1 ਬਿੱਘਾ ਜ਼ਮੀਨ ਤੋਂ ਸ਼ੁਰੂ ਕਰਕੇ 65 ਏਕੜ ਜ਼ਮੀਨ ਤੱਕ ਦਾ ਖੇਤੀ ਸਫ਼ਰ– ਮੁਹੰਮਦ ਗਫ਼ੂਰ
ਪੰਜਾਬ ਦੇ ਨਾਮੀ ਸ਼ਹਿਰ ਮਲੇਰਕੋਟਲਾ ਦੇ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਕਿਸਾਨ ਮੁਹੰਮਦ ਗਫ਼ੂਰ, ਜੋ ਆਪਣੀ ਸਖਤ ਮਿਹਨਤ ਨਾਲ ਖੁਦ ਦਾ ਖੇਤੀ ਕਾਰੋਬਾਰ ਸਥਾਪਿਤ ਕਰਨ ਵਿੱਚ ਸਫਲ ਹੋਏ। ਕੇਵਲ 1 ਬਿੱਘਾ ਜ਼ਮੀਨ ਤੋਂ ਸ਼ੁਰੂਆਤ ਕਰਕੇ ਹੁਣ ਆਪਣੇ ਖੇਤੀ ਕਾਰੋਬਾਰ ਨੂੰ 65 ਏਕੜ ਤੱਕ ਵਧਾ ਲਿਆ ਹੈ। ਅੱਜ, ਗਫ਼ੂਰ ਜੀ ਖੇਤੀ ਦੀਆਂ ਬਾਰੀਕੀਆਂ ਵਿੱਚ ਮਾਹਿਰ ਹਨ ਅਤੇ ਆਪਣੇ ਦ੍ਰਿੜ ਇਰਾਦੇ ਅਤੇ ਜਜ਼ਬੇ ਨਾਲ ਸ਼ਾਨਦਾਰ ਸਫਲਤਾ ਪ੍ਰਾਪਤ ਕਰ ਰਹੇ ਹਨ।
ਮਲੇਰਕੋਟਲਾ ਸ਼ਹਿਰ ਦੇ ਰਹਿਣ ਵਾਲੇ ਮੁਹੰਮਦ ਗਫ਼ੂਰ ਦੇ ਪਿਤਾ ਦੀ 1983 ਵਿੱਚ ਅਚਾਨਕ ਮੌਤ ਹੋ ਗਈ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ਗਫ਼ੂਰ ਜੀ ‘ਤੇ ਆ ਗਈ। ਜਿਸ ਕਾਰਨ ਉਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਅਤੇ ਆਪਣੇ ਪਰਿਵਾਰ ਦਾ ਪਾਲਣ–ਪੋਸ਼ਣ ਕਰਨ ਲਈ ਬਿਹਤਰੀਨ ਰਸਤੇ ਦੀ ਭਾਲ ਕਰਨੀ ਪਈ। ਸਬਜ਼ੀਆਂ ਦੀ ਇੱਕ ਛੋਟੀ ਨਰਸਰੀ ਤੋਂ ਗਫ਼ੂਰ ਦੇ ਖੇਤੀ ਸਫ਼ਰ ਦੀ ਸ਼ੁਰੂਆਤ ਹੋਈ। ਜਲਦ ਹੀ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਸ਼ਾਇਦ ਇਹੀ ਉਹ ਰਾਹ ਹੈ, ਜਿਸ ‘ਤੇ ਚੱਲ ਕੇ ਉਹ ਆਪਣੀ ਸਾਰੀ ਜ਼ਿੰਮੇਵਾਰੀਆਂ ਪੂਰੀ ਕਰ ਸਕਦੇ ਹਨ।
ਖੇਤੀ ਵਿੱਚ ਗਫ਼ੂਰ ਜੀ ਦੀ ਉੱਨਤੀ ਅਸਾਧਾਰਨ ਸੀ। 1992 ਵਿੱਚ ਉਹਨਾਂ ਨੂੰ ਖਾਲਸਾ ਕਾਲਜ ਦੀ 6 ਤੋਂ 7 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਮੌਕਾ ਮਿਲਿਆ, ਜਿਹੜਾ ਉਹਨਾਂ ਦੇ ਖੇਤੀ ਸਫ਼ਰ ਲਈ ਬਹੁਤ ਫਾਇਦੇਮੰਦ ਸਿੱਧ ਹੋਇਆ। ਸਾਲ 2000 ਵਿੱਚ, ਗਫ਼ੂਰ ਨੇ ਆਪਣੀ ਖੇਤੀ ਦੇ ਕੰਮ ਨੂੰ 20 ਏਕੜ ਤੱਕ ਵਧਾਇਆ ਅਤੇ 2004 ਤੱਕ, ਉਹਨਾਂ ਨੇ ਆਪਣੀ ਜ਼ਮੀਨ 31 ਏਕੜ ਕਰ ਲਈ। ਆਪਣੀ ਅਣਥੱਕ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਉਹਨਾਂ ਨੂੰ ਬਹੁਤ ਚੰਗੇ ਨਤੀਜੇ ਮਿਲੇ ਅਤੇ 2017 ਵਿੱਚ ਉਹਨਾਂ ਦੀ ਜ਼ਮੀਨ 31 ਏਕੜ ਤੋਂ ਵੱਧ ਕੇ 65 ਏਕੜ ਹੋ ਗਈ ਅਤੇ ਅੱਜ ਉਹ ਠੇਕੇ ‘ਤੇ ਲਈ ਗਈ 65 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹਨ।
ਖੇਤੀ ਦੀਆਂ ਸਮੱਸਿਆਵਾਂ ਨੂੰ ਆਪਣੇ ਤਜ਼ਰਬੇ ਦੁਆਰਾ ਸਮਝਣ ਦੀ ਯੋਗਤਾ ਗਫ਼ੂਰ ਨੂੰ ਦੂਜਿਆਂ ਤੋਂ ਵੱਖ ਕਰਦੀ ਹੈ। ਸਮੇਂ ਦੇ ਨਾਲ, ਉਹਨਾਂ ਨੇ ਖੇਤੀ ਦੀ ਕਲਾ ਵਿੱਚ ਨਿਪੁੰਨਤਾ ਹਾਸਿਲ ਕਰ ਲਈ ਅਤੇ ਵਿਭਿੰਨ ਖੇਤੀ ਤਕਨੀਕਾਂ ਵਿੱਚ ਕੁਸ਼ਲ ਹੋ ਗਏ। ਗਫ਼ੂਰ ਦੀ ਸਫਲਤਾ, ਖੇਤੀ ਵਿੱਚ ਉਹਨਾਂ ਦੇ ਅਨੁਭਵ ਅਤੇ ਸਖਤ ਮਿਹਨਤ ਦਾ ਨਤੀਜਾ ਹੈ।
ਗਫ਼ੂਰ ਨੇ ਉਤਪਾਦਨ ਵਧਾਉਣ ਲਈ ਵਿਭਿੰਨ ਫਸਲਾਂ ਅਤੇ ਸਿੰਚਾਈ ਤਕਨੀਕਾਂ ਦਾ ਪ੍ਰਯੋਗ ਕੀਤਾ। ਸ਼ੁਰੂਆਤੀ ਦਿਨਾਂ ਵਿੱਚ ਉਹ ਸੰਗਰੂਰ ਨਹਿਰੂ ਮਾਰਕੀਟ ਅਤੇ ਮੋਗਾ ਵਿੱਚ ਕੰਮ ਕਰਦੇ ਸਨ, ਜਿੱਥੇ ਉਹ ਪਨੀਰੀ ਵੇਚਦੇ ਸਨ। 1991 ਵਿੱਚ ਉਹ ਰਾਜਪੁਰਾ ਆ ਗਏ ਅਤੇ ਅਖੀਰ ਵਿੱਚ ਪਟਿਆਲਾ ਵਿੱਚ ਵੱਸ ਗਏ। ਇਸੀ ਸਮੇਂ ਦੇ ਦੌਰਾਨ ਗਫ਼ੂਰ ਨੇ ਮਲਚਿੰਗ ਸਿੰਚਾਈ ਢੰਗ ਦਾ ਉਪਯੋਗ ਕਰਨਾ ਸ਼ੁਰੂ ਕੀਤਾ, ਜਿਸਦਾ ਉਪਯੋਗ ਉਹ ਪਿਛਲੇ 5 ਸਾਲਾਂ ਤੋਂ ਕਰ ਰਹੇ ਹਨ। ਇਸਦੇ ਇਲਾਵਾ, ਉਹ ਆਪਣੀ 15 ਏਕੜ ਜ਼ਮੀਨ ‘ਤੇ ਤੁਪਕਾ ਪ੍ਰਣਾਲੀ ਦਾ ਉਪਯੋਗ ਕਰਦੇ ਹਨ ਅਤੇ ਇਸ ਪਹਿਲ ਲਈ ਉਹਨਾਂ ਨੂੰ ਪਟਿਆਲਾ ਦੇ ਅਧਿਕਾਰੀਆਂ ਅਤੇ ਕੇਂਦਰ ਸਰਕਾਰ ਦੋਨਾਂ ਵਲੋਂ ਸਬਸਿਡੀ ਵੀ ਮਿਲੀ।
ਗਫ਼ੂਰ ਦੀ ਵਿਸ਼ੇਸ਼ਤਾ ਨਾ ਕੇਵਲ ਖੇਤੀ ਤੱਕ ਸਗੋਂ ਫਸਲ ਯੋਜਨਾ ਤੱਕ ਵੀ ਫੈਲੀ ਹੋਈ ਹੈ। ਗਫ਼ੂਰ ਜੀ ਨੇ ਸਬਜ਼ੀਆਂ ਲਈ 15 ਏਕੜ, ਕਣਕ ਲਈ 5 ਏਕੜ ਅਤੇ ਝੋਨੇ ਲਈ 25 ਏਕੜ ਜ਼ਮੀਨ ਰਾਖਵੀਂ ਰੱਖੀ ਹੋਈ ਹੈ। ਖੇਤੀ ਵਿੱਚ ਜ਼ਿਆਦਾ ਗਿਆਨ ਹੋਣ ਕਾਰਨ ਉਹਨਾਂ ਨੂੰ ਨਾਲ ਦੇ ਕਿਸਾਨਾਂ ਤੋਂ ਸਨਮਾਨ ਮਿਲਿਆ, ਜਿਹੜੇ ਜ਼ਿਆਦਾਤਰ ਉਹਨਾਂ ਦੀ ਸਲਾਹ ਅਤੇ ਮਦਦ ਚਾਹੁੰਦੇ ਹਨ। ਗਫ਼ੂਰ ਜੀ ਦੂਜੇ ਕਿਸਾਨਾਂ ਦੀ ਸਬਜ਼ੀ ਦੀ ਖੇਤੀ ਕਰਨ ਵਿੱਚ ਮਦਦ ਕਰਦੇ ਹਨ ਅਤੇ ਦਵਾਈਆਂ ਅਤੇ ਸਪਰੇਅ ਦੇ ਨਾਮਾਂ ਬਾਰੇ ਮਾਰਗਦਰਸ਼ਨ ਕਰਦੇ ਰਹਿੰਦੇ ਹਨ।
ਮੁਹੰਮਦ ਗਫ਼ੂਰ ਦੇ ਪਰਿਵਾਰ ਨੇ ਉਹਨਾਂ ਦੇ ਖੇਤੀ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਦੇ ਤਿੰਨ ਭਰਾ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਲੱਗੇ ਹੋਏ ਹਨ ਅਤੇ ਬਾਕੀ ਭਰਾ–ਭੈਣਾਂ ਨੇ ਬੀਜ ਦੀਆਂ ਦੁਕਾਨਾਂ ਸਥਾਪਿਤ ਕੀਤੀਆਂ ਹੋਇਆ ਹਨ। 2000 ਵਿੱਚ, ਗਫ਼ੂਰ ਇੱਕ ਆਰਮੀ ਦੇ ਸਬਜ਼ੀ ਠੇਕੇਦਾਰ ਬਣ ਗਏ ਅਤੇ ਉਹਨਾਂ ਨੇ ਆਪਣੀ 10 ਏਕੜ ਦੀ ਉਪਜ ਵੇਚਣੀ ਸ਼ੁਰੂ ਕਰ ਦਿੱਤੀ। ਇਹ ਸਮਝੌਤਾ ਜਾਰੀ ਹੈ ਅਤੇ ਇਸ ਨਾਲ ਦੋਨਾਂ ਪਾਸਿਆਂ ਨੂੰ ਲਾਭ ਹੁੰਦਾ ਹੈ। ਭਵਿੱਖ ਵਿੱਚ ਗਫ਼ੂਰ ਜਦੋਂ ਤੱਕ ਸੰਭਵ ਹੋਵੇ ਖੁਦ ਖੇਤੀ ਕਰਨਾ ਚਾਹੁੰਦੇ ਹਨ। ਵਰਤਮਾਨ ਵਿੱਚ, ਉਹਨਾਂ ਦੇ ਬੱਚੇ ਆਪਣੇ ਖੁਦ ਦੇ ਸਫਲ ਕਿੱਤੇ ਵਿੱਚ ਸ਼ਾਮਿਲ ਹਨ ਅਤੇ ਸਿੱਧੇ ਤੌਰ ‘ਤੇ ਖੇਤੀ ਨਾਲ ਜੁੜੇ ਹੋਏ ਨਹੀਂ ਹਨ।
ਗਫ਼ੂਰ ਦੀ ਖੇਤੀ ਦੀਆਂ ਕੋਸ਼ਿਸ਼ਾਂ ਲਾਭਦਾਇਕ ਰਹੀਆਂ ਹਨ। ਠੇਕੇ ਵਾਲੀ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਤੋਂ ਪ੍ਰਤੀ ਏਕੜ ਲਗਭਗ 10,000 ਤੋਂ 15,000 ਰੁਪਏ ਦੀ ਕਮਾਈ ਹੁੰਦੀ ਹੈ। ਸਬਜ਼ੀਆਂ ਦੀ ਖੇਤੀ ਤੋਂ ਹੋਰ ਵੀ ਜ਼ਿਆਦਾ 50,000 ਤੋਂ 100,000 ਰੁਪਏ ਪ੍ਰਤੀ ਏਕੜ ਮੁਨਾਫ਼ਾ ਕਮਾਉਣ ਦੀ ਸਮਰੱਥਾ ਹੈ। ਹਾਲਾਂਕਿ, ਗਫ਼ੂਰ ਸਿਰਫ ਇਹਨਾਂ ਅੰਕੜਿਆਂ ‘ਤੇ ਨਿਰਭਰ ਨਾ ਰਹਿਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹਨ, ਕਿਉਂਕਿ ਬਾਜ਼ਾਰ ਦਰਾਂ ਵਿੱਚ ਉਤਾਰ–ਚੜਾਅ ਹੁੰਦਾ ਰਹਿੰਦਾ ਹੈ। ਉਹ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੇ ਨਿਵੇਸ਼ ‘ਤੇ ਧਿਆਨ ਨਾਲ ਵਿਚਾਰ ਕਰਨ ਅਤੇ ਛੋਟੇ ਪੱਧਰ ਤੋਂ ਸ਼ੁਰੂਆਤ ਕਰਨ, ਹੌਲੀ–ਹੌਲੀ ਆਪਣਾ ਕੰਮ ਵਧਾਉਣ।
ਖੇਤੀ ਵਿੱਚ ਮਦਦ ਲਈ, ਗਫ਼ੂਰ ਜੀ ਸੀਜ਼ਨ ਦੇ ਦੌਰਾਨ 40 ਤੋਂ 50 ਵਰਕਰਾਂ ਨੂੰ ਰੋਜ਼ਗਾਰ ਦਿੰਦੇ ਹਨ। ਜਿਵੇਂ–ਜਿਵੇਂ ਸੀਜ਼ਨ ਖਤਮ ਹੁੰਦਾ ਹੈ, ਸੰਖਿਆਂ ਘੱਟ ਕੇ ਲਗਭਗ 20 ਹੋ ਜਾਂਦੀ ਹੈ। ਗਫ਼ੂਰ ਆਪਣੇ ਫਾਰਮ ਦੇ ਪ੍ਰਤੀ ਸਮਰਪਿਤ ਹਨ ਅਤੇ ਭਵਿੱਖ ਵਿੱਚ ਰਿਟਾਇਰ ਹੋਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ। ਉਹ ਨਿਮਰਤਾ ਅਤੇ ਜ਼ਮੀਨ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਕਿਸੇ ਵੀ ਪੁਰਸਕਾਰ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ। ਗਫ਼ੂਰ ਦਾ ਖੇਤੀ ਨਾਲ ਪਿਆਰ, ਤਿਆਗ ਅਤੇ ਸਖਤ ਮਿਹਨਤ ਪੂਰੇ ਖੇਤਰ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦੀ ਹੈ। ਗਫ਼ੂਰ ਦੀ ਵਿਰਾਸਤ ਜ਼ਰੂਰ ਕਿਸਾਨਾਂ ਦੀ ਨਵੀਂ ਪੀੜ੍ਹੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਖੇਤੀ ਦੇ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰੇਗੀ।
ਕਿਸਾਨਾਂ ਲਈ ਸੰਦੇਸ਼
ਸਾਥੀ ਕਿਸਾਨਾਂ ਲਈ ਗਫ਼ੂਰ ਜੀ ਦਾ ਸੰਦੇਸ਼ ਹੈ ਕਿ ਕੇਵਲ ਦੂਜਿਆਂ ‘ਤੇ ਨਿਰਭਰ ਨਾ ਰਹੋ, ਛੋਟੀ ਸ਼ੁਰੂਆਤ ਕਰੋ, ਤਜ਼ਰਬਾ ਹਾਸਿਲ ਕਰੋ ਅਤੇ ਲਗਾਤਾਰ ਵੱਧਦੇ ਰਹੋ।