ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਨੇ ਸਥਾਈ ਖੇਤੀਬਾੜੀ ਅਭਿਆਸਾਂ ਨਾਲ ਖੇਤੀਬਾੜੀ ਨੂੰ ਅਸਲ ਵਿੱਚ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ

ਹਰ ਕੋਈ ਸੋਚਦਾ ਹੈ ਕਿ ਖੇਤੀ ਦਾ ਕੰਮ ਇੱਕ ਮੁਸ਼ਕਿਲ ਪੇਸ਼ਾ ਹੈ, ਜਿੱਥੇ ਕਿਸਾਨਾਂ ਨੂੰ ਤੇਜ਼ ਧੁੱਪ ਜਾਂ ਮੀਂਹ ਵਿੱਚ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੁਰਮੇਲ ਸਿੰਘ ਜੀ ਨੂੰ ਜੈਵਿਕ ਖੇਤੀ ਵਿੱਚ ਸ਼ਾਂਤੀ ਅਤੇ ਜੀਵਨ ਦੀ ਸੰਤੁਸ਼ਟੀ ਮਿਲਦੀ ਹੈ।

68 ਸਾਲਾਂ ਦੇ ਗੁਰਮੇਲ ਸਿੰਘ ਜੀ ਨੇ ਸੰਨ 2000 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਪਰ ਜੈਵਿਕ ਖੇਤੀ ਤੋਂ ਪਹਿਲਾਂ, ਉਨ੍ਹਾਂ ਨੇ ਮੋਟਰ ਮਕੈਨਿਕ, ਇਲੈਕਟ੍ਰੀਸ਼ਨ ਵਰਗੇ ਕਈ ਪੇਸ਼ਿਆਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਬਰੀਕੇਸ਼ਨ ਅਤੇ ਵੈਲਡਿੰਗ ਦਾ ਕੰਮ ਵੀ ਸਿੱਖਿਆ, ਪਰ ਉਨ੍ਹਾਂ ਨੂੰ ਕੋਈ ਵੀ ਨੌਕਰੀ ਢੁੱਕਵੀਂ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਤਾਂ ਸੰਤੁਸ਼ਟੀ ਮਿਲਦੀ ਅਤੇ ਨਾ ਹੀ ਖੁਸ਼ੀ।

ਸੰਨ 2000 ਵਿੱਚ ਜਦੋਂ ਉਨ੍ਹਾਂ ਦੀ ਜੱਦੀ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਵਿੱਚ ਵੰਡੀ ਜਾ ਰਹੀ ਸੀ, ਉਦੋਂ ਉਨ੍ਹਾਂ ਨੂੰ ਵੀ 6 ਏਕੜ ਜ਼ਮੀਨ ਇੱਕ ਤਿਹਾਈ ਹਿੱਸਾ ਮਿਲਿਆ। ਖੇਤੀ ਕਰਨ ਬਾਰੇ ਸੋਚ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਇਲੈਕਟ੍ਰੀਸ਼ਨ ਦੀ ਨੌਕਰੀ ਛੱਡ ਦਿੱਤੀ ਅਤੇ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਕਰਨੀ ਸ਼ੁਰੂ ਕੀਤੀ। ਗੁਰਮੇਲ ਸਿੰਘ ਜੀ ਨੇ ਆਪਣੇ ਖੇਤਰ ਵਿੱਚ ਪੂਰੇ ਸਮਰਪਣ ਨਾਲ ਹਰ ਉਹ ਚੀਜ਼ ਕੀਤੀ ਜਿਸ ਨੂੰ ਕਰਨ ਵਿੱਚ ਸਮਰੱਥ ਸਨ, ਪਰ ਪੈਦਾਵਾਰ ਖੁਸ਼ੀ ਲਿਆਉਣ ਵਾਲੀ ਨਹੀਂ ਸੀ। ਸਾਲ 2007 ਤੱਕ ਰਵਾਇਤੀ ਖੇਤੀ (ਰਸਾਇਣਕ) ਨਿਵੇਸ਼ ਪੂਰਾ ਕਰਦੇ ਉਹ ਕਰਜ਼ੇ ਵਿੱਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਲਈ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਅਖ਼ੀਰ ਵਿੱਚ ਉਹ ਖੇਤੀ ਧੰਦੇ ਤੋਂ ਨਿਰਾਸ਼ ਹੋ ਗਏ।

ਪਰ 2007 ਵਿੱਚ ਅੰਮ੍ਰਿਤ ਸੰਚਾਰ (ਅੰਮ੍ਰਿਤ ਛਕਣ) ਤੋਂ ਬਾਅਦ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ ਜਿਸ ਦੇ ਕਾਰਨ ਉਨ੍ਹਾਂ ਦੀ ਖੇਤੀ ਦੀ ਧਾਰਨਾ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਨੇ 1 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਹੌਲੀ-ਹੌਲੀ ਪੂਰੇ ਖੇਤਰ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ। ਗੁਰਮੇਲ ਸਿੰਘ ਦੇ ਜੈਵਿਕ ਖੇਤੀ ਦੇ ਇਰਾਦੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਇਕੱਲੇ ਰਹਿਣਾ ਪਿਆ।

ਅਜਿਹੀ ਜ਼ਮੀਨ ‘ਤੇ ਜੈਵਿਕ ਖੇਤੀ ਕਰਨਾ ਜਿੱਥੇ ਪਹਿਲਾਂ ਤੋਂ ਰਸਾਇਣਕ ਖੇਤੀ ਕੀਤੀ ਜਾਂਦੀ ਹੋਵੇ, ਇਹ ਬਹੁਤ ਮੁਸ਼ਕਿਲ ਕੰਮ ਸੀ। ਨਤੀਜੇ ਵਜੋਂ, ਪੈਦਾਵਾਰ ਘੱਟ ਹੋ ਗਈ, ਪਰ ਜੈਵਿਕ ਖੇਤੀ ਲਈ ਗੁਰਮੇਲ ਸਿੰਘ ਦੇ ਇਰਾਦੇ ਵੱਡੇ ਪਹਾੜ ਦੀ ਤਰ੍ਹਾਂ ਮਜ਼ਬੂਤ ਸਨ। ਸ਼ੁਰੂਆਤ ਵਿੱਚ ਸੁਭਾਸ਼ ਪਾਲੇਕਰ ਦੀ ਵੀਡਿਓ ਦੇਖਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਸ ਤੋਂ ਬਾਅਦ 2009 ਵਿੱਚ ਉਹ ਖੇਤੀ ਵਿਰਾਸਤ ਮਿਸ਼ਨ, ਨਾਭਾ ਫਾਊਂਡੇਸ਼ਨ ਅਤੇ ਐਨ.ਆਈ.ਟੀ.ਟੀ.ਟੀ.ਆਰ. ਵਰਗੇ ਬਹੁਤ ਸਾਰੇ ਸੰਗਠਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਗੁਰਮੇਲ ਸਿੰਘ ਜੀ ਨੂੰ ਢੁੱਕਵੇਂ ਨਤੀਜੇ ਅਤੇ ਮੰਡੀਕਰਨ ਬਾਰੇ ਸਿੱਖਿਅਤ ਕੀਤਾ। ਗੁਰਮੇਲ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕਈ ਸਮਾਗਮਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਜੈਵਿਕ ਖੇਤੀ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਹੋਈ। ਹੌਲੀ-ਹੌਲੀ ਸਮੇਂ ਨਾਲ ਪੈਦਾਵਾਰ ਵੀ ਵਧੀਆ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਨੂੰ ਵਧੀਆ ਪਲੇਟਫਾਰਮ ‘ਤੇ ਵੇਚਣ ਦਾ ਵੀ ਮੌਕਾ ਮਿਲਿਆ। ਸਾਲ 2014 ਵਿੱਚ ਐਨ.ਆਈ.ਟੀ.ਟੀ.ਆਰ. ਦੀ ਮਦਦ ਨਾਲ, ਗੁਰਮੇਲ ਸਿੰਘ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਆਪਣਾ ਸਟਾਲ ਮਿਲਿਆ, ਜਿੱਥੇ ਉਹ ਹਰ ਸ਼ਨੀਵਾਰ ਨੂੰ ਆਪਣੇ ਉਤਪਾਦਨ ਵੇਚ ਸਕਦੇ ਹਨ। 2015 ਵਿੱਚ, ਮਾਰਕਫੈੱਡ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਆਪਣਾ ਉਤਪਾਦਨ ਵੇਚਣ ਦਾ ਇੱਕ ਹੋਰ ਮੌਕਾ ਮਿਲਿਆ।

“ਸਮੇਂ ਦੇ ਨਾਲ, ਮੈਂ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਹ ਮੇਰੇ ਖੇਤੀ ਕਰਨ ਦੇ ਢੰਗ ਨਾਲ ਖੁਸ਼ ਸਨ। 2010 ਵਿੱਚ, ਮੇਰਾ ਪੁੱਤਰ ਵੀ ਮੇਰੇ ਖੇਤੀ ਉੱਦਮ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦਿਨ ਤੋਂ ਉਹ ਮੇਰੇ ਖੇਤੀ ਜੀਵਨ ਦੇ ਹਰ ਕਦਮ ‘ਤੇ ਮੇਰੇ ਨਾਲ ਹੈ।”

ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਉਗਾਈਆਂ ਫ਼ਸਲਾਂ ਵੇਚਦੇ ਹਨ, ਜਿਨ੍ਹਾਂ ਵਿੱਚ ਮਟਰ, ਗੰਨਾ, ਬਾਜਰਾ, ਜਵਾਰ, ਸਰ੍ਹੋਂ, ਆਲੂ, ਹਰੀ ਮੂੰਗੀ, ਅਰਹਰ, ਮੱਕੀ, ਲਸਣ, ਪਿਆਜ਼, ਧਨੀਆ ਅਤੇ ਹੋਰ ਬਹੁਤ ਫ਼ਸਲਾਂ ਸ਼ਾਮਲ ਹਨ। ਖੇਤੀਬਾੜੀ ਤੋਂ ਇਲਾਵਾ, ਗੁਰਮੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮਹੀਨੇ ਦੀ ਬੇਕਰੀ ਟ੍ਰੇਨਿੰਗ ਲੈਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗੁਰਮੇਲ ਸਿੰਘ ਨਾ ਸਿਰਫ਼ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹਨ ਬਲਕਿ ਨਾਭਾ ਫਾਊਂਡੇਸ਼ਨ ਦੇ ਹੋਰ ਗਰੁੱਪ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਪੈਦਾਵਾਰ ਦੀ ਪ੍ਰੋਸੈੱਸਿੰਗ ਕਰਨ ਵਿੱਚ ਵੀ ਮਦਦ ਕਰਦੇ ਹਨ। ਆਟਾ, ਮਲਟੀਗ੍ਰੇਨ ਆਟਾ, ਪਿੰਨੀਆਂ(ਭਾਰਤੀ ਮਿਠਾਈ), ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਨ੍ਹਾਂ ਦੇ ਕੁੱਝ ਉਤਪਾਦਿਤ ਪਦਾਰਥ ਹਨ ਜੋ ਉਹ ਸਬਜ਼ੀਆਂ ਦੇ ਨਾਲ ਵੇਚਦੇ ਹਨ।

ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ, ਤਾਂ ਅਧਿਕਾਰੀਆਂ ਅਤੇ ਸੰਗਠਨ ਦੇ ਮੈਂਬਰਾਂ ਵਿੱਚ ਦ੍ਰਿੜ ਸੰਕਲਪ, ਮਿਹਨਤ ਅਤੇ ਪ੍ਰਸਿੱਧ ਸ਼ਖਸੀਅਤ ਦੇ ਕਾਰਨ ਗੁਰਮੇਲ ਸਿੰਘ ਲਈ ਹਮੇਸ਼ਾ ਆਸਾਨ ਗੱਲ ਰਹੀ। ਵਰਤਮਾਨ ਵਿੱਚ, ਉਹ ਆਪਣੇ ਪਰਿਵਾਰ ਨਾਲ ਨਾਭਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਹਨ, ਜਿੱਥੇ 4-5 ਕਰਮਚਾਰੀਆਂ ਦੀ ਮਦਦ ਨਾਲ ਉਹ ਫਾਰਮ ‘ਤੇ ਸਾਰੇ ਮਜ਼ਦੂਰਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਹਨ ਅਤੇ ਪ੍ਰੋਸੈੱਸਿੰਗ ਲਈ ਉੱਥੇ ਜ਼ਰੂਰਤ ਅਨੁਸਾਰ 1-2 ਕਰਮਚਾਰੀਆਂ ਨੂੰ ਨਿਯੁਕਤ ਕਰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਗੁਰਮੇਲ ਸਿੰਘ ਇੱਕ ਨਵਾਂ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਸਾਰੇ ਮੈਂਬਰ ਜੈਵਿਕ ਖੇਤੀ, ਪ੍ਰੋਸੈੱਸਿੰਗ ਅਤੇ ਮਾਰਕਟਿੰਗ ਕਰਨਗੇ।
ਸੰਦੇਸ਼
“ਕਿਸਾਨਾਂ ਨੂੰ ਸਮਝਣਾ ਹੋਵੇਗਾ ਕਿ ਕਿਸੇ ਚੀਜ ਦੀ ਗੁਣਵੱਤਾ, ਉਸ ਦੀ ਮਾਤਰਾ ਤੋਂ ਜ਼ਿਆਦਾ ਅਰਥ ਰੱਖਦੀ ਹੈ ਅਤੇ ਜਿਸ ਦਿਨ ਉਹ ਇਸ ਗੱਲ ਨੂੰ ਸਮਝਣਗੇ, ਉਸ ਦਿਨ ਉਪਜ, ਮੰਡੀਕਰਨ ਅਤੇ ਹੋਰ ਮੁੱਦੇ ਵੀ ਹੱਲ ਹੋ ਜਾਣਗੇ। ਅੱਜ ਕਿਸਾਨਾਂ ਨੂੰ ਬਿਨਾਂ ਕਿਸੇ ਮਤਲਬ ਦੇ ਰਵਾਇਤੀ ਫ਼ਸਲਾਂ ਉਗਾਉਣ ਦੀ ਬਜਾਏ ਮੰਡੀ ਦੀ ਮੰਗ ਅਤੇ ਸਪਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।”

ਸ਼ੁਰੂਆਤ ਵਿੱਚ, ਗੁਰਮੇਲ ਸਿੰਘ ਜੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਲੋਕ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਕਰਕੇ ਪਾਗਲ ਕਹਿੰਦੇ ਸਨ, ਪਰ ਕੁੱਝ ਵੱਖਰਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਵਾਈ। ਉਹ ਉਨ੍ਹਾਂ ਸਾਦੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਪੁਰਸਕਾਰ ਜਾਂ ਪ੍ਰਸ਼ੰਸਾ ਕਦੇ ਵੀ ਮਹੱਤਵ ਨਹੀਂ ਰੱਖਦੀ, ਉਨ੍ਹਾਂ ਲਈ ਉਨ੍ਹਾਂ ਦੇ ਕੰਮ ਦਾ ਪਰਿਣਾਮ ਹੀ ਪੁਰਸਕਾਰ ਹੈ।

ਗੁਰਮੇਲ ਸਿੰਘ ਖੁਸ਼ ਹਨ ਕਿ ਉਹ ਆਪਣੇ ਜੀਵਨ ਦੀ ਭੂਮਿਕਾ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਇਸੇ ਤਰ੍ਹਾਂ ਹੀ ਕਰਨ।