ਇੱਕ ਅਜਿਹਾ ਇਨਸਾਨ ਜੋ ਸਫਲ ਇੰਜੀਨੀਅਰ ਦੇ ਨਾਲ–ਨਾਲ ਸਫਲ ਕਿਸਾਨ ਬਣਿਆ
ਖੇਤੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ, ਹਜ਼ਾਰਾਂ ਤਰਾਂ ਦੀਆ ਫਸਲਾਂ ਉਗਾਈਆ ਜਾ ਸਕਦੀਆਂ ਹਨ। ਪਰ ਲੋੜ ਹੁੁੰਦੀ ਹੈ ਸਹੀ ਤਰੀਕੇ ਦੀ ਤੇ ਪੱਕੇ ਇਰਾਦੇ ਦੀ, ਕਿਉਂਕਿ ਸਫਲ ਹੋਏ ਕਿਸਾਨਾਂ ਦਾ ਮੰਨਣਾ ਹੈ ਕਿ ਸਫਲਤਾ ਵੀ ਉਹਨਾਂ ਨੂੰ ਮਿਲਦੀ ਹੈ ਜਿਹਨਾਂ ਦੇ ਇਰਾਦੇ ਪੱਕੇ ਹੁੰਦੇ ਹਨ।
ਇਹ ਸਟੋਰੀ ਵੀ ਅਜਿਹੇ ਕਿਸਾਨ ਦੀ ਹੈ ਜਿਸ ਦੀ ਪਹਿਚਾਣ ਅਤੇ ਸ਼ਾਨ ਅਜਿਹੇ ਫਲ ਕਰਕੇ ਬਣੀ। ਜਿਸ ਫਲ ਦਾ ਉਹਨਾਂ ਨੇ ਨਾਮ ਵੀ ਕਦੇ ਨਹੀਂ ਸੁਣਿਆ ਸੀ। ਇਸ ਕਿਸਾਨ ਦਾ ਨਾਮ “ਰਮਨ ਸਲਾਰੀਆ” ਹੈ ਜੋ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲ ਦਾ ਵਸਨੀਕ ਹੈ। ਰਮਨ ਸਲਾਰੀਆ ਪਿਛਲੇ 15 ਸਾਲਾਂ ਤੋਂ ਦਿੱਲੀ ਮੈਟਰੋ ਸਟੇਸ਼ਨ ਵਿੱਚ ਸਿਵਲ ਇੰਜੀਨੀਅਰ ਵਜੋਂ 10 ਲੱਖ ਰੁਪਏ ਸਲਾਨਾ ਆਮਦਨ ਦੇਣ ਵਾਲੀ ਅਰਾਮ ਨਾਲ ਬੈਠ ਕੇ ਖਾਣ ਵਾਲੀ ਨੌਕਰੀ ਕਰ ਰਹੇ ਸਨ। ਪਰ ਅਜਿਹਾ ਮੋੜ ਆਇਆ ਕਿ ਨੌਕਰੀ ਛੱਡ ਕੇ ਰਮਨ ਸਲਾਰੀਆ ਅੱਜ ਖੇਤੀ ਕਰ ਰਹੇ ਹਨ। ਖੇਤੀ ਵੀ ਉਸ ਫਸਲ ਦੀ ਕਰ ਰਹੇ ਹਨ ਜੋ ਸਿਰਫ ਰਮਨ ਸਲਾਰੀਆ ਨੇ ਮਾਰਕੀਟ ਅਤੇ ਬਹੁਤ ਸਾਰੀਆਂ ਪਾਰਟੀ ‘ਚ ਦੇਖਿਆ ਸੀ।
ਉਹ ਫਲ ਮੇਰੀ ਅੱਖਾਂ ਅੱਗੇ ਘੁੰਮਦਾ ਰਿਹਾ ਤੇ ਇੱਥੋਂ ਤੱਕ ਕਿ ਮੈਨੂੰ ਫਲ ਦਾ ਨਾਮ ਵੀ ਨਹੀਂ ਸੀ ਪਤਾ – ਰਮਨ ਸਲਾਰੀਆ
ਇੱਕ ਦਿਨ ਜਦੋਂ ਉਹ ਘਰ ਵਾਪਿਸ ਆਏ ਤਾਂ ਉਸ ਫਲ ਨੇ ਉਨ੍ਹਾਂ ਦੇ ਮਨ ਨੂੰ ਇੰਨਾ ਪ੍ਰਭਾਵਿਤ ਕੀਤਾ ਅਤੇ ਦਿਮਾਗ ਵਿੱਚ ਆਇਆ ਕਿ ਇਸ ਫਲ ਬਾਰੇ ਪਤਾ ਲਗਾਉਣਾ ਹੀ ਹੈ। ਫਿਰ ਇੱਧਰੋਂ– ਉੱਧਰੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਸ ਫਲ ਨੂੰ “ਡਰੈਗਨ ਫਰੂਟ” ਕਹਿੰਦੇ ਹਨ ਅਤੇ ਅਮਰੀਕਾ ਦੇ ਵਿੱਚ ਇਸ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਾਡੇ ਦੇਸ਼ ਵਿੱਚ ਬਾਹਰਲੇ ਦੇਸ਼ ਤੋਂ ਇਸ ਦੇ ਪੌਦੇ ਆਉਂਦੇ ਹਨ।
ਫਿਰ ਵੀ ਉਨ੍ਹਾਂ ਦਾ ਮਨ ਸ਼ਾਂਤ ਨਾ ਹੋਇਆ। ਉਨ੍ਹਾਂ ਨੇ ਹੋਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਫਿਰ ਵੀ ਕੋਈ ਖਾਸ ਪਤਾ ਨਾ ਲੱਗਾ ਕਿ ਬਾਹਰੋਂ ਜਦੋਂ ਪੌਦੇ ਆਉਂਦੇ ਹਨ, ਕਿੱਥੇ ਆਉਂਦੇ, ਕਿੱਥੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਕ ਪੌਦਾ ਕਿੰਨੇ ਰੁਪਏ ਦਾ ਹੈ।
ਇੱਕ ਦਿਨ ਉਹ ਆਪਣੇ ਮਿੱਤਰ ਨਾਲ ਗੱਲ ਕਰ ਰਹੇ ਸਨ ਅਤੇ ਗੱਲਾਂ ਕਰਦੇ–ਕਰਦੇ ਉਹ ਆਪਣੇ ਮਿੱਤਰ ਨੂੰ ਡਰੈਗਨ ਫਰੂਟ ਬਾਰੇ ਦੱਸਣ ਲੱਗ ਗਏ ਕਿ ਇੱਕ ਡਰੈਗਨ ਫਰੂਟ ਨਾਮ ਦਾ ਫਲ ਹੈ, ਜਿਸ ਬਾਰੇ ਕੁੱਝ ਨਹੀਂ ਪਤਾ ਚਲ ਰਿਹਾ। ਤਾਂ ਅੱਗੋਂ ਉਨ੍ਹਾਂ ਦੇ ਦੋਸਤ ਨੇ ਕਿਹਾ ਫਿਰ ਤੂੰ ਸਹੀ ਜਗ੍ਹਾ ਗੱਲ ਕੀਤੀ ਮੈਂ ਵੀ ਡਰੈਗਨ ਫਰੂਟ ਦੇ ਉੱਪਰ ਹੀ ਰਿਸਰਚ ਕਰ ਰਿਹਾ ਹਾਂ।
ਕਹਿੰਦੇ ਹਨ ਕਿ ਜਦੋਂ ਜਿਸ ਚੀਜ਼ ਦਾ ਸਹੀ ਸਮਾਂ ਹੁੰਦਾ ਹੈ ਉਹ ਉਦੋਂ ਆਪਣੇ ਆਪ ਸਾਹਮਣੇ ਆ ਜਾਂਦੀ ਹੈ, ਕੇਵਲ ਥੋੜ੍ਹੇ ਸਬਰ ਦੀ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਦੇ ਦੋਸਤ ਵਿਜੈ ਸ਼ਰਮਾ ਜੋ ਪੂਸਾ ਦੇ ਵਿੱਚ ਵਿਗਿਆਨੀ ਹਨ ਅਤੇ ਬਾਗਬਾਨੀ ਦੇ ਉੱਪਰ ਰਿਸਰਚ ਕਰਦੇ ਹਨ। ਫਿਰ ਉਨ੍ਹਾਂ ਦੋਨਾਂ ਨੇ ਮਿਲ ਕੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਰਿਸਰਚ ਕਰਨ ਉਪਰੰਤ ਦੋਨਾਂ ਨੂੰ ਪਤਾ ਲੱਗਾ ਕਿ ਇਸ ਦੀ ਖੇਤੀ ਗੁਜਰਾਤ ਦੇ ਬਰੋਚ ਸ਼ਹਿਰ ਵਿੱਚ ਹੁੰਦੀ ਹੈ ਅਤੇ ਉੱਥੇ ਫਾਰਮ ਵੀ ਬਣੇ ਹੋਏ ਹਨ।
ਅਸੀਂ ਦੋਨੇਂ ਮਿਲ ਕੇ ਗੁਜਰਾਤ ਚਲੇ ਗਏ ਅਤੇ ਕਈ ਫਾਰਮ ‘ਤੇ ਜਾ ਕੇ ਦੇਖਿਆ ਅਤੇ ਸਮਝਿਆ – ਰਮਨ ਸਲਾਰੀਆ
ਸਭ ਕੁੱਝ ਦੇਖਣ ਅਤੇ ਸਮਝਣ ਤੋਂ ਬਾਅਦ ਰਮਨ ਸਲਾਰੀਆ ਨੇ 1000 ਪੌਦੇ ਮੰਗਵਾ ਲਏ। ਜਦ ਕਿ ਉਨ੍ਹਾਂ ਦੇ ਬਜ਼ੁਰਗ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਨੂੰ ਅਪਣਾ ਰਹੇ ਹਨ ਪਰ ਰਮਨ ਜੀ ਨੇ ਕੁੱਝ ਵਿਭਿੰਨ ਕਰਨ ਬਾਰੇ ਸੋਚਿਆ। ਪੌਦੇ ਮੰਗਵਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਜੰਗਲ ਵਿਖੇ 4 ਕਨਾਲ ਥਾਂ ‘ਤੇ ਡਰੈਗਨ ਫਰੂਟ ਦੇ ਪੌਦੇ ਲਗਾ ਦਿੱਤੇ ਅਤੇ ਨੌਕਰੀ ਛੱਡ ਦਿੱਤੀ ਅਤੇ ਖੇਤੀ ਵਿੱਚ ਉਨ੍ਹਾਂ ਨੇ ਹਮੇਸ਼ਾਂ ਜੈਵਿਕ ਖੇਤੀ ਨੂੰ ਹੀ ਤਰਜੀਹ ਦਿੱਤੀ।
ਸਭ ਤੋਂ ਮੁਸ਼ਕਿਲ ਸਮਾਂ ਉਦੋਂ ਸੀ ਜਦੋਂ ਪਿੰਡ ਵਾਲਿਆਂ ਲਈ ਮੈਂ ਮਜ਼ਾਕ ਦਾ ਪਾਤਰ ਬਣਿਆ ਸੀ – ਰਮਨ ਸਲਾਰੀਆ
2019 ਵਿੱਚ ਉਨ੍ਹਾਂ ਨੇ ਪੱਕੇ ਤੌਰ ‘ਤੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਪੌਦੇ ਲਗਾਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਸੀ ਕਿ ਇਹ ਚੰਗੀ ਭਲੀ ਨੌਕਰੀ ਛੱਡ ਕੇ ਕਿਸ ਕੰਮ ਵੱਲ ਪੈ ਗਿਆ ਹੈ ਅਤੇ ਜਿਸ ਨੇ ਸਰੀਰ ਤੱਕ ਨੂੰ ਮਿੱਟੀ ਦਾ ਇੱਕ ਕਣ ਵੀ ਛੂੰਹਦਾ ਨਹੀਂ ਸੀ। ਅੱਜ ਉਹ ਮਿੱਟੀ ਦੇ ਵਿੱਚ ਮਿੱਟੀ ਹੋ ਰਿਹਾ ਹੈ। ਪਰ ਰਮਨ ਸਲਾਰੀਆ ਨੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਖੇਤੀ ਜਾਰੀ ਰੱਖੀ।
ਡਰੈਗਨ ਫਰੂਟ ਇੱਕ ਅਜਿਹਾ ਫਲ ਹੈ ਜਿਸ ਨੂੰ ਲਗਾਉਣ ਦਾ ਸਮਾਂ ਫਰਵਰੀ ਤੋਂ ਮਾਰਚ ਦੇ ਵਿੱਚ ਹੁੰਦਾ ਹੈ ਅਤੇ ਪੂਰੇ ਇੱਕ ਸਾਲ ਬਾਅਦ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਜ ਕੱਲ੍ਹ ਭਾਰਤ ਵਿੱਚ ਇਸ ਦੀ ਮੰਗ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਇਸਨੂੰ ਆਪਣੇ ਖੇਤਾਂ ਦੀ ਪਹਚਿਾਣ ਬਣਾਉਣਾ ਚਾਹੁੰਦਾ ਹੈ।
ਜਦੋਂ ਫਲ ਪੱਕ ਕੇ ਤਿਆਰ ਹੋਇਆ, ਜਿਨ੍ਹਾਂ ਦੇ ਲਈ ਮਜ਼ਾਕ ਦਾ ਪਾਤਰ ਬਣਿਆ ਸੀ ਅੱਜ ਉਹ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਹੀਂ ਥੱਕਦੇ – ਰਮਨ ਸਲਾਰੀਆ
ਫਲ ਪੱਕ ਕੇ ਤਿਆਰ ਹੋਣ ਮਗਰੋਂ ਉਨ੍ਹਾਂ ਦੇ ਫਲ ਦੀ ਮੰਗ ਇੰਨੀ ਵੱਧ ਗਈ ਕਿ ਫਲ ਬਜ਼ਾਰ ਵਿੱਚ ਜਾਣ ਦੇ ਲਈ ਬਚਿਆ ਹੀ ਨਹੀਂ। ਉਨ੍ਹਾਂ ਨੇ ਤਾਂ ਅਭਿਆਸ ਦੇ ਤੌਰ ‘ਤੇ ਆਪਣੇ ਕਰੀਬੀ ਰਿਸ਼ਤੇਦਾਰ ਜਾਂ ਦੋਸਤ ਮਿੱਤਰਾਂ ਨੂੰ ਦੱਸਿਆ ਸੀ, ਪਰ ਦੱਸਣ ਦੇ ਨਾਲ ਉਹਨਾਂ ਦੇ ਫਲ ਅਤੇ ਮਿਹਨਤ ਦਾ ਮੁੱਲ ਪੈ ਗਿਆ।
ਮੈਂ ਬਹੁਤ ਖੁਸ਼ ਹੋਇਆ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਬਿਨਾਂ ਬਜ਼ਾਰ ਗਏ ਫਲ ਦਾ ਮੁੱਲ ਪੈ ਗਿਆ – ਰਮਨ ਸਲਾਰੀਆ
ਉਸ ਸਮੇਂ ਉਨ੍ਹਾਂ ਦਾ ਫਲ 200 ਤੋਂ ਲੈ ਕੇ 500 ਤੱਕ ਵਿਕਿਆ ਸੀ ਹਾਲਾਂਕਿ ਡਰੈਗਨ ਫਰੂਟ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋਣ ਨੂੰ 3 ਸਾਲ ਦਾ ਸਮਾਂ ਲੱਗ ਜਾਂਦਾ ਹੈ। ਉਹ ਇਸ ਦੇ ਨਾਲ–ਨਾਲ ਹਲਦੀ ਦੀ ਖੇਤੀ ਵੀ ਕਰ ਰਹੇ ਹਨ ਅਤੇ ਪਪੀਤੇ ਦੇ ਬੂਟੇ ਵੀ ਲਗਾਏ ਹਨ।
ਅੱਜ ਉਹ ਡਰੈਗਨ ਫਰੂਟ ਦੀ ਖੇਤੀ ਕਰਕੇ ਬਹੁਤ ਮੁਨਾਫ਼ਾ ਕਮਾ ਰਹੇ ਹਨ ਅਤੇ ਉੱਚੀਆਂ ਮੰਜ਼ਿਲਾਂ ‘ਤੇ ਕਾਮਯਾਬੀ ਵੀ ਪ੍ਰਾਪਤ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਪਿੰਡ ਜੰਗਲ ਨੂੰ ਜਿੱਥੇ ਪਹਿਲਾਂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਦੇਸ਼ ਲਈ 1961 ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਪਰਮ ਵੀਰ ਚੱਕਰ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਉੱਥੇ ਹੀ ਹੁਣ ਰਮਨ ਸਲਾਰੀਆ ਜੀ ਕਰਕੇ ਪਿੰਡ ਨੂੰ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਡਰੈਗਨ ਫਰੂਟ ਦੀ ਖੇਤੀ ਕਰਕੇ ਪਿੰਡ ਨੂੰ ਉੱਚੀਆਂ ਬੁਲੰਦੀਆਂ ‘ਤੇ ਲੈ ਗਏ।
ਜੇਕਰ ਇਨਸਾਨ ਨੂੰ ਆਪਣੇ ਆਪ ‘ਤੇ ਭਰੋਸਾ ਹੈ ਤਾਂ ਉਹ ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰ ਸਕਦਾ ਹੈ।
ਭਵਿੱਖ ਦੀ ਯੋਜਨਾ
ਉਹ ਡਰੈਗਨ ਫਰੂਟ ਦੀ ਖੇਤੀ ਅਤੇ ਮਾਰਕੀਟਿੰਗ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ। ਉਹ ਨਾਲ–ਨਾਲ ਹਲਦੀ ਦੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ ਤਾਂ ਜੋ ਹਲਦੀ ਦੀ ਪ੍ਰੋਸੈਸਿੰਗ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਉਹ ਆਪਣੇ ਬ੍ਰੈਂਡ ਦਾ ਨਾਮ ਰਜਿਸਟਰ ਕਰਵਾਉਣਾ ਚਾਹੁੰਦੇ ਹਨ ਜਿਸ ਨਾਲ ਮਾਰਕੀਟਿੰਗ ਵਿੱਚ ਹੋਰ ਵੱਡੇ ਪੱਧਰ ‘ਤੇ ਪਹਿਚਾਣ ਬਣ ਸਕੇ। ਬਾਕੀ ਮੁੱਕਦੀ ਗੱਲ ਹੈ ਕਿ ਖੇਤੀ ਲਾਹੇਵੰਦ ਹੀ ਹੁੰਦੀ ਹੈ ਜੇਕਰ ਸਹੀ ਤਰੀਕੇ ਨਾਲ ਕੀਤੀ ਜਾਵੇ।
ਜੇਕਰ ਕੋਈ ਡਰੈਗਨ ਫਰੂਟ ਦੀ ਖੇਤੀ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਰਿਸਰਚ ਕਰਨੀ ਚਾਹੀਦੀ ਹੈ ਅਤੇ ਆਪਣੇ ਏਰੀਆ ਅਤੇ ਮਾਰਕੀਟ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਅਧੂਰੀ ਜਾਣਕਾਰੀ ਲੈ ਕੇ ਸ਼ੁਰੂ ਤਾਂ ਕਰ ਲੈਂਦੇ ਹਨ ਪਰ ਫਿਰ ਮੁੜ ਕੇ ਦੁਖੀ ਹੁੰਦੇ ਹਾਂ, ਕਿਉਂਕਿ ਜਦੋਂ ਸ਼ੁਰੂਆਤ ਵਿੱਚ ਸਫਲਤਾ ਨਾ ਮਿਲੇ, ਤਾਂ ਅੱਗੇ ਕੰਮ ਕਰਨ ਦੀ ਇੱਛਾ ਨਹੀਂ ਰਹਿੰਦੀ।