ਕੁਲਵੰਤ ਕੌਰ

ਪੂਰੀ ਕਹਾਣੀ ਪੜ੍ਹੋ

 “ਹਰ ਸਫ਼ਲ ਮਹਿਲਾ ਦੇ ਪਿੱਛੇ ਉਹ ਆਪ ਹੁੰਦੀ ਹੈ”
-ਕਿਵੇਂ ਕੁਲਵੰਤ ਕੌਰ ਨੇ ਇਸ ਉਦਾਹਰਨ ਨੂੰ ਸਹੀ ਸਾਬਤ ਕੀਤਾ

ਭਾਰਤ ਵਿੱਚ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ, ਜੋ ਅਸਾਧਾਰਨ ਵਿਅਕਤੀਤਵ ਰੱਖਦੀਆਂ ਹਨ, ਜਿਨ੍ਹਾਂ ਦੀ ਦਿੱਖ ਦਾ ਕੋਈ ਹਵਾਲਾ ਨਹੀਂ, ਪਰ ਉਨ੍ਹਾਂ ਦਾ ਹੁਨਰ ਅਤੇ ਆਤਮ ਵਿਸ਼ਵਾਸ਼ ਉਨ੍ਹਾਂ ਨੂੰ ਦੂਜਿਆਂ ਤੋਂ ਅਦਭੁੱਤ ਬਣਾਉਂਦਾ ਹੈ। ਕੋਈ ਵੀ ਚੀਜ਼ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ ਅਤੇ ਉਨ੍ਹਾਂ ਦੇ ਇਸ ਅਦਭੁੱਤ ਵਿਅਕਤੀਤਵ ਪਿੱਛੇ ਉਨ੍ਹਾਂ ਦੀ ਖੁਦ ਦੀ ਪ੍ਰੇਰਣਾ ਹੁੰਦੀ ਹੈ।

ਅਜਿਹੀ ਇੱਕ ਮਹਿਲਾ- ਕੁਲਵੰਤ ਕੌਰ ਜੀ ਹਨ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਸੁਣੀ ਅਤੇ ਖੇਤੀਬਾੜੀ ਕਾਰੋਬਾਰ ਨੂੰ ਆਪਣੇ ਭਵਿੱਖ ਦੀ ਯੋਜਨਾ ਵਜੋਂ ਚੁਣਿਆ। ਖੇਤੀਬਾੜੀ ਦੇ ਪਿਛੋਕੜ ਨਾਲ ਸੰਬੰਧਿਤ ਹੋਣ ਕਾਰਨ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸਨ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਸਨ। ਸ਼ੁਰੂ ਤੋਂ ਹੀ ਪਰਿਵਾਰ ਦਾ ਧਿਆਨ ਮੁੱਖ ਤੌਰ ‘ਤੇ ਡੇਅਰੀ ਕਾਰੋਬਾਰ ‘ਤੇ ਸੀ ਕਿਉਂਕਿ ਉਹ 2.5 ਏਕੜ ਜ਼ਮੀਨ ਦੇ ਮਾਲਕ ਸਨ ਅਤੇ ਜ਼ਰੂਰਤ ਪੈਣ ‘ਤੇ ਜ਼ਮੀਨ ਕਿਰਾਏ ‘ਤੇ ਦੇ ਸਕਦੇ ਸਨ। ਡੇਅਰੀ ਫਾਰਮ ‘ਤੇ 30 ਮੱਝਾਂ ਦੇ ਨਾਲ, ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਵਿਕਾਸ ਕਰ ਰਿਹਾ ਸੀ ਅਤੇ ਖੇਤੀ ਦੀ ਤੁਲਨਾ ਵਿੱਚ ਜ਼ਿਆਦਾ ਲਾਭਦਾਇਕ ਸੀ।

ਕੁਲਵੰਤ ਕੌਰ ਜੀ ਦੀ ਖੇਤੀਬਾੜੀ ਵਿੱਚ ਬਹੁਤ ਦਿਲਚਸਪੀ ਸੀ ਅਤੇ ਇਸ ਨਾਲ ਸੰਬੰਧਿਤ ਵਪਾਰ ਕਰਦੇ ਸਨ ਅਤੇ ਇੱਕ ਦਿਨ ਉਨ੍ਹਾਂ ਨੇ ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਬਾਰੇ ਪੜ੍ਹਿਆ ਅਤੇ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ 2011 ਵਿੱਚ ਫਲਾਂ ਅਤੇ ਸਬਜ਼ੀਆਂ ਦੇ ਪ੍ਰਬੰਧਨ ਦੀ 5 ਦਿਨ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਦੇ ਆਖ਼ਿਰੀ ਦਿਨ ਉਨ੍ਹਾਂ ਨੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸੇਬ ਦਾ ਜੈਮ ਅਤੇ ਹਲਦੀ ਦਾ ਆਚਾਰ ਬਣਾਉਣ ਵਿੱਚ ਪਹਿਲਾ ਪੁਰਸਕਾਰ ਜਿੱਤਿਆ। ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਪੁਰਸਕਾਰ ਸੀ, ਜੋ ਉਨ੍ਹਾਂ ਨੇ ਜਿੱਤਿਆ ਅਤੇ ਇਸ ਉਪਲੱਬਧੀ ਨੇ ਉਨ੍ਹਾਂ ਨੂੰ ਇੰਨਾ ਦ੍ਰਿੜ ਅਤੇ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਆਪਣੇ ਆਪ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਉਤਪਾਦ ਇੰਨੇ ਵਧੀਆ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਚੰਗਾ ਗਾਹਕ ਆਧਾਰ ਮਿਲਿਆ।

ਹੌਲੀ-ਹੌਲੀ ਉਨ੍ਹਾਂ ਦੇ ਕੰਮ ਦੀ ਗਤੀ, ਨਿਪੁੰਨਤਾ ਅਤੇ ਉਤਪਾਦ ਦੀ ਗੁਣਵੱਤਾ ਸਮੇਂ ਦੇ ਨਾਲ ਬਿਹਤਰ ਹੋ ਗਈ ਅਤੇ ਹਲਦੀ ਦਾ ਆਚਾਰ ਉਨ੍ਹਾਂ ਦੇ ਉਤਪਾਦਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲਾ ਉਤਪਾਦ ਬਣ ਗਿਆ। ਉਸ ਤੋਂ ਬਾਅਦ ਆਪਣੇ ਹੁਨਰ ਨੂੰ ਵਧਾਉਣ ਲਈ ਉਹ ਫਿਨਾਇਲ, ਸਾਬਣ, ਆਂਵਲਾ ਜੂਸ, ਚਟਨੀ ਅਤੇ ਆਚਾਰ ਦੀ ਟ੍ਰੇਨਿੰਗ ਦੇ ਲਈ ਕੇ.ਵੀ.ਕੇ. ਸਮਰਾਲਾ ਵਿੱਚ ਸ਼ਾਮਲ ਹੋ ਗਏ। ਟ੍ਰੇਨਿੰਗ ਤੋਂ ਲਈ ਸਿੱਖਿਆ ਦੀ ਵਰਤੋਂ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਆਂਵਲਾ ਜੂਸ ਦੀ ਮਸ਼ੀਨ ਖਰੀਦਣ ਲਈ ਦਿੱਲੀ ਗਏ। ਬਹੁਤ ਹੀ ਜਲਦੀ ਉਨ੍ਹਾਂ ਨੇ ਇੱਕ ਹੀ ਮਸ਼ੀਨ ਤੋਂ ਐਲੋਵੇਰਾ ਜੂਸ, ਸ਼ੈਂਪੂ, ਜੈੱਲ ਅਤੇ ਹੈਂਡ ਵਾੱਸ਼ ਬਣਾਉਣ ਦੀ ਤਕਨੀਕ ਨੂੰ ਸਮਝਿਆ ਅਤੇ ਉਤਪਾਦਾਂ ਦੀ ਪ੍ਰਕਿਰਿਆ ਦੇਖਣ ਤੋਂ ਬਾਅਦ ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੇ ਆਤਮ ਵਿਸ਼ਵਾਸ ਹਾਸਲ ਕੀਤਾ।

ਇਹ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਪ੍ਰਾਪਤੀਆਂ ਹੀ ਸਨ, ਜਿਨ੍ਹਾਂ ਨੇ ਕੁਲਵੰਤ ਕੌਰ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਅਖ਼ੀਰ ਵਿੱਚ ਉਨ੍ਹਾਂ ਨੇ ਉਤਪਾਦਾਂ ਦਾ ਨਿਰਮਾਣ ਘਰ ਵਿੱਚ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਮੰਡੀਕਰਨ ਵੀ ਖੁਦ ਕੀਤਾ। ਐਗਰੀ-ਬਿਜ਼ਨਸ ਵੱਲ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਇਸ ਖੇਤਰ ਵੱਲ ਹੋਰ ਵਧਾਇਆ। 2012 ਵਿੱਚ, ਉਹ ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰ ਬਣੇ। ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਦਿੱਤੀ ਜਾਣ ਵਾਲੀ ਹਰ ਟ੍ਰੇਨਿੰਗ ਲਈ। ਖੇਤੀਬਾੜੀ ਵੱਲ ਉਨ੍ਹਾਂ ਦੀ ਦਿਲਚਸਪੀ ਵੱਧਦੀ ਚਲੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ ਘੱਟ ਕਰ ਦਿੱਤਾ।

ਝੋਨੇ ਅਤੇ ਕਣਕ ਤੋਂ ਇਲਾਵਾ, ਹੁਣ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਮੂੰਗ, ਗੰਨਾ, ਚਾਰੇ ਦੀ ਫ਼ਸਲ, ਹਲਦੀ, ਐਲੋਵੇਰਾ, ਤੁਲਸੀ ਅਤੇ ਸਟੀਵੀਆ ਵੀ ਉਗਾਉਣਾ ਸ਼ੁਰੂ ਕੀਤਾ। ਹਲਦੀ ਤੋਂ ਉਹ, ਹਲਦੀ ਪਾਊਡਰ, ਹਲਦੀ ਦਾ ਆਚਾਰ, ਪੰਜੀਰੀ (ਚਨਾ ਪਾਊਡਰ, ਆਟਾ, ਘਿਓ ਤੋਂ ਬਣਿਆ ਮਿੱਠਾ ਸੁੱਕਾ ਪਾਊਡਰ) ਤਿਆਰ ਕਰਦੇ ਹਨ, ਜਿਨ੍ਹਾਂ ‘ਚੋਂ ਪੰਜੀਰੀ ਹਲਦੀ ਦਾ ਆਚਾਰ ਉਨ੍ਹਾਂ ਦਾ ਸਭ ਤੋਂ ਵੱਧ ਮੰਗ ਵਾਲਾ ਉਤਪਾਦ ਹੈ।

ਖੈਰ, ਉਨ੍ਹਾਂ ਦੀ ਯਾਤਰਾ ਅਸਾਨ ਨਹੀਂ ਸੀ, ਉਨ੍ਹਾਂ ਨੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਸਟੀਵੀਆ ਦੇ 1000 ਪੌਦੇ ਲਗਾਏ, ਜਿਨ੍ਹਾਂ ਵਿੱਚੋਂ ਸਿਰਫ਼ ਅੱਧੇ ਹੀ ਬਚੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਸਟੀਵੀਆ ਦੀ ਕੀਮਤ ਬਹੁਤ ਜ਼ਿਆਦਾ ਹੈ (1500 ਰੁਪਏ ਪ੍ਰਤੀ ਕਿੱਲੋ), ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਵੇਚਣ ਦਾ ਇੱਕ ਵੱਖਰਾ ਤਰੀਕਾ ਲੱਭਿਆ। ਉਨ੍ਹਾਂ ਨੇ ਮਾਰਕੀਟ ਤੋਂ ਗ੍ਰੀਨ ਟੀ ਖਰੀਦੀ ਅਤੇ ਸਟੀਵੀਆ ਨੂੰ ਇਸ ਨਾਲ ਮਿਲਾ ਦਿੱਤਾ ਅਤੇ ਇਸ ਨੂੰ 150 ਰੁਪਏ ਪ੍ਰਤੀ ਗ੍ਰਾਮ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਟੀਵੀਆ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹਨ ਅਤੇ ਇਸ ਲਈ ਕਈ ਸਥਾਨਕ ਲੋਕਾਂ ਅਤੇ ਹੋਰ ਗਾਹਕਾਂ ਦੁਆਰਾ ਇਸ ਨੂੰ ਖਰੀਦਿਆ ਗਿਆ।

ਵਰਤਮਾਨ ਵਿੱਚ ਉਹ 40 ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ ਅਤੇ ਨੇੜੇ ਦੀ ਮਾਰਕੀਟ ਅਤੇ ਪੀ.ਏ.ਯੂ. ਮੇਲਿਆਂ ਵਿੱਚ ਵੇਚ ਰਹੇ ਹਨ। ਉਨ੍ਹਾਂ ਦਾ ਇੱਕ ਹੋਰ ਉਤਪਾਦ ਹੈ ਜਿਸ ਨੂੰ ਸੱਤ ਰਸ ਕਿਹਾ ਜਾਂਦਾ ਹੈ (ਤੁਲਸੀ, ਸੇਬ ਦਾ ਸਿਰਕਾ, ਸ਼ਹਿਦ, ਅਦਰਕ, ਲਸਣ, ਐਲੋਵੇਰਾ ਅਤੇ ਆਂਵਲੇ ਨਾਲ ਬਣਦਾ ਹੈ) ਜੋ ਵਿਸ਼ੇਸ਼ ਤੌਰ ‘ਤੇ ਦਿਲ ਦੇ ਰੋਗੀਆਂ ਲਈ ਬਹੁਤ ਪ੍ਰਭਾਵਸ਼ਾਲੀ ਹੈ।

ਆਪਣੇ ਹੁਨਰ ਨਾਲ ਕੁਲਵੰਤ ਕੌਰ ਜੀ ਸਾਰੀ ਨਵੀਨਤਮ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੇ ਨਾਲ ਅੱਪਡੇਟ ਰਹਿੰਦੇ ਹਨ। ਉਨ੍ਹਾਂ ਦੇ ਕੋਲ ਸਾਰੀਆਂ ਖੇਤੀ ਮਸ਼ੀਨਰੀਆਂ ਹਨ ਅਤੇ ਉਹ ਖੇਤਾਂ ਵਿੱਚ ਲੇਜ਼ਰ ਲੈੱਵਲਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੁੱਤਰ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਰਤਮਾਨ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਮਾਰਕਿਟਿੰਗ ‘ਤੇ ਹੈ ਅਤੇ ਉਸ ਦੇ ਬਾਅਦ ਖੇਤੀਬਾੜੀ ‘ਤੇ ਹੈ। ਖੇਤੀਬਾੜੀ ਖੇਤਰ ਵਿੱਚ ਆਪਣੇ ਯਤਨਾਂ ਨਾਲ ਉਨ੍ਹਾਂ ਨੇ ਹਲਦੀ ਉਤਪਾਦਾਂ ਦੇ ਲਈ ਪਟਿਆਲਾ ਦੇ ਕਿਸਾਨ ਮੇਲੇ ਵਿੱਚ ਪਹਿਲਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ (2013 ਵਿੱਚ ਪੰਜਾਬ ਐਗਰੀਕਲਚਰ ਲੁਧਿਆਣਾ ਦੁਆਰਾ ਆਯੋਜਿਤ) ਕਿਸਾਨ ਮੇਲੇ ਵਿੱਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਮੈਮੋਰੀਅਲ ਐਵਾਰਡ ਪ੍ਰਾਪਤ ਕੀਤਾ।

ਕੁਲਵੰਤ ਕੌਰ ਨੇ ਜੋ ਵੀ ਹਾਸਲ ਕੀਤਾ ਹੈ, ਉਹ ਕੇਵਲ ਆਪਣੇ ਵਿਸ਼ਵਾਸ ‘ਤੇ ਕੀਤਾ ਹੈ। ਭਵਿੱਖ ਵਿੱਚ ਉਹ ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪ ਕਰਨਾ ਚਾਹੁੰਦੇ ਹਨ। ਉਹ ਸਮਾਜ ਵਿੱਚ ਹੋਰ ਮਹਿਲਾਵਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਚਾਹੁੰਦੇ ਹਨ, ਤਾਂ ਕਿ ਉਹ ਆਪਣੇ ਦਮ ‘ਤੇ ਖੜ੍ਹੀਆਂ ਹੋ ਸਕਣ ਅਤੇ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਮਹਿਲਾਵਾਂ ਨੂੰ ਆਪਣੇ ਫਾਲਤੂ ਸਮੇਂ ਵਿੱਚ ਲਾਭਕਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਘਰ ਦੀ ਆਰਥਿਕ ਹਾਲਤ ਨੂੰ ਪ੍ਰਭਾਵੀ ਰੂਪ ਨਾਲ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੂੰ ਫੂਡ ਪ੍ਰੋਸੈੱਸਿੰਗ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ। ਖੇਤੀਬਾੜੀ ਖੇਤਰ ਇੱਕ ਬਹੁਤ ਹੀ ਲਾਭਦਾਇਕ ਉੱਦਮ ਹੈ, ਜਿਸ ਵਿੱਚ ਲੋਕ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਪੈਸੇ ਕਮਾ ਸਕਦੇ ਹਨ।”

ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਮਾਲਵਾ ਖੇਤਰ ਦੇ ਦੋ ਨੌਜਵਾਨ ਕਿਸਾਨ, ਜੋ ਖੇਤੀ ਨੂੰ ਫੂਡ ਪ੍ਰੋਸੈਸਿੰਗ ਦੇ ਨਾਲ ਜੋੜ ਕੇ ਕਮਾ ਰਹੇ ਹਨ ਵਧੇਰੇ ਲਾਭ

ਭੋਜਨ ਜੀਵਨ ਦੀ ਮੁੱਢਲੀ ਲੋੜ ਹੈ, ਪਰ ਕੀ ਹੋਵੇਗਾ ਜਦੋਂ ਤੁਹਾਡਾ ਭੋਜਨ ਉਤਪਾਦਨ ਦੇ ਦੌਰਾਨ ਬੁਨਿਆਦੀ ਪੱਧਰ ‘ਤੇ ਮਿਲਾਵਟੀ ਜਾਂ ਦੂਸ਼ਿਤ ਹੋ ਜਾਵੇ।

ਅੱਜ, ਭਾਰਤ ਵਿੱਚ ਭੋਜਨ ਵਿੱਚ ਮਿਲਾਵਟ ਇੱਕ ਪ੍ਰਮੁੱਖ ਮੁੱਦਾ ਹੈ, ਜਦੋਂ ਕੁਆਲਿਟੀ ਦੀ ਗੱਲ ਆਉਂਦੀ ਹੈ ਤਾਂ ਉਤਪਾਦਕ ਅੰਨ੍ਹੇ ਹੋ ਜਾਂਦੇ ਹਨ ਅਤੇ ਉਹ ਕੇਵਲ ਮਾਤਰਾ ‘ਤੇ ਹੀ ਧਿਆਨ ਕੇਂਦਰਿਤ ਕਰਦੇ ਹਨ, ਜੋ ਨਾ ਕੇਵਲ ਭੋਜਨ ਦੇ ਸੁਆਦ ਅਤੇ ਪੋਸ਼ਣ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਉਪਭੋਗਤਾ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਹ ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਅਨੋਖੇ ਉਤਪਾਦ – ਕੱਚੀ ਹਲਦੀ ਦੇ ਅਚਾਰ ਨਾਲ ਬਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧ ਹੋ ਗਏ। ਇੱਕ ਸਿੱਖਿਅਤ ਪਿਛੋਕੜ ਤੋਂ ਆਏ ਇਨ੍ਹਾਂ ਦੋ ਨੌਜਵਾਨਾਂ ਨੇ ਸਮਾਜ ਨੂੰ ਕੁੱਝ ਚੰਗਾ ਦੇਣ ਦਾ ਫੈਸਲਾ ਕੀਤਾ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਕੱਚੀ ਹਲਦੀ ਦੇ ਕਈ ਲਾਭ ਅਤੇ ਘਰੇਲੂ ਨੁਕਤਿਆਂ ਦੀ ਖੋਜ ਕੀਤੀ, ਜੋ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ, ਚਮੜੀ ਦੀਆਂ ਬਿਮਾਰੀਆਂ, ਐਲਰਜੀ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਅਤੇ ਕਈ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

ਸ਼ੁਰੂ ਤੋਂ ਹੀ ਦੋਨਾਂ ਦੋਸਤਾਂ ਨੇ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ, ਇਸ ਲਈ ਉਨ੍ਹਾਂ ਨੇ ਹਲਦੀ ਦੀ ਖੇਤੀ ਸ਼ੂਰੂ ਕੀਤੀ ਅਤੇ 80-90 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫ਼ਸਲ ਨੂੰ ਖੁਦ ਪ੍ਰੋਸੈੱਸ ਕਰਨ ਅਤੇ ਉਸ ਨੂੰ ਕੱਚੀ ਹਲਦੀ ਦੇ ਅਚਾਰ ਦੇ ਰੂਪ ਵਿੱਚ ਬਜ਼ਾਰ ਵਿੱਚ ਵੇਚਣ ਦਾ ਫੈਸਲਾ ਕੀਤਾ। ਪਹਿਲਾ ਸਥਾਨ ਬਠਿੰਡੇ ਦੀ ਐਤਵਾਰ ਵਾਲੀ ਮੰਡੀ ਸੀ, ਜਿੱਥੇ ਉਨ੍ਹਾਂ ਦੇ ਉਤਪਾਦ ਨੂੰ ਲੋਕਾਂ ਦੇ ਵਿੱਚ ਪ੍ਰਸਿੱਧੀ ਮਿਲੀ ਅਤੇ ਹੁਣ ਉਨ੍ਹਾਂ ਨੇ ਸ਼ਹਿਰ ਦੇ ਕਈ ਸਥਾਨਾਂ ‘ਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ।

ਫੂਡ ਪ੍ਰੋਸੈਸਿੰਗ ਵਪਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਨਵਦੀਪ ਅਤੇ ਗੁਰਸ਼ਰਨ ਨੇ ਜ਼ਿਲ੍ਹੇ ਦੇ ਸੀਨੀਅਰ ਖੇਤੀਬਾੜੀ ਮਾਹਿਰ ਡਾ: ਪਰਮੇਸ਼ਵਰ ਸਿੰਘ ਤੋਂ ਖੇਤੀ ਦੀ ਸਲਾਹ ਲਈ। ਅੱਜ, ਡਾਕਟਰ ਵੀ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਕੇ ਇਹ ਨੌਜਵਾਨ ਫੂਡ ਪ੍ਰੋਸੈੱਸਿੰਗ ਮਾਰਕਿਟ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਰਸੋਈ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਵਰਤੇ ਜਾਣ ਵਾਲੇ ਜ਼ਿਆਦਾ ਬੁਨਿਆਦੀ ਸ਼ੁੱਧ ਭੋਜਨ ਉਤਪਾਦ ਬਣਾ ਰਹੇ ਹਨ।

ਕੱਚੀ ਹਲਦੀ ਦੇ ਅਚਾਰ ਦੀ ਸਫ਼ਲਤਾ ਦੇ ਬਾਅਦ, ਨਵਦੀਪ ਅਤੇ ਗੁਰਸ਼ਰਨ ਨੇ ਰਾਮਪੁਰਾ ਵਿੱਚ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕੀਤਾ ਅਤੇ ਇਸ ਸਮੇਂ ਉਨ੍ਹਾਂ ਦੀ ਉਤਪਾਦਾਂ ਦੀ ਸੂਚੀ ਵਿੱਚ 10 ਤੋਂ ਜ਼ਿਆਦਾ ਉਤਪਾਦ ਹਨ, ਜਿਸ ਵਿੱਚ ਕੱਚੀ ਹਲਦੀ, ਕੱਚੀ ਹਲਦੀ ਦਾ ਅਚਾਰ, ਹਲਦੀ ਪਾਊਡਰ, ਮਿਰਚ ਪਾਊਡਰ, ਸਬਜ਼ੀ ਮਸਾਲਾ, ਧਨੀਆ ਪਾਊਡਰ, ਲੱਸੀ, ਦਹੀਂ, ਚਾਟ ਮਸਾਲਾ, ਲਸਣ ਦਾ ਅਚਾਰ, ਜੀਰਾ, ਬੇਸਣ, ਚਾਹ ਮਸਾਲਾ ਆਦਿ ਸ਼ਾਮਲ ਹਨ।

ਇਹ ਦੋਨੋਂ ਨਾ ਕੇਵਲ ਫੂਡ ਪ੍ਰੋਸੈੱਸਿੰਗ ਨੂੰ ਇੱਕ ਲਾਭਦਾਇਕ ਉੱਦਮ ਬਣਾ ਰਹੇ ਹਨ, ਬਲਕਿ ਹੋਰ ਕਿਸਾਨਾਂ ਨੂੰ ਬਿਹਤਰ ਆਮਦਨ ਹਾਸਲ ਕਰਨ ਲਈ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਨੂੰ ਅਪਨਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।

ਭਵਿੱਖ ਦੀਆਂ ਯੋਜਨਾਵਾਂ: ਭਵਿੱਖ ਵਿੱਚ ਆਪਣੇ ਉਤਪਾਦਾਂ ਨੂੰ ਪੌਸ਼ਟਿਕ ਬਣਾਉਣ ਅਤੇ ਵਧੇਰੇ ਕਿਫ਼ਾਇਤੀ ਖੇਤੀ ਕਰਨ ਲਈ ਉਹ ਫ਼ਸਲੀ ਵਿਭਿੰਨਤਾ ਅਪਨਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਤਿਆਰ ਕੀਤੇ ਉਤਪਾਦਾਂ ਨੂੰ ਹੋਰ ਇਲਾਕਿਆਂ ਤੱਕ ਵੇਚਣ ਅਤੇ ਲੋਕਾਂ ਨੂੰ ਖਾਣੇ ਦੀ ਮਿਲਾਵਟ ਅਤੇ ਸਿਹਤ ਦੇ ਮਹੱਤਵ ਬਾਰੇ ਜਾਣੂ ਕਰਵਾਉਣ ਦੀ ਵੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਜੇਕਰ ਕਿਸਾਨ ਖੇਤੀਬਾੜੀ ਤੋਂ ਬਿਹਤਰ ਲਾਭ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।

ਲਵਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ B.Tech ਗ੍ਰੈਜੂਏਟ ਨੌਜਵਾਨ ਦੀ ਵੱਧਦੀ ਹੋਈ ਦਿਲਚਸਪੀ ਨੇ ਉਸ ਨੂੰ ਆਪਣੇ ਫੁੱਲ ਟਾਈਮ ਰੁਜ਼ਗਾਰ ਦੇ ਤੌਰ ‘ਤੇ ਖੇਤੀਬਾੜੀ ਨੂੰ ਚੁਣਨ ਲਈ ਪ੍ਰੇ੍ਰਿਤ ਕੀਤਾ

ਮਿਲੋ ਲਵਪ੍ਰੀਤ ਸਿੰਘ ਨਾਲ, ਇਕ ਨੌਜਵਾਨ ਜਿਸ ਦੇ ਹੱਥ ਵਿੱਚ B.Tech. ਦੀ ਡਿਗਰੀ ਹੋਣ ਦੇ ਬਾਵਜੂਦ ਉਸ ਨੇ ਡੈਸਕ ਨੌਕਰੀ ਅਤੇ ਆਰਾਮਦਾਇਕ ਸ਼ਹਿਰੀ ਜੀਵਨ ਜਿਉਣ ਦੀ ਥਾਂ ਪਿੰਡ ਵਿੱਚ ਰਹਿ ਕੇ ਖੁਸ਼ਹਾਲੀ ਹਾਸਿਲ ਕਰਨ ਨੂੰ ਚੁਣਿਆ।

ਸੰਗਰੂਰ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਭਵਾਨੀਗੜ੍ਹ ਤਹਿਸੀਲ ਵਿੱਚ ਪੈਂਦੇ ਪਿੰਡ ਕਪਿਆਲ ਵਿੱਚ ਲਵਪ੍ਰੀਤ ਸਿੰਘ ਆਪਣੇ ਪਿਤਾ, ਦਾਦਾ ਜੀ, ਮਾਤਾ ਅਤੇ ਭੈਣ ਨਾਲ ਰਹਿੰਦੇ ਹਨ।

2008-09 ਵਿੱਚ ਲਵਪ੍ਰੀਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਧਦੀ ਦਿਲਚਸਪੀ ਕਾਰਨ 1 ਏਕੜ ਦੀ ਜ਼ਮੀਨ ‘ਤੇ ਕਣਕ ਦੀ ਜੈਵਿਕ ਖੇਤੀ ਸ਼ੁਰੂ ਕੀਤੀ, ਬਾਕੀ ਦੀ ਜ਼ਮੀਨ ਹੋਰ ਕਿਸਾਨਾਂ ਨੂੰ ਦੇ ਦਿੱਤੀ ਕਿਉਂਕਿ ਲਵਪ੍ਰੀਤ ਦੇ ਪਰਿਵਾਰ ਲਈ ਖੇਤੀਬਾੜੀ ਆਮਦਨੀ ਦਾ ਮੁੱਖ ਸ੍ਰੋਤ ਕਦੇ ਨਹੀਂ ਸੀ। ਇਸ ਤੋਂ ਇਲਾਵਾ ਲਵਪ੍ਰੀਤ ਦੇ ਪਿਤਾ ਜੀ, ਸ. ਸੰਤਪਾਲ ਸਿੰਘ ਜੀ ਦੁਬਈ ਵਿੱਚ ਜਾ ਵਸੇ ਸਨ ਅਤੇ ਉਨ੍ਹਾਂ ਕੋਲ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੀਆ ਨੌਕਰੀ ਅਤੇ ਆਮਦਨੀ ਦੋਨੋਂ ਹੀ ਸਨ।

ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲਵਪ੍ਰੀਤ ਦੀ ਦਿਲਚਸਪੀ ਹੋਰ ਵਧੀ ਅਤੇ ਮਾਤ-ਭੂਮੀ ਨੇ ਉਸ ਨੂੰ ਵਾਪਸ ਬੁਲਾ ਲਿਆ। ਜਲਦੀ ਹੀ ਡਿਗਰੀ ਪੂਰੀ ਕਰਨ ਦੇ ਬਾਅਦ ਉਸ ਨੇ ਖੇਤੀ ਵੱਲ ਨੂੰ ਵੱਡਾ ਕਦਮ ਚੁੱਕਣ ਬਾਰੇ ਸੋਚਿਆ। ਉਸਨੇ ਪੰਜਾਬ ਐਗਰੋ ਦੁਆਰਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਈ ਅਤੇ ਕਿਸਾਨਾਂ ਤੋਂ ਆਪਣੀ ਜ਼ਮੀਨ ਵਾਪਿਸ ਲੈ ਲਈ।

ਅਗਲੀ ਫ਼ਸਲ ਜਿਸਦੀ ਲਵਪ੍ਰੀਤ ਨੇ ਆਪਣੀ ਜ਼ਮੀਨ ‘ਤੇ ਜੈਵਿਕ ਰੂਪ ਨਾਲ ਖੇਤੀ ਕੀਤੀ ਸੀ, ਉਹ ਸੀ ਹਲਦੀ ਅਤੇ ਨਾਲ ਹੀ ਉਸ ਨੇ ਖੁਦ ਹਲਦੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕੀਤੀ। ਉਸਨੇ ਇੱਕ ਏਕੜ ਵਿੱਚ ਹਲਦੀ ਅਤੇ 4 ਏਕੜ ਵਿੱਚ ਕਣਕ-ਝੋਨੇ ਦੀ ਫ਼ਸਲ ਉਗਾਉਣੀ ਸ਼ੁਰੂ ਕੀਤੀ। ਪਰ ਲਵਪ੍ਰੀਤ ਦੇ ਪਰਿਵਾਰ ਨੂੰ ਜੈਵਿਕ ਖੇਤੀ ਨੂੰ ਅਪਣਾਉਣਾ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਸੀ। 2010 ਵਿੱਚ ਜਦੋਂ ਉਸ ਦੇ ਪਿਤਾ ਦੁਬਈ ਤੋਂ ਵਾਪਿਸ ਆਏ ਤਾਂ ਉਹ ਜੈਵਿਕ ਖੇਤੀ ਦੇ ਖ਼ਿਲਾਫ਼ ਸੀ, ਕਿਉਂਕਿ ਉਹਨਾਂ ਦੇ ਵਿਚਾਰ ਵਿੱਚ ਜੈਵਿਕ ਉਪਜ ਦੀ ਘੱਟ ਉਤਪਾਦਕਤਾ ਸੀ, ਪਰ ਬਹੁਤ ਸਾਰੀਆਂ ਆਲੋਚਨਾਵਾਂ ਅਤੇ ਬੁਰੇ ਸ਼ਬਦਾਂ ਵਿੱਚ ਲਵਪ੍ਰੀਤ ਦੇ ਦ੍ਰਿੜ ਇਰਾਦੇ ਨੂੰ ਹਿਲਾਉਣ ਦੀ ਸ਼ਕਤੀ ਨਹੀਂ ਸੀ।

ਆਪਣੀ ਆਮਦਨ ਨੂੰ ਵਧਾਉਣ ਲਈ ਲਵਪ੍ਰੀਤ ਨੇ ਕਣਕ ਦੀ ਜਗ੍ਹਾ ਵੱਡੇ ਪੈਮਾਨੇ ਤੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਲਿਆ। ਹਲਦੀ ਦੀ ਪ੍ਰੋਸੈਸਿੰਗ ਵਿੱਚ ਉਸ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਕੋਲ ਇਸ ਦੀ ਜ਼ਿਆਦਾ ਜਾਣਕਾਰੀ ਅਤੇ ਅਨੁਭਵ ਨਹੀਂ ਸੀ। ਪਰ ਉਹ ਆਪਣੇ ਯਤਨਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਕਈ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਕਾਬਿਲ ਹੋਇਆ। ਉਸ ਨੇ ਉਤਪਾਦਕਤਾ ਅਤੇ ਫ਼ਸਲ ਦੀ ਗੁਣਵੱਤਾ ਵਧਾਉਣ ਲਈ ਗਾਂ ਅਤੇ ਮੱਝ ਦੇ ਗੋਹੇ ਨੂੰ ਖਾਦ ਦੇ ਰੂਪ ਵਿਚ ਪ੍ਰਯੋਗ ਕਰਨਾ ਸ਼ੁਰੂ ਕੀਤਾ।

ਨਤੀਜਾ ਦੇਖਣ ਤੋਂ ਬਾਅਦ ੳਸ ਦੇ ਪਿਤਾ ਨੇ ਵੀ ਖੇਤੀ ਵਿਚ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਐਗਰੋ ਤੋਂ ਵੀ ਹਲਦੀ ਪਾਊਡਰ ਦਾ ਜੈਵਿਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਵੇਗਾ। ਵਰਤਮਾਨ ਵਿੱਚ ਉਹ ਪੂਰੀ ਤਰ੍ਹਾਂ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਵਿੱਚ ਜੁਟੇ ਹਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ, ਤਾਂ ਉਹ PAU ਦਾ ਦੌਰਾ ਕਰਦੇ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਪੜ੍ਹਦੇ ਹਨ ਤਾਂ ਕਿ ਉਹਨਾਂ ਦੀ ਖੇਤੀ ਵਿੱਚ ਸਾਕਾਰਾਤਮਕ ਨਤੀਜੇ ਆਉਣ। ਪੰਜਾਬ ਐਗਰੋ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇ ਕੇ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲਾਉਂਦਾ ਹੈ, ਜੋ ਜੈਵਿਕ ਖੇਤੀ ਵਿੱਚ ਕੰਮ ਕਰ ਰਹੇ ਹਨ। ਹਲਦੀ ਤੋਂ ਇਲਾਵਾ ਉਹ ਛੋਟੇ ਪੱਧਰ ‘ਤੇ ਕਣਕ, ਝੋਨੇ, ਮੱਕੀ ਅਤੇ ਬਾਜਰੇ ਦੀ ਖੇਤੀ ਵੀ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ:
ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ। 

ਸੰਦੇਸ਼
ਇੱਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਉਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।