ਸੰਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਨੌਕਰੀ ਛੱਡ ਕੇ ਆਪਣੇ ਪਿਤਾ ਦੇ ਰਾਹ ‘ਤੇ ਚੱਲ ਕੇ ਆਧੁਨਿਕ ਖੇਤੀ ਕਰਕੇ ਕਾਮਯਾਬ ਹੋਇਆ ਇੱਕ ਨੌਜਵਾਨ ਕਿਸਾਨ- ਸੰਦੀਪ ਸਿੰਘ

ਇੱਕ ਉੱਚਾ ਤੇ ਸੱਚਾ ਨਾਮ ਖੇਤੀ, ਪਰ ਕਦੇ ਕਿਸੇ ਨੇ ਖੇਤੀ ਦੇ ਵਰਕਿਆਂ ਨੂੰ ਫਰੋਲ ਕੇ ਨਹੀਂ ਦੇਖਿਆ, ਜੇਕਰ ਹਰ ਕੋਈ ਖੇਤੀ ਦੇ ਵਰਕਿਆਂ ਨੂੰ ਫਰੋਲ ਕੇ ਦੇਖਣਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਖੇਤੀ ਦੇ ਹਰ ਇੱਕ ਪਹਿਲੂ ਬਾਰੇ ਚੰਗੇ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਤਾਂ ਹਰ ਕੋਈ ਖੇਤੀ ਦੇ ਵਿੱਚ ਸਫਲ ਹੋ ਸਕਦਾ ਹੈ। ਸਫਲ ਖੇਤੀ ਉਹ ਖੇਤੀ ਜਿਸ ਵਿੱਚ ਨਵੇਂ-ਨਵੇਂ ਤਰੀਕੇ ਨਾਲ ਖੇਤੀ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਹੈ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਹਨ ਸੰਦੀਪ ਸਿੰਘ, ਜੋ ਪਿੰਡ ਭੱਦਲਵੱਡ, ਜ਼ਿਲ੍ਹਾਂ ਸੰਗਰੂਰ ਦੇ ਨਿਵਾਸੀ ਹਨ ਅਤੇ M Tech ਦੀ ਪੜ੍ਹਾਈ ਪੂਰੀ ਕੀਤੀ ਹੋਈ ਹੈ ਜੋ ਆਪਣੇ ਪਿਤਾ ਜੀ ਦੇ ਦੱਸੇ ਗਏ ਰਸਤੇ ਉੱਤੇ ਚੱਲ ਕੇ ਅਤੇ ਚੰਗੀ ਭਲੀ ਬੈਠ ਕੇ ਖਾਣ ਵਾਲੀ ਨੌਕਰੀ ਛੱਡ ਕੇ ਖੇਤੀ ਨੂੰ ਅੱਜ ਇਸ ਮੁਕਾਮ ‘ਤੇ ਲੈ ਗਏ ਹਨ ਕਿ ਜਿੱਥੇ ਹਰ ਕੋਈ ਉਹਨਾਂ ਤੋਂ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਲੈਣ ਆਉਂਦਾ ਹੈ। ਛੋਟੀ ਉਮਰ ਵਿੱਚ ਸਫ਼ਲਤਾ ਹਾਸਿਲ ਕਰਨ ਦਾ ਸਾਰਾ ਸਨਮਾਨ ਆਪਣੇ ਪਿਤਾ ਹਰਵਿੰਦਰ ਸਿੰਘ ਜੀ ਨੂੰ ਦਿੰਦੇ ਹਨ, ਕਿਉਂਕਿ ਉਹਨਾਂ ਦੇ ਪਿਤਾ ਜੀ ਪਿਛਲੇ 40 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ ਤੇ ਖੇਤੀ ਵਿੱਚ ਬਹੁਤ ਤਜ਼ੁਰਬੇ ਹੋਣ ਕਰਕੇ ਸੇਧ ਆਪਣੇ ਪਿਤਾ ਜੀ ਤੋਂ ਮਿਲੀ ਹੈ।

ਉਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਜੋ ਕਿ 2005 ਤੋਂ ਖੇਤੀ ਵਿੱਚ ਬਿਨਾਂ ਕੋਈ ਨਾੜ ਖੇਤਾਂ ਵਿਚ ਜਲਾਏ ਖੇਤੀ ਕਰਦੇ ਆ ਰਹੇ ਹਨ।ਉਸ ਤੋਂ ਬਾਅਦ 2007 ਤੋਂ 2011 ਤੱਕ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਿੱਧੀ ਬਿਜਾਈ ਕੀਤੀ ਸੀ, ਜਿਸ ਵਿੱਚ ਉਹ ਕਾਮਯਾਬ ਹੋਏ ਸਨ ਜਿਸ ਨਾਲ ਇੱਕ ਤੇ ਖੇਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਇਆ ਅਤੇ ਨਾਲ ਹੀ ਖਰਚੇ ਵਿੱਚ ਵੀ ਕਮੀ ਆਈ ਹੈ। ਅਕਸਰ ਸੰਦੀਪ ਆਪਣੇ ਪਿਤਾ ਜੀ ਨੂੰ ਕੰਮ ਕਰਦੇ ਹੋਏ ਦੇਖਦਾ ਸੀ ਤੇ ਨਾਲ ਖੇਤੀ ਦੇ ਨਵੇਂ ਨਵੇਂ ਤਰੀਕਿਆਂ ਬਾਰੇ ਜਾਣੂ ਕਰਵਾਉਂਦਾ ਸੀ।

2012 ਵਿੱਚ ਜਦੋਂ ਸੰਦੀਪ ਦੀ M Tech ਦੀ ਪੜ੍ਹਾਈ ਪੂਰੀ ਹੋਈ ਤਾਂ ਵਧੀਆ ਤਨਖਾਹ ਦੇਣ ਵਾਲੀ ਨੌਕਰੀ ਮਿਲ ਰਹੀ ਸੀ ਜਿਸ ਤੇ ਉਹਨਾਂ ਦੇ ਪਿਤਾ ਨੇ ਸੰਦੀਪ ਨੂੰ ਕਿਹਾ ਤੂੰ ਨੌਕਰੀ ਛੱਡ ਕੇ ਖੇਤੀ ਕਰ ਤੇ ਜੋ ਤਰੀਕੇ ਤੂੰ ਮੈਨੂੰ ਦੱਸਦਾ ਸੀ, ਉਹ ਖੁਦ ਹੁਣ ਤੂੰ ਖੇਤਾਂ ਦੇ ਵਿੱਚ ਤਜ਼ੁਰਬੇ ਕਰੀ, ਸੰਦੀਪ ਨੇ ਆਪਣੇ ਪਿਤਾ ਜੀ ਦੀ ਗੱਲ ਨੂੰ ਨਾ ਮੋੜਦੇ ਹੋਏ ਖੇਤੀ ਕਰਨ ਲੱਗੇ।

ਮੈਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਇੱਕ ਦਿਨ ਮੇਰੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ- ਸੰਦੀਪ ਸਿੰਘ

ਜਦੋਂ ਸੰਦੀਪ ਰਵਾਇਤੀ ਖੇਤੀ ਕਰ ਰਿਹਾ ਸੀ ਤਾਂ ਸਭ ਕੁਝ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਤੇ ਪਿਤਾ ਹਰਵਿੰਦਰ ਨੇ ਕਿਹਾ, ਬੇਟਾ, ਖੇਤੀ ਤਾਂ ਕਦੋਂ ਤੋਂ ਕਰਦੇ ਆ ਰਹੇ ਹਨ, ਕਿਉਂ ਨਾ ਬੀਜਾਂ ‘ਤੇ ਵੀ ਕੰਮ ਕੀਤਾ ਜਾਵੇ। ਇਸ ਗੱਲ ਉੱਤੇ ਹਾਮੀ ਭਰਦੇ ਹੋਏ ਸੰਦੀਪ ਬੀਜਾਂ ਦੇ ਕੰਮ ਬਾਰੇ ਸੋਚਣ ਲੱਗਾ ਤੇ ਬੀਜਾਂ ਦੇ ਉੱਪਰ ਪਹਿਲਾਂ ਰਿਸਰਚ ਕੀਤੀ ਜਦੋਂ ਰਿਸਰਚ ਪੂਰੀ ਹੋਈ ਤਾਂ ਸੰਦੀਪ ਨੇ ਬੀਜ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਫੈਸਲਾ ਕੀਤਾ।

ਫਿਰ ਮੈਂ ਦੇਰੀ ਨਾ ਕਰਦੇ ਕੇ.ਵੀ.ਕੇ. ਖੇੜੀ ਵਿਖੇ ਬੀਜ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਪੂਰਾ ਕੀਤਾ – ਸੰਦੀਪ ਸਿੰਘ

2012 ਵਿੱਚ ਹੀ ਫਿਰ ਉਹਨਾਂ ਨੇ ਕਣਕ, ਚਾਵਲ, ਗੰਨਾ, ਛੋਲੇ, ਸਰ੍ਹੋਂ ਅਤੇ ਹੋਰ ਕਈ ਪ੍ਰਕਾਰ ਦੇ ਬੀਜਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਪੈਕਿੰਗ ਤੇ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਤੇਗ ਸੀਡ ਪਲਾਂਟ ਤੋਂ ਚਲਾ ਰਹੇ ਫਾਰਮ ‘ਤੇ ਕਰਦੇ ਸਨ ਅਤੇ ਉਸਦੀ ਮਾਰਕੀਟਿੰਗ ਉਹ ਧੂਰੀ ਤੇ ਸੰਗਰੂਰ ਦੀ ਮੰਡੀ ਵਿੱਚ ਜਾ ਕੇ ਅਤੇ ਦੁਕਾਨਾਂ ਦੇ ਵਿੱਚ ਥੋਕ ਵਜੋਂ ਵੇਚਣ ਲੱਗ ਗਏ ਜਿਸ ਨਾਲ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗਾ।

ਸੰਦੀਪ ਬੀਜਾਂ ਦੀ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਸਦਾ ਬੀਜਾਂ ਕਰਕੇ ਤੇ PAU ਦੇ ਕਿਸਾਨ ਕਲੱਬ ਦਾ ਮੈਂਬਰ ਹੋਣ ਕਰਕੇ ਪਿਛਲੇ 4 ਸਾਲਾਂ ਤੋਂ PAU ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਪਰ ਜਦੋਂ ਸੂਰਜ ਨੇ ਚੜਣਾ ਹੈ ਤਾਂ ਉਸਨੇ ਰੋਸ਼ਨੀ ਤੇ ਉਹ ਹਰ ਇੱਕ ਥਾਂ ਕਰਨੀ ਹੈ ਜਿੱਥੇ ਹਨੇਰਾ ਫੈਲਿਆ ਹੁੰਦਾ ਹੈ।

ਸਾਲ 2016 ਵਿੱਚ ਜਦੋਂ ਉਹ ਬੀਜਾਂ ਦੇ ਕੰਮ ਦੇ ਦੌਰਾਨ PAU ਵਿੱਚ ਗਏ ਸਨ ਤਾਂ ਅਚਾਨਕ ਉਨ੍ਹਾਂ ਦੀ ਮੁਲਾਕਾਤ ਪਲਾਂਟ ਬਰੀਡਿੰਗ ਦੇ ਮੈਡਮ ਸੁਰਿੰਦਰ ਕੌਰ ਸੰਧੂ ਜੀ ਨਾਲ ਹੋਈ, ਉਹਨਾਂ ਦੀ ਗੱਲਬਾਤ ਦੌਰਾਨ ਮੈਡਮ ਨੇ ਪੁੱਛਿਆ ਤੁਸੀਂ GSC 7 ਸਰ੍ਹੋਂ ਦੀ ਕਿਸਮ ਦਾ ਕੀ ਕਰਦੇ ਹੋ, ਤਾਂ ਸੰਦੀਪ ਸਿੰਘ ਨੇ ਕਿਹਾ ਕਿ ਮਾਰਕੀਟਿੰਗ, ਤਾਂ ਮੈਡਮ ਨੇ ਕਿਹਾ, ਠੀਕ ਹੈ ਬੇਟਾ। ਇਸ ਵਕਤ ਸੰਦੀਪ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਡਮ ਕੀ ਕਹਿਣਾ ਚਾਹੁੰਦੇ ਹਨ। ਉਦੋਂ ਮੈਡਮ ਨੇ ਕਿਹਾ, ਬੇਟਾ, ਤੁਸੀਂ ਐਗਰੋ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਕਰਕੇ, ਸਰੋਂ ਦਾ ਤੇਲ ਬਣਾ ਕੇ ਵੇਚਣਾ ਸ਼ੁਰੂ ਕਰ ਦੇਵੋ, ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।

ਜਦੋਂ ਸੰਦੀਪ ਸਿੰਘ ਨੇ ਕਿਹਾ ਕਿ ਸਰੋਂ ਦਾ ਤੇਲ ਬਣਾ ਤਾਂ ਲਵਾਂਗੇ ਪਰ ਮਾਰਕੀਟਿੰਗ ਕਿਵੇਂ ਕਰਾਂਗੇ, ਇਸ ਉੱਤੇ ਮੈਡਮ ਨੇ ਕਿਹਾ, ਇਸ ਦੀ ਫਿਕਰ ਤੁਸੀਂ ਨਾ ਕਰੋ, ਜਦੋਂ ਤਿਆਰ ਹੋਵੇ, ਮੈਨੂੰ ਦੱਸ ਦੇਣਾ।

ਜਦੋਂ ਸੰਦੀਪ ਘਰ ਆਇਆ ਤੇ ਇਸ ਉੱਤੇ ਬਹੁਤ ਸੋਚਣ ਲੱਗਾ, ਕਿ ਹੁਣ ਸਰੋਂ ਦਾ ਤੇਲ ਬਣਾ ਕੇ ਵੇਚਾਂਗੇ, ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਇਹ ਵੀ ਚੱਲ ਰਿਹਾ ਸੀ ਕਿ ਮੈਡਮ ਨੇ ਕੁਝ ਸੋਚ ਸਮਝ ਕੇ ਹੀ ਕਿਹਾ ਹੋਵੇਗਾ। ਫਿਰ ਸੰਦੀਪ ਨੇ ਪਿਤਾ ਹਰਵਿੰਦਰ ਨਾਲ ਇਸ ਬਾਰੇ ਵਿਚਾਰ ਕੀਤੀ ਤੇ ਬਹੁਤ ਜ਼ਿਆਦਾ ਸੋਚਣ ਮਗਰੋਂ ਪਿਤਾ ਜੀ ਨੇ ਕਿਹਾ, ਚੱਲੋ ਇੱਕ ਬਾਰ ਕਰਕੇ ਦੇਖ ਹੀ ਲੈਂਦੇ ਹਨ। ਫਿਰ ਸੰਦੀਪ ਨੇ ਕੇ.ਵੀ.ਕੇ. ਖੇੜੀ ਵਿਖੇ ਹੀ ਸਰ੍ਹੋਂ ਦੇ ਤੇਲ ਦੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਕੀਤਾ।

2017 ਵਿੱਚ ਜਦੋਂ ਟ੍ਰੇਨਿੰਗ ਲੈ ਕੇ ਸੰਦੀਪ ਸਰ੍ਹੋਂ ਦੀ ਪ੍ਰੋਸੈਸਿੰਗ ਉੱਤੇ ਕੰਮ ਸ਼ੁਰੂ ਕਰਨ ਲੱਗੇ ਤਾਂ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਸਰ੍ਹੋਂ ਦੀ ਪ੍ਰੋਸੈਸਿੰਗ ਕਿੱਥੇ ਕਰਾਂਗੇ, ਥੋੜਾ ਸੋਚਣ ਤੇ ਵਿਚਾਰ ਆਇਆ ਕਿ ਕੇ.ਵੀ.ਕੇ. ਖੇੜੀ ਵਿਖੇ ਪ੍ਰੋਸੈਸਿੰਗ ਕਰ ਸਕਦੇ ਹਾਂ। ਫਿਰ ਦੇਰੀ ਨਾ ਕਰਦੇ ਹੋਏ ਉਹਨਾਂ ਨੇ ਸਰੋਂ ਦੇ ਬੀਜਾਂ ਦਾ ਤੇਲ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਘਰ ਪੈਕਿੰਗ ਕਰਕੇ ਰੱਖ ਲਈ। ਪਰ ਮਾਰਕੀਟਿੰਗ ਦੀ ਵੱਡੀ ਮੁਸ਼ਕਿਲ ਸਾਹਮਣੇ ਆ ਖੜੀ ਹੋ ਗਈ, ਬੇਸ਼ੱਕ ਮੈਡਮ ਨੇ ਕਿਹਾ ਸੀ।

PAU ਵਿਖੇ ਹਰ ਸਾਲ ਜਿਵੇਂ ਕਿਸਾਨ ਮੇਲਾ ਲੱਗਦਾ ਸੀ ਇਸ ਵਾਰ ਵੀ ਕਿਸਾਨ ਮੇਲਾ ਲੱਗਣਾ ਸੀ ਤੇ ਮੈਡਮ ਨੇ ਸੰਦੀਪ ਦੀ ਮੇਲੇ ਵਿੱਚ ਆਪਣੇ ਆਪ ਹੀ ਸਟਾਲ ਦੀ ਬੁਕਿੰਗ ਕਰ ਦਿੱਤੀ ਤੇ ਕਿਹਾ, ਬਸ ਪ੍ਰੋਡਕਟ ਲੈ ਕੇ ਆ ਜਾਇਓ।

ਅਸੀਂ ਆਪਣੀ ਗੱਡੀ ਵਿੱਚ ਤੇਲ ਦੀਆਂ ਬੋਤਲਾਂ ਰੱਖ ਕੇ ਲੈ ਗਏ ਤੇ ਮੇਲੇ ਵਿੱਚ ਜਾ ਕੇ ਸਟਾਲ ਲਗਾ ਦਿੱਤੀ- ਸੰਦੀਪ ਸਿੰਘ

ਦੇਖਦੇ ਹੀ ਦੇਖਦੇ 100 ਤੋਂ 150 ਲੀਟਰ ਦੇ ਕਰੀਬ ਕਨੋਲਾ ਸਰੋਂ ਤੇਲ 2 ਘੰਟੇ ਦੇ ਵਿੱਚ ਹੀ ਵਿਕ ਗਿਆ ਤੇ ਸੰਦੀਪ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਜਿਸ ਵਸਤੂ ਨੂੰ ਨਕਾਰ ਰਿਹਾ ਸੀ ਉਹ ਤੇ ਇੱਕ ਦਮ ਹੀ ਵਿਕ ਗਿਆ। ਉਹ ਦਿਨ ਸੰਦੀਪ ਲਈ ਇੱਕ ਨਾ ਭੁੱਲਣਯੋਗ ਸੁਪਨਾ ਬਣ ਗਿਆ, ਜੋ ਸਿਰਫ ਹਲੇ ਸੋਚਿਆ ਹੀ ਸੀ ਉਹ ਪੂਰਾ ਵੀ ਹੋ ਗਿਆ।

ਫਿਰ ਸੰਦੀਪ ਨੇ ਜਿੱਥੇ-ਜਿੱਥੇ ਵੀ ਕਿਸਾਨ ਮੇਲੇ, ਕਿਸਾਨ ਹੱਟ, ਆਤਮਾ ਕਿਸਾਨ ਬਾਜ਼ਾਰ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਇਹਨਾਂ ਮੇਲਿਆਂ ਵਿੱਚ ਜਾਣ ਤੋਂ ਪਹਿਲਾ ਉਹਨਾਂ ਨੇ ਕਨੌਲਾ ਤੇਲ ਦੇ ਬਰੈਂਡ ਨਾਮ ਬਾਰੇ ਸੋਚਿਆ ਜੋ ਕਿ ਗ੍ਰਾਹਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਫਿਰ ਉਹ ਕਨੋਲਾ ਆਇਲ ਨੂੰ ਤੇਗ ਕਨੋਲਾ ਆਇਲ ਬਰੈਂਡ ਨਾਮ ਤੋਂ ਰਜਿਸਟਰਡ ਕਰਵਾ ਕੇ ਵੇਚਣ ਲੱਗੇ।

ਹੌਲੀ-ਹੌਲੀ ਮੇਲਿਆਂ ਵਿੱਚ ਜਾਣ ਨਾਲ ਗ੍ਰਾਹਕ ਉਨ੍ਹਾਂ ਤੋਂ ਸਰੋਂ ਦਾ ਤੇਲ ਲੈਣ ਲੱਗੇ, ਜਿਸ ਨਾਲ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗ ਗਿਆ ਤੇ ਬਹੁਤ ਸਾਰੇ ਗ੍ਰਾਹਕ ਇਸ ਤਰ੍ਹਾਂ ਦੇ ਹਨ ਜੋ ਉਹਨਾਂ ਦੇ ਪੱਕੇ ਗ੍ਰਾਹਕ ਬਣ ਗਏ। ਉਹ ਗ੍ਰਾਹਕ ਅੱਗੇ ਤੋਂ ਅੱਗੇ ਮਾਰਕੀਟਿੰਗ ਕਰ ਰਹੇ ਹਨ ਜਿਸ ਨਾਲ ਸੰਦੀਪ ਨੂੰ ਮੋਬਾਈਲ ‘ਤੇ ਹੀ ਆਰਡਰ ਆਉਂਦੇ ਹਨ ਤੇ ਆਰਡਰ ਨੂੰ ਪੂਰਾ ਕਰਦੇ ਹਨ। ਅੱਜ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸਗੋਂ ਘਰ ਬੈਠੇ ਹੀ ਆਰਡਰ ਪੂਰਾ ਕਰਦੇ ਹਨ ਅਤੇ ਮੁਨਾਫ਼ਾ ਕਮਾ ਰਹੇ ਹਨ, ਜਿਸ ਦਾ ਸਾਰਾ ਧੰਨਵਾਦ ਉਹ ਆਪਣਾ ਪਿਤਾ ਹਰਵਿੰਦਰ ਜੀ ਨੂੰ ਕਰਦੇ ਹਨ। ਬਾਕੀ ਮਾਰਕੀਟਿੰਗ ਉਹ ਸੰਗਰੂਰ, ਲੁਧਿਆਣਾ ਸ਼ਹਿਰ ਵਿਖੇ ਕਰ ਰਹੇ ਹਨ।

ਅੱਜ ਮੈਂ ਜੋ ਹਾਂ, ਆਪਣੇ ਪਿਤਾ ਕਰਕੇ ਹੀ ਹਾਂ- ਸੰਦੀਪ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਪੂਰਾ ਪਰਿਵਾਰ ਦਿੰਦਾ ਹੈ ਤੇ ਪੈਕਿੰਗ ਬਗੈਰਾ ਉਹ ਆਪਣੇ ਘਰ ਵਿਖੇ ਹੀ ਕਰਦੇ ਹਨ, ਪਰ ਪ੍ਰੋਸੈਸਿੰਗ ਦਾ ਕੰਮ ਪਹਿਲਾ ਜਿੱਥੇ ਕੇ.ਵੀ.ਕੇ. ਖੇੜੀ ਵਿਖੇ ਕਰਦੇ ਸਨ, ਹੁਣ ਨਾਲ ਦੇ ਪਿੰਡ ਵਿਖੇ ਕਿਰਾਏ ‘ਤੇ ਕਰਕੇ ਆਉਂਦੇ ਹਨ।

ਇਸ ਦੇ ਨਾਲ ਉਹ ਗੰਨੇ ਦੀ ਵੀ ਪ੍ਰੋਸੈਸਿੰਗ ਕਰਕੇ ਉਹਨਾਂ ਦੀ ਵੀ ਮਾਰਕੀਟਿੰਗ ਕਰਦੇ ਹਨ ਤੇ ਜਿਸ ਦਾ ਸਾਰਾ ਕੰਮ ਆਪਣੇ ਫਾਰਮ ਵਿਖੇ ਹੀ ਕਰਦੇ ਹਨ ਤੇ 38 ਏਕੜ ਜ਼ਮੀਨ ਦੇ ਵਿੱਚ ਉਹਨਾਂ 23 ਏਕੜ ਦੇ ਵਿੱਚ ਗੰਨਾ, ਸਰ੍ਹੋਂ, ਰਵਾਇਤੀ ਖੇਤੀ, ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਜਿਸ ਵਿਚ ਖਾਦਾਂ ਦੀ ਵਰਤੋਂ PAU ਦੇ ਦੱਸੇ ਅਨੁਸਾਰ ਹੀ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ।

ਉਹਨਾਂ ਨੂੰ ਮੇਲਿਆਂ ਦੇ ਦੌਰਾਨ ਕਨੋਲਾ ਸਰੋਂ ਆਇਲ ਵਿਚ ਪਹਿਲਾ ਦਰਜਾ ਪ੍ਰਾਪਤ ਹੋਇਆ ਹੈ, ਇਸ ਦੇ ਨਾਲ-ਨਾਲ ਉਹਨਾਂ ਨੂੰ ਹੋਰ ਬਹੁਤ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਭਵਿੱਖ ਦੀ ਯੋਜਨਾ

ਉਹ ਪ੍ਰੋਸੈਸਿੰਗ ਦਾ ਕੰਮ ਆਪਣੇ ਫਾਰਮ ਵਿਖੇ ਹੀ ਵੱਡੇ ਪੱਧਰ ‘ਤੇ ਲਗਾ ਕੇ ਤੇਲ ਦਾ ਕੰਮ ਕਰਨਾ ਚਾਹੁੰਦੇ ਹਨ ਤੇ ਰੋਜ਼ਗਾਰ ਮੁਹਈਆ ਕਰਵਾਉਣਾ ਚਾਹੁੰਦੇ ਹਨ।

ਸੰਦੇਸ਼

ਹਰ ਇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਪ੍ਰੋਸੈਸਿੰਗ ਵੱਲ ਧਿਆਨ ਦੇਵੇ, ਜ਼ਰੂਰੀ ਨਹੀਂ ਸਰੋਂ ਦੀ, ਹੋਰ ਵੀ ਬਹੁਤ ਸਾਰੀਆਂ ਫਸਲਾਂ ਹਨ ਜਿਸਦੀ ਪ੍ਰੋਸੈਸਿੰਗ ਕਰਕੇ ਤੁਸੀਂ ਖੇਤੀ ਦੇ ਵਿੱਚ ਮੁਨਾਫ਼ਾ ਕਮਾ ਸਕਦੇ ਹੋ।

ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਦੋ ਭਰਾਵਾਂ ਦੀ ਕਹਾਣੀ ਜਿਨ੍ਹਾਂ ਨੇ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਭਾਰ ਵਜੋਂ ਨਹੀਂ ਸਗੋਂ ਉਪਹਾਰ ਵਾਂਗੂ ਸਵੀਕਾਰ ਕੀਤਾ-ਭੰਗੂ ਕੁਦਰਤੀ ਫਾਰਮ

ਜੇਕਰ ਇਨਸਾਨ ਨੂੰ ਖੁਦ ‘ਤੇ ਅਤੇ ਪਰਮਾਤਮਾ ‘ਤੇ ਭਰੋਸਾ ਹੈ ਤਾਂ ਇਨਸਾਨ ਉਹ ਹਰ ਇੱਕ ਅਸੰਭਵ ਦਿਖਣ ਵਾਲੇ ਕੰਮ ਨੂੰ ਸੰਭਵ ਕਰ ਸਕਦਾ ਹੈ। ਬਸ ਉਸਦੇ ਮਨ ਵਿੱਚ ਕੁਝ ਅਜਿਹਾ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ, ਜੋ ਉਸਨੂੰ ਹਰ ਸਮੇਂ ਕੋਈ ਵੀ ਕੰਮ ਕਰਨ ਵਕ਼ਤ ਯਾਦ ਰਹੇ। ਕਿਉਂਕਿ ਜੇਕਰ ਉਹ ਕਦੇ ਵੀ ਕੋਈ ਕੰਮ ਕਰਦੇ-ਕਰਦੇ ਡੋਲ ਜਾਵੇ ਤਾਂ ਉਸਦਾ ਦ੍ਰਿੜ ਇਰਾਦਾ ਉਸ ਨੂੰ ਜ਼ੋਰ ਪਾ ਕੇ ਬੋਲੇ ਨਹੀਂ ਤੂੰ ਜਿੱਤਣਾ ਹੈ ਨਾ ਕਿ ਤੂੰ ਹਾਰਨ ਆਇਆ ਹੈ। ਇਸ ਇਰਾਦੇ ਨੂੰ ਸਾਹਮਣੇ ਰੱਖਦੇ ਹੋਏ ਉਹ ਅਸੰਭਵ ਕੰਮ ਨੂੰ ਸੰਭਵ ਕਰ ਜਾਂਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਅਜਿਹੇ ਦੋ ਭਰਾ ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ ਦੀ, ਜੋ ਪਿੰਡ ਚਾਹੜਕੇ ਭੋਗਪੁਰ, ਜਲੰਧਰ ਜਿਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਸਿਰਫ ਇੱਕ ਗੁਰਬਾਣੀ ਦੀ ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਅਤੇ ਦੋਨੋਂ ਭਰਾ ਆਪਣੇ ਪਿਤਾ ਜੀ ਦੁਆਰਾ ਬੋਲੀ ਗਈ ਤੁੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿੰਦਗੀ ਵਿੱਚ ਅੱਗੇ ਮੰਜ਼ਿਲਾਂ ਵੱਲ ਪੈਰ ਪੁੱਟਦੇ ਜਾ ਰਹੇ ਹਨ। ਕਹਿੰਦੇ ਹਨ ਜਿਸਨੇ ਸਮਝਣਾ ਹੁੰਦਾ ਹੈ, ਉਸ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ।

ਸ਼ੁਰੂਆਤੀ ਦੇ ਦੌਰ ਵਿਚ ਦੋਨੋਂ ਭਰਾ ਰਵਾਇਤੀ ਖੇਤੀ ਹੀ ਕਰਦੇ ਸਨ, ਜਿੱਥੇ ਉਹ ਮੁਨਾਫ਼ਾ ਵੀ ਕਮਾ ਰਹੇ ਸਨ ਅਤੇ ਉਹ ਤੇ ਉਹਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਨੂੰ ਮੁਨਾਫ਼ਾ ਬਹੁਤ ਹੋ ਰਿਹਾ ਸੀ, ਪਰ ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਉਹ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਹੁੰਦੀ ਹੈ ਜੋ ਸਿੱਧੇ ਆ ਕੇ ਜ਼ਿੰਦਗੀ ਦੇ ਦਰਵਾਜੇ ‘ਤੇ ਦਸਤਖਤ ਦਿੰਦੀ ਹੈ ਜਿਸ ਦਾ ਕਿਸੇ ਨੇ ਵੀ ਅਨੁਮਾਨ ਨਹੀਂ ਲਗਾਇਆ ਹੁੰਦਾ, ਅਜਿਹੀ ਹੀ ਘਟਨਾ ਉਨ੍ਹਾਂ ਦੇ ਪਰਿਵਾਰ ਵਿੱਚ ਹੋਈ ਜਿਸ ਨੇ ਉਨ੍ਹਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਦੋਂ ਉਨ੍ਹਾਂ ਦੇ ਚਾਚਾ ਜੀ ਦੇ ਬੇਟੇ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਸੀ।

ਅਸੀਂ ਇੰਨਾ ਦੁਖੀ ਹੋ ਗਏ ਸਨ ਕਿ ਆਪਣੇ ਆਪ ਨੂੰ ਸੰਭਾਲ ਪਾਉਣਾ ਬਹੁਤ ਔਖਾ ਸੀ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਪਰ ਉਨ੍ਹਾਂ ਦੇ ਦਿਮਾਗ ਵਿੱਚ ਇਕ ਗੱਲ ਘੁਣ ਵਾਂਗੂ ਖਾਂਦੀ ਰਹੀ ਅਖੀਰ ਇਸ ਸਭ ਕਿਵੇਂ ਹੋ ਗਿਆ, ਕਿਉਂਕਿ ਉਮਰ ਵੀ ਹਲੇ ਘੱਟ ਹੀ ਸੀ, ਫਿਰ ਉਨ੍ਹਾਂ ਨੇ ਥੋੜਾ ਸਮਾਂ ਜਾਂਚ-ਪੜਤਾਲ ਕੀਤੀ, ਜਾਂਚ-ਪੜਤਾਲ ਕਰਦੇ-ਕਰਦੇ ਉਨ੍ਹਾਂ ਦੇ ਪਿਤਾ ਜੀ ਦਾ ਧਿਆਨ ਖੇਤੀ ਵੱਲ ਗਿਆ ਕਿਉਂਕਿ ਉਹ ਗੁਰਬਾਣੀ ਨਾਲ ਇੰਨੇ ਜੁੜੇ ਹੋਏ ਸਨ ਕਿ ਹਰ ਇੱਕ ਚੀਜ਼ ਵਿੱਚ ਪਰਮਾਤਮਾ ਨੂੰ ਦੇਖਦੇ ਸਨ, ਫਿਰ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਇਹ ਸਭ ਰੇਆਂ ਸਪਰੇਆਂ ਦਾ ਨਤੀਜਾ ਹੈ।

ਅਗਰ ਜ਼ਹਿਰ ਉਗਾਵਾਂਗੇ, ਤਾਂ ਜ਼ਹਿਰ ਹੀ ਖਾਵਾਂਗੇ

ਇਸ ਤੋਂ ਹੁਣ ਕੁਝ ਸਿੱਖਣਾ ਚਾਹੀਦਾ ਹੈ ਜੇਕਰ ਹੁਣ ਵੀ ਨਾ ਸਿੱਖੇ ਤਾਂ ਕਦੇ ਵੀ ਸਿੱਖ ਨਹੀਂ ਸਕਾਂਗੇ, ਕਿਉਂਕਿ ਇਹੀ ਸਮਾਂ ਹੈ ਜਦੋਂ ਕੁਦਰਤ ਨਾਲ ਜੁੜ ਕੇ ਕੁਦਰਤ ਦੁਆਰਾ ਦਿੱਤੇ ਗਏ ਉਪਹਾਰ ਦਾ ਇਸਤੇਮਾਲ ਕਰ ਸਕਦੇ ਹਾਂ।

ਉਹਨਾਂ ਦੇ ਪਿਤਾ ਜੀ ਜੋ ਧਾਰਮਿਕ ਬਿਰਤੀ ਵਾਲੇ ਸਨ ਅਤੇ ਧਾਰਮਿਕ ਬਿਰਤੀ ਵਾਲੇ ਹੋਣ ਕਰਕੇ ਉਹ ਸਾਰੀ ਜ਼ਿੰਦਗੀ ਗੁਰਬਾਣੀ ਨਾਲ ਜੁੜੇ ਰਹੇ ਅਤੇ ਮਿਸਾਲ ਦੇ ਤੌਰ ‘ਤੇ ਉਹ ਗੁਰਬਾਣੀ ਦੀ ਤੁਕਾਂ ਦਾ ਹਵਾਲਾ ਲੈਂਦੇ ਸਨ ਜੋ ਉਸ ਵਕ਼ਤ ਅਮਰਜੀਤ ਅਤੇ ਕਰਮਜੀਤ ਨੂੰ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਕਿ ਇਹ ਜੋ ਕੁਦਰਤ ਹੈ ਇਸ ਨਾਲ ਖਿਲਵਾੜ ਨਹੀਂ ਕਰ ਸਕਦੇ ਕਿਉਂਕਿ ਇਹ ਕੁਦਰਤ ਹੀ ਹੈ ਜੋ ਖਾਣ, ਪੀਣ, ਰਹਿਣ ਅਤੇ ਪਹਿਨਣ ਨੂੰ ਸਭ ਕੁੱਝ ਪ੍ਰਦਾਨ ਕਰਦੀ ਹੈ, ਜਦੋਂ ਕਿ ਚਾਹੀਦਾ ਹੈ ਕਿ ਇਸ ਦਾ ਖਿਆਲ ਰੱਖੀਏ।

ਅਸੀਂ ਪਿਤਾ ਜੀ ਦੁਆਰਾ ਬੋਲੀ ਗਈ ਤੁਕ ਦਾ ਆਦਰ ਕਰਕੇ ਕੁਦਰਤੀ ਖੇਤੀ ਨੂੰ ਅਪਣਾ ਲਿਆ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਫਿਰ ਦੋਨੋਂ ਭਰਾਵਾਂ ਨੇ ਠਾਣ ਲਿਆ ਜੇਕਰ ਹੁਣ ਖੇਤੀ ਕਰਨੀ ਹੈ ਤਾਂ ਕੁਦਰਤੀ ਖੇਤੀ ਹੀ ਕਰਨੀ ਹੈ ਭਾਵੇ ਫਾਇਦਾ ਹੋਵੇ ਜਾਂ ਨੁਕਸਾਨ, ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਹੈ। ਬਸ ਇਸ ਤੁਕ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ 2006 ਦੇ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਪਰ ਕੁਦਰਤੀ ਖੇਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ ਕਿ ਖੇਤੀ ਕਰਨੀ ਕਿਵੇਂ ਹੈ, ਜਦੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਖੇਤੀਬਾੜੀ ਮਹਿਕਮਾ ਭੋਗਪੁਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਅਤੇ ਕੁਦਰਤੀ ਖੇਤੀ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ, ਹੌਲ਼ੀ-ਹੌਲ਼ੀ ਕਰਦੇ ਉਨ੍ਹਾਂ ਨੂੰ ਕੁਦਰਤੀ ਖੇਤੀ ਬਾਰੇ ਜਾਣਕਾਰੀ ਮਿਲਣ ਲੱਗ ਗਈ। ਜਿਸ ਨਾਲ ਕਿ ਉਨ੍ਹਾਂ ਨੂੰ ਖੇਤੀ ਕਰਨ ਲਾਇਕ ਥੋੜੀ ਬਹੁਤ ਸਹਾਇਤਾ ਮਿਲੀ।

ਜਾਣਕਾਰੀ ਮਿਲਦੀ ਤਾਂ ਗਈ ਪਰ ਜਾਣਕਾਰੀ ਨੂੰ ਖੇਤੀ ਵਿਚ ਕਿਵੇਂ ਪ੍ਰਯੋਗ ਵਿਚ ਲੈ ਕੇ ਆਉਣਾ ਉਹ ਨਹੀਂ ਪਤਾ ਸੀ- ਅਮਰਜੀਤ ਸਿੰਘ ਭੰਗੂ

ਇਸ ਦੌਰਾਨ ਉਨ੍ਹਾਂ ਦੀ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਖੜੀ ਹੋਈ ਜਦੋਂ ਉਹ ਖੇਤੀ ਤਾਂ ਕਰਨ ਲੱਗ ਗਏ ਸੀ ਪਰ ਇਹ ਨਹੀਂ ਪਤਾ ਸੀ ਜ਼ਮੀਨ ਦੀ ਤਾਕ਼ਤ ਕਿਵੇਂ ਵਧਾਈਏ ਅਤੇ ਬਾਇਓ ਮਾਸ ਕਿਵੇਂ ਕਰੀਏ ਕਿਉਂਕਿ ਉਸ ਵਕ਼ਤ ਖੇਤ ਵਾਹੁਣ ਅਤੇ ਰਹਿੰਦ-ਖੂੰਹਦ ਨੂੰ ਕਿਵੇਂ ਟਿਕਾਣੇ ਲਗਾਉਣਾ ਕੁਝ ਵੀ ਪਤਾ ਨਹੀਂ ਸਨ।ਬਸ ਜਿਵੇਂ ਸੁਣਿਆ ਸੀ ਕਿ ਜੈਵਿਕ ਖਾਦ, ਵਰਮੀ ਕੰਪੋਸਟ, ਜੀਵ ਅੰਮ੍ਰਿਤ ਇਹ ਸਭ ਤਰੀਕੇ ਨੇ ਜੋ ਕੁਦਰਤੀ ਖੇਤੀ ਕਰਨ ਦੇ ਵਿਚ ਸਹਾਇਕ ਹੁੰਦੇ ਹਨ ਪਰ ਇਹ ਨਹੀਂ ਪਤਾ ਸੀ ਇਨ੍ਹਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਹੈ।

ਜਦੋਂ ਉਨ੍ਹਾਂ ਨੂੰ ਕੋਈ ਹੱਲ ਨਾ ਮਿਲਿਆ ਤਾਂ ਉਨ੍ਹਾਂ ਨੇ ਤਵੀਆਂ ਦੇ ਨਾਲ ਖੇਤੀ ਦੀ ਵਹਾਈ ਕੀਤੀ, ਇੰਝ ਕਰਦੇ-ਕਰਦੇ ਅਮਰਜੀਤ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਥਾਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ ਅਤੇ ਜਦੋਂ ਉਹ ਟ੍ਰੇਨਿੰਗ ਹਾਸਿਲ ਕਰਕੇ ਅਤੇ ਖੇਤੀ ਦੇ ਤਰੀਕੇ ਅਪਣਾ ਕੇ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਤਾਂ ਉਨ੍ਹਾਂ ਨੇ ਰਵਾਇਤੀ ਖੇਤੀ ਦੀ ਤਰਫ ਰੁਝਾਨ ਘੱਟ ਕਰਕੇ ਆਪਣਾ ਜ਼ਿਆਦਾ ਧਿਆਨ ਗੰਨੇ ਦੀ ਖੇਤੀ ਵੱਲ ਦਿੱਤਾ ਕਿਉਂਕਿ ਕਣਕ ਦਾ ਰਕਬਾ ਘੱਟ ਹੋਣ ਕਰਕੇ ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ 2012 ਵਿੱਚ ਗੰਨੇ ਦੀ ਖੇਤੀ ਵੱਲ ਜ਼ੋਰ ਦਿੱਤਾ ਅਤੇ ਜਦੋਂ ਗੰਨੇ ਦੀ ਫਸਲ ਤਿਆਰ ਹੁੰਦੀ ਸੀ ਤਾਂ ਉਹ ਮਿੱਲ ਵਿੱਚ ਲੈ ਕੇ ਜਾਂਦੇ ਸਨ।

ਜਦੋਂ ਅਸੀਂ ਗੰਨੇ ਨੂੰ ਮਿੱਲ ਵਿੱਚ ਲੈ ਕੇ ਜਾਂਦੇ ਸਨ ਉਦੋਂ ਪਿਤਾ ਜੀ ਨੇ ਕਿਹਾ ਕਿ ਤੁਹਾਨੂੰ ਇਸ ਦੀ ਪ੍ਰੋਸੈਸਿੰਗ ਅਤੇ ਬਾਕੀ ਫਸਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਉਨ੍ਹਾਂ ਨੇ ਇੱਕ ਕਿੱਲੇ ਵਿੱਚ ਇਕੱਲੀ ਗੰਨੇ ਦੀ ਖੇਤੀ ਕਰਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਵੇਲਣਾ ਵੀ ਹੈ, 12 ਏਕੜ ਦੇ ਜ਼ਮੀਨ ਦੇ ਵਿੱਚ, 1 ਏਕੜ ਦੇ ਵਿੱਚ ਹਲਦੀ, 9 ਏਕੜ ਗੰਨਾ, ਚਾਰਾ, 4 ਕਨਾਲ ਵਿੱਚ ਆਲੂ, 6 ਕਨਾਲ ਵਿੱਚ ਸਰੋਂ, ਬਾਕੀ ਦੀ ਜ਼ਮੀਨ ਦੇ ਵਿੱਚ ਖਾਣ ਲਈ ਕਣਕ ਦੀ ਖੇਤੀ ਕਰਦੇ ਹਨ।

ਜਿਵੇਂ-ਜਿਵੇਂ ਉਨ੍ਹਾਂ ਨੇ ਪ੍ਰੋਸੈਸਿੰਗ ਕਰਨੀ ਸ਼ੁਰੂ ਕੀਤੀ ਤਾਂ ਗੁੜ, ਸ਼ੱਕਰ ਆਦਿ ਬਣਾਉਣ ਲੱਗ ਗਏ ਜੋ ਕਿ ਬਿਲਕੁਲ ਸਾਫ ਤੇ ਸ਼ੁੱਧ ਹੈ ਖੇਤਾਂ ਵਿੱਚ ਹੀ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਹੀ ਖੇਤੀ ਅਤੇ ਬਾਕੀ ਦੇ ਸਾਰੇ ਕੰਮ ਕਰਦੇ ਹਨ।

ਪ੍ਰੋਸੈਸਿੰਗ ਤਾਂ ਅਸੀਂ ਕਰਦੇ ਸਨ ਪਰ ਸਾਨੂੰ ਫਿਕਰ ਸਤਾਉਣ ਲੱਗ ਗਈ ਸੀ ਇਸ ਦੀ ਮਾਰਕੀਟਿੰਗ ਕਿਵੇਂ ਕਰਾਂਗੇ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਮਾਰਕੀਟਿੰਗ ਦੀ ਸਮੱਸਿਆ ਉਨ੍ਹਾਂ ਲਈ ਬਹੁਤ ਹੀ ਵੱਡੀ ਸੀ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮਾਰਕੀਟਿੰਗ ਕਿਵੇਂ ਕਰਨੀ ਹੈ ਕਿਉਂਕਿ ਉਸ ਵਕ਼ਤ ਨਾ ਇੰਨਾ ਸੋਸ਼ਲ ਮੀਡੀਆ ਅਤੇ ਨਾ ਹੀ ਕੋਈ ਇੰਨਾ ਕੋਈ ਕਿਸੇ ਨੂੰ ਪਤਾ ਸੀ, ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਜਦੋਂ ਸ਼ਹਿਰ ਵਾਲੇ ਜਾਂਦੇ ਹਨ ਕਿਉਂ ਨਾ ਗੁੜ ਦੀਆਂ ਪੇਸੀਆਂ ਨਾਲ ਲੈ ਕੇ ਜਾਇਆ ਜਾਵੇ, ਇਸ ਤਰ੍ਹਾਂ ਉਹ ਮਾਰਕੀਟਿੰਗ ਕਰਨ ਲਈ ਪੇਸੀਆਂ ਨਾਲ ਕੇ ਜਾਂਦੇ ਸਨ, ਕਦੇ ਉਹ ਗੁੜ ਨੂੰ ਦੁਕਾਨਾਂ ਤੇ ਲੈ ਕੇ ਜਾਂਦੇ, ਕਦੇ ਹਸਪਤਾਲ ਕਦੇ ਕਿਤੇ, ਕਦੇ ਕਿਤੇ, ਪਰ ਜਦੋਂ ਉਹ ਕਿਸੇ ਵੀ ਥਾਂ ਜਾ ਕੇ ਗੁੜ ਦੀਆਂ ਪੇਸੀਆਂ ਦਿੰਦੇ ਸਨ ਤਾਂ ਅੱਗੋਂ ਕਹਿੰਦੇ ਸਨ ਗੁੜ ਦੀ ਚਾਹ ਤਾਂ ਫਟ ਜਾਂਦੀ ਹੈ।

ਅਸੀਂ ਫਿਰ ਜ਼ੋਰ ਲਾ ਕੇ ਕਹਿੰਦੇ ਸਨ ਇੱਕ ਵਾਰ ਤੁਸੀਂ ਕੋਸ਼ਿਸ਼ ਕਰਕੇ ਤਾਂ ਦੇਖੋ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਕਰਦੇ-ਕਰਦੇ ਹੌਲੀ-ਹੌਲੀ ਉਨ੍ਹਾਂ ਦੀ ਮਾਰਕੀਟਿੰਗ ਹੋਣ ਲੱਗ ਗਈ ਅਤੇ ਲੋਕੀ ਉਨ੍ਹਾਂ ਨੂੰ ਜਾਨਣ ਲੱਗ ਗਏ, ਫਿਰ ਉਨ੍ਹਾਂ ਨੇ ਗੁੜ ਦੇ ਕਈ ਤਰ੍ਹਾਂ ਦੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤੋਂ ਉਨ੍ਹਾਂ ਨੇ ਹਲਦੀ, ਸਰਸੋਂ ਆਦਿ ਹੋਰ ਵਸਤਾਂ ਦੀਆਂ ਵੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਪ੍ਰੋਸੈਸਿੰਗ, ਪੈਕਿੰਗ, ਲੇਬਲਿੰਗ ਭੰਗੂ ਕੁਦਰਤੀ ਫਾਰਮ ਵਿਖੇ ਕਰਦੇ ਹਨ।

ਉਹਨਾਂ ਵਲੋਂ 8 ਤੋਂ 9 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ-

  • ਗੁੜ
  • ਸ਼ੱਕਰ
  • ਕਿਊਬ ਵਾਲਾ ਗੁੜ
  • ਟੋਫੀ ਵਾਲਾ ਗੁੜ
  • ਕੱਚੀ ਹਲਦੀ
  • ਗੁੜ ਦੀ ਬਰਫੀ
  • ਹਲਦੀ ਪਾਊਡਰ
  • ਆਲੂ
  • ਸਰੋਂ ਦਾ ਤੇਲ

ਅੱਜ ਉਨ੍ਹਾਂ ਦੇ ਗੁੜ ਦੀ ਮੰਗ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਨ੍ਹਾਂ ਨੂੰ ਸੋਚਣਾ ਪੈਂਦਾ ਹੈ ਕਿਵੇਂ ਆਰਡਰ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਗੁੜ ਵਿਆਹ-ਸ਼ਾਦੀਆਂ ਦੇ ਮੌਕੇ ‘ਤੇ ਪਹਿਲਾਂ ਹੀ ਆਰਡਰ ਬੁੱਕ ਹੋ ਜਾਂਦੇ ਹਨ ਅਤੇ ਅੱਜ ਉਨ੍ਹਾਂ ਨੂੰ ਇੰਨਾ ਜ਼ਿਆਦਾ ਮੁਨਾਫ਼ਾ ਹਾਸਿਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ, ਉਨ੍ਹਾਂ ਦੇ ਗ੍ਰਾਹਕਾਂ ਦੇ ਨਾਲ ਇੰਨੇ ਜ਼ਿਆਦਾ ਕਰੀਬੀ ਰਿਸ਼ਤੇ ਬਣ ਚੁੱਕੇ ਹਨ ਕਿ ਉਹ ਉਨ੍ਹਾਂ ਦੇ ਕਹਿਣ ‘ਤੇ ਹੀ ਕਈ ਵਾਰ ਤੇ ਗੁੜ ਉਸ ਵਕ਼ਤ ਹੀ ਤਿਆਰ ਕਰਦੇ ਹਨ, ਉਨ੍ਹਾਂ ਨੇ ਗੁੜ ਕੱਢਣ ਦੇ ਲਈ ਪੱਕੇ ਬੰਦੇ ਰੱਖੇ ਹੋਏ ਹਨ ਅਤੇ ਸਾਰਾ ਕੰਮ ਸਾਫ-ਸਫਾਈ ਅਤੇ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਕੀਤਾ ਜਾਂਦਾ ਹੈ।

ਹੌਲੀ-ਹੌਲੀ ਕਰਦੇ ਉਹ ਮੁਕਾਮ ਤੇ ਪੁੱਜ ਗਏ ਅਤੇ ਅੱਜ ਇਸ ਮੁਕਾਮ ‘ਤੇ ਹਨ ਕਿ ਉਨ੍ਹਾਂ ਨੂੰ ਪਿਤਾ ਜੀ ਦੁਆਰਾ ਬੋਲੀ ਗਈ ਗੱਲ ਆਸਰਾ ਪ੍ਰਦਾਨ ਕਰਦੀ ਹੈ, ਉਨ੍ਹਾਂ ਨਾਲ ਇੱਕ ਹੋਰ ਦੁਰਘਟਨਾ ਉਦੋਂ ਵਾਪਰੀ ਜਦੋਂ ਸਹਾਰਾ ਦੇਣ ਵਾਲਾ ਹੱਥ ਸਿਰ ਤੋਂ ਉੱਠ ਗਿਆ, ਕਿਉਂਕਿ ਜਦੋਂ ਕਦੇ ਵੀ ਦੋਨੋਂ ਭਰਾ ਕਦੇ ਨਿਰਾਸ਼ ਹੋ ਕੇ ਬੈਠਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਕਦਮ-ਕਦਮ ‘ਤੇ ਹਨੇਰੇ ਵਿੱਚ ਰੌਸ਼ਨੀ ਵੱਲ ਜਾਣ ਦਾ ਰਾਹ ਦੱਸਦੇ ਸਨ, 2017 ਦੇ ਵਿੱਚ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਦੇਹ PIIMS ਹਸਪਤਾਲ ਵਿੱਚ ਦਾਨ ਕੀਤੀ ਹੈ।

ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਪਰਿਵਾਰ ਵਾਲੇ ਖੂਬ ਨਿਭਾ ਰਹੇ ਹਨ ਅਤੇ ਅੱਜ ਦੋਨੋਂ ਭਰਾ ਮਿਲ ਕੇ ਮੰਜ਼ਿਲਾਂ ਨੂੰ ਛੋਹ ਰਹੇ ਹਨ, ਇਸ ਕੰਮ ਦੇ ਵਿੱਚ ਦੋਨੋਂ ਭਰਾ ਵੱਡੇ ਪੱਧਰ ‘ਤੇ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਜੋ ਇਸ ਪ੍ਰਕਾਰ ਹਨ-

  • 2011 ਦੇ ਵਿੱਚ ਰਾਇਸ ਰਿਸਰਚ ਆਫ ਹੈਦਰਾਬਾਦ
  • 2014 ਦੇ ਵਿੱਚ PAU, ਲੁਧਿਆਣਾ ਵੱਲੋਂ
  • ਪ੍ਰਕਾਸ਼ ਸਿੰਘ ਬਾਦਲ ਵੱਲੋਂ
  • 2020 ਵਿੱਚ 550 ਸਾਲਾਂ ਦਿਵਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ
  • NABARD ਵੱਲੋਂ

ਉਨ੍ਹਾਂ ਨੇ ਆਪਣੇ ਭੰਗੂ ਕੁਦਰਤੀ ਫਾਰਮ ਉੱਤੇ ਇੱਕ ਬਹੁਤ ਹੀ ਸਲੋਗਨ ਲਿਖਿਆ ਹੋਇਆ ਹੈ, ਜੋ ਹੋਰਾਂ ਨੂੰ ਬਹੁਤ ਉਤਸ਼ਾਹਿਤ ਕਰਦਾ ਹੈ।

ਮੈਂ ਖੇਤੀ ਕਰਦਾ ਕੁਦਰਤੀ, ਮੈਨੂੰ ਆਪਣੀ ਕਿਰਤ ਤੇ ਮਾਣ

ਮੇਰੀ ਮਿੱਟੀ ਮਹਿਕਾਂ ਵੰਡਦੀ, ਮੇਰੇ ਖੇਤ ਵਸੇ ਭਗਵਾਨ

ਭਵਿੱਖ ਦੀ ਯੋਜਨਾ

ਦੋਨੋਂ ਭਰਾ ਚਾਹੁੰਦੇ ਹਨ ਉਹ ਕੁਦਰਤੀ ਖੇਤੀ ਨੂੰ ਅਜਿਹੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿੱਥੇ ਕਿ ਹੋਰ ਕਿਸਾਨ ਰਸਾਇਣਿਕ ਖੇਤੀ ਨੂੰ ਬਿਲਕੁਲ ਭੁੱਲ ਹੀ ਜਾਵੇ। ਇਸ ਤੋਂ ਇਲਾਵਾ ਉਹ ਜ਼ਮੀਨ ਠੇਕੇ ਤੇ ਲੈ ਕੇ ਵੱਡੇ ਪੱਧਰ ਤੇ ਫਸਲਾਂ ਦੀ ਬਿਜਾਈ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਵੀਰਾਂ ਨੂੰ ਇੱਕ ਇਹ ਸਲਾਹ ਹੈ ਕਿ ਉਹ ਆਪਣੀ ਖੇਤੀ ਦਾ ਤਰੀਕਾ ਬਦਲਣ, ਦੇਸੀ ਫਸਲਾਂ ਬੀਜਣ, ਜੇਕਰ ਤੁਸੀ ਮੂਲ ਬੀਜਾਂ ਨਾਲ ਖੇਤੀ ਦੀ ਸ਼ੁਰੂਆਤ ਕਰਨਗੇ ਅਤੇ ਫਿਰ ਖੁਦ ਉਸ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰੋਗੇ ਤਾਂ ਤੁਹਾਡੇ ਲਈ ਬਹੁਤ ਵਧੀਆ ਹੈ, ਕਿਉਂਕਿ ਉਦੋਂ ਅਸਲ ਮਾਇਨੇ ਵਿੱਚ ਅੰਨਦਾਤਾ ਕਹਿਲਾਉਣ ਦੇ ਕਾਬਿਲ ਹਾਂ ਜਦੋਂ ਖਾਣ ਵਾਲੇ ਨੂੰ ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਵਾਲਾ ਭੋਜਨ ਪ੍ਰਦਾਨ ਕਰਾਂਗੇ।

ਧਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫਲ ਅਧਿਆਪਕ ਦੇ ਨਾਲ-ਨਾਲ ਇੱਕ ਸਫਲ ਕਿਸਾਨ ਬਣਨ ਤੱਕ ਦਾ ਸਫ਼ਰ

ਕਿੱਤਾ ਕੋਈ ਵੀ ਆਸਾਨ ਨਹੀਂ ਹੁੰਦਾ, ਮੁਸ਼ਕਿਲਾਂ ਹਰ ਇੱਕ ਖੇਤਰ ਵਿੱਚ ਆਉਂਦੀਆਂ ਹਨ। ਭਾਵੇਂ ਉਹ ਖੇਤਰ ਖੇਤੀ ਦਾ ਹੈ ਜਾਂ ਫਿਰ ਕੋਈ ਹੋਰ ਕਿੱਤਾ ਹੈ। ਆਪਣੇ ਰੋਜ਼ਾਨਾ ਦੇ ਕੰਮ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾਉਣਾ ਇੱਕ ਚੁਣੌਤੀ ਹੀ ਹੁੰਦੀ ਹੈ, ਜੋ ਚੁਣੌਤੀਆਂ ਅੱਗੇ ਚੱਟਾਨ ਬਣਕੇ ਖੜ ਗਿਆ ਜਾਂ ਲੜ ਗਿਆ, ਆਖਿਰ ਓਹੀ ਮੰਜ਼ਿਲਾਂ ‘ਤੇ ਜਿੱਤ ਹਾਸਿਲ ਕਰਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਇੱਕ ਅਜਿਹੇ ਅਗਾਂਹਵਧੂ ਕਿਸਾਨ ਦੀ, ਜੋ ਸਕੂਲ ਦੇ ਅਧਿਆਪਕ ਹੋਣ ਦੇ ਨਾਤੇ ਇੱਕ ਤਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰ ਰਹੇ ਹਨ ਅਤੇ ਦੂਸਰਾ ਜੈਵਿਕ ਖੇਤੀ ਕਰਕੇ ਲੋਕਾਂ ਦੇ ਜ਼ਿੰਦਗੀ ਨੂੰ ਸੰਜੀਵਨੀ ਬੂਟੀ ਪ੍ਰਦਾਨ ਕਰ ਰਹੇ ਹਨ, ਕਿਉਂਕਿ ਕੋਈ ਵਿਰਲਾ ਹੀ ਹੁੰਦਾ ਹੈ, ਜੋ ਆਪਣੇ ਬਾਰੇ ਨਹੀਂ ਦੂਜਿਆਂ ਬਾਰੇ ਚੰਗਾ ਸੋਚਦਾ ਹੈ।

ਅਜਿਹੇ ਇੱਕ ਕਿਸਾਨ ਹਨ “ਧਰਮਜੀਤ ਸਿੰਘ”, ਜੋ ਪਿੰਡ ਮੈਣ ਮਾਜਰੀ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਜਿਵੇਂ ਇੱਕ ਕਹਾਵਤ ਹੈ “ਜੈਸਾ ਨਾਮ, ਵੈਸਾ ਕਾਮ” ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਧਰਮਜੀਤ ਸਿੰਘ ਜੀ ਦਾ ਨਾਮ ਉਹ ਉਸ ਤਰ੍ਹਾਂ ਦਾ ਹੀ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਚੰਗੇ ਅਤੇ ਵਧੀਆ ਇਨਸਾਨ ਦੁਨੀਆਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਕੰਮ ਦੀ ਸ਼ੋਭਾ ਵੀ ਉਸ ਇਨਸਾਨ ‘ਤੇ ਹੀ ਜੱਚਦੀ ਹੈ ਜਿਸ ਕੰਮ ਦੇ ਲਈ ਉਸ ਨੂੰ ਚੁਣਿਆ ਗਿਆ ਹੁੰਦਾ ਹੈ। ਕੰਮ ਵੀ ਉਹ ਜਿਸ ਬਾਰੇ ਉਨ੍ਹਾਂ ਨੂੰ ਥੋੜੀ ਵੀ ਜਾਣਕਾਰੀ ਨਹੀਂ ਸੀ ਨਾ ਹੀ ਕਦੇ ਸੁਣਿਆ ਸੀ।

ਜਦੋਂ ਸੂਰਜ ਰੋਸ਼ਨੀ ਬਖੇਰਦਾ ਹੈ ਤਾਂ ਉਹ ਹਰ ਉਸ ਥਾਂ ‘ਤੇ ਵੀ ਚਾਨਣ ਕਰ ਦਿੰਦਾ ਹੈ, ਜਿੱਥੇ ਹਨੇਰਾ ਹੀ ਛਾਇਆ ਹੁੰਦਾ ਹੈ। ਉਸ ਤਰ੍ਹਾਂ ਹੀ ਧਰਮਜੀਤ ਸਿੰਘ ਜੀ ਦੇ ਜੀਵਨ ਉੱਤੇ ਗੱਲ ਬਿਲਕੁਲ ਢੁੱਕਦੀ ਹੈ। ਕਿਉਂਕਿ ਉਹ ਬੇਸ਼ੱਕ ਉਸ ਰਸਤੇ ਜਾ ‘ਤੇ ਰਹੇ ਸੀ ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਮਤਲਬ ਖੇਤੀ ਤਾਂ ਕਰ ਰਹੇ ਸਨ, ਪਰ ਰਸਾਇਣਿਕ ਨਾ ਕਿ ਜੈਵਿਕ ਖੇਤੀ।

ਜਦੋਂ ਸਮਾਂ ਆਉਂਦਾ ਹੈ, ਤਾਂ ਉਹ ਪੁੱਛ ਕੇ ਨਹੀਂ ਆਉਂਦਾ, ਬਸ ਆ ਕੇ ਦਰਵਾਜ਼ੇ ‘ਤੇ ਦਸਤਕ ਦੇ ਦਿੰਦਾ ਹੈ। ਅਜਿਹਾ ਇੱਕ ਸਮਾਂ ਆਇਆ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਰਿਸ਼ਤੇਦਾਰ ਆਏ ਸਨ। ਆਪਸੀ ਗੱਲਬਾਤ ਕਰਦਿਆਂ ਅਚਾਨਕ ਗੱਲ ਖੇਤੀਬਾੜੀ ਦੀ ਹੋਣ ਲੱਗ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਗੱਲਬਾਤ ਦੌਰਾਨ ਜੈਵਿਕ ਖੇਤੀ ਬਾਰੇ ਜ਼ਿਕਰ ਕੀਤਾ ਤਾਂ ਧਰਮਜੀਤ ਸਿੰਘ ਜੀ ਨੂੰ ਨਾਮ ਸੁਣ ਕੇ ਹੈਰਾਨੀ ਹੋਈ ਕਿ ਇਹ ਕਿਹੜੀ ਖੇਤੀ ਹੈ। ਜੈਵਿਕ ਅਤੇ ਰਸਾਇਣਿਕ ਖੇਤੀ ਨਾਲ ਕੀ ਫਰਕ ਪੈਂਦਾ ਹੈ, ਖੇਤੀ ਤਾਂ ਖੇਤੀ ਹੀ ਹੁੰਦੀ ਹੈ। ਉਦੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਿਹਾ, “ਜੈਵਿਕ ਖੇਤੀ ਬਿਨਾਂ ਸਪਰੇਅ, ਦਵਾਈਆਂ, ਰਸਾਇਣਿਕ ਖਾਦਾਂ ਤੋਂ ਕੀਤੀ ਜਾਂਦੀ ਹੈ ਅਤੇ ਕੁਦਰਤ ਵਿੱਚੋਂ ਮਿਲੇ ਉਪਹਾਰ ਨੂੰ ਵਰਤ ਕੇ ਜਿਵੇਂ ਕਿ ਗੰਡੋਇਆਂ ਦੀ ਖਾਦ, ਜੀਵ ਅੰਮ੍ਰਿਤ ਆਦਿ ਹੋਰ ਵੀ ਬਹੁਤ ਢੰਗ ਨਾਲ ਕੀਤੀ ਜਾਂਦੀ ਹੈ।

ਪਰ ਮੈਂ ਤਾਂ ਕਦੇ ਜੈਵਿਕ ਖੇਤੀ ਕੀਤੀ ਨਹੀਂ ਜੇਕਰ ਹੁਣ ਮੈਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਕਿਵੇਂ ਕਰ ਸਕਦਾ ਹਾਂ- ਧਰਮਜੀਤ ਸਿੰਘ

ਫਿਰ ਉਹਨਾਂ ਦੋਨਾਂ ਨੇ ਅਭਿਆਸ ਦੇ ਤੌਰ ‘ਤੇ ਇੱਕ ਕਿੱਲੇ ਦੇ ਵਿੱਚ ਕਣਕ ਦੀ ਫਸਲ ਲਗਾ ਦਿੱਤੀ। ਉਨ੍ਹਾਂ ਨੇ ਫਸਲ ਦੀ ਕਾਸ਼ਤ ਤਾਂ ਕਰ ਦਿੱਤੀ ਅਤੇ ਰਿਸ਼ਤੇਦਾਰ ਵਾਪਿਸ ਚਲੇ ਗਏ। ਪਰ ਉਨ੍ਹਾਂ ਦੋਨਾਂ ਨੂੰ ਫ਼ਿਕਰ ਲੱਗੀ ਹੋਈ ਸੀ ਅਤੇ ਕਾਸ਼ਤ ਕੀਤੀ ਫਸਲ ਦੇ ਨਤੀਜੇ ਦਾ ਇੰਤਜ਼ਾਰ ਸੀ, ਕਿ ਫਸਲ ਕਿਸ ਤਰ੍ਹਾਂ ਦੀ ਹੋਵੇਗੀ, ਕਿੰਨੀ ਪੈਦਾਵਾਰ ਹੋਵੇਗੀ। ਉਹਨਾਂ ਨੂੰ ਇਹ ਚਿੰਤਾ ਦਿਨ ਪ੍ਰਤੀ ਦਿਨ ਸਤਾਈ ਜਾ ਰਹੀ ਸੀ।

ਜਦੋਂ ਫਸਲ ਪੱਕ ਕੇ ਤਿਆਰ ਹੋਈ, ਜਿਸ ਵਿੱਚੋਂ ਅੱਧੀ ਫਸਲ ਉਨ੍ਹਾਂ ਦੇ ਰਿਸ਼ਤੇਦਾਰ ਲੈ ਗਏ ਅਤੇ ਅੱਧੀ ਉਹ ਆਪਣੇ ਘਰ ਲੈ ਆਏ। ਪਰ ਉਹਨਾਂ ਨੂੰ ਜਿੰਨੀ ਫਸਲ ਦੀ ਉਮੀਦ ਸੀ ਪੈਦਾਵਾਰ ਉਸ ਤੋਂ ਘੱਟ ਨਿਕਲੀ।

ਮੈਂ ਅਤੇ ਮੇਰੇ ਪਰਿਵਾਰ ਨੇ ਜਦੋਂ ਫਸਲ ਨੂੰ ਵਰਤ ਕੇ ਦੇਖਿਆ ਸੀ ਤਾਂ ਸਾਡੀ ਚਿੰਤਾ ਖੁਸ਼ੀ ਦੇ ਵਿੱਚ ਤਬਦੀਲ ਹੋ ਗਈ- ਧਰਮਜੀਤ ਸਿੰਘ

ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ ਮਨ ਬਣਾ ਲਿਆ ਜੇਕਰ ਖੇਤੀ ਕਰਨੀ ਹੈ, ਤਾਂ ਜੈਵਿਕ ਖੇਤੀ ਹੀ ਕਰਨੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਫਿਰ ਮੌਸਮ ਦੇ ਹਿਸਾਬ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ 11 ਏਕੜ ਦੇ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ।

ਉਹਨਾਂ ਦੇ ਲਈ ਜੈਵਿਕ ਖੇਤੀ ਕਰਨਾ ਇੱਕ ਚੁਣੌਤੀ ਹੀ ਸੀ ਜਿਸ ਦਾ ਸਾਹਮਣਾ ਕਰਨ ਸਮੇਂ ਉਹਨਾਂ ਨੂੰ ਕਠਿਨਾਈ ਤਾਂ ਜ਼ਰੂਰ ਆਈ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਹਿੰਮਤ ਨੂੰ ਬਰਕਰਾਰ ਰੱਖਦੇ ਹੋਏ ਉਹ ਆਪਣੇ ਮਿੱਥੇ ਰਸਤੇ ‘ਤੇ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੇ ਰਹੇ ਜਿਵੇਂ-ਜਿਵੇਂ ਜੈਵਿਕ ਖੇਤੀ ਬਾਰੇ ਜਾਣਕਾਰੀ ਮਿਲਦੀ ਰਹੀ, ਉਸ ਤਰ੍ਹਾਂ ਹੀ ਉਹ ਅਭਿਆਸ ਕਰਦੇ ਗਏ। ਉਨ੍ਹਾਂ ਦੀ ਮਿਹਨਤ ਉਸ ਦਿਨ ਰੰਗ ਲੈ ਕੇ ਆਈ ਜਦੋਂ ਫਸਲ ਪੱਕ ਕੇ ਅਤੇ ਵੱਢਣ ਦੇ ਲਈ ਤਿਆਰ ਸੀ।

ਫਸਲ ਦੀ ਪੈਦਾਵਾਰ ਤਾਂ ਹੋਈ ਸੀ ਪਰ ਫਸਲ ਘੱਟ ਹੋਈ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਕਿ ਕਿੱਥੇ ਇਹ ਪਹਿਲਾਂ ਰਸਾਇਣਿਕ ਖੇਤੀ ਕਰਕੇ ਨਫ਼ਾ ਕਮਾ ਰਿਹਾ ਸੀ ਅਤੇ ਹੁਣ ਘਾਟੇ ਵਾਲੇ ਸੌਦਾ ਕਰ ਰਿਹਾ ਹੈ।

ਮੈਂ ਜਦੋਂ ਕੱਲਾ ਬੈਠ ਕੇ ਸੋਚਦਾ ਸੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਕਿਤੇ ਕੁੱਝ ਗਲਤ ਤੇ ਨਹੀਂ ਕਰ ਰਿਹਾ- ਧਰਮਜੀਤ ਸਿੰਘ

ਇੱਕ ਪਾਸੇ ਉਹ ਪ੍ਰੇਸ਼ਾਨ ਹੋ ਰਹੇ ਸੀ ਅਤੇ ਦੂਜੇ ਪਾਸੇ ਸੋਚ ਰਹੇ ਸਨ ਕਿ ਘੱਟੋਂ-ਘੱਟ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ। ਜੋ ਅਨਾਜ ਖੁਦ ਖਾ ਅਤੇ ਦੂਜਿਆਂ ਨੂੰ ਖਿਲਾ ਰਿਹਾ ਹਾਂ, ਉਹ ਸ਼ੁੱਧ ਅਤੇ ਸਾਫ-ਸੁਥਰਾ ਹੈ।

ਇਸ ਤਰ੍ਹਾਂ ਕਰਦੇ-ਕਰਦੇ ਉਨ੍ਹਾਂ ਨੇ ਪਹਿਲੇ 4 ਸਾਲ ਤਾਂ ਅਭਿਆਸ ਦੇ ਤੌਰ ‘ਤੇ ਜੈਵਿਕ ਖੇਤੀ ਸਿੱਖਣ ਅਤੇ ਨਾਲ ਹੀ ਬਹੁ-ਫਸਲੀ ਵਿਧੀ ਅਪਨਾਉਣੀ ਵੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਗੰਨੇ ਦੀ ਖੇਤੀ, ਦਾਲਾਂ ਅਤੇ ਹੋਰ ਮੌਸਮੀ ਫਸਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਚੰਗੀ ਤਰ੍ਹਾਂ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਮੰਡੀਕਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਵੈਸੇ ਤਾਂ ਉਹਨਾਂ ਨੂੰ ਜੈਵਿਕ ਖੇਤੀ ਕਰਦਿਆਂ ਨੂੰ 8 ਸਾਲ ਹੋ ਗਏ ਹਨ। ਜੈਵਿਕ ਖੇਤੀ ਦੇ ਨਾਲ-ਨਾਲ ਜੈਵਿਕ ਖਾਦ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਸ ਸਮੇਂ ਗੰਡੋਇਆਂ ਦੀ ਖਾਦ ਅਤੇ ਜੀਵ ਅੰਮ੍ਰਿਤ ਦੀ ਹੀ ਵਰਤੋਂ ਕਰਦੇ ਹਨ।

ਇਸ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਪ੍ਰੋਸੈਸਿੰਗ ਕੀਤੀ ਜਾਵੇ, ਹੌਲੀ-ਹੌਲੀ ਪ੍ਰੋਸੈਸਿੰਗ ‘ਤੇ ਧਿਆਨ ਲਗਾਉਣ ਉਪਰੰਤ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸ ਵਿੱਚ ਲਗਭਗ ਉਹ 7 ਤੋਂ 8 ਤਰ੍ਹਾਂ ਦੇ ਉਤਪਾਦ ਬਣਾਉਂਦੇ ਹਨ ਜੋ ਕਿ ਬਿਲਕੁਲ ਸ਼ੁੱਧ ਅਤੇ ਦੇਸੀ ਹੁੰਦੇ ਹਨ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ-

  • ਕਣਕ ਦਾ ਆਟਾ
  • ਸਰੋਂ ਦਾ ਤੇਲ
  • ਦਾਲਾਂ
  • ਬਾਸਮਤੀ ਚਾਵਲ
  • ਗੁੜ
  • ਸ਼ੱਕਰ
  • ਹਲਦੀ  ਆਦਿ।

ਜਿਸ ਦਾ ਮੰਡੀਕਰਨ ਪਿੰਡ ਤੋਂ ਬਾਹਰ ਹੀ ਕਰਦੇ ਹਨ ਅਤੇ ਹੁਣ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਮੰਡੀ ਚੰਡੀਗੜ੍ਹ ਵਿੱਚ ਹੀ ਕਰ ਰਹੇ ਹਨ। ਮੰਡੀਕਰਨ ਕਰਕੇ ਜਿੰਨਾ ਉਹ ਕਮਾ ਰਹੇ ਹਨ ਉਹ ਉਸ ਨਾਲ ਬਿਲਕੁਲ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ “ਥੋੜਾ ਖਾਈਏ, ਪਰ ਸਾਫ ਖਾਈਏ”। ਉਨ੍ਹਾਂ ਦਾ ਸਾਥ ਇਸ ਕੰਮ ਵਿੱਚ ਕੇਵਲ ਉਨ੍ਹਾਂ ਦਾ ਪਰਿਵਾਰ ਹੀ ਨਿਭਾ ਰਿਹਾ ਹੈ।

ਜੇਕਰ ਚੰਗਾ ਉਗਾਵਾਂਗੇ, ਤਾਂ ਚੰਗਾ ਹੀ ਖਾਵਾਂਗੇ

ਭਵਿੱਖ ਦੀ ਯੋਜਨਾ

ਉਹ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਹੋਰਨਾਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਅਤੇ ਜੋ ਕਿਸਾਨ ਰਸਾਇਣਿਕ ਖੇਤੀ ਕਰ ਰਹੇ ਹਨ ਉਹਨਾਂ ਦਾ ਧਿਆਨ ਜੈਵਿਕ ਖੇਤੀ ਦੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ। ਉਹ ਆਪਣੇ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਦੱਸਣਾ ਚਾਹੁੰਦੇ ਹਨ ਜੈਵਿਕ ਖੇਤੀ ਵਿੱਚ ਘਾਟੇ ਦਾ ਸੌਦਾ ਨਹੀਂ, ਬਲਕਿ ਸਰੀਰ ਨੂੰ ਤੰਦਰਸੁਤ ਰੱਖਣ ਦਾ ਰਾਜ ਹੈ।

ਸੰਦੇਸ਼

ਹਰ ਉਹ ਕਿਸਾਨ ਜੋ ਖੇਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ, ਕਿ ਜਦੋਂ ਉਹ ਵੀ ਖੇਤੀ ਕਰ ਰਹੇ ਹੋਣ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਵੱਲ ਦੇਖਣਾ ਚਾਹੀਦਾ ਹੈ, ਜੋ ਉਹ ਉਗਾ ਰਹੇ ਹਨ ਉਹ ਸਹੀ ਅਤੇ ਸ਼ੁੱਧ ਉਗਾ ਰਹੇ ਹਨ। ਫਿਰ ਹੀ ਖੇਤੀ ਕਰਨੀ ਚਾਹੀਦੀ ਹੈ।