ਅਦਨਾਨ ਅਲੀ ਖਾਨ

ਪੂਰੀ ਸਟੋਰੀ ਪੜੋ

TUFA ਨਾਮ ਬ੍ਰੈਂਡ ਦੇ ਤਹਿਤ ਬਣਾਏ ਵਿਭਿੰਨ ਪ੍ਰਕਾਰ ਦੇ ਉਤਪਾਦ

ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਬਚਪਨ ਤੋਂ ਹੀ ਖੇਤੀ ਨਾਲ ਜੁੜਿਆ ਹੋਇਆ ਹੈ। ਸ਼ੋਪੀਆਂ, ਜੰਮੂ ਅਤੇ ਕਸ਼ਮੀਰ ਤੋਂ ਚੌਥੀ ਪੀੜ੍ਹੀ ਦੇ ਕਿਸਾਨ ਅਤੇ ਉੱਦਮੀ ਜਿਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਜੈਕਟ ਪ੍ਰਬੰਧਨ, ਖੇਤੀ ਕਾਰੋਬਾਰ, ਉਤਪਾਦ ਵਿਕਾਸ, ਇਨੋਵੇਸ਼ਨ, ਉਤਪਾਦਨ ਅਤੇ ਯੋਜਨਾ ਪ੍ਰਬੰਧਨ ਵਿੱਚ ਦਸ ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਅਦਨਾਨ ਅਲੀ ਖਾਨ ਨੇ ਪੂਨੇ (Pune) ਵਿੱਚ ਭਾਰਤੀ ਵਿਦਿਆਪੀਠ ਯੂਨੀਵਰਸਿਟੀ ਤੋਂ ਇੰਡਸਟਰੀਅਲ ਪ੍ਰੋਡਕਸ਼ਟਨ ਇੰਜੀਨੀਅਰਿੰਗ ਵਿੱਚ ਬੀ.ਈ. ਪੂਰੀ ਕੀਤੀ ਅਤੇ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿੱਚ ਇਸਲਾਮਿਕ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਤੋਂ ਮਾਰਕੀਟਿੰਗ ਅਤੇ ਐੱਚ.ਆਰ. ਵਿੱਚ ਐਮ.ਬੀ.ਏ ਕੀਤੀ।

ਉਨਾਂ ਨੇ ਏ.ਐੱਲ. ਕਰੀਮ Souq Pvt. Ltd ਬ੍ਰਾਂਡ ਨਾਮ “TUFA” ਨਾਲ ਆਪਣਾ ਸਟਾਰਟਅੱਪ ਸ਼ੁਰੂ ਕੀਤਾ, ਜਿਸ ਦਾ ਉਦੇਸ਼ ਜੰਮੂ ਅਤੇ ਕਸ਼ਮੀਰ ਦੇ ਕਿਸਾਨਾਂ ਨੂੰ ਸਮਰਥਾ ਪ੍ਰਦਾਨ ਕਰਨਾ ਹੈ। ਅਰਬੀ ਵਿੱਚ “TUFA” ਦਾ ਅਰਥ ਸੇਬ ਹੁੰਦਾ ਹਨ।

ਉਹਨਾਂ ਦੇ ਸਟਾਰਟਅੱਪ, “TUFA” ਦਾ ਮੁੱਖ ਕੰਮ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਵਿਚੋਲਿਆਂ ਨੂੰ ਹਟਾਉਣਾ ਅਤੇ ਬ੍ਰਾਂਡਿੰਗ, ਮਾਰਕੀਟਿੰਗ, ਉਤਪਾਦਾਂ ਨੂੰ ਔਨਲਾਈਨ ਅਤੇ ਔਫਲਾਈਨ ਸਿੱਧੇ ਗਾਹਕਾਂ ਨੂੰ ਵੇਚਣਾ ਜਾਂ ਬਿਜ਼ਨੇਸ ਤੋਂ ਬਿਜ਼ਨੇਸ ਤੱਕ ਸਿੱਧਾ ਵੇਚਣਾ ਸੀ, ਜਿਸ ਨਾਲ 30% ਤੋਂ 40% ਤੱਕ ਕਿਸਾਨਾਂ ਨੂੰ ਫਾਇਦਾ ਹੋਇਆ। ਨਾਲ ਹੀ, ਕਈ ਹੋਰ ਐਗਰੀਟੈੱਕ ਸਟਾਰਟਅੱਪ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਨ ਲਈ ਅੱਗੇ ਆਉਣਗੇ। ਇਹਨਾਂ ਦਾ ਮੁੱਖ ਟੀਚਾ ਕਸ਼ਮੀਰੀ ਉਤਪਾਦਾਂ ਜਿਵੇਂ ਸੇਬ, ਅਖਰੋਟ, ਬਾਦਾਮ, ਕੇਸਰ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਗਾਹਕਾਂ ਲਈ ਖਰੀਦਣਯੋਗ ਬਣਾਉਣਾ ਹੈ।

ਸੇਬਾਂ ਨੂੰ ਸਫਲਤਾਪੂਰਵਕ ਵੇਚਣ ਤੋਂ ਬਾਅਦ, ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਸੇਬਾਂ ਨੂੰ ਇੱਕ ਨਵੇਂ ਤਰੀਕੇ ਨਾਲ ਪੈਕੇਜ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਕਸ਼ਮੀਰ ਦੇ ਹੋਰ ਪ੍ਰੀਮੀਅਮ ਉਤਪਾਦਾਂ ਜਿਵੇਂ ਕੇਸਰ, ਅਖਰੋਟ, ਬਾਦਾਮ, ਸ਼ਿਲਾਜੀਤ, ਲੈਵੇਂਡਰ ਤੇਲ, ਕੌਫੀ ਅਤੇ ਹੋਰ ਉਤਪਾਦਾਂ ਨੂੰ ਪੂਰੇ ਭਾਰਤ ਦੀ ਮਾਰਕੀਟ ਵਿੱਚ ਲੈ ਕੇ ਆਉਣ ਲਈ ਉਤਸ਼ਾਹਿਤ ਕੀਤਾ।

ਅਦਨਾਨ ਅਲੀ ਜੀ ਨੂੰ ਦੇਸ਼-ਵਿਦੇਸ਼ ‘ਚ ਗਾਹਕਾਂ ਦਾ ਬਹੁਤ ਹੁੰਗਾਰਾ ਮਿਲਿਆ। ਉਹ ਨਾ ਕੇਵਲ ਉਤਪਾਦ ਬਣਾਉਂਦੇ ਬਲਕਿ ਬਿਨਾਂ ਕਿਸੇ ਵਿਚੋਲੇ ਦੇ ਆਪਣੇ ਉਤਪਾਦਾਂ ਦਾ ਨਿਰਮਾਣ, ਬ੍ਰਾਂਡ, ਮਾਰਕੀਟਿੰਗ ਅਤੇ ਵੇਚਦੇ ਵੀ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਅਤੇ ਉਹ ਕਾਰੋਬਾਰ ਬਾਰੇ ਗੱਲਬਾਤ ਕਰਨ ਦੇ ਯੋਗ ਵੀ ਹੋਏ। ਉਨ੍ਹਾਂ ਦਾ ਮੁੱਖ ਉਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਇੱਕ ਸਟਾਰਟਅੱਪ ਈਕੋਸਿਸਟਮ ਬਣਾਉਣਾ ਸੀ ਤਾਂ ਜੋ ਖੇਤੀਬਾੜੀ ਅਤੇ ਬਾਗਬਾਨੀ ਉਦਯੋਗ ਨਵੀਆਂ ਉਚਾਈਆਂ ਤੱਕ ਪਹੁੰਚ ਸਕੇ।

2010 ਵਿੱਚ ਰਿਸਰਚ ਕਰਦੇ ਸਮੇਂ ਉਨ੍ਹਾਂ ਨੇ ਇਹ ਸਮਝਿਆ ਕਿ ਕਿਸਾਨਾਂ ਨੂੰ ਵਿਚੋਲਿਆਂ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ, ਕਿਸਾਨਾਂ ਨੂੰ ਸਿਰਫ਼ ਮੁੱਲ ਦਾ 20% ਹੀ ਮਿਲਦਾ ਹੈ। ਅਦਨਾਨ ਅਲੀ ਖਾਨ ਜੀ ਨੇ MBA ਕੀਤੀ ਹੋਣ ਕਰਕੇ ਉਹਨਾਂ ਨੇ ਰਿਸਰਚ ਕੀਤੀ ਅਤੇ ਪਤਾ ਲੱਗਾ ਕਿ ਥੋਕ ਅਤੇ ਰਿਟੇਲ ਦੇ ਰੇਟ ਵਿੱਚ ਬਹੁਤ ਅੰਤਰ ਹੈ।

ਅਦਨਾਨ ਜੀ ਨੇ ਦੇਖਿਆ ਕਿ ਕਸ਼ਮੀਰੀ ਉਤਪਾਦਾਂ ਦੀ ਭਾਰੀ ਮੰਗ ਹੈ, ਜੋ ਕਿ ਪ੍ਰੀਮੀਅਮ ਉਤਪਾਦ ਹਨ। TUFA ਨੇ ਸੇਬ ਦੇ ਛੋਟੇ ਪੈਕ ਨਾਲ ਸ਼ੁਰੂਆਤ ਕੀਤੀ ਅਤੇ ਉਹਨਾਂ ਨੂੰ ਕਸ਼ਮੀਰ ਵਿੱਚ ਸੁਪਰਮਾਰਕੀਟਾਂ ਵਿੱਚ ਸਪਲਾਈ ਕੀਤਾ, ਅਤੇ ਇਹ ਗਾਹਕਾਂ ਨੂੰ ਬਹੁਤ ਪਸੰਦ ਆਇਆ। ਫਿਰ ਉਨ੍ਹਾਂ ਨੇ ਹੋਰ ਉਤਪਾਦਾਂ ਜਿਵੇਂ ਕੇਸਰ, ਅਖਰੋਟ, ਬਾਦਾਮ, ਲੈਵੇਂਡਰ ਤੇਲ ਆਦਿ ਨਾਲ ਸ਼ੁਰੂਆਤ ਕੀਤੀ।

ਅਦਨਾਨ ਅਲੀ ਖਾਨ ਜੀ ਨੇ ਇਕੁਇਟੀ, ਸਮਾਵੇਸ਼ ਅਤੇ ਸਥਿਰਤਾ ਦੇ ਸਿਧਾਂਤਾਂ ਦੀ ਵਰਤੋਂ ਕਰਦੇ ਹੋਏ ਸੀਮਾਂਤ ਕਿਸਾਨਾਂ ਦੀ ਮਦਦ ਕਰਕੇ ਖੇਤੀ-ਉਤਪਾਦ ਵਿਕਾਸ ਵਿੱਚ ਉੱਤਮਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਉਨ੍ਹਾਂ ਦਾ ਮਿਸ਼ਨ ਮਾਰਕੀਟ ਦੀ ਖੋਜ ਵਿੱਚ ਖੇਤੀ-ਕਿਸਾਨਾਂ ਨੂੰ ਮਾਰਕੀਟ ਸਹਾਇਤਾ, ਸਿੱਧੀ ਅਤੇ ਸਹਿਜ ਪ੍ਰਦਾਨ ਕਰਕੇ ਕਨੈਕਟੀਵਿਟੀ ਦੀ ਪ੍ਰਾਪਤੀ ਅਤੇ ਤਕਨੀਕੀ ਦਖਲਅੰਦਾਜ਼ੀ ਦੁਆਰਾ ਮੁੱਖ ਧਾਰਾ ਦੀ ਮਾਰਕੀਟ ਏਕੀਕਰਣ ਵਿੱਚ ਸਹਾਇਤਾ ਪ੍ਰਦਾਨ ਕਰਕੇ ਰਾਸ਼ਟਰੀ ਪੱਧਰ ‘ਤੇ ਇੱਕ ਸਫਲ ਖੇਤੀ-ਕਿਸਾਨ ਬਣਨਾ ਹੈ।

“TUFA” ਕੁਦਰਤ ਦਾ ਇੱਕ ਤੋਹਫ਼ਾ ਹੈ ਕਿਉਂਕਿ ਸਾਰੇ ਉਤਪਾਦ ਕੁਦਰਤੀ ਅਤੇ ਸਿੱਧੇ ਫਾਰਮ ਵਾਲੇ ਹੁੰਦੇ ਹਨ, ਜੋ ਬਿਨਾਂ ਕਿਸੇ ਮਿਲਾਵਟ ਜਾਂ ਕੈਮੀਕਲ ਵਾਲੇ ਹੁੰਦੇ ਹਨ। ਜ਼ਿਆਦਾਤਰ ਉਤਪਾਦਾਂ ਵਿੱਚ ਖਣਿਜ, ਪੌਸ਼ਟਿਕ ਤੱਤ ਅਤੇ ਚਿਕਿਤਸਕ ਮੁੱਲ ਹੁੰਦੇ ਹਨ, ਜਿਵੇਂ ਕਿ ਅਖਰੋਟ, ਬਾਦਾਮ, ਕੇਸਰ, ਅਤੇ ਲੈਵੇਂਡਰ ਤੇਲ ਆਦਿ। ਇਸ ਦੀ ਚੰਗੀ ਗੱਲ ਇਹ ਹੈ ਕਿ ਜੈਵਿਕ ਉਤਪਾਦ ਬਾਜ਼ਾਰ ਵਿੱਚ ਦੂਜੇ ਬ੍ਰਾਂਡਾਂ ਦੇ ਮੁਕਾਬਲੇ 30% ਘੱਟ ਮਹਿੰਗੇ ਹੁੰਦੇ ਹਨ।

ਉਤਪਾਦਾਂ ਦੀ ਸੂਚੀ

  • ਸੇਬ, ਅਖਰੋਟ, ਬਦਾਮ, ਕੇਸਰ, ਸ਼ਿਲਾਜੀਤ, ਲੈਵੇਂਡਰ ਦਾ ਤੇਲ, ਗੁਲਕੰਦ
  • ਅੰਜੀਰ, ਕਰੈਨਬੇਰੀ, ਬਲੂਬੇਰੀ, ਰਾਜਮਾ ਦਾਲ
  • ਕਾਹਵਾ ਚਾਹ, ਸ਼ਹਿਦ, ਮਸਾਲਾ ਟਿੱਕੀ, ਲਾਲ ਮਿਰਚ ਪਾਊਡਰ
  • ਲਵੈਂਡਰ ਦੀ ਚਾਹ, ਖੁਬਾਨੀ, ਅਖਰੋਟ ਦਾ ਤੇਲ, ਬਾਦਾਮ ਦਾ ਤੇਲ, ਸੇਬ ਦਾ ਆਚਾਰ ਅਤੇ ਸੇਬ ਦੀ ਚਟਣੀ ਆਦਿ।

ਖਾਨ ਜੀ ਇਸ ਕੰਮ ਨੂੰ ਸ਼ੁਰੂ ਕਰਨ ਵਿੱਚ ਖੁਸ਼ਕਿਸਮਤ ਰਹੇ, ਕਿਉਂਕਿ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਸਾਰਿਆਂ ਦਾ ਸਹਿਯੋਗ ਮਿਲਿਆ। ਉਹਨਾਂ ਦਾ ਪਰਿਵਾਰ ਅਤੇ ਸਲਾਹਕਾਰ ਹਮੇਸ਼ਾ ਸਮਰਥਨ ਦਾ ਸ੍ਰੋਤ ਰਹੇ। ਇਸ ਤੋਂ ਇਲਾਵਾ ਉਨ੍ਹਾਂ ਦੇ ਇਸ ਕੰਮ ਲਈ NIAM ਜੈਪੁਰ, ਵਾਈਸ ਚਾਂਸਲਰ SKUAST ਕਸ਼ਮੀਰ, ਵਾਈਸ ਚਾਂਸਲਰ IUST ਕਸ਼ਮੀਰ, ਡਾਇਰੈਕਟਰ CIED IUST ਅਤੇ ਡਾਇਰੈਕਟਰ ਜਨਰਲ ਬਾਗਬਾਨੀ ਕਸ਼ਮੀਰ ਵਰਗੇ ਕਈ ਉੱਚ ਅਧਿਕਾਰੀਆਂ ਦੁਆਰਾ ਸਮਰਥਨ ਅਤੇ ਪ੍ਰਸ਼ੰਸਾ ਕੀਤੀ ਗਈ। ਓਥੇ ਸ਼ਾਮਿਲ ਲੋਕਾਂ ਵਿੱਚ ਜੰਮੂ-ਕਸ਼ਮੀਰ ਦੇ ਮਾਣਯੋਗ ਉਪ ਰਾਜਪਾਲ, UT ਚੇਅਰਮੈਨ ਸ਼੍ਰੀ ਮਨੋਜ ਸਿਨਹਾ ਅਤੇ ਜੰਮੂ-ਕਸ਼ਮੀਰ ਦੇ ਕਿਸਾਨ ਸ਼ਾਮਲ ਸਨ।


ਭਵਿੱਖ ਦੀ ਯੋਜਨਾ

ਪ੍ਰੀਮੀਅਮ ਕਸ਼ਮੀਰੀ ਉਤਪਾਦਾਂ ਨੂੰ ਵੇਚਣ ਲਈ ਇੱਕ ਫਰੈਂਚਾਈਜ਼ੀ ਮਾਡਲ ਬਣਾਉਣ ਦੀ ਯੋਜਨਾ ਹੈ। ਅਦਨਾਨ ਨੂੰ ਪੂਰੇ ਭਾਰਤ ਵਿੱਚ ਪਹਿਚਾਣ ਹੋਵੇਗੀ ਅਤੇ ਅਸੀਂ ਕਸ਼ਮੀਰ ਤੋਂ ਹੋਰ ਅਲੱਗ ਉਤਪਾਦ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਉਹ ਫਲਿੱਪਕਾਰਟ ਅਤੇ ਐਮਾਜ਼ਾਨ ‘ਤੇ ਵੀ ਆਪਣੇ ਉਤਪਾਦ ਵੇਚਣਾ ਚਾਹੁੰਦੇ ਹਨ ਤਾਂ ਜੋ ਉਹ ਸਾਰੇ ਗ੍ਰਾਹਕਾਂ ਤੱਕ ਪਹੁੰਚ ਕਰ ਸਕਣ। ਉਹ ਫ੍ਰੈਂਚਾਇਜ਼ੀ ਮਾਡਲ ਦੁਆਰਾ ਪੂਰੇ ਭਾਰਤ ਵਿੱਚ ਸਟੋਰ ਖੋਲ੍ਹਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਹ ਆਪਣੇ ਕੰਮ ਨੂੰ ਪੂਰੇ ਭਾਰਤ ਵਿੱਚ ਫੈਲਾਉਣਾ ਚਾਹੁੰਦੇ ਹਨ।


ਚੁਣੌਤੀਆਂ

ਅਦਨਾਨ ਜੀ ਨੂੰ ਸ਼ੁਰੂਆਤ ਵਿੱਚ ਪੂੰਜੀ ਨਿਵੇਸ਼, ਗਿਆਨ ਅਤੇ ਮੁਹਾਰਤ ਦੀ ਕਮੀ ਦੇ ਰੂਪ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੋਵਿਡ-19 ਦੌਰਾਨ, ਸਾਰੇ ਕੰਮ ਬੰਦ ਕਰ ਦਿੱਤੇ ਗਏ ਸਨ। ਹੁਣ ਚੀਜ਼ਾਂ ਆਸਾਨ ਹੋ ਗਈਆਂ ਹਨ ਅਤੇ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ।

ਅਦਨਾਨ ਅਲੀ ਨੇ ਅਗਲੇ 10 ਸਾਲਾਂ ਵਿੱਚ ‘TUFA’ ਨੂੰ ਜੰਮੂ-ਕਸ਼ਮੀਰ ਦਾ ਪਹਿਲਾ ਯੂਨੀਕੋਰਨ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਉਹ ਕਿਸਾਨਾਂ ਨੂੰ ਬਿਨ੍ਹਾਂ ਵਿਚੋਲਿਆਂ ਦੇ ਸਿੱਧੇ ਗ੍ਰਾਹਕਾਂ ਨੂੰ ਆਪਣੀ ਉਪਜ ਵੇਚਣ ਦਾ ਪਲੇਟਫਾਰਮ ਪ੍ਰਦਾਨ ਕਰਨਾ ਚਾਹੁੰਦਾ ਹੈ। ਉਹ ਮੰਨਦੇ ਹਨ ਕਿ ਹਰ ਰੋਜ਼ ਉਹ ਪ੍ਰੀਮੀਅਮ ਕਸ਼ਮੀਰੀ ਉਤਪਾਦਾਂ ਲਈ ਇੱਕ ਬ੍ਰਾਂਡ ਬਣਾਉਣ ਦੇ ਆਪਣੇ ਉਦੇਸ਼ ਲਈ ਕੰਮ ਕਰ ਰਹੇ ਹਨ ਜੋ ਇੱਕ ਵਾਜਬ ਕੀਮਤ ‘ਤੇ ਤੱਤਾਂ ਨਾਲ ਭਰਿਆ ਉਤਪਾਦ ਪੇਸ਼ ਕਰਨਗੇ।

ਸੰਦੇਸ਼

ਕਿਸਾਨਾਂ ਨੂੰ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ, ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ ਆਪਣੇ ਉਤਪਾਦ ਵੇਚਣੇ ਚਾਹੀਦੇ ਹਨ ਅਤੇ ਵਿਚੋਲਿਆਂ ਨੂੰ ਖੇਤੀਬਾੜੀ ਦੇ ਧੰਦੇ ਤੋਂ ਹਟਾਉਣਾ ਚਾਹੀਦਾ ਹੈ। ਸਾਨੂੰ ਹਰੇਕ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਲਈ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।

ਮਧੁਲਿਕਾ ਰਾਮਟੇਕੇ

ਪੂਰੀ ਸਟੋਰੀ ਪੜ੍ਹੋ

ਇੱਕ ਸਮਾਜ ਸੇਵਿਕਾ ਬਣ ਕੇ ਸਾਹਮਣੇ ਆਉਣ ਵਾਲੀ ਜਿਸਨੇ ਹੋਰ ਔਰਤਾਂ ਨੂੰ ਆਰਥਿਕ ਤੌਰ ‘ਤੇ ਸਵਤੰਤਰ ਬਣਨ ਦੇ ਲਈ ਪ੍ਰੇਰਿਤ ਕੀਤਾ

ਜਿਵੇਂ ਪੁਰਾਣੇ ਸਮੇਂ ਵਿੱਚ ਕਿਹਾ ਜਾਂਦਾ ਸੀ ਕਿ ਕੇਵਲ ਘਰ ਦੀ ਆਰਥਿਕ ਜਿੰਮੇਵਾਰੀ ਮਰਦ ਹੀ ਸੰਭਾਲਦੇ ਹਨ, ਪਰ ਅੱਜ ਇਹ ਗੱਲ ਬਿਲਕੁਲ ਗਲਤ ਸਾਬਿਤ ਹੁੰਦੀ ਆ ਰਹੀ ਹੈ। ਅੱਜ ਔਰਤ, ਮਰਦ ਨਾਲੋਂ ਘੱਟ ਨਹੀਂ ਸਗੋਂ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਵਿੱਚ ਕੰਮ ਕਰਦੀ ਹੈ। ਇਹ ਕਹਾਣੀ ਛੱਤੀਸਗੜ੍ਹ ਦੇ ਪਿੰਡ ਰਾਜਨੰਦ ਵਿੱਚ ਰਹਿਣ ਵਾਲੀ ਇੱਕ ਅਜਿਹੀ ਸਮਾਜ ਸੇਵਿਕਾ ਦੀ ਹੈ।

ਸ਼੍ਰੀਮਤੀ ਮਧੁਲਿਕਾ ਰਾਮਟੇਕੇ ਇੱਕ ਅਜਿਹੇ ਹੀ ਸਮਾਜ ਵਿੱਚ ਆਉਂਦੀ ਹੈ ਜਿੱਥੇ ਜਾਤੀ ਭੇਦਭਾਵ ਆਮ ਦੇਖਣ ਨੂੰ ਮਿਲਦਾ ਹੈ। ਪਰ ਇਹ ਗੱਲ ਪਿਛਲੇ ਕਈ ਵਰ੍ਹਿਆਂ ਤੋਂ ਚੱਲਦੀ ਆ ਰਹੀ ਹੈ ਜਿੱਥੇ ਉੱਚ ਜਾਤੀ ਨੂੰ ਸਾਰੇ ਅਧਿਕਾਰ ਦਿੱਤੇ ਜਾਂਦੇ ਸਨ ਇਸ ਦੇ ਉਲਟ ਛੋਟੀ ਜਾਤੀ ਤੋਂ ਸਾਰੇ ਅਧਿਕਾਰ ਖੋਹ ਲਏ ਜਾਂਦੇ ਸਨ। ਇਹ ਸਭ ਕੁਝ ਮਧੂਲਿਕਾ ਜੀ ਬਚਪਨ ਤੋਂ ਹੀ ਦੇਖਦੇ ਆ ਰਹੇ ਸਨ। ਜਦੋਂ ਉਹ ਛੋਟੇ ਸਨ ਤਾਂ ਉਨ੍ਹਾਂ ਨੂੰ ਦੂਜੇ ਬੱਚਿਆਂ ਨਾਲ ਖੇਡਣ ਦੀ ਵੀ ਇਜ਼ਾਜ਼ਤ ਨਹੀਂ ਸੀ। ਇਹਨਾਂ ਨੂੰ ਦੇਖਦੇ ਜਦੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਏ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਡਾ. ਬੀ ਆਰ ਅੰਬੇਡਕਰ ਦੀ ਉਦਹਾਰਣ ਦਿੱਤੀ ਕਿ ਕਿਵੇਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਸਿੱਖਿਆ ਗ੍ਰਹਿਣ ਕਰਕੇ ਆਪਣਾ ਜੀਵਨ ਬਦਲਿਆ। ਜਿਸ ਦੇ ਅਸਲ ਹੱਕਦਾਰ ਸਨ ਉਹ ਸਨਮਾਨ ਪ੍ਰਾਪਤ ਕੀਤਾ। ਇਹ ਸੁਣ ਕਿ ਮਧੂਲਿਕਾ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਕਸ਼ੇ ਕਦਮਾਂ ਉੱਤੇ ਚੱਲਣਾ ਸ਼ੁਰੂ ਕੀਤਾ। ਸਕੂਲ ਦੀ ਪੜ੍ਹਾਈ ਦੌਰਾਨ ਮਧੂਲਿਕਾ ਦਾ ਨਾਮ ਹੁਸ਼ਿਆਰ ਵਿਦਿਆਰਥੀਆਂ ਵਿੱਚ ਆਉਂਦਾ ਸੀ ਅਤੇ ਹਮੇਸ਼ਾਂ ਹੀ ਕੁੜੀਆਂ ਦੇ ਮਾਪਿਆਂ ਕੋਲ ਜਾ-ਜਾ ਕੇ ਕੁੜੀਆਂ ਨੂੰ ਸਕੂਲ ਭੇਜਣ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ, ਉਸ ਤੋਂ ਬਾਅਦ ਆਪਣੇ ਘਰ ਦੇ ਨਜ਼ਦੀਕ ਦੇ ਹੋਰ ਅਨਪੜ੍ਹ ਲੜਕੀਆਂ ਦੀ ਮਦਦ ਕੀਤੀ।

ਉਸ ਤੋਂ ਬਾਅਦ ਮਧੂਲਿਕਾ ਜੀ ਨੇ ਫਿਰ ਇੱਕ ਹੋਰ ਕਦਮ ਚੁੱਕਿਆ ਜਿੱਥੇ ਉਨ੍ਹਾਂ ਨੇ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਇਕੱਠੀਆਂ ਕਰਕੇ ਇੱਕ ਸੈਲਫ-ਹੈਲਪ ਗਰੁੱਪ ਬਣਾਇਆ ਅਤੇ ਪਿੰਡ ਵਾਲਿਆਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸਦਾ ਪਿੰਡ ਵਿੱਚ ਰਹਿਣ ਵਾਲੇ ਮਰਦਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਇਹ ਜਾ ਕੇ ਅਹਿਸਾਸ ਹੋਇਆ ਕਿ ਔਰਤਾਂ ਨੂੰ ਅੱਗੇ ਲੈ ਕੇ ਆਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਸਿੱਖਿਆ, ਨਸਬੰਦੀ, ਸਵੱਛਤਾ, ਨਸ਼ਿਆਂ ਦੀ ਵਰਤੋਂ, ਪਾਣੀ ਦੀ ਸੰਭਾਲ ਆਦਿ ਅਨੇਕਾਂ ਗੰਭੀਰ ਮੁੱਦਿਆਂ ਸੰਬੰਧੀ ਕਈ ਕੈਂਪ ਵੀ ਲਗਾਏ।

ਸਾਲ 2001 ਵਿੱਚ, ਉਨ੍ਹਾਂ ਨੇ ਅਤੇ ਉਨ੍ਹਾਂ ਦੀਆਂ ਮਹਿਲਾ ਸਾਥੀਆਂ ਨੇ ਇਕੱਠੇ ਹੋ ਇੱਕ ਬੈਂਕ ਸ਼ੁਰੂ ਕੀਤਾ, ਜਿਸ ਦਾ ਨਾਮ “ਮਾਂ ਬਮਲੇਸ਼ਵਰੀ ਬੈਂਕ” ਰੱਖਿਆ ਅਤੇ ਜਿਸ ਵਿੱਚ ਉਨ੍ਹਾਂ ਨੇ ਸਾਰੀ ਬੱਚਤ ਜਮ੍ਹਾ ਕਰਨੀ ਸ਼ੁਰੂ ਕੀਤੀ। ਇਹ ਬੈਂਕ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਇਆ ਜਾਂਦਾ ਹੈ। ਜਦੋਂ ਕਦੇ ਵੀ ਕਿਸੇ ਔਰਤ ਨੂੰ ਕੋਈ ਵੀ ਕੰਮ ਕਰਨ ਦੇ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਬੈਂਕ ਵਿੱਚ ਜਮ੍ਹਾ ਕੀਤੀ ਰਾਸ਼ੀ ਵਿੱਚੋਂ ਕੁਝ ਰਾਸ਼ੀ ਦਾ ਉਪਯੋਗ ਕਰ ਸਕਦੀ ਹੈ। ਅੱਜ ਇਸ ਬੈਂਕ ਵਿੱਚ ਕੁੱਲ ਜਮ੍ਹਾ ਰਾਸ਼ੀ 40 ਕਰੋੜ ਰੁਪਏ ਹੈ।

ਏਕਤਾ ਵਿੱਚ ਬਲ ਹੈ, ਪਰ ਇਕੱਲਿਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੁੰਦਾ, ਜੇਕਰ ਇਕੱਠੇ ਹੋ ਇੱਕ ਗਰੁੱਪ ਵਿੱਚ ਕੰਮ ਕੀਤਾ ਜਾਵੇ ਤਾਂ ਹਰ ਮੁਸ਼ਕਿਲ ਦਾ ਹੱਲ ਹੋ ਜਾਂਦਾ ਹੈ। ਇਸ ਲਈ ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਆਪਣੇ ਗਰੁੱਪ ਕਰਕੇ ਹੀ ਹਾਂ- ਮਧੂਲਿਕਾ

ਸਾਲ 2016 ਵਿੱਚ ਮਧੂਲਿਕਾ ਜੀ ਅਤੇ ਉਨ੍ਹਾਂ ਦੁਆਰਾ ਬਣਾਏ ਸੈਲਫ-ਹੈਲਪ ਗਰੁੱਪ ਨੇ ਤਿੰਨ ਸੋਸਾਇਟੀਆਂ ਦਾ ਨਿਰਮਾਣ ਕੀਤਾ। ਪਹਿਲੀ ਸੋਸਾਇਟੀ ਦੇ ਅੰਤਰਗਤ ਦੁੱਧ ਉਤਪਾਦਨ ਦਾ ਕੰਮ ਸ਼ੁਰੂ ਕੀਤਾ ਜਿਸ ਵਿੱਚ 1000 ਲੀਟਰ ਦੁੱਧ ਦਾ ਉਤਪਾਦਨ ਹੋਇਆ। ਜਿਸ ਨੂੰ ਉਹ ਸਥਾਨਿਕ ਪੱਧਰ ‘ਤੇ ਹੋਟਲ ਅਤੇ ਰੈਸਟੋਰੈਂਟ ਵਿੱਚ ਵੇਚਣ ਲੱਗੇ। ਦੂਜੀ ਸੋਸਾਇਟੀ ਦੇ ਅੰਤਰਗਤ ਉਨ੍ਹਾਂ ਦੇ ਹਰਾ-ਬਹੇੜਾ ਨਾਮ ਦੀ ਆਯੁਰਵੈਦਿਕ ਜੜ੍ਹੀ-ਬੂਟੀ ਦੀ ਖੇਤੀ ਕਰਨੀ ਸ਼ੁਰੂ ਕੀਤੀ। ਇਸ ਜੜ੍ਹੀ-ਬੂਟੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੱਗਣ ਵਾਲੀਆਂ ਕਈਆਂ ਬਿਮਾਰੀਆਂ ਜਿਵੇਂ ਖਾਂਸੀ, ਸਰਦੀ ਆਦਿ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਕਰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਚਾਵਲ ਦੀ ਖੇਤੀ ਜੋ ਕਿ ਬਹੁਤ ਘੱਟ ਖੇਤਰ ਵਿੱਚ ਹੀ ਕਰਨੀ ਸ਼ੁਰੂ ਕੀਤੀ। ਤੀਜੀ ਸੋਸਾਇਟੀ ਦੇ ਅੰਦਰ ਉਨ੍ਹਾਂ ਦੇ ਸੀਤਾਫਲ ਦੀ ਖੇਤੀ ਦੀ ਸ਼ੁਰੂਆਤ ਕੀਤੀ ਅਤੇ ਆਇਸਕ੍ਰੀਮ ਦੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ।

ਨਾਬਾਰਡ ਵੱਲੋਂ ਜਾਰੀ ਕੀਤੀ ਗਈ ਸਕੀਮ ਆਜੀਵਿਕਾ ਅਤੇ ਉੱਦਮ ਵਿਕਾਸ ਪ੍ਰੋਗਰਾਮ ਦੇ ਤਹਿਤ, ਮਧੂਲਿਕਾ ਜੀ ਦੇ ਸਮੇਤ 10 ਔਰਤਾਂ ਵੱਲੋਂ ਦਿੱਤੇ ਗਏ 10-10 ਹਜ਼ਾਰ ਰੁਪਏ ਦੇ ਯੋਗਦਾਨ ਨਾਲ ਇੱਕ ਕੰਪਨੀ ਸਥਾਪਿਤ ਕੀਤੀ ਜਿਸ ਦਾ ਨਾਮ ਬਮਲੇਸ਼ਵਰੀ ਮਹਿਲਾ ਨਿਰਮਾਤਾ ਕੰਪਨੀ ਲਿਮਿਟਿਡ ਰੱਖਿਆ। ਅੱਜ ਕੰਪਨੀ ਵਿੱਚ 100 ਰੁਪਏ ਤੋਂ ਲੈ ਕੇ 10,000 ਰੁਪਏ ਦੀ ਰਾਸ਼ੀ ਤੱਕ ਹਰ ਇੱਕ ਔਰਤ ਦਾ ਹਿੱਸਾ ਹੈ। ਇਹ ਕੰਪਨੀ ਵਰਮੀਕੰਪੋਸਟ ਅਤੇ ਵਰਮੀਵਾਸ਼ ਬਣਾਉਂਦੀ ਹੈ, ਇਹ ਦੋਨੋਂ ਹੀ ਜੈਵਿਕ ਖਾਦਾਂ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਾਧਾ ਕਰਕੇ ਫਸਲ ਦੀ ਪੈਦਾਵਾਰ ਵਧਾਉਂਦੇ ਹਨ। ਜਿਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਵਤਾਰਵਰਨ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ। ਮਧੂਲਿਕਾ ਜੀ ਨੇ ਇੱਕ ਵਾਰ 2 ਖੇਤ ਜਿਸ ਵਿੱਚ ਉਨ੍ਹਾਂ ਨੇ ਇੱਕ ਖੇਤ ਵਿੱਚ ਰਸਾਇਣਿਕ ਖਾਦ ਅਤੇ ਦੂਜੇ ਖੇਤ ਵਿੱਚ ਵਰਮੀਕੰਪੋਸਟ ਦਾ ਪ੍ਰਯੋਗ ਕੀਤਾ। ਤਾਂ ਉਹ ਕੀ ਦੇਖਦੇ ਹਨ ਕਿ ਉਤਪਾਦ ਦੀ ਗੁਣਵੱਤਾ ਅਤੇ ਸਵਾਦ ਵਿੱਚ ਬਹੁਤ ਜ਼ਿਆਦਾ ਫਰਕ ਸੀ ਜਿਸ ਖੇਤ ਵਿੱਚ ਵਰਮੀਕੰਪੋਸਟ ਦਾ ਪ੍ਰਯੋਗ ਕੀਤਾ ਸੀ। ਇਸ ਤੋਂ ਇਲਾਵਾ ਇਸ ਕੰਪਨੀ ਵਿੱਚ ਹੋਰ ਵੀ ਉਤਪਾਦ ਬਣਾਏ ਜਾਂਦੇ ਹਨ ਪਰ ਜ਼ਿਆਦਾ ਗਿਣਤੀ ਵਿੱਚ ਨਹੀਂ, ਉਹਨਾਂ ਵਿੱਚੋਂ ਕੁਝ ਉਤਪਾਦ ਜਿਵੇਂ ਅਗਰਬੱਤੀ, ਪਲਾਸ਼ ਦੇ ਫੁੱਲਾਂ ਤੋਂ ਬਣਿਆ ਹਰਬਲ ਗੁਲਾਲ। ਇਹ ਸਾਰੇ ਪ੍ਰੋਡਕਟ 100 ਪ੍ਰਤੀਸ਼ਤ ਹਰਬਲ ਹਨ।

ਅਸੀਂ ਆਪਣੇ ਲਈ ਬੇਸ਼ੱਕ ਕਮਾ ਰਹੇ ਹਨ ਪਰ ਖਾਦਾਂ ਦਾ ਵਧੇਰੇ ਮਾਤਰਾ ਵਿੱਚ ਪ੍ਰਯੋਗ ਹੋਣ ਕਰਕੇ ਰਸਾਇਣਕ ਛਿੜਕਾਅ ਵਾਲਾ ਭੋਜਨ ਖਾ ਰਹੇ ਹਨ। ਜਿਸ ਦਾ ਸਿੱਟਾ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਜਕੜ ਲਿਆ ਹੈ ਅਤੇ ਸਾਡੀ ਮਿਹਨਤ ਦੀ ਕਮਾਈ ਦਵਾਈਆਂ ‘ਤੇ ਲਗਾਤਾਰ ਖਰਚ ਹੋ ਰਹੀ ਹੈ- ਮਧੂਲਿਕਾ ਰਾਮਟੇਕੇ

ਉਪਲੱਭਧੀਆਂ-

  • ਸਾਲ 2011 ਵਿੱਚ ਭਾਰਤ ਦੇ ਰਾਸ਼ਰਪਤੀ, ਸ਼੍ਰੀ ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ।
  • ਸਾਲ 2014 – ਰਾਜ ਮਹਿਲਾ ਸਨਮਾਨ
  • ਸਾਲ 2017- ਅਖਿਲ ਭਾਰਤੀ ਮਹਿਲਾ ਕ੍ਰਾਂਤੀ ਪ੍ਰੀਸ਼ਦ

ਭਵਿੱਖ ਦੀ ਯੋਜਨਾ

ਉਹ “ਗਾਓਂਵਾਲੀ” ਨਾਮ ਤੋਂ ਇੱਕ ਬਰੈਂਡ ਖੋਲਣਾ ਚਾਹੁੰਦੇ ਹਨ, ਜਿਸ ਵਿੱਚ ਉਹ ਖੁਦ ਅਤੇ ਸੈਲਫ-ਹੈਲਪ ਗਰੁੱਪ ਪਹਿਲਾ ਹਲਦੀ, ਮਿਰਚ, ਧਨੀਆ ਦਾ ਨਿਰਮਾਣ ਕਰਨਗੇ ਅਤੇ ਫਿਰ ਉਸ ਤੋਂ ਬਾਅਦ ਬੜੇ ਪੱਧਰ ‘ਤੇ ਲੈ ਕੇ ਜਾਣਗੇ।

ਸੰਦੇਸ਼

ਅੱਜ ਦੇ ਖੇਤੀ ਢੰਗਾਂ ਨੂੰ ਦੇਖਦੇ ਹੋਏ, ਜਿਸ ਵਿੱਚ ਰਸਾਇਣਾਂ ਦੇ ਛਿੜਕਾਅ ਤੋਂ ਇਲਾਵਾ ਕੁਝ ਹੋਰ ਵੀ ਸ਼ਾਮਿਲ ਨਹੀਂ ਹੈ। ਅੱਜ ਕੱਲ ਦੇ ਮਾਹੌਲ ਨੂੰ ਦੇਖਦੇ ਹੋਏ ਜਿਵੇਂ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਤਾਂ ਉਸ ਉੱਤੇ ਕਾਬੂ ਪਾਉਣ ਲਈ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਤਰੀਕਿਆਂ ਨੂੰ ਜਲਦੀ ਤੋਂ ਜਲਦੀ ਅਪਣਾਉਣਾ ਚਾਹੀਦਾ ਹੈ। ਜੋ ਬੱਚੇ ਆਪਣੇ ਮਾਂ-ਬਾਪ ਨੂੰ ਬਿਰਧ-ਆਸ਼ਰਮ ਵਿੱਚ ਰੱਖਦੇ ਹਨ, ਉਹ ਬਿਲਕੁਲ ਗਲਤ ਗੱਲ ਹੈ ਕਿਉਂਕਿ ਇਹ ਉਹੀ ਮਾਤਾ-ਪਿਤਾ ਹਨ ਜਿਨ੍ਹਾਂ ਨੇ ਸਾਡੇ ਛੋਟੇ ਹੁੰਦੇ ਸਾਡੀ ਦੇਖਭਾਲ ਕੀਤੀ ਸੀ। ਹੁਣ ਜਦੋਂ ਉਨ੍ਹਾਂ ਨੂੰ ਬੁਢਾਪੇ ਵਿੱਚ ਮਦਦ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਇਕੱਲੇ ਨਹੀਂ ਸਗੋਂ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਉਨ੍ਹਾਂ ਨੇ ਸਾਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਸੀ।

ਬਲਵਿੰਦਰ ਮਾਨ

ਪੂਰੀ ਕਹਾਣੀ ਪੜ੍ਹੋ

9 ਬੱਕਰੀਆਂ ਤੋਂ ਕੀਤਾ ਸੀ ਸ਼ੁਰੂ ਅੱਜ ਹਨ ਮਸ਼ਹੂਰ ਬੱਕਰੀਆਂ ਦੀ ਤੁੰਗਵਾਲੀ ਮੰਡੀ ਦੇ ਮਾਲਿਕ

ਉਤਾਰ-ਚੜ੍ਹਾਵ ਹਰ ਕਿਸੇ ਦੀ ਜ਼ਿੰਦਗੀ ਵਿੱਚ ਨਹੀਂ ਆਉਂਦੇ ਅਤੇ ਇਹਨਾਂ ਉਤਾਰ-ਚੜ੍ਹਾਵ ਕਰਕੇ ਹੀ ਇਨਸਾਨ ਹਮੇਸ਼ਾਂ ਕਾਮਯਾਬੀ ਦੀਆਂ ਲੀਹਾਂ ਉੱਤੇ ਚੱਲ ਕੇ ਕਾਮਯਾਬੀ ਪ੍ਰਾਪਤ ਕਰਦਾ ਹੈ, ਜੋ ਉਸਦੇ ਰਾਹਾਂ ‘ਤੇ ਪਹਿਲਾਂ ਰੁਕਾਵਟਾਂ ਬਣ ਕੇ ਖੜਦੀਆਂ ਸਨ ਬਾਅਦ ਵਿੱਚ ਉਹ ਰੁਕਾਵਟਾਂ ਉਸ ਦੀ ਕਾਮਯਾਬੀ ਦਾ ਸਿਰ ਦਾ ਸਿਹਰਾ ਬਣਦੀਆਂ ਹਨ। ਇਸ ਲਈ ਇਨਸਾਨ ਨੂੰ ਹਮੇਸ਼ਾਂ ਆਪਣਾ ਹੌਂਸਲਾ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਿਲ ਆ ਜਾਵੇ, ਹੱਸਦਿਆਂ ਹੋਇਆ ਮੁਕਾਬਲਾ ਕਰਨਾ ਚਾਹੀਦਾ ਹੈ।

ਇੱਕ ਇਨਸਾਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਾਮਯਾਬੀ ਤਾਂ ਬਹੁਤ ਪ੍ਰਾਪਤ ਕੀਤੀ ਪਰ ਹੁਣ ਤੱਕ ਰੁਕਾਵਟਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਔਕੜਾਂ ਇਸ ਕਦਰ ਉਹਨਾਂ ਪਿੱਛੇ ਹੱਥ ਧੋ ਕੇ ਪਈਆਂ ਹਨ ਜਿਵੇਂ ਪਿਛਲੇ ਜਨਮ ਦਾ ਕੋਈ ਸੰਬੰਧ ਹੋਵੇ। ਉਹਨਾਂ ਦਾ ਨਾਮ ਬਲਵਿੰਦਰ ਮਾਨ, ਜੋ ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਅਤੇ ਤੁੰਗਵਾਲੀ ਦੀ ਮਸ਼ਹੂਰ ਬੱਕਰੀਆਂ ਦੀ ਮੰਡੀ ਦੇ ਮਾਲਿਕ ਹਨ ਜਿਨ੍ਹਾਂ ਨੇ ਤੁੰਗਵਾਲੀ ਵਿੱਚ ਛੋਟੇ ਪੱਧਰ ਤੇ ਸ਼ੁਰੂ ਕੀਤੀ ਮੰਡੀ ਨੂੰ ਜਿਸ ਦੇ ਅੱਜ ਕਲ ਪੂਰੇ ਪੰਜਾਬ ਦੇ ਨਾਲ ਹੋਰ ਕਈ ਰਾਜਾਂ ਦੇ ਵਿੱਚ ਚਰਚੇ ਹਨ, ਜੋ ਕਿ ਉਹਨਾਂ ਦੇ ਮਿਹਨਤ ਦੇ ਸਦਕਾ ਸਭ ਕੁਝ ਸੰਭਵ ਹੋਇਆ ਹੈ।

ਸਾਲ 1990 ਦੀ ਗੱਲ ਹੈ ਜਦੋਂ ਬਲਵਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਸੋਚਿਆ ਕਿ ਕੰਮ ਕੀ ਕੀਤਾ ਜਾਵੇ, ਪਰ ਕੁਝ ਸਮਝ ਨਹੀਂ ਆ ਰਿਹਾ ਸੀ, ਪਰ ਉੱਚੀ ਸੋਚ ਦੇ ਰਹਿਣੀ-ਬਹਿਣੀ ਦੇ ਮਾਲਿਕ ਹੋਣ ਕਰਕੇ ਹਮੇਸ਼ਾਂ ਕੁਝ ਨਾ ਕੁਝ ਅਜਿਹਾ ਸੋਚਦੇ ਸਨ ਜਿਸ ਨਾਲ ਕਿ ਪਹਿਚਾਣ ਉਨ੍ਹਾਂ ਦੇ ਨਾਮ ਨਾਲ ਨਹੀਂ ਸਗੋਂ ਕੰਮ ਨਾਲ ਬਣੇ। ਫਿਰ ਸੋਚਿਆ ਅਜਿਹਾ ਕੀ ਕੀਤਾ ਜਾ ਸਕਦਾ ਹੈ, ਉਸ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਫਲਸਵਰੂਪ ਮਧੂ ਮੱਖੀ ਪਾਲਣ ਦੇ ਬਾਰੇ ਵਿੱਚ ਪਤਾ ਲੱਗਾ ਅਤੇ ਉਨ੍ਹਾਂ ਨੇ ਮਧੂ ਮੱਖੀ ਪਾਲਣ ਦਾ 1992 ਵਿੱਚ ਕਿੱਤਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹਾ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਕਿੱਤਾ ਸਫਲਤਾਪੂਰਵਕ ਚੱਲ ਪਿਆ ਅਤੇ ਮੁਨਾਫ਼ਾ ਕਮਾਉਣ ਲੱਗੇ ਇਸ ਦੌਰਾਨ ਸ਼ੁਰੂ-ਸ਼ੁਰੂ ਵਿੱਚ ਸ਼ਹਿਦ ਵੀ ਬਣਾ ਕੇ ਵੇਚਣ ਲੱਗ ਗਏ, ਜਿਸ ਦਾ ਮੰਡੀਕਰਨ ਆਪਣੇ ਜ਼ਿਲ੍ਹੇ ਵਿਖੇ ਹੀ ਕਰਨ ਲੱਗੇ।

ਇਸ ਤੋਂ ਬਾਅਦ ਇੱਥੇ ਹੀ ਨਹੀਂ ਰੁਕੇ ਅਤੇ ਸੋਚਿਆ ਇਸ ਦੇ ਨਾਲ-ਨਾਲ ਕੋਈ ਹੋਰ ਸਹਾਇਕ ਧੰਦਾ ਵੀ ਅਪਣਾਇਆ ਜਾਵੇ ਅਤੇ ਇੰਟੀਗ੍ਰੇਟਿਡ ਫਾਰਮਿੰਗ ਦੇ ਰੁਝਾਨ ਨੂੰ ਅੱਗੇ ਲੈ ਕੇ ਆਇਆ ਜਾਵੇ, ਇਸ ਮਕਸਦ ਨਾਲ ਸਫਲਾਪੁਰਵਕ ਚਲ ਰਹੇ ਮਧੂ ਮੱਖੀ ਪਾਲਣ ਦੇ ਨਾਲ ਡੇਅਰੀ ਫਾਰਮਿੰਗ ਦਾ ਕਿੱਤਾ ਛੋਟੇ ਪੱਧਰ ‘ਤੇ ਸ਼ੁਰੂ ਕਰ ਲਿਆ ਅਤੇ ਹੋਲੀ ਹੋਲੀ ਉਸ ਵਿਚ ਵਿਸਤਾਰ ਕਰਨ ਲੱਗੇ ਜਿਵੇਂ ਜਿਵੇਂ ਮੁਨਾਫ਼ਾ ਹੁੰਦਾ ਗਿਆ, ਪਰ ਜਿਵੇਂ ਹੀ ਸਫਲਤਾ ਦੀ ਲੀਹ ਉੱਤੇ ਚੱਲੇ, ਨਾਲ ਹੀ ਪਿੱਛੋਂ ਆ ਕੇ ਮੁਸ਼ਕਿਲਾਂ ਨੇ ਉਨ੍ਹਾਂ ਦਾ ਹੱਥ ਫੜ ਲਿਆ ਜਿਸ ਨਾਲ ਕੀ ਹੋਇਆ ਡੇਅਰੀ ਫਾਰਮਿੰਗ ਵਿਚ 4 ਤੋਂ 5 ਲੱਖ ਦੇ ਕਰੀਬ ਸਾਲ 2002 ਵਿਚ ਨੁਕਸਾਨ ਹੋਇਆ, ਜਿਸ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਏ ਅਤੇ ਦਿਨ ਰਾਤ ਇਹੀ ਸੋਚਦੇ ਸੋਚਦੇ ਚਿੰਤਾ ਵਿੱਚ ਰਹਿੰਦੇ ਸਨ। ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਜੇ ਇਸ ਤਰ੍ਹਾਂ ਹੀ ਟੁੱਟ ਕੇ ਬਹਿ ਗਿਆ ਤਾਂ ਮੱਖੀ ਪਾਲਣ ਦਾ ਕਿਵੇਂ ਕੰਮ ਚੱਲੇਗਾ, ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕੀਤਾ ਅਤੇ ਸਾਰਾ ਧਿਆਨ ਮਧੂ ਮੱਖੀ ਪਾਲਣ ਉੱਤੇ ਕੇਂਦਰਿਤ ਕਰ ਦਿੱਤਾ।

ਉਹ ਆਪਣੇ ਕੰਮ ਨਾਲ ਬਹੁਤ ਜ਼ਿਆਦਾ ਖੁਸ਼ ਸਨ ਕਿ ਬਹੁਤਾਤ ਵਿੱਚ ਉਨ੍ਹਾਂ ਕੋਲ ਮੱਖੀਆਂ ਹਨ ਅਤੇ ਵਧੀਆ ਕੀਮਤ ਉੱਤੇ ਸ਼ਹਿਦ ਵਿਕ ਰਿਹਾ ਹੈ, ਜਿਸ ਵਿੱਚ ਸਰਸੋਂ, ਕਿੱਕਰ, ਸਫੈਦਾ ਦਾ ਸ਼ਹਿਦ ਫਰੈਂਡਸ ਨਾਮ ਦੇ ਬ੍ਰੈਂਡ ਤੋਂ ਵੇਚਦੇ ਸਨ। ਪਰ ਮੁਸ਼ਕਿਲਾਂ ਇਸ ਕਦਰ ਹੱਥ ਧੋ ਕੇ ਪਈਆਂ ਸਨ ਕਿ ਇਸ ਬੰਦੇ ਨੂੰ ਬਸ ਹਰਾਉਣਾ ਹੀ ਹੈ ਇਸ ਨੂੰ ਕੋਈ ਕੰਮ ਨਹੀਂ ਕਰਨ ਦੇਣਾ, ਤਾਂ ਹੋਇਆ ਕੀ ਸਾਲ 2004 ਵਿੱਚ 45 ਤੋਂ 46 ਲੱਖ ਦੇ ਕਰੀਬ ਮੱਖੀਆਂ ਦੀ ਚੋਰੀ ਹੋ ਗਈ ਜੋ ਕਿ ਰੂਹ ਨੂੰ ਝੰਝੋੜ ਦੇਣ ਵਾਲਾ ਨੁਕਸਾਨ ਸੀ ਬਸ ਜਿੱਥੇ ਆ ਕੇ ਕੋਈ ਵੀ ਇਨਸਾਨ ਆਪਣੇ ਆਪ ਨਾਲ ਕੁਝ ਵੀ ਕਰ ਸਕਦਾ ਸੀ, ਪਰ ਬਲਵਿੰਦਰ ਜੀ ਇੰਨੇ ਹਿੰਮਤੀ ਇਨਸਾਨ ਕਿ ਹੋਂਸਲਾ ਨਾ ਛਡਿਆ ਅਤੇ ਕਿਹਾ ਜੇਕਰ ਮੁਸ਼ਕਿਲਾਂ ਰਾਸਤਾ ਘੇਰਦੀਆਂ ਹਨ ਤਾਂ ਕੋਈ ਨਹੀਂ ਘੇਰ ਲਵੇ ਆਪਣੇ ਮੇਹਨਤ ਦੇ ਨਾਲ ਇਸਨੂੰ ਹਰਾਉਣਾ ਹੈ। ਉਸ ਦਿਨ ਆਪ ਨਾਲ ਵਾਅਦਾ ਕਰ ਲਿਆ ਅਤੇ ਵਾਅਦੇ ਉੱਤੇ ਦ੍ਰਿੜ ਰਹੇ।

ਇਸ ਵਾਰ ਫਿਰ ਕੁਝ ਨਵਾਂ ਕਰਨ ਬਾਰੇ ਸੋਚਿਆ, ਜਿਸ ਬਾਰੇ ਪਹਿਲਾ ਹੀ ਬਹੁਤ ਰਿਸਰਚ ਕਰ ਚੁੱਕੇ ਸਨ, ਪਰ ਸਮਾਂ ਨਹੀਂ ਮਿਲ ਰਿਹਾ ਸੀ ਕਿਵੇਂ ਸ਼ੁਰੂ ਕੀਤਾ ਜਾ ਸਕੇ। ਜਦੋਂ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਸਨ ਤਾਂ ਕਈ ਦਿਨ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ ਜਿਸ ਦੌਰਾਨ ਉਹ ਕਈ ਵਾਰ ਰਾਜਸਥਾਨ ਗਏ ਤਾਂ ਓਥੇ ਕੀ ਦੇਖਦੇ ਹਨ ਬਹੁਤ ਸਾਰੇ ਲੋਕ ਬੱਕਰੀ ਪਾਲਣ ਦਾ ਕੰਮ ਕਰ ਰਹੇ ਸਨ ਜਿਸ ਬਾਰੇ ਜਾਨਣ ਦੀ ਇੱਛਾ ਉਨ੍ਹਾਂ ਦੇ ਅੰਦਰ ਰਹਿੰਦੀ ਸੀ ਅਤੇ ਬੱਕਰੀ ਪਾਲਣ ਉੱਤੇ ਨਾਲ ਨਾਲ ਰਿਸਰਚ ਕਰਨ ਲੱਗੇ।

ਉਨ੍ਹਾਂ ਨੂੰ ਕੀ ਪਤਾ ਸੀ ਇਹ ਜਾਣਕਾਰੀ ਕਦੇ ਨਾ ਕਦੇ ਕੰਮ ਆਵੇਗੀ, ਪਰ ਕਹਿੰਦੇ ਹਨ, ਪਰਮਾਤਮਾ ਕਿਸੇ ਦਾ ਬੁਰਾ ਨਹੀਂ ਕਰਦਾ, ਜੇਕਰ ਕੁਝ ਖੋਂਹਦਾ ਵੀ ਹੈ ਤਾਂ ਵਾਪਿਸ ਦੋਗਣਾ ਕਰਕੇ ਝੋਲੀ ਵਿੱਚ ਪਾਉਂਦਾ ਹੈ। ਫਿਰ ਬਹੁਤ ਫਾਰਮਾਂ ਦੇ ਚੱਕਰ ਲਗਾਏ ਅਤੇ 9 ਬੱਕਰੀਆਂ ਦੇ ਨਾਲ ਆਪਣਾ ਇਕ ਛੋਟਾ ਜਿਹਾ ਫਾਰਮ ਸ਼ੁਰੂ ਕੀਤਾ ਜਿੱਥੇ ਸਭ ਤੋਂ ਪਹਿਲਾ ਬੀਟਲ ਬੱਕਰੀ ਦੀ ਨਸਲ ਰੱਖੀ ਅਤੇ ਦੇਖਭਾਲ ਕਰਨ ਲੱਗੇ, ਉਨ੍ਹਾਂ ਨੇ ਸੋਚਿਆ ਕਿ 9 ਬੱਕਰੀਆਂ ਨਾਲ ਤਾਂ ਜ਼ਿੰਦਗੀ ਲੰਘਣੀ ਨਹੀਂ ਕਿਉਂ ਨਾ ਫਾਰਮ ਨੂੰ ਵੱਡੇ ਪੱਧਰ ਤੇ ਕਰਕੇ ਹੋਰ ਬੱਕਰੀਆਂ ਲੈ ਕੇ ਆਈਆਂ ਜਾਵੇ, ਜਿਸ ਵਿੱਚ ਉਨ੍ਹਾਂ ਨੇ ਬੱਕਰੀਆਂ ਨੂੰ ਅਲਗ-ਅਲਗ ਥਾਵਾਂ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਬੀਟਲ ਦੇ ਨਾਲ ਬਰਬਰੀ ਨਸਲ ਵੀ ਆਪਣੇ ਫਾਰਮ ਵਿਖੇ ਰੱਖ ਲਈਆਂ ਜਿਸ ਦੇ ਬਾਰੇ ਵਿੱਚ ਪਿੰਡ ਵਿੱਚ ਅਤੇ ਨੇੜਲੇ ਲੱਗਦੇ ਪਿੰਡਾਂ ਵਿੱਚ ਉਨ੍ਹਾਂ ਬਾਰੇ ਗੱਲ ਫੈਲ ਗਈ ਤੇ ਲੋਕ ਬੱਕਰੀਆਂ ਖਰੀਦਣ ਦੇ ਲਈ ਆਉਣ ਲੱਗੇ ਉਹਨਾਂ ਦੀ ਮਾਰਕੀਟਿੰਗ ਪਹਿਲਾ ਮਧੂ ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਕਰਕੇ ਬਣੀ ਹੋਈ ਸੀ ਜਿਸ ਨਾਲ ਦੁਬਾਰਾ ਮਾਰਕੀਟਿੰਗ ਵਿੱਚ ਬਹੁਤ ਔਖ ਨਾ ਆਈ ਅਤੇ ਕੰਮ ਸਫਲਤਾ ਪੂਰਵਕ ਚਲ ਗਿਆ ਜਿਸ ਵਿੱਚ ਸਾਥ ਪਰਿਵਾਰ ਵਾਲੇ ਅਤੇ ਨਾਲ ਜੋ ਕੰਮ ਕਰਨ ਨੂੰ ਬੰਦੇ ਰੱਖੇ ਹੋਏ ਨੇ ਉਹ ਦੇ ਰਹੇ ਹਨ, ਇਹ 9 ਬੱਕਰੀਆਂ ਤੋਂ ਸ਼ੁਰੂ ਹੋ ਕੇ ਕੰਮ 2017 ਆਉਂਦੇ ਆਉਂਦੇ 250 ਬੱਕਰੀਆਂ ਦਾ ਇਕ ਵੱਡਾ ਫਾਰਮ ਸਥਾਪਿਤ ਕਰ ਲਿਆ ਪਰ ਬਲਵਿੰਦਰ ਹਲੇ ਵੀ ਕਿੱਥੇ ਪਿੱਛੇ ਹਟਣ ਵਾਲੇ ਸੀ ਫਿਰ ਤੁੰਗਵਾਲੀ ਵਿਖੇ ਆਪਣੇ ਫਾਰਮ ਤੋਂ ਇਲਾਵਾ ਇਕ ਆਪਣੇ ਪੱਧਰ ‘ਤੇ ਬੱਕਰੀਆਂ ਦੀ ਮੰਡੀ ਸਥਾਪਿਤ ਕਰ ਦਿੱਤੀ ਉਹ ਮੰਡੀ ਇਸ ਕਰਕੇ ਲਗਾਉਣੀ ਪਈ ਕਿਉਂਕਿ ਅਕਸਰ ਬੱਕਰੀਆਂ ਖਰੀਦਣ ਦੇ ਲਈ ਬਾਹਰ ਬਹੁਤ ਥਾਵਾਂ ਤੇ ਜਾਣਾ ਪੈਂਦਾ ਸੀ ਤੇ ਖਰਚਾ ਬਹੁਤ ਆਉਂਦਾ ਸੀ ਜਿਸ ਦਾ ਹੱਲ ਆਪਣੇ ਪਿੰਡ ਵਿਖੇ ਮੰਡੀ ਖੋਲ ਕੇ ਕਰ ਦਿੱਤਾ। ਜਦੋਂ ਮੰਡੀ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਲੋਕ ਹੋਲੀ ਹੋਲੀ ਕਰਕੇ ਬੱਕਰੀਆਂ ਖਰੀਦਣ ਦੇ ਲਈ ਆਉਣ ਲੱਗੇ ਅਤੇ ਹੋਰ ਵੱਖ-ਵੱਖ ਬੱਕਰੀ ਪਾਲਕ ਆਪਣੀਆਂ ਬੱਕਰੀਆਂ ਲੈ ਕੇ ਮੰਡੀ ਵਿੱਚ ਵੇਚਣ ਲਈ ਆਉਣ ਲੱਗੇ ਅਤੇ ਮੰਡੀ ਸਫਲਤਾਪੂਰਵਕ ਬਹੁਤ ਹੀ ਘਟ ਸਮੇਂ ਵਿੱਚ ਤੇਜ ਰਫਤਾਰ ਨਾਲ ਚਲਣ ਲੱਗੀ ਅਤੇ ਉਸ ਦਿਨ ਸਫਲਤਾ ਖੁਦ ਚਲ ਕੇ ਝੋਲੀ ਪਈ।

ਅੱਜ ਤੁੰਗਵਾਲੀ ਮੰਡੀ ਵਿਖੇ ਬੱਕਰੀਆਂ ਦਾ ਮੇਲਾ ਜੋ ਕਿ ਮਹੀਨੇ ਦੇ ਹਰ ਵੀਰਵਾਰ ਨੂੰ ਬਹੁਤ ਵੱਡੇ ਪੱਧਰ ‘ਤੇ ਜਿਸ ਵਿੱਚ ਲੱਖਾਂ ਦੀ ਕੀਮਤ ਦੇ ਹਿਸਾਬ ਨਾਲ ਬੱਕਰਿਆਂ ਦੀ ਵਿਕਰੀ ਕੀਤੀ ਜਾਂਦੀ ਹੈ ਜਿਸ ਦੇ ਚਰਚੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਹੋਰ ਰਾਜਾਂ ਦੇ ਵਿੱਚ ਬਹੁਤ ਹਨ ਅਤੇ ਬਲਵਿੰਦਰ ਜੀ ਨੂੰ ਹੋਰ ਬੱਕਰੀ ਪਾਲਕਾਂ ਦੇ ਆਪਣੀ ਮੰਡੀ ਖੋਲਣ ਦੇ ਫੋਨ ਆਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਲਾਹਾਂ ਦਿੰਦੇ ਹਨ।

ਬਲਵਿੰਦਰ ਮਾਨ ਤੁੰਗਵਾਲੀ ਮੰਡੀ ਦੇ ਇਕੱਲੇ ਮਾਲਿਕ ਹਨ ਜਿਨ੍ਹਾਂ ਨੇ ਆਪਣੇ ਪੱਧਰ ਤੇ ਮੰਡੀ ਸਥਾਪਿਤ ਕੀਤੀ ਅਤੇ ਸਫਲਤਾਪੂਰਵਕ ਨਾਲ ਚਲ ਰਹੀ ਹੈ ਜਿਸ ਨੂੰ ਦੇਖ ਅੱਜ ਉਹ ਉਨ੍ਹਾਂ ਮੁਸ਼ਕਿਲਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਹਮੇਸ਼ਾ ਉਸਨੂੰ ਹਰ ਵਾਰੀ ਹਰਾਇਆ ਸੀ ਕਿ ਜੇਕਰ ਤੂੰ ਵਾਰ-ਵਾਰ ਨਾ ਹਰਾਉਂਦੀ ਤਾਂ ਅੱਜ ਮੰਡੀ ਦੇ ਮਾਲਿਕ ਨਹੀਂ ਹੋਣਾ ਸੀ।

ਭਵਿੱਖ ਦੀ ਯੋਜਨਾ

ਉਹ ਆਪਣੇ ਫਾਰਮ ਨੂੰ ਹੋਰ ਵੱਡੇ ਪੱਧਰ ਤੇ ਵਿਸਤਾਰ ਤਾਂ ਕਰਨਾ ਹੀ ਚਾਹੁੰਦੇ ਹਨ ਪਰ ਨਾਲ-ਨਾਲ ਬੱਕਰੀਆਂ ਦਾ ਦੁੱਧ ਦੀ ਮੰਡੀ ਵਿਲੱਖਣ ਤੌਰ ‘ਤੇ ਲਗਾਉਣਾ ਚਾਹੁੰਦੇ ਹਨ ਤਾਂ ਜੋ ਜਿਵੇਂ ਡੇਅਰੀ ਫਾਰਮਿੰਗ ਨੂੰ ਮਹੱਤਤਾ ਮਿਲ ਰਹੀ ਹੈ, ਉਸ ਤਰ੍ਹਾਂ ਬੱਕਰੀ ਪਾਲਣ ਦੇ ਮਹੱਤਤਾ ਨੂੰ ਵਧਾਇਆ ਜਾਵੇ।

ਸੰਦੇਸ਼

ਬਲਵਿੰਦਰ ਜੀ ਅਨੁਸਾਰ ਇਕ ਵਿਦਿਆਰਥੀ ਵੀ ਬੱਕਰੀ ਪਾਲਣ ਦਾ ਕਿੱਤਾ ਸਫਲਤਾ ਪੂਰਵਕ ਚਲਾ ਸਕਦਾ ਹੈ ਅਤੇ ਆਪਣੇ ਪੜ੍ਹਾਈ ਦਾ ਪੂਰਾ ਖਰਚਾ ਖੁਦ ਉਠਾ ਸਕਦਾ ਹੈ।

ਕਰਨਬੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਅੰਨਦਾਤਾ ਫੂਡਜ਼ ਦੇ ਨਾਮ ਤੋਂ ਕਿਸਾਨ ਹੱਟ ਚਲਾਉਣ ਵਾਲਾ ਇਹ ਅਗਾਂਹਵਧੂ ਕਿਸਾਨ

ਅੱਜ ਦਾ ਸਮਾਂ ਅਜਿਹਾ ਹੈ ਜਿੱਥੇ ਹਰ ਕੋਈ ਦੂਜੇ ਬਾਰੇ ਨਹੀਂ ਆਪਣੇ ਫਾਇਦੇ ਬਾਰੇ ਜ਼ਿਆਦਾ ਚਿੰਤਿਤ ਰਹਿੰਦੇ ਹਨ ਪਰ ਉਹਨਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਹੁੰਦਾ ਹੈ, ਜਿਸ ਨਾਲ ਉਹ ਦੂਜਿਆਂ ਦੇ ਭਲੇ ਬਾਰੇ ਸੋਚਦਾ ਅਤੇ ਕਰਦਾ ਵੀ ਹੈ ਅਤੇ ਅਜਿਹੇ ਇਨਸਾਨ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਇਸ ਗੱਲ ਨੂੰ ਸਹੀ ਸਾਬਿਤ ਕਰਨ ਵਾਲੇ ਕਰਨਬੀਰ ਸਿੰਘ ਜੋ ਪਿੰਡ ਸਾਫੂਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ MSC ਫ਼ੂਡ ਤਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਨੌਕਰੀ ਛੱਡ ਕੇ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਵਿੱਚ ਸਫਲ ਹੋ ਕੇ ਦਿਖਾਇਆ।

ਸਾਲ 2014 ਦੀ ਗੱਲ ਹੈ ਜਦੋਂ ਕਰਨਬੀਰ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ ਤੇ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ ਉੱਥੇ ਕੀ ਦੇਖਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਤੋਂ ਘੱਟ ਕੀਮਤ ‘ਤੇ ਵਸਤਾਂ ਲੈ ਕੇ ਉਹਨਾਂ ਨੂੰ ਵੱਧ ਕੀਮਤਾਂ ‘ਤੇ ਵੇਚਿਆ ਜਾ ਰਿਹਾ ਹੈ ਅਤੇ ਜਿਸ ਬਾਰੇ ਕਿਸਾਨਾਂ ਨੂੰ ਥੋੜੀ ਬਹੁਤ ਵੀ ਜਾਣਕਾਰੀ ਨਹੀਂ ਸੀ। ਬਹੁਤ ਸਮਾਂ ਉਹ ਇਸ ਤਰ੍ਹਾਂ ਹੀ ਦੇਖੀ ਗਏ ਪਰ ਉਹਨਾਂ ਨੇ ਮਨ ਨੂੰ ਇਹ ਗੱਲ ਬਿਲਕੁੱਲ ਚੰਗੀ ਨਹੀਂ ਲੱਗੀ ਕਿਉਂਕਿ ਜੋ ਉਗਾਉਂਦੇ ਹਨ ਉਹ ਕਮਾ ਨਹੀਂ ਰਹੇ ਸਨ ਅਤੇ ਜੋ ਕਮਾ ਰਹੇ ਸਨ ਉਹ ਪਹਿਲਾ ਹੀ ਵੱਡੇ ਘਰਾਣਿਆਂ ਦੇ ਮਾਲਿਕ ਸਨ।

ਇਹ ਸਭ ਦੇਖ ਕੇ ਕਰਨਬੀਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਆਖਿਰ ਕਰਨਬੀਰ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਖੁਦ ਆ ਕੇ ਘਰ ਖੇਤੀ ਤੇ ਪ੍ਰੋਸੈਸਿੰਗ ਕਰਨ ਲੱਗਾ। ਕਰਨਬੀਰ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਖੇਤੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਕਰਨਬੀਰ ਦੇ ਲਈ ਫਾਇਦੇਮੰਦ ਗੱਲ ਇਹ ਸੀ ਕਿ ਕਰਨਬੀਰ ਦੇ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਪੀ ਏ ਯੂ, ਲੁਧਿਆਣਾ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਜੋ ਸਮੇਂ-ਸਮੇਂ ‘ਤੇ ਹੋਰਨਾਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹਾਂ ਦਿੰਦੇ ਰਹਿੰਦੇ ਸਨ।

ਫਿਰ ਕਰਨਬੀਰ ਨੇ ਆਪਣੇ ਪਿਤਾ ਦੇ ਦੱਸੇ ਰਸਤੇ ਉੱਤੇ ਚੱਲਦੇ ਹੋਏ ਖੇਤੀ ਮਾਹਿਰਾਂ ਵੱਲੋਂ ਦੱਸੇ ਗਏ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਤਰ੍ਹਾਂ ਦੀ ਫਸਲਾਂ ਦੀ ਕਾਸ਼ਤ ਕਰਨ ਸ਼ੁਰੂ ਕਰ ਦਿੱਤੀ। ਫਿਰ ਕਰਨਬੀਰ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਫਸਲ ਪੱਕ ਕੇ ਤਿਆਰ ਹੋਵੇਗੀ ਤਾਂ ਇਸਦੀ ਮਾਰਕੀਟਿੰਗ ਕਿਸ ਤਰ੍ਹਾਂ ਕੀਤੀ ਜਾਵੇਗੀ।

ਫਿਰ ਕਰਨਬੀਰ ਨੇ ਮਾਰਕੀਟਿੰਗ ਕਰਨ ਦਾ ਇੱਕ ਤਰੀਕਾ ਸੋਚਿਆ ਕਿ ਕਿਉਂ ਨਾ ਪਹਿਲਾ ਛੋਟੇ ਪੱਧਰ ਤੋਂ ਮਾਰਕੀਟਿੰਗ ਕਰਨ ਸ਼ੁਰੂ ਕੀਤੀ ਜਾਵੇ, ਉਸ ਤੋਂ ਬਾਅਦ ਜਦੋਂ ਕਰਨਬੀਰ ਕੀਤੇ ਪਿੰਡ ਤੋਂ ਬਾਹਰ ਜਾਂਦਾ ਤਾਂ ਆਪਣੇ ਨਾਲ ਪ੍ਰੋਸੈਸਿੰਗ ਕੀਤੀਆਂ ਆਪਣੀਆਂ ਵਸਤਾਂ ਨਾਲ ਲੈ ਜਾਂਦਾ ਜਿੱਥੇ ਛੋਟੇ-ਛੋਟੇ ਸਮੂਹਾਂ ਦੇ ਲੋਕਾਂ ਦਾ ਇਕੱਠ ਦਿਖਦਾ ਸੀ ਉੱਥੇ ਜਾ ਕੇ ਫਿਰ ਕਰਨਬੀਰ ਆਪਣੇ ਉਤਪਾਦਾਂ ਬਾਰੇ ਦੱਸਦਾ ਅਤੇ ਉਤਪਾਦ ਵੇਚ ਕੇ ਆਉਂਦਾ। ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਅਤੇ ਸ਼ਿਵ ਪ੍ਰੀਤ ਬਾਖੂਬੀ ਨਿਭਾ ਰਹੇ ਹਨ।

ਫਿਰ ਉਨ੍ਹਾਂ ਨੇ ਇਸ ਤੋਂ ਬਾਅਦ ਥੋੜੇ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ ਅਤੇ 2016 ਦੇ ਵਿੱਚ “ਫਰੈਂਡਜ਼ ਟ੍ਰੇਡਿੰਗ” ਨਾਮ ਤੋਂ ਇੱਕ ਕੰਪਨੀ ਰਜਿਸਟਰਡ ਕਰਵਾਈ ਅਤੇ ਟ੍ਰੇਡਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਆਪਣੀ ਫਸਲ ਤਾਂ ਮਾਰਕੀਟ ਲੈ ਕੇ ਜਾਂਦੇ ਹੀ ਸਨ ਉੱਥੇ ਨਾਲ ਹੀ ਹੋਰਨਾਂ ਕਿਸਾਨਾਂ ਦੀ ਫਸਲ ਨੂੰ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ, ਜੋ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਗਾਈਆਂ ਗਈਆਂ ਸਨ। ਇਸ ਤਰੀਕੇ ਨਾਲ ਉਗਾਈ ਗਈ ਫਸਲ ਦੀ ਪੈਦਾਵਾਰ ਉੱਚ ਤੇ ਵਧੀਆ ਹੋਣ ਕਰਕੇ ਫਸਲ ਦੀ ਬਹੁਤ ਮੰਗ ਹੋਈ ਜਿਸ ਨਾਲ ਕਰਨਬੀਰ ਨੂੰ ਅਤੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਮੁਨਾਫ਼ਾ ਹੋਇਆ। ਜਿਸ ਨਾਲ ਬਹੁਤ ਖੁਸ਼ ਹੋਏ।

ਇਸ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਪ੍ਰੋਫੈਸਰ ਰਮਨਦੀਪ ਸਿੰਘ ਜੀ ਨਾਲ ਹੋਈ ਜੋ ਕਿ ਹਰ ਇੱਕ ਕਿਸਾਨ ਦੀ ਬੜੀ ਸ਼ਿੱਦਤ ਦੇ ਨਾਲ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਮਾਰਕੀਟਿੰਗ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਦੇ ਰਹਿੰਦੇ ਹਨ ਅਤੇ ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਫਿਰ ਮਾਰਕੀਟਿੰਗ ਕਰਨ ਦਾ ਤਰੀਕਾ ਬਦਲਣ ਬਾਰੇ ਸੋਚਿਆ।

ਤਾਂ ਦਿਮਾਗ ਵਿੱਚ ਆਇਆ ਕਿ ਜੇਕਰ ਪੈਦਾ ਕੀਤੀ ਜਿਣਸ ਦੀ ਮੁੱਢਲੇ ਪੱਧਰ ਤੇ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕੀਤੀ ਜਾਵੇ ਤਾਂ ਕੀ ਪਤਾ ਇਸ ਤੋਂ ਵਧੀਆ ਹੁੰਗਾਰਾ ਮਿਲ ਸਕਦਾ ਹੈ। ਬਸ ਫਿਰ ਕੀ ਸੀ ਉਨ੍ਹਾਂ ਨੇ ਮੁੱਢਲੇ ਪੱਧਰ ‘ਤੇ ਜਿਨ੍ਹਾਂ ਫਸਲਾਂ ਦੀ ਪ੍ਰੋਸੈਸਿੰਗ ਹੋ ਸਕਦੀ ਸੀ ਕਰਕੇ ਵੇਚਣ ਸ਼ੁਰੂ ਕਰ ਦਿੱਤਾ ਜਿਸ ਦੀ ਸ਼ੁਰੂਆਤ ਉਹਨਾਂ ਨੇ ਕਿਸਾਨ ਮੇਲਿਆਂ ਤੋਂ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ।

ਫਿਰ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਜਾਰੀ ਰੱਖਣ ਲਈ ਇੱਕ ਕਿਸਾਨ ਹੱਟ ਖੋਲਣ ਬਾਰੇ ਸੋਚਿਆ ਜਿੱਥੇ ਕਿ ਇੱਕ ਹੀ ਜਗ੍ਹਾਂ ਹੀ ਉਹਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਅਤੇ ਕਿਸਾਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਦਾ ਸਮਾਨ ਰੱਖ ਕੇ ਵੇਚਿਆ ਜਾ ਸਕੇ, ਜਿਸ ਦਾ ਸਿੱਧਾ ਮੁਨਾਫ਼ਾ ਕਿਸਾਨ ਦੇ ਖਾਤੇ ਵਿੱਚ ਹੀ ਪਵੇ ਨਾ ਕਿ ਵਿਚੋਲਿਆਂ ਦੇ ਹੱਥ ਅਤੇ ਜਿਸ ਨਾਲ ਇੱਕ ਤਾਂ ਉਸਦੀ ਮਾਰਕੀਟ ਬਣੀ ਰਹੇਗੀ ਅਤੇ ਦੂਜਾ ਲੋਕਾਂ ਨੂੰ ਵਧੀਆ ਤੇ ਸਾਫ-ਸਫਾਈ ਵਾਲੀ ਵਸਤਾਂ ਮਿਲਦੀਆਂ ਰਹਿਣਗੀਆਂ।

ਫਿਰ 2019 ਦੇ ਵਿੱਚ ਕਰਨਬੀਰ ਨੇ ਅੰਨਦਾਤਾ ਫੂਡਸ ਨਾਮ ਤੋਂ ਬਰੈਂਡ ਰਜਿਸਟਰਡ ਕਰਵਾ ਕੇ ਮੋਗਾ ਸ਼ਹਿਰ ਵਿਚ ਆਪਣੀ ਕਿਸਾਨ ਹੱਟ ਖੋਲ ਲਈ ਤੇ ਪ੍ਰੋਸੈਸਿੰਗ ਕੀਤਾ ਸਮਾਨ ਰੱਖ ਦਿੱਤਾ। ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਚੱਲਦਾ ਗਿਆ, ਉਸ ਤਰ੍ਹਾਂ ਹੀ ਲੋਕ ਹੌਲੀ-ਹੌਲੀ ਉਨ੍ਹਾਂ ਦੀ ਹੱਟ ਤੋਂ ਸਮਾਨ ਲੈਣ ਆਉਂਦੇ ਰਹੇ ਅਤੇ ਲੋਕਾਂ ਲਈ ਉਹ ਵਸਤਾਂ ਮਨਪਸੰਦ ਬਣ ਗਈਆਂ।

ਜਿਸ ਵਿੱਚ ਬਾਕੀ ਕਿਸਾਨਾਂ ਦੁਆਰਾ ਪ੍ਰੋਸੈਸਿੰਗ ਕੀਤਾ ਸਮਾਨ ਜਿਵੇਂ ਸ਼ਹਿਦ, ਦਾਲਾਂ, GSC 7 ਕਨੌਲ਼ਾ ਸਰਸੋਂ ਦਾ ਤੇਲ, ਛੋਲੇ ਆਦਿ ਬਹੁਤ ਵਸਤਾਂ ਰੱਖ ਕੇ ਵੇਚਦੇ ਹਨ।

ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਪ੍ਰਸਾਰ ਹੋਇਆ ਅਤੇ ਲੋਕ ਉਨ੍ਹਾਂ ਨੂੰ ਅੰਨਦਾਤਾ ਫੂਡਜ਼ ਨਾਮ ਤੋਂ ਜਾਨਣ ਲੱਗ ਗਏ। ਇਸ ਤਰ੍ਹਾਂ 2019 ਵਿੱਚ ਉਹ ਸਫਲ ਹੋਏ ਜਿਸ ਵਿੱਚ ਜ਼ਿਆਦਾ ਸਫਲਤਾ ਦਾ ਸਿਹਰਾ GSC 7 ਕਨੌਲ਼ਾ ਸਰਸੋਂ ਤੇਲ ਨੂੰ ਜਾਂਦਾ ਹੈ ਕਿਉਂਕਿ ਤੇਲ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਬਹੁਤ ਵਾਰ ਮੰਗ ਨੂੰ ਪੂਰਾ ਕਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹ ਤੇਲ ਬਾਕੀਆਂ ਤੇਲ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਇਸ ਤੇਲ ਵਿੱਚ ਬਹੁਤ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਨੂੰ ਮੁਨਾਫ਼ਾ ਤਾਂ ਹੁੰਦਾ ਹੀ ਹੈ ਪਰ ਉਹਨਾਂ ਨਾਲ ਹੋਰਾਂ ਕਿਸਾਨਾਂ ਨੂੰ ਵੀ ਮੁਨਾਫ਼ਾ ਹੋ ਰਿਹਾ ਹੈ।

ਮੇਰਾ ਮੰਨਣਾ ਇਹ ਹੈ ਜੇਕਰ ਅਸੀਂ ਕਿਸਾਨ ਅਤੇ ਗ੍ਰਾਹਕ ਵਿੱਚੋਂ ਵਿਚੋਲੇ ਨੂੰ ਕੱਢ ਦੇਈਏ ਤਾਂ ਹਰ ਇਨਸਾਨ ਵਧੀਆ ਤੇ ਸਾਫ-ਸਫਾਈ ਦੀ ਵਸਤੂ ਖਾ ਸਕਦਾ ਹੈ ਦੂਸਰਾ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਮੁੱਲ ਵੀ ਮਿਲ ਜਾਵੇਗਾ- ਕਰਨਬੀਰ ਸਿੰਘ

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਕਿਸਾਨਾਂ ਦਾ ਸਮੂਹ ਬਣਾ ਕੇ ਓਹੀ ਫਸਲਾਂ ਉਗਾਈਏ ਜਿਨ੍ਹਾਂ ਦੀ ਖਪਤ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ।

ਸੰਦੇਸ਼

ਜੇਕਰ ਕੋਈ ਕਿਸਾਨ ਖੇਤੀ ਕਰਦਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਖੇਤੀ ਮਾਹਿਰਾਂ ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ ‘ਤੇ ਚੱਲ ਕੇ ਹੀ ਰੇਆਂ-ਸਪਰੇਆਂ ਦੀ ਵਰਤੋਂ ਕਰਨ ਜਿੰਨੀ ਫਸਲ ਨੂੰ ਵੱਧਣ-ਫੁੱਲਣ ਲਈ ਲੋੜੀਂਦੀ ਚਾਹੀਦੀ ਹੁੰਦੀ ਹੈ।

ਬਲਜਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਮਧੂ-ਮੱਖੀ ਪਾਲਕ ਦੀ ਕਹਾਣੀ ਜੋ ਆਪਣੇ ਸ਼ੌਂਕ ਦੇ ਸਿਰ ‘ਤੇ ਸਫਲਤਾ ਹਾਸਲ ਕਰ ਚੁੱਕਿਆ ਹੈ।

ਸੇਧ ਕਿਤੋਂ ਵੀ ਮਿਲ ਜਾਵੇ, ਭਾਵੇਂ ਸਮਾਂ ਕੋਈ ਵੀ ਹੋਵੇ, ਚਾਹੇ ਦਿਨ ਹੋਵੇ ਜਾਂ ਰਾਤ ਉਹ ਵਕਤ ਸੁਨਹਿਰਾ ਹੀ ਹੁੰਦਾ ਹੈ।

ਇਹ ਗੱਲ ਹਰ ਖੇਤਰ ਵਿੱਚ ਢੁੱਕਦੀ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਜੇ ਕਿਸੇ ਨੇ ਕੋਈ ਮੁਕਾਮ ਹਾਸਿਲ ਕਰਨਾ ਹੋਵੇ, ਤਾਂ ਗਿਆਨ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਅੱਜ ਅਸੀਂ ਇੱਕ ਅਜਿਹੇ ਹੀ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਉਨ੍ਹਾਂ ਨੇ ਇਸ ਗੱਲ ਨੂੰ ਸੱਚ ਸਾਬਿਤ ਕੀਤਾ ਹੈ।

ਕਿਹਾ ਜਾਂਦਾ ਹੈ ਕਿ ਇਨਸਾਨ ਅਤੇ ਪਾਣੀ ਦਾ ਚਲਦੇ ਰਹਿਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਨਾਂ ਦੇ ਖੜਨ ਨਾਲ ਇਨ੍ਹਾਂ ਦੀ ਅਹਿਮੀਅਤ ਘੱਟ ਜਾਂਦੀ ਹੈ। ਇਸੇ ਸੋਚ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਜੀ ਕੁੱਝ ਨਵਾਂ ਕਰਨ ਦੀ ਤਾਂਘ ਵਿੱਚ ਰਹਿੰਦੇ ਸੀ। ਇਸੇ ਚੀਜ਼ ਨੂੰ ਉਹਨਾਂ ਨੇ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਹਨਾਂ ਪ੍ਰਦਰਸ਼ਨੀਆਂ ਵਿੱਚ ਉਹਨਾਂ ਦੀ ਮੁਲਾਕਾਤ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਨਾਲ ਹੋਈ ਜਿਨ੍ਹਾਂ ਦੀਆਂ ਉਪਲੱਬਧੀਆਂ ਨੇ ਬਲਜਿੰਦਰ ਸਿੰਘ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ।

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਜੋ ਕਿ ਖੁਦ ਇੱਕ ਅਗਾਂਹਵਧੂ ਕਿਸਾਨ ਹਨ, ਉਹਨਾਂ ਵੱਲ ਦੇਖ ਕੇ ਮੇਰੇ ਦਿਮਾਗ ਵਿੱਚ ਵਿਚਾਰ ਆਇਆ, ਜੇਕਰ ਉਹ ਇੱਕ ਮਹਿਲਾ ਹੋ ਕੇ ਵੀ ਇੰਨਾ ਸਭ ਕੁੱਝ ਕਰ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ? — ਬਲਜਿੰਦਰ ਸਿੰਘ

ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਆਪਣੇ ਬਣਾਏ ਸੈੱਲਫ ਹੈੱਲਪ ਗਰੁੱਪ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਰੱਖੀ ਹੈ, ਜਿਸ ਦੇ ਅੰਤਰਗਤ ਉਹ ਆਪਣੇ ਉਤਪਾਦ ਜਿਵੇਂ ਕਿ ਚਟਨੀ, ਆਚਾਰ ਆਦਿ ਦਾ ਮੰਡੀਕਰਨ ਵੀ ਕਰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ,ਜੋ ਕਿ ਹੋਰਨਾਂ ਘਰੇਲੂ ਬੀਬੀਆਂ ਲਈ ਇੱਕ ਮਿਸਾਲ ਹੈ।

ਬਲਜਿੰਦਰ ਸਿੰਘ ਜੀ ਨੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਜੀ ਦੇ ਕੰਮ ਤੋਂ ਉਤਸ਼ਾਹਿਤ ਹੋ ਕੇ ਮਧੂ-ਮੱਖੀ ਪਾਲਣ ਦਾ ਕਿੱਤਾ ਅਪਨਾਉਣ ਦਾ ਮਨ ਬਣਾਇਆ। ਉਹਨਾਂ ਨਾਲ ਮਿਲ ਕੇ ਹੀ ਮਧੂ-ਮੱਖੀ ਪਾਲਣ ਦੀ ਮੁੱਢਲੀ ਸਿਖਲਾਈ ਪ੍ਰਾਪਤ ਕੀਤੀ।

ਮੈਂ ਅਤੇ ਸ਼੍ਰੀਮਤੀ ਗੁਰਦੇਵ ਕੌਰ ਦਿਓਲ ਹੀ ਮਿਲ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਸਮੇਂ-ਸਮੇਂ ਸਿਰ ਸਿਖਲਾਈ ਪ੍ਰਾਪਤ ਕਰਦੇ ਰਹੇ ਅਤੇ ਸਰਦਾਰਨੀ ਗੁਰਦੇਵ ਕੌਰ ਦਿਓਲ ਨਾਲ ਅਲੱਗ ਅਲੱਗ ਫਾਰਮਾਂ ‘ਤੇ ਜਾਂਦੇ ਰਹੇ। — ਬਲਜਿੰਦਰ ਸਿੰਘ

ਬਲਜਿੰਦਰ ਜੀ ਨੇ ਇੱਕ ਡੇਢ ਸਾਲ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਗੁਰਦੇਵ ਕੌਰ ਦਿਓਲ ਜੀ ਤੋਂ ਹੀ 15 ਬਕਸੇ ਖਰੀਦ ਕੇ ਸੰਨ 2000 ਵਿੱਚ ਮਧੂ-ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਮਧੂ-ਮੱਖੀਆਂ ਦੀ ਨਸਲ ‘ਚੋਂ ਉਨ੍ਹਾਂ ਨੇ ਇਟਾਲੀਅਨ ਬ੍ਰੀਡ ਦੀਆਂ ਮੱਖੀਆਂ ਨੂੰ ਚੁਣਿਆ, ਜੋ ਪੀਏਯੂ ਵੱਲੋਂ ਸਿਫਾਰਿਸ਼ ਕੀਤੀ ਗਈ ਸੀ। ਇਨ੍ਹਾਂ ਬਕਸਿਆਂ ਨੂੰ ਉਨ੍ਹਾਂ ਨੇ ਗੰਗਾਨਗਰ ਦੇ ਇਲਾਕੇ ‘ਚ ਰੱਖਿਆ। ਬਿਨਾਂ ਕਿਸੇ ਸਰਕਾਰੀ ਅਤੇ ਗੈਰ ਸਰਕਾਰੀ ਸਹਿਯੋਗ ਤੋਂ ਉਨ੍ਹਾਂ ਨੇ ਇਨ੍ਹਾਂ 15 ਬਕਸਿਆਂ ਤੋਂ ਆਪਣੇ ਕਾਰੋਬਾਰ ਸਥਾਪਿਤ ਕੀਤਾ।

ਮੈਨੂੰ ਇਸ ਧੰਦੇ ਵਿੱਚ ਜ਼ਿਆਦਾ ਕੋਈ ਸਮੱਸਿਆ ਨਹੀਂ ਆਈ, ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਕੰਪਨੀਆਂ ਸ਼ਹਿਦ ਵਿੱਚ ਮਿਲਾਵਟ ਕਰਕੇ ਵੇਚਦੀਆਂ ਹਨ ਅਤੇ ਆਪਣੇ ਮੁਨਾਫ਼ੇ ਖਾਤਿਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ। – ਬਲਜਿੰਦਰ ਸਿੰਘ

ਉਹਨਾਂ ਦਾ ਕਾਰੋਬਾਰ ਇੰਨੇ ਵੱਡੇ ਪੱਧਰ ਫੈਲ ਚੁੱਕਾ ਹੈ, ਕਿ ਉਹ ਆਪਣਾ ਸ਼ਹਿਦ ਕੇਵਲ ਭਾਰਤ ਵਿੱਚ ਨਹੀਂ ਸਗੋਂ ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ ਆਦਿ ਵਿੱਚ ਵੀ ਵੇਚ ਰਹੇ ਹਨ। ਉਹਨਾਂ ਨੇ ਕੰਪਨੀਆਂ ਨਾਲ ਲਿੰਕ ਬਣਾਏ ਹੋਏ ਹਨ ਅਤੇ ਸ਼ਹਿਦ ਸਿੱਧਾ ਕੰਪਨੀਆਂ ਨੂੰ ਵੇਚਦੇ ਹਨ।

ਵਰਤਮਾਨ ਵਿੱਚ ਉਹਨਾਂ ਕੋਲ 2500 ਦੇ ਕਰੀਬ ਬਕਸੇ ਹਨ। ਉਹ ਆਪਣੇ ਬਕਸੇ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਜਿਵੇਂ ਮਹਾਂਰਾਸ਼ਟਰ, ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਸ਼੍ਰੀਨਗਰ ਆਦਿ ਸ਼ਹਿਰਾਂ ਵਿੱਚ ਵੀ ਲਗਾਉਂਦੇ ਹਨ। ਇਸ ਕੰਮ ਵਿੱਚ ਉਹਨਾਂ ਨਾਲ 20 ਹੋਰ ਮਜ਼ਦੂਰ ਜੁੜੇ ਹਨ ਅਤੇ ਉਹਨਾਂ ਦੇ ਸਹਿਯੋਗੀ ਕੁਲਵਿੰਦਰ ਸਿੰਘ ਪਿੰਡ ਬੁਰਜ ਕਲਾਂ ਤੋਂ ਹਨ, ਜੋ ਕਿ ਹਰ ਵਕਤ ਉਹਨਾਂ ਦਾ ਸਾਥ ਦਿੰਦੇ ਹਨ।

ਬਲਜਿੰਦਰ ਸਿੰਘ ਜੀ ਨੇ ਆਪਣਾ ਸ਼ਹਿਦ ਘਰ-ਘਰ ਗ੍ਰਾਹਕ ਦੀ ਲੋੜ ਅਨੁਸਾਰ ਪਹੁੰਚਾਉਣ ਲਈ ਸ਼ਹਿਦ ਦੀ ਵੱਖ-ਵੱਖ ਪੈਕਿੰਗ ਜਿਵੇਂ ਕਿ 100 ਗ੍ਰਾਮ, 250 ਗ੍ਰਾਮ, 500 ਗ੍ਰਾਮ ਅਤੇ 1 ਕਿਲੋਗ੍ਰਾਮ ਆਦਿ ਉਪਲੱਬਧ ਹੈ। ਅਤੇ ਉਨ੍ਹਾਂ ਨੂੰ ਇਸ ਕੰਮ ਵਿੱਚ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ।

ਬਲਜਿੰਦਰ ਸਿੰਘ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸ਼ਹਿਦ ਤਿਆਰ ਕੀਤਾ ਜਾਂਦਾ ਹੈ –

  • ਸਰੋਂ ਦਾ ਸ਼ਹਿਦ
  • ਨਿੰਮ ਦਾ ਸ਼ਹਿਦ
  • ਟਾਹਲੀ ਦਾ ਸ਼ਹਿਦ
  • ਸਫੈਦੇ ਦਾ ਸ਼ਹਿਦ
  • ਬੇਰੀ ਦਾ ਸ਼ਹਿਦ
  • ਕਿੱਕਰ ਦਾ ਸ਼ਹਿਦ ਆਦਿ।
ਭਵਿੱਖ ਦੀ ਯੋਜਨਾ

ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਉਹ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਉਹ 5000 ਤੱਕ ਬਕਸੇ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਜੋ ਨਵੇਂ ਕਿਸਾਨ ਮਧੂ-ਮੱਖੀ ਪਾਲਣ ਵਿੱਚ ਆਉਣਾ ਚਾਹੁੰਦੇ ਹਨ, ਸਭ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਉਸ ਮਗਰੋਂ ਆਪਣੀ ਮਿਹਨਤ ਵੱਲ ਜ਼ੋਰ ਦੇਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਉਤਸ਼ਾਹਿਤ ਹੋ ਕੇ ਪੈਸੇ ਤਾਂ ਲਗਾ ਲਈਏ ਪਰ ਗਿਆਨ ਦੀ ਕਮੀ ਹੋਣ ਕਾਰਨ ਬਾਅਦ ‘ਚ ਨੁਕਸਾਨ ਉਠਾਉਣ ਪਏ। ਸੋ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਹੀ ਕਿਸੇ ਕਿੱਤੇ ਨੂੰ ਹੱਥ ਪਾਓ, ਕਿਉਂਕਿ ਅਜਿਹਾ ਕਿੱਤਾ ਆਪਣੀ ਦੇਖ ਰੇਖ ਤੋਂ ਬਿਨਾਂ ਹੋਣਾ ਸੰਭਵ ਨਹੀਂ ਹੈ।

ਪਵਨਦੀਪ ਸਿੰਘ ਅਰੋੜਾ

ਪੂਰੀ ਕਹਾਣੀ ਪੜ੍ਹੋ

ਵਿਦੇਸ਼ ਜਾਣ ਦੇ ਸੁਪਨੇ ਨੂੰ ਛੱਡ ਕੇ ਪਿਤਾ-ਪੁਰਖੀ ਧੰਦੇ ਵਿੱਚ ਮੱਲਾਂ ਮਾਰਨ ਵਾਲਾ ਮਧੂ-ਮੱਖੀ ਪਾਲਕ

ਪੰਜਾਬ ਵਿੱਚ ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦੀ ਚਾਹਵਾਨ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਉਹਨਾਂ ਦਾ ਭਵਿੱਖ ਜ਼ਿਆਦਾ ਸੁਰੱਖਿਅਤ ਹੋ ਸਕਦਾ ਹੈ। ਪਰ ਜੇਕਰ ਅਸੀਂ ਆਪਣੇ ਦੇਸ਼ ਵਿੱਚ ਹੀ ਰਹਿ ਕੇ, ਆਪਣਾ ਕਾਰੋਬਾਰ ਇੱਥੇ ਹੀ ਵਧੀਆ ਢੰਗ ਨਾਲ ਕਰੀਏ ਤਾਂ ਅਸੀਂ ਆਪਣੇ ਦੇਸ਼ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਬਣਾ ਸਕਦੇ ਹਾਂ।

ਇਹੋ ਜਿਹਾ ਹੀ ਇੱਕ ਨੌਜਵਾਨ ਹੈ ਪਵਨਦੀਪ ਸਿੰਘ ਅਰੋੜਾ। ਐੱਮ.ਏ ਦੀ ਪੜ੍ਹਾਈ ਕਰਨ ਵਾਲੇ ਪਵਨਦੀਪ ਵੀ ਪਹਿਲਾਂ ਵਿਦੇਸ਼ ਵਿੱਚ ਜਾ ਕੇ ਵੱਸਣ ਦੀ ਇੱਛਾ ਰੱਖਦੇ ਸਨ, ਕਿਉਂਕਿ ਬਾਕੀ ਨੌਜਵਾਨਾਂ ਵਾਂਗ ਉਹਨਾਂ ਨੂੰ ਵੀ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਵਧੇਰੇ ਮੌਕੇ ਹਨ।

ਪਵਨ ਦੇ ਚਾਚਾ ਜੀ ਸਪੇਨ ਵਿੱਚ ਰਹਿੰਦੇ ਸਨ, ਇਸ ਲਈ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਹੀ ਪਵਨ ਦਾ ਰੁਝਾਨ ਉੱਥੇ ਜਾਣ ਵੱਲ ਸੀ। ਪਰ ਉਹਨਾਂ ਦਾ ਬਾਹਰ ਦਾ ਕੰਮ ਨਹੀਂ ਬਣਿਆ ਅਤੇ ਉਹਨਾਂ ਨੇ ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਬਾਹਰ ਦਾ ਕੰਮ ਨਾ ਬਣਦਾ ਦੇਖ ਕੇ ਪਵਨ ਨੇ ਆਪਣੀ ਗ੍ਰੇਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਭੈਣ ਨਾਲ ਮਿਲ ਕੇ ਇੱਕ ਕੋਚਿੰਗ ਸੈਂਟਰ ਖੋਲ੍ਹਿਆ। ਦੋ ਸਾਲ ਬਾਅਦ ਭੈਣ ਦਾ ਵਿਆਹ ਹੋਣ ਤੋਂ ਬਾਅਦ ਉਹਨਾਂ ਨੇ ਕੋਚਿੰਗ ਸੈਂਟਰ ਬੰਦ ਕਰ ਦਿੱਤਾ।

ਪਵਨਦੀਪ ਦੇ ਪਿਤਾ ਜੀ ਮਧੂ-ਮੱਖੀ ਪਾਲਣ ਦਾ ਕੰਮ 1990 ਤੋਂ ਕਰਦੇ ਹਨ। ਪੜ੍ਹੇ-ਲਿਖੇ ਹੋਣ ਦੇ ਕਾਰਣ ਪਵਨ ਚਾਹੁੰਦੇ ਸਨ ਕਿ ਜਾਂ ਤਾਂ ਉਹ ਵਿਦੇਸ਼ ਜਾ ਕੇ ਵੱਸ ਜਾਣ ਜਾਂ ਫਿਰ ਕੋਈ ਚੰਗੀ ਨੌਕਰੀ ‘ਤੇ ਲੱਗ ਜਾਣ, ਕਿਉਂਕਿ ਉਹ ਇਹ ਮਧੂ-ਮੱਖੀ ਪਾਲਣ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ। ਪਰ ਇਸੇ ਦੌਰਾਨ ਉਹਨਾਂ ਦੇ ਪਿਤਾ ਸ਼ਮਸ਼ੇਰ ਸਿੰਘ ਜੀ ਦੀ ਸਿਹਤ ਖ਼ਰਾਬ ਰਹਿਣ ਲੱਗ ਗਈ। ਉਸ ਸਮੇਂ ਸ਼ਮਸ਼ੇਰ ਸਿੰਘ ਜੀ ਮੱਧ ਪ੍ਰਦੇਸ਼ ਵਿੱਚ ਮਧੂ-ਮੱਖੀ ਫਾਰਮ ‘ਤੇ ਸਨ। ਡਾਕਟਰ ਨੇ ਉਹਨਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ, ਜਿਸ ਕਾਰਣ ਪਵਨ ਨੂੰ ਆਪ ਮੱਧ-ਪ੍ਰਦੇਸ਼ ਜਾ ਕੇ ਕੰਮ ਸੰਭਾਲਣਾ ਪਿਆ। ਉਸ ਸਮੇਂ ਪਵਨ ਨੂੰ ਸ਼ਹਿਦ ਕੱਢਣ ਦੇ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ, ਪਰ ਮੱਧ-ਪ੍ਰਦੇਸ਼ ਵਿੱਚ ਚਾਰ ਮਹੀਨੇ ਫਾਰਮ ‘ਤੇ ਰਹਿਣ ਤੋਂ ਬਾਅਦ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਹਾਸਲ ਹੋਈ। ਇਸ ਕੰਮ ਵਿੱਚ ਉਹਨਾਂ ਨੂੰ ਬਹੁਤ ਲਾਭ ਹੋਇਆ। ਹੌਲੀ-ਹੌਲੀ ਪਵਨ ਜੀ ਦੀ ਦਿਲਚਸਪੀ ਕਾਰੋਬਾਰ ਵਿੱਚ ਵੱਧਣ ਲੱਗੀ ਅਤੇ ਉਹਨਾਂ ਨੇ ਮਧੂ-ਮੱਖੀ ਪਾਲਣ ਨੂੰ ਆਪਣੇ ਪੇਸ਼ੇ ਵਜੋਂ ਅਪਨਾਉਣ ਦਾ ਫੈਸਲਾ ਕੀਤਾ ਅਤੇ ਆਪਣਾ ਸਾਰਾ ਧਿਆਨ ਇਸ ਕਿੱਤੇ ਵੱਲ ਕੇਂਦਰਿਤ ਕਰ ਲਿਆ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਤੋਂ 7 ਦਿਨਾਂ ਦੀ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ।

ਸ਼ਹਿਦ ਕੱਢਣ ਦਾ ਤਰੀਕਾ ਸਿੱਖਣ ਤੋਂ ਬਾਅਦ ਪਵਨ ਨੇ ਹੁਣ ਸ਼ਹਿਦ ਦੀ ਮਾਰਕੀਟਿੰਗ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਹਨਾਂ ਨੇ ਦੇਖਿਆ ਕਿ ਸ਼ਹਿਦ ਵੇਚਣ ਵਾਲੇ ਵਪਾਰੀ ਉਹਨਾਂ ਤੋਂ 70-80 ਰੁਪਏ ਕਿੱਲੋ ਸ਼ਹਿਦ ਖਰੀਦ ਕੇ 300 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ।

“ਵਪਾਰੀ ਸਾਡੇ ਤੋਂ ਸਸਤੇ ਮੁੱਲ ‘ਤੇ ਸ਼ਹਿਦ ਖਰੀਦ ਕੇ ਮਹਿੰਗੇ ਮੁੱਲ ‘ਤੇ ਵੇਚਦੇ ਸਨ। ਮੈਂ ਸੋਚਿਆ ਕਿ ਹੁਣ ਮੈਂ ਸ਼ਹਿਦ ਵੇਚਣ ਲਈ ਵਪਾਰੀਆਂ ‘ਤੇ ਨਿਰਭਰ ਨਹੀਂ ਰਹਾਂਗਾ। ਇਸ ਮੰਤਵ ਲਈ ਮੈਂ ਖੁਦ ਸ਼ਹਿਦ ਵੇਚਣ ਦਾ ਫੈਸਲਾ ਕੀਤਾ” – ਪਵਨਦੀਪ ਸਿੰਘ ਅਰੋੜਾ

ਪਵਨਦੀਪ ਕੋਲ ਪਹਿਲਾਂ 500 ਬਕਸੇ ਮਧੂ-ਮੱਖੀਆਂ ਦੇ ਸਨ, ਪਰ ਸ਼ਹਿਦ ਦੀ ਮਾਰਕੀਟਿੰਗ ਵੱਲ ਧਿਆਨ ਦੇਣ ਖਾਤਰ ਉਹਨਾਂ ਨੇ ਬਕਸਿਆਂ ਦੀ ਗਿਣਤੀ 500 ਤੋਂ ਘਟਾ ਕੇ 200 ਕਰ ਦਿੱਤੀ ਅਤੇ ਕੰਮ ਕਰਨ ਵਾਲੇ 3 ਮਜ਼ਦੂਰਾਂ ਨੂੰ ਪੈਕਿੰਗ ਦੇ ਕੰਮ ‘ਤੇ ਲਗਾ ਦਿੱਤਾ। ਖੁਦ ਸ਼ਹਿਦ ਦੀ ਪੈਕਿੰਗ ਕਰਕੇ ਵੇਚਣ ਨਾਲ ਉਹਨਾਂ ਨੂੰ ਕਾਫੀ ਲਾਭ ਹੋਇਆ। ਕਿਸਾਨ ਮੇਲਿਆਂ ‘ਤੇ ਵੀ ਉਹ ਆਪ ਸ਼ਹਿਦ ਵੇਚਣ ਜਾਂਦੇ ਹਨ, ਜਿੱਥੇ ਉਹਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਨੌਜਵਾਨ ਹੋਣ ਦੇ ਕਾਰਣ ਪਵਨ ਸੋਸ਼ਲ ਮੀਡਿਆ ਦੀ ਮਹੱਤਤਾ ਨੂੰ ਬਾਖ਼ੂਬੀ ਸਮਝਦੇ ਹਨ। ਇਸ ਲਈ ਉਹਨਾਂ ਨੇ ਸ਼ਹਿਦ ਵੇਚਣ ਲਈ ਵੈੱਬਸਾਈਟ ਬਣਵਾਈ, ਆਨਲਾਈਨ ਪ੍ਰੋਮੋਸ਼ਨ ਵੀ ਕੀਤੀ ਅਤੇ ਇਸ ਵਿੱਚ ਵੀ ਉਹ ਸਫ਼ਲ ਹੋਏ।

ਅੱਜ-ਕੱਲ੍ਹ ਮਾਰਕੀਟਿੰਗ ਬਾਰੇ ਸਮਝ ਘੱਟ ਹੋਣ ਕਰਕੇ ਮਧੂ-ਮੱਖੀ ਪਾਲਕ ਇਹ ਕੰਮ ਛੱਡ ਜਾਂਦੇ ਹਨ। ਜੇ ਆਪਣਾ ਧਿਆਨ ਮਾਰਕੀਟਿੰਗ ਵੱਲ ਕੇਂਦਰਿਤ ਕਰ ਸ਼ਹਿਦ ਦਾ ਵਪਾਰ ਕੀਤਾ ਜਾਵੇ ਤਾਂ ਇਸ ਕੰਮ ਵਿੱਚ ਵੀ ਬਹੁਤ ਲਾਭ ਕਮਾਇਆ ਜਾ ਸਕਦਾ ਹੈ। – ਪਵਨਦੀਪ ਸਿੰਘ ਅਰੋੜਾ
ਪਵਨਦੀਪ ਵਲੋਂ ਤਿਆਰ ਕੀਤੇ ਜਾਂਦੇ ਸ਼ਹਿਦ ਦੀਆਂ ਕਿਸਮਾਂ :
  • ਸਰ੍ਹੋਂ ਦਾ ਸ਼ਹਿਦ
  • ਸਫੈਦੇ ਦਾ ਸ਼ਹਿਦ
  • ਅਕਾਸ਼ੀਆਂ ਹਨੀ
  • ਕਸ਼ਮੀਰੀ ਸਵਾਈ ਹਨੀ
  • ਟਾਹਲੀ ਦਾ ਸ਼ਹਿਦ
  • ਲੀਚੀ ਦਾ ਸ਼ਹਿਦ
  • ਮਲਟੀਫਲੋਰਾ ਸ਼ਹਿਦ
  • ਖੇਰ ਦਾ ਸ਼ਹਿਦ
  • ਜਾਮੁਣ ਦਾ ਸ਼ਹਿਦ
  • ਬੇਰੀ ਦਾ ਸ਼ਹਿਦ
  • ਅਜਵਾਇਣ ਦਾ ਸ਼ਹਿਦ

ਜਿੱਥੇ-ਜਿੱਥੇ ਸ਼ਹਿਦ ਪ੍ਰਾਪਤੀ ਹੋ ਸਕਦੀ ਹੈ, ਪਵਨਦੀਪ ਜੀ, ਅਲੱਗ-ਅਲੱਗ ਥਾਵਾਂ ‘ਤੇ ਜਿਵੇਂ ਕਿ ਨਹਿਰਾਂ ਦੇ ਕੰਢਿਆਂ ‘ਤੇ ਮਧੂ-ਮੱਖੀਆਂ ਦੇ ਬਕਸੇ ਲਗਾ ਕੇ, ਉੱਥੋਂ ਸ਼ਹਿਦ ਕੱਢਦੇ ਹਨ ਅਤੇ ਫਿਰ ਮਾਈਗਰੇਟ ਕਰਕੇ ਸ਼ਹਿਦ ਦੀ ਪੈਕਿੰਗ ਕਰਕੇ ਸ਼ਹਿਦ ਵੇਚਦੇ ਹਨ। ਉਹ ਏ ਗਰੇਡ ਸ਼ਹਿਦ ਤਿਆਰ ਕਰਦੇ ਹਨ, ਜੋ ਕਿ ਪੂਰੀ ਤਰ੍ਹਾਂ ਜੰਮ ਜਾਂਦਾ ਹੈ, ਜੋ ਕਿ ਅਸਲ ਸ਼ਹਿਦ ਦੀ ਪਹਿਚਾਣ ਹੈ। ਜਿਹਨਾਂ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਸੀ, ਪਵਨ ਦੁਆਰਾ ਤਿਆਰ ਕੀਤੇ ਗਏ ਸ਼ਹਿਦ ਦਾ ਇਸਤੇਮਾਲ ਕਰਕੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੀ ਵੱਧ ਗਈ।

ਅਸੀਂ ਸ਼ਹਿਦ ਕੱਢਣ ਲਈ ਵੱਖ-ਵੱਖ ਜਗਾਹਾਂ, ਜਿਵੇਂਕਿ ਜੰਮੂ-ਕਸ਼ਮੀਰ, ਸਿਰਸਾ, ਮੁਰਾਦਾਬਾਦ, ਰਾਜਸਥਾਨ, ਰੇਵਾੜੀ ਆਦਿ ਵੱਲ ਜਾਂਦੇ ਹਾਂ। ਸ਼ਹਿਦ ਨੇ ਨਾਲ-ਨਾਲ ਬੀ-ਵੈਕਸ, ਬੀ-ਪੋਲਨ, ਬੀ-ਪ੍ਰੋਪੋਲਿਸ ਵੀ ਨਿਕਲਦੀ ਹੈ, ਜੋ ਬਹੁਤ ਵਧੀਆ ਮੁੱਲ ‘ਤੇ ਵਿਕਦੀ ਹੈ। – ਪਵਨਦੀਪ ਸਿੰਘ ਅਰੋੜਾ

ਸ਼ਹਿਦ ਦੇ ਨਾਲ-ਨਾਲ ਹੁਣ ਪਵਨ ਜੀ ਹਲਦੀ ਦੀ ਪ੍ਰੋਸੈਸਿੰਗ ਵੀ ਕਰਦੇ ਹਨ। ਉਹ ਕਿਸਾਨਾਂ ਤੋਂ ਕੱਚੀ ਹਲਦੀ ਲੈ ਕੇ ਉਸਦੀ ਪ੍ਰੋਸੈਸਿੰਗ ਕਰਦੇ ਹਨ ਅਤੇ ਸ਼ਹਿਦ ਦੇ ਨਾਲ-ਨਾਲ ਹਲਦੀ ਵੀ ਵੇਚਦੇ ਹਨ। ਇਸ ਕੰਮ ਵਿਚ ਪਵਨ ਜੀ ਦੇ ਪਿਤਾ (ਸਮਸ਼ੇਰ ਸਿੰਘ ਅਰੋੜਾ), ਮਾਤਾ (ਨੀਲਮ ਕੁਮਾਰੀ), ਪਤਨੀ (ਰਿਤਿਕਾ ਸੈਣੀ) ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਕੰਮ ਲਈ ਉਨ੍ਹਾਂ ਕੋਲ ਪਿੰਡ ਦੀਆਂ ਹੋਰ ਲੜਕੀਆਂ ਆਉਂਦੀਆਂ ਹਨ, ਜੋ ਪੈਕਿੰਗ ਦੇ ਕੰਮ ਵਿੱਚ ਉਹਨਾਂ ਦੀ ਮਦਦ ਕਰਦੀਆਂ ਹਨ।

ਭਵਿੱਖ ਦੀ ਯੋਜਨਾ

ਹੁਣ ਮਧੂ-ਮੱਖੀ ਪਾਲਣ ਦੇ ਕਿੱਤੇ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ, ਪਵਨ ਜੀ ਇਸੇ ਕਾਰੋਬਾਰ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾ ਕੇ ਵਧੇਰੇ ਉਤਪਾਦਾਂ ਦੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
“ਮਧੂ-ਮੱਖੀ ਦੇ ਕਿੱਤੇ ਵਿੱਚ ਸ਼ਹਿਦ ਵੇਚਣ ਲਈ ਕਿਸੇ ਵਪਾਰੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਮਧੂ-ਮੱਖੀ ਪਾਲਕਾਂ ਨੂੰ ਆਪ ਸ਼ਹਿਦ ਕੱਢਕੇ, ਆਪ ਪੈਕਿੰਗ ਕਰਕੇ ਮਾਰਕੀਟਿੰਗ ਕਰਨੀ ਚਾਹੀਦੀ ਹੈ, ਤਾਂ ਹੀ ਇਸ ਕੰਮ ਵਿੱਚ ਮੁਨਾਫ਼ਾ ਕਮਾਇਆ ਜਾ ਸਕਦਾ ਹੈ।”

ਭੁਪਿੰਦਰ ਸਿੰਘ ਸੰਧਾ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਾਂਹਵਧੂ ਮਧੂ-ਮੱਖੀ ਪਾਲਕ ਭੁਪਿੰਦਰ ਸਿੰਘ ਸੰਧਾ ਨਾਲ ਜੋ ਮਧੂ-ਮੱਖੀ ਪਾਲਣ ਦੇ ਪ੍ਰਚਾਰ ਵਿੱਚ ਮਧੂ-ਮੱਖੀਆਂ ਵਾਂਗ ਹੀ ਰੁੱਝੇ ਹੋਏ ਅਤੇ ਕੁਸ਼ਲ ਹਨ
ਮਧੂ ਮੱਖੀ ਦੇ ਡੰਗ ਨੂੰ ਯਾਦ ਕਰਕੇ, ਆਮ ਤੌਰ ‘ਤੇ ਜ਼ਿਆਦਾਤਰ ਲੋਕ ਆਲੇ-ਦੁਆਲੇ ਦੀਆਂ ਮਧੂ ਮੱਖੀਆਂ ਤੋਂ ਨਫ਼ਰਤ ਕਰਦੇ ਹਨ, ਉਹ ਇਸ ਸੱਚਾਈ ਤੋਂ ਅਣਜਾਣ ਹਨ ਕਿ ਇਹ ਮਧੂ-ਮੱਖੀਆਂ ਤੁਹਾਡੇ ਲਈ ਇੱਕ ਹੈਰਾਨੀਜਨਕ ਮੁਨਾਫ਼ਾ ਕਮਾਉਣ, ਸ਼ਹਿਦ ਬਣਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

ਪਰ ਇਕੱਲਾ ਪੈਸਾ ਹੀ ਨਹੀਂ ਸੀ ਜਿਸ ਲਈ ਭੁਪਿੰਦਰ ਸਿੰਘ ਸੰਧਾ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ। ਭੁਪਿੰਦਰ ਸਿੰਘ ਨੂੰ ਭੰਵਰਿਆਂ, ਮੱਖੀਆਂ ਦੀ ਕਲਾ ਅਤੇ ਮਧੂ-ਮੱਖੀਆਂ ਤੋਂ ਹੋਣ ਵਾਲੇ ਫਾਇਦਿਆਂ ਨੇ ਉਨ੍ਹਾਂ ਨੂੰ ਇਸ ਉੱਦਮ ਵੱਲ ਆਕਰਸ਼ਿਤ ਕੀਤਾ।

1993 ਵਿੱਚ ਭੁਪਿੰਦਰ ਸਿੰਘ ਸੰਧਾ ਨੂੰ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਰਾਜਪੁਰਾ ਦੇ ਮਧੂ ਮੱਖੀ ਪਾਲਣ ਦੌਰੇ ਦੌਰਾਨ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਪਤਾ ਲੱਗਾ। ਭੁਪਿੰਦਰ ਸਿੰਘ ਇਨ੍ਹਾਂ ਮਧੂ ਮੱਖੀਆਂ ਦੇ ਕੰਮ ਤੋਂ ਇੰਨਾ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਿਰਫ਼ 5 ਮਧੂ-ਮੱਖੀਆਂ ਦੇ ਬਕਸਿਆਂ ਨਾਲ ਮੱਖੀ ਪਾਲਣ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਭੁਪਿੰਦਰ ਸਿੰਘ ਸੰਧਾ ਫਾਰਮਾਸਿਸਟ(ਦਵਾਈਆਂ ਵੇਚਦੇ) ਸਨ ਅਤੇ ਉਨ੍ਹਾਂ ਨੇ ਫਾਰਮੇਸੀ ਦੀ ਡਿਗਰੀ ਕੀਤੀ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ਆਲੇ-ਦੁਆਲੇ ਭਿਣਕਦੀਆਂ ਮੱਖੀਆਂ ਅਤੇ ਸ਼ਹਿਦ ਦੀ ਮਿਠਾਸ ਨਾਲ ਘਿਰੀ ਹੋਈ ਸੀ।

1994 ਵਿੱਚ, ਭੁਪਿੰਦਰ ਸਿੰਘ ਸੰਧਾ ਨੇ ਇੱਕ ਮੈਡੀਕਲ ਸਟੋਰ ਵੀ ਖੋਲ੍ਹਿਆ ਅਤੇ ਉਸ ਸਟੋਰ ਨੂੰ ਤਿਆਰ ਕੀਤਾ ਸ਼ਹਿਦ ਵੇਚਣ ਲਈ ਵਰਤਿਆ ਅਤੇ ਇਸ ਨਾਲ ਉਨ੍ਹਾਂ ਦਾ ਮੱਖੀ ਪਾਲਣ ਦਾ ਕਾਰੋਬਾਰ ਲਗਾਤਾਰ ਵੱਧ ਰਿਹਾ ਸੀ। ਉਨ੍ਹਾਂ ਦਾ ਦਵਾਈਆਂ ਵਾਲੇ ਖੇਤਰ ਵਿੱਚ ਆਉਣ ਦਾ ਉਦੇਸ਼ ਲੋਕਾਂ ਦੀ ਮਦਦ ਕਰਨਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ਼ ਨਿਰਧਾਰਿਤ ਕੀਤੀਆਂ ਦਵਾਈਆਂ ਹੀ ਵੇਚ ਰਹੇ ਸਨ, ਜੋ ਅਸਲ ਵਿਚ ਉਹ ਕੰਮ ਨਹੀਂ ਸੀ ਜੋ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਨੇ 1997 ਵਿੱਚ ਮਾਰਕਿਟ ‘ਤੇ ਰਿਸਰਚ ਕੀਤੀ ਅਤੇ ਵਿਸ਼ਲੇਸ਼ਣ ਕੀਤਾ ਸੀ ਕਿ ਮਧੂ ਮੱਖੀ ਪਾਲਣ ਉਹ ਖੇਤਰ ਹੈ ਜਿਸ ‘ਤੇ ਉਨ੍ਹਾਂ ਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਲਈ, 5 ਸਾਲ ਮੈਡੀਕਲ ਸਟੋਰ ਚਲਾਉਣ ਤੋਂ ਬਾਅਦ, ਅਖੀਰ ਉਨ੍ਹਾਂ ਨੇ ਇਸ ਖੇਤਰ ਨੂੰ ਛੱਡ ਦਿੱਤਾ ਅਤੇ ਮਧੂ-ਮੱਖੀਆਂ ‘ਤੇ ਪੂਰੀ ਤਰ੍ਹਾਂ ਧਿਆਨ ਦੇਣ ਦਾ ਫੈਸਲਾ ਕੀਤਾ।

ਇਹ ਕਿਹਾ ਜਾਂਦਾ ਹੈ – ਜਦੋਂ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਚੁਣਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਅਸਲ ਖੁਸ਼ੀ ਮਹਿਸੂਸ ਕਰਦੇ ਹੋ।

ਭੁਪਿੰਦਰ ਸਿੰਘ ਸੰਧਾ ਦੇ ਨਾਲ ਵੀ ਇਹੋ ਸੀ, ਉਨ੍ਹਾਂ ਨੇ ਆਪਣੀ ਅਸਲ ਖੁਸ਼ੀ ਮੱਖੀ ਪਾਲਣ ਨੂੰ ਸਮਝਿਆ। 1999 ਵਿੱਚ, ਉਨ੍ਹਾਂ ਨੇ ਆਪਣੇ ਮਧੂ-ਮੱਖੀ ਫਾਰਮ ਨੂੰ 500 ਬਕਸਿਆਂ ਤੱਕ ਫੈਲਾਇਆ ਅਤੇ 6 ਕਿਸਮਾਂ ਦੇ ਸ਼ਹਿਦ ਉਤਪਾਦ ਜਿਵੇਂ ਹਿਮਾਲੀਅਨ, ਅਜਵੈਣ, ਤੁਲਸੀ, ਜਾਮੁਨ, ਕਸ਼ਮੀਰੀ, ਸਫੇਦਾ, ਲੀਚੀ ਆਦਿ ਤਿਆਰ ਕੀਤੇ। ਸ਼ਹਿਦ ਤੋਂ ਇਲਾਵਾ, ਉਹ ਬੀ ਪੋਲਨ, ਬੀ ਵੈਕਸ ਅਤੇ ਭੁੰਨੇ ਹੋਏ ਅਲਸੀ ਦਾ ਪਾਊਡਰ ਵੀ ਵੇਚਦੇ ਹਨ। ਮਧੂ ਮੱਖੀ ਉਤਪਾਦਾਂ ਦੀ ਨੁਮਾਇੰਦਗੀ ਲਈ ਬਰਾਂਡ ਦਾ ਚੁਣਿਆ ਗਿਆ ਨਾਮ ਅਮੋਲਕ ਹੈ ਅਤੇ ਵਰਤਮਾਨ ਸਮੇਂ ਵਿੱਚ ਪੰਜਾਬ ‘ਚ ਇਸਦੀ ਬਹੁਤ ਵਧੀਆ ਮਾਰਕਿਟ ਹੈ। ਉਹ 10 ਕਰਮਚਾਰੀਆਂ ਦੀ ਮਦਦ ਨਾਲ ਪੂਰੇ ਮੱਖੀ ਫਾਰਮ ਨੂੰ ਸੰਭਾਲ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਕੰਮ ਵਿੱਚ ਉਹਨਾਂ ਦੀ ਮਦਦ ਕਰ ਰਹੀ ਹੈ।

ਭੁਪਿੰਦਰ ਸਿੰਘ ਸੰਧਾ ਲਈ ਮੱਖੀ-ਪਾਲਣ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਹਿੱਸਾ ਹੈ, ਸਿਰਫ਼ ਇਸ ਕਰਕੇ ਨਹੀਂ ਕਿ ਇਹ ਆਮਦਨੀ ਦਾ ਸਰੋਤ ਹੈ, ਸਗੋਂ ਇਸ ਲਈ ਵੀ ਕਿਉਂਕਿ ਉਹ ਮਧੂ-ਮੱਖੀਆਂ ਨੂੰ ਕੰਮ ਕਰਦੇ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਕੁਦਰਤ ਦੇ ਅਨੋਖੇ ਅਜੂਬੇ ਦਾ ਅਨੁਭਵ ਕਰਨ ਦਾ ਬਿਹਤਰੀਨ ਤਰੀਕਾ ਹੈ। ਮਧੂ ਮੱਖੀ ਪਾਲਣ ਦੁਆਰਾ, ਉਹ ਵੱਖ-ਵੱਖ ਖੇਤਰਾਂ ਵਿੱਚ ਹੋਰਨਾਂ ਕਿਸਾਨਾਂ ਨਾਲ ਅੱਗੇ ਵੱਧਣਾ ਚਾਹੁੰਦੇ ਹਨ। ਉਹ ਉਨ੍ਹਾਂ ਕਿਸਾਨਾਂ ਦੀ ਅਗਵਾਈ ਵੀ ਕਰਦੇ ਹਨ ਜੋ ਸ਼ਹਿਦ ਇਕੱਠਾ ਕਰਨ, ਰਾਣੀ ਮੱਖੀ ਤਿਆਰ ਕਰਨ ਅਤੇ ਉਤਪਾਦਾਂ ਦੀ ਪੈਕਿੰਗ ਨਾਲ ਸੰਬੰਧਿਤ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੰਦੇ ਹਨ। ਉਹ ਰੇਡੀਓ ਪ੍ਰੋਗਰਾਮਾਂ ਅਤੇ ਪ੍ਰਿੰਟ ਮੀਡੀਆ ਰਾਹੀਂ ਸਮਾਜ ਅਤੇ ਮਧੂ-ਮੱਖੀ ਪਾਲਣ ਦੇ ਵਿਸਤਾਰ ਅਤੇ ਇਸ ਦੀ ਵਿਭਿੰਨਤਾ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਨ।

ਭੁਪਿੰਦਰ ਸਿੰਘ ਸੰਧਾ ਦਾ ਫਾਰਮ ਉਸ ਦੇ ਪਿੰਡ ਟਿਵਾਣਾ, ਪਟਿਆਲਾ ਵਿਖੇ ਸਥਿਤ ਹੈ, ਜਿੱਥੇ ਉਨ੍ਹਾਂ ਨੇ 10 ਏਕੜ ਜ਼ਮੀਨ ਠੇਕੇ ‘ਤੇ ਲਈ ਹੈ। ਉਹ ਆਮ ਤੌਰ ‘ਤੇ 900-1000 ਮੱਖੀਆਂ ਦੇ ਬਕਸਿਆਂ ਨੂੰ ਰੱਖਦੇ ਹਨ ਅਤੇ ਬਾਕੀ ਦੇ ਵੇਚ ਦਿੰਦੇ ਹਨ। ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੂਜੀ ਵਪਾਰਕ ਭਾਗੀਦਾਰ ਹੈ ਅਤੇ ਜੋ ਹਰ ਕਦਮ ‘ਤੇ ਉਨ੍ਹਾਂ ਦਾ ਸਮਰਥਨ ਕਰਦੀ ਹੈ। ਆਪਣੇ ਕੰਮ ਨੂੰ ਹੋਰ ਸਫ਼ਲ ਅਤੇ ਆਪਣੇ ਕੌਸ਼ਲ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਸਿਖਲਾਈਆਂ ‘ਚ ਹਿੱਸਾ ਲਿਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੁਆਰਾ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ। ਆਤਮਾ ਸਕੀਮ ਦੇ ਤਹਿਤ ਅਮੋਲਕ ਹਨੀ ਨਾਮ ‘ਤੇ ਉਨ੍ਹਾਂ ਕੋਲ ਆਤਮਾ ਕਿਸਾਨ ਹੱਟ ਹੈ, ਜਿੱਥੇ ਉਹ ਖੁਦ ਤਿਆਰ ਕੀਤਾ ਸ਼ਹਿਦ ਵੇਚਦੇ ਹਨ।


ਭਵਿੱਖ ਦੀ ਯੋਜਨਾ:

ਭਵਿੱਖ ਵਿੱਚ, ਉਹ ਸ਼ਹਿਦ ਦਾ ਇੱਕ ਹੋਰ ਉਤਪਾਦ ਤਿਆਰ ਕਰਨ ਜਾ ਰਹੇ ਹਨ ਅਤੇ ਉਹ ਹੈ ਪ੍ਰੋਪੋਲਿਸ। ਮਧੂ-ਮੱਖੀ ਤੋਂ ਇਲਾਵਾ ਉਹ ਅਮੋਲਕ ਬਰੈਂਡ ਦੇ ਤਹਿਤ ਰਸਾਇਣ-ਮੁਕਤ ਜੈਵਿਕ ਸ਼ੱਕਰ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਹਾਨ ਯੋਜਨਾਵਾਂ ਹਨ, ਜਿਨ੍ਹਾਂ ‘ਤੇ ਉਹ ਅਜੇ ਵੀ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਉਹ ਸਹੀ ਸਮੇਂ ‘ਤੇ ਦੱਸਣਗੇ।

ਸੰਦੇਸ਼

“ਮਧੂ ਮੱਖੀ ਪਾਲਕਾਂ ਲਈ ਸ਼ਹਿਦ ਦਾ ਮੰਡੀਕਰਨ ਖੁਦ ਕਰਨਾ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਉਹ ਮਿਲਾਵਟ ਅਤੇ ਵਿਚੋਲਿਆਂ ਦੀ ਭੂਮਿਕਾ ਨੂੰ ਘਟਾ ਸਕਦੇ ਹਨ, ਜੋ ਜ਼ਿਆਦਾਤਰ ਮੁਨਾਫ਼ੇ ਨੂੰ ਜ਼ਬਤ ਕਰ ਲੈਂਦੇ ਹਨ।”

ਭੁਪਿੰਦਰ ਸਿੰਘ ਸੰਧਾ ਨੇ ਆਪਣੇ ਪੇਸ਼ੇ ਨੂੰ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਉਹ ਸਮਾਜ ਦੇ ਕਲਿਆਣ ਲਈ ਮਧੂ-ਮੱਖੀ ਪਾਲਣ ‘ਚ ਲੁਪਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਜੇ ਭੁਪਿੰਦਰ ਸਿੰਘ ਸੰਧਾ ਦੀ ਕਹਾਣੀ ਨੇ ਤੁਹਾਨੂੰ ਮਧੂ-ਮੱਖੀ ਪਾਲਣ ਬਾਰੇ ਵਧੇਰੇ ਜਾਣਨ ਲਈ ਉਤਸ਼ਾਹਿਤ ਕੀਤਾ ਹੈ ਤਾਂ ਤੁਸੀਂ ਹੋਰ ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਵੀ ਕਰ ਸਕਦੇ ਹੋ।

ਰਵੀ ਸ਼ਰਮਾ

ਪੂਰੀ ਕਹਾਣੀ ਪੜੋ

ਕਿਵੇਂ ਇੱਕ ਦਰਜੀ ਬਣਿਆ ਮਧੂ ਮੱਖੀ ਪਾਲਕ ਅਤੇ ਸ਼ਹਿਦ ਦਾ ਵਪਾਰੀ

ਮੱਖੀ ਪਾਲਣ ਵੱਧ ਰਿਹਾ ਵਪਾਰ ਹੈ ਜੋ ਸਿਰਫ਼ ਖੇਤੀ ਸਮਾਜ ਦੇ ਲੋਕਾਂ ਨੂੰ ਆਕਰਸ਼ਿਤ ਨਹੀਂ ਕਰਦਾ ਸਗੋਂ ਭਵਿੱਖ ਦੇ ਲਾਭ ਦੇ ਕਾਰਨ ਵੱਖ-ਵੱਖ ਸਮੂਹਾਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰਦਾ ਹੈ। ਰਵੀ ਸ਼ਰਮਾ ਇੱਕ ਅਜਿਹੇ ਵਿਅਕਤੀ ਹਨ, ਜੋ ਕਿ ਮੱਖੀ ਪਾਲਣ ਵਿਸਥਾਰ ਲਈ ਆਪਣੇ ਪਿੰਡ ਵਿੱਚ ਇੱਕ ਚਿਕਿਤਸਕ ਪਾਵਰਹਾਊਸ ਸ੍ਰੋਤ ਬਣਾ ਰਹੇ ਹਨ।

1978-992 ਤੱਕ ਰਵੀ ਸ਼ਰਮਾ, ਜ਼ਿਲ੍ਹਾ ਮੋਹਾਲੀ ਦੇ ਇੱਕ ਛੋਟੇ ਜਿਹੇ ਪਿੰਡ ਗੁਡਾਨਾ ਵਿੱਚ ਦਰਜੀ ਦਾ ਕੰਮ ਕਰਦੇ ਸਨ ਅਤੇ ਆਪਣੇ ਅਧੀਨ ਕੰਮ ਕਰ ਰਹੇ 10 ਆਦਮੀਆਂ ਨੂੰ ਵੀ ਗਾਈਡ ਕਰਦੇ ਸਨ। ਪਿੰਡ ਦੀ ਇੱਕ ਛੋਟੀ ਜਿਹੀ ਦੁਕਾਨ ਵਿੱਚ ਉਨ੍ਹਾਂ ਦਾ ਦਰਜੀ ਦਾ ਕੰਮ ਤਦ ਤੱਕ ਵਧੀਆ ਚੱਲ ਰਿਹਾ ਸੀ, ਜਦੋਂ ਤੱਕ ਉਹ ਰਾਜਪੁਰਾ, ਪਟਿਆਲਾ ਨਹੀਂ ਗਏ ਅਤੇ ਡਾ. ਵਾਲੀਆ (ਖੇਤੀ ਇੰਸਪੈਕਟਰ) ਨਾਲ ਨਹੀਂ ਮਿਲੇ।

ਡਾ. ਵਾਲੀਆ ਨੇ ਰਵੀ ਸ਼ਰਮਾ ਲਈ ਮੱਖੀ ਪਾਲਣ ਵੱਲ ਇੱਕ ਮਾਰਗ ਦਰਸ਼ਕ ਵਜੋਂ ਕੰਮ ਕੀਤਾ। ਇਹ ਉਹ ਵਿਅਕਤੀ ਸਨ ਜਿਹਨਾਂ ਨੇ ਰਵੀ ਸ਼ਰਮਾ ਨੂੰ ਮੱਖੀ ਪਾਲਣ ਲਈ ਪ੍ਰੇਰਿਤ ਕੀਤਾ ਅਤੇ ਇਸ ਵਪਾਰ ਨੂੰ ਆਸਾਨੀ ਨਾਲ ਅਪਨਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਸ਼ੁਰੂਆਤ ਵਿੱਚ, ਸ਼੍ਰੀ ਸ਼ਰਮਾ ਨੇ 5 ਮਧੂ ਮੱਖੀਆਂ ਦੇ ਬਕਸਿਆਂ ‘ਤੇ 50% ਸਬਸਿਡੀ ਪ੍ਰਾਪਤ ਕੀਤੀ ਅਤੇ ਖੁਦ 5700 ਰੁਪਏ ਨਿਵੇਸ਼ ਕੀਤੇ। ਜਿਸ ਨਾਲ ਉਹ 1 ½ ਕੁਇੰਟਲ ਸ਼ਹਿਦ ਪ੍ਰਾਪਤ ਕਰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਂਦੇ ਹਨ। ਪਹਿਲੀ ਕਮਾਈ ਨੇ ਰਵੀ ਸ਼ਰਮਾ ਨੂੰ ਉਨ੍ਹਾਂ ਦੇ ਕੰਮ ਨੂੰ 100 ਮਧੂ ਮੱਖੀਆਂ ਦੇ ਬਕਸਿਆਂ ਨਾਲ ਵਿਸਤ੍ਰਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਕੰਮ ਮੱਖੀ ਪਾਲਣ ਵਿੱਚ ਤਬਦੀਲ ਹੋਇਆ ਅਤੇ 1994 ਵਿੱਚ ਪੂਰੀ ਤਰ੍ਹਾਂ ਦਰਜੀ ਦੇ ਕੰਮ ਨੂੰ ਛੱਡ ਦਿੱਤਾ।

1997 ਵਿੱਚ ਰੇਵਾੜੀ, ਹਰਿਆਣਾ ਵਿੱਚ ਇੱਕ ਖੇਤੀਬਾੜੀ ਪ੍ਰੋਗਰਾਮ ਦੇ ਦੌਰੇ ਨੇ ਮਧੂ ਮੱਖੀ ਪਾਲਣ ਵੱਲ ਸ਼੍ਰੀ ਸ਼ਰਮਾ ਦੇ ਮੋਹ ਨੂੰ ਵਧਾਇਆ, ਫਿਰ ਉਨ੍ਹਾਂ ਨੇ ਮਧੂ ਮੱਖੀ ਦੇ ਬਕਸਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ। ਹੁਣ, ਉਨ੍ਹਾਂ ਦੇ ਫਾਰਮ ‘ਤੇ ਮਧੂ ਮੱਖੀਆਂ ਦੇ 350-400 ਬਕਸੇ ਹਨ।

2000 ਵਿੱਚ, ਸ਼੍ਰੀ ਰਵੀ ਨੇ 15 ਗਾਵਾਂ ਨਾਲ ਡੇਅਰੀ ਫਾਰਮਿੰਗ ਵੀ ਕਰਨ ਕੋਸ਼ਿਸ਼ ਕੀਤੀ, ਪਰ ਇਹ ਮੱਖੀ ਪਾਲਣ ਤੋਂ ਜ਼ਿਆਦਾ ਸਫ਼ਲ ਨਹੀਂ ਸੀ। ਮਜ਼ਦੂਰਾਂ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰ ਦੇ ਕੇਵਲ 4 ਐੱਚ.ਐਫ. ਨਸਲ ਦੀਆਂ ਗਾਵਾਂ ਹਨ ਅਤੇ ਇੱਕ ਮੁਰ੍ਹਾ ਨਸਲ ਦੀ ਮੱਝ ਹੈ ਅਤੇ ਕਈ ਵਾਰ ਉਹ ਦੁੱਧ ਨੂੰ ਬਾਜ਼ਾਰ ਵਿੱਚ ਵੀ ਵੇਚਦੇ ਹਨ। ਇਸ ਦੌਰਾਨ ਮਧੂ ਮੱਖੀ ਪਾਲਣ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ।

ਪਰ ਮਧੂ ਮੱਖੀ ਪਾਲਣ ਦਾ ਸਫ਼ਰ ਇੰਨਾ ਆਸਾਨ ਨਹੀਂ ਸੀ। 2007-08 ਵਿੱਚ, ਉਸ ਦੇ ਬੀਹਾਈਵਸ ਕਲੋਨੀਆਂ ਵਿੱਚ ਕੀਟਾਂ ਦੇ ਹਮਲਿਆਂ ਕਾਰਨ ਬਕਸੇ ਨਸ਼ਟ ਹੋ ਗਏ ਅਤੇ ਜਿਸ ਕਾਰਨ 35 ਮਧੂਮੱਖੀਆਂ ਦੇ ਬਕਸੇ ਹੀ ਰਹਿ ਗਏ। ਇਸ ਘਟਨਾ ਨੇ ਰਵੀ ਸ਼ਰਮਾ ਦੇ ਮਧੂ ਮੱਖੀ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।

ਪਰ ਇਸ ਸਮੇਂ ਨੇ ਸ਼੍ਰੀ ਰਵੀ ਸ਼ਰਮਾ ਨੂੰ ਹੋਰ ਮਜ਼ਬੂਤ ਅਤੇ ਵੱਧ ਸ਼ਕਤੀਸ਼ਾਲੀ ਬਣਾ ਦਿੱਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਮਧੂ ਮੱਖੀ ਫਾਰਮ ਨੂੰ ਸਫ਼ਲਤਾਪੂਰਕ ਸਥਾਪਿਤ ਕਰ ਲਿਆ। ਉਨ੍ਹਾਂ ਦੀ ਸਫ਼ਲਤਾ ਵੇਖਣ ਤੋਂ ਬਾਅਦ ਕਈ ਲੋਕ ਮੱਖੀ ਪਾਲਣ ਕਾਰੋਬਾਰ ਸ਼ੁਰੂ ਕਰਨ ਬਾਰੇ ਸਲਾਹ ਲੈਣ ਆਏ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ 20-30 ਮਧੂ ਮੱਖੀਆਂ ਦੇ ਬਕਸੇ ਵੰਡੇ ਅਤੇ ਇਸ ਤਰ੍ਹਾਂ ਉਸ ਨੇ ਚਿਕਿਤਸਕ ਪਾਵਰ ਹਾਊਸ ਬਣਾਇਆ।

“ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਮਧੂ ਮੱਖੀ ਦੇ ਬਕਸਿਆਂ ਦੀ ਗਿਣਤੀ 4000 ਤੱਕ ਪਹੁੰਚ ਗਈ ਅਤੇ ਜਿਨ੍ਹਾਂ ਲੋਕਾਂ ਕੋਲ ਇਸ ਦੀ ਮਾਲਕੀ ਸੀ, ਉਨ੍ਹਾਂ ਨੇ ਵੀ ਮਧੂ ਮੱਖੀ ਪਾਲਣ ਦੇ ਉੱਦਮ ਵਿੱਚ ਮੇਰੀ ਸਫ਼ਲਤਾ ਨੂੰ ਦੇਖ ਕੇ ਮਧੂ ਮੱਖੀ ਪਾਲਣ ਸ਼ੁਰੂ ਦਿੱਤਾ।”

ਅੱਜ, ਰਵੀ ਮਧੂ-ਮੱਖੀ ਫਾਰਮ ਵਿੱਚ ਮੱਖੀਆਂ ਦੇ ਕੰਮ ਨੂੰ ਸੰਭਾਲਣ ਲਈ ਦੋ ਕਰਮਚਾਰੀ ਹਨ। ਮਾਰਕੀਟਿੰਗ ਵੀ ਠੀਕ ਹੈ, ਕਿਉਂਕਿ ਰਵੀ ਸ਼ਰਮਾ ਨੇ ਇੱਕ ਵਿਅਕਤੀ ਨਾਲ ਤਾਲਮੇਲ ਕੀਤਾ ਹੋਇਆ ਹੈ, ਜੋ ਉਨ੍ਹਾਂ ਤੋਂ ਸਾਰਾ ਸ਼ਹਿਦ ਖਰੀਦਦਾ ਹੈ ਅਤੇ ਕਈ ਵਾਰ ਰਵੀ ਸ਼ਰਮਾ ਆਨੰਦਪੁਰ ਸਾਹਿਬ ਦੇ ਨੇੜੇ ਸੜਕ ਕਿਨਾਰੇ ਦੀ ਦੁਕਾਨ ‘ਤੇ 4-5 ਕੁਇੰਟਲ ਸ਼ਹਿਦ ਵੇਚਦੇ ਹਨ, ਜਿੱਥੋਂ ਉਹ ਚੰਗੀ ਕਮਾਈ ਕਰਦੇ ਹਨ।

ਮੱਖੀ ਪਾਲਣ ਰਵੀ ਸ਼ਰਮਾ ਦੇ ਲਈ ਆਮਦਨ ਦਾ ਇੱਕ ਸ੍ਰੋਤ ਹੈ, ਜਿਸ ਰਾਹੀਂ ਉਹ ਆਪਣੇ ਪਰਿਵਾਰ ਦੇ 6 ਮੈਂਬਰਾਂ ਦਾ ਖਰਚਾ ਚੁੱਕ ਰਹੇ ਹਨ, ਜਿਸ ਵਿੱਚ ਪਤਨੀ, ਮਾਤਾ, ਦੋ ਧੀਆਂ ਅਤੇ ਪੁੱਤਰ ਸ਼ਾਮਲ ਹਨ।

“ਮੱਖੀ ਪਾਲਣ ਵਪਾਰ ਦੇ ਸ਼ੁਰੂਆਤ ਤੋਂ ਹੀ ਮੇਰੀ ਪਤਨੀ ਸ਼੍ਰੀਮਤੀ ਗਿਆਨ ਦੇਵੀ ਨੇ, ਮੱਖੀ ਪਾਲਣ ਵਪਾਰ ਦੀ ਸ਼ੁਰੂਆਤ ਤੋਂ ਮੇਰਾ ਪੂਰਾ ਸਹਿਯੋਗ ਕੀਤਾ। ਉਸ ਤੋਂ ਬਿਨਾਂ, ਮੈਂ ਆਪਣੇ ਜੀਵਨ ਵਿੱਚ ਇਸ ਪੱਧਰ ਤੱਕ ਨਹੀਂ ਪਹੁੰਚਦਾ।”

ਵਰਤਮਾਨ ਵਿੱਚ, ਰਵੀ ਮਧੂ ਮੱਖੀ ਫਾਰਮ ਦੇ ਦੋ ਪ੍ਰਮੁੱਖ ਉਤਪਾਦ ਹਨ ਸ਼ਹਿਦ ਅਤੇ ਮੋਮ(ਬੀ ਵੈਕਸ)।

ਭਵਿੱਖ ਦੀ ਯੋਜਨਾ:
ਹੁਣ ਤੱਕ ਮੈਂ ਆਪਣੇ ਪਿੰਡ ਅਤੇ ਕੁੱਝ ਰਿਸ਼ਤੇਦਾਰਾਂ ਵਿੱਚ ਮੱਖੀ ਪਾਲਣ ਦੇ ਕੰਮ ਨੂੰ ਵਧਾ ਦਿੱਤਾ ਹੈ, ਪਰ ਭਵਿੱਖ ਵਿੱਚ, ਮੈਂ ਇਸ ਤੋਂ ਵੱਡੇ ਖੇਤਰ ਵਿੱਚ ਮੱਖੀ ਪਾਲਣ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ।
ਸੰਦੇਸ਼:

“ਇੱਕ ਵਿਅਕਤੀ ਜੇਕਰ ਆਪਣੇ ਕੰਮ ਨੂੰ ਚੰਗੇ ਇਰਾਦੇ ਨਾਲ ਕਰੇ ਅਤੇ ਇਨ੍ਹਾਂ ਤਿੰਨ ਸ਼ਬਦਾਂ “ਇਮਾਨਦਾਰੀ, ਗਿਆਨ, ਧਿਆਨ” ਨੂੰ ਆਪਣੇ ਯਤਨਾਂ ਵਿੱਚ ਸ਼ਾਮਲ ਕਰੇ ਤਾਂ ਜੋ ਉਹ ਚਾਹੁੰਦਾ ਹੈ, ਉਸ ਨੂੰ ਪ੍ਰਾਪਤ ਕਰ ਸਕਦਾ ਹੈ।”

ਸ਼੍ਰੀ ਰਵੀ ਸ਼ਰਮਾ ਦੇ ਯਤਨਾਂ ਕਾਰਨ ਅੱਜ ਗੁਡਾਨਾ ਪਿੰਡ ਵਿੱਚ ਸ਼ਹਿਦ ਉਤਪਾਦਨ ਦਾ ਇੱਕ ਸ੍ਰੋਤ ਬਣ ਚੁੱਕਾ ਹੈ ਅਤੇ ਉਹ ਭਵਿੱਖ ਵਿੱਚ ਮਧੂ ਮੱਖੀ ਪਾਲਣ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਆਪਣਾ ਕੰਮ ਜਾਰੀ ਰੱਖਣਗੇ।

ਹਰਬੀਰ ਸਿੰਘ ਪੰਧੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਪਿਤਾ ਨੇ ਮੱਖੀ ਪਾਲਣ ਵਿੱਚ ਨਿਵੇਸ਼ ਕਰ ਕੇ ਆਪਣੇ ਪੁੱਤਰ ਨੂੰ ਜ਼ਿਆਦਾ ਮੁਨਾਫ਼ਾ ਕਮਾਉਣ ਵਿੱਚ ਮਦਦ ਕੀਤੀ

ਪੰਧੇਰ ਪਰਿਵਾਰ ਦੀ ਅਗਲੀ ਪੀੜ੍ਹੀ ਹਰਬੀਰ ਸਿੰਘ ਪੰਧੇਰ ਨੇ ਨਾ ਸਿਰਫ਼ ਆਪਣੇ ਪਿਤਾ ਦੇ ਮੱਖੀ ਪਾਲਣ ਦੇ ਕੰਮ ਨੂੰ ਅੱਗੇ ਵਧਾਇਆ, ਪਰ ਆਪਣੇ ਵਿਚਾਰਾਂ ਅਤੇ ਕੋਸ਼ਿਸ਼ਾਂ ਨਾਲ ਇਸ ਨੂੰ ਇੱਕ ਲਾਭਦਾਇਕ ਕਿੱਤਾ ਵੀ ਬਣਾਇਆ।

ਹਰਬੀਰ ਸਿੰਘ ਕੁਹਲੀ ਖੁਰਦ, ਲੁਧਿਆਣਾ ਦੇ ਨਿਵਾਸੀ ਹਨ, ਜਿਨ੍ਹਾਂ ਕੋਲ ਸਿਵਲ ਇੰਜੀਨੀਅਰ ਦੀ ਡਿਗਰੀ ਹੁੰਦੇ ਹੋਏ ਵੀ ਉਹਨਾਂ ਨੇ ਆਪਣੇ ਪਿਤਾ ਦੇ ਕਿੱਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਇਸ ਨੂੰ ਅੱਗੇ ਲੈ ਕੇ ਆਏ।

ਜਦ ਪੰਧੇਰ ਪਰਿਵਾਰ ਨੇ ਮੱਖੀ ਪਾਲਣ ਸ਼ੁਰੂ ਕੀਤਾ…

ਗੁਰਮੇਲ ਸਿੰਘ ਪੰਧੇਰ- ਹਰਬੀਰ ਸਿੰਘ ਦੇ ਪਿਤਾ ਨੇ ਲਗਭਗ 35 ਸਾਲ ਪਹਿਲਾਂ ਬਿਨਾਂ ਕਿਸੀ ਟ੍ਰੇਨਿੰਗ ਤੋਂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। 80 ਦੇ ਦਸ਼ਕ ਵਿੱਚ ਜਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੱਖੀ ਪਾਲਣ ਵੀ ਇੱਕ ਲਾਭਦਾਇਕ ਕਿੱਤਾ ਹੋ ਸਕਦਾ ਹੈ, ਗੁਰਮੇਲ ਸਿੰਘ ਦਾ ਭਵਿੱਖਵਾਦੀ ਦਿਮਾਗ ਇੱਕ ਵੱਖ ਹੀ ਦਿਸ਼ਾ ਵਿੱਚ ਤੁਰ ਪਿਆ। ਉਸ ਸਮੇਂ ਉਹਨਾਂ ਨੇ 2 ਬਕਸਿਆਂ ਨਾਲ ਮਧੂ ਮੱਖੀ ਪਾਲਣ ਦੀ ਸ਼ੁਰੂਆਤ ਕੀਤੀ ਅਤੇ ਅੱਜ ਉਹਨਾਂ ਦੇ ਪੁੱਤਰ ਨੇ ਇਸ ਕੰਮ ਨੂੰ 700 ਬਕਸਿਆਂ ਵਿੱਚ ਬਦਲ ਕੇ ਇੱਕ ਵੱਡੀ ਛਾਲ ਮਾਰੀ ਹੈ।

ਜਦ ਕਿ ਹਰਬੀਰ ਸਿੰਘ ਦੇ ਪਿਤਾ ਮਧੂ ਮੱਖੀ ਪਾਲਣ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਸਨ ਪਰ ਇੱਕ ਮਾਰਕੀਟਿੰਗ ਦੇ ਹਿਸਾਬ ਨਾਲ ਬਹੁਤ ਘੱਟ ਸੀ। ਜਿਸ ਕਾਰਨ ਉਹ ਸਹੀ ਮਾਰਕੀਟ ਨੂੰ ਕਵਰ ਨਹੀਂ ਕਰ ਪਾ ਰਹੇ ਸਨ। ਇਸ ਲਈ ਹਰਬੀਰ ਸਿੰਘ ਨੇ ਸੋਚਿਆ ਕਿ ਉਹ ਆਪਣੀ ਸੋਚ ਅਤੇ ਯੋਜਨਾ ਨਾਲ ਇਸ ਕੰਮ ਨੂੰ ਅੱਗੇ ਲੈ ਕੇ ਜਾਣਗੇ। ਹਰਬੀਰ ਨੇ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੀ ਆਪਣੇ ਪਿਤਾ ਦਾ ਕੰਮ ਸੰਭਾਲ ਲਿਆ। ਇਸ ਕੰਮ ਨੂੰ ਚੁਣਨਾ ਹਰਬੀਰ ਸਿੰਘ ਦੀ ਕੋਈ ਮਜ਼ਬੂਰੀ ਨਹੀਂ ਸੀ ਬਲਕਿ ਇਹ ਤੇ ਉਹਦਾ ਜਨੂੰਨ ਸੀ ਜੋ ਉਹ ਆਪਣੇ ਪਿਤਾ ਵਿੱਚ ਬਚਪਨ ਤੋਂ ਵੇਖਦੇ ਆ ਰਹੇ ਸਨ।

ਇਸ ਕੰਮ ਨੂੰ ਸਾਂਭਦੇ ਹੀ ਹਰਬੀਰ ਨੇ ਇਸ ਵਪਾਰ ਨੂੰ “ਰੋਇਲ ਹਨੀ” ਬ੍ਰਾਂਡ ਦਾ ਨਾਮ ਦੇ ਦਿੱਤਾ। ਹਰਬੀਰ ਚੰਗੀ ਤਰ੍ਹਾਂ ਜਾਂਦੇ ਸੀ ਕਿ ਇਸ ਵਪਾਰ ਨੂੰ ਵੱਡੇ ਪੱਧਰ ਤੇ ਅੱਗੇ ਲੈ ਕੇ ਜਾਣ ਲਈ ਇਸ ਦੀ ਬ੍ਰੈਂਡਿੰਗ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਇਸ ਬ੍ਰਾਂਡ ਨਾਮ ਨੂੰ ਰਜਿਸਟਰ ਕਰਵਾ ਲਿਆ। ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕਰਨ ਲਈ 2011 ਵਿੱਚ ਹਰਬੀਰ ਟ੍ਰੇਨਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਗਏ।

ਸਾਲ 2013 ਵਿੱਚ ਉਹਨਾਂ ਨੇ ਆਪਣੇ ਪ੍ਰੋਡਕਟਸ ਨੂੰ ਐਗਮਾਰਕ ਰਜਿਸਟਰ ਵੀ ਕਰਵਾ ਲਿਆ ਅਤੇ ਅੱਜ ਉਹ ਰਜਿਸਟ੍ਰੇਸ਼ਨ ਤੋਂ ਲੈ ਕੇ ਮਾਰਕੀਟਿੰਗ ਤੱਕ ਸਭ ਖੁਦ ਕਰਦੇ ਹਨ। ਉਹ ਮੁੱਖ ਤੌਰ ‘ਤੇ 2 ਪ੍ਰੋਡਕਟਸ ਸ਼ਹਿਦ ਅਤੇ ਬੀ ਬਾਕਸ ‘ਤੇ ਜ਼ਿਆਦਾ ਧਿਆਨ ਦਿੰਦੇ ਹਨ।

ਹਰਬੀਰ ਦੇ ਫਾਰਮ ਤੇ ਮੁੱਖ ਤੌਰ ‘ਤੇ ਇਟਾਲੀਅਨ ਮੱਖੀਆਂ ਹਨ ਅਤੇ ਸ਼ਹਿਦ ਵਧੀਆ ਗੁਣਵੱਤਾ ਬਣਾਏ ਰੱਖਣ ਲਈ ਉਹ ਇਹਨਾਂ ਨੂੰ ਹਰ ਬਦਲਦੇ ਮੌਸਮ ਵਿੱਚ ਦੂਜੇ ਰਾਜਾਂ ਵਿੱਚ ਲੈ ਕੇ ਜਾਂਦੇ ਰਹਿੰਦੇ ਹਨ। ਉਹਨਾਂ ਨੇ ਇਸ ਕੰਮ ਲਈ 7 ਮਜ਼ਦੂਰਾਂ ਨੂੰ ਕੰਮ ਦਿੱਤਾ ਹੈ। ਮੁੱਖ ਰੂਪ ਨਾਲ ਉਹ ਆਪਣੇ ਬਕਸਿਆਂ ਨੂੰ ਚਿਤੌੜਗੜ੍ਹ (ਕੈਰੰ ਦੇ ਬੀਜਾਂ ਦੇ ਖੇਤਾਂ ਵਿੱਚ), ਕੋਟਾ (ਸਰ੍ਹੋਂ ਦੇ ਖੇਤਾਂ ਵਿੱਚ), ਹਿਮਾਚਲ ਪ੍ਰਦੇਸ਼ (ਵੱਖ- ਵਾਹ ਫੁੱਲ), ਮਲੋਟ (ਸੂਰਜਮੁਖੀ ਦੇ ਖੇਤਾਂ ਵਿੱਚ) ਅਤੇ ਰਾਜਸਥਾਨ (ਤੁਰ ਦੇ ਖੇਤਾਂ ਵਿੱਚ) ਜ਼ਮੀਨ ਠੇਕੇ ‘ਤੇ ਲੈ ਕੇ ਛੱਡ ਦਿੰਦੇ ਹਨ। ਸ਼ਹਿਦ ਨੂੰ ਹੱਥਾਂ ਨਾਲ ਕੱਢਵਾਉਂਦੇ ਹਨ ਅਤੇ ਫਿਰ ਉਤਪਾਦਾਂ ਦੀ ਬ੍ਰੈਂਡਿੰਗ ਅਤੇ ਪੈਕੇਜਿੰਗ ਵੀ ਕਰਦੇ ਹਨ।

ਮੱਖੀ ਪਾਲਣ ਤੋਂ ਇਲਾਵਾ ਹਰਬੀਰ ਅਤੇ ਉਸ ਦਾ ਪਰਿਵਾਰ ਡੇਅਰੀ ਫਾਰਮਿੰਗ ਵੀ ਕਰਦਾ ਹੈ। ਉਹਦੇ ਕੋਲ 7 ਏਕੜ ਜ਼ਮੀਨ ਹੈ, ਜਿਸ ਉੱਤੇ ਉਹ ਘਰ ਵਾਸਤੇ ਕਣਕ, ਝੋਨਾ ਉਗਾਉਂਦੇ ਹਨ ਅਤੇ ਉਹਨਾਂ ਕੋਲ 15 ਮੱਝਾਂ ਵੀ ਹਨ ਜਿਹਨਾਂ ਦਾ ਦੁੱਧ ਉਹ ਪਿੰਡ ਵਿੱਚ ਵੇਚਦੇ ਹਨ ਅਤੇ ਕੁੱਝ ਆਪ ਵੀ ਵਰਤਦੇ ਹਨ।

ਅਜੋਕੇ ਸਮੇਂ ਹਰਬੀਰ ਆਪਣੇ ਪਰਿਵਾਰਿਕ ਕਿੱਤੇ ਨਾਲ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਇਸ ਤੋਂ ਇਲਾਵਾ ਉਹ ਹੋਰ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਵੀ ਕਰਦੇ ਹਨ। ਹਰਬੀਰ ਭਵਿੱਖ ਵਿੱਚ ਆਪਣੇ ਇਸ ਕਿੱਤੇ ਨੂੰ ਹੋਰ ਵੀ ਵਧਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਲਈ ਆਤਮ-ਨਿਰਭਰ ਹੋਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼:
ਅੱਜ ਦੇ ਸਮੇਂ ਕਿਸਾਨਾਂ ਨੂੰ ਖੇਤੀ ‘ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਉਹਨਾਂ ਨੂੰ ਖੇਤੀ ਦੇ ਨਾਲ ਨਾਲ ਐਗਰੀ ਬਿਜਨੇਸ ਨੂੰ ਵੀ ਅਪਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਕੰਮ ਨਾ ਚੱਲੇ ਤਾਂ ਉਹਨਾਂ ਕੋਲ ਦੂਜਾ ਕੰਮ ਹੋਵੇ। ਮਧੂ ਮੱਖੀ ਪਾਲਣ ਇੱਕ ਬਹੁਤ ਹੀ ਮੁਨਾਫ਼ੇ ਵਾਲਾ ਕੰਮ ਹੈ ਅਤੇ ਕਿਸਾਨਾਂ ਨੂੰ ਇਸ ਦੇ ਫਾਇਦਿਆਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਰਪਿੰਦਰ ਸਿੰਘ ਧਾਲੀਵਾਲ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ ਦੀ ਕਹਾਣੀ ਜੋ ਮਧੂ-ਮੱਖੀ ਪਾਲਣ ਦੇ ਕਿੱਤੇ ਦੀ ਸਫ਼ਲਤਾ ਵਿੱਚ ਮਿੱਠਾ ਸੁਆਦ ਹਾਸਲ ਕਰ ਰਿਹਾ ਹੈ

ਭਾਰਤ ਵਿੱਚ ਮਧੂ-ਮੱਖੀ ਪਾਲਣ ਬਹੁਤ ਦੇਰ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਅਜ਼ਾਦੀ ਤੋਂ ਬਾਅਦ ਇਸਨੂੰ ਵੱਖ-ਵੱਖ ਦਿਹਾਤੀ ਵਿਕਾਸ ਪ੍ਰੋਗਰਾਮਾਂ ਦੁਆਰਾ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਪਰ ਜਦੋਂ ਮਧੂ-ਮੱਖੀ ਪਾਲਣ ਨੂੰ ਇੱਕ ਅਗਲੇ ਪੱਧਰ ‘ਤੇ ਉਤਪਾਦਾਂ ਦੇ ਵਪਾਰ ਵੱਲ ਲਿਜਾਣ ਦੀ ਗੱਲ ਕਰੀਏ ਤਾਂ, ਅੱਜ ਵੀ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀ ਜਾਣਕਾਰੀ ਤੋਂ ਵਾਂਝੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਕਿੱਤੇ ਤੋਂ ਵਧੀਆ ਆਮਦਨ ਅਤੇ ਸਫ਼ਲਤਾ ਹਾਸਿਲ ਕੀਤੀ ਹੈ। ਅਜਿਹੇ ਇੱਕ ਇਨਸਾਨ, ਨਰਪਿੰਦਰ ਸਿੰਘ ਧਾਲੀਵਾਲ, ਜੋ ਪਿਛਲੇ 20 ਸਾਲਾਂ ਤੋਂ ਮਧੂ-ਮੱਖੀ ਪਾਲਣ ਵਿੱਚ ਵਧੀਆ ਮੁਨਾਫ਼ਾ ਲੈ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਸਾਡਾ ਵਿਕਾਸ ਆਸਾਨ ਸਮਿਆਂ ਵਿੱਚ ਨਹੀਂ, ਸਗੋਂ ਉਸ ਵੇਲੇ ਹੁੰਦਾ ਹੈ, ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਨਰਪਿੰਦਰ ਸਿੰਘ ਧਾਲੀਵਾਲ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਅਸਫ਼ਲਤਾਵਾਂ ਦਾ ਸਾਹਮਣਾ ਅਤੇ ਸਖ਼ਤ ਮਿਹਨਤ ਕਰਕੇ ਇਹ ਕਾਮਯਾਬੀ ਹਾਸਿਲ ਕੀਤੀ। ਅੱਜ ਉਹ ‘ਧਾਲੀਵਾਲ ਹਨੀ ਬੀ ਫਾਰਮ’ ਦੇ ਮਾਲਕ ਹਨ, ਜੋ ਕਿ ਉਨ੍ਹਾਂ ਦੇ ਹੀ ਮੂਲ-ਸਥਾਨ ਪਿੰਡ ਚੂਹੜਚੱਕ, ਜ਼ਿਲ੍ਹਾ ਮੋਗਾ(ਪੰਜਾਬ) ਵਿੱਚ ਸਥਾਪਿਤ ਹੈ ਅਤੇ ਉਨ੍ਹਾਂ ਕੋਲ ਲਗਭੱਗ ਮਧੂ-ਮੱਖੀਆਂ ਦੇ 1000 ਬਕਸੇ ਹਨ।

ਮੱਖੀ-ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਨਰਪਿੰਦਰ ਸਿੰਘ ਜੀ ਹਾਲਤ ਇੱਕ ਬੇਰੁਜ਼ਗਾਰ ਵਰਗੀ ਹੀ ਸੀ ਅਤੇ ਉਹ 1500 ਰੁਪਏ ਤਨਖਾਹ ‘ਤੇ ਕੰਮ ਕਰਦੇ ਸਨ, ਜਿਸ ਵਿੱਚ ਲੋੜਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਸੀ। ਉਨ੍ਹਾਂ ਦੀ ਪੜ੍ਹਾਈ ਘੱਟ ਹੋਣਾ ਵੀ ਇੱਕ ਸਮੱਸਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ ਅਤੇ ਮੱਖੀ ਪਾਲਣ ਵਿੱਚ ਮਦਦ ਕਰਨ ਲੱਗੇ। ਉਨ੍ਹਾਂ ਦੇ ਪਿਤਾ ਰਿਟਾਇਰਡ ਫੌਜੀ ਸਨ ਅਤੇ ਉਨ੍ਹਾਂ ਨੇ 1997 ਵਿੱਚ 5 ਬਕਸਿਆਂ ਤੋਂ ਮੱਖੀ-ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਹੀ ਮੱਖੀ-ਪਾਲਣ ਨੂੰ ਵਪਾਰਕ ਪੱਧਰ ‘ਤੇ ਸ਼ੁਰੂ ਕੀਤਾ।

ਸ. ਨਰਪਿੰਦਰ ਸਿੰਘ ਜੀ ਨੇ ਕਾਰੋਬਾਰ ਸਥਾਪਿਤ ਕਰਨ ਕਰਨ ਲਈ ਖੁਦ ਸਭ ਕੁੱਝ ਕੀਤਾ ਅਤੇ ਇਸ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕੀਤਾ। ਪੈਸੇ ਅਤੇ ਸਾਧਨਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਬੜੀ ਵਾਰ ਅਸਫ਼ਲਤਾ ਵੀ ਝੱਲਣੀ ਪਈ, ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਮੱਖੀ-ਪਾਲਣ ਦੇ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ, ਪੀ.ਏ.ਯੂ. ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਉਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਅਤੇ ਕੁੱਝ ਦੋਸਤਾਂ ਤੋਂ ਵੀ ਮਦਦ ਲਈ ਅਤੇ ਆਖਰ ਪਰਿਵਾਰ ਅਤੇ ਕੁੱਝ ਕਾਮਿਆਂ ਦੇ ਪੂਰੇ ਸਹਿਯੋਗ ਨਾਲ ਆਪਣੇ ਪਿੰਡ ਵਿੱਚ ਹੀ ਬੀ-ਫਾਰਮ ਸਥਾਪਿਤ ਕਰ ਲਿਆ।

ਉਨ੍ਹਾਂ ਨੇ ਇਹ ਕਾਰੋਬਾਰ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਅੱਜ ਉਨ੍ਹਾਂ ਕੋਲ ਲਗਭਗ 1000 ਬਕਸੇ ਹਨ। ਉਹ ਸ਼ਹਿਦ ਦੀ ਚੰਗੀ ਪੈਦਾਵਾਰ ਲਈ ਇਨ੍ਹਾਂ ਬਕਸਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਦੇ ਰਹਿੰਦੇ ਹਨ। ਉਨ੍ਹਾਂ ਦੇ ਫਾਰਮ ਵਿੱਚ ਮੁੱਖ ਤੌਰ ‘ਤੇ ਪੱਛਮੀ ਮੱਖੀਆਂ ਹਨ, ਯੂਰੋਪੀਅਨ ਅਤੇ ਇਟਾਲੀਅਨ। ਉਹ ਮੱਖੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਣਾਉਟੀ ਜਾਂ ਵਾਧੂ ਖੁਰਾਕ ਨਹੀਂ ਦਿੰਦੇ, ਸਗੋਂ ਕੁਦਰਤੀ ਖੁਰਾਕ ਨੂੰ ਤਰਜੀਹ ਦਿੰਦੇ ਹਨ। ਇਸ ਤੋਂ ਇਲਾਵਾ ਉਹ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਵੀ ਕਿਸੇ ਤਰ੍ਹਾਂ ਦੀ ਕੀਟਨਾਸ਼ਕ ਜਾਂ ਰਸਾਇਣਿਕ ਸਪਰੇਅ ਦੀ ਵਰਤੋਂ ਨਹੀਂ ਕਰਦੇ ਅਤੇ ਇਨ੍ਹਾਂ ਦੀ ਰੋਕਥਾਮ ਅਤੇ ਬਚਾਅ ਲਈ ਕੁਦਰਤੀ ਢੰਗਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਸਭ ਕੁੱਝ ਕੁਦਰਤੀ ਤਰੀਕੇ ਨਾਲ ਕਰਨ ਵਿੱਚ ਯਕੀਨ ਰੱਖਦੇ ਹਨ।

ਵੈਰੋਅ ਮਾਈਟ ਅਤੇ ਹੋਰਨੈੱਟ ਦਾ ਹਮਲਾ ਇੱਕ ਮੁੱਖ ਸਮੱਸਿਆ ਹੈ, ਜਿਸ ਦਾ ਸਾਹਮਣਾ ਉਨ੍ਹਾਂ ਨੂੰ ਆਮ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਦੀ ਰੋਕਥਾਮ ਲਈ ਉਹ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਦੇ ਹਨ। ਕੁਦਰਤੀ ਢੰਗਾਂ ਨੂੰ ਅਪਨਾਉਣ ਦੇ ਬਾਵਜੂਦ ਵੀ ਉਹ ਸਾਲਾਨਾ ਵਧੀਆ ਆਮਦਨ ਲੈ ਰਹੇ ਹਨ। ਬਹੁਤ ਲੋਕ ਮੱਖੀ-ਪਾਲਣ ਦਾ ਧੰਦਾ ਕਰਦੇ ਹਨ, ਪਰ ਉਨ੍ਹਾਂ ਦਾ ਗ੍ਰਾਹਕਾਂ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰਨਾ ਅਤੇ ਉਤਪਾਦਾਂ ਦਾ ਮੰਡੀਕਰਨ ਖੁਦ ਕਰਨਾ ਹੀ ਉਨ੍ਹਾਂ ਨੂੰ ਬੱਧੀਮਾਨ ਮੱਖੀ-ਪਾਲਕ ਸਾਬਤ ਕਰਦਾ ਹੈ। ਉਹ ਸ਼ਹਿਦ ਤਿਆਰ ਕਰਨ ਤੋਂ ਲੈ ਕੇ ਪੈਕ ਕਰਨ ਅਤੇ ਉਸਦੀ ਬ੍ਰੈਂਡਿੰਗ ਕਰਨ ਤੱਕ ਦਾ ਸਾਰਾ ਕੰਮ ਉਹ ਖੁਦ 6 ਮਜ਼ਦੂਰਾਂ ਦੀ ਮਦਦ ਕਰਦੇ ਹਨ ਅਤੇ ਕਿਸੇ ਵੀ ਕੰਮ ਲਈ ਉਹ ਕਿਸੇ ‘ਤੇ ਵੀ ਨਿਰਭਰ ਨਹੀਂ ਹਨ। ਇਸ ਸਮੇਂ ਉਹ ਸਰਕਾਰ ਤੋਂ ਆਪਣੇ ਮਧੂ-ਮੱਖੀ ਫਾਰਮ ਲਈ ਸਬਸਿਡੀ ਵੀ ਲੈ ਰਹੇ ਹਨ।

ਸ਼ੁਰੂ ਵਿੱਚ ਬਹੁਤ ਲੋਕ ਉਨ੍ਹਾਂ ਦੇ ਕੰਮ ਅਤੇ ਸ਼ਹਿਦ ਦੀ ਆਲੋਚਨਾ ਕਰਦੇ ਸਨ, ਪਰ ਉਹ ਕਦੇ ਵੀ ਨਿਰਾਸ਼ ਨਹੀਂ ਹੋਏ ਅਤੇ ਮੱਖੀ-ਪਾਲਣ ਦਾ ਧੰਦਾ ਜਾਰੀ ਰੱਖਿਆ। ਮੱਖੀ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ, ਡੇਅਰੀ ਫਾਰਮਿੰਗ, ਫਲਾਂ ਦੀ ਖੇਤੀ, ਮੁਰਗੀ ਪਾਲਣ ਅਤੇ ਰਵਾਇਤੀ ਖੇਤੀ ਵੀ ਕਰਦੇ ਹਨ, ਪਰ ਇਨ੍ਹਾਂ ਸਭ ਦੀ ਪੈਦਾਵਾਰ ਤੋਂ ਉਹ ਮੁੱਖ ਤੌਰ ‘ਤੇ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।

ਨਰਪਿੰਦਰ ਸਿੰਘ ਜੀ ਨੇ ਸ਼ਹਿਦ ਦੀ ਸ਼ੁੱਧਤਾ ਦੀ ਪਰਖ ਕਰਨ ਅਤੇ ਵੱਖ-ਵੱਖ ਰੰਗਾਂ ਦੇ ਸ਼ਹਿਦ ਬਾਰੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਅਨੁਸਾਰ-
“ਸ਼ਹਿਦ ਦੀ ਕੁਆਲਿਟੀ ਦੀ ਪਰਖ ਇਸਦੇ ਰੰਗ ਜਾਂ ਤਰਲਤਾ ਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵੱਖ-ਵੱਖ ਪੌਦਿਆਂ ਦੇ ਵੱਖ-ਵੱਖ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਦੇ ਗੁਣ ਵੱਖ-ਵੱਖ ਹੁੰਦੇ ਹਨ। ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਸ਼ਹਿਦ ਸਭ ਤੋਂ ਉੱਤਮ ਕਿਸਮ ਦਾ ਅਤੇ ਗਾੜਾ ਹੁੰਦਾ ਹੈ। ਗਾੜੇ ਸ਼ਹਿਦ ਨੂੰ ਫਰੋਜ਼ਨ ਸ਼ਹਿਦ ਵੀ ਕਿਹਾ ਜਾਂਦਾ ਹੈ, ਜੋ ਮੁੱਖ ਤੌਰ ‘ਤੇ ਸਰ੍ਹੋਂ ਦੇ ਫੁੱਲਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ, ਇਸ ਲਈ ਇਸਦੀ ਅੰਤਰ-ਰਾਸ਼ਟਰੀ ਮਾਰਕਿਟ ਵਿੱਚ ਵੀ ਭਾਰੀ ਮੰਗ ਹੈ। ਸ਼ਹਿਦ ਦੀ ਸ਼ੁੱਧਤਾ ਦੀ ਸਹੀ ਪਰਖ ਲੈਬੋਰਟਰੀ ਵਿੱਚ ਮੌਜੂਦ ਮਾਹਿਰਾਂ ਜਾਂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਰਵਾਈ ਜਾ ਸਕਦੀ ਹੈ। ਇਸ ਲਈ ਜੇਕਰ ਕਿਸੇ ਇਨਸਾਨ ਨੂੰ ਸ਼ਹਿਦ ਦੀ ਕੁਆਲਿਟੀ ‘ਤੇ ਕੋਈ ਸ਼ੱਕ ਹੋਵੇ ਤਾਂ ਉਹ ਕਿਸੇ ਦੇ ਕੁੱਝ ਕਹੇ ‘ਤੇ ਯਕੀਨ ਕਰਨ ਦੀ ਬਜਾਏ ਮਾਹਿਰਾਂ ਤੋਂ ਜਾਂਚ ਕਰਵਾ ਲਵੇ, ਜਾਂ ਫਿਰ ਕਿਸੇ ਪ੍ਰਮਾਣਿਤ ਵਿਅਕਤੀ ਕੋਲੋਂ ਹੀ ਖਰੀਦੋ।”

ਨਰਪਿੰਦਰ ਸਿੰਘ ਜੀ ਖੁਦ ਮੱਖੀ-ਪਾਲਣ ਕਰਦੇ ਹਨ ਅਤੇ ਲੀਚੀ, ਸਰ੍ਹੋਂ ਅਤੇ ਵੱਖ-ਵੱਖ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਸਰ੍ਹੋਂ ਤੋਂ ਤਿਆਰ ਜ਼ਿਆਦਾਤਰ ਸ਼ਹਿਦ ਯੂਰਪ ਵਿੱਚ ਭੇਜਦੇ ਹਨ। ਉਹ ਪੀ.ਏ.ਯੂ. ਵਿੱਚ ਪ੍ਰੋਗਰੈੱਸਿਵ ਬੀ-ਕੀਪਰ ਐਸੋਸੀਏਸ਼ਨ ਦੇ ਵੀ ਮੈਂਬਰ ਹਨ। ਸ਼ਹਿਦ ਪੈਦਾ ਕਰਨ ਤੋਂ ਇਲਾਵਾ, ਉਹ ਸ਼ਹਿਦ ਅਤੇ ਹਲਦੀ ਤੋਂ ਬਣੇ ਕੁੱਝ ਉਤਪਾਦਾਂ ਜਿਵੇਂ ਕਿ ਬੀ ਪੋਲਨ, ਬੀ ਪੋਲਨ ਕੈਪਸੂਲ, ਹਲਦੀ ਕੈਪਸੂਲ ਅਤੇ ਰੋਇਲ ਜੈਲੀ ਆਦਿ ਨੂੰ ਮਾਰਕੀਟ ਵਿੱਚ ਲਿਆਉਣ ਬਾਰੇ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਬੀ ਪੋਲਨ ਕੈਪਸੂਲ ਲਈ ਪੀ.ਏ.ਯੂ. ਤੋਂ ਖਾਸ ਤੌਰ ‘ਤੇ ਆਧੁਨਿਕ ਟ੍ਰੇਨਿੰਗ ਹਾਸਿਲ ਕੀਤੀ ਹੈ।

ਬੀ ਪੋਲਨ ਵਿੱਚ ਮਹੱਤਵਪੂਰਨ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਜ਼ਰੂਰੀ ਹੁੰਦੇ ਹਨ ਅਤੇ ਰੋਇਲ ਜੈਲੀ ਵੀ ਸਿਹਤ ਲਈ ਬਹੁਤ ਲਾਭਦਾਇਕ ਹੈ। ਇਨ੍ਹਾਂ ਦੋਨਾਂ ਉਤਪਾਦਾਂ ਦੀ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਭਾਰੀ ਮੰਗ ਹੈ ਅਤੇ ਛੇਤੀ ਹੀ ਇਸਦੀ ਮੰਗ ਭਾਰਤ ਵਿੱਚ ਵੀ ਵਧੇਗੀ। ਇਸ ਸਮੇਂ ਉਨ੍ਹਾਂ ਦਾ ਮੁੱਖ ਉਦੇਸ਼ ਬੀ ਪੋਲਨ ਕੈਪਸੂਲ ਅਤੇ ਹਲਦੀ ਕੈਪਸੂਲ ਦਾ ਮੰਡੀਕਰਨ ਕਰਨਾ ਅਤੇ ਲੋਕਾਂ ਨੂੰ ਇਨ੍ਹਾਂ ਦੇ ਸਿਹਤ ਸੰਬੰਧੀ ਫਾਇਦਿਆਂ ਅਤੇ ਵਰਤੋਂ ਤੋਂ ਜਾਗਰੂਕ ਕਰਵਾਉਣਾ ਹੈ।

ਉਨ੍ਹਾਂ ਨੇ ਆਪਣੇ ਕੰਮ ਲਈ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਬਹੁਤ ਸਾਰੇ ਸਨਮਾਨ ਅਤੇ ਪੁਰਸਕਾਰ ਹਾਸਲ ਕੀਤੇ। ਉਨ੍ਹਾਂ ਨੇ ਪਰਾਗਪੁਰ ਵਿੱਚ ਜੱਟ ਐਕਸਪੋ ਐਵਾਰਡ ਜਿੱਤਿਆ। ਉਨ੍ਹਾਂ ਨੂੰ 2014 ਵਿੱਚ ਖੇਤੀਬਾੜੀ ਵਿਭਾਗ ਵੱਲੋਂ ਅਤੇ 2016 ਵਿੱਚ ਵਿਸ਼ਵ ਸ਼ਹਿਦ ਦਿਵਸ ‘ਤੇ ਸਨਮਾਨਿਤ ਕੀਤਾ ਗਿਆ।

ਨਰਪਿੰਦਰ ਸਿੰਘ ਧਾਲੀਵਾਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਦੇ ਸਮੇਂ ਵਿੱਚ ਜੇਕਰ ਕਿਸਾਨ ਖੇਤੀਬਾੜੀ ਦੇ ਖੇਤਰ ਵਿੱਚ ਵਿਭਿੰਨਤਾ ਲਿਆਉਣ ਲਈ ਤਿਆਰ ਹੈ ਤਾਂ ਭਵਿੱਖ ਵਿੱਚ ਉਸਦੀ ਸਫ਼ਲਤਾ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਮੈਂ ਆਪਣੇ ਫਾਰਮ ਵਿੱਚ ਵਿਭਿੰਨਤਾ ਲਿਆਂਦੀ ਅਤੇ ਅੱਜ ਮੈਂ ਉਸ ਤੋਂ ਮੁਨਾਫ਼ਾ ਲੈ ਰਿਹਾ ਹਾਂ। ਮੈਂ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਖੇਤੀਬਾੜੀ ਵਿੱਚ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਵਿਭਿੰਨਤਾ ਲਿਆਉਣੀ ਪਵੇਗੀ। ਮਧੂ-ਮੱਖੀ ਪਾਲਣ ਇੱਕ ਅਜਿਹਾ ਕਿੱਤਾ ਹੈ, ਜਿਸਨੂੰ ਕਿਸਾਨ ਲੰਬੇ ਸਮੇਂ ਤੋਂ ਨਜ਼ਰ-ਅੰਦਾਜ਼ ਕਰ ਰਹੇ ਹਨ। ਇਹ ਖੇਤਰ ਬਹੁਤ ਲਾਭਦਿਾੲਕ ਹੈ ਅਤੇ ਇਨਸਾਨ ਇਸ ਵਿੱਚ ਬਹੁਤ ਸਫ਼ਲਤਾ ਹਾਸਲ ਕਰ ਸਕਦੇ ਹਨ। ਅੱਜ-ਕੱਲ੍ਹ ਤਾਂ ਸਰਕਾਰ ਵੀ ਕਿਸਾਨਾਂ ਨੂੰ ਮੱਖੀ-ਪਾਲਣ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ 5-10 ਬਕਸਿਆਂ ‘ਤੇ ਸਬਸਿਡੀ ਦਿੰਦੀ ਹੈ।”

ਪਰਮਜੀਤ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਕ ਸਿੱਖ ਔਰਤ ਨੇ ਆਪਣੀ ਜ਼ਿੱਦ ਨਾਲ ਉਦਯੋਗਪਤੀ ਬਣਨ ਲਈ ਮੀਲ ਪੱਥਰ ਰੱਖਿਆ ਹੈ-ਮਾਈ ਭਾਗੋ ਸੈੱਲਫ ਹੈੱਲਪ ਗਰੁੱਪ

ਪੁਰਾਣੇ ਸਮਿਆਂ ਤੋਂ ਹੀ ਸਮਾਜ ਵਿੱਚ ਮਰਦਾਂ ਦੇ ਨਾਲ-ਨਾਲ ਮਹਿਲਾਵਾਂ ਨੇ ਆਪਣਾ ਬਹੁਤ ਯੋਗਦਾਨ ਦਿੱਤਾ ਹੈ, ਪਰ ਅਕਸਰ ਹੀ ਮਹਿਲਾਵਾਂ ਦੇ ਯੋਗਦਾਨ ਨੂੰ ਅਣ-ਦੇਖਿਆ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਅਜਿਹੀਆਂ ਬਹੁਤ ਮਹਿਲਾਵਾਂ ਹਨ, ਜਿਨ੍ਹਾਂ ਨੇ ਪੁਰਾਣੇ ਸਮਿਆਂ ਵਿੱਚ ਆਪਣੇ ਦੇਸ਼, ਸਮਾਜ ਅਤੇ ਲੋਕਾਂ ‘ਤੇ ਰਾਜ ਕੀਤਾ, ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਸਥਾਵਾਂ ਦਾ ਪ੍ਰਬੰਧਨ ਕੀਤਾ, ਸਮਾਜ ਦੀ ਅਗਵਾਈ ਕੀਤੀ ਅਤੇ ਦੁਸ਼ਮਣਾਂ ਵਿਰੁੱਧ ਵਿਦਰੋਹ ਕੀਤਾ। ਇਹ ਸਾਰੀਆਂ ਉਪਲੱਬਧੀਆਂ ਪ੍ਰਸੰਸਾਯੋਗ ਹਨ। ਇਹ ਸਾਰੀਆਂ ਸੂਰਬੀਰ ਮਹਿਲਾਵਾਂ ਪੁਰਾਣੇ ਅਤੇ ਹੁਣ ਦੇ ਸਮਿਆਂ ਵਿੱਚ ਵੀ ਹੋਰਨਾਂ ਮਹਿਲਾਵਾਂ ਲਈ ਪ੍ਰੇਰਣਾ ਹਨ। ਇੱਕ ਅਜਿਹੀ ਮਹਿਲਾ ਪਰਮਜੀਤ ਕੌਰ, ਜੋ ਮਹਾਨ ਸਿੱਖ ਸੂਰਬੀਰ ਮਹਿਲਾ-ਮਾਈ ਭਾਗੋ ਤੋਂ ਪ੍ਰੇਰਿਤ ਹਨ ਅਤੇ ਇੱਕ ਉੱਭਰਵੇਂ ਉੱਦਮਕਰਤਾ ਹਨ।

ਪਰਮਜੀਤ ਕੌਰ ਜੀ ਤਾਕਤ ਅਤੇ ਵਿਸ਼ਵਾਸ ਵਾਲੀ ਮਹਿਲਾ ਹਨ, ਜਿਨ੍ਹਾਂ ਨੇ ਆਪਣੇ ਪਿੰਡ ਲੋਹਾਰਾ(ਲੁਧਿਆਣਾ) ਵਿੱਚ ਮਾਈ ਭਾਗੋ ਗਰੁੱਪ ਸਥਾਪਿਤ ਕਰਨ ਲਈ ਪਹਿਲਾ ਕਦਮ ਉਠਾਇਆ। ਉਨ੍ਹਾਂ ਨੇ ਇਹ ਗਰੁੱਪ 2008 ਵਿੱਚ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਉਹ ਆਪਣਾ ਸਭ ਤੋਂ ਵੱਧ ਸਮਾਂ ਇਸ ਕਾਰੋਬਾਰ ਨੂੰ ਵਧਾਉਣ ਅਤੇ ਉਤਪਾਦਾਂ ਨੂੰ ਸੁਧਾਰਨ ਵਿੱਚ ਲਗਾਉਂਦੇ ਹਨ। ਖੈਰ, ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਇੱਕ ਮਹਿਲਾ ਹੁੰਦੇ ਹੋਏ ਇਸ ਪੁਰਸ਼ ਜਗਤ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨਾ ਆਸਾਨ ਨਹੀਂ ਹੁੰਦਾ ਹੈ। ਇਹ ਪਰਮਜੀਤ ਕੌਰ ਜੀ ਦੀ ਇੱਛਾ-ਸ਼ਕਤੀ ਅਤੇ ਪਰਿਵਾਰਿਕ ਸਹਿਯੋਗ ਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਗਰੁੱਪ ਬਣਾਉਣ ਵਿੱਚ ਬਹੁਤ ਸਹਾਇਤਾ ਮਿਲੀ।

ਜਿਵੇਂ ਕਿ ਹਰ ਕੰਮ ਦੀ ਸ਼ੁਰੂਆਤ ਲਈ ਇੱਕ ਚੰਗੇ ਮਾਰਗਦਰਸ਼ਕ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਖੁਦ ਗਰੁੱਪ ਤਿਆਰ ਲਈ ਪਰਮਜੀਤ ਕੌਰ ਜੀ ਦੇ ਉਤਸ਼ਾਹ ਪਿੱਛੇ ਸਮਾਜ ਸੇਵਿਕਾ ਸੁਮਨ ਬਾਂਸਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਪਰਮਜੀਤ ਕੌਰ ਜੀ ਦੀ ਪੰਜਾਬ ਯੂਨੀਵਰਸਿਟੀ, ਲੁਧਿਆਣਾ ਵਿਖੇ ਘਰੇਲੂ ਭੋਜਨ ਉਤਪਾਦ ਦੀ ਇੱਕ ਮਹੀਨੇ ਦੀ ਮੁਫ਼ਤ ਟ੍ਰੇਨਿੰਗ ਵਿੱਚ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਨ੍ਹਾਂ ਦੇ ਗਰੁੱਪ ਵਿੱਚ 16 ਮੈਂਬਰ ਹਨ ਅਤੇ ਉਹ ਹਰੇਕ ਵਿਅਕਤੀ ਨੂੰ ਆਪ ਨਿੱਜੀ ਤੌਰ ‘ਤੇ ਸਮਝਾਉਂਦੇ ਹਨ।

ਮਾਈ ਭਾਗੋ ਗਰੁੱਪ ਦੁਆਰਾ ਸੱਤ ਤਰ੍ਹਾਂ ਦੇ ਸਕਵੈਸ਼(ਸ਼ਰਬਤ), ਇਤਰ, ਜਲ-ਜੀਰਾ, ਫਿਨਾਈਲ, ਬਾੱਡੀ ਮੋਇਸਚਰਾਇਜ਼ਿੰਗ ਬਾਮ, ਸਬਜ਼ੀ ਤੜਕਾ, ਸ਼ਹਿਦ, ਹਰਬਲ ਸ਼ੈਂਪੂ ਅਤੇ ਅੰਬ ਦੀ ਚਟਨੀ ਆਦਿ। ਪਰਮਜੀਤ ਕੌਰ ਜੀ ਖੁਦ ਬਾਜ਼ਾਰ ਤੋਂ ਜਾ ਕੇ ਸਾਰੇ ਉਤਪਾਦਾਂ ਦਾ ਕੱਚਾ ਮਾਲ ਖਰੀਦ ਕੇ ਲਿਆਉਂਦੇ ਹਨ। ਮਾਈ ਭਾਗੋ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦ ਹੱਥੀਂ ਤਿਆਰ ਕੀਤੇ ਜਾਂਦੇ ਹਨ ਅਤੇ ਫਲਾਂ ਦਾ ਜੂਸ ਕੱਢਣ, ਪੈਕਿੰਗ ਅਤੇ ਸੀਲ ਲਗਾਉਣ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।

• ਸਾਰੇ ਸਕਵੈਸ਼(ਸ਼ਰਬਤ) ਫਲਾਂ ਤੋਂ ਕੁਦਰਤੀ ਕਿਰਿਆ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਸੁਆਦ ਅਸਲੀ ਫਲਾਂ ਵਾਂਗ ਹੀ ਹੁੰਦਾ ਹੈ।

• ਇਤਰ ਵੱਖ-ਵੱਖ ਤਰ੍ਹਾਂ ਦੇ ਗੁਲਾਬਾਂ ਤੋਂ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਗੁਲਾਬਾਂ ਦੀ ਕੁਦਰਤੀ ਖੁਸ਼ਬੋ ਮਹਿਸੂਸ ਕੀਤੀ ਜਾ ਸਕਦੀ ਹੈ।

• ਜਲ-ਜੀਰਾ ਪਾਊਡਰ ਤਾਜ਼ਗੀ ਦਾ ਸੁਆਦ ਦਿੰਦਾ ਹੈ।

• ਸ਼ੁੱਧ ਸ਼ਹਿਦ ਕੁਦਰਤੀ ਪ੍ਰਕਿਰਿਆ ਦੁਆਰਾ ਕੱਢਿਆ ਜਾਂਦਾ ਹੈ।

• ਹਰਬਲ ਸ਼ੈਂਪੂ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਇਨ੍ਹਾਂ ਦੇ ਕੁੱਝ ਹੀ ਉਤਪਾਦ ਉੱਪਰ ਦੱਸੇ ਗਏ ਹਨ, ਪਰ ਭਵਿੱਖ ਵਿੱਚ ਇਹ ਹੋਰ ਵੀ ਬਹੁਤ ਸਾਰੇ ਕੁਦਰਤੀ ਅਤੇ ਹਰਬਲ ਉਤਪਾਦ ਲੈ ਕੇ ਆ ਰਹੇ ਹਨ।

ਪਰਮਜੀਤ ਕੌਰ ਜੀ ਕੇਵਲ 10ਵੀਂ ਪਾਸ ਹਨ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਕੁੱਝ ਹਾਸਿਲ ਕਰਨ ਦੇ ਪੱਕੇ ਇਰਾਦੇ ਸਦਕਾ, ਕੋਪਰੇਟਿਵ ਸੁਸਾਇਟੀ ਦੀ 55ਵੀਂ ਸਮਾਰੋਹ ‘ਤੇ ਉਨ੍ਹਾਂ ਨੇ ਕੈਪਟਨ ਕੰਵਲਜੀਤ ਸਿੰਘ ਤੋਂ ਪੁਰਸਕਾਰ ਅਤੇ 50,000 ਦੀ ਨਕਦ ਰਾਸ਼ੀ ਹਾਸਿਲ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਸੰਸਾਯੋਗ ਕੰਮ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹ ਸਮਾਗਮਾਂ, ਪ੍ਰਦਰਸ਼ਨੀਆਂ ਅਤੇ ਕਿਸਾਨਾਂ, ਸੈੱਲਫ ਹੈੱਲਪ ਗੁਰੱਪ ਅਤੇ ਉੱਦਮਕਰਤਾ ਦੀਆਂ ਵੈਲਫੇਅਰ ਕਮੇਟੀਆਂ ਵਿੱਚ ਹਿੱਸਾ ਲੈਂਦੇ ਹਨ। ਉਹ ਅਤੇ ਉਨ੍ਹਾਂ ਦੇ ਪਤੀ ਕੋਪਰੇਟਿਵ ਸੁਸਾਇਟੀ ਦੇ ਸੈਕਟਰੀ ਹਨ ਅਤੇ ਉਹ ਲੋੜਵੰਦ ਲੋਕਾਂ ਦੀ ਮਦਦ ਲਈ ਫੈਸਲੇ ਲੈਂਦੇ ਹਨ। ਉਹ ਕਿਸਾਨ ਕਲੱਬ ਦੇ ਵੀ ਮੈਂਬਰ ਹਨ ਅਤੇ ਉਹ ਮਹੀਨੇਵਾਰ ਮੀਟਿੰਗਾਂ ਅਤੇ ਕਿਸਾਨ ਮੇਲਿਆਂ ਵਿੱਚ ਵੀ ਨਿਯਮਿਤ ਤੌਰ ‘ਤੇ ਪਹੁੰਚਦੇ ਹਨ, ਤਾਂ ਜੋ ਖੇਤੀਬਾੜੀ ਦੇ ਖੇਤਰ ਨਾਲ ਸੰਬੰਧੀ ਨਵੀਆਂ ਚੀਜ਼ਾਂ ਅਤੇ ਤਕਨੀਕਾਂ ਦੀ ਜਾਣਕਾਰੀ ਤੋਂ ਜਾਣੂ ਹੋ ਸਕਣ।

ਇੰਨੀਆਂ ਕਿਰਿਆਵਾਂ ਅਤੇ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਣ ਦੇ ਬਾਵਜੂਦ ਵੀ ਪਰਮਜੀਤ ਕੌਰ ਜੀ ਆਪਣੇ ਬੱਚਿਆਂ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਪ੍ਰਤੀ ਲਾਪਰਵਾਹੀ ਨਹੀਂ ਦਿਖਾਉਂਦੇ। ਉਹ ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਪੂਰਾ ਧਿਆਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਉੱਚੇਰੀ ਵਿੱਦਿਆ ਲਈ ਕਾਲਜ ਭੇਜਣਾ ਚਾਹੁੰਦੇ ਹਨ, ਤਾਂ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਣ। ਇਸ ਵੇਲੇ ਉਨ੍ਹਾਂ ਦਾ ਪੁੱਤਰ ਇਲੈਕਟ੍ਰੀਕਲ ਵਿੱਚ ਡਿਪਲੋਪਾ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਧੀ ਬੀ.ਏ. ਕਰ ਚੁੱਕੀ ਹੈ ਅਤੇ ਹੁਣ ਐੱਮ.ਏ. ਕਰ ਰਹੀ ਹੈ। ਉਨ੍ਹਾਂ ਦੇ ਬੱਚੇ ਭਵਿੱਖ ਵਿੱਚ ਉਨ੍ਹਾਂ ਦੇ ਕਾਰੋਬਾਰ ਵਿੱਚ ਯੋਗਦਾਨ ਦੇਣ ਲਈ ਦਿਲਚਸਪ ਹਨ ਅਤੇ ਉਨ੍ਹਾਂ ਨੂੰ ਜਦੋਂ ਵੀ ਆਪਣੀ ਪੜ੍ਹਾਈ ਅਤੇ ਕਾਲਜ ਤੋਂ ਸਮਾਂ ਮਿਲਦਾ ਹੈ, ਤਾਂ ਉਹ ਉਨ੍ਹਾਂ ਦੀ ਮਦਦ ਲਈ ਸਮਾਰੋਹ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਜਾਂਦੇ ਹਨ।

ਇਸ ਵਿਅਸਤ ਦੁਨੀਆ ਤੋਂ ਇਲਾਵਾ, ਉਨ੍ਹਾਂ ਦੇ ਕੁੱਝ ਸ਼ੌਂਕ ਹਨ, ਜਿਨ੍ਹਾਂ ਲਈ ਉਹ ਬਹੁਤ ਉਤਾਵਲੇ ਰਹਿੰਦੇ ਹਨ। ਉਨ੍ਹਾਂ ਦਾ ਸ਼ੌਂਕ ਘਰੇਲੂ ਬਗ਼ੀਚੀ ਤਿਆਰ ਕਰਨਾ ਅਤੇ ਬੱਚਿਆਂ ਨੂੰ ਧਾਰਮਿਕ ਸੰਗੀਤ ਸਿਖਾਉਣਾ ਹੈ। ਚਾਹੇ ਉਹ ਜਿੰਨੇ ਮਰਜ਼ੀ ਕੰਮ ਵਿੱਚ ਰੁੱਝੇ ਹੋਣ, ਪਰ ਉਹ ਆਪਣੇ ਵਿਅਸਤ ਕਾਰੋਬਾਰ ਵਿੱਚੋਂ ਆਪਣੇ ਸ਼ੌਂਕ ਲਈ ਸਮਾਂ ਕੱਢ ਹੀ ਲੈਂਦੇ ਹਨ। ਉਨ੍ਹਾਂ ਨੂੰ ਘਰੇਲੂ ਬਗ਼ੀਚੀ ਦਾ ਬਹੁਤ ਸ਼ੌਂਕ ਹੈ ਅਤੇ ਉਨ੍ਹਾਂ ਦੇ ਘਰ ਛੋਟੀ ਜਿਹੀ ਘਰੇਲੂ ਬਗ਼ੀਚੀ ਵੀ ਹੈ, ਜਿੱਥੇ ਉਨ੍ਹਾਂ ਨੇ ਮੌਸਮੀ ਸਬਜ਼ੀਆਂ (ਭਿੰਡੀ, ਸਫੇ਼ਦ ਬੈਂਗਣ, ਕਰੇਲੇ, ਮਿਰਚ ਆਦਿ) ਅਤੇ ਹਰਬਲ ਪੌਦੇ (ਕਵਾਰ, ਤੁਲਸੀ, ਸੇਜ, ਅਜਵਾਇਣ, ਪੁਦੀਨਾ ਆਦਿ) ਉਗਾਏ ਹਨ। ਉਨ੍ਹਾਂ ਵਿੱਚ ਬੱਚਿਆਂ ਨੂੰ ਧਾਰਮਿਕ ਸੰਗੀਤ, ਸੰਗੀਤਕ ਸਾਜ਼ ਅਤੇ ਗੁਰੂ ਗ੍ਰੰਥ ਸਾਹਿਬ ਪੜਨ ਦੇ ਤਰੀਕੇ ਸਿਖਾਉਣ ਦਾ ਬਹੁਤ ਜਨੂੰਨ ਹੈ। ਸ਼ਾਮ ਵੇਲੇ ਨੇੜਲੇ ਇਲਾਕਿਆਂ ਤੋਂ ਬੱਚੇ ਬੜੇ ਜੋਸ਼ ਨਾਲ ਹਰਮੋਨੀਅਮ, ਸਿਤਾਰ ਅਤੇ ਤਬਲਾ ਵਜਾਉਣਾ ਸਿੱਖਣ ਲਈ ਉਨ੍ਹਾਂ ਕੋਲ ਆਉਂਦੇ ਹਨ। ਉਹ ਬੱਚਿਆਂ ਨੂੰ ਇਹ ਸਭ ਕੁੱਝ ਮੁਫ਼ਤ ਸਿਖਾਉਂਦੇ ਹਨ।

ਪਰਮਜੀਤ ਕੌਰ ਜੀ ਆਪਣੇ ਪਿੰਡ ਦੀਆਂ ਮਹਿਲਾਵਾਂ ਲਈ ਪ੍ਰੇਰਣਾਸ੍ਰੋਤ ਹਨ। ਉਹ ਹਮੇਸ਼ਾ ਖੁਦ ਤੋਂ ਕੁੱਝ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਖੁਦ ਕੁੱਝ ਕਰਨ ਨਾਲ ਮਹਿਲਾਵਾਂ ਵਿੱਚ ਭਰੋਸਾ ਆਉਂਦਾ ਹੈ ਅਤੇ ਉਹ ਆਤਮ-ਨਿਰਭਰ ਬਣਦੀਆਂ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਧੀ ਨੂੰ ਕੁੱਝ ਵੀ ਕਰਨ ਤੋਂ ਨਹੀਂ ਰੋਕਿਆ, ਤਾਂ ਜੋ ਉਹ ਭਵਿੱਖ ਵਿੱਚ ਆਤਮ-ਨਿਰਭਰ ਬਣ ਸਕੇ। ਅੱਜ-ਕੱਲ੍ਹ ਉਹ ਆਪਣੇ ਗਰੁੱਪ ਦੀ ਪ੍ਰਮੋਸ਼ਨ ਵੱਖ-ਵੱਖ ਤਰ੍ਹਾਂ ਦੇ ਪਲੇਫਾਰਮ ‘ਤੇ ਕਰ ਰਹੇ ਹਨ ਅਤੇ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਣ ਦੀ ਯੋਜਨਾ ਬਣਾ ਰਹੇ ਹਨ।

ਸ਼ੈਡ ਹੈਲਮਸਟੈੱਟਰ ਦੁਆਰਾ ਕਹੀ ਗਈ ਇੱਕ ਸੱਚੀ ਗੱਲ –

“ਅਸੀਂ ਜੋ ਵੀ ਵਿਕਲਪ ਚੁਣਦੇ ਹਾਂ, ਉਹੀ ਸਾਡੀ ਦਿਸ਼ਾ ਨਿਰਧਾਰਿਤ ਕਰਦੇ ਹਨ ਜਾਂ ਸਾਡੇ ਦੁਆਰਾ ਚੁਣੇ ਗਏ ਵਿਕਲਪ ਹੀ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਜਾਂਦੇ ਹਨ।”

ਇਸ ਲਈ ਇਹ ਸਭ ਤੁਹਾਡੀ ਚੋਣ ‘ਤੇ ਨਿਰਭਰ ਹੈ, ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ ਅਤੇ ਕਿੱਥੇ ਪਹੁੰਚਦੇ ਹੋ। ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਆਪਣਾ ਰਸਤਾ ਚੁਣ ਲਿਆ ਹੈ।

 

ਪਰਮਜੀਤ ਕੌਰ ਜੀ ਦੁਆਰਾ ਦਿੱਤਾ ਗਿਆ ਸੰਦੇਸ਼
ਅੱਜ ਦੇ ਸਮੇਂ ਵਿੱਚ ਜ਼ਿੰਦਗੀ ਜਿਊਣ ਲਈ ਹਰ ਮਹਿਲਾ ਦਾ ਆਤਮ-ਨਿਰਭਰ ਹੋਣਾ ਅਤੇ ਉਸ ਵਿੱਚ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਸਫ਼ਲਤਾ ਨੂੰ ਹਾਸਿਲ ਕਰਨ ਲਈ ਖੁਦ ਕੁੱਝ ਸਿੱਖਣਾ ਇੱਕ ਅਹਿਮ ਯੋਗਦਾਨ ਹੈ। ਮਹਿਲਾਵਾਂ ਨੂੰ ਆਪਣੀ ਪਹਿਚਾਣ ਬਣਾਉਣ ਲਈ ਆਪਣੀ ਕਲਾ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ, ਤਾਂ ਕਿ ਉਹ ਆਰਥਿਕ, ਮਾਨਸਿਕ ਅਤੇ ਜਜ਼ਬਾਤੀ ਤੌਰ ‘ਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ, ਕਿਉਂਕਿ ਆਖਿਰ ਵਿੱਚ ਤੁਸੀ ਖੁਦ ਹੀ ਆਪਣਾ ਸਹਾਰਾ ਬਣੋਗੇ।