ਅਮਨਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਅਣਉਪਜਾਊ ਮਿੱਟੀ ਵਿੱਚ ਕਿੰਨੂੰ ਦਾ ਸਫਲ ਬਾਗ਼ ਲਗਾ ਕੇ ਕਾਮਯਾਬ ਹੋਇਆ ਇਹ ਅਗਾਂਹਵਧੂ ਕਿਸਾਨ

ਜੇਕਰ ਦੇਖਿਆ ਜਾਵੇ ਤਾਂ ਖੇਤੀ ਵੀ ਇੱਕ ਕਿਤਾਬ ਹੀ ਹੈ ਜਿਸ ਦੇ ਹਰ ਇੱਕ ਪੰਨੇ ‘ਤੇ ਕੁਝ ਨਾ ਕੁਝ ਨਵਾਂ ਪੜ੍ਹਨ ਨੂੰ ਮਿਲਦਾ ਹੈ, ਇਹ ਕਿਤਾਬ ਕੋਈ ਛੋਟੀ-ਮੋਟੀ ਨਹੀਂ ਬਲਕਿ ਬਹੁਤ ਵਿਸ਼ਾਲ ਹੈ ਜਿਸ ਵਿੱਚ ਬਹੁਤ ਸਾਰਾ ਗਿਆਨ ਛਪਿਆ ਹੋਇਆ ਹੈ, ਪਰ ਇਹ ਗਿਆਨ ਸਿਰਫ ਉਸ ਦੇ ਹੀ ਪੱਲੇ ਪੈਂਦਾ ਹੈ ਜੋ ਖੇਤੀ ਦੇ ਹਰ ਇੱਕ ਪਹਿਲੂ ਬਾਰੇ ਚੰਗੀ ਤਰ੍ਹਾਂ ਜਾਣਦਾ ਹੋਵੇ।

ਇਹ ਕਹਾਣੀ ਇੱਕ ਅਜਿਹੇ ਇਨਸਾਨ ਦੀ ਹੈ ਜਿਸ ਨੇ ਰਵਾਇਤੀ ਖੇਤੀ ਦੀ ਕਿਤਾਬ ਨੂੰ ਨਾ ਅਪਣਾਉਂਦੇ ਹੋਏ ਅਜਿਹੀ ਖੇਤੀ ਨੂੰ ਅਪਣਾਇਆ ਜੋ ਕਿ ਲੋਕਾਂ ਵਿੱਚ ਆਮ ਪ੍ਰਚਲਿਤ ਸੀ ਪਰ ਕਿਸੇ ਨੂੰ ਖੇਤੀ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਨਹੀਂ ਸੀ, ਜਿਨ੍ਹਾਂ ਦਾ ਨਾਮ ਅਮਨਪ੍ਰੀਤ ਸਿੰਘ ਜੋ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਹਮੇਸ਼ਾਂ ਹੀ ਕੁੱਝ ਨਾ ਕੁਝ ਵੱਖਰਾ ਕਰਨ ਬਾਰੇ ਸੋਚਿਆ ਅਤੇ ਕਾਮਯਾਬ ਵੀ ਹੋਏ।

ਸਾਲ 2001 ਵਿੱਚ ਇੰਜੀਨੀਅਰਇੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਵਿਖੇ ਵਿੱਚ ਇੱਕ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਕਰਨ ਲੱਗ ਗਏ, ਪਰ ਥੋੜਾ ਸਮਾਂ ਹੀ ਕੰਪਨੀ ਵਿੱਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਕੰਪਨੀ ਛੱਡਣ ਦਾ ਫੈਸਲਾ ਕਰ ਲਿਆ ਕਿਉਂਕਿ ਤਨਖਾਹ ਬਹੁਤ ਘੱਟ ਮਿਲ ਰਹੀ ਸੀ ਜਿਸ ਨਾਲ ਆਪਣਾ ਖਰਚਾ ਹੀ ਬਹੁਤ ਮੁਸ਼ਕਿਲ ਨਾਲ ਪੂਰਾ ਹੋ ਰਿਹਾ ਸੀ। ਇਸ ਤੋਂ ਵਧੀਆ ਘਰ ਖੇਤੀ ਕਰਕੇ ਹੀ ਜ਼ਿਆਦਾ ਪੈਸੇ ਹੀ ਕਮਾ ਲਵਾਂਗਾ। ਇਸ ਸੋਚ ਨੂੰ ਅਪਣਾਉਂਦੇ ਹੋਏ ਅਗਲੀ ਹੀ ਸਵੇਰ ਪਹਿਲੀ ਬੱਸ ਫੜ ਕੇ ਘਰ ਫਰੀਦਕੋਟ ਆ ਗਏ ਅਤੇ ਪਰਿਵਾਰ ਵਾਲਿਆਂ ਨੂੰ ਨੌਕਰੀ ਛੱਡਣ ਦਾ ਕਾਰਨ ਦੱਸਿਆ।

ਵੈਸੇ ਤਾਂ ਅਮਨਪ੍ਰੀਤ ਕੋਲ 55 ਏਕੜ ਜ਼ਮੀਨ ਹੈ ਜਿਸ ਉੱਤੇ ਪੁਰਾਣੇ ਸਮੇਂ ਤੋਂ ਹੀ ਪਰਿਵਾਰ ਵਾਲੇ ਇਕੱਲੀ ਰਵਾਇਤੀ ਖੇਤੀ ਨੂੰ ਮਹੱਤਤਾ ਦੇ ਰਹੇ ਸਨ, ਪਰ ਇਹ ਗੱਲ ਪਸੰਦ ਨਾ ਆਈ ਅਤੇ ਸੋਚਿਆ ਕੀ ਘਰ ਰਵਾਇਤੀ ਖੇਤੀ ਕਰਨ ਆਇਆ ਸੀ? ਕੀ ਰਵਾਇਤੀ ਖੇਤੀ ਕਰਨਾ ਹੀ ਰਿਵਾਜ਼ ਹੈ? ਕੀ ਇਸਨੂੰ ਬਦਲਿਆ ਨਹੀਂ ਜਾ ਸਕਦਾ? ਇਹ ਸਾਰੇ ਸਵਾਲ ਉਸਦੇ ਮਨ ਵੱਲੋਂ ਅਮਨਪ੍ਰੀਤ ਨੂੰ ਪੁੱਛ ਰਹੇ ਸਨ ਜਿਸ ਦਾ ਸਿੱਟਾ ਜਦੋਂ ਇਸ ਬਾਰੇ ਡੂੰਘਾਈ ਵਿੱਚ ਸੋਚਣ ਲੱਗੇ ਤਾਂ ਉਨ੍ਹਾਂ ਦਾ ਅੰਦਰ ਜੋਸ਼ ਨਾਲ ਭਰ ਗਿਆ।

ਇਹ ਸਭ ਦੇਖਦੇ ਹੋਏ, ਅਮਨਪ੍ਰੀਤ ਨੇ ਸੋਚਿਆ ਜੋ ਮਰਜ਼ੀ ਹੋ ਜਾਏ ਪਰ ਰਵਾਇਤੀ ਖੇਤੀ ਤੋਂ ਇੱਕ ਨਾ ਇੱਕ ਦਿਨ ਜ਼ਰੂਰ ਪਿੱਛੇ ਹੱਟ ਕੇ ਰਹਿਣਾ ਹੈ। ਉਸਦੇ ਦਿਮਾਗ ਵਿੱਚ ਹੀ ਇਹੀ ਚੱਲਦਾ ਰਹਿੰਦਾ ਸੀ ਜੋ ਬਚਪਨ ਵਿੱਚ ਦੇਖਿਆ ਸੀ ਕਿ ਨਾਨਕੇ ਪਿੰਡ ਕਿੰਨੂੰ ਦੇ ਬਹੁਤਾਤ ਮਾਤਰਾ ਵਿੱਚ ਬਾਗ ਲਗਾਏ ਜਾਂਦੇ ਸਨ ਤਾਂ ਮਨ ਵਿੱਚ ਇਹ ਗੱਲ ਰੜਕਦੀ ਰਹਿੰਦੀ ਸੀ ਕਿ ਇੰਨੀ ਸਾਰੀ ਜ਼ਮੀਨ ਹੈ ਇਸ ਦਾ ਕੀ ਕਰਨਾ ਹੈ ਕਿਉਂ ਨਾ ਪਹਿਲਾ ਛੋਟੇ ਪੱਧਰ ‘ਤੇ ਕਿੰਨੂੰ ਦਾ ਬਾਗ ਲਗਾਇਆ ਜਾਵੇ, ਜਿਸ ਬਾਰੇ ਪਹਿਲਾ ਹੀ ਬਹੁਤ ਰਿਸਰਚ ਕੀਤੀ ਹੋਈ ਸੀ।

ਬਾਗ ਲਗਾਉਣ ਤੋਂ ਪਹਿਲਾ ਖੇਤ ਦੀ ਮਿੱਟੀ ਦੀ ਮਿੱਟੀ ਵਿਭਾਗ ਵਿਖੇ ਜਾਂਚ ਕਰਵਾਈ ਅਤੇ ਜਾਂਚ ਕਰਨ ਉਪਰੰਤ ਮਿੱਟੀ ਵਿਭਾਗ ਵਾਲਿਆਂ ਨੇ ਕਿਹਾ ਕਿ ਤੂੰ ਖੇਤ ਵਿੱਚ ਬਾਗ ਨਹੀਂ ਲਗਾ ਸਕਦਾ ਜੋ ਕਿ ਬਹੁਤ ਵੱਡੀ ਗੱਲ ਸੀ ਜਿਸ ਨਾਲ ਅਮਨਪ੍ਰੀਤ ਨੂੰ ਇੱਕ ਤਰ੍ਹਾਂ ਖੁੱਲੀਆਂ ਅੱਖਾਂ ਨਾਲ ਦੇਖਿਆ ਸੁਪਨਾ ਹੌਲੀ-ਹੌਲੀ ਟੁੱਟਦਾ ਨਜ਼ਰ ਆ ਰਿਹਾ ਸੀ। ਚਿਹਰੇ ‘ਤੇ ਉਦਾਸੀ ਲੈ ਕੇ ਘਰ ਪਰਤ ਆਏ ਅਤੇ ਇੱਕ ਜਗ੍ਹਾ ਬੈਠ ਕੇ ਸੋਚਣ ਲੱਗੇ ਕਿ ਇਹ ਕੀ ਹੋ ਗਿਆ, ਕੀ ਉਸਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ?

ਦਿਮਾਗ ਵਿੱਚ ਲਗਾਤਾਰ ਇਹ ਗੱਲ ਇਸ ਤਰ੍ਹਾਂ ਘੁਣ ਵਾਂਗੂ ਖਾਈ ਜਾ ਰਹੀ ਸੀ ਪਰ ਬਹੁਤ ਸੋਚਣ ਉਪਰੰਤ ਕੋਈ ਹੱਲ ਨਹੀਂ ਮਿਲ ਪਾ ਰਿਹਾ ਸੀ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚ ਲਿਆ ਕਿ ਜੇਕਰ ਕਿੰਨੂੰ ਦਾ ਬਾਗ ਲਗਾਉਣਾ ਹੈ ਤਾਂ ਇਹੀ ਮਿੱਟੀ ਅਤੇ ਇਸ ਖੇਤ ਵਿੱਚੋਂ ਹੀ ਸਫਲ ਹੋ ਕੇ ਦਿਖਾਉਣਾ ਹੈ। ਸਮਾਂ ਨਾ ਵਿਅਰਥ ਕਰਦੇ ਹੋਏ ਅਗਲੀ ਹੀ ਸਵੇਰ 4 ਏਕੜ ਦੇ ਵਿੱਚ ਛੋਟੇ ਪੱਧਰ ‘ਤੇ ਬਾਗ ਲਗਾਉਣ ਦਾ ਫੈਸਲਾ ਕਰ ਲਿਆ।

ਬਾਗ ਲਗਾਉਣ ਤੋਂ ਪਹਿਲਾ ਉਹਨਾਂ ਨੇ ਉਸ ਸਮੇਂ ਤੁਪਕਾ ਸਿੰਚਾਈ ਵਿਧੀ ਅਪਣਾਈ ਜੋ ਕਿ ਕਿਸੇ-ਕਿਸੇ ਨੂੰ ਹੀ ਪਤਾ ਸੀ ਅਤੇ ਬਾਗਾਂ ਦੇ ਵਿੱਚ ਕੋਈ ਵਿਰਲਾ ਹੀ ਇਸ ਵਿਧੀ ਨੂੰ ਅਪਣਾਉਂਦਾ ਸੀ, ਵਿਧੀ ਅਪਣਾਉਣ ਇਕੱਲਿਆਂ ਨੇ ਖੇਤਾਂ ਵਿੱਚ 5-5 ਫੁੱਟ ਡੂੰਘੇ ਟੋਏ ਪੁੱਟ ਕੇ ਤੁਪਕਾ ਸਿੰਚਾਈ ਦਾ ਸਿਸਟਮ ਲਗਾਇਆ ਅਤੇ ਮੋਟਰ ਦੇ ਕੁਨੈਕਸ਼ਨ ਲਈ ਸੋਲਰ ਪੰਪ ਅਤੇ ਪਾਣੀ ਇਕੱਠਾ ਕਰਨ ਲਈ ਤਾਲਾਬ ਬਣਾਇਆ ਜੋ ਕਿ ਬਾਗ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਹਨ। ਜਿਸ ਵਿੱਚ ਖਰਚਾ ਬਹੁਤ ਆਇਆ ਪਰ ਖਰਚੇ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਲੋਕਾਂ ਨੂੰ ਸਾਬਿਤ ਕਰਕੇ ਦਿਖਾਉਣਾ ਸੀ।

ਫਿਰ ਉਹਨਾਂ ਨੇ ਕਿੰਨੂੰ ਦਾ ਬਾਗ ਲਗਾ ਦਿੱਤਾ ਅਤੇ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਹਦਾਇਤਾਂ ਮੁਤਾਬਿਕ ਹੀ ਖਾਦਾਂ ਅਤੇ ਸਪਰੇਆਂ ਨੂੰ ਵਰਤੋਂ ਵਿੱਚ ਲੈ ਕੇ ਆਏ ਅਤੇ ਜਦੋਂ ਤੱਕ ਫਲ ਪੱਕ ਕੇ ਤਿਆਰ ਨਹੀਂ ਹੋਇਆ ਉਦੋਂ ਤੱਕ ਉਹ ਖੇਤਾਂ ਵਿੱਚ ਲਗਾਤਾਰ ਮਿਹਨਤ ਉੱਤੇ ਡੱਟੇ ਰਹਿੰਦੇ ਅਤੇ ਹਰ ਇੱਕ ਚੀਜ਼ ਦਾ ਖੁਦ ਆਪਣੇ ਪੱਧਰ ‘ਤੇ ਜਾ ਕੇ ਧਿਆਨ ਰੱਖਦੇ, ਬਸ ਫਿਰ ਕੀ ਸੀ ਮਿਹਨਤ ਨੂੰ ਰੰਗ ਲੱਗਣ ਵਾਲਾ ਸੀ, ਜਦੋਂ ਫਲ ਪੱਕ ਕੇ ਤਿਆਰ ਹੋਇਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਸਫਲ ਤਾਂ ਉਹ ਹੋ ਗਏ ਜੋ ਕਿਹਾ ਸੀ ਕਰ ਕੇ ਦਿਖਾ ਦਿੱਤਾ, ਪਰ ਸਫਲਤਾ ਪੂਰੀ ਤਰ੍ਹਾਂ ਹਲੇ ਵੀ ਝੋਲੀ ਨਹੀਂ ਪਈ ਸੀ।

2004 ਵਿੱਚ ਜਦੋਂ ਫਲ ਪੱਕਿਆ ਤਾਂ ਸਭ ਤੋਂ ਪਹਿਲਾ ਮੰਡੀ ਲੈ ਕੇ ਗਏ ਤੇ ਆੜ੍ਹਤੀਏ ਨੂੰ ਫਲ ਵੇਚ ਕੇ ਆਏ ਉੱਥੋਂ ਮੁਨਾਫ਼ਾ ਤਾਂ ਹੋਇਆ ਪਰ ਉਸ ਸਮੇਂ ਉਹ ਖੁਸ਼ ਵੀ ਸਨ ਕਿਉਂਕਿ ਕਣਕ ਝੋਨੇ ਨਾਲੋਂ ਵਧੀਆ ਹੀ ਸੀ ਅਤੇ ਜੋ ਕਿ ਪਹਿਲੀ ਆਮਦਨ ਵੀ ਸੀ, ਇਸ ਤਰ੍ਹਾਂ ਹੌਲੀ-ਹੋਲੀ ਕਰਦੇ ਬਾਗ ਨੂੰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਵਿਖੇ ਠੇਕੇ ‘ਤੇ ਦੇਣਾ ਸ਼ੁਰੂ ਕਰ ਦਿੱਤਾ ਅਤੇ ਮੁਨਾਫ਼ਾ ਕਮਾਉਣ ਲੱਗੇ। ਇਸ ਤਰ੍ਹਾਂ ਠੇਕੇ ਉੱਤੇ ਕਰਦਿਆਂ ਇਹ 2005 ਤੋਂ ਲੈ ਕੇ 2020 ਤੱਕ ਲਗਾਤਾਰ ਬਿਨਾ ਕਿਸੇ ਰੁਕਾਵਟ ਤੋਂ ਚੱਲਦਾ ਰਿਹਾ ਅਤੇ ਨਾਲ ਹੀ ਬਾਗ ਨੂੰ ਹੌਲੀ-ਹੌਲੀ ਕਰਦੇ ਵਧਾਉਂਦੇ ਗਏ।

ਇੱਕ ਦਿਨ ਉਹ ਬੈਠੇ ਸਨ ਤੇ ਸੋਚਣ ਲੱਗੇ ਕਿ ਕਿੰਨੂੰ ਤਾਂ ਬਹੁਤ ਵੱਡੇ ਪੱਧਰ ‘ਤੇ ਵਿਕ ਰਿਹਾ ਹੈ ਪਰ ਮੁਨਾਫ਼ਾ ਕਿਉਂ ਘੱਟ ਹੋ ਰਿਹਾ ਹੈ, ਇਸ ਉੱਤੇ ਫਿਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਵਾਰ ਜਦੋਂ ਕਿੰਨੂੰ ਮੰਡੀਕਰਨ ਦੇ ਲਈ ਗਿਆ ਤਾਂ ਕੀ ਦੇਖਦੇ ਹਨ ਕਿ ਆੜ੍ਹਤੀਏ 10 ਰੁਪਏ ਵਿੱਚ ਕਿੰਨੂੰ ਲੈ ਕੇ ਅੱਗੇ ਰੇੜੀਆਂ ‘ਤੇ 25 ਅਤੇ 30 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।

ਫਿਰ ਕੀ ਉਹਨਾਂ ਨੇ ਸੋਚਿਆ ਕਿ ਮੰਡੀ ਵਿੱਚ ਕਿੰਨੂੰ ਦੀ ਮਾਰਕੀਟਿੰਗ ਕਰਨ ਦੀ ਬਜਾਏ ਕਿਉਂ ਨਾ ਸਿੱਧੇ ਤੌਰ ‘ਤੇ ਖੁਦ ਹੀ ਟਰਾਲੀ ਵਿੱਚ ਪਾ ਕੇ ਕਿੰਨੂੰ ਨੂੰ ਵੇਚਿਆ ਜਾਵੇ ਅਤੇ ਕਿੰਨੂੰ ਵੇਚਣ ਦੇ ਥਾਂ ਨਿਸ਼ਚਿਤ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਅਤੇ ਸਭ ਤੋਂ ਪਹਿਲਾਂ ਇੱਕ ਪੋਸਟਰ ਛਪਵਾਇਆ ਜਿਸ ਵਿੱਚ ਸਲੋਗਨ ਲਿਖਿਆ ਹੋਇਆ ਹੈ ਜੋ ਇਸ ਤਰ੍ਹਾਂ ਹੈ

ਸਿੱਧਾ ਸਾਡੇ ਬਾਗ ਤੋਂ ਤੁਹਾਡੇ ਘਰ ਤੱਕ

ਸਲੋਗਨ ਲਿਖਵਾਉਣ ਇਹ ਮੰਤਵ ਸੀ ਕਿ ਕਿਸੇ ਗ੍ਰਾਹਕ ਨੂੰ ਇਹ ਨਾ ਲੱਗੇ ਕਿ ਇਹ ਮੰਡੀ ਚੁੱਕ ਕੇ ਕਿੰਨੂੰ ਸਾਡੇ ਕੋਲ ਵੇਚੀ ਜਾ ਰਿਹਾ ਹੈ ਜਦੋਂ ਕਿ ਉਹ ਸਿੱਧਾ ਹੀ ਕਿੰਨੂੰ ਖੇਤੋਂ ਲਿਆ ਰਹੇ ਸਨ।

ਇਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਸਲੋਗਨ ਜਿਸ ਵਿੱਚ ਦੱਸਿਆ ਹੈ ਕਿ ਉਹ ਯੂਨੀਵਰਸਿਟੀ ਦੇ ਹਦਾਇਤਾਂ ਮੁਤਾਬਿਕ ਹੀ ਸਪਰੇਅ ਅਤੇ ਖਾਦਾਂ ਦੀ ਵਰਤੋਂ ਕਰਦੇ ਹਨ ਅਤੇ ਆਰਗੈਨਿਕ ਦਾ ਝੂਠਾ ਰੌਲਾ ਨਹੀਂ ਪਾਉਂਦੇ ਕਿ ਕਿੰਨੂੰ ਵਿਕ ਜਾਵੇ ਜੋ ਇਸ ਪ੍ਰਕਾਰ ਹੈ-

ਅਪ੍ਰੈਲ ਬਾਅਦ ਕੋਈ ਖਾਦ ਨਹੀਂ

ਸਤੰਬਰ ਬਾਅਦ ਕੋਈ ਸਪਰੇਅ ਨਹੀਂ

ਜਦੋਂ ਉਹਨਾਂ ਨੇ ਇਸ ਤਰ੍ਹਾਂ ਕਿੰਨੂੰ ਵੇਚਣਾ ਸ਼ੁਰੂ ਕੀਤਾ ਤਾਂ ਪਹਿਲਾ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਤੂੰ ਇਹ ਕੀ ਕਰਨ ਲੱਗ ਗਿਆ, ਤਾਂ ਅੱਗੋਂ ਅਮਨਪ੍ਰੀਤ ਦਾ ਕਹਿਣਾ ਸੀ

ਜੇਕਰ ਬੰਦਾ ਕੰਮ ਕਰਨ ਵਿੱਚ ਸ਼ਰਮ ਕਰਨ ਲੱਗ ਜਾਵੇਗਾ ਤਾਂ ਉਹ ਕੀ ਕਮਾਵੇਗਾ ਤੇ ਖਾਵੇਗਾ

ਜਿਨ੍ਹਾਂ ਦੀ ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹ ਇਸ ਤਰ੍ਹਾਂ ਟਰਾਲੀ ਵਿੱਚ ਕਿੰਨੂੰ ਰੱਖ ਕੇ ਮਾਰਕੀਟਿੰਗ ਕਰਨ ਲੱਗੇ ਜਿਸ ਨਾਲ ਪਹਿਲੇ ਹੀ ਦਿਨ ਜਿਸ ਗੱਲ ਦੀ ਆਸ ਵੀ ਨਹੀਂ ਸੀ ਉਹ ਗੱਲ ਹੋ ਗਈ, ਉਹਨਾਂ ਦਾ ਕਿੰਨੂੰ ਲੋਕਾਂ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਕਿ ਭਰੀ ਹੋਈ ਟਰਾਲੀ ਸ਼ਾਮ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਅਤੇ ਉਹ ਬਹੁਤ ਖੁਸ਼ ਹੋਏ।

ਫਿਰ ਉਹਨਾਂ ਨੇ ਅਗਲੇ ਦਿਨ ਕਿੰਨੂੰ ਟਰਾਲੀ ਦੇ ਵਿੱਚ ਰੱਖ ਕੇ ਲੈ ਗਏ ਤੇ ਕੀ ਦੇਖਦੇ ਹਨ ਕਿ ਉਹਨਾਂ ਦੇ ਗ੍ਰਾਹਕ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਸ ਦਿਨ ਵੀ ਉਸ ਤਰ੍ਹਾਂ ਹੀ ਹੋਇਆ ਅਤੇ ਹੌਲੀ-ਹੌਲੀ ਸਿੱਧੇ ਤੌਰ ‘ਤੇ ਮਾਰਕੀਟਿੰਗ ਕਰਨ ਦੇ ਕੁਝ ਸਥਾਨ ਨਿਸ਼ਚਿਤ ਕਰ ਲਏ ਅਤੇ ਉੱਥੇ ਜਾ ਕੇ ਕਿੰਨੂੰ ਦਾ ਮੰਡੀਕਰਨ ਕਰਦੇ ਹਨ।

ਅੱਜ ਮੰਡੀਕਰਨ ਦਾ ਪ੍ਰਸਾਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਜਦੋਂ ਆਪਣੇ ਸਮੇਂ ਉੱਤੇ ਘਰ ਕਿੰਨੂੰ ਵੇਚ ਕੇ ਵਾਪਿਸ ਆਉਂਦੇ ਹਨ ਤਾਂ ਲੋਕ ਰਾਸਤੇ ਵਿੱਚ ਰੋਕ ਕੇ ਕਿੰਨੂੰ ਦੀ ਮੰਗ ਕਰਦੇ ਹਨ। ਜਿਸ ਨਾਲ ਅੱਜ ਉਹ ਚੰਗਾ ਮੁਨਾਫ਼ਾ ਕਮਾ ਰਹੇ ਹਨ। ਜਿਸ ਦੀ ਮੰਗ ਵੱਡੇ-ਵੱਡੇ ਸ਼ਹਿਰ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਵਿਖੇ ਬਹੁਤ ਹੀ ਵੱਡੇ ਪੱਧਰ ਉੱਤੇ ਹੈ ਅਤੇ ਅੱਜ ਉਹ ਖੁਸ਼ ਵੀ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਤੂੰ ਉਸ ਜ਼ਮੀਨ ਉੱਤੇ ਬਾਗ ਨਹੀਂ ਲਗਾ ਸਕਦਾ ਉਸ ਵਿੱਚ ਵੱਡੇ ਪੱਧਰ ‘ਤੇ ਬਾਗ ਲਗਾ ਕੇ ਸਫਲਤਾ ਹਾਸਿਲ ਕੀਤੀ।

ਇਸ ਤਰ੍ਹਾਂ 2020 ਦੇ ਵਿੱਚ ਉਹ ਕਾਮਯਾਬ ਹੋਏ ਜਿੱਥੇ ਮੁਨਾਫ਼ਾ ਕਮਾ ਰਹੇ ਹਨ।

ਇਸ ਦੇ ਨਾਲ ਉਨ੍ਹਾਂ ਨੂੰ 2018 ਦੇ ਵਿੱਚ ਸਰਦਾਰ ਸਵਰਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਜੋ ਕਿ ਸਰਦਾਰ ਬਲਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC) ਵੱਲੋਂ ਜ਼ਿਲ੍ਹੇ ਦੇ ਵਿੱਚ ਘੱਟ ਏਕੜ ਵਿੱਚ ਜਿਆਦਾ ਮੁਨਾਫ਼ਾ ਕਮਾਉਣ ਵਜੋਂ ਨਿਵਾਜਿਆ ਗਿਆ ਸੀ।

ਇਸ ਦੇ ਨਾਲ ਉਹਨਾਂ ਨੇ ਇਕ ਹੋਰ ਕੰਮ ਵਿਚ ਸਫਲਤਾ ਹਾਸਿਲ ਕੀਤੀ ਹੈ, 2020 ਵਿੱਚ ਉਹਨਾਂ ਨੇ ਜਦੋਂ ਕਿੰਨੂੰ ਨੂੰ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਜਾਣਾ ਸ਼ੁਰੂ ਕੀਤਾ ਸੀ ਤਾਂ ਘਰ ਉਸ ਸਾਲ ਮੱਕੀ ਹੋਈ ਸੀ ਤਾਂ ਉਸ ਦਾ ਆਟਾ ਪੀਸਾ ਕੇ ਟਰਾਲੀ ਦੇ ਵਿੱਚ ਰੱਖ ਲਿਆ ਅਤੇ ਉਹ ਵੀ ਨਾਲ ਨਾਲ ਵੇਚਣ ਲੱਗੇ।

ਭਵਿੱਖ ਦੀ ਯੋਜਨਾ

ਉਹ ਰਵਾਇਤੀ ਖੇਤੀ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਕੇ ਪੂਰੀ ਜ਼ਮੀਨ ਦੇ ਵਿੱਚ ਜੋ ਕਿ ਉਨ੍ਹਾਂ ਕੋਲ ਪੰਜਾਬ ਅਤੇ ਰਾਜਸਥਾਨ ਵਿਖੇ ਹੈ, ਹੋਰ ਵੱਡੇ ਪੱਧਰ ਉੱਤੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਹਰ ਇੱਕ ਕਿਸਾਨ ਨੂੰ ਚਾਹੀਦਾ ਹੈ ਜੇਕਰ ਉਹ ਖੇਤੀ ਕਰ ਕਰਦਾ ਹੈ ਤਾਂ ਉਸਨੂੰ ਖੁਦ ਹੀ ਆਪਣੇ ਪੱਧਰ ‘ਤੇ ਸਿੱਧੇ ਤੌਰ ਉੱਤੇ ਜਾ ਕੇ ਮਾਰਕੀਟਿੰਗ ਕਰਨੀ ਚਾਹੀਦੀ ਹੈ, ਤਾਂ ਹੀ ਇੱਕ ਕਿਸਾਨ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਕਰ ਸਕਦਾ ਹੈ।

ਅਮਿਤੇਸ਼ ਤ੍ਰਿਪਾਠੀ ਅਤੇ ਅਰੁਣੇਸ਼ ਤ੍ਰਿਪਾਠੀ

ਪੂਰੀ ਕਹਾਣੀ ਪੜ੍ਹੋ

ਆਪਣੇ ਪਿਤਾ ਦੇ ਕੇਲੇ ਦੀ ਖੇਤੀ ਦੇ ਪੇਸ਼ੇ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰ ਰਹੇ ਦੋ ਭਰਾਵਾਂ ਦੀ ਕਹਾਣੀ

ਕਿਹਾ ਜਾਂਦਾ ਹੈ ਕਿ ਜੇਕਰ ਪਰਿਵਾਰ ਦਾ ਸਾਥ ਹੋਵੇ ਤਾਂ ਇਨਸਾਨ ਸਭ ਕੁੱਝ ਕਰ ਸਕਦਾ ਹੈ, ਫਿਰ ਚਾਹੇ ਉਹ ਕੁੱਝ ਨਵਾਂ ਕਰਨ ਬਾਰੇ ਹੋਵੇ ਜਾਂ ਫਿਰ ਪਹਿਲੇ ਤੋਂ ਸ਼ੁਰੂ ਕੀਤੇ ਕਿਸੇ ਕੰਮ ਨੂੰ ਸਫਲਤਾ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਗੱਲ ਹੋਵੇ।

ਇਹੋ ਜਿਹੀ ਹੀ ਇੱਕ ਕਹਾਣੀ ਹੈ ਦੋ ਭਰਾਵਾਂ ਦੀ ਜਿਹਨਾਂ ਨੇ ਵਿਰਾਸਤ ਵਿੱਚ ਮਿਲੀ ਕੇਲੇ ਦੀ ਖੇਤੀ ਨੂੰ ਸਫਲਤਾ ਦੇ ਮੁਕਾਮ ਤੱਕ ਪਹੁੰਚਾਉਣ ਲਈ ਖ਼ੂਬ ਮਿਹਨਤ ਕੀਤੀ ਅਤੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ। ਆਪਣੇ ਪਿਤਾ ਹਰੀ ਸਹਾਏ ਤ੍ਰਿਪਾਠੀ ਵੱਲੋਂ ਸ਼ੁਰੂ ਕੀਤੀ ਕੇਲੇ ਦੀ ਖੇਤੀ ਕਰਦੇ ਹੋਏ ਦੋਵਾਂ ਭਰਾਵਾਂ ਨੇ ਆਪਣੀ ਮਿਹਨਤ ਨਾਲ ਪੂਰੇ ਸ਼ਹਿਰ ਵਿੱਚ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ।

ਉੱਤਰ ਪ੍ਰਦੇਸ਼ ਵਿੱਚ ਬੇਹਰਾਇਚ ਦੇ ਰਹਿਣ ਵਾਲੇ ਅਮਿਤੇਸ਼ ਅਤੇ ਅਰੁਣੇਸ਼ ਦੇ ਪਿਤਾ ਪਿੰਡ ਦੇ ਪ੍ਰਧਾਨ ਸਨ ਅਤੇ ਆਪਣੀ 65 ਬਿੱਘੇ ਜ਼ਮੀਨ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਕੇਲੇ ਦੀ ਖੇਤੀ (ਟਿਸ਼ੂ ਕਲਚਰ) ਵੀ ਕਰਦੇ ਸਨ। ਆਪਣੇ ਪਿੰਡ ਵਿੱਚ ਕੇਲੇ ਦੀ ਖੇਤੀ ਸ਼ੁਰੂ ਕਰਨ ਵਾਲੇ ਪਹਿਲੇ ਕਿਸਾਨ ਤ੍ਰਿਪਾਠੀ ਜੀ ਸਨ। ਉਸ ਸਮੇਂ ਦੋਨੋਂ ਭਰਾ (ਅਮਿਤੇਸ਼ ਅਤੇ ਅਰੁਣੇਸ਼) ਪੜ੍ਹਾਈ ਕਰਦੇ ਸਨ। ਅਮਿਤੇਸ਼ (ਵੱਡਾ ਭਰਾ) B.Sc ਐਗਰੀਕਲਚਰ ਦੀ ਪੜ੍ਹਾਈ ਕਰਕੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਅਰੁਣੇਸ਼ (ਛੋਟਾ ਭਰਾ) ਵੀ B.Sc ਬਾਇਓਲੋਜੀ ਦੀ ਪੜ੍ਹਾਈ ਦੇ ਨਾਲ SSC ਦੀ ਤਿਆਰੀ ਕਰ ਰਹੇ ਹਨ। ਇਸੇ ਸਮੇਂ ਦੌਰਾਨ ਹਰੀ ਸਹਾਏ ਤ੍ਰਿਪਾਠੀ ਜੀ ਦਾ ਦੇਹਾਂਤ ਹੋ ਗਿਆ।

ਇਸ ਔਖੇ ਸਮੇਂ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਦੋਨੋਂ ਭਰਾ ਆਪਣੇ ਪਿੰਡ ਵਾਪਸ ਆ ਗਏ। ਪਿੰਡ ਦੇ ਪ੍ਰਧਾਨ ਹੋਣ ਕਾਰਨ, ਪਿੰਡ ਦੇ ਲੋਕਾਂ ਨੇ ਤ੍ਰਿਪਾਠੀ ਜੀ ਦੇ ਵੱਡੇ ਪੁੱਤਰ ਅਮਿਤੇਸ਼ ਨੂੰ ਪਿੰਡ ਦਾ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੁਆਰਾ ਸ਼ੁਰੂ ਕੀਤੀ ਕੇਲੇ ਦੀ ਖੇਤੀ ਨੂੰ ਵੀ ਸਾਂਭਣ ਦਾ ਫੈਸਲਾ ਕੀਤਾ। ਪਰ ਇਸ ਸਮੇਂ ਦੌਰਾਨ ਪਿੰਡ ਵਿੱਚ ਤੂਫ਼ਾਨ ਆਉਣ ਕਾਰਨ ਪਹਿਲਾ ਤੋਂ ਲੱਗੀ ਕੇਲੇ ਦੀ ਸਾਰੀ ਫ਼ਸਲ ਨੁਕਸਾਨੀ ਗਈ। ਇਸ ਮੁਸ਼ਕਿਲ ਦੀ ਘੜੀ ਵਿੱਚ ਦੋਨਾਂ ਭਰਾਵਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰ ਦੁਆਰਾ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮਿਲ ਗਿਆ।

ਇਸ ਹਾਦਸੇ ਤੋਂ ਬਾਅਦ ਦੋਨਾਂ ਨੇ ਇਸ ਮੁਆਵਜ਼ੇ ਦੀ ਰਾਸ਼ੀ ਨਾਲ ਇੱਕ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਦੋਨਾਂ ਨੇ ਆਪਣੇ ਪਿਤਾ ਵੱਲੋਂ ਲਗਾਈ ਜਾਂਦੀ ਕੇਲੇ ਦੀ G9 ਕਿਸਮ ਲਗਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੀ 30 ਬਿੱਘੇ ਜ਼ਮੀਨ ਵਿੱਚ ਕੇਲੇ ਦੀ ਖੇਤੀ ਸ਼ੁਰੂ ਕੀਤੀ ਅਤੇ ਬਾਕੀ 35 ਬਿੱਘੇ ਵਿੱਚ ਰਵਾਇਤੀ ਖੇਤੀ ਜਾਰੀ ਰੱਖੀ।

ਇਸ ਦੌਰਾਨ ਜਿੱਥੇ ਵੀ ਕੋਈ ਦਿੱਕਤ ਆਈ ਅਸੀਂ ਕੇਲੇ ਦੀ ਖੇਤੀ ਦੇ ਮਾਹਿਰਾਂ ਤੋਂ ਸਲਾਹ ਲੈ ਕੇ ਮੁਸ਼ਕਿਲਾਂ ਦਾ ਹੱਲ ਕੀਤਾ। – ਅਰੁਣੇਸ਼ ਤ੍ਰਿਪਾਠੀ

ਦੋਨਾਂ ਭਰਾਵਾਂ ਦੁਆਰਾ ਕੀਤੀ ਇਸ ਨਵੀਂ ਸ਼ੁਰੂਆਤ ਦੇ ਕਾਰਨ ਉਹਨਾਂ ਦੀ ਫ਼ਸਲ ਦਾ ਉਤਪਾਦਨ ਕਾਫੀ ਵਧੀਆ ਹੋਇਆ, ਜੋ ਕਿ ਲਗਭਗ 1 ਲੱਖ ਪ੍ਰਤੀ ਬਿੱਘਾ ਸੀ। ਉਹਨਾਂ ਦੇ ਖੇਤ ਵਿੱਚ ਤਿਆਰ ਹੋਈ ਕੇਲੇ ਦੀ ਫ਼ਸਲ ਦੀ ਗੁਣਵੱਤਾ ਕਾਫੀ ਵਧੀਆ ਸੀ, ਜਿਸ ਦੇ ਸਿੱਟੇ ਵਜੋਂ ਕਈ ਕੰਪਨੀਆਂ ਵਾਲੇ ਉਨ੍ਹਾਂ ਨਾਲ ਸਿੱਧਾ ਵਪਾਰ ਕਰਨ ਲਈ ਸੰਪਰਕ ਕਰਨ ਲੱਗੇ।

ਕੇਲਾ ਸਦਾਬਹਾਰ, ਪੋਸ਼ਟਿਕ ਫਲ ਹੈ। ਕੇਲੇ ਦੀ ਮਾਰਕੀਟਿੰਗ ਕਰਨ ਵਿੱਚ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ, ਕਿਉਂਕਿ ਵਪਾਰੀ ਸਿੱਧੇ ਸਾਡੇ ਖੇਤ ਵਿੱਚ ਆ ਕੇ ਕੇਲੇ ਲੈ ਜਾਂਦੇ ਹਨ। ਕੇਲੇ ਦੀ ਖੇਤੀ ਦੇ ਨਾਲ-ਨਾਲ ਅਸੀਂ ਕਣਕ ਦੀ ਪੈਦਾਵਾਰ ਵੀ ਵੱਡੇ ਪੱਧਰ ‘ਤੇ ਕਰਦੇ ਹਾਂ। – ਅਮਿਤੇਸ਼ ਤ੍ਰਿਪਾਠੀ

ਦੋਨਾਂ ਭਰਾਵਾਂ ਨੇ ਆਪਣੀ ਮਿਹਨਤ ਅਤੇ ਸੋਚ-ਸਮਝ ਦੇ ਨਾਲ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਕੇਲੇ ਦੀ ਖੇਤੀ ਦੇ ਕਾਰੋਬਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਦੇ ਸੁਪਨੇ ਨੂੰ ਸੱਚ ਕਰ ਦਿਖਾਇਆ।

ਕਿਸਾਨ ਹੋਣ ਦੇ ਨਾਲ-ਨਾਲ ਅਮਿਤੇਸ਼ ਪਿੰਡ ਦੇ ਪ੍ਰਧਾਨ ਹੋਣ ਨਾਤੇ ਆਪਣੇ ਫ਼ਰਜ਼ਾਂ ਨੂੰ ਵੀ ਪੂਰੇ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਸੇ ਕਾਰਨ ਪੂਰੇ ਸ਼ਹਿਰ ਦੇ ਚੰਗੇ ਕਿਸਾਨਾਂ ਵਿੱਚ ਦੋਨਾਂ ਭਰਾਵਾਂ ਦਾ ਨਾਮ ਕਾਫੀ ਮਸ਼ਹੂਰ ਹੈ।

ਭਵਿੱਖ ਦੀ ਯੋਜਨਾ

ਆਉਣ ਵਾਲੇ ਸਮੇਂ ਵਿੱਚ ਦੋਵੇਂ ਭਰਾ ਮਿਲ ਕੇ ਆਪਣੀ ਫੈਕਟਰੀ ਲਗਾ ਕੇ ਕੇਲੇ ਦੇ ਪੌਦੇ ਆਪ ਤਿਆਰ ਕਰਨਾ ਚਾਹੁੰਦੇ ਹਨ ਅਤੇ ਆਪਣੇ ਪਿਤਾ ਵਾਂਗ ਇੱਕ ਸਫਲ ਕਿਸਾਨ ਬਣਨਾ ਚਾਹੁੰਦੇ ਹਨ।

ਸੰਦੇਸ਼
“ਜੇਕਰ ਅਸੀਂ ਰਵਾਇਤੀ ਖੇਤੀ ਦੇ ਨਾਲ-ਨਾਲ ਖੇਤੀ ਖੇਤਰ ਵਿੱਚ ਕੁੱਝ ਅਲੱਗ ਕਰਦੇ ਹਾਂ ਤਾਂ ਅਸੀਂ ਖੇਤੀ ਤੋਂ ਵੀ ਵਧੀਆ ਮੁਨਾਫ਼ਾ ਲੈ ਸਕਦੇ ਹਾਂ। ਸਾਡੀ ਨੌਜਵਾਨ ਪੀੜ੍ਹੀ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਸੋਚ-ਸਮਝ ਨਾਲ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਘਾਟੇ ਦਾ ਸੌਦਾ ਕਹੀ ਜਾਣ ਵਾਲੀ ਖੇਤੀ ਤੋਂ ਵੀ ਵਧੀਆ ਮੁਨਾਫ਼ਾ ਲਿਆ ਜਾ ਸਕੇ।”

ਰਜਿੰਦਰ ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ ਦੀ ਕਹਾਣੀ, ਜਿਸਨੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਬੁੱਧੀਮਾਨੀ ਨਾਲ ਜੈਵਿਕ ਖੇਤੀ ਦੇ ਰਸਤੇ ਨੂੰ ਚੁਣਿਆ

ਕੁਦਰਤ ਸਾਡੇ ਸਾਰੇ ਮਹਾਨ ਸਿੱਖਿਅਕਾਂ ਵਿੱਚੋਂ ਇੱਕ ਹੈ ਅਤੇ ਇਹ ਸਾਨੂੰ ਹਰੇਕ ਜ਼ਰੂਰਤ-ਮੰਦ ਚੀਜ਼ ਸਿਖਾਉਂਦੀ ਹੈ। ਅੱਜ ਅਸੀਂ ਧਰਤੀ ‘ਤੇ ਇਸ ਤਰੀਕੇ ਨਾਲ ਰਹਿ ਰਹੇ ਹਾਂ, ਜਿਵੇਂ ਸਾਡੇ ਕੋਲ ਇੱਕ ਹੋਰ ਗ੍ਰਹਿ ਵੀ ਹੋਵੇ। ਅਸੀਂ ਇਸ ਗੱਲ ਤੋਂ ਜਾਣੂ ਨਹੀਂ ਹਾਂ ਕਿ ਅਸੀਂ ਕਿਵੇਂ ਕੁਦਰਤ ਦੇ ਸੰਤੁਲਨ ਨੂੰ ਖਰਾਬ ਕਰ ਰਹੇ ਹਾਂ ਅਤੇ ਇਸਦੇ ਸਾਡੇ ‘ਤੇ ਕੀ ਬੁਰੇ ਪ੍ਰਭਾਵ ਪੈ ਸਕਦੇ ਹਨ? ਅੱਜ-ਕੱਲ੍ਹ ਅਸੀਂ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ, ਅਸਮਾਨਤਾਵਾਂ ਅਤੇ ਕਮੀਆਂ ਦੇ ਕਈ ਮਾਮਲੇ ਦੇਖ ਰਹੇ ਹਾਂ। ਪਰ ਫਿਰ ਵੀ ਜ਼ਿਆਦਾਤਰ ਲੋਕ ਗਲਤੀਆਂ ਦੀ ਪਹਿਚਾਣ ਕਰਨ ਵਿੱਚ ਸਮਰੱਥ ਨਹੀਂ ਹਨ। ਉਹ ਅੱਖਾਂ ‘ਤੇ ਪੱਟੀ ਬੰਨ੍ਹ ਕੇ ਬੈਠੇ ਹਨ, ਜਿਵੇਂ ਕਿ ਕੁੱਝ ਗਲਤ ਹੋ ਹੀ ਨਹੀਂ ਰਿਹਾ। ਪਰ ਇਨ੍ਹਾਂ ਵਿੱਚੋਂ ਕੁੱਝ ਲੋਕ ਐਸੇ ਹਨ, ਜੋ ਕਿ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ ਅਤੇ ਸਮਾਜ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਕਿਹਾ ਜਾਂਦਾ ਹੈ ਕਿ ਗਲਤੀਆਂ ਵਿੱਚ ਸਾਨੂੰ ਪਹਿਲਾਂ ਨਾਲੋਂ ਚੰਗਾ ਬਣਾਉਣ ਦੀ ਸ਼ਕਤੀ ਹੁੰਦੀ ਹੈ ਅਤੇ ਇੱਕ ਅਜਿਹੇ ਵਿਅਕਤੀ ਹਨ, ਰਜਿੰਦਰ ਪਾਲ ਸਿੰਘ, ਜੋ ਕਿ ਬਿਹਤਰ ਦਿਸ਼ਾ ਵਿੱਚ ਆਪਣਾ ਰਸਤਾ ਬਣਾ ਰਹੇ ਹਨ ਅਤੇ ਅੱਜ ਉਹ ਜੈਵਿਕ ਖੇਤੀ ਦੇ ਖੇਤਰ ਵਿੱਚ ਇੱਕ ਸਫ਼ਲ ਸ਼ਖਸੀਅਤ ਹਨ। ਉਨ੍ਹਾਂ ਦੇ ਉਤਪਾਦਾਂ ਦੀ ਪ੍ਰਸੰਸਾ ਅਤੇ ਮੰਗ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਕਨੇਡਾ ਅਤੇ ਇੱਥੋਂ ਤੱਕ ਕਿ ਲੰਡਨ ਦੇ ਸ਼ਾਹੀ ਪਰਿਵਾਰਾਂ ਵਿੱਚ ਵੀ ਹੈ।

ਇੱਕ ਸਫ਼ਲ ਯਾਤਰਾ ਪਿੱਛੇ ਇੱਕ ਕਹਾਣੀ ਹੁੰਦੀ ਹੈ। ਰਜਿੰਦਰ ਪਾਲ ਸਿੰਘ, ਜ਼ਿਲ੍ਹਾ ਬਠਿੰਡਾ ਦੇ ਪਿੰਡ ਕਲਾਲਵਾਲਾ ਦੇ ਨਿਵਾਸੀ ਹਨ। ਉਹ ਕਿਸੇ ਵੇਲੇ ਇੱਕ ਅਜਿਹੇ ਕਿਸਾਨ ਸਨ, ਜੋ ਰਵਾਇਤੀ ਖੇਤੀ ਕਰਦੇ ਸਨ, ਪਰ ਰਸਾਇਣਾਂ ਅਤੇ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਰਸਾਇਣਾਂ ਦੀ ਵਰਤੋਂ ਕਰਕੇ ਵਾਤਾਵਰਨ ਅਤੇ ਸਿਹਤ ਦੋਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਉਹ ਫ਼ਸਲਾਂ ‘ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸੀ, ਪਰ ਇੱਕ ਦਿਨ ਉਸ ਸਪਰੇਅ ਨੇ ਉਨ੍ਹਾਂ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਅਜਿਹਾ ਹੀ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਵੀ ਹੋਇਆ। ਉਸ ਦਿਨ ਤੋਂ ਉਨ੍ਹਾਂ ਨੇ ਰਸਾਇਣਾਂ ਦੀ ਵਰਤੋਂ ਕਰਨੀ ਛੱਡ ਕੇ ਖੇਤੀਬਾੜੀ ਲਈ ਜੈਵਿਕ ਤਰੀਕਾ ਅਪਨਾਇਆ।

ਸ਼ੁਰੂਆਤ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਚਾਚਾ ਜੀ ਨੇ 4 ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਫਿਰ ਹੌਲੀ-ਹੌਲੀ ਇਸ ਖੇਤਰ ਨੂੰ ਵਧਾਇਆ। 2001 ਵਿੱਚ ਉਹ ਉਤਰ ਪ੍ਰਦੇਸ਼ ਤੋਂ ਗੁਲਾਬ ਦੇ ਪੌਦੇ ਖਰੀਦ ਕੇ ਲਿਆਏ ਅਤੇ ਉਦੋਂ ਤੋਂ ਉਹ ਬਾਕੀ ਫ਼ਸਲਾਂ ਦੇ ਨਾਲ-ਨਾਲ ਗੁਲਾਬ ਦੀ ਖੇਤੀ ਵੀ ਕਰ ਰਹੇ ਹਨ। ਉਨ੍ਹਾਂ ਨੇ ਜੈਵਿਕ ਖੇਤੀ ਲਈ ਕੋਈ ਟ੍ਰੇਨਿੰਗ ਨਹੀਂ ਲਈ। ਉਨ੍ਹਾਂ ਦੇ ਚਾਚਾ ਜੀ ਨੇ ਕਿਤਾਬਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਜੈਵਿਕ ਖੇਤੀ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਇਸ ਸਮੇਂ ਉਹ ਆਪਣੇ ਸੰਪੂਰਨ ਪਰਿਵਾਰ, ਆਪਣੀ ਪਤਨੀ, ਬੱਚੇ, ਚਾਚਾ, ਚਾਚੀ ਅਤੇ ਭਰਾਵਾਂ ਨਾਲ ਰਹਿ ਰਹੇ ਹਨ ਅਤੇ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਆਪਣੇ ਪਰਿਵਾਰ ਸਿਰ ਸਜਾਉਂਦੇ ਹਨ।

ਉਹ ਬਠਿੰਡਾ ਦੇ ਮਾਲਵਾ ਖੇਤਰ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਜੈਵਿਕ ਖੇਤੀ ਨੂੰ ਚੁਣਿਆ। ਜਦੋਂ ਉਨ੍ਹਾਂ ਨੇ ਜੈਵਿਕ ਖੇਤੀ ਸ਼ੁਰੂ ਕੀਤੀ, ਉਸ ਵੇਲੇ ਉਨ੍ਹਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਨਿਰਾਸ਼ ਵੀ ਕੀਤਾ ਕਿ ਉਹ ਸਿਰਫ਼ ਪੈਸਾ ਬਰਬਾਦ ਕਰ ਰਹੇ ਹਨ, ਪਰ ਅੱਜ ਉਨ੍ਹਾਂ ਦੇ ਉਤਪਾਦ ਅਡਵਾਂਸ ਬੁਕਿੰਗ ਵਿੱਚ ਵਿਕ ਰਹੇ ਹਨ ਅਤੇ ਉਹ ਪੰਜਾਬ ਦੇ ਪਹਿਲੇ ਕਿਸਾਨ ਵੀ ਹਨ, ਜਿਨ੍ਹਾਂ ਨੇ ਆਪਣੇ ਫਾਰਮ ‘ਤੇ ਗੁਲਾਬ ਦਾ ਤੇਲ ਬਣਾਇਆ ਅਤੇ 2010 ਵਿੱਚ ਫਤਿਹਗੜ੍ਹ ਸਾਹਿਬ ਦੇ ਸਮਾਰੋਹ ਵਿੱਚ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਨੂੰ ਦਿੱਤਾ।

ਉਹ ਜੋ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਫੁੱਲਾਂ ਦਾ ਰਾਜਾ ਹੋਣ ਦਾ ਟਾਈਟਲ ਵੀ ਮਿਲਿਆ ਹੈ। ਉਨ੍ਹਾਂ ਕੋਲ ਗੁਲਾਬ ਦੀ ਸਭ ਤੋਂ ਚੰਗੀ ਕਿਸਮ ਹੈ, ਜਿਸਨੂੰ Damascus ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ 6 ਏਕੜ ਵਿੱਚ ਫੈਲੇ ਗੁਲਾਬਾਂ ਦੀ ਖੁਸ਼ਬੋ ਕੁੱਝ ਦੂਰੀ ਤੋਂ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੇ ਆਪਣੇ ਫਾਰਮ ‘ਤੇ ਤੇਲ ਕੱਢਣ ਦਾ ਪ੍ਰੋਜੈੱਕਟ ਵੀ ਸਥਾਪਿਤ ਕੀਤਾ ਹੈ, ਜਿੱਥੇ ਉਹ ਆਪਣੇ ਖੇਤ ਦੇ ਗੁਲਾਬਾਂ ਤੋਂ ਤੇਲ ਤਿਆਰ ਕਰਦੇ ਹਨ। ਗੁਲਾਬ ਦੀ ਖੇਤੀ ਤੋਂ ਇਲਾਵਾ ਉਹ ਮੂੰਗ ਦਾਲ, ਮਸਰ, ਮੱਕੀ, ਸੋਇਆਬੀਨ, ਮੂੰਗਫਲੀ, ਚਨੇ, ਕਣਕ, ਬਾਸਮਤੀ, ਗੁਆਰੇ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਕਰਦੇ ਹਨ। ਉਹ 12 ਏਕੜ ਵਿੱਚ ਬਾਸਮਤੀ ਅਤੇ ਬਾਕੀ ਦੀ ਜ਼ਮੀਨ ‘ਤੇ ਉਪਰੋਕਤ ਫ਼ਸਲਾਂ ਉਗਾਉਂਦੇ ਹਨ।

ਰਜਿੰਦਰ ਪਾਲ ਸਿੰਘ ਜਿਹੜੇ ਗੁਲਾਬਾਂ ਦੀ ਖੇਤੀ ਕਰਦੇ ਹਨ, ਉਹ ਸਾਲ ਵਿੱਚ ਇੱਕ ਵਾਰ ਹੀ ਦਸੰਬਰ ਮਹੀਨੇ ਵਿੱਚ ਖਿਲਦੇ ਹਨ ਅਤੇ ਇਨ੍ਹਾਂ ਦੀ ਕਟਾਈ ਮਾਰਚ ਅਤੇ ਅਪ੍ਰੈਲ ਤੱਕ ਪੂਰੀ ਕਰ ਲਈ ਜਾਂਦੀ ਹੈ। ਇੱਕ ਏਕੜ ਖੇਤ ਵਿੱਚ ਗੁਲਾਬਾਂ ਦੀ ਪੈਦਾਵਾਰ 12 ਤੋਂ 18 ਕੁਇੰਟਲ ਹੁੰਦੀ ਹੈ ਅਤੇ ਅੱਜ ਇੱਕ ਏਕੜ ਗੁਲਾਬ ਦੇ ਖੇਤਰ ‘ਚੋਂ ਉਹ 1.25 ਲੱਖ ਰੁਪਏ ਦਾ ਮੁਨਾਫ਼ਾ ਲੈ ਰਹੇ ਹਨ। ਉਨ੍ਹਾਂ ਦੇ ਉਤਪਾਦਾਂ ਦੀ ਮੰਗ ਅਮਰੀਕਾ, ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦੁਆਰਾ ਬਣਾਏ ਗਏ ਗੁਲਾਬ ਦੇ ਤੇਲ ਨੂੰ ਨਿਰਯਾਤਕਾਂ ਦੁਆਰਾ ਵਧੀਆ ਕੀਮਤ ‘ਤੇ ਖਰੀਦਿਆ ਜਾਂਦਾ ਹੈ,ਕੇਵਲ ਇਸ ਲਈ ਕਿਉਂਕਿ ਇਹ ਤੇਲ ਸ਼ੁੱਧ ਅਤੇ ਜੈਵਿਕ ਗੁਲਾਬਾਂ ਤੋਂ ਬਣਿਆ ਹੁੰਦਾ ਹੈ। ਬਾਕੀ ਮੌਸਮ ਵਿੱਚ ਉਹ ਗੁਲਾਬ ਦੀਆਂ ਹੋਰ ਕਿਸਮਾਂ ਉਗਾਉਂਦੇ ਹਨ ਅਤੇ ਉਨ੍ਹਾਂ ਤੋਂ ਗੁਲਕੰਦ ਤਿਆਰ ਕਰਕੇ ਨਜ਼ਦੀਕੀ ਗਰੌਸਰੀ ਸਟੋਰਾਂ ‘ਤੇ ਵੇਚਦੇ ਹਨ। ਗੁਲਾਬ ਦਾ ਤੇਲ, ਗੁਲਾਬ-ਜਲ ਅਤੇ ਗੁਲਕੰਦ ਤੋਂ ਇਲਾਵਾ ਉਹ ਹੋਰ ਫ਼ਸਲਾਂ ਜਿਵੇਂ ਕਿ ਜੈਵਿਕ ਮਸਰ, ਕਣਕ, ਮੱਕੀ, ਝੋਨਾ ਆਦਿ ਵੀ ਵੇਚਦੇ ਹਨ। ਸਾਰੇ ਉਤਪਾਦ ਉਨ੍ਹਾਂ ਦੁਆਰਾ ਖੁਦ ਤਿਆਰ ਕੀਤੇ ਜਾਂਦੇ ਹਨ ਅਤੇ ਭਾਕਰ ਜੈਵਿਕ ਫਾਰਮ ਬ੍ਰੈਂਡ ਦੇ ਨਾਮ ਹੇਠਾਂ ਵੇਚੇ ਜਾਂਦੇ ਹਨ।

ਅੱਜ ਦੇ ਸਮੇਂ ਵਿੱਚ ਰਜਿੰਦਰ ਪਾਲ ਸਿੰਘ ਜੀ ਜੈਵਿਕ ਖੇਤੀ ਨਾਲ ਬਹੁਤ ਸੰਤੁਸ਼ਟ ਹਨ। ਬੇਸ਼ੱਕ ਉਨ੍ਹਾਂ ਦੀਆਂ ਫ਼ਸਲਾਂ ਦੀ ਉਪਜ ਘੱਟ ਹੁੰਦੀ ਹੈ, ਪਰ ਉਨ੍ਹਾਂ ਦੇ ਉਤਪਾਦਾਂ ਦੀ ਕੀਮਤ, ਰਵਾਇਤੀ ਢੰਗ ਨਾਲ ਉਗਾਈਆਂ ਬਾਕੀ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਉਹ ਆਪਣੇ ਖੇਤਾਂ ਵਿੱਚ ਸਿਰਫ਼ ਗਾਂ ਦੇ ਗੋਬਰ ਅਤੇ ਨਦੀ ਦੇ ਪਾਣੀ ਦੀ ਵਰਤੋਂ ਕਰਦੇ ਹਨ ਅਤੇ ਬਜ਼ਾਰ ਤੋਂ ਕਿਸੇ ਵੀ ਤਰ੍ਹਾਂ ਦੀ ਖਾਦ ਜਾਂ ਕੰਪੋਸਟ ਨਹੀਂ ਖਰੀਦਦੇ। ਜੇਵਿਕ ਖੇਤੀ ਕਰਕੇ ਉਹ ਮਿੱਟੀ ਦੇ ਪੋਸ਼ਕ ਤੱਤ ਅਤੇ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਮਰੱਥ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਆਪਣੇ ਉਤਪਾਦਾਂ ਦੇ ਮੰਡੀਕਰਨ ਵਿੱਚ ਛੋਟੀ ਜਿਹੀ ਸਮੱਸਿਆ ਦਾ ਸਾਹਮਣਾ ਕੀਤਾ, ਪਰ ਜਲਦੀ ਹੀ ਲੋਕਾਂ ਨੇ ਉਨ੍ਹਾਂ ਦੇ ਉਤਪਾਦਾਂ ਦੀ ਕੁਆਲਿਟੀ ਨੂੰ ਮਾਨਤਾ ਦਿੱਤੀ। ਫਿਰ ਉਨ੍ਹਾਂ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕੀਤੀ ਅਤੇ ਉਹ ਜੈਵਿਕ ਖੇਤੀ ਕਾਰਨ ਆਪਣੀਆਂ ਫ਼ਸਲਾਂ ਵਿੱਚ ਬਹੁਤ ਹੀ ਘੱਟ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।

ਪੁਰਸਕਾਰਾਂ ਅਤੇ ਪ੍ਰਾਪਤੀਆਂ
ATMA ਸਕੀਮ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ ਅਤੇ ਦੇਸ਼ ਦੇ ਹੋਰਾਂ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਪ੍ਰੇਰਣਾਸ੍ਰੋਤ ਦੇ ਤੌਰ ‘ਤੇ ਪੇਸ਼ ਕੀਤਾ। ਉਹ ਭੂਮੀ ਵਰਦਾਨ ਫਾਊਂਡੇਸ਼ਨ ਦੇ ਵੀ ਮੈਂਬਰ ਹਨ, ਜੋ ਕਿ ਰੋਇਲ ਪ੍ਰਿੰਸ ਆੱਫ ਵੇਲਸ ਦੀ ਨੁਮਾਇੰਦਗੀ ਹੇਠ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਉਤਪਾਦ ਇਸ ਫਾਊਂਡੇਸ਼ਨ ਦੁਆਰਾ ਪ੍ਰਮਾਣਿਤ ਹਨ। ਉਨ੍ਹਾਂ ਨੇ ਪਟਿਆਲਾ ਦੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਪ੍ਰਸੰਸਾ ਪੱਤਰ ਵੀ ਹਾਸਿਲ ਕੀਤਾ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਜੀ ਨੇ ਉਨ੍ਹਾਂ ਨੂੰ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਪੁਰਸਕਾਰ ਦਿੱਤਾ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਦੇ ਖੇਤਰ ਵਿੱਚ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕੀਤਾ ਜਾ ਸਕੇ।

ਰਜਿੰਦਰ ਪਾਲ ਸਿੰਘ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਸਾਡੀ ਧਰਤੀ ਨੂੰ ਸਾਡੀ ਜ਼ਰੂਰਤ ਹੈ ਅਤੇ ਕਿਸਾਨ ਹੋਣ ਦੇ ਤੌਰ ‘ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅਸੀਂ ਸਭ ਤੋਂ ਵੱਧ ਜ਼ਿੰਮੇਵਾਰ ਹਾਂ। ਬੇਸ਼ੱਕ ਜੈਵਿਕ ਖੇਤੀ ਕਰਨ ਨਾਲ ਉਪਜ ਘੱਟ ਹੁੰਦੀ ਹੈ, ਪਰ ਆਉਣ ਵਾਲੇ ਸਮੇਂ ਵਿੱਚ ਜੈਵਿਕ ਉਤਪਾਦਾਂ ਦੀ ਮੰਗ ਬਹੁਤ ਜ਼ਿਆਦਾ ਹੋਵੇਗੀ। ਸਿਰਫ਼ ਇਸ ਲਈ ਨਹੀਂ ਕਿ ਇਹ ਸਿਹਤ ਲਈ ਫਾਇਦੇਮੰਦ ਹੈ, ਬਲਕਿ ਇਸ ਲਈ ਕਿਉਂਕਿ ਇਹ ਸਮੇਂ ਦੀ ਲੋੜ ਬਣ ਜਾਵੇਗੀ। ਇਸ ਤੋਂ ਇਲਾਵਾ ਜੇਵਿਕ ਖੇਤੀ ਸਥਾਈ ਹੈ ਅਤੇ ਇਸ ‘ਤੇ ਖਰਚਾ ਵੀ ਘੱਟ ਆਉਂਦਾ ਹੈ। ਇਸ ਵਿੱਚ ਕੇਵਲ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਜੇਕਰ ਇੱਕ ਕਿਸਾਨ ਜੈਵਿਕ ਖੇਤੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ, ਤਾਂ ਉਹ ਇਸਨੂੰ ਬੜੀ ਅਸਾਨੀ ਨਾਲ ਕਰ ਸਕਦਾ।”