ਹਰਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫਲ ਅਧਿਆਪਕ ਤੋਂ ਇੱਕ ਸਫਲ ਸੂਰ ਪਾਲਕ ਬਣਨ ਤੱਕ ਦਾ ਅਨੌਖਾ ਸਫ਼ਰ

ਸੂਰ ਪਾਲਣ ਦੇ ਕਿੱਤੇ ਨੂੰ ਲੈ ਕੇ ਹਰ ਇੱਕ ਇਨਸਾਨ ਦੇ ਮਨ ਵਿੱਚ ਅਜਿਹੀ ਧਾਰਨਾ ਬਣੀ ਹੋਈ ਹੈ ਕਿ ਸੂਰ ਪਾਲਣ ਸਿਰਫ ਸਹਾਇਕ ਕਿੱਤਾ ਹੀ ਹੋ ਸਕਦਾ ਹੈ, ਇਸ ਤੋਂ ਇਲਾਵਾ ਕੁੱਝ ਇਨਸਾਨ ਇਹ ਵੀ ਸੋਚਦੇ ਹਨ ਸੂਰ ਇੱਕ ਬਹੁਤ ਜ਼ਿਆਦਾ ਗੰਦਾ ਜਾਨਵਰ ਹੈ ਜੋ ਹਮੇਸ਼ਾਂ ਗੰਦਗੀ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ ਅਤੇ ਸੂਰ ਪਾਲਣ ਕਦੇ ਵੀ ਮੁੱਖ ਕਿੱਤਿਆਂ ਵਿੱਚ ਆਪਣੀ ਥਾਂ ਨਹੀਂ ਬਣਾ ਸਕਦਾ।

ਅੱਜ ਪੜ੍ਹੋਗੇ ਇਸ ਧਾਰਨਾ ਨੂੰ ਗਲਤ ਸਾਬਿਤ ਕਰਨ ਵਾਲੇ ਅਜਿਹੇ ਇੱਕ ਨੌਜਵਾਨ ਹਰਪ੍ਰੀਤ ਸਿੰਘ ਦੀ ਸਫਲ ਸਟੋਰੀ ਜੋ ਪਿੰਡ ਲਾਲਬਾਈ, ਜ਼ਿਲ੍ਹਾ ਮੁਕਤਸਰ ਦਾ ਰਹਿਣ ਵਾਲੇ ਹਨ, ਜਿਨ੍ਹਾਂ ਨੇ BA ਅਤੇ B.ed ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 10 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬੱਚਿਆਂ ਨੂੰ ਗਿਆਨ ਵੰਡਿਆ ਪਰ ਬਾਅਦ ਵਿੱਚ ਅਧਿਆਪਕ ਤੋਂ ਸਫਲ ਕਿਸਾਨ ਬਣ ਕੇ ਕਾਮਯਾਬੀ ਹਾਸਿਲ ਕੀਤੀ ਅਤੇ ਉਨ੍ਹਾਂ ਦੇ ਸਫਲ ਕਿਸਾਨ ਬਣਨ ਦੀ ਕਹਾਣੀ ਸੋਸ਼ਲ ਮੀਡਿਆ ਤੋਂ ਸ਼ੁਰੂ ਹੁੰਦੀ ਹੈ, ਇੱਕ ਦਿਨ ਜਦੋਂ ਉਹ ਵਿਹਲੇ ਬੈਠੇ ਸਨ ਤਾਂ ਟਾਈਮ ਪਾਸ ਲਈ ਸੋਸ਼ਲ ਮੀਡਿਆ ਦੀ ਵਰਤੋਂ ਦੌਰਾਨ ਉਨ੍ਹਾਂ ਨੂੰ ਸੂਰ ਪਾਲਣ ਨਾਲ ਸੰਬੰਧਿਤ ਇੱਕ ਵੀਡੀਓ ਦਿਖਾਈ ਦਿੱਤੀ ਜਿਸ ਵਿੱਚ ਸੂਰ ਪਾਲਣ ਬਾਰੇ ਜਾਣਕਾਰੀ ਬਹੁਤ ਹੀ ਵਿਸਥਾਰ ਨਾਲ ਦਿੱਤੀ ਹੋਈ ਸੀ ਜਿਸਨੂੰ ਦੇਖਣ ਤੋਂ ਬਾਅਦ ਹਰਪ੍ਰੀਤ ਦੇ ਮਨ ਵਿੱਚ ਇੱਕ ਗੱਲ ਖਟਕ ਗਈ ਕਿ ਸੂਰ ਪਾਲਣ ਇੱਕ ਵਧੀਆ ਕਿੱਤਾ ਹੈ ਪਰ ਲੋਕ ਇਸਨੂੰ ਗਲਤ ਕਿਉਂ ਕਹਿੰਦੇ ਹਨ ਜਿਸ ਸੰਬੰਧਿਤ ਉਹ ਹੋਰ ਜਾਣਕਾਰੀ ਇਕੱਠੀ ਕਰਨ ਲੱਗ ਗਏ ਅਤੇ ਸਾਰਾ ਧਿਆਨ ਉਸ ਉੱਤੇ ਹੀ ਕੇਂਦਰਿਤ ਕਰ ਦਿੱਤਾ। ਜਦੋਂ ਹੌਲੀ-ਹੌਲੀ ਜਾਣਕਾਰੀ ਇਕੱਠੀ ਹੋਣੀ ਸ਼ੁਰੂ ਹੋਈ ਤਾਂ ਉਸ ਪਲ ਉਨ੍ਹਾਂ ਨੂੰ ਇੰਝ ਲੱਗਾ ਕਿ ਸਮੁੰਦਰ ਵਿੱਚ ਖੜੀ ਹੋਈ ਬੇੜੀ ਨੂੰ ਅੱਗੇ ਧਕੇਲਣ ਵਾਲਾ ਚੱਪੂ ਮਿਲ ਗਿਆ।

ਹਰਪ੍ਰੀਤ ਨੇ ਸੋਚਿਆ, ਜਾਣਕਾਰੀ ਤਾਂ ਬਹੁਤ ਜ਼ਿਆਦਾ ਇਕੱਠੀ ਕਰ ਲਈ ਹੈ ਪਰ ਹੁਣ ਮੌਕਾ ਫਾਰਮ ਦਾ ਦੌਰਾ ਕਰਕੇ ਹੋਰ ਵੀ ਜਾਣਕਰੀ ਹਾਸਿਲ ਕਰਨੀ ਸੀ ਕਿ ਸੱਚ ਵਿੱਚ ਹੀ ਸੂਰ ਪਾਲਣ ਨੂੰ ਇੱਕ ਮੁੱਖ ਕਿੱਤੇ ਦੇ ਰੂਪ ਵਿੱਚ ਅਪਣਾ ਕੇ ਸਫਲ ਹੋ ਸਕਦੇ ਹਾਂ। ਜਿਸ ਸੰਬੰਧਿਤ ਉਨ੍ਹਾਂ ਨੇ ਪੰਜਾਬ ਤੋਂ ਬਾਹਰ ਬਹੁਤ ਸਾਰੇ ਹੋਰ ਰਾਜਾਂ ਵਿੱਚ ਵੱਖ-ਵੱਖ ਸੂਰ ਪਾਲਣ ਦੇ ਫਾਰਮਾਂ ਦਾ ਦੌਰਾ ਕੀਤਾ ਅਤੇ ਉੱਥੋਂ ਆਪਣੇ ਸਵਾਲਾਂ ਦੀ ਪੂਰੀ ਤਰ੍ਹਾਂ ਪੁਸ਼ਟੀ ਕਰ ਕੇ ਹੀ ਵਾਪਿਸ ਮੁੜਦੇ। ਜਾਣਕਾਰੀ ਹਾਸਿਲ ਕਰਦਿਆਂ ਬਹੁਤ ਸਮਾਂ ਲਗਾ ਦਿੱਤਾ ਸੀ ਪਰ ਇਸ ਜਾਣਕਾਰੀ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਮਨ ਬਣਾਇਆ ਕਿ ਹੁਣ ਸੂਰ ਪਾਲਣ ਦਾ ਕਿੱਤਾ ਕਰਨਾ ਹੀ ਕਰਨਾ ਹੈ। ਜਿਸ ਨਾਲ ਸੰਬੰਧਿਤ ਹਰਪ੍ਰੀਤ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਹਰਪ੍ਰੀਤ ਦੀ ਇੱਕ ਵੀ ਗੱਲ ਨਾ ਸੁਣੀ ਗਈ ਕਿਉਂਕਿ ਹਰ ਇੱਕ ਦੇ ਮਨ ਵਿੱਚ ਇਹੀ ਗੱਲ ਬੈਠੀ ਹੋਈ ਸੀ ਕਿ ਸੂਰ ਇੱਕ ਬਹੁਤ ਗੰਦਾ ਜਾਨਵਰ ਹੈ ਜਿਸ ਨੂੰ ਗੰਦਗੀ ਪਸੰਦ ਹੈ, ਪਰ ਜਦੋਂ ਹਰਪ੍ਰੀਤ ਨੇ ਸੂਰ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਜਾਣਕਾਰੀ ਦਿੱਤੀ ਤਾਂ ਪਰਿਵਾਰ ਵਾਲਿਆਂ ਨੇ ਰਜ਼ਾਮੰਦੀ ਦੇ ਦਿੱਤੀ ਸੀ ਪਰ ਇੰਨੀ ਵੀ ਨਹੀਂ ਕਿ ਉਹ ਕਿੱਤਾ ਸ਼ੁਰੂ ਹੀ ਕਰ ਲੈਣ। ਜਿਸ ਨੂੰ ਲੈ ਕੇ ਨਿਰਾਸ਼ ਹੋ ਗਏ ਸਨ।

ਇਸ ਦੌਰਾਨ ਹੀ ਉਨ੍ਹਾਂ ਦੇ ਦਾਦਾ ਜੀ ਜੋ ਕਿ Ministry of Home Affairs ਵਿੱਚ ਇੱਕ ਵੱਡੇ ਅਹੁਦੇ ‘ਤੇ ਕੰਮ ਕਰਦੇ ਹਨ, ਉਨ੍ਹਾਂ ਦੀ ਮੀਟਿੰਗ ਸਾਲ 2018 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਹੋਈ ਅਤੇ ਉਸ ਸਮੇਂ ਹਰਪ੍ਰੀਤ ਵੀ ਆਪਣੇ ਦਾਦਾ ਜੀ ਨਾਲ ਉਸ ਮੀਟਿੰਗ ਵਿੱਚ ਗਏ ਸਨ ਤਾਂ ਸਾਬਕਾ ਮੁੱਖ ਮੰਤਰੀ ਜੀ ਦੇ ਪੁੱਛਣ ਉਪਰੰਤ ਹਰਪ੍ਰੀਤ ਨੇ ਦੱਸਿਆ ਕਿ ਉਹ ਪਹਿਲਾ ਇੱਕ ਅਧਿਆਪਕ ਸਨ ਅਤੇ ਹੁਣ ਸੂਰ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਬਾਰੇ ਸੋਚ ਰਹੇ ਸਨ। ਇਸ ਉੱਤੇ ਸਰਦਾਰ ਪ੍ਰਕਾਸ਼ ਬਾਦਲ ਜੀ ਨੇ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ “ਬੇਟਾ, ਬਹੁਤ ਵਧੀਆ ਸੋਚ ਹੈ ਤੂੰ ਇਸ ਕੰਮ ਨੂੰ ਕਦੋਂ ਸ਼ੁਰੂ ਕਰ ਰਿਹਾ ਹੈ, ਤੂੰ ਜਦੋਂ ਵੀ ਸ਼ੁਰੂ ਕਰੇਗਾ, ਮੇਰੇ PA ਨੂੰ ਫੋਨ ਕਰਕੇ ਦੱਸ ਦੇਈ ਤੇਰਾ ਫਾਰਮ ਜ਼ਰੂਰ ਦੇਖਣ ਆਵਾਂਗੇ।”

ਹਰਪ੍ਰੀਤ ਤਾਂ ਪਹਿਲਾਂ ਹੀ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਉੱਪਰੋਂ ਜਦੋਂ ਸਾਬਕਾ ਮੁੱਖ ਮੰਤਰੀ ਨੇ ਕੰਮ ਪ੍ਰਤੀ ਹਮਦਰਦੀ ਜਤਾਈ ਤਾਂ ਭਰੋਸਾ ਹੋ ਗਿਆ ਕਿ ਹਾਂ, ਇਹ ਕਿੱਤਾ ਵੀ ਇੱਕ ਮੁੱਖ ਕਿੱਤਾ ਬਣ ਸਕਦਾ ਹੈ ਅਤੇ ਮੁੜ ਕੇ ਪਰਿਵਾਰ ਵਾਲਿਆਂ ਨੇ ਹਰਪ੍ਰੀਤ ਨੂੰ ਕਿੱਤਾ ਸ਼ੁਰੂ ਕਰਨ ਲਈ ਰਜ਼ਾਮੰਦੀ ਦੇ ਦਿੱਤੀ ਅਤੇ ਹਰਪ੍ਰੀਤ ਬਹੁਤ ਜ਼ਿਆਦਾ ਖੁਸ਼ ਹੋਇਆ।

ਹਰਪ੍ਰੀਤ ਕੋਲ ਸੂਰ ਪਾਲਣ ਨਾਲ ਸੰਬੰਧਿਤ ਸਾਰੀ ਜਾਣਕਾਰੀ ਭਰਪੂਰ ਸੀ ਤਾਂ ਉਸਨੇ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਫਾਰਮ ਤਿਆਰ ਕਰਵਾਇਆ ਅਤੇ ਪੰਜਾਬ ਤੋਂ ਬਾਹਰੋਂ ਜਿਸ ਵਿੱਚ 2 ਨਰ ਸੂਰ ਅਤੇ 20 ਮਾਦਾ ਗੱਭਣ ਸੂਰ ਲੈ ਕੇ ਆਏ ਜੋ ਉਨ੍ਹਾਂ ਨੇ ਜੁਲਾਈ 2018 ਵਿੱਚ ਸੂਰ ਪਾਲਣ ਦੇ ਕੰਮ ਨੂੰ ਸ਼ੁਰੂ ਕਰ ਲਿਆ ਸੀ ਅਤੇ ਉਸ ਉੱਤੇ ਪੂਰੀ ਤਰ੍ਹਾਂ ਧਿਆਨ ਦੇਣ ਲੱਗੇ ਜਿਸ ਵਿੱਚ ਉਨ੍ਹਾਂ ਕੋਲ ਇੱਕ ਯਾਰਕਸ਼ਾਇਰ ਤੇ ਦੂਸਰਾ ਕ੍ਰਾਸ ਨਸਲ ਦੇ ਸੂਰ ਸਨ।

ਜਦੋਂ ਸੂਰ ਪਾਲਣ ਦਾ ਕੰਮ ਸ਼ੁਰੂ ਕਰ ਲਿਆ ਅਤੇ ਉਸ ਤੋਂ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਸਰਦਾਰ ਪ੍ਰਕਾਸ਼ ਬਾਦਲ ਜੀ ਦੇ PA ਨੂੰ ਫੋਨ ਕੀਤਾ ਅਤੇ ਆਪਣੇ ਫਾਰਮ ਵਿਖੇ ਆਉਣ ਦਾ ਸੱਦਾ ਦਿੱਤਾ, ਜਿਵੇਂ ਹੀ ਇਸ ਦੀ ਖਬਰ ਸਰਦਾਰ ਬਾਦਲ ਸਾਹਿਬ ਨੂੰ ਜੀ ਪਤਾ ਲੱਗੀ ਤਾਂ ਚੜ੍ਹਦੀ ਸਵੇਰ ਹੀ ਉਹ ਹਰਪ੍ਰੀਤ ਜੀ ਦੇ ਫਾਰਮ ਨੂੰ ਦੇਖਣ ਲਈ ਚਲੇ ਗਏ ਅਤੇ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਹਰਪ੍ਰੀਤ ਨੂੰ ਕਹਿਣ ਲੱਗੇ ਕਿ “ਬੇਟਾ, ਤੈਨੂੰ ਜਿਸ ਚੀਜ਼ ਦੀ ਜ਼ਰੂਰਤ ਹੋਈ ਬਸ ਇੱਕ ਵਾਰ ਮੈਨੂੰ ਕਹਿ ਦੇਈ।” ਜਦੋਂ ਸਰਦਾਰ ਬਾਦਲ ਸਾਹਿਬ ਹਰਪ੍ਰੀਤ ਦਾ ਫਾਰਮ ਦੇਖ ਕੇ ਗਏ ਤਾਂ ਪੂਰੇ ਅਤੇ ਹੋਰ ਦੇ ਨੇੜਲੇ ਪਿੰਡ ਵਿੱਚ ਇਸ ਦੀ ਖਬਰ ਫੈਲ ਗਈ ਅਤੇ ਪਿੰਡ ਦੇ ਨਾਲ-ਨਾਲ ਹੋਰ ਪਿੰਡ ਦੇ ਲੋਕ ਵੀ ਫਾਰਮ ਦੇਖਣ ਦੀ ਲਈ ਆਉਣ ਲੱਗੇ। ਜਦੋਂ ਉਨ੍ਹਾਂ ਦੇ ਫਾਰਮ ਵਿਖੇ ਦਿਨੋਂ-ਦਿਨੀ ਦੇਖਣ ਵਾਲਿਆਂ ਦੀ ਤਦਾਦ ਵਧਣ ਲੱਗੀ ਤਾਂ ਇਸ ਦੀ ਖਬਰ ਹੌਲੀ-ਹੌਲੀ ਸੂਰ ਖਰੀਦਣ ਵਾਲੇ ਵਪਾਰੀਆਂ ਕੋਲ ਵੀ ਪੁੱਜ ਗਈ ਅਤੇ ਉਹ ਵੀ ਫਾਰਮ ਦੇਖਣ ਦੇ ਲਈ ਆ ਗਏ ਤੇ ਹਰਪ੍ਰੀਤ ਨਾਲ ਉਹ ਵਪਾਰੀ ਸੂਰਾਂ ਦਾ ਸੌਦਾ ਕਰਕੇ ਗਏ। ਜਿਸ ਨਾਲ ਮਾਰਕੀਟਿੰਗ ਸ਼ੁਰੂ ਹੋ ਗਈ ਸੀ।

ਥੋੜੇ ਸਮੇਂ ਵਿੱਚ ਸੂਰਾਂ ਦੀ ਵਿਕਰੀ ਇੰਨੀ ਤੇਜ਼ੀ ਨਾਲ ਵਧੀ ਕਿ ਉਨ੍ਹਾਂ ਦਾ ਚਰਚਾ ਪੰਜਾਬ ਵਿੱਚ ਹੋਣ ਲੱਗ ਗਿਆ ਤੇ ਬਹੁਤ ਥੋੜੇ ਸਮੇਂ ਵਿੱਚ ਹੀ ਮੁਨਾਫ਼ਾ ਹੋਣ ਲੱਗਾ ਬੇਸ਼ਕ ਉਸ ਮੁਨਾਫ਼ੇ ਨਾਲ ਫਾਰਮ ਦਾ ਖਰਚਾ ਹੀ ਚੱਲ ਰਿਹਾ ਸੀ। ਪਰ ਉਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਜਦੋਂ ਗੱਭਣ ਸੂਰੀ ਤੋਂ ਅੱਗੇ ਬੱਚੇ ਹੋਏ ਜੋ ਕਿ ਇੱਕ ਸੂਰੀ ਦੀ ਲਗਭਗ 10 ਤੋਂ 15 ਬੱਚੇ ਹੁੰਦੇ ਹਨ, ਜਿਨ੍ਹਾਂ ਦੀ ਵਪਾਰੀਆਂ ਦੁਆਰਾ ਬਹੁਤ ਜ਼ਿਆਦਾ ਖਰੀਦ ਕੀਤੀ ਗਈ ਅਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮੁਨਾਫ਼ਾ ਹੋਇਆ, ਫਿਰ ਉਨ੍ਹਾਂ ਨੇ ਸੋਚਿਆ ਕਿਉਂ ਨਾ ਫਾਰਮ ਨੂੰ ਹੋਰ ਵੱਡੇ ਪੱਧਰ ਵਿੱਚ ਕਰਕੇ ਹੋਰ ਸੂਰ ਰੱਖ ਲਏ ਜਾਣ ਅਤੇ ਉਸਦੀ ਸਹੀ ਤਰੀਕੇ ਨਾਲ ਦੇਖਭਾਲ ਕਰਕੇ ਮਾਰਕੀਟਿੰਗ ਕੀਤੀ ਜਾਵੇ।

ਇਸ ਤੋਂ ਬਾਅਦ 2018 ਤੋਂ ਲੈ ਕੇ 2020 ਤੱਕ ਮਾਰਕੀਟਿੰਗ ਵੱਡੇ ਪੱਧਰ ‘ਤੇ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਤਾਂ ਪਹਿਲਾ ਹੀ ਚਰਚਾ ਦੇ ਵਿਸ਼ੇ ਬਣੇ ਹੋਏ ਸਨ ਉਸ ਦੇ ਨਾਲ-ਨਾਲ ਬਾਹਰੀ ਰਾਜਾਂ ਵਿੱਚ ਵਪਾਰੀ ਚੰਗੀ ਤਰ੍ਹਾਂ ਜਾਨਣ ਲੱਗ ਗਏ ਸੀ ਕਿਉਂਕਿ ਜਦੋਂ ਕੰਮ ਸ਼ੁਰੂ ਕੀਤਾ ਸੀ ਉਦੋਂ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕਿੱਤੇ ਨਾਲ ਇਸ ਤਰ੍ਹਾਂ ਬਣ ਗਈ ਹਰ ਕੋਈ ਸੂਰ ਖਰੀਦਣ ਦੇ ਲਈ ਹਰਪ੍ਰੀਤ ਕੋਲ ਹੀ ਆਉਂਦਾ ਹੈ ਅਤੇ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਜਿੱਥੇ ਸਾਲ 2020 ਵਿੱਚ ਆ ਕੇ ਪੂਰੀ ਤਰ੍ਹਾਂ ਮੁਨਾਫ਼ਾ ਕਮਾਉਣ ਲੱਗੇ ਅਤੇ ਕਾਮਯਾਬ ਹੋਏ। ਜਿਸ ਵਿੱਚ ਮਾਰਕੀਟਿੰਗ ਦਾ ਇੱਕ ਤਰੀਕੇ ਨਾਲ ਸਰਦਾਰ ਬਾਦਲ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਹਰਪ੍ਰੀਤ ਨੂੰ ਸੂਰ ਪਾਲਣ ਦਾ ਕੰਮ ਕਰਨ ਲਈ ਕਿਹਾ ਅਤੇ ਹਰਪ੍ਰੀਤ ਆਪਣੀ ਲਗਨ ਅਤੇ ਮਿਹਨਤ ਨਾਲ ਕਾਮਯਾਬ ਅਤੇ ਲੋਕਾਂ ਨੂੰ ਦਿਖਾਇਆ ਕਿ ਸੂਰ ਪਾਲਣ ਇੱਕ ਮੁੱਖ ਕਿੱਤਾ ਵੀ ਹੋ ਸਕਦਾ ਹੈ ਜੇਕਰ ਤੁਸੀਂ ਮਿਹਨਤ ਕਰਨੀ ਹੋਵੇ।

ਅੱਜ ਕੱਲ ਉਹ ਜ਼ਿਆਦਾਤਰ ਖੁਦ ਹੀ ਮਾਰਕੀਟਿੰਗ ਕਰਨ ਲਈ ਜਾਂਦੇ ਹਨ ਕਿਉਂਕਿ ਸਾਲ 2020 ਵਿੱਚ ਲਾਕਡਾਓਨ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਵਕ਼ਤ ਉਨ੍ਹਾਂ ਨੇ ਸਿੱਧੇ ਤੌਰ ‘ਤੇ ਮਾਰਕੀਟਿੰਗ ਕਰਨੀ ਸਿੱਖ ਲਈ ਸੀ।

ਭਵਿੱਖ ਦੀ ਯੋਜਨਾ

ਉਹ ਫਾਰਮ ਨੂੰ ਹੋਰ ਵੱਡੇ ਪੱਧਰ ਅਤੇ ਸੂਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਕੇ ਕੰਮ ਨੂੰ ਅੱਗੇ ਹੀ ਇਸ ਤਰ੍ਹਾਂ ਜਾਰੀ ਰੱਖ ਕੇ ਹੋਰਨਾਂ ਭਰਾਵਾਂ ਨੂੰ ਸੂਰ ਪਾਲਣ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕਿਸੇ ਨੇ ਵੀ ਕੋਈ ਕਿੱਤਾ ਕਰਨਾ ਹੈ ਤਾਂ ਉਸ ਲਈ ਬਾਹਰਲੇ ਦੇਸ਼ ਜਾਣਾ ਮਹੱਤਵਪੂਰਨ ਨਹੀਂ ਹੈ, ਜੇਕਰ ਤੁਸੀਂ ਇੱਥੇ ਰਹਿ ਕੇ ਹੀ ਕੰਮ ਨੂੰ ਮਨ ਚਿੱਤ ਲੈ ਕੇ ਕਰੋਗੇ ਤਾਂ ਤੁਹਾਡੇ ਹੀ ਇਹ ਕੰਮ ਤੁਹਾਡਾ ਜ਼ਿੰਦਗੀ ਸਵਾਰ ਜਾਵੇਗਾ।

ਨਿਰਮਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਸੂਰ ਪਾਲਣ ਨੇ ਨਿਰਮਲ ਸਿੰਘ ਜੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਇਹ ਕਾਰੋਬਾਰ ਉਨ੍ਹਾਂ ਨੂੰ ਸਫ਼ਲਤਾ ਦੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ

ਭਾਰਤ ਵਿੱਚ, ਵੱਡੇ ਪੈਮਾਨੇ ‘ਤੇ ਸੂਰਾਂ ਨੂੰ ਪਾਲਤੂ ਜਾਨਵਰ ਨਹੀਂ ਮੰਨਿਆ ਜਾਂਦਾ, ਪਰ ਜਦੋਂ ਸੂਰ ਪਾਲਣ ਦੀ ਗੱਲ ਆਉਂਦੀ ਹੈ ਤਾਂ ਇਹ ਪੈਸਾ ਕਮਾਉਣ ਦਾ ਵੱਡਾ ਸਰੋਤ ਹੁੰਦੇ ਹਨ ਅਤੇ ਇਸ ਕਾਰੋਬਾਰ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਸੂਰ ਪਾਲਣ ਕਿਸਾਨਾਂ ਲਈ ਇੱਕ ਪ੍ਰਸਿੱਧ ਕਾਰੋਬਾਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਕਈ ਲੋਕ ਇਸ ਵਿੱਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਕਈ ਲੋਕ ਸੂਰ ਪਾਲਣ ਦੇ ਕਾਰੋਬਾਰ ਨੂੰ ਬਹੁਤ ਹੇਠਲੇ ਪੱਧਰ ਦੇ ਰੂਪ ਵਿੱਚ ਦੇਖਦੇ ਹਨ। ਪਰ ਇਹ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਸੂਰ ਪਾਲਣ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਅਤੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਇੱਕ ਅਜਿਹੇ ਕਿਸਾਨ ਹਨ – ਨਿਰਮਲ ਸਿੰਘ, ਜੋ ਕਿ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਕਰ ਰਹੇ ਹਨ ਅਤੇ ਇਸ ਨਾਲ ਵਧੀਆ ਆਮਦਨ ਕਮਾ ਰਹੇ ਹਨ।

ਆਪਣੇ ਦਾਦੇ-ਪੜਦਾਦੇ ਦੇ ਸਮੇਂ ਤੋਂ ਨਿਰਮਲ ਸਿੰਘ ਜੀ ਦਾ ਪਰਿਵਾਰ ਖੇਤੀਬਾੜੀ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਲਈ ਪੈਸਾ ਕਮਾਉਣ ਲਈ ਖੇਤੀਬਾੜੀ ਤੋਂ ਵੱਧ ਕੋਈ ਹੋਰ ਵਿਕਲਪ ਨਹੀਂ ਹੈ। ਪਰ ਜਦੋਂ ਨਿਰਮਲ ਸਿੰਘ ਵੱਡੇ ਹੋਏ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਭ ਕੁੱਝ ਆਪਣੇ ਹੱਥ ਵਿੱਚ ਲਿਆ, ਤਦ ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ। ਲਗਭਗ ਡੇਢ ਸਾਲ ਤੱਕ ਉਨ੍ਹਾਂ ਨੇ ਵਪਾਰਕ ਪੱਧਰ ‘ਤੇ ਡੇਅਰੀ ਫਾਰਮਿੰਗ ਕੀਤੀ, ਪਰ 2015 ਵਿੱਚ ਜਦੋਂ ਉਹ ਆਪਣੇ ਦੋਸਤ ਦੇ ਵਿਆਹ ‘ਤੇ ਬਠਿੰਡੇ ਗਏ ਉਸ ਸਮੇਂ ਉਨ੍ਹਾਂ ਨੇ ਸੂਰ ਪਾਲਣ ਦੇ ਬਾਰੇ ਜਾਣਿਆ। ਉਹ ਇਸ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹੋਏ, ਇਸ ਲਈ ਵਿਆਹ ਤੋਂ ਬਾਅਦ ਅਗਲੇ ਦਿਨ ਉਹ ਸੰਘੇੜਾ ਵਿੱਚ ਸਥਿਤ BT ਫਾਰਮ ‘ਤੇ ਗਏ। ਇਸ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਇਸ ਕਾਰੋਬਾਰ ਨੂੰ ਕਰਨ ਦੀ ਦਿਲਚਸਪੀ ਪੈਦਾ ਹੋਈ।

ਸੂਰ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਹਿਰਾਂ ਦੀ ਸਲਾਹ ਅਤੇ ਕਿਸੇ ਮਾਹਿਰ ਤੋਂ ਟ੍ਰੇਨਿੰਗ ਲੈਣ ਬਾਰੇ ਸੋਚਿਆ ਤਾਂ ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ GADVASU (ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ), ਲੁਧਿਆਣਾ ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 10 ਮਾਦਾ ਸੂਰ ਅਤੇ 1 ਨਰ ਸੂਰ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2 ਕਨਾਲ ਖੇਤਰ ਵਿੱਚ ਸੂਰ ਫਾਰਮ ਸਥਾਪਿਤ ਕੀਤਾ।

ਸੂਰ ਪਾਲਣ ਦੀ ਮੰਗ ਵਧਣ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲਿਆ ਅਤੇ ਅੱਜ ਉਨ੍ਹਾਂ ਕੋਲ ਲਗਭਗ 90 ਸੂਰ ਹਨ, ਜਿਨ੍ਹਾਂ ਵਿੱਚੋਂ ਪ੍ਰਜਣਨ ਲਈ ਸ਼ੁਰੂ ਵਿੱਚ ਖਰੀਦੇ 10 ਮਾਦਾ ਅਤੇ 1 ਨਰ ਸੂਰ ਅਜੇ ਵੀ ਉਨ੍ਹਾਂ ਕੋਲ ਹਨ। ਇੱਕ ਮਹੀਨੇ ਵਿੱਚ ਉਹ ਮਾਦਾ ਸੂਰ 150 ਰੁਪਏ ਕਿੱਲੋ ਅਤੇ ਨਰ ਸੂਰ 85 ਰੁਪਏ ਪ੍ਰਤੀ ਕਿੱਲੋ ਹਿਸਾਬ ਨਾਲ 10-12 ਸੂਰ ਵੇਚਦੇ ਹਨ। ਉਨ੍ਹਾਂ ਦਾ ਭਰਾ ਅਤੇ ਪੁੱਤਰ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਪੂਰੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੇ ਸਹਾਇਤਾ ਦੇ ਲਈ ਕਿਸੇ ਹੋਰ ਵਿਅਕਤੀ ਨੂੰ ਨਹੀਂ ਰੱਖਿਆ। ਸੂਰਾਂ ਦੀ ਸਿਹਤ ਨੂੰ ਚੰਗਾ ਬਣਾਈ ਰੱਖਣ ਲਈ ਉਹ ਖੁਦ ਸੂਰਾਂ ਦੀ ਫੀਡ ਬਣਾਉਣਾ ਪਸੰਦ ਕਰਦੇ ਹਨ। ਉਹ ਬਜ਼ਾਰ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਖੁਦ ਉਸ ਦੀ ਫੀਡ ਬਣਾਉਂਦੇ ਹਨ।

ਅੱਜ ਨਿਰਮਲ ਸਿੰਘ ਜੀ ਨੂੰ GADVASU ਦੀ ਅਗਾਂਹਵਧੂ ਸੂਰ-ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲਾ ਪੁਰਸਕਾਰ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਵੀ ਮਿਲਿਆ।

ਵਰਤਮਾਨ ਵਿੱਚ ਉਹ ਆਪਣੀ ਪਤਨੀ, ਇੱਕ ਪੁੱਤਰ ਅਤੇ ਇੱਕ ਬੇਟੀ ਦੇ ਨਾਲ ਮੁਕਤਸਰ ਦੇ ਪਿੰਡ ਲੁਬਾਨਿਆਂ ਵਾਲੀ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੂਰ ਪਾਲਣ ਦੇ ਵਪਾਰ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਉਤਪਾਦਾਂ ਦੀ ਪ੍ਰੋਸੈੱਸਿੰਗ ਕਰਨਾ ਚਾਹੁੰਦੇ ਹਨ। ਉਹ ਹੋਰ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਆਮਦਨ ਕਮਾਉਣ ਲਈ ਇਹ ਕਾਰੋਬਾਰ ਅਪਨਾਉਣ ਦੀ ਸਿਫਾਰਿਸ਼ ਕਰਦੇ ਹਨ।

ਸੰਦੇਸ਼

“ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਹਰੇਕ ਇਨਸਾਨ ਨੂੰ ਆਪਣੇ ਕੌਸ਼ਲ ਨੂੰ ਸੁਧਾਰਨ ਲਈ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਨਹੀਂ ਤਾਂ ਇੱਕ ਸਰਲ ਕੰਮ ਕਰਨ ਦੇ ਲਈ ਬਹੁਤ ਵੱਡਾ ਖਤਰਾ ਰਹਿੰਦਾ ਹੈ।”

ਜੇਕਰ ਤੁਸੀਂ ਵੀ ਪੰਜਾਬ ਵਿੱਚ ਸੂਰ ਪਾਲਣ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ। ਸੂਰ ਪਾਲਣ ਦੀ ਟ੍ਰੇਨਿੰਗ, ਸੂਰ ਪ੍ਰਜਣਨ ਜਾਂ ਸੂਰ ਪਾਲਣ ਦੀ ਜਾਣਕਾਰੀ ਲਈ ਆਪਣੀ ਖੇਤੀ ਨਾਲ ਸੰਪਰਕ ਕਰੋ।