ਆਮ ਜਾਣਕਾਰੀ
ਮੱਕੀ (ਜ਼ੀਆ ਮੇਜ਼ ਐੱਲ) ਦੀ ਫਸਲ ਅਨਾਜ ਅਤੇ ਚਾਰਾ ਦੋਨੋਂ ਲਈ ਵਰਤੀ ਜਾਂਦੀ ਹੈ। ਮੱਕੀ ਨੂੰ ਅਨਾਜ ਦੀ ਰਾਣੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਬਾਕੀ ਫਸਲਾਂ ਦੇ ਮੁਕਾਬਲੇ ਇਸ ਦਾ ਝਾੜ ਸਭ ਤੋਂ ਵੱਧ ਹੈ। ਇਸ ਤੋਂ ਭੋਜਨ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ ਜਿਵੇਂ ਕਿ ਸਟਾਰਚ, ਕੌਰਨ ਫਲੇਕਸ ਅਤੇ ਗੁਲੂਕੋਜ਼ ਆਦਿ। ਇਹ ਪੋਲਟਰੀ ਵਾਲੇ ਜਾਨਵਰਾਂ ਦੀ ਖੁਰਾਕ ਵਜੋਂ ਵੀ ਵਰਤੀ ਜਾਂਦੀ ਹੈ। ਮੱਕੀ ਦੀ ਫਸਲ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਕਿਉਂਕਿ ਇਸਨੂੰ ਜ਼ਿਆਦਾ ਉਪਜਾਊਪਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਇਹ ਪੱਕਣ ਲਈ 3 ਮਹੀਨੇ ਦਾ ਸਮਾਂ ਲੈਂਦੀ ਹੈ ਜੋ ਕਿ ਝੋਨੇ ਦੀ ਫਸਲ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ ਝੋਨੇ ਦੀ ਫਸਲ ਪੱਕਣ ਲਈ 145 ਦਿਨ ਦਾ ਸਮਾਂ ਜ਼ਰੂਰੀ ਹੁੰਦਾ ਹੈ।
ਵਾਇਸ ਚਾਂਸਲਰ (ਪੀ.ਏ.ਯੂ., ਲੁਧਿਆਣਾ) ਅਨੁਸਾਰ, "ਮੱਕੀ ਦੀ ਫਸਲ ਉਗਾਉਣ ਨਾਲ ਕਿਸਾਨ ਆਪਣੀ ਖਰਾਬ ਮਿੱਟੀ ਵਾਲੀ ਜ਼ਮੀਨ ਨੂੰ ਵੀ ਬਚਾ ਸਕਦੇ ਹਨ, ਕਿਉਂਕਿ ਇਹ ਝੋਨੇ ਦੇ ਮੁਕਾਬਲੇ 90% ਪਾਣੀ ਅਤੇ 70% ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀ ਹੈ।ਇਹ ਕਣਕ ਅਤੇ ਝੋਨੇ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਾਲੀ ਫਸਲ ਹੈ।" ਇਸ ਫਸਲ ਨੂੰ ਕੱਚੇ ਮਾਲ ਦੇ ਤੌਰ 'ਤੇ ਉਦਯੋਗਿਕ ਉਤਪਾਦਾਂ ਜਿਵੇਂ ਕਿ ਤੇਲ, ਸਟਾਰਚ, ਸ਼ਰਾਬ ਆਦਿ ਵਿੱਚ ਵਰਤਿਆ ਜਾਂਦਾ ਹੈ। ਮੱਕੀ ਦੀ ਫਸਲ ਉਗਾਉਣ ਵਾਲੇ ਮੁੱਖ ਰਾਜ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਹਨ। ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਮੁੱਖ ਮੱਕੀ ਉਦਪਾਦਕ ਹਨ।