ਜਗਮੋਹਨ ਸਿੰਘ ਨਾਗੀ

ਪੂਰੀ ਸਟੋਰੀ ਪੜੋ

ਪੰਜਾਬ ਵਿੱਚ ਮੱਕੀ ਦੀ ਫਸਲ ਦਾ ਰਾਜਾ

ਜਗਮੋਹਨ ਸਿੰਘ ਨਾਗੀ ਜੀ, ਜੋ ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ ਹਨ,ਉਹਨਾਂ ਦੀ ਹਮੇਸ਼ਾ ਤੋਂ ਹੀ ਖੇਤੀਬਾੜੀ ਅਤੇ ਖੁਰਾਕ ਉਦਯੋਗ ਵਿੱਚ ਬਹੁਤ ਦਿਲਚਸਪੀ ਰਹੀ ਹੈ। ਉਹਨਾਂ ਦੇ ਪਿਤਾ ਆਟਾ ਚੱਕੀਆਂ ਦੀ ਮੁਰੰਮਤ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਫ਼ੂਡ ਇੰਡਸਟਰੀ ਵਿੱਚ ਕੰਮ ਕਰੇ।

ਜਗਮੋਹਨ ਜੀ (63), ਜੋ ਕਿ 300 ਏਕੜ ਜ਼ਮੀਨ ਠੇਕੇ ‘ਤੇ ਕੰਮ ਕਰਦੇ ਹਨ, ਮੱਕੀ, ਸਰ੍ਹੋਂ, ਕਣਕ ਅਤੇ ਸਬਜ਼ੀਆਂ ਜਿਵੇਂ ਕਿ ਗਾਜਰ ਅਤੇ ਗੋਭੀ, ਟਮਾਟਰ ਅਤੇ ਚੁਕੰਦਰ ਦੀਆਂ ਫਸਲਾਂ ਉਗਾਉਂਦੇ ਹਨ।

ਉਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 300 ਕਿਸਾਨਾਂ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਪੈਪਸੀਕੋ, ਕੈਲੋਗਜ਼ ਅਤੇ ਡੋਮਿਨੋਜ਼ ਪੀਜ਼ਾ ਨੂੰ ਉਤਪਾਦ ਸਪਲਾਈ ਕਰਦੇ ਹਨ। ਉਹ ਆਪਣੀ ਉਪਜ ਇੰਗਲੈਂਡ, ਨਿਊਜ਼ੀਲੈਂਡ, ਦੁਬਈ ਅਤੇ ਹਾਂਗਕਾਂਗ ਨੂੰ ਵੀ ਨਿਰਯਾਤ ਕਰਦੇ ਹਨ।

ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਕਰਾਚੀ ਵਿੱਚ ਰਹਿੰਦਾ ਸੀ। ਜਗਮੋਹਨ ਜੀ ਦੇ ਪਿਤਾ ਨਾਗੀ ਜੀ, ਪੰਜਾਬ ਵਿੱਚ ਵਸਣ ਤੋਂ ਪਹਿਲਾਂ ਮੁੰਬਈ ਆ ਗਏ। ਜ਼ਿਆਦਾ ਮੰਗ ਦੇ ਬਾਵਜੂਦ, ਉਸ ਸਮੇਂ ਆਟਾ ਚੱਕੀ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਬਹੁਤ ਘੱਟ ਲੋਕ ਸਨ। ਇਸ ਲਈ ਉਹਨਾਂ ਦੇ ਪਿਤਾ ਨੇ ਇਸ ਮੌਕੇ ਦਾ ਲਾਭ ਉਠਾਇਆ।

ਜਗਮੋਹਨ ਜੀ ਦੇ ਪਿਤਾ ਦੀ ਇੱਛਾ ਸੀ ਕਿ ਉਹ ਫੂਡ ਇੰਡਸਟਰੀ ਵਿੱਚ ਕੰਮ ਕਰੇ। ਹਾਲਾਂਕਿ, ਉਸ ਸਮੇਂ ਪੰਜਾਬ ਵਿੱਚ ਕੋਈ ਕੋਰਸ ਉਪਲਬਧ ਨਾ ਹੋਣ ਕਰਕੇ, ਉਹਨਾਂ ਨੇ ਯੂਨਾਈਟਿਡ ਕਿੰਗਡਮ, ਬਰਮਿੰਘਮ ਯੂਨੀਵਰਸਿਟੀ ਵਿੱਚ ਫ਼ੂਡ ਅਤੇ ਅਨਾਜ ਮਿਲਿੰਗ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।

ਭਾਰਤ ਵਾਪਸ ਆਉਣ ਤੋਂ ਬਾਅਦ, ਉਹਨਾਂ ਨੇ ਇੱਕ ਖੇਤੀਬਾੜੀ ਕਾਰੋਬਾਰ ਕੁਲਵੰਤ ਨਿਊਟ੍ਰੀਸ਼ਨ ਦੀ ਸਥਾਪਨਾ ਕੀਤੀ। ਉਹਨਾਂ ਦੀ ਸ਼ੁਰੂਆਤ ਖਰਾਬ ਰਹੀ ਕਿਉਂਕਿ ਉਹਨਾਂ ਨੂੰ ਮੱਕੀ ਦੀ ਚੰਗੀ ਫ਼ਸਲ ਲੈਣ ਲਈ ਮਦਦ ਦੀ ਲੋੜ ਸੀ। ਕੁਲਵੰਤ ਨਿਊਟ੍ਰੀਸ਼ਨ, ਜਿਸ ਦੀ ਸ਼ੁਰੂਆਤ 1989 ਵਿੱਚ ਇੱਕ ਪੌਦੇ ਅਤੇ ਮੱਕੀ ਦੀ ਫਸਲ ਨਾਲ ਹੋਈ ਸੀ, ਹੁਣ ਇਹ ਕੰਪਨੀ ਸਾਲ ਦਾ 7 ਕਰੋੜ ਰੁਪਏ ਤੋਂ ਵੱਧ ਆਮਦਨ ਕਮਾਉਣ ਵਾਲੀ ਕੰਪਨੀ ਬਣ ਗਈ ਹੈ।

ਜਗਮੋਹਨ ਜੀ ਨੇ ਇੱਕ ਪਲਾਂਟ ਸ਼ੁਰੂ ਕੀਤਾ, ਪਰ ਪੰਜਾਬ ਵਿੱਚ ਉਦੋਂ ਮੱਕੀ ਦੀ ਫਸਲ ਦੀ ਗੁਣਵੱਤਾ ਚੰਗੀ ਨਹੀਂ ਸੀ। ਇਸ ਲਈ ਉਹਨਾਂ ਨੇ ਹਿਮਾਚਲ ਪ੍ਰਦੇਸ਼ ਤੋਂ ਮੱਕੀ ਮੰਗਵਾਉਣੀ ਸ਼ੁਰੂ ਕੀਤੀ, ਪਰ ਆਵਾਜਾਈ ਦਾ ਖਰਚਾ ਬਹੁਤ ਜ਼ਿਆਦਾ ਸੀ। ਬਾਅਦ ਵਿੱਚ, ਉਹਨਾਂ ਨੇ ਇੱਕ ਚੰਗੀ ਫਸਲ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ-ਇੰਡਸਟਰੀ ਲਿੰਕ ਰਾਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਸਹਿਯੋਗ ਕੀਤਾ। ਸ਼੍ਰੀ ਨਾਗੀ ਜੀ ਨੇ ਕਿਹਾ, “ਯੂਨੀਵਰਸਿਟੀ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜ ਦੇਵੇਗੀ, ਅਤੇ ਮੈਂ ਉਨ੍ਹਾਂ ਦੇ ਉਤਪਾਦ ਖਰੀਦਾਂਗਾ।”

ਜਿਵੇਂ ਕਿ ਉਹ ਕਹਿੰਦੇ ਹਨ, “ਮਿਹਨਤ ਕਦੇ ਵਿਅਰਥ ਨਹੀਂ ਜਾਂਦੀ”, ਉਹਨਾਂ ਦਾ ਪਹਿਲਾ ਗਾਹਕ ਕੈਲੋਗ ਸੀ।

ਜਗਮੋਹਨ ਜੀ ਨੇ 1991 ਵਿੱਚ ਠੇਕੇ ‘ਤੇ ਖੇਤੀ ਕਰਨੀ ਸ਼ੁਰੂ ਕੀਤੀ, ਉਹ ਖੁਦ ਫਸਲ ਉਗਾਉਣਾ ਚਾਹੁੰਦੇ ਸਨ, ਅਤੇ ਹੌਲੀ-ਹੌਲੀ ਇਹ ਸਭ ਖੁਦ ਹੀ ਪੈਦਾ ਕਰਨਾ ਸ਼ੁਰੂ ਕਰ ਦਿੱਤਾ।

1992 ਵਿੱਚ, ਉਹਨਾਂ ਨੇ ਪੈਪਸੀਕੋ ਲਈ ਕੰਮ ਕਰਨਾ ਸ਼ੁਰੂ ਕੀਤਾ, ਉਹਨਾਂ ਦੇ ਸਨੈਕ, ਕੁਰਕੁਰੇ ਲਈ ਮੱਕੀ ਦੀ ਸਪਲਾਈ ਕੀਤੀ। ਉਹ ਦਾਅਵਾ ਕਰਦੇ ਹਨ ਕਿ ਲਗਭਗ 1000 ਮੀਟ੍ਰਿਕ ਟਨ ਮੱਕੀ ਦੀ ਮਹੀਨਾਵਾਰ ਮੰਗ ਹੁੰਦੀ ਹੈ। 1994 ਵਿੱਚ, ਉਹਨਾਂ ਨੇ ਡੋਮਿਨੋਜ਼ ਪੀਜ਼ਾ ਦੀ ਸਪਲਾਈ ਵੀ ਸ਼ੁਰੂ ਕੀਤੀ। 2013 ਵਿੱਚ, ਉਹਨਾਂ ਨੇ ਡੱਬਾਬੰਦ ਭੋਜਨ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ ਅਤੇ ਹੋਰ ਸਬਜ਼ੀਆਂ ਵੀ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਦੋਂ ਉਹਨਾਂ ਦਾ ਕਾਰੋਬਾਰ ਵਧ ਰਿਹਾ ਸੀ, ਮਹਾਂਮਾਰੀ ਨੇ ਇਸ ਖੇਤੀ ਵਪਾਰੀ ਲਈ ਬਹੁਤ ਸਾਰੀਆਂ ਚੁਣੌਤੀਆਂ ਲਿਆਂਦੀਆਂ।

ਦੁਨੀਆਂ ਭਰ ਵਿੱਚ ਮਹਾਂਮਾਰੀ ਦੇ ਆਉਣ ਤੋਂ ਬਾਅਦ, COVID ਦਾ ਇਸ ‘ਤੇ ਮਹੱਤਵਪੂਰਣ ਪ੍ਰਭਾਵ ਪਿਆ। ਜਦਕਿ ਬਹੁਤ ਸਾਰੀਆਂ ਫੈਕਟਰੀਆਂ ਅਤੇ ਕਾਰੋਬਾਰ ਬੰਦ ਸਨ, ਕਰਿਆਨੇ ਦੀਆਂ ਦੁਕਾਨਾਂ ਖੁੱਲੀਆਂ ਰਹੀਆਂ ਕਿਉਂਕਿ ਉਹਨਾਂ ਨੂੰ ਜ਼ਰੂਰੀ ਸੇਵਾਵਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਨਤੀਜੇ ਵਜੋਂ, ਜਗਮੋਹਨ ਸਿੰਘ ਜੀ ਨੇ ਕਰਿਆਨੇ ਦੀਆਂ ਵਸਤੂਆਂ ਜਿਵੇਂ ਕਿ ਜੈਵਿਕ ਕਣਕ ਦੇ ਆਟੇ ਅਤੇ ਮੱਕੀ ਦੇ ਆਟੇ ‘ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜਗਮੋਹਨ ਜੀ ਕਹਿੰਦੇ ਹਨ, “ਮੈਂ ਇਸ ਨੂੰ ਵਧਾਉਣ ਲਈ ਸਰ੍ਹੋਂ ਦੇ ਤੇਲ ਦੀ ਪ੍ਰੋਸੈਸਿੰਗ ਸ਼ੁਰੂ ਕਰਨ ਅਤੇ ਚੌਲਾਂ ਅਤੇ ਚੀਆ ਦੇ ਬੀਜ ਉਗਾਉਣ ਦੀ ਯੋਜਨਾ ਬਣਾ ਰਿਹਾ ਹਾਂ”।

ਉਹ ਆਪਣੀ ਕੰਪਨੀ ਰਾਹੀਂ 70 ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਮੁਫਤ ਸਿਖਲਾਈ ਦਿੰਦੇ ਹਨ। ਉਹ ਕਿਸਾਨਾਂ ਨੂੰ ਉੱਨਤ ਖੇਤੀ ਤਕਨੀਕਾਂ ਸਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਉਪਜ ਨੂੰ ਮੁਨਾਫੇ ਨਾਲ ਵੇਚਣ ਦੇ ਤਰੀਕੇ ਦੱਸਦੇ ਹਨ। ਨਤੀਜੇ ਵਜੋਂ, ਦੁੱਧ ਦੀ ਬਜਾਏ ਇਸ ਨੂੰ ਘਿਓ ਜਾਂ ਦਹੀਂ ਵਿੱਚ ਬਦਲਣਾ ਵਧੇਰੇ ਲਾਭਕਾਰੀ ਹੋਵੇਗਾ।

ਜਗਨਮੋਹਨ ਜੀ ਕਹਿੰਦੇ ਹਨ, “ਨੌਜਵਾਨਾਂ ਨੂੰ ਖੇਤੀ ਲਈ ਪ੍ਰੇਰਿਤ ਕਰਨ ਲਈ ਸਰਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸਥਾਨਕ ਪੱਧਰ ‘ਤੇ ਖੇਤੀਬਾੜੀ-ਅਧਾਰਤ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।” ਉਨ੍ਹਾਂ ਨੂੰ ਭੋਜਨ ਸੁਰੱਖਿਆ ਅਤੇ ਖੇਤੀਬਾੜੀ ਤਕਨਾਲੋਜੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।”

ਉਹ ਕਿਸਾਨਾਂ ਨੂੰ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਅਤੇ ਨੁਕਸਾਨ ਤੋਂ ਬਚਣ ਲਈ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।

ਉਹ ਕਹਿੰਦੇ ਹਨ ਕਿ ਕਿਸਾਨਾਂ ਨੂੰ ਉਹਨਾਂ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਉਹਨਾਂ ਦੇ ਖੇਤਰ ਵਿੱਚ ਚੰਗੀ ਤਰ੍ਹਾਂ ਉੱਗਦੀਆਂ ਹਨ, ਜਿਸ ਨਾਲ ਉਹਨਾਂ ਨੂੰ ਲਾਭ ਮਿਲੇਗਾ।

ਕਿਸਾਨਾਂ ਲਈ ਸੁਨੇਹਾ

ਸ਼੍ਰੀ ਨਾਗੀ ਜੀ ਕਿਸਾਨਾਂ ਨੂੰ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਪ੍ਰਯੋਗ ਕਰਨ ਅਤੇ ਸਿੱਖਿਅਤ ਕਰਨ ਲਈ ਕੰਮ ਕਰਦੇ ਹਨ। ਕਿਸਾਨਾਂ ਨੂੰ ਨਕਦੀ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਦਾਹਰਨ ਲਈ ਬਾਜਰਾ, ਸਬਜ਼ੀਆਂ ਅਤੇ ਫਲਦਾਰ ਪੌਦਿਆਂ ਨੂੰ ਆਪਣੇ ਖੇਤਾਂ ਦੇ ਚਾਰੇ ਪਾਸੇ ਰੱਖਣਾ ਚਾਹੀਦਾ ਹੈ, ਉਹ ਕਿਸਾਨਾਂ ਨੂੰ ਕੱਚਾ ਦੁੱਧ ਵੇਚਣ ਦੀ ਬਜਾਏ ਦੁੱਧ ਉਤਪਾਦ ਬਣਾਉਣ ਦੀ ਸਲਾਹ ਦਿੰਦੇ ਹਨ; ਉਨ੍ਹਾਂ ਨੂੰ ਦੁੱਧ ਤੋ ਬਣੀ ਬਰਫ਼ੀ ਅਤੇ ਹੋਰ ਭਾਰਤੀ ਮਠਿਆਈਆਂ ਦੇ ਰੂਪ ਵਿੱਚ ਵੇਚਣਾ ਚਾਹੀਦਾ ਹੈ।

ਸੰਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਨੌਕਰੀ ਛੱਡ ਕੇ ਆਪਣੇ ਪਿਤਾ ਦੇ ਰਾਹ ‘ਤੇ ਚੱਲ ਕੇ ਆਧੁਨਿਕ ਖੇਤੀ ਕਰਕੇ ਕਾਮਯਾਬ ਹੋਇਆ ਇੱਕ ਨੌਜਵਾਨ ਕਿਸਾਨ- ਸੰਦੀਪ ਸਿੰਘ

ਇੱਕ ਉੱਚਾ ਤੇ ਸੱਚਾ ਨਾਮ ਖੇਤੀ, ਪਰ ਕਦੇ ਕਿਸੇ ਨੇ ਖੇਤੀ ਦੇ ਵਰਕਿਆਂ ਨੂੰ ਫਰੋਲ ਕੇ ਨਹੀਂ ਦੇਖਿਆ, ਜੇਕਰ ਹਰ ਕੋਈ ਖੇਤੀ ਦੇ ਵਰਕਿਆਂ ਨੂੰ ਫਰੋਲ ਕੇ ਦੇਖਣਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਖੇਤੀ ਦੇ ਹਰ ਇੱਕ ਪਹਿਲੂ ਬਾਰੇ ਚੰਗੇ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਤਾਂ ਹਰ ਕੋਈ ਖੇਤੀ ਦੇ ਵਿੱਚ ਸਫਲ ਹੋ ਸਕਦਾ ਹੈ। ਸਫਲ ਖੇਤੀ ਉਹ ਖੇਤੀ ਜਿਸ ਵਿੱਚ ਨਵੇਂ-ਨਵੇਂ ਤਰੀਕੇ ਨਾਲ ਖੇਤੀ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਹੈ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਹਨ ਸੰਦੀਪ ਸਿੰਘ, ਜੋ ਪਿੰਡ ਭੱਦਲਵੱਡ, ਜ਼ਿਲ੍ਹਾਂ ਸੰਗਰੂਰ ਦੇ ਨਿਵਾਸੀ ਹਨ ਅਤੇ M Tech ਦੀ ਪੜ੍ਹਾਈ ਪੂਰੀ ਕੀਤੀ ਹੋਈ ਹੈ ਜੋ ਆਪਣੇ ਪਿਤਾ ਜੀ ਦੇ ਦੱਸੇ ਗਏ ਰਸਤੇ ਉੱਤੇ ਚੱਲ ਕੇ ਅਤੇ ਚੰਗੀ ਭਲੀ ਬੈਠ ਕੇ ਖਾਣ ਵਾਲੀ ਨੌਕਰੀ ਛੱਡ ਕੇ ਖੇਤੀ ਨੂੰ ਅੱਜ ਇਸ ਮੁਕਾਮ ‘ਤੇ ਲੈ ਗਏ ਹਨ ਕਿ ਜਿੱਥੇ ਹਰ ਕੋਈ ਉਹਨਾਂ ਤੋਂ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਲੈਣ ਆਉਂਦਾ ਹੈ। ਛੋਟੀ ਉਮਰ ਵਿੱਚ ਸਫ਼ਲਤਾ ਹਾਸਿਲ ਕਰਨ ਦਾ ਸਾਰਾ ਸਨਮਾਨ ਆਪਣੇ ਪਿਤਾ ਹਰਵਿੰਦਰ ਸਿੰਘ ਜੀ ਨੂੰ ਦਿੰਦੇ ਹਨ, ਕਿਉਂਕਿ ਉਹਨਾਂ ਦੇ ਪਿਤਾ ਜੀ ਪਿਛਲੇ 40 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ ਤੇ ਖੇਤੀ ਵਿੱਚ ਬਹੁਤ ਤਜ਼ੁਰਬੇ ਹੋਣ ਕਰਕੇ ਸੇਧ ਆਪਣੇ ਪਿਤਾ ਜੀ ਤੋਂ ਮਿਲੀ ਹੈ।

ਉਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਜੋ ਕਿ 2005 ਤੋਂ ਖੇਤੀ ਵਿੱਚ ਬਿਨਾਂ ਕੋਈ ਨਾੜ ਖੇਤਾਂ ਵਿਚ ਜਲਾਏ ਖੇਤੀ ਕਰਦੇ ਆ ਰਹੇ ਹਨ।ਉਸ ਤੋਂ ਬਾਅਦ 2007 ਤੋਂ 2011 ਤੱਕ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਿੱਧੀ ਬਿਜਾਈ ਕੀਤੀ ਸੀ, ਜਿਸ ਵਿੱਚ ਉਹ ਕਾਮਯਾਬ ਹੋਏ ਸਨ ਜਿਸ ਨਾਲ ਇੱਕ ਤੇ ਖੇਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਇਆ ਅਤੇ ਨਾਲ ਹੀ ਖਰਚੇ ਵਿੱਚ ਵੀ ਕਮੀ ਆਈ ਹੈ। ਅਕਸਰ ਸੰਦੀਪ ਆਪਣੇ ਪਿਤਾ ਜੀ ਨੂੰ ਕੰਮ ਕਰਦੇ ਹੋਏ ਦੇਖਦਾ ਸੀ ਤੇ ਨਾਲ ਖੇਤੀ ਦੇ ਨਵੇਂ ਨਵੇਂ ਤਰੀਕਿਆਂ ਬਾਰੇ ਜਾਣੂ ਕਰਵਾਉਂਦਾ ਸੀ।

2012 ਵਿੱਚ ਜਦੋਂ ਸੰਦੀਪ ਦੀ M Tech ਦੀ ਪੜ੍ਹਾਈ ਪੂਰੀ ਹੋਈ ਤਾਂ ਵਧੀਆ ਤਨਖਾਹ ਦੇਣ ਵਾਲੀ ਨੌਕਰੀ ਮਿਲ ਰਹੀ ਸੀ ਜਿਸ ਤੇ ਉਹਨਾਂ ਦੇ ਪਿਤਾ ਨੇ ਸੰਦੀਪ ਨੂੰ ਕਿਹਾ ਤੂੰ ਨੌਕਰੀ ਛੱਡ ਕੇ ਖੇਤੀ ਕਰ ਤੇ ਜੋ ਤਰੀਕੇ ਤੂੰ ਮੈਨੂੰ ਦੱਸਦਾ ਸੀ, ਉਹ ਖੁਦ ਹੁਣ ਤੂੰ ਖੇਤਾਂ ਦੇ ਵਿੱਚ ਤਜ਼ੁਰਬੇ ਕਰੀ, ਸੰਦੀਪ ਨੇ ਆਪਣੇ ਪਿਤਾ ਜੀ ਦੀ ਗੱਲ ਨੂੰ ਨਾ ਮੋੜਦੇ ਹੋਏ ਖੇਤੀ ਕਰਨ ਲੱਗੇ।

ਮੈਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਇੱਕ ਦਿਨ ਮੇਰੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ- ਸੰਦੀਪ ਸਿੰਘ

ਜਦੋਂ ਸੰਦੀਪ ਰਵਾਇਤੀ ਖੇਤੀ ਕਰ ਰਿਹਾ ਸੀ ਤਾਂ ਸਭ ਕੁਝ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਤੇ ਪਿਤਾ ਹਰਵਿੰਦਰ ਨੇ ਕਿਹਾ, ਬੇਟਾ, ਖੇਤੀ ਤਾਂ ਕਦੋਂ ਤੋਂ ਕਰਦੇ ਆ ਰਹੇ ਹਨ, ਕਿਉਂ ਨਾ ਬੀਜਾਂ ‘ਤੇ ਵੀ ਕੰਮ ਕੀਤਾ ਜਾਵੇ। ਇਸ ਗੱਲ ਉੱਤੇ ਹਾਮੀ ਭਰਦੇ ਹੋਏ ਸੰਦੀਪ ਬੀਜਾਂ ਦੇ ਕੰਮ ਬਾਰੇ ਸੋਚਣ ਲੱਗਾ ਤੇ ਬੀਜਾਂ ਦੇ ਉੱਪਰ ਪਹਿਲਾਂ ਰਿਸਰਚ ਕੀਤੀ ਜਦੋਂ ਰਿਸਰਚ ਪੂਰੀ ਹੋਈ ਤਾਂ ਸੰਦੀਪ ਨੇ ਬੀਜ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਫੈਸਲਾ ਕੀਤਾ।

ਫਿਰ ਮੈਂ ਦੇਰੀ ਨਾ ਕਰਦੇ ਕੇ.ਵੀ.ਕੇ. ਖੇੜੀ ਵਿਖੇ ਬੀਜ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਪੂਰਾ ਕੀਤਾ – ਸੰਦੀਪ ਸਿੰਘ

2012 ਵਿੱਚ ਹੀ ਫਿਰ ਉਹਨਾਂ ਨੇ ਕਣਕ, ਚਾਵਲ, ਗੰਨਾ, ਛੋਲੇ, ਸਰ੍ਹੋਂ ਅਤੇ ਹੋਰ ਕਈ ਪ੍ਰਕਾਰ ਦੇ ਬੀਜਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਪੈਕਿੰਗ ਤੇ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਤੇਗ ਸੀਡ ਪਲਾਂਟ ਤੋਂ ਚਲਾ ਰਹੇ ਫਾਰਮ ‘ਤੇ ਕਰਦੇ ਸਨ ਅਤੇ ਉਸਦੀ ਮਾਰਕੀਟਿੰਗ ਉਹ ਧੂਰੀ ਤੇ ਸੰਗਰੂਰ ਦੀ ਮੰਡੀ ਵਿੱਚ ਜਾ ਕੇ ਅਤੇ ਦੁਕਾਨਾਂ ਦੇ ਵਿੱਚ ਥੋਕ ਵਜੋਂ ਵੇਚਣ ਲੱਗ ਗਏ ਜਿਸ ਨਾਲ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗਾ।

ਸੰਦੀਪ ਬੀਜਾਂ ਦੀ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਸਦਾ ਬੀਜਾਂ ਕਰਕੇ ਤੇ PAU ਦੇ ਕਿਸਾਨ ਕਲੱਬ ਦਾ ਮੈਂਬਰ ਹੋਣ ਕਰਕੇ ਪਿਛਲੇ 4 ਸਾਲਾਂ ਤੋਂ PAU ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਪਰ ਜਦੋਂ ਸੂਰਜ ਨੇ ਚੜਣਾ ਹੈ ਤਾਂ ਉਸਨੇ ਰੋਸ਼ਨੀ ਤੇ ਉਹ ਹਰ ਇੱਕ ਥਾਂ ਕਰਨੀ ਹੈ ਜਿੱਥੇ ਹਨੇਰਾ ਫੈਲਿਆ ਹੁੰਦਾ ਹੈ।

ਸਾਲ 2016 ਵਿੱਚ ਜਦੋਂ ਉਹ ਬੀਜਾਂ ਦੇ ਕੰਮ ਦੇ ਦੌਰਾਨ PAU ਵਿੱਚ ਗਏ ਸਨ ਤਾਂ ਅਚਾਨਕ ਉਨ੍ਹਾਂ ਦੀ ਮੁਲਾਕਾਤ ਪਲਾਂਟ ਬਰੀਡਿੰਗ ਦੇ ਮੈਡਮ ਸੁਰਿੰਦਰ ਕੌਰ ਸੰਧੂ ਜੀ ਨਾਲ ਹੋਈ, ਉਹਨਾਂ ਦੀ ਗੱਲਬਾਤ ਦੌਰਾਨ ਮੈਡਮ ਨੇ ਪੁੱਛਿਆ ਤੁਸੀਂ GSC 7 ਸਰ੍ਹੋਂ ਦੀ ਕਿਸਮ ਦਾ ਕੀ ਕਰਦੇ ਹੋ, ਤਾਂ ਸੰਦੀਪ ਸਿੰਘ ਨੇ ਕਿਹਾ ਕਿ ਮਾਰਕੀਟਿੰਗ, ਤਾਂ ਮੈਡਮ ਨੇ ਕਿਹਾ, ਠੀਕ ਹੈ ਬੇਟਾ। ਇਸ ਵਕਤ ਸੰਦੀਪ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਡਮ ਕੀ ਕਹਿਣਾ ਚਾਹੁੰਦੇ ਹਨ। ਉਦੋਂ ਮੈਡਮ ਨੇ ਕਿਹਾ, ਬੇਟਾ, ਤੁਸੀਂ ਐਗਰੋ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਕਰਕੇ, ਸਰੋਂ ਦਾ ਤੇਲ ਬਣਾ ਕੇ ਵੇਚਣਾ ਸ਼ੁਰੂ ਕਰ ਦੇਵੋ, ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।

ਜਦੋਂ ਸੰਦੀਪ ਸਿੰਘ ਨੇ ਕਿਹਾ ਕਿ ਸਰੋਂ ਦਾ ਤੇਲ ਬਣਾ ਤਾਂ ਲਵਾਂਗੇ ਪਰ ਮਾਰਕੀਟਿੰਗ ਕਿਵੇਂ ਕਰਾਂਗੇ, ਇਸ ਉੱਤੇ ਮੈਡਮ ਨੇ ਕਿਹਾ, ਇਸ ਦੀ ਫਿਕਰ ਤੁਸੀਂ ਨਾ ਕਰੋ, ਜਦੋਂ ਤਿਆਰ ਹੋਵੇ, ਮੈਨੂੰ ਦੱਸ ਦੇਣਾ।

ਜਦੋਂ ਸੰਦੀਪ ਘਰ ਆਇਆ ਤੇ ਇਸ ਉੱਤੇ ਬਹੁਤ ਸੋਚਣ ਲੱਗਾ, ਕਿ ਹੁਣ ਸਰੋਂ ਦਾ ਤੇਲ ਬਣਾ ਕੇ ਵੇਚਾਂਗੇ, ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਇਹ ਵੀ ਚੱਲ ਰਿਹਾ ਸੀ ਕਿ ਮੈਡਮ ਨੇ ਕੁਝ ਸੋਚ ਸਮਝ ਕੇ ਹੀ ਕਿਹਾ ਹੋਵੇਗਾ। ਫਿਰ ਸੰਦੀਪ ਨੇ ਪਿਤਾ ਹਰਵਿੰਦਰ ਨਾਲ ਇਸ ਬਾਰੇ ਵਿਚਾਰ ਕੀਤੀ ਤੇ ਬਹੁਤ ਜ਼ਿਆਦਾ ਸੋਚਣ ਮਗਰੋਂ ਪਿਤਾ ਜੀ ਨੇ ਕਿਹਾ, ਚੱਲੋ ਇੱਕ ਬਾਰ ਕਰਕੇ ਦੇਖ ਹੀ ਲੈਂਦੇ ਹਨ। ਫਿਰ ਸੰਦੀਪ ਨੇ ਕੇ.ਵੀ.ਕੇ. ਖੇੜੀ ਵਿਖੇ ਹੀ ਸਰ੍ਹੋਂ ਦੇ ਤੇਲ ਦੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਕੀਤਾ।

2017 ਵਿੱਚ ਜਦੋਂ ਟ੍ਰੇਨਿੰਗ ਲੈ ਕੇ ਸੰਦੀਪ ਸਰ੍ਹੋਂ ਦੀ ਪ੍ਰੋਸੈਸਿੰਗ ਉੱਤੇ ਕੰਮ ਸ਼ੁਰੂ ਕਰਨ ਲੱਗੇ ਤਾਂ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਸਰ੍ਹੋਂ ਦੀ ਪ੍ਰੋਸੈਸਿੰਗ ਕਿੱਥੇ ਕਰਾਂਗੇ, ਥੋੜਾ ਸੋਚਣ ਤੇ ਵਿਚਾਰ ਆਇਆ ਕਿ ਕੇ.ਵੀ.ਕੇ. ਖੇੜੀ ਵਿਖੇ ਪ੍ਰੋਸੈਸਿੰਗ ਕਰ ਸਕਦੇ ਹਾਂ। ਫਿਰ ਦੇਰੀ ਨਾ ਕਰਦੇ ਹੋਏ ਉਹਨਾਂ ਨੇ ਸਰੋਂ ਦੇ ਬੀਜਾਂ ਦਾ ਤੇਲ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਘਰ ਪੈਕਿੰਗ ਕਰਕੇ ਰੱਖ ਲਈ। ਪਰ ਮਾਰਕੀਟਿੰਗ ਦੀ ਵੱਡੀ ਮੁਸ਼ਕਿਲ ਸਾਹਮਣੇ ਆ ਖੜੀ ਹੋ ਗਈ, ਬੇਸ਼ੱਕ ਮੈਡਮ ਨੇ ਕਿਹਾ ਸੀ।

PAU ਵਿਖੇ ਹਰ ਸਾਲ ਜਿਵੇਂ ਕਿਸਾਨ ਮੇਲਾ ਲੱਗਦਾ ਸੀ ਇਸ ਵਾਰ ਵੀ ਕਿਸਾਨ ਮੇਲਾ ਲੱਗਣਾ ਸੀ ਤੇ ਮੈਡਮ ਨੇ ਸੰਦੀਪ ਦੀ ਮੇਲੇ ਵਿੱਚ ਆਪਣੇ ਆਪ ਹੀ ਸਟਾਲ ਦੀ ਬੁਕਿੰਗ ਕਰ ਦਿੱਤੀ ਤੇ ਕਿਹਾ, ਬਸ ਪ੍ਰੋਡਕਟ ਲੈ ਕੇ ਆ ਜਾਇਓ।

ਅਸੀਂ ਆਪਣੀ ਗੱਡੀ ਵਿੱਚ ਤੇਲ ਦੀਆਂ ਬੋਤਲਾਂ ਰੱਖ ਕੇ ਲੈ ਗਏ ਤੇ ਮੇਲੇ ਵਿੱਚ ਜਾ ਕੇ ਸਟਾਲ ਲਗਾ ਦਿੱਤੀ- ਸੰਦੀਪ ਸਿੰਘ

ਦੇਖਦੇ ਹੀ ਦੇਖਦੇ 100 ਤੋਂ 150 ਲੀਟਰ ਦੇ ਕਰੀਬ ਕਨੋਲਾ ਸਰੋਂ ਤੇਲ 2 ਘੰਟੇ ਦੇ ਵਿੱਚ ਹੀ ਵਿਕ ਗਿਆ ਤੇ ਸੰਦੀਪ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਜਿਸ ਵਸਤੂ ਨੂੰ ਨਕਾਰ ਰਿਹਾ ਸੀ ਉਹ ਤੇ ਇੱਕ ਦਮ ਹੀ ਵਿਕ ਗਿਆ। ਉਹ ਦਿਨ ਸੰਦੀਪ ਲਈ ਇੱਕ ਨਾ ਭੁੱਲਣਯੋਗ ਸੁਪਨਾ ਬਣ ਗਿਆ, ਜੋ ਸਿਰਫ ਹਲੇ ਸੋਚਿਆ ਹੀ ਸੀ ਉਹ ਪੂਰਾ ਵੀ ਹੋ ਗਿਆ।

ਫਿਰ ਸੰਦੀਪ ਨੇ ਜਿੱਥੇ-ਜਿੱਥੇ ਵੀ ਕਿਸਾਨ ਮੇਲੇ, ਕਿਸਾਨ ਹੱਟ, ਆਤਮਾ ਕਿਸਾਨ ਬਾਜ਼ਾਰ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਇਹਨਾਂ ਮੇਲਿਆਂ ਵਿੱਚ ਜਾਣ ਤੋਂ ਪਹਿਲਾ ਉਹਨਾਂ ਨੇ ਕਨੌਲਾ ਤੇਲ ਦੇ ਬਰੈਂਡ ਨਾਮ ਬਾਰੇ ਸੋਚਿਆ ਜੋ ਕਿ ਗ੍ਰਾਹਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਫਿਰ ਉਹ ਕਨੋਲਾ ਆਇਲ ਨੂੰ ਤੇਗ ਕਨੋਲਾ ਆਇਲ ਬਰੈਂਡ ਨਾਮ ਤੋਂ ਰਜਿਸਟਰਡ ਕਰਵਾ ਕੇ ਵੇਚਣ ਲੱਗੇ।

ਹੌਲੀ-ਹੌਲੀ ਮੇਲਿਆਂ ਵਿੱਚ ਜਾਣ ਨਾਲ ਗ੍ਰਾਹਕ ਉਨ੍ਹਾਂ ਤੋਂ ਸਰੋਂ ਦਾ ਤੇਲ ਲੈਣ ਲੱਗੇ, ਜਿਸ ਨਾਲ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗ ਗਿਆ ਤੇ ਬਹੁਤ ਸਾਰੇ ਗ੍ਰਾਹਕ ਇਸ ਤਰ੍ਹਾਂ ਦੇ ਹਨ ਜੋ ਉਹਨਾਂ ਦੇ ਪੱਕੇ ਗ੍ਰਾਹਕ ਬਣ ਗਏ। ਉਹ ਗ੍ਰਾਹਕ ਅੱਗੇ ਤੋਂ ਅੱਗੇ ਮਾਰਕੀਟਿੰਗ ਕਰ ਰਹੇ ਹਨ ਜਿਸ ਨਾਲ ਸੰਦੀਪ ਨੂੰ ਮੋਬਾਈਲ ‘ਤੇ ਹੀ ਆਰਡਰ ਆਉਂਦੇ ਹਨ ਤੇ ਆਰਡਰ ਨੂੰ ਪੂਰਾ ਕਰਦੇ ਹਨ। ਅੱਜ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸਗੋਂ ਘਰ ਬੈਠੇ ਹੀ ਆਰਡਰ ਪੂਰਾ ਕਰਦੇ ਹਨ ਅਤੇ ਮੁਨਾਫ਼ਾ ਕਮਾ ਰਹੇ ਹਨ, ਜਿਸ ਦਾ ਸਾਰਾ ਧੰਨਵਾਦ ਉਹ ਆਪਣਾ ਪਿਤਾ ਹਰਵਿੰਦਰ ਜੀ ਨੂੰ ਕਰਦੇ ਹਨ। ਬਾਕੀ ਮਾਰਕੀਟਿੰਗ ਉਹ ਸੰਗਰੂਰ, ਲੁਧਿਆਣਾ ਸ਼ਹਿਰ ਵਿਖੇ ਕਰ ਰਹੇ ਹਨ।

ਅੱਜ ਮੈਂ ਜੋ ਹਾਂ, ਆਪਣੇ ਪਿਤਾ ਕਰਕੇ ਹੀ ਹਾਂ- ਸੰਦੀਪ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਪੂਰਾ ਪਰਿਵਾਰ ਦਿੰਦਾ ਹੈ ਤੇ ਪੈਕਿੰਗ ਬਗੈਰਾ ਉਹ ਆਪਣੇ ਘਰ ਵਿਖੇ ਹੀ ਕਰਦੇ ਹਨ, ਪਰ ਪ੍ਰੋਸੈਸਿੰਗ ਦਾ ਕੰਮ ਪਹਿਲਾ ਜਿੱਥੇ ਕੇ.ਵੀ.ਕੇ. ਖੇੜੀ ਵਿਖੇ ਕਰਦੇ ਸਨ, ਹੁਣ ਨਾਲ ਦੇ ਪਿੰਡ ਵਿਖੇ ਕਿਰਾਏ ‘ਤੇ ਕਰਕੇ ਆਉਂਦੇ ਹਨ।

ਇਸ ਦੇ ਨਾਲ ਉਹ ਗੰਨੇ ਦੀ ਵੀ ਪ੍ਰੋਸੈਸਿੰਗ ਕਰਕੇ ਉਹਨਾਂ ਦੀ ਵੀ ਮਾਰਕੀਟਿੰਗ ਕਰਦੇ ਹਨ ਤੇ ਜਿਸ ਦਾ ਸਾਰਾ ਕੰਮ ਆਪਣੇ ਫਾਰਮ ਵਿਖੇ ਹੀ ਕਰਦੇ ਹਨ ਤੇ 38 ਏਕੜ ਜ਼ਮੀਨ ਦੇ ਵਿੱਚ ਉਹਨਾਂ 23 ਏਕੜ ਦੇ ਵਿੱਚ ਗੰਨਾ, ਸਰ੍ਹੋਂ, ਰਵਾਇਤੀ ਖੇਤੀ, ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਜਿਸ ਵਿਚ ਖਾਦਾਂ ਦੀ ਵਰਤੋਂ PAU ਦੇ ਦੱਸੇ ਅਨੁਸਾਰ ਹੀ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ।

ਉਹਨਾਂ ਨੂੰ ਮੇਲਿਆਂ ਦੇ ਦੌਰਾਨ ਕਨੋਲਾ ਸਰੋਂ ਆਇਲ ਵਿਚ ਪਹਿਲਾ ਦਰਜਾ ਪ੍ਰਾਪਤ ਹੋਇਆ ਹੈ, ਇਸ ਦੇ ਨਾਲ-ਨਾਲ ਉਹਨਾਂ ਨੂੰ ਹੋਰ ਬਹੁਤ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਭਵਿੱਖ ਦੀ ਯੋਜਨਾ

ਉਹ ਪ੍ਰੋਸੈਸਿੰਗ ਦਾ ਕੰਮ ਆਪਣੇ ਫਾਰਮ ਵਿਖੇ ਹੀ ਵੱਡੇ ਪੱਧਰ ‘ਤੇ ਲਗਾ ਕੇ ਤੇਲ ਦਾ ਕੰਮ ਕਰਨਾ ਚਾਹੁੰਦੇ ਹਨ ਤੇ ਰੋਜ਼ਗਾਰ ਮੁਹਈਆ ਕਰਵਾਉਣਾ ਚਾਹੁੰਦੇ ਹਨ।

ਸੰਦੇਸ਼

ਹਰ ਇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਪ੍ਰੋਸੈਸਿੰਗ ਵੱਲ ਧਿਆਨ ਦੇਵੇ, ਜ਼ਰੂਰੀ ਨਹੀਂ ਸਰੋਂ ਦੀ, ਹੋਰ ਵੀ ਬਹੁਤ ਸਾਰੀਆਂ ਫਸਲਾਂ ਹਨ ਜਿਸਦੀ ਪ੍ਰੋਸੈਸਿੰਗ ਕਰਕੇ ਤੁਸੀਂ ਖੇਤੀ ਦੇ ਵਿੱਚ ਮੁਨਾਫ਼ਾ ਕਮਾ ਸਕਦੇ ਹੋ।

ਹਿੰਦ ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਵਿੱਚ ਜੋਜੋਬਾ ਦੀ ਖੇਤੀ ਕਰਨ ਵਾਲੇ ਕਿਸਾਨ ਨਾਲ ਮਿਲੋ, ਜਿਸਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਹਾਸਿਲ ਕੀਤੀ, ਪਰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ

ਖੇਤੀਬਾੜੀ ਨਾ ਕਦੇ ਅਸਾਨ ਸੀ ਅਤੇ ਨਾ ਹੀ ਅਸਾਨ ਹੋਵੇਗੀ। ਪਰ ਕਈ ਲੋਕਾਂ ਲਈ, ਜਿਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੁੰਦਾ, ਉਨ੍ਹਾਂ ਲਈ ਖੇਤੀ ਹੀ ਇੱਕ-ਮਾਤਰ ਵਿਕਲਪ ਹੁੰਦਾ ਹੈ। ਇਸ ਲਈ ਅੱਜ ਦੇ ਕਈ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਅਤੇ ਕਾਲਜ ਭੇਜਦੇ ਹਨ, ਤਾਂ ਕਿ ਬੱਚੇ ਜੋ ਚਾਹੁੰਦੇ ਹਨ ਉਹ ਚੁਣਨ ਅਤੇ ਜੋ ਬਣਨਾ ਚਾਹੁੰਦੇ ਹਨ, ਉਹੀ ਬਣਨ। ਪਰ ਹਿੰਦ ਪਾਲ ਸਿੰਘ ਇੱਕ ਅਜਿਹੇ ਇਨਸਾਨ ਹਨ, ਜਿਨ੍ਹਾਂ ਕੋਲ ਚੰਗਾ ਕਾਰੋਬਾਰ ਚੁਣਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਖੇਤੀਬਾੜੀ ਨੂੰ ਚੁਣਿਆ।

ਹਿੰਦ ਪਾਲ ਸਿੰਘ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਕ੍ਰਿਸ਼ੀ ਪਰਿਵਾਰ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਬਹੁਤ ਹੀ ਅਲੱਗ ਅਤੇ ਆਧੁਨਿਕ ਵਾਤਾਵਰਨ ਵਿੱਚ ਹੋਇਆ। ਆਪਣੇ ਪਿਤਾ ਨਾਲੋਂ ਅਲੱਗ ਪੇਸ਼ਾ ਚੁਣਨ ਦੇ ਉਦੇਸ਼ ਨਾਲ ਉਨ੍ਹਾਂ ਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਵਿੱਚ ਬੈਚਲਰ ਦੀ ਡਿਗਰੀ ਕੀਤੀ।

“ਪਰ ਸ਼ਾਇਦ ਹਿੰਦ ਪਾਲ ਸਿੰਘ ਦਾ ਇਸੇ ਖੇਤਰ ਵਿੱਚ ਕਾਰੋਬਾਰ ਜਾਰੀ ਰੱਖਣਾ ਕਿਸਮਤ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੇ ਪਿਤਾ ਕਿਸਾਨ ਸੀ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਦੀ ਕਾਫੀ ਰੁਚੀ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਤੀਬਾੜੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।”

ਆਪਣੇ ਪਿਤਾ ਦਾ ਖੇਤੀ ਵੱਲ ਨੂੰ ਰੁਝਾਨ ਦੇਖ ਕੇ ਉਨ੍ਹਾਂ ਨੇ ਪਿਤਾ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਮੈਗਜ਼ੀਨ ਜਿਵੇਂ ਕਿ ਚੰਗੀ ਖੇਤੀ ਆਦਿ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਵਿੱਚੋਂ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਨੇ ਜੋਜੋਬਾ ਦੀ ਖੇਤੀ ਬਾਰੇ ਪੜ੍ਹਿਆ ਅਤੇ ਇਸਨੂੰ ਸ਼ੁਰੂ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਜੈਪੁਰ ਦਾ ਦੌਰਾ ਕੀਤਾ ਅਤੇ ਉੱਥੇ ਜੋਜੋਬਾ ਦੀ ਖੇਤੀ ਦੀ ਟ੍ਰੇਨਿੰਗ ਲਈ। ਸ਼੍ਰੀ ਸੈਣੀ ਜੀ ਟ੍ਰੇਨਿੰਗ ਸਟਾਫ਼ ਦੇ ਮੈਂਬਰ ਸਨ, ਜਿਨ੍ਹਾਂ ਨੇ ਜੋਜੋਬਾ ਦੀ ਖੇਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਨਿਰਦੇਸ਼ਿਤ ਕੀਤਾ ਅਤੇ ਖ਼ਾਸ ਤੌਰ ‘ਤੇ ਸ਼ਹਿਰ ਵਿੱਚ ਸਥਿਤ ਆਪਣੇ ਫਾਰਮ ਦਾ ਦੌਰਾ ਵੀ ਕਰਵਾਇਆ।

ਸ਼ੁਰੂ ਵਿੱਚ ਹਿੰਦ ਪਾਲ ਸਿੰਘ ਜੋਜੋਬਾ ਦੀ ਖੇਤੀ ਸ਼ੁਰੂ ਕਰਨ ਸਮੇਂ ਥੋੜ੍ਹਾ ਘਬਰਾਏ, ਪਰ ਹੁਣ 12 ਸਾਲ ਤੋਂ ਉਹ ਜੋਜੋਬਾ ਦੀ ਖੇਤੀ ਕਰ ਰਹੇ ਹਨ ਅਤੇ ਇਸਦੀ ਉਪਜ ਅਤੇ ਲਾਭ ਤੋਂ ਕਾਫੀ ਖੁਸ਼ ਹਨ। ਉਹ ਜੋਜੋਬਾ ਦੇ ਪੌਦੇ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦਦੇ ਹਨ, ਕਿਉਂਕਿ ਜੋਜੋਬਾ ਦੇ ਪੌਦੇ 10:1 ਅਨੁਪਾਤ ਵਿੱਚ ਉਗਾਏ ਜਾਂਦਾ ਹਨ, ਜਿਸ ਵਿੱਚ 10 ਪੌਦੇ ਮਾਦਾ ਅਤੇ 1 ਪੌਦਾ ਨਰ ਹੁੰਦਾ ਹੈ ਅਤੇ ਇੱਕ ਉੱਚਿਤ ਖੇਤੀਬਾੜੀ ਯੂਨੀਵਰਸਿਟੀ ਜਾਂ ਮਾਹਿਰ ਹੀ ਸਹੀ ਜੋਜੋਬਾ ਦੇ ਪੌਦੇ ਉਪਲੱਬਧ ਕਰਾ ਸਕਦੇ ਹਨ, ਕਿਉਂਕਿ ਆਮ ਲੋਕ ਫੁੱਲ ਨਿਕਲਣ ਤੋਂ ਪਹਿਲਾਂ(ਤਿੰਨ ਸਾਲ ਤੱਕ) ਨਰ ਅਤੇ ਮਾਦਾ ਪੌਦੇ ਦੀ ਪਹਿਚਾਣ ਨਹੀਂ ਕਰ ਸਕਦੇ।

“ਨਰ ਪੌਦਿਆਂ ਦੇ ਪ੍ਰਜਣਨ ਦੁਆਰਾ ਮਾਦਾ ਪੌਦੇ ਫੁੱਲਾਂ ਤੋਂ ਬੀਜਾਂ ਦਾ ਉਤਪਾਦਨ ਕਰਦੇ ਹਨ, ਬੀਜ ਉਤਪਾਦਨ ਲਈ ਮਾਦਾ ਪੌਦੇ ਨਰ ਪੌਦਿਆਂ ‘ਤੇ ਨਿਰਭਰ ਹੁੰਦੇ ਹਨ।”

ਹਿੰਦ ਪਾਲ ਸਿੰਘ ਲਈ ਜੋਜੋਬਾ ਦੀ ਖੇਤੀ ਅਤੇ ਬਿਜਾਈ ਅਸਾਨ ਨਹੀਂ ਸੀ। ਉਨ੍ਹਾਂ ਦੇ ਰਸਤੇ ਵਿੱਚ ਸਿਉਂਕ ਅਤੇ ਫੰਗਸ ਵਰਗੀਆਂ ਕਈ ਸਮੱਸਿਆਵਾਂ ਆਈਆਂ, ਪਰ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ। ਉਹ ਹਮੇਸ਼ਾ ਮਾਹਿਰਾਂ ਤੋਂ ਸਲਾਹ ਲੈਂਦੇ ਹਨ ਅਤੇ ਖੇਤੀ ਲਈ ਮਾਈਕ੍ਰੋ ਫੂਡ ਅਤੇ ਮੁੱਢਲੀਆਂ ਖਾਦਾਂ ਦੀ ਵਰਤੋਂ ਕਰਦੇ ਹਨ। ਬਿਜਾਈ ਤੋਂ ਬਾਅਦ 6 ਤੋਂ 7 ਸਾਲ ਤੱਕ ਜੋਜੋਬਾ ਦਾ ਪੌਦਾ ਫਲ ਦੇਣਾ ਸ਼ੁਰੂ ਕਰਦਾ ਹੈ।

“ਇੱਕ ਵਾਰ ਨਿਵੇਸ਼- ਰਾਜਸਥਾਨ ਵਰਗੇ ਖੇਤਰ, ਜਿੱਥੇ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਹੈ, ਉੱਥੇ ਜੋਜੋਬਾ ਦੀ ਖੇਤੀ ਕਰਨ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਫ਼ਸਲ ਨੂੰ ਸਿੰਚਾਈ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ(ਇਹ ਪੌਦਾ 2 ਸਾਲ ਤੱਕ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ)। ਇਸ ਤੋਂ ਇਲਾਵਾ ਇਸ ਪੌਦੇ ਦੀ ਉਮਰ 100 ਸਾਲ ਤੱਕ ਹੁੰਦੀ ਹੈ।”

ਸ਼ੁਰੂਆਤ ਵਿੱਚ, ਜਦੋਂ ਜੋਜੋਬਾ ਦੇ ਪੌਦੇ ਛੋਟੇ ਹੁੰਦੇ ਹਨ, ਉਸ ਸਮੇਂ ਇਸ ਵਿੱਚ ਅੰਤਰ-ਫ਼ਸਲੀ ਵੀ ਅਪਨਾਈ ਜਾ ਸਕਦੀ ਹੈ, ਕਿਉਂਕਿ 6 ਤੋਂ 7 ਸਾਲ ਤੱਕ ਇਹ ਬੀਜ ਨਹੀਂ ਪੈਦਾ ਕਰਦੇ। ਉਨ੍ਹਾਂ ਨੇ ਉਪਜ ਦੇ ਮੰਡੀਕਰਨ ਵਿੱਚ ਵੀ ਕੁੱਝ ਸਮੱਸਿਆਵਾਂ ਦਾ ਸਾਹਮਣਾ ਕੀਤਾ, ਪਰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲਈ। ਕਾੱਸਮੈਟਿਕ ਕੰਪਨੀਆਂ ਨੂੰ ਫੇਸ ਕਰੀਮ, ਤੇਲ, ਫੇਸ ਵਾੱਸ਼ ਅਤੇ ਕਈ ਹੋਰ ਸੁੰਦਰਤਾ ਵਾਲੇ ਉਤਪਾਦ ਬਣਾਉਣ ਲਈ ਜੋਜੋਬਾ ਦੇ ਬੀਜਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਗ੍ਰਾਹਕਾਂ ਨੂੰ ਜਲਦੀ ਹੀ ਲੱਭਿਆ ਅਤੇ ਮੁਨਾਫ਼ਾ ਲੈਣਾ ਸ਼ੁਰੂ ਕੀਤਾ।

“ਜੋਜੋਬਾ ਦੇ ਤੇਲ ਵਿੱਚ ਵਿਸਕੋਸਿਟੀ ਇੰਡੈੱਕਸ ਦੇ ਕਾਰਨ ਇਸਨੂੰ ਬਾਲਣ(ਈਂਧਨ) ਤੇਲ ਦੇ ਰੂਪ ਵਿੱਚ ਵਿਕਲਪੀ ਤੌਰ ‘ਤੇ ਵਰਤਿਆ ਜਾਂਦਾ ਹੈ। ਇਸਨੂੰ ਹਾਈ-ਸਪੀਡ ਮਸ਼ੀਨਰੀ ਜਾਂ ਉੱਚ-ਤਾਪਮਾਨ ‘ਤੇ ਚੱਲਣ ਵਾਲੀਆਂ ਮਸ਼ੀਨਾਂ ਲਈ ਟ੍ਰਾਂਸਫਾਰਮਰ ਤੇਲ ਜਾਂ ਲੁਬਰੀਕੈਂਟ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।”

ਇਸ ਤੋਂ ਇਲਾਵਾ ਉਹ ਜੋਜੋਬਾ ਦੀ ਖੇਤੀ ਲਗਭਗ 5 ਏਕੜ ਵਿੱਚ ਕਰਦੇ ਹਨ। ਬਾਕੀ 65 ਏਕੜ ਜ਼ਮੀਨ ‘ਤੇ ਉਹ ਨਰਮੇ, ਕਣਕ, ਮੌਸੰਮੀ, ਸਬਜ਼ੀਆਂ, ਸਰ੍ਹੋਂ, ਕਿੰਨੂ ਅਤੇ ਹੋਰ ਫਸਲਾਂ ਉਗਾਉਂਦੇ ਹਨ। ਉਹ ਚੰਗੀ ਖੇਤੀ ਲਈ ਸਾਰੀਆਂ ਆਧੁਨਿਕ ਮਸ਼ੀਨਰੀ ਜਿਵੇਂ ਕਿ ਟ੍ਰੈਕਟਰ, ਟਰਾਲੀ, ਹਲ਼, ਲੈਵਲਰ, ਡਿਸਕ ਹੈਰੋ ਅਤੇ ਤੁਪਕਾ ਸਿੰਚਾਈ ਦੀ ਵਰਤੋਂ ਕਰਦੇ ਹਨ। ਉਹ ਭਵਿੱਖ ਵਿੱਚ ਇਸ ਕੰਮ ਨੂੰ ਵਧਾਉਣਾ ਚਾਹੁੰਦੇ ਹਨ, ਜੋ ਉਹ ਹੁਣ ਕਰ ਰਹੇ ਹਨ ਅਤੇ ਜੋਜੋਬਾ ਦੇ ਬੀਜਾਂ ਦੇ ਵਫਾਦਾਰ ਅਤੇ ਮੁਨਾਫ਼ੇ ਵਾਲੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। 45 ਹਜ਼ਾਰ ਦੇ ਨਿਵੇਸ਼ ਨਾਲ ਅੱਜ ਉਹ ਲੱਖਾਂ ਕਮਾ ਰਹੇ ਹਨ। ਇਸ ਤੋਂ ਇਲਾਵਾ ਜੋਜੋਬਾ ਇੱਕ ਬਿਮਾਰੀ-ਰਹਿਤ ਅਤੇ ਅੱਗ ਦਾ ਪ੍ਰਤੀ ਰੋਧਕ ਪੌਦਾ ਹੈ, ਜਿਸਨੂੰ ਇੱਕ ਵਾਰ ਵਿਕਸਿਤ ਹੋ ਜਾਣ ਤੋਂ ਬਾਅਦ ਬਹੁਤ ਘੱਟ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ।

ਕਿਸਾਨਾਂ ਨੂੰ ਸੰਦੇਸ਼:
ਕਿਸਾਨਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਖੇਤੀਬਾੜੀ ਤੋਂ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਕੁੱਝ ਅਲੱਗ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ, ਕਿਸਾਨਾਂ ਨੂੰ ਆਪਣੇ ਮੁਨਾਫ਼ੇ ਦਾ ਹਿਸਾਬ ਰੱਖਣਾ ਚਾਹੀਦਾ ਹੈ ਅਤੇ ਜੇਕਰ ਉਹ ਕੁੱਝ ਅਲੱਗ ਸ਼ੁਰੂ ਕਰਦੇ ਹਨ ਤਾਂ ਉਸ ਲਈ 100% ਯਤਨ ਕਰਨੇ ਚਾਹੀਦੇ ਹਨ।”

ਕੁਨਾਲ ਗਹਿਲੋਟ

ਪੂਰੀ ਕਹਾਣੀ ਪੜ੍ਹੋ

ਇੱਕ ਸ਼ਹਿਰੀ ਕਿਸਾਨ, ਜੋ ਸਬਜ਼ੀਆਂ ਦੀ ਖੇਤੀ ਨਾਲ ਲੱਖਾਂ ਦੀ ਕਮਾਈ ਕਰ ਰਿਹਾ ਹੈ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਮਾਂ ਸਭ ਦੇ ਲਈ ਸੀਮਿਤ ਹੈ ਅਤੇ ਸਖ਼ਤ ਮਿਹਨਤ ਨਾਲ ਕਿਸੇ ਵੀ ਵਿਅਕਤੀ ਨੂੰ ਕਰੋੜਪਤੀ ਉਮੀਦਵਾਰਾਂ ਨਾਲ ਮੁਕਾਬਲਾ ਕਰਨ ਵਿੱਚ ਸਹਾਇਤਾ ਨਹੀਂ ਮਿਲੇਗੀ, ਕਿਉਂਕਿ ਜੇਕਰ ਸਖ਼ਤ ਮਿਹਨਤ ਨਾਲ ਕਿਸਮਤ ਨੂੰ ਪ੍ਰਾਪਤ ਕਰਨਾ ਸੰਭਵ ਹੈ ਤਾਂ ਅੱਜ ਦੇ ਕਿਸਾਨ ਇਸ ਦੇਸ਼ ਵਿੱਚ ਸਭ ਤੋਂ ਵੱਡੇ ਕਰੋੜਪਤੀ ਹੁੰਦੇ।

ਜੋ ਚੀਜ਼ ਤੁਹਾਡੇ ਕੰਮ ਨੂੰ ਵਧੇਰੇ ਅਸਰਦਾਰ ਅਤੇ ਲਾਭਕਾਰੀ ਬਣਾਉਂਦੀ ਹੈ, ਉਹ ਹੈ ਹੁਸ਼ਿਆਰੀ। ਇਹ ਕਹਾਣੀ ਹੈ ਦਿੱਲੀ ਦੇ ਬਾਹਰੀ ਪਿੰਡ- ਟਿਗੀਪੁਰ ਦੇ ਇੱਕ ਸਧਾਰਨ ਕਿਸਾਨ ਦੀ, ਜੋ ਕਿ ਖੇਤੀਬਾੜੀ ਦੀ ਆਧੁਨਿਕ ਤਕਨੀਕ ਨਾਲ ਸਬਜ਼ੀਆਂ ਦੀ ਖੇਤੀ ਵਿੱਚ ਲੱਖਾਂ ਕਮਾ ਰਹੇ ਹਨ। ਅਜਿਹਾ ਨਹੀਂ ਕਿ ਉਨ੍ਹਾਂ ਕੋਲ ਕੋਈ ਉੱਚ ਤਕਨੀਕ ਵਾਲੀ ਮਸ਼ੀਨਰੀ ਜਾਂ ਉਪਕਰਣ ਹਨ ਜਾਂ ਉਹ ਖਾਦ ਦੀ ਜਗ੍ਹਾ ਸੋਨੇ ਦੀ ਵਰਤੋਂ ਕਰਦੇ ਹਨ, ਇਹ ਸਿਰਫ਼ ਉਨ੍ਹਾਂ ਦਾ ਬੁੱਧੀਮਾਨ ਦ੍ਰਿਸ਼ਟੀਕੋਣ ਹੈ, ਜੋ ਉਹ ਆਪਣੇ ਖੇਤਾਂ ਵਿੱਚ ਲਾਗੂ ਕਰ ਰਹੇ ਹਨ।

ਕੁਨਾਲ ਗਹਿਲੋਟ ਦੁਆਰਾ ਅਪਣਾਈ ਗਈ ਤਕਨੀਕ….

ਕੁਨਾਲ ਗਹਿਲੋਟ 2004 ਤੋਂ ਫ਼ਸਲੀ ਵਿਭਿੰਨਤਾ ਅਤੇ ਖੇਤੀ ਵਿਭਿੰਨਤਾ ਨਾਲ ਜੁੜੇ ਹੋਏ ਹਨ, ਜਿਸ ਦੇ ਨਤੀਜੇ ਵਜੋਂ 10 ਸਾਲਾਂ ਵਿੱਚ ਉਨ੍ਹਾਂ ਦੇ ਖੇਤ ਦੀ ਆਮਦਨ ਵਿੱਚ 500% ਵਾਧਾ ਹੋਇਆ। ਜੀ ਹਾਂ, ਤੁਸੀਂ ਸਹੀ ਪੜ੍ਹ ਰਹੇ ਹੋ! ਸਾਲ 2004 ਵਿੱਚ ਉਨ੍ਹਾਂ ਦੇ ਖੇਤ ਦੀ ਆਮਦਨ 5 ਲੱਖ ਸੀ ਅਤੇ 2015 ਵਿੱਚ 35 ਲੱਖ ਹੋ ਗਈ।

6 ਅੰਕਾਂ ਦੀ ਆਮਦਨ ਨੂੰ 7 ਅੰਕਾਂ ਵਿੱਚ ਬਦਲਣਾ ਕੁਨਾਲ ਗਹਿਲੋਟ ਲਈ ਹੀ ਸੰਭਵ ਸੀ ਕਿਉਂਕਿ ਉਹ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਲਾਗੂ ਕਰਦੇ ਸਨ। ਦੂਜੇ ਕਿਸਾਨਾਂ ਤੋਂ ਉਲਟ ਉਨ੍ਹਾਂ ਨੇ ਫ਼ਸਲਾਂ, ਪੌਦਿਆਂ ਅਤੇ ਬਾਗਬਾਨੀ ਉਤਪਾਦਾਂ ਜਿਵੇਂ ਕਿ ਮਸ਼ਰੂਮ ਦੀ ਖੇਤੀ ਅਤੇ ਸਬਜ਼ੀਆਂ ਦੀ ਖੇਤੀ ਦੇ ਉਤਪਾਦਨ ਵਿੱਚ ਵਿਗਿਆਨਕ ਤਕਨੀਕਾਂ ਨੂੰ ਅਪਣਾਇਆ। ਇਸ ਪਹਿਲ-ਕਦਮੀ ਨਾਲ, ਉਨ੍ਹਾਂ ਨੇ ਸਿਰਫ਼ 4 ਮਹੀਨੇ ਵਿੱਚ 3.60 ਲੱਖ ਪ੍ਰਤੀ ਹੈਕਟੇਅਰ ਦੀ ਕਮਾਈ ਕੀਤੀ।

ਕਿਵੇਂ ਮਾਰਕਟਿੰਗ ਨੇ ਉਨ੍ਹਾਂ ਦੀ ਖੇਤੀਬਾੜੀ ਨੂੰ ਅਗਲੇ ਸਤਰ ‘ਤੇ ਪਹੁੰਚਾਇਆ….

ਮੰਡੀ ਦੀਆਂ ਮੰਗਾਂ ਅਨੁਸਾਰ, ਖੇਤੀਬਾੜੀ ਉਤਪਾਦਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਅਤੇ ਕਈ ਨਵੇਂ ਪ੍ਰਭਾਵਸ਼ਾਲੀ ਲਿੰਕ ਬਣਾਏ ਗਏ, ਜਿਸ ਨਾਲ ਕੁਨਾਲ ਗਹਿਲੋਟ ਦੀਆਂ ਜ਼ਰੂਰਤਾਂ ਅਨੁਸਾਰ ਸੰਭਾਵੀ ਬਜ਼ਾਰ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੀ।

ਖੇਤੀਬਾੜੀ ਉਪਜ ਦੀ ਉਤਪਾਦਕਤਾ ਵਧਾਉਣ ਲਈ ਉਨ੍ਹਾਂ ਨੇ ਵੱਡੇ ਪੱਧਰ ‘ਤੇ ਵਰਮੀ-ਕੰਪੋਸਟ ਪਲਾਂਟ ਦੀ ਸਥਾਪਨਾ ਕੀਤੀ ਅਤੇ ਬਿਹਤਰ ਖੇਤੀ ਅਤੇ ਕਟਾਈ ਪ੍ਰਕਿਰਿਆ ਲਈ ਖੇਤ ਵਿੱਚ ਮਸ਼ੀਨਾਂ ਦੀ ਵਰਤੋਂ ਕੀਤੀ। ਵਰਤਮਾਨ ਵਿੱਚ ਉਹ ਕਣਕ (HD-2967 ਅਤੇ PB-1509), ਝੋਨਾ, ਮੂਲੀ, ਪਾਲਕ, ਸਰ੍ਹੋਂ, ਸ਼ਲਗਮ, ਫੁੱਲ-ਗੋਭੀ, ਟਮਾਟਰ, ਗਾਜਰ ਆਦਿ ਉਗਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਹ ਸਬਜ਼ੀਆਂ ਦੇ ਬੀਜ ਵੀ ਤਿਆਰ ਕਰਦੇ ਹਨ।

ਪ੍ਰਾਪਤੀਆਂ

ਉਨ੍ਹਾਂ ਨੇ ਖੀਰੇ ਦੀ ਖੇਤੀ, ਪੱਤਾ-ਗੋਭੀ ਦੇ ਰੋਪਣ, ਗੇਂਦੇ ਅਤੇ ਮੂਲੀ ਆਦਿ ਦੀ ਅੰਤਰੀ-ਫ਼ਸਲ ਵਿੱਚ ਸੁਧਾਰ ਕੀਤਾ।

ਆਪਣੇ ਕੰਮ ਲਈ, ਉਨ੍ਹਾਂ ਨੂੰ ਵਿਭਿੰਨ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਕਈ ਪੁਰਸਕਾਰ ਅਤੇ ਮਾਨਤਾ ਮਿਲੀ। ਉਹ ਹਮੇਸ਼ਾ ਆਪਣੇ ਖੇਤਰ ਦੇ ਸਾਥੀ ਕਿਸਾਨਾਂ ਦੇ ਵਿੱਚ ਆਪਣੇ ਗਿਆਨ ਅਤੇ ਖੋਜਾਂ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਖੇਤੀ ਸੁਧਾਰਾਂ ਵਿੱਚ ਵੀ ਯੋਗਦਾਨ ਦਿੰਦੇ ਰਹਿੰਦੇ ਹਨ।

ਖੈਰ, ਚੰਗੀ ਤਰ੍ਹਾਂ ਨਾਲ ਕੀਤਾ ਗਿਆ ਹੁਸ਼ਿਆਰੀ ਵਾਲਾ ਕੰਮ ਇੱਕ ਵਿਅਕਤੀ ਨੂੰ ਕਿਤੇ ਵੀ ਲਿਜਾ ਸਕਦਾ ਹੈ। ਇਹ ਉਸ ‘ਤੇ ਹੈ ਕਿ ਉਹ ਕਿਸ ਦਿਸ਼ਾ ਵੱਲ ਜਾਣਾ ਚਾਹੁੰਦਾ ਹੈ। ਜੇਕਰ ਤੁਸੀਂ ਖੇਤੀ ਵਿਭਿੰਨਤਾ ਜਾਂ ਸਬਜ਼ੀਆਂ ਦੀ ਸੰਘਣੀ ਖੇਤੀ ਕਰਨਾ ਚਾਹੁੰਦੇ ਹੋ ਤਾਂ “ਆਪਣੀ ਖੇਤੀ” ਮੋਬਾਇਲ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਖੇਤੀਬਾੜੀ ਦੀਆਂ ਸਾਰੀਆਂ ਆਧੁਨਿਕ ਤਕਨੀਕਾਂ ਨਾਲ ਅੱਪਡੇਟ ਰੱਖੋ ਅਤੇ ਲਾਗੂ ਕਰੋ।