ਅਜਿਹਾ ਉੱਦਮੀ ਕਿਸਾਨ ਜੋ ਕੁਦਰਤ ਦੀ ਰਜ਼ਾ ਵਿੱਚ ਰਹਿ ਕੇ ਇੱਕ ਖੇਤ ਵਿੱਚੋਂ 40 ਫਸਲਾਂ ਲੈਂਦਾ ਹੈ
ਕੁਦਰਤ ਸਾਡੇ ਜੀਵਨ ਦਾ ਉਹ ਅਨਿੱਖੜਵਾਂ ਅੰਗ ਹੈ, ਜਿਸ ਦੇ ਬਿਨਾਂ ਕੋਈ ਵੀ ਜੀਵ ਚਾਹੇ ਉਹ ਇਨਸਾਨ ਹੈ, ਚਾਹੇ ਪੰਛੀ, ਚਾਹੇ ਜਾਨਵਰ ਹੈ, ਹਰ ਕੋਈ ਆਪਣੀ ਪੂਰਾ ਜੀਵਨ ਕੁਦਰਤ ਦੇ ਨਾਲ ਹੀ ਬਤੀਤ ਕਰਦਾ ਹੈ ਅਤੇ ਕੁਦਰਤ ਦੇ ਨਾਲ ਉਸਦਾ ਮੋਹ ਪੈ ਜਾਂਦਾ ਹੈ। ਪਰ ਕੁੱਝ ਇਹ ਭੁੱਲ ਬੈਠਦੇ ਹਨ ਅਤੇ ਕੁਦਰਤ ਦੇ ਨਾਲ ਖਿਲਵਾੜ ਕਰਨ ਤੋਂ ਪਿੱਛੇ ਨਹੀਂ ਹੱਟਦੇ ਤੇ ਇਸ ਕਦਰ ਖਿਲਵਾੜ ਕਰਦੇ ਹਨ ਜੋ ਕਿ ਸਿੱਧੇ ਤੌਰ ‘ਤੇ ਸਿਹਤ ‘ਤੇ ਅਸਰ ਕਰਦੀਆਂ ਹਨ।
ਅੱਜ ਜਿਸ ਇਨਸਾਨ ਦੀ ਸਟੋਰੀ ਤੁਸੀਂ ਪੜੋਗੇ ਉਸ ਇਨਸਾਨ ਦੇ ਦਿਲੋਂ ਦਿਮਾਗ ‘ਤੇ ਇਹ ਸਾਰੀਆਂ ਗੱਲਾਂ ਛੱਪ ਗਈਆਂ ਤੇ ਫਿਰ ਸ਼ੁਰੂ ਹੋਈ ਕੁਦਰਤ ਨਾਲ ਅਨੋਖੀ ਸਾਂਝ। ਇਸ ਉੱਦਮੀ ਕਿਸਾਨ ਦਾ ਨਾਮ ਹੈ, “ਅਮਰਜੀਤ ਸ਼ਰਮਾ” ਜੋ ਪਿੰਡ ਚੈਨਾ, ਜੈਤੋਂ ਮੰਡੀ, ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਹਨ। ਲਗਭਗ 50 ਸਾਲ ਦੇ ਅਮਰਜੀਤ ਸ਼ਰਮਾ ਦਾ ਕੁਦਰਤੀ ਖੇਤੀ ਦਾ ਸਫਰ 20 ਸਾਲ ਤੋਂ ਉੱਪਰ ਹੈ। ਇੰਨਾ ਲੰਬਾ ਤਜ਼ੁਰਬਾ ਹੈ ਕਿ ਇੰਝ ਲੱਗਦਾ ਹੈ ਜਿਵੇਂ ਆਪਣੇ ਖੇਤਾਂ ਨਾਲ ਗੱਲਾਂ ਕਰਦੇ ਹੋਣ। ਸਾਲ 1990 ਤੋਂ ਪਹਿਲਾਂ ਉਹ ਨਰਮੇ ਦੀ ਫਸਲ ਦੀ ਖੇਤੀ ਕਰਦੇ ਸਨ, ਪਰ ਉਨ੍ਹਾਂ ਨੂੰ ਉਦੋਂ ਇੱਕ ਏਕੜ ਦੇ ਵਿੱਚ 15 ਤੋਂ 17 ਕੁਵਿੰਟਲ ਦੇ ਕਰੀਬ ਫਸਲ ਪ੍ਰਾਪਤ ਹੋ ਜਾਂਦੀ ਸੀ, ਪਰ ਥੋੜੇ ਸਮੇਂ ਬਾਅਦ ਉਨ੍ਹਾਂ ਨੂੰ ਨਰਮੇ ਦੀ ਫਸਲ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ, ਇਹ ਸਿਲਸਿਲਾ 2 ਤੋਂ 3 ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿਸ ਕਰਕੇ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਏ ਅਤੇ ਅਖੀਰ ਤੰਗ ਹੋ ਕੇ ਉਨ੍ਹਾਂ ਨੇ ਨਰਮੇ ਦੀ ਖੇਤੀ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਇੱਕ ਤਾਂ ਉਨ੍ਹਾਂ ਨੂੰ ਫਸਲ ਦਾ ਮੁੱਲ ਨਹੀਂ ਮਿਲ ਰਿਹਾ ਸੀ, ਦੂਸਰਾ ਸਰਕਾਰ ਵੀ ਮਦੱਦ ਤੋਂ ਪਿੱਛਾ ਛੁਡਾ ਰਹੀ ਸੀ ਜਿਸ ਕਰਕੇ ਉਹ ਦੁਖੀ ਹੋ ਗਏ।
ਉਹ ਥੱਕ ਹਾਰ ਗਏ ਅਤੇ ਫਿਰ ਆਪਣੀ ਓਹੀ ਰਵਾਇਤੀ ਖੇਤੀ ਕਰਨ ਲੱਗੇ ਪਰ ਉਨ੍ਹਾਂ ਨੇ ਸ਼ੁਰੂ ਤੋਂ ਹੀ ਕਣਕ ਦੀ ਫਸਲ ਨੂੰ ਪਹਿਲ ਦਿੱਤੀ ਤੇ ਅੱਜ ਤੱਕ ਝੋਨੇ ਦੀ ਫਸਲ ਉਗਾਈ ਨਹੀਂ ਨਾ ਹੀ ਉਹ ਉਗਾਉਣਾ ਚਾਹੁੰਦੇ ਹਨ। ਉਨ੍ਹਾਂ ਕੋਲ 4 ਏਕੜ ਜ਼ਮੀਨ ਹੈ ਜਿਸ ਵਿੱਚ ਉਨ੍ਹਾਂ ਨੇ ਰਸਾਇਣਿਕ ਤਰੀਕੇ ਨਾਲ ਕਣਕ ਅਤੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਰਸਾਇਣਿਕ ਖੇਤੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕੁਦਰਤੀ ਖੇਤੀ ਬਾਰੇ ਸੁਨਣ ਨੂੰ ਮਿਲਿਆ, ਜਿਸ ਨੇ ਉਨ੍ਹਾਂ ਦੇ ਦਿਲ ਵਿੱਚ ਇੱਕ ਅਜਿਹੀ ਤੜਪ ਪੈਦਾ ਕਰ ਦਿੱਤੀ ਕਿ ਉਸ ਬਾਰੇ ਉਹ ਕਿਸੀ ਵੀ ਕੀਮਤ ‘ਤੇ ਪਤਾ ਕਰਨਾ ਚਾਹੁੰਦੇ ਸਨ।
ਹੌਲੀ-ਹੌਲੀ ਮੈਨੂੰ ਕੁਦਰਤੀ ਖੇਤੀ ਬਾਰੇ ਪਤਾ ਲੱਗਾ- ਅਮਰਜੀਤ ਸ਼ਰਮਾ
ਵੈਸੇ ਤਾਂ ਉਹ ਬਚਪਨ ਤੋਂ ਹੀ ਕੁਦਰਤੀ ਖੇਤੀ ਬਾਰੇ ਸੁਣਦੇ ਆਏ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੁਦਰਤੀ ਖੇਤੀ ਕੀਤੀ ਕਿਵੇਂ ਜਾਂਦੀ ਹੈ ਕਿਉਂਕਿ ਉਸ ਸਮੇਂ ਨਾ ਤਾਂ ਕੋਈ ਸੋਸ਼ਲ ਮੀਡਿਆ ਬਗੈਰਾ ਹੁੰਦਾ ਸੀ ਜਿੱਥੋਂ ਪਤਾ ਲੱਗ ਸਕੇ ਪਰ ਉਨ੍ਹਾਂ ਨੇ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਨ ‘ਤੇ ਜ਼ੋਰ ਲਗਾ ਦਿੱਤਾ।
ਕਹਿੰਦੇ ਹਨ ਆਪਣੇ ਵਲੋਂ ਹਿੰਮਤ ਨਾ ਹਾਰੋ, ਕਿਉਂਕਿ ਜੇਕਰ ਹਿੰਮਤ ਹਾਰ ਕੇ ਬੈਠ ਜਾਵਾਂਗੇ ਤਾਂ ਉਹ ਪਰਮਾਤਮਾ ਵੀ ਪੈਰ ਪਿਛਾਂਹ ਪੁੱਟ ਲੈਂਦਾ ਹੈ ਕਿ ਇਹ ਆਪਣੀ ਮਦੱਦ ਖੁਦ ਨਹੀਂ ਕਰ ਸਕਦਾ ਤਾਂ ਪਰਮਾਤਮਾ ਕਿਉਂ ਕਰੂੰਗਾ।
ਇਸ ਕੋਸ਼ਿਸ਼ ਨੂੰ ਉਨ੍ਹਾਂ ਨੇ ਜਾਰੀ ਰੱਖਿਆ, ਤਾਂ ਇੱਕ ਦਿਨ ਕਾਮਯਾਬੀ ਖੁਦ ਵਿਹੜੇ ਚੱਲ ਕੇ ਆ ਗਈ, ਗੱਲ ਇਹ ਸੀ ਜਦੋਂ ਅਮਰਜੀਤ ਕੁਦਰਤੀ ਖੇਤੀ ਬਾਰੇ ਬਹੁਤ ਹੀ ਜ਼ਿਆਦਾ ਜਾਂਚ-ਪੜਤਾਲ ਵਿੱਚ ਜੁੱਟ ਗਏ ਸਨ, ਤਾਂ ਉਨ੍ਹਾਂ ਨੇ ਕੋਈ ਵੀ ਅਖਬਾਰ ਰਸਾਲਾ ਛੱਡਿਆ ਨਹੀਂ ਹੋਣਾ ਜੋ ਉਨ੍ਹਾਂ ਨੇ ਪੜ੍ਹਿਆ ਨਾ ਹੋਵੇ ਕਿਉਂਕਿ ਮਨ ਵਿੱਚ ਇੱਕ ਉਤਸੁਕਤਾ ਪੈਦਾ ਹੋਈ ਸੀ ਜਿਸ ਬਾਰੇ ਜਾਣ ਕੇ ਹੀ ਸਾਹ ਲੈਣਾ ਹੈ ਅਤੇ ਹਰ ਇੱਕ ਅਖਬਾਰ ਰਸਾਲੇ ਨੂੰ ਇਸ ਤਰ੍ਹਾਂ ਪੜ੍ਹਦੇ ਕਿ ਕੋਈ ਵੀ ਜਾਣਕਾਰੀ ਰਹਿ ਨਾ ਜਾਵੇ।
ਇੱਕ ਦਿਨ ਜਦੋਂ ਉਹ ਅਖਬਾਰ ਪੜ੍ਹ ਰਹੇ ਸਨ ਤਦ ਦੇਖਿਆ ਕਿ ਇੱਕ ਜਗ੍ਹਾ ਖੇਤੀ ਵਿਰਾਸਤ ਮਿਸ਼ਨ ਸੰਸਥਾ ਬਾਰੇ ਕੁੱਝ ਛਪਿਆ ਹੋਇਆ ਸੀ ਅਚਾਨਕ ਉਨ੍ਹਾਂ ਦੀ ਨਜ਼ਰ ਉੱਥੇ ਪਈ। ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਸੰਸਥਾ ਦੇ ਬਾਰੇ ਛਪੇ ਆਰਟੀਕਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ।
ਮੈਂ ਜਦੋਂ ਆਰਟੀਕਲ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਬਹੁਤ ਖੁਸ਼ ਹੋਇਆ- ਅਮਰਜੀਤ ਸ਼ਰਮਾ
ਉਸ ਆਰਟੀਕਲ ਨੂੰ ਪੜ੍ਹਦੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਖੇਤੀ ਵਿਰਾਸਤ ਮਿਸ਼ਨ ਨਾਮ ਦੀ ਇੱਕ ਸੰਸਥਾ ਹੈ, ਜੋ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਣੂੰ ਅਤੇ ਟ੍ਰੇਨਿੰਗ ਵੀ ਕਰਵਾਉਂਦੀ ਹੈ, ਫਿਰ ਅਮਰਜੀਤ ਨੇ ਖੇਤੀ ਵਿਰਾਸਤ ਮਿਸ਼ਨ ਤੋਂ ਉਮੇਂਦਰ ਦੱਤ ਨਾਲ ਸੰਪਰਕ ਕੀਤਾ।
ਉਸ ਸਮੇਂ ਖੇਤੀ ਵਿਰਾਸਤ ਮਿਸ਼ਨ ਵਾਲੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਟ੍ਰੇਨਿੰਗ ਦਿੰਦੇ ਸਨ ਅਤੇ ਹੁਣ ਵੀ ਟ੍ਰੇਨਿੰਗ ਦਿੰਦੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਅਮਰਜੀਤ ਨੇ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਬਹੁਤ ਸਮਾਂ ਤਾਂ ਉਹ ਟ੍ਰੇਨਿੰਗ ਲੈਂਦੇ ਰਹੇ, ਜਦੋਂ ਹੌਲੀ-ਹੌਲੀ ਸਮਝ ਆਉਣ ਲੱਗਾ ਤਾਂ ਆਪਣੇ ਖੇਤਾਂ ਵਿੱਚ ਆ ਕੇ ਤਰੀਕੇ ਅਪਣਾਉਣ ਲੱਗੇ। ਤਰੀਕੇ ਅਪਣਾਉਣ ਦਾ ਫਾਇਦਾ ਉਨ੍ਹਾਂ ਨੂੰ ਕੁਝ ਸਮਾਂ ਬਾਅਦ ਫਸਲ ਉੱਤੇ ਦਿਖਣਾ ਵੀ ਸ਼ੁਰੂ ਹੋ ਗਿਆ। ਜਿਸ ਨਾਲ ਉਹ ਖੁਸ਼ ਹੋ ਗਏ।
ਹੌਲੀ-ਹੌਲੀ ਫਿਰ ਉਹ ਪੂਰੀ ਤਰ੍ਹਾਂ ਕੁਦਰਤੀ ਖੇਤੀ ਹੀ ਕਰਨ ਲੱਗ ਗਏ ਅਤੇ ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣ ਲੱਗੇ। ਜਦੋਂ ਉਹ ਕੁਦਰਤੀ ਖੇਤੀ ਕਰ ਰਹੇ ਸਨ ਅਤੇ ਉਨ੍ਹਾਂ ਦੀ ਫਸਲ ਦੀ ਪੈਦਾਵਾਰ ਵਧੀਆ ਹੋਣ ਲੱਗ ਗਈ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਇਆ ਜਾਵੇ।
ਮੈਂ ਫਿਰ ਕੁਝ ਹੋਰ ਨਵਾਂ ਕਰਨ ਬਾਰੇ ਸੋਚਣ ਲੱਗਾ- ਅਮਰਜੀਤ ਸ਼ਰਮਾ
ਫਿਰ ਅਮਰਜੀਤ ਜੀ ਦੇ ਦਿਮਾਗ ਵਿੱਚ ਇੱਕ ਗੱਲ ਆਈ ਕਿਉਂ ਨਾ ਬਹੁ-ਫਸਲੀ ਵਿਧੀ ਵੀ ਅਪਣਾਈ ਜਾਵੇ, ਪਰ ਉਹਨਾਂ ਦੀ ਬਹੁ-ਫਸਲੀ ਵਿਧੀ ਬਾਕੀਆਂ ਨਾਲੋਂ ਅਲੱਗ ਸੀ ਕਿਉਂਕਿ ਜੋ ਉਨ੍ਹਾਂ ਨੇ ਕੀਤਾ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਜਿਸ ਤਰ੍ਹਾਂ ਇੱਕ ਅਖਾਣ ਹੈ, “ਇੱਕ ਪੰਥ ਦੋ ਕਾਜ” ਨੂੰ ਸੱਚ ਸਾਬਿਤ ਕਰਕੇ ਦਿਖਾਇਆ। ਉਹ ਅਖਾਣ ਇਸ ਤਰ੍ਹਾਂ ਸੱਚ ਸਾਬਿਤ ਹੋਈ ਕਿਉਂਕਿ ਉਨ੍ਹਾਂ ਨੇ ਦਰੱਖਤ ਦੇ ਥੱਲੇ ਉਸਨੂੰ ਪਾਣੀ ਹਵਾ ਪਹੁੰਚਾਉਣ ਵਾਲੀਆਂ ਹੋਰ ਫਸਲਾਂ ਦੀ ਨਾਲ-ਨਾਲ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤਰ੍ਹਾਂ ਉਨ੍ਹਾਂ ਨੇ ਇੱਕ ਜਗ੍ਹਾ ਵਿੱਚ ਹੀ ਕਈ ਤਰ੍ਹਾਂ ਦੀਆਂ ਫਸਲਾਂ ਉਗਾਈਆਂ ਅਤੇ ਲਾਭ ਉਠਾਇਆ।
ਜਦੋਂ ਅਮਰਜੀਤ ਦੇ ਫਸਲਾਂ ਉੱਤੇ ਕੀਤੀ ਤਕਨੀਕ ਬਾਰੇ ਲੋਕਾਂ ਨੂੰ ਪਤਾ ਚੱਲਣ ਲੱਗਾ ਤਾਂ ਲੋਕ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗ ਗਏ, ਜਿਸ ਦਾ ਫਾਇਦਾ ਇਹ ਹੋਇਆ ਇੱਕ ਤਾਂ ਉਨ੍ਹਾਂ ਨੂੰ ਕੁਦਰਤੀ ਖੇਤੀ ਨਾਲ ਪਹਿਚਾਣ ਮਿਲ ਗਈ, ਦੂਸਰਾ ਉਹ ਹੋਰ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਜਾਣੂੰ ਕਰਵਾਉਣ ਵਿੱਚ ਵੀ ਸਫਲ ਹੋਏ।
ਅਮਰਜੀਤ ਨੇ ਬਹੁਤ ਮਿਹਨਤ ਕੀਤੀ, ਕਿਉਂਕਿ 1990 ਤੋਂ ਹੁਣ ਤੱਕ ਦਾ ਸਫ਼ਰ ਬੇਸ਼ੱਕ ਕਠਨਾਈਆਂ ਭਰਿਆ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਛੱਡੀ ਅਤੇ ਉਹ ਅਗਾਂਹ ਵੱਧਦੇ ਗਏ।
ਜਦੋਂ ਉਹਨਾਂ ਨੂੰ ਲੱਗਾ ਕਿ ਪੂਰੀ ਤਰ੍ਹਾਂ ਸਫਲ ਹੋ ਗਏ ਫਿਰ ਪੱਕੇ ਤੌਰ ‘ਤੇ 2005 ਦੇ ਵਿੱਚ ਕੁਦਰਤੀ ਖੇਤੀ ਦੇ ਨਾਲ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਉਹ ਦੇਸੀ ਬੀਜ ਜਿਵੇਂ ਕੱਦੂ, ਅੱਲ, ਤੋਰੀ, ਪੇਠਾ, ਭਿੰਡੀ, ਖੱਖੜੀ, ਚਿੱਬੜ ਆਦਿ ਵੀ ਸੇਲ ਕਰ ਰਹੇ ਹਨ। ਹੋਰਾਂ ਕਿਸਾਨਾਂ ਤੱਕ ਇਸਦੀ ਪਹੁੰਚ ਕਰਨ ਲੱਗੇ, ਜਿਸ ਨਾਲ ਬਾਹਰੋਂ ਕਿਸੇ ਵੀ ਕਿਸਾਨ ਨੂੰ ਕੋਈ ਰਸਾਇਣਿਕ ਵਸਤੂ ਨਾ ਲੈ ਕੇ ਖਾਣੀ ਪਵੇ, ਸਗੋਂ ਖੁਦ ਆਪਣੇ ਖੇਤਾਂ ਵਿੱਚ ਉਗਾਏ ਅਤੇ ਖਾਏ।
ਅੱਜ ਅਮਰਜੀਤ ਸ਼ਰਮਾ ਇਸ ਮੁਕਾਮ ‘ਤੇ ਪਹੁੰਚ ਗਏ ਹਨ ਕਿ ਹਰ ਕੋਈ ਉਨ੍ਹਾਂ ਦੇ ਪਿੰਡ ਨੂੰ ਅਮਰਜੀਤ ਦੇ ਨਾਮ ਨਾਲ ਜਾਣਦੇ ਹਨ, ਉਨ੍ਹਾਂ ਦੀ ਇਸ ਕਾਮਯਾਬੀ ਦੇ ਸਦਕਾ ਖੇਤੀ ਵਿਰਾਸਤ ਮਿਸ਼ਨ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਅਮਰਜੀਤ ਨੂੰ ਅਵਾਰਡਾਂ ਨਾਲ ਨਿਵਾਜਿਆ ਜਾ ਚੁੱਕਿਆ ਹੈ।
ਭਵਿੱਖ ਦੀ ਯੋਜਨਾ
ਉਹ ਕੁਦਰਤੀ ਖੇਤੀ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਇਸ ਰਾਹ ‘ਤੇ ਚੱਲ ਕੇ ਖੇਤੀ ਨੂੰ ਬਚਾਇਆ ਜਾ ਸਕੇ।
ਸੰਦੇਸ਼