ਅਮਨਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਸ਼ਹਿਰ ਵਿਖੇ ਸਬਜ਼ੀਆਂ ਦਾ ਇੱਕ ਸਫਲਤਾਪੂਰਵਕ ਆਊਟਲੈੱਟ ਚਲਾਉਣ ਵਾਲਾ ਇਹ ਨੌਜਵਾਨ ਅਗਾਂਹਵਧੂ ਕਿਸਾਨ

ਖੇਤੀਬਾੜੀ ਹਰ ਇੱਕ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜਿਸ ਬਾਰੇ ਹਰ ਕੋਈ ਭਲੀ-ਭਾਂਤੀ ਜਾਣਦਾ ਹੈ। ਜੇਕਰ ਕਿਸਾਨ ਖੇਤੀ ਕਰਨ ਤੋਂ ਹੱਟ ਜਾਣਗੇ ਤਾਂ ਪੂਰੇ ਸੰਸਾਰ ਵਿੱਚ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਅਤੇ ਹਰ ਕੋਈ ਖਾਣ ਨੂੰ ਤਰਸੇਗਾ। ਇਹ ਖੇਤੀਬਾੜੀ ਹੀ ਇੱਕ ਇਨਸਾਨ ਨੂੰ ਸਿਖਰਾਂ ‘ਤੇ ਵੀ ਪਹੁੰਚਾਉਂਦੀ ਹੈ।

ਅਜਿਹੇ ਹੀ ਇੱਕ ਇਨਸਾਨ ਹਨ ਜਿਨ੍ਹਾਂ ਨੇ ਵਲੈਤ ਪੜ੍ਹਨ ਲਈ ਜਾਣਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਜਿਸ ਖੇਤੀ ਨਾਲ ਉਸਦਾ ਪਿਆਰ ਹੈ ਉਹ ਖੇਤੀ ਉਸਨੂੰ ਸਫਲ ਕਿਸਾਨਾਂ ਦੀ ਸੂਚੀ ਵਿੱਚ ਲੈ ਕੇ ਆ ਜਾਵੇਗੀ।

ਪਿੰਡ ਪਤਿਆਲਾ ਜ਼ਿਲ੍ਹਾ ਰੋਪੜ ਦੇ ਨੌਜਵਾਨ ਅਮਨਦੀਪ ਸਿੰਘ ਨੇ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਿਪਲੋਮਾ ਕਰਨ ਲਈ ਕਾਲਜ ਵਿਖੇ ਦਾਖਲਾ ਲੈ ਲਿਆ, ਪੜ੍ਹਾਈ ਵਧੀਆ ਚੱਲ ਰਹੀ ਸੀ ਪਰ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਉਸਨੂੰ ਆਪਣੇ ਵੱਡੇ ਭਰਾ ਨਾਲ ਖੇਤ ਭੇਜ ਦਿੰਦੇ ਸਨ। ਅਮਨਦੀਪ ਦੀ ਉਮਰ ਬੇਸ਼ੱਕ ਛੋਟੀ ਸੀ, ਪਰ ਸਮਝਦਾਰੀ ਇੰਨੀ ਕਿ ਹਰ ਇੱਕ ਗੱਲ ਨੂੰ ਝੱਟ ਸਮਝ ਜਾਂਦਾ ਸੀ।

ਸਾਲ 2011 ਦੀ ਗੱਲ ਹੈ, ਵੱਡੇ ਭਰਾ ਨੇ ਕਿਹਾ ਕਿ ਰਵਾਇਤੀ ਖੇਤੀ ਨਾਲ ਸਬਜ਼ੀਆਂ ਦੀ ਖੇਤੀ ਵੀ ਸ਼ੁਰੂ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਕਿਸਾਨ ਉਸ ਸਮੇਂ ਸਬਜ਼ੀਆਂ ਦੀ ਖੇਤੀ ਬਹੁਤ ਘੱਟ ਕਰਦੇ ਸਨ ਅਤੇ ਹਰ ਕਿਸੇ ਨੇ ਰਵਾਇਤੀ ਖੇਤੀ ਵੱਲ ਹੀ ਜ਼ੋਰ ਦਿੱਤਾ ਸੀ।

ਦੋਨਾਂ ਭਰਾਵਾਂ ਨੇ ਮਿਲ ਕੇ ਸਲਾਹ ਕੀਤੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼ੁਰੂਆਤ ਲਸਣ ਦੀ ਖੇਤੀ ਤੋਂ ਕੀਤੀ ਜਿਸ ਦੌਰਾਨ ਉਨ੍ਹਾਂ ਦੀ ਅੱਧੀ ਫਸਲ ਖਰਾਬ ਹੋ ਗਈ ਕਿਉਂਕਿ ਉਦੋਂ ਖੇਤੀਬਾੜੀ ਦਾ ਇੰਨਾ ਤਜ਼ੁਰਬਾ ਨਹੀਂ ਸੀ ਉਪਰੋਂ ਮੁਸ਼ਕਿਲਾਂ ਤਾਂ ਹਰ ਇੱਕ ਕੰਮ ਵਿੱਚ ਆਉਂਦੀਆਂ ਹੀ ਹਨ।

ਨੁਕਸਾਨ ਨੂੰ ਦੇਖਦੇ ਹੋਏ ਦੋਨੋਂ ਭਰਾ ਖੇਤੀ ਦੇ ਵਿੱਚ ਫਿਰ ਤੋਂ ਜੁੱਟ ਗਏ ਅਤੇ ਲਗਾਤਾਰ ਇੱਕ ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਲਸਣ ਨੂੰ ਮੰਡੀ ਵਿੱਚ ਲੈ ਕੇ ਗਏ ਤਾਂ ਮੁਨਾਫ਼ਾ ਵੀ ਹੋਇਆ ਜਿਸ ਨਾਲ ਖੁਸ਼ ਹੋ ਗਏ, ਪਰ ਇੱਥੇ ਰੁਕਣ ਵਾਲੇ ਕਿੱਥੇ ਸਨ, ਉਨ੍ਹਾਂ ਨੇ ਸੋਚਿਆ ਇੱਕ ਪੋਲੀ ਹਾਊਸ ਲਗਾ ਕੇ ਸ਼ਿਮਲਾ ਮਿਰਚ ਦੀ ਕਾਸ਼ਤ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਖੇਤੀ ਦੇ ਨਾਲ-ਨਾਲ ਅਮਨਦੀਪ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇ ਰਹੇ ਸਨ ਕਿਉਂਕਿ ਪੜ੍ਹਾਈ ਵੀ ਜ਼ਰੂਰੀ ਹੈ। ਜੇਕਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਖੇਤੀ ਵੱਲ ਜਾਵੇਗਾ ਤਾਂ ਉਹ ਖੇਤੀ ਦੀ ਨਵੇਂ ਤਰੀਕਿਆਂ ਨਾਲ ਖੇਤੀ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ।

ਜਦੋਂ ਸ਼ਿਮਲਾ ਮਿਰਚ ਹੋਈ ਤਾਂ ਆਪਣੇ ਅਸਲੀ ਆਕਾਰ ਨਾਲੋਂ ਕਿਤੇ ਜ਼ਿਆਦਾ ਵੱਡੀ ਸੀ ਅਤੇ ਦੇਖਣ ਵਿੱਚ ਬਾਕਮਾਲ ਲੱਗ ਰਹੀ ਸੀ ਜਿਸ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਉਣ ਲੱਗੇ ਅਤੇ ਜਿਸ ਨਾਲ ਉਨ੍ਹਾਂ ਦੀ ਮੰਡੀ ਵਿੱਚ ਜਾਂਦੇ ਹੀ ਸਬਜ਼ੀਆਂ ਦੀ ਵਿਕਰੀ ਹੋ ਜਾਂਦੀ।

ਇਹ ਸਬਜ਼ੀਆਂ ਦੀ ਖਰੀਦ ਦਾ ਸਿਲਸਿਲਾ ਉਨ੍ਹਾਂ ਦਾ ਲਗਾਤਾਰ 2011 ਤੋਂ ਲੈ ਕੇ 2018 ਤੱਕ ਲਗਾਤਾਰ ਚੱਲਦਾ ਰਿਹਾ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜੋ ਕਿ ਬ੍ਰੋਕਲੀ, ਬੀਜ ਰਹਿਤ ਖੀਰਾ, ਤਰਬੂਜ਼ ਪੀਲਾ ਅਤੇ ਲਾਲ ਆਦਿ ਹੋਰ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਅਮਨਦੀਪ ਨੇ ਇਸ ਨੂੰ ਪੱਕੇ ਤੌਰ ‘ਤੇ ਕਰਨ ਬਾਰੇ ਨਹੀਂ ਸੋਚਿਆ ਸੀ ਕਿਉਂਕਿ ਪਰਿਵਾਰ ਵਾਲਿਆਂ ਦੇ ਜ਼ੋਰ ਦੇਣ ਮਗਰੋਂ ਕਿ ਤੂੰ ਖੇਤੀ ਨਹੀਂ ਕਰਨੀ, ਤੈਨੂੰ ਵਲੈਤ ਭੇਜਣਾ ਹੈ, ਜਿਸ ਬਾਬਤ ਅਮਨਦੀਪ ਨੇ ਆਈਲੈਟਸ ਕਰ ਲਈ ਸੀ ਅਤੇ ਪਾਸਪੋਰਟ ਸਭ ਕੁਝ ਬਣ ਕੇ ਤਿਆਰ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਉਨ੍ਹਾਂ ਦਾ ਪਾਸਪੋਰਟ ਵੀਜ਼ਾ ਲੱਗਣ ਲਈ ਗਿਆ ਤਾਂ ਅੱਗੋਂ ਇਮੀਗਰੇਸ਼ਨ ਕੰਸਲਟੈਂਟ ਅਧਿਕਾਰੀ ਦੀ ਗਲਤੀ ਕਰਕੇ ਉਨ੍ਹਾਂ ਨੂੰ 5 ਸਾਲ ਲਈ ਪ੍ਰਤਿਬੰਧ ਲਗਾ ਦਿੱਤਾ ਸੀ ਕਿ ਉਹ ਕੈਨੇਡਾ 5 ਸਾਲ ਲਈ ਜਾ ਨਹੀਂ ਸਕਦੇ ਤੇ ਪਰਿਵਾਰ ਵਾਲਿਆਂ ਨੇ ਕਿਹਾ ਤੂੰ ਕਿਸੇ ਹੋਰ ਦੇਸ਼ ਚਲਾ ਜਾ, ਪਰ ਅਮਨਦੀਪ ਦਾ ਮਨ ਨਹੀਂ ਕਰ ਰਿਹਾ ਸੀ ਕਿਉਂਕਿ ਖੇਤੀਬਾੜੀ ਵਿੱਚ ਉਨ੍ਹਾਂ ਦਾ ਰੁਝਾਨ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਉਹ ਖੇਤੀਬਾੜੀ ਨੂੰ ਪਹਿਲ ਦੇ ਆਧਾਰ ‘ਤੇ ਰੱਖਣਾ ਚਾਹੁੰਦੇ ਸਨ ਤੇ ਜਿਸ ਉੱਤੇ ਵੱਡੇ ਭਰਾ ਨੇ ਕਿਹਾ ਕਿ ਆਪਾਂ ਦੋਨੋਂ ਮਿਲ ਕੇ ਇੱਥੇ ਹੀ ਖੇਤੀ ਅਤੇ ਮਾਰਕੀਟਿੰਗ ਕਰਦੇ ਹਨ।

ਅਮਨਦੀਪ ਵੱਲੋਂ ਹਾਂ ਜਤਾਉਂਦੇ ਹੋਏ ਜਿਵੇਂ ਉਹ ਬ੍ਰੋਕਲੀ ਉਦੋਂ ਨਵੀਂ-ਨਵੀਂ ਆਈ ਸੀ ਤਾਂ ਜਦੋਂ ਉਹ ਮੰਡੀ ਵਿਖੇ ਜਾਂਦੇ ਤਾਂ ਗ੍ਰਾਹਕ ਉਹਨਾਂ ਕੋਲ ਖਰੀਦਣ ਦੇ ਲਈ ਆਉਣ ਲੱਗੇ ਇਸ ਤਰ੍ਹਾਂ ਉਨ੍ਹਾਂ ਦੀ ਹੋਰ ਬਹੁਤ ਸਾਰੀਆਂ ਸਬਜ਼ੀਆਂ ਦੀ ਮੰਗ 2018 ਤੱਕ ਇੰਨੀ ਜ਼ਿਆਦਾ ਵੱਧ ਗਈ ਕਿ ਉਨ੍ਹਾਂ ਨੂੰ ਸਬਜ਼ੀਆਂ ਦੇ ਲਈ ਆਰਡਰ ਆਉਣ ਲੱਗ ਗਏ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਦਾ ਰਾਹ ਖੁੱਲ ਗਿਆ ਅਤੇ ਮੁਨਾਫ਼ਾ ਕਮਾਉਣ ਲੱਗੇ ਜੋ ਕਿ ਦੋਨਾਂ ਭਰਾਵਾਂ ਦੀ ਸਖਤ ਮਿਹਨਤ ਕਰਕੇ ਸੰਭਵ ਹੋਇਆ ਸੀ।

ਸਾਲ 2018 ਵਿੱਚ ਕਾਮਯਾਬ ਹੋਣ ਮਗਰੋਂ ਉਨ੍ਹਾਂ ਨੇ ਰੋਪੜ ਵਿਖੇ ਆਪਣਾ ਸਿਟੀ ਫਰੈਸ਼ ਨਾਮ ਆਊਟਲੈੱਟ ਵੀ ਖੋਲਿਆ ਹੋਇਆ ਹੈ ਜਿਸ ਉੱਤੇ ਹਰ ਕੋਈ ਆ ਕੇ ਸਬਜ਼ੀਆਂ ਦੀ ਖਰੀਦ ਕਰਦਾ ਹੈ ਅਤੇ ਅਮਨਦੀਪ ਮਾਰਕੀਟਿੰਗ ਦਾ ਕੰਮ ਸੰਭਾਲਦੇ ਹਨ ਜਦੋਂ ਕਿ ਵੱਡਾ ਭਰਾ ਸਾਰਾ ਖੇਤੀ ਦਾ ਕੰਮ ਸੰਭਾਲਦੇ ਹਨ। ਉਹ 30 ਤੋ ਵੱਧ ਵੱਖ-ਵੱਖ ਸਬਜੀਆਂ ਹਰ ਸਾਲ ਆਪਣੇ ਫਾਰਮ ‘ਤੇ ਖੇਤਾਂ ਨੂੰ ਛੋਟੇ ਛੋਟੇ ਹਿੱਸਿਆ ਵਿੱਚ ਵੰਡ ਕੇ ਉਗਾਉਂਦੇ ਹਨ।

ਇਸ ਸੰਬੰਧੀ ਉਨ੍ਹਾਂ ਨੂੰ ਅਵਾਰਡ ਲਈ ਨਾਮਜ਼ਦ ਵੀ ਕੀਤਾ ਜਾ ਚੁੱਕਿਆ ਹੈ। ਉਹ ਸੰਸਥਾਵਾ ਜਿਵੇਂ ਕਿ ਆਈ ਆਈ ਟੀ ਰੋਪੜ ਆਦਿ ਹੋਰ ਬਹੁਤ ਪੌਜੈਕਟਾਂ ਨਾਲ ਜੁੜੇ ਹੋਏ ਹਨ। ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ‘ਤੇ ਉਹ ਪਾਮੇਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਮਿਲ ਕੇ ਕਿਸਾਨਾਂ ਅਤੇ ਖੇਤੀਬਾੜੀ ਵਿਦਿਆਰਥੀਆ ਨੂੰ ਸਿਖਲਾਈ ਵੀ ਦੇ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਇੱਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ ਜਿਸ ਵਿੱਚ ਜੇਕਰ ਕੋਈ ਕਿਸਾਨ ਸਬਜ਼ੀਆਂ ਦੀ ਵਿਕਰੀ ਕਰਨ ਮਾਰਕੀਟ ਵਿਖੇ ਜਾਂਦਾ ਹੈ ਤਾਂ ਉਸਨੂੰ ਵਿਕਰੀ ਕਰਨ ਲਈ ਕਿਤੇ ਵੀ ਜਾਣ ਦੀ ਲੋੜ ਨਾ ਪਵੇ ਸਗੋਂ ਉਸਦੇ ਖੇਤਾਂ ਵਿੱਚ ਉਸਦੇ ਸਬਜ਼ੀਆਂ ਦੀ ਖਰੀਦ ਹੋ ਜਾਵੇ।

ਸੰਦੇਸ਼

ਜੇਕਰ ਕੋਈ ਕਿਸਾਨ ਸਬਜ਼ੀਆਂ ਦੀ ਖੇਤੀ ਕਰਦਾ ਹੈ ਤਾਂ ਉਸਨੂੰ ਛੋਟੇ ਪੱਧਰ ‘ਤੇ ਹੀ ਬੇਸ਼ਕ ਖੁਦ ਹੀ ਮਾਰਕੀਟਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਉਸਨੂੰ ਤਜ਼ੁਰਬਾ ਹੋਵੇਗਾ ਅਤੇ ਜਦੋਂ ਕਦੇ ਵੀ ਆਪਣੀ ਆਊਟਲੈੱਟ ਖੋਲ੍ਹੇਗਾ ਤਾਂ ਉਸਨੂੰ ਮੁਨਾਫਾ ਹੀ ਹੋਵੇਗਾ।