ਮਿਲਨ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜ਼ਜਬਾ ਹੋਵੇ ਤਾਂ ਇਕ ਔਰਤ ਲਈ ਕੁੱਝ ਨਹੀਂ ਹੈ ਨਾ-ਮੁਮਕਿਨ…ਐਸੀ ਹੀ ਇੱਕ ਮਿਸਾਲ ਹੈ ਮਿਲਨ ਸ਼ਰਮਾ

ਅਕਸਰ ਹੀ ਇਹ ਮੰਨਿਆ ਜਾਂਦਾ ਹੈ ਕਿ ਡੇਅਰੀ ਫਾਰਮਿੰਗ ਦਾ ਕੰਮ ਜ਼ਿਆਦਾਤਾਰ ਘੱਟ-ਪੜ੍ਹੇ ਲਿਖੇ ਲੋਕ ਹੀ ਕਰਦੇ ਹਨ। ਪਰ ਹੁਣ ਇਸ ਕੰਮ ਵਿੱਚ ਵੱਧ ਕਮਾਈ ਹੁੰਦੀ ਦੇਖ ਪੜ੍ਹੇ-ਲਿਖੇ ਨੌਜਵਾਨ ਵੀ ਇਸ ਧੰਦੇ ਵਿੱਚ ਸ਼ਾਮਲ ਹੋ ਰਹੇ ਹਨ। ਅੱਜ-ਕੱਲ੍ਹ ਡੇਅਰੀ ਫਾਰਮਿੰਗ ਦੇ ਕੰਮ ਵਿੱਚ ਪੁਰਸ਼ਾਂ ਦੇ ਨਾਲ-ਨਾਲ ਮਹਿਲਾਵਾਂ ਵੀ ਅੱਗੇ ਆ ਰਹੀਆਂ ਹਨ। ਇਸ ਕਹਾਣੀ ਵਿੱਚ ਅਸੀਂ ਇੱਕ ਅਜਿਹੀ ਹੀ ਮਹਿਲਾ ਦੀ ਗੱਲ ਕਰਨ ਜਾ ਰਹੇ ਹਾਂ, ਜੋ ਡੇਅਰੀ ਫਾਰਮਿੰਗ ਦਾ ਕਾਰੋਬਾਰ ਅਪਣਾ ਕੇ ਕਾਮਯਾਬ ਹੋਈ ਅਤੇ ਹੁਣ ਹੋਰ ਮਹਿਲਾਵਾਂ ਦੇ ਲਈ ਇੱਕ ਪ੍ਰੇਰਣਾਸ੍ਰੋਤ ਬਣ ਰਹੀ ਹੈ।

ਹਰਿਆਣਾ ਦੀ ਰਹਿਣ ਵਾਲੀ ਮਿਲਨ ਸ਼ਰਮਾ ਜੀ ਨੇ M.Sc Biochemistry ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਦੌਰਾਨ ਹੀ ਉਹਨਾਂ ਦਾ ਵਿਆਹ ਚੇਤਨ ਸ਼ਰਮਾ ਜੀ, ਜੋ ਕਿ ਇੱਕ ਇਲੈਕਟ੍ਰਾੱਨਿਕ ਇੰਜੀਨੀਅਰ ਹਨ, ਨਾਲ ਹੋ ਗਿਆ। ਵਿਆਹ ਤੋਂ ਬਾਅਦ, ਦੋ ਪੁੱਤਰ ਹੋਣ ਕਾਰਣ ਉਹ ਆਪਣੀ ਗ੍ਰਹਿਸਥੀ ਵਿੱਚ ਵਿਅਸਤ ਹੋ ਗਏ। ਪੁੱਤਰਾਂ ਦੇ ਸਕੂਲ ਜਾਣ ਤੋਂ ਬਾਅਦ ਉਹਨਾਂ ਨੇ ਵਿਹਲੇ ਸਮੇਂ ਵਿੱਚ ਜਰਮਨ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਹਨਾਂ ਨੂੰ ਇੱਕ ਸਕੂਲ ਵਿੱਚ ਜਰਮਨ ਭਾਸ਼ਾ ਸਿਖਾਉਣ ਲਈ ਅਧਿਆਪਕ ਵਜੋਂ ਨੌਕਰੀ ਮਿਲ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਜਰਮਨ ਕਲਚਰਲ ਸੈਂਟਰ ਨਾਲ ਪ੍ਰੋਜੈੱਕਟ ਮੈਨੇਜਰ ਦੇ ਤੌਰ ‘ਤੇ ਕਈ ਸਾਲਾਂ ਤੱਕ ਕੰਮ ਕੀਤਾ। ਇਸ ਪ੍ਰੋਜੈੱਕਟ ਦੇ ਤਹਿਤ ਬੱਚਿਆਂ ਨੂੰ ਜਰਮਨ ਭਾਸ਼ਾ ਸਿਖਾ ਕੇ ਉੱਚ ਪੜ੍ਹਾਈ ਲਈ ਜਰਮਨ ਵਿੱਚ ਜਾਣ ਵਾਸਤੇ ਤਿਆਰ ਕੀਤਾ ਜਾਂਦਾ ਸੀ।

ਅੱਗੇ ਚੱਲ ਕੇ ਦੋਨੋਂ ਬੱਚਿਆਂ ਨੂੰ ਚੰਗੀਆਂ ਨੌਕਰੀਆਂ ਮਿਲ ਗਈਆਂ ਤਾਂ ਅਸੀਂ ਦੋਨਾਂ (ਪਤੀ-ਪਤਨੀ) ਨੇ ਵਾਤਾਵਰਨ ਅਤੇ ਸਮਾਜ ਲਈ ਕੁੱਝ ਬਿਹਤਰ ਕਰਨ ਬਾਰੇ ਸੋਚਿਆ। – ਮਿਲਨ ਸ਼ਰਮਾ

ਮਿਲਨ ਜੀ ਦੇ ਸਹੁਰਾ ਸਾਹਿਬ ਜੀ ਦੇ ਕੋਲ ਪਿੰਡ ਵਿੱਚ 4 ਗਾਵਾਂ ਸਨ, ਜਿਹਨਾਂ ਦੀ ਦੇਖਭਾਲ ਖੁਦ ਕਰਦੇ ਸਨ। 2017 ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਮਿਲਨ ਅਤੇ ਉਹਨਾਂ ਦੇ ਪਤੀ ਨੇ ਆਪਣੇ ਪਿਤਾ ਦੇ ਵੱਲੋਂ ਰੱਖੀਆਂ 4 ਗਾਵਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸਦੇ ਨਾਲ ਉਹਨਾਂ ਨੇ 2 ਹੋਰ ਸਾਹੀਵਾਲ ਨਸਲ ਦੀਆਂ ਗਾਵਾਂ ਖਰੀਦੀਆਂ। ਸਮਾਂ ਬੀਤਣ ‘ਤੇ ਉਹਨਾਂ ਦਾ ਡੇਅਰੀ ਦਾ ਕੰਮ ਵਧਣ ਲੱਗਾ ਤੇ ਮਿਲਨ ਜੀ ਨੂੰ ਆਪਣੀ ਨੌਕਰੀ ਛੱਡਣੀ ਪਈ। ਪਰ ਉਹਨਾਂ ਨੂੰ ਡੇਅਰੀ ਫਾਰਮਿੰਗ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ, ਇਸ ਲਈ ਉਹਨਾਂ ਨੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ NDRI ਕਰਨਾਲ ਅਤੇ LUVAS ਅਤੇ GADVASU ਤੋਂ ਟ੍ਰੇਨਿੰਗ ਹਾਸਲ ਕੀਤੀ। ਹੌਲੀ-ਹੌਲੀ ਉਹਨਾਂ ਕੋਲ 30 ਗਾਵਾਂ ਹੋ ਗਈਆਂ। ਇਸ ਤੋਂ ਬਾਅਦ ਉਹਨਾਂ ਨੇ 6 ਏਕੜ ਵਿੱਚ “ਰੇਵਨਾਰ” ਨਾਮ ਦਾ ਇੱਕ ਫਾਰਮ ਸ਼ੁਰੂ ਕੀਤਾ। ਰੇਵਨਾਰ ਨਾਮ ਰੇਵਤੀ ਅਤੇ ਨਾਰਾਇਣ ਦੇ ਸੁਮੇਲ ਲਿਆ ਗਿਆ ਹੈ, ਜੋ ਕਿ ਮਿਲਨ ਜੀ ਦੇ ਪਤੀ ਦੇ ਦਾਦਾ-ਦਾਦੀ ਦਾ ਨਾਮ ਹੈ। ਇਸ ਫਾਰਮ ਨੂੰ ਉਹਨਾਂ ਨੇ FSSAI ਤੋਂ ਰਜਿਸਟਰ ਕਰਵਾ ਲਿਆ। ਇਸ ਸਮੇਂ ਉਹਨਾਂ ਕੋਲ ਸਾਹੀਵਾਲ, ਥਾਰਪਾਰਕਰ, ਰਾਠੀ ਅਤੇ ਗਿਰ ਨਸਲ ਦੀਆਂ 140 ਗਾਵਾਂ ਹਨ।

ਮੈਂ ਪਹਿਲਾਂ ਗਾਵਾਂ ਦੇ ਨੇੜੇ ਜਾਣ ਤੋਂ ਵੀ ਡਰਦੀ ਹੁੰਦੀ ਸੀ, ਪਰ ਹੁਣ ਮੇਰਾ ਸਾਰਾ ਦਿਨ ਗਾਵਾਂ ਦੀ ਵਿੱਚ ਗੁਜ਼ਰਦਾ ਹੈ। ਹੁਣ ਗਾਵਾਂ ਮੇਰੇ ਨਾਲ ਇਸ ਤਰ੍ਹਾਂ ਰਹਿੰਦੀਆਂ ਹਨ, ਜਿਵੇਂ ਉਹ ਮੇਰੀਆਂ ਸਹੇਲੀਆਂ ਹੋਣ। – ਮਿਲਨ ਸ਼ਰਮਾ

ਗਾਵਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਕਾਰਣ ਉਹਨਾਂ ਕੋਲ ਦੁੱਧ ਦੀ ਮਾਤਰਾ ਵੀ ਵੱਧਣ ਲੱਗੀ। ਪਹਿਲਾਂ ਉਹਨਾਂ ਤੋਂ ਰਿਸ਼ਤੇਦਾਰ ਅਤੇ ਪਿੰਡ ਦੇ ਕੁੱਝ ਲੋਕ ਹੀ ਦੁੱਧ ਲਿਜਾਂਦੇ ਸਨ, ਪਰ ਦੁੱਧ ਦੀ ਗੁਣਵੱਤਾ ਵਧੀਆ ਹੋਣ ਦੇ ਕਾਰਣ ਹੋਰਨਾਂ ਲੋਕਾਂ ਨੇ ਉਹਨਾਂ ਕੋਲੋਂ ਦੁੱਧ ਖਰੀਦਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਡਰੰਮਾਂ ਵਿੱਚ ਪਾ ਕੇ ਦੁੱਧ ਗ੍ਰਾਹਕਾਂ ਤੱਕ ਪਹੁੰਚਾਉਂਦੇ ਸਨ, ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਸ ਵਿੱਚ ਕੋਈ ਬਦਲਾਅ ਆਉਣਾ ਚਾਹੀਦਾ ਹੈ। ਹੁਣ ਉਹ ਕੱਚ ਦੀ ਬੋਤਲਾਂ ਵਿੱਚ ਦੁੱਧ ਪਾ ਕੇ ਗ੍ਰਾਹਕਾਂ ਨੂੰ ਵੇਚਦੇ ਹਨ। ਉਹਨਾਂ ਦੁਆਰਾ ਜਿਹਨਾਂ ਕੱਚ ਦੀਆਂ ਬੋਤਲਾਂ ਵਿੱਚ ਗ੍ਰਾਹਕਾਂ ਨੂੰ ਦੁੱਧ ਵੇਚਿਆ ਜਾਂਦਾ ਹੈ, ਅਗਲੇ ਦਿਨ ਗ੍ਰਾਹਕ ਉਹਨਾਂ ਬੋਤਲਾਂ ਨੂੰ ਵਾਪਸ ਕਰ ਦਿੰਦੇ ਹਨ। ਇਸ ਤਰ੍ਹਾਂ ਫਿਰ ਅਗਲੇ ਦਿਨ ਉਨ੍ਹਾਂ ਹੀ ਕੱਚ ਦੀਆਂ ਬੋਤਲਾਂ ਵਿੱਚ ਦੁੱਧ ਭਰਕੇ ਗ੍ਰਾਹਕਾਂ ਤੱਕ ਪਹੁੰਚਾਉਇਆ ਜਾਂਦਾ ਹੈ। ਉਹਨਾਂ ਦੁਆਰਾ ਦੁੱਧ ਅਤੇ ਦੁੱਧ ਤੋਂ ਤਿਆਰ ਕੀਤੇ ਉਤਪਾਦ (ਪਨੀਰ, ਦਹੀਂ, ਮੱਖਣ, ਲੱਸੀ, ਦੇਸੀ ਘਿਓ) ਆੱਨਲਾਈਨ ਵੀ ਵੇਚੇ ਜਾਂਦੇ ਹਨ। ਮਿਲਨ ਜੀ ਆਪਣੀ ਡੇਅਰੀ ਦਾ ਦੁੱਧ ਦਿੱਲੀ, ਨੋਇਡਾ, ਫਰੀਦਾਬਾਦ ਦੇ ਗ੍ਰਾਹਕਾਂ ਨੂੰ ਵੇਚਦੇ ਹਨ।

ਡੇਅਰੀ ਫਾਰਮ ਦੇ ਨਾਲ ਹੀ ਉਹ ਮਥੁਰਾ ਵਿੱਚ 15 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹਨ। ਇੱਥੇ ਫ਼ਸਲਾਂ ਵਿੱਚ ਉਹ ਕਣਕ, ਝੋਨੇ ਅਤੇ ਸਰ੍ਹੋਂ ਦੀ ਖੇਤੀ ਕਰਦੇ ਹਨ।

ਉਹਨਾਂ ਦੁਆਰਾ ਡੇਅਰੀ ਵਿੱਚ ਗਾਵਾਂ ਦੇ ਗੋਬਰ ਅਤੇ ਮੂਤਰ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਨੇ ਇੱਕ ਬਾਇਓ ਗੈਸ ਪਲਾਂਟ ਵੀ ਲਗਾਇਆ ਹੈ, ਜਿਸ ਵਿੱਚ ਗਾਵਾਂ ਦੇ ਗੋਬਰ ਤੋਂ ਗੈਸ ਤਿਆਰ ਕੀਤੀ ਜਾਂਦੀ ਹੈ, ਜਿਸ ਦੀ ਵਰਤੋਂ ਉਹ ਗਾਵਾਂ ਲਈ ਖੁਰਾਕ ਜਿਵੇਂ ਕਿ ਦਲੀਆ ਆਦਿ ਤਿਆਰ ਕਰਨ ਲਈ ਕਰਦੇ ਹਨ।

ਇਸ ਸਭ ਤੋਂ ਇਲਾਵਾ ਮਿਲਨ ਜੀ ਨੇ ਆਪਣੇ ਫਾਰਮ ‘ਤੇ ਵੱਖ-ਵੱਖ ਤਰ੍ਹਾਂ ਦੇ ਫਲਦਾਰ, ਚਕਿਤਸਿਕ ਅਤੇ ਵਿਰਾਸਤੀ ਦਰੱਖ਼ਤ ਉਗਾਏ ਹਨ, ਜਿਵੇਂ ਕਿ ਨਿੰਮ, ਟਾਹਲੀ, ਕਦਮ, ਪਪੀਤਾ, ਗਿਲੋਅ, ਆਂਵਲਾ, ਅਮਰੂਦ, ਬੇਲ ਪੱਤਰ, ਨਿੰਬੂ, ਇਮਲੀ ਆਦਿ। ਇਹਨਾਂ ਸਾਰੇ ਦਰਖ਼ੱਤਾਂ ਦੇ ਪੱਤਿਆਂ ਨੂੰ ਗਾਂ ਦੇ ਮੂਤਰ ਵਿੱਚ ਮਿਲਾ ਕੇ ਉਹ ਜੀਵ ਅੰਮ੍ਰਿਤ ਤਿਆਰ ਕਰਦੇ ਹਨ, ਜਿਸ ਦਾ ਪ੍ਰਯੋਗ ਫ਼ਸਲਾਂ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੀੜੇਮਾਰ ਦਵਾਈਆਂ ਦੀ ਥਾਂ ਉਹ ਖੱਟੀ ਲੱਸੀ ਆਦਿ ਦੀ ਵਰਤੋਂ ਕਰਦੇ ਹਨ।

ਮਿਲਨ ਜੀ ਦੇ ਪਤੀ, ਚੇਤਨ ਜੀ, ਘਰਾਂ ਅਤੇ ਕੰਪਨੀਆਂ ਵਿੱਚ ਸੋਲਰ ਪੈਨਲ ਲਗਾਉਣ ਦਾ ਕੰਮ ਕਰਦੇ ਹਨ। ਉਹਨਾਂ ਨੇ ਆਪਣੇ ਫਾਰਮ ਵਿੱਚ ਵੀ 800 ਕਿੱਲੋਵਾਟ ਦਾ ਸੋਲਰ ਪੈਨਲ ਲਗਾਇਆ ਹੋਇਆ ਹੈ।

ਉਪਲੱਬਧੀਆਂ
ਮਿਲਨ ਜੀ ਦੇ ਸੰਕਲਪ ਅਤੇ ਮਿਹਨਤ ਸਦਕਾ ਉਨ੍ਹਾਂ ਦੁਆਰਾ ਹਾਸਲ ਕੀਤੀਆਂ ਉਪਲੱਬਧੀਆਂ ਹੇਠ ਦਿੱਤੇ ਅਨੁਸਾਰ ਹਨ:
  • ਪਸ਼ੂ ਪਾਲਣ ਵਿਭਾਗ, ਹਰਿਆਣਾ ਵੱਲੋਂ ਅਗਾਂਹਵਧੂ ਕਿਸਾਨ ਦਾ ਦਰਜਾ ਦਿੱਤਾ ਗਿਆ।
  • ਰੇਵਨਾਰ ਫਾਰਮ ਦੀਆਂ 2 ਗਾਵਾਂ ਨੂੰ ਫਰੀਦਾਬਾਦ ਪਸ਼ੂ ਮੇਲੇ ਵਿੱਚ ਇਨਾਮ ਵੀ ਹਾਸਿਲ ਹੋਏ।
  • ਕੇਵਲ ਇੱਕ ਸਾਲ ਦੇ ਸਮੇਂ ਵਿੱਚ 30 ਤੋਂ 140 ਗਾਵਾਂ ਤੱਕ ਸੰਖਿਆ ਵਧਾਈ ਅਤੇ 5 ਘਰਾਂ ਤੋਂ 200 ਤੋਂ ਵੱਧ ਗ੍ਰਾਹਕਾਂ ਨੂੰ ਆਪਣੇ ਨਾਲ ਜੋੜਿਆ।
ਭਵਿੱਖ ਦੀ ਯੋਜਨਾ

ਮਿਲਨ ਜੀ ਆਪਣੇ ਪੂਰੇ ਪਿੰਡ ਨੂੰ ਰਸਾਇਣ ਮੁਕਤ ਵਾਤਾਵਰਨ ਦੇਣਾ ਚਾਹੁੰਦੇ ਹਨ। ਅੱਗੇ ਚੱਲ ਕੇ ਉਹ ਆਪਣੇ ਡੇਅਰੀ ਫਾਰਮ ਨੂੰ ਇੱਕ ਸਕਿੱਲ ਸੈਂਟਰ ਦੇ ਤੌਰ ‘ਤੇ ਤਿਆਰ ਕਰਕੇ ਪਸ਼ੂ-ਪਾਲਕਾਂ ਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਹਨ। ਉਹ ਸਰਕਾਰ ਨਾਲ ਮਿਲ ਕੇ ਇੱਕ ਪ੍ਰੋਜੈੱਕਟ ਸ਼ੁਰੂ ਕਰਨਾ ਚਾਹੁੰਦੇ ਹਨ, ਜਿਸ ਵਿੱਚ ਉਹਨਾਂ ਦੇ ਪਿੰਡ ਵਿੱਚ ਸਾਰਿਆਂ ਲਈ ਇੱਕ ਕਮਿਊਨਿਟੀ ਬਾਇਓ ਗੈਸ ਪਲਾਂਟ ਲਗਾਇਆ ਜਾਵੇ। ਇਸ ਪ੍ਰੋਜੈੱਕਟ ਨਾਲ ਜਿੱਥੇ ਸਾਰੇ ਪਿੰਡ ਵਾਲਿਆਂ ਨੂੰ ਮੁਫ਼ਤ ਗੈਸ ਮਿਲੇਗੀ, ਉੱਥੇ ਹੀ ਉਹਨਾਂ ਨੂੰ ਆਪਣੇ ਪਸ਼ੂਆਂ ਦੇ ਗੋਬਰ ਦੀ ਸਹੀ ਵਰਤੋਂ ਬਾਰੇ ਵੀ ਜਾਣਕਾਰੀ ਹਾਸਲ ਹੋਵੇਗੀ ਅਤੇ ਉਹ ਗੋਬਰ ਗੈਸ ਪਲਾਂਟ ਦੇ ਵਿਅਰਥ ਨੂੰ ਖੇਤਾਂ ਵਿੱਚ ਖਾਦਾਂ ਦੇ ਤੌਰ ‘ਤੇ ਵਰਤ ਕੇ ਰਸਾਇਣਾਂ ‘ਤੇ ਹੋਣ ਵਾਲੇ ਖਰਚੇ ਨੂੰ ਘਟਾ ਸਕਦੇ ਹਨ।

ਸੰਦੇਸ਼
“ਨੌਜਵਾਨਾਂ ਨੂੰ ਡੇਅਰੀ ਫਾਰਮਿੰਗ ਦੇ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਸ ਖੇਤਰ ਵਿੱਚ ਵੀ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਹਨ। ਸਾਨੂੰ ਆਪਣੇ ਬੱਚਿਆਂ ਨੂੰ ਵੀ ਸ਼ੁਰੂ ਤੋਂ ਹੀ ਇਸ ਕੰਮ ਵਿੱਚ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।”

ਅੰਕੁਰ ਅਤੇ ਅੰਕਿਤਾ ਸਿੰਘ

ਪੂਰੀ ਕਹਾਣੀ ਪੜ੍ਹੋ

ਸਿਮਬਾਇਓਸਿਸ ਤੋਂ ਗ੍ਰੈਜੂਏਟ ਇਸ ਪਤੀ-ਪਤਨੀ ਦੀ ਜੋੜੀ ਪਸ਼ੂ ਪਾਲਣ ਦੇ ਇੱਕ ਨਵੇਂ ਵਿਚਾਰ ਨਾਲ ਖੇਤੀ ਉਦਯੋਗ ਦੀ ਨਵੀਂ ਪਰਿਭਾਸ਼ਾ ਦੇ ਰਹੀ ਹੈ

ਭਾਰਤ ਦੀ ਇੱਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਤੋਂ ਐਗਰੀ-ਬਿਜ਼ਨੈੱਸ ਵਿੱਚ ਐੱਮ.ਬੀ.ਏ. ਕਰਨ ਤੋਂ ਬਾਅਦ ਤੁਸੀਂ ਕਿਸ ਜੀਵਨ ਦੀ ਕਲਪਨਾ ਕਰਦੇ ਹੋ, ਸ਼ਾਇਦ ਖੇਤੀ ਵਿਸ਼ਲੇਸ਼ਕ, ਫਾਰਮ ਨਿਰਧਾਰਕ, ਮੰਡੀ ਵਿਸ਼ਲੇਸ਼ਕ, ਗੁਣਵੱਤਾ ਕੰਟਰੋਲ ਜਾਂ ਐਗਰੀਬਿਜ਼ਨੈੱਸ ਮਾਰਕਟਿੰਗ ਸੰਚਾਲਕ?

ਬਾ-ਖ਼ੂਬੀ, ਐੱਮ.ਬੀ.ਏ. ਖੇਤੀਬਾੜੀ ਗ੍ਰੈਜੂਏਟ ਦੇ ਲਈ ਇਹ ਨੌਕਰੀ ਦੇ ਸੁਪਨੇ ਸੱਚ ਹੋਣ ਵਾਂਗ ਹਨ ਅਤੇ ਜਦੋਂ ਤੁਸੀਂ ਆਪਣੀ ਐੱਮ.ਬੀ.ਏ. ਕਿਸੇ ਪ੍ਰਸਿੱਧ ਯੂਨੀਵਰਸਿਟੀ ਤੋਂ ਕੀਤੀ ਹੋਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੱਕ ਮਲਟੀਨੈਸ਼ਨਲ ਸੰਗਠਨ ਦਾ ਹਿੱਸਾ ਬਣਨ ਦੀ ਬਜਾਏ, ਇੱਕ ਸ਼ੁਰੂਆਤੀ ਉੱਦਮੀ ਦੇ ਰੂਪ ਵਿੱਚ ਉਭਰਨਾ ਪਸੰਦ ਕਰਦੇ ਹਨ, ਜੋ ਉਹਨਾਂ ਦੇ ਹੁਨਰ ਅਤੇ ਸਮਰੱਥਾ ਨੂੰ ਸਹੀ ਅਰਥ ਦਿੰਦਾ ਹੈ।

ਅਰਬਨ ਡੇਅਰੀ ਇੱਕ ਪਹਿਲ ਹੈ, ਜੋ ਇੱਕ ਜੋੜੀ – ਅੰਕੁਰ ਅਤੇ ਅੰਕਿਤਾ ਦੁਆਰਾ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਕੱਚੇ ਰੂਪ ਵਿੱਚ ਦੁੱਧ ਵੇਚਣ ਵਾਲੇ ਖਾਸ ਵਿਚਾਰ ਨਾਲ ਡੇਅਰੀ ਧੰਦੇ ਦੀ ਧਾਰਨਾ ਨੂੰ ਮੁੜ ਪ੍ਰਭਾਸ਼ਿਤ ਕਰਨਾ ਹੈ। ਇਹ ਫਾਰਮ ਕਾਨਪੁਰ ਸ਼ਹਿਰ ਤੋਂ 55 ਕਿਲੋਮੀਟਰ ਦੀ ਦੂਰੀ ਉਨਾਓ ਜ਼ਿਲ੍ਹੇ ਵਿੱਚ ਸਥਿਤ ਹੈ।

ਇਸ ਦੁੱਧ ਉੱਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਅੰਕੁਰ ਵਿਭਿੰਨ ਕੰਪਨੀਆਂ ਵਿੱਚ ਇੱਕ ਬਾਇਓਟੈਕਨਾੱਲੋਜਿਸਟ ਅਤੇ ਕਿਸਾਨ ਦੇ ਰੂਪ ਵਿੱਚ ਕੰਮ ਕਰ ਰਹੇ ਸੀ (ਕੁੱਲ ਕੰਮ ਦਾ ਅਨੁਭਵ 2 ਸਾਲ) ਅਤੇ 2014 ਵਿੱਚ ਅੰਕੁਰ ਆਪਣੀ ਦੋਸਤ ਅੰਕਿਤਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ, ਜਿਸ ਨੇ ਉਸ ਨਾਲ ਪੂਨੇ ਵਿੱਚ ਸਿਮਬਾਇਓਸਿਸ ਤੋਂ ਹੀ ਐੱਮ.ਬੀ.ਏ. ਕੀਤੀ ਸੀ।

ਖੈਰ, ਕੱਚਾ ਦੁੱਧ ਵੇਚਣ ਦਾ ਇਹ ਵਿਚਾਰ ਉਦੋਂ ਸਿੱਧ ਹੋਇਆ, ਜਦ ਅੰਕੁਰ ਦਾ ਭਤੀਜਾ ਭਾਰਤ ਆਇਆ ਕਿਉਂਕਿ ਉਹ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਅੰਕੁਰ ਨੇ ਉਸ ਦੇ ਇਸ ਅਨੁਭਵ ਨੂੰ ਕੁੱਝ ਖਾਸ ਬਣਾਉਣ ਦਾ ਫੈਸਲਾ ਕੀਤਾ।

ਅੰਕੁਰ ਨੇ ਉਚੇਚੇ ਤੌਰ ‘ਤੇ ਗਾਂ ਦੀ ਸਵਦੇਸ਼ੀ ਨਸਲ – ਸਾਹੀਵਾਲ ਖਰੀਦੀ ਅਤੇ ਉਸ ਨੂੰ ਦੁੱਧ ਦੀ ਪ੍ਰਾਪਤੀ ਲਈ ਪਾਲਣਾ ਸ਼ੁਰੂ ਕੀਤਾ। ਹਾਲਾਂਕਿ ਇਹ ਉਦੇਸ਼ ਉਸ ਦੇ ਭਤੀਜੇ ਲਈ ਸੀ, ਪਰ ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਗਾਂ ਦਾ ਦੁੱਧ, ਪੈਕ ਕੀਤੇ ਦੁੱਧ ਤੋਂ ਜਿਆਦਾ ਸਵੱਸਥ ਅਤੇ ਸੁਆਦੀ ਹੈ। ਹੌਲੀ- ਹੌਲੀ ਸਾਰੇ ਪਰਿਵਾਰ ਨੂੰ ਗਾਂ ਦਾ ਦੁੱਧ ਪਸੰਦ ਆਉਣ ਲੱਗਾ ਅਤੇ ਸਾਰਿਆਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ।

ਅੰਕੁਰ ਨੂੰ ਬਚਪਨ ਤੋਂ ਹੀ ਪਸ਼ੂਆਂ ਦਾ ਸ਼ੌਂਕ ਸੀ, ਪਰ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਿਹਤ ਦੇ ਨਾਲ ਕਿਉਂ ਸਮਝੌਤਾ ਕਰਨਾ ਅਤੇ 2015 ਵਿੱਚ ਦੋਨੋਂ ਪਤੀ-ਪਤਨੀ( ਅੰਕੁਰ ਅਤੇ ਅੰਕਿਤਾ) ਨੇ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅੰਕੁਰ ਨੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ NDRI ਕਰਨਾਲ ਤੋਂ ਛੋਟੀ ਜਿਹੀ ਟ੍ਰੇਨਿੰਗ ਕੀਤੀ ਅਤੇ ਇਸ ਵਿਚਕਾਰ ਉਸ ਦੀ ਪਤਨੀ ਅੰਕਿਤਾ ਨੇ ਸਾਰੇ ਨਿਰਮਾਣ ਕੰਮਾਂ ਦੀ ਦੇਖ-ਰੇਖ ਕੀਤੀ। ਉਹਨਾਂ ਨੇ 6 ਹਾੱਲਸਟੀਨ ਤੋਂ ਤਿਆਰ ਕੀਤੀਆਂ ਗਾਵਾਂ ਤੋਂ ਸ਼ੁਰੂਆਤ ਕੀਤੀ ਅਤੇ ਹੁਣ 3 ਸਾਲ ਬਾਅਦ ਉਹਨਾਂ ਕੋਲ ਗਊਸ਼ਾਲਾ ਵਿੱਚ ਹਾੱਲਸਟੀਨ/ਜਰਸੀ ਦੇ ਸੁਮੇਲ ਨਾਲ ਤਿਆਰ ਕੀਤੀਆਂ 34 ਅਤੇ 7 ਸਵਦੇਸ਼ੀ (ਸਾਹੀਵਾਲ, ਲਾਲ ਸਿੰਧੀ, ਥਾਰਪਾਰਕਰ) ਗਾਵਾਂ ਹਨ।

ਅਰਬਨ ਡੇਅਰੀ ਨਾਮ ਨੂੰ ਉਹਨਾਂ ਆਪਣੇ ਬਰੈਂਡ ਦਾ ਨਾਮ ਰੱਖਣ ਬਾਰੇ ਸੋਚਿਆ, ਜੋ ਕਿ ਗ੍ਰਾਮੀਣ ਵਿਸ਼ੇ ਨੂੰ ਸ਼ਹਿਰ ਨਾਲ ਜੋੜਦਾ ਹੈ। ਇਹ ਦੋ ਅਜਿਹੇ ਖੇਤਰਾਂ ਨੂੰ ਜੋੜਦਾ ਹੈ ਜੋ ਕਿ ਇੱਕ ਦੂਸਰੇ ਤੋਂ ਬਿਲਕੁਲ ਹੀ ਉਲਟ ਹਨ। ਉਹਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਡੇਅਰੀ ਫਾਰਮ ਦੇ ਪ੍ਰਬੰਧਨ ਤੋਂ ਲੈ ਕੇ ਉਤਪਾਦ ਦਾ ਮੰਡੀਕਰਨ ਅਤੇ ਵਿਕਾਸ ਲਈ ਇੱਕ ਵੀ ਕੰਮ ਨਹੀਂ ਛੱਡਿਆ। ਪੂਰੇ ਫਾਰਮ ਦਾ ਨਿਰਮਾਣ 4 ਏਕੜ ਵਿੱਚ ਕੀਤਾ ਗਿਆ ਅਤੇ ਇਸਦੀ ਦੇਖਭਾਲ ਲਈ 7 ਕਰਮਚਾਰੀ ਹਨ। ਪਸ਼ੂਆਂ ਨੂੰ ਨਹਿਲਾਉਣਾ, ਆਹਾਰ ਦੇਣਾ, ਗਾਵਾਂ ਦੀ ਸਵੱਛਤਾ ਬਣਾਈ ਰੱਖਣਾ ਅਤੇ ਹੋਰ ਫਾਰਮ ਸੰਬੰਧਿਤ ਕੰਮ ਕਰਮਚਾਰੀਆਂ ਦੁਆਰਾ ਹੱਥੀਂ ਕੀਤੇ ਜਾਂਦੇ ਹਨ ਅਤੇ ਗਾਵਾਂ ਦੇ ਆਰਾਮ ਲਈ ਮਸ਼ੀਨਾਂ ਦੁਆਰਾ ਅਤੇ ਹੱਥੀਂ ਦੁੱਧ ਚੋਣ ਦਾ ਕੰਮ ਕੀਤਾ ਜਾਂਦਾ ਹੈ। ਅੰਕੁਰ ਅਤੇ ਅੰਕਿਤਾ ਦੋਨੋਂ ਹੀ ਬਿਨਾਂ ਰੁਕਾਵਟ ਦੇ ਦਿਨ ਵਿੱਚ ਇੱਕ ਵਾਰ ਫਾਰਮ ‘ਤੇ ਜ਼ਰੂਰ ਜਾਂਦੇ ਹਨ। ਉਹ ਆਪਣੇ ਫਾਰਮ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਤਾਂ ਕਰਦੇ ਹੀ ਹਨ, ਬਲਕਿ ਕਰਮਚਾਰੀਆਂ ਦੀ ਉਹਨਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਕਰਨ ਵਿੱਚ ਮਦਦ ਵੀ ਕਰਦੇ ਹਨ।

“ਅੰਕੁਰ: ਅਸੀਂ ਗਾਂ ਦੀ ਫੀਡ ਖੁਦ ਤਿਆਰ ਕਰਦੇ ਹਾਂ ਕਿਉਂਕਿ ਦੁੱਧ ਦੀ ਉਪਜ ਅਤੇ ਗਾਂ ਦੀ ਸਿਹਤ ਪੂਰੀ ਤਰ੍ਹਾਂ ਫੀਡ ‘ਤੇ ਹੀ ਨਿਰਭਰ ਕਰਦੀ ਹੈ ਅਤੇ ਅਸੀਂ ਇਸ ਵਿੱਚ ਕਦੇ ਵੀ ਸਮਝੌਤਾ ਨਹੀਂ ਕਰਦੇ। ਗਾਂ ਦੀ ਫੀਡ ਦਾ ਫਾਰਮੂਲਾ ਜੋ ਅਸੀਂ ਵਰਤਦੇ ਹਾਂ ਉਹ ਹੈ- 33% ਪ੍ਰੋਟੀਨ, 33% ਉਦਯੋਗਿਕ ਵਿਅਰਥ ਪਦਾਰਥ( ਚੋਕਰ), 33% ਅਨਾਜ (ਮੱਕੀ, ਚਨੇ) ਅਤੇ ਵਾਧੂ ਖਣਿਜ ਪਦਾਰਥ।

ਪਸ਼ੂ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ ਦੇ ਧੰਦੇ ਵਿੱਚ ਵੀ ਪੂਰੀ ਤਰ੍ਹਾਂ ਜੁਟੇ ਹਨ। ਉਹਨਾਂ ਨੇ ਹੋਰ 4 ਏਕੜ ਦੀ ਜ਼ਮੀਨ ਕਿਰਾਏ ‘ਤੇ ਲਈ ਹੈ। ਇਸ ਤੋਂ ਪਹਿਲਾਂ ਅੰਕਿਤਾ ਨੇ ਉਸ ਜ਼ਮੀਨ ਦੀ ਵਰਤੋਂ ਇੱਕ ਘਰੇਲੂ ਬਗ਼ੀਚੀ ਦੇ ਰੂਪ ਵਿੱਚ ਕੀਤੀ। ਉਹਨਾਂ ਨੇ ਗਾਂ ਦੇ ਗੋਬਰ ਤੋਂ ਇਲਾਵਾ ਉਸ ਜ਼ਮੀਨ ‘ਤੇ ਕਿਸੇ ਵੀ ਖਾਦ ਜਾਂ ਕੀਟਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ। ਹੁਣ ਇਹ ਭੂਮੀ ਪੂਰੀ ਤਰ੍ਹਾਂ ਨਾਲ ਜੈਵਿਕ ਬਣ ਗਈ ਹੈ, ਜਿਸ ਦੀ ਵਰਤੋਂ ਕਣਕ, ਚਨੇ, ਲਸਣ, ਮਿਰਚ, ਧਨੀਆ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਣ ਲਈ ਕੀਤਾ ਜਾਂਦਾ ਹੈ। ਇਹ ਇਨ੍ਹਾਂ ਫ਼ਸਲਾਂ ਦੀ ਵਰਤੋਂ ਗਾਂ ਦੇ ਚਾਰੇ ਅਤੇ ਘਰੇਲੂ ਜ਼ਰੂਰਤਾਂ ਲਈ ਕਰਦੇ ਹਨ।

“ਸ਼ੁਰੂਆਤ ਵਿੱਚ, ਮੇਰੀ HF ਪ੍ਰਜਣਿਤ ਗਾਂ 12 ਲੀਟਰ ਦੁੱਧ ਦਿੰਦੀ ਸੀ, ਦੂਸਰੇ ਸੂਏ ਤੋਂ ਬਾਅਦ ਉਸ ਨੇ 18 ਲੀਟਰ ਦੁੱਧ ਦੇਣਾ ਸ਼ੁਰੂ ਕੀਤਾ ਅਤੇ ਹੁਣ ਉਹ ਤੀਸਰੇ ਸੂਏ ਹੈ ਅਤੇ ਅਸੀਂ 24 ਲੀਟਰ ਦੁੱਧ ਦੀ ਉਮੀਦ ਕਰ ਰਹੇ ਹਾਂ। ਦੁੱਧ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਦੀ ਸੰਭਾਵਨਾ ਹੈ।”

ਮਾਰਕਟਿੰਗ:

ਦੁੱਧ ਨੂੰ ਇੱਕ ਵੱਡੇ ਦੁੱਧ ਦੇ ਕੰਟੇਨਰ ਵਿੱਚ ਭਰਨ ਅਤੇ ਇੱਕ ਪੁਰਾਣੇ ਦੁੱਧ ਮਾਪਣ ਵਾਲੇ ਯੰਤਰ ਦੀ ਥਾਂ ਉਨ੍ਹਾਂ ਨੇ ਆਪਣੇ ਉਤਪਾਦਨ ਨੂੰ ਵਧਾਉਣ ਲਈ ਇੱਕ ਨਵਾਂ ਵਿਚਾਰ ਬਣਾਇਆ। ਉਹ ਕੱਚੇ ਦੁੱਧ ਨੂੰ ਛਾਣਨ ਤੋਂ ਬਾਅਦ ਕੱਚ ਦੀਆਂ ਬੋਤਲਾਂ ਵਿੱਚ ਭਰਦੇ ਹਨ ਅਤੇ ਫਿਰ ਗਾਹਕਾਂ ਤੱਕ ਪਹੁੰਚਾਉਂਦੇ ਹਨ।

ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਉਹਨਾਂ ਦੇ ਉਤਪਾਦ ਨੂੰ ਸਵੀਕਾਰ ਕੀਤਾ, 3 ਸਾਲਾਂ ਤੋਂ ਉਹਨਾਂ ਨੇ ਆਪਣੇ ਉਤਪਾਦਨ ਦੀ ਵਿਕਰੀ ਲਈ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਲੋਕਾਂ ਨੂੰ ਉਤਪਾਦ ਦਾ ਪ੍ਰਯੋਗ ਕਰਨ ਦੇ ਲਈ ਕੋਈ ਵਿਗਿਆਪਨ ਦਿੱਤਾ। ਜਿੰਨੇ ਵੀ ਉਹਨਾਂ ਨਾਲ ਹੁਣ ਤੱਕ ਗਾਹਕ ਜੁੜੇ ਹਨ, ਇਹ ਸਭ ਉਹਨਾਂ ਦੇ ਮੌਜੂਦਾ ਗਾਹਕਾਂ ਤੋਂ ਉਤਪਾਦ ਦੀ ਪ੍ਰਸ਼ੰਸਾ ਸੁਣ ਕੇ ਪ੍ਰਭਾਵਿਤ ਹੋਏ ਹਨ। ਇਸ ਪ੍ਰਤੀਕਿਰਿਆ ਨੇ ਉਹਨਾਂ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਹਨਾਂ ਨੇ ਪਨੀਰ, ਘਿਓ ਅਤੇ ਹੋਰ ਡੇਅਰੀ ਉਤਪਾਦਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ। ਗਾਹਕਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਦੇ ਨਾਲ ਉਹਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਦੁੱਧ ਦੀ ਵਿਕਰੀ ਲਈ ਸ਼ਹਿਰ ਵਿੱਚ ਉਹਨਾਂ ਦਾ ਆਪਣਾ ਫੈਲਿਆ ਹੋਇਆ ਨੈਟਵਰਕ ਹੈ ਜੋ ਉਨ੍ਹਾਂ ਦੀ ਉੱਨਤੀ ਦੇਖ ਕੇ ਸਮੇਂ ਦੇ ਨਾਲ ਹੋਰ ਜ਼ਿਆਦਾ ਵੱਧ ਜਾਵੇਗਾ।

ਭਵਿੱਖ ਦੀਆਂ ਯੋਜਨਾਵਾਂ:

ਦੇਸੀ ਨਸਲ ਦੀ ਗਾਂ ਦੇ ਦੁੱਧ ਉਤਪਾਦਨ ਦੀ ਸਮਰਥਾ ਇੰਨੀ ਜ਼ਿਆਦਾ ਨਹੀਂ ਹੁੰਦੀ ਅਤੇ ਉਹ ਸਵਦੇਸ਼ੀ ਗਾਵਾਂ ਦੇ ਦੁਆਰਾ ਗਾਂ ਦੀ ਇੱਕ ਨਵੀਂ ਨਸਲ ਵਿਕਸਤ ਕਰਨਾ ਚਾਹੁੰਦੇ ਹਨ, ਜਿਹਨਾਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਜ਼ਿਆਦਾ ਹੋਵੇ ਕਿਉਂਕਿ ਦੇਸੀ ਨਸਲ ਦੀ ਗਾਂ ਦੇ ਦੁੱਧ ਦੀ ਗੁਣਵੱਤਾ ਜ਼ਿਆਦਾ ਬਿਹਤਰ ਹੈ ਅਤੇ ਮਨੁੱਖਾਂ ਦੇ ਲਈ ਇਸ ਦੇ ਕਈ ਲਾਭ ਵੀ ਦੇਖੇ ਗਏ ਹਨ।

ਉਹਨਾਂ ਦੇ ਅਨੁਸਾਰ, ਸਹੀ ਹਾਲਾਤਾਂ ਵਿੱਚ ਦੁੱਧ ਨੂੰ ਇੱਕ ਹਫ਼ਤੇ ਦੇ ਲਈ 2 ਡਿਗਰੀ ਸੈਂਟੀਗਰੇਡ ‘ਤੇ ਰੱਖਿਆ ਜਾ ਸਕਦਾ ਹੈ ਅਤੇ ਇਸ ਮਕਸਦ ਦੇ ਲਈ ਉਹ ਆਉਣ ਵਾਲੇ ਸਮੇਂ ਵਿੱਚ ਦੁੱਧ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦੇ ਲਈ ਇੱਕ ਚਿੱਲਰ ਸਟੋਰੇਜ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦੁੱਧ ਨੂੰ ਹੋਰ ਮੰਤਵਾਂ ਲਈ ਪ੍ਰਯੋਗ ਕਰ ਸਕਣ।

ਸੰਦੇਸ਼:
“ਪਸ਼ੂ ਪਾਲਕਾਂ ਨੂੰ ਉਹਨਾਂ ਦੀ ਗਾਵਾਂ ਦੀ ਸਵੱਛਤਾ ਅਤੇ ਦੇਖਭਾਲ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦਾ ਧਿਆਨ ਉਸ ਤਰ੍ਹਾਂ ਹੀ ਰੱਖਣ ਜਿਵੇਂ ਉਹ ਆਪਣੀ ਸਿਹਤ ਦਾ ਰੱਖਦੇ ਹਨ ਅਤੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸਾਨ ਨੂੰ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਧੀਆ ਭਵਿੱਖ ਦੇ ਲਈ ਮੌਜੂਦਾ ਪਸ਼ੂ ਪਾਲਣ ਦੇ ਢੰਗ ਨਾਲ ਖੁਦ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਪਸ਼ੂ ਪਾਲਣ ਕੇਵਲ ਤਦ ਹੀ ਲਾਭਦਾਇਕ ਹੋ ਸਕਦਾ ਹੈ ਜਦੋਂ ਤੁਹਾਡੇ ਫਾਰਮ ਦੇ ਪਸ਼ੂ ਖੁਸ਼ ਹੋਣ। ਤੁਹਾਡੇ ਉਤਪਾਦ ਦਾ ਵੇਚ ਮੁੱਲ ਤੁਹਾਨੂੰ ਮੁਨਾਫ਼ਾ ਨਹੀਂ ਦੇ ਸਕਦਾ ਪਰ ਇੱਕ ਖੁਸ਼ ਪਸ਼ੂ ਤੁਹਾਨੂੰ ਚੰਗਾ ਮੁਨਾਫ਼ਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ।”

ਸ. ਰਾਜਮੋਹਨ ਸਿੰਘ ਕਾਲੇਕਾ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਜਿਸ ਨੂੰ ਪੰਜਾਬ ਵਿੱਚ ਜ਼ਹਿਰ ਰਹਿਤ ਫ਼ਸਲ ਉਗਾਉਣ ਲਈ ਜਾਣਿਆ ਜਾਂਦਾ ਹੈ

ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਸ. ਰਾਜਮੋਹਨ ਸਿੰਘ ਕਾਲੇਕਾ ਪਿੰਡ ਬਿਸ਼ਨਪੁਰ, ਪਟਿਆਲਾ ਦੇ ਇੱਕ ਸਫ਼ਲ ਅਗਾਂਹਵਧੂ ਕਿਸਾਨ ਹਨ। ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਉਹ 20 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਇਸ ਨਾਲ ਚੰਗੀ ਪੈਦਾਵਾਰ (35 ਕੁਇੰਟਲ ਝੋਨਾ ਅਤੇ 22 ਕੁਇੰਟਲ ਕਣਕ ਪ੍ਰਤੀ ਏਕੜ) ਪ੍ਰਾਪਤ ਕਰ ਰਹੇ ਹਨ।

ਉਹ ਪਰਾਲੀ ਸਾੜਨ ਦੇ ਵਿਰੁੱਧ ਹਨ ਅਤੇ ਕਦੀ ਵੀ ਬਚੀ ਪਰਾਲੀ ਨੂੰ ਨਹੀਂ ਸਾੜਦੇ। ਉਨ੍ਹਾਂ ਦੇ ਜ਼ਹਿਰ ਮੁਕਤ ਖੇਤੀ ਅਤੇ ਵਾਤਾਵਰਣ ਦੇ ਅਨੁਕੂਲ ਖੇਤੀਬਾੜੀ ਵਿਧੀ ਦੇ ਢੰਗਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਹੋਰਨਾਂ ਕਿਸਾਨਾਂ ਦੇ ਰੋਲ ਮਾਡਲ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ।

ਇਸ ਤੋਂ ਇਲਾਵਾ ਉਹ ਜ਼ਿਲ੍ਹਾ ਪਟਿਆਲਾ ਉਤਪਾਦਨ ਕਮੇਟੀ ਦੇ ਮੈਂਬਰ ਵੀ ਹਨ। ਉਹ ਹਮੇਸ਼ਾ ਅਗਾਂਹਵਧੂ ਕਿਸਾਨਾਂ, ਵਿਗਿਆਨੀਆਂ, ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨਾਲ ਜੁੜੇ ਰਹਿੰਦੇ ਹਨ, ਇਹ ਇੱਕ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਹਾਸਲ ਕੀਤੀ ਹੈ। ਕਈ ਖੇਤੀਬਾੜੀ ਵਿਗਿਆਨੀ ਅਤੇ ਅਧਿਕਾਰੀ ਅਕਸਰ ਉਨ੍ਹਾਂ ਦੇ ਫਾਰਮ ‘ਤੇ ਰਿਸਰਚ ਅਤੇ ਖੋਜ ਲਈ ਆਉਂਦੇ ਹਨ।

ਉਹ ਨੌਕਰੀ ਅਤੇ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲਤਾ ਨਾਲ ਸ਼ਾਮਲ ਹਨ। ਉਨ੍ਹਾਂ ਨੇ ਸਾਹੀਵਾਲ ਨਸਲ ਦੀਆਂ ਕੁੱਝ ਗਾਵਾਂ ਰੱਖੀਆਂ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਆਪਣੇ ਖੇਤ ਵਿੱਚ ਬਾਇਓਗੈਸ ਪਲਾਂਟ ਵੀ ਸਥਾਪਿਤ ਕੀਤਾ। ਉਨ੍ਹਾਂ ਦੇ ਅਨੁਸਾਰ ਉਹ ਅੱਜ ਜਿੱਥੋਂ ਤੱਕ ਪਹੁੰਚੇ ਹਨ, ਉਸ ਦੇ ਪਿੱਛੇ ਦਾ ਕਾਰਨ ਸਿਰਫ਼ KVK ਅਤੇ IARI ਦੇ ਕ੍ਰਿਸ਼ੀ ਮਾਹਿਰਾਂ ਦੁਆਰਾ ਦਿੱਤੀਆਂ ਗਈਆਂ ਸਲਾਹਾਂ ਹਨ।

ਵਾਧੂ ਸਮੇਂ ਵਿੱਚ, ਰਾਜਮੋਹਨ ਸਿੰਘ ਜੀ ਨੂੰ ਖੇਤੀ ਨਾਲ ਸੰਬੰਧਿਤ ਕਿਤਾਬਾਂ ਪੜ੍ਹਨਾ ਪਸੰਦ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਦੇ ਲਈ ਪ੍ਰੇਰਣਾ ਮਿਲਦੀ ਹੈ।

ਉਨ੍ਹਾਂ ਦੇ ਇਨਾਮ ਅਤੇ ਉਪਲੱਬਧੀਆਂ…

ਉਨ੍ਹਾਂ ਦੇ ਚੰਗੇ ਕੰਮ ਅਤੇ ਜ਼ਹਿਰ ਮੁਕਤ ਖੇਤੀ ਕਰਨ ਦੀ ਪਹਿਲ ਲਈ ਉਨ੍ਹਾਂ ਨੂੰ ਕਈ ਪ੍ਰਸਿੱਧ ਹਸਤੀਆਂ ਤੋਂ ਸਨਮਾਨ ਅਤੇ ਪੁਰਸਕਾਰ ਵੀ ਮਿਲੇ ਹਨ।

• ਰਾਜ ਪੱਧਰੀ ਪੁਰਸਕਾਰ

• ਰਾਸ਼ਟਰੀ ਪੁਰਸਕਾਰ

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਧਾਲੀਵਾਲ ਪੁਰਸਕਾਰ

• ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਗਿਆ।

• ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਦੁਆਰਾ ਸਨਮਾਨਿਤ ਕੀਤਾ।

ਰਾਜਮੋਹਨ ਜੀ ਨੇ ਨਾ ਸਿਰਫ਼ ਇਹ ਪੁਰਸਕਾਰ ਹਾਸਲ ਕੀਤੇ, ਬਲਕਿ ਵੱਖ-ਵੱਖ ਸਰਕਾਰੀ ਅਫ਼ਸਰਾਂ ਤੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ, ਜੋ ਉਨ੍ਹਾਂ ਨੂੰ ਮਾਣ ਮਹਿਸੂਸ ਕਰਵਾਉਂਦੇ ਹਨ।

• ਮੁੱਖ ਸੰਸਦੀ ਸਕੱਤਰ, ਖੇਤੀ, ਪੰਜਾਬ

• ਖੇਤੀ ਪੰਜਾਬ ਦੇ ਨਿਦੇਸ਼ਕ

• ਡਿਪਟੀ ਕਮਿਸ਼ਨਰ ਪਟਿਆਲਾ

• ਮੁੱਖ ਖੇਤੀ ਅਧਿਕਾਰੀ, ਪਟਿਆਲਾ

• ਮੁੱਖ ਨਿਰਦੇਸ਼ਕ IARI

ਸੰਦੇਸ਼
“ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਨ ਵੱਲ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਹ ਬਿਹਤਰ ਜੀਵਨ ਜਿਊਣ ਦਾ ਇੱਕੋ-ਇੱਕ ਤਰੀਕਾ ਹੈ। ਅੱਜ, ਕਿਸਾਨ ਨੂੰ ਵਰਤਮਾਨ ਜੀਵਨ ਦੀਆਂ ਜ਼ਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਕਰਨ ਦੀ ਬਜਾਏ ਖੇਤੀ ਕਰਨ ਲਈ ਸਾਰਥਕ ਅਤੇ ਟਿਕਾਊ ਤਰੀਕੇ ਲੱਭਣੇ ਚਾਹੀਦੇ ਹਨ।”