ਆਮ ਜਾਣਕਾਰੀ
ਸਰਪਗੰਧਾ ਆਧੁਨਿਕ ਅਤੇ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਮਹੱਤਵਪੂਰਨ ਪੌਦਾ ਹੈ। ਇਸ ਦੀਆਂ ਜੜ੍ਹਾਂ ਦੀ ਖੁਸ਼ਬੋ ਵਧੀਆ ਅਤੇ ਸੁਆਦ ਕੌੜਾ ਹੁੰਦਾ ਹੈ। ਇਸ ਦੀਆਂ ਜੜ੍ਹਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਤੋਂ ਤਿਆਰ ਦਵਾਈਆਂ ਨੂੰ ਜ਼ਖਮਾਂ, ਬੁਖਾਰ, ਪੇਟ ਦੇ ਹੇਠਾਂ ਦਰਦ, ਪਿਸ਼ਾਬ ਨਾਲ ਸੰਬੰਧਿਤ ਬਿਮਾਰੀਆਂ, ਨੀਂਦ, ਬਲੱਡ ਪ੍ਰੈਸ਼ਰ ਅਤੇ ਦਿਮਾਗੀ ਬਿਮਾਰੀਆਂ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਇੱਕ ਝਾੜੀਆਂ ਵਾਲਾ ਪੌਦਾ ਹੈ, ਜਿਸਦਾ ਔਸਤਨ ਕੱਦ 0.3-1.6 ਮੀਟਰ ਹੁੰਦਾ ਹੈ। ਇਸਦੇ ਪੱਤੇ ਲੰਬੂਤਰੇ ਆਕਾਰ ਦੇ ਅਤੇ 8-15 ਸੈ.ਮੀ. ਲੰਬੇ ਹੁੰਦੇ ਹਨ। ਇਸਦੇ ਫੁੱਲ ਚਿੱਟੇ ਜਾਂ ਗੁਲਾਬੀ ਰੰਗ ਦੇ ਅਤੇ ਇਸਦੇ ਫਲ ਜਾਮਨੀ-ਕਾਲੇ ਰੰਗ ਦੇ ਹੁੰਦੇ ਹਨ। ਇਸ ਦੀਆਂ ਜੜ੍ਹਾਂ ਦਾ ਵਿਆਸ 0.5-3.6 ਸੈ.ਮੀ. ਹੁੰਦਾ ਹੈ। ਸਰਪਗੰਧਾ ਉਗਾਉਣ ਵਾਲੇ ਮੁੱਖ ਦੇਸ਼ ਬਰਮਾ, ਬੰਗਲਾਦੇਸ਼, ਮਲੇਸ਼ੀਆ, ਸ਼੍ਰੀ ਲੰਕਾ, ਇੰਡੋਨੇਸ਼ੀਆ ਅਤੇ ਅੰਡੇਮਾਨ ਟਾਪੂ ਹਨ। ਭਾਰਤ ਵਿੱਚ ਇਸਦੀ ਸਭ ਤੋਂ ਵੱਧ ਖੇਤੀ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ।