ਇੱਕ ਇਸ ਤਰ੍ਹਾਂ ਦੇ ਕਿਸਾਨ ਦੀ ਕਹਾਣੀ ਜਿਸ ਨੇ ਖੇਤੀ ਵਿਗਿਆਨ ਵਿੱਚ ਮਹਾਰਤ ਹਾਸਿਲ ਕੀਤੀ ਅਤੇ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਆਪਣੇ ਹੁਨਰ ਦਿਖਾਏ
ਹਰ ਕੋਈ ਸੋਚ ਸਕਦਾ ਹੈ ਅਤੇ ਸੁਪਨੇ ਦੇਖ ਸਕਦਾ ਹੈ, ਪਰ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਹੁੰਦੇ ਹਨ ਜੋ ਆਪਣੀ ਸੋਚ ‘ਤੇ ਖੜ੍ਹੇ ਰਹਿੰਦੇ ਹਨ ਅਤੇ ਪੂਰੀ ਲਗਨ ਨਾਲ ਉਸ ਨੂੰ ਪੂਰਾ ਕਰਦੇ ਹਨ। ਇਸ ਤਰ੍ਹਾਂ ਦੇ ਦ੍ਰਿੜ ਸੰਕਲਪ ਵਾਲੇ ਜਲ ਸੈਨਾ ਦੇ ਫੌਜੀ ਨੇ ਆਪਣਾ ਕਿੱਤਾ ਬਦਲ ਕੇ ਖੇਤੀਬਾੜੀ ਵੱਲ ਆਉਣ ਦਾ ਫੈਸਲਾ ਕੀਤਾ। ਉਸ ਇਨਸਾਨ ਦੇ ਦਿਮਾਗ ਵਿੱਚ ਬਹੁ-ਉਦੇਸ਼ੀ ਖੇਤੀ ਦਾ ਖਿਆਲ ਆਇਆ ਅਤੇ ਆਪਣੀ ਮਿਹਨਤ ਅਤੇ ਜੋਸ਼ ਨਾਲ ਅੱਜ ਵਿਸ਼ਵ ਭਰ ਵਿੱਚ ਉਹ ਕਿਸਾਨ ਪੂਰੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਪ੍ਰਸਿੱਧ ਹੈ।
ਮੋਹਿੰਦਰ ਸਿੰਘ ਗਰੇਵਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪਹਿਲੇ ਸਲਾਹਕਾਰ ਕਿਸਾਨ ਦੇ ਤੌਰ ‘ਤੇ ਚੁਣੇ ਗਏ, ਜਿਨ੍ਹਾਂ ਦੇ ਕੋਲ 42 ਅਲੱਗ-ਅਲੱਗ ਤਰ੍ਹਾਂ ਦੀਆ ਫ਼ਸਲਾਂ ਉਗਾਉਣ ਦਾ 53 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਇਜ਼ਰਾਈਲ ਵਰਗੇ ਦੇਸ਼ਾਂ ਤੋਂ ਹਾਈਬ੍ਰਿਡ ਬੀਜ ਉਤਪਾਦਨ ਅਤੇ ਖੇਤੀ ਦੀਆਂ ਆਧੁਨਿਕ ਤਕਨੀਕਾਂ ਦੀ ਸਿਖਲਾਈ ਹਾਸਿਲ ਕੀਤੀ। ਹੁਣ ਤੱਕ ਉਹ ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਕੰਮ ਦੇ ਲਈ 5 ਅੰਤਰ-ਰਾਸ਼ਟਰੀ, 7 ਰਾਸ਼ਟਰੀ ਅਤੇ 16 ਰਾਜ ਪੱਧਰੀ ਪੁਰਸਕਾਰ ਹਾਸਲ ਕਰ ਚੁੱਕੇ ਹਨ।
ਸ. ਗਰੇਵਾਲ ਜੀ ਦਾ ਜਨਮ 1 ਦਸੰਬਰ 1937 ਨੂੰ ਲਾਇਲਪੁਰ ਵਿੱਚ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਅਰਜਨ ਸਿੰਘ ਅਤੇ ਮਾਤਾ ਦਾ ਨਾਮ ਜਗੀਰ ਕੌਰ ਹੈ। ਜੇਕਰ ਅਸੀਂ ਮਹਿੰਦਰ ਸਿੰਘ ਗਰੇਵਾਲ ਦੀ ਪੂਰੀ ਜ਼ਿੰਦਗੀ ਦੇਖੀਏ ਤਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ ਅਤੇ ਉਨ੍ਹਾਂ ਨੇ ਹਰ ਸੰਘਰਸ਼ ਅਤੇ ਮੁਸ਼ਕਿਲ ਨੂੰ ਚੁਣੌਤੀ ਦੇ ਰੂਪ ਵਿੱਚ ਸਮਝਿਆ। ਉਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕੀਤੇ।
ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ, ਮੋਹਿੰਦਰ ਸਿੰਘ ਗਰੇਵਾਲ ਬੜੇ ਉਤਸ਼ਾਹ ਨਾਲ ਫੁੱਟਬਾਲ ਖੇਡਦੇ ਸਨ ਅਤੇ ਬਹੁਤ ਸਾਰੇ ਸਕੂਲਾਂ ਦੀਆਂ ਟੀਮਾਂ ਦੇ ਕਪਤਾਨ ਵੀ ਰਹੇ ਹਨ। ਉਹ ਇੱਕ ਚੰਗੇ ਐਥਲੀਟ ਵੀ ਸਨ, ਜਿਸ ਕਾਰਨ ਉਨ੍ਹਾਂ ਨੂੰ ਜਲ ਸੈਨਾ ਵਿੱਚ ਪੱਕੇ ਤੌਰ ‘ਤੇ ਨੌਕਰੀ ਮਿਲ ਗਈ। 1962 ਵਿੱਚ ਮਹਿੰਦਰ ਸਿੰਘ ਗਰੇਵਾਲ INS ਨਾਮ ਦੇ ਜਹਾਜ਼ ਵਿੱਚ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦੇ ਦੀਪ ਸਮੂਹ, ਮਲੇਸ਼ੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੀ ਯਾਤਰਾ ਕੀਤੀ। ਇੰਡੋਨੇਸ਼ੀਆ ਵਿੱਚ ਮੈਚ ਖੇਡਦੇ ਸਮੇਂ ਉਨ੍ਹਾਂ ਦੇ ਸੱਜੇ ਪੱਟ ‘ਤੇ ਗੰਭੀਰ ਸੱਟ ਲੱਗੀ। ਇਸ ਸੱਟ ਅਤੇ ਪਰਿਵਾਰ ਦੇ ਦਬਾਅ ਕਾਰਨ ਉਨ੍ਹਾਂ ਨੇ 1963 ਵਿੱਚ ਭਾਰਤੀ ਜਲ ਸੈਨਾ ਦੀ ਨੌਕਰੀ ਛੱਡ ਦਿੱਤੀ। ਇਸ ਦੇ ਬਾਅਦ ਕੁੱਝ ਦੇਰ ਦੇ ਲਈ ਉਨ੍ਹਾਂ ਦੀ ਜ਼ਿੰਦਗੀ ਵਿੱਚ ਠਹਿਰਾਅ ਆ ਗਿਆ।
ਨੌਕਰੀ ਛੱਡਣ ਤੋਂ ਬਾਅਦ ਉਨ੍ਹਾਂ ਕੋਲ ਆਪਣੇ ਵਿਰਾਸਤੀ ਵਪਾਰ ਖੇਤੀਬਾੜੀ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਉਨ੍ਹਾਂ ਨੇ ਸ਼ੁਰੂਆਤੀ 4 ਸਾਲਾਂ ਵਿੱਚ ਕਣਕ ਅਤੇ ਮੱਕੀ ਦੀ ਖੇਤੀ ਕੀਤੀ। ਮੋਹਿੰਦਰ ਸਿੰਘ ਜੀ ਨੇ ਆਪਣੀ ਪਤਨੀ ਜਸਬੀਰ ਕੌਰ ਦੇ ਨਾਲ ਮਿਲ ਕੇ ਖੇਤੀਬਾੜੀ ਵਿੱਚ ਸਫ਼ਲਤਾ ਹਾਸਲ ਕਰਨ ਲਈ ਇੱਕ ਠੋਸ ਯੋਜਨਾ ਬਣਾਈ ਅਤੇ ਅੱਜ ਆਪਣੀ ਖੇਤੀ ਕਿਰਿਆਵਾਂ ਦੇ ਕਾਰਨ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ। ਹਾਲਾਂਕਿ ਉਨ੍ਹਾਂ ਕੋਲ 12 ਏਕੜ ਦਾ ਛੋਟਾ ਜਿਹਾ ਖੇਤ ਹੈ, ਪਰ ਫ਼ਸਲ ਚੱਕਰ ਦੀ ਵਰਤੋਂ ਨਾਲ ਉਹ ਜ਼ਿਆਦਾ ਲਾਭ ਕਮਾ ਰਹੇ ਹਨ। ਮਹਿੰਦਰ ਸਿੰਘ ਗਰੇਵਾਲ ਜੀ ਆਪਣੇ ਖੇਤਾਂ ਵਿੱਚ ਲਗਭਗ 42 ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਵਿੱਚ ਸਮਰੱਥ ਹਨ ਅਤੇ ਵਧੀਆ ਕੁਆਲਿਟੀ ਦੀ ਪੈਦਾਵਾਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦਾ ਹੁਨਰ ਇਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਜਾਣਿਆਂ ਜਾਂਦਾ ਹੈ।
ਬਹੁਤ ਸਾਰੀਆਂ ਜਾਣੀਆਂ ਪਹਿਚਾਣੀਆਂ ਕਮੇਟੀਆਂ ਅਤੇ ਕੌਂਸਲਾਂ ਦੇ ਨਾਲ ਕੰਮ ਕਰਕੇ ਮੋਹਿੰਦਰ ਸਿੰਘ ਗਰੇਵਾਲ ਜੀ ਦੇ ਨਾਮ ਨੂੰ ਹੋਰ ਜ਼ਿਆਦਾ ਪ੍ਰਸਿੱਧੀ ਮਿਲੀ। ਰਾਜ ਪੱਧਰੀ ‘ਤੇ ਉਨ੍ਹਾਂ ਨੇ ਗਵਰਨਿੰਗ ਬੋਰਡ ਦੇ ਮੈਂਬਰ, ਪੰਜਾਬ ਰਾਜ ਬੀਜ ਸਰਟੀਫਿਕੇਸ਼ਨ ਅਥਾੱਰਿਟੀ, ਪੀ.ਏ.ਯੂ. ਪਬਲੀਕੇਸ਼ਨ ਕਮੇਟੀ ਅਤੇ ਪੀ.ਏ.ਯੂ. ਫਾਰਮਜ਼ ਐੱਡਵਾਇਜ਼ਰੀ ਕਮੇਟੀ ਦੇ ਤੌਰ ‘ਤੇ ਕੰਮ ਕੀਤਾ। ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਨੇ ਕਮਿਸ਼ਨ ਫਾੱਰ ਐਗਰੀਕਲਚਰ ਕਾੱਸਟ ਐਂਡ ਪਰਾਈਸਿਸ ਦੇ ਮੈਂਬਰ, ਭਾਰਤ ਸਰਕਾਰ, ਸੀਡ ਐਕਟ ਸਬ-ਕਮੇਟੀ ਦੇ ਮੈਂਬਰ, ਭਾਰਤ ਸਰਕਾਰ ਐਡਵਾਇਜ਼ਰੀ ਕਮੇਟੀ ਦੇ ਮੈਂਬਰ, ਪ੍ਰਸਾਰ ਭਾਰਤੀ, ਜਲੰਧਰ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆੱਫ ਸ਼ੂਗਰਕੇਨ ਰਿਸਰਚ ਲਖਨਊ ਦੇ ਮੈਂਬਰ ਦੇ ਤੌਰ ‘ਤੇ ਕੰਮ ਕੀਤਾ।ਇਸ ਸਮੇਂ ਉਹ ਐਗਰੀਕਲਚਰ ਅਤੇ ਬਾਗਬਾਨੀ ਕਮੇਟੀ, ਪੀ.ਏ.ਯੂ, ਗਵਰਨਿੰਗ ਬੋਰਡ, ਐਗਰੀਕਲਚਰ ਤਕਨਾਲੋਜੀ ਮੈਨੇਜਮੈਂਟ ਏਜੰਸੀ ਦੇ ਮੈਂਬਰ ਹਨ। ਉਹ ਪੰਜਾਬ ਫਾਰਮਰਜ਼ ਕਲੱਬ, ਪੀ.ਏ.ਯੂ. ਦੇ ਸੰਸਥਾਪਕ ਅਤੇ ਚਾਰਟਰ ਪ੍ਰਧਾਨ ਵੀ ਹਨ।
ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਨੂੰ ਇੰਗਲੈਂਡ, ਮੈਕਸਿਕੋ, ਇਥੋਪੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਦੇ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਹ ਅਲੱਗ-ਅਲੱਗ ਪੱਧਰ ‘ਤੇ 75 ਤੋਂ ਜ਼ਿਆਦਾ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂ ਨੂੰ 1996 ਵਿੱਚ ਆਟੋਬਾਇਓਗ੍ਰਾਫੀਕਲ ਇੰਸਟੀਚਿਊਟ, ਯੂ.ਐੱਸ.ਏ. ਵੱਲੋਂ ਮੈਨ ਆੱਫ ਦ ਯੀਅਰ ਪੁਰਸਕਾਰ ਦੇ ਨਾਲ ਅਤੇ 15 ਅਗਸਤ 1999 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿੱਚ ਮਾਣਯੋਗ ਗਵਰਨਰ ਐੱਸ.ਐੱਸ.ਰਾਏ ਦੁਆਰਾ ਗੋਲਡ ਮੈਡਲ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪੱਛਮੀ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਲਾਭ ਲੈਣ ਅਤੇ ਪਾਕਿਸਤਾਨ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਫ਼ਸਲੀ ਵਿਭਿੰਨਤਾ ਦੇ ਬਾਰੇ ਵਿੱਚ ਸਿਖਾਉਣ ਦੇ ਲਈ ਫਾਰਮਰਜ਼ ਇੰਸਟੀਚਿਊਟ, ਪਾਕਿਸਤਾਨ ਵੱਲੋਂ ਦੋ ਵਾਰ ਸੱਦਾ ਭੇਜਿਆ ਗਿਆ। ਉਨ੍ਹਾਂ ਦੀ ਜ਼ਿਆਦਾ ਜ਼ਿੰਦਗੀ ਯਾਤਰਾ ਵਿੱਚ ਹੀ ਲੰਘ ਗਈ ਅਤੇ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਯੂ.ਐੱਸ.ਏ., ਕੈਨੇਡਾ, ਮੈਕਸਿਕੋ, ਥਾਈਲੈਂਡ, ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵਿਗਿਆਨਿਕ ਕਿਸਾਨ ਅਤੇ ਪ੍ਰਤੀਨਿਧੀ ਮੈਂਬਰ ਦੇ ਤੌਰ ‘ਤੇ ਗਏ ਅਤੇ ਜਦੋਂ ਵੀ ਉਹ ਗਏ ਉਨ੍ਹਾਂ ਨੇ ਸਥਾਨਕ ਕਿਸਾਨਾਂ ਨੂੰ ਟੈੱਕਨੀਕਲ ਜਾਣਕਾਰੀ ਦਿੱਤੀ।
ਸ. ਮੋਹਿੰਦਰ ਸਿੰਘ ਗਰੇਵਾਲ ਇੱਕ ਵਧੀਆ ਲੇਖਕ ਵੀ ਹਨ ਅਤੇ ਉਨ੍ਹਾਂ ਨੇ ਖੇਤੀਬਾੜੀ ਦੀ ਸਫ਼ਲਤਾ ਦੀ ਕੁੰਜੀ, ਤੇਰੇ ਬਗੈਰ ਜ਼ਿੰਦਗੀ ਕਵਿਤਾਵਾਂ, ਰੰਗ ਜ਼ਿੰਦਗੀ ਦੇ ਸਵੈ-ਜੀਵਨੀ, ਜ਼ਿੰਦਗੀ ਇੱਕ ਦਰਿਆ ਅਤੇ ਸਕਸੈੱਸਫੁੱਲ ਸਾਂਈਟੀਫਿਕ ਫਾਰਮਿੰਗ ਆਦਿ ਸਿਰਲੇਖ ਹੇਠ ਪੰਜ ਕਿਤਾਬਾਂ ਲਿਖੀਆਂ। ਉਨ੍ਹਾਂ ਦੁਆਰਾ ਲਿਖੇ ਹੋਏ ਲੇਖ ਵਿਦੇਸ਼ੀ ਅਖਬਾਰਾਂ, ਨੈਸ਼ਨਲ ਡੇਲੀ, ਰਾਜ ਪੱਧਰੀ ਅਖਬਾਰ, ਖੇਤੀਬੜੀ ਮੈਗਜ਼ੀਨ ਅਤੇ ਰੋਟਰੀ ਮੈਗਜ਼ੀਨ ਆਦਿ ਵਿੱਚ ਛਪ ਚੁੱਕੇ ਹਨ। ਮੁਫਤ ਅੱਖਾਂ ਦਾ ਚੈੱਕਅੱਪ ਕੈਂਪ, ਰੋਡ ਸੇਫਟੀ, ਖੂਨ ਦਾਨ ਕੈਂਪ, ਦਰੱਖਤ ਲਗਾਓ, ਫੀਲਡ ਡੇਜ਼ ਅਤੇ ਮਿੱਟੀ ਟੈਸਟ ਵਰਗੇ ਪ੍ਰੋਜੈੱਕਟਾਂ ਦਾ ਹਿੱਸਾ ਬਣ ਕੇ ਉਨ੍ਹਾਂ ਨੇ ਸਮਾਜ ਸੇਵਾ ਵਿੱਚ ਵੀ ਆਪਣਾ ਹਿੱਸਾ ਪਾਇਆ।
ਖੇਤੀਬਾੜੀ ਦੇ ਖੇਤਰ ਵਿੱਚ ਮੋਹਿੰਦਰ ਸਿੰਘ ਗਰੇਵਾਲ ਜੀ ਨੇ ਬਹੁਤ ਸਫਤਲਾ ਹਾਸਲ ਕੀਤੀ ਅਤੇ ਖੇਤੀ ਲਈ ਉੱਚੇ ਮਿਆਰ ਬਣਾਏ। ਉਨ੍ਹਾਂ ਦੀਆਂ ਪ੍ਰਾਪਤੀਆਂ ਹੋਰ ਕਿਸਾਨਾਂ ਦੇ ਲਈ ਜਾਣਕਾਰੀ ਅਤੇ ਪ੍ਰੇਰਣਾ ਦਾ ਸ੍ਰੋਤ ਹਨ।