ਗੁਰਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਹਸਪਤਾਲ ਦੇ ਬੈਡ ‘ਤੇ ਜ਼ਿੰਦਗੀ ਦੀ ਜੰਗ ਲੜਦੇ ਹੋਏ ਲੱਭਿਆ ਅਜਿਹਾ ਉਤਪਾਦ ਜੋ ਇਸ ਕਿਸਾਨ ਦੀ ਸਫਲਤਾ ਦਾ ਕਾਰਨ ਬਣੀ- ਗੁਰਪ੍ਰੀਤ ਸਿੰਘ

ਜ਼ਿੰਦਗੀ ਹਰ ਇੱਕ ਪਹਿਲੂ ‘ਤੇ ਸਿੱਖਣ ਤੇ ਸਿਖਾਉਣ ਦਾ ਮੌਕਾ ਦਿੰਦੀ ਹੈ, ਪਰ ਜੇਕਰ ਵਕਤ ਰਹਿੰਦੇ ਕੁਦਰਤ ਦੇ ਇਸ਼ਾਰੇ ਨੂੰ ਸਮਝ ਜਾਈਏ ਤਾਂ ਇਨਸਾਨ ਹਰ ਉਹ ਅਸੰਭਵ ਵਸਤੂ ਨੂੰ ਸੰਭਵ ਕਰ ਸਕਦਾ ਹੈ। ਬਸ ਉਸਨੂੰ ਹਿੰਮਤ ਕਦੇ ਨਹੀਂ ਛੱਡਣੀ ਚਾਹੀਦੀ, ਭਾਵੇਂ ਉਹ ਖੇਤੀ ਦਾ ਕਿੱਤਾ ਜਾਂ ਫਿਰ ਹੋਰ ਕਿੱਤਾ ਹੈ। ਉਸਦਾ ਹਮੇਸ਼ਾਂ ਇੱਕ ਹੀ ਜ਼ਜਬਾ ਹੋਣਾ ਚਾਹੀਦਾ ਹੈ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਜੋ ਪਿੰਡ ਮੁਲਾਂਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਕੋਲ ਆਪਣੀ ਜ਼ਮੀਨ ਨਾ ਹੁੰਦੇ ਹੋਏ ਵੀ ਸੋਇਆਬੀਨ ਦੇ ਪ੍ਰੋਡਕਟਸ ਬਣਾ ਕੇ Daily Fresh ਨਾਮ ਤੋਂ ਸੇਲ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਇਕ ਲਾਭਕਾਰੀ ਪ੍ਰੋਡਕਟ ਮਾਰਕੀਟ ਵਿੱਚ ਲੈ ਕੇ ਆਏ, ਜਿਸ ਬਾਰੇ ਪਤਾ ਤਾਂ ਵੈਸੇ ਸਭ ਨੂੰ ਹੀ ਸੀ ਪਰ ਉਸਦੇ ਫਾਇਦਿਆਂ ਬਾਰੇ ਕੋਈ ਵਿਰਲਾ-ਵਿਰਲਾ ਹੀ ਜਾਣਦਾ ਸੀ।

ਸਾਲ 2017 ਦੀ ਗੱਲ ਹੈ, ਗੁਰਪ੍ਰੀਤ ਸਿੰਘ ਨੂੰ ਪੀਲੀਆ ਹੋਇਆ ਸੀ ਜੋ ਕਿ ਬਹੁਤ ਹੀ ਜ਼ਿਆਦਾ ਵੱਧ ਗਿਆ ਅਤੇ ਠੀਕ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।

ਮੈਂ ਪਿੰਡ ਦੇ ਡਾਕਟਰ ਕੋਲ ਆਪਣਾ ਚੈੱਕਅੱਪ ਕਰਵਾਉਣ ਲਈ ਚਲਾ ਗਿਆ- ਗੁਰਪ੍ਰੀਤ ਸਿੰਘ

ਜਦੋਂ ਉਨ੍ਹਾਂ ਨੇ ਡਾਕਟਕ ਕੋਲ ਜਾ ਕੇ ਚੈੱਕਅੱਪ ਕਰਵਾਇਆ ਤਾਂ ਡਾਕਟਰ ਨੇ ਕਮਜ਼ੋਰੀ ਨੂੰ ਦੇਖਦਿਆਂ ਹੀ ਤਾਕ਼ਤ ਦੇ ਟੀਕੇ ਲਗਾ ਦਿੱਤੇ, ਜਿਸ ਦਾ ਸਿੱਧਾ ਅਸਰ ਲੀਵਰ ‘ਤੇ ਜਾ ਕੇ ਪਿਆ ਤੇ ਲੀਵਰ ਵਿੱਚ ਇਨਫੈਕਸ਼ਨ ਹੋ ਗਿਆ ਕਿਉਂਕਿ ਪੀਲੀਆ ਕਰਕੇ ਪਹਿਲਾ ਹੀ ਅੰਦਰ ਗਰਮੀ ਹੋਈ ਹੁੰਦੀ ਹੈ, ਦੂਸਰਾ ਤਾਕ਼ਤ ਦੇ ਟੀਕਿਆਂ ਨੇ ਅੰਦਰ ਹੋਰ ਗਰਮੀ ਪੈਦਾ ਕਰ ਦਿੱਤੀ ਸੀ।

ਜਦੋਂ ਹਾਲਤ ਵਿੱਚ ਸੁਧਾਰ ਨਾ ਆਇਆ ਤੇ ਸਿਹਤ ਦਿਨ ਪ੍ਰਤੀ ਦਿਨ ਵਿਗੜਦੀ ਗਈ ਤਾਂ ਉਨ੍ਹਾਂ ਨੇ ਬੜੇ ਹਸਪਤਾਲ ਵਿਖੇ ਜਾ ਕੇ ਚੈਕਅਪ ਕਰਵਾਉਣ ਦਾ ਫੈਸਲਾ ਕੀਤਾ ਤੇ ਜਦੋਂ ਉੱਥੇ ਡਾਕਟਰ ਨੇ ਦੇਖਿਆ ਤਾਂ ਡਾਕਟਰ ਦੇ ਹੋਸ਼ ਉੱਡ ਗਏ ਤੇ ਸਿੱਧਾ ਹੀ ਉਨ੍ਹਾਂ ਨੇ ਗਰਮੀ ਦਾ ਕਾਰਨ ਜਾਨਣ ਲਈ ਸਰੀਰ ਦੇ ਟੈਸਟ ਕਰਵਾਉਣ ਲਈ ਭੇਜ ਦਿੱਤਾ। ਜਦੋਂ ਗੁਰਪ੍ਰੀਤ ਨੇ ਟੈਸਟ ਕਰਵਾਇਆ ਤਾਂ ਟੈਸਟ ਕਰਨ ਵਾਲਾ ਡਾਕਟਰ ਕਹਿਣ ਲੱਗਾ ਕਿ ਭਾਈ ਤੂੰ ਕਿੰਨੀ ਸ਼ਰਾਬ ਪੀਂਦਾ ਹੈ, ਉਸ ਵਕ਼ਤ ਕਿਹਾ ਕਿ ਡਾਕਟਰ ਜੀ “ਮੈਂ ਅੰਮ੍ਰਿਤਧਾਰੀ ਹਾਂ, ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਹੀ ਰਹਿੰਦਾ ਹਾਂ” ਫਿਰ ਰਿਪੋਰਟ ਡਾਕਟਰ ਨੂੰ ਦਿਖਾਈ ਤਾਂ ਡਾਕਟਰ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਅਤੇ ਉੱਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਗਿਆ।

ਜਦੋਂ ਉਹ ਹਸਪਤਾਲ ਵਿੱਚ ਸੀ ਤਾਂ ਖਾਲੀ ਸਮੇਂ ਵਿੱਚ ਫੋਨ ਦੀ ਵਰਤੋਂ ਕਰਨ ਲੱਗੇ ਅਤੇ ਸੋਚਿਆ ਕਿ ਚੱਲੋ ਇਸ ‘ਤੇ ਰਿਸਰਚ ਕੀਤੀ ਜਾਵੇ ਕਿ ਦੇਸੀ ਤਰੀਕੇ ਨਾਲ ਕਿਵੇਂ ਠੀਕ ਹੋ ਸਕਦੇ ਹਾਂ। ਤਦ ਇੰਟਰਨੈੱਟ ‘ਤੇ ਰਿਸਰਚ ਕਰਨ ਉਪਰੰਤ ਉਨ੍ਹਾਂ ਸਾਹਮਣੇ Wheat Grass ਸਭ ਤੋਂ ਉੱਪਰ ਆਇਆ ਅਤੇ ਉਨ੍ਹਾਂ ਦੇ ਮਨ ਵਿੱਚ ਉਸ ਬਾਰੇ ਰਿਸਰਚ ਕਰਨ ਦੀ ਇੱਛਾ ਹੋਰ ਜਾਗ੍ਰਿਤ ਹੋਣ ਲੱਗੀ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਅਤੇ ਉਸ ਦੇ ਫਾਇਦਿਆਂ ਬਾਰੇ ਜਾਣ ਕੇ ਹੈਰਾਨ ਹੋ ਗਏ।

ਹਸਪਤਾਲ ਦੇ ਬੈੱਡ ‘ਤੇ ਬੈਠ ਕੇ ਕੀਤੀ ਰਿਸਰਚ ਮੇਰੀ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆਉਣ ਦਾ ਪਹਿਲਾਂ ਪੜਾਅ ਸੀ- ਗੁਰਪ੍ਰੀਤ ਸਿੰਘ

ਰਿਸਰਚ ਤਾਂ ਉਨ੍ਹਾਂ ਨੇ ਹਸਪਤਾਲ ਵਿਖੇ ਹੀ ਪੂਰੀ ਕਰ ਲਈ ਸੀ ਪਰ ਇੱਕ ਵਾਰ ਸਿਰਫ ਵਰਤ ਕੇ ਦੇਖਣਾ ਸੀ ਕਿ ਇਸ ਦੇ ਫਾਇਦੇ ਹੈ ਕਿ ਨਹੀਂ। ਇਸ ਦੌਰਾਨ ਆਪਣੀ ਘਰਵਾਲੀ ਨੂੰ ਦੱਸਿਆ ਅਤੇ ਘਰ ਵਿੱਚ ਹੀ ਕੁਝ ਗਮਲਿਆਂ ਦੇ ਵਿੱਚ ਕਣਕ ਦੇ ਬੀਜ ਲਗਾ ਦਿੱਤੇ। ਜਿਸ ਦਾ ਫਾਇਦਾ ਇਹ ਹੈ ਕਿ 12 ਤੋਂ 15 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ।

ਥੋੜਾ ਠੀਕ ਹੋ ਕੇ ਗੁਰਪ੍ਰੀਤ ਜੀ ਘਰ ਆਏ ਤਦ ਉਨ੍ਹਾਂ ਦੀ ਪਤਨੀ ਨੇ ਰੋਜ਼ Wheat Grass ਦਾ ਜੂਸ ਬਣਾ ਕੇ ਉਨ੍ਹਾਂ ਨੂੰ ਪਿਲਾਉਣਾ ਸ਼ੁਰੂ ਕਰ ਦਿੱਤਾ, ਜਿਵੇਂ-ਜਿਵੇਂ ਰੋਜ਼ ਉਹ ਜੂਸ ਦਾ ਸੇਵਨ ਕਰਦੇ ਰਹੇ ਦਿਨ ਪ੍ਰਤੀ ਦਿਨ ਸਿਹਤ ਵਿੱਚ ਫਰਕ ਦਿਖਣ ਲੱਗਾ ਅਤੇ ਬਹੁਤ ਘੱਟ ਸਮੇਂ ਵਿੱਚ ਬਿਲਕੁਲ ਤੰਦਰੁਸਤ ਹੋ ਗਏ।

ਫਿਰ ਉਨ੍ਹਾਂ ਨੇ ਸੋਚਿਆ ਜੇਕਰ ਇਸ ਦੇ ਅਨੇਕਾਂ ਹੀ ਫਾਇਦੇ ਹਨ ਤੇ ਇਹ ਬੀ ਪੀ, ਸ਼ੂਗਰ ਅਤੇ ਹੋਰ ਬਹੁਤ ਬਿਮਾਰੀਆਂ ਨੂੰ ਖਤਮ ਕਰਦਾ ਹੈ ਅਤੇ ਇਮੂਨਿਟੀ ਨੂੰ ਮਜਬੂਤ ਬਣਾਉਂਦਾ ਹੈ ਤੇ ਕਿਉਂ ਨਾ ਇਸ ਬਾਰੇ ਹੋਰਾਂ ਨੂੰ ਦੱਸਿਆ ਜਾਵੇ ਤੇ ਉਹਨਾਂ ਤੱਕ ਕਿਸੇ ਪ੍ਰੋਡਕਟ ਦੇ ਰੂਪ ਵਿੱਚ ਪਹੁੰਚਾਇਆ ਜਾਵੇ। ਜਦੋਂ ਉਹ ਫਿਰ ਰਿਸਰਚ ਕਰਨ ਲੱਗੇ ਕਿ ਇਸ ਨੂੰ ਕਿਸ ਤਰੀਕੇ ਨਾਲ ਮਾਰਕੀਟ ਵਿੱਚ ਲੈ ਕੇ ਆਈਏ ਜਿਸ ਨਾਲ ਕਿ ਬਾਕੀਆਂ ਦੀ ਵੀ ਮਦਦ ਕੀਤੀ ਜਾ ਸਕਦੀ ਹੋਵੇ।

ਮੈਂ ਪਰਿਵਾਰ ਦੇ ਨਾਲ ਇਸ ਬਾਰੇ ਸਾਰੀ ਗੱਲਬਾਤ ਕੀਤੀ- ਗੁਰਪ੍ਰੀਤ ਸਿੰਘ

ਥੋੜਾ ਸਮਾਂ ਸਾਰੇ ਪਰਿਵਾਰ ਨਾਲ ਗੱਲ ਬਾਤ ਕਰਨ ਮਗਰੋਂ ਦਿਮਾਗ ਵਿੱਚ ਆਇਆ ਇਸ ਨੂੰ ਪਾਊਡਰ ਦੇ ਰੂਪ ਵਿੱਚ ਬਣਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ। ਜਿਸ ਨਾਲ ਇੱਕ ਤੇ ਇਹ ਹੋਵੇਗਾ ਕਿ ਪਾਊਡਰ ਖਰਾਬ ਵੀ ਨਹੀਂ ਹੋਵੇਗਾ ਦੂਸਰਾ ਉਨ੍ਹਾਂ ਨੂੰ ਸਹੀ ਸਲਾਮਤ ਵੀ ਪਹੁੰਚੇਗਾ। ਪਰ ਇਹ ਨਹੀਂ ਪਤਾ ਸੀ ਕਿ ਪਾਊਡਰ ਬਣਾਇਆ ਕਿਵੇਂ ਜਾਵੇ।

ਇਸ ਦੇ ਦੌਰਾਨ ਮੈਂ PAU ਦੇ ਡਾਕਟਰ ਰਮਨਦੀਪ ਸਿੰਘ ਜੀ ਨਾਲ ਸੰਪਰਕ ਕੀਤਾ, ਜੋ ਐਗਰੀ ਬਿਜ਼ਨਿਸ ਵਿਸ਼ੇ ਦੇ ਮਾਹਿਰ ਹਨ ਅਤੇ ਹਮੇਸ਼ਾਂ ਹੀ ਕਿਸਾਨਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਜਿਨ੍ਹਾਂ ਨੇ ਪ੍ਰੋਡਕਟ ਬਣਾਉਣ ਤੋਂ ਲੈ ਕੇ ਮਾਰਕੀਟਿੰਗ ਵਿੱਚ ਲੈ ਕੇ ਆਉਣ ਤੱਕ ਬਹੁਤ ਮਦਦ ਕੀਤੀ। ਅਖੀਰ ਉਨ੍ਹਾਂ ਨੇ Wheat Grass ਦੀ ਪ੍ਰੋਸੈਸਿੰਗ ਆਪਣੇ ਫਾਰਮ ਵਿਖੇ ਕੀਤੀ ਜੋ ਉਹ ਮੌਸਮ ਦੇ ਦੌਰਾਨ ਆਪਣੇ ਘਰ ਵਿਚ ਗਮਲਿਆਂ ਦੇ ਵਿੱਚ ਉਗਾਈ ਹੋਈ ਸੀ ਜਿੱਥੇ ਉਹ ਪਹਿਲਾ ਹੀ ਸੋਇਆਬੀਨ ਦੇ ਪ੍ਰੋਡਕਟ ਤਿਆਰ ਕਰਦੇ ਹਨ, ਫਿਰ ਉਨ੍ਹਾਂ ਨੇ Wheat Grass ਦਾ ਪਾਊਡਰ ਬਣਾ ਕੇ ਉਸਨੂੰ ਚੈੱਕ ਕਰਵਾਉਣ ਲਈ ਰਿਸਰਚ ਸੈਂਟਰ ਲੈ ਕੇ ਗਏ ਤੇ ਜਦੋਂ ਰਿਪੋਰਟ ਆਈ ਤਾਂ ਉਨ੍ਹਾਂ ਦਾ ਹਿਰਦਾ ਖੁਸ਼ੀਆਂ ਨਾਲ ਭਰ ਗਿਆ, ਕਿਉਂਕਿ ਪਾਊਡਰ ਦੀ ਜੋ ਕੁਆਲਟੀ ਸੀ ਆਰਗੈਨਿਕ ਤੇ ਸ਼ੁੱਧ ਆਈ ਸੀ।

ਫਿਰ ਮੈਂ ਸੋਚਿਆ ਮਾਰਕੀਟ ਵਿੱਚ ਲੈ ਕੇ ਆਉਣ ਤੋਂ ਪਹਿਲਾ ਕਿਉਂ ਨਾ ਇੱਕ ਵਾਰ ਆਪਣੇ ਕਰੀਬੀ ਰਿਸ਼ਤੇਦਾਰਾਂ ਵਿੱਚ ਸੈਂਪਲ ਦੇ ਤੌਰ ‘ਤੇ ਦਿੱਤਾ ਜਾਵੇ- ਗੁਰਪ੍ਰੀਤ ਸਿੰਘ

ਜਦੋਂ ਸੈਂਪਲ ਦੇ ਤੌਰ ‘ਤੇ ਭੇਜੇ ਗਏ ਪਾਊਡਰ ਦਾ ਰਿਸ਼ਤੇਦਾਰਾਂ ਨੇ ਇਸਤੇਮਾਲ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਅਨੇਕਾਂ ਹੀ ਫਾਇਦੇ ਦਿਖਣ ਲੱਗੇ ਅਤੇ ਉਧਰੋਂ ਬਹੁਤ ਵਧੀਆ ਹੁੰਗਾਰਾ ਮਿਲਿਆ।

ਹੁੰਗਾਰਾ ਮਿਲਦੇ ਹੀ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਇਸਨੂੰ ਮਾਰਕੀਟ ਵਿੱਚ ਲੈ ਕੇ ਆਉਣ ਦਾ ਫੈਸਲਾ ਕੀਤਾ, ਇਸ ਦੌਰਾਨ ਉਨ੍ਹਾਂ ਸਾਹਮਣੇ ਇਕ ਵੱਡੀ ਮੁਸ਼ਕਿਲ ਇਹ ਆਈ ਕਿ ਹੁਣ ਤਾਂ ਮੌਸਮ ਦੇ ਸਮੇਂ ਅਨੁਸਾਰ ਉੱਗ ਜਾਂਦੀ ਹੈ ਜਦੋਂ ਇਸ ਦਾ ਮੌਸਮ ਨਹੀਂ ਹੋਵੇਗਾ ਉਦੋਂ ਕੀ ਕਰਾਂਗੇ, ਫਿਰ ਮਨ ਵਿਚ ਇਕ ਵਿਚਾਰ ਆਇਆ ਕਿ ਹੈਦਰਾਬਾਦ ਵਿਖੇ ਉਨ੍ਹਾਂ ਦੇ ਰਿਸ਼ਤੇਦਾਰ ਹਨ ਜੋ ਕਿ Wheat Grass ਦਾ ਪਹਿਲਾ ਹੀ ਕਰ ਰਹੇ ਸਨ ਤੇ ਉੱਧਰ ਦਾ ਮੌਸਮ ਵਿੱਚ ਬਦਲਾਵ ਹੋਣ ਕਰਕੇ, ਕਿਉਂ ਨਾ ਉਧਰੋਂ ਹੀ ਮੰਗਵਾਇਆ ਜਾਵੇ ਇਸ ਤਰ੍ਹਾਂ ਇਕ ਮੁਸ਼ਕਿਲ ਤੇ ਹੱਲ ਹੋ ਗਈ, ਪਰ ਮਨ ਵਿੱਚ ਹਲੇ ਵੀ ਡਰ ਬੈਠਿਆ ਹੋਇਆ ਸੀ ਕਿ ਲੋਕਾਂ ਨੂੰ ਇਸ ਦੇ ਫਾਇਦਿਆਂ ਬਾਰੇ ਸਮਝਾਵਾਂਗੇ ਕਿਵੇਂ, ਜੋ ਕਿ ਸਭ ਤੋਂ ਵੱਡੀ ਮੁਸ਼ਕਿਲ ਬਣ ਕੇ ਸਾਹਮਣੇ ਆਈ। ਬਸ ਫਿਰ ਰੱਬ ਦਾ ਨਾਮ ਲੈਂਦੇ ਹੋਏ ਉਨ੍ਹਾਂ ਨੇ ਦੁਕਾਨਦਾਰਾਂ ਤੇ ਮੈਡੀਕਲ ਸਟੋਰ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਅਤੇ ਮੈਡੀਕਲ ਸਟੋਰ ਅਤੇ ਦੁਕਾਨਦਾਰਾਂ ਨੂੰ Wheat Grass ਦੇ ਫਾਇਦਿਆਂ ਬਾਰੇ ਗ੍ਰਾਹਕਾਂ ਨੂੰ ਦੱਸਣ ਲਈ ਕਿਹਾ।

ਥੋੜਾ ਸਮਾਂ ਉਹ ਇੰਝ ਹੀ ਮਾਰਕੀਟਿੰਗ ਕਰਦੇ ਰਹੇ ਅਤੇ ਜਦੋਂ ਉਨ੍ਹਾਂ ਨੂੰ ਲੱਗਾ ਇਸ ਦੀ ਮਾਰਕੀਟਿੰਗ ਸਹੀ ਤਰੀਕੇ ਨਾਲ ਹੋ ਰਹੀ ਹੈ, ਤਾਂ ਸੋਚਿਆ ਇਸ ਨੂੰ ਬ੍ਰੈਂਡ ਦਾ ਨਾਮ ਦੇ ਕੇ ਵੇਚਿਆ ਜਾਵੇ, ਜਿਸ ਨਾਲ ਇਸ ਦੀ ਅਲਗ ਪਹਿਚਾਣ ਬਣੇਗੀ। ਇਸ ਦੌਰਾਨ ਸ਼੍ਰੀ ਦਰਬਾਰ ਸਾਹਿਬ ਜਾ ਕੇ ਹੁਕਮਨਾਮੇ ਦੇ ਪਹਿਲੇ ਸ਼ਬਦ “ਪ” ਤੋਂ Perfect Nutrition ਬ੍ਰੈਂਡ ਨਾਮ ਰੱਖਿਆ ਤੇ ਉਸਨੂੰ ਪੈਕਿੰਗ ਕਰਕੇ ਵਧੀਆ ਤਰੀਕੇ ਨਾਲ ਮਾਰਕੀਟਿੰਗ ਵਿੱਚ ਵੇਚਣ ਲੱਗੇ।

ਗੁਰਪ੍ਰੀਤ ਨੇ ਕਿਸਾਨ ਮੇਲਿਆਂ ਵਿੱਚ ਜਾਣਾ, ਪਿੰਡਾਂ ਤੇ ਸ਼ਹਿਰਾਂ ਵਿਚ ਕੂਨੋਪੀ ਲਗਾ ਕੇ ਇਸ ਦੇ ਫਾਇਦਿਆਂ ਬਾਰੇ ਦੱਸਣ ਲੱਗੇ ਅਤੇ ਮਾਰਕੀਟਿੰਗ ਕਰਨ ਲੱਗੇ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ।

2019 ਦੇ ਵਿੱਚ ਉਹ ਪੱਕੇ ਤੌਰ ‘ਤੇ Wheat Grass ‘ਤੇ ਕੰਮ ਕਰਨ ਲੱਗੇ ਜਿੱਥੇ ਅੱਜ ਉਨ੍ਹਾਂ ਨੂੰ Wheat Grass ਦੇ ਫਾਇਦਿਆਂ ਬਾਰੇ ਘੱਟ ਵੱਧ ਹੀ ਦੱਸਣਾ ਪੈਂਦਾ ਹੈ ਅਤੇ ਪਾਊਡਰ ਵੇਚਣ ਦੇ ਲਈ ਮਾਰਕੀਟ ਦੇ ਵਿੱਚ ਨਹੀਂ ਜਾਣਾ ਪੈਂਦਾ ਸਗੋਂ ਅੱਜ ਕੱਲ ਇੰਨੀ ਮੰਗ ਵੱਧ ਗਈ ਹੈ ਕਿ ਉਨ੍ਹਾਂ ਨੂੰ ਥੋੜੇ ਸਮੇਂ ਲਈ ਵੀ ਵਿਹਲ ਨਹੀਂ ਮਿਲਦੀ। ਅੱਜ ਪਾਊਡਰ ਦੀ ਮਾਰਕੀਟਿੰਗ ਪੂਰੇ ਲੁਧਿਆਣਾ ਸ਼ਹਿਰ ਵਿੱਚ ਕਰ ਰਹੇ ਹਨ ਤੇ ਨਾਲ-ਨਾਲ ਮਾਰਕੀਟਿੰਗ ਸੋਸ਼ਲ ਮੀਡਿਆ ਦੇ ਰਾਹੀਂ ਵੀ ਕਰਦੇ ਹਨ ਜਿਸ ਵਿੱਚ ਕੋਰੋਨਾ ਦੇ ਸਮੇਂ Wheat Grass ਪਾਊਡਰ ਦੀ ਬਹੁਤ ਜ਼ਿਆਦਾ ਮੰਗ ਵਧੀ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਹੋਇਆ।

ਭਵਿੱਖ ਦੀ ਯੋਜਨਾ

ਉਹ ਆਪਣੇ ਪ੍ਰੋਡਕਟ ਨੂੰ ਵੱਡੇ ਪੱਧਰ ਤੇ ਤੇ ਦੂਜਾ ਲੋਕਾਂ ਨੂੰ ਵੱਧ ਤੋਂ ਵੱਧ ਇਸ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕੋਈ ਵੀ ਵਾਂਝਾ ਨਾ ਰਹਿ ਜਾਵੇ ਅਤੇ ਅੱਜ ਕੱਲ ਜੋ ਬਿਮਾਰੀਆਂ ਸਰੀਰਾਂ ਨੂੰ ਲੱਗ ਰਹੀਆਂ ਹਨ ਉਸ ਤੋਂ ਬਚਾਓ ਕੀਤਾ ਜਾ ਸਕੇ।

ਸੰਦੇਸ਼

ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਚੰਗਾ ਉਗਾਵੇ ਤੇ ਚੰਗਾ ਖਾਵੇ, ਕਿਉਂ ਕਿ ਬਿਮਾਰੀਆਂ ਤੋਂ ਉਦੋਂ ਹੀ ਬਚ ਸਕਾਂਗੇ ਜਦੋਂ ਖਾਣਾ ਪੀਣਾ ਸ਼ੁੱਧ ਤੇ ਸਾਫ ਹੋਵੇਗਾ ਤੇ ਇਮੂਨਿਟੀ ਮਜ਼ਬੂਤ ਰਹੇਗੀ।