ਹਰਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫਲ ਅਧਿਆਪਕ ਤੋਂ ਇੱਕ ਸਫਲ ਸੂਰ ਪਾਲਕ ਬਣਨ ਤੱਕ ਦਾ ਅਨੌਖਾ ਸਫ਼ਰ

ਸੂਰ ਪਾਲਣ ਦੇ ਕਿੱਤੇ ਨੂੰ ਲੈ ਕੇ ਹਰ ਇੱਕ ਇਨਸਾਨ ਦੇ ਮਨ ਵਿੱਚ ਅਜਿਹੀ ਧਾਰਨਾ ਬਣੀ ਹੋਈ ਹੈ ਕਿ ਸੂਰ ਪਾਲਣ ਸਿਰਫ ਸਹਾਇਕ ਕਿੱਤਾ ਹੀ ਹੋ ਸਕਦਾ ਹੈ, ਇਸ ਤੋਂ ਇਲਾਵਾ ਕੁੱਝ ਇਨਸਾਨ ਇਹ ਵੀ ਸੋਚਦੇ ਹਨ ਸੂਰ ਇੱਕ ਬਹੁਤ ਜ਼ਿਆਦਾ ਗੰਦਾ ਜਾਨਵਰ ਹੈ ਜੋ ਹਮੇਸ਼ਾਂ ਗੰਦਗੀ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ ਅਤੇ ਸੂਰ ਪਾਲਣ ਕਦੇ ਵੀ ਮੁੱਖ ਕਿੱਤਿਆਂ ਵਿੱਚ ਆਪਣੀ ਥਾਂ ਨਹੀਂ ਬਣਾ ਸਕਦਾ।

ਅੱਜ ਪੜ੍ਹੋਗੇ ਇਸ ਧਾਰਨਾ ਨੂੰ ਗਲਤ ਸਾਬਿਤ ਕਰਨ ਵਾਲੇ ਅਜਿਹੇ ਇੱਕ ਨੌਜਵਾਨ ਹਰਪ੍ਰੀਤ ਸਿੰਘ ਦੀ ਸਫਲ ਸਟੋਰੀ ਜੋ ਪਿੰਡ ਲਾਲਬਾਈ, ਜ਼ਿਲ੍ਹਾ ਮੁਕਤਸਰ ਦਾ ਰਹਿਣ ਵਾਲੇ ਹਨ, ਜਿਨ੍ਹਾਂ ਨੇ BA ਅਤੇ B.ed ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 10 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬੱਚਿਆਂ ਨੂੰ ਗਿਆਨ ਵੰਡਿਆ ਪਰ ਬਾਅਦ ਵਿੱਚ ਅਧਿਆਪਕ ਤੋਂ ਸਫਲ ਕਿਸਾਨ ਬਣ ਕੇ ਕਾਮਯਾਬੀ ਹਾਸਿਲ ਕੀਤੀ ਅਤੇ ਉਨ੍ਹਾਂ ਦੇ ਸਫਲ ਕਿਸਾਨ ਬਣਨ ਦੀ ਕਹਾਣੀ ਸੋਸ਼ਲ ਮੀਡਿਆ ਤੋਂ ਸ਼ੁਰੂ ਹੁੰਦੀ ਹੈ, ਇੱਕ ਦਿਨ ਜਦੋਂ ਉਹ ਵਿਹਲੇ ਬੈਠੇ ਸਨ ਤਾਂ ਟਾਈਮ ਪਾਸ ਲਈ ਸੋਸ਼ਲ ਮੀਡਿਆ ਦੀ ਵਰਤੋਂ ਦੌਰਾਨ ਉਨ੍ਹਾਂ ਨੂੰ ਸੂਰ ਪਾਲਣ ਨਾਲ ਸੰਬੰਧਿਤ ਇੱਕ ਵੀਡੀਓ ਦਿਖਾਈ ਦਿੱਤੀ ਜਿਸ ਵਿੱਚ ਸੂਰ ਪਾਲਣ ਬਾਰੇ ਜਾਣਕਾਰੀ ਬਹੁਤ ਹੀ ਵਿਸਥਾਰ ਨਾਲ ਦਿੱਤੀ ਹੋਈ ਸੀ ਜਿਸਨੂੰ ਦੇਖਣ ਤੋਂ ਬਾਅਦ ਹਰਪ੍ਰੀਤ ਦੇ ਮਨ ਵਿੱਚ ਇੱਕ ਗੱਲ ਖਟਕ ਗਈ ਕਿ ਸੂਰ ਪਾਲਣ ਇੱਕ ਵਧੀਆ ਕਿੱਤਾ ਹੈ ਪਰ ਲੋਕ ਇਸਨੂੰ ਗਲਤ ਕਿਉਂ ਕਹਿੰਦੇ ਹਨ ਜਿਸ ਸੰਬੰਧਿਤ ਉਹ ਹੋਰ ਜਾਣਕਾਰੀ ਇਕੱਠੀ ਕਰਨ ਲੱਗ ਗਏ ਅਤੇ ਸਾਰਾ ਧਿਆਨ ਉਸ ਉੱਤੇ ਹੀ ਕੇਂਦਰਿਤ ਕਰ ਦਿੱਤਾ। ਜਦੋਂ ਹੌਲੀ-ਹੌਲੀ ਜਾਣਕਾਰੀ ਇਕੱਠੀ ਹੋਣੀ ਸ਼ੁਰੂ ਹੋਈ ਤਾਂ ਉਸ ਪਲ ਉਨ੍ਹਾਂ ਨੂੰ ਇੰਝ ਲੱਗਾ ਕਿ ਸਮੁੰਦਰ ਵਿੱਚ ਖੜੀ ਹੋਈ ਬੇੜੀ ਨੂੰ ਅੱਗੇ ਧਕੇਲਣ ਵਾਲਾ ਚੱਪੂ ਮਿਲ ਗਿਆ।

ਹਰਪ੍ਰੀਤ ਨੇ ਸੋਚਿਆ, ਜਾਣਕਾਰੀ ਤਾਂ ਬਹੁਤ ਜ਼ਿਆਦਾ ਇਕੱਠੀ ਕਰ ਲਈ ਹੈ ਪਰ ਹੁਣ ਮੌਕਾ ਫਾਰਮ ਦਾ ਦੌਰਾ ਕਰਕੇ ਹੋਰ ਵੀ ਜਾਣਕਰੀ ਹਾਸਿਲ ਕਰਨੀ ਸੀ ਕਿ ਸੱਚ ਵਿੱਚ ਹੀ ਸੂਰ ਪਾਲਣ ਨੂੰ ਇੱਕ ਮੁੱਖ ਕਿੱਤੇ ਦੇ ਰੂਪ ਵਿੱਚ ਅਪਣਾ ਕੇ ਸਫਲ ਹੋ ਸਕਦੇ ਹਾਂ। ਜਿਸ ਸੰਬੰਧਿਤ ਉਨ੍ਹਾਂ ਨੇ ਪੰਜਾਬ ਤੋਂ ਬਾਹਰ ਬਹੁਤ ਸਾਰੇ ਹੋਰ ਰਾਜਾਂ ਵਿੱਚ ਵੱਖ-ਵੱਖ ਸੂਰ ਪਾਲਣ ਦੇ ਫਾਰਮਾਂ ਦਾ ਦੌਰਾ ਕੀਤਾ ਅਤੇ ਉੱਥੋਂ ਆਪਣੇ ਸਵਾਲਾਂ ਦੀ ਪੂਰੀ ਤਰ੍ਹਾਂ ਪੁਸ਼ਟੀ ਕਰ ਕੇ ਹੀ ਵਾਪਿਸ ਮੁੜਦੇ। ਜਾਣਕਾਰੀ ਹਾਸਿਲ ਕਰਦਿਆਂ ਬਹੁਤ ਸਮਾਂ ਲਗਾ ਦਿੱਤਾ ਸੀ ਪਰ ਇਸ ਜਾਣਕਾਰੀ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਮਨ ਬਣਾਇਆ ਕਿ ਹੁਣ ਸੂਰ ਪਾਲਣ ਦਾ ਕਿੱਤਾ ਕਰਨਾ ਹੀ ਕਰਨਾ ਹੈ। ਜਿਸ ਨਾਲ ਸੰਬੰਧਿਤ ਹਰਪ੍ਰੀਤ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਹਰਪ੍ਰੀਤ ਦੀ ਇੱਕ ਵੀ ਗੱਲ ਨਾ ਸੁਣੀ ਗਈ ਕਿਉਂਕਿ ਹਰ ਇੱਕ ਦੇ ਮਨ ਵਿੱਚ ਇਹੀ ਗੱਲ ਬੈਠੀ ਹੋਈ ਸੀ ਕਿ ਸੂਰ ਇੱਕ ਬਹੁਤ ਗੰਦਾ ਜਾਨਵਰ ਹੈ ਜਿਸ ਨੂੰ ਗੰਦਗੀ ਪਸੰਦ ਹੈ, ਪਰ ਜਦੋਂ ਹਰਪ੍ਰੀਤ ਨੇ ਸੂਰ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਜਾਣਕਾਰੀ ਦਿੱਤੀ ਤਾਂ ਪਰਿਵਾਰ ਵਾਲਿਆਂ ਨੇ ਰਜ਼ਾਮੰਦੀ ਦੇ ਦਿੱਤੀ ਸੀ ਪਰ ਇੰਨੀ ਵੀ ਨਹੀਂ ਕਿ ਉਹ ਕਿੱਤਾ ਸ਼ੁਰੂ ਹੀ ਕਰ ਲੈਣ। ਜਿਸ ਨੂੰ ਲੈ ਕੇ ਨਿਰਾਸ਼ ਹੋ ਗਏ ਸਨ।

ਇਸ ਦੌਰਾਨ ਹੀ ਉਨ੍ਹਾਂ ਦੇ ਦਾਦਾ ਜੀ ਜੋ ਕਿ Ministry of Home Affairs ਵਿੱਚ ਇੱਕ ਵੱਡੇ ਅਹੁਦੇ ‘ਤੇ ਕੰਮ ਕਰਦੇ ਹਨ, ਉਨ੍ਹਾਂ ਦੀ ਮੀਟਿੰਗ ਸਾਲ 2018 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਹੋਈ ਅਤੇ ਉਸ ਸਮੇਂ ਹਰਪ੍ਰੀਤ ਵੀ ਆਪਣੇ ਦਾਦਾ ਜੀ ਨਾਲ ਉਸ ਮੀਟਿੰਗ ਵਿੱਚ ਗਏ ਸਨ ਤਾਂ ਸਾਬਕਾ ਮੁੱਖ ਮੰਤਰੀ ਜੀ ਦੇ ਪੁੱਛਣ ਉਪਰੰਤ ਹਰਪ੍ਰੀਤ ਨੇ ਦੱਸਿਆ ਕਿ ਉਹ ਪਹਿਲਾ ਇੱਕ ਅਧਿਆਪਕ ਸਨ ਅਤੇ ਹੁਣ ਸੂਰ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਬਾਰੇ ਸੋਚ ਰਹੇ ਸਨ। ਇਸ ਉੱਤੇ ਸਰਦਾਰ ਪ੍ਰਕਾਸ਼ ਬਾਦਲ ਜੀ ਨੇ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ “ਬੇਟਾ, ਬਹੁਤ ਵਧੀਆ ਸੋਚ ਹੈ ਤੂੰ ਇਸ ਕੰਮ ਨੂੰ ਕਦੋਂ ਸ਼ੁਰੂ ਕਰ ਰਿਹਾ ਹੈ, ਤੂੰ ਜਦੋਂ ਵੀ ਸ਼ੁਰੂ ਕਰੇਗਾ, ਮੇਰੇ PA ਨੂੰ ਫੋਨ ਕਰਕੇ ਦੱਸ ਦੇਈ ਤੇਰਾ ਫਾਰਮ ਜ਼ਰੂਰ ਦੇਖਣ ਆਵਾਂਗੇ।”

ਹਰਪ੍ਰੀਤ ਤਾਂ ਪਹਿਲਾਂ ਹੀ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਉੱਪਰੋਂ ਜਦੋਂ ਸਾਬਕਾ ਮੁੱਖ ਮੰਤਰੀ ਨੇ ਕੰਮ ਪ੍ਰਤੀ ਹਮਦਰਦੀ ਜਤਾਈ ਤਾਂ ਭਰੋਸਾ ਹੋ ਗਿਆ ਕਿ ਹਾਂ, ਇਹ ਕਿੱਤਾ ਵੀ ਇੱਕ ਮੁੱਖ ਕਿੱਤਾ ਬਣ ਸਕਦਾ ਹੈ ਅਤੇ ਮੁੜ ਕੇ ਪਰਿਵਾਰ ਵਾਲਿਆਂ ਨੇ ਹਰਪ੍ਰੀਤ ਨੂੰ ਕਿੱਤਾ ਸ਼ੁਰੂ ਕਰਨ ਲਈ ਰਜ਼ਾਮੰਦੀ ਦੇ ਦਿੱਤੀ ਅਤੇ ਹਰਪ੍ਰੀਤ ਬਹੁਤ ਜ਼ਿਆਦਾ ਖੁਸ਼ ਹੋਇਆ।

ਹਰਪ੍ਰੀਤ ਕੋਲ ਸੂਰ ਪਾਲਣ ਨਾਲ ਸੰਬੰਧਿਤ ਸਾਰੀ ਜਾਣਕਾਰੀ ਭਰਪੂਰ ਸੀ ਤਾਂ ਉਸਨੇ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਫਾਰਮ ਤਿਆਰ ਕਰਵਾਇਆ ਅਤੇ ਪੰਜਾਬ ਤੋਂ ਬਾਹਰੋਂ ਜਿਸ ਵਿੱਚ 2 ਨਰ ਸੂਰ ਅਤੇ 20 ਮਾਦਾ ਗੱਭਣ ਸੂਰ ਲੈ ਕੇ ਆਏ ਜੋ ਉਨ੍ਹਾਂ ਨੇ ਜੁਲਾਈ 2018 ਵਿੱਚ ਸੂਰ ਪਾਲਣ ਦੇ ਕੰਮ ਨੂੰ ਸ਼ੁਰੂ ਕਰ ਲਿਆ ਸੀ ਅਤੇ ਉਸ ਉੱਤੇ ਪੂਰੀ ਤਰ੍ਹਾਂ ਧਿਆਨ ਦੇਣ ਲੱਗੇ ਜਿਸ ਵਿੱਚ ਉਨ੍ਹਾਂ ਕੋਲ ਇੱਕ ਯਾਰਕਸ਼ਾਇਰ ਤੇ ਦੂਸਰਾ ਕ੍ਰਾਸ ਨਸਲ ਦੇ ਸੂਰ ਸਨ।

ਜਦੋਂ ਸੂਰ ਪਾਲਣ ਦਾ ਕੰਮ ਸ਼ੁਰੂ ਕਰ ਲਿਆ ਅਤੇ ਉਸ ਤੋਂ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਸਰਦਾਰ ਪ੍ਰਕਾਸ਼ ਬਾਦਲ ਜੀ ਦੇ PA ਨੂੰ ਫੋਨ ਕੀਤਾ ਅਤੇ ਆਪਣੇ ਫਾਰਮ ਵਿਖੇ ਆਉਣ ਦਾ ਸੱਦਾ ਦਿੱਤਾ, ਜਿਵੇਂ ਹੀ ਇਸ ਦੀ ਖਬਰ ਸਰਦਾਰ ਬਾਦਲ ਸਾਹਿਬ ਨੂੰ ਜੀ ਪਤਾ ਲੱਗੀ ਤਾਂ ਚੜ੍ਹਦੀ ਸਵੇਰ ਹੀ ਉਹ ਹਰਪ੍ਰੀਤ ਜੀ ਦੇ ਫਾਰਮ ਨੂੰ ਦੇਖਣ ਲਈ ਚਲੇ ਗਏ ਅਤੇ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਹਰਪ੍ਰੀਤ ਨੂੰ ਕਹਿਣ ਲੱਗੇ ਕਿ “ਬੇਟਾ, ਤੈਨੂੰ ਜਿਸ ਚੀਜ਼ ਦੀ ਜ਼ਰੂਰਤ ਹੋਈ ਬਸ ਇੱਕ ਵਾਰ ਮੈਨੂੰ ਕਹਿ ਦੇਈ।” ਜਦੋਂ ਸਰਦਾਰ ਬਾਦਲ ਸਾਹਿਬ ਹਰਪ੍ਰੀਤ ਦਾ ਫਾਰਮ ਦੇਖ ਕੇ ਗਏ ਤਾਂ ਪੂਰੇ ਅਤੇ ਹੋਰ ਦੇ ਨੇੜਲੇ ਪਿੰਡ ਵਿੱਚ ਇਸ ਦੀ ਖਬਰ ਫੈਲ ਗਈ ਅਤੇ ਪਿੰਡ ਦੇ ਨਾਲ-ਨਾਲ ਹੋਰ ਪਿੰਡ ਦੇ ਲੋਕ ਵੀ ਫਾਰਮ ਦੇਖਣ ਦੀ ਲਈ ਆਉਣ ਲੱਗੇ। ਜਦੋਂ ਉਨ੍ਹਾਂ ਦੇ ਫਾਰਮ ਵਿਖੇ ਦਿਨੋਂ-ਦਿਨੀ ਦੇਖਣ ਵਾਲਿਆਂ ਦੀ ਤਦਾਦ ਵਧਣ ਲੱਗੀ ਤਾਂ ਇਸ ਦੀ ਖਬਰ ਹੌਲੀ-ਹੌਲੀ ਸੂਰ ਖਰੀਦਣ ਵਾਲੇ ਵਪਾਰੀਆਂ ਕੋਲ ਵੀ ਪੁੱਜ ਗਈ ਅਤੇ ਉਹ ਵੀ ਫਾਰਮ ਦੇਖਣ ਦੇ ਲਈ ਆ ਗਏ ਤੇ ਹਰਪ੍ਰੀਤ ਨਾਲ ਉਹ ਵਪਾਰੀ ਸੂਰਾਂ ਦਾ ਸੌਦਾ ਕਰਕੇ ਗਏ। ਜਿਸ ਨਾਲ ਮਾਰਕੀਟਿੰਗ ਸ਼ੁਰੂ ਹੋ ਗਈ ਸੀ।

ਥੋੜੇ ਸਮੇਂ ਵਿੱਚ ਸੂਰਾਂ ਦੀ ਵਿਕਰੀ ਇੰਨੀ ਤੇਜ਼ੀ ਨਾਲ ਵਧੀ ਕਿ ਉਨ੍ਹਾਂ ਦਾ ਚਰਚਾ ਪੰਜਾਬ ਵਿੱਚ ਹੋਣ ਲੱਗ ਗਿਆ ਤੇ ਬਹੁਤ ਥੋੜੇ ਸਮੇਂ ਵਿੱਚ ਹੀ ਮੁਨਾਫ਼ਾ ਹੋਣ ਲੱਗਾ ਬੇਸ਼ਕ ਉਸ ਮੁਨਾਫ਼ੇ ਨਾਲ ਫਾਰਮ ਦਾ ਖਰਚਾ ਹੀ ਚੱਲ ਰਿਹਾ ਸੀ। ਪਰ ਉਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਜਦੋਂ ਗੱਭਣ ਸੂਰੀ ਤੋਂ ਅੱਗੇ ਬੱਚੇ ਹੋਏ ਜੋ ਕਿ ਇੱਕ ਸੂਰੀ ਦੀ ਲਗਭਗ 10 ਤੋਂ 15 ਬੱਚੇ ਹੁੰਦੇ ਹਨ, ਜਿਨ੍ਹਾਂ ਦੀ ਵਪਾਰੀਆਂ ਦੁਆਰਾ ਬਹੁਤ ਜ਼ਿਆਦਾ ਖਰੀਦ ਕੀਤੀ ਗਈ ਅਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮੁਨਾਫ਼ਾ ਹੋਇਆ, ਫਿਰ ਉਨ੍ਹਾਂ ਨੇ ਸੋਚਿਆ ਕਿਉਂ ਨਾ ਫਾਰਮ ਨੂੰ ਹੋਰ ਵੱਡੇ ਪੱਧਰ ਵਿੱਚ ਕਰਕੇ ਹੋਰ ਸੂਰ ਰੱਖ ਲਏ ਜਾਣ ਅਤੇ ਉਸਦੀ ਸਹੀ ਤਰੀਕੇ ਨਾਲ ਦੇਖਭਾਲ ਕਰਕੇ ਮਾਰਕੀਟਿੰਗ ਕੀਤੀ ਜਾਵੇ।

ਇਸ ਤੋਂ ਬਾਅਦ 2018 ਤੋਂ ਲੈ ਕੇ 2020 ਤੱਕ ਮਾਰਕੀਟਿੰਗ ਵੱਡੇ ਪੱਧਰ ‘ਤੇ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਤਾਂ ਪਹਿਲਾ ਹੀ ਚਰਚਾ ਦੇ ਵਿਸ਼ੇ ਬਣੇ ਹੋਏ ਸਨ ਉਸ ਦੇ ਨਾਲ-ਨਾਲ ਬਾਹਰੀ ਰਾਜਾਂ ਵਿੱਚ ਵਪਾਰੀ ਚੰਗੀ ਤਰ੍ਹਾਂ ਜਾਨਣ ਲੱਗ ਗਏ ਸੀ ਕਿਉਂਕਿ ਜਦੋਂ ਕੰਮ ਸ਼ੁਰੂ ਕੀਤਾ ਸੀ ਉਦੋਂ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕਿੱਤੇ ਨਾਲ ਇਸ ਤਰ੍ਹਾਂ ਬਣ ਗਈ ਹਰ ਕੋਈ ਸੂਰ ਖਰੀਦਣ ਦੇ ਲਈ ਹਰਪ੍ਰੀਤ ਕੋਲ ਹੀ ਆਉਂਦਾ ਹੈ ਅਤੇ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਜਿੱਥੇ ਸਾਲ 2020 ਵਿੱਚ ਆ ਕੇ ਪੂਰੀ ਤਰ੍ਹਾਂ ਮੁਨਾਫ਼ਾ ਕਮਾਉਣ ਲੱਗੇ ਅਤੇ ਕਾਮਯਾਬ ਹੋਏ। ਜਿਸ ਵਿੱਚ ਮਾਰਕੀਟਿੰਗ ਦਾ ਇੱਕ ਤਰੀਕੇ ਨਾਲ ਸਰਦਾਰ ਬਾਦਲ ਸਾਹਿਬ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਹਰਪ੍ਰੀਤ ਨੂੰ ਸੂਰ ਪਾਲਣ ਦਾ ਕੰਮ ਕਰਨ ਲਈ ਕਿਹਾ ਅਤੇ ਹਰਪ੍ਰੀਤ ਆਪਣੀ ਲਗਨ ਅਤੇ ਮਿਹਨਤ ਨਾਲ ਕਾਮਯਾਬ ਅਤੇ ਲੋਕਾਂ ਨੂੰ ਦਿਖਾਇਆ ਕਿ ਸੂਰ ਪਾਲਣ ਇੱਕ ਮੁੱਖ ਕਿੱਤਾ ਵੀ ਹੋ ਸਕਦਾ ਹੈ ਜੇਕਰ ਤੁਸੀਂ ਮਿਹਨਤ ਕਰਨੀ ਹੋਵੇ।

ਅੱਜ ਕੱਲ ਉਹ ਜ਼ਿਆਦਾਤਰ ਖੁਦ ਹੀ ਮਾਰਕੀਟਿੰਗ ਕਰਨ ਲਈ ਜਾਂਦੇ ਹਨ ਕਿਉਂਕਿ ਸਾਲ 2020 ਵਿੱਚ ਲਾਕਡਾਓਨ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਵਕ਼ਤ ਉਨ੍ਹਾਂ ਨੇ ਸਿੱਧੇ ਤੌਰ ‘ਤੇ ਮਾਰਕੀਟਿੰਗ ਕਰਨੀ ਸਿੱਖ ਲਈ ਸੀ।

ਭਵਿੱਖ ਦੀ ਯੋਜਨਾ

ਉਹ ਫਾਰਮ ਨੂੰ ਹੋਰ ਵੱਡੇ ਪੱਧਰ ਅਤੇ ਸੂਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਕੇ ਕੰਮ ਨੂੰ ਅੱਗੇ ਹੀ ਇਸ ਤਰ੍ਹਾਂ ਜਾਰੀ ਰੱਖ ਕੇ ਹੋਰਨਾਂ ਭਰਾਵਾਂ ਨੂੰ ਸੂਰ ਪਾਲਣ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕਿਸੇ ਨੇ ਵੀ ਕੋਈ ਕਿੱਤਾ ਕਰਨਾ ਹੈ ਤਾਂ ਉਸ ਲਈ ਬਾਹਰਲੇ ਦੇਸ਼ ਜਾਣਾ ਮਹੱਤਵਪੂਰਨ ਨਹੀਂ ਹੈ, ਜੇਕਰ ਤੁਸੀਂ ਇੱਥੇ ਰਹਿ ਕੇ ਹੀ ਕੰਮ ਨੂੰ ਮਨ ਚਿੱਤ ਲੈ ਕੇ ਕਰੋਗੇ ਤਾਂ ਤੁਹਾਡੇ ਹੀ ਇਹ ਕੰਮ ਤੁਹਾਡਾ ਜ਼ਿੰਦਗੀ ਸਵਾਰ ਜਾਵੇਗਾ।

ਹਰਭਜਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਜੋ ਇੱਕ ਫਾਰਮ ਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰਨ ਵਿੱਚ ਸਫਲ ਹੋਇਆ, ਜਿਸ ਕਾਰਨ ਦੂਜੇ ਕਿਸਾਨਾਂ ਦੁਆਰਾ ਉਸ ਨੂੰ ਕਿਸਾਨਾਂ ਦਾ ਸ਼ਕਤੀਮਾਨ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ

ਇਸ ਤੇਜ਼ੀ ਨਾਲ ਬਦਲਦੀ ਹੋਈ ਦੁਨੀਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵਿਭਿੰਨਤਾ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਨੂੰ ਅਪਣਾਉਣਾ ਅੱਜ-ਕੱਲ੍ਹ ਬਹੁਤ ਹੋ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੁਨੀਆਂ ਵਿੱਚ ਹਰ ਇਨਸਾਨ ਕੁੱਝ ਵੱਖਰਾ ਕਰਨ ਦੇ ਲਈ ਆਇਆ ਹੈ, ਹਾਲਾਂਕਿ ਕੁੱਝ ਲੋਕ ਹਨ ਅਜਿਹੇ ਹੁੰਦੇ ਹਨ ਜੋ ਪਰਿਵਰਤਨ ਕਰਨ ਤੋਂ ਡਰਦੇ ਹਨ, ਜਿਸ ਕਾਰਨ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਖ਼ਿਆਲ ਤੋਂ ਹਮੇਸ਼ਾਂ ਡਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਪਹਿਚਾਣ ਕੇ ਦੁਨੀਆਂ ਬਦਲਣ ਦੀ ਰਾਹ ਉੱਤੇ ਅਗਾਂਹ ਵੱਧਦੇ ਜਾਂਦੇ ਹਨ ਅਤੇ ਉੱਚੀਆਂ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਨ।

ਇਹ ਕਹਾਣੀ ਇੱਕ ਅਜਿਹੇ ਹੀ ਇਨਸਾਨ ਦੀ ਹੈ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਪਿਛਲੇ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੇ ਇੱਕ ਕਿਸਾਨ ਹਰਭਜਨ ਸਿੰਘ ਜੀ ਖੇਤੀ ਦੇ ਤਰੀਕਿਆਂ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੀ 11 ਕਿੱਲੇ ਜ਼ਮੀਨ ਉੱਪਰ ਸਫ਼ਲਤਾਪੂਰਵਕ ਫਾਰਮ ਚਲਾ ਰਹੇ ਹਨ, ਜਿੱਥੇ ਉਹ ਮੁਰਗੀ ਪਾਲਣ, ਬੱਕਰੀ ਪਾਲਣ ਦੇ ਨਾਲ-ਨਾਲ ਬਟੇਰ ਪਾਲਣ ਦਾ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ 55 ਏਕੜ ਪੰਚਾਇਤੀ ਜ਼ਮੀਨ ਵੀ ਕਿਰਾਏ ਉੱਤੇ ਲਈ ਹੋਈ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕਰਦੇ ਹਨ।

ਹਰਭਜਨ ਜੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸਾਲ 1981 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਇੱਕ ਮਕੈਨੀਕਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਲੱਗ ਗਏ ਤੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖੇਤੀ ਵਿੱਚ ਵੀ ਮਦਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਨੇ ਮੱਛੀ ਪਾਲਣ ਕਰਨ ਬਾਰੇ ਸਲਾਹ ਦਿੱਤੀ, ਇਸ ਤੋਂ ਬਾਅਦ ਇਸ ਕਿੱਤੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਮੱਛੀ ਪਾਲਣ ਕਰਨ ਦੇ ਲਈ ਪਿੰਡ ਦੇ ਤਾਲਾਬ ਨੂੰ ਕਿਰਾਏ ‘ਤੇ ਲੈ ਲਿਆ।

ਮੱਛੀ ਪਾਲਣ ਦੇ ਕਿੱਤੇ ਤੋਂ ਮੈਂ ਕਾਫੀ ਮੁਨਾਫ਼ਾ ਕਮਾਇਆ ਅਤੇ ਖੁਦ ਦੀ ਜ਼ਮੀਨ ਦੇ ਉੱਪਰ ਇਹ ਕੰਮ ਕਰਨ ਦਾ ਫੈਸਲਾ ਕਰ ਲਿਆ-ਹਰਭਜਨ ਸਿੰਘ

ਇਸ ਕੰਮ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ, ਇਸ ਲਈ ਸਾਲ 1995 ਵਿਚ ਪੰਜਾਬ ਰਾਜ ਮੱਛਲੀ ਪਾਲਣ ਬੋਰਡ ਮਾਨਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਅਤੇ ਆਪਣੀ ਜ਼ਮੀਨ ਉੱਤੇ ਹੋਰ ਵਧੀਆ ਤਰੀਕੇ ਨਾਲ ਮੱਛਲੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ 2 ਏਕੜ ਜ਼ਮੀਨ ਵਿਚ ਤਾਲਾਬ ਤਿਆਰ ਕਰਵਾਇਆ ਅਤੇ 2 ਏਕੜ ਜ਼ਮੀਨ ਵੀ ਖਰੀਦ ਲਈ ਜੋ ਉਨ੍ਹਾਂ ਦੇ ਤਾਲਾਬ ਦੇ ਨੇੜੇ ਲੱਗਦੀ ਸੀ। ਜਿਸ ਨਾਲ ਮੱਛੀ ਉਤਪਾਦਨ 6 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਉਤਪਾਦਨ ਵਧਾਉਣ ਦੇ ਲਈ ਸੈਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਭੁਵਨੇਸ਼ਵਰ, ਉੜੀਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕਰ ਲਿਆ ਅਤੇ ਮੱਛੀ ਦੀਆਂ 6 ਨਵੀਆਂ ਨਸਲਾਂ (ਰੋਹੁ, ਕਤਲਾ, ਮੁਰਾਖ, ਗ੍ਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ) ਅਤੇ ਨਾਲ ਹੀ 3 ਏਰੀਏਟਰ ਵੀ ਖਰੀਦ ਲਏ। ਏਰੀਏਟਰ ਖਰੀਦਣ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ 50 % ਸਬਸਿਡੀ ਵੀ ਮਿਲੀ। ਏਰੀਏਟਰ ਦੇ ਇਸਤੇਮਾਲ ਦੇ ਨਾਲ ਮੱਛੀ ਉਤਪਾਦਨ ਵੱਧ ਕੇ 8 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਮੈਨੂੰ ਸਰਕਾਰੀ ਹੈਚਰੀ ਤੋਂ ਮੱਛੀ ਦਾ ਬੀਜ ਖਰੀਦਣਾ ਪਿਆ, ਜੋ ਕਿ ਮੇਰੇ ਲਈ ਇੱਕ ਮਹਿੰਗਾ ਸੌਦਾ ਸੀ, ਇਸ ਕਰਕੇ ਮੈਂ ਆਪਣੀ ਖੁਦ ਦੀ ਹੈਚਰੀ ਤਿਆਰ ਕਰਨ ਦਾ ਫੈਸਲਾ ਕਰ ਲਿਆ- ਹਰਭਜਨ ਸਿੰਘ

ਮੱਛੀ ਪਾਲਣ ਦੇ ਨਾਲ-ਨਾਲ ਮੱਛੀ ਦਾ ਬੀਜ ਤਿਆਰ ਕਰਨ ਦੇ ਲਈ ਇੱਕ ਹੈਚਰੀ ਤਿਆਰ ਕੀਤੀ ਕਿਉਂਕਿ ਉਨ੍ਹਾਂ ਨੂੰ ਦੂਜੀ ਹੈਚਰੀ ਤੋਂ ਬੀਜ ਮਹਿੰਗਾ ਪੈ ਰਿਹਾ ਸੀ। ਆਮ ਤੌਰ ‘ਤੇ ਹੈਚਰੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਹਰਭਜਨ ਸਿੰਘ ਜੀ ਨੇ ਇੱਕ ਵੱਡੇ ਨਿਵੇਸ਼ ਦੇ ਨਾਲ ਖੁਦ ਦੀ ਹੈਚਰੀ ਤਿਆਰ ਕੀਤੀ। ਹੈਚਰੀ ਹੋਣ ਦੇ ਨਾਲ ਇੱਕ ਨਕਲੀ ਮੀਂਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਹੈਚਰੀ ਵਿੱਚ ਇੱਕ ਉਂਗਲ ਦੇ ਆਕਾਰ ਜਿੰਨੇ 20 ਲੱਖ ਤੋਂ ਵੀ ਜ਼ਿਆਦਾ ਮੱਛੀ ਦੇ ਬੱਚੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਬੀਜ ਦੇ ਹਿਸਾਬ ਨਾਲ ਵੇਚਿਆ।

ਸਮਾਂ ਲੰਘਦਾ ਗਿਆ ਅਤੇ ਹਰਭਜਨ ਜੀ ਨੇ 2009 ਵਿੱਚ Large White Yorkshire ਨਸਲ ਦੇ 50 ਸੂਰਾਂ ਤੋਂ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਨਹੀਂ ਹੋਇਆ। ਫਿਰ ਉਹਨਾਂ ਨੇ ਸੂਰ ਦੇ ਮੀਟ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ CIPHET PAU ਅਤੇ ਗਡਵਾਸੂ ਤੋਂ ਮੀਟ ਪ੍ਰੋਡਕਟਸ ਦੀ ਟ੍ਰੇਨਿੰਗ ਲਈ ਅਤੇ ਸੂਰ ਦੇ ਮੀਟ ਨੂੰ ਅਚਾਰ ਦੇ ਰੂਪ ਵਿੱਚ ਪ੍ਰੋਸੈਸ ਕੀਤਾ। ਮੀਟ ਦਾ ਅਚਾਰ ਬਣਾ ਕੇ ਵੇਚਣਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਇਸ ਨਾਲ ਲਗਭਗ ਦੁੱਗਣੀ ਹੋ ਗਈ।

ਹੁਣ ਹਰਭਜਨ ਸਿੰਘ ਜੀ ਦੇ ਕੋਲ ਲਗਭਗ 150 ਸੂਰ ਹਨ। ਸੂਰਾਂ ਤੋਂ ਬਚੇ ਪਦਾਰਥਾਂ ਨੂੰ ਹਰਭਜਨ ਸਿੰਘ ਜੀ ਮੱਛੀਆਂ ਨੂੰ ਖਿਲਾ ਦਿੰਦੇ ਹਨ। ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਵਿੱਚੋਂ 50 ਤੋਂ 60 % ਹਿੱਸਾ ਰਹਿਣ ਲੱਗਾ ਅਤੇ ਮੱਛਲੀ ਉਤਪਾਦਨ 20 % ਹੋਰ ਵੱਧ ਗਿਆ। ਹੁਣ ਉਹ ਪ੍ਰਤੀ ਹੈਕਟੇਅਰ 10 ਟਨ ਮੱਛੀ ਦਾ ਉਤਪਾਦਨ ਕਰਦੇ ਹਨ।

ਉਹਨਾਂ ਨੇ ਫਿਸ਼ ਪਾਰਕ ਪ੍ਰੋਸੈਸਿੰਗ ਸੇਲਫ ਹੈਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ 11 ਮੈਂਬਰ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਤੇ ਹਰਭਜਨ ਸਿੰਘ ਜੀ ਦੀ ਆਮਦਨੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਰਭਜਨ ਸਿੰਘ ਜੀ ਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਪੰਜਾਬ ਦੇ ਮੁੱਖ-ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।

ਪਾਣੀ ਦੇ ਸਤਰ ਵਿੱਚ ਆਉਂਦੀ ਕਮੀ ਨੂੰ ਦੇਖਦੇ ਹੋਏ ਹਰਭਜਨ ਜੀ ਨੇ ਪਾਣੀ ਨੂੰ ਮੁੜ ਵਰਤੋਂ ਵਿੱਚ ਲੈ ਕੇ ਆਉਣ ਲਈ ਲਈ ਇੱਕ ਤਰੀਕੇ ਦੀ ਕਾਢ ਕੱਢੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਪਾਣੀ ਸੂਰਾਂ ਨੂੰ ਨਹਾਉਣ ਦੇ ਲਈ ਵਰਤ ਕੇ ਬਾਅਦ ਵਿੱਚ ਇਸ ਪਾਣੀ ਨੂੰ ਮੱਛੀਆਂ ਦੇ ਤਾਲਾਬ ਵਿੱਚ ਸੁੱਟ ਦਿੰਦੇ ਹਨ ਅਤੇ ਤਾਲਾਬ ਦੇ ਬਾਕੀ ਰਹਿੰਦੇ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਲਈ ਵਰਤ ਲਿਆ ਜਾਂਦਾ ਹੈ। ਇਹ ਪਾਣੀ ਖੇਤ ਵਿੱਚ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਖਾਦਾਂ ਉੱਤੇ ਹੋਣ ਵਾਲੇ ਖਰਚ ਨੂੰ 50 % ਤੱਕ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਭਜਨ ਸਿੰਘ ਜੀ ਦੇ ਯਤਨ ਨੂੰ ਦੇਖਦੇ ਹੋਏ ਉਹਨਾਂ ਦੇ ਖੇਤ ਦਾ ਦੌਰਾ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਫਾਰਮਿੰਗ ਦੇ ਵਿੱਚ ਬੱਕਰੀ ਪਾਲਣ ਨੂੰ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਹਨਾਂ ਨੇ KVK ਮਾਨਸਾ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਵਿੱਚ ਉਹਨਾਂ ਨੇ ਬੀਟਲ ਅਤੇ ਸਿਰੋਹੀ ਨਸਲ ਦੇ ਨਾਲ 30 ਬੱਕਰੀਆਂ ਤੋਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅੱਜ ਉਹਨਾਂ ਦੇ ਕੋਲ ਲਗਭਗ 150 ਦੇ ਕਰੀਬ ਬੱਕਰੀਆਂ ਹਨ। 2017 ਦੇ ਬਾਅਦ ਉਹਨਾਂ ਨੇ PAU ਦੇ ਕਿਸਾਨ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਬਟੇਰ ਪਾਲਣ ਅਤੇ ਮੁਰਗੀ ਪਾਲਣ ਕਰਨ ਦੀ ਪ੍ਰੇਰਨਾ ਮਿਲੀ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਚੰਡੀਗੜ੍ਹ ਤੋਂ 2000 ਬਟੇਰ ਅਤੇ 150 ਕੜਕਨਾਥ ਨਸਲ ਦੀਆਂ ਮੁਰਗੀਆਂ ਦੀ ਖਰੀਦ ਕੀਤੀ। ਅੱਜ ਉਹ ਆਪਣੇ ਖੇਤ ਦੇ ਵਿੱਚ 3000 ਬਟੇਰ ਪੰਛੀਆਂ ਦਾ ਪਾਲਣ ਕਰਦੇ ਹਨ।

ਪਸ਼ੂਆਂ ਦੇ ਲਈ ਚਾਰਾ ਉਹ ਆਪ ਮਸ਼ੀਨਾਂ ਦੀ ਮਦਦ ਨਾਲ ਖੇਤ ਵਿੱਚ ਹੀ ਤਿਆਰ ਕਰਦੇ ਹਨ। ਹਰਭਜਨ ਸਿੰਘ ਜੀ ਦੇ 2 ਬੱਚੇ ਵੀ ਹਨ ਜੋ ਖੇਤ ਵਿੱਚ ਹਰਭਜਨ ਜੀ ਦੀ ਮਦਦ ਕਰਦੇ ਹਨ। ਹਰਭਜਨ ਜੀ ਸਿਰਫ ਇੱਕ ਸਹਾਇਕ ਦੇ ਰੂਪ ਵਿਚ ਖੇਤ ਵਿੱਚ ਕੰਮ ਕਰਦੇ ਹਨ। ਹੁਣ ਉਹ ਮੱਛੀਆਂ ਦੇ ਬੀਜ ਨੂੰ 2 ਰੁਪਏ ਪ੍ਰਤੀ ਬੀਜ ਵੇਚ ਰਹੇ ਹਨ। ਬੱਕਰ-ਈਦ ਵਾਲੇ ਦਿਨ ਉਹ ਬੱਕਰੀਆਂ ਨੂੰ ਵੇਚਦੇ ਹਨ ਅਤੇ ਮੀਟ ਤੋਂ ਅਚਾਰ ਵੀ ਤਿਆਰ ਕਰਦੇ ਹਨ। ਕੜਕਨਾਥ ਮੁਰਗੀ ਦਾ ਇੱਕ ਆਂਡਾ ਉਹ 15 ਤੋਂ 20 ਰੁਪਏ ਵਿੱਚ ਵੇਚਦੇ ਹਨ ਅਤੇ ਉਸਦਾ ਮੀਟ 700-800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ICAR-CIFE ਕੋਲਕਾਤਾ ਤੋਂ ਮੱਛੀ ਦਾ ਅਚਾਰ ਅਤੇ ਸੂਪ ਬਣਾਉਣ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ ਅਤੇ ਆਪਣੇ ਉਤਪਾਦਾਂ ਨੂੰ “ਖਿਆਲਾ ਪੋਰਕ ਐਂਡ ਫਿਸ਼ ਪ੍ਰੋਡਕਟਸ” ਦੇ ਨਾਮ ਨਾਲ ਵੇਚਦੇ ਹਨ। ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪਣੇ ਫਾਰਮ ਉੱਤੇ ਹੀ ਕਰਦੇ ਹਨ।

ਉਹਨਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਕੀਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਖੇਤੀ ਕਰਨ ਦੇ ਲਈ ਬਹੁਤ ਸਾਰੇ ਕਿਸਾਨ ਹਰਭਜਨ ਜੀ ਦੀ ਸਲਾਹ ਲੈਣ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਹਰਭਜਨ ਜੀ ਦੂਜੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਦੇ ਰੂਪ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਖੇਤੀ ਵਿੱਚ ਵੀਭਿੰਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਭਵਿੱਖ ਦੀ ਯੋਜਨਾ

ਹਰਭਜਨ ਜੀ ਭਵਿੱਖ ਵਿੱਚ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਇਸ ਖੇਤੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹ ਇੰਟੀਗ੍ਰੇਟਡ ਖੇਤੀ ਕਰਕੇ ਵੱਡੇ ਪੱਧਰ ‘ਤੇ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਨਾਲ-ਨਾਲ ਲੋਕਾਂ ਨੂੰ ਜੈਵਿਕ ਅਤੇ ਫ਼ਸਲੀ ਵਿਭਿੰਨਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ।

ਸੰਦੇਸ਼

ਹਰਭਜਨ ਜੀ ਨੌਜਵਾਨ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦੇਣਾ ਚਾਹੁੰਦੇ ਹਨ। ਜੇਕਰ ਕੋਈ ਵੀ ਕਿਸਾਨ ਇੰਟੀਗ੍ਰੇਟਡ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਬਾਕੀ ਕਿੱਤਿਆਂ ਨੂੰ ਆਪਣੇ ਵਪਾਰ ਵਿੱਚ ਜੋੜਨਾ ਚਾਹੀਦਾ ਹੈ।

ਨਿਰਮਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਸੂਰ ਪਾਲਣ ਨੇ ਨਿਰਮਲ ਸਿੰਘ ਜੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਇਹ ਕਾਰੋਬਾਰ ਉਨ੍ਹਾਂ ਨੂੰ ਸਫ਼ਲਤਾ ਦੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ

ਭਾਰਤ ਵਿੱਚ, ਵੱਡੇ ਪੈਮਾਨੇ ‘ਤੇ ਸੂਰਾਂ ਨੂੰ ਪਾਲਤੂ ਜਾਨਵਰ ਨਹੀਂ ਮੰਨਿਆ ਜਾਂਦਾ, ਪਰ ਜਦੋਂ ਸੂਰ ਪਾਲਣ ਦੀ ਗੱਲ ਆਉਂਦੀ ਹੈ ਤਾਂ ਇਹ ਪੈਸਾ ਕਮਾਉਣ ਦਾ ਵੱਡਾ ਸਰੋਤ ਹੁੰਦੇ ਹਨ ਅਤੇ ਇਸ ਕਾਰੋਬਾਰ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਸੂਰ ਪਾਲਣ ਕਿਸਾਨਾਂ ਲਈ ਇੱਕ ਪ੍ਰਸਿੱਧ ਕਾਰੋਬਾਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਅਤੇ ਕਈ ਲੋਕ ਇਸ ਵਿੱਚ ਦਿਲਚਸਪੀ ਦਿਖਾ ਰਹੇ ਹਨ। ਹਾਲਾਂਕਿ ਕਈ ਲੋਕ ਸੂਰ ਪਾਲਣ ਦੇ ਕਾਰੋਬਾਰ ਨੂੰ ਬਹੁਤ ਹੇਠਲੇ ਪੱਧਰ ਦੇ ਰੂਪ ਵਿੱਚ ਦੇਖਦੇ ਹਨ। ਪਰ ਇਹ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਸੂਰ ਪਾਲਣ ਨੇ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਅਤੇ ਨਜ਼ਰੀਏ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਇੱਕ ਅਜਿਹੇ ਕਿਸਾਨ ਹਨ – ਨਿਰਮਲ ਸਿੰਘ, ਜੋ ਕਿ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਕਰ ਰਹੇ ਹਨ ਅਤੇ ਇਸ ਨਾਲ ਵਧੀਆ ਆਮਦਨ ਕਮਾ ਰਹੇ ਹਨ।

ਆਪਣੇ ਦਾਦੇ-ਪੜਦਾਦੇ ਦੇ ਸਮੇਂ ਤੋਂ ਨਿਰਮਲ ਸਿੰਘ ਜੀ ਦਾ ਪਰਿਵਾਰ ਖੇਤੀਬਾੜੀ ਵਿੱਚ ਸ਼ਾਮਲ ਹੈ। ਉਨ੍ਹਾਂ ਦੇ ਲਈ ਪੈਸਾ ਕਮਾਉਣ ਲਈ ਖੇਤੀਬਾੜੀ ਤੋਂ ਵੱਧ ਕੋਈ ਹੋਰ ਵਿਕਲਪ ਨਹੀਂ ਹੈ। ਪਰ ਜਦੋਂ ਨਿਰਮਲ ਸਿੰਘ ਵੱਡੇ ਹੋਏ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਭ ਕੁੱਝ ਆਪਣੇ ਹੱਥ ਵਿੱਚ ਲਿਆ, ਤਦ ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਸ਼ੁਰੂ ਕੀਤਾ। ਲਗਭਗ ਡੇਢ ਸਾਲ ਤੱਕ ਉਨ੍ਹਾਂ ਨੇ ਵਪਾਰਕ ਪੱਧਰ ‘ਤੇ ਡੇਅਰੀ ਫਾਰਮਿੰਗ ਕੀਤੀ, ਪਰ 2015 ਵਿੱਚ ਜਦੋਂ ਉਹ ਆਪਣੇ ਦੋਸਤ ਦੇ ਵਿਆਹ ‘ਤੇ ਬਠਿੰਡੇ ਗਏ ਉਸ ਸਮੇਂ ਉਨ੍ਹਾਂ ਨੇ ਸੂਰ ਪਾਲਣ ਦੇ ਬਾਰੇ ਜਾਣਿਆ। ਉਹ ਇਸ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹੋਏ, ਇਸ ਲਈ ਵਿਆਹ ਤੋਂ ਬਾਅਦ ਅਗਲੇ ਦਿਨ ਉਹ ਸੰਘੇੜਾ ਵਿੱਚ ਸਥਿਤ BT ਫਾਰਮ ‘ਤੇ ਗਏ। ਇਸ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਦੀ ਇਸ ਕਾਰੋਬਾਰ ਨੂੰ ਕਰਨ ਦੀ ਦਿਲਚਸਪੀ ਪੈਦਾ ਹੋਈ।

ਸੂਰ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮਾਹਿਰਾਂ ਦੀ ਸਲਾਹ ਅਤੇ ਕਿਸੇ ਮਾਹਿਰ ਤੋਂ ਟ੍ਰੇਨਿੰਗ ਲੈਣ ਬਾਰੇ ਸੋਚਿਆ ਤਾਂ ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ GADVASU (ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ), ਲੁਧਿਆਣਾ ਤੋਂ 5 ਦਿਨਾਂ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ 10 ਮਾਦਾ ਸੂਰ ਅਤੇ 1 ਨਰ ਸੂਰ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2 ਕਨਾਲ ਖੇਤਰ ਵਿੱਚ ਸੂਰ ਫਾਰਮ ਸਥਾਪਿਤ ਕੀਤਾ।

ਸੂਰ ਪਾਲਣ ਦੀ ਮੰਗ ਵਧਣ ਦੇ ਕਾਰਨ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲਿਆ ਅਤੇ ਅੱਜ ਉਨ੍ਹਾਂ ਕੋਲ ਲਗਭਗ 90 ਸੂਰ ਹਨ, ਜਿਨ੍ਹਾਂ ਵਿੱਚੋਂ ਪ੍ਰਜਣਨ ਲਈ ਸ਼ੁਰੂ ਵਿੱਚ ਖਰੀਦੇ 10 ਮਾਦਾ ਅਤੇ 1 ਨਰ ਸੂਰ ਅਜੇ ਵੀ ਉਨ੍ਹਾਂ ਕੋਲ ਹਨ। ਇੱਕ ਮਹੀਨੇ ਵਿੱਚ ਉਹ ਮਾਦਾ ਸੂਰ 150 ਰੁਪਏ ਕਿੱਲੋ ਅਤੇ ਨਰ ਸੂਰ 85 ਰੁਪਏ ਪ੍ਰਤੀ ਕਿੱਲੋ ਹਿਸਾਬ ਨਾਲ 10-12 ਸੂਰ ਵੇਚਦੇ ਹਨ। ਉਨ੍ਹਾਂ ਦਾ ਭਰਾ ਅਤੇ ਪੁੱਤਰ ਉਨ੍ਹਾਂ ਦੇ ਇਸ ਕਾਰੋਬਾਰ ਵਿੱਚ ਪੂਰੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਨੇ ਸਹਾਇਤਾ ਦੇ ਲਈ ਕਿਸੇ ਹੋਰ ਵਿਅਕਤੀ ਨੂੰ ਨਹੀਂ ਰੱਖਿਆ। ਸੂਰਾਂ ਦੀ ਸਿਹਤ ਨੂੰ ਚੰਗਾ ਬਣਾਈ ਰੱਖਣ ਲਈ ਉਹ ਖੁਦ ਸੂਰਾਂ ਦੀ ਫੀਡ ਬਣਾਉਣਾ ਪਸੰਦ ਕਰਦੇ ਹਨ। ਉਹ ਬਜ਼ਾਰ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਖੁਦ ਉਸ ਦੀ ਫੀਡ ਬਣਾਉਂਦੇ ਹਨ।

ਅੱਜ ਨਿਰਮਲ ਸਿੰਘ ਜੀ ਨੂੰ GADVASU ਦੀ ਅਗਾਂਹਵਧੂ ਸੂਰ-ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਯੋਜਿਤ ਜ਼ਿਲ੍ਹਾ ਪੱਧਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲਾ ਪੁਰਸਕਾਰ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਵੀ ਮਿਲਿਆ।

ਵਰਤਮਾਨ ਵਿੱਚ ਉਹ ਆਪਣੀ ਪਤਨੀ, ਇੱਕ ਪੁੱਤਰ ਅਤੇ ਇੱਕ ਬੇਟੀ ਦੇ ਨਾਲ ਮੁਕਤਸਰ ਦੇ ਪਿੰਡ ਲੁਬਾਨਿਆਂ ਵਾਲੀ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੂਰ ਪਾਲਣ ਦੇ ਵਪਾਰ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਉਤਪਾਦਾਂ ਦੀ ਪ੍ਰੋਸੈੱਸਿੰਗ ਕਰਨਾ ਚਾਹੁੰਦੇ ਹਨ। ਉਹ ਹੋਰ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਵਧੀਆ ਆਮਦਨ ਕਮਾਉਣ ਲਈ ਇਹ ਕਾਰੋਬਾਰ ਅਪਨਾਉਣ ਦੀ ਸਿਫਾਰਿਸ਼ ਕਰਦੇ ਹਨ।

ਸੰਦੇਸ਼

“ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਹਰੇਕ ਇਨਸਾਨ ਨੂੰ ਆਪਣੇ ਕੌਸ਼ਲ ਨੂੰ ਸੁਧਾਰਨ ਲਈ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਨਹੀਂ ਤਾਂ ਇੱਕ ਸਰਲ ਕੰਮ ਕਰਨ ਦੇ ਲਈ ਬਹੁਤ ਵੱਡਾ ਖਤਰਾ ਰਹਿੰਦਾ ਹੈ।”

ਜੇਕਰ ਤੁਸੀਂ ਵੀ ਪੰਜਾਬ ਵਿੱਚ ਸੂਰ ਪਾਲਣ ਸ਼ੁਰੂ ਕਰਨ ਦੇ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ। ਸੂਰ ਪਾਲਣ ਦੀ ਟ੍ਰੇਨਿੰਗ, ਸੂਰ ਪ੍ਰਜਣਨ ਜਾਂ ਸੂਰ ਪਾਲਣ ਦੀ ਜਾਣਕਾਰੀ ਲਈ ਆਪਣੀ ਖੇਤੀ ਨਾਲ ਸੰਪਰਕ ਕਰੋ।

ਅਵਤਾਰ ਸਿੰਘ

ਪੂਰੀ ਕਹਾਣੀ ਪੜ੍ਹੋ

ਬਹੁਤ ਸਾਰੇ ਕਾਰੋਬਾਰ ਛੱਡਣ ਤੋਂ ਬਾਅਦ, ਇਸ ਕਿਸਾਨ ਨੇ ਸੂਰ ਪਾਲਣ ਨੂੰ ਆਪਣੇ ਕਿੱਤੇ ਵਜੋਂ ਚੁਣਿਆ

ਕਾਰੋਬਾਰ ਨੂੰ ਬਦਲਣਾ ਕਦੇ ਅਸਾਨ ਨਹੀਂ ਹੁੰਦਾ ਅਤੇ ਇਸਦਾ ਉਹਨਾਂ ਲੋਕਾਂ ਦੀ ਜ਼ਿੰਦਗੀ ‘ਤੇ ਮਾੜਾ ਅਸਰ ਪੈ ਸਕਦਾ ਹੈ ਜੋ ਇਸ ‘ਤੇ ਨਿਰਭਰ ਕਰਦੇ ਹਨ। ਖ਼ਾਸ ਕਰਕੇ ਪਰਿਵਾਰ ਦੇ ਜੀਅ ਅਤੇ ਜਦੋਂ ਇਹ ਮੁੱਦਾ ਕਿਸੇ ਕਿਸਾਨ ਦੇ ਜੀਵਨ ਨਾਲ ਸਬੰਧਿਤ ਹੁੰਦਾ ਹੈ, ਅਸੁਰੱਖਿਆ ਦਾ ਮਤਲਬ ਹੋਰ ਵੀ ਦੋਹਰਾ ਬਣ ਜਾਂਦਾ ਹੈ। ਇੱਕ ਨਵਾਂ ਮੌਕਾ ਆਪਣੇ ਨਾਲ ਜੋਖਿਮ ਅਤੇ ਲਾਭ ਦੋਵੇਂ ਲੈ ਕੇ ਆਉਂਦਾ ਹੈ। ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਸ ਨੂੰ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਕੌਣ ਪੂਰਾ ਕਰ ਸਕਦਾ ਹੈ ਕਿਉਂਕਿ ਇਕ ਅਰਥਪੂਰਨ ਕੰਮ ਲੱਭਣਾ ਬਹੁਤ ਮਹੱਤਵਪੂਰਨ ਹੈ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਇਕ ਅਜਿਹੇ ਕਿਸਾਨ ਅਵਤਾਰ ਸਿੰਘ ਰੰਧਾਵਾ ਨੇ ਵੀ ਕਈ ਕਾਰੋਬਾਰ ਬਦਲੇ ਅਤੇ ਸੂਰ ਪਾਲਣ ਨੂੰ ਆਪਣੇ ਬਿਜਨੈੱਸ ਵਜੋਂ ਚੁਣਿਆ।

ਦੂਜੇ ਕਿਸਾਨਾਂ ਦੀ ਤਰ੍ਹਾਂ, ਅਵਤਾਰ ਸਿੰਘ ਨੇ ਵੀ ਆਪਣੀ 10 ਵੀਂ ਕਲਾਸ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿਤਾ ਬਸੰਤ ਸਿੰਘ ਰੰਧਾਵਾ ਨਾਲ ਕਣਕ ਅਤੇ ਝੋਨੇ ਦੀ ਖੇਤੀ ਸ਼ੁਰੂ ਕੀਤੀ। ਪਰ ਛੇਤੀ ਹੀ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਰਵਾਇਤੀ ਢੰਗ ਨਾਲ ਖੇਤੀਬਾੜੀ ਕਰਨਾ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਇਸ ਲਈ ਉਹਨਾਂ ਨੇ ਕਰਿਆਨੇ ਦੀ ਦੁਕਾਨ ਦੇ ਕਾਰੋਬਾਰ ਵਿੱਚ ਨਿਵੇਸ਼ ਕਰਨ ਬਾਰੇ ਸੋਚਿਆ। ਉਸਨੇ ਆਪਣੇ ਪਿੰਡ ਚੰਨਾ ਗੁਲਾਬ ਸਿੰਘ ਵਿੱਚ ਇੱਕ ਦੁਕਾਨ ਖੋਲ੍ਹੀ ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਸ ਕਾਰੋਬਾਰ ਵਿੱਚ ਸੰਤੁਸ਼ਟ ਨਹੀਂ ਹੈ। ਕਿਸੇ ਨੇ ਮਸ਼ਰੂਮ ਦੀ ਕਾਸ਼ਤ ਦਾ ਸੁਝਾਅ ਦਿੱਤਾ ਅਤੇ ਇਹ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹਨਾਂ ਨੇ ਸਮਝ ਲਿਆ ਕਿ ਇਸ ਵਿੱਚ ਬਹੁਤ ਨਿਵੇਸ਼ ਦੀ ਲੋੜ ਹੈ ਅਤੇ ਇਸ ਨੂੰ ਬੰਦ ਕਰਨਾ ਪਿਆ। ਅਖ਼ੀਰ ਵਿੱਚ,ਉਹਨਾਂ ਨੇ ਇੱਕ ਵਿਅਕਤੀ ਤੋਂ ਸੁਣਿਆ ਕਿ ਸੂਰ ਪਾਲਣ ਦਾ ਇੱਕ ਲਾਭਕਾਰੀ ਕਾਰੋਬਾਰ ਹੈ ਅਤੇ ਉਹਨਾਂ ਨੇ ਸੋਚਿਆ ਕਿ ਇਸ ਵਿੱਚ ਵੀ ਕਿਉਂ ਨਾ ਕੋਸ਼ਿਸ਼ ਕੀਤੀ ਜਾਵੇ।

ਸੰਬੰਧਿਤ ਵਿਅਕਤੀ ਤੋਂ ਸਲਾਹ ਮਸ਼ਵਰੇ ਤੋਂ ਬਾਅਦ, ਅਵਤਾਰ ਨੇ ਪੀ. ਏ. ਯੂ. ਤੋਂ ਸੂਰ ਪਾਲਣ ਅਤੇ ਸੂਰ ਦੇ ਮੀਟ ਦੇ ਉਤਪਾਦਾਂ ਦੀ ਸਿਖਲਾਈ ਲਈ। ਸ਼ੁਰੂ ਵਿੱਚ ਉਹਨਾਂ ਨੇ 3 ਸੂਰ ਦੇ ਨਾਲ ਸੂਰ ਪਾਲਣ ਦੀ ਸ਼ੁਰੂਆਤ ਕੀਤੀ ਅਤੇ 3 ਸਾਲਾਂ ਦੀ ਸਖ਼ਤ ਮਿਹਨਤ ਦੇ ਬਾਅਦ, ਅੱਜ ਸੂਰਾਂ ਦੀ ਗਿਣਤੀ 50 ਹੋ ਗਈ ਹੈ। ਜਦੋਂ ਉਹਨਾਂ ਨੇ 3 ਸਾਲ ਪਹਿਲਾਂ ਸੂਰ ਪਾਲਣ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਪਿੰਡ ਦੇ ਲੋਕ ਉਸ ਬਾਰੇ ਅਤੇ ਉਹਨਾਂ ਦੇ ਪੇਸ਼ੇ ਬਾਰੇ ਗੱਲ ਕਰਨ ਲੱਗ ਗਏ ਕਿਉਂਕਿ ਅਵਤਾਰ ਸਿੰਘ ਆਪਣੇ ਪਿੰਡ ਵਿੱਚ ਸੂਰ ਪਾਲਣ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਸਨ ਤਾਂ ਪਿੰਡ ਦੇ ਲੋਕ ਬਹੁਤ ਉਲਝਣ ‘ਚ ਸਨ ਅਤੇ ਬਹੁਤ ਸਾਰੇ ਲੋਕ ਸਿਰਫ਼ ਇਸ ਸੋਚ ਰਹੇ ਸਨ ਕਿ ਇਸ ਦਾ ਨਤੀਜਾ ਕੀ ਹੋਵੇਗਾ। ਪਰ ਰੰਧਾਵਾ ਪਰਿਵਾਰ ਦੇ ਚੇਹਰੇ ਤੇ ਖੁਸ਼ੀ ਅਤੇ ਸੂਰ ਪਾਲਣ ਤੋਂ ਹੋਏ ਮੁਨਾਫ਼ੇ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਦਾ ਸੂਰ ਪਾਲਣ ਵੱਲ ਰੁਝਾਨ ਵੱਧ ਗਿਆ।

“ਮੈਂ ਆਪਣੀ ਪਤਨੀ ਨੂੰ ਸੂਰ ਪਾਲਣ ਬਾਰੇ ਦੱਸਿਆ ਤਾਂ ਉਹ ਮੇਰੇ ਵਿਰੁੱਧ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਇਸ ਵਿੱਚ ਨਿਵੇਸ਼ ਕਰਾਂ। ਇੱਥੋਂ ਤੱਕ ਕਿ ਮੇਰੇ ਰਿਸ਼ਤੇਦਾਰ ਵੀ ਮੇਰੇ ਕੰਮ ਲਈ ਮੈਨੂੰ ਤਾਨਾ ਮਾਰਦੇ ਸਨ ਕਿਉਂਕਿ ਮੈਂ ਉਨ੍ਹਾਂ ਦੇ ਨਜ਼ਰੀਏ ਚ ਬਹੁਤ ਛੋਟੇ ਲੈਵਲ ਦਾ ਕੰਮ ਕਰ ਰਿਹਾ ਸੀ| ਪਰ ਮੈਨੂੰ ਪੱਕਾ ਯਕੀਨ ਸੀ ਅਤੇ ਇਸ ਵਾਰੀ ਮੈਂ ਪਿੱਛੇ ਨਹੀਂ ਹਟਣਾ ਚਾਹੁੰਦਾ ਸੀ ਅਤੇ ਮੈਂ ਕੁੱਝ ਵੀ ਵਿੱਚ ਨਹੀਂ ਛੱਡਣਾ ਚਾਹੁੰਦਾ ਸੀ।”

ਅੱਜ ਅਵਤਾਰ ਸਿੰਘ ਬਹੁਤ ਖੁਸ਼ ਹਨ ਅਤੇ ਆਪਣੇ ਕੰਮ ਤੋਂ ਸੰਤੁਸ਼ਟ ਹਨ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਕਾਰੋਬਾਰ ਲਈ ਅੱਗੇ ਉਤਸ਼ਾਹਿਤ ਕਰਦੇ ਹਨ। ਉਸ ਨੇ ਸੂਰ ਪਾਲਣ ਦਾ ਕੰਮ ਅਤੇ ਪੁਨਰ ਉਤਪਾਦਨ (ਪ੍ਰਜਨਣ) ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ 7-8 ਮਹੀਨਿਆਂ ਦੇ ਅੰਦਰ, ਉਹ ਔਸਤਨ 80 ਸੂਰ ਵੇਚਦੇ ਹਨ ਅਤੇ ਵਧੇਰੇ ਲਾਭ ਕਮਾਉਂਦੇ ਹਨ।

ਮੌਜੂਦਾ ਸਮੇਂ, ਉਹ ਆਪਣੇ ਬੇਟੇ ਅਤੇ ਪਤਨੀ ਨਾਲ ਰਹਿੰਦੇ ਹਨ ਅਤੇ ਛੋਟੇ ਪਰਿਵਾਰ ਅਤੇ ਕੁੱਝ ਲੋੜਾਂ ਦੇ ਬਾਵਜੂਦ, ਉਹ ਆਪਣੇ ਘਰ ਲਈ ਕਣਕ ਅਤੇ ਝੋਨਾ ਖੁਦ ਉਗਾਉਂਦੇ ਹਨ। ਹੁਣ ਉਹਨਾਂ ਦੀ ਪਤਨੀ ਵੀ ਸੂਰ ਪਾਲਣ ਵਿੱਚ ਉਹਨਾਂ ਦਾ ਸਮਰੱਥਨ ਕਰਦੀ ਹੈ।

ਅਵਤਾਰ ਸਿੰਘ ਦੀ ਤਰ੍ਹਾਂ, ਪੰਜਾਬ ਦੇ ਹੋਰ ਕਈ ਕਿਸਾਨ ਵੀ ਸੂਰ ਪਾਲਣ ਦਾ ਕੰਮ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਉਹਨਾਂ ਲਈ ਇੱਕ ਵੱਡਾ ਪ੍ਰੋਜੈਕਟ ਹੈ ਕਿਉਂਕਿ ਸੂਰ ਦੇ ਮੀਟ ਤੋਂ ਬਣੇ ਉਤਪਾਦਾਂ ਦੀ ਵੱਧ ਰਹੀ ਮੰਗ ਕਾਰਨ ਸੂਰ ਪਾਲਣ ਦਾ ਕੰਮ ਤੇਜ਼ੀ ਨਾਲ ਵਧੇਗਾ। ਕੁੱਝ ਭਵਿੱਖਵਾਦੀ ਕਿਸਾਨ ਪਹਿਲਾਂ ਹੀ ਇਸ ਨੂੰ ਸਮਝ ਚੁੱਕੇ ਸਨ ਅਤੇ ਅਵਤਾਰ ਸਿੰਘ ਰੰਧਾਵਾ ਉਨ੍ਹਾਂ ਵਿੱਚੋਂ ਇੱਕ ਨੇ।

ਭਵਿੱਖ ਦੀ ਯੋਜਨਾ:

ਅਵਤਾਰ ਆਪਣੀ ਸਿਖਲਾਈ ਦੀ ਵਰਤੋਂ ਕਰਨ ਅਤੇ ਸੂਰ ਉਤਪਾਦਾਂ ਨੂੰ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ , ਉਹ ਭਵਿੱਖ ਵਿੱਚ ਰੰਧਾਵਾ ਪਿੱਗਰੀ ਫਾਰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ।

ਸੰਦੇਸ਼:
ਆਧੁਨਿਕੀਕਰਨ ਦੇ ਨਾਲ ਕਈ ਨਵੀਆਂ ਖੇਤੀ ਤਕਨੀਕਾਂ ਆ ਰਹੀਆਂ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਉਹ ਰਾਹ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ, ਨਾ ਕਿ ਹੋਰਾਂ ਮਗਰ ਲੱਗਣਾ ਚਾਹੀਦਾ ਹੈ।”