹਿਲਾਉਣ ਦੇ ਕਾਬਿਲ ਹਾਂ ਜਦੋਂ ਖਾਣ ਵਾਲੇ ਨੂੰ ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਵਾਲਾ ਭੋਜਨ ਪ੍ਰਦਾਨ ਕਰਾਂਗੇ।

ਧਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫਲ ਅਧਿਆਪਕ ਦੇ ਨਾਲ-ਨਾਲ ਇੱਕ ਸਫਲ ਕਿਸਾਨ ਬਣਨ ਤੱਕ ਦਾ ਸਫ਼ਰ

ਕਿੱਤਾ ਕੋਈ ਵੀ ਆਸਾਨ ਨਹੀਂ ਹੁੰਦਾ, ਮੁਸ਼ਕਿਲਾਂ ਹਰ ਇੱਕ ਖੇਤਰ ਵਿੱਚ ਆਉਂਦੀਆਂ ਹਨ। ਭਾਵੇਂ ਉਹ ਖੇਤਰ ਖੇਤੀ ਦਾ ਹੈ ਜਾਂ ਫਿਰ ਕੋਈ ਹੋਰ ਕਿੱਤਾ ਹੈ। ਆਪਣੇ ਰੋਜ਼ਾਨਾ ਦੇ ਕੰਮ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾਉਣਾ ਇੱਕ ਚੁਣੌਤੀ ਹੀ ਹੁੰਦੀ ਹੈ, ਜੋ ਚੁਣੌਤੀਆਂ ਅੱਗੇ ਚੱਟਾਨ ਬਣਕੇ ਖੜ ਗਿਆ ਜਾਂ ਲੜ ਗਿਆ, ਆਖਿਰ ਓਹੀ ਮੰਜ਼ਿਲਾਂ ‘ਤੇ ਜਿੱਤ ਹਾਸਿਲ ਕਰਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਇੱਕ ਅਜਿਹੇ ਅਗਾਂਹਵਧੂ ਕਿਸਾਨ ਦੀ, ਜੋ ਸਕੂਲ ਦੇ ਅਧਿਆਪਕ ਹੋਣ ਦੇ ਨਾਤੇ ਇੱਕ ਤਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰ ਰਹੇ ਹਨ ਅਤੇ ਦੂਸਰਾ ਜੈਵਿਕ ਖੇਤੀ ਕਰਕੇ ਲੋਕਾਂ ਦੇ ਜ਼ਿੰਦਗੀ ਨੂੰ ਸੰਜੀਵਨੀ ਬੂਟੀ ਪ੍ਰਦਾਨ ਕਰ ਰਹੇ ਹਨ, ਕਿਉਂਕਿ ਕੋਈ ਵਿਰਲਾ ਹੀ ਹੁੰਦਾ ਹੈ, ਜੋ ਆਪਣੇ ਬਾਰੇ ਨਹੀਂ ਦੂਜਿਆਂ ਬਾਰੇ ਚੰਗਾ ਸੋਚਦਾ ਹੈ।

ਅਜਿਹੇ ਇੱਕ ਕਿਸਾਨ ਹਨ “ਧਰਮਜੀਤ ਸਿੰਘ”, ਜੋ ਪਿੰਡ ਮੈਣ ਮਾਜਰੀ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਜਿਵੇਂ ਇੱਕ ਕਹਾਵਤ ਹੈ “ਜੈਸਾ ਨਾਮ, ਵੈਸਾ ਕਾਮ” ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਧਰਮਜੀਤ ਸਿੰਘ ਜੀ ਦਾ ਨਾਮ ਉਹ ਉਸ ਤਰ੍ਹਾਂ ਦਾ ਹੀ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਚੰਗੇ ਅਤੇ ਵਧੀਆ ਇਨਸਾਨ ਦੁਨੀਆਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਕੰਮ ਦੀ ਸ਼ੋਭਾ ਵੀ ਉਸ ਇਨਸਾਨ ‘ਤੇ ਹੀ ਜੱਚਦੀ ਹੈ ਜਿਸ ਕੰਮ ਦੇ ਲਈ ਉਸ ਨੂੰ ਚੁਣਿਆ ਗਿਆ ਹੁੰਦਾ ਹੈ। ਕੰਮ ਵੀ ਉਹ ਜਿਸ ਬਾਰੇ ਉਨ੍ਹਾਂ ਨੂੰ ਥੋੜੀ ਵੀ ਜਾਣਕਾਰੀ ਨਹੀਂ ਸੀ ਨਾ ਹੀ ਕਦੇ ਸੁਣਿਆ ਸੀ।

ਜਦੋਂ ਸੂਰਜ ਰੋਸ਼ਨੀ ਬਖੇਰਦਾ ਹੈ ਤਾਂ ਉਹ ਹਰ ਉਸ ਥਾਂ ‘ਤੇ ਵੀ ਚਾਨਣ ਕਰ ਦਿੰਦਾ ਹੈ, ਜਿੱਥੇ ਹਨੇਰਾ ਹੀ ਛਾਇਆ ਹੁੰਦਾ ਹੈ। ਉਸ ਤਰ੍ਹਾਂ ਹੀ ਧਰਮਜੀਤ ਸਿੰਘ ਜੀ ਦੇ ਜੀਵਨ ਉੱਤੇ ਗੱਲ ਬਿਲਕੁਲ ਢੁੱਕਦੀ ਹੈ। ਕਿਉਂਕਿ ਉਹ ਬੇਸ਼ੱਕ ਉਸ ਰਸਤੇ ਜਾ ‘ਤੇ ਰਹੇ ਸੀ ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਮਤਲਬ ਖੇਤੀ ਤਾਂ ਕਰ ਰਹੇ ਸਨ, ਪਰ ਰਸਾਇਣਿਕ ਨਾ ਕਿ ਜੈਵਿਕ ਖੇਤੀ।

ਜਦੋਂ ਸਮਾਂ ਆਉਂਦਾ ਹੈ, ਤਾਂ ਉਹ ਪੁੱਛ ਕੇ ਨਹੀਂ ਆਉਂਦਾ, ਬਸ ਆ ਕੇ ਦਰਵਾਜ਼ੇ ‘ਤੇ ਦਸਤਕ ਦੇ ਦਿੰਦਾ ਹੈ। ਅਜਿਹਾ ਇੱਕ ਸਮਾਂ ਆਇਆ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਰਿਸ਼ਤੇਦਾਰ ਆਏ ਸਨ। ਆਪਸੀ ਗੱਲਬਾਤ ਕਰਦਿਆਂ ਅਚਾਨਕ ਗੱਲ ਖੇਤੀਬਾੜੀ ਦੀ ਹੋਣ ਲੱਗ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਗੱਲਬਾਤ ਦੌਰਾਨ ਜੈਵਿਕ ਖੇਤੀ ਬਾਰੇ ਜ਼ਿਕਰ ਕੀਤਾ ਤਾਂ ਧਰਮਜੀਤ ਸਿੰਘ ਜੀ ਨੂੰ ਨਾਮ ਸੁਣ ਕੇ ਹੈਰਾਨੀ ਹੋਈ ਕਿ ਇਹ ਕਿਹੜੀ ਖੇਤੀ ਹੈ। ਜੈਵਿਕ ਅਤੇ ਰਸਾਇਣਿਕ ਖੇਤੀ ਨਾਲ ਕੀ ਫਰਕ ਪੈਂਦਾ ਹੈ, ਖੇਤੀ ਤਾਂ ਖੇਤੀ ਹੀ ਹੁੰਦੀ ਹੈ। ਉਦੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਿਹਾ, “ਜੈਵਿਕ ਖੇਤੀ ਬਿਨਾਂ ਸਪਰੇਅ, ਦਵਾਈਆਂ, ਰਸਾਇਣਿਕ ਖਾਦਾਂ ਤੋਂ ਕੀਤੀ ਜਾਂਦੀ ਹੈ ਅਤੇ ਕੁਦਰਤ ਵਿੱਚੋਂ ਮਿਲੇ ਉਪਹਾਰ ਨੂੰ ਵਰਤ ਕੇ ਜਿਵੇਂ ਕਿ ਗੰਡੋਇਆਂ ਦੀ ਖਾਦ, ਜੀਵ ਅੰਮ੍ਰਿਤ ਆਦਿ ਹੋਰ ਵੀ ਬਹੁਤ ਢੰਗ ਨਾਲ ਕੀਤੀ ਜਾਂਦੀ ਹੈ।

ਪਰ ਮੈਂ ਤਾਂ ਕਦੇ ਜੈਵਿਕ ਖੇਤੀ ਕੀਤੀ ਨਹੀਂ ਜੇਕਰ ਹੁਣ ਮੈਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਕਿਵੇਂ ਕਰ ਸਕਦਾ ਹਾਂ- ਧਰਮਜੀਤ ਸਿੰਘ

ਫਿਰ ਉਹਨਾਂ ਦੋਨਾਂ ਨੇ ਅਭਿਆਸ ਦੇ ਤੌਰ ‘ਤੇ ਇੱਕ ਕਿੱਲੇ ਦੇ ਵਿੱਚ ਕਣਕ ਦੀ ਫਸਲ ਲਗਾ ਦਿੱਤੀ। ਉਨ੍ਹਾਂ ਨੇ ਫਸਲ ਦੀ ਕਾਸ਼ਤ ਤਾਂ ਕਰ ਦਿੱਤੀ ਅਤੇ ਰਿਸ਼ਤੇਦਾਰ ਵਾਪਿਸ ਚਲੇ ਗਏ। ਪਰ ਉਨ੍ਹਾਂ ਦੋਨਾਂ ਨੂੰ ਫ਼ਿਕਰ ਲੱਗੀ ਹੋਈ ਸੀ ਅਤੇ ਕਾਸ਼ਤ ਕੀਤੀ ਫਸਲ ਦੇ ਨਤੀਜੇ ਦਾ ਇੰਤਜ਼ਾਰ ਸੀ, ਕਿ ਫਸਲ ਕਿਸ ਤਰ੍ਹਾਂ ਦੀ ਹੋਵੇਗੀ, ਕਿੰਨੀ ਪੈਦਾਵਾਰ ਹੋਵੇਗੀ। ਉਹਨਾਂ ਨੂੰ ਇਹ ਚਿੰਤਾ ਦਿਨ ਪ੍ਰਤੀ ਦਿਨ ਸਤਾਈ ਜਾ ਰਹੀ ਸੀ।

ਜਦੋਂ ਫਸਲ ਪੱਕ ਕੇ ਤਿਆਰ ਹੋਈ, ਜਿਸ ਵਿੱਚੋਂ ਅੱਧੀ ਫਸਲ ਉਨ੍ਹਾਂ ਦੇ ਰਿਸ਼ਤੇਦਾਰ ਲੈ ਗਏ ਅਤੇ ਅੱਧੀ ਉਹ ਆਪਣੇ ਘਰ ਲੈ ਆਏ। ਪਰ ਉਹਨਾਂ ਨੂੰ ਜਿੰਨੀ ਫਸਲ ਦੀ ਉਮੀਦ ਸੀ ਪੈਦਾਵਾਰ ਉਸ ਤੋਂ ਘੱਟ ਨਿਕਲੀ।

ਮੈਂ ਅਤੇ ਮੇਰੇ ਪਰਿਵਾਰ ਨੇ ਜਦੋਂ ਫਸਲ ਨੂੰ ਵਰਤ ਕੇ ਦੇਖਿਆ ਸੀ ਤਾਂ ਸਾਡੀ ਚਿੰਤਾ ਖੁਸ਼ੀ ਦੇ ਵਿੱਚ ਤਬਦੀਲ ਹੋ ਗਈ- ਧਰਮਜੀਤ ਸਿੰਘ

ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ ਮਨ ਬਣਾ ਲਿਆ ਜੇਕਰ ਖੇਤੀ ਕਰਨੀ ਹੈ, ਤਾਂ ਜੈਵਿਕ ਖੇਤੀ ਹੀ ਕਰਨੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਫਿਰ ਮੌਸਮ ਦੇ ਹਿਸਾਬ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ 11 ਏਕੜ ਦੇ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ।

ਉਹਨਾਂ ਦੇ ਲਈ ਜੈਵਿਕ ਖੇਤੀ ਕਰਨਾ ਇੱਕ ਚੁਣੌਤੀ ਹੀ ਸੀ ਜਿਸ ਦਾ ਸਾਹਮਣਾ ਕਰਨ ਸਮੇਂ ਉਹਨਾਂ ਨੂੰ ਕਠਿਨਾਈ ਤਾਂ ਜ਼ਰੂਰ ਆਈ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਹਿੰਮਤ ਨੂੰ ਬਰਕਰਾਰ ਰੱਖਦੇ ਹੋਏ ਉਹ ਆਪਣੇ ਮਿੱਥੇ ਰਸਤੇ ‘ਤੇ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੇ ਰਹੇ ਜਿਵੇਂ-ਜਿਵੇਂ ਜੈਵਿਕ ਖੇਤੀ ਬਾਰੇ ਜਾਣਕਾਰੀ ਮਿਲਦੀ ਰਹੀ, ਉਸ ਤਰ੍ਹਾਂ ਹੀ ਉਹ ਅਭਿਆਸ ਕਰਦੇ ਗਏ। ਉਨ੍ਹਾਂ ਦੀ ਮਿਹਨਤ ਉਸ ਦਿਨ ਰੰਗ ਲੈ ਕੇ ਆਈ ਜਦੋਂ ਫਸਲ ਪੱਕ ਕੇ ਅਤੇ ਵੱਢਣ ਦੇ ਲਈ ਤਿਆਰ ਸੀ।

ਫਸਲ ਦੀ ਪੈਦਾਵਾਰ ਤਾਂ ਹੋਈ ਸੀ ਪਰ ਫਸਲ ਘੱਟ ਹੋਈ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਕਿ ਕਿੱਥੇ ਇਹ ਪਹਿਲਾਂ ਰਸਾਇਣਿਕ ਖੇਤੀ ਕਰਕੇ ਨਫ਼ਾ ਕਮਾ ਰਿਹਾ ਸੀ ਅਤੇ ਹੁਣ ਘਾਟੇ ਵਾਲੇ ਸੌਦਾ ਕਰ ਰਿਹਾ ਹੈ।

ਮੈਂ ਜਦੋਂ ਕੱਲਾ ਬੈਠ ਕੇ ਸੋਚਦਾ ਸੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਕਿਤੇ ਕੁੱਝ ਗਲਤ ਤੇ ਨਹੀਂ ਕਰ ਰਿਹਾ- ਧਰਮਜੀਤ ਸਿੰਘ

ਇੱਕ ਪਾਸੇ ਉਹ ਪ੍ਰੇਸ਼ਾਨ ਹੋ ਰਹੇ ਸੀ ਅਤੇ ਦੂਜੇ ਪਾਸੇ ਸੋਚ ਰਹੇ ਸਨ ਕਿ ਘੱਟੋਂ-ਘੱਟ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ। ਜੋ ਅਨਾਜ ਖੁਦ ਖਾ ਅਤੇ ਦੂਜਿਆਂ ਨੂੰ ਖਿਲਾ ਰਿਹਾ ਹਾਂ, ਉਹ ਸ਼ੁੱਧ ਅਤੇ ਸਾਫ-ਸੁਥਰਾ ਹੈ।

ਇਸ ਤਰ੍ਹਾਂ ਕਰਦੇ-ਕਰਦੇ ਉਨ੍ਹਾਂ ਨੇ ਪਹਿਲੇ 4 ਸਾਲ ਤਾਂ ਅਭਿਆਸ ਦੇ ਤੌਰ ‘ਤੇ ਜੈਵਿਕ ਖੇਤੀ ਸਿੱਖਣ ਅਤੇ ਨਾਲ ਹੀ ਬਹੁ-ਫਸਲੀ ਵਿਧੀ ਅਪਨਾਉਣੀ ਵੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਗੰਨੇ ਦੀ ਖੇਤੀ, ਦਾਲਾਂ ਅਤੇ ਹੋਰ ਮੌਸਮੀ ਫਸਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਚੰਗੀ ਤਰ੍ਹਾਂ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਮੰਡੀਕਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਵੈਸੇ ਤਾਂ ਉਹਨਾਂ ਨੂੰ ਜੈਵਿਕ ਖੇਤੀ ਕਰਦਿਆਂ ਨੂੰ 8 ਸਾਲ ਹੋ ਗਏ ਹਨ। ਜੈਵਿਕ ਖੇਤੀ ਦੇ ਨਾਲ-ਨਾਲ ਜੈਵਿਕ ਖਾਦ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਸ ਸਮੇਂ ਗੰਡੋਇਆਂ ਦੀ ਖਾਦ ਅਤੇ ਜੀਵ ਅੰਮ੍ਰਿਤ ਦੀ ਹੀ ਵਰਤੋਂ ਕਰਦੇ ਹਨ।

ਇਸ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਪ੍ਰੋਸੈਸਿੰਗ ਕੀਤੀ ਜਾਵੇ, ਹੌਲੀ-ਹੌਲੀ ਪ੍ਰੋਸੈਸਿੰਗ ‘ਤੇ ਧਿਆਨ ਲਗਾਉਣ ਉਪਰੰਤ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸ ਵਿੱਚ ਲਗਭਗ ਉਹ 7 ਤੋਂ 8 ਤਰ੍ਹਾਂ ਦੇ ਉਤਪਾਦ ਬਣਾਉਂਦੇ ਹਨ ਜੋ ਕਿ ਬਿਲਕੁਲ ਸ਼ੁੱਧ ਅਤੇ ਦੇਸੀ ਹੁੰਦੇ ਹਨ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ-

  • ਕਣਕ ਦਾ ਆਟਾ
  • ਸਰੋਂ ਦਾ ਤੇਲ
  • ਦਾਲਾਂ
  • ਬਾਸਮਤੀ ਚਾਵਲ
  • ਗੁੜ
  • ਸ਼ੱਕਰ
  • ਹਲਦੀ  ਆਦਿ।

ਜਿਸ ਦਾ ਮੰਡੀਕਰਨ ਪਿੰਡ ਤੋਂ ਬਾਹਰ ਹੀ ਕਰਦੇ ਹਨ ਅਤੇ ਹੁਣ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਮੰਡੀ ਚੰਡੀਗੜ੍ਹ ਵਿੱਚ ਹੀ ਕਰ ਰਹੇ ਹਨ। ਮੰਡੀਕਰਨ ਕਰਕੇ ਜਿੰਨਾ ਉਹ ਕਮਾ ਰਹੇ ਹਨ ਉਹ ਉਸ ਨਾਲ ਬਿਲਕੁਲ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ “ਥੋੜਾ ਖਾਈਏ, ਪਰ ਸਾਫ ਖਾਈਏ”। ਉਨ੍ਹਾਂ ਦਾ ਸਾਥ ਇਸ ਕੰਮ ਵਿੱਚ ਕੇਵਲ ਉਨ੍ਹਾਂ ਦਾ ਪਰਿਵਾਰ ਹੀ ਨਿਭਾ ਰਿਹਾ ਹੈ।

ਜੇਕਰ ਚੰਗਾ ਉਗਾਵਾਂਗੇ, ਤਾਂ ਚੰਗਾ ਹੀ ਖਾਵਾਂਗੇ

ਭਵਿੱਖ ਦੀ ਯੋਜਨਾ

ਉਹ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਹੋਰਨਾਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਅਤੇ ਜੋ ਕਿਸਾਨ ਰਸਾਇਣਿਕ ਖੇਤੀ ਕਰ ਰਹੇ ਹਨ ਉਹਨਾਂ ਦਾ ਧਿਆਨ ਜੈਵਿਕ ਖੇਤੀ ਦੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ। ਉਹ ਆਪਣੇ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਦੱਸਣਾ ਚਾਹੁੰਦੇ ਹਨ ਜੈਵਿਕ ਖੇਤੀ ਵਿੱਚ ਘਾਟੇ ਦਾ ਸੌਦਾ ਨਹੀਂ, ਬਲਕਿ ਸਰੀਰ ਨੂੰ ਤੰਦਰਸੁਤ ਰੱਖਣ ਦਾ ਰਾਜ ਹੈ।

ਸੰਦੇਸ਼

ਹਰ ਉਹ ਕਿਸਾਨ ਜੋ ਖੇਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ, ਕਿ ਜਦੋਂ ਉਹ ਵੀ ਖੇਤੀ ਕਰ ਰਹੇ ਹੋਣ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਵੱਲ ਦੇਖਣਾ ਚਾਹੀਦਾ ਹੈ, ਜੋ ਉਹ ਉਗਾ ਰਹੇ ਹਨ ਉਹ ਸਹੀ ਅਤੇ ਸ਼ੁੱਧ ਉਗਾ ਰਹੇ ਹਨ। ਫਿਰ ਹੀ ਖੇਤੀ ਕਰਨੀ ਚਾਹੀਦੀ ਹੈ।

ਸਰਬੀਰਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨ ਨੇ ਖੇਤੀ ਨੂੰ ਮਸ਼ੀਨੀਕਰਣ ਨਾਲ ਜੋੜਿਆ, ਕੀ ਤੁਸੀਂ ਇਸ ਨੂੰ ਅਜ਼ਮਾਇਆ ਹੈ?

44 ਸਾਲਾਂ ਦੇ ਸਰਬੀਰਇੰਦਰ ਸਿੰਘ ਸਿੱਧੂ ਨੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਲਾਗੂ ਕੀਤਾ ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਕੁਦਰਤ ਨਾਲ ਮਿਲ ਕੇ ਕੰਮ ਕਰਨ ਦਾ ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਸ ਸਮੇਂ ਆਇਆ ਜਦੋਂ ਉਹ ਬਹੁਤ ਦੂਰ ਵਿਦੇਸ਼ ਵਿੱਚ ਸਨ।

ਖੇਤੀਬਾੜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣੀ ਪ੍ਰਕਿਰਿਆ ਹੈ ਜਿਸ ਨੂੰ ਸਾਡੇ ਪੁਰਖਾਂ ਅਤੇ ਉਨ੍ਹਾਂ ਦੇ ਪੁਰਖਾਂ ਨੇ ਭੋਜਨ ਪੈਦਾ ਕਰਨ ਅਤੇ ਜੀਵਨ ਜਿਊਣ ਲਈ ਅਪਣਾਇਆ। ਪਰ ਮੰਗਾਂ ਵਿੱਚ ਵਾਧੇ ਅਤੇ ਪਰਿਵਰਤਨ ਨਾਲ, ਅੱਜ ਖੇਤੀ ਦਾ ਇੱਕ ਲੰਬਾ ਇਤਿਹਾਸ ਬਣ ਚੁੱਕਾ ਹੈ। ਹਾਂ, ਆਧੁਨਿਕ ਖੇਤੀ ਤਰੀਕਿਆਂ ਦੇ ਕੁੱਝ ਨਕਾਰਾਤਮਕ ਪ੍ਰਭਾਵ ਹਨ, ਪਰੰਤੂ ਹੁਣ ਸਿਰਫ਼ ਨਾ ਕੇਵਲ ਖੇਤੀਬਾੜੀ ਸਮਾਜ ਸਗੋਂ ਸ਼ਹਿਰ ਦੇ ਬਹੁਤ ਸਾਰੇ ਵਿਅਕਤੀ ਸਥਾਈ ਖੇਤੀਬਾੜੀ ਅਭਿਆਸਾਂ ਦੀ ਪਹਿਲ-ਕਦਮੀ ਕਰ ਰਹੇ ਹਨ।

ਸਰਬੀਰਇੰਦਰ ਸਿੰਘ ਸਿੱਧੂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਧਰਤੀ ਲਈ ਕੁੱਝ ਵੀ ਨਹੀਂ ਕੀਤਾ, ਜਿਸ ਧਰਤੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਭ ਕੁੱਝ ਪ੍ਰਦਾਨ ਕੀਤਾ। ਹਾਲਾਂਕਿ ਉਹ ਵਿਦੇਸ਼ ਵਿੱਚ ਬਹੁਤ ਸਫ਼ਲ ਜੀਵਨ ਬਤੀਤ ਕਰ ਰਹੇ ਸਨ, ਨਵੀਂ ਖੇਤੀ ਤਕਨੀਕਾਂ, ਮਸ਼ੀਨਾਂ ਬਾਰੇ ਸਿਖਲਾਈ ਲੈ ਰਹੇ ਸਨ ਅਤੇ ਸਮਾਜ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਉਹ ਮਾਯੂਸ ਰਹਿੰਦੇ ਸਨ ਅਤੇ ਆਖਰ ਉਨ੍ਹਾਂ ਨੇ ਵਿਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਜਨਮ-ਭੂਮੀ ਪੰਜਾਬ (ਭਾਰਤ) ਆ ਗਏ।

“ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਵੱਸ ਗਿਆ, ਪਰ 5-6 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵਾਪਸ ਜਾਣਾ ਚਾਹੀਦਾ ਹੈ, ਜਿੱਥੋਂ ਮੈਂ ਹਾਂ।”

ਵਿਦੇਸ਼ੀ ਖੇਤੀਬਾੜੀ ਅਭਿਆਸਾਂ ਤੋਂ ਪਹਿਲਾਂ ਹੀ ਜਾਣੂ ਸਰਬੀਰਇੰਦਰ ਸਿੰਘ ਸਿੱਧੂ ਨੇ ਖੇਤੀ ਨੂੰ ਆਪਣੇ ਤਰੀਕੇ ਨਾਲ ਮਸ਼ੀਨੀਕਰਣ ਨਾਲ ਜੋੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਵਪਾਰਕ ਖੇਤੀ ਅਤੇ ਖੇਤੀ ਤਕਨੀਕਾਂ ਨੂੰ ਜੋੜਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਬਜਾਏ ਕਿੰਨੂ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

“ਕਣਕ ਅਤੇ ਝੋਨਾ ਪੰਜਾਬ ਦੀ ਰਵਾਇਤੀ ਫ਼ਸਲਾਂ ਹਨ, ਜਿਸ ਨੂੰ ਖੇਤ ਵਿਚ ਸਿਰਫ਼ 4-5 ਮਹੀਨੇ ਮਿਹਨਤ ਦੀ ਜ਼ਰੂਰਤ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਦੀ ਬਜਾਏ, ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਅਤੇ ਹੋਰ ਖੇਤੀ ਸੰਬੰਧੀ ਧੰਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਲ ਭਰ ਕੀਤੇ ਜਾ ਸਕਦੇ ਹਨ।”

ਸਰਬੀਰਇੰਦਰ ਸਿੰਘ ਨੇ ਬਾਗ ਵਿੱਚ ਵਰਤਣ ਲਈ ਇੱਕ ਮਸ਼ੀਨ ਤਿਆਰ ਕੀਤੀ, ਜਿਸ ਨੂੰ ਟ੍ਰੈਕਟਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਕਿੰਨੂ ਨੂੰ 6 ਅਲੱਗ-ਅਲੱਗ ਆਕਾਰ ਵਿੱਚ ਵੰਡ ਕੇ ਗਰੇਡਿੰਗ ਕਰ ਸਕਦੀ ਹੈ। ਮਸ਼ੀਨ ਵਿੱਚ 9 ਸਫ਼ਾਈ ਕਰਨ ਵਾਲੇ ਬਰੱਸ਼ ਅਤੇ 4 ਸੁਕਾਉਣ ਵਾਲੇ ਬਰੱਸ਼ ਸ਼ਾਮਿਲ ਹਨ। ਇਸ ਪੱਧਰ ਤੱਕ ਮਸ਼ੀਨ ਦੇ ਮਸ਼ੀਨੀਕਰਣ ਨੇ ਮਿਹਨਤ ਦੀ ਲਾਗਤ ਨੂੰ ਲਗਭੱਗ ਜ਼ੀਰੋ ਕਰ ਦਿੱਤਾ ਹੈ।

“ਮੇਰੇ ਦੁਆਰਾ ਡਿਜ਼ਾਇਨ ਕੀਤੀ ਗਈ ਮਸ਼ੀਨ ਇੱਕ ਘੰਟੇ ਵਿੱਚ ਲਗਭਗ 1-1.5 ਟਨ ਕਿੰਨੂਆਂ ਦੀ ਗਰੇਡਿੰਗ ਕਰ ਸਕਦੀ ਹੈ ਅਤੇ ਇਸ ਮਸ਼ੀਨ ਦੀ ਲਾਗਤ 10 ਲੀਟਰ ਡੀਜ਼ਲ ਪ੍ਰਤੀ ਦਿਨ ਹੈ।”

ਸਰਬੀਰਇੰਦਰ ਸਿੰਘ ਜੀ ਅਨੁਸਾਰ – ਸ਼ੁਰੂਆਤ ਵਿੱਚ ਜੋ ਮੁੱਖ ਰੁਕਾਵਟ ਦਾ ਸਾਹਮਣਾ ਕੀਤਾ, ਉਹ ਸੀ ਕਿੰਨੂਆਂ ਦੇ ਮੰਡੀਕਰਣ ਦੌਰਾਨ ਕਿਉਂਕਿ ਬਾਗ ਦੀ ਦੇਖਭਾਲ ਅਤੇ ਕਿੰਨੂਆਂ ਦੀ ਤੁੜਾਈ ਆਦਿ ਵਿੱਚ ਬਹੁਤ ਸਾਰਾ ਸਮਾਂ ਅਤੇ ਪੈਸਾ ਖ਼ਰਚ ਹੁੰਦਾ ਹੈ, ਜੋ ਆਰਥਿਕ ਪੱਖੋਂ ਲਾਹੇਵੰਦ ਨਹੀਂ ਸੀ। ਸਰਬੀਰਇੰਦਰ ਸਿੰਘ ਜੀ ਦੁਆਰਾ ਵਿਕਸਿਤ ਕੀਤੀ ਗ੍ਰੇਡਿੰਗ ਮਸ਼ੀਨ ਦੁਆਰਾ ਤੁੜਾਈ ਅਤੇ ਗ੍ਰੇਡਿੰਗ ਦੀ ਸਮੱਸਿਆ ਅੱਧੀ ਹੱਲ ਹੋ ਗਈ ਸੀ।

6 ਵੱਖ-ਵੱਖ ਆਕਾਰ ਵਿੱਚ ਕਿੰਨੂਆਂ ਦੀ ਗ੍ਰੇਡਿੰਗ ਕਰਨ ਦੇ ਇਸ ਮਸ਼ੀਨੀਕਰਣ ਤਰੀਕੇ ਨੇ ਬਜ਼ਾਰ ਵਿੱਚ ਸਰਬੀਰਇੰਦਰ ਸਿੰਘ ਦੀ ਫ਼ਸਲ ਲਈ ਇੱਕ ਖਾਸ ਜਗ੍ਹਾ ਬਣਾਈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹੋਰ ਪ੍ਰਾਥਮਿਕਤਾ ਮਿਲੀ ਅਤੇ ਨਿਵੇਸ਼ ‘ਤੇ ਹੋਰ ਲਾਭ ਮਿਲਿਆ। ਕਿੰਨੂਆਂ ਦੀ ਗ੍ਰੇਡਿੰਗ ਲਈ ਇਸ ਮਸ਼ੀਨੀਕਰਣ ਤਰੀਕੇ ਦੀ ਵਰਤੋਂ ਕਰਨਾ “ਸਿੱਧੂ ਮਾਡਲ ਫਾਰਮ” ਦੇ ਲਈ ਇੱਕ ਅਹਿਮ ਵਾਧਾ ਸੀ ਅਤੇ ਪਿਛਲੇ ਸਾਲਾਂ ਤੋਂ ਸਰਬੀਰਇੰਦਰ ਜੀ ਦੁਆਰਾ ਉਤਪਾਦਿਤ ਫਲਾਂ ਨੇ ‘ਸਿਟਰਸ ਸ਼ੋ’ ਵਿੱਚ ਰਾਜ ਪੱਧਰ ‘ਤੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।

ਸਿਰਫ਼ ਇਹ ਹੀ ਦ੍ਰਿਸ਼ਟੀਕੋਣ ਨਹੀਂ ਸੀ ਜਿਸ ਦਾ ਪਿੱਛਾ ਸਰਬੀਰਇੰਦਰ ਸਿੰਘ ਜੀ ਕਰ ਰਹੇ ਸਨ, ਬਲਕਿ ਤੁਪਕਾ ਸਿੰਚਾਈ, ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰੀ ਖਾਦ, ਬਾਇਓਗੈਸ ਪਲਾਂਟ, ਵਰਮੀ ਕੰਪੋਸਟਿੰਗ, ਸਬਜ਼ੀਆਂ, ਅਨਾਜ, ਫਲ ਅਤੇ ਕਣਕ ਦਾ ਜੈਵਿਕ ਉਤਪਾਦਨ ਆਦਿ ਹੋਰ ਤਰੀਕੇ ਸਨ ਜਿਨ੍ਹਾਂ ਨਾਲ ਖੇਤੀ ਦੇ ਰਵਾਇਤੀ ਢੰਗਾਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ।

ਖੇਤੀਬਾੜੀ ਵਿੱਚ ਸਰਬੀਰਇੰਦਰ ਸਿੰਘ ਸਿੱਧੂ ਜੀ ਦੇ ਯੋਗਦਾਨ ਨੇ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਅਤੇ ਸਨਮਾਨ ਦਿਵਾਏ ਹਨ, ਜਿਹਨਾਂ ਵਿੱਚੋਂ ਇਹ ਦੋ ਮੁੱਖ ਹਨ:
• ਅਬੋਹਰ, ਪੰਜਾਬ ਵਿੱਚ ਰਾਜ ਪੱਧਰੀ ਸਿਟਰਸ ਸ਼ੋਅ ਜਿੱਤਿਆ।
• ਆਧੁਨਿਕ ਖੇਤੀਬਾੜੀ ਲਈ ਪੂਸਾ ਦਿੱਲੀ ਤੋਂ ਸਨਮਾਨ ਪ੍ਰਾਪਤ ਕੀਤਾ।

ਖੇਤੀਬਾੜੀ ਦੇ ਨਾਲ-ਨਾਲ ਸਰਬੀਰਇੰਦਰ ਜੀ ਸਿਰਫ਼ ਆਪਣੇ ਸ਼ੌਂਕ ਕਾਰਨ ਪਸ਼ੂ ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਡੇਅਰੀ ਪਸ਼ੂ, ਪੋਲਟਰੀ, ਪੰਛੀ, ਕੁੱਤੇ, ਬੱਕਰੀਆਂ ਅਤੇ ਮਾਰਵਾੜੀ ਘੋੜੇ ਪਾਲ਼ੇ ਹੋਏ ਹਨ। ਉਨ੍ਹਾਂ ਨੇ ਅੱਧੇ ਏਕੜ ਵਿੱਚ ਮੱਛੀ-ਪਾਲਣ ਲਈ ਤਲਾਬ ਬਣਾਇਆ ਅਤੇ ਰੁੱਖਾਂ ਵਿੱਚ 7000 ਸਫੇਦੇ ਅਤੇ 25 ਬਾਂਸ ਦੇ ਰੁੱਖ ਹਨ

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ 12 ਸਾਲ ਦੇ ਅਨੁਭਵ ਨਾਲ, ਸਰਬੀਰਇੰਦਰ ਜੀ ਨੇ ਕੁੱਝ ਮਹੱਤਵਪੂਰਣ ਮਾਮਲਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਸ ਮੁੱਦੇ ਦੁਆਰਾ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਪ੍ਰਮੁੱਖ ਚਿੰਤਾ ਦੇ ਵਿਸ਼ੇ ਹਨ।

ਸਬਸਿਡੀ ਅਤੇ ਖੇਤੀ ਯੋਜਨਾਵਾਂ
ਕਿਸਾਨ ਮੰਨਦੇ ਹਨ ਕਿ ਸਰਕਾਰ ਸਬਸਿਡੀ ਦੇ ਕੇ ਅਤੇ ਵਿਭਿੰਨ ਖੇਤੀਬਾੜੀ ਯੋਜਨਾਵਾਂ ਬਣਾ ਕੇ ਸਾਡੀ ਮਦਦ ਕਰ ਰਹੀ ਹੈ, ਪਰ ਇਹ ਸੱਚ ਨਹੀਂ ਹੈ, ਇਹ ਕਿਸਾਨਾਂ ਨੂੰ ਨਕਾਰਾ ਬਣਾਉਣ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇੱਕ ਤਰੀਕਾ ਹੈ। ਕਿਸਾਨਾਂ ਨੂੰ ਆਪਣੇ ਚੰਗਾ ਅਤੇ ਬੁਰਾ ਸਮਝਣਾ ਚਾਹੀਦਾ ਹੈ, ਕਿਉਂਕਿ ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ। ਜੇਕਰ ਇਸ ਨੂੰ ਪੱਕੇ ਇਰਾਦੇ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਅਮੀਰ ਬਣਾ ਸਕਦਾ ਹੈ।

ਨੌਜਵਾਨ ਪੀੜ੍ਹੀ ਦੀ ਸੋਚ –
ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਜਾਂ ਸ਼ਹਿਰ ਵਿੱਚ ਰਹਿਣ ਲਈ ਤਿਆਰ ਹੈ, ਉਨ੍ਹਾਂ ਨੂੰ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ? ਖੇਤੀਬਾੜੀ ਉਨ੍ਹਾਂ ਲਈ ਮਾੜਾ ਕੰਮ ਹੈ। ਸਿੱਖਿਆ ਅਤੇ ਰੁਜ਼ਗਾਰ ਵਿੱਚ ਸਰਕਾਰ ਦੇ ਪੈਸੇ ਨਿਵੇਸ਼ ਕਰਨ ਦਾ ਕੀ ਫਾਇਦਾ ਜੇਕਰ ਆਖਿਰ ਇਸ ਦਾ ਨਤੀਜਾ ਨਾ-ਮਾਤਰ ਹੀ ਰਹਿ ਜਾਵੇ। ਨੌਜਵਾਨ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਖੇਤੀਬਾੜੀ ਦਾ ਖੇਤਰ ਇੰਨਾ ਖੁਸ਼ਹਾਲ ਅਤੇ ਭਿੰਨ ਹੈ ਕਿ ਇਸ ਦੁਆਰਾ ਵਿਦੇਸ਼ੀ ਜੀਵਨ ਨਾਲੋਂ ਵੱਧ ਫਾਇਦੇ, ਕਮਾਈ ਅਤੇ ਖੁਸ਼ੀ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਮੰਡੀਕਰਣ –
ਅੱਜ, ਕਿਸਾਨਾਂ ਨੂੰ ਮੰਡੀਕਰਣ ਪ੍ਰਣਾਲੀ ‘ਚੋਂ ਵਿਚੋਲਿਆਂ ਨੂੰ ਹਟਾ ਕੇ ਖੁਦ ਵਿਕਰੇਤਾ ਬਣਨਾ ਪਵੇਗਾ ਅਤੇ ਇਹ ਹੀ ਇੱਕੋ ਤਰੀਕਾ ਹੈ ਜਿਸ ਨਾਲ ਕਿਸਾਨ ਆਪਣਾ ਗੁੰਮਿਆ ਹੋਇਆ ਸਥਾਨ ਸਮਾਜ ਵਿੱਚ ਦੁਬਾਰਾ ਹਾਸਿਲ ਕਰ ਸਕਦੇ ਹਨ। ਕਿਸਾਨਾਂ ਨੂੰ ਅਧੁਨਿਕ ਵਾਤਾਵਰਣ ਅਨੁਕੂਲ ਢੰਗ ਅਪਣਾਉਣੇ ਪੈਣਗੇ ਜੋ ਉਨ੍ਹਾਂ ਨੂੰ ਸਥਾਈ ਖੇਤੀਬਾੜੀ ਦੇ ਪਰਿਣਾਮਾਂ ਵੱਲ ਲੈ ਜਾਣਗੇ।

ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ-
“ਜ਼ਿੰਦਗੀ ਵਿੱਚ ਇੱਕ ਵਾਰ ਸਭ ਨੂੰ ਡਾਕਟਰ, ਵਕੀਲ, ਪੁਲਿਸ ਅਧਿਕਾਰੀ ਅਤੇ ਇੱਕ ਪ੍ਰਚਾਰਕ ਦੀ ਲੋੜ ਪੈਂਦੀ ਹੈ, ਪਰ ਕਿਸਾਨ ਦੀ ਜ਼ਰੂਰਤ ਇੱਕ ਦਿਨ ਵਿੱਚ ਤਿੰਨ ਵਾਰ ਪੈਂਦੀ ਹੈ।”

ਕਾਂਤਾ ਦੇਸ਼ਟਾ

ਪੂਰੀ ਕਹਾਣੀ ਪੜ੍ਹੋ

ਇਕ ਕਿਸਾਨ ਮਹਿਲਾ ਜਿਸਨੂੰ ਇਹ ਇਹਸਾਸ ਹੋਇਆ ਕਿ ਕਿਸ ਤਰ੍ਹਾਂ ਉਹ ਰਸਾਇਣਿਕ ਖੇਤੀ ਨਾਲ ਹੋਰਾਂ ਵਿਚ ਬਿਮਾਰੀਆਂ ਫੈਲਾ ਰਹੀ ਹੈ ਅਤੇ ਫਿਰ ਉਸ ਨੇ ਜੈਵਿਕ ਖੇਤੀ ਨੂੰ ਚੁਣ ਕੇ ਇਕ ਚੰਗਾ ਫੈਸਲਾ ਕੀਤਾ

ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਅੱਜ ਕੁੱਝ ਵੀ ਖਾ ਰਹੇ ਹਾਂ ਤੇ ਸਾਨੂੰ ਕਿਸਾਨਾਂ ਦਾ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਭ ਇਕ ਕਿਸਾਨ ਦੀ ਮਿਹਨਤ ਅਤੇ ਖੂਨ ਪਸੀਨੇ ਦਾ ਨਤੀਜਾ ਹੈ, ਜੋ ਉਹ ਖੇਤਾਂ ਵਿਚ ਵਹਾਉਂਦਾ ਹੈ। ਪਰ, ਜੇਕਰ ਉਹੀ ਕਿਸਾਨ, ਬਿਮਾਰੀਆਂ ਫੈਲਾਉਣ ਦਾ ਇਕ ਕਾਰਣ ਬਣ ਜਾਏ ਤਾਂ ਕੀ ਹੋਵੇਗਾ?

ਅੱਜ ਦੇ ਦੌਰ ਵਿੱਚ, ਰਸਾਇਣਿਕ ਖੇਤੀ, ਝਾੜ ਵਧਾਉਣ ਲਈ ਇਕ ਰੁਝਾਨ ਬਣ ਚੁਕੀ ਹੈ। ਬੁਨਿਆਦੀ ਭੋਜਨ ਦੀ ਲੋੜ ਨੂੰ ਪੂਰਾ ਕਰਨ ਦੀ ਬਜਾਏ ਖੇਤੀਬਾੜੀ ਵਧੇਰੇ ਬਿਜ਼ਨਸ ਬਣ ਗਈ ਹੈ। ਉਤਪਾਦਕ ਅਤੇ ਭੋਜਨ ਦੇ ਖਪਤਕਾਰ, ਦੋਵੇਂ ਖੇਤੀਬਾੜੀ ਦੇ ਮੂਲ ਮੰਤਵ ਨੂੰ ਭੁੱਲ ਗਏ ਹਨ।

ਇਸ ਸਥਿਤੀ ਨੂੰ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਮਾਸਾਨਬੋ ਫੁਕੂਓਕਾ ਨੇ ਚੰਗੀ ਤਰ੍ਹਾਂ ਜਾਣਿਆ ਅਤੇ ਲਿਖਦੇ ਹਨ:

“ਖੇਤੀ ਦਾ ਪਰਮ ਉਦੇਸ਼ ਫ਼ਸਲਾਂ ਉਗਾਉਣਾ ਨਹੀਂ ਬਲਕਿ ਮਨੁੱਖ ਨੂੰ ਇੱਕ ਬੇ-ਐਬ ਅਤੇ ਸੰਪੂਰਨ ਅਵਸਥਾ ਤੱਕ ਪਹੁੰਚਾਉਣਾ ਹੈ।”

ਇਸੇ ਸਥਿਤੀ ਵਿਚੋਂ ਲੱਗਦੇ ਹੋਏ ਇੱਕ ਮਹਿਲਾ – ਕਾਂਤਾ ਦੇਸ਼ਟਾ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਕਿ ਉਹ ਵੀ ਰਸਾਇਣਿਕ ਖੇਤੀ ਕਰ ਕੇ ਬਿਮਾਰੀਆਂ ਫੈਲਾਉਣ ਦਾ ਇੱਕ ਜ਼ਰੀਆ ਬਣ ਚੁਕੀ ਹੈ, ਅਤੇ ਉਸ ਨੇ ਜੈਵਿਕ ਖੇਤੀ ਕਰਨ ਦਾ ਇੱਕ ਚੰਗਾ ਫੈਸਲਾ ਕੀਤਾ।

ਕਾਂਤਾ ਦੇਸ਼ਟਾ ਸਮਾਲਾ ਪਿੰਡ ਦੀ ਇੱਕ ਆਮ ਕਿਸਾਨ ਸੀ ਜੋ ਕਿ ਸਬਜ਼ੀਆਂ ਅਤੇ ਫਲਾਂ ਕਿ ਖੇਤੀ ਕਰਕੇ ਕਈ ਵਾਰ ਉਸ ਨੂੰ ਆਪਣੇ ਰਿਸ਼ਤੇਦਾਰਾਂ, ਗਵਾਂਢੀਆਂ ਅਤੇ ਦੋਸਤਾਂ ਵਿੱਚ ਵੀ ਵੰਡਦੇ ਸੀ। ਪਰ ਇੱਕ ਦਿਨ, ਉਸ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਪੈਦਾ ਹੋਈਆਂ ਫ਼ਸਲਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਪਤਾ ਲੱਗਾ ਤਾ ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ। ਉਸ ਦਿਨ ਤੋਂ, ਉਸਨੇ ਫ਼ੈਸਲਾ ਕੀਤਾ ਕਿ ਉਹ ਰਸਾਇਣਾਂ ਦੀ ਵਰਤੋਂ ਬੰਦ ਕਰਕੇ, ਜੈਵਿਕ ਖੇਤੀ ਨੂੰ ਅਪਣਾਉਣਗੇ।

ਜੈਵਿਕ ਖੇਤੀ ਦੇ ਪ੍ਰਤੀ ਉਸਦੇ ਕਦਮ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਉਹ 2004 ਵਿੱਚ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਦੁਆਰਾ ਚਲਾਏ ਜਾ ਰਹੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ। ਉਸਨੇ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਅਨਾਜ ਅਤੇ ਮਸਾਲੇ ਜਿਵੇਂ ਕਿ ਸੇਬ, ਨਾਸ਼ਪਾਤੀਆਂ, ਬੇਰ, ਆੜੂ, ਜਾਪਾਨੀ ਅਪਰਿਕੋਟ, ਕੀਵੀ ਫਲ, ਗਿਰੀਦਾਰ, ਮਟਰ, ਬੀਨਸ (ਫਲੀਆਂ), ਬੈਂਗਣ, ਗੋਭੀ, ਮੂਲੀ, ਕਾਲੀ ਮਿਰਚ, ਲਾਲ ਮਿਰਚ, ਪਿਆਜ਼, ਕਣਕ, ਮਾਂਹ ਦੀ ਦਾਲ, ਮੱਕੀ ਅਤੇ ਜੌਂ ਆਦਿ ਪੈਦਾ ਕਰਨਾ ਸ਼ੁਰੂ ਕਰ ਦਿੱਤਾ।

ਜੈਵਿਕ ਖੇਤੀ ਨੂੰ ਅਪਨਾਉਣ ਦਾ ਉਸਦੀ ਆਮਦਨ ਤੇ ਸਕਾਰਾਤਮਕ ਪ੍ਰਭਾਵ ਹੋਇਆ ਅਤੇ ਇਸਨੂੰ ਸਾਲਾਨਾ 4 ਤੋਂ 5 ਲੱਖ ਤੱਕ ਵਧਾਇਆ। ਕੇਵਲ ਇਹ ਹੀ ਨਹੀਂ, ਪਰ ਮੋਰਾਰਕਾ ਫਾਊਂਡੇਸ਼ਨ ਦੀ ਮਦਦ ਨਾਲ ਕਾਂਤਾ ਦੇਸ਼ਟਾ ਨੇ ਆਪਣੇ ਪਿੰਡ ਵਿਚ ਔਰਤਾਂ ਦੇ ਇੱਕ ਸਮੂਹ ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਅਤੇ ਉਨ੍ਹਾਂ ਨੂੰ ਉਸੇ ਫਾਉਂਦਾਤਿਓਂ ਦੇ ਤਹਿਤ ਰਜਿਸਟਰ ਵੀ ਕਰਵਾਇਆ।

“ਮੈਂ ਮੰਨਦੀ ਹਾਂ ਕਿ ਇੱਕ ਸਮੂਹ ਵਿੱਚ ਲੋਕਾਂ ਨੂੰ ਗਿਆਨ ਪ੍ਰਦਾਨ ਕਰਨਾ ਬਿਹਤਰ ਹੈ ਕਿਉਂਕਿ ਇਸਦੀ ਕੀਮਤ ਘੱਟ ਹੈ ਅਤੇ ਅਸੀਂ ਇੱਕ ਸਮੇਂ ਵਧੇਰੇ ਲੋਕਾਂ ਨੂੰ ਗਿਆਨ ਦੇ ਸਕਦੇ ਹਾਂ।”

ਅੱਜ ਉਸਦਾ ਨਾਮ ਕਾਮਯਾਬ ਜੈਵਿਕ ਕਿਸਾਨਾਂ ਦੀ ਸੂਚੀ ਵਿੱਚ ਆਉਂਦਾ ਹੈ ਉਸ ਕੋਲ 31 ਬਿੱਘੇ ਸਿੰਚਾਈ ਜ਼ਮੀਨ ਹੈ ਜਿਸ ਰਾਹੀਂ ਉਹ ਖੇਤੀ ਕਰ ਰਹੀ ਹੈ ਅਤੇ ਲੱਖਾਂ ਵਿਚ ਲਾਭ ਕਮਾ ਰਹੀ ਹੈ। ਬਾਅਦ ਵਿਚ ਉਹ ਐਨ. ਓ. ਐਨ. ਆਈ. ਯੂਨੀਵਰਸਿਟੀ, ਦਿੱਲੀ, ਜੈਪੁਰ ਅਤੇ ਬੈਂਗਲੋਰ ਵਿਚ ਵੀ ਗਈ ਤਾਂ ਕਿ ਔਰਗੈਨਿਕ ਫਾਰਮਿੰਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਉਸ ਦੇ ਜ਼ੋਰਦਾਰ ਯਤਨ ਲਈ, ਉਸ ਨੂੰ ਦੋ ਵਾਰ ਸਰਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਿਮਲਾ ਵਿਚ ਬੈਸਟ ਫਾਰਮਰ ਐਵਾਰਡ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ ਅਤੇ 13 ਜੂਨ 2013 ਨੂੰ ਉਸ ਨੂੰ ਜੈਵਿਕ ਖੇਤੀ ਦੇ ਖੇਤਰ ਵਿਚ ਯੋਗਦਾਨ ਲਈ ਪ੍ਰਸ਼ੰਸਾ ਅਤੇ ਸਨਮਾਨ ਵੀ ਮਿਲਿਆ।

ਇੱਕ ਵਿਸ਼ਾਲ ਪੱਧਰ ਤੇ ਇੰਨੀ ਵਡਮੁੱਲੀ ਹੋਣ ਦੇ ਬਾਵਜੂਦ, ਇਹ ਔਰਤ ਆਪਣੇ ਆਪ ਪੂਰੀ ਵਾਹਵਾਹੀ ਨਹੀਂ ਲੈਂਦੀ ਅਤੇ ਉਹ ਮੰਨਦੀ ਹੈ ਕਿ ਉਸਦੀ ਸਫ਼ਲਤਾ ਦਾ ਸਾਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਨੂੰ ਜਾਂਦਾ ਹੈ ਜਿਸ ਨੇ ਉਸਨੂੰ ਸਹੀ ਰਸਤਾ ਵਿਖਾਇਆ ‘ਤੇ ਅਗਵਾਈ ਕੀਤੀ।

ਖੇਤੀ ਤੋਂ ਇਲਾਵਾ, ਕਾਂਤਾ ਕੋਲ ਦੋ ਗਾਵਾਂ ਅਤੇ 3 ਮੱਝਾਂ ਵੀ ਹਨ ਅਤੇ ਉਸਦੇ ਖੇਤਾਂ ਵਿੱਚ 30x8x10 ਦਾ ਇੱਕ ਵਰਮੀਕੰਪੋਸਟ ਪਲਾਂਟ ਵੀ ਹੈ ਜਿਸ ਵਿੱਚ ਉਹ ਪਸ਼ੂਆਂ ਗੋਬਰ ਅਤੇ ਖੇਤ ਦੀ ਰਹਿੰਦ-ਖੂੰਹਦ ਨੂੰ ਖਾਦ ਵਜੋਂ ਵਰਤਦੀ ਹੈ। ਉਹ ਭੂਮੀ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਅਤੇ ਖ਼ਰਚਿਆਂ ਨੂੰ ਘਟਾਉਣ ਲਈ, ਕੀਟਨਾਸ਼ਕਾਂ ਦੀ ਥਾਂ ‘ਤੇ ਜੜ੍ਹੀ-ਬੂਟੀਆਂ ਦੇ ਸਪਰੇਅ ਐਪਰਚਰ ਵਾਸ਼, ਜੀਵ-ਅੰਮ੍ਰਿਤ ਅਤੇ ਐਨ. ਐਸ. ਡੀ. ਐਲ. ਦੀ ਵਰਤੋਂ ਕਰਦੀ ਹੈ।

ਹੁਣ, ਕਾਂਤਾ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿਚ ਸਬਜ਼ੀਆਂ ਅਤੇ ਫਲ ਵੰਡਣ ਦੌਰਾਨ ਖੁਸ਼ੀ ਮਹਿਸੂਸ ਕਰਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਜੋ ਉਹ ਜੋ ਵੰਡ ਰਹੀ ਹੈ ਉਹ ਨੁਕਸਾਨਦੇਹ ਰਸਾਇਣਾਂ ਤੋਂ ਮੁਕਤ ਹੈ ਅਤੇ ਉਹ ਇਸ ਨੂੰ ਖਾ ਕੇ ਉਸਦੇ ਰਿਸ਼ਤੇਦਾਰ ਅਤੇ ਦੋਸਤ ਸਿਹਤਮੰਦ ਰਹਿਣਗੇ।

ਕਾਂਤਾ ਦੇਸ਼ਟਾ ਵੱਲੋਂ ਸੰਦੇਸ਼:
“ਜੈਵਿਕ ਖੇਤੀ ਬਹੁਤ ਮਹੱਤਵਪੂਰਨ ਹੈ ਜੇ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ”