ਮਨਦੀਪ ਵਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇਹ ਕਿਸਾਨ ਬੰਜਰ ਜ਼ਮੀਨ ਉੱਤੇ ਖੇਤੀ ਕਰ ਕੇ ਕਮਾ ਰਿਹਾ ਹੈ ਲੱਖਾਂ ਰੁਪਏ

ਇੱਕ ਕਿਸਾਨ ਲਈ ਉਸਦੀ ਜ਼ਮੀਨ ਹੀ ਸਭ ਕੁੱਝ ਹੁੰਦੀ ਹੈ। ਫ਼ਸਲ ਦੀ ਪੈਦਾਵਾਰ ਜ਼ਮੀਨ ਦੇ ਉਪਜਾਊਪਣ ‘ਤੇ ਹੀ ਨਿਰਭਰ ਕਰਦੀ ਹੈ, ਪਰ ਜੇਕਰ ਜ਼ਮੀਨ ਹੀ ਬੰਜਰ ਹੋਵੇ ਤਾਂ ਕਿਸਾਨ ਦੀਆਂ ਉਮੀਦਾਂ ਹੀ ਟੁੱਟ ਜਾਂਦੀਆਂ ਹਨ। ਪਰ ਹਿਮਾਚਲ ਦਾ ਇੱਕ ਅਜਿਹਾ ਕਿਸਾਨ ਹੈ ਜੋ ਬੰਜਰ ਜ਼ਮੀਨ ‘ਤੇ ਖੇਤੀ ਕਰਕੇ ਅੱਜ ਲੱਖਾਂ ਰੁਪਏ ਕਮਾ ਰਿਹਾ ਹੈ।

ਐਮ.ਬੀ.ਏ. ਦੀ ਪੜ੍ਹਾਈ ਕਰਨ ਵਾਲੇ ਮਨਦੀਪ ਵਰਮਾ ਨੇ ਬਤੌਰ ਮੈਨੇਜਰ ਵਿਪਰੋ ਕੰਪਨੀ ਵਿੱਚ 4 -5 ਸਾਲ ਨੌਕਰੀ ਕੀਤੀ। ਪਰ ਇਸ ਨੌਕਰੀ ਤੋਂ ਉਹਨਾਂ ਨੂੰ ਸੰਤੁਸ਼ਟੀ ਨਾ ਮਿਲੀ ਅਤੇ ਉਹਨਾਂ ਨੇ ਆਪਣੀ ਪਤਨੀ ਸਮੇਤ ਵਾਪਸ ਆਪਣੇ ਸ਼ਹਿਰ ਸੋਲਨ ਆਉਣ ਦਾ ਫੈਸਲਾ ਕੀਤਾ। ਸੋਲਨ ਵਾਪਸ ਆ ਕੇ ਉਹਨਾਂ ਨੇ ਆਪਣੀ ਬੰਜਰ ਜ਼ਮੀਨ ‘ਤੇ ਖੇਤੀ ਕਰਨ ਬਾਰੇ ਸੋਚਿਆ। ਪਰ ਉਹ ਸਾਰੇ ਕਿਸਾਨਾਂ ਵਾਂਗ ਰਿਵਾਇਤੀ ਖੇਤੀ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਸਭ ਨਾਲੋਂ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਨੇ ਬਾਗਬਾਨੀ ਕਰਨ ਦਾ ਵਿਚਾਰ ਬਣਾਇਆ।

ਆਪਣੇ ਇਸ ਵਿਚਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਉਹਨਾਂ ਨੇ ਪਹਿਲਾ ਆਪਣੇ ਇਲਾਕੇ ਦੇ ਮੌਸਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਮਿਲ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਅਤੇ ਅੰਤ ਉਹਨਾਂ ਨੇ ਕੀਵੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

ਕੀਵੀ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਲਈ ਮੈਂ ਲਾਇਬ੍ਰੇਰੀ ਵਿੱਚ ਗਿਆ, ਬਹੁਤ ਕਿਤਾਬਾਂ ਪੜ੍ਹੀਆਂ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਵੀ ਮਿਲਿਆ ਅਤੇ ਸਾਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਕੀਵੀ ਦੀ ਖੇਤੀ ਸ਼ੁਰੂ ਕੀਤੀ – ਮਨਦੀਪ ਵਰਮਾ

ਸੋਲਨ ਦੇ ਬਾਗਬਾਨੀ ਵਿਭਾਗ ਅਤੇ ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਦੇ ਵਿਗਿਆਨਿਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ 2014 ਵਿੱਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾਇਆ। ਉਹਨਾਂ ਨੇ 14 ਬਿੱਘੇ ਜ਼ਮੀਨ ‘ਤੇ ਕੀਵੀ ਦ ਬਗ਼ੀਚਾ ਬਣਾਇਆ।

ਇਸ ਬਗ਼ੀਚੇ ਵਿੱਚ ਉਹਨਾਂ ਨੇ ਕੀਵੀ ਦੀਆਂ ਉੱਨਤ ਕਿਸਮਾਂ ਐਲੀਸਨ ਅਤੇ ਹੈਬਰਡ ਦੇ ਪੌਦੇ ਲਗਾਏ। ਕਰੀਬ 14 ਲੱਖ ਰੁਪਏ ਵਿੱਚ ਬਗ਼ੀਚਾ ਤਿਆਰ ਕਰਨ ਦੇ ਬਾਅਦ 2017 ਵਿੱਚ ਮਨਦੀਪ ਨੇ ਕੀਵੀ ਵੇਚਣ ਲਈ ਇੱਕ ਵੈੱਬਸਾਈਟ ਬਣਾਈ।

ਬਾਗ ਤੋਂ ਫਲ ਸਿੱਧਾ ਗ੍ਰਾਹਕ ਤੱਕ ਪਹੁੰਚਾਉਣ ਦੀ ਮੇਰੀ ਇਹ ਕੋਸ਼ਿਸ਼ ਸਫ਼ਲ ਰਹੀ – ਮਨਦੀਪ ਵਰਮਾ

ਕੀਵੀ ਦੀ ਸਪਲਾਈ ਵੈੱਬਸਾਈਟ ‘ਤੇ ਆਨਲਾਈਨ ਬੁਕਿੰਗ ਤੋਂ ਬਾਅਦ ਕੀਤੀ ਜਾਂਦੀ ਹੈ। ਹੈਦਰਾਬਾਦ, ਬੰਗਲੌਰ, ਦਿੱਲੀ, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਨਲਾਈਨ ਕੀਵੀ ਫਲ ਵੇਚਿਆ ਜਾਂਦਾ ਹੈ।

ਕੀਵੀ ਦੇ ਡੱਬੇ ਉੱਪਰ ਕਦ ਫਲ ਤੋੜਿਆ, ਕਦ ਡੱਬੇ ਵਿੱਚ ਪੈਕ ਕੀਤਾ ਸਾਰੀ ਜਾਣਕਾਰੀ ਡੱਬੇ ਉੱਪਰ ਦਿੱਤੀ ਜਾਂਦੀ ਹੈ। ਇੱਕ ਡੱਬੇ ਵਿੱਚ ਇੱਕ ਕਿੱਲੋ ਕੀਵੀ ਫਲ ਪੈਕ ਕੀਤਾ ਜਾਂਦਾ ਹੈ ਅਤੇ ਇਸਦੀ ਕੀਮਤ 350 ਰੁਪਏ ਪ੍ਰਤੀ/ਬਾਕਸ ਹੈ। ਜਦਕਿ ਸੋਲਨ ਵਿੱਚ ਕੀਵੀ 150 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕਦਾ ਹੈ।

ਮਨਦੀਪ ਮੁਤਾਬਿਕ ਦੇਸ਼ ਵਿੱਚ ਕੀਵੀ ਦੀ ਖੇਤੀ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਤੋਂ ਹੀ ਹੋਈ। ਅੱਜ ਦੇਸ਼ ਦੇ ਕੁੱਲ ਕੀਵੀ ਉਤਪਾਦਨ ਦਾ 60 ਫੀਸਦੀ ਅਰੁਣਾਚਲ ਪ੍ਰਦੇਸ਼ ਵਿੱਚ ਤਿਆਰ ਹੁੰਦਾ ਹੈ।

ਮਨਦੀਪ ਕੀਵੀ ਫਲ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਤਿਆਰ ਕਰਦੇ ਹਨ। ਜੈਵਿਕ ਖੇਤੀ ਦੀ ਮੰਤਵ ਨੂੰ ਅਪਣਾਉਂਦੇ ਹੋਏ ਉਹ ਕੰਪੋਸਟ ਅਤੇ ਜੀਵ ਅੰਮ੍ਰਿਤ ਵੀ ਖੁਦ ਤਿਆਰ ਕਰਦੇ ਹਨ।

ਸਾਡੇ ਫਾਰਮ ਵਿੱਚ ਤਿਆਰ ਹੋਏ ਕੀਵੀ ਡੇਢ-ਦੋ ਮਹੀਨੇ ਤੱਕ ਖ਼ਰਾਬ ਨਹੀਂ ਹੁੰਦਾ – ਮਨਦੀਪ ਵਰਮਾ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੇ 2018 ਵਿੱਚ ਸੇਬ ਦੀ ਖੇਤੀ ਸ਼ੁਰੂ ਕੀਤੀ। ਮਨਦੀਪ ਜ਼ੀਰੋ ਬਜਟ ਖੇਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਉਪਲੱਬਧੀਆਂ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਕਾਰਨ ਮਨਦੀਪ ਵਰਮਾ ਨੂੰ 2019 ਵਿੱਚ ਕ੍ਰਿਸ਼ੀ ਮੇਲਾ ਹਿਮਾਚਲ ਪ੍ਰਦੇਸ਼ ਵਿੱਚ ਪ੍ਰੋਗਰੈਸਿਵ ਫਾਰਮਰ ਦਾ ਐਵਾਰਡ ਦਿੱਤਾ ਗਿਆ।

ਭਵਿੱਖ ਦੀ ਯੋਜਨਾ

ਇਸ ਸਮੇਂ ਮਨਦੀਪ ਵਰਮਾ ਦੀਆਂ ਦੋ ਨਰਸਰੀਆਂ ਹਨ ਅਤੇ ਉਹ ਇਹੋ ਜਿਹੀਆਂ ਹੋਰ ਨਰਸਰੀਆਂ ਤਿਆਰ ਕਰਨਾ ਚਾਹੁੰਦੇ ਹਨ।

ਸੰਦੇਸ਼
“ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੀ ਮੌਸਮ ਸੰਬੰਧੀ ਸਾਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਸੋਸ਼ਲ ਮੀਡਿਆ ‘ਤੇ ਸਾਰੀ ਜਾਣਕਾਰੀ ਉਪਲੱਬਧ ਹੈ, ਸਾਨੂੰ ਸੋਸ਼ਲ ਮੀਡਿਆ ਨੂੰ ਸੁਚਾਰੂ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਜੈਵਿਕ ਖੇਤੀ ਅਤੇ ਜ਼ੀਰੋ ਬਜਟ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਹਰਿਮਨ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸਨੇ ਆਪਣੇ ਕਰਮ ਕਰਦੇ ਹੋਏ, ਆਪਣੀ ਮਿਹਨਤ ਨਾਲ ਸਫ਼ਲਤਾ ਦਾ ਸੁਆਦ ਚਖਿਆ

ਅਜਿਹਾ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਇੱਛਾ ਸ਼ਕਤੀ ਅੱਗੇ ਕੋਈ ਚੀਜ਼ ਨਹੀਂ ਟਿਕ ਸਕਦੀ। ਅਜਿਹੀ ਹੀ ਇੱਛਾ ਅਤੇ ਸ਼ਕਤੀ ਨਾਲ ਇੱਕ ਅਜਿਹੇ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਨਿਰੰਤਰ ਯਤਨਾਂ ਨਾਲ ਉਸ ਜ਼ਮੀਨ ‘ਤੇ ਸੇਬ ਦੀ ਇੱਕ ਨਵੀਂ ਕਿਸਮ ਦਾ ਵਿਕਾਸ ਕੀਤਾ, ਜਿੱਥੇ ਇਹ ਕਰਨਾ ਲਗਭਗ ਅਸੰਭਵ ਸੀ।

ਸ਼੍ਰੀ ਹਰਿਮਨ ਸ਼ਰਮਾ ਇੱਕ ਸਫ਼ਲ ਕਿਸਾਨ ਹਨ, ਜਿਨ੍ਹਾਂ ਕੋਲ ਸੇਬ, ਅੰਬ, ਆੜੂ, ਕਾੱਫੀ, ਲੀਚੀ ਅਤੇ ਅਨਾਰ ਦੇ ਬਗ਼ੀਚੇ ਹਨ। ਇੱਕ ਊਸ਼ਣ-ਕਟੀਬੰਧੀ ਸਥਾਨ ਹੈ (ਪਿੰਡ ਪਨੀਲਾ ਕੋਠੀ, ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ਼) ਜਿੱਥੇ ਤਾਪਮਾਨ 45° ਤੱਕ ਵੱਧ ਜਾਂਦਾ ਹੈ ਅਤੇ ਭੂਮੀ ਵਿੱਚ 80% ਚੱਟਾਨਾਂ ਅਤੇ 20% ਮਿੱਟੀ ਹੈ। ਇੱਥੇ ਸੇਬ ਉਗਾਉਣਾ ਲਗਭਗ ਅਸੰਭਵ ਸੀ, ਪਰ ਹਰਿਮਨ ਸ਼ਰਮਾ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਇਸਨੂੰ ਸੰਭਵ ਕਰ ਦਿੱਤਾ।

ਇਸ ਤੋਂ ਪਹਿਲਾਂ ਹਰਿਮਨ ਸ਼ਰਮਾ ਜੀ ਕਿਸਾਨ ਨਹੀਂ ਸਨ। ਜੋ ਸਫ਼ਲਤਾ ਅੱਜ ਉਨ੍ਹਾਂ ਨੇ ਹਾਸਿਲ ਕੀਤੀ ਹੈ, ਉਸ ਲਈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕਈ ਚੁਣੌਤੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ। 1971 ਤੋਂ 1982 ਤੱਕ ਉਹ ਮਜ਼ਦੂਰ ਸੀ, 1983 ਤੋਂ 1990 ਤੱਕ ਉਨ੍ਹਾਂ ਨੂੰ ਪੱਥਰ ਤੋੜਨ ਦਾ ਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਕੀਤਾ। 1991 ਤੋਂ 1998 ਤੱਕ ਉਨ੍ਹਾਂ ਨੇ ਸਬਜ਼ੀ ਦੀ ਖੇਤੀ ਦੇ ਨਾਲ-ਨਾਲ ਅੰਬ ਦੇ ਬਾਗ ਵੀ ਲਾਏ।

1999 ਵਿੱਚ ਇੱਕ ਅਜਿਹਾ ਮੋੜ ਆਇਆ, ਜਦੋਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਇੱਕ ਸੇਬ ਦਾ ਬੀਜ ਪੁੰਗਰਦਾ ਦੇਖਿਆ। ਉਨ੍ਹਾਂ ਨੇ ਉਸ ਪੌਦੇ ਨੂੰ ਸੰਭਾਲਿਆ ਅਤੇ ਖੇਤੀਬਾੜੀ ਵਿੱਚ ਪ੍ਰਾਪਤ ਕੀਤੇ ਤਜ਼ਰਬੇ ਨਾਲ ਇਸਦਾ ਪੋਸ਼ਣ ਕਰਨਾ ਸ਼ੁਰੂ ਕੀਤਾ। ਕੁਆਲਿਟੀ ਨੂੰ ਸੁਧਾਰਨ ਲਈ ਉਨ੍ਹਾਂ ਨੇ ਆਲੂਬੁਖਾਰੇ ਦੇ ਰੁੱਖ ਦੇ ਤਣੇ ‘ਤੇ ਸੇਬ ਦੇ ਰੁੱਖ ਦੀ ਸ਼ਾਖ ਦੀ ਗ੍ਰਾਫਟਿੰਗ ਕਰ ਦਿੱਤੀ ਅਤੇ ਇਸਦਾ ਪਰਿਣਾਮ ਬਿਲਕੁੱਲ ਅਲੱਗ ਸੀ। ਦੋ ਸਾਲ ਬਾਅਦ ਸੇਬ ਦੇ ਪੌਦੇ ਨੇ ਫਲ ਦੇਣੇ ਸ਼ੁਰੂ ਕਰ ਦਿੱਤੇ। ਆਖਿਰ ਉਨ੍ਹਾਂ ਨੇ ਇੱਕ ਅਲੱਗ ਤਰ੍ਹਾਂ ਦਾ ਸੇਬ ਵਿਕਸਿਤ ਕੀਤਾ, ਜੋ ਕਿ ਗਰਮ ਜਲਵਾਯੂ ਦੇ ਨਾਲ ਬਹੁਤ ਘੱਟ ਪਹਾੜੀਆਂ ‘ਤੇ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ।

ਹੌਲੀ-ਹੌਲੀ ਸਮੇਂ ਦੇ ਨਾਲ ਹਰਿਮਨ ਸ਼ਰਮਾ ਦੁਆਰਾ ਖੋਜੀ ਗਈ ਸੇਬ ਦੀ ਕਿਸਮ ਦੀ ਗੱਲ ਫੈਲ ਗਈ। ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਅਤੇ ਕੁੱਝ ਹੈਰਾਨ ਹੋਏ। ਪਰ 7 ਜੁਲਾਈ 2008 ਨੂੰ ਹਰਿਮਨ ਸ਼ਰਮਾ ਸ਼ਿਮਲਾ ਗਏ ਅਤੇ ਉਨ੍ਹਾਂ ਨੇ ਵਿਕਸਿਤ ਕੀਤੇ ਸੇਬ ਦੀ ਇੱਕ ਟੋਕਰੀ ਦੀ ਪੇਸ਼ਕਸ਼ ਕੀਤੀ, ਜੋ ਹਿਮਾਚਲ ਦੇ ਮੁੱਖ ਮੰਤਰੀ ਲਈ ਸੀ।

ਮੁੱਖ ਮੰਤਰੀ ਨੇ ਤੁਰੰਤ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਸੇਬ ਖਾਧੇ ਅਤੇ ਜਲਦੀ ਹੀ ਮੁੱਖ ਮੰਤਰੀ ਨੇ ਇਸ ਸੇਬ ਦੀ ਕਿਸਮ ਨੂੰ ਹਰਿਮਨ ਨਾਮ ਦਿੱਤਾ। ਬਾਗਬਾਨੀ ਯੂਨੀਵਰਸਿਟੀ ਅਤੇ ਵਿਭਾਗ ਦੇ ਕਈ ਮਾਹਿਰ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬਾਗ ਵਿੱਚ ਆਏ ਅਤੇ ਅਸਲ ਵਿੱਚ ਉਨ੍ਹਾਂ ਦਾ ਕੰਮ ਦੇਖ ‘ਤੇ ਹੈਰਾਨ ਅਤੇ ਸੰਤੁਸ਼ਟ ਹੋਏ।

ਉਨ੍ਹਾਂ ਨੇ ਇੱਕ ਹੀ ਕਿਸਮ ਦੇ ਸੇਬ ਦੇ 8 ਪੌਦੇ ਵਿਕਸਿਤ ਕੀਤੇ, ਜੋ ਕਿ ਬਾਗ ਵਿੱਚ ਅੰਬ ਦੇ ਪੌਦਿਆਂ ਨਾਲ ਵੱਧ ਰਹੇ ਹਨ ਅਤੇ ਹੁਣ ਤੱਕ ਚੰਗੀ ਪੈਦਾਵਾਰ ਦੇ ਰਹੇ ਹਨ। ਹਰਿਮਨ ਜੀ ਦੁਆਰਾ ਵਿਕਸਿਤ ਕੀਤੀ ਗਈ ਕਿਸਮ ਦਾ ਨਾਮ ਉਨ੍ਹਾਂ ਦੇ ਹੀ ਨਾਮ ‘ਤੇ HRMN-99 ਰੱਖਿਆ ਗਿਆ। ਉਨ੍ਹਾਂ ਨੇ ਦੇਸ਼ ਭਰ ਵਿੱਚ ਕਿਸਾਨਾਂ, ਮਾਲੀਆਂ, ਉੱਦਮੀਆਂ ਅਤੇ ਸਰਕਾਰੀ ਸੰਗਠਨਾਂ ਨੂੰ 3 ਲੱਖ ਤੋਂ ਵੱਧ ਪੌਦੇ ਵਿਕਸਿਤ ਕੀਤੇ ਅਤੇ ਵੰਡੇ। HRMN-99 ਕਿਸਮ ਦੇ 55 ਸੇਬ ਦੇ ਪੌਦੇ ਰਾਸ਼ਟਰਪਤੀ ਭਵਨ ਵਿੱਚ ਲਾਏ ਗਏ। ਉਨ੍ਹਾਂ ਨੇ ਅੰਬ, ਲੀਚੀ, ਅਨਾਰ, ਕਾੱਫੀ ਅਤੇ ਆੜੂ ਵਰਗੇ ਫਲਾਂ ਦੇ ਵੀ ਬਾਗ ਬਣਾਏ।

ਹਰਿਮਨ ਸ਼ਰਮਾ ਦੁਆਰਾ ਵਿਕਸਿਤ ਸੇਬ ਦੀ ਕਿਸਮ ਨੂੰ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਉਪ-ਊਸ਼ਣ ਕਟਿਬੰਧੀ ਮੈਦਾਨਾਂ ਵਿੱਚ ਫੁੱਲਾਂ ਅਤੇ ਫਲਾਂ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਦੀ ਉਪਲੱਬਧੀ ਬਾਗਬਾਨੀ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ, ਅੱਜ ਸਮਾਜ ਵਿੱਚ ਹਰਿਮਨ ਸ਼ਰਮਾ ਦਾ ਯੋਗਦਾਨ ਕੇਵਲ ਮਹਾਨ ਹੀ ਨਹੀਂ ਸਗੋਂ ਦੂਸਰੇ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਵੀ ਹੈ।

ਅੱਜ ਹਰਿਮਨ ਐੱਪਲ ਨੂੰ ਭਾਰਤ ਦੇ ਲਗਭਗ ਹਰੇਕ ਰਾਜ ਵਿੱਚ ਉਗਾਇਆ ਅਤੇ ਸੰਭਾਲਿਆ ਜਾਂਦਾ ਹੈ। ਉਨ੍ਹਾਂ ਦੀ ਸਖ਼ਤ-ਮਿਹਨਤ ਨੇ ਸਾਬਿਤ ਕਰ ਦਿੱਤਾ ਕਿ ਗਰਮ ਜਲਵਾਯੂ ਨਾਲ ਬਹੁਤ ਘੱਟ ਪਹਾੜੀਆਂ ‘ਤੇ ਸੇਬ ਨੂੰ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ। ਸ਼੍ਰੀ ਸ਼ਰਮਾ ਜੀ ਆਪਣੀਆਂ ਬਿਹਤਰ ਤਕਨੀਕਾਂ ਨੂੰ ਆਪਣੇ ਕਿਸਾਨ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਨ ਅਤੇ ਫੈਲਾ ਰਹੇ ਹਨ।

ਖੇਤੀ ਦੇ ਖੇਤਰ ਵਿੱਚ ਹਰਿਮਨ ਸ਼ਰਮਾ ਜੀ ਨੂੰ ਉਨ੍ਹਾਂ ਦੇ ਕੰਮ ਲਈ ਕਾਫੀ ਪ੍ਰਸੰਸਾ ਅਤੇ ਕਈ ਪੁਰਸਕਾਰ ਵੀ ਮਿਲੇ। ਇਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:

• ਭਾਰਤੀ ਖੇਤੀ ਰਿਸਰਚ ਸੰਸਥਾਨ, ਦਿੱਲੀ ਵਿੱਚ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

• ਰਾਸ਼ਟਰਪਤੀ ਭਵਨ ਵਿੱਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਪ੍ਰੋਗਰਾਮ ਵਿੱਚ ਆਪਣੀ ਨਵੀਂ ਖੋਜ ਲਈ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।

• 2010 ਦੇ ਸਭ ਤੋਂ ਚੰਗੇ ਹਿਮਾਚਲੀ ਕਿਸਾਨ ਦੀ ਪਦਵੀ ਨਾਲ ਸਨਮਾਨਿਤ ਕੀਤਾ।

• 15 ਅਗਸਤ 2009 ਵਿੱਚ ਪ੍ਰੇਰਣਾਸ੍ਰੋਤ ਸਨਮਾਨ ਪੁਰਸਕਾਰ।

• 15 ਅਗਸਤ 2008 ਵਿੱਚ ਰਾਜ ਪੱਧਰੀ ਸਭ ਤੋਂ ਵਧੀਆ ਕਿਸਾਨ ਪੁਰਸਕਾਰ।

• ਊਨਾ(2011 ਵਿੱਚ) ਸੇਬ ਦਾ ਸਫ਼ਲਤਾਪੂਰਵਕ ਉਤਪਾਦਨ ਪੁਰਸਕਾਰ।

• 19 ਜਨਵਰੀ 2017 ਨੂੰ ਕ੍ਰਿਸ਼ੀ ਪੰਡਿਤ ਪੁਰਸਕਾਰ।

• ਇੱਫਕੋ ਦੀ ਜਯੰਤੀ ਦੇ ਸ਼ੁੱਭ ਮੌਕੇ ‘ਤੇ 29 ਅਪ੍ਰੈਲ 2017 ਨੂੰ ਪ੍ਰਸਿੱਧ ਕਿਸਾਨ ਪੁਰਸਕਾਰ।

• ਪੂਸਾ ਭਵਨ ਦਿੱਲੀ ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਦੁਆਰਾ 17 ਮਾਰਚ 2010 ਵਿੱਚ IARI Fellow ਐਵਾਰਡ।

• 21 ਮਾਰਚ 2016 ਵਿੱਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਭਾਰਤ ਸਰਕਾਰ – ਰਾਧਾ ਮੋਹਨ ਸਿੰਘ ਦੁਆਰਾ ਰਾਸ਼ਟਰੀ ਇਨੋਵੇਟਿਵ ਕਿਸਾਨ ਸਨਮਾਨ।

• ਸੇਬ ਉਤਪਾਦਨ ਲਈ 3 ਫਰਵਰੀ 2016 ਨੂੰ ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੁਆਰਾ ਸਨਮਾਨ।

• ਭਾਰਤੀ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ 4 ਮਾਰਚ 2017 ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਦੂਜਾ ਪੁਰਸਕਾਰ।

• ਬੀਕਾਨੇਰ ਵਿਖੇ 9 ਮਾਰਚ 2017 ਨੂੰ ਰਾਜਸਥਾਨ ਯੂਨੀਵਰਸਿਟੀ ਆੱਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਦੁਆਰਾ ਵਿਗਿਆਨਕ ਕਿਸਾਨ ਦਾ ਖਿਤਾਬ

ਕਿਸਾਨਾਂ ਲਈ ਸੰਦੇਸ਼
ਕਰਮ ਕਰਨਾ ਮਨੁੱਖ ਦਾ ਅਧਿਕਾਰ ਹੈ, ਫਲ ਪ੍ਰਾਪਤ ਕਰਨ ਲਈ ਕਰਮ ਨਹੀਂ ਕੀਤਾ ਜਾਂਦਾ। ਇੱਕ ਖੇਤ ਵਿੱਚ ਕਿਸਾਨ ਦਾ ਕੰਮ ਬੀਜ ਬੀਜਣਾ ਹੁੰਦਾ ਹੈ, ਪਰ ਅਨਾਜ ਦਾ ਵੱਧਣਾ ਕਿਸਾਨ ਦੇ ਹੱਥ ‘ਚ ਨਹੀਂ ਹੈ। ਕਿਸਾਨ ਨੂੰ ਆਪਣਾ ਕੰਮ ਕਦੇ ਵੀ ਅਧੂਰਾ ਨਹੀਂ ਛੱਡਣਾ ਚਾਹੀਦਾ ਅਤੇ ਪੂਰੇ ਯਤਨ ਕਰਨੇ ਚਾਹੀਦੇ ਹਨ। ਮੈਂ ਉਸ ਸੇਬ ਦੇ ਪੁੰਗਰਾਅ ਨੂੰ ਵਿਕਸਿਤ ਕਰਨ ਅਤੇ ਉਸ ਤੋਂ ਕੁੱਝ ਨਵਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਮੈਂ ਇੱਥੇ ਹਾਂ ਅਤੇ ਇਹੀ ਕਾਰਨ ਹੈ ਕਿ ਸੇਬ ਦੀ ਕਿਸਮ ਦਾ ਨਾਮ ਮੇਰੇ ਨਾਮ ‘ਤੇ ਹੈ। ਹਰ ਕਿਸਾਨ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ।”

ਕਾਂਤਾ ਦੇਸ਼ਟਾ

ਪੂਰੀ ਕਹਾਣੀ ਪੜ੍ਹੋ

ਇਕ ਕਿਸਾਨ ਮਹਿਲਾ ਜਿਸਨੂੰ ਇਹ ਇਹਸਾਸ ਹੋਇਆ ਕਿ ਕਿਸ ਤਰ੍ਹਾਂ ਉਹ ਰਸਾਇਣਿਕ ਖੇਤੀ ਨਾਲ ਹੋਰਾਂ ਵਿਚ ਬਿਮਾਰੀਆਂ ਫੈਲਾ ਰਹੀ ਹੈ ਅਤੇ ਫਿਰ ਉਸ ਨੇ ਜੈਵਿਕ ਖੇਤੀ ਨੂੰ ਚੁਣ ਕੇ ਇਕ ਚੰਗਾ ਫੈਸਲਾ ਕੀਤਾ

ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਅੱਜ ਕੁੱਝ ਵੀ ਖਾ ਰਹੇ ਹਾਂ ਤੇ ਸਾਨੂੰ ਕਿਸਾਨਾਂ ਦਾ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਭ ਇਕ ਕਿਸਾਨ ਦੀ ਮਿਹਨਤ ਅਤੇ ਖੂਨ ਪਸੀਨੇ ਦਾ ਨਤੀਜਾ ਹੈ, ਜੋ ਉਹ ਖੇਤਾਂ ਵਿਚ ਵਹਾਉਂਦਾ ਹੈ। ਪਰ, ਜੇਕਰ ਉਹੀ ਕਿਸਾਨ, ਬਿਮਾਰੀਆਂ ਫੈਲਾਉਣ ਦਾ ਇਕ ਕਾਰਣ ਬਣ ਜਾਏ ਤਾਂ ਕੀ ਹੋਵੇਗਾ?

ਅੱਜ ਦੇ ਦੌਰ ਵਿੱਚ, ਰਸਾਇਣਿਕ ਖੇਤੀ, ਝਾੜ ਵਧਾਉਣ ਲਈ ਇਕ ਰੁਝਾਨ ਬਣ ਚੁਕੀ ਹੈ। ਬੁਨਿਆਦੀ ਭੋਜਨ ਦੀ ਲੋੜ ਨੂੰ ਪੂਰਾ ਕਰਨ ਦੀ ਬਜਾਏ ਖੇਤੀਬਾੜੀ ਵਧੇਰੇ ਬਿਜ਼ਨਸ ਬਣ ਗਈ ਹੈ। ਉਤਪਾਦਕ ਅਤੇ ਭੋਜਨ ਦੇ ਖਪਤਕਾਰ, ਦੋਵੇਂ ਖੇਤੀਬਾੜੀ ਦੇ ਮੂਲ ਮੰਤਵ ਨੂੰ ਭੁੱਲ ਗਏ ਹਨ।

ਇਸ ਸਥਿਤੀ ਨੂੰ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਮਾਸਾਨਬੋ ਫੁਕੂਓਕਾ ਨੇ ਚੰਗੀ ਤਰ੍ਹਾਂ ਜਾਣਿਆ ਅਤੇ ਲਿਖਦੇ ਹਨ:

“ਖੇਤੀ ਦਾ ਪਰਮ ਉਦੇਸ਼ ਫ਼ਸਲਾਂ ਉਗਾਉਣਾ ਨਹੀਂ ਬਲਕਿ ਮਨੁੱਖ ਨੂੰ ਇੱਕ ਬੇ-ਐਬ ਅਤੇ ਸੰਪੂਰਨ ਅਵਸਥਾ ਤੱਕ ਪਹੁੰਚਾਉਣਾ ਹੈ।”

ਇਸੇ ਸਥਿਤੀ ਵਿਚੋਂ ਲੱਗਦੇ ਹੋਏ ਇੱਕ ਮਹਿਲਾ – ਕਾਂਤਾ ਦੇਸ਼ਟਾ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਕਿ ਉਹ ਵੀ ਰਸਾਇਣਿਕ ਖੇਤੀ ਕਰ ਕੇ ਬਿਮਾਰੀਆਂ ਫੈਲਾਉਣ ਦਾ ਇੱਕ ਜ਼ਰੀਆ ਬਣ ਚੁਕੀ ਹੈ, ਅਤੇ ਉਸ ਨੇ ਜੈਵਿਕ ਖੇਤੀ ਕਰਨ ਦਾ ਇੱਕ ਚੰਗਾ ਫੈਸਲਾ ਕੀਤਾ।

ਕਾਂਤਾ ਦੇਸ਼ਟਾ ਸਮਾਲਾ ਪਿੰਡ ਦੀ ਇੱਕ ਆਮ ਕਿਸਾਨ ਸੀ ਜੋ ਕਿ ਸਬਜ਼ੀਆਂ ਅਤੇ ਫਲਾਂ ਕਿ ਖੇਤੀ ਕਰਕੇ ਕਈ ਵਾਰ ਉਸ ਨੂੰ ਆਪਣੇ ਰਿਸ਼ਤੇਦਾਰਾਂ, ਗਵਾਂਢੀਆਂ ਅਤੇ ਦੋਸਤਾਂ ਵਿੱਚ ਵੀ ਵੰਡਦੇ ਸੀ। ਪਰ ਇੱਕ ਦਿਨ, ਉਸ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਪੈਦਾ ਹੋਈਆਂ ਫ਼ਸਲਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਪਤਾ ਲੱਗਾ ਤਾ ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ। ਉਸ ਦਿਨ ਤੋਂ, ਉਸਨੇ ਫ਼ੈਸਲਾ ਕੀਤਾ ਕਿ ਉਹ ਰਸਾਇਣਾਂ ਦੀ ਵਰਤੋਂ ਬੰਦ ਕਰਕੇ, ਜੈਵਿਕ ਖੇਤੀ ਨੂੰ ਅਪਣਾਉਣਗੇ।

ਜੈਵਿਕ ਖੇਤੀ ਦੇ ਪ੍ਰਤੀ ਉਸਦੇ ਕਦਮ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਉਹ 2004 ਵਿੱਚ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਦੁਆਰਾ ਚਲਾਏ ਜਾ ਰਹੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ। ਉਸਨੇ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਅਨਾਜ ਅਤੇ ਮਸਾਲੇ ਜਿਵੇਂ ਕਿ ਸੇਬ, ਨਾਸ਼ਪਾਤੀਆਂ, ਬੇਰ, ਆੜੂ, ਜਾਪਾਨੀ ਅਪਰਿਕੋਟ, ਕੀਵੀ ਫਲ, ਗਿਰੀਦਾਰ, ਮਟਰ, ਬੀਨਸ (ਫਲੀਆਂ), ਬੈਂਗਣ, ਗੋਭੀ, ਮੂਲੀ, ਕਾਲੀ ਮਿਰਚ, ਲਾਲ ਮਿਰਚ, ਪਿਆਜ਼, ਕਣਕ, ਮਾਂਹ ਦੀ ਦਾਲ, ਮੱਕੀ ਅਤੇ ਜੌਂ ਆਦਿ ਪੈਦਾ ਕਰਨਾ ਸ਼ੁਰੂ ਕਰ ਦਿੱਤਾ।

ਜੈਵਿਕ ਖੇਤੀ ਨੂੰ ਅਪਨਾਉਣ ਦਾ ਉਸਦੀ ਆਮਦਨ ਤੇ ਸਕਾਰਾਤਮਕ ਪ੍ਰਭਾਵ ਹੋਇਆ ਅਤੇ ਇਸਨੂੰ ਸਾਲਾਨਾ 4 ਤੋਂ 5 ਲੱਖ ਤੱਕ ਵਧਾਇਆ। ਕੇਵਲ ਇਹ ਹੀ ਨਹੀਂ, ਪਰ ਮੋਰਾਰਕਾ ਫਾਊਂਡੇਸ਼ਨ ਦੀ ਮਦਦ ਨਾਲ ਕਾਂਤਾ ਦੇਸ਼ਟਾ ਨੇ ਆਪਣੇ ਪਿੰਡ ਵਿਚ ਔਰਤਾਂ ਦੇ ਇੱਕ ਸਮੂਹ ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਅਤੇ ਉਨ੍ਹਾਂ ਨੂੰ ਉਸੇ ਫਾਉਂਦਾਤਿਓਂ ਦੇ ਤਹਿਤ ਰਜਿਸਟਰ ਵੀ ਕਰਵਾਇਆ।

“ਮੈਂ ਮੰਨਦੀ ਹਾਂ ਕਿ ਇੱਕ ਸਮੂਹ ਵਿੱਚ ਲੋਕਾਂ ਨੂੰ ਗਿਆਨ ਪ੍ਰਦਾਨ ਕਰਨਾ ਬਿਹਤਰ ਹੈ ਕਿਉਂਕਿ ਇਸਦੀ ਕੀਮਤ ਘੱਟ ਹੈ ਅਤੇ ਅਸੀਂ ਇੱਕ ਸਮੇਂ ਵਧੇਰੇ ਲੋਕਾਂ ਨੂੰ ਗਿਆਨ ਦੇ ਸਕਦੇ ਹਾਂ।”

ਅੱਜ ਉਸਦਾ ਨਾਮ ਕਾਮਯਾਬ ਜੈਵਿਕ ਕਿਸਾਨਾਂ ਦੀ ਸੂਚੀ ਵਿੱਚ ਆਉਂਦਾ ਹੈ ਉਸ ਕੋਲ 31 ਬਿੱਘੇ ਸਿੰਚਾਈ ਜ਼ਮੀਨ ਹੈ ਜਿਸ ਰਾਹੀਂ ਉਹ ਖੇਤੀ ਕਰ ਰਹੀ ਹੈ ਅਤੇ ਲੱਖਾਂ ਵਿਚ ਲਾਭ ਕਮਾ ਰਹੀ ਹੈ। ਬਾਅਦ ਵਿਚ ਉਹ ਐਨ. ਓ. ਐਨ. ਆਈ. ਯੂਨੀਵਰਸਿਟੀ, ਦਿੱਲੀ, ਜੈਪੁਰ ਅਤੇ ਬੈਂਗਲੋਰ ਵਿਚ ਵੀ ਗਈ ਤਾਂ ਕਿ ਔਰਗੈਨਿਕ ਫਾਰਮਿੰਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਉਸ ਦੇ ਜ਼ੋਰਦਾਰ ਯਤਨ ਲਈ, ਉਸ ਨੂੰ ਦੋ ਵਾਰ ਸਰਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਿਮਲਾ ਵਿਚ ਬੈਸਟ ਫਾਰਮਰ ਐਵਾਰਡ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ ਅਤੇ 13 ਜੂਨ 2013 ਨੂੰ ਉਸ ਨੂੰ ਜੈਵਿਕ ਖੇਤੀ ਦੇ ਖੇਤਰ ਵਿਚ ਯੋਗਦਾਨ ਲਈ ਪ੍ਰਸ਼ੰਸਾ ਅਤੇ ਸਨਮਾਨ ਵੀ ਮਿਲਿਆ।

ਇੱਕ ਵਿਸ਼ਾਲ ਪੱਧਰ ਤੇ ਇੰਨੀ ਵਡਮੁੱਲੀ ਹੋਣ ਦੇ ਬਾਵਜੂਦ, ਇਹ ਔਰਤ ਆਪਣੇ ਆਪ ਪੂਰੀ ਵਾਹਵਾਹੀ ਨਹੀਂ ਲੈਂਦੀ ਅਤੇ ਉਹ ਮੰਨਦੀ ਹੈ ਕਿ ਉਸਦੀ ਸਫ਼ਲਤਾ ਦਾ ਸਾਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਨੂੰ ਜਾਂਦਾ ਹੈ ਜਿਸ ਨੇ ਉਸਨੂੰ ਸਹੀ ਰਸਤਾ ਵਿਖਾਇਆ ‘ਤੇ ਅਗਵਾਈ ਕੀਤੀ।

ਖੇਤੀ ਤੋਂ ਇਲਾਵਾ, ਕਾਂਤਾ ਕੋਲ ਦੋ ਗਾਵਾਂ ਅਤੇ 3 ਮੱਝਾਂ ਵੀ ਹਨ ਅਤੇ ਉਸਦੇ ਖੇਤਾਂ ਵਿੱਚ 30x8x10 ਦਾ ਇੱਕ ਵਰਮੀਕੰਪੋਸਟ ਪਲਾਂਟ ਵੀ ਹੈ ਜਿਸ ਵਿੱਚ ਉਹ ਪਸ਼ੂਆਂ ਗੋਬਰ ਅਤੇ ਖੇਤ ਦੀ ਰਹਿੰਦ-ਖੂੰਹਦ ਨੂੰ ਖਾਦ ਵਜੋਂ ਵਰਤਦੀ ਹੈ। ਉਹ ਭੂਮੀ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਅਤੇ ਖ਼ਰਚਿਆਂ ਨੂੰ ਘਟਾਉਣ ਲਈ, ਕੀਟਨਾਸ਼ਕਾਂ ਦੀ ਥਾਂ ‘ਤੇ ਜੜ੍ਹੀ-ਬੂਟੀਆਂ ਦੇ ਸਪਰੇਅ ਐਪਰਚਰ ਵਾਸ਼, ਜੀਵ-ਅੰਮ੍ਰਿਤ ਅਤੇ ਐਨ. ਐਸ. ਡੀ. ਐਲ. ਦੀ ਵਰਤੋਂ ਕਰਦੀ ਹੈ।

ਹੁਣ, ਕਾਂਤਾ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿਚ ਸਬਜ਼ੀਆਂ ਅਤੇ ਫਲ ਵੰਡਣ ਦੌਰਾਨ ਖੁਸ਼ੀ ਮਹਿਸੂਸ ਕਰਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਜੋ ਉਹ ਜੋ ਵੰਡ ਰਹੀ ਹੈ ਉਹ ਨੁਕਸਾਨਦੇਹ ਰਸਾਇਣਾਂ ਤੋਂ ਮੁਕਤ ਹੈ ਅਤੇ ਉਹ ਇਸ ਨੂੰ ਖਾ ਕੇ ਉਸਦੇ ਰਿਸ਼ਤੇਦਾਰ ਅਤੇ ਦੋਸਤ ਸਿਹਤਮੰਦ ਰਹਿਣਗੇ।

ਕਾਂਤਾ ਦੇਸ਼ਟਾ ਵੱਲੋਂ ਸੰਦੇਸ਼:
“ਜੈਵਿਕ ਖੇਤੀ ਬਹੁਤ ਮਹੱਤਵਪੂਰਨ ਹੈ ਜੇ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ”

 

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”