ਜਗਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਦੀ ਜ਼ੋਰਦਾਰ ਪਹਿਲ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਵਿੱਚ ਮਦਦ ਕੀਤੀ

ਪਰਾਲੀ ਸਾੜਨਾ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਾ ਪੁਰਾਣੇ ਢੰਗ ਹਨ ਜਿਹਨਾਂ ਦਾ ਵਾਤਾਵਰਣ ‘ਤੇ ਹਾਨੀਕਾਰਕ ਪ੍ਰਭਾਵ ਅੱਜ ਅਸੀਂ ਦੇਖ ਰਹੇ ਹਾਂ। ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਕਾਰਨ ਭਾਰਤ ਦੇ ਉੱਤਰੀ ਭਾਗਾਂ ਨੂੰ ਹਵਾ ਪ੍ਰਦੂਸ਼ਣ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਸਾਲਾਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ ਅਤੇ ਇਹ ਸਾਹ ਲੈਣ ਵਿੱਚ ਗੰਭੀਰ ਮੁਸ਼ਕਿਲ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ।

ਹਾਲਾਂਕਿ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਦੇ ਲਈ ਕਈ ਪ੍ਰਮੁੱਖ ਕਦਮ ਚੁੱਕੇ ਹਨ, ਫਿਰ ਵੀ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਨਹੀ ਪਾ ਰਹੇ ਹਨ। ਕਿਸਾਨਾਂ ਵਿੱਚ ਗਿਆਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਪੰਜਾਬ ਵਿੱਚ ਪਰਾਲੀ ਸਾੜਨਾ ਇੱਕ ਵੱਡਾ ਮੁੱਦਾ ਬਣ ਰਿਹਾ ਹੈ। ਪਰ ਇੱਕ ਅਜਿਹੇ ਕਿਸਾਨ ਜਗਦੀਪ ਸਿੰਘ ਹਨ, ਜਿਨ੍ਹਾਂ ਨੇ ਨਾ ਕੇਵਲ ਆਪਣੇ ਖੇਤਰ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਬਲਕਿ ਉਨ੍ਹਾਂ ਨੂੰ ਜੈਵਿਕ ਖੇਤੀ ਵੱਲ ਉਤਸ਼ਾਹਿਤ ਵੀ ਕੀਤਾ।

ਜਗਦੀਪ ਸਿੰਘ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਉੱਭਰਦੇ ਹੋਏ ਕਿਸਾਨ ਹਨ। ਬਚਪਨ ਤੋਂ ਹੀ ਆਪਣੀ ਮਾਤ-ਭੂਮੀ ਅਤੇ ਮਿੱਟੀ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ। ਮਿੱਟੀ ਪ੍ਰੇਮੀ ਦੇ ਰੂਪ ਵਿੱਚ ਉਨ੍ਹਾਂ ਦੀ ਯਾਤਰਾ ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਗਈ। ਜਨਮ ਤੋਂ ਬਾਅਦ ਉਨ੍ਹਾਂ ਦੇ ਚਾਚੇ ਨੇ ਉਨ੍ਹਾਂ ਨੂੰ ਗੋਦ ਲੈ ਲਿਆ, ਜਿਹਨਾਂ ਦਾ ਕਾਰੋਬਾਰ ਖੇਤੀਬਾੜੀ ਸੀ। ਉਨ੍ਹਾਂ ਦੇ ਚਾਚਾ ਜੀ, ਉਨ੍ਹਾਂ ਨੂੰ ਸ਼ੁਰੂ ਤੋਂ ਹੀ ਫਾਰਮ ‘ਤੇ ਲੈ ਜਾਂਦੇ ਸਨ ਅਤੇ ਇਸ ਤਰ੍ਹਾਂ ਹੀ ਜਗਦੀਪ ਸਿੰਘ ਜੀ ਦੀ ਖੇਤੀ ਵੱਲ ਦਿਲਚਸਪੀ ਵੱਧ ਗਈ।

ਵੱਧਦੀ ਉਮਰ ਦੇ ਨਾਲ ਉਨ੍ਹਾਂ ਦਾ ਦਿਮਾਗ ਵੀ ਵਿਕਾਸਸ਼ੀਲ ਰਿਹਾ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਾਂ ਉਨ੍ਹਾਂ ਨੇ ਖੇਤੀ ਨੂੰ ਹੀ ਤਰਜੀਹ ਦਿੱਤੀ। ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਖੇਤੀ ਵਿੱਚ ਆਪਣੇ ਪਿਤਾ ਮੁਖਤਿਆਰ ਸਿੰਘ ਦੀ ਮਦਦ ਕਰਨੀ ਸ਼ੁਰੂ ਕੀਤੀ। ਖੇਤੀ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਦਿਨ ਪ੍ਰਤੀਦਿਨ ਵੱਧ ਰਹੀ ਸੀ, ਇਸ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ 1989 ਤੋਂ 1990 ਤੱਕ ਉਨ੍ਹਾਂ ਨੇ ਪੀ.ਏ.ਯੂ. ਦਾ ਦੌਰਾ ਕੀਤਾ। ਪੀ.ਏ.ਯੂ. ਦਾ ਦੌਰਾ ਕਰਨ ਤੋਂ ਬਾਅਦ ਜਗਦੀਪ ਸਿੰਘ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਖੇਤ ਦੀ ਮਿੱਟੀ ਦਾ ਬੁਨਿਆਦੀ ਪੱਧਰ ਬਹੁਤ ਜ਼ਿਆਦਾ ਹੈ, ਜੋ ਮਿੱਟੀ ਅਤੇ ਫ਼ਸਲਾਂ ਦੀਆਂ ਕਈ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ ਅਤੇ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਲਈ ਦੋ ਹੀ ਉਪਾਅ ਸਨ ਜਾਂ ਤਾਂ ਰੂੜੀ ਦੀ ਖਾਦ ਦੀ ਵਰਤੋਂ ਕਰਨਾ ਜਾਂ ਖੇਤਾਂ ਵਿੱਚ ਹਰੀ ਖਾਦ ਦੀ ਵਰਤੋਂ ਕਰਨਾ ਆਦਿ।

ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਜਗਦੀਪ ਜੀ ਇੱਕ ਬਿਹਤਰ ਹੱਲ ਲੱਭਿਆ, ਕਿਉਂਕਿ ਰੂੜੀ ਦੀ ਖਾਦ ਵਿੱਚ ਨਿਵੇਸ਼ ਕਰਨਾ ਉਨ੍ਹਾਂ ਦੇ ਲਈ ਮਹਿੰਗਾ ਸੀ। 1990-1991 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੇ ਸਮਰਥਨ ਨਾਲ ਹੈਪੀ ਸੀਡਰ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਹੈਪੀ ਸੀਡਰ ਦੀ ਵਰਤੋਂ ਨਾਲ ਉਹ ਖੇਤ ਵਿੱਚੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਕੱਢੇ ਹੀ ਮਿੱਟੀ ਵਿੱਚ ਬੀਜ ਲਾਉਣ ਲੱਗ ਗਏ। ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿੱਚ ਵਰਤਣਾ ਸ਼ੁਰੂ ਕੀਤਾ। ਹੌਲੀ-ਹੌਲੀ ਜਗਦੀਪ ਜੀ ਨੇ ਆਪਣੀ ਇਸ ਪਹਿਲ ਵਿੱਚ 37 ਕਿਸਾਨਾਂ ਨੂੰ ਇਕੱਠਾ ਜੋੜ ਲਿਆ ਅਤੇ ਉਨ੍ਹਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਨੂੰ ਕਿਹਾ। ਉਨ੍ਹਾਂ ਨੇ ਇਸ ਅਭਿਆਨ ਨੂੰ ਪੂਰੇ ਸੰਗਰੂਰ ਵਿੱਚ ਚਲਾਇਆ, ਜਿਸ ਦੇ ਅਧੀਨ ਉਨ੍ਹਾਂ ਨੇ 350 ਏਕੜ ਤੋਂ ਵੱਧ ਖੇਤਰ ਵਿੱਚ ਕੰਮ ਕੀਤਾ।

“2014 ਵਿੱਚ ਮੈਂ IARI (ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ) ਤੋਂ ਪੁਰਸਕਾਰ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਵਿੱਚ ‘ਸ਼ਹੀਦ ਬਾਬਾ ਸਿੱਧ ਸਵੈ ਸਹਾਇਤਾ ਗਰੁੱਪ’ ਨਾਮ ਦਾ ਗਰੁੱਪ ਬਣਾਇਆ। ਇਸ ਗਰੁੱਪ ਦੇ ਅਧੀਨ ਅਸੀਂ ਕਿਸਾਨਾਂ ਨੂੰ ਹਵਾ ਪ੍ਰਦੂਸ਼ਣ ਸਮੱਸਿਆਵਾਂ ਦੇ ਨਾਲ ਨਿਪਟਣ ਦੇ ਲਈ, ਪਰਾਲੀ ਨਾ ਸਾੜਨ ਦੇ ਲਈ ਪ੍ਰੇਰਿਤ ਕਰਦੇ ਹਾਂ।”

ਇਸ ਸਮੇਂ ਉਹ 40 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ 32 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਦਿੱਤੀ ਹੈ ਅਤੇ 4 ਏਕੜ ਦੀ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਖੇਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ।

ਜਗਦੀਪ ਸਿੰਘ ਦੇ ਵਿਅਕਤੀਤਵ ਦੇ ਬਾਰੇ ਵਿੱਚ ਸਭ ਤੋਂ ਆਕਰਸ਼ਕ ਚੀਜ਼ ਇਹ ਹੈ ਕਿ ਉਹ ਬਹੁਤ ਨਿਮਰਤਾ ਵਾਲੇ ਹਨ ਹੈ ਅਤੇ ਹਮੇਸ਼ਾ ਖੇਤੀਬਾੜੀ ਦੇ ਬਾਰੇ ਵਿੱਚ ਨਵੀਆਂ ਚੀਜ਼ਾਂ ਨੂੰ ਸਿੱਖਣ ਦੇ ਇੱਛੁਕ ਰਹਿੰਦੇ ਹਨ। ਉਹ ਪਸ਼ੂ ਪਾਲਣ ਵਿੱਚ ਵੀ ਬਹੁਤ ਦਿਲਚਸਪੀ ਰੱਖਦੇ ਹਨ ਅਤੇ ਘਰੇਲੂ ਮੰਤਵ ਲਈ ਉਨ੍ਹਾਂ ਕੋਲ 8 ਮੱਝਾਂ ਹਨ। ਉਹ ਮੱਝ ਦੇ ਦੁੱਧ ਦੀ ਵਰਤੋਂ ਸਿਰਫ਼ ਘਰ ਦੇ ਲਈ ਕਰਦੇ ਹਨ ਅਤੇ ਕਈ ਵਾਰ ਇਸ ਨੂੰ ਆਪਣੇ ਗੁਆਂਢੀਆਂ ਜਾਂ ਪਿੰਡ ਵਾਲਿਆਂ ਨੂੰ ਵੀ ਵੇਚਦੇ ਹਨ। ਖੇਤੀਬਾੜੀ ਅਤੇ ਦੁੱਧ ਦੀ ਵਿਕਰੀ ਨਾਲ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਬਹੁਤ ਹੀ ਵਧੀਆ ਸੰਭਾਲ ਰਹੇ ਹਨ ਅਤੇ ਭਵਿੱਖ ਵਿੱਚ ਉਹ ਵਧੀਆ ਮੁਨਾਫ਼ੇ ਲਈ ਆਪਣੀ ਫ਼ਸਲ ਦੀ ਮਾਰਕਟਿੰਗ ਖੁਦ ਸ਼ੁਰੂ ਕਰਨਾ ਚਾਹੁੰਦੇ ਹਨ।

ਸੰਦੇਸ਼
“ਦੂਜੇ ਕਿਸਾਨਾਂ ਲਈ ਜਗਦੀਪ ਸਿੰਘ ਜੀ ਦਾ ਸੰਦੇਸ਼ ਇਹੋ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਤੀ ਦੇ ਬਾਰੇ ਸਿਖਾਉਣ ਅਤੇ ਬੱਚਿਆਂ ਦੇ ਮਨ ਵਿੱਚ ਖੇਤੀ ਬਾਰੇ ਨਕਾਰਾਤਮਕ ਵਿਚਾਰ ਨਾ ਪਾਉਣ, ਨਹੀਂ ਤਾਂ ਉਹ ਆਪਣੀਆਂ ਜੜ੍ਹਾਂ ਬਾਰੇ ਭੁੱਲ ਜਾਣਗੇ।”

ਸਰਬੀਰਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ਦੇ ਮਾਲਵਾ ਖੇਤਰ ਦੇ ਕਿਸਾਨ ਨੇ ਖੇਤੀ ਨੂੰ ਮਸ਼ੀਨੀਕਰਣ ਨਾਲ ਜੋੜਿਆ, ਕੀ ਤੁਸੀਂ ਇਸ ਨੂੰ ਅਜ਼ਮਾਇਆ ਹੈ?

44 ਸਾਲਾਂ ਦੇ ਸਰਬੀਰਇੰਦਰ ਸਿੰਘ ਸਿੱਧੂ ਨੇ ਕੁਦਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਤਾਵਰਣ ਅਨੁਕੂਲ ਤਰੀਕਿਆਂ ਨੂੰ ਲਾਗੂ ਕੀਤਾ ਜਿਸ ਨਾਲ ਸਮੇਂ ਅਤੇ ਪੈਸੇ ਦੋਨਾਂ ਦੀ ਬੱਚਤ ਹੁੰਦੀ ਹੈ ਅਤੇ ਕੁਦਰਤ ਨਾਲ ਮਿਲ ਕੇ ਕੰਮ ਕਰਨ ਦਾ ਇਹ ਵਿਚਾਰ ਉਨ੍ਹਾਂ ਦੇ ਦਿਮਾਗ ਵਿੱਚ ਉਸ ਸਮੇਂ ਆਇਆ ਜਦੋਂ ਉਹ ਬਹੁਤ ਦੂਰ ਵਿਦੇਸ਼ ਵਿੱਚ ਸਨ।

ਖੇਤੀਬਾੜੀ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣੀ ਪ੍ਰਕਿਰਿਆ ਹੈ ਜਿਸ ਨੂੰ ਸਾਡੇ ਪੁਰਖਾਂ ਅਤੇ ਉਨ੍ਹਾਂ ਦੇ ਪੁਰਖਾਂ ਨੇ ਭੋਜਨ ਪੈਦਾ ਕਰਨ ਅਤੇ ਜੀਵਨ ਜਿਊਣ ਲਈ ਅਪਣਾਇਆ। ਪਰ ਮੰਗਾਂ ਵਿੱਚ ਵਾਧੇ ਅਤੇ ਪਰਿਵਰਤਨ ਨਾਲ, ਅੱਜ ਖੇਤੀ ਦਾ ਇੱਕ ਲੰਬਾ ਇਤਿਹਾਸ ਬਣ ਚੁੱਕਾ ਹੈ। ਹਾਂ, ਆਧੁਨਿਕ ਖੇਤੀ ਤਰੀਕਿਆਂ ਦੇ ਕੁੱਝ ਨਕਾਰਾਤਮਕ ਪ੍ਰਭਾਵ ਹਨ, ਪਰੰਤੂ ਹੁਣ ਸਿਰਫ਼ ਨਾ ਕੇਵਲ ਖੇਤੀਬਾੜੀ ਸਮਾਜ ਸਗੋਂ ਸ਼ਹਿਰ ਦੇ ਬਹੁਤ ਸਾਰੇ ਵਿਅਕਤੀ ਸਥਾਈ ਖੇਤੀਬਾੜੀ ਅਭਿਆਸਾਂ ਦੀ ਪਹਿਲ-ਕਦਮੀ ਕਰ ਰਹੇ ਹਨ।

ਸਰਬੀਰਇੰਦਰ ਸਿੰਘ ਸਿੱਧੂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਹੈ, ਜਿਹਨਾਂ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਧਰਤੀ ਲਈ ਕੁੱਝ ਵੀ ਨਹੀਂ ਕੀਤਾ, ਜਿਸ ਧਰਤੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਸਭ ਕੁੱਝ ਪ੍ਰਦਾਨ ਕੀਤਾ। ਹਾਲਾਂਕਿ ਉਹ ਵਿਦੇਸ਼ ਵਿੱਚ ਬਹੁਤ ਸਫ਼ਲ ਜੀਵਨ ਬਤੀਤ ਕਰ ਰਹੇ ਸਨ, ਨਵੀਂ ਖੇਤੀ ਤਕਨੀਕਾਂ, ਮਸ਼ੀਨਾਂ ਬਾਰੇ ਸਿਖਲਾਈ ਲੈ ਰਹੇ ਸਨ ਅਤੇ ਸਮਾਜ ਦੀ ਸੇਵਾ ਕਰ ਰਹੇ ਸਨ, ਪਰ ਫਿਰ ਵੀ ਉਹ ਮਾਯੂਸ ਰਹਿੰਦੇ ਸਨ ਅਤੇ ਆਖਰ ਉਨ੍ਹਾਂ ਨੇ ਵਿਦੇਸ਼ ਛੱਡਣ ਦਾ ਫੈਸਲਾ ਕੀਤਾ ਅਤੇ ਵਾਪਸ ਜਨਮ-ਭੂਮੀ ਪੰਜਾਬ (ਭਾਰਤ) ਆ ਗਏ।

“ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਉੱਚ ਸਿੱਖਿਆ ਦੇ ਲਈ ਕੈਨੇਡਾ ਚਲਾ ਗਿਆ ਅਤੇ ਬਾਅਦ ਵਿੱਚ ਉੱਥੇ ਹੀ ਵੱਸ ਗਿਆ, ਪਰ 5-6 ਸਾਲ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵਾਪਸ ਜਾਣਾ ਚਾਹੀਦਾ ਹੈ, ਜਿੱਥੋਂ ਮੈਂ ਹਾਂ।”

ਵਿਦੇਸ਼ੀ ਖੇਤੀਬਾੜੀ ਅਭਿਆਸਾਂ ਤੋਂ ਪਹਿਲਾਂ ਹੀ ਜਾਣੂ ਸਰਬੀਰਇੰਦਰ ਸਿੰਘ ਸਿੱਧੂ ਨੇ ਖੇਤੀ ਨੂੰ ਆਪਣੇ ਤਰੀਕੇ ਨਾਲ ਮਸ਼ੀਨੀਕਰਣ ਨਾਲ ਜੋੜਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਵਪਾਰਕ ਖੇਤੀ ਅਤੇ ਖੇਤੀ ਤਕਨੀਕਾਂ ਨੂੰ ਜੋੜਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਣਕ ਅਤੇ ਝੋਨੇ ਦੀ ਬਜਾਏ ਕਿੰਨੂ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

“ਕਣਕ ਅਤੇ ਝੋਨਾ ਪੰਜਾਬ ਦੀ ਰਵਾਇਤੀ ਫ਼ਸਲਾਂ ਹਨ, ਜਿਸ ਨੂੰ ਖੇਤ ਵਿਚ ਸਿਰਫ਼ 4-5 ਮਹੀਨੇ ਮਿਹਨਤ ਦੀ ਜ਼ਰੂਰਤ ਹੈ। ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਦੀ ਬਜਾਏ, ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਅਤੇ ਹੋਰ ਖੇਤੀ ਸੰਬੰਧੀ ਧੰਦਿਆਂ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸਾਲ ਭਰ ਕੀਤੇ ਜਾ ਸਕਦੇ ਹਨ।”

ਸਰਬੀਰਇੰਦਰ ਸਿੰਘ ਨੇ ਬਾਗ ਵਿੱਚ ਵਰਤਣ ਲਈ ਇੱਕ ਮਸ਼ੀਨ ਤਿਆਰ ਕੀਤੀ, ਜਿਸ ਨੂੰ ਟ੍ਰੈਕਟਰ ਨਾਲ ਜੋੜਿਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਕਿੰਨੂ ਨੂੰ 6 ਅਲੱਗ-ਅਲੱਗ ਆਕਾਰ ਵਿੱਚ ਵੰਡ ਕੇ ਗਰੇਡਿੰਗ ਕਰ ਸਕਦੀ ਹੈ। ਮਸ਼ੀਨ ਵਿੱਚ 9 ਸਫ਼ਾਈ ਕਰਨ ਵਾਲੇ ਬਰੱਸ਼ ਅਤੇ 4 ਸੁਕਾਉਣ ਵਾਲੇ ਬਰੱਸ਼ ਸ਼ਾਮਿਲ ਹਨ। ਇਸ ਪੱਧਰ ਤੱਕ ਮਸ਼ੀਨ ਦੇ ਮਸ਼ੀਨੀਕਰਣ ਨੇ ਮਿਹਨਤ ਦੀ ਲਾਗਤ ਨੂੰ ਲਗਭੱਗ ਜ਼ੀਰੋ ਕਰ ਦਿੱਤਾ ਹੈ।

“ਮੇਰੇ ਦੁਆਰਾ ਡਿਜ਼ਾਇਨ ਕੀਤੀ ਗਈ ਮਸ਼ੀਨ ਇੱਕ ਘੰਟੇ ਵਿੱਚ ਲਗਭਗ 1-1.5 ਟਨ ਕਿੰਨੂਆਂ ਦੀ ਗਰੇਡਿੰਗ ਕਰ ਸਕਦੀ ਹੈ ਅਤੇ ਇਸ ਮਸ਼ੀਨ ਦੀ ਲਾਗਤ 10 ਲੀਟਰ ਡੀਜ਼ਲ ਪ੍ਰਤੀ ਦਿਨ ਹੈ।”

ਸਰਬੀਰਇੰਦਰ ਸਿੰਘ ਜੀ ਅਨੁਸਾਰ – ਸ਼ੁਰੂਆਤ ਵਿੱਚ ਜੋ ਮੁੱਖ ਰੁਕਾਵਟ ਦਾ ਸਾਹਮਣਾ ਕੀਤਾ, ਉਹ ਸੀ ਕਿੰਨੂਆਂ ਦੇ ਮੰਡੀਕਰਣ ਦੌਰਾਨ ਕਿਉਂਕਿ ਬਾਗ ਦੀ ਦੇਖਭਾਲ ਅਤੇ ਕਿੰਨੂਆਂ ਦੀ ਤੁੜਾਈ ਆਦਿ ਵਿੱਚ ਬਹੁਤ ਸਾਰਾ ਸਮਾਂ ਅਤੇ ਪੈਸਾ ਖ਼ਰਚ ਹੁੰਦਾ ਹੈ, ਜੋ ਆਰਥਿਕ ਪੱਖੋਂ ਲਾਹੇਵੰਦ ਨਹੀਂ ਸੀ। ਸਰਬੀਰਇੰਦਰ ਸਿੰਘ ਜੀ ਦੁਆਰਾ ਵਿਕਸਿਤ ਕੀਤੀ ਗ੍ਰੇਡਿੰਗ ਮਸ਼ੀਨ ਦੁਆਰਾ ਤੁੜਾਈ ਅਤੇ ਗ੍ਰੇਡਿੰਗ ਦੀ ਸਮੱਸਿਆ ਅੱਧੀ ਹੱਲ ਹੋ ਗਈ ਸੀ।

6 ਵੱਖ-ਵੱਖ ਆਕਾਰ ਵਿੱਚ ਕਿੰਨੂਆਂ ਦੀ ਗ੍ਰੇਡਿੰਗ ਕਰਨ ਦੇ ਇਸ ਮਸ਼ੀਨੀਕਰਣ ਤਰੀਕੇ ਨੇ ਬਜ਼ਾਰ ਵਿੱਚ ਸਰਬੀਰਇੰਦਰ ਸਿੰਘ ਦੀ ਫ਼ਸਲ ਲਈ ਇੱਕ ਖਾਸ ਜਗ੍ਹਾ ਬਣਾਈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਹੋਰ ਪ੍ਰਾਥਮਿਕਤਾ ਮਿਲੀ ਅਤੇ ਨਿਵੇਸ਼ ‘ਤੇ ਹੋਰ ਲਾਭ ਮਿਲਿਆ। ਕਿੰਨੂਆਂ ਦੀ ਗ੍ਰੇਡਿੰਗ ਲਈ ਇਸ ਮਸ਼ੀਨੀਕਰਣ ਤਰੀਕੇ ਦੀ ਵਰਤੋਂ ਕਰਨਾ “ਸਿੱਧੂ ਮਾਡਲ ਫਾਰਮ” ਦੇ ਲਈ ਇੱਕ ਅਹਿਮ ਵਾਧਾ ਸੀ ਅਤੇ ਪਿਛਲੇ ਸਾਲਾਂ ਤੋਂ ਸਰਬੀਰਇੰਦਰ ਜੀ ਦੁਆਰਾ ਉਤਪਾਦਿਤ ਫਲਾਂ ਨੇ ‘ਸਿਟਰਸ ਸ਼ੋ’ ਵਿੱਚ ਰਾਜ ਪੱਧਰ ‘ਤੇ ਪਹਿਲਾ ਅਤੇ ਦੂਜਾ ਪੁਰਸਕਾਰ ਪ੍ਰਾਪਤ ਕੀਤਾ।

ਸਿਰਫ਼ ਇਹ ਹੀ ਦ੍ਰਿਸ਼ਟੀਕੋਣ ਨਹੀਂ ਸੀ ਜਿਸ ਦਾ ਪਿੱਛਾ ਸਰਬੀਰਇੰਦਰ ਸਿੰਘ ਜੀ ਕਰ ਰਹੇ ਸਨ, ਬਲਕਿ ਤੁਪਕਾ ਸਿੰਚਾਈ, ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ, ਹਰੀ ਖਾਦ, ਬਾਇਓਗੈਸ ਪਲਾਂਟ, ਵਰਮੀ ਕੰਪੋਸਟਿੰਗ, ਸਬਜ਼ੀਆਂ, ਅਨਾਜ, ਫਲ ਅਤੇ ਕਣਕ ਦਾ ਜੈਵਿਕ ਉਤਪਾਦਨ ਆਦਿ ਹੋਰ ਤਰੀਕੇ ਸਨ ਜਿਨ੍ਹਾਂ ਨਾਲ ਖੇਤੀ ਦੇ ਰਵਾਇਤੀ ਢੰਗਾਂ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ।

ਖੇਤੀਬਾੜੀ ਵਿੱਚ ਸਰਬੀਰਇੰਦਰ ਸਿੰਘ ਸਿੱਧੂ ਜੀ ਦੇ ਯੋਗਦਾਨ ਨੇ ਉਨ੍ਹਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਪੁਰਸਕਾਰ ਅਤੇ ਸਨਮਾਨ ਦਿਵਾਏ ਹਨ, ਜਿਹਨਾਂ ਵਿੱਚੋਂ ਇਹ ਦੋ ਮੁੱਖ ਹਨ:
• ਅਬੋਹਰ, ਪੰਜਾਬ ਵਿੱਚ ਰਾਜ ਪੱਧਰੀ ਸਿਟਰਸ ਸ਼ੋਅ ਜਿੱਤਿਆ।
• ਆਧੁਨਿਕ ਖੇਤੀਬਾੜੀ ਲਈ ਪੂਸਾ ਦਿੱਲੀ ਤੋਂ ਸਨਮਾਨ ਪ੍ਰਾਪਤ ਕੀਤਾ।

ਖੇਤੀਬਾੜੀ ਦੇ ਨਾਲ-ਨਾਲ ਸਰਬੀਰਇੰਦਰ ਜੀ ਸਿਰਫ਼ ਆਪਣੇ ਸ਼ੌਂਕ ਕਾਰਨ ਪਸ਼ੂ ਪਾਲਣ ਅਤੇ ਖੇਤੀ ਸਹਾਇਕ ਧੰਦਿਆਂ ਦੇ ਵੀ ਮਾਹਿਰ ਹਨ। ਉਨ੍ਹਾਂ ਨੇ ਡੇਅਰੀ ਪਸ਼ੂ, ਪੋਲਟਰੀ, ਪੰਛੀ, ਕੁੱਤੇ, ਬੱਕਰੀਆਂ ਅਤੇ ਮਾਰਵਾੜੀ ਘੋੜੇ ਪਾਲ਼ੇ ਹੋਏ ਹਨ। ਉਨ੍ਹਾਂ ਨੇ ਅੱਧੇ ਏਕੜ ਵਿੱਚ ਮੱਛੀ-ਪਾਲਣ ਲਈ ਤਲਾਬ ਬਣਾਇਆ ਅਤੇ ਰੁੱਖਾਂ ਵਿੱਚ 7000 ਸਫੇਦੇ ਅਤੇ 25 ਬਾਂਸ ਦੇ ਰੁੱਖ ਹਨ

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ 12 ਸਾਲ ਦੇ ਅਨੁਭਵ ਨਾਲ, ਸਰਬੀਰਇੰਦਰ ਜੀ ਨੇ ਕੁੱਝ ਮਹੱਤਵਪੂਰਣ ਮਾਮਲਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਅਤੇ ਇਸ ਮੁੱਦੇ ਦੁਆਰਾ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਪ੍ਰਮੁੱਖ ਚਿੰਤਾ ਦੇ ਵਿਸ਼ੇ ਹਨ।

ਸਬਸਿਡੀ ਅਤੇ ਖੇਤੀ ਯੋਜਨਾਵਾਂ
ਕਿਸਾਨ ਮੰਨਦੇ ਹਨ ਕਿ ਸਰਕਾਰ ਸਬਸਿਡੀ ਦੇ ਕੇ ਅਤੇ ਵਿਭਿੰਨ ਖੇਤੀਬਾੜੀ ਯੋਜਨਾਵਾਂ ਬਣਾ ਕੇ ਸਾਡੀ ਮਦਦ ਕਰ ਰਹੀ ਹੈ, ਪਰ ਇਹ ਸੱਚ ਨਹੀਂ ਹੈ, ਇਹ ਕਿਸਾਨਾਂ ਨੂੰ ਨਕਾਰਾ ਬਣਾਉਣ ਅਤੇ ਜ਼ਮੀਨ ‘ਤੇ ਕਬਜ਼ਾ ਕਰਨ ਦਾ ਇੱਕ ਤਰੀਕਾ ਹੈ। ਕਿਸਾਨਾਂ ਨੂੰ ਆਪਣੇ ਚੰਗਾ ਅਤੇ ਬੁਰਾ ਸਮਝਣਾ ਚਾਹੀਦਾ ਹੈ, ਕਿਉਂਕਿ ਖੇਤੀਬਾੜੀ ਇੱਕ ਵਿਸ਼ਾਲ ਖੇਤਰ ਹੈ। ਜੇਕਰ ਇਸ ਨੂੰ ਪੱਕੇ ਇਰਾਦੇ ਨਾਲ ਕੀਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਅਮੀਰ ਬਣਾ ਸਕਦਾ ਹੈ।

ਨੌਜਵਾਨ ਪੀੜ੍ਹੀ ਦੀ ਸੋਚ –
ਅੱਜ-ਕੱਲ੍ਹ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਜਾਂ ਸ਼ਹਿਰ ਵਿੱਚ ਰਹਿਣ ਲਈ ਤਿਆਰ ਹੈ, ਉਨ੍ਹਾਂ ਨੂੰ ਪਰਵਾਹ ਨਹੀਂ ਹੈ ਕਿ ਉਨ੍ਹਾਂ ਨੂੰ ਉੱਥੇ ਕਿਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ? ਖੇਤੀਬਾੜੀ ਉਨ੍ਹਾਂ ਲਈ ਮਾੜਾ ਕੰਮ ਹੈ। ਸਿੱਖਿਆ ਅਤੇ ਰੁਜ਼ਗਾਰ ਵਿੱਚ ਸਰਕਾਰ ਦੇ ਪੈਸੇ ਨਿਵੇਸ਼ ਕਰਨ ਦਾ ਕੀ ਫਾਇਦਾ ਜੇਕਰ ਆਖਿਰ ਇਸ ਦਾ ਨਤੀਜਾ ਨਾ-ਮਾਤਰ ਹੀ ਰਹਿ ਜਾਵੇ। ਨੌਜਵਾਨ ਪੀੜ੍ਹੀ ਇਸ ਗੱਲ ਤੋਂ ਅਣਜਾਣ ਹੈ ਕਿ ਖੇਤੀਬਾੜੀ ਦਾ ਖੇਤਰ ਇੰਨਾ ਖੁਸ਼ਹਾਲ ਅਤੇ ਭਿੰਨ ਹੈ ਕਿ ਇਸ ਦੁਆਰਾ ਵਿਦੇਸ਼ੀ ਜੀਵਨ ਨਾਲੋਂ ਵੱਧ ਫਾਇਦੇ, ਕਮਾਈ ਅਤੇ ਖੁਸ਼ੀ ਹਾਸਲ ਕਰ ਸਕਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਮੰਡੀਕਰਣ –
ਅੱਜ, ਕਿਸਾਨਾਂ ਨੂੰ ਮੰਡੀਕਰਣ ਪ੍ਰਣਾਲੀ ‘ਚੋਂ ਵਿਚੋਲਿਆਂ ਨੂੰ ਹਟਾ ਕੇ ਖੁਦ ਵਿਕਰੇਤਾ ਬਣਨਾ ਪਵੇਗਾ ਅਤੇ ਇਹ ਹੀ ਇੱਕੋ ਤਰੀਕਾ ਹੈ ਜਿਸ ਨਾਲ ਕਿਸਾਨ ਆਪਣਾ ਗੁੰਮਿਆ ਹੋਇਆ ਸਥਾਨ ਸਮਾਜ ਵਿੱਚ ਦੁਬਾਰਾ ਹਾਸਿਲ ਕਰ ਸਕਦੇ ਹਨ। ਕਿਸਾਨਾਂ ਨੂੰ ਅਧੁਨਿਕ ਵਾਤਾਵਰਣ ਅਨੁਕੂਲ ਢੰਗ ਅਪਣਾਉਣੇ ਪੈਣਗੇ ਜੋ ਉਨ੍ਹਾਂ ਨੂੰ ਸਥਾਈ ਖੇਤੀਬਾੜੀ ਦੇ ਪਰਿਣਾਮਾਂ ਵੱਲ ਲੈ ਜਾਣਗੇ।

ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ-
“ਜ਼ਿੰਦਗੀ ਵਿੱਚ ਇੱਕ ਵਾਰ ਸਭ ਨੂੰ ਡਾਕਟਰ, ਵਕੀਲ, ਪੁਲਿਸ ਅਧਿਕਾਰੀ ਅਤੇ ਇੱਕ ਪ੍ਰਚਾਰਕ ਦੀ ਲੋੜ ਪੈਂਦੀ ਹੈ, ਪਰ ਕਿਸਾਨ ਦੀ ਜ਼ਰੂਰਤ ਇੱਕ ਦਿਨ ਵਿੱਚ ਤਿੰਨ ਵਾਰ ਪੈਂਦੀ ਹੈ।”

ਗੁਰਰਾਜ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ, ਜਿਸ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਆਪਣੇ ਤਜ਼ਰਬੇ ਨੂੰ ਆਪਣੀ ਤਾਕਤ ਬਣਾਇਆ ਅਤੇ ਅਗਾਂਹਵਧੂ ਕਿਸਾਨ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਏ

ਇਹ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਆਮ ਤੌਰ ‘ਤੇ ਜ਼ਿਆਦਾਤਰ ਕਿਸਾਨ ਆਪਣੀਆਂ ਘਰੇਲੂ, ਆਰਥਿਕ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਸਬਰ ਅਤੇ ਮਿਹਨਤ ਨਾਲ ਕਰਨ ਦੀ ਬਜਾਏ, ਹਾਰ ਮੰਨ ਲੈਂਦੇ ਹਨ। ਇੱਥੋਂ ਤੱਕ ਕਿ ਕੁੱਝ ਕਿਸਾਨ ਤਾਂ ਆਤਮ-ਹੱਤਿਆ ਵਰਗੇ ਰਸਤੇ ਵੀ ਅਪਨਾਉਂਦੇ ਹਨ। ਪਰ ਅੱਜ ਅਸੀਂ ਇੱਕ ਅਜਿਹੇ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸਨੇ ਨਾ-ਕੇਵਲ ਆਪਣੀਆਂ ਘਰੇਲੂ ਅਤੇ ਆਰਥਿਕ ਔਕੜਾਂ ਦਾ ਸਾਹਮਣਾ ਕੀਤਾ, ਸਗੋਂ ਆਪਣੀ ਮਿਹਨਤ ਨਾਲ ਬਾਗਬਾਨੀ ਦੀ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਉੱਚ-ਪੱਧਰ ਦੇ ਸਨਮਾਨ ਵੀ ਹਾਸਿਲ ਕੀਤੇ ਅਤੇ ਉਸ ਕਿਸਾਨ ਦਾ ਨਾਮ ਹੈ – ਗੁਰਰਾਜ ਸਿੰਘ ਵਿਰਕ, ਜੋ ਲਗਭਗ ਪਿਛਲੇ 30 ਸਾਲਾਂ ਤੋਂ ਕਿੰਨੂ ਦੀ ਖੇਤੀ ਕਰ ਰਹੇ ਹਨ।

ਗੁਰਰਾਜ ਸਿੰਘ ਜੀ ਦਾ ਜਨਮ 01 ਅਕਤੂਬਰ 1954 ਨੂੰ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ ਅਤੇ ਉਹ ਮੁਹੱਲਾ ਸੁਰਗਾਪੁਰੀ, ਕੋਟਕਪੂਰਾ(ਜ਼ਿਲ੍ਹਾ ਫਰੀਦਕੋਟ) ਦੇ ਨਿਵਾਸੀ ਹਨ। ਭਾਵੇਂ ਉਹ ਖੁਦ ਬਾਰ੍ਹਵੀਂ ਤੱਕ ਹੀ ਪੜ੍ਹੇ ਸਨ, ਪਰ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਆਤਮ-ਵਿਸ਼ਵਾਸ ਸਦਕਾ ਨਾ-ਕੇਵਲ ਬਾਗਬਾਨੀ ਦੇ ਖੇਤਰ ਵਿੱਚ ਇੱਕ ਸਫ਼ਲ ਮੁਕਾਮ ਹਾਸਿਲ ਕੀਤਾ, ਸਗੋਂ ਆਪਣੇ ਕੰਮ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਦੇਸੀ ਤਰੀਕੇ ਨਾਲ ਕਈ ਮਸ਼ੀਨਾਂ ਦੀਆਂ ਕਾਢਾਂ ਵੀ ਕੀਤੀਆਂ। ਪਰ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ।

ਜੀਵਨ ਦਾ ਮੁੱਢਲਾ ਸੰਘਰਸ਼
ਸ਼ੁਰੂਆਤੀ ਸਮੇਂ ਵਿੱਚ ਉਹ ਨਰਮੇ ਦੀ ਖੇਤੀ ਕਰਦੇ ਸਨ, ਇਸ ਫ਼ਸਲ ‘ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੋਣ ਕਾਰਨ 1990 ਵਿੱਚ ਉਨ੍ਹਾਂ ਨੂੰ ਇਸਦੀ ਖੇਤੀ ਬੰਦ ਕਰਨੀ ਪਈ, ਕਿਉਂਕਿ ਆੜ੍ਹਤੀਆਂ ਅਤੇ ਬੈਂਕਾਂ ਦਾ ਕਰਜ਼ਾ ਦਿਨੋ-ਦਿਨ ਵੱਧਦਾ ਜਾ ਰਿਹਾ ਸੀ। ਫਿਰ ਉਨ੍ਹਾਂ ਨੇ ਗੰਨੇ ਦੀ ਖੇਤੀ ਸ਼ੁਰੂ ਕੀਤੀ, ਪਰ ਕੁੱਝ ਸਮੇਂ ਬਾਅਦ ਫਰੀਦਕੋਟ ਗੰਨਾ ਮਿਲ ਬੰਦ ਹੋਣ ਕਾਰਨ ਇਸ ਵਿੱਚ ਵੀ ਮੁਨਾਫਾ ਨਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਝੋਨੇ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਸ ਵਿੱਚ ਵੀ ਜ਼ਿਆਦਾ ਫਾਇਦਾ ਨਹੀਂ ਸੀ, ਕਿਉਂਕਿ ਧਰਤੀ ਹੇਠਲਾ ਪਾਣੀ ਸਿੰਚਾਈ-ਯੋਗ ਨਹੀਂ ਸੀ।

ਜ਼ਿੰਦਗੀ ਵਿੱਚਲਾ ਅਹਿਮ ਮੋੜ
ਆਖਿਰ ਉਨ੍ਹਾਂ ਨੇ 1983 ਵਿੱਚ ਬਾਗਬਾਨੀ ਵਿਭਾਗ, ਫਰੀਦਕੋਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਿਖਲਾਈ ਹਾਸਿਲ ਕੀਤੀ ਅਤੇ ਕਿੰਨੂ ਦਾ ਬਾਗ ਲਾਇਆ। ਬਾਗ ਲਾਏ ਨੂੰ ਅਜੇ ਦੋ ਸਾਲ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਦੇ ਪਿਤਾ (ਸ. ਸਵਰਨ ਸਿੰਘ) ਚਲਾਣਾ ਕਰ ਗਏ, ਜਿਸ ਨਾਲ ਪੂਰੇ ਪਰਿਵਾਰ ਦੇ ਹੌਂਸਲੇ ਨੂੰ ਬੜੀ ਡੂੰਘੀ ਸੱਟ ਵੱਜੀ। ਹਾਲਾਂਕਿ ਇਸ ਵਿੱਚ ਕਾਫੀ ਸਮਾਂ ਲੱਗਾ, ਪਰ ਉਨ੍ਹਾਂ ਨੇ ਸਬਰ, ਮਿਹਨਤ ਅਤੇ ਵਿਸ਼ਵਾਸ ਨਾਲ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਂਦਾ। ਅਜੇ ਪਰਿਵਾਰ ਪਿਛਲੇ ਦੁੱਖਾਂ ਨੂੰ ਵੀ ਭੁੱਲ ਨਹੀਂ ਸੀ ਸਕਿਆ 1999 ਵਿੱਚ ਉਨ੍ਹਾਂ ਦੀ ਮਾਤਾ (ਮੋਹਿੰਦਰ ਕੌਰ) ਜੀ ਵੀ ਸਵਰਗ ਸਿਧਾਰ ਗਏ ਅਤੇ ਪਰਿਵਾਰ ਇੱਕ ਵਾਰ ਫਿਰ ਸਦਮੇ ਵਿੱਚ ਚਲਾ ਗਿਆ। ਪਰ ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਅਤੇ ਕੰਮ ਨੂੰ ਜਾਰੀ ਰੱਖਿਆ।

ਮਿਹਨਤ ਦਾ ਫਲ
ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਕਿੰਨੂ ਦੇ ਬਾਗ ਨੇ ਫਲ ਦੇਣੇ ਸ਼ੁਰੂ ਕੀਤੇ, ਤਾਂ ਚੰਗੇ ਦਿਨ ਵਾਪਸ ਆਉਣ ਲੱਗੇ। ਇਸ ਮੁਨਾਫੇ ਤੋਂ ਪ੍ਰਾਪਤ ਹੋਏ ਪੈਸਿਆਂ ਨੂੰ ਉਨ੍ਹਾਂ ਵਿਅਰਥ ਨਹੀਂ ਖਰਚਿਆ, ਸਗੋਂ ਬੜੀ ਸੂਝ-ਬੂਝ ਨਾਲ ਬਾਗ ਦਾ ਖੇਤਰ ਵਧਾਇਆ ਅਤੇ ਡੂੰਘਾ ਟਿਊਬਵੈੱਲ ਵੀ ਲਗਵਾਇਆ। ਹੁਣ ਪਾਣੀ ਸਿੰਚਾਈ-ਯੋਗ ਹੋਣ ਕਰਕੇ ਝੋਨੇ ਵਿੱਚ ਵੀ ਮੁਨਾਫ਼ਾ ਹੋਣ ਲੱਗਾ। ਉਨ੍ਹਾਂ 2.5 ਏਕੜ ਵਿੱਚ ਅੰਗੂਰਾਂ ਦਾ ਬਾਗ ਵੀ ਲਾਇਆ, ਜੋ ਲਗਭੱਗ ਇੱਕ ਲੱਖ ਪ੍ਰਤੀ ਏਕੜ ਦੀ ਆਮਦਨ ਦਿੰਦਾ ਸੀ।

ਪਰ ਸਫ਼ਲਤਾ ਦਾ ਰਸਤਾ ਇੰਨਾ ਵੀ ਅਸਾਨ ਨਹੀਂ ਹੁੰਦਾ ਅਤੇ ਬਾਗ ਲਾਉਣ ਤੋਂ 15 ਸਾਲ ਬਾਅਦ ਸਿਉਂਕ ਦੇ ਗੰਭੀਰ ਹਮਲੇ ਕਾਰਨ ਪੂਰਾ ਬਾਗ ਪੁੱਟਣਾ ਪਿਆ। ਪਰ ਫਿਰ ਵੀ ਉਨ੍ਹਾਂ ਹਾਰ ਨਾ ਮੰਨੀ ਅਤੇ ਕਿੰਨੂ ਦੇ ਨਾਲ-ਨਾਲ ਕਣਕ ਝੋਨੇ ਦੀ ਖੇਤੀ ਨੂੰ ਅੱਗੇ ਵਧਾਇਆ।

ਖੇਤੀ ਦੇ ਆਧੁਨਿਕ ਢੰਗ
ਸ. ਵਿਰਕ ਜੀ ਮੌਜੂਦਾ ਸਮੇਂ ਦੀਆਂ ਆਧੁਨਿਕ ਤਕਨੀਕਾਂ ਨਾਲ ਅੱਪਡੇਟ ਰਹਿੰਦੇ ਹਨ ਅਤੇ ਲੋੜੀਂਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਵੀ ਕਰਦੇ ਹਨ। ਅੱਜ ਉਨ੍ਹਾਂ ਕੋਲ ਕੁੱਲ 41 ਏਕੜ ਜ਼ਮੀਨ ਹੈ, ਜਿਸ ਵਿੱਚੋਂ ਉਹ 21 ਏਕੜ ਵਿੱਚ ਕਿੰਨੂ ਅਤੇ 20 ਏਕੜ ਵਿੱਚ ਕਣਕ-ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਦੇ ਬਾਗ ਵਿੱਚ ਕਿੰਨੂ ਦੇ ਪੌਦਿਆਂ ਤੋਂ ਇਲਾਵਾ ਵਿੱਚ ਕਿਤੇ-ਕਿਤੇ ਕੁੱਝ ਪੌਦੇ ਨਿੰਬੂ, ਗਰੇਪ ਫਰੂਟ, ਮੌਸੰਮੀ, ਮਾਲਟਾ ਰੈਡ, ਮਾਲਟਾ ਜਾਫਾ, ਨਾਗਪੁਰੀ ਸੰਗਤਰਾ, ਨਰੰਗੀ, ਆਲੂ ਬੁਖਾਰਾ, ਅਨਾਰ, ਅੰਗੂਰ, ਅਮਰੂਦ, ਆਂਵਲਾ, ਜਾਮਨ, ਫਾਲਸਾ, ਚੀਕੂ ਆਦਿ ਦੇ ਵੀ ਲੱਗੇ ਹਨ। ਉਹ ਪਾਣੀ ਦੀ ਬੱਚਤ ਲਈ ਬਾਗ ਵਿੱਚ ਤੁਪਕਾ ਸਿੰਚਾਈ ਅਤੇ ਗਰਮੀਆਂ ਵਿੱਚ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਲਈ ਮਲਚਿੰਗ ਤਕਨੀਕ ਦੀ ਵਰਤੋਂ ਕਰਦੇ ਹਨ। ਉਹ ਕੁਦਰਤੀ ਸ੍ਰੋਤਾਂ ਦੀ ਸਾਂਭ-ਸੰਭਾਲ ਵਿੱਚ ਪੂਰੀ ਤਰ੍ਹਾਂ ਨਿਪੁੰਨ ਹਨ। ਜ਼ਿਆਦਾਤਰ ਕਿੰਨੂ ਦੇ ਨਵੇਂ ਪੌਦਿਆਂ ਵਾਲੀ ਮਿੱਟੀ ਦੇ ਉਪਜਾਊਪਨ ਨੂੰ ਠੀਕ ਰੱਖਣ ਲਈ ਉਹ ਹਮੇਸ਼ਾ ਹਰੀ ਖਾਦ ਦੇ ਪੱਖ ਵਿੱਚ ਬੋਲਦੇ ਹਨ। ਉਹ ਰਿਵਾਇਤੀ ਢੰਗ ਦੇ ਨਾਲ-ਨਾਲ ਜ਼ਿਆਦਾ ਘਣਤਾ ਵਾਲੇ ਤਰੀਕੇ ਨਾਲ ਵੀ ਕਿੰਨੂ ਦੀ ਖੇਤੀ ਕਰਦੇ ਹਨ।

ਕਾਢਾਂ ਅਤੇ ਰਚਨਾਵਾਂ
ਆਪਣੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਕਾਢਾਂ ਵੀ ਕੀਤੀਆਂ। ਉਨ੍ਹਾਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਆਂ, ਜੋ ਜ਼ਿਆਦਾ ਉੱਚ-ਪੱਧਰ ਦੀਆਂ ਜਾਂ ਮਹਿੰਗੀਆਂ ਨਹੀਂ, ਸਗੋਂ ਸਧਾਰਨ ਅਤੇ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹ ਮਸ਼ੀਨਾਂ ਪੈਸਾ ਅਤੇ ਸਮਾਂ ਦੋਨਾਂ ਨੂੰ ਬਚਾਉਂਦੀਆਂ ਹਨ। ਉਨ੍ਹਾਂ ਨੇ ਇੱਕ ਦੇਸੀ ਸਪਰੇਅ ਪੰਪ ਅਤੇ ਰੁੱਖ ਦੀ ਕਟਾਈ-ਛਟਾਈ ਵਾਲਾ ਯੰਤਰ ਤਿਆਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਕਿੰਨੂ ਦੀ ਸਫ਼ਾਈ ਅਤੇ ਗ੍ਰੇਡਿੰਗ ਵਾਲੀ ਮਸ਼ੀਨ ਵੀ ਤਿਆਰ ਕੀਤੀ, ਜੋ ਇੱਕ ਘੰਟੇ ਵਿੱਚ 2 ਟਨ ਤੱਕ ਕਿੰਨੂ ਸਾਫ਼ ਕਰਦੀ ਹੈ। 2 ਟਨ ਫਲ ਸਾਫ਼ ਕਰਨ ਅਤੇ ਛਾਂਟਣ ਵਿੱਚ ਉਨ੍ਹਾਂ ਦਾ ਸਿਰਫ਼ 125 ਰੁਪਏ ਤੱਕ ਦਾ ਖਰਚਾ ਆਉਂਦਾ ਹੈ, ਜਦਕਿ ਹੱਥੀਂ ਇਸ ਕੰਮ ਨੂੰ ਕਰਨ ਵਿੱਚ 1000 ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਮਕੈਨੀਕਲ ਤਰੀਕੇ ਨਾਲ ਛਾਂਟੇ ਫਲਾਂ ਦਾ ਮਾਰਕੀਟ ਵਿੱਚ ਵੀ ਵਧੀਆ ਮੁੱਲ ਮਿਲਦਾ ਹੈ।

ਉੱਪਰ ਦੱਸੀਆਂ ਕਾਢਾਂ ਤੋਂ ਇਲਾਵਾ ਗੁਰਰਾਜ ਸਿੰਘ ਜੀ ਨੇ ਸਾਹਿਤ ਕਲਾ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿੰਨੂ ਦੀ ਖੇਤੀ ‘ਤੇ 7 ਮਸ਼ਹੂਰ ਲੇਖ ਅਤੇ ਇੱਕ ਕਿਤਾਬ ਵੀ ਲਿਖੀ।

ਪ੍ਰਾਪਤੀਆਂ
ਸ. ਗੁਰਰਾਜ ਸਿੰਘ ਜੀ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਫ਼ਲਤਾ ਲਈ ਬਹੁਤ ਸਾਰੇ ਸਮਾਰੋਹਾਂ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਕੁੱਝ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:

•ਉਨ੍ਹਾਂ ਦੇ ਕਿੰਨੂਆਂ ਨੂੰ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਬਹੁਤ ਸਾਰੇ ਇਨਾਮ ਮਿਲੇ ਹਨ। ਉਨ੍ਹਾਂ ਨੂੰ 2010-11 ਅਤੇ 2011-12 ਸਾਲ ਲਈ ਸਰਵੋਤਮ ਕਿੰਨੂ ਉਗਾਉਣ ਵਾਲੇ ਕਿਸਾਨ ਦੇ ਤੌਰ ‘ਤੇ ਰਾਸ਼ਟਰੀ ਬਾਗਬਾਨੀ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ।

•ਮਾਰਚ 2012 ਵਿੱਚ ਮਾਸਿਕ ਖੇਤੀਬਾੜੀ ਮੈਗਜ਼ੀਨ “ਐਡਵਾਈਜ਼ਰ” ਵੱਲੋਂ ਲਗਾਏ ਮੇਲੇ ਵਿੱਚ ਵੀ ਸਨਮਾਨਿਤ ਕੀਤਾ।

•ਗੁਰਰਾਜ ਸਿੰਘ ਜੀ ਨੇ ਉਚੇਰੀ ਕਮੇਟੀਆਂ ਜਿਵੇਂ ਕਿ ਪੀ.ਏ.ਯੂ. ਦੀ ਫਲ ਅਤੇ ਸਬਜ਼ੀਆਂ ਉਗਾਊ ਸਲਾਹਕਾਰ ਕਮੇਟੀ’ ਅਤੇ ‘ਮਾਲਵਾ ਫਲ ਅਤੇ ਸਬਜ਼ੀਆਂ ਉਗਾਊ ਕਮੇਟੀ’ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।

•ਬਹੁਤ ਸਾਰੇ ਵਿਭਾਗਾਂ ਵੱਲੋਂ ਕਿਸਾਨਾਂ ਨੂੰ ਵਿਰਕ ਜੀ ਦੇ ਖੇਤਾਂ ਵਿੱਚ ਸਫ਼ਲਤਾ ਦੇ ਢੰਗਾਂ ਦੀ ਜਾਣਕਾਰੀ ਦੇਣ ਲਈ ਲਿਜਾਇਆ ਜਾਂਦਾ ਹੈ।

•ਗੁਰਰਾਜ ਸਿੰਘ ਜੀ ਨੇ ਜ਼ਿਲ੍ਹੇ ਵਿੱਚ ਲਗਭੱਗ 150 ਏਕੜ ਵਿੱਚ ਕਿਸਾਨਾਂ ਦੀ ਕਿੰਨੂ ਦੀ ਖੇਤੀ ਵਿੱਚ ਮਦਦ ਕੀਤੀ।

ਉਹ ਕਿੰਨੂ ਉਤਪਾਦਨ ਵਿੱਚ ਸਫ਼ਲ ਹੋਣ ਅਤੇ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਲਈ ਕੇ.ਵੀ.ਕੇ. ਫਰੀਦਕੋਟ ਅਤੇ ਰਾਜ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਸਿਖਲਾਈਆਂ ਲਈ ਬਹੁਤ ਧੰਨਵਾਦੀ ਹਨ।

ਪਰਿਵਾਰਿਕ ਜੀਵਨ
ਸ. ਵਿਰਕ ਜੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਘੱਟ ਪੜ੍ਹਾਈ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ। ਅੱਜ ਇਹੀ ਸਭ ਕੁੱਝ ਉਨ੍ਹਾਂ ਦੇ ਬੱਚੇ ਵੀ ਕਰਕੇ ਦਿਖਾ ਰਹੇ ਹਨ ਅਤੇ ਉੱਚ-ਪੱਧਰ ਦੇ ਨੌਕਰੀ-ਪੇਸ਼ੇ ਵਾਲੇ ਹਨ। ਉਨ੍ਹਾਂ ਦੀ ਪਤਨੀ (ਜਗਮੀਤ ਕੌਰ) ਘਰੇਲੂ ਕੰਮ-ਕਾਜੀ ਔਰਤ ਹੈ। ਉਨ੍ਹਾਂ ਦੇ ਪੰਜਾਂ ਬੱਚਿਆਂ ਵਿੱਚੋਂ ਚਾਰ (ਇੱਕ ਪੁੱਤਰ ਕਨੇਡਾ ਵਿੱਚ ਇੰਜੀਨਿਅਰ, ਇੱਕ ਪੁੱਤਰ ਅਮਰੀਕਾ ਵਿੱਚ ਡਾਕਟਰ, ਇੱਕ ਧੀ ਕਨੇਡਾ ਅਤੇ ਦੂਜੀ ਧੀ ਪੰਜਾਬ ਵਿੱਚ ਡਾਕਟਰ ਹੈ ਅਤੇ ਇੱਕ ਧੀ ਕਨੇਡਾ ਵਿੱਚ ਨਰਸ ਹੈ। ਉਨ੍ਹਾਂ ਦੇ ਸਾਰੇ ਬੱਚੇ ਆਪਣੇ ਪਰਿਵਾਰਾਂ ਨਾਲ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ। ਗੁਰਰਾਜ ਸਿੰਘ ਜੀ ਅਕਸਰ ਆਪਣੇ ਬੱਚਿਆਂ ਨੂੰ ਮਿਲਣ ਕਨੇਡਾ ਅਤੇ ਅਮਰੀਕਾ ਜਾਂਦੇ ਰਹਿੰਦੇ ਹਨ।

ਹੋਰਨਾਂ ਕਿਸਾਨਾਂ ਲਈ ਸੰਦੇਸ਼-
ਕਿਸਾਨਾਂ ਨੂੰ ਛੋਟੇ-ਮੋਟੇ ਨੁਕਸਾਨਾਂ ਅਤੇ ਖੇਤੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਕਾਰਨ ਆਪਣਾ ਆਤਮ-ਵਿਸ਼ਵਾਸ ਨਹੀਂ ਟੁੱਟਣ ਦੇਣਾ ਚਾਹੀਦਾ ਅਤੇ ਹਾਰ ਨਹੀਂ ਮੰਨਣੀ ਚਾਹੀਦੀ। ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਅਲੱਗ ਵੀ ਸੋਚਣਾ ਚਾਹੀਦਾ ਹੈ। ਖੇਤੀਬਾੜੀ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਨ੍ਹਾਂ ਵਿੱਚ ਘੱਟ ਨਿਵੇਸ਼ ਨਾਲ ਵੀ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਬਾਗਬਾਨੀ ਵੀ ਇੱਜ ਅਜਿਹਾ ਖੇਤਰ ਹੈ, ਜਿਸ ਵਿੱਚ ਕਿਸਾਨ ਅਸਾਨੀ ਨਾਲ ਲੱਖਾਂ ਦਾ ਮੁਨਾਫਾ ਲੈ ਸਕਦੇ ਹਨ, ਪਰ ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੂੰ ਸਬਰ ਰੱਖਣ ਦੀ ਲੋੜ ਹੁੰਦੀ ਹੈ। ਮੈਂ ਖੁਦ ਵੀ ਬਾਗਬਾਨੀ ਦੇ ਖੇਤਰ ਵਿੱਚ ਹੀ ਮਿਹਨਤ ਕਰਕੇ ਅੱਜ ਵਧੀਆ ਮੁਨਾਫਾ ਲੈ ਰਿਹਾ ਹਾਂ ਅਤੇ ਭਵਿੱਖ ਵਿੱਚ ਹੀ ਇਹੀ ਚਾਹੁੰਦਾ ਹਾਂ ਕਿ ਕਿਸਾਨ ਬਾਗਾਬਨੀ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਅਪਨਾਉਣ ਅਤੇ ਬਾਗਬਾਨੀ ਨੂੰ ਵੀ ਅੱਗੇ ਵਧਾਉਣ।

ਕੱਟਾ ਰਾਮਾਕ੍ਰਿਸ਼ਨਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਕੱਟਾ ਰਾਮਕ੍ਰਿਸ਼ਨਾ ਨੇ ਉੱਚ ਘਣਤਾ ਵਾਲੀ ਰੋਪਣ ਤਕਨੀਕ ਨਾਲ ਕਪਾਹ ਦੀ ਖੇਤੀ ਨੂੰ ਹੋਰ ਦਿਲਚਸਪ ਬਣਾਇਆ

ਕੱਟਾ ਰਾਮਾਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਨਾਗੁਲੂਪੱਲਡੂ ਮੰਡਲ ਦੇ ਨੇੜੇ ਓਬੰਨਾਪਲੇਮ ਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਹਨ। ਉਨ੍ਹਾਂ ਨੇ ਵਿਗਿਆਨੀਆਂ ਦੇ ਸੁਝਾਅ ਅਨੁਸਾਰ ਆਪਣੇ ਕਪਾਹ ਦੇ ਖੇਤ ਵਿੱਚ ਉੱਚ-ਘਣਤਾ ਵਾਲੀ ਰੋਪਣ ਤਕਨੀਕ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ, ਜਿਸ ਨਾਲ ਬਿਹਤਰ ਅਤੇ ਉੱਚ ਪੈਦਾਵਾਰ ਪ੍ਰਾਪਤ ਕੀਤੀ।

ਕੱਟਾ ਰਾਮਾਕ੍ਰਿਸ਼ਨਾ ਦੀ ਇੱਕ ਛੋਟੇ ਜਿਹੇ ਖੇਤਰ ਵਿੱਚ ਜ਼ਿਆਦਾ ਪੌਦੇ ਉਗਾਉਣ ਲਈ ਇਸ ਨਵੀਨਕਾਰੀ ਪਹਿਲਕਦਮੀ ਨੇ ਅਖੀਰ ਪੈਦਾਵਾਰ ਵਿੱਚ ਵਾਧਾ ਕੀਤਾ। ਇਸ ਕਦਮ ਨਾਲ ਉਨ੍ਹਾਂ ਨੇ 10 ਕੁਇੰਟਲ ਪ੍ਰਤੀ ਏਕੜ ਦਾ ਉਤਪਾਦਨ ਕੀਤਾ, ਜਿਸ ਨੇ ਉਨ੍ਹਾਂ ਨੂੰ ਭਾਰਤੀ ਖੇਤੀਬਾੜੀ ਪਰਿਸ਼ਦ (ICAR) ਤੋਂ ਰਾਸ਼ਟਰੀ ਮਾਨਤਾ ਪ੍ਰਾਪਤ ਕਰਵਾਈ ਅਤੇ ਉਨ੍ਹਾਂ ਨੂੰ 2013 ਵਿੱਚ “ਬਾਬੂ ਜਗਜੀਵਨ ਰਾਮ ਅਭਿਨਵ ਕਿਸਾਨ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਬਾਅਦ ਵਿੱਚ, ਜ਼ਿਲ੍ਹਾ ਖੇਤੀਬਾੜੀ ਸਲਾਹਕਾਰ ਅਤੇ ਟ੍ਰਾਂਸਫਰ ਆੱਫ ਤਕਨਾਲੋਜੀ ਕੇਂਦਰ ਦੀ ਅਗਵਾਈ ਨਾਲ ਕੱਟਾ ਰਾਮਾਕ੍ਰਿਸ਼ਨਾ ਨੇ ਇੱਕ ਏਕੜ ਵਿੱਚ 12500 ਪੌਦੇ ਲਗਾਏ ਅਤੇ ਇਸ ਨੂੰ ਆਪਣੀ 5 ਏਕੜ ਜ਼ਮੀਨ ਵਿੱਚ ਲਾਗੂ ਕੀਤਾ ਅਤੇ ਇੱਕ ਏਕੜ ਤੋਂ 22 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕੀਤੀ।

“ਮੇਰੇ ਦੁਆਰਾ ਨਿਵੇਸ਼ ਕੀਤੀ ਗਈ ਹਰ ਰਾਸ਼ੀ ਲਈ, ਮੈਨੂੰ ਬਦਲੇ ਵਿੱਚ ਮੁਨਾਫ਼ੇ ਦੀ ਬਰਾਬਰ ਰਕਮ ਮਿਲੀ”
– ਕੱਟਾ ਰਾਮਾਕ੍ਰਿਸ਼ਨਾ ਨੇ ਮਾਣ ਨਾਲ ਆਪਣਾ ਪੁਰਸਕਾਰ ਦਿਖਾ ਕੇ ਕਿਹਾ ਜੋ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਤੋਂ ਪ੍ਰਾਪਤ ਕੀਤਾ।

ਖੇਤੀਬਾੜੀ ਦੀ ਇਸ ਵਿਧੀ ਨਾਲ 5000 ਰੁਪਏ ਖਰਚਾ ਵੱਧਦਾ ਹੈ ਅਤੇ ਇਸ ਕਿਸਾਨ ਨੇ ਇਸ ਵਿੱਚ 45000 ਰੁਪਏ ਪ੍ਰਤੀ ਏਕੜ ਦਾ ਨਿਵੇਸ਼ ਕੀਤਾ।

“ਆਮ ਤੌਰ ‘ਤੇ ਇੱਕ ਕਿਸਾਨ ਇੱਕ ਏਕੜ ਵਿੱਚ 8000 ਕਪਾਹ ਦੇ ਪੌਦੇ ਲਗਾਉਂਦਾ ਹੈ ਅਤੇ 10-15 ਕੁਇੰਟਲ ਪੈਦਾਵਾਰ ਪ੍ਰਾਪਤ ਕਰਦਾ ਹੈ। ਪਰ ਉਹ ਨਹੀਂ ਜਾਣਦੇ ਕਿ ਪੌਦੇ ਦੀ ਘਣਤਾ ਵਿੱਚ ਵਾਧਾ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦਾ ਹੈ।”
– ਡੀ ਓ ਟੀ ਸੈਂਟਰ ਦੇ ਸੀਨੀਅਰ ਵਿਗਿਆਨੀ Ch. ਵਰਪ੍ਰਸਾਦ ਰਾਓ ਨੇ ਕਿਹਾ।

ਚਿੱਟੇ ਸੋਨੇ ਦੀ ਚੰਗੀ ਉਤਪਾਦਕਤਾ ਤੋਂ ਉਤਸ਼ਾਹਿਤ ਕੱਟਾ ਰਾਮਾਕ੍ਰਿਸ਼ਨਾ ਨੇ ਕਿਹਾ ਕਿ – “ਆਉਣ ਵਾਲੇ ਸਮੇਂ ਵਿੱਚ ਮੈਂ 16000 ਪੌਦੇ ਪ੍ਰਤੀ ਏਕੜ ਵਿੱਚ ਲਗਾ ਕੇ 20-25 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕਰ ਸਕਦਾ ਹਾਂ।”

ਉਨ੍ਹਾਂ ਦੀਆਂ ਉਪਲੱਬਧੀਆਂ

• ਉਨ੍ਹਾਂ ਨੂੰ ਵਿਭਿੰਨ ਰਾਜਾਂ ਅਤੇ ਰਾਸ਼ਟਰੀ ਸੰਗਠਨਾਂ ਦੁਆਰਾ ਸਨਮਾਨਿਤ ਕੀਤਾ ਗਿਆ।

• ਰਾਮਾਕ੍ਰਿਸ਼ਨਾ ਨੇ ਕਪਾਹ ਦਾ ਸੰਘਣਾ ਰੋਪਣ ਅਪਣਾਇਆ ਜਿਸ ਵਿੱਚ (90×45 ਦੀ ਬਜਾਏ) 90×30 ਸੈ.ਮੀ. ਦਾ ਫਾਸਲਾ ਰੱਖਿਆ ਜਿਸ ਦੇ ਸਿੱਟੇ ਵਜੋਂ ਬਾਰਾਨੀ ਹਾਲਾਤਾਂ ਵਿੱਚ ਚੰਗੀ ਪੈਦਾਵਾਰ (45.10 ਕੁਇੰਟਲ ਪ੍ਰਤੀ ਹੈਕਟੇਅਰ) ਪ੍ਰਾਪਤ ਹੋਈ।

• ਕਪਾਹ ਦੇ ਖੇਤ ਵਿੱਚ ਜ਼ਿਆਦਾ ਜਲ ਸੰਭਾਲ ਲਈ ਹਾਈਡ੍ਰੋਜੈੱਲ ਤਕਨੀਕ ਨੂੰ ਅਪਣਾਇਆ, ਜਿਸ ਦੇ ਸਿੱਟੇ ਵਜੋਂ ਪੈਦਾਵਾਰ ਵਿੱਚ 15% ਵਾਧਾ ਹੋਇਆ।

• ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਲੇ, ਉੜਦ ਅਤੇ ਮੂੰਗ ਆਦਿ ਦੇ ਪਰੀਖਣ ਲਗਾਏ, ਜਿਸ ਦੇ ਸਿੱਟੇ ਵਜੋਂ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤਾਂ ਲਈ ਚੰਗੀਆਂ ਕਿਸਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ।

• ਛੋਲੇ ਦੀ ਫ਼ਸਲ ਵਿੱਚ ਜੈਵਿਕ ਖਾਦਾਂ ਜਿਵੇਂ ਕਿ ਰਾਇਜ਼ੋਬੀਅਮ ਅਤੇ ਫਾਸਫੋਬੈਕਟੀਰੀਆ ਦੀ ਵਰਤੋਂ ਕੀਤੀ ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ।

• ਉਹ ਖੇਤੀਬਾੜੀ ਲਈ ਹਰੀ ਖਾਦ ਅਤੇ ਜੈਵਿਕ ਖਾਦ ਦੀ ਸਿਫਾਰਿਸ਼ ਕਰਦੇ ਹਨ।

• ਉਹ ਕੀਟਨਾਸ਼ਕਾਂ ਨੂੰ ਰੋਕਣ ਲਈ ਨਿੰਮ ਦੇ ਬੀਜਾਂ ਦੀ ਵਰਤੋਂ ਕਰਦੇ ਹਨ।

• ਉਨ੍ਹਾਂ ਨੇ ਸੀ.ਟੀ.ਆਰ.ਆਈ, ਕੰਡੂਕਰ, ਪ੍ਰਕਾਸ਼ਮ ਜ਼ਿਲ੍ਹੇ ਦੇ ਸਹਿਯੋਗ ਨਾਲ ਤੰਬਾਕੂ ਦੇ ਫਾਲਤੂ ਪਦਾਰਥਾਂ ਨੂੰ ਆਪਣੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤ ਕੇ ਨਵੀਂ ਤਕਨੀਕ ਵਿਕਸਿਤ ਕੀਤੀ।

• ਉਨ੍ਹਾਂ ਨੇ ਬੀਜ ਕਮ ਖਾਦ ਡਰਿੱਲ ਨੂੰ ਸੋਧਿਆ ਤਾਂ ਕਿ ਬੀਜ ਅਤੇ ਖਾਦ ਨੂੰ ਮਿੱਟੀ ਦੀ ਵਿਭਿੰਨ ਗਹਿਰਾਈ ‘ਤੇ ਇੱਕੋ ਸਮੇਂ ਬੀਜਿਆ ਜਾਵੇ। ਇਹ ਸੋਧਿਆ ਬੀਜ ਕਮ ਖਾਦ ਡਰਿੱਲ ਸਥਾਨਕ ਕਿਸਾਨਾਂ ਲਈ ਹਰ ਪ੍ਰਕਾਰ ਦੀਆਂ ਦਾਲਾਂ ਲਈ ਲਾਭਦਾਇਕ ਹਨ।

• ਉਨ੍ਹਾਂ ਦੁਆਰਾ ਤਿਆਰ ਕੀਤੀਆਂ ਆਵਿਸ਼ਕਾਰੀ ਤਕਨੀਕਾਂ ਅਤੇ ਸੁਧਰੇ ਹੋਏ ਪੈਕੇਜ ਪ੍ਰੈਕਟਿਸ ਸਥਾਨਕ ਭਾਸ਼ਾਵਾਂ ਵਿੱਚ ਛਪੇ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਫਾਰਮ ‘ਤੇ ਹੋਣ ਵਾਲੇ ਅਨੁਭਵਾਂ ਦੀਆਂ ਅਲੱਗ-ਅਲੱਗ ਰੇਡੀਓ ਅਤੇ ਜਨਤਕ ਮੀਟਿੰਗਾਂ ਵਿੱਚ ਚਰਚਾ ਕੀਤੀ ਜਾਂਦੀ ਹੈ।

• ਉਹ ਆਪਣੇ ਖੇਤਰ ਵਿੱਚ ਦੂਜੇ ਕਿਸਾਨਾਂ ਲਈ ਇੱਕ ਆਦਰਸ਼ ਮਾਡਲ ਅਤੇ ਪ੍ਰੇਰਨਾ ਬਣ ਗਏ ਹਨ।

ਸੰਦੇਸ਼
“ਫ਼ਸਲਾਂ ਦੇ ਬਿਹਤਰ ਵਾਧੇ ਲਈ ਕਿਸਾਨਾਂ ਨੂੰ ਮਿੱਟੀ ਦੇ ਸੂਖਮ ਪੋਸ਼ਕ ਤੱਤਾਂ ਦਾ ਪ੍ਰਬੰਧਨ ਕਰਨ ਲਈ ਮਾਹਿਰਾਂ ਦੁਆਰਾ ਆਪਣੇ ਖੇਤ ਦੀ ਮਿੱਟੀ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ। ਇਸ ਤਰੀਕੇ ਨਾਲ, ਉਹ ਘੱਟ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਟ ਪ੍ਰਬੰਧਨ ਦੇ ਵਧੀਆ ਨਤੀਜਿਆਂ ਨੂੰ ਵੀ ਪ੍ਰਾਪਤ ਕਰ ਸਕਦੇ ਹਨ।”

 

ਹਰਜੀਤ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਇਸ ਸਿਟਰੱਸ ਏਸਟੇਟ ਦੇ ਮਾਲਕ ਨੇ ਸਭ ਤੋਂ ਵਧੀਆ ਕਿੰਨੂਆਂ ਦੇ ਉਤਪਾਦਨ ਵਿੱਚ ਸਫ਼ਲ ਬਣੇ ਰਹਿਣ ਲਈ ਆਪਣਾ ਇੱਕ ਨਵਾਂ ਤਰੀਕਾ ਲੱਭਿਆ

ਫਸਲ ਖਰਾਬ ਹੋਣਾ, ਕੀੜੇ/ਮਕੌੜਿਆਂ ਦਾ ਹਮਲਾ, ਬਾਰਾਨੀ ਜ਼ਮੀਨ, ਆਰਥਿਕ ਹਾਲਾਤ ਕੁੱਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜੋ ਕਿਸਾਨਾਂ ਨੂੰ ਕਦੀ-ਕਦੀ ਬੇਵੱਸ ਅਤੇ ਅਪਾਹਿਜ ਬਣਾ ਦਿੰਦੀਆਂ ਹਨ ਅਤੇ ਇਹ ਹਾਲਾਤ ਕਿਸਾਨਾਂ ਨੂੰ ਆਤਮ-ਹੱਤਿਆ, ਭੁੱਖ-ਮਰੀ ਅਤੇ ਅਨਪੜ੍ਹਤਾ ਵੱਲ ਲੈ ਜਾਂਦੇ ਹਨ। ਪਰ ਕੁੱਝ ਕਿਸਾਨ ਇੰਨੀ ਅਸਾਨੀ ਨਾਲ ਆਪਣੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਆਪਣੀ ਇੱਛਾ ਸ਼ਕਤੀ ਅਤੇ ਯਤਨਾਂ ਨਾਲ ਆਪਣੇ ਹਾਲਾਤਾਂ ‘ਤੇ ਕਾਬੂ ਪਾਉਂਦੇ ਹਨ। ਡੇਲਿਆਂਵਾਲੀ ਪਿੰਡ ਫਰੀਦਕੋਟ ਤੋਂ ਅਜਿਹੇ ਹੀ ਇੱਕ ਕਿਸਾਨ ਹਨ, ਜਿਨ੍ਹਾਂ ਦੀ ਪ੍ਰਸਿੱਧੀ ਕਿੰਨੂ ਦੀ ਖੇਤੀ ਦੇ ਖੇਤਰ ਵਿੱਚ ਪ੍ਰਸਿੱਧ ਹੈ।

ਸ. ਬਰਾੜ ਜੀ ਨੂੰ ਕਿੰਨੂ ਦੀ ਖੇਤੀ ਕਰਨ ਦੀ ਪ੍ਰੇਰਨਾ ਅਬੁਲ ਖੁਰਾਨਾ ਪਿੰਡ ਵਿੱਚ ਰਹਿੰਦੇ ਸ. ਬਲਵਿੰਦਰ ਸਿੰਘ ਟੀਕਾ ਦੇ ਬਾਗ ਦਾ ਦੌਰਾ ਕਰਨ ਨਾਲ ਮਿਲੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਈ ਸਮੱਸਿਆਵਾਂ ਜਿਵੇਂ ਕਿ ਸਿਟਰਸ ਸਿੱਲਾ, ਪੱਤੇ ਦੇ ਸੁਰੰਗੀ ਕੀਟ ਅਤੇ ਬਿਮਾਰੀਆਂ ਜਿਵੇਂ ਕਿ ਫਾਇਟੋਪਥੇਰਾ, ਜੜ੍ਹ ਗਲਣ ਆਦਿ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਆਪਣੇ ਕਦਮ ਕਦੇ ਪਿੱਛੇ ਲਏ ਅਤੇ ਨਾ ਹੀ ਆਪਣੇ ਕਿੰਨੂ ਦੀ ਖੇਤੀ ਦੇ ਫ਼ੈਸਲੇ ਤੋਂ ਨਿਰਾਸ਼ ਹੋਏ। ਬਲਕਿ ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਬਾਗ ਦਾ ਵਿਸਤਾਰ 6 ਏਕੜ ਤੋਂ 70 ਏਕੜ ਤੱਕ ਕਰ ਦਿਖਾਇਆ।

ਬਾਗ ਦੀ ਉਤਪਾਦਕਤਾ ਵਧਾਉਣ ਲਈ, ਉਨ੍ਹਾਂ ਨੇ ਉੱਚ ਘਣਤਾ ਵਾਲੀ ਖੇਤੀ ਦੀ ਤਕਨੀਕ ਨੂੰ ਲਾਗੂ ਕੀਤਾ। ਕਿੰਨੂ ਦੀ ਖੇਤੀ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਪੂਰੀ ਨਿਰਪੱਖਤਾ ਅਤੇ ਉਤਸੁਕਤਾ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਆਪਣੇ ਉੱਦਮ ਨਾਲ ਜ਼ਿਆਦਾ ਲਾਭ ਕਮਾਉਣਾ ਸ਼ੁਰੂ ਕੀਤਾ।

ਆਪਣੀ ਖੇਤੀਬਾੜੀ ਦੇ ਕੌਸ਼ਲ ਵਿੱਚ ਚਮਕ ਲਿਆਉਣ ਲਈ ਅਤੇ ਇਸ ਨੂੰ ਬਿਹਤਰ ਪੇਸ਼ੇਵਰ ਸਪਰਸ਼ ਦੇਣ ਲਈ ਉਨ੍ਹਾਂ ਨੇ ਪੀ.ਏ.ਯੂ., ਕੇ.ਵੀ.ਕੇ ਫਰੀਦਕੋਟ ਅਤੇ ਬਾਗਬਾਨੀ ਦੇ ਵਿਭਾਗ ਤੋਂ ਟ੍ਰੇਨਿੰਗ ਲਈ।

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਨੂੰਨ:

ਉਹ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਹੁਤ ਹੀ ਉਤਸ਼ਾਹੀ ਹਨ, ਉਹ ਹਮੇਸ਼ਾ ਉਨ੍ਹਾਂ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਰਾਹੀਂ ਉਹ ਸਾਧਨਾਂ ਨੂੰ ਬਚਾ ਸਕਦੇ ਹਨ। ਪੀ.ਏ.ਯੂ. ਦੇ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕੀਤੀ ਅਤੇ 42 ਲੱਖ ਲੀਟਰ ਪਾਣੀ ਦਾ ਸਟੋਰੇਜ ਟੈਂਕ ਬਣਾਇਆ, ਜਿੱਥੇ ਉਹ ਨਹਿਰ ਦਾ ਪਾਣੀ ਸਟੋਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਜੀ ਊਰਜਾ ਦੀ ਸੁਰੱਖਿਆ ਲਈ ਸੂਰਜੀ ਪੈਨਲ ਵਿੱਚ ਵੀ ਨਿਵੇਸ਼ ਕੀਤਾ। ਤਾਂ ਕਿ ਇਸ ਦੀ ਵਰਤੋਂ ਨਾਲ ਉਹ ਸਟੋਰ ਕੀਤੇ ਹੋਏ ਪਾਣੀ ਨੂੰ ਆਪਣੇ ਬਗ਼ੀਚਿਆਂ ਤੱਕ ਪਹੁੰਚਾ ਸਕਣ। ਉਨ੍ਹਾਂ ਨੇ ਜ਼ਿਆਦਾ ਗਰਮੀ ਦੇ ਮਹੀਨਿਆਂ ਦੇ ਦੌਰਾਨ ਮਿੱਟੀ ਵਿੱਚ ਨਮੀਂ ਦੀ ਸੁਰੱਖਿਆ ਦੇ ਲਈ ਮਲਚਿੰਗ ਵੀ ਕੀਤੀ।

ਉਹ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਨ। ਉਨ੍ਹਾਂ ਨੇ ਕਿੰਨੂ ਦੀ ਖੇਤੀ ਲਈ ਲਗਭਗ 20×10 ਮੀਟਰ ਅਤੇ 20×15 ਮੀਟਰ ਮਿੱਟੀ ਦੇ ਬੈੱਡ ਤਿਆਰ ਕੀਤੇ ਹਨ।

ਉਹ ਕਿਵੇਂ ਕਰਦੇ ਹਨ ਕੀੜਿਆਂ ਦਾ ਪ੍ਰਬੰਧਨ..
ਸਿਟਰਸ ਸਿੱਲਾ, ਚਿੱਟੀ ਮੱਖੀ ਅਤੇ ਪੱਤਿਆਂ ਦੇ ਸੁਰੰਗੀ ਹਮਲੇ ਨੂੰ ਰੋਕਣ ਲਈ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੇਸੀ ਐਰੋਬਲਾਸਟ ਸਪਰੇਅ ਪੰਪ ਲਾਗੂ ਕੀਤਾ ਹੈ, ਜਿਸ ਦੀ ਮਦਦ ਨਾਲ ਉਹ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦੀ ਬਰਾਬਰ ਸਪਰੇਅ ਕਰ ਸਕਦੇ ਹਨ।

ਆਵਿਸ਼ਕਾਰੀ ਰੁਝਾਨ ਨੂੰ ਅਪਣਾਉਣਾ …
ਜਦੋਂ ਵੀ ਉਨ੍ਹਾਂ ਨੂੰ ਕੋਈ ਨਵੀਂ ਵਿਚਾਰਧਾਰਾ ਜਾਂ ਤਕਨੀਕ ਅਪਣਾਉਣ ਦਾ ਮੌਕਾ ਮਿਲਦਾ ਹੈ, ਤਾਂ ਉਹ ਕਦੀ ਵੀ ਉਸ ਨੂੰ ਨਹੀਂ ਗਵਾਉਂਦੇ। ਇੱਕ ਵਾਰ ਉਨ੍ਹਾਂ ਨੇ ਗੁਰਰਾਜ ਸਿੰਘ ਵਿਰਕ- ਜੋ ਇੱਕ ਪ੍ਰਸਿੱਧ ਬਾਗਬਾਨੀ ਕਿਸਾਨ ਹਨ, ਤੋਂ ਇੱਕ ਨਵਾਂ ਵਿਚਾਰ ਲਿਆ ਅਤੇ ਘੱਟ ਲਾਗਤ ਵਾਲੀ ਕਿੰਨੂ ਕਲੀਨਿੰਗ ਕਮ ਗ੍ਰੇਡਿੰਗ (ਕਿੰਨੂ ਸਾਫ਼ ਕਰਨ ਵਾਲੀ ਅਤੇ ਛਾਂਟਨ ਵਾਲੀ) ਮਸ਼ੀਨ (ਜਿਸਦੀ ਸਮਰੱਥਾ 2 ਟਨ ਪ੍ਰਤੀ ਘੰਟਾ ਹੈ) ਡਿਜ਼ਾਈਨ ਕੀਤੀ ਅਤੇ ਹੁਣ 2 ਟਨ ਫਲਾਂ ਦੀ ਸਫ਼ਾਈ ਅਤੇ ਛਾਂਟੀ ਦੇ ਲਈ ਉਨ੍ਹਾਂ ਨੂੰ 125 ਰੁਪਏ ਖ਼ਰਚ ਆਉਂਦਾ ਹੈ, ਜਿਸ ਦਾ ਇੱਕ ਬਹੁਤ ਵੱਡਾ ਲਾਭ ਇਹ ਹੈ ਕਿ ਉਹ ਇਸ ਨਾਲ 1000 ਰੁਪਏ ਬਚਾਉਂਦੇ ਹਨ। ਅੱਜ ਉਹ ਆਪਣੇ ਬਾਗਬਾਨੀ ਉੱਦਮ ਤੋਂ ਬਹੁਤ ਲਾਭ ਕਮਾ ਰਹੇ ਹਨ। ਇਹ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਹੈ।

ਸੰਦੇਸ਼
“ਚਾਹੇ ਕੋਈ ਜੈਵਿਕ ਖੇਤੀ ਕਰਦਾ ਹੈ, ਚਾਹੇ ਰਵਾਇਤੀ ਖੇਤੀ, ਹਰ ਕਿਸਾਨ ਨੂੰ ਚਾਹੀਦਾ ਹੈ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਤੁਰੰਤ ਅਤੇ ਉਚਿੱਤ ਉਪਾਅ ਕੀਤੇ ਜਾਣ। ਕਿੰਨੂ ਦੀ ਖੇਤੀ ਲਈ, ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।”

 

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”