ਪੰਜਾਬੀ ਵਿੱਚ ਆਲੂ ਦੀ ਖੇਤੀ

ਆਮ ਜਾਣਕਾਰੀ

ਆਲੂ ਵਿਸ਼ਵ ਦੀ ਇੱਕ ਮੱਹਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਇਹ ਇੱਕ ਸਸਤੀ ਅਤੇ ਆਰਥਿਕ ਫਸਲ ਹੈ, ਜਿਸ ਕਰਕੇ ਇਸਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਇਹ ਫਸਲ ਦੱਖਣੀ ਅਮਰੀਕਾ ਦੀ ਹੈ ਅਤੇ ਇਸ ਵਿੱਚ ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਆਲੂ ਲਗਭਗ ਸਾਰੇ ਰਾਜਾਂ ਵਿੱਚ ਉਗਾਏ ਜਾਂਦੇ ਹਨ। ਇਹ ਫਸਲ ਸਬਜੀ ਲਈ ਅਤੇ ਚਿਪਸ ਬਣਾੳਣ ਲਈ ਵਰਤੀ ਜਾਂਦੀ ਹੈ। ਇਹ ਫਸਲ ਸਟਾਰਚ ਅਤੇ ਸ਼ਰਾਬ ਬਣਾੳਣ ਲਈ ਵਰਤੀ ਜਾਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕਾ, ਆਸਾਮ ਅਤੇ ਮੱਧ ਪ੍ਰਦੇਸ਼ ਵਿੱਚ ਆਲੂ ਉਗਾਏ ਜਾਂਦੇ ਹਨ। ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਪੈਦਾ ਕਰਨ ਵਾਲੇ ਖੇਤਰ ਹਨ।

ਜਲਵਾਯੂ

  • Season

    Temperature

    14-25°C
  • Season

    Rainfall

    300-500mm
  • Season

    Sowing Temperature

    15-25°C
  • Season

    Harvesting Temperature

    14-20°C
  • Season

    Temperature

    14-25°C
  • Season

    Rainfall

    300-500mm
  • Season

    Sowing Temperature

    15-25°C
  • Season

    Harvesting Temperature

    14-20°C
  • Season

    Temperature

    14-25°C
  • Season

    Rainfall

    300-500mm
  • Season

    Sowing Temperature

    15-25°C
  • Season

    Harvesting Temperature

    14-20°C
  • Season

    Temperature

    14-25°C
  • Season

    Rainfall

    300-500mm
  • Season

    Sowing Temperature

    15-25°C
  • Season

    Harvesting Temperature

    14-20°C

ਮਿੱਟੀ

ਇਹ ਫਸਲ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਜਿਵੇਂ ਕਿ ਰੇਤਲੀ, ਲੂਣੀ, ਦੋਮਟ ਅਤੇ ਚੀਕਣੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ। ਵਧੀਆ ਜਲ ਨਿਕਾਸ ਵਾਲੀ, ਜੈਵਿਕ ਤੱਤ ਭਰਪੂਰ, ਰੇਤਲੀ ਤੋਂ ਦਰਮਿਆਨੀ ਜ਼ਮੀਨ ਵਿੱਚ ਫਸਲ ਵੱਧ ਝਾੜ ਦਿੰਦੀ ਹੈ। ਇਹ ਫਸਲ ਲੂਣ ਵਾਲੀਆਂ ਤੇਜ਼ਾਬੀ ਜ਼ਮੀਨਾਂ ਵਿੱਚ ਵੀ ਉਗਾਈ ਜਾ ਸਕਦੀ ਹੈ। ਪਰ ਬਹੁਤ ਜ਼ਿਆਦਾ ਪਾਣੀ ਖੜਨ ਵਾਲੀ ਅਤੇ ਖਾਰੀ ਜਾਂ ਲੂਣੀ ਜ਼ਮੀਨ ਇਸ ਫਸਲ ਦੀ ਖੇਤੀ ਲਈ ਉਚਿੱਤ ਨਹੀਂ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Kufri Alankar: ਇਹ ਫਸਲ ਦੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਉਣ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਲੰਬੇ ਕੱਦ ਦੀ ਅਤੇ ਮੋਟੇ ਤਣੇ ਵਾਲੀ ਕਿਸਮ ਹੈ। ਇਹ ਫਸਲ ਮੈਦਾਨੀ ਇਲਾਕਿਆਂ ਵਿੱਚ 75 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 140 ਦਿਨਾਂ ਵਿੱਚ ਪੱਕਦੀ ਹੈ। ਇਸਦੇ ਆਲੂ ਗੋਲਾਕਾਰ ਹੁੰਦੇ ਹਨ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Kufri Ashoka: ਇਹ ਲੰਬੇ ਕੱਦ ਦੀ ਅਤੇ ਮੋਟੇ ਤਣੇ ਵਾਲੀ ਕਿਸਮ ਹੈ। ਇਹ ਕਿਸਮ  70-80 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਆਲੂ ਵੱਡੇ, ਗੋਲਾਕਾਰ, ਚਿੱਟੇ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਪਿਛੇਤੇ ਝੁਲਸ ਰੋਗ ਨੂੰ ਸਹਾਰਨਯੋਗ ਕਿਸਮ ਹੈ।

Kufri Badshah: ਇਸਦੇ ਪੌਦੇ ਲੰਬੇ ਅਤੇ 4-5 ਤਣੇ ਪ੍ਰਤੀ ਪੌਦਾ ਹੁੰਦੇ ਹਨ। ਇਸਦੇ ਆਲੂ ਗੋਲ, ਵੱਡੇ ਤੋਂ ਦਰਮਿਆਨੇ, ਗੋਲਾਕਾਰ ਅਤੇ ਫਿੱਕੇ ਚਿੱਟੇ ਰੰਗ ਦੇ ਹੁੰਦੇ ਹਨ। ਇਸਦੇ ਆਲੂ ਸਵਾਦ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਕੋਹਰੇ ਨੂੰ ਸਹਿਣਯੋਗ ਹੈ ਅਤੇ ਪਿਛੇਤੇ ਅਤੇ ਅਗੇਤੇ  ਝੁਲਸ ਰੋਗ ਦੀ ਰੋਧਕ ਹੈ।

Kufri Bahar: ਇਸ ਕਿਸਮ ਦੇ ਪੌਦੇ ਲੰਬੇ ਅਤੇ ਤਣੇ ਮੋਟੇ ਹੁੰਦੇ ਹਨ।  ਤਣਿਆਂ ਦੀ ਸੰਖਿਆ 4-5 ਪ੍ਰਤੀ ਪੌਦਾ ਹੁੰਦੀ ਹੈ। ਇਸਦੇ ਆਲੂ ਵੱਡੇ, ਚਿੱਟੇ ਰੰਗ ਦੇ, ਗੋਲਾਕਾਰ ਤੋਂ ਅੰਡਾਕਾਰ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਇਹ ਪਿਛੇਤੇ  ਅਤੇ ਅਗੇਤੇ ਝੁਲਸ ਰੋਗ ਅਤੇ ਪੱਤਾ ਮਰੋੜ ਰੋਗ ਦੀ ਰੋਧਕ ਹੈ।

Kufri Chamatkar: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ, ਫੈਲਣ ਵਾਲੇ ਅਤੇ ਜ਼ਿਆਦਾ ਤਣਿਆਂ ਵਾਲਾ ਹੁੰਦੇ ਹਨ।  ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 110-120 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 150 ਦਿਨਾਂ ਵਿੱਚ ਪੱਕਦੀ ਹੈ। ਇਸ ਕਿਸਮ ਦੇ ਆਲੂ ਗੋਲਾਕਾਰ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆਂ ਵਿੱਚ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਕਿਸਮ ਹੈ।

Kufri Chipsona 2: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ ਅਤੇ ਘੱਟ ਤਣਿਆਂ ਵਾਲੇ ਹੁੰਦੇ ਹਨ। ਇਸਦੇ ਪੱਤੇ ਗੂੜੇ ਹਰੇ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਆਲੂ ਚਿੱਟੇ, ਦਰਮਿਆਨੇ ਆਕਾਰ ਦੇ, ਗੋਲਾਕਾਰ, ਅੰਡਾਕਾਰ ਅਤੇ ਨਰਮ ਹੁੰਦੇ ਹਨ। ਇਸਦਾ ਔਸਤਨ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਪਿਛੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ। ਇਹ ਕਿਸਮ ਚਿਪਸ ਅਤੇ ਫਰੈਂਚ ਫਰਾਈਜ਼ ਬਣਾਉਣ ਲਈ ਉਚਿੱਤ ਹੈ।

Kufri Chandramukhi: ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ। ਆਲੂ ਅੰਡਾਕਾਰ, ਚਿੱਟੇ ਅਤੇ ਹਲਕੇ ਚਿੱਟੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਹ ਕਿਸਮ ਵੱਧ ਸਮੇਂ ਲਈ ਸਟੋਰ ਕਰਕੇ ਰੱਖੀ ਜਾ ਸਕਦੀ ਹੈ। ਇਹ ਕਿਸਮ ਮੈਦਾਨੀ ਇਲਾਕਿਆਂ ਵਿੱਚ 80-90 ਦਿਨਾਂ ਅਤੇ ਪਹਾੜੀ ਇਲਾਕਿਆਂ ਵਿੱਚ 120 ਦਿਨਾਂ ਵਿੱਚ ਪੱਕਦੀ ਹੈ। ਮੈਦਾਨੀ ਇਲਾਕਿਆਂ ਵਿੱਚ ਇਸਦਾ ਔਸਤਨ ਝਾੜ 100 ਕੁਇੰਟਲ ਅਤੇ ਪਹਾੜੀ ਇਲਾਕਿਆ ਵਿੱਚ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਕਿਸਮ ਹੈ।

Kufri Jawahar: ਇਸਦੇ ਬੂਟੇ ਛੋਟੇ, ਸਿੱਧੇ, ਮੋਟੇ ਅਤੇ ਘੱਟ ਤਣਿਆਂ ਵਾਲੇ ਹੁੰਦੇ ਹਨ। ਇਸਦੇ ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਆਲੂ ਦਰਮਿਆਨੇ ਆਕਾਰ ਦੇ, ਗੋਲਾਕਾਰ ਤੋਂ ਅੰਡਾਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ, ਅਤੇ ਪੱਕਣ ਲਈ 80-90 ਦਿਨ ਲੈਂਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਕਿਸਮ ਨਹੀਂ ਹੈ। ਇਹ ਪਿਛੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ।

Kufri Pukhraj: ਇਸਦੇ ਬੂਟੇ ਲੰਬੇ ਅਤੇ ਤਣੇ ਸੰਖਿਆ ਵਿੱਚ ਘੱਟ ਅਤੇ ਦਰਮਿਆਨੇ ਮੋਟੇ ਹੁੰਦੇ ਹਨ। ਆਲੂ ਚਿੱਟੇ, ਵੱਡੇ, ਗੋਲਾਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਕਿਸਮ 70-90 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੈ। ਇਹ ਅਗੇਤੇ ਝੁਲਸ ਰੋਗ ਦੀ ਰੋਧਕ ਕਿਸਮ ਹੈ ਅਤੇ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਨਹੀਂ ਹੈ।

Kufri Sutlej: ਇਸ ਕਿਸਮ ਦੇ ਪੌਦੇ ਸੰਘਣੇ ਅਤੇ ਮੋਟੇ ਤਣੇ ਵਾਲੇ ਹੁੰਦੇ ਹਨ। ਪੱਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਆਲੂ ਵੱਡੇ ਆਕਾਰ ਦੇ, ਗੋਲਕਾਰ ਅਤੇ ਨਰਮ ਛਿਲਕੇ ਵਾਲੇ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਖਾਣ ਲਈ ਵਧੀਆ ਅਤੇ ਸੁਆਦੀ ਹੁੰਦੀ ਹੈ। ਇਨ੍ਹਾਂ ਆਲੂਆਂ ਨੂੰ ਪਕਾਉਣਾ ਆਸਾਨ ਹੁੰਦਾ ਹੈ। ਇਹ ਨਵੇਂ ਉਤਪਾਦ ਬਣਾਉਣ ਲਈ ਉਚਿੱਤ ਕਿਸਮ ਨਹੀਂ ਹੈ।

Kufri Sindhuri: ਇਸ ਕਿਸਮ ਦੇ ਪੌਦੇ ਲੰਬੇ ਅਤੇ ਮੋਟੇ ਤਣੇ ਵਾਲੇ ਹੁੰਦੇ ਹਨ। ਆਲੂ ਗੋਲ ਅਤੇ ਹਲਕੇ ਲਾਲ ਰੰਗ ਦੇ ਦਿਖਾਈ ਦਿੰਦੇ ਹਨ। ਇਸਦਾ ਗੁੱਦਾ ਹਲਕੇ ਸਫੇਦ ਰੰਗ ਦਾ ਹੁੰਦਾ ਹੈ। ਇਸ ਨੂੰ ਜ਼ਿਆਦਾ ਦੇਰ ਤੱਕ ਸਟੋਰ ਕੀਤਾ ਜਾ ਸਕਦਾ ਹੈ। ਮੈਦਾਨੀ ਇਲਾਕਿਆਂ ਵਿੱਚ ਇਹ 120 ਦਿਨਾਂ ਵਿੱਚ ਅਤੇ ਪਹਾੜੀ ਇਲਾਕਿਆਂ ਵਿੱਚ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਕੋਹਰੇ, ਪਿਛੇਤੇ ਝੁਲਸ ਰੋਗ, ਗਲਣ ਰੋਗ ਅਤੇ ਸੋਕੇ ਦੀ ਰੋਧਕ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Kufri Giriraj, Kufri Himalini, Kufri Himsona, Kufri Giridhari, kufri Jyoit, Kufri Shailja

Kufri Garima, Kufri Gaurav, Kufri Sadabahar, Kufri Surya, Kufri Khyati

ਖੇਤ ਦੀ ਤਿਆਰੀ

ਖੇਤ ਨੂੰ ਇੱਕ ਵਾਰ 20-25 ਸੈ.ਮੀ. ਡੂੰਘਾ ਵਾਹ ਕੇ ਵਧੀਆ ਤਰੀਕੇ ਨਾਲ ਬੈੱਡ ਬਣਾਓ। ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਫਿਰ 2-3 ਵਾਰ ਸੁਹਾਗਾ ਫੇਰੋ। ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ। ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ:

1.ਵੱਟਾਂ ਅਤੇ ਖਾਲੀਆਂ ਵਾਲਾ ਢੰਗ

2. ਪੱਧਰੇ ਬੈਂਡਾਂ ਵਾਲਾ ਢੰਗ

ਬਿਜਾਈ

ਬਿਜਾਈ ਦਾ ਸਮਾਂ
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।

ਫਾਸਲਾ
ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ  ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ। ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ। ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ
6-8 ਇੰਚ ਡੂੰਘੀ ਖਾਲੀ ਪੁੱਟੋ। ਫਿਰ ਇਨ੍ਹਾਂ ਵਿੱਚ ਆਲੂ ਰੱਖੋ ਅਤੇ ਥੋੜਾ ਜਿਹਾ ਜ਼ਮੀਨ ਤੋਂ ਬਾਹਰ ਰਹਿਣ ਦਿਓ।

ਬਿਜਾਈ ਦਾ ਢੰਗ
ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ।

ਬੀਜ ਦੀ ਸੋਧ
ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ। ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ। ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ। ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ। ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ। ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ। ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ।

ਖਾਦਾਂ

ਖਾਦ (ਕਿਲੋ ਪ੍ਰਤੀ ਏਕੜ)

UREA SSP MURIATE OF POTASH
165 155 40



ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
75 25 25

 

ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ।

ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ।

ਜੜਾਂ ਨਾਲ ਮਿੱਟੀ ਲਾਉਣਾ: ਮਿੱਟੀ ਵਿੱਚ ਸਹੀ ਹਵਾ,ਪਾਣੀ ਅਤੇ ਤਾਪਮਾਨ ਬਣਾਈ ਰੱਖਣ ਲਈ ਇਹ ਕੰਮ ਬਹੁਤ ਜਰੂਰੀ ਹੈ ਤਾਂ ਜੋ ਫਸਲ ਦਾ ਵਿਕਾਸ ਵਧੀਆ ਹੋ ਸਕੇ। ਆਲੂਆਂ ਦੇ ਵਧੀਆ ਵਿਕਾਸ ਲਈ ਪੌਦੇ ਦੀਆਂ ਜੜਾਂ ਨਾਲ ਮਿੱਟੀ ਲਾਓ। ਇਹ ਕੰਮ ਪੌਦਿਆ ਦੇ 15-20 ਸੈ.ਮੀ. ਕੱਦ ਦੇ ਹੋਣ ਤੇ ਕਰੋ। ਜੇ ਲੋੜ ਪਵੇ ਤਾਂ ਪਹਿਲੀ ਵਾਰ ਮਿੱਟੀ ਲਾਉਣ ਤੋਂ ਦੋ ਹਫਤੇ ਬਾਅਦ ਦੂਜੀ ਵਾਰ ਫਿਰ ਮਿੱਟੀ ਲਗਾਓ। ਇਹ ਕੰਮ ਹੱਥੀਂ ਕਹੀ ਜਾਂ ਸਾਂਚੇ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ।

ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ। ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ।

ਨਦੀਨਾਂ ਦੀ ਰੋਕਥਾਮ

ਆਲੂਆਂ ਦੇ ਪੁੰਗਰਨ ਤੋਂ ਪਹਿਲਾਂ ਮੈਟਰੀਬਿਊਜ਼ੀਨ 70 ਡਬਲਿਊ ਪੀ 200 ਗ੍ਰਾਮ ਜਾਂ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ। ਜੇਕਰ ਨਦੀਨਾਂ ਦਾ ਹਮਲਾ ਘੱਟ ਹੋਵੇ ਤਾਂ ਬਿਜਾਈ ਤੋਂ 25 ਦਿਨ ਬਾਅਦ ਮੈਦਾਨੀ ਇਲਾਕਿਆਂ ਵਿੱਚ ਅਤੇ 40-45 ਦਿਨ ਬਾਅਦ ਪਹਾੜੀ ਇਲਾਕਿਆਂ ਵਿੱਚ ਜਦੋਂ ਫਸਲ 8-10 ਸੈ.ਮੀ.  ਕੱਦ ਦੀ ਹੋ ਜਾਵੇ, ਤਾਂ ਨਦੀਨਾਂ ਨੂੰ ਹੱਥੀਂ ਪੁੱਟ ਦਿਓ। ਆਮ ਤੌਰ ਤੇ ਆਲੂਆਂ ਦੀ ਫਸਲ ਵਿੱਚ ਨਦੀਨ-ਨਾਸ਼ਕਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜੜਾਂ ਨੂੰ ਮਿੱਟੀ ਲਾਉਣ ਨਾਲ ਸਾਰੇ ਨਦੀਨ ਨਸ਼ਟ ਹੋ ਜਾਂਦੇ ਹਨ।
ਨਦੀਨਾਂ ਦੇ ਹਮਲੇ ਨੂੰ ਘਟਾਉਣ ਲਈ ਅਤੇ ਮਿੱਟੀ ਦੀ ਨਮੀਂ ਨੂੰ ਬਚਾਉਣ ਲਈ ਮਲਚਿੰਗ ਦਾ ਤਰੀਕਾ ਵੀ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਮਿੱਟੀ ਤੇ ਝੋਨੇ ਦੀ ਪਰਾਲੀ ਅਤੇ ਖੇਤ ਦੀ ਰਹਿੰਦ-ਖੂੰਹਦ ਵਿਛਾਈ ਜਾ ਸਕਦੀ ਹੈ। ਬਿਜਾਈ ਤੋਂ 20-25 ਦਿਨ ਬਾਅਦ ਮਲਚਿੰਗ ਨੂੰ ਹਟਾ ਦਿਓ।

ਸਿੰਚਾਈ

ਖੇਤ ਵਿੱਚ ਨਮੀ ਦੇ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ। ਸਿੰਚਾਈ ਹਲਕੀ ਕਰੋ, ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ। ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ 3-4 ਸਿੰਚਾਈਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ। ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ। ਬਾਕੀ ਦੀਆਂ ਸਿੰਚਾਈਆਂ ਜ਼ਮੀਨ ਦੀ ਨਮੀ ਅਤੇ ਫਸਲ ਦੀ ਲੋੜ ਅਨੁਸਾਰ ਕਰੋ। ਕਟਾਈ ਤੋਂ 10-12 ਦਿਨ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ।

ਪੌਦੇ ਦੀ ਦੇਖਭਾਲ

ਚੇਪਾ
  • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਹ ਕੀੜੇ ਪੌਦਿਆਂ ਦਾ ਰਸ ਚੂਸਦੇ ਹਨ ਅਤੇ ਪੌਦੇ ਨੂੰ ਕਮਜ਼ੋਰ ਬਣਾਉਂਦੇ ਹਨ। ਗੰਭੀਰ ਹਮਲੇ ਨਾਲ ਪੌਦੇ ਦੇ ਪੱਤੇ ਮੁੜ ਜਾਂਦੇ ਹਨ ਅਤੇ ਪੱਤਿਆਂ ਦਾ ਆਕਾਰ ਬਦਲ ਜਾਂਦਾ ਹੈ। ਨੁਕਸਾਨੇ ਹਿੱਸਿਆਂ ਤੇ ਕਾਲੇ ਰੰਗ ਦੀ ਉੱਲੀ ਲੱਗ ਜਾਂਦੀ ਹੈ।
ਚੇਪੇ ਦੇ ਹਮਲੇ ਨੂੰ ਚੈੱਕ ਕਰਨ ਲਈ, ਆਪਣੇ ਇਲਾਕੇ ਦੇ ਸਮੇਂ ਅਨੁਸਾਰ ਪੱਤਿਆਂ ਨੂੰ ਕੱਟ ਦਿਓ। ਜੇਕਰ ਚੇਪੇ ਜਾਂ ਤੇਲੇ ਦਾ ਹਮਲਾ ਦਿਖੇ ਤਾਂ ਇਮੀਡਾਕਲੋਪ੍ਰਿਡ 50 ਮਿ.ਲੀ. ਜਾਂ ਥਾਇਆਮੈਥੋਕਸਮ 40 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ।

ਕੁਤਰਾ ਸੁੰਡੀ

ਕੁਤਰਾ ਸੁੰਡੀ: ਇਹ ਸੁੰਡੀ ਪੌਦੇ ਨੂੰ ਪੁੰਗਰਨ ਸਮੇਂ ਕੱਟ ਕੇ ਨੁਕਸਾਨ ਪਹੁੰਚਾਉਂਦੀ ਹੈ। ਇਹ ਰਾਤ ਦੇ ਸਮੇਂ ਹਮਲਾ ਕਰਦੀ ਹੈ, ਇਸ ਲਈ ਇਸ ਨੂੰ ਰੋਕਣਾ ਔਖਾ ਹੈ। ਇਸਦੇ ਨੁਕਸਾਨ ਨੂੰ ਘਟਾਉਣ ਲਈ ਕੇਵਲ ਰੂੜੀ ਦੀ ਖਾਦ ਵਰਤੋ। ਜੇਕਰ ਇਸਦਾ ਹਮਲਾ ਦਿਖੇ ਤਾਂ ਕਲੋਰਪਾਈਰੀਫੋਸ 20% ਈ ਸੀ 2.5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਪੌਦਿਆਂ ਤੇ ਫੋਰੇਟ 10 ਜੀ 4 ਕਿਲੋ ਪ੍ਰਤੀ ਏਕੜ ਪਾਓ ਅਤੇ ਮਿੱਟੀ ਨਾਲ ਢੱਕ ਦਿਓ।
ਜੇਕਰ ਤੰਬਾਕੂ ਸੁੰਡੀ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਕੁਇਨਲਫੋਸ 25 ਈ ਸੀ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ।

ਪੱਤੇ ਖਾਣ ਵਾਲੀ ਸੁੰਡੀ

ਪੱਤੇ ਖਾਣ ਵਾਲੀ ਸੁੰਡੀ: ਇਹ ਸੁੰਡੀ ਪੱਤੇ ਖਾ ਕੇ ਫਸਲ ਦਾ ਨੁਕਸਾਨ ਕਰਦੀ ਹੈ।
ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਕਲੋਰਪਾਇਰੀਫੋਸ ਜਾਂ ਪ੍ਰੋਫੈਨੋਫੋਸ 2 ਮਿ.ਲੀ. ਜਾਂ ਲੈਂਬਡਾ ਸਾਈਹੈਲੋਥ੍ਰਿਨ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਲਾਲ ਭੂੰਡੀ

ਲਾਲ ਭੂੰਡੀ: ਇਹ ਸੁੰਡੀ ਅਤੇ ਕੀੜਾ ਪੱਤੇ ਖਾ ਕੇ ਫਸਲ ਦਾ ਨੁਕਸਾਨ ਕਰਦੇ ਹਨ।
ਇਨ੍ਹਾਂ ਦੇ ਹਮਲੇ ਦੇ ਸ਼ੁਰੂਆਤੀ ਸਮੇਂ ਇਨ੍ਹਾਂ ਦੇ ਆਂਡੇ ਇੱਕਠੇ ਕਰਕੇ ਖੇਤ ਤੋਂ ਦੂਰ ਨਸ਼ਟ ਕਰ ਦਿਓ। ਕਾਰਬਰਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਚਿੱਟੀ ਸੁੰਡੀ

ਚਿੱਟੀ ਸੁੰਡੀ: ਇਹ ਕੀੜਾ ਮਿੱਟੀ ਵਿੱਚ ਰਹਿੰਦਾ ਹੈ ਅਤੇ ਜੜਾਂ, ਤਣਿਆਂ ਅਤੇ ਆਲੂਆਂ ਨੂੰ ਖਾਂਦਾ ਹੈ। ਇਸ ਨਾਲ ਨੁਕਸਾਨੇ ਪੌਦੇ ਸੁੱਕੇ ਹੋਏ ਦਿਖਾਈ ਦਿੰਦੇ ਹਨ ਅਤੇ ਆਲੂਆਂ ਵਿੱਚ ਸੁਰਾਖ ਹੋ ਜਾਂਦੇ ਹਨ।
ਇਸ ਨੂੰ ਰੋਕਣ ਲਈ ਬਿਜਾਈ ਸਮੇਂ ਕਾਰਬੋਫਿਊਰਨ 3ਜੀ 12 ਕਿਲੋ ਜਾਂ ਥਿਮਟ 10ਜੀ 7 ਕਿਲੋ ਪ੍ਰਤੀ ਏਕੜ ਪਾਓ।

ਆਲੂ ਦਾ ਕੀੜਾ

ਆਲੂ ਦਾ ਕੀੜਾ: ਇਹ ਖੇਤ ਅਤੇ ਸਟੋਰ ਵਿੱਚਲੇ ਆਲੂਆਂ ਦਾ ਗੰਭੀਰ ਕੀੜਾ ਹੈ , ਜੋ ਆਲੂਆਂ ਵਿੱਚ ਸੁਰਾਖ ਕਰਕੇ ਇਸਦਾ ਗੁੱਦਾ ਖਾਂਦਾ ਹੈ।
ਬੀਜ ਸਿਹਤਮੰਦ ਅਤੇ ਬਿਮਾਰੀ ਮੁਕਤ ਵਰਤੋ। ਪੂਰੀ ਤਰ੍ਹਾਂ ਗਲ਼ੀ ਰੂੜੀ ਦੀ ਖਾਦ ਹੀ ਵਰਤੋ। ਜੇਕਰ ਹਮਲਾ ਦਿਖੇ ਤਾਂ ਕਾਰਬਰਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਅਗੇਤਾ ਝੁਲਸ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ:

ਅਗੇਤਾ ਝੁਲਸ ਰੋਗ: ਇਸ ਨਾਲ ਹੇਠਲੇ ਪੱਤਿਆ ਤੇ ਧੱਬੇ ਪੈ ਜਾਂਦੇ ਹਨ। ਇਹ ਬਿਮਾਰੀ ਮਿੱਟੀ ਵਿਚਲੀ ਉੱਲੀ ਕਾਰਨ ਆਉਂਦੀ ਹੈ। ਘੱਟ ਤਾਪਮਾਨ ਅਤੇ ਵੱਧ ਨਮੀ ਹੋਣ ਸਮੇਂ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ।
ਖੇਤ ਵਿੱਚ ਇੱਕੋ ਹੀ ਫਸਲ ਬਾਰ-ਬਾਰ ਨਾ ਲਗਾਓ। ਬਦਲ-ਬਦਲ ਕੇ ਫਸਲਾਂ ਉਗਾਓ। ਜੇਕਰ ਹਮਲਾ ਦਿਖੇ ਤਾਂ ਮੈਨਕੋਜ਼ੇਬ 30 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 45 ਦਿਨਾਂ ਬਾਅਦ 10 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰੋ।

ਆਲੂਆਂ ਤੇ ਕਾਲੇ ਧੱਬੇ

ਆਲੂਆਂ ਤੇ ਕਾਲੇ ਧੱਬੇ: ਇਸ ਬਿਮਾਰੀ ਨਾਲ ਆਲੂਆਂ ਤੇ ਕਾਲੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਅਤੇ ਪੌਦੇ ਸੁੱਕਦੇ ਦਿਖਾਈ ਦਿੰਦੇ ਹਨ। ਨੁਕਸਾਨੇ ਆਲੂਆਂ ਦੇ ਪੁੰਗਰਨ ਸਮੇਂ ਅੱਖਾਂ ਤੇ ਕਾਲਾ ਅਤੇ ਭੂਰਾ ਰੰਗ ਆ ਜਾਂਦਾ ਹੈ।
ਬਿਜਾਈ ਲਈ ਬਿਮਾਰੀ ਮੁਕਤ ਬੀਜ ਵਰਤੋ। ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਮਰਕਰੀ ਦੇ ਘੋਲ ਨਾਲ ਸੋਧੋ। ਇਕੋ ਫਸਲ ਨੂੰ ਬਾਰ-ਬਾਰ ਨਾ ਉਗਾਓ। ਜੇਕਰ ਖੇਤ ਨੂੰ ਦੋ ਸਾਲਾਂ ਲਈ ਖਾਲੀ ਛੱਡ ਦਿੱਤਾ ਜਾਵੇ ਤਾਂ ਬਿਮਾਰੀ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।

ਪਿਛੇਤਾ ਝੁਲਸ ਰੋਗ

ਪਿਛੇਤਾ ਝੁਲਸ ਰੋਗ: ਇਸ ਬਿਮਾਰੀ ਦਾ ਹਮਲਾ ਪੱਤਿਆਂ ਦੇ ਸਿਰ੍ਹੇ ਅਤੇ ਹੇਠਲੇ ਹਿੱਸੇ ਤੇ ਦੇਖਿਆ ਜਾ ਸਕਦਾ ਹੈ। ਨੁਕਸਾਨੇ ਪੱਤਿਆਂ ਤੇ ਬੇ-ਢੰਗੇ ਆਕਾਰ ਦੇ ਧੱਬੇ ਦਿਖਦੇ ਹਨ ਅਤੇ ਧੱਬਿਆਂ ਦੇ ਦੁਆਲੇ ਚਿੱਟਾ ਪਾਊਡਰ ਬਣ ਜਾਂਦਾ ਹੈ। ਜਿਆਦਾ ਹਮਲੇ ਦੀ ਸੂਰਤ ਵਿੱਚ ਨੁਕਸਾਨੇ ਪੌਦਿਆਂ ਦੀ ਨੇੜਲੀ ਮਿੱਟੀ ਵਿੱਚ ਵੀ ਚਿੱਟਾ ਪਾਊਡਰ ਦਿਖਾਈ ਦਿੰਦਾ ਹੈ। ਇਹ ਬਿਮਾਰੀ ਮੀਂਹ ਤੋਂ ਬਾਅਦ ਅਤੇ ਬੱਦਲਵਾਹੀ ਵਾਲੇ ਮੌਸਮ ਵਿੱਚ ਵੱਧ ਫੈਲਦੀ ਹੈ। ਜੇਕਰ ਇਸਨੂੰ ਰੋਕਿਆ ਨਾ ਜਾਵੇ ਤਾਂ 50% ਤੱਕ ਨੁਕਸਾਨ ਹੋ ਸਕਦਾ ਹੈ।
ਬਿਜਾਈ ਲਈ ਸਹਿਤਮੰਦ ਅਤੇ ਬਿਮਾਰੀ-ਮੁਕਤ ਬੀਜ ਵਰਤੋ। ਜੇਕਰ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ।

ਆਲੂਆਂ ਤੇ ਕਾਲੀ ਪੇਪੜੀ

ਆਲੂਆਂ ਤੇ ਕਾਲੀ ਪੇਪੜੀ: ਇਹ ਬਿਮਾਰੀ ਖੇਤ ਅਤੇ ਭੰਡਾਰਨ ਦੋਨਾਂ ਵਿੱਚ ਆਂਉਦੀ ਹੈ। ਘੱਟ ਨਮੀਂ ਵਾਲੀ ਸਥਿਤੀ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ। ਨੁਕਸਾਨੇ ਆਲੂਆਂ ਤੇ ਹਲਕੇ ਭੂਰੇ ਤੋਂ ਗੂੜੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ।
ਖੇਤ ਵਿੱਚ ਸਿਰਫ ਚੰਗੀ ਤਰਾਂ ਗਲ਼ੀ ਹੋਈ ਰੂੜੀ ਦੀ ਖਾਦ ਹੀ ਵਰਤੋ। ਬਿਮਾਰੀ-ਮੁਕਤ ਬੀਜਾਂ ਦੀ ਵਰਤੋਂ ਕਰੋ। ਬੀਜਾਂ ਨੂੰ ਜ਼ਿਆਦਾ ਡੂੰਘਾ ਨਾ ਬੀਜੋ। ਇੱਕ ਹੀ ਫਸਲ ਬਾਰ-ਬਾਰ ਨਾ ਉਗਾਓ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਐਮੀਸਨ 6 ਦੇ 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਘੋਲ ਨਾਲ 5 ਮਿੰਟਾਂ ਲਈ ਸੋਧੋ।

ਨਰਮ ਹੋ ਕੇ ਗਲਣਾ

ਨਰਮ ਹੋ ਕੇ ਗਲਣਾ: ਇਸ ਬਿਮਾਰੀ ਨਾਲ ਪੌਦੇ ਦੇ ਹੇਠਲੇ ਹਿੱਸੇ ਦਾ ਰੰਗ ਕਾਲਾ ਅਤੇ ਨੁਕਸਾਨੇ ਆਲੂਆਂ ਦਾ ਰੰਗ ਭੂਰਾ ਹੋ ਜਾਂਦੇ ਹਨ ਅਤੇ ਪੌਦਾ ਪਿੱਤਲ ਦੇ ਰੰਗ ਦਾ ਨਜ਼ਰ ਆਉਂਦਾ ਹੈ। ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪੌਦਾ ਸੁੱਕ ਕੇ ਨਸ਼ਟ ਹੋ ਜਾਂਦਾ ਹੈ। ਨੁਕਸਾਨੇ ਆਲੂਆਂ ਤੇ ਲਾਲ ਧੱਬੇ ਨਜ਼ਰ ਆਉਂਦੇ ਹਨ।
ਬਿਜਾਈ ਲਈ ਸਿਹਤਮੰਦ ਅਤੇ ਬਿਮਾਰੀ ਮੁਕਤ ਬੀਜ ਵਰਤੋ। ਬਿਜਾਈ ਤੋ ਪਹਿਲਾਂ ਬੀਜਾਂ ਨੂੰ ਬੋਰਿਕ ਐਸਿਡ 3%(300 ਗ੍ਰਾਮ ਪ੍ਰਤੀ 10 ਲੀਟਰ ਪਾਣੀ) ਨਾਲ 30 ਮਿੰਟ ਤੱਕ ਸੋਧੋ ਅਤੇ ਛਾਂਵੇ ਸੁਕਾਓ। ਭੰਡਾਰਨ ਤੋਂ ਪਹਿਲਾਂ ਇਕ ਵਾਰ ਫਿਰ ਬੋਰਿਕ ਐਸਿਡ ਨਾਲ ਸੋਧ ਕਰੋ। ਬਿਮਾਰੀ ਦੀ ਉਚਿੱਤ ਰੋਕਥਾਮ ਲਈ ਮੈਦਾਨੀ ਇਲਾਕਿਆਂ ਵਿੱਚ ਬੀਜਾਂ ਨੂੰ ਕਾਰਬੈਂਡਾਜ਼ਿਮ 1% ਨਾਲ 15 ਮਿੰਟਾ ਲਈ ਸੋਧੋ।

ਚਿਤਕਬਰਾ ਰੋਗ

ਚਿਤਕਬਰਾ ਰੋਗ: ਇਸ ਨਾਲ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ। ਆਲੂਆਂ ਦਾ ਆਕਾਰ ਤੇ ਗਿਣਤੀ ਘੱਟ ਜਾਂਦੀ ਹੈ।
ਬਿਜਾਈ ਲਈ ਸਿਹਤਮੰਦ ਅਤੇ ਬਿਮਾਰੀ-ਮੁਕਤ ਬੀਜ ਵਰਤੋ। ਖੇਤ ਦੀ ਲਗਾਤਾਰ ਜਾਂਚ ਕਰੋ ਅਤੇ ਨੁਕਸਾਨੇ ਪੌਦਿਆਂ ਅਤੇ ਹਿੱਸਿਆਂ ਨੂੰ ਤੁਰੰਤ ਨਸ਼ਟ ਕਰ ਦਿਓ। ਮੈਟਾਸਿਸਟੋਕਸ ਜਾਂ ਰੋਗੋਰ 300 ਮਿ.ਲੀ. ਨੂੰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਡੰਠਲਾਂ ਦੀ ਕਟਾਈ : ਇਹ ਆਲੂਆਂ ਨੂੰ ਵਿਸ਼ਾਣੂ ਤੋਂ ਬਚਾਉਣ ਲਈ ਇਹ ਕਿਰਿਆ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਆਲੂਆਂ ਦਾ ਆਕਾਰ ਅਤੇ ਗਿਣਤੀ ਵੀ ਵੱਧ ਜਾਂਦੀ ਹੈ। ਇਸ ਕਿਰਿਆ ਵਿੱਚ ਸਹੀ ਸਮੇਂ ਤੇ ਪੌਦੇ ਨੂੰ ਜਮੀਨ ਕੋਲੋਂ ਕੱਟ ਦਿੱਤਾ ਜਾਂਦਾ ਹੈ। ਇਸ ਦਾ ਸਮਾਂ ਵੱਖ-ਵੱਖ ਥਾਵਾਂ ਲਈ ਵੱਖ ਹੈ ਅਤੇ ਚੇਪੇ ਦੀ ਜਨਸੰਖਿਆ ਤੇ ਨਿਰਭਰ ਕਰਦਾ ਹੈ। ਉੱਤਰੀ ਭਾਰਤ ਵਿੱਚ ਇਹ ਕਿਰਿਆ ਦਸੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।
ਪੱਤਿਆ ਦੇ ਪੀਲੇ ਹੋਣ ਅਤੇ ਜ਼ਮੀਨ ਤੇ ਡਿੱਗਣ ਤੇ ਫਸਲ ਦੀ ਪੁਟਾਈ ਕੀਤੀ ਜਾ ਸਕਦੀ ਹੈ। ਫਸਲ ਨੂੰ ਡੰਠਲਾਂ ਦੀ ਕਟਾਈ ਤੋਂ 15-20 ਦਿਨ ਬਾਅਦ ਜ਼ਮੀਨ ਦੀ ਨਮੀ ਸਹੀ ਹੋਣ ਤੇ ਪੁੱਟ ਲਓ। ਪੁਟਾਈ ਟਰੈਕਟਰ ਅਤੇ ਆਲੂ ਪੁੱਟਣ ਵਾਲੀ ਮਸ਼ੀਨ ਨਾਲ ਜਾਂ ਖੁਰਪੇ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ ਬਾਅਦ ਆਲੂਆਂ ਨੂੰ ਸੁਕਾਉਣ ਲਈ ਜ਼ਮੀਨ ਤੇ ਵਿਛਾ ਦਿਓ ਅਤੇ 10-15 ਦਿਨਾਂ ਤੱਕ ਰੱਖੋ ਤਾਂ ਕਿ ਉਨ੍ਹਾਂ ਤੇ ਛਿਲਕ ਆ ਸਕੇ। ਖਰਾਬ ਅਤੇ ਸੜੇ ਹੋਏ ਆਲੂਆਂ ਨੂੰ ਬਾਹਰ ਕੱਢ ਦਿਓ।

ਕਟਾਈ ਤੋਂ ਬਾਅਦ

ਸਭ ਤੋਂ ਪਹਿਲਾਂ ਆਲੂਆਂ ਨੂੰ ਛਾਂਟ ਲਓ ਅਤੇ ਖਰਾਬ ਆਲੂਆਂ ਨੂੰ ਹਟਾ ਦਿਓ। ਆਲੂਆ ਨੂੰ ਵਿਆਸ ਅਤੇ ਆਕਾਰ ਅਨੁਸਾਰ ਵੰਡੋ। ਵੱਡੇ ਆਲੂ ਚਿਪਸ ਬਣਨ ਕਾਰਨ ਵੱਧ ਮੰਗ ਵਿੱਚ ਰਹਿੰਦੇ ਹਨ। ਆਲੂਆ ਨੂੰ 4-7° ਸੈਲਸੀਅਸ ਤਾਪਮਾਨ ਅਤੇ ਸਹੀ ਨਮੀ 'ਤੇ ਭੰਡਾਰਨ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare