ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਨੇ ਸਥਾਈ ਖੇਤੀਬਾੜੀ ਅਭਿਆਸਾਂ ਨਾਲ ਖੇਤੀਬਾੜੀ ਨੂੰ ਅਸਲ ਵਿੱਚ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ

ਹਰ ਕੋਈ ਸੋਚਦਾ ਹੈ ਕਿ ਖੇਤੀ ਦਾ ਕੰਮ ਇੱਕ ਮੁਸ਼ਕਿਲ ਪੇਸ਼ਾ ਹੈ, ਜਿੱਥੇ ਕਿਸਾਨਾਂ ਨੂੰ ਤੇਜ਼ ਧੁੱਪ ਜਾਂ ਮੀਂਹ ਵਿੱਚ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੁਰਮੇਲ ਸਿੰਘ ਜੀ ਨੂੰ ਜੈਵਿਕ ਖੇਤੀ ਵਿੱਚ ਸ਼ਾਂਤੀ ਅਤੇ ਜੀਵਨ ਦੀ ਸੰਤੁਸ਼ਟੀ ਮਿਲਦੀ ਹੈ।

68 ਸਾਲਾਂ ਦੇ ਗੁਰਮੇਲ ਸਿੰਘ ਜੀ ਨੇ ਸੰਨ 2000 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਪਰ ਜੈਵਿਕ ਖੇਤੀ ਤੋਂ ਪਹਿਲਾਂ, ਉਨ੍ਹਾਂ ਨੇ ਮੋਟਰ ਮਕੈਨਿਕ, ਇਲੈਕਟ੍ਰੀਸ਼ਨ ਵਰਗੇ ਕਈ ਪੇਸ਼ਿਆਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਬਰੀਕੇਸ਼ਨ ਅਤੇ ਵੈਲਡਿੰਗ ਦਾ ਕੰਮ ਵੀ ਸਿੱਖਿਆ, ਪਰ ਉਨ੍ਹਾਂ ਨੂੰ ਕੋਈ ਵੀ ਨੌਕਰੀ ਢੁੱਕਵੀਂ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਤਾਂ ਸੰਤੁਸ਼ਟੀ ਮਿਲਦੀ ਅਤੇ ਨਾ ਹੀ ਖੁਸ਼ੀ।

ਸੰਨ 2000 ਵਿੱਚ ਜਦੋਂ ਉਨ੍ਹਾਂ ਦੀ ਜੱਦੀ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਵਿੱਚ ਵੰਡੀ ਜਾ ਰਹੀ ਸੀ, ਉਦੋਂ ਉਨ੍ਹਾਂ ਨੂੰ ਵੀ 6 ਏਕੜ ਜ਼ਮੀਨ ਇੱਕ ਤਿਹਾਈ ਹਿੱਸਾ ਮਿਲਿਆ। ਖੇਤੀ ਕਰਨ ਬਾਰੇ ਸੋਚ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਇਲੈਕਟ੍ਰੀਸ਼ਨ ਦੀ ਨੌਕਰੀ ਛੱਡ ਦਿੱਤੀ ਅਤੇ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਕਰਨੀ ਸ਼ੁਰੂ ਕੀਤੀ। ਗੁਰਮੇਲ ਸਿੰਘ ਜੀ ਨੇ ਆਪਣੇ ਖੇਤਰ ਵਿੱਚ ਪੂਰੇ ਸਮਰਪਣ ਨਾਲ ਹਰ ਉਹ ਚੀਜ਼ ਕੀਤੀ ਜਿਸ ਨੂੰ ਕਰਨ ਵਿੱਚ ਸਮਰੱਥ ਸਨ, ਪਰ ਪੈਦਾਵਾਰ ਖੁਸ਼ੀ ਲਿਆਉਣ ਵਾਲੀ ਨਹੀਂ ਸੀ। ਸਾਲ 2007 ਤੱਕ ਰਵਾਇਤੀ ਖੇਤੀ (ਰਸਾਇਣਕ) ਨਿਵੇਸ਼ ਪੂਰਾ ਕਰਦੇ ਉਹ ਕਰਜ਼ੇ ਵਿੱਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਲਈ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਅਖ਼ੀਰ ਵਿੱਚ ਉਹ ਖੇਤੀ ਧੰਦੇ ਤੋਂ ਨਿਰਾਸ਼ ਹੋ ਗਏ।

ਪਰ 2007 ਵਿੱਚ ਅੰਮ੍ਰਿਤ ਸੰਚਾਰ (ਅੰਮ੍ਰਿਤ ਛਕਣ) ਤੋਂ ਬਾਅਦ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ ਜਿਸ ਦੇ ਕਾਰਨ ਉਨ੍ਹਾਂ ਦੀ ਖੇਤੀ ਦੀ ਧਾਰਨਾ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਨੇ 1 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਹੌਲੀ-ਹੌਲੀ ਪੂਰੇ ਖੇਤਰ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ। ਗੁਰਮੇਲ ਸਿੰਘ ਦੇ ਜੈਵਿਕ ਖੇਤੀ ਦੇ ਇਰਾਦੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਇਕੱਲੇ ਰਹਿਣਾ ਪਿਆ।

ਅਜਿਹੀ ਜ਼ਮੀਨ ‘ਤੇ ਜੈਵਿਕ ਖੇਤੀ ਕਰਨਾ ਜਿੱਥੇ ਪਹਿਲਾਂ ਤੋਂ ਰਸਾਇਣਕ ਖੇਤੀ ਕੀਤੀ ਜਾਂਦੀ ਹੋਵੇ, ਇਹ ਬਹੁਤ ਮੁਸ਼ਕਿਲ ਕੰਮ ਸੀ। ਨਤੀਜੇ ਵਜੋਂ, ਪੈਦਾਵਾਰ ਘੱਟ ਹੋ ਗਈ, ਪਰ ਜੈਵਿਕ ਖੇਤੀ ਲਈ ਗੁਰਮੇਲ ਸਿੰਘ ਦੇ ਇਰਾਦੇ ਵੱਡੇ ਪਹਾੜ ਦੀ ਤਰ੍ਹਾਂ ਮਜ਼ਬੂਤ ਸਨ। ਸ਼ੁਰੂਆਤ ਵਿੱਚ ਸੁਭਾਸ਼ ਪਾਲੇਕਰ ਦੀ ਵੀਡਿਓ ਦੇਖਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਸ ਤੋਂ ਬਾਅਦ 2009 ਵਿੱਚ ਉਹ ਖੇਤੀ ਵਿਰਾਸਤ ਮਿਸ਼ਨ, ਨਾਭਾ ਫਾਊਂਡੇਸ਼ਨ ਅਤੇ ਐਨ.ਆਈ.ਟੀ.ਟੀ.ਟੀ.ਆਰ. ਵਰਗੇ ਬਹੁਤ ਸਾਰੇ ਸੰਗਠਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਗੁਰਮੇਲ ਸਿੰਘ ਜੀ ਨੂੰ ਢੁੱਕਵੇਂ ਨਤੀਜੇ ਅਤੇ ਮੰਡੀਕਰਨ ਬਾਰੇ ਸਿੱਖਿਅਤ ਕੀਤਾ। ਗੁਰਮੇਲ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕਈ ਸਮਾਗਮਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਜੈਵਿਕ ਖੇਤੀ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਹੋਈ। ਹੌਲੀ-ਹੌਲੀ ਸਮੇਂ ਨਾਲ ਪੈਦਾਵਾਰ ਵੀ ਵਧੀਆ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਨੂੰ ਵਧੀਆ ਪਲੇਟਫਾਰਮ ‘ਤੇ ਵੇਚਣ ਦਾ ਵੀ ਮੌਕਾ ਮਿਲਿਆ। ਸਾਲ 2014 ਵਿੱਚ ਐਨ.ਆਈ.ਟੀ.ਟੀ.ਆਰ. ਦੀ ਮਦਦ ਨਾਲ, ਗੁਰਮੇਲ ਸਿੰਘ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਆਪਣਾ ਸਟਾਲ ਮਿਲਿਆ, ਜਿੱਥੇ ਉਹ ਹਰ ਸ਼ਨੀਵਾਰ ਨੂੰ ਆਪਣੇ ਉਤਪਾਦਨ ਵੇਚ ਸਕਦੇ ਹਨ। 2015 ਵਿੱਚ, ਮਾਰਕਫੈੱਡ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਆਪਣਾ ਉਤਪਾਦਨ ਵੇਚਣ ਦਾ ਇੱਕ ਹੋਰ ਮੌਕਾ ਮਿਲਿਆ।

“ਸਮੇਂ ਦੇ ਨਾਲ, ਮੈਂ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਹ ਮੇਰੇ ਖੇਤੀ ਕਰਨ ਦੇ ਢੰਗ ਨਾਲ ਖੁਸ਼ ਸਨ। 2010 ਵਿੱਚ, ਮੇਰਾ ਪੁੱਤਰ ਵੀ ਮੇਰੇ ਖੇਤੀ ਉੱਦਮ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦਿਨ ਤੋਂ ਉਹ ਮੇਰੇ ਖੇਤੀ ਜੀਵਨ ਦੇ ਹਰ ਕਦਮ ‘ਤੇ ਮੇਰੇ ਨਾਲ ਹੈ।”

ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਉਗਾਈਆਂ ਫ਼ਸਲਾਂ ਵੇਚਦੇ ਹਨ, ਜਿਨ੍ਹਾਂ ਵਿੱਚ ਮਟਰ, ਗੰਨਾ, ਬਾਜਰਾ, ਜਵਾਰ, ਸਰ੍ਹੋਂ, ਆਲੂ, ਹਰੀ ਮੂੰਗੀ, ਅਰਹਰ, ਮੱਕੀ, ਲਸਣ, ਪਿਆਜ਼, ਧਨੀਆ ਅਤੇ ਹੋਰ ਬਹੁਤ ਫ਼ਸਲਾਂ ਸ਼ਾਮਲ ਹਨ। ਖੇਤੀਬਾੜੀ ਤੋਂ ਇਲਾਵਾ, ਗੁਰਮੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮਹੀਨੇ ਦੀ ਬੇਕਰੀ ਟ੍ਰੇਨਿੰਗ ਲੈਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗੁਰਮੇਲ ਸਿੰਘ ਨਾ ਸਿਰਫ਼ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹਨ ਬਲਕਿ ਨਾਭਾ ਫਾਊਂਡੇਸ਼ਨ ਦੇ ਹੋਰ ਗਰੁੱਪ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਪੈਦਾਵਾਰ ਦੀ ਪ੍ਰੋਸੈੱਸਿੰਗ ਕਰਨ ਵਿੱਚ ਵੀ ਮਦਦ ਕਰਦੇ ਹਨ। ਆਟਾ, ਮਲਟੀਗ੍ਰੇਨ ਆਟਾ, ਪਿੰਨੀਆਂ(ਭਾਰਤੀ ਮਿਠਾਈ), ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਨ੍ਹਾਂ ਦੇ ਕੁੱਝ ਉਤਪਾਦਿਤ ਪਦਾਰਥ ਹਨ ਜੋ ਉਹ ਸਬਜ਼ੀਆਂ ਦੇ ਨਾਲ ਵੇਚਦੇ ਹਨ।

ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ, ਤਾਂ ਅਧਿਕਾਰੀਆਂ ਅਤੇ ਸੰਗਠਨ ਦੇ ਮੈਂਬਰਾਂ ਵਿੱਚ ਦ੍ਰਿੜ ਸੰਕਲਪ, ਮਿਹਨਤ ਅਤੇ ਪ੍ਰਸਿੱਧ ਸ਼ਖਸੀਅਤ ਦੇ ਕਾਰਨ ਗੁਰਮੇਲ ਸਿੰਘ ਲਈ ਹਮੇਸ਼ਾ ਆਸਾਨ ਗੱਲ ਰਹੀ। ਵਰਤਮਾਨ ਵਿੱਚ, ਉਹ ਆਪਣੇ ਪਰਿਵਾਰ ਨਾਲ ਨਾਭਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਹਨ, ਜਿੱਥੇ 4-5 ਕਰਮਚਾਰੀਆਂ ਦੀ ਮਦਦ ਨਾਲ ਉਹ ਫਾਰਮ ‘ਤੇ ਸਾਰੇ ਮਜ਼ਦੂਰਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਹਨ ਅਤੇ ਪ੍ਰੋਸੈੱਸਿੰਗ ਲਈ ਉੱਥੇ ਜ਼ਰੂਰਤ ਅਨੁਸਾਰ 1-2 ਕਰਮਚਾਰੀਆਂ ਨੂੰ ਨਿਯੁਕਤ ਕਰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਗੁਰਮੇਲ ਸਿੰਘ ਇੱਕ ਨਵਾਂ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਸਾਰੇ ਮੈਂਬਰ ਜੈਵਿਕ ਖੇਤੀ, ਪ੍ਰੋਸੈੱਸਿੰਗ ਅਤੇ ਮਾਰਕਟਿੰਗ ਕਰਨਗੇ।
ਸੰਦੇਸ਼
“ਕਿਸਾਨਾਂ ਨੂੰ ਸਮਝਣਾ ਹੋਵੇਗਾ ਕਿ ਕਿਸੇ ਚੀਜ ਦੀ ਗੁਣਵੱਤਾ, ਉਸ ਦੀ ਮਾਤਰਾ ਤੋਂ ਜ਼ਿਆਦਾ ਅਰਥ ਰੱਖਦੀ ਹੈ ਅਤੇ ਜਿਸ ਦਿਨ ਉਹ ਇਸ ਗੱਲ ਨੂੰ ਸਮਝਣਗੇ, ਉਸ ਦਿਨ ਉਪਜ, ਮੰਡੀਕਰਨ ਅਤੇ ਹੋਰ ਮੁੱਦੇ ਵੀ ਹੱਲ ਹੋ ਜਾਣਗੇ। ਅੱਜ ਕਿਸਾਨਾਂ ਨੂੰ ਬਿਨਾਂ ਕਿਸੇ ਮਤਲਬ ਦੇ ਰਵਾਇਤੀ ਫ਼ਸਲਾਂ ਉਗਾਉਣ ਦੀ ਬਜਾਏ ਮੰਡੀ ਦੀ ਮੰਗ ਅਤੇ ਸਪਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।”

ਸ਼ੁਰੂਆਤ ਵਿੱਚ, ਗੁਰਮੇਲ ਸਿੰਘ ਜੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਲੋਕ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਕਰਕੇ ਪਾਗਲ ਕਹਿੰਦੇ ਸਨ, ਪਰ ਕੁੱਝ ਵੱਖਰਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਵਾਈ। ਉਹ ਉਨ੍ਹਾਂ ਸਾਦੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਪੁਰਸਕਾਰ ਜਾਂ ਪ੍ਰਸ਼ੰਸਾ ਕਦੇ ਵੀ ਮਹੱਤਵ ਨਹੀਂ ਰੱਖਦੀ, ਉਨ੍ਹਾਂ ਲਈ ਉਨ੍ਹਾਂ ਦੇ ਕੰਮ ਦਾ ਪਰਿਣਾਮ ਹੀ ਪੁਰਸਕਾਰ ਹੈ।

ਗੁਰਮੇਲ ਸਿੰਘ ਖੁਸ਼ ਹਨ ਕਿ ਉਹ ਆਪਣੇ ਜੀਵਨ ਦੀ ਭੂਮਿਕਾ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਇਸੇ ਤਰ੍ਹਾਂ ਹੀ ਕਰਨ।

ਭੁਪਿੰਦਰ ਸਿੰਘ ਬਰਗਾੜੀ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇੱਕ ਪੁੱਤਰ ਨੇ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਆਪਣੇ ਗੁੜ ਦੇ ਕਾਰੋਬਾਰ ਨੂੰ ਉੱਚੇ ਸਤਰ ‘ਤੇ ਪਹੁੰਚਾਇਆ

ਇਹ ਕਹਾਣੀ ਹੈ ਕਿ- ਕਿਵੇਂ ਇੱਕ ਪੁੱਤਰ (ਭੁਪਿੰਦਰ ਸਿੰਘ ਬਰਗਾੜੀ) ਨੇ ਆਪਣੇ ਪਿਤਾ (ਸੁਖਦੇਵ ਸਿੰਘ ਬਰਗਾੜੀ) ਦੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਚਲਾਇਆ, ਜੋ ਪੰਜਾਬ ਵਿੱਚ ਗੁੜ ਦੇ ਪ੍ਰਸਿੱਧ ਬ੍ਰੈਂਡ- BARGARI ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇੱਕ ਸਮਾਂ ਸੀ ਜਦੋਂ ਗੰਨੇ ਦੇ ਕੱਢੇ ਰਸ ਤੋਂ ਗੁੜ ਬਣਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਇਸ ਕੰਮ ਲਈ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗਾ। ਇਸ ਤੋਂ ਇਲਾਵਾ ਗੁੜ ਬਣਾਉਣ ਲਈ ਰਸਾਇਣਿਾਂ ਅਤੇ ਰੰਗਾਂ ਦਾ ਪ੍ਰਯੋਗ ਹੋਣ ਕਾਰਨ ਇਸ ਸਵੀਟਨਰ ਨੇ ਆਪਣਾ ਸਾਰਾ ਆਕਰਸ਼ਣ ਗਵਾ ਲਿਆ ਅਤੇ ਹੌਲੀ-ਹੌਲੀ ਲੋਕ ਸਫ਼ੇਦ ਚੀਨੀ ਵੱਲ ਆਕਰਸ਼ਿਤ ਹੋਣ ਲੱਗੇ।

ਪਰ ਫਿਰ ਵੀ ਕਈ ਪਰਿਵਾਰ ਖੰਡ ਦੀ ਬਜਾਏ ਗੁੜ ਪਸੰਦ ਕਰਦੇ ਹਨ ਅਤੇ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਨ ਲਈ ਰਵਾਇਤੀ ਢੰਗ ਅਪਨਾਉਂਦੇ ਹਨ। ਇਹ ਕਹਾਣੀ ਹੈ ਸੁਖਦੇਵ ਸਿੰਘ ਬਰਗਾੜੀ ਅਤੇ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਬਰਗਾੜੀ ਜੀ ਦੀ। 1972 ਵਿੱਚ ਸੁਖਦੇਵ ਸਿੰਘ ਔਜ਼ਾਰਾਂ ਅਤੇ ਕਿਸਾਨਾਂ ਦੇ ਉਪਕਰਨਾਂ ਨੂੰ ਤਿੱਖਾ ਕਰਨ ਦਾ ਕੰਮ ਕਰਦੇ ਸਨ ਅਤੇ ਬਦਲੇ ਵਿੱਚ ਉਹ ਅਨਾਜ, ਸਬਜ਼ੀਆਂ ਜਾਂ ਜੋ ਕੁੱਝ ਵੀ ਕਿਸਾਨ ਉਨ੍ਹਾਂ ਨੂੰ ਦਿੰਦੇ ਸੀ, ਉਹ ਮਜ਼ਦੂਰੀ ਦੇ ਰੂਪ ਵਿੱਚ ਲੈ ਲੈਂਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇੱਕ ਇੰਜਣ ਖਰੀਦਿਆ ਅਤੇ ਇਸ ਨਾਲ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਗੁੜ ਬਣਾਉਣ ਲਈ ਅਪਨਾਏ ਸ਼ੁੱਧ ਰਵਾਇਤੀ ਢੰਗ ਅਤੇ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਦੇ ਬਣਾਏ ਗੁੜ ਨੇ ਉਨ੍ਹਾਂ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਕਈ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਗੁੜ ਬਣਾਉਣ ਲਈ ਗੰਨੇ ਦੀ ਫ਼ਸਲ ਦੇਣੀ ਸ਼ੁਰੂ ਕਰ ਦਿੱਤੀ। ਸੁਖਦੇਵ ਜੀ ਮੁੱਖ ਤੌਰ ‘ਤੇ ਇਹ ਕੰਮ ਨਵੰਬਰ ਤੋਂ ਮਾਰਚ ਤੱਕ ਕਰਦੇ ਹਨ।

ਇੱਕ ਸਮਾਂ ਅਜਿਹਾ ਆਇਆ ਜਦ ਸੁਖਦੇਵ ਜੀ ਦੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਦੇ ਗੁੜ ਦੀ ਮੰਗ ਕਈ ਗੁਣਾ ਵੱਧ ਗਈ। ਇਹ 2011 ਦੀ ਗੱਲ ਹੈ, ਜਦੋਂ ਉਨ੍ਹਾਂ ਦੀ ਧੀ ਦਾ ਵਿਆਹ ਸੀ। ਉਸ ਵੇਲੇ ਉਨ੍ਹਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵਿਆਹ ਦੇ ਸੱਦੇ ਵਾਲੇ ਕਾਰਡਾਂ ਨਾਲ ਗੁੜ ਅਤੇ ਦੇਸੀ ਘਿਓ ਅਤੇ ਬਹੁਤ ਸਾਰੇ ਮੇਵਿਆਂ ਨਾਲ ਬਣੀ ਮਿਠਾਈ ਵੰਡੀ। ਹਰ ਕਿਸੇ ਨੂੰ ਇਹ ਮਿਠਾਈ ਬਹੁਤ ਪਸੰਦ ਆਈ ਅਤੇ ਇਹ ਮਿਠਾਈ ਹੋਰ ਬਣਾਉਣ ਦੀ ਮੰਗ ਕੀਤੀ ਅਤੇ ਉਸ ਸਮੇਂ ਉਨ੍ਹਾਂ ਦੇ ਪੁੱਤਰ ਭੁਪਿੰਦਰ ਜੀ ਨੇ ਆਪਣੇ ਪਿਤਾ ਦੇ ਕੰਮ ਨੂੰ ਸੰਭਾਲਣ ਅਤੇ ਇਸ ਕੰਮ ਨੂੰ ਉੱਚੇ ਸਤਰ ‘ਤੇ ਲਿਜਾਣ ਦਾ ਫੈਸਲਾ ਕੀਤਾ। ਇਸ ਘਟਨਾ ਤੋਂ ਬਾਅਦ ਪਿਤਾ ਪੁੱਤਰ ਦੋਨਾਂ ਨੇ ਦੋ ਤਰ੍ਹਾਂ ਦਾ ਗੁੜ ਬਣਾਉਣਾ ਸ਼ੁਰੂ ਕੀਤਾ, ਇੱਕ ਮੇਵਿਆਂ ਸਮੇਤ ਅਤੇ ਦੂਜਾ ਬਿਨਾਂ ਮੇਵਿਆਂ ਤੋਂ।

ਬਰਗਾੜੀ ਪਰਿਵਾਰ ਵੱਲੋਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਭਿੰਡੀ ਦੀ ਲੇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦਾ ਗੁੜ ਰਸਾਇਣਾਂ ਅਤੇ ਰੰਗ ਦੀ ਵਰਤੋਂ ਨਾਲ ਤਿਆਰ ਕੀਤੇ ਗੁੜ ਤੋਂ ਬਿਹਤਰ ਸਾਬਿਤ ਹੋਇਆ। ਗੁੜ ਬਣਾਉਣ ਦੇ ਇਸ ਸ਼ੁੱਧ ਅਤੇ ਸਾਫ਼ ਢੰਗ ਨੇ ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਜੀ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕੰਮ ਤੋਂ ਹੋਣ ਲੱਗੀ।

ਭੁਪਿੰਦਰ ਸਿੰਘ ਕੇਵਲ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਹੀ ਨਹੀਂ ਚੱਲੇ ਸਗੋਂ ਉਨ੍ਹਾਂ ਕੋਲ B.Ed. ਅਤੇ MA ਦੀ ਡਿਗਰੀ ਵੀ ਸੀ ਅਤੇ ਉਸ ਤੋਂ ਬਾਅਦ ETT Teacher Exam ਵੀ ਪਾਸ ਕੀਤਾ ਅਤੇ ਉਹ ਸਕੂਲ ਅਧਿਆਪਕ ਦੇ ਤੌਰ ‘ਤੇ ਵੀ ਕੰਮ ਕਰਦੇ ਹਨ ਅਤੇ ਆਪਣੇ ਕੰਮ ਤੋਂ ਵਿਹਲੇ ਹੋਣ ‘ਤੇ ਉਹ ਹਰ ਰੋਜ਼ ਗੁੜ ਬਣਾਉਣ ਲਈ ਸਮਾਂ ਕੱਢਦੇ ਹਨ।

ਇਸ ਰਵਾਇਤੀ ਸਵੀਟਨਰ ਨੂੰ ਹੋਰ ਮਸ਼ਹੂਰ ਬਣਾਉਣ ਲਈ ਭੁਪਿੰਦਰ ਜੀ ਨੇ 2 ਏਕੜ ਵਿੱਚ ਗੰਨੇ ਦੀ CO 85 ਕਿਸਮ ਵੀ ਉਗਾਉਣੀ ਸ਼ੁਰੂ ਕੀਤੀ ਅਤੇ ਇੱਕ ਗਰੁੱਪ ਵੀ ਬਣਾਇਆ, ਜਿਸ ਵਿੱਚ ਗਰੁੱਪ ਦੇ ਕਿਸਾਨ ਮੈਬਰਾਂ ਨੂੰ ਗੰਨਾ ਉਗਾਉਣ ਲਈ ਪ੍ਰੇਰਿਤ ਵੀ ਕਰਦੇ ਹਨ। ਭੁਪਿੰਦਰ ਸਿੰਘ ਦੀ ਇਸ ਪਹਿਲ ਦਾ ਨਤੀਜਾ ਇਹ ਮਿਲਿਆ ਕਿ ਗੰਨੇ ਦੀ ਉੱਨੀ ਹੀ ਖੇਤੀ ਕੀਤੀ ਜਾਂਦੀ ਸੀ, ਜਿੰਨੀ ਕੁ ਦੀ ਲੋੜ ਸੀ। ਇਸਦੇ ਸਿੱਟੇ ਵਜੋਂ ਕਿਸਾਨਾਂ ਨੂੰ ਵੀ ਵਧੇਰੇ ਲਾਭ ਮਿਲਿਆ ਅਤੇ ਉਸਦੇ ਨਾਲ-ਨਾਲ ਬਰਗਾੜੀ ਪਰਿਵਾਰ ਨੂੰ ਵੀ ਫਾਇਦਾ ਹੋਇਆ।

ਪਿਛਲੇ 5 ਸਾਲਾਂ ਤੋਂ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਪੀ ਏ ਯੂ ਦੁਆਰਾ ਆਯੋਜਿਤ ਪ੍ਰਤੀਯੋਗਤਾ ਵਿੱਚ 4 ਵਾਰ ਪਹਿਲਾਂ ਇਨਾਮ ਜਿੱਤਿਆ ਅਤੇ ਇੱਕ ਵਾਰ ਦੂਜਾ ਇਨਾਮ ਜਿੱਤਿਆ। ਉਨ੍ਹਾਂ ਨੇ 2014 ਵਿੱਚ ਚੰਗੀ ਕੁਆਲਿਟੀ ਦੇ ਗੁੜ ਲਈ ਉੱਦਮੀ ਕਿਸਾਨ ਰਾਜ ਪੁਰਸਕਾਰ (Udami Kisan State Award) ਵੀ ਜਿੱਤਿਆ। ਭੁਪਿੰਦਰ ਸਿੰਘ ਜੀ ਲਖਨਊ ਗਏ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਰਾਸ਼ਟਰੀ ਗੁੜ ਸੰਮੇਲਨ (National Jaggery Sammelan) ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਗੁੜ ਦੀ ਮਾਰਕਿਟਿੰਗ ਲਈ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਕਿਸਾਨਾਂ ਨੂੰ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਲਈ ਮਾਰਚ ਵਿੱਚ ਆਯੋਜਿਤ ਪੀ ਏ ਯੂ ਸੰਮੇਲਨ ਵਿੱਚ ਭਾਗ ਵੀ ਲਿਆ।

ਆਪਣਾ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨਾ…

ਗੁੜ ਦਾ ਪ੍ਰੋਸੈੱਸਿੰਗ ਪਲਾਂਟ

ਇਸ ਸਮੇਂ ਕੋਟਕਪੂਰਾ-ਬਠਿੰਡਾ ਰੋਡ ‘ਤੇ ਉਨ੍ਹਾਂ ਦਾ ਆਪਣਾ ਗੁੜ ਪ੍ਰੋਸੈੱਸਿੰਗ ਪਲਾਂਟ ਹੈ, ਜਿੱਥੇ ਉਹ ਰਵਾਇਤੀ ਢੰਗ ਨਾਲ ਸ਼ੁੱਧ ਗੁੜ ਬਣਾਉਂਦੇ ਹਨ। ਗੁੜ ਅਤੇ ਸ਼ੱਕਰ ਦੀ ਮੰਗ ਸਰਦੀਆਂ ਵਿੱਚ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਸ਼ੁੱਧ ਗੁੜ ਤੋਂ ਬਣੀ ਚਾਹ ਦੇ ਸਿਹਤ ‘ਤੇ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੁੰਦੇ। ਇੱਥੋਂ ਤੱਕ ਕਿ ਉਸ ਖੇਤਰ ਦੇ ਗੈਸਟ੍ਰੋਐੱਟਰੋਲਾੱਜੀ (ਪੇਟ ਦੇ ਡਾਕਟਰ) ਦੇ ਮਾਹਿਰ ਵੀ ਆਪਣੇ ਮਰੀਜ਼ਾਂ ਨੂੰ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਖਾਣ ਦੀ ਸਲਾਹ ਦਿੰਦੇ ਹਨ।

ਅਨਾਜ ਦੀਆਂ ਫ਼ਸਲਾਂ ਦਾ ਪ੍ਰੋਸੈੱਸਿੰਗ ਪਲਾਂਟ

ਇਸ ਤੋਂ ਇਲਾਵਾ ਭੁਪਿੰਦਰ ਸਿੰਘ ਜੀ ਕੋਲ ਉਸੇ ਜਗ੍ਹਾ ‘ਤੇ ਅਨਾਜ ਦਾ ਪ੍ਰੋਸੈੱਸਿੰਗ ਪਲਾਂਟ ਵੀ ਹੈ, ਜਿੱਥੇ ਉਹ ਸੈੱਲਫ ਹੈੱਲਪ ਗਰੁੱਪ ਦੁਆਰਾ ਉਗਾਈ ਗਈ ਕਣਕ, ਮੱਕੀ, ਜੌਂ, ਜਵਾਰ ਅਤੇ ਸਰ੍ਹੋਂ ਦੀ ਪ੍ਰੋਸੈੱਸਿੰਗ ਕਰਦੇ ਹਨ। ਪ੍ਰੋਸੈੱਸਿੰਗ ਪਲਾਂਟ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਸਟੋਰ ਵੀ ਖੋਲ੍ਹਿਆ ਹੈ, ਜਿੱਥੇ ਉਹ ਆਪਣੇ ਪ੍ਰੋਸੈੱਸਿੰਗ ਕੀਤੇ ਉਤਪਾਦਾਂ ਨੂੰ ਵੇਚਦੇ ਹਨ।

ਬ੍ਰੈਂਡ ਨਾਮ ਕਿਵੇਂ ਦਿੱਤਾ ਗਿਆ:

ਆਪਣੇ ਗੁੜ ਦੀ ਡਾਕਟਰਾਂ ਦੁਆਰਾ ਸਿਫ਼ਾਰਿਸ਼ ਕੀਤੇ ਜਾਣ ਬਾਰੇ ਜਾਣ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਨਾਮ ‘ਬਰਗਾੜੀ ਗੁੜ’ ਰੱਖਣ ਦਾ ਫੈਸਲਾ ਕੀਤਾ।

ਭੁਪਿੰਦਰ ਜੀ ਦਾ ‘ਬਰਗਾੜੀ ਗੁੜ’ ਦੇ ਨਾਮ ਨਾਲ ਫੇਸਬੁੱਕ ਪੇਜ ਵੀ ਹੈ, ਜਿਸ ਦੇ ਮਾਧਿਅਮ ਨਾਲ ਉਹ ਆਪਣੇ ਗ੍ਰਾਹਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ। ਉਨ੍ਹਾਂ ਨੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ ਨਾਲ ਗੁੜ ਬਣਾਉਣ ਦੀ ਪ੍ਰਕਿਰਿਆ ‘ਤੇ ਵੀ ਚਰਚਾ ਕੀਤੀ।

ਉਹ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨੋਲੋਜੀ ਅਤੇ ਫੂਡ ਪ੍ਰੋਸੈੱਸਿੰਗ ਅਤੇ ਇੰਜੀਨੀਅਰਿੰਗ ਵਿਭਾਗਾਂ ਨਾਲ ਲਗਾਤਾਰ ਸੰਪਰਕ ‘ਚ ਰਹਿੰਦੇ ਹਨ।

ਅੱਜ ਤੱਕ ਭੁਪਿੰਦਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜੋ ਕੁੱਝ ਵੀ ਹਾਸਲ ਕੀਤਾ ਹੈ, ਉਸਦਾ ਸਾਰਾ ਸਿਹਰਾ ਉਹ ਆਪਣੇ ਪਿਤਾ ਸ. ਸੁਖਦੇਵ ਸਿੰਘ ਬਰਗਾੜੀ ਜੀ ਦੇ ਸਿਰ ਸਜਾਉਂਦੇ ਹਨ। ਸਫ਼ਲ ਕਾਰੋਬਾਰ ਚਲਾਉਣ ਦੇ ਇਲਾਵਾ, ਭੁਪਿੰਦਰ ਸਿੰਘ ਜੀ ਇੱਕ ਚੰਗੇ ਅਧਿਆਪਕ ਵੀ ਹਨ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਕਹਿਰ ਸਿੰਘ ਦੇ ਲੋਕਾਂ ਅਤੇ ਬੱਚਿਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੇ ਚੰਗੇ ਕੰਮਾਂ ਬਾਰੇ ਕਈ ਲੇਖ, ਲੋਕਲ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ, ਬਲਕਿ ਆਪਣੇ ਕੰਮ ਅਤੇ ਗਿਆਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮਦਦ ਵੀ ਕਰਨਾ ਚਾਹੁੰਦੇ ਹਨ।

ਖ਼ੈਰ, ਪਿਤਾ-ਪੁੱਤਰ ਦੀ ਇਹ ਜੋੜੀ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ ਅਤੇ ਸਿਰਫ਼ ਦੋਨਾਂ ਦੀ ਸਮਾਨ ਸੋਚ-ਸਮਝ ਕਾਰਨ ਹੀ ਇਸ ਸਤਰ ਤੱਕ ਪਹੁੰਚੀ ਹੈ। ਭਵਿੱਖ ਵਿੱਚ ਵੀ ਭੁਪਿੰਦਰ ਸਿੰਘ ਬਰਗਾੜੀ ਆਪਣੇ ਇਸ ਚੰਗੇ ਕਾਰੋਬਾਰ ਨੂੰ ਜਾਰੀ ਰੱਖਣਗੇ ਅਤੇ ਨੌਜਵਾਨ ਪੀੜ੍ਹੀ ਦੇ ਕਿਸਾਨਾਂ ਨੂੰ ਵੀ ਆਪਣੇ ਗਿਆਨ ਨਾਲ ਪ੍ਰੇਰਿਤ ਕਰਨਗੇ।


ਸੰਦੇਸ਼:

ਮੈਂ ਚਾਹੁੰਦਾ ਹਾਂ ਕਿ ਕਿਸਾਨ ਖੇਤੀ ਦੇ ਨਾਲ ਫੂਡ ਪ੍ਰੋਸੈੱਸਿੰਗ ਕਾਰੋਬਾਰ ਵਿੱਚ ਵੀ ਸ਼ਾਮਲ ਹੋਣ। ਇਸ ਤਰੀਕੇ ਨਾਲ ਉਹ ਆਪਣੇ ਕਾਰੋਬਾਰ ਵਿੱਚ ਚੰਗਾ ਲਾਭ ਕਮਾ ਸਕਦੇ ਹਨ। ਅੱਜ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਦੇ ਨਾਲ ਅੱਪਡੇਟ ਰਹਿਣ ਦੀ ਜ਼ਰੂਰਤ ਹੈ, ਤਾਂ ਹੀ ਉਹ ਅੱਗੇ ਵੱਧ ਸਕਦੇ ਹਨ ਅਤੇ ਆਪਣੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।

ਹਰਤੇਜ ਸਿੰਘ ਮਹਿਤਾ

ਪੂਰੀ ਕਹਾਣੀ ਪੜ੍ਹੋ

ਜੋ ਜੈਵਿਕ ਖੇਤੀ ਪ੍ਰਤੀ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਬਿਹਤਰ ਭਵਿੱਖ ਲਈ ਇੱਕ ਅਧਾਰ ਸਥਾਪਿਤ ਕਰ ਰਹੇ ਹਨ।

ਪਹਿਲਾਂ ਜੈਵਿਕ ਇੱਕ ਇਸ ਤਰ੍ਹਾਂ ਦਾ ਸ਼ਬਦ ਸੀ, ਜਿਸ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ। ਬਹੁਤ ਘੱਟ ਕਿਸਾਨ ਸਨ ਜੋ ਜੈਵਿਕ ਖੇਤੀ ਕਰਦੇ ਸਨ ਅਤੇ ਉਹ ਵੀ ਘਰੇਲੂ ਮੰਤਵਾਂ ਦੇ ਲਈ। ਪਰ ਸਮੇਂ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਹਰ ਚਮਕੀਲੀ ਸਬਜ਼ੀ ਜਾਂ ਫਲ ਵਧੀਆ ਦਿਖਦਾ ਹੈ ਪਰ ਉਹ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ।

ਇਹ ਕਹਾਣੀ ਹੈ, ਹਰਤੇਜ ਸਿੰਘ ਮਹਿਤਾ ਦੀ, ਜਿਨ੍ਹਾਂ ਨੇ 10 ਸਾਲ ਪਹਿਲਾਂ ਬੁੱਧੀਮਾਨੀ ਵਾਲਾ ਫੈਸਲਾ ਲਿਆ ਅਤੇ ਉਹ ਇਸ ਦੇ ਲਈ ਬਹੁਤ ਧੰਨਵਾਦੀ ਵੀ ਹਨ। ਹਰਤੇਜ ਸਿੰਘ ਮਹਿਤਾ ਦੇ ਲਈ, ਜੈਵਿਕ ਖੇਤੀ ਨੂੰ ਜਾਰੀ ਰੱਖਣ ਦਾ ਫੈਸਲਾ ਉਨ੍ਹਾਂ ਦੁਆਰਾ ਲਿਆ ਗਿਆ ਇੱਕ ਸਭ ਤੋਂ ਵਧੀਆ ਫੈਸਲਾ ਸੀ ਅਤੇ ਅੱਜ ਉਹ ਆਪਣੇ ਖੇਤਰ (ਮਹਿਤਾ ਪਿੰਡ – ਬਠਿੰਡਾ) ਵਿੱਚ ਜੈਵਿਕ ਖੇਤੀ ਕਰਨ ਵਾਲੇ ਇੱਕ ਪ੍ਰਸਿੱਧ ਕਿਸਾਨ ਹਨ।

ਪੰਜਾਬ ਦੇ ਮਾਲਵਾ ਖੇਤਰ, ਜਿੱਥੇ ਕਿਸਾਨ ਵਧੀਆ ਉਤਪਾਦਕਤਾ ਪ੍ਰਾਪਤ ਕਰਨ ਲਈ ਕੀਟਨਾਸ਼ਕ ਅਤੇ ਰਸਾਇਣਾਂ ਦਾ ਵਰਤੋਂ ਬਹੁਤ ਉੱਚ ਮਾਤਰਾ ਵਿੱਚ ਕਰਦੇ ਹਨ। ਉੱਥੇ, ਹਰਤੇਜ ਸਿੰਘ ਮਹਿਤਾ ਨੇ ਪ੍ਰਕਿਰਤੀ ਦੇ ਨਾਲ ਤਾਲਮੇਲ ਕਾਇਮ ਰੱਖਣ ਨੂੰ ਚੁਣਿਆ। ਉਹ ਬਚਪਨ ਤੋਂ ਹੀ ਆਪਣੇ ਵਿਰਾਸਤੀ ਕਾਰੋਬਾਰ ਪ੍ਰਤੀ ਸਮਰਪਿਤ ਹਨ ਅਤੇ ਉਨ੍ਹਾਂ ਦੇ ਲਈ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਸ਼ੇਖੀ ਕਰਨ ਨਾਲੋਂ ਇੱਕ ਸਧਾਰਣ ਜੀਵਨ ਬਤੀਤ ਕਰਨਾ ਜ਼ਿਆਦਾ ਜ਼ਰੂਰੀ ਹੈ।

ਉੱਚ ਯੋਗਤਾ (ਐੱਮ.ਏ. ਪੰਜਾਬੀ, ਐੱਮ.ਏ. ਪਾੱਲੀਟੀਕਲ ਸਾਇੰਸ) ਹੋਣ ਦੇ ਬਾਵਜੂਦ, ਉਨ੍ਹਾਂ ਨੇ ਸ਼ਹਿਰੀ ਜੀਵਨ ਅਤੇ ਸਰਕਾਰੀ ਨੌਕਰੀ ਦੀ ਬਜਾਏ ਜੈਵਿਕ ਖੇਤੀ ਨੂੰ ਚੁਣਿਆ। ਵਰਤਮਾਨ ਵਿੱਚ ਉਨ੍ਹਾਂ ਦੇ ਕੋਲ 11 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਪਾਹ, ਕਣਕ, ਸਰ੍ਹੋਂ, ਗੰਨਾ, ਮਸਰ, ਪਾਲਕ, ਮੇਥੀ, ਗਾਜਰ, ਪਿਆਜ਼, ਲਸਣ ਅਤੇ ਲਗਭੱਗ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਉਹ ਹਮੇਸ਼ਾ ਆਪਣੇ ਖੇਤਾਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਨਾ ਪਸੰਦ ਕਰਦੇ ਹਨ, ਜਿਸ ਵਿੱਚ ਕਪਾਹ(F 1378), ਕਣਕ (1482) ਅਤੇ ਬਾਂਸੀ ਨਾਮ ਦੇ ਬੀਜ ਵਧੀਆ ਪਰਿਣਾਮ ਦਿੰਦੇ ਹਨ।

“ਅਸੰਤੁਸ਼ਟਤਾ, ਅਨਪੜ੍ਹਤਾ ਅਤੇ ਕਿਸਾਨਾਂ ਦੀ ਉੱਚ ਉਤਪਾਦਕਤਾ ਦੀ ਇੱਛਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਦੇ ਕਾਰਨ ਕਿਸਾਨ ਜੋ ਕਿ ਮੁਕਤੀਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਹੁਣ ਉਹ ਸਮਾਜ ਨੂੰ ਜ਼ਹਿਰ ਦੇ ਰਹੇ ਹਨ। ਅੱਜ-ਕੱਲ੍ਹ ਕਿਸਾਨ ਕੀਟ ਪ੍ਰਬੰਧਨ ਦੇ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਮਿੱਟੀ ਦੇ ਮਿੱਤਰ-ਕੀਟਾਂ ਅਤੇ ਉਪਜਾਊਪਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਇਸ ਗੱਲ ਤੋਂ ਅਣਜਾਣ ਨਹੀਂ ਹਨ ਕਿ ਉਹ ਆਪਣੇ ਖੇਤ ਵਿੱਚ ਰਸਾਇਣਾਂ ਦੀ ਵਰਤੋਂ ਕਰਕੇ ਸਾਰੇ ਭੋਜਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਸ ਦੇ ਇਲਾਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਨਾ ਕੇਵਲ ਵਾਤਾਵਰਣ ਦੀ ਸਥਿਤੀ ਨੂੰ ਵਿਗਾੜ ਰਹੇ ਹਨ, ਬਲਕਿ ਕਰਜ਼ੇ ਦੇ ਵਾਧੇ ਕਾਰਨ ਵੱਡੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਵੀ ਕਰ ਰਹੇ ਹਨ।” – ਹਰਤੇਜ ਸਿੰਘ ਨੇ ਕਿਹਾ।

ਸ. ਮਹਿਤਾ ਜੀ ਹਮੇਸ਼ਾ ਖੇਤੀ ਦੇ ਲਈ ਕੁਦਰਤੀ ਢੰਗ ਅਪਣਾਉਂਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਪਿੰਗਲਵਾੜਾ ਸੁਸਾਇਟੀ ਅਤੇ ਐਗਰੀਕਲਚਰ ਹੇਰੀਟੇਜ਼ ਮਿਸ਼ਨ ਨਾਲ ਸੰਪਰਕ ਕਰਦੇ ਹਨ। ਉਹ ਆਮ ਤੌਰ ‘ਤੇ ਗਾਂ ਦੇ ਮੂਤਰ ਅਤੇ ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ ਅਤੇ ਇਹ ਮਿੱਟੀ ਦੇ ਲਈ ਵੀ ਵਧੀਆ ਅਤੇ ਵਾਤਾਵਰਣ ਦੇ ਅਨੁਕੂਲ ਵੀ।

ਸ਼੍ਰੀ ਮਹਿਤਾ ਦੇ ਅਨੁਸਾਰ ਕੁਦਰਤੀ ਤਰੀਕੇ ਨਾਲ ਉਗਾਏ ਗਏ ਭੋਜਨ ਦੇ ਉਪਭੋਗ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਰੋਗਾਂ ਤੋਂ ਦੂਰ ਰੱਖਿਆ ਹੈ। ਇਸ ਕਾਰਨ ਸ. ਮਹਿਤਾ ਦਾ ਮੰਨਣਾ ਹੈ ਕਿ ਉਹ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਹਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਜਾਰੀ ਰੱਖਣਗੇ।

ਸੰਦੇਸ਼
“ਮੈਂ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਦੇ ਬੰਧਨਾਂ ਤੋਂ ਬਾਹਰ ਆਉਣਾ ਚਾਹੀਦਾ ਅਤੇ ਸਮਾਜ ਨੂੰ ਸਿਹਤਮੰਦ ਬਣਾਉਣ ਦੇ ਲਈ ਸਿਹਤਮੰਦ ਭੋਜਨ ਪ੍ਰਦਾਨ ਲਈ ਪ੍ਰਣ ਕਰਨਾ ਚਾਹੀਦਾ ਹੈ।”