ਪਿੰਦਰਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਪੇਸ਼ੇ ਵੱਲੋਂ ਹਨ ਵਕੀਲ, ਪਰ ਸ਼ੋਂਕੀ ਇਸ ਇਨਸਾਨ ਨੇ ਵਕਾਲਤ ਨੂੰ ਛੱਡ ਕੇ ਸ਼ੌਂਕ ਨੂੰ ਦਿੱਤੀ ਪਹਿਲ ਅਤੇ ਹੋਇਆ ਕਾਮਯਾਬ

ਮੁੱਢ ਤੋਂ ਹੀ ਹਰ ਇੱਕ ਦਾ ਕੋਈ ਨਾ ਕੋਈ ਵੱਖਰਾ ਸ਼ੌਂਕ ਰਿਹਾ ਹੈ, ਜਿਸ ਵਿੱਚ ਪੰਜਾਬ ਦਾ ਨਾਮ ਪਹਿਲੇ ਪੱਧਰ ‘ਤੇ ਆਉਂਦਾ ਹੈ। ਪੰਜਾਬ ਵਿੱਚ ਜੇਕਰ ਕੋਈ ਪੰਜਾਬੀ ਕਿਸੇ ਨਾਮ ਕਰਕੇ ਜਾਣਿਆ ਜਾਂਦਾ ਹੈ ਤਾਂ ਉਹ ਉਸਦੇ ਸ਼ੌਂਕ ਕਰਕੇ ਹੀ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਦੇ ਵੱਖੋ-ਵੱਖਰੋਂ ਸ਼ੌਂਕ ਹਨ, ਜੋ ਕਿ ਅਣਗਿਣਤ ਹਨ ਪਰ ਉਨ੍ਹਾਂ ਵਿੱਚੋਂ ਕੁਝ ਜੋ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ ਉਹ ਹਨ ਘੋੜੇ ਪਾਲਣਾ ਅਤੇ ਉਨ੍ਹਾਂ ਦੀ ਸਵਾਰੀ ਕਰਨਾ।

ਅੱਜ ਬੇਸ਼ਕ ਘੋੜੇ ਪਾਲਣ ਦਾ ਰਿਵਾਜ ਘੱਟ ਗਿਆ ਪਰ ਜੇਕਰ ਗੱਲ ਕਰੀਏ ਅੱਜ ਤੋਂ 50 ਸਾਲ ਪਹਿਲਾ ਦੀ ਤਾਂ ਹਰ ਇੱਕ ਪਰਿਵਾਰ ਨੇ ਘੋੜੇ ਰੱਖੇ ਹੁੰਦੇ ਸਨ ਕਿਉਂਕਿ ਉਸ ਸਮੇਂ ਇਕਲੌਤਾ ਆਵਾਜਾਈ ਦਾ ਇਹੀ ਸਾਧਨ ਹੁੰਦਾ ਸੀ, ਪਰ ਅੱਜ ਦੇ ਜ਼ਮਾਨੇ ਵਿੱਚ ਘੋੜਿਆਂ ਦੀ ਜਗ੍ਹਾ ਤਕਨਾਲੋਜੀ ਨੇ ਲੈ ਲਈ ਹੈ ਜਿਸ ਨਾਲ ਇਹ ਸ਼ੌਂਕ ਦਿਨੋਂ-ਦਿਨੀ ਘੱਟ ਰਿਹਾ ਹੈ ਪਰ ਬਹੁਤ ਥਾਵਾਂ ‘ਤੇ ਲੋਕ ਘੋੜੇ ਰੱਖ ਰਹੇ ਹਨ ਅਤੇ ਮੁੜ ਆਪਣੇ ਸ਼ੌਂਕ ਨੂੰ ਉਜਾਗਰ ਕਰ ਰਹੇ ਹਨ।

ਜਿਨ੍ਹਾਂ ਦੀ ਅੱਜ ਗੱਲ ਕਰਨ ਜਾ ਰਹੇ ਹਨ ਉਹ ਉਂਝ ਤਾਂ ਪੇਸ਼ੇ ਵੱਲੋਂ ਇੱਕ ਵਕੀਲ ਅਤੇ ਅਸਟਰੇਲੀਆ ਦੇ ਪੱਕੇ ਵਸਨੀਕ ਵੀ ਹਨ ਪਰ ਸ਼ੌਂਕ ਦੇ ਪੱਟੇ ਹੋਏ ਪਿੰਦਰਪਾਲ ਸਿੰਘ ਬਾਹਰੋਂ ਆ ਗਏ ਅਤੇ ਇੱਥੇ ਆ ਕੇ ਆਪਣੇ ਪਰਿਵਾਰ ਦੇ ਨਾਲ ਘੋੜਿਆਂ ਦਾ ਕੰਮ ਕਰਨ ਲੱਗ ਗਏ ਅਤੇ ਸ਼ੌਂਕ ਨੂੰ ਵੱਡੇ ਪੱਧਰ ‘ਤੇ ਲੈ ਕੇ ਗਏ।

ਸਾਲ 1994 ਵਿੱਚ ਉਹ ਵਕਾਲਤ ਦੀ ਪੜ੍ਹਾਈ ਕਰ ਰਹੇ ਸਨ ਪਰ ਪੜ੍ਹਾਈ ਦੇ ਦੌਰਾਨ ਉਨ੍ਹਾਂ ਦੇ ਮਨ ਵਿੱਚ ਕਦੇ ਵੀ ਘੋੜਿਆਂ ਦਾ ਵਪਾਰ ਕਰਨ ਦਾ ਖਿਆਲ ਨਹੀਂ ਆਇਆ, ਪਰ ਉਹ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੁੰਦੇ ਸਨ ਇਸ ਲਈ ਹਮੇਸ਼ਾਂ ਉਹ ਘਰ ਆ ਕੇ ਵੇਹਲੇ ਬੈਠਣ ਦੀ ਵਜਾਏ ਫਾਰਮ ਵਿਖੇ ਚਲੇ ਜਾਂਦੇ ਸਨ ਅਤੇ ਪੂਰਾ ਸਮਾਂ ਉੱਥੇ ਹੀ ਬਿਤਾਉਂਦੇ ਸਨ। ਇੱਕ ਦਿਨ ਜਦੋਂ ਇਸ ਤਰ੍ਹਾਂ ਕਾਲਜ ਤੋਂ ਆਪਣੇ ਫਾਰਮ ਵਿਖੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਦੋਸਤਾਂ ਨੇ ਕਿਹਾ “ਯਾਰ, ਤੂੰ ਘੋੜਿਆਂ ਦਾ ਵਪਾਰ ਕਰਨ ਬਾਰੇ ਕਿਉਂ ਨਹੀਂ ਸੋਚਦਾ, ਤੇਰੇ ਕੋਲ ਤਾਂ ਘੋੜੇ ਵੀ ਬਹੁਤ ਹਨ।” ਇਸ ਗੱਲ ਉੱਤੇ ਬਾਅਦ ਵਿੱਚ ਉਨ੍ਹਾਂ ਨੇ ਸੋਚਿਆ ਅਤੇ ਘੋੜਿਆਂ ਦਾ ਵਪਾਰ ਕਰਨ ਦੀ ਠਾਣ ਲਈ।

ਉਸ ਤੋਂ ਬਾਅਦ ਜਿਵੇਂ ਹੀ ਕਾਲਜ ਤੋਂ ਆਉਂਦੇ ਨਾਲ ਹੀ ਆਪਣੇ ਫਾਰਮ ਵਿਖੇ ਚਲੇ ਜਾਂਦੇ ਅਤੇ ਘੋੜੇ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਕੁਝ ਵੀ ਮੁਨਾਫ਼ਾ ਨਹੀਂ ਹੋ ਰਿਹਾ ਸੀ ਫਿਰ ਉਨ੍ਹਾਂ ਨੇ ਸੋਚਿਆ ਕਿ ਮੇਲਿਆਂ ਵਿੱਚ ਜਾਣਾ ਚਾਹੀਦਾ ਹੈ ਕੀ ਪਤਾ ਉੱਥੇ ਜਾ ਕੇ ਹੀ ਘੋੜਿਆਂ ਦਾ ਵਪਾਰ ਸਹੀ ਤਰੀਕੇ ਨਾਲ ਚਲ ਪਵੇ ਅਤੇ ਨਾਲ-ਨਾਲ ਆਪਣੀ ਵਕਾਲਤ ਦੀ ਪੜ੍ਹਾਈ ਪੂਰੀ ਕਰਦੇ ਰਹੇ।

ਪਰ ਵਕਾਲਤ ਦੀ ਪੜ੍ਹਾਈ ਕਰਦੇ ਸਮੇਂ ਉਨ੍ਹਾਂ ਦਾ ਬਹੁਤ ਸਮਾਂ ਪੜ੍ਹਾਈ ਵਿੱਚ ਨਿਕਲ ਜਾਂਦਾ ਸੀ ਤੇ ਬਹੁਤ ਕੋਈ ਮੁਨਾਫ਼ਾ ਨਹੀਂ ਹੋ ਰਿਹਾ ਕਿਉਂਕਿ ਮੇਲਿਆਂ ਵਿੱਚ ਜਾਣ ਲਈ ਪਹਿਲਾ ਬਹੁਤ ਤਿਆਰੀ ਕਰਨੀ ਪੈਂਦੀ ਸੀ ਜੋ ਕਿ ਉਨ੍ਹਾਂ ਲਈ ਪੜ੍ਹਾਈ ਨਾਲ ਮੁਸ਼ਕਿਲ ਹੋ ਰਹੀ ਸੀ। ਇਸ ਤਰ੍ਹਾਂ 3 ਸਾਲ ਨਿਕਲ ਗਏ ਅਤੇ ਪੜ੍ਹਾਈ ਵੀ ਪੂਰੀ ਹੋ ਗਈ, ਫਿਰ ਉਨ੍ਹਾਂ ਨੇ ਕੋਈ ਨੌਕਰੀ ਕਰਨ ਦੀ ਬਜਾਏ ਆਪਣਾ ਸਾਰਾ ਧਿਆਨ ਫਾਰਮ ਵਿਖੇ ਹੀ ਲਗਾ ਲਿਆ ਅਤੇ ਹਰ ਕੰਮ ਖੁਦ ਕਰਨ ਲੱਗੇ ਅਤੇ ਜਦੋਂ ਵੀ ਕਦੇ ਮੇਲਾ ਆਉਂਦਾ ਤਾਂ ਸਾਰੀ ਤਿਆਰੀ ਕਰਕੇ ਜਾਂਦੇ ਅਤੇ ਘੋੜੇ ਵੇਚ ਕੇ ਆਉਂਦੇ, ਉਨ੍ਹਾਂ ਨੂੰ ਘੋੜੇ ਵੇਚਣ ਵਿੱਚ ਕਦੇ ਵੀ ਮੁਸ਼ਕਿਲ ਨਹੀਂ ਆਈ ਕਿਉਂਕਿ ਘਰ ਵਿੱਚ ਸ਼ੁਰੂ ਤੋਂ ਹੀ ਘੋੜੇ ਹੋਣ ਕਰਕੇ ਸਾਰੀ ਜਾਣਕਾਰੀ ਹੁੰਦੀ ਸੀ ਜੇਕਰ ਕੋਈ ਘੋੜਿਆਂ ਬਾਰੇ ਪੁੱਛਦਾ ਤਾਂ ਬੜੇ ਹੀ ਤਰੀਕੇ ਨਾਲ ਘੋੜੇ ਦੀ ਜਾਣਕਾਰੀ ਦਿੰਦੇ ਜਿਸ ਨਾਲ ਗ੍ਰਾਹਕ ਖੁਸ਼ ਹੋ ਕੇ ਘੋੜਾ ਖਰੀਦ ਲੈਂਦੇ।

ਇਸ ਦੌਰਾਨ ਹੀ ਪਿੰਦਰਪਾਲ ਨੇ ਚਾਅ ਵਿੱਚ ਹੀ ਅਸਟਰੇਲੀਆ ਦੇ ਪੱਕੇ ਵਸਨੀਕ ਦੇ ਫਾਰਮ ਭਰ ਦਿੱਤੇ ਸਨ ਅਤੇ ਸਾਲ 2000 ਤੱਕ ਘੋੜਿਆਂ ਦੀ ਖਰੀਦ ਵੇਚ ਵੱਲ ਹੋਰ ਜ਼ਿਆਦਾ ਧਿਆਨ ਦੇਣ ਲੱਗੇ ਅਤੇ ਇਸ ਦੌਰਾਨ ਜਿੰਨੇ ਵੀ ਮੇਲੇ ਲੱਗਦੇ, ਕੋਈ ਵੀ ਮੇਲਾ ਛੱਡਦੇ ਨਹੀਂ ਸਨ। ਇਸ ਦੌਰਾਨ ਹੀ ਜੋ ਉਨ੍ਹਾਂ ਨੇ ਪੱਕੇ ਵਸਨੀਕ ਦਾ ਫਾਮਰ ਭਰਿਆ ਹੋਇਆ ਸੀ ਉਸਦਾ ਨਤੀਜਾ ਵੀ ਆ ਚੁੱਕਿਆ ਸੀ ਜਿਸ ਵਿਚੋਂ ਉਹ ਪਾਸ ਹੋ ਗਏ ਸਨ ਪਰ ਉਹ ਬਾਹਰ ਨਹੀਂ ਜਾਣਾ ਚਾਹੁੰਦੇ ਸਨ ਕਿਉਂ ਕਿ ਉਹ ਉਹ ਇਥੇ ਰਹਿ ਕੇ ਫਾਰਮ ਵਿੱਚ ਇੰਨੇ ਰੁਝ ਗਏ ਸਨ ਓਹੀ ਉਨ੍ਹਾਂ ਨੂੰ ਚੰਗਾ ਲੱਗਦਾ ਸੀ ਅਤੇ ਉਪਰੋਂ ਆਪਣੇ ਪਰਿਵਾਰ ਦੇ ਇਕੱਲੇ ਬੇਟੇ ਹੋਣ ਕਰਕੇ ਪਰਿਵਾਰ ਨੂੰ ਇਕੱਲੇ ਨਹੀਂ ਛੱਡ ਕੇ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ 2002 ਵਿੱਚ ਜਾਣਾ ਪਿਆ ਅਤੇ ਅਸਟ੍ਰੇਲਿਆ ਜਾ ਕੇ ਕੰਮ ਕਰਨ ਲੱਗ ਗਏ, ਕਿਸੇ ਨਾ ਕਿਸੇ ਤਰ੍ਹਾਂ 2 ਸਾਲ ਲੰਘ ਗਏ ਉੱਥੇ ਹਮੇਸ਼ਾਂ ਮਨ ਪੰਜਾਬ ਵਿੱਚ ਹੀ ਰਹਿੰਦਾ ਸੀ ਅਤੇ ਉਹ 2004 ਵਿੱਚ ਅਸਟ੍ਰੇਲਿਆ ਛੱਡ ਆਪਣੇ ਪਿੰਡ ਚੱਕ ਸ਼ੇਰੇਵਾਲਾ, ਜ਼ਿਲ੍ਹਾ ਮੁਕਤਸਰ, ਪੰਜਾਬ ਵਿਖੇ ਆ ਗਏ।

ਜਦੋਂ ਪੰਜਾਬ ਵਾਪਿਸ ਆਏ ਤਾਂ ਸਕੂਨ ਭਰੀ ਰਾਹਤ ਮਿਲੀ ਅਤੇ ਖੁਸ਼ ਹੋਏ ਅਤੇ ਫਿਰ ਘੋੜਿਆਂ ਦੇ ਵਪਾਰ ਕਰਨ ਬਾਰੇ ਸੋਚਿਆ ਅਤੇ ਕੰਮ ਸ਼ੁਰੂ ਕਰ ਦਿੱਤਾ, ਪਰ ਇਸ ਵਾਰ ਉਨ੍ਹਾਂ ਨੇ ਇਸਨੂੰ ਹੋਰ ਤਰੀਕੇ ਨਾਲ ਕਰਨ ਬਾਰੇ ਸੋਚਿਆ ਉਹ ਇਹ ਸੀ ਕਿਉਂ ਨਾ ਘੋੜਿਆਂ ਦੀ ਬਰੀਡਿੰਗ ਕੀਤੀ ਜਾਵੇ ਅਤੇ ਫਿਰ ਉਨ੍ਹਾਂ ਦੇ ਘਰ ਬੱਚੇ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਥੋੜੇ ਸਮੇਂ ਵਿੱਚ ਬਹੁਤ ਮੁਨਾਫ਼ਾ ਹੋਣ ਲੱਗਾ।

ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਹ ਕੰਮ ਕਰਦੇ ਕਰਦੇ 2004 ਤੋਂ ਸਾਲ 2007 ਆ ਗਿਆ ਅਤੇ ਉਨ੍ਹਾਂ ਨੇ ਸਾਬਿਤ ਕਰਕੇ ਦੱਸ ਦਿੱਤਾ ਕਿ ਸ਼ੋਂਕ ਕੋਈ ਮਾੜੀ ਸ਼ੈਅ ਨਹੀਂ ਹੈ ਬਸ ਸ਼ੋਂਕ ਪੂਰਾ ਕਰਨ ਦਾ ਜ਼ਜ਼ਬਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੂੰ ਇਹ ਸ਼ੌਂਕ ਆਪਣੇ ਦਾਦਿਆਂ-ਪੜਦਾਦਿਆਂ ਤੋਂ ਪਿਆ ਸੀ ਕਿਉਂਕਿ ਉਨ੍ਹਾਂ ਦੇ ਦਾਦਾ ਜੀ ਅਤੇ ਪਿਤਾ ਜੀ ਹਮੇਸ਼ਾਂ ਹੀ ਘੋੜਸਵਾਰੀ ਕਰਦੇ ਰਹਿੰਦੇ ਸਨ ਅਤੇ ਜਿਨ੍ਹਾਂ ਨੂੰ ਦੇਖ ਕੇ ਪਿੰਦਰਪਾਲ ਦੇ ਮਨ ਵਿੱਚ ਹਮੇਸ਼ਾਂ ਘੋੜੇ ਪਾਲਣ ਦਾ ਸ਼ੌਂਕ ਪੈਦਾ ਹੋਣ ਲੱਗ ਗਿਆ ਅਤੇ ਪਿੰਦਰਪਾਲ ਨੇ ਵੱਡੇ ਹੋ ਕੇ ਇਹ ਕੰਮ ਕਰਨ ਦੀ ਠਾਣ ਲਈ ਸੀ। ਜਿਸ ਵਿੱਚ ਉਹ ਕਾਮਯਾਬ ਵੀ ਹੋ ਗਏ।

ਇਸ ਦੇ ਨਾਲ ਉਹ ਖੇਤੀ ਦੇ ਕਿੱਤਿਆਂ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਅਤੇ ਖੁਦ ਹੀ ਖੇਤੀ ਕਰਦੇ ਹਨ।

ਭਵਿੱਖ ਦੀ ਯੋਜਨਾ

ਪਿੰਦਰਪਾਲ ਜੀ ਘੋੜਿਆਂ ਦੀ ਬਰੀਡਿੰਗ ਤਾਂ ਕਰ ਹੀ ਰਹੇ ਹਨ ਉਹ ਨਾਲ-ਨਾਲ ਹੁਣ ਘੋੜਿਆਂ ਨੂੰ ਖੇਡ ਮੁਕਾਬਲਿਆਂ ਲਈ ਤਿਆਰ ਕਰਕੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੁੰਦੇ ਹਨ।

ਸੰਦੇਸ਼

ਸ਼ੌਂਕ ਨੂੰ ਕਦੇ ਵੀ ਨਾ ਮਾਰੋ ਸਗੋਂ ਸ਼ੌਂਕ ਨੂੰ ਇੱਕ ਤਾਕ਼ਤ ਬਣਾ ਕੇ ਉਸ ਉੱਤੇ ਕੰਮ ਕਰਦੇ ਰਹੋ ਜੋ ਤੁਹਾਨੂੰ ਤੁਹਾਡੇ ਸ਼ੌਂਕ ਦੇ ਨਾਲ-ਨਾਲ ਕਾਮਯਾਬੀ ਦੀ ਲੀਹਾਂ ਉੱਤੇ ਵੀ ਪਹੁੰਚਾਉਂਦੀ ਹੈ।

ਯਾਦਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਉੱਦਮੀ ਇਨਸਾਨ ਜਿਸ ਨੇ ਬਜ਼ੁਰਗਾਂ ਦੇ ਸ਼ੌਂਕ ਨੂੰ ਸੰਭਾਲਿਆ ਅਤੇ ਕਿੱਤੇ ਵਿੱਚ ਅਪਣਾ ਕੇ ਹੋਇਆ ਕਾਮਯਾਬ

ਦਾਦਿਆਂ-ਪਰਦਾਦਿਆਂ ਵੱਲੋਂ ਚੱਲੀ ਆ ਰਹੀ ਪਰੰਪਰਾ ਨੂੰ ਬਣਾ ਕੇ ਰੱਖਣਾ ਤੇ ਮੁੜ ਕੇ ਉਸ ਪਰੰਪਰਾ ਨੂੰ ਸ਼ੌਂਕ ਤੇ ਕਿੱਤੇ ਵਿੱਚ ਬਦਲਣਾ ਕੋਈ ਆਸਾਨ ਗੱਲ ਨਹੀਂ ਹੈ, ਕਿਉਂਕਿ ਅੱਜ ਕੱਲ ਕੋਈ ਵਿਰਲਾ ਹੀ ਆਪਣੇ ਬਜ਼ੁਰਗਾਂ ਦੀ ਪੁਰਾਣੀ ਪਰੰਪਰਾ ਨੂੰ ਨਿਭਾ ਰਿਹਾ ਹੈ ਨਹੀਂ ਤਾਂ ਸਭ ਪਰੰਪਰਾ ਨੂੰ ਤਾਂ ਕੀ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਭੁੱਲ ਕੇ ਹੀ ਬੈਠੇ ਹਨ ਫਿਰ ਉਨ੍ਹਾਂ ਨੂੰ ਉਹਨਾਂ ਦੇ ਕਿੱਤੇ ਕਿੱਥੋਂ ਯਾਦ ਰਹਿ ਜਾਣਗੇ।

ਆਓ ਤੁਹਾਨੂੰ ਅੱਜ ਮਿਲਾਉਂਦੇ ਹਾਂ ਇੱਕ ਅਜਿਹੇ ਇਨਸਾਨ ਯਾਦਵਿੰਦਰ ਸਿੰਘ ਨਾਲ ਜੋ ਪਿੰਡ ਬਰਕੰਦੀ, ਜ਼ਿਲਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜਿਹਨਾਂ ਨੇ ਆਪਣੇ ਬਾਰੇ ਨਹੀਂ ਆਪਣੇ ਦਾਦਿਆਂ ਪਰਦਾਦਿਆਂ ਦੀ ਪਰੰਪਰਾ ਨੂੰ ਮੁੜ ਜਾਗ੍ਰਿਤ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਖੜੇ ਹੋ ਕੇ ਵੀ ਦਿਖਾਇਆ। ਅੱਜ ਕੱਲ ਹਰ ਕੋਈ ਉਨ੍ਹਾਂ ਉੱਤੇ ਮਾਣ ਕਰਦਾ ਹੈ। ਇਸ ਕੰਮ ਵਿੱਚ ਹਮੇਸ਼ਾਂ ਉਹਨਾਂ ਦਾ ਸਾਥ ਉਹਨਾਂ ਦੇ ਪਿਤਾ ਸਰਦਾਰ ਹਰਪਾਲ ਸਿੰਘ ਜੀ ਦਿੰਦੇ ਹਨ।

ਆਜ਼ਾਦੀ ਤੋਂ ਪਹਿਲਾ ਵੀ ਅਤੇ ਬਾਅਦ ਵਿੱਚ ਬਹੁਤ ਸਾਰੇ ਘਰਾਣੇ ਅਜਿਹੇ ਸਨ ਜਿਨ੍ਹਾਂ ਨੂੰ ਘੋੜੇ ਰੱਖਣ ਦਾ ਸ਼ੌਂਕ ਸੀ ਤੇ ਘੋੜੇ ਵੀ ਬਹੁਤ ਵਧੀਆ ਨਸਲ ਦੇ ਰੱਖਦੇ ਸਨ। ਅਮੀਰ ਲੋਕਾਂ ਵਿੱਚ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਵੀ ਅਤੇ ਜ਼ਰੂਰਤ ਵੀ ਸੀ। ਪੁਰਾਣੇ ਸਮਿਆਂ ਵਿੱਚ ਘੋੜਸਵਾਰੀ ਦਾ ਸ਼ੋਂਕ ਹੋਣ ਕਰਕੇ 5 ਤੋਂ 6 ਘੋੜੇ ਤਕਰੀਬਨ ਹਰ ਇੱਕ ਨੇ ਰੱਖੇ ਹੁੰਦੇ ਸਨ। ਪਰ ਉਸ ਵਕਤ ਇਹ ਲੋਕ ਘੋੜਿਆਂ ਦਾ ਵਪਾਰ ਨਹੀਂ ਸੀ ਕਰਦੇ।

ਉਨ੍ਹਾਂ ਘੋੜਸਵਾਰੀ ਦੇ ਸ਼ੌਕੀਨਾਂ ਵਿੱਚ ਯਾਦਵਿੰਦਰ ਦੇ ਦਾਦਾ ਜੀ ਦਾ ਵੀ ਨਾਮ ਆਉਂਦਾ ਹੈ, ਜਿਨ੍ਹਾਂ ਨੇ ਘੋੜਸਵਾਰੀ ਦੇ ਸ਼ੌਂਕ ਨੂੰ ਹਮੇਸ਼ਾਂ ਬਣਾਈ ਰੱਖਿਆ ਅਤੇ ਘੋੜੇ ਪਾਲਦੇ ਅਤੇ ਘੋੜਸਵਾਰੀ ਕਰਦੇ ਰਹੇ। ਉਸ ਤੋਂ ਬਾਅਦ ਇਹੀ ਸ਼ੌਂਕ ਉਨ੍ਹਾਂ ਦੇ ਪਿਤਾ ਸਰਦਾਰ ਹਰਪਾਲ ਜੀ ਨੂੰ ਪੈ ਗਿਆ। ਹਰਪਾਲ ਵੀ ਆਪਣੇ ਪਿਤਾ ਦੀ ਤਰ੍ਹਾਂ ਹੀ ਘੋੜਸਵਾਰੀ ਦੇ ਸ਼ੌਂਕ ਨੂੰ ਅੱਗੇ ਤੋਰਿਆ ਅਤੇ ਹੁਣ ਤੱਕ ਉਨ੍ਹਾਂ ਦਾ ਘੋੜਸਵਾਰੀ ਦਾ ਸ਼ੌਂਕ ਚੱਲਿਆ ਆ ਰਿਹਾ ਹੈ। ਸਾਲ 1990 ਦੇ ਦੌਰਾਨ ਜਦੋਂ ਯਾਦਵਿੰਦਰ ਦੇ ਪਿਤਾ ਘੋੜਸਵਾਰੀ ਕਰਨ ਜਾਂਦੇ ਸਨ ਤਾਂ ਯਾਦਵਿੰਦਰ ਉਦੋਂ ਨਿੱਕੇ ਹੀ ਹੁੰਦੇ ਸਨ ਪਰ ਉਹ ਹਮੇਸ਼ਾਂ ਆਪਣੇ ਪਿਤਾ ਜੀ ਨੂੰ ਘੋੜਸਵਾਰੀ ਕਰਦੇ ਦੇਖਦੇ ਰਹਿੰਦੇ ਸਨ।

ਜਦੋਂ ਉਹ ਥੋੜੇ ਵੱਡੇ ਹੋਏ ਤਾਂ ਉਨ੍ਹਾਂ ਨੇ ਹੌਲੀ-ਹੌਲੀ ਫਾਰਮ ‘ਤੇ ਸਾਰਾ-ਸਾਰਾ ਦਿਨ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਓਥੇ ਜਾ ਕੇ ਯਾਦਵਿੰਦਰ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪਤਾ ਨਹੀਂ ਉਹ ਕਿਹੜੀ ਅਜਿਹੀ ਜ਼ਿੰਦਗੀ ਦੇ ਵਿੱਚ ਆ ਗਿਆ ਜਿੱਥੇ ਸਿਰਫ ਸਕੂਨ ਹੀ ਸਕੂਨ ਹੈ ਫਿਰ ਯਾਦਵਿੰਦਰ ਨੇ ਮਨ ਬਣਾ ਲਿਆ ਕਿ ਵੱਡਾ ਹੋ ਕੇ ਇਹੀ ਕੰਮ ਕਰਨਾ ਹੈ, ਜਿਸ ਦੀ ਤਸਵੀਰ ਦਿਲ ਤੇ ਦਿਮਾਗ ਉੱਤੇ ਚੰਗੀ ਤਰ੍ਹਾਂ ਛੱਪ ਚੁੱਕੀ ਸੀ।

ਜਦੋਂ ਯਾਦਵਿੰਦਰ ਨੂੰ ਜ਼ਿੰਦਗੀ ਦੀ ਚੰਗੀ ਤਰ੍ਹਾਂ ਸਮਝ ਆਉਣ ਲੱਗੀ ਤਦ ਉਹਨਾਂ ਨੇ 1995 ਦੇ ਕਰੀਬ ਘੋੜਸਵਾਰੀ ਨੂੰ ਸ਼ੌਂਕ ਵੱਜੋਂ ਅਪਨਾਉਣ ਦਾ ਫੈਸਲਾ ਕਰ ਲਿਆ ਅਤੇ ਉਸ ਵਕ਼ਤ ਉਨ੍ਹਾਂ ਦੀ ਉਮਰ 12 ਸਾਲ ਦੀ ਹੀ ਸੀ ਤੇ ਫਾਰਮ ‘ਤੇ ਦਿਨ ਰਾਤ ਫਾਰਮ ‘ਤੇ ਹੀ ਰਹਿ ਕੇ ਕੰਮ ਕਰਨ ਲੱਗੇ ਕਿਉਂ ਕਿ ਪਿਆਰ ਹੀ ਇੰਨਾ ਹੋ ਗਿਆ ਸੀ, ਇੰਝ ਲੱਗਦਾ ਸੀ ਕਿ ਯਾਦਵਿੰਦਰ ਇਹਨਾਂ ਨੂੰ ਹੀ ਆਪਣਾ ਸਭ ਕੁਝ ਮੰਨ ਬੈਠਿਆ ਹੈ।

ਜਿਵੇਂ-ਜਿਵੇਂ ਦਿਨ ਨਿਕਲਦੇ ਗਏ ਯਾਦਵਿੰਦਰ ਨੂੰ ਮੇਲਿਆਂ ਵਿੱਚ ਜਾਣ ਦੀ ਤਾਂਘ ਲੱਗੀ ਰਹਿੰਦੀ ਸੀ ਕਿ ਕਦੋਂ ਮੇਲਿਆਂ ਵਿੱਚ ਜਾਈਏ ਅਤੇ ਇਨਾਮ ਜਿੱਤੀਏ। ਉਹਨਾਂ ਨੇ ਨੁਕਰਾ ਅਤੇ ਮਾਰਵਾੜੀ ਕਿਸਮ ਦੇ ਘੋੜੇ ਰੱਖੇ ਹੋਏ ਹਨ, ਜੋ ਕਿ ਸਭ ਤੋਂ ਵਧੀਆ ਨਸਲ ਵਿੱਚ ਮੰਨੇ ਜਾਂਦੇ ਹਨ। ਦੋਨੋਂ ਨਸਲ ਦੇ ਘੋੜੇ ਬਹੁਤ ਸੋਹਣੇ ਹਨ ਕਿਉਂਕਿ ਇਨ੍ਹਾਂ ਦਾ ਕੱਦ ਕਾਠ ਵੀ ਬਾਕੀ ਘੋੜਿਆਂ ਨਾਲੋਂ ਉੱਚਾ ਤੇ ਲੰਬਾ ਹੁੰਦਾ ਹੈ।

ਹੌਲੀ-ਹੌਲੀ ਉਹ ਮੇਲਿਆਂ ਵਿੱਚ ਜਾਣ ਲੱਗ ਗਏ ਤੇ ਘੋੜਸਵਾਰੀ ਕਰਨ ਲੱਗੇ ਪਰ ਉਨ੍ਹਾਂ ਨੂੰ ਉਸ ਸਮੇਂ ਉਦੋਂ ਮੁਸ਼ਕਿਲ ਆਉਂਦੀ ਸੀ ਜਦੋਂ ਉਨ੍ਹਾਂ ਤੋਂ ਘੋੜਿਆਂ ਬਾਰੇ ਪੁੱਛਿਆ ਜਾਂਦਾ ਸੀ, ਬੇਸ਼ੱਕ ਬਜ਼ੁਰਗ ਇਹ ਕੰਮ ਕਰਦੇ ਆਏ ਸਨ ਉਹਨਾਂ ਨੂੰ ਪਤਾ ਸੀ ਪਰ ਯਾਦਵਿੰਦਰ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਮੁਸ਼ਕਿਲ ਵਿੱਚ ਆ ਜਾਂਦੇ ਸਨ, ਉੱਥੇ ਹੀ ਉਹਨਾਂ ਨੇ ਮਨ ਵਿੱਚ ਘੋੜਿਆਂ ਦਾ ਵਪਾਰ ਕਰਨ ਦਾ ਵਿਚਾਰ ਆਇਆ ਜੋ ਕਿ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਪਰ ਉਹਨਾਂ ਨੇ ਇਸ ਉੱਤੇ ਚੰਗੀ ਤਰ੍ਹਾਂ ਉਸ ਵਕਤ ਧਿਆਨ ਨਹੀਂ ਦਿੱਤਾ।

ਉਹਨਾਂ ਨੇ ਘਰ ਵਿੱਚ ਘੋੜੇ ਰੱਖੇ ਹੋਏ ਸਨ ਤੇ ਜਿਸ ਤਰ੍ਹਾਂ ਪਿੰਡ ਵਿੱਚ ਸਭ ਨੂੰ ਪਤਾ ਸੀ ਤਾਂ ਪਿੰਡ ਤੋਂ ਬਾਹਰ ਦੇ ਲੋਕਾਂ ਨੂੰ ਜਿਵੇਂ ਪਤਾ ਲੱਗਾ ਤਾਂ ਲੋਕ ਉਹਨਾਂ ਤੋਂ ਘੋੜੇ ਖਰੀਦਣ ਆਉਣ ਲੱਗ ਗਏ ਤੇ ਇਸ ਨਾਲ ਉਹਨਾਂ ਦਾ ਇੱਕ ਘੋੜਾ ਜਾਂ ਘੋੜੇ ਦਾ ਬੱਚਾ 5 ਲੱਖ ਦੇ ਕਰੀਬ ਵਿਕਿਆ ਜਿਸ ਨੂੰ ਦੇਖ ਕੇ ਓਹ ਹੈਰਾਨ ਹੋ ਗਏ। ਵੈਸੇ ਤਾਂ ਘੋੜੇ ਘੋੜੀਆਂ ਤੋਂ ਬੱਚੇ ਪੈਦਾ ਹੋ ਰਹੇ ਸਨ ਜੋ ਬਾਅਦ ਵਿੱਚ ਉਹਨਾਂ ਦੇ ਵਪਾਰ ਦਾ ਹਿੱਸਾ ਬਣਿਆ।

ਯਾਦਵਿੰਦਰ ਸਿੰਘ ਦੇ ਮਨ ਵਿਚ ਵਿਚਾਰ ਆਇਆ ਕਿਉਂ ਨਾ ਸ਼ੌਂਕ ਦੇ ਨਾਲ-ਨਾਲ ਵਪਾਰ ਵੀ ਕੀਤਾ ਜਾਵੇ, ਫਿਰ ਉਹਨਾਂ ਨੇ ਆਪਣੇ ਪਿਤਾ ਜੀ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਹ ਸਹੀ ਲੱਗਾ ਅਤੇ ਹਾਂ ਕਰ ਦਿੱਤੀ। ਜਿਸ ਤਰ੍ਹਾਂ ਉਹ ਮੇਲੇ ਵਿਚ ਜਾਂਦੇ ਸਨ ਅਤੇ ਮੇਲਿਆਂ ਵਿੱਚ ਜਾਣ ਕਰਕੇ ਹੌਲ਼ੀ-ਹੌਲੀ ਘੋੜਿਆਂ ਬਾਰੇ ਪੂਰੀ ਜਾਣਕਾਰੀ ਹੋ ਗਈ ਸੀ। ਇਸ ਵਾਰ ਜਦੋਂ ਉਹ ਮੇਲੇ ਗਏ ਤਾਂ ਉੱਥੇ ਉਹਨਾਂ ਤੋਂ ਘੋੜਿਆਂ ਬਾਰੇ ਪੁੱਛਣ ਲੱਗੇ ਤਾਂ ਉਹਨਾਂ ਨੇ ਹਰ ਇੱਕ ਦੀ ਜਾਣਕਾਰੀ ਬੜੀ ਤਰਤੀਬ ਨਾਲ ਦਿੱਤੀ ਤੇ ਗ੍ਰਾਹਕ ਵੀ ਘੋੜਾ ਖਰੀਦਣ ਨੂੰ ਝੱਟ ਮੰਨ ਗਿਆ ਜਿਸ ਨਾਲ ਯਾਦਵਿੰਦਰ ਬਹੁਤ ਖੁਸ਼ ਹੋਇਆ। ਇਸ ਤਰ੍ਹਾਂ ਉਹ ਮੇਲੇ ਵਿੱਚ ਜਾਂਦੇ ਅਤੇ ਘੋੜੇ ਦਾ ਮੁੱਲ ਲੈ ਕੇ ਆਉਂਦੇ। ਇਸ ਨਾਲ ਇਹ ਹੋਇਆ ਕਿ ਜਿੱਥੇ ਉਹਨਾਂ ਨੂੰ ਜਾਣਦੇ ਤਾਂ ਹੈ ਸੀ ਪਹਿਲਾ ਪਰ ਲੋਕਾਂ ਨੂੰ ਉਹਨਾਂ ਬਾਰੇ ਹੋਰ ਜਾਣਕਾਰੀ ਹੋ ਗਈ ਤੇ ਇੱਥੇ ਹੀ ਉਹਨਾਂ ਦੇ ਹੋਰ ਗ੍ਰਾਹਕ ਬਣ ਗਏ।

ਗ੍ਰਾਹਕ ਬਣਨ ਦੇ ਨਾਲ-ਨਾਲ ਲੋਕ ਫਿਰ ਉਹਨਾਂ ਦੇ ਹੀ ਘਰ ਘੋੜੇ ਖਰੀਦਣ ਆਉਣ ਲੱਗ ਗਏ ਜਿਸ ਦਾ ਕੋਈ ਇੱਕ ਮੁੱਲ ਨਹੀਂ ਲੈ ਸਕਦੇ ਕਿਉਂਕਿ ਖਰੀਦਣ ਵਾਲੇ ‘ਤੇ ਨਿਰਭਰ ਕਰਦਾ ਹੈ ਕਿ ਘੋੜੇ ਦਾ ਬੱਚਾ ਕਿੰਨੇ ਮਹੀਨਿਆਂ ਦਾ ਲੈਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਦੇ-ਕਰਦੇ 1995 ਤੋਂ ਬਾਅਦ ਉਹ 2005 ਵਿੱਚ ਚੰਗੀ ਤਰ੍ਹਾਂ ਕਾਮਯਾਬ ਹੋਏ।

ਅੱਜ ਉਨ੍ਹਾਂ ਦੇ ਘੋੜਿਆਂ ਦਾ ਵਪਾਰ ਇੰਨਾ ਪ੍ਰਸਾਰ ਕਰ ਚੁੱਕਿਆ ਹੈ ਕਿ ਹਰ ਕੋਈ ਇਹਨਾਂ ਕੋਲੋ ਨੁਕਰਾ ਤੇ ਮਾਰਵਾੜੀ ਦਾ ਘੋੜਾ ਲੈਣ ਦੂਰੋਂ ਆਉਂਦੇ ਹਨ, ਜਿਸ ਨਾਲ ਉਹਨਾਂ ਨੂੰ ਘਰ ਬੈਠੇ ਹੀ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ।

ਉਹਨਾਂ ਨੇ 10 ਦੇ ਕਰੀਬ ਘੋੜੇ-ਘੋੜੀਆਂ ਰੱਖੇ ਹੋਏ ਹਨ ਜਿਸ ਤੋਂ ਅੱਗੇ ਬੱਚੇ ਪੈਦਾ ਕਰ ਰਹੇ ਹਨ ਅਤੇ ਵੇਚ ਰਹੇ ਹਨ। ਉਹਨਾਂ ਨੇ ਮੁੱਖ ਤੌਰ ‘ਤੇ 2 ਕਨਾਲ ਵਿੱਚ ਫਾਰਮ ਤਿਆਰ ਕੀਤਾ ਹੋਇਆ ਹੈ, ਜੋ ਕਿ ਬਿਲਕੁਲ ਹਵਾਦਾਰ ਹੈ। ਇਸ ਤੋਂ ਇਲਾਵਾ ਉਹ ਸਵੇਰੇ ਘੋੜਿਆਂ ਨੂੰ ਸੈਰ ਲਈ ਲੈ ਕੇ ਜਾਂਦੇ ਹਨ ਅਤੇ ਘੋੜਸਵਾਰੀ ਵੀ ਕਰਦੇ ਹਨ। ਇਸ ਕੰਮ ਵਿੱਚ ਉਹਨਾਂ ਦਾ ਸਾਥ ਉਹਨਾਂ ਦਾ ਪਰਿਵਾਰ ਨਿਭਾਉਂਦਾ ਹੈ ਤੇ ਘੋੜਿਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਲਈ ਉਹਨਾਂ ਨੇ ਇੱਕ ਪੱਕੇ ਤੌਰ ‘ਤੇ ਡਾਕਟਰ ਨਾਲ ਗੱਲਬਾਤ ਕੀਤੀ ਹੋਈ ਹੈ ਜੋ ਸਮੇਂ-ਸਮੇਂ ਜਾਂਚ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਘੋੜਿਆਂ ਨੂੰ ਅੱਗੇ ਪ੍ਰਤੀਯੋਗਿਤਾ ਲਈ ਤਿਆਰ ਕਰ ਰਹੇ ਹਨ ਤਾਂ ਜੋ ਦੌੜਾਂ ਵਿੱਚ ਹਿੱਸਾ ਲਿਆ ਜਾ ਸਕੇ ਤੇ ਜਿਸ ਦੀ ਤਿਆਰੀ ਹਰ ਰੋਜ਼ ਕਰਦੇ ਹਨ।

ਸੰਦੇਸ਼

ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ ਬਸ ਉਸਨੂੰ ਪਹਿਲਾਂ ਸਿੱਖਣਾ ਤੇ ਫਿਰ ਕਰਨਾ ਚਾਹੀਦਾ ਹੈ ਤਾਂ ਹੀ ਇਨਸਾਨ ਕਾਮਯਾਬ ਹੋ ਸਕਦਾ ਹੈ।

ਹਰਪ੍ਰੀਤ ਸਿੰਘ ਬਾਜਵਾ

ਪੂਰੀ ਕਹਾਣੀ ਪੜ੍ਹੋ

ਘੋੜਸਵਾਰੀ ਸਿੱਖਣ ਦੇ ਸ਼ੌਕੀਨ ਲੋਕਾਂ ਦੇ ਸੁਪਨੇ ਪੂਰੇ ਕਰਨ ਵਾਲਾ ਨੌਜਵਾਨ ਪਸ਼ੂ-ਪ੍ਰੇਮੀ ਹਰਪ੍ਰੀਤ ਸਿੰਘ ਬਾਜਵਾ

ਘੋੜਿਆਂ ਨੂੰ ਮੁੱਢ ਤੋਂ ਹੀ ਮਨੁੱਖ ਦਾ ਪਸੰਦੀਦਾ ਜਾਨਵਰ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਘੋੜੇ ਹੀ ਇੱਕ ਥਾਂ ਤੋਂ ਦੂਜੀ ਥਾਂ ਆਉਣ-ਜਾਣ ਦਾ ਸਾਧਨ ਹੁੰਦੇ ਸਨ। ਅੱਜ ਵੀ ਕਈ ਅਜਿਹੇ ਪਸ਼ੂ-ਪ੍ਰੇਮੀ ਹਨ, ਜੋ ਪਸ਼ੂਆਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਸਮਝਦੇ ਹਨ।

ਇਹ ਕਹਾਣੀ ਹੈ ਇੱਕ ਅਜਿਹੇ ਹੀ ਪਸ਼ੂ-ਪ੍ਰੇਮੀ ਹਰਪ੍ਰੀਤ ਸਿੰਘ ਬਾਜਵਾ ਜੀ ਦੀ, ਜਿਹਨਾਂ ਨੇ ਆਪਣੀ ਇਸੇ ਪਸੰਦ ਨੂੰ ਸਾਰਥਕ ਰੂਪ ਦਿੰਦੇ ਹੋਏ, ਆਪਣਾ ਇੱਕ ਘੋੜਿਆਂ ਦਾ ਸਟੱਡ ਫਾਰਮ ਬਣਾਇਆ ਹੈ।

ਫੌਜੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪੰਜਾਬ, ਮੋਹਾਲੀ ਦੇ ਨੇੜਲੇ ਇਲਾਕੇ ਖਰੜ ਦੇ ਰਹਿਣ ਵਾਲੇ ਹਰਪ੍ਰੀਤ ਜੀ 10-11 ਸਾਲਾਂ ਦੀ ਉਮਰ ਤੋਂ ਘੋੜਸਵਾਰੀ ਕਰਦੇ ਸਨ। ਹਰਪ੍ਰੀਤ ਜੀ ਦੇ ਦਾਦਾ ਜੀ ਅਤੇ ਪਿਤਾ ਜੀ ਫੌਜ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਫੌਜ ਵਿੱਚ ਹੁੰਦੇ ਹੋਏ ਉਹ ਘੋੜਸਵਾਰੀ ਕਰਦੇ ਸਨ। ਹਰਪ੍ਰੀਤ ਜੀ ਨੂੰ ਵੀ ਬਚਪਨ ਤੋਂ ਹੀ ਘੋੜਸਵਾਰੀ ਦਾ ਸ਼ੌਂਕ ਸੀ।

ਆਪਣੀ B.Com ਦੀ ਪੜ੍ਹਾਈ ਕਰਨ ਤੋਂ ਬਾਅਦ ਅਤੇ ਫ਼ੌਜੀ ਪਰਿਵਾਰ ਵਿੱਚ ਹੁੰਦੇ ਹੋਏ ਹਰਪ੍ਰੀਤ ਵੀ ਦੇਸ਼ ਦੀ ਸੇਵਾ ਕਰਨ ਦੇ ਇਰਾਦੇ ਨਾਲ ਫੌਜ ਵਿੱਚ ਭਰਤੀ ਹੋਣ ਲਈ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਉਹਨਾਂ ਨੇ ਘੋੜਸਵਾਰੀ ਵੀ ਸਿੱਖੀ। ਪਰ ਕਿਸੇ ਕਾਰਨ ਫੌਜ ਵਿੱਚ ਭਰਤੀ ਨਾ ਹੋਣ ਕਾਰਨ ਉਹਨਾਂ ਨੇ ਦਿੱਲੀ ਅਤੇ ਮੋਹਾਲੀ ਵਿੱਚ 10-12 ਸਾਲ ਨੌਕਰੀ ਕੀਤੀ।

ਨੌਕਰੀ ਦੌਰਾਨ ਸਾਨੂੰ ਕਈ ਕੰਮ ਅਜਿਹੇ ਕਰਨੇ ਪੈਂਦੇ ਹਨ, ਜਿਸਦੀ ਇਜ਼ਾਜਤ ਸਾਡਾ ਦਿਲ ਨਹੀਂ ਦਿੰਦਾ। ਇਸ ਲਈ ਮੈਂ ਹਮੇਸ਼ਾ ਆਪਣੀ ਇੱਛਾ ਮੁਤਾਬਿਕ ਕੁੱਝ ਵੱਖਰਾ ਅਤੇ ਆਪਣੀ ਪਸੰਦ ਦਾ ਕਰਨਾ ਚਾਹੁੰਦਾ ਸੀ। – ਹਰਪ੍ਰੀਤ ਸਿੰਘ ਬਾਜਵਾ

ਛੋਟੀ ਉਮਰੇ ਹੀ ਘੋੜਿਆਂ ਨਾਲ ਲਗਾਅ ਅਤੇ ਘੋੜਸਵਾਰੀ ਵਿੱਚ ਲਗਭਗ 20 ਸਾਲ ਦਾ ਤਜ਼ਰਬਾ ਹੋਣ ਦੇ ਕਾਰਨ ਹਰਪ੍ਰੀਤ ਜੀ ਆਪਣੇ ਸ਼ੌਂਕ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦੇ ਹਨ।

ਜਿਵੇਂ ਕਿ ਕਿਹਾ ਹੀ ਜਾਂਦਾ ਹੈ ਕਿ ਘੋੜਿਆਂ ਦਾ ਸ਼ੌਂਕ ਬਹੁਤ ਮਹਿੰਗਾ ਹੈ। ਇਸੇ ਕਾਰਨ ਕਈ ਘੋੜਿਆਂ ਦੇ ਸ਼ੌਕੀਨ ਖਰਚਾ ਵੱਧ ਹੋਣ ਕਾਰਨ, ਇਸ ਕਿੱਤੇ ਤੋਂ ਦੂਰੀ ਬਣਾਈ ਰੱਖਦੇ ਹਨ। ਇਸੇ ਤਰ੍ਹਾਂ ਇੱਕ ਸਾਧਾਰਨ ਪਰਿਵਾਰ ਤੋਂ ਹੋਣ ਦੇ ਕਾਰਨ ਹਰਪ੍ਰੀਤ ਜੀ ਵੱਧ ਤਾਂ ਨਹੀਂ ਕਰ ਸਕਦੇ ਸਨ, ਪਰ ਆਪਣੇ ਨੌਕਰੀ ਦੇ ਸਮੇਂ ਦੌਰਾਨ ਉਹਨਾਂ ਨੇ ਜੋ ਬੱਚਤ ਕੀਤੀ ਸੀ, ਉਸ ਪੈਸੇ ਨਾਲ ਉਹਨਾਂ ਨੇ ਘੋੜਿਆਂ ਦਾ ਫਾਰਮ ਖੋਲ੍ਹਣ ਦਾ ਫੈਸਲਾ ਕੀਤਾ।

ਮੈਂ ਹਮੇਸ਼ਾ ਤੋਂ ਹੀ ਇੱਕ ਅਜਿਹਾ ਕੰਮ ਕਰਨਾ ਚਾਹੁੰਦਾ ਸੀ, ਜਿਸ ਨਾਲ ਮੇਰੇ ਮਨ ਨੂੰ ਸੰਤੁਸ਼ਟੀ ਮਿਲੇ। ਘੋੜਿਆਂ ਅਤੇ ਘੋੜਸਵਾਰੀ ਨਾਲ ਆਪਣੇ ਪਿਆਰ ਦੇ ਕਾਰਨ ਹੀ ਮੈਂ ਘੋੜਿਆਂ ਲਈ ਫਾਰਮ ਖੋਲ੍ਹਣ ਦਾ ਮਨ ਬਣਾਇਆ। – ਹਰਪ੍ਰੀਤ ਸਿੰਘ ਬਾਜਵਾ

ਅਜਿਹੇ ਕਈ ਖੇਤਰ ਹਨ ਜਿਹਨਾਂ ਵਿੱਚ ਸ਼ਾਮਿਲ ਹੋਣ ਲਈ ਘੋੜਸਵਾਰੀ ਆਉਣੀ ਲਾਜ਼ਮੀ ਹੁੰਦੀ ਹੈ। ਇਸ ਉਦੇਸ਼ ਨਾਲ ਉਹਨਾਂ ਨੇ ਠੇਕੇ ‘ਤੇ ਜ਼ਮੀਨ ਲਈ। ਫਾਰਮ ਸ਼ੁਰੂ ਕਰਨ ਲਈ ਉਹਨਾਂ ਦਾ ਲਗਭਗ 7 ਤੋਂ 8 ਲੱਖ ਰੁਪਏ ਦਾ ਖਰਚਾ ਆਇਆ। ਆਪਣੇ ਇਸ ਫਾਰਮ ਦਾ ਨਾਮ ਉਹਨਾਂ ਨੇ DKPS ਰੱਖਿਆ। ਹਰਪ੍ਰੀਤ ਸਿੰਘ ਬਾਜਵਾ ਜੀ ਨੇ ਆਪਣੇ ਇਸ ਸਕੂਲ ਦਾ ਨਾਮ ਆਪਣੇ ਮਾਤਾ ਪਿਤਾ ਦਵਿੰਦਰ ਕੌਰ ਅਤੇ ਪ੍ਰਕਾਸ਼ ਸਿੰਘ ਦੇ ਨਾਮ ‘ਤੇ ਰੱਖਿਆ। ਇਸ ਫਾਰਮ ਵਿੱਚ ਉਹਨਾਂ ਨੇ ਥੋਰੋ ਬਰੈੱਡ ਨਸਲ ਦੇ ਘੋੜੇ ਰੱਖੇ ਹਨ। ਥੋਰੋ ਬਰੈੱਡ ਘੋੜਿਆਂ ਦੀ ਅਜਿਹੀ ਨਸਲ ਹੈ ਜੋ ਰੇਸਿੰਗ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।

ਇਸ ਸਮੇਂ ਉਹਨਾਂ ਕੋਲ ਫਾਰਮ ਵਿੱਚ 5 ਘੋੜੀਆਂ ਅਤੇ 1 ਘੋੜਾ ਹੈ। ਸ਼ੁਰੂਆਤੀ ਦੌਰ ਵਿੱਚ ਉਹਨਾਂ ਕੋਲ ਘੋੜਸਵਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਚਾਹਵਾਨ ਆਏ, ਜਿਹਨਾਂ ਵਿੱਚ ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ। ਉਹਨਾਂ ਦੇ ਇਸ ਫਾਰਮ ਵਿੱਚ ਘੋੜਸਵਾਰੀ ਸਿੱਖਣ ਦੀ ਫੀਸ ਵੀ ਕਾਫੀ ਘੱਟ ਹੈ, ਜਿਸ ਕਾਰਨ ਅੱਜ ਵੀ ਉਹਨਾਂ ਕੋਲ ਕਾਫੀ ਲੋਕ ਘੋੜਸਵਾਰੀ ਸਿੱਖਣ ਆਉਂਦੇ ਹਨ।

ਸਾਡੇ ਫਾਰਮ ‘ਤੇ 7 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੇ ਘੋੜਸਵਾਰੀ ਦੇ ਸ਼ੌਕੀਨ ਆਉਂਦੇ ਹਨ। ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਜੀ ਵੀ ਸਾਡੇ ਫਾਰਮ ‘ਤੇ ਘੋੜਸਵਾਰੀ ਕਰਨ ਆਉਂਦੇ ਰਹਿੰਦੇ ਹਨ। – ਹਰਪ੍ਰੀਤ ਸਿੰਘ ਬਾਜਵਾ

ਹਰਪ੍ਰੀਤ ਜੀ ਆਪਣੇ ਸਕੂਲ ਦੇ ਬੱਚਿਆਂ ਨੂੰ ਘੋੜਸਵਾਰੀ ਦੀ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਲਈ ਵੀ ਤਿਆਰ ਕਰਦੇ ਹਨ। ਉਹਨਾਂ ਦੇ ਸਕੂਲ ਦੇ ਬੱਚੇ ਕਈ ਖੇਤਰੀ ਅਤੇ ਰਾਜ ਪੱਧਰੀ ਲੈਵਲ ਦੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਕਈ ਅਵਾਰਡ ਵੀ ਹਾਸਿਲ ਕਰ ਚੁੱਕੇ ਹਨ।

ਘੋੜਾ ਇੱਕ ਅਜਿਹਾ ਜਾਨਵਰ ਹੈ ਜਿਸਦਾ ਆਪਣਾ ਦਿਲ ਅਤੇ ਦਿਮਾਗ ਹੁੰਦਾ ਹੈ। ਘੋੜਸਵਾਰ ਆਪਣੇ ਇਸ਼ਾਰਿਆਂ ਨਾਲ ਘੋੜੇ ਨੂੰ ਸਮਝਾਉਂਦਾ ਹੈ। ਅਸੀਂ ਆਪਣੇ ਸਕੂਲ ਵਿੱਚ ਹੀ ਇਹ ਸਾਰੇ ਹੁਨਰ ਘੋੜਸਵਾਰਾਂ ਨੂੰ ਸਿਖਾਉਂਦੇ ਹਾਂ। – ਹਰਪ੍ਰੀਤ ਸਿੰਘ ਬਾਜਵਾ

ਹਰਪ੍ਰੀਤ ਜੀ ਦਾ ਘੋੜਸਵਾਰੀ ਸਕੂਲ ਖੋਲ੍ਹਣ ਦਾ ਫੈਸਲਾ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ, ਕਿਉਂਕਿ ਜੋ ਲੋਕ ਵੱਧ ਪੈਸੇ ਖਰਚ ਕੇ ਘੋੜਸਵਾਰੀ ਨਹੀਂ ਸਿੱਖ ਸਕਦੇ, ਉਹ DKPS ਦੇ ਜ਼ਰੀਏ ਆਪਣੀ ਇਸ ਇੱਛਾ ਨੂੰ ਪੂਰਾ ਕਰ ਸਕਦੇ ਹਨ।

ਭਵਿੱਖ ਦੀ ਯੋਜਨਾ

ਹਰਪ੍ਰੀਤ ਜੀ ਘੋੜਸਵਾਰੀ ਸਿੱਖਣ ਵਾਲੇ ਲੋਕਾਂ ਨੂੰ ਸਿਖਲਾਈ ਦੇ ਕੇ ਇੱਕ ਵਧੀਆ ਅਤੇ ਸਿਹਤਮੰਦ ਪੀੜ੍ਹੀ ਦੀ ਸਿਰਜਣਾ ਕਰਨਾ ਚਾਹੁੰਦੇ ਹਨ।

ਸੰਦੇਸ਼
“ਸਾਨੂੰ ਆਪਣੇ ਜਨੂੰਨ ਨੂੰ ਕਦੇ ਵੀ ਮਰਨ ਨਹੀਂ ਦੇਣਾ ਚਾਹੀਦਾ। ਮਿਹਨਤ ਹਰ ਕੰਮ ਵਿੱਚ ਕਰਨੀ ਹੀ ਪੈਂਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਚੱਕਰ ਨਾ ਪੈ ਕੇ ਆਪਣੀ ਮਿਹਨਤ ਦੇ ਨਾਲ ਆਪਣੇ ਅਤੇ ਆਪਣੇ ਮਾਤਾ-ਪਿਓ ਦੇ ਸੁਪਨਿਆਂ ਨੂੰ ਸੱਚ ਕਰਨਾ ਚਾਹੀਦਾ ਹੈ।”

ਸਰਬੀਰਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨ ਨੇ ਖੇਤੀ ਨੂੰ ਮਸ਼ੀਨੀਕਰਣ ਨਾਲ ਜੋੜਿਆ, ਕੀ ਤੁਸੀਂ ਇਸ ਨੂੰ ਅਜ਼ਮਾਇਆ ਹੈ?

44 ਸਾਲਾਂ ਦੇ ਸਰਬੀਰਇੰਦਰ ਸਿੰਘ ਸਿੱਧੂ ਨੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਲਾਗੂ ਕੀਤਾ ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਕੁਦਰਤ ਨਾਲ ਮਿਲ ਕੇ ਕੰਮ ਕਰਨ ਦਾ ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਸ ਸਮੇਂ ਆਇਆ ਜਦੋਂ ਉਹ ਬਹੁਤ ਦੂਰ ਵਿਦੇਸ਼ ਵਿੱਚ ਸਨ।

ਖੇਤੀਬਾੜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣੀ ਪ੍ਰਕਿਰਿਆ ਹੈ ਜਿਸ ਨੂੰ ਸਾਡੇ ਪੁਰਖਾਂ ਅਤੇ ਉਨ੍ਹਾਂ ਦੇ ਪੁਰਖਾਂ ਨੇ ਭੋਜਨ ਪੈਦਾ ਕਰਨ ਅਤੇ ਜੀਵਨ ਜਿਊਣ ਲਈ ਅਪਣਾਇਆ। ਪਰ ਮੰਗਾਂ ਵਿੱਚ ਵਾਧੇ ਅਤੇ ਪਰਿਵਰਤਨ ਨਾਲ, ਅੱਜ ਖੇਤੀ ਦਾ ਇੱਕ ਲੰਬਾ ਇਤਿਹਾਸ ਬਣ ਚੁੱਕਾ ਹੈ। ਹਾਂ, ਆਧੁਨਿਕ ਖੇਤੀ ਤਰੀਕਿਆਂ ਦੇ ਕੁੱਝ ਨਕਾਰਾਤਮਕ ਪ੍ਰਭਾਵ ਹਨ, ਪਰੰਤੂ ਹੁਣ ਸਿਰਫ਼ ਨਾ ਕੇਵਲ ਖੇਤੀਬਾੜੀ ਸਮਾਜ ਸਗੋਂ ਸ਼ਹਿਰ ਦੇ ਬਹੁਤ ਸਾਰੇ ਵਿਅਕਤੀ ਸਥਾਈ ਖੇਤੀਬਾੜੀ ਅਭਿਆਸਾਂ ਦੀ ਪਹਿਲ-ਕਦਮੀ ਕਰ ਰਹੇ ਹਨ।

ਸਰਬੀਰਇੰਦਰ ਸਿੰਘ ਸਿੱਧੂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਧਰਤੀ ਲਈ ਕੁੱਝ ਵੀ ਨਹੀਂ ਕੀਤਾ, ਜਿਸ ਧਰਤੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਭ ਕੁੱਝ ਪ੍ਰਦਾਨ ਕੀਤਾ। ਹਾਲਾਂਕਿ ਉਹ ਵਿਦੇਸ਼ ਵਿੱਚ ਬਹੁਤ ਸਫ਼ਲ ਜੀਵਨ ਬਤੀਤ ਕਰ ਰਹੇ ਸਨ, ਨਵੀਂ ਖੇਤੀ ਤਕਨੀਕਾਂ, ਮਸ਼ੀਨਾਂ ਬਾਰੇ ਸਿਖਲਾਈ ਲੈ ਰਹੇ ਸਨ ਅਤੇ ਸਮਾਜ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਉਹ ਮਾਯੂਸ ਰਹਿੰਦੇ ਸਨ ਅਤੇ ਆਖਰ ਉਨ੍ਹਾਂ ਨੇ ਵਿਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਜਨਮ-ਭੂਮੀ ਪੰਜਾਬ (ਭਾਰਤ) ਆ ਗਏ।

“ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਵੱਸ ਗਿਆ, ਪਰ 5-6 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵਾਪਸ ਜਾਣਾ ਚਾਹੀਦਾ ਹੈ, ਜਿੱਥੋਂ ਮੈਂ ਹਾਂ।”

ਵਿਦੇਸ਼ੀ ਖੇਤੀਬਾੜੀ ਅਭਿਆਸਾਂ ਤੋਂ ਪਹਿਲਾਂ ਹੀ ਜਾਣੂ ਸਰਬੀਰਇੰਦਰ ਸਿੰਘ ਸਿੱਧੂ ਨੇ ਖੇਤੀ ਨੂੰ ਆਪਣੇ ਤਰੀਕੇ ਨਾਲ ਮਸ਼ੀਨੀਕਰਣ ਨਾਲ ਜੋੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਵਪਾਰਕ ਖੇਤੀ ਅਤੇ ਖੇਤੀ ਤਕਨੀਕਾਂ ਨੂੰ ਜੋੜਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਬਜਾਏ ਕਿੰਨੂ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

“ਕਣਕ ਅਤੇ ਝੋਨਾ ਪੰਜਾਬ ਦੀ ਰਵਾਇਤੀ ਫ਼ਸਲਾਂ ਹਨ, ਜਿਸ ਨੂੰ ਖੇਤ ਵਿਚ ਸਿਰਫ਼ 4-5 ਮਹੀਨੇ ਮਿਹਨਤ ਦੀ ਜ਼ਰੂਰਤ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਦੀ ਬਜਾਏ, ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਅਤੇ ਹੋਰ ਖੇਤੀ ਸੰਬੰਧੀ ਧੰਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਲ ਭਰ ਕੀਤੇ ਜਾ ਸਕਦੇ ਹਨ।”

ਸਰਬੀਰਇੰਦਰ ਸਿੰਘ ਨੇ ਬਾਗ ਵਿੱਚ ਵਰਤਣ ਲਈ ਇੱਕ ਮਸ਼ੀਨ ਤਿਆਰ ਕੀਤੀ, ਜਿਸ ਨੂੰ ਟ੍ਰੈਕਟਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਕਿੰਨੂ ਨੂੰ 6 ਅਲੱਗ-ਅਲੱਗ ਆਕਾਰ ਵਿੱਚ ਵੰਡ ਕੇ ਗਰੇਡਿੰਗ ਕਰ ਸਕਦੀ ਹੈ। ਮਸ਼ੀਨ ਵਿੱਚ 9 ਸਫ਼ਾਈ ਕਰਨ ਵਾਲੇ ਬਰੱਸ਼ ਅਤੇ 4 ਸੁਕਾਉਣ ਵਾਲੇ ਬਰੱਸ਼ ਸ਼ਾਮਿਲ ਹਨ। ਇਸ ਪੱਧਰ ਤੱਕ ਮਸ਼ੀਨ ਦੇ ਮਸ਼ੀਨੀਕਰਣ ਨੇ ਮਿਹਨਤ ਦੀ ਲਾਗਤ ਨੂੰ ਲਗਭੱਗ ਜ਼ੀਰੋ ਕਰ ਦਿੱਤਾ ਹੈ।

“ਮੇਰੇ ਦੁਆਰਾ ਡਿਜ਼ਾਇਨ ਕੀਤੀ ਗਈ ਮਸ਼ੀਨ ਇੱਕ ਘੰਟੇ ਵਿੱਚ ਲਗਭਗ 1-1.5 ਟਨ ਕਿੰਨੂਆਂ ਦੀ ਗਰੇਡਿੰਗ ਕਰ ਸਕਦੀ ਹੈ ਅਤੇ ਇਸ ਮਸ਼ੀਨ ਦੀ ਲਾਗਤ 10 ਲੀਟਰ ਡੀਜ਼ਲ ਪ੍ਰਤੀ ਦਿਨ ਹੈ।”

ਸਰਬੀਰਇੰਦਰ ਸਿੰਘ ਜੀ ਅਨੁਸਾਰ – ਸ਼ੁਰੂਆਤ ਵਿੱਚ ਜੋ ਮੁੱਖ ਰੁਕਾਵਟ ਦਾ ਸਾਹਮਣਾ ਕੀਤਾ, ਉਹ ਸੀ ਕਿੰਨੂਆਂ ਦੇ ਮੰਡੀਕਰਣ ਦੌਰਾਨ ਕਿਉਂਕਿ ਬਾਗ ਦੀ ਦੇਖਭਾਲ ਅਤੇ ਕਿੰਨੂਆਂ ਦੀ ਤੁੜਾਈ ਆਦਿ ਵਿੱਚ ਬਹੁਤ ਸਾਰਾ ਸਮਾਂ ਅਤੇ ਪੈਸਾ ਖ਼ਰਚ ਹੁੰਦਾ ਹੈ, ਜੋ ਆਰਥਿਕ ਪੱਖੋਂ ਲਾਹੇਵੰਦ ਨਹੀਂ ਸੀ। ਸਰਬੀਰਇੰਦਰ ਸਿੰਘ ਜੀ ਦੁਆਰਾ ਵਿਕਸਿਤ ਕੀਤੀ ਗ੍ਰੇਡਿੰਗ ਮਸ਼ੀਨ ਦੁਆਰਾ ਤੁੜਾਈ ਅਤੇ ਗ੍ਰੇਡਿੰਗ ਦੀ ਸਮੱਸਿਆ ਅੱਧੀ ਹੱਲ ਹੋ ਗਈ ਸੀ।

6 ਵੱਖ-ਵੱਖ ਆਕਾਰ ਵਿੱਚ ਕਿੰਨੂਆਂ ਦੀ ਗ੍ਰੇਡਿੰਗ ਕਰਨ ਦੇ ਇਸ ਮਸ਼ੀਨੀਕਰਣ ਤਰੀਕੇ ਨੇ ਬਜ਼ਾਰ ਵਿੱਚ ਸਰਬੀਰਇੰਦਰ ਸਿੰਘ ਦੀ ਫ਼ਸਲ ਲਈ ਇੱਕ ਖਾਸ ਜਗ੍ਹਾ ਬਣਾਈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹੋਰ ਪ੍ਰਾਥਮਿਕਤਾ ਮਿਲੀ ਅਤੇ ਨਿਵੇਸ਼ ‘ਤੇ ਹੋਰ ਲਾਭ ਮਿਲਿਆ। ਕਿੰਨੂਆਂ ਦੀ ਗ੍ਰੇਡਿੰਗ ਲਈ ਇਸ ਮਸ਼ੀਨੀਕਰਣ ਤਰੀਕੇ ਦੀ ਵਰਤੋਂ ਕਰਨਾ “ਸਿੱਧੂ ਮਾਡਲ ਫਾਰਮ” ਦੇ ਲਈ ਇੱਕ ਅਹਿਮ ਵਾਧਾ ਸੀ ਅਤੇ ਪਿਛਲੇ ਸਾਲਾਂ ਤੋਂ ਸਰਬੀਰਇੰਦਰ ਜੀ ਦੁਆਰਾ ਉਤਪਾਦਿਤ ਫਲਾਂ ਨੇ ‘ਸਿਟਰਸ ਸ਼ੋ’ ਵਿੱਚ ਰਾਜ ਪੱਧਰ ‘ਤੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।

ਸਿਰਫ਼ ਇਹ ਹੀ ਦ੍ਰਿਸ਼ਟੀਕੋਣ ਨਹੀਂ ਸੀ ਜਿਸ ਦਾ ਪਿੱਛਾ ਸਰਬੀਰਇੰਦਰ ਸਿੰਘ ਜੀ ਕਰ ਰਹੇ ਸਨ, ਬਲਕਿ ਤੁਪਕਾ ਸਿੰਚਾਈ, ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰੀ ਖਾਦ, ਬਾਇਓਗੈਸ ਪਲਾਂਟ, ਵਰਮੀ ਕੰਪੋਸਟਿੰਗ, ਸਬਜ਼ੀਆਂ, ਅਨਾਜ, ਫਲ ਅਤੇ ਕਣਕ ਦਾ ਜੈਵਿਕ ਉਤਪਾਦਨ ਆਦਿ ਹੋਰ ਤਰੀਕੇ ਸਨ ਜਿਨ੍ਹਾਂ ਨਾਲ ਖੇਤੀ ਦੇ ਰਵਾਇਤੀ ਢੰਗਾਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ।

ਖੇਤੀਬਾੜੀ ਵਿੱਚ ਸਰਬੀਰਇੰਦਰ ਸਿੰਘ ਸਿੱਧੂ ਜੀ ਦੇ ਯੋਗਦਾਨ ਨੇ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਅਤੇ ਸਨਮਾਨ ਦਿਵਾਏ ਹਨ, ਜਿਹਨਾਂ ਵਿੱਚੋਂ ਇਹ ਦੋ ਮੁੱਖ ਹਨ:
• ਅਬੋਹਰ, ਪੰਜਾਬ ਵਿੱਚ ਰਾਜ ਪੱਧਰੀ ਸਿਟਰਸ ਸ਼ੋਅ ਜਿੱਤਿਆ।
• ਆਧੁਨਿਕ ਖੇਤੀਬਾੜੀ ਲਈ ਪੂਸਾ ਦਿੱਲੀ ਤੋਂ ਸਨਮਾਨ ਪ੍ਰਾਪਤ ਕੀਤਾ।

ਖੇਤੀਬਾੜੀ ਦੇ ਨਾਲ-ਨਾਲ ਸਰਬੀਰਇੰਦਰ ਜੀ ਸਿਰਫ਼ ਆਪਣੇ ਸ਼ੌਂਕ ਕਾਰਨ ਪਸ਼ੂ ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਡੇਅਰੀ ਪਸ਼ੂ, ਪੋਲਟਰੀ, ਪੰਛੀ, ਕੁੱਤੇ, ਬੱਕਰੀਆਂ ਅਤੇ ਮਾਰਵਾੜੀ ਘੋੜੇ ਪਾਲ਼ੇ ਹੋਏ ਹਨ। ਉਨ੍ਹਾਂ ਨੇ ਅੱਧੇ ਏਕੜ ਵਿੱਚ ਮੱਛੀ-ਪਾਲਣ ਲਈ ਤਲਾਬ ਬਣਾਇਆ ਅਤੇ ਰੁੱਖਾਂ ਵਿੱਚ 7000 ਸਫੇਦੇ ਅਤੇ 25 ਬਾਂਸ ਦੇ ਰੁੱਖ ਹਨ

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ 12 ਸਾਲ ਦੇ ਅਨੁਭਵ ਨਾਲ, ਸਰਬੀਰਇੰਦਰ ਜੀ ਨੇ ਕੁੱਝ ਮਹੱਤਵਪੂਰਣ ਮਾਮਲਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਸ ਮੁੱਦੇ ਦੁਆਰਾ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਪ੍ਰਮੁੱਖ ਚਿੰਤਾ ਦੇ ਵਿਸ਼ੇ ਹਨ।

ਸਬਸਿਡੀ ਅਤੇ ਖੇਤੀ ਯੋਜਨਾਵਾਂ
ਕਿਸਾਨ ਮੰਨਦੇ ਹਨ ਕਿ ਸਰਕਾਰ ਸਬਸਿਡੀ ਦੇ ਕੇ ਅਤੇ ਵਿਭਿੰਨ ਖੇਤੀਬਾੜੀ ਯੋਜਨਾਵਾਂ ਬਣਾ ਕੇ ਸਾਡੀ ਮਦਦ ਕਰ ਰਹੀ ਹੈ, ਪਰ ਇਹ ਸੱਚ ਨਹੀਂ ਹੈ, ਇਹ ਕਿਸਾਨਾਂ ਨੂੰ ਨਕਾਰਾ ਬਣਾਉਣ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇੱਕ ਤਰੀਕਾ ਹੈ। ਕਿਸਾਨਾਂ ਨੂੰ ਆਪਣੇ ਚੰਗਾ ਅਤੇ ਬੁਰਾ ਸਮਝਣਾ ਚਾਹੀਦਾ ਹੈ, ਕਿਉਂਕਿ ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ। ਜੇਕਰ ਇਸ ਨੂੰ ਪੱਕੇ ਇਰਾਦੇ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਅਮੀਰ ਬਣਾ ਸਕਦਾ ਹੈ।

ਨੌਜਵਾਨ ਪੀੜ੍ਹੀ ਦੀ ਸੋਚ –
ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਜਾਂ ਸ਼ਹਿਰ ਵਿੱਚ ਰਹਿਣ ਲਈ ਤਿਆਰ ਹੈ, ਉਨ੍ਹਾਂ ਨੂੰ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ? ਖੇਤੀਬਾੜੀ ਉਨ੍ਹਾਂ ਲਈ ਮਾੜਾ ਕੰਮ ਹੈ। ਸਿੱਖਿਆ ਅਤੇ ਰੁਜ਼ਗਾਰ ਵਿੱਚ ਸਰਕਾਰ ਦੇ ਪੈਸੇ ਨਿਵੇਸ਼ ਕਰਨ ਦਾ ਕੀ ਫਾਇਦਾ ਜੇਕਰ ਆਖਿਰ ਇਸ ਦਾ ਨਤੀਜਾ ਨਾ-ਮਾਤਰ ਹੀ ਰਹਿ ਜਾਵੇ। ਨੌਜਵਾਨ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਖੇਤੀਬਾੜੀ ਦਾ ਖੇਤਰ ਇੰਨਾ ਖੁਸ਼ਹਾਲ ਅਤੇ ਭਿੰਨ ਹੈ ਕਿ ਇਸ ਦੁਆਰਾ ਵਿਦੇਸ਼ੀ ਜੀਵਨ ਨਾਲੋਂ ਵੱਧ ਫਾਇਦੇ, ਕਮਾਈ ਅਤੇ ਖੁਸ਼ੀ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਮੰਡੀਕਰਣ –
ਅੱਜ, ਕਿਸਾਨਾਂ ਨੂੰ ਮੰਡੀਕਰਣ ਪ੍ਰਣਾਲੀ ‘ਚੋਂ ਵਿਚੋਲਿਆਂ ਨੂੰ ਹਟਾ ਕੇ ਖੁਦ ਵਿਕਰੇਤਾ ਬਣਨਾ ਪਵੇਗਾ ਅਤੇ ਇਹ ਹੀ ਇੱਕੋ ਤਰੀਕਾ ਹੈ ਜਿਸ ਨਾਲ ਕਿਸਾਨ ਆਪਣਾ ਗੁੰਮਿਆ ਹੋਇਆ ਸਥਾਨ ਸਮਾਜ ਵਿੱਚ ਦੁਬਾਰਾ ਹਾਸਿਲ ਕਰ ਸਕਦੇ ਹਨ। ਕਿਸਾਨਾਂ ਨੂੰ ਅਧੁਨਿਕ ਵਾਤਾਵਰਣ ਅਨੁਕੂਲ ਢੰਗ ਅਪਣਾਉਣੇ ਪੈਣਗੇ ਜੋ ਉਨ੍ਹਾਂ ਨੂੰ ਸਥਾਈ ਖੇਤੀਬਾੜੀ ਦੇ ਪਰਿਣਾਮਾਂ ਵੱਲ ਲੈ ਜਾਣਗੇ।

ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ-
“ਜ਼ਿੰਦਗੀ ਵਿੱਚ ਇੱਕ ਵਾਰ ਸਭ ਨੂੰ ਡਾਕਟਰ, ਵਕੀਲ, ਪੁਲਿਸ ਅਧਿਕਾਰੀ ਅਤੇ ਇੱਕ ਪ੍ਰਚਾਰਕ ਦੀ ਲੋੜ ਪੈਂਦੀ ਹੈ, ਪਰ ਕਿਸਾਨ ਦੀ ਜ਼ਰੂਰਤ ਇੱਕ ਦਿਨ ਵਿੱਚ ਤਿੰਨ ਵਾਰ ਪੈਂਦੀ ਹੈ।”