ਜਸਕਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਇਸ ਕਿਸਾਨ ਨੇ ਸਾਬਿਤ ਕੀਤਾ ਕਿ ਇੱਕ ਆਮ ਕਿਸਾਨ ਵੀ ਕਰ ਸਕਦਾ ਹੈ ਕੁੱਝ ਖਾਸ, ਕੁੱਝ ਨਵੀਨ

ਭੀੜ ਵਿਚ ਤੁਰਨ ਨਾਲ ਕਦੀ ਕਿਸੇ ਦੀ ਪਹਿਚਾਣ ਨਹੀਂ ਬਣਦੀ, ਪਹਿਚਾਣ ਬਣਾਉਣ ਲਈ ਕੁੱਝ ਨਵੀਨ ਕਰਨਾ ਪੈਂਦਾ ਹੈ। ਜਿੱਥੇ ਹਰ ਕੋਈ ਇੱਕ ਦੂਸਰੇ ਦੀ ਰੀਸ ਨਾਲ ਕੰਮ ਕਰ ਰਿਹਾ ਸੀ, ਇਕ ਕਿਸਾਨ ਨੇ ਲਿਆ ਕੁੱਝ ਨਵਾਂ ਕਰਨ ਦਾ ਫੈਸਲਾ। ਇਹ ਕਿਸਾਨ ਸ. ਬਲਦੇਵ ਸਿੰਘ ਦਾ ਪੁੱਤਰ ਪਿੰਡ ਕੌਣੀ ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜਿਸਦਾ ਨਾਮ ਹੈ ਸ. ਜਸਕਰਨ ਸਿੰਘ।

ਸ. ਬਲਦੇਵ ਜੀ 27 ਏਕੜ ਵਿੱਚ ਰਵਾਇਤੀ ਖੇਤੀ ਕਰਦੇ ਸਨ। ਪਰਿਵਾਰਿਕ ਕਿੱਤਾ ਖੇਤੀਬਾੜੀ ਹੋਣ ਕਰਕੇ ਬਲਦੇਵ ਜੀ ਨੇ ਆਪਣੇ ਪੁੱਤਰ ਜਸਕਰਨ ਨੂੰ ਵੀ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਨਾਲ ਖੇਤਾਂ ਵਿੱਚ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸਦੀ ਵਜ੍ਹਾ ਨਾਲ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਪੜ੍ਹਾਈ ਵਿੱਚ ਹੀ ਰਹਿ ਗਈ। 17-18 ਸਾਲ ਦੀ ਉਮਰ ਵਿੱਚ ਜਦ ਖੇਤਾਂ ਵਿੱਚ ਪੈਰ ਰੱਖਿਆ ਤਾਂ ਮਿੱਟੀ ਨਾਲ ਇੱਕ ਅਲੌਕਿਕ ਰਿਸ਼ਤਾ ਬਣ ਗਿਆ। ਸ਼ੁਰੂ ਤੋਂ ਹੀ ਉਹਨਾਂ ਦੇ ਪਿਤਾ ਜੀ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰਦੇ ਸਨ ਪਰ ਜਸਕਰਨ ਸਿੰਘ ਜੀ ਦੇ ਮਨ ‘ਚ ਕੁੱਝ ਹੋਰ ਹੀ ਚੱਲ ਰਿਹਾ ਸੀ।

ਜਦ ਮੈਂ ਬਾਹਰ ਦੇਖਦਾ ਸੀ ਕਿ ਰਵਾਇਤੀ ਖੇਤੀ ਤੋਂ ਇਲਾਵਾ ਖੇਤੀ ਕੀਤੀ ਜਾਂਦੀ ਹੈ, ਤਾਂ ਮੇਰਾ ਮਨ ਵੀ ਚਾਹੁੰਦਾ ਸੀ ਕਿ ਕੁੱਝ ਅਲੱਗ ਕੀਤਾ ਜਾਵੇ ਕੁੱਝ ਨਵਾਂ ਕੀਤਾ ਜਾਵੇ। – ਸ. ਜਸਕਰਨ ਸਿੰਘ

ਇਹ ਹੀ ਸੋਚ ਮਨ ਵਿੱਚ ਰੱਖ ਕੇ ਜਸਕਰਨ ਜੀ ਨੇ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਜਸਕਰਨ ਜੀ ਦੇ ਇਸ ਫੈਸਲੇ ਨੇ ਉਹਨਾਂ ਦੇ ਪਿਤਾ ਜੀ ਨੂੰ ਬਹੁਤ ਨਿਰਾਸ਼ ਕਰ ਦਿੱਤਾ। ਇਹ ਸੁਭਾਵਿਕ ਵੀ ਸੀ ਕਿਉਂਕਿ ਇੱਕ ਅਜਿਹੀ ਫ਼ਸਲ ਲਗਾਉਣੀ ਜਿਸਦੀ ਜਾਣਕਾਰੀ ਨਾ ਹੋਵੇ ਇੱਕ ਬਹੁਤ ਵੱਡਾ ਕਦਮ ਸੀ। ਪਰ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸਮਝਾ ਕੇ ਆਪਣੇ 2 ਦੋਸਤਾਂ ਨਾਲ ਮਿਲ ਕੇ 8 ਏਕੜ ਵਿੱਚ ਸਟ੍ਰਾਬੇਰੀ ਦਾ ਫਾਰਮ ਲਗਾ ਲਿਆ। ਮਨ ਵਿੱਚ ਇੱਕ ਡਰ ਵੀ ਬਣਿਆ ਹੋਇਆ ਸੀ ਕਿ ਜਾਣਕਾਰੀ ਨਾ ਹੋਣ ਕਰ ਕੇ ਕਿਤੇ ਨੁਕਸਾਨ ਨਾ ਹੋ ਜਾਏ, ਪਰ ਇੱਕ ਵਿਸ਼ਵਾਸ ਵੀ ਸੀ ਕਿ ਮਿਹਨਤ ਕੀਤੀ ਕਦੇ ਵਿਅਰਥ ਨਹੀਂ ਜਾਂਦੀ। ਇਸ ਲਈ ਖੇਤੀ ਸ਼ੁਰੂ ਕਰਨ ਤੋਂ ਪਹਿਲਾ ਉਨ੍ਹਾਂ ਨੇ ਬਾਗਬਾਨੀ ਸੰਬੰਧੀ ਟ੍ਰੇਨਿੰਗ ਵੀ ਲਈ।

ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕਰਨ ਤੋਂ ਵਿੱਚ ਉਹਨਾਂ ਨੂੰ ਜ਼ਿਆਦਾ ਕੋਈ ਰੁਕਾਵਟ ਨਹੀਂ ਆਈ। ਆਪਣੇ ਦੋਸਤਾਂ ਨਾਲ ਸਲਾਹ ਕਰ ਕੇ, ਉਹਨਾਂ ਨੇ ਪਹਿਲੇ ਸਾਲ ਦਿੱਲੀ ਤੋਂ ਸਟ੍ਰਾਬੇਰੀ ਦਾ ਬੀਜ ਲਿਆ। ਮਜ਼ਦੂਰ ਜ਼ਿਆਦਾ ਲੱਗਣ ਅਤੇ ਮਿਹਨਤ ਜ਼ਿਆਦਾ ਹੋਣ ਕਾਰਣ ਕਿਸਾਨ ਇਹ ਖੇਤੀ ਕਰਨਾ ਪਸੰਦ ਨਹੀਂ ਕਰਦੇ। ਪਰ ਥੋੜ੍ਹੇ ਟਾਈਮ ਬਾਅਦ ਹੀ ਉਹਨਾਂ ਦੇ ਦੋਸਤਾਂ ਨੂੰ ਇਹ ਮਹਿਸੂਸ ਹੋਇਆ ਕਿ ਸਟ੍ਰਾਬੇਰੀ ਦੀ ਖੇਤੀ ਬਾਰੇ ਕੋਈ ਜਾਣਕਾਰੀ ਨਾ ਹੋਣ ਕੇ ਉਹਨਾਂ ਨੇ ਇੱਕ ਦੋਸਤ ਨੇ ਇਸਦੇ ਨਾਲ ਹੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਾਲ ਹੀ ਹੋਰ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੂਸਰਾ ਦੋਸਤ ਵਿਦੇਸ਼ ਜਾਣ ਦੇ ਲਈ ਕੋਸ਼ਿਸ਼ ਕਰਨ ਲੱਗ ਗਿਆ। ਪਰ ਜਸਕਰਨ ਜੀ ਨੇ ਆਪਣੇ ਮਨ ਵਿੱਚ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਕੁੱਝ ਵੀ ਹੋ ਜਾਵੇ ਪਰ ਉਹ ਸਟ੍ਰਾਬੇਰੀ ਦੀ ਖੇਤੀ ਜ਼ਰੂਰ ਕਰਨਗੇ।

ਬਾਹਰ ਦੀ ਰੰਗ ਬਰੰਗੀ ਦੁਨੀਆਂ ਨੌਜਵਾਨਾਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ, ਅਤੇ ਨੌਜਵਾਨ ਵੀ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਬਾਹਰ ਨੂੰ ਭੱਜ ਰਹੇ ਹਨ। ਮੈਂ ਚਾਹੁੰਦਾ ਸੀ ਕਿ ਵਿਦੇਸ਼ ਜਾਣ ਦੀ ਬਜਾਏ ਤੇ ਇੱਥੇ ਆਪਣੇ ਦੇਸ਼ ਵਿੱਚ ਰਹਿ ਕੇ ਹੀ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਪੰਜਾਬ ਅਤੇ ਨਵੀਂ ਪੀੜ੍ਹੀ ਦੀ ਸੋਚ ਵਿੱਚ ਵੀ ਬਦਲਾਵ ਆਵੇ ਅਤੇ ਉਹ ਆਪਣਾ ਭਵਿੱਖ ਇੱਥੇ ਹੀ ਸੁਰੱਖਿਅਤ ਕਰ ਸਕਣ। – ਸ. ਜਸਕਰਨ ਸਿੰਘ

ਪਹਿਲੇ ਸਾਲ ਜਸਕਰਨ ਜੀ ਨੂੰ ਉਮੀਦ ਤੋਂ ਵੱਧ ਫਾਇਦਾ ਹੋਇਆ। ਜਿਸ ਕਾਰਣ ਉਨ੍ਹਾਂ ਨੇ ਇਸ ਖੇਤੀ ਵੱਲ ਆਪਣਾ ਸਾਰਾ ਧਿਆਨ ਕੇਂਦਰਿਤ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਹਿਮਾਚਲ ਦੀ ਇੱਕ ਕਿਸਮ ਵੀ ਲਗਾਈ ਅਤੇ ਹੁਣ ਉਹ ਪੁਣੇ ਜਿਸਨੂੰ ਸਟ੍ਰਾਬੇਰੀ ਦਾ ਹੱਬ ਕਿਹਾ ਜਾਂਦਾ ਹੈ, ਉੱਥੋਂ ਬੀਜ ਲੈ ਕੇ ਸਟ੍ਰਾਬੇਰੀ ਲਗਾਉਂਦੇ ਹਨ। ਜਸਕਰਨ ਜੀ ਬਠਿੰਡਾ, ਮੁਕਤਸਰ ਸਾਹਿਬ ਅਤੇ ਮਲੋਟ ਦੀ ਮੰਡੀ ਵਿੱਚ ਸਟ੍ਰਾਬੇਰੀ ਵੇਚਦੇ ਹਨ।

ਸਟ੍ਰਾਬੇਰੀ ਦੇ ਨਾਲ-ਨਾਲ ਜਸਕਰਨ ਜੀ ਖਰਬੂਜ਼ਾ ਅਤੇ ਖੀਰਾ ਵੀ ਉਗਾਉਂਦੇ ਹਨ। ਹੁਣ ਉਹਨਾਂ ਨੂੰ ਸਟ੍ਰਾਬੇਰੀ ਦੀ ਖੇਤੀ ਕਰਦੇ ਹੋਏ 4-5 ਸਾਲ ਹੋ ਗਏ ਅਤੇ ਉਹ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ। ਆਪਣੀ ਮਿਹਨਤ ਦੇ ਸਦਕਾ ਜਸਕਰਨ ਸਿੰਘ ਜੀ ਸਟ੍ਰਾਬੇਰੀ ਦੀ ਨਰਸਰੀ ਲਗਾ ਚੁੱਕੇ ਹਨ ਅਤੇ ਇਸ ਨਰਸਰੀ ਵਿੱਚ ਉਹ ਸਬਜ਼ੀਆਂ ਉਗਾਉਂਦੇ ਹਨ।

ਹਰ ਸਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਸ ਲਈ ਸਾਨੂੰ ਤੁਪਕਾ ਸਿੰਚਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ। – ਜਸਕਰਨ ਸਿੰਘ

ਭਵਿੱਖ ਦੀ ਯੋਜਨਾ

ਭਵਿੱਖ ਵਿੱਚ ਜਸਕਰਨ ਜੀ ਸਟ੍ਰਾਬੇਰੀ ਦੀ ਪ੍ਰੋਸੇਸਿੰਗ ਕਰ ਕੇ ਉਸ ਤੋਂ ਉਤਪਾਦ ਤਿਆਰ ਕਰਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਨਾ ਚਾਹੁੰਦੇ ਹਨ।

ਸੰਦੇਸ਼
“ਮੈਂ ਇਹ ਹੀ ਕਹਿਣਾ ਚਾਹੰਦਾ ਹਾਂ ਕੇ ਕਿਸਾਨਾਂ ਦੇ ਖਰਚੇ ਵੱਧ ਰਹੇ ਹਨ ਪਾਰ ਕਣਕ-ਝੋਨੇ ਦਾ ਮੁੱਲ ਵਿੱਚ ਕੁੱਝ ਜ਼ਿਆਦਾ ਫਰਕ ਨਹੀਂ ਆ ਰਿਹਾ ਹੈ, ਇਸ ਲਈ ਕਿਸਾਨ ਵੀਰਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਕੁੱਝ ਅਲੱਗ ਕਰਨਾ ਪਵੇਗਾ। ਅੱਜ ਦੇ ਸਮੇਂ ਵਿੱਚ ਸਾਨੂੰ ਪੰਜਾਬ ਵਿੱਚ ਫ਼ਸਲੀ-ਵਿਭਿੰਨਤਾ ਲਿਆਉਣ ਦੀ ਲੋੜ ਹੈ।”